ਪੰਜਾਬੀ ਬੋਲੀ ਦਾ ਸਫ਼ਰ

ਅੰਗ੍ਰੇਜ਼ੀ ਦੀ ਇਕ ਕਹਾਵਤ ਹੈ ‘ਕਈ ਵੇਰ ਭਲਾ ਕਰਨ ਲਈ ਬੁਰਾ ਬਨਣਾ ਪੈਂਦਾ ਹੈ’। ਬਾਬੇ ਨਾਨਕ ਨੇ ਜਦੋਂ ਪੈਰੋਕਾਰਾਂ ਨੂੰ ਮੌਜ ਵਿਚ ਆ ਕੇ ਇਹ ਆਖਿਆ ਹੋਵੇਗਾ ‘ਉੱਜੜ ਜਾਓ’ ਤਾਂ ਸ਼ਾਇਦ ਇਹੀ ਭਾਵਨਾ ਕੰਮ ਕਰ ਰਹੀ ਹੋਵੇਗੀ।

ਅਜ ਪੰਜਾਬੀਆਂ ਦੇ ਅੰਗ ਸੰਗ ਪੰਜਾਬੀ ਬੋਲੀ ਸੱਤ ਸਮੁੰਦਰ ਪਾਰ ਦੁਨੀਆ ਦੇ ਹਰ ਕੋਨੇ ਵਿਚ ਪਹੁੰਚੀ ਹੋਈ ਹੈ। ਹੁਣ ਸਵਾਲ ਇਹ ਉਠਦਾ ਹੈ, ਕੀ ਇਹ ਹਵਾ ਦੇ ਨਾਲ ਅਗੇ ਹੀ ਅਗੇ ਉਡਦੀ ਚਲੀ ਜਾਵੇਗੀ ਜਾਂ ਕਿਧਰੇ ਸਾਖ਼ ਵੀ ਜਮਾ ਸਕੇਗੀ? ਜ਼ਾਹਿਰ ਹੈ ਇਸਦਾ  ਹੱਲ ਹੁਣ ਬਾਬੇ ਨਾਨਕ ਦੇ ਪੈਰੋਕਾਰਾਂ ਨੂੰ ਆਪ ਹੀ ਲਭਣਾ ਪਵੇਗਾ ਤੇ ਉਹ ਲੱਭ ਵੀ ਰਹੇ ਹਨ।

ਸਿੰਗਾਪੁਰ ਵਿਚ ਪੰਜਾਬੀ ਨੂੰ ਜੋ ਸਥਾਨ ਚਿਰਾਂ ਤੋਂ ਪ੍ਰਾਪਤ ਹੈ ਉਹ ਅਜੇ ਪੰਜਾਬ ਵਿਚ ਵੀ ਨਹੀਂ। ਸਿੰਗਾਪੁਰ ਵਿਚ ਪੰਜਾਬੀ ਮੂਲ ਦਾ ਕੋਈ ਵੀ ਵਿਦਿਆਰਥੀ ਪੰਜਾਬੀ ਪੜ੍ਹੇ ਬਿਨਾ ਹਾਈ ਸਕੂਲ ਸਰਟੀਫ਼ਿਕੇਟ ਹਾਸਲ ਨਹੀਂ ਕਰ ਸਕਦਾ । ਕਿਸੇ ਵੀ ਪੰਜਾਬੀ ਮੂਲ ਦੇ ਵਿਦਿਆਰਥੀ ਨੂੰ ਪੰਜਾਬੀ ਪੜ੍ਹੇ ਬਿਨਾਂ ਸਰਕਾਰੀ ਨੌਕਰੀ ਨਹੀਂ ਮਿਲ ਸਕਦੀ।ਕੈਨੇਡਾ ਵਿਚ ਪੰਜਾਬੀ ਚੌਥੀ ਵੱਡੀ ਬੋਲੀ ਬਣ ਚੁਕੀ ਹੈ ਤੇ ਸਕੂਲਾਂ ਵਿਚ ਪੜ੍ਹਾਈ ਜਾਂਦੀ ਹੈ।ੰਿੲੰਗਲੈਂਡ ਵਿਚੋਂ ਵੀ ਪੰਜਾਬੀ ਬੋਲੀ ਦੀ ਬੜ੍ਹੌਤਰੀ ਲਈ ਚੰਗੀਆਂ ਖਬਰਾਂ ਹਨ।

9/11 ਦੀ ਦੁਖਦਾਈ ਘਟਨਾ ਤੋਂ ਪਿਛੋਂ, ਸਮੇਂ ਦੀ ਲੋੜ ਨੁੰ ਵੇਖਦਿਆਂ President ਵਲੋਂ ਜਨਵਰੀ 2006, ਵਿਚ  National Security Language Initiative (NSLI) ਜਾਰੀ ਕੀਤਾ ਗਿਆ ਸੀ। ਜਿਸ ਦਵਾਰਾ ਵਿਸ਼ੇਸ਼ ਪ੍ਰੋਗਰਾਮਾਂ ਰਾਹੀਂ ਛੋਟੇ ਬੱਚਿਆਂ ਦੇ ਸਕੂਲਾਂ ਤੋਂ ਲੈ ਕੇ ਯੂਨੀਵਰਸਟੀਆਂ ਤਕ ਦੂਜੀਆਂ ਜ਼ਰੂਰੀ ਜ਼ਬਾਨਾਂ ਪੜ੍ਹਨ / ਪੜ੍ਹੌਣ ਦੀ ਯੋਜਨਾ ਹੈ। ਕੈਲੇਫ਼ੋਰਨੀਆਂ ਵਿਚ ਸਾਡੇ ਲਈ ਸਭ ਤੋਂ ਮਹਤਵ ਪੂਰਨ ਗਲ ਇਹ ਹੈ ਕਿ ਪੰਜਾਬੀ ਏਥੇ ਸਟੇਟ ਲੈਵਲ ਤਕ ਕੁਝ ਸਮੇਂ ਤੋਂ ਪਰਵਾਨਿਤ ਹੈ। ਜਿਸ ਦਾ ਭਾਵ ਹੈ ਕਿ ਹਾਈ ਸਕੂਲ ਵਿਚ ਪਰਾਪਤ ਕ੍ਰੈਡਿਟ ਯੂਨੀਵਰਸਟੀ ਦਾਖਲੇ ਲਈ ਸਹਾਈ ਹਨ। ਅਤੇ ਸਰਕਾਰੀ ਨੌਕਰੀ ਮਿਲਣ ਤੇ ਦੋ- ਭਾਸ਼ਾ ਹੋਣ ਨਾਤੇ ਤਨਖਾਹ ਵਿਚ ਵੀ ਵਾਧਾ ਹੋ ਸਕਦਾ ਹੈ। ਇਸ ਦੇ ਬਾਵਜੂਦ ਅਸੀਂ ਬਹੁਤਾ ਕਰਕੇ ਇਸ ਸੁਵਧਾ ਤੋਂ ਜਾਂ ਤਾਂ ਬੇਖਬਰ ਹਾਂ ਤੇ ਜਾਂ ਬੇਪ੍ਰਵਾਹ। ਗਿਣਤੀ ਦੇ ਹਿੰਮਤੀ ਭਾਈਚਾਰਿਆਂ ਨੂੰ ਛਡਕੇ ਜਿਵੇਂ ਪਹਿਲਾਂ ਤੋਂ ਬਰਕਲੇ ਯੂਨੀਵਰਸਟੀ, ਯੂਬਾ ਸਿਟੀ ਹਾਈ ਸਕੂਲ, ਸਨ ਹੋਜ਼ੇ ਯੂਨੀਵਰਸਟੀ, ਫਿਰ ਕਰਮਨ ਸਿਟੀ ਤੇ ਹੁਣੇ ਹੁਣੇ ਲਾਈਵ ਓਕ ਦੇ ਹਾਈ ਸਕੂਲਾਂ ਵਿਚ ਪੰਜਾਬੀ ਪੜ੍ਹਾਈ ਜਾ ਰਹੀ ਹੈ, ਬਾਕੀ ਦੇ ਪੰਜਾਬੀ ਵਸੋਂ ਵਾਲੇ ਹੋਰ ਅਨੇਕਾਂ ਸਕੂਲਾਂ ਵਿਚ ਇਹ ਕਾਰਜ ਆਪਣੀ ਹਿੰਮਤ ਹਥੋਂ ਅਜੇ ਅਧੂਰਾ ਪਿਆ ਹੈ।

ਸੈਂਟਰਲ ਵੈਲੀ ਵਿਚ ਇਹ ਬੀੜਾ ਸਿੱਖ ਕੌਂਸਲ ਆਫ਼ ਸੈਂਟਰਲ ਕੈਲੇਫ਼ੋਰਨੀਆਂ ਨੇ ਪਿਛਲੇ ਕੁਝ ਸਮੇਂ ਤੋਂ ਚੁਕ ਰੱਖਿਆ ਹੈ। ਫ਼ਰੈਜ਼ਨੋਂ ਇਲਾਕੇ ਦੇ ਹਾਈ ਸਕੂਲਾਂ ਲਈ ਪਟੀਸ਼ਨਾਂ ਅਤੇ ਫ਼ਰੈਜ਼ਨੋਂ ਸਟੇਟ ਯੂਨੀਵਰਸਟੀ ਦੇ ਸੰਬੰਧਤ ਅਧਿਕਾਰੀਆਂ ਨਾਲ ਇਸ ਬਾਰੇ ਵਾਰਤਾਲਾਪ ਦੀ ਗਲ ਚਲ ਰਹੀ ਹੈ।ਪਰ ਇਸ ਤੋਂ ਪੂਰਾ ਲਾਭ ਉਠੌਣ ਲਈ ਸਾਰੇ ਪੰਜਾਬੀ ਮੂਲ ਦੇ ਸ਼ਹਿਰੀਆਂ, ਬੁਧੀਜੀਵਿਆਂ, ਪੰਜਾਬੀ ਲੇਖਕਾਂ, ਪੱਤ੍ਰਕਾਰਾਂ, ਸਾਹਿਤ ਸਭਾਵਾਂ, ਸਭਿਆਚਾਰ ਸੁਸਾਇਟੀਆਂ, ਗੁਰਦਵਾਰਾ ਪ੍ਰਬੰਧਕ ਕਮੇਟੀਆਂ ਨੂੰ ਸਮੁਚੇ ਤੌਰ ਤੇ ਜਾਗਰੂਕ ਹੋਕੇ ਆਪਣੇ ਆਪਣੇ ਇਲਾਕਿਆਂ ਵਿਚ ਜਾਗ੍ਰਤ ਪੈਦਾ ਕਰਨ ਦੀ ਲੋੜ ਹੈ। ਇਹ ਦਸਣ ਦੀ ਲੋੜ ਹੈ ਕਿ ਨਾਰਮਲ ਟੀਚਿੰਗ ਕਰੀਡੈਂਸ਼ਲਜ਼ ਦੇ ਨਾਲ ਪੰਜਾਬੀ ਪੜ੍ਹੌਣ ਲਈ ਕਰੀਡੈਂਸ਼ਲਜ਼ ਲੈਣੇ ਮੁਸ਼ਕਲ ਗਲ ਨਹੀਂ ਹੈ ਤੇ ਜਿਥੇ 15 ਜਾਂ ਵਧ ਬੱਚੇ ਪੰਜਾਬੀ ਪੜ੍ਹਨਾ ਚਾਹੁਣ ਉਸ ਸਕੂਲ ਵਿਚ ਪੰਜਾਬੀ ਦੀ ਮੁਢਲੀ ਕਲਾਸ, ਸੰਬੰਧਤ ਸਕੂਲ ਬੋਰਡ ਦੇ ਸਹਿਯੋਗ ਨਾਲ ਸ਼ੁਰੂ ਕਰਵਾਈ ਜਾ ਸਕਦੀ ਹੈ। ਇਸ ਤਰਾਂ ਚੰਗੇ ਸ਼ਹਿਰੀ ਬਨਣ ਦੇ ਨਾਲ ਨਾਲ ਅਸੀਂ ਆਪਣੇ ਬੱਚਿਆਂ ਤੇ ਔਣ ਵਾਲੀਆਂ ਪੀੜ੍ਹੀਆਂ ਨੁੰ ਆਪਣੇ ਸ਼ਾਨਾਂਮੱਤੇ ਇਤਿਹਾਸ ਅਤੇ ਗੌਰਵਮਈ ਵਿਰਸੇ ਨਾਲ ਵੀ ਜੋੜੀ ਰੱਖ ਸਕਾਂਗੇ।

ਪ੍ਰਦੇਸ ਹੋਵੇ ਜਾਂ ਦੇਸ, ਆਪਣੀ ਬੋਲੀ ਦੇ ਖਤਮ ਹੋ ਜਾਣ ਨਾਲ ਉਸਦੇ ਸੀਭਆਚਾਰ ਦਾ ਖਤਮ ਹੋ ਜਾਣਾ ਇਕ ਇਤਿਹਾਸਕ ਸੱਚਾਈ ਹੈ। ਇਕ ਸੱਚਾਈ ਹੋਰ ਵੀ ਹੈ ਕਿ ਪੰਜਾਬੀ ਜ਼ੁਬਾਨ ਬੇਸ਼ਕ ਕਿਸੇ ਇਕ ਕੌਮ ਦੀ ਮਲਕੀਅਤ ਨਹੀਂ ਪਰ ਇਹ ਸਿੱਖ ਧਰਮ ਦਾ ਅਨਿੱਖੜਵਾਂ ਅੰਗ ਬਣ ਚੁਕੀ ਹੈ। ਪੰਜਾਬੀ ਜ਼ੁਬਾਨ ਦਾ ਖਤਮ ਹੋ ਜਾਣਾ ਸਿੱਖ ਧਰਮ ਨੂੰ ਵੀ ਖਤਰੇ ਵਿਚ ਪਾ ਸਕਦਾ ਹੈ। ਇਕ ਸੱਚ ਇਹ ਵੀ ਹੈ ਕਿ ਲੰਮੇ ਸਮੇਂ ਲਈ ਕੋਈ ਜ਼ੁਬਾਨ ਕੇਵਲ ਬੋਲਿਆਂ ਹੀ ਜੀਵਤ ਨਹੀਂ ਰਹਿ ਸਕਦੀ ਜਦ ਤਕ ਉਸ ਵਿਚ ਯੋਜਨਾਬੱਧ ਢੰਗ ਨਾਲ ਪੜ੍ਹਨਾ ਲਿਖਣਾ ਸ਼ਾਮਿਲ ਨਾ ਕੀਤਾ ਜਾਵੇ।

ਅਖੀਰ ਵਿਚ ਏਥੋਂ ਦੇ ਇਕ ਨੈਸ਼ਨਲ ਪਬਲਿਕ ਰੇਡੀਓ ਦੇ ਹੋਸਟ ਦੇ ਕਥਨ ਨਾਲ ਇਸ ਵਿਸ਼ੇ ਨੂੰ ਅਗੇ ਤੋਰਦਿਆਂ ਇਸ ਲੇਖ ਨੂੰ ਸਮਾਪਤ ਕਰਦਾ ਹਾਂ, ‘English is important, no doubt, but your mother tongue is the language of love.”

This entry was posted in ਲੇਖ.

One Response to ਪੰਜਾਬੀ ਬੋਲੀ ਦਾ ਸਫ਼ਰ

  1. ਜਾਗਰਤੀ ਤਾਂ ਸਭ ਤੋਂ ਜ਼ਰੂਰੀ ਪੰਜਾਬ ਵਿੱਚ ਹੈ, ਜਿੱਥੇ ਬਹੁਤੇ ਘਰਾਂ ਦੇ ਬੱਚੇ ਅੰਗਰੇਜ਼ੀ ਸਕੂਲ ‘ਚ ਪੜ੍ਹਦੇ ਨੇ ਅਤੇ ਜਿੰਨ੍ਹਾਂ ਨੂੰ
    ਸਿਰਫ਼ ਏਨਾ ਕੁ ਗਿਆਨ ਹੈ ਕਿ ਜੇ ਅੰਗਰੇਜ਼ੀ ਨਾ ਆਈ ਤਾਂ ਬੱਚਾ ਪਿੱਛੇ ਰਹਿ ਜਾਵੇਗਾ, ਇਹ ਨੀਂ ਸਮਝਦੇ ਕਿ ਮਾਂ-ਬੋਲੀ ਪੰਜਾਬੀ
    ਭੁੱਲ ਗਈ ਤਾਂ ਮਾਂ ਕਿਸੇ ਨੇ ਜੰਮਣ ਵਾਲੀ ਨੂੰ ਵੀ ਨੀਂ ਕਹਿਣਾ। ਪੰਜਾਬ ਤੋਂ ਬਾਹਰ ਤਾਂ ਜਤਨ ਬੇਸ਼ੱਕ ਸਾਡੇ ਲਈ ਮਾਣ ਵਾਲੀ ਗੱਲ਼
    ਨੇ, ਪਰ ਮੈਨੂੰ ਜਾਪਦਾ ਹੈ ਬਾਬੇ ਨਾਨਕ ਦੇ ਉੱਜੜ ਜਾਓ ਕਹਿਣ ਨਾਲ ਪਿੰਡ “ਸਾਰਾ” ਹੀ ਉਜੜ ਗਿਆ ਸੀ, ਕਿਤੇ ਇਹ ਪੰਜਾਬ ਦੀ ਪੰਜਾਬੀ ਨਾਲ ਨਾ ਹੋਵੇ!
    - ਆਲਮ

    ਤੁਹਾਡੇ ਲੇਖ ਵਿੱਚੋਂ ਕੁਝ ਕੁ ਸ਼ਬਦ ਮੈਂ ਨਿੱਜੀ ਡਾਇਰੀ ‘ਚ ਨਕਲ ਕਰ ਲਏ ਹਨ!

Leave a Reply to ਅ. ਸ. ਆਲਮ Cancel reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>