ਮੈਂ ਤੁਹਾਨੂੰ ਦੱਸਿਆ ਸੀ ਫਰਕ ਅਕਾਲੀ ਤੇ ਕਾਂਗਰਸੀਆਂ ਵਿੱਚ ਕੀ ਅਕਾਲੀ ਮੰਤਰੀਆਂ ਨੂੰ ਰੂਹ ਦੀ ਅਦਾਲਤ ਵਿੱਚ ਲੈ ਕੇ ਆਉਣ ਵਿੱਚ ਮੈਨੂੰ ਕੋਈ ਔਖ ਨਹੀਂ ਆਈ ਪਰ ਮਹਾਰਾਜਾ ਸਾਹਿਬ ਨਾਲ ਜੋ ਗੱਲਾਂ ਮੈਂ ਕਰਨੀਆਂ ਚਾਹੁੰਦਾ ਸੀ ਉਹ ਇੱਕ ਸੁਪਨਾ ਜਿਹਾ ਹੀ ਬਣ ਕੇ ਰਹਿ ਗਿਆ ਕਿਉਂਕਿ ਮਹਾਰਾਜਾ ਤਾਂ ਮਹਾਰਾਜਾ ਹੀ ਹੁੰਦੈ ਉਸਨੇ ਕੀ ਲੈਣਾ ਆਮ ਜਨਤਾ ਤੋਂ ਤੇ ਸਾਡੇ ਵਰਗੇ ਪੱਤਰਕਾਰਾਂ ਤੋਂ, ਪਰ ਸੱਚ ਦੱਸਾਂ ਜੇ ਬਣ ਜਾਣ ਅਜਿਹੀਆਂ ਸਰਕਾਰਾਂ ਤਾਂ ਮੈਨੂੰ ਡਰ ਲਗਦੈ ਅਜਿਹੀਆਂ ਸਰਕਾਰਾਂ ਤੋਂ ਨੀਲੀਆਂ ਪੱਗਾਂ ਵਾਲਿਆਂ ਨਾਲ ਬਹੁਤ ਗੱਲਾਂ ਕਰ ਲਈਆਂ ਸਨ, ਥੋੜਾ ਜਿਹਾ ਮਾਹੌਲ ਬਦਲਣ ਨੂੰ ਦਿਲ ਕਰਦਾ ਸੀ ਕਿਉਂਕਿ ਰੋਜ਼-ਰੋਜ਼ ਸਾਗ ਖਾਣ ਨਾਲ ਵੀ ਬਦਹਜ਼ਮੀ ਹੀ ਹੋ ਜਾਂਦੀ ਹੈ। ਰੂਹ ਦੀ ਅਦਾਲਤ ਦੀ ਕਾਰਵਾਈ ਅੱਗੇ ਤੋਰਦਿਆਂ ਅੱਜ ਅਸੀਂ ਆਪਣੀ ਅਦਾਲਤ ਵਿੱਚ ਲੈ ਆਏ ਇਕ ਸੂਝਵਾਨ, ਪੜ੍ਹੇ ਲਿਖੇ, ਇਮਾਨਦਾਰ ਅਤੇ ਦੂਰ-ਅੰਦੇਸ਼ੀ ਰੱਖਣ ਵਾਲੇ ਉਦਯੋਗ ਮੰਤਰੀ, ਪੰਜਾਬ ਅਨਿਲ ਜੋਸ਼ੀ। ਅਨਿਲ ਜੋਸ਼ੀ ਜੀ ਨੂੰ ਪਿੱਛੇ ਜਿਹੇ ਆਪਣੀ ਅਦਾਲਤ ਦੀ ਇਕ ਕਾਰਵਾਈ ਪੜ ਕੇ ਅਮਰੀਕਾ ਤੋਂ ਕਿਸੇ ਲੇਖਕ ਯੂਨੀਅਨ ਦੇ ਪ੍ਰਧਾਨ ਜੀ ਦਾ ਫੋਨ ਆਇਆ, ਕਹਿਣ ਲੱਗੇ ਤੂੰ ਇਹਨਾਂ ਅਕਾਲੀਆਂ ਦੀਆ ਇੰਨ੍ਹੀਆਂ ਤਾਰੀਫਾਂ ਕਿਉਂ ਕਰਦੈਂ ਮੈਂ ਆਖਿਆ ਕਹੋ ਤੁਸੀਂ ਮੈਨੂੰ ਅਕਾਲੀ ਸਰਕਾਰ ਦਾ ਚਮਚਾ’ ਜੋ ਤੁਸੀਂ ਕਹਿਣਾ ਚਾਹੁੰਦੇ ਹੋ ਪਰ ਮੈਂ ਜਾਣਦਾ ਹਾਂ ਕਿ ਮੈਂ ਕੀ ਕਰ ਰਿਹਾ ਹਾਂ ਕਿਉਂਕਿ ਜੇ ਮੈਂ ਕਿਸੇ ਵੀ ਸਰਕਾਰ ਦੀ ਬੁਰਾਈ ਕਰਨ ਵੀ ਲਗਾਂਗਾ ਤਾਂ ਕੋਈ ਫਰਕ ਨਹੀਂ ਪੈਣਾ ਜੇਕਰ ਮੈਂ ਉਹਨਾਂ ਦੀਆਂ ਪ੍ਰਾਪਤੀਆਂ ਬਾਰੇ ਸਮਾਜ ਨੂੰ ਜਾਗਰੂਕ ਕਰ ਰਿਹਾ ਹਾਂ ਤਾਂ ਸਮਾਜ ਉੱਪਰ ਉਸਦਾ ਚੰਗਾ ਪ੍ਰਭਾਵ ਪੈਣਾ ਲਾਜ਼ਮੀ ਹੈ। ਕਹਿੰਦੇ ਹਨ ਕਿ ਜੇਕਰ ਅੱਜ ਚੰਗਾ ਸੋਚੋਗੇ ਤਾਂ ਭਵਿੱਖ ਵੀ ਚੰਗਾ ਹੀ ਹੋਵੇਗਾ। ਇਹ ਰੂਹ ਦੀ ਅਦਾਲਤ ਦੀ ਇਸ ਕਾਰਵਾਈ ਲਿਖਣ ਤੋਂ ਪਹਿਲਾਂ ਮੇਰੀ ਅਨਿਲ ਜੋਸ਼ੀ ਜੀ ਨਾਲ ਕਈ ਵਾਰ ਗੱਲ ਹੋਈ ਠਕਹਿੰਦੇ ਨੇ ਨਾ, ਇਹ ਤਾਂ ਦਿਲ ਮਿਲਿਆਂ ਦੇ ਮੇਲੇ ਨੇ, ਫੇਰ ਧਰਮ ਦੀਆਂ ਸਾਰੀਆਂ ਤੰਦਾਂ ਟੁੱਟ ਜਾਂਦੀਆਂ ਨੇ, ਤੇ ਜੇ ਆਪਾਂ ਚਾਹੀਏ ਤਾਂ ਦੋ ਦੇਸ਼ਾਂ ਦੁਆਰਾ ਉਸਾਰੀਆਂ ਨਫ਼ਰਤ ਦੀਆ ਕੰਧਾਂ ਵੀ ਟੁੱਟ ਜਾਂਦੀਆਂ ਨੇ। ਇਹ ਲਫ਼ਜ਼ ਮੈਂ ਇਸ ਲਈ ਵਰਤੇ ਕਿਉਂਕਿ ਮੈਂ ਮਹਿਸੂਸ ਕੀਤਾ ਕਿ ਅੱਤਵਾਦ ਵੇਲੇ ਜੋ ਦਰਦ ਇਸ ਜੋਸ਼ੀ ਪਰਿਵਾਰ ਨੇ ਹੰਢਾਇਆ ਉਸ ਨੂੰ ਕਲਮ ਨਾਲ ਕੁੱਝ ਅੱਖਰ ਲਿਖਕੇ ਬਿਆਨ ਕਰਨਾ ਮੁਸ਼ਕਿਲ ਹੀ ਨਹੀਂ ਨਾਮੁਮਕਿਨ ਹੈ, ਸ਼ਾਇਦ ਮੇਰੀ ਕਲਮ ਵਿੱਚ ਉਨ੍ਹੀ ਸ਼ਿਆਹੀ ਵੀ ਨਹੀਂ ਤੇ ਨਾ ਹੀ ਮੇਰੇ ਜਹਿਨ ਵਿੱਚ ਲਫ਼ਜ਼ ਹਨ ਜੋ ਅਨਿਲ ਜੋਸ਼ੀ ਦੀਆਂ ਉਹਨਾਂ ਭਾਵਨਾਵਾਂ ਨੂੰ ਤੁਹਾਡੇ ਤੱਕ ਪਹੁੰਚਾ ਸਕਾਂ। ਚੱਲੋ ਜੋ ਉਹ ਕਹਿਣਾ ਚਾਹੁੰਦੇ ਹਨ ਆਪਾਂ ਸੁਣੀਏ -
? ਜੋਸ਼ੀ ਸਾਹਿਬ, ਤੁਹਾਡਾ ਸਵਾਗਤ ਹੈ ਦਿਲ ਦੀਆਂ ਗਹਿਰਾਈਆਂ ਤੋਂ ਤੁਸੀਂ ਸਿਆਸਤ ਦੀ ਇਸ ਗਰਮ ਰੇਤ ਤੇ ਪੈਰ ਕਦੋਂ ਅਤੇ ਕਿਵੇਂ ਧਰਿਆ।
-ਗੁਰਪ੍ਰੀਤ, ਪਹਿਲਾ ਮੈਂ ਆਪਣੀ ਜ਼ਿੰਦਗੀ ਨਾਲ ਸੰਬੰਧਿਤ ਕੁਝ ਖੱਟੀਆਂ-ਮਿੱਠੀਆਂ ਯਾਦਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹਵਾਂਗਾ। ਸਾਡਾ ਤਰਨਤਾਰਨ ਨੇ ਨਾਲ ਲੱਗਦਾ ਇੱਕ ਛੋਟਾ ਜਿਹਾ ਪਿੰਡ ਹੈ। ਮੇਰਾ ਬਚਪਨ ਉਥੇ ਹੀ ਬੀਤੀਆ। ਮੈਂ ਪੜਿਆ ਵੀ ਪਿੰਡ ਵਿੱਚ ਹੀ ਕਿਉਂਕਿ ਮੇਰੇ ਪਿਤਾ ਜੀ ਪੰਜਾਬੀ ਦੇ ਅਧਿਆਪਕ ਸਨ। ਉਹਨਾਂ ਦਾ ਧਰਮ ਅਤੇ ਕਰਮ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨਾ ਸੀ। ਉਥੋਂ ਪਿੰਡੋਂ ਅਸੀਂ ਤਰਨਤਾਰਨ ਆ ਗਏ ਉਥੇ ਅਸੀਂ ਕੱਪੜੇ ਦਾ ਕੰਮ ਸ਼ੁਰੂ ਕੀਤਾ ਅਤੇ ਮੈਂ ਉਸ ਕੰਮ ਨੂੰ ਸੰਭਾਲਦਾ ਸੀ। ਪਿੰਡ ਸਾਡੀ ਜ਼ਮੀਨ ਸੀ, ਅਸੀਂ ਉਥੇ ਜਾਣਾ ਅਤੇ ਘਰ ਵਾਸਤੇ ਕਣਕ, ਆਟਾ, ਦੁੱਧ ਆਦਿ ਲੈ ਕੇ ਆਉਣਾ ਕਿਉਂਕਿ ਸਾਡੀਆਂ ਜੜ੍ਹਾਂ ਤਾਂ ਪੇਂਡੂ ਸੀ ਅਤੇ ਹੁਣ ਵੀ ਹਨ। ਪਿਤਾ ਜੀ ਨੂੰ ਤਾਂ ਪਿੰਡ ਜਾਣ ਦਾ ਬਹੁਤ ਹੀ ਸ਼ੌਂਕ ਸੀ ਅਤੇ ਉਹ ਹਰ ਰੋਜ਼ ਪਿੰਡ ਜਾਂਦੇ ਸਨ। ਪਰ ਮਰਜਾਣੀ ਮੌਤ ਨੇ ਉਹਨਾਂ ਨੂੰ ਸਾਡੇ ਤੋਂ ਖੋਹ ਲਿਆ। ਅੱਤਵਾਦੀਆਂ ਨੇ ਉਹਨਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ। (ਹੁਣ ਜੋਸ਼ੀ ਜੀ ਦੇ ਚਿਹਰੇ ਤੇ ਉਸ ਦਰਦਨਾਕ ਘਟਨਾ ਨੂੰ ਪੜਿਆ ਜਾ ਸਕਦਾ ਸੀ ਬੇਸ਼ੱਕ ਹੰਝੂ ਨਹੀਂ ਡਿੱਗ ਰਹੇ ਸਨ ਪਰ ਦਿੱਲ ਦੇ ਰੋਣ ਦੀ ਅਵਾਜ਼ ਸਾਫ ਸੁਣਾਈ ਦੇ ਰਹੀ ਸੀ) ਕਿਹੋ ਜਿਹਾ ਦੌਰ ਹੁੰਦਾ ਹੈ ਉਹ ਜਦ ਬੇਕਸੂਰ ਲੋਕ ਜੋ ਆਪਣੇ ਸਮਾਜ, ਆਪਣੀ ਬੋਲੀ ਅਤੇ ਆਪਣੇ ਸੱਭਿਆਚਾਰ ਦੀ ਸੇਵਾ ਕਰਨਾ ਚਾਹੁੰਦੇ ਹਨ, ਖੋਹ ਲਏ ਜਾਂਦੇ ਹਨ ਸਾਡੇ ਤੋਂ ਸਦਾ ਲਈ ਬੰਦੂਕਾਂ ਨਾਲ, ਤਲਵਾਰਾਂ ਨਾਲ ਅਤੇ ਤੋਪ ਦੇ ਗੋਲਿਆਂ ਨਾਲ ਵੀ। ਪ੍ਰਮਾਤਮਾ ਪੂਰੀ ਕਾਇਨਾਤ ਨੂੰ ਇਹਨਾਂ ਵਾ-ਵਰੋਲਿਆਂ ਤੋਂ ਬਚਾ ਕੇ ਰੱਖੇ ਇਹ ਦੁਆ ਹੈ ਸਾਡੀ। ਇਸ ਘਟਨਾ ਤੋਂ ਬਾਅਦ ਹੀ ਮੇਰਾ ਰਾਜਨੀਤੀ ਦਾ ਸਫ਼ਰ ਸ਼ੁਰੂ ਹੋਇਆ (ਮੂੰਹੋਂ ਸ਼ਬਦ ਨਹੀਂ ਸਨ ਨਿਕਲ ਰਹੇ ਪਰ ਜੋਸ਼ੀ ਸਾਹਿਬ ਕਹਿ ਗਏ ਇਹ ਲਫ਼ਜ਼) ਚਾਰੇ ਪਾਸੇ ਸੰਨਾਟਾ ਛਾ ਗਿਆ ਅਤੇ ਮੈਂ ਵੀ ਮਹਿਸੂਸ ਕੀਤਾ ਕਿ ਕੁਝ ਪਲ ਉਸ ਵਿਛੜ ਚੁੱਕੀ ਮਾਂ ਬੋਲੀ ਦੀ ਸੇਵਾ ਕਰਨ ਵਾਲੀ ਆਤਮਾ ਨੂੰ ਸਜ਼ਦਾ ਕਰੀਏ।
? ਅਨਿਲ ਜੀ, ਫੇਰ ਇਹ ਸਫ਼ਰ ਅੱਗੇ ਕਿਵੇਂ ਵਧਿਆ।
-ਜਦੋਂ ਮੈਂ ਤਰਨਤਾਰਨ ਵਿੱਚ ਕੱਪੜੇ ਦਾ ਕੰਮ ਕਰਦਾ ਸੀ ਤਾਂ ਮੈਂ ਇੱਕ ਸਮਾਜਿਕ ਸੰਸਥਾ ਨਾਲ ਸੰਬੰਧ ਬਣਾਇਆ। ਫੇਰ ਬੀ.ਜੇ.ਪੀ. ਨੇ ਮੈਨੂੰ ਸ਼ਹਿਰ ਦੀ ਪ੍ਰਧਾਨਗੀ ਦਿੱਤੀ, ਉਸ ਤੋਂ ਬਾਅਦ ਮੈਂ ਜ਼ਿਲ੍ਹਾ ਪ੍ਰਧਾਨ ਬਣਿਆ। ਕਿਉਂਕਿ ਮੇਰੀ ਕੰਮ ਕਰਨ ਦੀ ਰਫ਼ਤਾਰ ਬਹੁਤ ਤੇਜ਼ ਸੀ ਇਸ ਲਈ ਮੈਂ ਅੱਗੇ ਵੀ ਛੇਤੀ ਵੱਧਦਾ ਗਿਆ। ਫੇਰ ਮੇਰੀ ਅਰੁਣ ਜੇਤਲੀ ਜੀ ਨੇ ਬਾਂਹ ਫੜ੍ਹ ਲਈ। ਉਨ੍ਹਾਂ ਨੇ ਮੈਨੂੰ ਕਿਹਾ ਕਿ ਤੈਨੂੰ ਵਿਧਾਨ ਸਭਾ ਦੀ ਸੀਟ ਤੋਂ ਲੜਾਉਣਾ ਹੈ। ਮੈਂ ਅਮ੍ਰਿਤਸਰ ਰਹਿਣ ਲੱਗ ਪਿਆ ਅਤੇ 2007 ਵਿੱਚ ਮੈਨੂੰ ਸੀਟ ਮਿਲੀ ਤੇ ਮੈਂ ਜਿੱਤਿਆ। ਮੈਨੂੰ ਲੋਕਾਂ ਦੀ ਸੇਵਾ ਕਰਨ ਦਾ ਜਨੂੰਨ ਸੀ ਜੋ ਅੱਜ ਵੀ ਹੈ। ਮੈਂ ਉਸ ਸਮੇਂ ਭ੍ਰਿਸ਼ਟ ਅਫਸਰਾਂ ਵਿਰੁੱਧ ਆਵਾਜ਼ ਉਠਾਉਦਾ ਰਿਹਾ। ਪਰ ਬਦਕਿਸਮਤੀ ਨਾਲ ਕੁਝ ਐਮ.ਐਲ.ਏ. ਅਜਿਹੇ ਵੀ ਹੁੰਦੇ ਹਨ ਜੋ ਵਿਧਾਨ ਸਭਾ ਵਿੱਚ ਆਪਣੇ ਮੂੰਹ ਨੂੰ ਜਿੰਦਰਾ ਲਾ ਕੇ ਰੱਖਦੇ ਹਨ, ਜਨਤਾ ਦੇ ਕੰਮਾਂ ਦੀ ਕੋਈ ਗੱਲ ਨਹੀਂ ਕਰਦੇ। ਥਾਣੇ ਅਤੇ ਕਚਹਿਰੀਆਂ ਦੇ ਕੰਮ ਉਨ੍ਹੇ ਜ਼ਰੂਰੀ ਨਹੀਂ ਹੁੰਦੇ। ਲੋਕਾਂ ਦੀ ਅਮਲੀ ਚਾਹਤ ਤਾਂ ਤਰੱਕੀ ਹੈ ਬੇਸ਼ੱਕ ਉਹ ਕਿਸੇ ਵੀ ਖੇਤਰ ਵਿੱਚ ਕਿਉਂ ਨਾ ਹੋਵੇ। ਮੇਰੇ ਕੰਮਾਂ ਦਾ ਮੈਨੂੰ ਇਨਾਮ ਵੀ ਮਿਲਿਆ, ਪਿਛਲੀ ਵਾਰ ਮੈਂ 34,000 ਵੋਟਾਂ ਨਾਲ ਜਿੱਤਿਆ ਸੀ ਅਤੇ ਇਸ ਵਾਰ 62,000 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ।
?ਜਿਸ ਤਰ੍ਹਾਂ ਅਸੀਂ ਹਰ ਅਕਾਲੀ ਮੰਤਰੀ ਨੂੰ ਬਾਦਲ ਸਾਹਿਬ ਬਾਰੇ ਪੁਛਿਆ ਤੇ ਉਹਨਾਂ ਨੇ ਬਾਦਲ ਸਾਹਿਬ ਦੀ ਬਹੁਤ ਤਾਰੀਫ਼ ਕੀਤੀ ਤੁਸੀਂ ਬੀ.ਜੇ.ਪੀ. ਦੇ ਇਕ ਸਿਪਾਹੀ ਹੁੰਦੇ ਹੋਏ ਉਹਨਾਂ ਬਾਰੇ ਕੀ ਕਹੋਗੇ।
-ਬਾਦਲ ਸਾਹਿਬ ਬਹੁਤ ਹੀ ਮਹਾਨ ਇਨਸਾਨ ਹਨ। ਬਾਦਲ ਸਾਹਿਬ ਵਰਗਾ ਆਗੂ ਅੱਜ ਤਕ ਪੰਜਾਬ ਦੀ ਧਰਤੀ ਤੇ ਪੈਦਾ ਨਹੀਂ ਹੋਇਆ। ਪਿਛਲੇ 5 ਸਾਲਾਂ ਵਿੱਚ ਵੀ ਜੋ ਮੈਂ ਲੋਕਾਂ ਲਈ ਬਾਦਲ ਸਾਹਿਬ ਤੋਂ ਮੰਗਿਆ ਉਹਨਾਂ ਨੇ ਦਿੱਤਾ। ਉਹਨਾਂ ਦੇ ਮੂੰਹੋਂ ਮੈਂ ਅੱਜ ਤੱਕ ਨਾਂਹ ਨਹੀਂ ਸੁਣੀ। ਇਸ ਵਾਰ ਮੇਰੀ ਪਾਰਟੀ ਅਤੇ ਮੁੱਖ ਮੰਤਰੀ ਦੇ ਵਿਸ਼ਵਾਸ਼ ਕਾਰਨ ਮੈਨੂੰ ਦੋ ਮਹਿਕਮੇ ਦਿਤੇ ਗਏ ਉਹ ਵੀ ਬਹੁਤ ਹੀ ਮਹਤਵਪੂਰਨ ਇਕ ਉਦਯੋਗ ਅਤੇ ਦੂਸਰਾ ਤਕਨੀਕੀ ਸਿੱਖਿਆ ਵਿਭਾਗ।
? ਜਿਸ ਤਰ੍ਹਾਂ ਜੋਸ਼ੀ ਜੀ, ਅਸੀਂ ਗੱਲ ਕਰਦੇ ਹਾਂ ਉਦਯੋਗ ਦੀ, ਉਸ ਨੂੰ ਪ੍ਰਫੁਲਿਤ ਕਰਨ ਲਈ ਤੁਸੀਂ ਕੀ ਨਵੇਂ ਕਦਮ ਚੁਕੋਗੇ ਅਤੇ ਵਿਦੇਸ਼ੀ ਭਾਰਤੀਆਂ ਨੂੰ ਪੰਜਾਬ ਵਿੱਚ ਉਦਯੋਗ ਲਗਾਉਣ ਲਈ ਕਿੰਝ ਉਤਸ਼ਾਹਿਤ ਕਰੋਗੇ।
-ਸੇਖੋਂ, ਦੇਖੋ ਅਜੇ ਸਰਕਾਰ ਨੂੰ ਪੰਜ ਮਹੀਨੇ ਹੋਏ ਹਨ ਬਣੀ ਨੂੰ ਪਰ ਅਸੀਂ ਕੰਮ ਦੀ ਰਫਤਾਰ ਬਹੁਤ ਤੇਜ ਰੱਖੀ ਹੈ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਆਪਣੀ ਇਸ ਆਦਤ ਬਾਰੇ ਦੱਸਿਆ ਹੈ। ਸੱਭ ਤੋਂ ਪਹਿਲਾਂ ਅਸੀਂ ਨਵੇਂ ਉਦਯੋਗਾਂ ਅਤੇ ਛੋਟੇ ਉਦਯੋਗਾਂ ਨੂੰ ਅੱਗੇ ਵਧਾਉਣ ਬਾਰੇ ਸੋਚ ਰਹੇ ਹਾਂ। ਜੇਕਰ ਕੋਈ ਛੋਟੇ ਉਦਯੋਗ ਨੂੰ ਅੱਗੇ ਵਧਾਏਗਾ ਤਾਂ ਹੀ ਉਹ ਕੋਈ ਵੱਡਾ ਉਦਯੋਗ ਸਥਾਪਿਤ ਕਰ ਪਾਏਗਾ ਭਵਿੱਖ ਵਿੱਚ। ਜਿਸ ਤਰ੍ਹਾਂ ਕਿਸੇ ਨੇ ਇੰਜਨੀਅਰਿੰਗ ਦੀ ਡਿਗਰੀ ਹਾਸਿਲ ਕਰ ਲਈ ਪਰ ਸਰਕਾਰੀ ਨੌਕਰੀ ਨਹੀਂ ਮਿਲੀ ਤਾਂ ਉਹ ਲੋਕ ਇਹਨਾਂ ਛੋਟੇ ਉਦਯੋਗਾਂ ਵਿੱਚ ਹੀ ਆਪਣਾ ਭਵਿੱਖ ਬਣਾ ਸਕਣਗੇ। ਪਹਿਲਾਂ ਇਹ ਉਦਯੋਗ ਸ਼ੁਰੂ ਕਰਨ ਲਈ ਵੀ ਸਾਲ ਤੋਂ ਵੱਧ ਸਮੇਂ ਵਿੱਚ ਸਰਕਾਰ ਤੋਂ ਆਗਿਆ ਮਿਲਦੀ ਸੀ ਪਰ ਹੁਣ ਅਸੀਂ ਉਦਯੋਗ ਪਾਲਿਸੀ ਬਣਾ ਰਹੇ ਹਾਂ ਜਿਸ ਤਹਿਤ ਸਾਰੇ ਡਿਪਾਰਟਮੈਂਟਾਂ ਤੋਂ ਆਗਿਆ ਤੀਹ ਦਿਨ ਵਿੱਚ ਮਿਲ ਜਾਵੇ ਤੇ ਛੇਤੀ ਉਦਯੋਗ ਸ਼ੁਰੂ ਹੋ ਸਕੇ। ਨਵੇਂ ਕਾਨੂੰਨ ਮੁਤਾਬਿਕ 5 ਕਰੋੜ ਤੋਂ ਥੱਲੇ ਉਦਯੋਗ ਲਗਾਉਣ ਲਈ ਜ਼ਿਲ੍ਹੇ ਦੇ ਉਦਯੋਗ ਦਫਤਰ ਵਿੱਚੋਂ ਹੀ ਕੰਮ ਹੋ ਜਾਇਆ ਕਰੇਗਾ ਵੱਖ-ਵੱਖ ਵਿਭਾਗਾਂ ਵਿੱਚ ਜਾ ਕੇ ਜੁੱਤੀਆ ਘਿਸਾਉਣਾ ਦਾ ਕੰਮ ਹੁਣ ਖਤਮ ਹੋ ਜਾਵੇਗਾ। ਦੂਸਰਾ ਜੋ ਉਦਯੋਗ ਚੱਲ ਰਹੇ ਹਨ, ਉਨ੍ਹਾਂ ਦਾ ਖਿਆਲ ਰੱਖਣਾ ਵੀ ਲਾਜ਼ਮੀ ਹੈ ਉਸ ਤਹਿਤ ਮੈਂ ਖੁੱਦ ਉਹਨਾਂ ਫੈਕਟਰੀਆਂ ਵਿੱਚ ਜਾ ਕੇ ਉਹਨਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਉਹਨਾਂ ਨੂੰ ਭਰੋਸਾ ਦਿਲਾਇਆ ਕਿ ਸਰਕਾਰ ਉਨ੍ਹਾਂ ਨਾਲ ਹੈ ਸੋ ਉਦਯੋਗਪਤੀਆ ਦੀਆਂ ਸਾਰੀਆਂ ਮੁਸ਼ਕਿਲਾਂ ਪਹਿਲ ਦੇ ਆਧਾਰ ਤੇ ਹੱਲ ਕੀਤੀਆਂ ਜਾਣਗੀਆਂ। ਮੈਂ ਇਕ ਹੋਰ ਗੱਲ ਉਹਨਾਂ ਨੂੰ ਆਖੀ ਹੈ ਕਿ ਜੇਕਰ ਕੋਈ ਅਫਸਰ ਭ੍ਰਿਸ਼ਟ ਦਿਖਾਈ ਦਿੰਦਾ ਹੈ ਤਾਂ ਉਸ ਨੂੰ ਖੂੰਜੇ ਲਾਉਣ ਲਈ ਮੈਨੂੰ ਖੁੱਦ ਆ ਕੇ ਮਿਲਣ।
? ਮੰਤਰੀ ਜੀ, ਬਾਕੀ ਜੋ ਉਦਯੋਗ ਬੰਦ ਹੋਣ ਦੇ ਕਿਨਾਰੇ ਖੜੇ ਹਨ ਉਹਨਾਂ ਦੀ ਮੁੜ ਚੜ੍ਹਦੀਕਲਾ ਲਈ ਕੀ ਉਦਮ ਕਰ ਰਹੇ ਹੋ।
-ਗੁਰਪ੍ਰੀਤ, ਇਹ ਤੁਸੀਂ ਬਹੁਤ ਚੰਗਾ ਸਵਾਲ ਕੀਤਾ। ਕੋਸ਼ਿਸ਼ ਹੈ ਕਿ ਉਹਨਾਂ ਤੇ ਲਗਾਏ ਗਏ ਵਿਆਜ ਖਤਮ ਕੀਤੇ ਜਾਣ। ਮੈਂ ਤੁਹਾਨੂੰ ਇਕ ਮਿਸਾਲ ਹੀ ਦੇ ਦਿੰਦਾ ਹਾਂ ਕਿ ਸਾਡਾ ਉਹਨਾਂ ਤੋਂ ਸਾਢੇ ਛੇ ਸੋ ਕਰੋੜ ਲੈਣਾ ਬਣਦਾ ਸੀ। ਮੈਂ ਕਿਹਾ ਕਿ ਤਕਰੀਬਨ ਸੱਠ ਕਰੋੜ ਰੁਪਇਆ ਲੈ ਕੇ ਬਾਕੀ ਸਾਰਾ ਵਿਆਜ ਮੁਆਫ ਕਰ ਦਿਓ। ਜਿਹੜੇ ਵਿਦੇਸ਼ੀ ਭਾਰਤੀ ਪੰਜਾਬ ਵਿੱਚ ਉਦਯੋਗ ਤੇ ਪੈਸਾ ਲਾਉਣਾ ਚਾਹੁੰਦੇ ਹਨ, ਉਹਨਾਂ ਨੂੰ ਅਸੀਂ ਉਹ ਸਾਰੀਆਂ ਸਹੂਲਤਾਂ ਦੇਵਾਂਗੇ ਜੋਂ ਲੋੜੀਦੀਆਂ ਹਨ । ਬਾਕੀ ਵੱਡੇ ਉਦਯੋਗਪਤੀਆ ਨੂੰ ਵੀ ਚਿੱਠੀਆਂ ਲਿਖੀਆਂ ਹਨ ਕਿ ਉਹ ਇੱਥੇ ਆ ਕੇ ਆਪਣੇ ਉਦਯੋਗ ਸਥਾਪਿਤ ਕਰਨ।
? ਜੋਸ਼ੀ ਜੀ, ਕੀ ਤੁਹਾਨੂੰ ਕਿਸੇ ਵੱਡੇ ਉਦਯੋਗਪਤੀ ਨੇ ਹਾਮੀ ਵੀ ਭਰੀ ਹੈ ਪੰਜਾਬ ਵਿੱਚ ਉਦਯੋਗ ਲਗਾਉਣ ਲਈ।
-ਦੇਖੋ, ਅਜੇ ਕਿਸੇ ਨੇ ਵਾਅਦਾ ਤਾਂ ਨਹੀਂ ਕੀਤਾ ਪਰ ਸ਼ੌਕ ਜ਼ਰੂਰ ਦਿਖਾਇਆ ਹੈ। ਜਿਸ ਦਿਨ ਮੈਂ ਆਪਣੀ ਕੁਰਸੀ ਸੰਭਾਲੀ ਉਸ ਦਿਨ 29 ਸੋ ਕਰੋੜ ਦੇ ਜੋ ਪ੍ਰਾਜੈਕਟ ਇਕਰਾਰੂ ਸੀ ਉਹ ਮੈਂ ਪਾਸ ਕਰ ਦਿੱਤੇ, ਕੁੱਝ ਪੁਰਾਣੇ ਸੀ ਤੇ ਕੁੱਝ ਨਵੇਂ ਵੀ।
? ਤੇ ਦੂਸਰਾ ਮੰਤਰੀ ਜੀ, ਤੁਹਾਨੂੰ ਤਕਨੀਕੀ ਸਿੱਖਿਆ ਵਿਭਾਗ ਸੌਂਪਿਆ ਗਿਆ ਹੈ, ਉਸਦੇ ਵਿੱਚ ਹੋਰ ਸੁਧਾਰ ਲਿਆ ਰਹੇ ਹੋ ਅਤੇ ਪਹਿਲਾਂ ਉਹ ਕੀ-ਕੀ ਕੰਮ ਕਰ ਰਿਹਾ ਹੈ।
-ਦੇਖੋ, ਗੁਰਪ੍ਰੀਤ ਇਸ ਵਿਭਾਗ ਦੀ ਹਾਲਤ ਬਹੁਤ ਮਾੜੀ ਸੀ। ਬੱਚਾ ਆਈ.ਟੀ.ਆਈ. ਤਾਂ ਕਰ ਲੈਂਦਾ ਸੀ ਪਰ ਉਸਨੂੰ ਕੰਮ ਕਰਨਾ ਨਹੀਂ ਆਉਂਦਾ ਸੀ। ਇਸ ਤਰ੍ਹਾਂ ਅਸੀਂ ਇਕ ਜਰਮਨ ਕੰਪਨੀ ਨਾਲ ਇਕ ਸਮਝੌਤਾ ਕੀਤਾ ਹੈ। ਉਹ ਪੂਰੀ ਦੁਨੀਆਂ ਵਿੱਚ ਕੰਮ ਕਰਦੇ ਹਨ। ਉਹ ਇਸ ਲਈ ਆਪਣੇ ਕੋਰਸ ਸ਼ੁਰੂ ਕਰਵਾ ਰਹੇ ਹਨ। ਉਥੋਂ ਸਿੱਖ ਕੇ, ਉਹਨਾਂ ਨੂੰ ਸਿੱਧੀਆਂ ਨੌਕਰੀਆਂ ਮਿਲ ਜਾਣਗੀਆਂ। ਜਿਸ ਤਰ੍ਹਾਂ ਕਿ ਸਾਡੀਆਂ ਮਸ਼ੀਨਾਂ ਨੂੰ ਜੋ ਪੰਜਾਬ ਵਿੱਚ ਲੱਗੀਆਂ ਹਨ ਠੀਕ ਕਰਨ ਲਈ ਇੰਜੀਨੀਅਰ ਬਾਹਰੋਂ ਮੰਗਵਾਉਣੇ ਪੈਂਦੇ ਹਨ, ਜੋ ਕਿ ਇਕ ਬਹੁਤ ਮਹਿੰਗਾ ਸੌਦਾ ਹੈ, ਇਸ ਸਿਖਲਾਈ ਤੋਂ ਬਾਅਦ ਸਾਡੇ ਤਿਆਰ ਕੀਤੇ ਹੋਏ ਇੰਜੀਨੀਅਰ ਮਸ਼ੀਨਾ ਨੂੰ ਠੀਕ ਕਰਨ ਦੇ ਕਾਬਿਲ ਬਣ ਜਾਣਗੇ। ਉਦਯੋਗਪਤੀਆਂ ਨੂੰ ਵੀ ਫਾਇਦਾ ਹੋਵੇਗਾ ਤੇ ਰੁਜ਼ਗਾਰ ਦੇ ਸਾਧਨ ਵੀ ਵੱਧਣਗੇ। ਸਰਟੀਫਿਕੇਟ ਤਾਂ ਹਰ ਕੋਈ ਹਾਸਿਲ ਕਰ ਲੈਂਦਾ ਹੈ। ਪਰ ਕੰਮ ਬਹੁਤ ਥੋੜੇ ਲੋਕਾਂ ਨੂੰ ਆਉਂਦਾ ਹੈ, ਇਹ ਪੰਜਾਬ ਲਈ ਤ੍ਰਾਸ਼ਦੀ ਵਾਲੀ ਗੱਲ ਹੈ। ਔਰਤਾਂ ਲਈ ਵੀ ਕੋਰਸ ਸ਼ੁਰੂ ਕੀਤੇ ਜਾਣਗੇ ਤਾਂ ਜੋ ਉਹ ਆਪਣੇ ਪੈਰਾਂ ਤੇ ਖੜ੍ਹੀਆਂ ਹੋ ਸਕਣ।
? ਤੁਸੀਂ ਸਾਡੇ ਪਾਠਕਾਂ ਨੂੰ ਕੀ ਸੁਨੇਹਾਂ ਦੇਣਾ ਚਾਹੋਗੇ, ਜੋਸ਼ੀ ਸਾਹਿਬ।
-ਦੇਖੋ ਗੁਰਪ੍ਰੀਤ, ਅੱਜ ਤੋਂ ਪੰਜ ਸਾਲ ਪਹਿਲਾਂ ਵਾਲੇ ਪੰਜਾਬ ਬਾਰੇ ਸੋਚੋ ਅਤੇ ਅੱਜ ਦੇ ਪੰਜਾਬ ਦੀ ਤਸਵੀਰ ਵੱਲ ਝਾਤੀ ਮਾਰੋ। ਹਰ ਪਾਸੇ ਤੱਰਕੀ ਹੋ ਰਹੀ ਹੈ, ਮਲੂਕਾ ਸਾਹਿਬ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਅਪਾਰ ਯਤਨ ਕਰ ਰਹੇ ਹਨ। ਉਹਨਾਂ ਨੇ ਹਰ ਇਕ ਸਿੱਖਿਅਕ ਅਦਾਰੇ ਨੂੰ ਹਦਾਇਤਾਂ ਦਿੱਤੀਆਂ ਹਨ ਕਿ ਉਥੇ ਹਰ ਅਦਾਰੇ ਵਿੱਚ 2000 ਬੂਟੇ ਲਗਾਏ ਜਾਣ ਤਾਂ ਜੋ ਅਸੀਂ ਆਪਣੇ ਸਮਾਜ ਨੂੰ ਸ਼ੁੱਧ ਕਰ ਸਕੀਏ। ਮੇਰਾ ਇਕ ਸੁਨੇਹਾ ਦੁਨੀਆ ਦੇ ਹਰ ਇਕ ਇਨਸਾਨ ਨੂੰ ਹੀ ਹੈ ਕਿ ਅਸੀਂ ਸੁਖ ਸ਼ਾਂਤੀ ਨਾਲ ਜੀਏ ਅਤੇ ਹੋਰਾਂ ਨੂੰ ਵੀ ਸੁਖ ਸ਼ਾਂਤੀ ਨਾਲ ਜਿਉਣ ਦੇਈਏ।
ਅੱਜ ਇਸ ਮੰਤਰੀ ਨੂੰ ਮਿਲਕੇ ਮਹਿਸੂਸ ਹੋਇਆ ਕਿ ਇਮਾਨਦਾਰੀ ਅਜੇ ਜ਼ਿੰਦਾ ਹੈ, ਇਨਸਾਨ ਅੱਜੇ ਜਿਉਂਦੇ ਹਨ, ਸ਼ਾਂਤੀ ਦੀ ਕਾਮਨਾ ਕਰਦੇ ਹਨ, ਨਹੀਂ ਤਾਂ ਮੈਨੂੰ ਕਦੇ-ਕਦੇ ਮਹਿਸੂਸ ਹੁੰਦਾ ਸੀ ਕਿ ਸਾਨੂੰ ਅੱਗ ਦੇ ਵਿੱਚ ਬਲਣ ਦਾ ਸ਼ੌਕ ਹੋ ਗਿਆ ਸੋ ਅਸੀਂ ਕਾਮ, ਕ੍ਰੋਧ, ਮੋਹ, ਮਾਇਆ ਅਤੇ ਹੰਕਾਰ ਨੂੰ ਆਪਣਾ ਸਾਥੀ ਬਣਾ ਲਿਆ ਹੈ।