Quami Ekta – Punjabi News (ਕੌਮੀ ਏਕਤਾ – ਪੰਜਾਬੀ ਖ਼ਬਰਾਂ)
Punjabi news & English news covering the world focusing on Punjab, India and Punjabis! Leading Punjabi Newspaper since 2002!

ਪੈਰਿਸ ਦਾ ਆਈਫਲ ਟਾਵਰ

ਸੁਖਵੀਰ ਸਿੰਘ ਸੰਧੂ, ਪੈਰਿਸ
By ਸੁਖਵੀਰ ਸਿੰਘ ਸੰਧੂ, ਪੈਰਿਸ • Sep 7th, 2009 • Category: ਲੇਖ

Aiphal-Tawe

ਤੁਸੀ ਪੈਰਿਸ ਦੇ ਕਿਸੇ ਦਰਵਾਜ਼ਿਉਂ ਵੀ ਅੰਦਰ ਵੜੋ ।ਨਿਹੰਗਾਂ ਦੇ ਬਰਛੇ ਵਾਂਗ ਗੱਡਿਆ ਆਈਫਲ ਟਾਵਰ ਤੁਹਾਨੂੰ ਦੂਰੋਂ ਹੀ ਵਿਖਾਈ ਦੇਵੇਗਾ।ਇਹ ਪੈਰਿਸ ਵਿੱਚ ਸੇਨ ਦਰਿਆ ਦੇ ਕੰਢੇ ਤੇ ਸਥਿਤ ਹੈ।ਫਰੈਂਚ ਲੋਕ ਇਸ ਨੂੰ ਟੂਰ ਆਈਫਲ ਕਹਿੰਦੇ ਹਨ।ਇਹ ਟੂਰ ਆਈਫਲ ਇੱਕ ਧਨਾਢ ਤੇ ਲੋਹੇ ਦੀਆਂ ਧਾਤਾਂ ਦੇ ਮਾਹਰ ਸਫਲ ਇੰਜੀਨੀਅਰ  ਗੁਸਟੇਵ ਆਈਫਲ ਨੇ ਬਣਾਇਆ ਸੀ।ਜੋ ਫਰਾਂਸ ਦੇ ਸ਼ਹਿਰ ਦੀਜ਼ੋਨ ਵਿੱਚ 15 ਦਸੰਬਰ 1832 ਨੂੰ ਪੈਦਾ ਹੋਇਆ ।ਉਸ ਨੇ 20 ਸਾਲ ਦੀ ਉਮਰ ਵਿੱਚ ਹੀ ਇੰਜੀਨੀਅਰ ਦਾ ਕੋਰਸ ਪੂਰਾ ਕਰ ਲਿਆ ਸੀ।ਟਾਵਰ ਬਣਾਉਣ ਤੋਂ ਪਹਿਲਾਂ ਉਸ ਨੇ ਰੇਲਵੇ ਲਾਈਨਾਂ ਤੇ ਕਈ ਲੋਹੇ ਦੇ ਪੁਲ ਫਰਾਂਸ ਵਿੱਚ ਬਣਾਏ ਸਨ।ਉਸ ਦੇ ਨਾਂ ਤੋਂ ਹੀ ਟਾਵਰ ਨਾਲ ਆਈਫਲ ਜੁੜਿਆ ਜਿਸ ਨੂੰ ਹੁਣ ਅਈਫਲ ਟਾਵਰ ਕਹਿੰਦੇ ਹਨ।

ਆਈਫਲ ਨੂੰ ਟਾਵਰ ਬਣਾਉਣ ਦਾ ਫੁਰਨਾ ਆਪਣੇ ਦੋ ਸਹਾਇਕ  ਇੰਜੀਨੀਅਰ ਮੋਰੀਸ ਕੋਚਲੀਨ ਤੇ ਏਮੀਲ ਨੁਗੀਅਰ ਨਾਲ ਜੂਨ 1884 ਵਿਚ ਫੁਰਿਆ।ਆਈਫਲ ਨੇ ਫਰਾਂਸ ਦੀ ਗੋਰਮਿੰਟ ਤੇ ਪੈਰਿਸ ਦੇ ਮੇਅਰ ਨਾਲ ਜਨਵਰੀ 1887 ਵਿੱਚ ਟਾਵਰ ਦੇ ਪ੍ਰੋਜੈਕਟ ਤੇ ਦਸਤਖਤ ਕੀਤੇ।ਇਸ ਦੇ ਬਜ਼ਟ ਵਿਚੋਂ 1.500.000 ਫਰੈਂਕ ਸੋਨੇ ਦੇ ਗੋਰਮਿੰਟ ਨੇ ਕੰਮ ਸ਼ੁਰੂ ਕਰਨ ਤੇ ਦੇਣ ਦਾ ਵਾਅਦਾ ਕੀਤਾ।ਅਤੇ 5.000.000 ਫਰੈਂਕ ਆਈਫਲ ਨੇ ਆਪ ਪ੍ਰਬੰਧ ਕਰਨ ਦਾ ਵਾਅਦਾ ਕੀਤਾ।ਕਿਉਕਿ ਉਸ ਨੇ ਗੋਰਮਿੰਟ ਨਾਲ ਇਕ ਲਿਖਤੀਨਾਮਾ ਕੀਤਾ ਸੀ ਕਿ ਟਾਵਰ ਨਾਲ ਮੇਰਾ ਨਾਂ ਆਈਫਲ ਜੋੜਿਆ ਜਾਵੇ।ਅਤੇ 20 ਸਾਲ  ਆਮਦਨ ਵੀ ਇਸ ਦੀ ਮੈਂ ਲਵਾਗਾਂ।ਪਰ ਉਸ ਵਕਤ ਇਸ ਦਾ ਬੱਜ਼ਟ ਹੋਰ ਵਧ ਗਿਆ ਜਦੋ ਲਿਫਟ ਦਾ 1.300.000 ਫਰੈਂਕ ਖਰਚਾ ਹੋਰ ਜੋੜਿਆ ਗਿਆ ਤਾਂ ਟਾਵਰ ਦਾ ਕੁਲ ਬੱਜ਼ਟ 7.800.000 ਫਰੈਂਕ ਬਣ ਗਿਆ।ਕਾਫੀ ਸਾਰੇ ਪੈਸੇ ਆਈਫਲ ਨੇ ਆਪਣੇ ਕੋਲੋਂ ਪਰਸਨਲ ਵੀ ਪਾਏ। ਬਾਕੀ ਤਿੰਨ ਬੈਕਾਂ ਤੋਂ ਉਧਾਰ ਲਏ।

ਇਹ ਸਭ ਕੁਝ ਸਾਈਨ ਹੋ ਜਾਣ ਤੋਂ ਬਾਅਦ 26 ਜਨਵਰੀ 1887 ਨੂੰ ਆਈਫਲ ਨੇ ਟਾਵਰ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ।ਆਈਫਲ ਨੇ ਪੈਰਿਸ ਦੇ ਬਾਹਰਵਾਰ ਸ਼ਹਿਰ (ਲੇਵਲਿਉਜ਼ ਪੈਰਿਟ) ਵਿੱਚ ਇਕ ਫੈਕਟਰੀ ਖੋਲ੍ਹੀ ਜਿਸ ਵਿਚ 150 ਆਦਮੀ ਕੰਮ ਤੇ ਲਾਏ।ਉਸ ਫੈਕਟਰੀ ਵਿੱਚ ਗਾਡਰਾਂ ਦੀ ਮਿਣਾਈ ਤੇ ਕਟਾਈ ਹੁੰਦੀ ਸੀ ਅਤੇ ਨਕਸ਼ੇ ਬਣਦੇ।ਟਾਵਰ ਬਣਾਉਣ ਲਈ ਕੁਲ 250 ਆਦਮੀ ਕੰਮ ਕਰਦੇ ਸਨ।ਆਈਫਲ ਨੇ ਫਾਊਡੇਂਸ਼ਨ ਬੰਨ੍ਹਣ ਦਾ ਕੰਮ ਬਹੁਤ ਜਲਦੀ ਨਾਲ ਸ਼ੁਰੂ ਕੀਤਾ।ਟਾਵਰ ਦੀ ਫਾਊਡੇਂਸ਼ਨ ਪਾਉਣ ਲਈ ਕੋਈ 6 ਮਹੀਨੇ ਲੱਗੇ।ਫਾਊਡੇਂਸ਼ਨ ਦਾ ਕੰਮ ਧਰਤੀ ਥੱਲੇ ਪਾਣੀ ਦੇ ਲੈਵਲ ਤੋਂ ਸ਼ੁਰੂ ਕੀਤਾ ਦਿਆ।ਇਤਨੀ ਡੂਘਾਈ ਵਿੱਚ ਲੇਬਰ ਨੂੰ ਸਾਹ ਲੈਣ ਦੀ ਮੁਸ਼ਕਲ ਆ ਰਹੀ ਸੀ।ਉਸ ਨੇ ਆਕਸੀਜਨ ਦੀ ਘਾਟ ਨੂੰ ਪੂਰਾ ਕਰਨ ਲਈ ਥੱਲੇ ਆਕਸੀਜਨ ਦਾ ਪ੍ਰਬੰਧ ਵੀ ਕੀਤਾ ਘੋੜੇ ਦੀਆਂ ਖੁਰੀਆਂ ਵਰਗੇ ਟਾਵਰ ਦੇ ਪੈਰਾਂ ਥੱਲੇ ਬਹੁਤ ਹੀ ਮਜ਼ਬੂਤ ਸੀਮਿੰਟ ਦੀਆਂ ਮੋਟੀਆਂ ਦੀਵਾਰਾਂ ਬਣਾਈਆਂ

ਗਈਆਂ।ਜਿਹੜੀਆਂ ਕਿ ਲੋਹੇ ਦੇ ਟਾਵਰ ਦਾ 7300 ਟਨ ਭਾਰ ਸਹਿ ਸਕਣ।ਸਿਰਫ

ਟਾਵਰ ਦੇ ਲੋਹੇ ਦਾ ਭਾਰ 7300 ਟਨ ਹੈ। ਵੈਸੇ ਇਸ ਦਾ ਕੁਲ ਭਾਰ 10000 ਟਨ ਹੈ।ਦੋ ਪਿਲਰਾਂ ਦੇ ਥੱਲੇ ਤਰਲ ਹੈਡਰਿਲਿਕ ਭਰੀ ਗਈ।ਜਿਹੜੀ ਕਿ ਹਨੇਰੀਆਂ ਝੱਖੜਾਂ ਵਿੱਚ ਲਚਕ ਦੇ ਕੇ ਬਚਾ ਸਕੇ।

ਇੱਸ ਦੇ ਚਾਰੇ ਪਿਲਰ 1 ਜੁਲਾਈ 1887 ਨੂੰ ਖੜੇ ਕੀਤੇ ਗਏ।ਪਹਿਲੀ ਮੰਜ਼ਲ ਦੇ ਚਾਰੇ ਪਿਲਰਾਂ ਦੇ ਜੰਕਸ਼ਨ ਜੋੜਨ ਲਈ ਇੰਜੀਨੀਅਰਾਂ ਦੇ ਕਹਿਣ ਮੁਤਾਬਿਕ ਸਖਤ ਮਿਹਨਤ ਕਰਨੀ ਪਈ।ਚੌਹਾਂ ਪਿਲਰਾਂ ਦੇ ਵਿੱਚਕਾਰ ਇੱਕ 30 ਮੀਟਰ ਉਚੀ ਲੱਕੜ ਦੀ ਪੈੜ ਕੀਤੀ ਗਈ ਤਾਂ ਕਿ ਪਹਿਲੀ ਮੰਜ਼ਲ ਦੇ ਚਾਰੇ ਪਿਲਰਾਂ ਦੇ ਜ਼ੰਕਸ਼ਨਾਂ ਨੂੰ ਅਸਾਨੀ ਨਾਲ ਜੋੜਿਆ ਜਾ ਸਕੇ।ਫੇਰ 45 ਮੀਟਰ ਹੋਰ ਉਚੀ ਪੈੜ ਜੋੜੀ ਗਈ ਜਿਸ ਰਾਹੀਂ ਪਹਿਲੀ ਮੰਜ਼ਲ ਦੇ ਉਪਰ ਤੱਕ ਵਰਕਰ ਅਸਾਨੀ ਨਾਲ ਕੰਮ ਕਰ ਸਕਣ।ਇਸ ਦੀ ਪਹਿਲੀ ਮੰਜ਼ਲ ਰੇਤੇ ਦੇ ਵੱਡੇ ਵੱਡੇ ਡੱਬੇ ਰੱਖ ਕੇ ਲੈਵਲ ਕੀਤੀ ਗਈ।ਲੈਵਲ ਕਰਦੇ ਵਕਤ 1 ਮਿਲੀਮੀਟਰ ਦਾ ਫਰਕ ਨਹੀ ਸੀ ਪੈਣ ਦਿੱਤਾ।ਬਾਕੀ ਗਾਡਰਾਂ ਦੀ ਕਟਾਈ  ਵੀ ਇਤਨੀ ਬਾਰੀਕ ਗਿਣਤੀ ਮਿਣਤੀ ਨਾਲ ਹੁੰਦੀ ਸੀ ,ਅਗਰ ਮਿਲੀਮੀਟਰ ਦੇ ਦਸਵੇਂ ਹਿੱਸੇ ਜਿੰਨਾਂ ਫਰਕ ਵੀ ਹੁੰਦਾ ਤਾਂ ਉਸ ਨੂੰ ਟਾਵਰ ਉਤੇ ਫਿੱਟ ਨਹੀ ਸੀ ਕਰਦੇ ।ਅਗਰ ਫੈਕਟਰੀ ਵਿੱਚੋਂ ਗਲਤੀ ਨਾਲ ਟਾਵਰ ਤੇ ਪਹੁੰਚ ਵੀ ਜਾਂਦਾ ਸੀ ਉਸ ਨੂੰ ਉਸੇ ਵਕਤ ਉਤਾਰ ਕੇ ਉਥੇ ਠੀਕ ਨਹੀ ਸੀ ਕਰਦੇ ,ਵਾਪਸ ਫੈਕਟਰੀ ਭੇਜਦੇ ਤੇ ਦੁਵਾਰਾ ਕਟਾ ਕੇ ਫਿਰ ਲਿਆਉਦੇਂ।ਚਾਲੀ ਇੰਜੀਨੀਅਰਾਂ ਅਤੇ ਉਹਨਾਂ ਦੇ ਸਹਾਇਕਾਂ ਦੀ ਨਿਗਰਾਨੀ ਵਿਚ ਇਹ ਸਾਰਾ ਮੀਟੀਅਰਲ ਤਿਆਰ ਹੁੰਦਾ।ਜਿਹਨਾਂ 700 ਦੇ ਕਰੀਬ ਇਸ ਨੂੰ ਬਣਾਉਣ ਦੇ ਨਕਸ਼ੇ ਤਿਆਰ ਕੀਤੇ ਅਤੇ ਫੈਕਟਰੀ ਵਿੱਚ ਪੀਸਾਂ ਦੇ 3600 ਡਜ਼ਾਈਨ ਹੋਰ ਬਣੇ।7 ਦਸੰਬਰ 1887 ਨੂੰ ਪਹਿਲੀ ਮੰਜ਼ਲ ਬਣ ਕੇ ਤਿਆਰ ਹੋ ਗਈ ਸੀ ।ਇਹ ਮੰਜ਼ਲ ਧਰਤੀ ਤੋਂ 57.63 ਮੀਟਰ ਉਚੀ ਹੈ ਤੇ ਇਸ ਦਾ ਵਰਗਾਕਾਰ ਘੇਰਾ 4200 ਮੀਟਰ ਹੈ।3000 ਆਦਮੀ ਇਸ ਉਪਰ ਖੜ ਸਕਦੇ ਹਨ।

ਇਸ ਦੀ ਦੂਸਰੀ ਮੰਜ਼ਲ 14 ਅਗਸਤ 1888 ਨੂੰ ਬਣ ਕੇ ਤਿਆਰ ਹੋਈ।1888 ਦੀ ਕੜਾਕੇ ਦੀ ਠੰਢ ਵਿੱਚ ਮਜ਼ਦੂਰ 9 ਘੰਟੇ ਕੰਮ ਕਰਦੇ ।ਜਦੋਂ ਗਰਮੀਆਂ ਦਾ ਮੌਸਮ ਹੁੰਦਾ ਤਾਂ 12 ਘੰਟੇ ਕੰਮ ਕਰਦੇ ।ਦੋਜ਼ਖ ਭਰਿਆ ਤੇ ਸਖਤ ਕੰਮ ਕਰਦਿਆਂ ਮਜ਼ਦੂਰਾਂ ਨੇ ਆਪਣੀ ਤਨਖਾਹ ਵਧਾਉਣ ਲਈ ਦੋ ਵਾਰ ਹੜਤਾਲ ਵੀ ਕੀਤੀ।ਆਈਫਲ ਨੇ ਉਹਨਾਂ ਦੀਆਂ ਕੁਝ ਮੰਗਾਂ ਵੀ ਮੰਨੀਆਂ ।ਜਿਹਨਾਂ ਵਿਚੋਂ ਪਹਿਲੀ ਮੰਜ਼ਲ ਉਪਰ ਮਜ਼ਦੂਰਾਂ ਲਈ ਚਾਹ ਪਾਣੀ ਲਈ ਇਕ ਕੰਨਟੀਨ ਦਾ ਪ੍ਰਬੰਧ ਵੀ ਕੀਤਾ।ਦੂਸਰੀ ਮੰਜ਼ਲ ਧਰਤੀ ਤੋਂ 115.88 ਮੀਟਰ ਉਚੀ ਹੈ।ਉਸ ਦਾ ਵਰਗਾਕਾਰ ਘੇਰਾ 1650 ਮੀਟਰ ਹੈ।ਜਿਸ ਉਪਰ ਅਸਾਨੀ ਨਾਲ 1600 ਆਦਮੀ ਖੜ ਸਕਦੇ ਹਨ।

ਤੀਸਰੀ ਮੰਜ਼ਲ ਦੀ 300 ਮੀਟਰ ਦੀ ਉਚਾਈ ਉਪਰ ਜਦੋਂ ਵਰਕਰ ਡੰਡਿਆਂ ਵਾਲੀਆਂ ਪੌੜੀਆਂ ਰਾਹੀਂ ਚ੍ਹੜਦੇ ਤਾਂ ਲੋਕਾਂ ਦੀਆਂ ਅੱਖਾਂ ਗੱਡੀਆਂ ਰਹਿ ਜਾਂਦੀਆਂ।ਵੇਖਣ ਵਾਲਿਆਂ ਦੀਆਂ ਭੀੜਾਂ ਲੱਗ ਗਈਆਂ।ਬਣਾਉਂਦਿਆਂ ਨੂੰ ਵੇਖਣ ਲਈ ਟਿਕਟ ਲਾ ਦਿੱਤੀ ਗਈ।ਬਣਦੇ ਵਕਤ ਹੀ ਬਹੁਤ ਸਾਰਾ ਪੈਸਾ ਅਉਣਾ ਸ਼ੁਰੂ ਹੋ ਗਿਆ।ਜੋ 7.800.000 ਫਰੈਂਕ ਦਾ ਬੱਜਟ ਸੀ।ਉਸ ਵਿੱਚੋਂ ਵੀ ਰਕਮ ਬਚ ਗਈ।ਕਿਉਂਕਿ ਬਣਦੇ ਵਕਤ ਹੀ 2.000.000 ਲੋਕ ਵੇਖਣ ਲਈ ਆਏ।

ਇਸ ਦੀ ਤੀਸਰੀ ਮੰਜ਼ਲ 31 ਮਾਰਚ 1889 ਨੂੰ ਬਣ ਕੇ ਤਿਆਰ ਹੋਈ।ਅਤੇ ਉਸ ਵਕਤ ਆਪਣੇ ਜ਼ਮਾਨੇ ਦਾ ਦੁਨੀਆਂ ਦਾ ਸਭ ਤੋਂ ਉਚਾ ਟਾਵਰ ਬਣ ਗਿਆ।ਜਿਸ ਦੀ ਉਸ ਵਕਤ ਉਚਾਈ 300 ਮੀਟਰ ਸੀ।ਜੋ ਇਕ ਅਜੂਬਾ ਹੋ ਨਿਬੜਿਆ ।31 ਮਾਰਚ 1889 ਨੂੰ ਅਈਫਲ ਨੇ ਆਪਣੇ ਹੱਥੀਂ ਇਸ ਦੀ 300 ਮੀਟਰ ਦੀ ਚੋਟੀ ਉਪਰ ਫਰਾਂਸ ਦਾ ਝੰਡਾ ਜਾ ਝੁਲਾਇਆ।ਪਰ ਹੁਣ ਇਸ ਦੀ ਉਚਾਈ 320 ਮੀਟਰ ਹੈ।ਸਮੁੰਦਰੀ ਤਲ ਤੋਂ 320.20 ਮੀਟਰ ਹੈ। ਧਰਤੀ ਤੋਂ ਤੀਸਰੀ ਮੰਜ਼ਲ ਦਾ ਫਰਸ਼ 276.13 ਮੀਟਰ ਅਤੇ ਇਸ ਦਾ ਵਰਗਾਕਾਰ ਘੇਰਾ 350 ਮੀਟਰ ਹੈ। ਉਸ ਉਪਰ 400 ਆਦਮੀ ਅਰਾਮ ਖੜ ਸਕਦੇ ਹਨ।

ਟਾਵਰ ਦੇ ਸਾਰੇ ਜੋੜ ਰਿੰਬਟਾਂ ਨਾਲ ਫਿਟ ਕੀਤੇ ਗਏ।ਰਿੰਬਟਾਂ ਨੂੰ ਸੇਕ ਨਾਲ ਲਾਲ ਸੁਰਖ ਕਰਕੇ ਗਾਡਰਾਂ ਦੇ ਸੁਰਾਖਾਂ ਵਿੱਚ ਪਾਉਦੇਂ ਅਤੇ ਇਕ ਰਿੰਬਟ ਨੂੰ ਚਾਰ ਜਣੇ ਦੋਵੇਂ ਪਾਸੀਂ ਸੱਟਾਂ ਮਾਰ ਮਾਰ ਕੇ ਟਾਈਟ ਕਰਦੇ ।ਟਾਵਰ ਨੂੰ ਕੁਲ 18038 ਗਾਡਰਾਂ ਦੇ ਪੀਸ ਲੱਗੇ। ਤੇ ਉਹਨਾਂ ਨੂੰ ਫਿਟ ਕਰਨ ਲਈ 2.500.000 ਰਿੰਬਟ ਲੱਗਿਆ,ਫਿਰ ਕਿਤੇ ਜਾ ਕੇ ਇਹ ਟਾਵਰ ਖੜਾ ਹੋਇਆ।ਆਪ ਹੈਰਾਨ ਹੋਵੋਗੇ ਕਿ ਟਾਵਰ ਨੂੰ ਇਤਨਾ ਲੋਹਾ ਲੱਗਿਆ ਹੈ।ਅਗਰ ਸਾਰੇ ਲੋਹੇ ਨੂੰ ਢਾਲ ਕੇ ਤਹਿ ਲਾਈ ਜਾਵੇ ਤਾਂ 100 ਮੀਟਰ ਲੰਬੀ ਅਤੇ 6 ਸੈਂਟੀਮੀਟਰ ਮੋਟੀ ਤਹਿ ਹੋਵੇਗੀ।

(ਲਿਫਟ) ਉਸ ਜਮਾਨੇ ਵਿਚ ਲਿਫਟਾਂ ਘੱਟ ਹੀ ਸਨ ਅਤੇ ਨਵੀਂ ਨਵੀਂ ਲਿਫਟ ਦੀ ਕਾਢ ਨਿਕਲੀ ਸੀ।ਆਈਫਲ ਨੇ ਲਿਫਟ ਦਾ ਕੰਮ (ਫਾਈਵ ਲੀਲ) ਕੰਪਨੀ ਤੋਂ 1899 ਵਿਚ ਕਰਾਇਆ।ਜਿਸ ਉਪਰ 1.300.000 ਫਰੈਂਕ ਦਾ ਖਰਚਾ ਆਇਆ । ਟਾਵਰ ਦੇ ਤਿੰਨ ਪਿਲਰਾਂ ਵਿਚ ਲਿਫਟ ਚਲਦੀ ਹੈ। ਤੇ ਇੱਕ ਪਿਲਰ ਵਿਚ ਪਉੜੀਆਂ ਚੜ੍ਹਦੀਆਂ ਹਨ।ਦੋ ਲਿਫਟਾਂ ਅੱਜ ਵੀ ਕੋਈ ਸੌ ਸਾਲ ਤੋਂ ਵੱਧ ਪੁਰਾਣੀਆਂ ਚੱਲ ਰਹੀਆਂ ਹਨ।ਇਹਨਾਂ ਦੀ ਮਸ਼ੀਨਰੀ ਨੂੰ ਥੱਲੇ(ਅੰਡਰਗਰਾਊਂਡ)ਲੋਕੀ ਹੈਰਾਨੀ ਨਾਲ ਵੇਖਣ ਲਈ ਜਾਂਦੇ ਹਨ।

ਧਰਤੀ ਤੋਂ ਟਾਵਰ ਦੀ ਦੂਸਰੀ ਮੰਜ਼ਲ ਤੱਕ ਲਿਫਟ ਚਲਦੀ ਹੈ।ਇਹ 1899 ਦੀ ਬਣੀ ਲਿਫਟ 80 ਆਦਮੀ ਲ਼ੈਕੇ 1 ਸਕਿੰਟ ਵਿੱਚ 2 ਮੀਟਰ ਦੀ ਰਫਤਾਰ ਨਾਲ ਦੂਸਰੀ ਮੰਜ਼ਲ ਤੱਕ ਲੈ ਜ਼ਾਦੀ ਹੈ।ਦੂਸਰੀ ਮੰਜ਼ਲ ਤੋਂ ਲਿਫਟ ਬਦਲਣੀ ਪੈਦੀ ਹੈ।ਉਥੋਂ ਤੀਸਰੀ ਮੰਜ਼ਲ ਤੇ ਜਾਣ ਲਈ ਇੱਕ ਕੈਬਿਨ ਟਾਈਪ ਲਿਫਟ ਚੱਲਦੀ ਹੈ।ਇਸ ਲਿਫਟ ਵਿੱਚ ਕੁਲ ਵੀਹ ਆਦਮੀ ਚੜ੍ਹ ਸਕਦੇ ਹਨ।ਇਹ ਦੂਸਰੀ ਮੰਜ਼ਲ ਤੋਂ 120 ਮੀਟਰ ਦਾ ਰਸਤਾ ਤਿੰਨ ਮਿੰਟ ਵਿੱਚ ਤਹਿ ਕਰਕੇ ਤੀਸਰੀ ਮੰਜ਼ਲ ਤੱਕ ਲੈ ਜਾਦੀ ਹੈ।ਅਗਰ ਤੁਸੀਂ ਟਾਵਰ ਉਪਰ ਪੌੜੀਆਂ ਰਾਹੀਂ ਜਾਣਾ ਚਾਹੁੰਦੇ ਹੋਵੋ ਅਤੇ ਅਤੇ ਤੁਹਾਡੇ ਗੋਡੇ ਲੱਤਾਂ ਸਹੀ ਕੰਮ ਕਰਦੇ ਨੇ,ਤੁਸੀਂ ਪੌੜੀਆਂ ਰਾਹੀਂ ਵੀ ਜਾ ਸਕਦੇ ਹੋ।ਕਿਉਕਿ ਟਾਵਰ ਦੀਆਂ ਕੁਲ 1665 ਪੌੜੀਆਂ ਹਨ।ਇਹਨਾਂ ਪੌੜੀਆਂ ਰਾਹੀਂ ਫਰਾਂਸ ਦੇ ਰਿੱਕ ਚੈਪੀਅਨ ਨੇ ਉਪਰ ਚੜ੍ਹਨ ਦਾ 8 ਮਿੰਟ ਅਤੇ 29 ਸਕਿੰਟ ਦਾ ਰਿਕਾਰਡ ਕਾਇਮ ਕੀਤਾ ਹੈ।ਪੌੜੀਆਂ ਮਜ਼ਬੂਤ ਵੀ ਬਹੁਤ ਹਨ। ਕਿਉਂਕਿ ਸਰਕਸ ਬੁਜਲਿਓਨ ਦਾ ਹਾਥੀ ਵੀ ਇਹਨਾਂ ਰਾਹੀਂ ਪਹਿਲੀ ਮੰਜ਼ਲ ਤੱਕ ਉਪਰ ਗਿਆ ਸੀ।

ਜਦੋਂ ਦਾ ਟਾਵਰ ਬਣਿਆ ਹੈ ਇਸ ਨੂੰ ਸਤਾਰਾਂ ਵਾਰ ਰੰਗ ਕੀਤਾ ਗਿਆ।ਅੰਦਾਜ਼ੇ ਮੁਤਾਬਕ ਹਰ ਸੱਤ ਸਾਲ ਬਾਦ ਰੰਗ ਕੀਤਾ ਜਾਦਾਂ ਹੈ। ਇਸ ਨੂੰ ਭੂਰਾ ਲਾਲ ਰੰਗ ਕਰਦੇ ਹਨ।ਡਬਲ ਬੁਰਸ਼ ਮਾਰ ਕੇ ਰੰਗ ਕੀਤਾ ਜਾਦਾਂ ਹੈ।ਸਿਰਫ 1892 ਵਿੱਚ ਖੱਟਾ ਰੰਗ ਕੀਤਾ ਦਿਆ ਸੀ।ਪੂਰੇ ਟਾਵਰ ਨੂੰ 25 ਆਦਮੀਆਂ ਦੀ ਟੀਮ 16 ਮਹੀਨੇ ਵਿੱਚ ਰੰਗ ਕਰਦੀ ਹੈ ਅਤੇ ਪੂਰਾ 50 ਟਨ ਰੰਗ ਲੱਗ ਜਾਦਾਂ ਹੈ।

31 ਮਾਰਚ 1889 ਨੂੰ ਜਦੋਂ 7.800.000 ਸੋਨੇ ਦੇ ਫਰੈਂਕ ਨਾਲ ਤਿਆਰ ਹੋ ਗਿਆ ਤਾਂ ਪਬਲਿਕ ਲਈ 15 ਮਈ 1889 ਨੂੰ ਖੋਲ੍ਹਿਆ ਗਿਆ।ਉਸ ਵਕਤ ਇਸ ਦੀ ਟਿਕਟ ਪਹਿਲੀ ਮੰਜ਼ਲ ਦੀ 2 ਫਰੈਂਕ,ਦੂਸਰੀ ਮੰਜ਼ਲ ਦੀ 3 ਫਰੈਂਕ ਅਤੇ ਤੀਸਰੀ ਮੰਜ਼ਲ ਦੀ 5 ਫਰੈਂਕ ਸੀ।(ਬਣਦੇ ਵਕਤ ਵੇਖਣ ਲਈ ਟਿਕਟ 1 ਫਰੈਂਕ ਸੀ।)ਇਸ ਵਕਤ ਪਹਿਲੀ ਮੰਜ਼ਲ ਦੀ ਟਿਕਟ 5.50 ਯੂਰੋ (36 ਫਰੈਂਕ) ਦੁਸਰੀ ਦੀ ਮੰਜ਼ਲ ਦੀ ਟਿਕਟ 7.50 ਯੂਰੋ (49.50 ਫਰੈਂਕ) ਤੇ ਤੀਸਰੀ ਮੰਜ਼ਲ ਦੀ 10.50 ਯੂਰੋ (68.80 ਫਰੈਂਕ) ਹੈ।ਹੁਤ ਤੱਕ 170.000.000. ਵਿਜ਼ਟਰ ਵੇਖਣ ਲਈ ਆ ਚੁੱਕੇ ਹਨ।ਹਰ ਸਾਲ ਤਕਰੀਬਨ 6.000.000 ਲੋਕੀਂ ਵੇਖਣ ਲਈ ਆਉਂਦੇ ਹਨ।

ਜਦੋਂ ਰਾਜੀਵ ਗਾਂਧੀ ਪਰਾਈਮ ਮਨਿਸਟਰ ਸੀ ਉਸ ਵਕਤ ਸਰਕਾਰੀ ਦੌਰੇ ਉਪਰ ਪੈਰਿਸ (ਫਰਾਂਸ) ਆਇਆ ਸੀ ਉਸ ਦੀ ਆਮਦ ਤੇ (ਭਾਰਤੀ ਮੇਲਾ) ਦੇ ਨਾਂ ਦਾ ਟਾਵਰ ਉਪਰ ਮੇਲਾ ਹੋਇਆ ਸੀ। ਜਿਥੇ ਭਾਰਤ ਦੀਆਂ ਸਟੇਟਾਂ ਦਾ ਕਲਚਰ ਵਿਖਾਇਆ ਗਿਆ ਸੀ। ਪੰਜਾਬਣਾਂ ਦਾ ਗਿੱਧਾ ਉਸ ਵਕਤ ਪੰਜਾਬ ਦੀ ਅਮਿੱਟ ਛਾਪ ਛੱਡ ਗਿਆ ਸੀ।ਛੋਲੇ ਭਟੂਰੇ ਤੇ ਸਮੋਸਿਆਂ ਦੇ ਆਰਜ਼ੀ ਤੌਰ ਤੇ ਬਣਾਏ ਖੋਖਿਆਂ ਤੋਂ ਪੱਤਿਆਂ ਦੀਆਂ ਕੌਲੀਆਂ ਵਿੱਚ ਖਾਦੇਂ ਤੇ ਮਿਰਚਾਂ ਨਾਲ ਸੀ ਸੀ ਕਰਦੇ ਮੀਂਹ ਨਾਲ ਭਿੱਜਦੇ ਗੋਰੇ ਗੋਰੀਆਂ ਗਿੱਧਾ ਵੇਖਣੋਂ ਨਹੀ ਸੀ ਹਟਦੇ।

ਟਾਵਰ ਦਾ ਸਭ ਤੋ ਉਪਰਲਾ ਸਿਰਾ ਹਵਾ ਦੇ ਵੇਗ ਨਾਲ 7 ਸੈਂਟੀਮੀਟਰ ਤੱਕ ਹਿਲ ਜੁਲ ਕਰਦਾ ਹੈ।ਇਸ ਦੀ ਤੀਸਰੀ ਮੰਜ਼ਲ ਤੋਂ ਤੁਸੀਂ ਸਾਫ ਦਿਨ ਵਿੱਚ 80 ਕਿਲੋਮੀਟਰ ਦੀ ਦੂਰੀ ਤੱਕ ਚਾਰੇ ਦਿਸ਼ਾਵਾਂ ਵੱਲ ਵੇਖ ਸਕਦੇ ਹੋ।ਅਕਤੂਬਰ 1889 ਵਿੱਚ ਤੇ ਪਹਿਲਾ ਟੈਲੀਗ੍ਰਾਫ ਸਿਸਟਮ ਜੋ ਚਾਰ ਕਿਲੋਮੀਟਰ ਦੀ ਦੂਰੀ ਤੱਕ ਚਲਦਾ ਸੀ ਲਗਾਇਆ ਗਿਆ।ਫੇਰ ਪੰਜ ਸਾਲ ਬਾਦ ਬਿਨਾਂ ਤਾਰ ਤੋਂ ਲੰਬੀ ਦੂਰੀ ਤੱਕ ਚੱਲਣ ਵਾਲਾ ਟੈਲੀਕੋਮੀਨਕੇਸ਼ਨ ਸਿਸਟਮ ਲਾਇਆ ਗਿਆ। 1906 ਵਿੱਚ ਪਹਿਲਾ ਰੇਡਿਓ ਸਿਸਟਮ ਫਿੱਟ ਕੀਤਾ ਗਿਆ।ਇਸ ਦੀ 320.75 ਮੀਟਰ ਦੀ ਚੋਟੀ ਉਪਰ ਰੇਡਿਓ ਅਤੇ ਟੈਲੀਵੀਜ਼ਨ ਦੇ ਐਨਟੀਨੇ ਜੰਗਲ ਦੇ ਦਰੱਖਤਾਂ ਵਾਂਗ ਖੜੇ ਦਿਾਖਾਈ ਦਿੰਦੇ ਹਨ।

1 ਜਨਵਰੀ 1986 ਨੂੰ ਟਾਵਰ ਉਪਰ ਨਵੀਂ ਲਾਈਟ ਲਾਈ ਗਈ ।ਖੱਟੇ ਸੰਤਰੀ ਰੰਗ ਦੇ 352 ਸੋਡੀਅਮ ਦੇ ਪ੍ਰੋਜੈਕਟਰ ਫਿੱਟ ਕੀਤੇ ਗਏ।ਜੋ ਰਾਤ ਦੇ ਵਕਤ ਟਾਵਰ ਨੂੰ ਸੁਨਹਿਰੀ ਬਣਾ ਦਿੰਦੇ ਨੇ।ਇਸ ਦੇ ਨਾਲ ਚਲਦੇ ਸੇਨ ਦਰਿਆ ਵਿੱਚ ਰਾਤ ਨੂੰ ਪੈਦੀਂ ਸੁਨਹਿਰੀ ਝਲਕ ਕਿਸੇ ਸਵਰਗ ਨਾਲੋਂ ਘੱਟ ਨਹੀਂ ਜਾਪਦੀ।ਇਤਨਾ ਸੋਹਣਾਂ ਉਚਾ ਅਤੇ ਮਜ਼ਬੂਤ ਹੋਣ ਦੇ ਬਾਵਜੂਦ ਇੱਕ ਵੇਰ ਕੁਦਰਤੀ ਮਾਰ ਤੋਂ ਮਸਾਂ ਹੀ ਬਚਿਆ ਸੀ।ਜਦੋਂ 3 ਜੂਨ 1902 ਨੂੰ ਅਸਮਾਨੀ ਬਿਜਲੀ ਡਿੱਗਦੀ ਡਿੱਗਦੀ ਲੰਘ ਗਈ।ਭਾਵੇਂ ਬਾਅਦ ਵਿਚ ਦੁਨੀਆਂ ਦੇ ਕਈ ਮੁਲਕਾਂ ਨੇ ਇਸ ਤਰਾਂ ਦੇ ਮਿਲਦੇ ਜੁਲਦੇ ਬਣਾ ਲਏ ਨੇ।ਪਰ ਅੱਜ ਵੇਖਣ ਵਾਲਿਆਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਵੇਖ ਕੇ ਆਪ ਮੁਹਾਰੇ ਮੂੰਹੋਂ ਨਿਕਲ ਜਾਂਦਾ ਹੈ, ਵਾਕਿਆ ਹੀ ਕੋਈ ਅਜੂਬਾ ਹੈ।


GREAT DEALS...
- Call India for 1.66¢, International Calling for 1.2¢ . Low Rates, No Fees. Harwing. Sign-up! (USA)
- Unlimited Calling & Text Messages Cell Phone Service. USA Coverage, $39.95, no fees!

One Response »

  1. ਸੰਧੂ ਸਾਹਬ, ਜਾਣਕਾਰੀ ਲਈ ਬਹੁਤ ਧੰਨਵਾਦ, ਇਤਿਹਾਸ ਦੀ ਜਾਣਕਾਰੀ ਦੇ ਨਾਲ ਨਾਲ ਇੰਝ ਹੀ ਲੱਗਾ ਕਿ ਸੱਚਮੁੱਚ ਹੀ ਟਾਵਰ ਦੀ ਸੈਰ ਹੋ ਗਈ

Leave a Reply