‘ਮੈਂ’ ਤੇ ਮੇਰਾ ‘ਮਨ’

ਕਈ ਵਾਰ ਇਕ ਵਿਚਾਰ ਦਿਮਾਗ ਵਿਚ ਉਠਦਾ ਹੈ, ਕਿ ਬੰਦੇ ਦੀ ‘ਮੈਂ’ ਤੇ ‘ਮਨ’ ਦਾ ਆਪਸ ਵਿਚ ਕੀ ਸੰਬੰਧ ਹੈ? ਇਨ੍ਹਾਂ ਦਾ ਆਪਸ ਵਿਚ  ਤਾਲਮੇਲ ਹੋਣਾ ਕਿਉਂ ਜ਼ਰੂਰੀ ਹੈ? ਜੇਕਰ ਦੋਹਾਂ ਦਾ ਆਪਸ ਵਿਚ ਤਾਲਮੇਲ ਨਾ ਹੋਵੇ ਤਾਂ ਬੰਦੇ ਦੇ ਜੀਵਨ ਤੇ ਕੀ ਫ਼ਰਕ ਪੈਂਦਾ ਹੈ?

ਵਿਚਾਰਨ  ਦੀ  ਗੱਲ ਤਾਂ ਇਹ ਹੈ ਕੀ, ਬੰਦੇ ਦੀ ‘ਮੈਂ’ ਯਾ ‘ਮਨ’ ਬੰਦੇ ਦੇ ਦਿਲ, ਦਿਮਾਗ਼, ਕਿਡਨੀ ਯਾ ਗੁਰਦੇ ਦੀ ਤਰ੍ਹਾਂ ਕੋਈ  ਸਥੁਲ ਅੰਗ ਤਾਂ ਹੈ ਨਹੀਂ ਕਿ ਇਨ੍ਹਾਂ ਦਾ ਇਲਾਜ ਕੀਤਾ ਜਾ ਸਕੇ। ਫਿਰ ਹਰ ਕੋਈ ਮਨ ਕਰਕੇ ਕਿਉਂ ਪਰੇਸ਼ਾਨ ਰਹਿੰਦਾ ਹੈ?

ਆਪਣੀ ਇਸ ਸ਼ੰਕਾ ਦਾ ਨਿਵਾਰਨ ਕਰਨ ਵਾਸਤੇ ਦਾਸ ਨੇ ਇਕ ਸੁਝਵਾਨ ਵੀਰ ਜੀ ਨਾਲ ਸਤਿਸੰਗ ਕੀਤਾ।  ਉਨ੍ਹਾਂ ਨੇ ਬੜੇ ਪਿਆਰ ਨਾਲ ਆਪਣੇ ਪਾਸ ਬਿਠਾਇਆ ਤੇ ਸਮਝਾਣ ਲਗੇ।

ਪਹਿਲਾਂ ਤਾਂ ਅਸੀ  ‘ਮੈਂ’ ਬਾਰੇ ਗਲ ਕਰਦੇ ਹਾਂ, ਇਨਸਾਨ  ਅੰਦਰ ਇਕ ‘ਆਕੜ’ ਯਾ ‘ਹਉਮੈ’ ਹੁੰਦੀ ਹੈ।   ਜਿਸ ਕਰਕੇ ਉਸਦਾ ‘ਮਨ’ ਹਉਮੈ ਅਤੇ ਅਹੰਕਾਰ ਵਿਚ ਆ ਜਾਂਦਾ ਹੈ ਕਿ ਇਹ ਕੰਮ ਮੈਂ ਕੀਤਾ। ਜੇਕਰ ਮੈਂ ਉਥੇ ਹੁੰਦਾ ਤਾਂ ਗੱਲ ਕੁਝ ਹੋਰ ਹੀ ਹੋਣੀ ਸੀ, ਜੇਕਰ ਮੈਂ ਨਾ ਹੁੰਦਾ ਤਾਂ ਇਹ ਕੰਮ ਨਹੀਂ ਸੀ ਹੋਣਾ। ਅਜ ਦਾ ਜੋ ਸਮਾਂ ਚਲ ਰਿਹਾ ਹੈ ਇਸ ਵਿਚ ‘ਮੈਂ’ ਪਰਧਾਨ ਹੈ ।

ਹਰ ਬੰਦਾ ਭਾਵੇਂ ਕੋਈ ਛੋਟੀ ਪੱਧਰ ਦਾ ਹੋਵੇ ਭਾਵੇਂ ਉਚ ਪੱਧਰ ਦਾ, ਹਰ ਕੋਈ ‘ਮੈਂ’ ਵਿਚ ਗ੍ਰਸਿਆ ਰਹਿੰਦਾ ਹੈ ਕੋਈ ਵਿਰਲੇ ਹੀ ਹਨ ਜੋ ਇਸਤੋਂ ਬਚੇ ਰਹਿੰਦੇ ਹਨ।

ਕੀ ਬਂੰਦਾ ਆਪਣੀ ‘ਮੈਂ’ ਤੇ ਕਾਬੂ ਪਾ ਸਕਦਾ ਹੈ?  ਅਗਰ ਹਾਂ ਤਾਂ ਕਿਵੇਂ? ਹਰ ਬੰਦੇ ਵਿਚ ਪੰਜ ਵਿਕਾਰ ਹੁੰਦੇ ਹਨ (ਕਾਮ, ਕਰੋਧ, ਲੋਭ, ਮੋਹ, ਅਹੰਕਾਰ)।  ਕੀ ਅਸੀਂ ਇਨ੍ਹਾਂ  ਪੰਜ ਵਿਕਾਰਾਂ ਤੇ  ਕਾਬੂ ਪਾ ਕੇ ਆਪਣੀ  ‘ਮੈਂ’ ਤੇ ਕਾਬੂ ਪਾ ਸਕਦੇ ਹਾਂ ਯਾ ਫਿਰ ਸਾਨੂੰ ਆਪਣੇ ਮਨ ਨਾਲ ਤਾਲਮੇਲ ਕਰਨਾ ਪਵੇਗਾ।

ਬੰਦਾ ਆਪਣੀ  ‘ਮੈਂ’ ਉਪਰ ਸਿਰਫ ਇਕ ਤਰੀਕੇ ਨਾਲ ਕਾਬੂ ਪਾ ਸਕਦਾ ਹੈ, ਅਗਰ ਉਹ ਆਪਣੇ ਆਪ ਨੂੰ  ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਸਾਏ ਗਏ ਨਿਯਮਾਂ ਅਨੁਸਾਰ ਪਰਮਾਤਮਾ ਦੇ ਅਧੀਨ ਕਰ ਲਵੇ ਅਤੇ ਉਸ ਪਰਮਾਤਮਾ ਨੂੰ ਆਪਣਾ ਕਰਤਾ ਧਰਤਾ ਸਮਝੇ।

ਮੈ ਅੰਧੁਲੇ ਕੀ ਟੇਕ ਤੇਰਾ ਨਾਮੁ ਖੁੰਦਕਾਰਾ ॥
ਮੈ ਗਰੀਬ ਮੈ ਮਸਕੀਨ ਤੇਰਾ ਨਾਮੁ ਹੈ ਅਧਾਰਾ ॥1॥ ਰਹਾਉ ॥(ਪੰਨਾ-727)

ਮੈ ਕਾਮਣਿ ਮੇਰਾ ਕੰਤੁ ਕਰਤਾਰੁ ॥
ਜੇਹਾ ਕਰਾਏ ਤੇਹਾ ਕਰੀ ਸੀਗਾਰੁ ॥1॥(ਪੰਨਾ-1128)

ਮੈ ਨਿਰਗੁਨ ਗੁਣੁ ਨਾਹੀ ਕੋਇ ॥
ਕਰਨ ਕਰਾਵਨਹਾਰ ਪ੍ਰਭ ਸੋਇ ॥1॥ ਰਹਾਉ ॥(ਪੰਨਾ-387)

ਮੈ ਮੂਰਖ ਕੀ ਗਤਿ ਕੀਜੈ ਮੇਰੇ ਰਾਮ ॥
ਗੁਰ ਸਤਿਗੁਰ ਸੇਵਾ ਹਰਿ ਲਾਇ ਹਮ ਕਾਮ ॥1॥ ਰਹਾਉ ॥ (ਪੰਨਾ-166)

ਹੁਣ  ਅਸੀਂ ਦੂਜੇ ਵਿਸ਼ੇ ਵਲ ਵੇਖਦੇ ਹਾਂ ਉਹ ਹੈ ‘ਮਨ’।  ਸਵਾਲ ਇਹ ਹੈ ਕਿ  ‘ਮਨ’ ਤੇ ਕਿਵੇਂ ਕਾਬੂ ਪਾਇਆ ਜਾ ਸਕਦਾ ਹੈ  ਅਤੇ  ਇਹ ਕਿਉਂ ਜ਼ਰੂਰੀ ਹੈ? ‘ਮਨ’ ਨੂੰ  ‘ਮੈਂ’ ਨਾਲ  ਕਿਵੇਂ ਜੋੜ ਕੇ ਰਖਿਆ ਜਾ ਸਕਦਾ ਹੈ? ‘ਮਨ’  ਨੂੰ ਕਿਵੇਂ ਸਮਝਾਇਆ ਜਾ ਸਕਦਾ ਹੈ ਅਤੇ ‘ਮਨ’ ਨੂੰ ਸਮਝਾਣ ਦੀ ਲੋੜ ਕਿਉਂ ਹੈ?

ਧੰਨ ਧੰਨ ਸਾਹਿਬ  ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਵਿਚ ‘ਮਨ’ ਨੂੰ  ਕਈ ਤਰ੍ਹਾਂ ਦੇ ਨਾਮ  (ਮਿਤ੍ਰ, ਬਾਵਰੇ, ਪਰਦੇਸੀ, ਕਰਹਲਾ, ਚੰਚਲ) ਲੈ ਕੇ ਸਮਝਾਇਆ ਗਿਆ ਹੈ।

ਸਵਾਲ ਇਹ ਹੈ ਕਿ  ‘ਮਨ’ ਨੂੰ  ਇਤਨਾ ਸਮਝਾਣ  ਦੀ ਲੋੜ ਕਿਉਂ ਹੈ ਅਤੇ ਸਾਡਾ ‘ਮਨ’ ਵਾਰ ਵਾਰ ਕਿਉਂ ਭਟਕ ਜਾਂਦਾ ਹੈ? ‘ਮਨ’ ਆਪਣੇ ਆਪ ਕਿਉਂ ਵੱਸ ਵਿਚ ਨਹੀਂ ਆਉਂਦਾ?

ਇਹ ਮਨੁ ਚੰਚਲ ਵਸਿ ਨ ਆਵੈ ॥
ਦੁਬਿਦਾ ਲਾਗੈ ਦਹ ਦਿਸਿ ਧਾਵੈ ॥ (ਪੰਨਾ-127)

ਐਸੀ ਕਿਹੜੀ ਦੁਬਿਧਾ ਹੈ ਜਿਹੜੀ ਮਨ ਨੂੰ ਟਿਕਣ ਨਹੀਂ ਦੇਂਦੀ? ਕੀ ਇਹ ਪੰਚ ਵਿਕਾਰ ਹਨ? ਯਾ ਬੰਦੇ ਦੀ ‘ਮੈਂ’ ਹੈ? ਯਾ ਇਸ ‘ਮਨ’ ਤੇ ਪਿਛਲੇ ਜਨਮਾ ਦਾ ਕੋਈ ਲੇਖਾ ਹੈ?

ਜਨਮ ਜਨਮ ਕੀ ਇਸ ਮਨ ਕੳ ਮਲੁ ਲਾਗੀ ਕਾਲਾ ਹੋਆ ਸਿਆਹ ॥ (ਪੰਨਾ-651)

ਇਸ ਮਨ ਦੇ ਵਿਕਾਰ ਦੂਰ ਕਰਨ ਵਾਸਤੇ, ਇਸ ਮਨ ਦੀ ਮੈਲ  ਸਾਫ਼ ਕਰਨ ਵਾਸਤੇ ਅਤੇ  ਇਸ ਮਨ ਨੂੰ ਟਿਕਾਣ ਵਾਸਤੇ ਧੰਨ ਧੰਨ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਵਿਚ ਕਈ ਤਰ੍ਹਾਂ ਸਮਝਾਇਆ ਗਿਆ ਹੈ। ਜਿਵੇਂ,

ਮਨ ਬਸਿ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਇ॥ (ਪੰਨਾ-298)

ਮਨ ਰੇ ਥਿਰ ਰਹੁ ਮਤੁ ਕਤ ਜਾਹੀ ਜੀਉ ॥(ਪੰਨਾ-598)

ਮੇਰੇ ਮਨ ਪਰਦੇਸੀ ਵੇ ਪਿਆਰੇ ਆਉ ਘਰੇ ॥ (ਪੰਨਾ-451)

ਏ ਮਨ ਮੇਰਿਆ ਤੂ ਥਿਰ ਰਹੁ ਚੋਟ ਨ ਖਾਵਹੀ ਰਾਮ ॥(ਪੰਨਾ-1113)

ਮਨ ਤੂੰ ਜੋਤਿ ਸਰੂਪ ਹੈਂ ਆਪਣਾ ਮੂਲ ਪਛਾਣ ॥(ਪੰਨਾ-441)

ਏ ਮਨ  ਮੇਰਿਆ ਤੂ  ਸਮਝੁ ਅਚੇਤ ਇਆਣਿਆ ਰਾਮ ॥

ਏ ਮਨ ਮੇਰਿਆ ਛਡਿ ਅਵਗਣ  ਗੁਣੀ ਸਮਾਣਿਆ ਰਾਮ ॥(ਪੰਨਾ-1112)

ਧੰਨ ਧੰਨ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਵਿਚ ਸਾਹਿਬ ਸ਼੍ਰੀ ਗੁਰੁ ਤੇਗ ਬਹਾਦੁਰ ਮਹਾਰਾਜ ਜੀ ਦੁਆਰਾ ਉਚਾਰੇ 57 ਸਲੋਕਾਂ ਵਿਚ ਵੀ ਮਨ ਨੂੰ ਜੀਵਨ ਬਾਰੇ ਕਈ ਉਦਾਹਰਨਾਂ ਦੇ ਕੇ ਸਮਝਾਇਆ ਗਿਆ ਹੈ, ਕਿ ਮਨ ਕਿਸੇ ਤਰ੍ਹਾਂ ਸਥਿਰ ਹੋ ਸਕੇ।

ਇਤਨੀਆ ਵਿਚਾਰਾਂ ਸਾਂਝੀਆਂ ਹੋਣ ਤੋਂ  ਬਾਅਦ  ਵੀਰ ਜੀ  ਸਮਝਾਣ ਲਗੇ , ਹੁਣ ਸਵਾਲ ਇਹ ਉਠਦਾ ਹੈ ਕਿ ਬੰਦੇ ਦੀ ‘ਮੈਂ’ ਅਤੇ ‘ਮਨ’ ਦਾ ਤਾਲਮੇਲ ਕਿਵੇਂ ਹੋਵੇ? ਉਸਦਾ ਪਹਿਲਾ ਹੱਲ ਇਹ ਹੈ ਕਿ ਬੰਦਾ ਆਪਣੇ ਆਪ ਨੂੰ ਨਿਮਾਣਾ ਸਮਝੇ ਅਤੇ ਆਪਣੇ ਮਨ ਨੂੰ ਟਿਕਾਣ ਵਾਸਤੇ ਸਤਿਗੁਰ ਅਗੇ ਅਰਦਾਸ ਕਰੇ।

ਮੈ ਗਰੀਬ ਸਚੁ ਟੇਕ ਤੂੰ ਮੇਰੇ ਸਤਿਗੁਰ ਪੂਰੇ ॥

ਦੇਖਿ ਤੁਮ੍‍ਾਰਾ ਦਰਸਨੋ ਮੇਰਾ ਮਨੁ ਧੀਰੇ ॥1॥ ਰਹਾਉ ॥ (ਪੰਨਾ-398)

ਦੂਸਰਾ ਹੱਲ ਹੈ ਕੀ ਬੰਦਾ ਆਪਣੇ  ‘ਮਨ’  ਨੂੰ ਹਮੇਸ਼ਾਂ ਆਪਣੇ ਆਪ ਨਾਲ ਜੋੜ ਕੇ ਰਖੇ, ਆਪਣੇ ‘ਮਨ’ ਨੂੰ ਸਮਝਾਵੇ ਅਤੇ ਆਪਣੇ ਆਪ ਤੇ ਆਪਣੇ  ‘ਮਨ’ ਦੇ ਵਿਚ ਤਾਲਮੇਲ ਬਿਠਾਵੇ ਜਿਵੇਂ,

ਮੇਰੇ ਮਨ ਆਸਾ ਕਰਿ ਜਗਦੀਸ ਗੁਸਾਈ ॥
ਜੋ ਬਿਨੁ ਹਰਿ ਆਸ ਅਵਰ ਕਾਹੂ ਕੀ ਕੀਜੈ ਸਾ ਨਿਹਫਲ ਆਸ ਸਭ ਬਿਰਥੀ ਜਾਈ ॥1॥ ਰਹਾਉ ॥

ਮੇਰੇ ਮਨ ਏਕਸ ਸਿਉ ਚਿਤੁ ਲਾਇ ॥
ਏਕਸ ਬਿਨੁ ਸਭ ਧੰਧੁ ਹੈ ਸਭ ਮਿਥਿਆ ਮੋਹੁ ਮਾਇ ॥1॥ ਰਹਾਉ ॥

ਮੇਰੇ ਮਨ ਸਤਿਗੁਰੁ ਸੇਵਿ ਸੁਖੁ ਹੋਈ ॥
ਜੋ ਇਛਹੁ ਸੋਈ ਫਲੁ ਪਾਵਹੁ ਫਿਰਿ ਦੂਖੁ ਨ ਵਿਆਪੈ ਕੋਈ ॥1॥ ਰਹਾਉ ॥

ਮੇਰੇ ਮਨ ਸੁਖਦਾਤਾ ਹਰਿ ਸੋਇ ॥
ਗੁਰ ਪਰਸਾਦੀ ਪਾਈਐ ਕਰਮਿ ਪਰਾਪਤਿ ਹੋਇ ॥1॥ ਰਹਾਉ ॥

ਮੇਰੇ ਮਨ ਹਰਿ ਹਰਿ ਨਾਮੁ ਧਿਆਇ ॥
ਕਰਿ ਸੰਗਤਿ ਨਿਤ ਸਾਧ ਕੀ ਗੁਰ ਚਰਣੀ ਚਿਤੁ ਲਾਇ ॥1॥ ਰਹਾਉ ॥

ਮੇਰੇ ਮਨ ਹਰਿ ਬਿਨੁ ਅਵਰੁ ਨ ਕੋਇ ॥
ਪ੍ਰਭ ਸਰਣਾਈ ਸਦਾ ਰਹੁ ਦੂਖੁ ਨ ਵਿਆਪੈ ਕੋਇ ॥1॥ ਰਹਾਉ ॥

ਮੇਰੇ ਮਨ ਜਪਿ ਗੁਰ ਗੋਪਾਲ ਪ੍ਰਭੁ ਸੋਈ ॥
ਜਾ ਕੀ ਸਰਣਿ ਪਇਆਂ ਸੁਖੁ ਪਾਈਐ ਬਾਹੁੜਿ ਦੂਖੁ ਨ ਹੋਈ ॥1॥ ਰਹਾਉ ॥

ਮੇਰੇ ਮਨ ਨਾਮੁ ਅੰਮ੍ਰਿਤੁ ਪੀਉ ॥
ਆਨ ਸਾਦ ਬਿਸਾਰਿ ਹੋਛੇ ਅਮਰੁ ਜੁਗੁ ਜੁਗੁ ਜੀਉ ॥1॥ ਰਹਾਉ ॥

ਇਤਨਿਆ ਕੁ ਵਿਚਾਰਾਂ ਸਾਂਝੀਆਂ ਕਰਨ ਤੋ ਬਾਅਦ ਵੀਰ ਜੀ ਆਖਣ ਲਗੇ ਕਿ ਭਾਈ ਜਿੰਨੀ ਕੁ ਮੇਰੀ ਸਮਝ ਕੰਮ ਕਰਦੀ ਹੈ ਉਤਨੇ ਵਿਚਾਰ ਆਪਜੀ ਨਾਲ ਸਾਂਝੇ ਕੀਤੇ ਹਨ ਅਗੇ ਵਾਹਿਗੁਰੂ ਰਾਖਾ ਹੈ।

ਦਾਸ ਨੇ ਵੀ ਵੀਰ ਜੀ ਨੂੰ ਫਤਿਹ ਬੁਲਾਈ ਤੇ ਇਹ ਸੋਚਦਾ ਹੋਇਆ ਤੁਰ ਪਿਆ ਕਿ  ਹੁਣ ਮੈਂ ਆਪਣੀ  ‘ਮੈਂ’ ਅਤੇ ‘ਮਨ’  ਉਪਰ ਕਿਵੇਂ ਕਾਬੂ ਪਾ ਕੇ ਆਪਣਾ ਜੀਵਨ ਸੁਖਾਲਾ ਕਰ ਸਕਦਾ ਹਾਂ?

This entry was posted in ਲੇਖ.

One Response to ‘ਮੈਂ’ ਤੇ ਮੇਰਾ ‘ਮਨ’

  1. Very true. Generally we don’t differentiate between two. We don’t even think that
    ਮੈਂ and ਮਨ are two different things therefore we don’t even think how to control and make them one. Thank you.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>