“ਰੋਕੋ ਕੈਂਸਰ” ਸੰਸਥਾ ਦੇ ਗਲੋਬਲ ਰੋਮਿੰਗ ਅੰਬੈਸਡਰ ਕੁਲਵੰਤ ਸਿੰਘ ਧਾਲੀਵਾਲ ਦੀਆਂ ਮਨਦੀਪ ਖੁਰਮੀ ਨਾਲ ਮੂੰਹ ‘ਤੇ ਗੱਲਾਂ

ਪਿਆਰੇ ਪਾਠਕ ਦੋਸਤੋ, ਆਪਣੀ ਜਨਮ ਭੂਮੀ ਨਾਲ ਪਿਆਰ ਹਰ ਕਿਸੇ ਨੂੰ ਹੁੰਦੈ। ਜਿਸ ਨੇ ਆਪਣੇ ਜੀਵਨ ‘ਚੋਂ ਇਹ ਪਿਆਰ ਹੀ ਮਨਫ਼ੀ ਕਰ ਲਿਆ ਤਾਂ ਸਮਝੋ ਕਿ ਉਸ ਮਨੁੱਖ ਨੇ ਆਪਣੀਆਂ ਭਾਵਨਾਵਾਂ, ਆਪਣੇ ਅੰਦਰ ਬੈਠੇ ਇੱਕ ਪਿਓ, ਇੱਕ ਪੁੱਤ, ਇੱਕ ਭਰਾ ਨੂੰ ਖੁਦ ਹੀ ਆਪਣੇ ਅੰਦਰ ਦਫ਼ਨ ਕਰ ਲਿਐ। ਜਨਮ ਭੋਇੰ ਨਾਲ ਪਿਆਰ ਦੇ ਇਜ਼ਹਾਰ ਦਾ ਢੰਗ ਵੱਖਰਾ ਵੱਖਰਾ ਹੋ ਸਕਦੈ। ਪ੍ਰਦੇਸੀਂ ਵਸੇ ਪੰਜਾਬੀਆਂ ਦੀ ਗੱਲ ਕਰੀਏ ਤਾਂ ਕੋਈ ਆਪਣੀ ਜਨਮ ਭੋਇੰ ਨਾਲ ਪਿਆਰ ਆਪਣੇ ਪਿੰਡ ਖੇਡ ਮੇਲੇ ਕਰਵਾ ਕੇ ਕਰ ਰਿਹੈ। ਕੋਈ ਗਰੀਬਾਂ ਨੂੰ ਦਾਨ ਦੇ ਕੇ ਕਰ ਰਿਹੈ, ਕੋਈ ਆਪਣੇ ਪੁਰਖਿਆਂ ਦੀ ਯਾਦ ‘ਚ ਪਿੰਡਾਂ ਦੀਆਂ ਜੂਹਾਂ ‘ਚ ਯਾਦਗਾਰੀ ਗੇਟ ਉਸਾਰ ਕੇ ਆਪਣਾ ਪਿਆਰ ਦਿਖਾ ਰਿਹੈ, ਕੋਈ ਆਪਣੇ ਪਿੰਡ ‘ਚ ਖੇਡ ਮੈਦਾਨਾਂ ਦੀ ਦਿੱਖ ਸੰਵਾਰਨ ਦੇ ਆਹਰ ‘ਚ ਰੁੱਝਿਆ ਹੋਇਆ ਹੈ। ਪਰ ਜਿਸ ਸਖ਼ਸ਼ ਦੀ ਗੱਲ ਕਰਨ ਜਾ ਰਿਹਾ ਹਾਂ ਉਸਨੇ ਆਪਣਾ ਮੋਹ ਪਿੰਡ ਨਾਲ ਦਿਖਾਉਣ ਦੇ ਨਾਲ ਨਾਲ ਸਮੁੱਚੇ ਪੰਜਾਬ ਨੂੰ ਹੀ ਆਪਣਾ ਪਿੰਡ ਸਮਝ ਕੇ ਜੋ ਇਤਿਹਾਸ ਰਚਿਆ ਹੈ, ਸ਼ਾਇਦ ਕਿਸੇ ਹੋਰ ਪ੍ਰਵਾਸੀ ਪੰਜਾਬੀ ਦੇ ਹਿੱਸੇ ਨਾ ਹੀ ਆਇਆ ਹੋਵੇ। ਉਹ ਸਖ਼ਸ਼ ਹੈ ਪੰਜਾਬ ਦੇ ਮੋਗਾ ਜਿਲ੍ਹੇ ਦੇ ਚਿੜੀ ਦੇ ਪੌਂਹਚੇ ਕੁ ਜਿੱਡੇ ਪਿੰਡ ਬੀੜ ਰਾਊਕੇ ਦਾ ਜੰਮਪਲ ਕੁਲਵੰਤ ਸਿੰਘ ਧਾਲੀਵਾਲ (ਹਾਲ ਆਬਾਦ ਇੰਗਲੈਂਡ ਦਾ ਸ਼ਹਿਰ ਵਾਰਿੰਗਟਨ)। ਇਹ ਉਹ ਕੁਲਵੰਤ ਸਿੰਘ ਧਾਲੀਵਾਲ ਹੈ ਜਿਸਨੂੰ ਵਿਸ਼ਵ ਪੱਧਰ ‘ਤੇ ਜਾਣੀ ਪਛਾਣੀ ਸੰਸਥਾ “ਰੋਕੋ ਕੈਂਸਰ” ਵੱਲੋਂ ‘ਗਲੋਬਲ ਰੋਮਿੰਗ ਅੰਬੈਸਡਰ’ ਨਿਯੁਕਤ ਕੀਤਾ ਗਿਆ ਹੈ। ਕਿਸੇ ਨਿਰੋਲ ਗੋਰਿਆਂ ਦੀ ਸੰਸਥਾ ਵੱਲੋਂ ਕਿਸੇ ਪੰਜਾਬ ਦੇ ਜੰਮੇ ਪਲੇ ਇਨਸਾਨ ਨੂੰ ਆਪਣੀ ਸੰਸਥਾ ਦਾ ਰਾਜਦੂਤ ਬਨਾਉਣਾ ਪੰਜਾਬੀਅਤ ਦੇ ਸਿਰ ਟੌਰੇ ਵਾਲੀ ਪੱਗ ਬੰਨ੍ਹਣ ਵਾਂਗ ਹੈ। ਆਓ ਉਸ ਸਾਧੂ ਬਿਰਤੀ ਵਾਲੀ ਸੋਚ ਦੇ ਮਾਲਕ ਸਖ਼ਸ਼ ਨੂੰ ਫਰੋਲੀਏ ਕਿ ਉਹ ਇਸ ਮੁਕਾਮ ਤੱਕ ਕਿਵੇਂ ਪੁੱਜਾ? ਤੇ ਉਸਦੀ ਬਗਲੀ ਵਿੱਚ ਹੋਰ ਕਿਹੜੇ ਕਿਹੜੇ ਲੋਕਾਂ ਦੀ ਚੀਸ ਚੁਗਣ ਵਾਲੇ ਵਿਚਾਰ  ਹਨ ਜਿਹੜੇ ਦੁਖੀ ਮਨੁੱਖਤਾ ਨੂੰ ਰਾਹਤ ਦਿਵਾ ਸਕਦੇ ਹਨ। ਪੇਸ਼ ਹਨ ਕੁਲਵੰਤ ਸਿੰਘ ਧਾਲੀਵਾਲ ਬੀੜ ਰਾਊਕੇ ਨਾਲ ਹੋਈਆਂ ਮੂੰਹ ‘ਤੇ ਗੱਲਾਂ ਦੇ ਅੰਸ਼ ਹੂ-ਬ-ਹੂ…….
ਸਵਾਲ:- ਕੁਲਵੰਤ ਸਿੰਘ ਜੀ ਆਪਣੇ ਪਰਿਵਾਰਕ ਪਿਛੋਕੜ ਬਾਰੇ ਚਾਨਣਾ ਪਾਓ।
ਜਵਾਬ:- ਵੀਰ ਜੀ ਮੇਰਾ ਜਨਮ ਪਿੰਡ ਬੀੜ ਰਾਊਕੇ ‘ਚ ਸ੍ਰ: ਸੰਤ ਸਿੰਘ ਧਾਲੀਵਾਲ ਜੀ ਦੇ ਘਰ ਇੱਕ ਆਮ ਕਿਸਾਨ ਪਰਿਵਾਰ ‘ਚ ਹੋਇਆ। ਬੇਸ਼ੱਕ ਪਰਿਵਾਰ ਆਮ ਸੀ ਪਰ ਮੇਰੇ ਪਿਤਾ ਜੀ ਦੀ ਸੋਚ ਮੇਰੇ ਲਈ ‘ਖਾਸ’ ਹੈ ਕਿ ਉਹਨਾਂ ਨੇ ਇੱਕ ਸਾਧਾਰਨ ਕਿਸਾਨ ਹੁੰਦਿਆਂ ਵੀ ਮੈਨੂੰ ਡੀ.ਏ.ਵੀ. ਕਾਲਜ਼ ਜਲੰਧਰ ਵਿੱਦਿਆ ਲੈਣ ਲਈ ਦਾਖਲ ਕਰਵਾਇਆ ਸੀ। ਸਾਨੂੰ ਸਾਰੇ ਭੈਣ ਭਰਾਵਾਂ ਨੂੰ ਉਹਨਾਂ ਵੇਲਿਆਂ ਦੀ ਉੱਚ ਕੋਟੀ ਦੀ ਸੰਸਥਾ ‘ਚੋਂ ਵਿੱਦਿਆ ਦਿਵਾਉਣ ਦੀ ਸੋਚ ਹੀ ਅੱਜ ਮਾਂ ਪਿਓ ਦੇ ਕੁਲਵੰਤ ਨੂੰ ਰੋਕੋ ਕੈਂਸਰ ਸੰਸਥਾ ਦਾ ਰਾਜਦੂਤ ਕੁਲਵੰਤ ਸਿੰਘ ਧਾਲੀਵਾਲ ਬਣਾਈ ਫਿਰਦੀ ਐ।
ਸਵਾਲ:- ਵਲੈਤ ਵੱਲ ਨੂੰ ਮੁਹਾਣ ਕਿਹੜੇ ਹਾਲਾਤਾ ‘ਚ ਅਤੇ ਕਦੋਂ ਹੋਇਆ?
ਜਵਾਬ:- ਵੀਰ ਜੀ, 1985 ‘ਚ ਮੇਰਾ ਇੱਥੇ ਵਿਆਹ ਹੋਇਆ। ਵਿਆਹ ਤੋਂ ਬਾਦ ਵਲੈਤ ਦਾ ਦਾਣਾ ਪਾਣੀ ਚੁਗਣ ਆ ਗਏ। ਮੈਂ ਅੱਜ ਕੱਲ੍ਹ ਆਪਣੀ ਪਤਨੀ ਮਨਜੀਤ ਕੌਰ ਤੇ ਦੋ ਬੇਟਿਆਂ ਨਾਲ ਇੰਗਲੈਂਡ ਦੀ ਚੈਸ਼ਰ ਕਾਊਂਟੀ ਕੌਂਸਲ ਦੇ ਸ਼ਹਿਰ ਵਾਰਿੰਗਟਨ ‘ਚ ਰਹਿ ਰਿਹਾਂ। ਹਰ ਪ੍ਰਵਾਸੀ ਵਾਂਗ ਮੈਂ ਵੀ ਉਸੇ ਕਹਾਣੀ ਦਾ ਪਾਤਰ ਹਾਂ। ਮੈਂ ਪਿਛਲੇ 25 ਸਾਲਾਂ ਤੋਂ ਕੱਪੜੇ ਦਾ ਬਿਜਨਿਸ ਕਰਦਾ ਆ ਰਿਹਾਂ।
ਸਵਾਲ:- ਕੁਲਵੰਤ ਸਿੰਘ ਜੀ, ਸੁਣਿਐ ਕਿ ਤੁਸੀਂ ਆਪਣੇ ਪਿੰਡ ਬੀੜ ਰਾਊਕੇ ਨੂੰ ‘ਗੋਦ’ ਲਿਆ ਹੋਇਐ?
ਜਵਾਬ:- ਸੌ ਫੀਸਦੀ ਅਸਲੀਅਤ ਹੈ ਜੀ। ਮੇਰੇ ਪਿਤਾ ਜੀ ਦੀ ਸੋਚ ਸੀ ਕਿ ਕਿਸੇ ਗਰੀਬ ਦੇ ਬੱਚੇ ਨੂੰ ਸੌ ਰੁਪਇਆ ਨਾ ਦਿਓ ਸਗੋਂ ਉਸਨੂੰ ਵਿੱਦਿਆ ਹਾਸਲ ਕਰਨ ‘ਚ ਸਾਥ ਦਿਉ, ਉਹ ਆਪਣਾ ਭਵਿੱਖ ਆਪੇ ਸਵਾਰ ਲਵੇਗਾ। ਉਹਨਾਂ ਦੀ ਸੋਚ ਹੈ ਕਿ ਜੇ ਤੁਸੀਂ ਕਿਸੇ ਦਾ ਸਾਥ ਦੇਣ ਜੋਕਰੇ ਹੋ ਤਾਂ ਕਦੇ ਵੀ ਝਿਜਕੋ ਨਾ, ਪ੍ਰਮਾਤਮਾ ਤੁਹਾਨੂੰ ਹੋਰ ਵਧੇਰੇ ਖੁਸ਼ੀਆਂ ਦੇਵੇਗਾ। ਅਸੀਂ 19 ਸਾਲ ਤੋਂ ਟਰੱਸਟ ਚਲਾਇਆ ਹੋਇਆ ਹੈ, ਜਿਸ ਦੀ ਨਿਸ਼ਕਾਮ ਸੇਵਾ ਦਾ ਨਤੀਜਾ ਇਹ ਨਿੱਕਲਿਆ ਕਿ ਪਿੰਡ ਬੀੜ ਰਾਊਕੇ ਪਿਛਲੇ ਲਗਾਤਾਰ 7 ਸਾਲਾਂ ਤੋਂ ਪੰਜਾਬ ਭਰ ‘ਤੋਂ ਧੀਆਂ ਦੀ ਵਧੇਰੇ ਗਿਣਤੀ ਵਾਲਾ ਪਿੰਡ ਹੋਣ ਦਾ ਮਾਣ ਹਾਸਲ ਕਰ ਰਿਹੈ। ਹੁਣ ਬੀੜ ਰਾਊਕੇ ਪਿੰਡ ਕੁੜੀਆਂ ਚਿੜੀਆਂ ਵਾਲੇ ਪਿੰਡ ਵਜੋਂ ਜਾਣਿਆ ਜਾ ਰਿਹੈ। ਮੇਰੇ ਪਿਤਾ ਜੀ ਜਿਉਂਦੇ ਹਨ। ਸ਼ਾਇਦ ਮੈਂ ਉਹਨਾਂ ਦੇ ਅਕਾਲ ਚਲਾਣੇ ‘ਤੇ ਅੰਤਮ ਰਸਮਾਂ ਵੀ ਨਾ ਕਰਵਾ ਸਕਾਂ ਪਰ ਮੈਂ ਉਹਨਾਂ ਦੇ ਜਿਉਂਦੇ ਜੀਅ ਉਹਨਾਂ ਦੇ ਪਿਆਰ ਨੂੰ ਸਮਰਪਿਤ ਸੇਵਾ ਦੇ ਰਾਹ ਤੁਰਿਆ ਹੋਇਆ ਹਾਂ। ਅਸੀਂ ਟਰੱਸਟ ਜਰੀਏ ਜਿੰਮਾ ਲਿਆ ਹੈ ਕਿ ਪਿੰਡ ਦੀ ਕੋਈ ਵੀ ਕੁੜੀ ਪੜ੍ਹਾਈ ਤੋਂ ਵਾਂਝੀ ਨਹੀਂ ਰਹੇਗੀ। ਜਨਮ ਤੋਂ ਲੈ ਕੇ ਵਿਆਹ ਤੱਕ ਹਰ ਸੰਭਵ ਮਦਦ ਦਿੱਤੀ ਜਾਵੇਗੀ। ਟਰੱਸਟ ਵੱਲੋਂ ਬੱਚਿਆਂ ਨੂੰ ਕਿਤਾਬਾਂ ਕਾਪੀਆਂ, ਵਰਦੀਆਂ ਆਦਿ ਤਕਸੀਮ ਕੀਤੀਆਂ ਜਾਂਦੀਆਂ ਹਨ ਤਾਂ ਜੋ ਉਹ ਸਿਰਫ ਤੇ ਸਿਰਫ ਵਿੱਦਿਆ ਵੱਲ ਹੀ ਧਿਆਨ ਦੇਣ। ਅਸੀਂ ਕੁਝ ਨਹੀਂ ਕਰਦੇ, ਸਗੋਂ ਅਕਾਲ ਪੁਰਖ ਕਰਵਾਉਂਦੈ। ਅਸੀਂ ਤਾਂ ਆਪਣੇ ਪਿੰਡ ਦੇ ਲੋਕਾਂ ਦੇ ਸੇਵਾਦਾਰ ਆਂ, ਸੇਵਾ ਕਰੀ ਜਾਨੇ ਆਂ। ਮੈਂ ਆਪਣੇ ਦੋਵੇਂ ਬੱਚਿਆਂ ਦੇ ਜਨਮ ਦਿਨ ਇੰਗਲੈਂਡ ‘ਚ ਨਹੀਂ ਮਨਾਏ ਸਗੋਂ ਪਿੰਡ ਜਾ ਕੇ ਮਨਾਏ। ਮੇਰੇ ਬੇਟੇ ਦੇ ਇੱਕੀਵੇਂ ਜਨਮ ਦਿਨ ‘ਤੇ ਫਜੂਲ ਖਰਚੀ ਕਰਨ ਨਾਲੋਂ ਸਾਰੇ ਪਿੰਡ ਦੇ ਲੋਕਾਂ ਦੇ ਪੀਲੀਏ ਦੇ ਟੀਕੇ ਲਗਵਾਏ ਸੀ। ਅਸੀਂ ਪ੍ਰਦੇਸਾਂ ‘ਚ ਵਸੇ ਲੋਕ ਆਵਦੇ ਜੁਆਕਾਂ ਨੂੰ ਆਪਣਾ ਪਿਛੋਕੜ ਨਹੀਂ ਦੱਸਦੇ। 21ਵੇਂ ਜਨਮ ਦਿਨ ‘ਤੇ ਮਹਿੰਗੀਆਂ ਕਾਰਾਂ ਤੱਕ ਤੋਹਫਿਆਂ ਦੇ ਰੂਪ ‘ਚ ਦਿੰਨੇ ਆਂ। ਗੁਰੂਘਰਾਂ ‘ਚ ਜੁਆਕਾਂ ਦੀ ਤੰਦਰੁਸਤੀ ਲਈ ਅਰਦਾਸਾਂ ਕਰਵਾਉਨੇ ਆਂ। ਅਸਲ ‘ਚ ਤਾਂ ਉਹਨਾਂ ਲੋਕਾਂ ਦੀਆਂ ਕੀਤੀਆਂ ਅਰਦਾਸਾਂ ਹੀ ਸਾਡੇ ਜੁਆਕਾਂ ਨੂੰ ਲੱਗਣਗੀਆਂ ਜਿਹਨਾਂ ਦੇ ਦੁੱਖ ਅਸੀਂ ਆਪਣੇ ਸਮਝਾਂਗੇ।
ਸਵਾਲ:- ਕੁਲਵੰਤ ਧਾਲੀਵਾਲ ਜੀ, ਤੁਹਾਨੂੰ ਰੋਕੋ ਕੈਂਸਰ ਸੰਸਥਾ ਵੱਲੋਂ ਗਲੋਬਲ ਰੋਮਿੰਗ ਅੰਬੈਸਡਰ ਬਣਾਇਆ ਗਿਐ। ਕੀ ਕਾਰਨ ਸਨ ਕਿ ਸੰਸਥਾ ਨੇ ਤੁਹਾਨੂੰ ਹੀ ਚੁਣਿਆ?
ਜਵਾਬ:- ਵੀਰ ਜੀ ਮੈਂ ਪਿਛਲੇ ਸਾਢੇ ਚਾਰ ਸਾਲ ਤੋਂ ਕੈਂਸਰ ਵਰਗੀ ਭਿਆਨਕ ਬੀਮਾਰੀ ਨਾਲ ਨਜਿੱਠਣ ਲਈ ਯਤਨਸ਼ੀਲ ਸੰਸਥਾ ਵਾਸਤੇ ਹਰ ਮਹੀਨੇ ਫੰਡ ਇਕੱਠਾ ਕਰਨ ਲਈ 200 ਮੀਲ ਪੈਦਲ ਤੁਰਦਾਂ। ਮੈਨੂੰ ਬਾਰਕਲੇਅ ਬੈਂਕ, ਨੈਟਵੈਸਟ ਬੈਂਕ, ਮਰਸੀਡੀਜ ਗਰੁੱਪ, ਪਾਰਕ ਰੋਇਲ ਹੋਟਲ ਗਰੁੱਪ ਉਹ ਸਾਨੂੰ ਸਪੌਂਸਰ ਕਰਦੇ ਹਨ। ਅਸੀਂ ਕੈਂਸਰ ਦੇ ਇਲਾਜ ਦੀ ਖੋਜ਼ ਲਈ 2 ਮਿਲੀਅਨ ਪੌਂਡ ਦਾਨ ਫੰਡ ਇਕੱਠਾ ਕਰ ਚੁੱਕੇ ਹਾਂ। ਮੇਰੀਆਂ ਗਤੀਵਿਧੀਆਂ ਦੀ ਪੁਣਛਾਣ ਕਰਕੇ ਰੋਕੋ ਕੈਂਸਰ ਨੇ ਸੰਸਥਾ ‘ਚ ਕੰਮ ਕਰ ਰਹੇ 4300 ਕਰਮਚਾਰੀਆਂ ‘ਚੋਂ ਮੈਨੂੰ ਜਿਸ ਰਾਜਦੂਤ ਦੇ ਅਹੁਦੇ ‘ਤੇ ਬਿਠਾ ਦਿੱਤੈ, ਵੀਰ ਜੀ ਮੈਂ ਦਿਲ ‘ਤੇ ਹੱਥ ਰੱਖ ਕੇ ਕਹਿੰਨਾਂ ਕਿ ਮੈਂ ਤਾਂ ਇੱਕ ਅਦਨਾ ਜਿਹਾ ਸੇਵਾਦਾਰ ਹਾਂ, ਮੈਂ ਇਸ ਅਹੁਦੇ ਦੇ ਕਾਬਿਲ ਨਹੀਂ ਸੀ। ਸੰਸਥਾ ਵੱਲੋਂ ਮੇਰੀਆਂ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਸੰਸਥਾ ਦੇ ਮੁੱਢਲੇ ਪਾਠ ਮੈਨੂੰ ਪੜ੍ਹਾਏ ਜਾ ਰਹੇ ਹਨ। ਪਰ ਜੋ ਸੇਵਾ ਅਕਾਲ ਪੁਰਖ ਨੇ ਮੇਰੇ ਜਿੰਮੇ ਲਾਈ ਹੈ, ਮੈਂ ਪੂਰੀ ਤਨਦੇਹੀ ਨਾਲ ਨਿਭਾਊਂਗਾ।
ਸਵਾਲ:- ਸੁਣਨ ‘ਚ ਇਹ ਵੀ ਆਇਐ ਕਿ ਰੋਕੋ ਕੈਂਸਰ ਦੇ ਸਾਰੇ ਵਰਕਰ ਤਨਖਾਹਦਾਰ ਹਨ ਪਰ ਤੁਸੀਂ ਤਨਖਾਹ ਨਹੀਂ ਲੈ ਰਹੇ। ਕਿਉਂ?
ਜਵਾਬ:- ਵੀਰ ਜੀ ਕੈਂਸਰ ਵਰਗੀ ਭਿਆਨਕ ਬੀਮਾਰੀ ਖਿਲਾਫ ਜੂਝ ਰਹੀ ਸੰਸਥਾ ਤੋਂ ਤਨਖਾਹ ਲੈਣੀ, ਕੀ ਤੁਕ ਬਣਦੀ ਹੈ? ਕੈਂਸਰ ਮੇਰੇ ਜੁਆਨ ਪੁੱਤ ਨੂੰ ਵੀ ਹੋ ਸਕਦੈ। ਮੇਰੇ ਬਾਪ ਨੂੰ, ਮੇਰੀ ਮਾਂ ਨੂੰ, ਮੇਰੇ ਭਰਾ ਨੂੰ, ਮੇਰੀ ਪਤਨੀ ਨੂੰ ਵੀ ਹੋ ਸਕਦੈ। ਅਕਾਲ ਪੁਰਖ ਦੀ ਕਿਰਪਾ ਨਾਲ ਮੇਰਾ ਬਿਜਨਿਸ ਬਹੁਤ ਵਧੀਆ ਹੈ, ਮੈਂ 50 ਸਾਲ ਦੀ ਉਮਰ ‘ਚ ਰਿਟਾਇਰਡ ਹਾਂ। ਗੁਰੂ ਨੇ ਮੈਥੋਂ ਕੁਝ ਨਹੀਂ ਲੁਕੋਇਆ। ਜਿੰਨਾ ਚਿਰ ਇਸ ਸਰੀਰ ‘ਚ ਸਾਹ ਵਗਦੇ ਰਹਿਣਗੇ, ਇੱਕ ਨਿਸ਼ਕਾਮ ਸੇਵਕ ਵਜੋਂ ਸੇਵਾ ਕਰਦਾ ਰਹੂੰਗਾ।
ਸਵਾਲ:- ਤੁਹਾਡੇ ਤੋਂ ਪਹਿਲਾਂ ਜਿਹੜੀ ਜੇਨ ਵਿਲੀਅਮ ਨਾਂ ਦੀ ਔਰਤ ਗਲੋਬਲ ਰੋਮਿੰਗ ਅੰਬੈਸਡਰ ਸੀ, ਉਹਨਾਂ ਦੇ ਕਾਰਜਕਾਲ ਅਤੇ ਤੁਹਾਡੇ ਸਾਢੇ ਤਿੰਨ ਮਹੀਨੇ ਦੇ ਕਾਰਜਕਾਲ ‘ਚ ਲੋਕਾਂ ਨੇ ਕੰਮ ਅੰਤਰ  ਦੇਖਿਆ ਹੈ। ਤੁਸੀਂ ਰੋਕੋ ਕੈਂਸਰ ਦੀਆਂ ਸਾਰੀਆਂ ਟੀਮਾਂ ਪੰਜਾਬ ‘ਚ ਤਾਇਨਾਤ ਕਰ ਦਿੱਤੀਆਂ ਹਨ। ਕੀ ਦੂਜੇ ਦੇਸ਼ਾਂ ਦੇ ਨੁਮਾਇੰਦੇ ਕਿਸੇ ਗੱਲੋਂ ਇਤਰਾਜ ਨਹੀਂ ਕਰਦੇ?
ਜਵਾਬ:- ਵੀਰ ਜੀ ਮੇਰੇ ਪੇਕੇ ਪੰਜਾਬ ‘ਚ ਹਨ। ਅਸੀਂ ਭਾਰਤ ਦੀ ਪੂਰੀ ਤਾਕਤ ਪੰਜਾਬ ‘ਚ ਲਗਾ ਦਿੱਤੀ ਹੈ। ਜਿਸ ਦਿਨ ਮੈਨੂੰ ਅਹੁਦੇ ਦੀ ਸਹੁੰ ਚੁਕਾਈ ਸੀ, ਉਸ ਸਾਡੀ ਟਰੱਸਟੀ ਪੈਨੀ ਸਪੀਅਰਜ ਨੇ ਕਿਹਾ ਸੀ ਕਿ “ਬੇਟਾ, ਤੇਰੀ ਜਨਮ ਭੂਮੀ ‘ਚ ਕੈਂਸਰ ਦੀ ਅੱਗ ਮੱਚੀ ਹੋਈ ਹੈ। ਤੂੰ ਖੁਦ ਓਥੇ ਜਾਹ। ਮੈਂ ਮੰਨਦਾ ਹਾਂ ਕਿ ਮੇਰਾ ਝੁਕਾਅ ਪੰਜਾਬ ਵੱਲ ਜਿਆਦਾ ਹੈ ਪਰ ਸਾਡੀਆਂ ਟੀਮਾਂ ਹੋਰ ਵੀ ਵੱਖ ਵੱਖ ਦੇਸ਼ਾਂ ‘ਚ ਸਰਗਰਮ ਹਨ। ਸਾਡੀ ਸੰਸਥਾ ਕੰਮ ਕਰਨ ‘ਚ ਯਕੀਨ ਰੱਖਦੀ ਹੈ, ਕੰਮ ਭਾਵੇਂ ਕਿਤੇ ਵੀ ਹੋਵੇ। ਪੰਜਾਬ ਕੈਂਸਰ ਦੀ ਲਪੇਟ ‘ਚ ਬਹੁਤ ਬੁਰੀ ਤਰ੍ਹਾਂ ਆਇਆ ਹੋਇਆ ਹੈ। ਸੋ ਸਾਡੀ ਸੰਸਥਾ ਅੱਗੇ ਪੰਜਾਬ ਨੂੰ ਕੈਂਸਰ ਮੁਕਤ ਕਰਨਾ ਹੀ ਹੁਣ ਚੁਣੌਤੀ ਹੈ।
ਸਵਾਲ:- ਰੋਕੋ ਕੈਂਸਰ ਵੱਲੋਂ ਜਿੰਨਾ ਕੰਮ ਪਿਛਲੇ ਸੱਤ ਸਾਲ ‘ਚ ਹੋਇਆ, ਤੁਹਾਡੀ ਨੁਮਾਇੰਦਗੀ ‘ਚ ਓਨਾ ਹੀ ਕੰਮ ਸਾਢੇ 3 ਮਹੀਨੇ ‘ਚ ਹੋਇਆ ਹੈ। ਇਸ ਪ੍ਰਾਪਤੀ ‘ਤੇ ਕੀ ਮਹਿਸੂਸ ਕਰਦੇ ਹੋ?
ਜਵਾਬ:- ਵੀਰ ਜੀ, ਮੈਨੂੰ ਜਿਸ ਦਿਨ ਅਹੁਦਾ ਮਿਲਿਆ, ਮੈਂ ਖੁਦ ਉਹਨਾਂ ਨਾਲ ਮੀਟਿੰਗ ਕੀਤੀ। ਬੇਨਤੀ ਕੀਤੀ ਕਿ ਭਰਾਵੋ ਮੈਂ ਕੋਈ ਰਾਜਦੂਤ ਨਹੀਂ ਸਗੋਂ ਅਸੀਂ ਸਾਰੇ ਸਾਡੀ ਸੰਸਥਾ ਦੇ ਪਰਿਵਾਰਕ ਮੈਂਬਰ ਹਾਂ। ਇਹਦੇ ‘ਚ ਕੋਈ ਉੱਚਾ ਨੀਵਾਂ ਨਹੀਂ, ਅਸੀਂ ਕੰਮ ਕਰਨੇ ਹਨ। ਸਾਡੇ ਭੈਣ ਭਰਾ ਕੈਂਸਰ ਨਾਲ ਮਰ ਰਹੇ ਹਨ। ਜਿਸਨੂੰ ਡਾਕਟਰ ਇੱਕ ਕਹਿ ਦਿੰਦੈ ਕਿ “ਤੈਨੂੰ ਕੈਂਸਰ ਹੈ” ਤਾਂ ਉਸ ਮਨੁੱਖ ਨੂੰ ਮੌਤ ਦਿਸਣ ਲੱਗ ਜਾਂਦੀ ਐ। ਉਹਦਾ ਦੁਨਿਆਵੀ ਵਸਤਾਂ ਨਾਲੋਂ ਮੋਹ ਟੁੱਟਣ ਲੱਗ ਜਾਦੈ। ਉਸ ਇਨਸਾਨ ਦੀਆਂ ਅੱਖਾਂ ‘ਚ ਤੁਸੀਂ ਮੌਤ ਦੇਖ ਸਕਦੇ ਹੋ। ਜੇ ਡਾਕਟਰ ਕੁਲਵੰਤ ਸਿੰਘ ਨੂੰ ਕਹਿ ਦੇਵੇ ਕਿ ਤੇਰੇ ਮਰਨ ਦੇ ਦੋ ਹਫਤੇ ਰਹਿ ਗਏ ਤਾਂ ਮੇਰੀ ਜਿ਼ੰਦਗੀ ਦਾ ਕੋਈ ਮਨੋਰਥ ਨਹੀਂ ਰਹਿ ਜਾਂਦਾ। ਮੈਂ ਸੰਸਥਾ ਦੇ ਮੈਂਬਰਾਂ ਨੂੰ ਬੇਨਤੀ ਕੀਤੀ ਸੀ ਕਿ ਅਸੀਂ ਲੋਕਾਂ ਨੂੰ ਮੌਤ ਦੇ ਚੁੰਗਲ ‘ਚੋਂ ਛੁਡਾਉਣਾ ਹੈ। ਸਾਡੀਆਂ ਜਿੰਮੇਵਾਰੀਆਂ ਬਹੁਤ ਵੱਡੀਆਂ ਹਨ। ਮੇਰਾ ਲੈਕਚਰ ਉਹਨਾਂ ਲਈ ਇੱਕ ਊਰਜ਼ਾ ਵਾਲਾ ਟਾਨਿਕ ਸਿੱਧ ਹੋਇਆ। ਮੈਂ ਹਰ ਮੈਂਬਰ ਤੋਂ ਦਸ ਗੁਣਾ ਵੱਧ ਕੰਮ ਉਹਦੀ ਸਵੈਇੱਛਾ ਅਨੁਸਾਰ ਕਰਵਾ ਰਿਹਾਂ ਤੇ ਨਾਲ ਖੁਦ ਵੀ ਕਰ ਰਿਹਾਂ। ਮੈਂ ਇਹ ਨਹੀਂ ਕਹਿੰਦਾ ਕਿ ਕੋਈ ਮੇਰੇ ਲਈ ਕੁਰਸੀ ਚੁੱਕ ਕੇ ਲਿਆਵੇ। ਮੈਂ ਤਾਂ ਆਪਣੇ ਲੋਕਾਂ ਲਈ ਭੁੰਜੇ ਬੈਠਣ ਲਈ ਵੀ ਤਿਆਰ ਹਾਂ। ਅਸੀਂ ਪਿਛਲੇ ਸਾਢੇ 3 ਮਹੀਨੇ ‘ਚ ਪੰਜਾਬ ਦੀ 54 ਹਜਾਰ ਔਰਤ ਦਾ ਚੈੱਕਅਪ ਕੀਤਾ ਹੈ। ਪੰਜਾਬ ਦੀ ਕੁੱਲ ਔਰਤ ਗਿਣਤੀ 16 ਲੱਖ ਹੈ। ਅਸੀਂ ਆਪਣਾ ਟੀਚਾ ਆਉਣ ਵਾਲੇ ਸਾਢੇ 4 ਸਾਲਾਂ ਤੋਂ ਪਹਿਲਾਂ ਹੀ ਮੁਕੰਮਲ ਕਰ ਲਵਾਂਗੇ। ਪਹਿਲਾਂ ਸਾਡੇ ਕੋਲ ਚਲਦੇ ਫਿਰਦੇ ਹਸਪਤਾਲ ਦੀਆਂ ਪੂਰਨ ਸਹੂਲਤਾਂ ਵਾਲੀ ਇੱਕ ਬੱਸ ਸੀ। ਪਰ ਹੁਣ ਪੰਜਾਬ ‘ਚ 5 ਬੱਸਾਂ ਕੰਮ ਕਰ ਰਹੀਆਂ ਹਨ। ਪੰਜਾਬ ‘ਚ ਹਰ ਰੋਜ 5 ਕੈਂਪ ਲੱਗ ਰਹੇ ਹਨ।  ਵੱਡੇ ਪਿੰਡਾਂ ‘ਚ ਇਕੱਲੇ ਇਕੱਲੇ ਅਤੇ ਛੋਟੇ ਪਿੰਡ 3-3, 4-4 ਇਕੱਠੇ ਕਰ ਲੈਨੇ ਆਂ। ਅਸੀਂ ਛਾਤੀਆਂ ਦੇ ਕੈਂਸਰ ਉੱਪਰ ਵਧੇਰੇ ਧਿਆਨ ਕੇਂਦਰਿਤ ਕੀਤਾ ਹੈ।
ਸਵਾਲ:- ਆਮ ਕਰਕੇ ਸੰਸਥਾਵਾਂ ਪਹਿਲਾਂ ‘ਮਾਇਆ’ ਇਕੱਠੀ ਕਰਦੀਆਂ ਹਨ। ਫੇਰ ਬਾਕੀ ਕੰਮ… ਪਰ ਤੁਹਾਡਾ ਸੱਦਾ ਹੈ ਕਿ ਪੈਸਾ ਨਹੀਂ ਚਾਹੀਦਾ, ਸਗੋਂ ਪ੍ਰਦੇਸੀਓ ਆਪਣੇ ਪਿੰਡ ਜਾਉ। ਕੀ ਮਿੱਥਿਆ ਹੈ ਤੁਸੀਂ?
ਜਵਾਬ:- ਮੈਂ ਪ੍ਰਦੇਸੀਂ ਵਸੇ ਪੰਜਾਬੀ ਵੀਰਾਂ ਨੂੰ ਬੇਨਤੀ ਕਰਦਾ ਹੁੰਨਾਂ ਕਿ ਸਾਡੀ ਪ੍ਰਦੇਸੀਂ ਵਸੇ ਮੌਕਾਪ੍ਰਸਤ ਲੋਕਾਂ ਨੇ ਸਾਨੂੰ ਭਾਵਨਾਤਮਕ ਤੌਰ ‘ਤੇ ਵਰਗਲਾ ਕੇ ਹੁਣ ਤੱਕ ਬਹੁਤ ਲੁੱਟ ਕੀਤੀ ਹੈ। ਸਾਨੂੰ ਪੈਸਾ ਨਹੀਂ ਚਾਹੀਦਾ ਸਗੋਂ ਤੁਸੀਂ ਖੁਦ ਆਪੋ ਆਪਣੇ ਪਿੰਡ ਜਾ ਕੇ ਆਪਣੇ ਲੋਕਾਂ ਦੀ ਖੁਦ ਬਾਂਹ ਫੜ੍ਹੋ। ਮੈਂ ਖਾਸ ਕਰਕੇ ਦੁਆਬਾ ਖੇਤਰ ਦੇ ਪ੍ਰਵਾਸੀ ਵੀਰਾਂ ਦਾ ਰਿਣੀ ਹਾਂ ਜਿਹਨਾਂ ਵੱਲੋਂ ਅਕਹਿ ਪਿਆਰ ਮਿਲਿਆ ਹੈ। ਐਸੇ ਦਾਨੀ ਲੋਕ ਵੀ ਮਿਲੇ ਜਿਹਨਾਂ ਨੇ ਇਨਸਾਨੀਅਤ ਦਾ ਸਬੂਤ ਦਿੰਦਿਆਂ ਕਿਹ ਕਿ “ਬੇਟਾ ਇੱਕ ਕੈਂਪ ਦੁਆਬੇ ‘ਚ ਲਗਾ ਦੇ, ਤੇ ਇੱਕ ਮਾਲਵੇ ‘ਚ ਜਿੱਥੇ ਜੀਅ ਕਰਦਾ ਹੈ ਲਗਾ ਦੇ।” ਕਿਉਂਕਿ ਉਹਨਾਂ ਨੂੰ ਪਤੈ ਕਿ ਮਾਲਵੇ ਦੇ ਲੋਕ ਬਹੁਤ ਘੱਟ ਬਾਹਰ ਗਏ ਹਨ। ਅਤੇ ਕੈਂਸਰ ਦੀ ਬੀਮਾਰੀ ਨੇ ਆਪਣੀ ਗ੍ਰਿਫਤ ‘ਚ ਮਾਲਵੇ ਨੂੰ ਹੀ ਬੁਰੀ ਤਰ੍ਹਾਂ ਲਿਆ ਹੋਇਆ ਹੈ। ਕੱਲੀ ਰੋਕੋ ਕੈਂਸਰ ਕੁਝ ਨਹੀਂ ਕਰ ਸਕਦੀ, ਮੇਰੇ ਪ੍ਰਵਾਸੀ ਵੀਰਾਂ ਦਾ ਸਹਿਯੋਗ ਹੀ ਹੌਂਸਲਾ ਵਧਾਈ ਫਿਰਦਾ ਹੈ।
ਸਵਾਲ:- ਵੀਰ ਜੀ, ਤੁਸੀਂ ਵੱਖ ਵੱਖ ਟੀ.ਵੀ ਚੈਨਲਾਂ, ਰੇਡੀਓ ਸਟੇਸ਼ਨਾਂ, ਅਖਬਾਰਾਂ ਰਾਹੀਂ ਕੈਂਸਰ ਬਾਰੇ ਨਿਰੰਤਰ ਪ੍ਰਚਾਰ ਕਰਦੇ ਆ ਰਹੇ ਹੋ। ਕਿੰਨਾ ਕੁ ਸਹਿਯੋਗ ਮਿਲਿਆ?
ਜਵਾਬ:- ਮੈਂ ਬੇਹੱਦ ਖੁਸ਼ੀ ਨਾਲ ਕਹਿ ਰਿਹਾਂ ਕਿ ਕੈਂਸਰ ਚੈੱਕਅਪ ਕੈਂਪਾਂ ਦੀ ਬੁਕਿੰਗ ਬਾਰੇ ਸਾਡਾ ਸਾਰਾ ਸਿਸਟਮ ਹੀ ਵਿਗੜ ਗਿਆ। ਕਿਉਂਕਿ ਸਾਨੂੰ ਸਹਿਯੋਗ ਹੀ ਐਨਾ ਮਿਲ ਰਿਹੈ ਕਿ ਅਸੀਂ ਖੁਦ ਕਮਲੇ ਜਿਹੇ ਹੋਏ ਪਏ ਹਾਂ ਕਿ ਉਮੀਦ ਨਾਲੋਂ ਵੀ ਵਧੇਰੇ ਸਹਿਯੋਗ ਮਿਲ ਰਿਹਾ ਹੈ। ਸਾਡੇ ਕੋਲ ਕੈਂਪਾਂ ਦੀ ਅਥਾਹ ਬੁਕਿੰਗ ਹੋਈ ਪਈ ਹੈ। ਪਰ ਸਾਡੇ ਹੌਸਲੇ ਬੁਲੰਦ ਹਨ ਜਿੱਥੇ ਸਾਡੇ ਡਾਕਟਰ ਪਹਿਲਾਂ 5 ਦਿਨ ਕੰਮ ਕਰਦੇ ਸੀ, ਹੁਣ ਸੱਤੇ ਦਿਨ ਕੰਮ ਕਰ ਰਹੇ ਹਨ। ਸਨਿੱਚਰ ਐਤਵਾਰ ਦੀ ਵੀ ਛੁੱਟੀ ਨਹੀਂ ਕਰ ਰਹੇ। ਉਹ ਖੁਦ ਵੀ ਸੇਵਾ ਭਾਵਨਾ ਨਾਲ ਕੰਮ ਕਰ ਰਹੇ ਹਨ।
ਸਵਾਲ:- ਰੋਕੋ ਕੈਂਸਰ ਦਾ ਜਿੰਮੇਵਾਰ ਨੁਮਾਇੰਦਾ ਹੋਣ ਦੇ ਨਾਤੇ ਪਾਠਕਾਂ ਨੂੰ ਕੈਂਸਰ ਦੀ ਬੀਮਾਰੀ ਹੋਣ ਦੇ ਕਾਰਨ ਦੱਸੋਗੇ?
ਜਵਾਬ:- ਪੰਜਾਬ ‘ਚ ਛਾਤੀ ਦਾ ਕੈਂਸਰ 80 ਫੀਸਦੀ ਹੈ। ਜਿਸ ਵੇਲੇ ਮੇਰਾ ਜਨਮ ਹੋਇਆ ਸੀ, ਮੇਰੀ ਮਾਂ ਨੇ ਮੈਨੂੰ ਆਵਦੀ ਛਾਤੀ ਦਾ ਦੁੱਧ ਚੁੰਘਾਇਆ ਸੀ। ਪਰ ਹੁਣ ਜਾਂ ਤਾਂ ਸਾਡੇ ਕੰਮ ਹੀ ਐਨੇ ਵਧਗੇ ਜਾਂ ਫਿਰ ਫੈਸ਼ਨ ਦੀ ਅੰਨ੍ਹੀ ਹਨੇਰੀ ‘ਚ ਮੇਰੀਆਂ ਭੈਣਾਂ ਆਪਣੇ ਬੱਚੇ ਨੂੰ ਛਾਤੀ ਦਾ ਦੁੱਧ ਪਿਲਾਉਣੋਂ ਮੁਨਕਰ ਹੋ ਜਾਂਦੀਆਂ ਹਨ। ਜਿਹੜੀ ਮਾਂ ਬੱਚੇ ਨੂੰ ਕੁਦਰਤ ਵੱਲੋਂ ਮਾਂ ਦੇ ਦੁੱਧ ਦਾ ਦਿੱਤਾ ਤੋਹਫਾ ਨਹੀਂ ਦਿੰਦੀ, ਕੁਦਰਤ ਉਸ ਮਾਂ ਤੋਂ ਨਾਰਾਜ਼ ਹੋ ਕੇ ਉਸ ਮਾਂ ਨੂੰ ਕੈਂਸਰ ਵਰਗੀ ਭਿਆਨਕ ਬੀਮਾਰੀ ਤੋਹਫੇ ਵਜੋਂ ਦੇ ਦਿੰਦੀ ਹੈ। ਬੱਚੇ ਦਾ ਮਾਂ ਦੇ ਦੁੱਧ ‘ਤੇ ਕੁਦਰਤ ਵੱਲੋਂ ਹੱਕ ਹੈ। ਕੁਦਰਤ ਨੇ ਸਮਤੋਲ ਬਣਾਇਆ ਹੋਇਆ ਹੈ। ਮਾਂ ਦੀ ਛਾਤੀ ‘ਚੋਂ ਦੁੱਧ ਦਾ ਬਾਹਰ ਨਿੱਕਲਣਾ ਜਰੂਰੀ ਹੁੰਦਾ ਹੈ ਜੇ ਦੁੱਧ ਬਾਹਰ ਨਹੀਂ ਨਿੱਕਲਦਾ ਤਾਂ ਓਹੀ ਦੁੱਧ ਗੰਢਾਂ ਦਾ ਰੂਪ ਧਾਰ ਜਾਦਾ ਹੈ। ਓਹ ਗੰਢਾਂ ਕੈਂਸਰ ਬਣ ਜਾਂਦੀਆਂ ਹਨ। ਦੂਜਾ ਕਾਰਨ ਇਹ ਕਿ ਕੁੜੀਆਂ ਵਿਆਹ ਦੇਰ ਨਾਲ ਕਰਵਾ ਰਹੀਆਂ ਹਨ। ਤੀਜਾ ਕਾਰਨ… ਜੇ ਦੇਰ ਨਾਲ ਵਿਆਹ ਵੀ ਕਰਵਾ ਲਿਆ ਤਾਂ ਬੱਚਾ ਜੰਮਣ ਲਈ ਦੇਰੀ ਕੀਤੀ ਜਾਂਦੀ ਹੈ। ਚੌਥਾ ਕਾਰਨ ਮਾਨਸਿਕ ਪ੍ਰੇਸ਼ਾਨੀਆਂ ਹਨ। ਉਦਾਹਰਨ ਵਜੋਂ ਸਾਡੇ ਬਜ਼ੁਰਗਾਂ ਕੋਲ ਜੇ ਦਸ ਰੁਪਏ ਹੁੰਦੇ ਸਨ ਤਾਂ ਓਹ ਉਹਨਾਂ ‘ਚੋਂ ਪੰਜ ਖਰਚੇ ਜੋਗੇ ਰੱਖ ਕੇ 5 ਭਵਿੱਖ ‘ਚ ਕੰਮ ਆਉਣ ਲਈ ਸਾਂਭ ਲੈਂਦੇ ਸਨ। ਅੱਜ ਹਾਲਾਤ ਇਹ ਹਨ ਕਿ ਮੇਰੀ ਜੇਬ ‘ਚ ਤਾਂ 10 ਪੌਂਡ ਜਾਂ ਡਾਲਰ ਹਨ ਤੇ ਮੈਂ 10 ਹਜਾਰ ਬੈਂਕ ਤੋਂ ਕਰਜ਼ਾ ਚੁੱਕੀ ਬੈਠਾ ਹਾਂ। ਇਹ ਚਾਰ ਮੁੱਖ ਕਾਰਨ ਹਨ, ਇਹਨਾਂ ਚਾਰਾਂ ਤੋਂ ਬਚੋ… ਕੈਂਸਰ ਕਿਵੇਂ ਹੋਜੂ? ਇਹ ਚਾਰੇ ਕਾਰਨ ਅਕਾਲ ਪੁਰਖ ਨੇ ਨਹੀਂ ਦਿੱਤੇ। ਇਹ ਅਸੀਂ ਆਪ ਸਹੇੜੇ ਆ। ਇਹ ਸਮੱਸਿਆਵਾਂ ਅਸੀਂ ਖੁਦ ਬਾਜ਼ਾਰ ‘ਚੋਂ ਖਰੀਦ ਰਹੇ ਹਾਂ ਤੇ ਸਿਰ ਮੜ੍ਹ ਦਿੰਨੇ ਆਂ ਅਕਾਲ ਪੁਰਖ ਦੇ। ਅਸੀਂ ਤਾਂ ਬਾਣੀ ਦੀਆਂ ਸਿੱਖਿਆਵਾਂ ਦੇ ਖੁਦ ਉਲਟ ਜਾ ਕੇ ਪੌਣ, ਪਾਣੀ, ਧਰਤੀ ਨੂੰ ਖੁਦ ਪਲੀਤ ਕਰੀ ਜਾ ਰਹੇ ਹਾਂ। ਅਕਾਲ ਪੁਰਖ ਨੇ ਨਹੀਂ ਕਿਹਾ ਕਿ ਭਾਖੜੇ ਤੋਂ ਆ ਰਹੇ ਸਾਫ ਪਾਣੀ ਨੂੰ ਕਾਲਾ ਕਰ ਦਿਉ। ਉਸ ਨੇ ਨਹੀਂ ਕਿਹਾ ਕਿ ਪਵਿੱਤਰ ਕਾਲੀ ਵੇਈਂ ‘ਚ ਚਮੜਾ ਫੈਕਟਰੀਆਂ ਦਾ ਗੰਦ ਪਾਓ। ਅਸੀਂ ਖੁਦ ਕੁਦਰਤ ਨਾਲ ਛੇੜਖਾਨੀਆਂ ਕਰ ਰਹੇ ਹਾਂ। ਜਿਸ ਦੇ ਫਲਸਰੂਪ ਨਤੀਜੇ ਵੀ ਅਸੀਂ ਹੀ ਭੁਗਤ ਰਹੇ ਹਾਂ। ਅਸੀਂ ਭਵਿੱਖ ਨੂੰ ਸੁਖਾਲਾ ਕਰਨ ਦੇ ਚੱਕਰ ‘ਚ ਆਪਣੇ ਵਰਤਮਾਨ ਨਾਲ ਧੋਖਾ ਕਰ ਰਹੇ ਹਾਂ।
ਸਵਾਲ:- ਜੇ ਕੋਈ ਪ੍ਰਵਾਸੀ ਵੀਰ ਰੋਕੋ ਕੈਂਸਰ ਰਾਹੀਂ ਆਪਣੇ ਪਿੰਡ ਦੇ ਲੋਕਾਂ ਦਾ ਸਾਥ ਦੇਣਾ ਚਾਹੇ ਤਾਂ ਕੀ ਕਰ ਸਕਦਾ ਹੈ?
ਜਵਾਬ:- ਮੈਂ ਪ੍ਰਵਾਸੀ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾਂ ਕਿ ਆਪੋ ਆਪਣੇ ਪਿੰਡਾਂ ‘ਚ ਵੱਧ ਤੋਂ ਵੱਧ ਕੈਂਸਰ ਚੈੱਕਅਪ ਕੈਂਪ ਲਗਾਓ ਤਾਂ ਕਿ ਅਮੁੱਲੀਆਂ ਜਾਨਾਂ ਬਚ ਸਕਣ। ਪੰਜ ਸੌ ਪੌਂਡ ਫੀਸ ਨਾਲ ਤੁਸੀ ਆਪਣੇ ਪੂਰੇ ਪਿੰਡ ਦੀਆਂ ਔਰਤਾਂ ਦੀ ਮੈਮੋਗ੍ਰਾਫੀ ਕਰਵਾ ਸਕਦੇ ਹੋ। ਇੱਕ ਔਰਤ ਦੀ ਮੈਮੋਗ੍ਰਾਫੀ ਦਾ ਪੰਜਾਬ ਵਿੱਚ ਆਮ ਤੌਰ ‘ਤੇ ਖਰਚਾ 2500 ਤੋਂ 4 ਹਜਾਰ ਹੈ। ਫਿਰ ਉਹਦੀ ਰਿਪੋਰਟ ਪੜ੍ਹਨ ਲਈ ਡਾਕਟਰ ਹਜਾਰ ਰੁਪਇਆ ਵਸੂਲ ਲੈਂਦੈ। ਪਰ ਰੋਕੋ ਕੈਂਸਰ ਸਿਰਫ ਉਸੇ ਫੀਸ ‘ਚ ਹੀ ਸਭ ਦਾ ਚੈੱਕਅਪ ਕਰੇਗੀ। ਬਾਕੀ ਦੀਆਂ ਸੇਵਾਵਾਂ ਵੀ ਰੋਕੋ ਕੈਂਸਰ ਮੁਫਤ ਮੁਹੱਈਆ ਕਰਵਾ ਰਿਹੈ। ਮੈਂ ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਨਾ ਚਾਹੁੰਨਾਂ ਕਿ ਜਦੋਂ ਅਸੀਂ ਰੌਲਾ ਪਾਇਆ ਕਿ ਲੋਕ ਕੈਂਸਰ ਨਾਲ ਪੈਸੇ ਖੁਣੋਂ ਮਰ ਰਹੇ ਹਨ ਤਾਂ ਪੰਜਾਬ ਸਰਕਾਰ ਨੇ ਸਾਡੀ ਸੰਸਥਾ ਨੂੰ ਅਧਿਕਾਰ ਦਿੱਤੇ ਕਿ ਸਾਡੀ ਸੰਸਥਾ ਵੱਲੋਂ ਚੈੱਕਅਪ ਦਾ ਛਾਨਣਾ ਲਗਾ ਕੇ ਜਿੰਨੇ ਕੈਂਸਰ ਦੇ ਮਰੀਜ਼ਾਂ ਦੀ ਪਛਾਣ ਕੀਤੀ, ਪ੍ਰਤੀ ਮਰੀਜ਼ ਡੇਢ ਲੱਖ ਰੁਪਇਆ ਇਲਾਜ਼ ਲਈ ਦਿੱਤਾ ਜਾਵੇਗਾ।
ਸਵਾਲ:- ਕੀ ਡੇਢ ਲੱਖ ਰੁਪਏ ਨਾਲ ਕੈਂਸਰ ਦਾ ਇਲਾਜ ਸੰਭਵ ਹੈ?
ਜਵਾਬ:- ਤੁਸੀਂ ਖੁਦ ਦੇਖੋ ਕਿ ਸ੍ਰੀਮਤੀ ਸੁਰਿੰਦਰ ਕੌਰ ਬਾਦਲ ਦਾ ਇਲਾਜ਼ ਕਿੰਨਾ ਮਹਿੰਗਾ ਹੋਇਐ। ਪਰ ਡਾਕਟਰ ਉਹਨਾਂ ਨੂੰ ਫਿਰ ਵੀ ਬਚਾ ਨਹੀਂ ਸਕੇ। ਰੋਕੋ ਕੈਂਸਰ ਦਾ ਮੁੱਖ ਕੰਮ ਹੈ ਕੈਂਸਰ ਨੂੰ ਜ਼ੀਰੋ ਸਟੇਜ ‘ਤੇ ਹੀ ਫੜ੍ਹਨਾ। ਸਾਧ ਸੰਗਤ ਜੀ ਮੈਂ ਇਹ ਸਪੱਸ਼ਟ ਕਹਿੰਨਾਂ ਕਿ ਜੇ ਕੈਂਸਰ ਦੂਜੀ ਜਾਂ ਤੀਜੀ ਸਟੇਜ ‘ਤੇ ਹੈ ਤਾਂ ਪੈਸਾ ਖਰਾਬ ਨਾ ਕਰੋ। ਸੇਵਾ ਕਰ ਲਓ ਜਿੰਨੀ ਹੁੰਦੀ ਐ। ਨਾ ਹੀ ਕੈਂਸਰ ਦਾ ਇਲਾਜ਼ ਕਿਸੇ ਸਾਧ ਦੀ ਸੁਆਹ ਦੀਆਂ ਚੁਟਕੀਆਂ ਨਾਲ ਹੋਣਾ ਤੇ ਨਾ ਟੂਣਿਆਂ ਨਾਲ। ਹਾਂ, ਜੇ ਤੁਸੀਂ ਸੱਚੀਂ ਕੈਂਸਰ ਤੋਂ ਬਚਣਾ ਹੈ ਤਾਂ ਰੋਕੋ ਕੈਂਸਰ ਨੂੰ ਆਪੋ ਆਪਣੇ ਪਿੰਡਾਂ ਦੇ ਲੋਕਾਂ ਕੋਲ ਲਿਜਾਓ। ਸਾਡੀ ਹਰ ਬੱਸ ਵਿੱਚ 66 ਲੱਖ ਰੁਪਏ ਮੁੱਲ ਦੀ ਮਸ਼ੀਨ ਲੱਗੀ ਹੋਈ ਹੈ ਜੋ ਸਰ੍ਹੋਂ ਦੇ ਦਾਣੇ ਜਿੰਨੇ ਕੈਂਸਰ ਦੇ ਲੱਛਣ ਨੂੰ ਵੀ ਬਰੀਕੀ ਨਾਲ ਫੜ੍ਹ ਸਕਦੀ ਹੈ। ਉਸ ਵੇਲੇ ਇਲਾਜ਼ ਵੀ ਵੀਹ ਪੱਚੀ ਹਜ਼ਾਰ ‘ਚ ਹੋ ਸਕਦੈ।
ਸਵਾਲ:- ਕੁਲਵੰਤ ਧਾਲੀਵਾਲ ਜੀ, ਜੇ ਕੋਈ ਇੱਛੁਕ ਵੀਰ ਕੈਂਪ ਲਗਵਾਉਣ ਦਾ ਚਾਹਵਾਨ ਹੋਵੇ ਤਾਂ ਉਹ ਕੀਹਦੇ ਨਾਲ ਸੰਪਰਕ ਕਰੇ?

ਜਵਾਬ:- ਜੇ ਕੋਈ ਵੀ ਉੱਦਮੀ ਵੀਰ ਆਪਣੇ ਲੋਕਾਂ ਦੀ ਬਾਂਹ ਫੜ੍ਹਨ ਲਈ ਅੱਗੇ ਆਉਣਾ ਚਾਹੁੰਦਾ ਹੈ ਤਾਂ ਉਹ ਮੇਰੇ ਨਾਲ 0044 (0) 79473 15461 ‘ਤੇ ਸੰਪਰਕ ਕਰ ਸਕਦਾ ਹੈ ਜਾਂ ਫਿਰ ਮੇਰੇ ਨਾਲ ਈਮੇਲ ਐੱਡਰੈਸ ksdhaliwal@live.com ਜਾਂ ramb@rokocancer.org

ਆਪਣੇ ਵਿਚਾਰ ਭੇਜੇ ਜਾ ਸਕਦੇ ਹਨ। ਮੈਂ ਹਮੇਸ਼ਾ ਅਜਿਹੇ ਦਾਨੀ ਪੁਰਸ਼ਾਂ ਨੂੰ ਮੱਥੇ ਹੱਥ ਧਰ ਕੇ ਉਡੀਕੂੰਗਾ ਜੋ ਨਿੱਜ ਤੋਂ ਉੱਪਰ ਉੱਠ ਕੇ ਆਪਣੇ ਲੋਕਾਂ ਲਈ ਸੋਚਦੇ ਹਨ।

This entry was posted in ਇੰਟਰਵਿਯੂ.

One Response to “ਰੋਕੋ ਕੈਂਸਰ” ਸੰਸਥਾ ਦੇ ਗਲੋਬਲ ਰੋਮਿੰਗ ਅੰਬੈਸਡਰ ਕੁਲਵੰਤ ਸਿੰਘ ਧਾਲੀਵਾਲ ਦੀਆਂ ਮਨਦੀਪ ਖੁਰਮੀ ਨਾਲ ਮੂੰਹ ‘ਤੇ ਗੱਲਾਂ

  1. jaspal says:

    sir mai tohde nal han g…9872468858

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>