ਵੱਖ ਵੱਖ ਕੌਮਾਂ ਦੇ ਹੀਰੋ ਵੀ ਵੱਖ ਵੱਖ ਹੁੰਦੇ ਨੇ, ਪੁੰਜ ਵੱਲੋਂ “ਭਿੰਡਰਾਂਵਾਲਿਆ” ਸੰਬੰਧੀ ਗੁੰਮਰਾਹਕੁੰਨ ਪ੍ਰਚਾਰ ਅਸਹਿ :- ਮਾਨ
By ਕੌਮੀ ਏਕਤਾ ਨਿਊਜ਼ ਬੀਊਰੋ • Oct 26th, 2009 • Category: ਪੰਜਾਬਫਤਿਹਗੜ੍ਹ ਸਾਹਿਬ :- “ਸਿੱਖ ਕੌਮ ਦੇ “ਨਾਇਕਾਂ” ਦਾ ਫੈਸਲਾ ਸਿੱਖ ਕੌਮ ਨੇ ਕਰਨਾ ਹੈ ਨਾ ਕਿ ਹਿੰਦੂ ਕੌਮ ਨੇ। ਕਿਉਂਕਿ ਵੱਖ ਵੱਖ ਕੌਮਾਂ ਦੇ ਨਾਇਕ ਵੀ ਵੱਖ ਵੱਖ ਹੁੰਦੇ ਹਨ। ਇਸ ਲਈ ਭਾਜਪਾ ਆਗੂ ਸ਼੍ਰੀ ਬਲਬੀਰ ਪੁੰਜ ਵੱਲੋ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਸੰਬੰਧੀ ਇਹ ਕਹਿਣਾ ਕਿ ਉਹ ਕਾਂਗਰਸ ਦੀ ਪੈਦਾਇਸ਼ ਸਨ, ਕੇਵਲ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਮੰਦਭਾਵਨਾ ਤੋਂ ਵੱਧ ਕੁਝ ਨਹੀਂ।”
ਇਹ ਵਿਚਾਰ ਅੱਜ ਇੱਥੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਿੱਖ ਕੌਮ ਦੇ ਹਰ ਦਿਲ-ਆਤਮਾ ਨੂੰ ਪ੍ਰਵਾਨਿਤ ਹੋ ਚੁੱਕੇ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਵੀਹਵੀਂ ਸਦੀ ਦੇ ਐਲਾਨੇ ਗਏ “ਮਹਾਨ ਸਿੱਖ” ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਸ਼੍ਰੀ ਬਲਬੀਰ ਪੁੰਜ ਵੱਲੋਂ ਵਰਤੀ ਗਈ ਅਪਮਾਨਜਨਕ ਸ਼ਬਦਾਵਲੀ ਨੂੰ ਅਤਿ ਦੁੱਖਦਾਇਕ ਕਰਾਰ ਦਿੰਦੇ ਹੋਏ ਸ਼੍ਰੀ ਪੁੰਜ ਦੀ ਇਸ ਕਾਰਵਾਈ ਦੀ ਪੁਰਜ਼ੋਰ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਬੀ ਜੇ ਪੀ, ਆਰ ਐਸ ਐਸ, ਵਿਸ਼ਵ ਹਿੰਦੂ ਪਰਿਸ਼ਦ, ਸਿ਼ਵ ਸੈਨਾ, ਹਿੰਦੂ ਸੁਰੱਕਸ਼ਾ ਸੰਮਤੀ ਆਦਿ ਫਿਰਕੂ ਹਿੰਦੂ ਸੰਗਠਨਾਂ ਜਾਂ ਉਹਨਾਂ ਦੇ ਕਾਰਕੁੰਨਾਂ ਵੱਲੋਂ ਸਿੱਖ ਕੌਮ ਦੇ ਹੀਰੋਜ਼ ਸੰਬੰਧੀ ਤੌਹੀਨ ਪੂਰਵਕ ਕਾਰਵਾਈਆਂ ਅਤੇ ਸਿੱਖ ਕੌਮ ਨਾਲ ਹਿੰਦੂਤਵ ਤਾਕਤਾਂ ਵੱਲੋਂ ਕੀਤੇ ਜਾ ਰਹੇ ਧਾਰਮਿਕ, ਸਮਾਜਿਕ, ਮਾਲੀ ਅਤੇ ਸੱਭਿਆਚਾਰਕ ਵੱਡੇ ਵਿਤਕਰਿਆਂ ਦੀ ਬਦੌਲਤ ਹੀ ਸਿੱਖ ਕੌਮ ਅੱਜ ਆਪਣੇ ਆਜ਼ਾਦ ਮੁਲਕ “ਖਾਲਿਸਤਾਨ” ਦੀ ਕਾਇਮੀ ਵੱਲ ਵੱਧ ਰਹੀ ਹੈ। ਉਹਨਾਂ ਕਿਹਾ ਕਿ ਸ਼੍ਰੀ ਅਡਵਾਨੀ, ਪੁੰਜ, ਜ਼ੌਸੀ, ਮੋਦੀ ਵਰਗੇ ਫਿਰਕੂ ਆਗੂਆਂ ਵੱਲੋਂ ਸਿੱਖ ਕੌਮ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਕਾਇਮ ਹੋ ਚੁੱਕੇ ਸਤਿਕਾਰ ਦੀ ਗੱਲ, ਹਰ ਸਿੱਖ ਨੌਜਵਾਨ ਵੱਲੋਂ ਆਪਣੇ ਮੋਬਾਈਲ ਵਿੱਚ ਅਤੇ ਆਪਣੇ ਵਹੀਕਲਜ਼ ਉੱਤੇ ਸੰਤਾਂ ਦੀ ਫੋਟੋ ਦੇ ਵੱਧਦੇ ਰੁਝਾਨ ਦੀ ਗੱਲ ਇਹਨਾਂ ਤੋਂ ਹਜ਼ਮ ਨਹੀਂ ਹੋ ਰਹੀ। ਉਹਨਾਂ ਕਿਹਾ ਕਿ ਸਿੱਖ ਕੌਮ ਦੇ ਕਾਤਿਲਾਂ ਮਰਹੂਮ ਇੰਦਰਾ ਗਾਂਧੀ, ਰਾਜੀਵ ਗਾਂਧੀ, ਬੇਅੰਤ ਸਿੰਘ ਅਤੇ ਸਿੱਖ ਕੌਮ ਨਾਲ ਧੋਖਾ ਕਰਨ ਵਾਲੇ ਗਾਂਧੀ, ਨਹਿਰੂ ਅਤੇ ਪਟੇਲ ਆਦਿ ਨੂੰ ਹਿੰਦੂ ਕੌਮ ਆਪਣੇ ਨਾਇਕ ਮੰਨਦੀ ਹੈ। ਜਦੋਂ ਕਿ ਸਿੱਖ ਕੌਮ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਸ਼ਹੀਦ ਭਾਈ ਬੇਅੰਤ ਸਿੰਘ, ਸ਼ਹੀਦ ਭਾਈ ਸਤਵੰਤ ਸਿੰਘ ਅਤੇ ਸ਼ਹੀਦ ਭਾਈ ਕੇਹਰ ਸਿੰਘ ਜਿਨ੍ਹਾ ਨੇ ਸਿੱਖ ਕੌਮ ਦੇ ਕਾਤਿਲਾਂ ਨੂੰ ਸੋਧ ਕੇ ਸਿੱਖ ਕੌਮ ਦੀ ਆਨ-ਸ਼ਾਨ ਨੂੰ ਕਾਇਮ ਰੱਖਿਆ, ਉਨ੍ਹਾ ਨੂੰ ਆਪਣੇ “ਨਾਇਕ” ਪ੍ਰਵਾਨਿਤ ਕਰ ਚੁੱਕੀ ਹੈ।
ਸ: ਮਾਨ ਨੇ ਕਿਹਾ ਕਿ ਜੋ ਕਾਂਗਰਸ ਜਮਾਤ ਆਪਣੇ ਬਲਬੂਤੇ ਉੱਤੇ ਹਰਿਆਣਾ, ਮਹਾਰਾਸ਼ਟਰਾ ਜਾਂ ਸੈਂਟਰ ਵਿੱਚ ਦੂਸਰੀਆਂ ਸਹਿਯੋਗੀ ਪਾਰਟੀਆਂ ਦੀ ਮਦਦ ਤੋਂ ਬਿਨਾ ਸਰਕਾਰ ਬਣਾਉਣ ਲਈ ਸਮਰੱਥ ਨਹੀਂ, ਉਹ ਕਾਂਗਰਸ ਜਮਾਤ ਸਿੱਖ ਕੌਮ ਦੇ ਆਗੂਆਂ ਜਾਂ ਨਾਇਕਾਂ ਨੂੰ ਕਿਸ ਤਰ੍ਹਾ ਉਭਾਰ ਸਕਦੀ ਹੈ ? ਉਨ੍ਹਾ ਪੁੰਜ ਵਰਗੇ ਸੰਤ ਭਿੰਡਰਾਂਵਾਲਿਆਂ ਨੂੰ ਭਸਮਾਸੁਰ (ਦੈਂਤ) ਕਹਿਣ ਵਾਲੇ ਅਡਵਾਨੀ ਵਰਗੇ ਫਿਰਕੂ ਆਗੂਆਂ ਨੂੰ ਖਬਰਦਾਰ ਕਰਦੇ ਹੋਏ ਕਿਹਾ ਕਿ ਫਿਰਕੂ ਵਹਿਣ ਵਿੱਚ ਗ੍ਰਸਤ ਹੋ ਕੇ ਕੀਤੀ ਜਾ ਰਹੀ ਗੈਰ ਦਲੀਲ ਅਪਮਾਨਜਨਕ ਬਿਆਨਬਾਜ਼ੀ ਨੂੰ ਸਿੱਖ ਕੌਮ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ। ਇਸ ਲਈ ਫਿਰਕੂ ਆਗੂ ਨਫਰਤ ਵਧਾਉਣ ਵਾਲੀਆਂ ਕਾਰਵਾਈਆਂ ਤੋਂ ਬਾਜ਼ ਆਉਣ ਵਰਨਾ ਇਸਦੇ ਨਿਕਲਣ ਵਾਲੇ ਭਿਆਨਕ ਨਤੀਜਿਆਂ ਲਈ ਅਤੇ ਇਸ ਮੁਲਕ ਦੇ ਹਾਲਾਤਾਂ ਨੂੰ ਅਤਿ ਵਿਸਫੋਟਕ ਬਣਾਉਣ ਲਈ ਉਹ ਸਿੱਧੇ ਤੌਰ ਤੇ ਜਿ਼ੰਮੇਵਾਰ ਹੋਣਗੇ।
