ਸਰਦਾਰਨੀ ਟੌਹੜਾ ਨਾਲ ਇਕ ਮੁਲਾਕਾਤ

ਕਿਹਾ ਜਾਂਦਾ ਹੈ ਕਿ ਹਰ ਕਾਮਯਾਬ ਆਦਮੀ ਦੇ ਪਿੱਛੇ ਇਕ ਔਰਤ ਦਾ ਹੱਥ ਹੁੰਦਾ ਹੈ। ਇਹ ਔਰਤ ਭਾਵੇਂ ਮਾਂ ਹੋਵੇ, ਭੈਣ, ਪਤਨੀ ਜਾਂ ਪ੍ਰੇਮਿਕਾ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੰਬਾ ਸਮਾਂ ਪ੍ਰਧਾਨ ਰਹੇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਆਪਣੇ ਛੇ ਦਹਾਕਿਆਂ ਦੇ ਸਿਆਸੀ ਜੀਵਨ ਵਿਚ ਲਗਭਗ ਚਾਰ ਦਹਾਕੇ ਪੰਜਾਬ ਦੀ ਸਿਆਸਤ ’ਤੇ ਛਾਏ ਰਹੇ। ਅਕਾਲੀ ਸਿਆਸਤ ਉੱਤੇ ਉਨ੍ਹਾਂ ਦੀ ਇਕ ਅਮਿੱਟ ਛਾਪ ਰਹੀ ਹੈ। ਉਨ੍ਹਾਂ ਦੀ ਕਾਮਯਾਬੀ ਪਿੱਛੇ ਉਨ੍ਹਾਂ ਦੀ ਪਤਨੀ ਬੀਬੀ ਜੋਗਿੰਦਰ ਕੌਰ ਟੌਹੜਾ ਦਾ ਹੱਥ ਹੈ, ਜੋ ਘਰ-ਬਾਰ ਦਾ ਸਾਰਾ ਕੰਮ ਸੰਭਾਲ ਕੇ ਜਥੇਦਾਰ ਟੌਹੜਾ ਨੂੰ ਸਿਆਸੀ ਕਾਰਜਾਂ ਲਈ ਪੂਰੀ ਖੁੱਲ੍ਹ ਦਿੰਦੇ ਰਹੇ।
ਜੱਥੇਦਾਰ ਟੌਹੜਾ 31 ਮਾਰਚ 2004 ਰਾਤ ਨੂੰ ਅਕਾਲ ਚਲਾਣਾ ਕਰ ਗਏ ਸਨ।24 ਫਰਵਰੀ 2005 ਨੂੰ ਇਸ ਲੇਖਕ ਨੇ ਸ਼੍ਰੋਮਣੀ ਕਮੇਟੀ ਦੇ ਮੀਡੀਆ ਸਲਾਹਕਾਰ ਵਜੋਂ ਸੇਵਾ ਕਰਦਿਆ  ਵਧੀਕ ਸਕੱਤਰ ਗੁਰਦਰਸ਼ਨ ਸਿੰਘ ਨਾਲ ਉਨ੍ਹਾਂ ਦੇ ਗ੍ਰਹਿ ਵਿਖੇ ਇਕ ਮੁਲਾਕਾਤ ਕੀਤੀ, ਅਪਣੇ ਜੀਵਨ ਵਿਚ ਸ਼ਾਇਦ ਉਨ੍ਹਾਂ ਇਹੋ ਇਕ ਇੰਟਰਵੀਊ ਦਿਤੀ ਹੈ। ਉਨ੍ਹਾਂ ਦੀ ਸਿਹਤ ਭਾਵੇਂ ਠੀਕ ਨਹੀਂ ਸੀ, ਉਨ੍ਹਾਂ ਸਾਡੇ ਨਾਲ ਬੜੇ ਹੀ ਪਿਆਰ ਨਾਲ ਗੱਲਬਾਤ ਕੀਤੀ,ਜਿਸ ਦਾ ਸਾਰਾਂਸ਼ ਇਸ ਤਰ੍ਹਾਂ ਹੈ:-

-ਜੱਥੇਦਾਰ ਟੌਹੜਾ ਇਕ ਬਹੁਤ ਹੀ ਮਹਾਨ ਲੀਡਰ, ਇਕ ਪ੍ਰਭਾਵਸ਼ਾਲੀ ਬੁਲਾਰੇ ਤੇ ਇਕ ਸਫਲ ਪ੍ਰਸ਼ਾਸਕ ਸਨ। ਬਤੌਰ ਪਤੀ ਉਹ ਕਿਹੋ ਜਿਹੇ ਸਨ?

ਬੀਬੀ ਜੀ – ਉਹ ਬਹੁਤ ਹੀ ਵਧੀਆ ਇਨਸਾਨ ਸਨ। ਉਨ੍ਹਾਂ ਵਰਗਾ ਨਾ ਕੋਈ ਜੰਮਿਆ ਹੈ, ਨਾ ਹੀ ਜੰਮੇਗਾ। ਉਹ ਮੈਨੂੰ ਕਿਹਾ ਕਰਦੇ ਸਨ ਕਿ ਆਪਾਂ ਇਸ ਜਨਮ ਵਿਚ ਇਕੱਠੇ ਰਹੇ ਹਾਂ, ਅਗਲੇ ਜਨਮ ਵਿਚ ਵੀ ਇਕੱਠੇ ਰਹਾਂਗੇ।

-ਅਕਸਰ ਪਤੀ ਪਤਨੀ ਵਿਚ ਕਿਸੇ ਨਾ ਕਿਸੇ ਗੱਲ ’ਤੇ ਮੱਤਭੇਦ ਹੁੰਦੇ ਹਨ ਤੇ ਲੜਾਈ-ਝਗੜਾ ਵੀ ਹੁੰਦਾ ਰਹਿੰਦਾ ਹੈ। ਤੁਸੀਂ ਆਪਸ ਵਿਚ ਕਿਤਨਾ ਕੁ ਲੜਦੇ ਝਗੜਦੇ ਸੀ?

ਬੀਬੀ ਜੀ- ਅਸੀਂ ਕਦੀ ਵੀ ਆਪਸ ਵਿਚ ਨਹੀਂ ਲੜੇ। ਸਾਡੇ ਵਿਚ ਤਾਂ ਇਤਨੇ ਚੰਗੇ ਸਬੰਧ ਸਨ ਕਿ ਉਹ ਕਿਹਾ ਕਰਦੇ ਸਨ ਕਿ ਆਪਾਂ ਪੰਜਾਬ ਸਿੰਧ ਬੈਂਕ ਵਾਲੇ ਡਾ. ਇੰਦਰਜੀਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਵਾਂਗ ਇਸ ਦੁਨੀਆਂ ਤੋਂ ਇਕੱਠੇ ਹੀ ਵਿਦਾ ਹੋਈਏ। ਡਾ. ਇੰਦਰਜੀਤ ਸਿੰਘ ਦੀ ਪਤਨੀ ਉਨ੍ਹਾਂ ਤੋਂ ਕੁਝ ਦਿਨ ਬਾਅਦ ਹੀ ਤੁਰ ਗਈ ਸੀ। ਮੈਂ ਤਾਂ ਪ੍ਰਧਾਨ ਸਾਹਿਬ ਨੂੰ ਕਿਹਾ ਕਰਦੀ ਸੀ ਕਿ ਮੈਂ ਤੁਹਾਡੇ ਤੋਂ ਪਹਿਲਾਂ ਤੁਰ ਜਾਵਾਂ। ਉਹ ਕਹਿੰਦੇ ਕਿ ਮੈਨੂੰ ਕੌਣ ਸਾਂਭੇਗਾ, ਪਹਿਲਾਂ ਮੈਂ ਜਾਵਾਂਗਾ।

-ਟੌਹੜਾ ਸਾਹਿਬ ਅਕਸਰ ਬਾਹਰ ਰਹਿੰਦੇ ਸਨ ਅਤੇ ਕਈ ਵਾਰ ਲੰਬੇ ਸਮੇਂ ਲਈ ਜੇਲ੍ਹ ਵਿਚ ਵੀ ਨਜ਼ਰਬੰਦ ਰਹਿੰਦੇ ਸਨ। ਤੁਸੀਂ ਘਰ-ਬਾਰ ਦੀਆਂ ਜ਼ਿੰਮੇਵਾਰੀਆਂ ਕਿਵੇਂ ਸੰਭਾਲਦੇ ਸੀ?

ਬੀਬੀ ਜੀ- ਮੈਂ ਸਾਰੀਆਂ ਜ਼ਿੰਮੇਵਾਰੀਆਂ ਸ਼ੁਰੂ ਤੋਂ ਹੀ ਸੰਭਾਲਦੀ ਰਹੀ ਹਾਂ। ਉਨ੍ਹਾਂ ਨੇ ਪਿੰਡ ਵਿਚ ਪੰਜਾਬ ਐਂਡ ਸਿੰਧ ਬੈਂਕ  ਦੀ ਬ੍ਰਾਂਚ ਮਨਜ਼ੂਰ ਕਰਵਾਈ। ਪੁਲਸ ਉਨ੍ਹਾਂ ਨੂੰ ਪਕੜ ਕੇ ਲੈ ਗਈ, ਉਹ ਬ੍ਰਾਂਚ ਮੈਂ ਹੀ ਖੁਲ੍ਹਵਾਈ। ਘਰ ਅਤੇ ਖੇਤੀਬਾੜੀ ਦਾ ਕੰਮ ਵੀ ਸੰਭਾਲਦੀ ਰਹੀ ਹਾਂ।

-ਉਨ੍ਹਾਂ ਦੀਆਂ ਕਿਹੜੀਆਂ ਆਦਤਾਂ ਤੁਹਾਨੂੰ ਚੰਗੀਆਂ ਲੱਗਦੀਆਂ ਸਨ?

ਬੀਬੀ ਜੀ- ਸਾਰੀਆਂ ਆਦਤਾਂ ਹੀ ਚੰਗੀਆਂ ਸਨ। ਪਿਛਲੇ ਵਰ੍ਹੇ ਉਹ ਰਾਤ ਨੂੰ ਟੀ. ਵੀ. ਲਗਾਏ ਬੈਠੇ ਸੀ। ਮੈਂ ਕਿਹਾ ਕਿ ਕੀ ਕਰ ਰਹੇ ਹੋ, ਕਹਿਣ ਲੱਗੇ ਮੈਂ ਖ਼ਬਰਾਂ ਸੁਣ ਰਿਹਾ ਹਾਂ। ਦੇਖਣਾ ਕਿ ਅਮਰੀਕਾ ਦੀ ਚੋਣ ਵਿਚ ਜਾਰਜ ਬੁਸ਼ ਜਿੱਤਦਾ ਹੈ ਜਾਂ ਹੈਰੀ। ਮੈਂ ਕਿਹਾ ਕਿ ਬੁਸ਼ ਜਿੱਤੇਗਾ। ਮੈਨੂੰ ਆਖਣ ਲੱਗੇ ਕਿ ਬੁਸ਼ ਵੀ ਕੋਈ ਆਦਮੀ ਹੈ।

-ਉਨ੍ਹਾਂ ਦੀ ਕਿਹੜੀ ਆਦਤ ਤੁਹਾਨੂੰ ਚੰਗੀ ਨਹੀਂ ਲੱਗਦੀ ਸੀ?

ਬੀਬੀ ਜੀ- ਕੋਈ ਵੀ ਆਦਤ ਮਾੜੀ ਨਹੀਂ ਸੀ, ਨਾ ਹੀ ਮੈਨੂੰ ਕਦੀ ਕਿਸੇ ਗੱਲ ’ਤੇ ਗੁੱਸਾ ਆਇਆ ਸੀ। ਮੈਂ ਉਨ੍ਹਾਂ ਨੂੰ ਸਮਝਾਉਂਦੀ ਹੁੰਦੀ ਸੀ ਕਿ ਸਵੇਰੇ ਜਦੋਂ ਤੁਸੀਂ ਕਚਹਿਰੀ ਲਗਾਉਂਦੇ ਹੋ ਤਾਂ ਇਹ ….ਸਿੰਘ, ਜੋ ਹਰ ਰੋਜ਼ ਆ ਕੇ ਬੈਠ ਜਾਂਦਾ ਹੈ, ਇਸ ਨੂੰ ਨਾ ਆਉਣ ਦਿਆ ਕਰੋ। ਇਕ ਆਦਮੀ ਦੀ ਗੱਲ ਇਕ ਵਾਰ ਹੀ ਸੁਣਿਆ ਕਰੋ। ਇਹ ਆਦਮੀ ਤਾਂ ਬੱਸ ਸੂਹਾਂ ਲੈਣ ਆਉਂਦਾ ਸੀ ਕਿ ਕੌਣ ਕੀ ਆਖਦਾ ਹੈ।

-ਕੀ ਜਦੋਂ ਤੁਹਾਡਾ ਵਿਆਹ ਹੋਇਆ, ਜਥੇਦਾਰ ਟੌਹੜਾ ਸਿਆਸਤ ਵਿਚ ਆ ਗਏ ਸਨ?

ਬੀਬੀ ਜੀ- ਨਹੀਂ, ਉਹ ਪਿੱਛੋਂ ਸਿਆਸਤ ਵਿਚ ਆਏ ਹਨ।

-ਤੁਹਾਡਾ ਵਿਆਹ ਕਦੋਂ ਹੋਇਆ?

ਬੀਬੀ ਜੀ- ਮੈਂ ਉਸ ਸਮੇਂ 14 ਵਰ੍ਹਿਆਂ ਦੀ ਸੀ ਅਤੇ ਉਹ 18 ਵਰ੍ਹਿਆਂ ਦੇ ਸਨ। ਦੇਸ਼ ਵੰਡ ਤੋਂ ਪਹਿਲਾਂ ਵਿਆਹ ਹੋਇਆ ਹੈ।

-ਵਿਆਹ ਕਿਸ ਨੇ ਕਰਵਾਇਆ ਸੀ?

ਬੀਬੀ ਜੀ- ਕਿਸੇ ਨੇ ਮੇਰੇ ਬਾਪੂ ਜੀ ਨੂੰ ਦੱਸਿਆ ਸੀ ਕਿ ਇਹ ਮੁੰਡਾ ਦੇਖ ਲਓ। ਬਾਪੂ ਜੀ ਨੂੰ ਉਹ ਪਸੰਦ ਆ ਗਏ। ਮੈਂ ਡੇਢ ਕੁ ਸਾਲ ਦੀ ਸੀ, ਜਦੋਂ ਮੇਰੀ ਮਾਂ ਮਰ ਗਈ ਸੀ। ਮੇਰੀ ਦਾਦੀ ਨੇ ਮੈਨੂੰ ਪਾਲਿਆ ਪੋਸਿਆ। ਮੇਰੀ ਦਾਦੀ ਨੇ ਬਾਪੂ ਜੀ ਨੂੰ ਕਿਹਾ ਕਿ ਮੁੰਡਾ ਤਾਂ ਦੇਖ ਲਿਆ, ਉਸ ਦਾ ਘਰ-ਬਾਰ ਤੇ ਜ਼ਮੀਨ-ਜਾਇਦਾਦ ਵੀ ਦੇਖ ਲਓ। ਮੈਂ ਇਸ ਨੂੰ ਪਾਲਿਆ ਹੈ, ਮੇਰੀ ਧੀ ਉਥੇ ਭੁੱਖੀ ਨਾ ਮਰੇ। ਬਾਪੂ ਜੀ ਕਹਿਣ ਲੱਗੇ ਕਿ ਜੇ ਮੇਰੀ ਧੀ ਦੀ ਕਿਸਮਤ ਵਿਚ ਗਰੀਬੀ ਲਿਖੀ ਹੈ ਤਾਂ ਗਰੀਬ ਹੀ ਰਹੇਗੀ, ਜੇ ਅਮੀਰੀ ਲਿਖੀ ਹੈ ਤਾਂ ਅਮੀਰਾਂ ਵਾਂਗ ਰਹੇਗੀ।

-ਤੁਹਾਡੇ ਪੇਕੇ ਕਿੱਥੇ ਹਨ?

ਬੀਬੀ ਜੀ- ਸਾਡਾ ਪਿੱਛਾ ਤਾਂ ਬਰਨਾਲੇ ਦਾ ਹੈ ਪਰ ਅਸੀਂ ਪਟਿਆਲੇ ਆ ਗਏ ਸੀ। ਮੇਰੇ ਬਾਪੂ ਜੀ ਬਹੁਤ ਛੋਟੇ ਸਨ, ਜਦੋਂ ਦਾਦਾ ਜੀ ਪਟਿਆਲੇ ਆ ਕੇ ਵੱਸ ਗਏ। ਮੈਂ ਬਹੁਤ ਚੰਗੇ ਪਰਿਵਾਰ ਨਾਲ ਸੰਬੰਧ ਰੱਖਦੀ ਹਾਂ, ਮੇਰੇ ਬਾਪੂ ਜੀ ਸਿੱਖ ਰੈਜਮੈਂਟ ਵਿਚ ਸੂਬੇਦਾਰ ਸਨ। ਮੈਂ ਪਟਿਆਲੇ ਸਿੰਘ ਸਭਾ ਗੁਰਦੁਆਰੇ ਵਿਚ ਪੜ੍ਹੀ ਹਾਂ।

-ਜਦੋਂ ਤੁਹਾਡਾ ਵਿਆਹ ਹੋਇਆ, ਪ੍ਰਧਾਨ ਸਾਹਿਬ ਦੇ ਪਰਿਵਾਰ ਵਿਚ ਕੌਣ-ਕੌਣ ਸਨ?

ਬੀਬੀ ਜੀ- ਉਨ੍ਹਾਂ ਦੇ ਦੋ ਭਰਾ ਤੇ ਬੇਬੇ ਜੀ (ਮਾਂ)। ਉਹ ਬਹੁਤ ਛੋਟੇ ਸਨ, ਜਦੋਂ ਉਨ੍ਹਾਂ ਦੇ ਪਿਤਾ ਜੀ ਚੜ੍ਹਾਈ ਕਰ ਗਏ ਸਨ।

-ਉਹ ਸਿਆਸਤ ਵਿਚ ਕਦੋਂ ਆਏ?

ਬੀਬੀ ਜੀ- ਵਿਆਹ ਤੋਂ ਬਾਅਦ ਹੀ ਆਏ ਹਨ। ਸਭ ਤੋਂ ਪਹਿਲਾਂ ਭਾਦਸੋਂ ਸਰਕਲ ਦੇ ਜਥੇਦਾਰ ਬਣੇ। ਜਦੋਂ ਕੈਪਟਨ ਕੰਵਲਜੀਤ ਸਿੰਘ ਦੇ ਪਿਤਾ ਦਾਰਾ ਸਿੰਘ ਤੇ ਸ਼ਿਵਦੇਵ ਸਿੰਘ ਨੇ ਚੋਣ ਲੜੀ, ਤਾਂ ਉਸ ਸਮੇਂ ਬਹੁਤ ਕੰਮ ਕੀਤਾ। ਉਸ ਤੋਂ ਬਾਅਦ ਬਹੁਤਾ ਸਮਾਂ ਸਿਆਸਤ ਨੂੰ ਦੇਣ ਲੱਗੇ।

-ਤੁਸੀਂ ਰੋਕਿਆ ਨਹੀਂ?

ਬੀਬੀ ਜੀ- ਨਹੀਂ, ਮੈਂ ਕਦੀ ਵੀ ਕੁਝ ਨਹੀਂ ਕਿਹਾ। ਬੇਬੇ ਜੀ ਰੋਕਿਆ ਕਰਦੇ ਸਨ ਕਿ ਖੇਤੀ ਬਾੜੀ ਵੱਲ ਧਿਆਨ ਦਿਉ, ਆਪਾਂ ਭੁੱਖੇ ਮਰ ਜਾਵਾਂਗੇ। ਉਸ ਸਮੇਂ ਟੌਹੜਾ ਪਿੰਡ ਬਹੁਤ ਹੀ ਪੱਛੜਿਆ ਹੋਇਆ ਸੀ ਤੇ ਇਥੇ ਆਉਣਾ ਜਾਣਾ ਸੌਖਾ ਨਹੀਂ ਸੀ।ਉਨ੍ਹਾਂ ਨੇ ਪਿੰਡ ਦਾ ਬਹੁਤ ਹੀ ਵਿਕਾਸ ਕਰਵਾਇਆ।

-ਟੌਹੜਾ ਸਾਹਿਬ ਅਕਸਰ ਬਾਹਰ ਰਹਿੰਦੇ ਸਨ ਅਤੇ ਕਈ ਵਾਰੀ ਜੇਲ੍ਹ ਵਿਚ ਵੀ ਰਹਿੰਦੇ ਸਨ। ਹੁਣ ਉਨ੍ਹਾਂ ਨੂੰ ਗਿਆਂ ਸਾਲ ਹੋਣ ਲੱਗਾ ਹੈ। ਤੁਹਾਨੂੰ ਕਿਸ ਤਰ੍ਹਾਂ ਲੱਗਦਾ ਹੈ?

ਬੀਬੀ ਜੀ- ਸਭ ਪਾਸੇ ਹਨੇਰਾ ਹੈ। ਮੇਰਾ ਵਾਹ ਲੱਗੇ ਮੈਂ ਵਾਹਿਗੁਰੂ ਅੱਗੇ ਇਹ ਝੋਲੀ ਅੱਡ ਕੇ ਉਨ੍ਹਾਂ ਨੂੰ ਸੱਚਖੰਡ ਤੋਂ ਲੈ ਆਵਾਂ। ਕੁਝ ਵੀ ਚੰਗਾ ਨਹੀਂ ਲੱਗਦਾ, ਮਨ ਨਹੀਂ ਖੜਦਾ। ਇਕ ਵਾਰੀ ਮੈਂ ਕਾਫੀ ਬੀਮਾਰ ਸੀ। ਦਿਲ ਘੱਟ ਰਿਹਾ ਸੀ। ਡਾਕਟਰ ਘਰ ਆਇਆ ਅਤੇ ਇਕ ਸੰਗਤਰਾ ਨਿਚੋੜ ਕੇ ਮੇਰੇ ਮੂੰਹ ਵਿਚ ਪਾਉਣ ਲੱਗਾ। ਪ੍ਰਧਾਨ ਸਾਹਿਬ ਤਿਆਰ ਹੋ ਕੇ ਬਾਹਰ ਜਾਣ ਲੱਗੇ ਤਾਂ ਡਾਕਟਰ ਨੇ ਕਿਹਾ, ਪ੍ਰਧਾਨ ਸਾਹਿਬ ਬੀਬੀ ਜੀ ਇਤਨੇ ਬੀਮਾਰ ਹਨ, ਤੁਸੀਂ ਬਾਹਰ ਜਾਣ ਲੱਗੇ ਹੋ। ਤਾਂ ਹੱਸ ਕੇ ਕਹਿਣ ਲੱਗੇ, ‘ਮੈਥੋਂ ਪੁੱਛੇ ਬਿਨਾਂ ਧਰਮਰਾਜ ਵੀ ਇਨ੍ਹਾਂ ਨੂੰ ਨਹੀਂ ਲਿਜਾ ਸਕਦਾ। ਜਦੋਂ ਵਾਪਸ ਆਏ ਤਾਂ ਕੁਦਰਤੀ ਮੇਰੀ ਤਬੀਅਤ ਪਹਿਲਾਂ ਨਾਲੋਂ ਠੀਕ ਸੀ। ਕਹਿਣ ਲੱਗੇ- ਮੈਂ ਕਿਹਾ ਸੀ ਨਾ ਕਿ ਮੈਨੂੰ ਪੁੱਛੇ ਬਿਨਾਂ ਧਰਮਰਾਜ ਵੀ ਇਨ੍ਹਾਂ ਨੂੰ ਨਹੀਂ ਲਿਜਾ ਸਕਦਾ।  ਉਨ੍ਹਾਂ ਮੈਨੂੰ ਕਦੀ ਵੀ ‘ਤੂੰ’ ਨਹੀਂ ਕਿਹਾ ਸਗੋਂ ‘ਤੁਸੀਂ’ ਕਹਿ ਕੇ ਬੁਲਾਉਂਦੇ ਸੀ। ਉਹ ਰਾਤ ਨੂੰ ਭਾਵੇਂ ਦਸ ਵਜੇ ਆਉਣ ਭਾਵੇਂ ਗਿਆਰਾਂ ਵਜੇ। ਮੈਂ ਉਨ੍ਹਾਂ ਨੂੰ ਪ੍ਰਸ਼ਾਦਾ ਛਕਾ ਕੇ ਫਿਰ ਹੀ ਆਪ ਖਾਂਦੀ ਸੀ। ਉਹ ਜਦੋਂ ਬਾਹਰ ਹੁੰਦੇ ਤਾਂ ਫੋਨ ਕਰ ਦਿੰਦੇ ਕਿ ਮੈਂ ਪ੍ਰਸ਼ਾਦਾ ਛੱਕ ਲਿਆ ਹੈ, ਤੁਸੀਂ ਵੀ ਛੱਕ ਲਓ। ਮੈਂ ਹੁਣ ਵੀ ਹਰ ਰੋਜ਼ ਉਨ੍ਹਾਂ ਦੀ ਫੋਟੋ ਨੂੰ ਫਤਹਿ ਬੁਲਾ ਕੇ ਹੀ ਅੰਨ-ਪਾਣੀ ਨੂੰ ਹੱਥ ਲਗਾਉਂਦੀ ਹਾਂ।

-ਜੇ ਉਨ੍ਹਾਂ ਦੀ ਯਾਦਗਾਰ ਬਨਾਉਣੀ ਹੋਵੇ ਤਾਂ ਕੀ ਬਣਾਇਆ ਜਾਵੇ?

ਬੀਬੀ ਜੀ- ਯਾਦਗਾਰ ਕੌਣ ਬਣਾਏ?

-ਸੰਗਤ।

ਬੀਬੀ ਜੀ- ਸੰਗਤ ਜੋ ਚਾਹੇ, ਯਾਦਗਾਰ ਬਣਾ ਲਏ। ਸੰਗਤ ਤਾਂ ਆਪਸ ਵਿਚ ਲੜਦੀ ਰਹਿੰਦੀ ਹੈ। ਸਭਨਾਂ ਨੂੰ ਰਲ ਮਿਲ ਕੇ ਏਕਤਾ ਨਾਲ ਰਹਿਣਾ ਚਾਹੀਦਾ ਹੈ।

This entry was posted in ਇੰਟਰਵਿਯੂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>