ਬਲਵਿੰਦਰ ਸਫਰੀ ਇਕ ਸਥਾਪਿਤ ਗਾਇਕ ਹੋਣ ਦੇ ਨਾਲ ਨਾਲ ਪੰਜਾਬੀ ਸੰਗੀਤਕ ਹਲਕਿਆਂ, ਖਾਸ ਕਰ ਬ੍ਰਤਾਨਵੀਂ ਪੌਪ ਸੰਗੀਤ ਦੇ ਖੇਤਰ ਵਿਚ ਚਿਰਾਂ ਤੋਂ ਸਰਗਰਮ ਅਤੇ ਛਾਇਆ ਰਿਹਾ ਹੈ। ਪਰ ਪਿਛਲੇ ਚਾਰ ਪੰਜ ਸਾਲਾਂ ਤੋਂ ਸਰੋਤਿਆਂ ਨੂੰ ਉਸਦੀ ਖਾਮੋਸ਼ੀ ਰੜ੍ਹਕਦੀ ਰਹੀ ਹੈ। ਹਾਲ ਹੀ ਵਿਚ ਉਹ ਆਪਣੇ ਨਵੇਂ ਸਿੰਗਲ ਗੀਤ ‘ਪੁੱਤ ਸਰਦਾਰਾਂ ਦਾ’ ਨਾਲ ਉਹ ਮੁੜ ਸਰਗਰਮ ਹੋਇਆ ਹੈ ਤੇ ਉਸ ਨੇ ਆਪਣੀ ਚੁੱਪ ਤੋੜੀ ਹੈ। ਉਸ ਦੇ ਸੰਗੀਤ ਵਿਚੋ ਗੈਰਹਾਜ਼ਰ ਰਹਿਣ ਦੇ ਕਾਰਨਾਂ ਨੂੰ ਜਾਣਨ ਲਈ ਬਲਵਿੰਦਰ ਸਫਰੀ ਨਾਲ ਹੋਈ ਮੁਲਾਕਾਤ ਪੇਸ਼ ਕਰ ਰਹੇ ਹਾਂ:
ਸਵਾਲ: ਸਭ ਤੋਂ ਪਹਿਲਾਂ ਤਾਂ ਸਫਰੀ ਸਾਹਿਬ ਤੁਹਾਨੂੰ ਨਵੇਂ ਸਿੰਗਲ ਰਾਹੀਂ ਸਰੋਤਿਆਂ ਦੇ ਦੁਬਾਰਾ ਰੂ-ਬਾ-ਰੂ ਹੋਣ ਦੀਆਂ ਮੁਬਾਰਕਾਂ ਤੇ ਨਵੇਂ ਸਿੰਗਲ ਬਾਰੇ ਪਾਠਕਾਂ ਨੂੰ ਚਾਨਣਾ ਪਾਓ?
-ਧੰਨਵਾਦ ਬਲਰਾਜ ਜੀ, ਇਹ ਮੇਰਾ ਨਵਾਂ ਸਿੰਗਲ ਹੈ। ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਇਸ ਦੀ ਵਿਡੀਉ ਵੱਖ-ਵੱਖ ਚੈਨਲਾਂ ’ਤੇ ਚੱਲ ਰਹੇ ਹਨ। ਇਹ ਗੀਤ ਦੋ ਸਾਲ ਪਹਿਲਾਂ ਮੈਂ ਡਾ: ਬੱਲ ਸਿੱਧੂ ਤੋਂ ਲਿਖਵਾਇਆ ਸੀ, ਪਰ ਕੁਝ ਕਾਰਨਾਂ ਕਰਕੇ ਦੇਰੀ ਹੁੰਦੀ ਗਈ।ਇਹ ਦਰੁਸਤ ਹੈ ਕਿ ਇਕ ਲੰਮੇ ਅਰਸੇ ਬਾਅਦ ਮੈਂ ਸਰੋਤਿਆਂ ਦੇ ਸਨਮੁੱਖ ਹੋਇਆ ਹਾਂ।
ਸਵਾਲ: ਇਸ ਲੰਮੇ ਮੋਨ ਧਾਰਨ ਦਾ ਕਾਰਨ ਕੀ ਸੀ?
-ਦਰਅਸਲ ਕੁਝ ਵਰ੍ਹੇ ਪਹਿਲਾਂ ਮੈਨੂੰ ਸਟਰੋਕ ਹੋਣ ਦੀ ਵਜਾ ਨਾਲ ਮੈਂ ਠੀਕ ਨਹੀਂ ਰਿਹਾ ਤੇ ਸਿਹਤ ਖਰਾਬ ਹੋਣ ਦੇ ਨਾਲ ਨਾਲ ਮੇਰੀ ਬਿਮਾਰੀ ਦਾ ਮੰਦਾ ਪ੍ਰਭਾਵ ਮੇਰੀ ਅਵਾਜ਼ ਉੱਤੇ ਵੀ ਪਿਆ। ਜਿਸ ਨੂੰ ਠੀਕ ਹੁੰਦਿਆਂ ਦੇਰ ਲੱਗ ਗਈ ਤੇ ਮੈਂ ਕੁਝ ਵਰ੍ਹਿਆ ਤੋਂ ਗਾਇਕੀ ਦੇ ਖੇਤਰ ਵਿਚੋਂ ਗਾਇਬ ਰਿਹਾ ਹਾਂ।
ਸਵਾਲ: ਤੁਹਾਡੇ ਗਾਇਕੀ ਦੇ ਮੁਢਲੇ ਦੌਰ ਦਾ ਜ਼ਿਕਰ ਕਰੀਏ, ਗਾਉਣ ਦੀ ਇਬਤਦਾ ਕਿੱਥੋਂ ਹੋਈ?
-ਮੇਰੇ ਪਿਤਾ ਜੀ ਗਿਆਨੀ ਗਿਆਨ ਸਿੰਘ ਰਾਗੀ ਸਨ। ਉਹਨਾਂ ਨੂੰ ਗਾਉਂਦਿਆਂ ਦੇਖ ਕੇ ਮੈਨੂੰ ਗਾਉਣ ਦਾ ਸ਼ੌਂਕ ਜਾਗਿਆ।ਫਿਰ ਆਹੀਸਤਾ ਆਹੀਸਤਾ ਸਕੂਲ ਦੀ ਬਾਲ ਸੰਭਾਵਾਂ ਤੋਂ ਸਿਲਸਿਲਾ ਜ਼ਾਰੀ ਹੋ ਗਿਆ।
ਸਵਾਲ: ਤੁਹਾਡੇ ਨਾਮ ਨਾਲ ਸਫਰੀ ਸ਼ਬਦ ਕਦੋਂ ਤੇ ਕਿਵੇਂ ਜੁੜਿਆ?
-ਜਦੋਂ ਕਦੇ ਮੈਂ ਸਕੂਲ ਦੀਆਂ ਕਲਾਸਾਂ ਮਿਸ ਕਰਦਾ ਸੀ ਤਾਂ ਅਗਲੇ ਦਿਨ ਸਕੂਲ ਗਏ ਨੂੰ ਸਾਡੇ ਅਧਿਆਪਕ ਸਨ ਜੋਗਿੰਦਰ ਸਿੰਘ ਸੇਖੋਂ ਉਹ ਇਕ ਵਾਰ ਮੈਨੂੰ ਮੁਖਾਤਿਬ ਹੁੰਦੇ ਹੋਏ ਕਹਿਣ ਲੱਗੇ ਕਿ ਕਿਹੜਿਆਂ ਸਫਰਾਂ ’ਤੇ ਤੁਰਿਆ ਰਹਿੰਦਾ ਹੈਂ ਸਫਰੀ। ਬਸ ਉਦੋਂ ਤੋਂ ਹੀ ਮੇਰੇ ਨਾਮ ਨਾਲ ਸਫਰੀ ਲੱਗ ਗਿਆ।
ਸਵਾਲ: ਸਫਰੀ ਬਣਨ ਉਪਰੰਤ ਸ਼ੌਂਕੀਆ ਗਾਇਨ ਤੋਂ ਪੈਸ਼ਾਵਰ ਗਾਇਕੀ ਦਾ ਸਫਰ ਕਿਵੇਂ ਆਰੰਭ ਹੋਇਆ?
-1983 ਵਿਚ ਇੰਗਲੈਂਡ ਆ ਕੇ ਮੈਂ ਅਜ਼ਾਦ ਗਰੁੱਪ ਜੋਆਇਨ ਕੀਤਾ ਤੇ ਉਹਨਾਂ ਲਈ ਗਾਉਣ ਲੱਗਾ। ਉਸ ਤੋਂ ਬਾਅਦ ਮੈਂ ਆਪਣਾ ਗਰੁੱਪ ਸਫਰੀ ਬੋਇਜ਼ ਬਣਾ ਲਿਆ ਤੇ ਫਿਰ ਚੱਲ ਸੋ ਚੱਲ ਹੈ।
ਸਵਾਲ: ਵੈਸੇ ਤਾਂ ਤੁਹਾਡੇ ਹਿੱਟ ਗੀਤਾਂ ਦੀ ਸੂਚੀ ਬੜੀ ਲੰਮੀ ਹੈ। ਤੁਹਾਡੇ ਅਨੇਕਾਂ ਗੀਤਾਂ ਨੇ ਪ੍ਰਸਿੱਧੀ ਪ੍ਰਾਪਤ ਕੀਤੀ ਹੈ। ਮਿਸਾਲ ਦੇ ਤੌਰ ’ਤੇ ‘ਨੀਂ ਤੂੰ ਅੰਬਰਾਂ ਤੋਂ ਆਈ ਹੋਈ ਹੂਰ ਸੋਹਣੀਏ’, ‘ਚੰਨ ਮੇਰੇ ਮੱਖਣਾ’, ‘ਖਾਲਸਾ ਅਮਰ ਰਹੂ’ ‘ਸ਼ੇਰਾਂ ਵਾਂਗੂ ਘੁੰਮਦੇ ਫਿਰਦੇ ਪੁੱਤ ਸਰਦਾਰਾਂ ਦੇ’ ਆਦਿ ਗੀਤ ਲੋਕਾਂ ਨੇ ਪਸੰਦ ਕਰੇ। ਪਰ ਤੁਹਾਡੇ ਕਿਹੜੇ ਗੀਤ ਅਜ਼ੀਜ ਹਨ?
-ਮੁਢਲੇ ਦੌਰ ਵਿਚ ‘ਨੱਚਦੀ ਨੂੰ ਅੱਜ ਤੈਨੂੰ ਪੱਟਣਾ ਕਾਲੀ ਪੱਗ ’ਤੇ ਸਿਤਾਰੇ ਲਾ ਕੇ’ ਇਹ ਬਲਦੇਵ ਮਸਤਾਨਾ ਜੀ ਦਾ ਲਿਖਿਆ ਹੋਇਆ ਸੀ।ਫਿਰ ‘ਨੀ ਤੂੰ ਅੰਬਰਾਂ ਤੋਂ ਆਈ ਹੋਈ ਹੂਰ ਸੋਹਣੀਏ’ ਜੋ ਪਾਕਿਸਤਾਨ ਦੇ ਰਾਇਟਰ ਅਖਤਰ ਹੁਸੈਨ ਦਾ ਲਿਖਿਆ ਹੋਇਆ ਸੀ।ਜੰਡੂ ਲਿੱਤਰਾਂਵਾਲੇ ਦਾ ਗੀਤ ‘ਚੰਨ ਮੇਰੇ ਮੱਖਣਾ’,‘ਪੁੱਤ ਸਰਦਾਰਾਂ ਦਾ’ ਦੇਵਰਾਜ ਜੱਸਲ ਜੀ ਦੀ ਸ਼ਬਦ ਰਚਨਾ ਸੀ। ‘ਰਾਹੇ ਰਾਹੇ ਜਾਣ ਵਾਲੀਏ’ ਅਤੇ ‘ਬੋਲੀਆਂ’ ਆਦਿ ਹੋਰ ਬਹੁਤ ਜੋ ਇਸ ਵਕਤ ਯਾਦ ਨਹੀਂ ਆ ਰਹੇ।
ਸਵਾਲ: ਘੜਿਆ ਗੀਤ ਜਿਸ ਨਾਲ ਕਿ ਤੁਹਾਡੀ ਪਹਿਚਾਣ ਬਣੀ। ਉਸਦਾ ਜ਼ਿਕਰ ਰਹਿ ਗਿਆ।
-ਹਾਂ ਜੀ, ‘ਮੈਨੂੰ ਪਾਰ ਲੰਘਾਦੇ ਵੇ ਘੜਿਆ ਮਿਨਤਾਂ ਤੇਰੀਆਂ ਕਰਦੀ।’ ਬਹੁਤ ਹੀ ਹਿੱਟ ਰਿਹਾ ਹੈ।ਇਹ ਬਹੁਤ ਅਰਸਾ ਪਹਿਲਾਂ ਕਿਸੇ ਪਾਕਿਸਤਾਨ ਦੇ ਆਰਟਿਸਟ ਨੇ ਗਾਇਆ ਸੀ। ਗੀਤ ਦੇ ਬੋਲ ਅੱਛੇ ਹੋਣ ਕਰਕੇ ਮੈਂ ਇਸ ਨੂੰ ਰਿਕਾਰਡ ਕਰਵਾਇਆ।ਇਸ ਦਾ ਸੰਗੀਤ ਬੂਟਾ ਜਗਪਾਲ ਨੇ ਕੀਤਾ ਸੀ।ਇਸ ਗੀਤ ਬਾਰੇ ਤਾਂ ਮੈਂ ਕੇਵਲ ਐਨਾ ਆਖ ਸਕਦਾ ਹਾਂ ਕਿ ਘੜੇ ਨੇ ਸੋਹਣੀ ਨੂੰ ਬੇਸ਼ਕ ਡੋਬ ਦਿੱਤਾ, ਪਰ ਸਫਰੀ ਨੂੰ ਤਾਰ ਦਿੱਤਾ ਹੈ। ਇਸ ਗੀਤ ਨੇ ਮੈਨੂੰ ਅਪਾਰ ਪ੍ਰਸਿੱਧੀ ਖੱਟ ਕੇ ਦਿੱਤੀ ਹੈ।
ਸਵਾਲ: ਪੰਜਾਬੀ ਸੰਗੀਤ ਦੀ ਸੇਵਾ ਕਰਦਿਆਂ ਤੁਹਾਨੂੰ ਵੱਖ-ਵੱਖ ਮੁਲਖਾਂ ਵਿਚ ਜਾਣ ਦਾ ਵੀ ਅਵਸਰ ਮਿਲਿਆ ਹੈ। ਤੁਸੀਂ ਕਿਹੜੇ ਕਿਹੜੇ ਦੇਸ਼ਾਂ ਵਿਚ ਗਏ ਤੇ ਉਥੋਂ ਦੇ ਸਰੋਤਿਆਂ ਦਾ ਪ੍ਰਤੀਕ੍ਰਮ ਕਿਹੋ ਜਿਹਾ ਸੀ?
ਜਵਾਬ: ਸਭ ਤੋਂ ਪਹਿਲਾ ਅਸੀਂ ਅਸਟਰੀਆ ਵਿਖੇ ਸ਼ੋਅ ਕੀਤਾ ਸੀ। ਉਹ ਇਕ ਮਲਟੀ ਕਲਚਰਲ ਇਵੈਂਟ ਸੀ ਤੇ ਉਸ ਤੋਂ ਸਾਨੂੰ ਭਰਪੂਰ ਹੁੰਗਾਰਾ ਅਤੇ ਹੌਂਸਲਾ ਹਫਜ਼ਾਈ ਮਿਲੀ। ਇਸ ਉਪਰੰਤ ਸਰੋਤਿਆਂ ਦੇ ਪਿਆਰ ਅਤੇ ਪੁਰਜ਼ੋਰ ਮੰਗ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਕੈਨੇਡਾ ਅਤੇ ਅਮਰੀਕਾ ਵਿਖੇ ਜਾ ਕੇ ਫਨ ਦਾ ਮੁਜ਼ਾਹਿਰਾ ਕੀਤਾ। ਕੈਨੇਡਾ ਜਾ ਕੇ ਮੈਨੂੰ ਪਹਿਲੀ ਵਾਰ ਅਹਿਸਾਸ ਹੋਇਆ ਕਿ ਪੰਜਾਬੀ ਗਾਇਕੀ ਦਾ ਘੇਰਾ ਪੰਜਾਬ ਜਾਂ ਇੰਗਲੈਂਡ ਤੱਕ ਹੀ ਸੀਮਿਤ ਨਹੀਂ ਹੈ, ਸਗੋਂ ਇਹ ਪੂਰੇ ਵਿਸ਼ਵ ਵਿਚ ਆਪਣੇ ਪੈਰ ਪਸਾਰ ਚੁੱਕੀ ਹੈ। ਫਿਰ ਦੇਸ਼ਾਂ-ਵਿਦੇਸ਼ਾਂ ਵਿਚ ਸ਼ੋਆਂ ਦੀ ਅਟੁੱਟ ਲੜੀ ਜੁੜਦੀ ਗਈ ਤੇ ਅਸੀਂ ਅਸਟਰੇਲੀਆ, ਸਿੰਘਾਪੁਰ, ਮਲੇਸ਼ੀਆ ਅਤੇ ਯੂਰਪ ਭਰ ਵਿਚ ਸ਼ੋਅ ਕਰਦੇ ਰਹੇ ਹਾਂ।
ਸਵਾਲ: ਤੁਹਾਡੀ ਗਾਇਕੀ ਅਤੇ ਸੰਗੀਤ ਅੱਠਵੇਂ-ਨੌਵੇਂ ਦਹਾਕੇ ਵਿਚ ਉਭਰੇ ਬਾਕੀ ਗਾਇਕਾ ਨਾਲੋਂ ਵੱਖਰਾ ਰਿਹਾ ਹੈ, ਇਸ ਦਾ ਕੀ ਕਾਰਨ ਹੈ?
ਜਵਾਬ: ਬਲਰਾਜ ਜੀ, ਗੀਤਾਂ ਦਾ ਸੰਗੀਤ ਤਿਆਰ ਕਰਦੇ ਵਕਤ ਅਸੀਂ ਇਸ ਗੱਲ ਦਾ ਉਚਾਚਾ ਖਿਆਲ ਰੱਖਦੇ ਆਏ ਹਾਂ ਕਿ ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਹੋਇਆਂ ਮੌਡਰਨ ਸਾਜ਼ਾਂ ਦਾ ਇਸਤੇਮਾਲ ਕਰਨ ਦੇ ਨਾਲ ਨਾਲ ਅਸੀਂ ਆਪਣੇ ਵਿਰਾਸਤੀ ਦੇਸੀ ਸਾਜ਼ ਜਿਵੇਂ ਤੂੰਬੀ, ਢੋਲ, ਅਲਗੋਜ਼ੇ, ਢੱਡ, ਹਰਮੋਨੀਅਮ, ਬੰਸਰੀ, ਦਿਲਰੂਬਾ ਨੂੰ ਵੀ ਪ੍ਰਥਮਿਕਤਾ ਦੇ ਅਧਾਰ ’ਤੇ ਵਰਤਿਆ ਹੈ। ਜਿਸ ਕਰਕੇ ਸਾਡੇ ਸੰਗੀਤ ਵਿਚ ਦੁਸਰਿਆਂ ਨਾਲੋਂ ਵਿਲੱਖਣਤਾ ਅਤੇ ਵਿਖਰੇਵਾਂ ਸੀ। ਇਹ ਸਾਰਾ ਕਮਾਲ ਸਾਡੇ ਗਰੁੱਪ ਦੇ ਹੀ ਕਿ ਇਕ ਮਿਊਜ਼ਿਸ਼ਨ ਬੂਟਾ ਜਗਪਾਲ ਦਾ ਸੀ।ਜਿਸਨੇ ਇਹ ਸਾਰਾ ਮਿਊਜ਼ਿਕ ਕੰਪੋਜ਼ ਕੀਤਾ।
ਸਵਾਲ: ਤੁਸੀਂ ਕਿਹੜੇ ਕਿਹੜੇ ਸੰਗੀਤਕਾਰ ਦੀ ਨਿਰਦੇਸ਼ਨਾ ਅਧੀਨ ਗਾਇਆ ਹੈ?
ਜਵਾਬ: ਸਭ ਤੋਂ ਪਹਿਲਾਂ ਇੰਗਲੈਂਡ ਵਿਚ ਇਕ ਧਾਰਮਿਕ ਐਲਬਮ ਨਾਲ ਸ਼ੁਰੂਆਤ ਕੀਤੀ ਸੀ। ਫਿਰ ਸੰਗੀਤ ਸਮਰਾਟ ਚਰਨਜੀਤ ਅਹੂਜਾ ਸਾਹਿਬ ਦੇ ਸੰਗੀਤ ਵਿਚ ਗਾਉਣ ਦਾ ਮੌਕਾ ਮਿਲਿਆ।ਉਸ ਉਪਰੰਤ ਕੁਲਜੀਤ ਭੰਮਰਾ, ਹਰਜਿੰਦਰ ਬੋਪਾਰਏ, ਦੀਪਕ ਖਜ਼ਾਨਚੀ, ਬੂਟਾ ਜਗਪਾਲ, ਬਲਦੇਵ ਮਸਤਾਨਾ, ਸ਼ੁਖਜਿੰਦਰ ਛਿੰਦਾ, ਅਮਨ ਹੇਅਰ, ਰਵੀ ਬੱਲ, ਡਾ: ਜੂਸ ਅਤੇ ਜੀਤੀ ਆਦਿ ਬਹੁਤ ਸਾਰੇ ਨਾਮ ਹਨ।
ਸਵਾਲ: ਕਿੰਨਾ ਕਿੰਨਾ ਗੀਤਕਾਰਾਂ ਦੇ ਗੀਤਾਂ ਨੂੰ ਤੁਸੀਂ ਆਪਣੀ ਅਵਾਜ਼ ਦਿੱਤੀ ਹੈ?
ਜਵਾਬ: ਸੋਨੀ ਅਟਵਾਲ, ਜੱਗਾ ਲੱਲਤੋਂਵਾਲਾ, ਡਾ: ਬੱਲ ਸਿੱਧੂ, ਹਰਬੰਸ ਜੰਡੂਲਿੱਤਰਾਂਵਾਲਾ, ਦਵਿੰਦਰ ਖੰਨੇਵਾਲਾ, ਤਰਲੋਚਨ ਸਿੰਘ ਚੰਨ ਜੰਡਿਆਲਵੀ, ਜਸਪਾਲ ਸੂਸ, ਬਲਦੇਵ ਮਸਤਾਨਾ, ਦੇਵ ਰਾਜ ਜੱਸਲ, ਕਰਨੈਲ ਦਿਆਲਪੁਰੀ, ਅਖਤਰ ਹੁਸੈਨ ਅਖਤਰ, ਗੁਰਦੀਪ ਗਿੱਲ, ਦੇਬੀ ਮਖਸੂਸਪੁਰੀ, ਸਤਿੰਦਰ ਕਾਲਾ, ਕਰਮ ਸਿੰਘ (ਮਨਜਿਤ) ਪਾਲੀ ਦੇਤਵਾਲੀਆ ਆਦਿਕ ਹੋਰ ਬਹੁਤ ਨਾਮ ਹਨ ਇਸ ਵਕਤ ਜ਼ਿਹਨ ਵਿਚ ਨਹੀਂ ਆ ਰਹੇ।
ਸਵਾਲ: ਜਦੋਂ ਤੁਸੀਂ ਗਾਉਣਾ ਆਰੰਭ ਕੀਤਾ ਸੀ, ਉਦੋਂ ਤੇ ਹੁਣ ਦੀ ਗਾਇਕੀ ਵਿਚ ਕੀ ਅੰਤਰ ਮਹਿਸੂਸ ਕਰਦੇ ਹੋ?
ਜਵਾਬ: ਜਦੋਂ ਅਸੀਂ ਗਾਉਣਾ ਆਰੰਭ ਕੀਤਾ ਸੀ ਉਸ ਵਕਤ ਸਾਡੇ ਪੰਜਾਬੀ ਸਾਜ਼ਾਂ ਦੀ ਵਰਤੋਂ ਜ਼ਿਆਦਾ ਹੁੰਦੀ ਸੀ ਤੇ ਹੁਣ ਪੱਛਮੀ ਸਾਜ਼ ਵੀ ਸਾਨੂੰ ਬਰਾਬਰ ਅਨੁਪਾਤ ਵਿਚ ਵਰਤਣੇ ਪੈਂਦੇ ਹਨ। ਉਸ ਵਕਤ ਨਿਰੋਲ ਗਾਇਕੀ ਦੇ ਬਲਬੂਤੇ ਉੱਤੇ ਕੰਮ ਹੁੰਦਾ ਸੀ, ਹੁਣ ਆਧੁਨਿਕ ਤਕਨਾਲੋਜੀ ਦੀ ਦਖਲ ਅੰਦਾਜ਼ੀ ਵੀ ਹੈ।
ਸਵਾਲ: ਸਰੋਤਿਆਂ ਦੇ ਵਿਵਹਾਰ ਵਿਚ ਕੋਈ ਤਬਦੀਲੀ ਮਹਿਸੂਸ ਕਰਦੇ ਹੋ?
ਜਵਾਬ: ਪਹਿਲੇ ਸਰੋਤੇ ਪੰਜਾਬੀ ਤੋਂ ਜਾਣਕਾਰ ਹੋਣ ਸਦਕਾਂ ਗੀਤ ਦੇ ਲਫਜ਼ਾਂ ਨੂੰ ਵੀ ਤੋਲਦੇ ਸਨ। ਹੁਣ ਅਜੋਕੀ ਨਵੀਂ ਇਥੋਂ ਦੀ ਜਮਪਲ ਪੀੜੀ ਸ਼ਬਦਾਂ ਦੀ ਬਜਾਏ ਸੰਗੀਤ ਨੂੰ ਜ਼ਿਆਦਾ ਤਵੱਜੋਂ ਦਿੰਦੀ ਹੈ। ਉਹਨਾਂ ਨੂੰ ਡਾਂਸ ਬੀਟ ਜ਼ਿਆਦਾ ਉਭਰਵੀਂ ਪਸੰਦ ਹੈ।
ਸਵਾਲ: ਤੁਸੀਂ ਕੁਝ ਪੰਜਾਬੀ ਫਿਲਮਾਂ ਵਿਚ ਵੀ ਗਾਇਆ ਹੈ?
ਜਵਾਬ: ਸਭ ਤੋਂ ਪਹਿਲਾਂ ‘ਸੁੱਖਾ’ ਫਿਲਮ ਵਿਚ ਗਾਉਣ ਦਾ ਮੌਕਾ ਮਿਲਿਆ। ਫਿਰ ‘ਇਸ਼ਕ ਨਚਾਵੇ ਗਲੀ ਗਲੀ’, ‘ਇਸ਼ਕ ਨਾ ਪੁੱਛੇ ਜਾਤ’ ਇਸ ਫਿਲਮ ਦਾ ਮਿਊਜ਼ਿਕ ਵੀ ਮੈਂ ਹੀ ਕੀਤਾ ਸੀ।
ਸਵਾਲ: ਪੰਜਾਬੀ ਗਾਇਕੀ ਦਾ ਭਵਿੱਖ ਤੁਹਾਨੂੰ ਕਿਹੋ ਜਿਹਾ ਨਜ਼ਰ ਆਉਂਦਾ ਹੈ?
ਜਵਾਬ: ਪੰਜਾਬੀ ਗਾਇਕੀ ਦਾ ਨਿਰਸੰਦੇਅ ਭਵਿੱਖ ਬਹੁਤ ਉਜਵਲ ਹੈ। ਇੰਡੀਆ ਵਿਚਲੀ ਗਾਇਕੀ ਤਾਂ ਪੱਕੇ ਪੈਰੀਂ ਅਤੇ ਸਥਿਰ ਹੈ। ਲੇਕਿਨ ਸਾਡੇ ਇੰਗਲੈਂਡ ਦਾ ਸੰਗੀਤ ਬਹੁਤ ਤਿਬਰਗਤੀ ਨਾਲ ਬਦਲ ਰਿਹਾ ਹੈ। ਇਸ ਵਿਚ ਨਵੇਂ ਨਵੇਂ ਤਜ਼ਰਬੇ ਹੋ ਰਹੇ ਹਨ। ਇਸ ਸੰਦਰਭ ਵਿਚ ਕੋਈ ਵੀ ਪੇਸ਼ਨਗੋਈ ਕਰਨੀ ਬਹੁਤ ਮੁਸ਼ਕਿਲ ਹੈ, ਕਿਉਂਕਿ ਪੱਛਮੀ ਸੰਗੀਤ ਭਾਰੂ ਹੋਣ ਸਦਕਾ ਕੁਝ ਵੀ ਪਤਾ ਨਹੀਂ ਚੱਲਦਾ ਕੱਲ੍ਹ ਨੂੰ ਇਸ ਵਿਚ ਕੀ ਹੋਵੇਗਾ। ਕੁਝ ਵੀ ਹੋਵੇ, ਇਸ ਗੱਲ ਦਾ ਸਾਨੂੰ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਕਿ ਸਾਡੇ ਨਵੀਂ ਪੀੜੀ ਵੀ ਪੰਜਾਬੀ ਸੰਗੀਤ ਨਾਲ ਜੁੜੀ ਹੋਈ ਹੈ।
ਸਵਾਲ: ਕੁਝ ਮੈਂ ਪੁੱਛਿਆ ਨਾ ਹੋਵੇ ਤੇ ਤੁਸੀਂ ਦੱਸਣਾ ਚਾਹੁੰਦੇ ਹੋਵੋਂ ਜਾਂ ਕੋਈ ਸੰਦੇਸ਼?
-ਮੈਂ ਸਿਰਫ ਐਨਾ ਹੀ ਕਹਿਣਾ ਚਾਹਾਂਗਾ ਕਿ ਜਿਵੇਂ ਸਰੋਤਿਆਂ ਨੇ ਮੈਨੂੰ ਅੱਗੇ ਪਿਆਰ ਦਿੱਤਾ ਹੈ। ਉਸ ਤਰ੍ਹਾਂ ਅੱਗੋਂ ਵੀ ਦਿੰਦੇ ਰਹਿਣ ਤਾਂ ਕਿ ਮੈਂ ਗਾਉਂਦਾ ਰਹਾਂ ਤੇ ਇਸ ਪ੍ਰੋਫੈਸ਼ਨ ਨੂੰ ਤਿਲਾਜ਼ਲੀ ਨਾ ਦੇਵਾਂ।
‘ਪੁੱਤ ਸਰਦਾਰਾਂ ਦਾ ਜਾਨ ਤੇਰੇ ਤੋਂ ਵਾਰੇ’ ਲੈ ਕੇ ਹਾਜ਼ਿਰ ਹੈ ਬਲਵਿੰਦਰ ਸਫਰੀ
This entry was posted in ਇੰਟਰਵਿਯੂ.