ਅਮਰੀਕਾ ਦੀ ਕਲੋਰਾਡੋ ਸਟੇਟ ਯੂਨੀਵਰਸਿਟੀ ਨਾਲ ਪੰਜਾਬ ਖੇਤੀ ਵਰਸਿਟੀ ਵੱਲੋਂ ਖੋਜ ਸੰਬੰਧੀ ਦੁਵੱਲੇ ਸਹਿਯੋਗ ਦਾ ਅਹਿਦਨਾਮਾ ਸਹੀਬੰਦ
By ਕੌਮੀ ਏਕਤਾ ਨਿਊਜ਼ ਬੀਊਰੋ • Oct 5th, 2009 • Category: ਖੇਤੀਬਾੜੀਲੁਧਿਆਣਾ : – ਅਮਰੀਕਾ ਦੇ ਦੌਰੇ ਤੇ ਗਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਅਮਰੀਕਾ ਦੀ ਖੇਤੀਬਾੜੀ ਵਿਗਿਆਨ ਸੰਬੰਧੀ ਸਿਰਕੱਢ ਯੂਨੀਵਰਸਿਟੀ ਕਲੋਰਾਡੋ ਸਟੇਟ ਯੂਨੀਵਰਸਿਟੀ ਨਾਲ ਦੁਵੱਲੇ ਸਹਿਯੋਗ ਦਾ ਅਹਿਦਨਾਮਾ ਸਹੀਬੰਦ ਕੀਤਾ ਗਿਆ ਹੈ। ਇਸ ਮੌਕੇ ਬੋਲਦਿਆਂ ਡਾ: ਕੰਗ ਨੇ ਆਖਿਆ ਕਿ ਦੇਸ਼ ਦੇ ਕੁਲ ਭੂਗੋਲਿਕ ਰਕਬੇ ਵਿਚੋਂ 1.5 ਫੀ ਸਦੀ ਹਿੱਸੇ ਵਾਲਾ ਪੰਜਾਬ ਦੇਸ਼ ਨੂੰ 22 ਫੀ ਸਦੀ ਕਣਕ, 11 ਫੀ ਸਦੀ ਚੌਲ ਅਤੇ 10 ਫੀ ਸਦੀ ਕਪਾਹ ਤੇ ਨਰਮਾ ਪੈਦਾ ਕਰਕੇ ਦੇ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਹਰੇ ਇਨਕਲਾਬ ਦਾ ਆਰੰਭ ਅਮਰੀਕਨ ਵਿਗਿਆਨੀ ਡਾ: ਨੌਰਮਨ ਈ ਬੋਰਲਾਗ ਨੇ ਕੀਤਾ ਅਤੇ ਉਸੇ ਦਾ ਹੀ ਅਸਰ ਅੱਜ ਤਕ ਕਾਇਮ ਹੈ।
ਅਮਰੀਕਾ ਤੋਂ ਭੇਜੇ ਸੂਚਨਾ ਪੱਤਰ ਰਾਹੀਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਕੰਗ ਨੇ ਦੱਸਿਆ ਕਿ ਇਸ ਅਹਿਦਨਾਮੇ ਲਈ ਡਾ: ਰਾਜ ਖੋਸਲਾ ਦਾ ਯੋਗਦਾਨ ਪ੍ਰਮੁਖ ਰੂਪ ਵਿੱਚ ਸਨਮਾਨ ਯੋਗ ਹੈ ਕਿਉਂਕਿ ਦੋਹਾਂ ਯੂਨੀਵਰਸਿਟੀਆਂ ਨੇ ਅਮਰੀਕਾ ਦੇ ਰਾਸ਼ਟਰਪਤੀ ਜਾਰਜ ਬੁਸ਼ ਦੀ ਸਾਲ 2006 ਦੌਰਾਨ ਫੇਰੀ ਦੇ ਐਲਾਨਨਾਮੇ ਮੁਤਾਬਕ ਗਿਆਨ ਅਦਾਨ-ਪ੍ਰਦਾਨ ਪਹਿਲ ਪ੍ਰੋਗਰਾਮਾਂ ਅਧੀਨ ਇਸ ਲਈ ਮਨ ਬਣਾਇਆ ਹੈ। ਇਸੇ ਪ੍ਰੋਗਰਾਮ ਤਹਿਤ ਡਾ: ਖੋਸਲਾ ਸਾਲ 2007 ਵਿੱਚ ਭਾਰਤ ਆਏ ਸਨ ਅਤੇ ਉਸੇ ਦੌਰਾਨ ਉਨ੍ਹਾਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਦੌਰਾ ਕਰਕੇ ਇਥੇ ਹੋ ਰਹੇ ਖੋਜ ਕਾਰਜਾਂ ਨਾਲ ਸਾਂਝ ਪਾਈ ਸੀ।
ਕਲੋਰਾਡੋ ਸਟੇਟ ਯੂਨੀਵਰਸਿਟੀ ਸਥਿਤ ਖੇਤੀਬਾੜੀ ਵਿਗਿਆਨ ਕਾਲਜ ਦੇ ਡੀਨ ਡਾ: ਕਰਿਗ ਬੇਰੂਟੀ ਨੇ ਦੱਸਿਆ ਕਿ ਉਹ ਨੇੜ ਭਵਿੱਖ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਦੌਰੇ ਤੇ ਆਉਣਗੇ ਅਤੇ ਦੋਹਾਂ ਸੰਸਥਾਵਾਂ ਦੇ ਵਿਗਿਆਨੀਆਂ ਵਿਚਕਾਰ ਸਾਂਝ ਦੇ ਮੌਕੇ ਵਧਾਉਣ ਲਈ ਸੰਭਾਵਨਾਵਾਂ ਉਜਾਗਰ ਕਰਨਗੇ। ਵਿਗਿਆਨੀਆਂ ਤੋਂ ਬਾਅਦ ਇਥੇ ਪੜ੍ਹਦੇ ਵਿਦਿਆਰਥੀ ਵੀ ਆਪਸ ਵਿੱਚ ਮਿਲ ਬੈਠ ਸਕਣਗੇ। ਇਸ ਮੌਕੇ ਖੇਤੀਬਾੜੀ ਤਜਰਬਾ ਕੇਂਦਰ ਦੇ ਡਾਇਰੈਕਟਰ ਡਾ: ਲੀ ਸੋਮਰਜ਼ ਵੀ ਹਾਜ਼ਰ ਸਨ।
