ਰੱਬਾ,ਚੁੱਕ ਲੈ
ਜਦੋਂ ਕੋਈ ਵੀ ਇਨਸਾਨ ਚੰਗਾ ਕੰਮ ਕਰਦਾ ਹੈ ਤਾਂ ਉਸ ਨੂੰ ਆਪਣੇ ਕੀਤੇ ਕੰਮ ਦੀ ਖੁਸ਼ੀ ਜ਼ਰੂਰ ਹੁੰਦੀ ਹੋਵੇਗੀ।ਪਰ ਜੋ ਮਾੜੇ ਕੰਮ ਕਰਦੇ ਨੇ ਉਹ ਦੁੱਖੀ ਤਾਂ ਜ਼ਰੁਰ ਹੁੰਦੇ ਨੇ ਇਹ ਮੈਨੂੰ ਅੱਜ ਪਤਾ ਲਗ ਗਿਆ। ਬਹੁਤ ਲੋਕੀੇ ਐਸੇ ਹੁੰਦੇ ਨੇ ਜਿਹਨਾ ਨੂੰ ਆਪਣੇ ਧਰਮ, ਦੇਸ਼ ,ਪੰਥ ਤੇ ਲੋਕਾਂ ਲਈ ਪਿਆਰ ਹੁੰਦਾ ਹੈ, ਉਹ ਇਸ ਪਿਆਰ ਦੀ ਖਾਤਰ ਕੁੱਝ ਵੀ ਕਰ ਸਕਦੇ ਨੇ। ਪਹਿਲਾਂ ਤਾਂ ਮੈ ਇਹ ਸੋਚਦਾ ਸਾਂ ਕਿ ਅਜਿਹੇ ਲੋਕੀ ਖੁਦਗਰਜ਼ ਹੋਣਗੇ ਜੋ ਸਿਰਫ ਆਪਣਿਆ ਦਾ ਹੀ ਸੋਚਦੇ ਨੇ, ਪਰ ਜਦੋਂ ਇਸ ਤਰਾਂ ਦੇ ਬੰਦਿਆਂ ਨਾਲ ਮੇਰਾ ਵਾਹ ਪਿਆ ਤਾਂ ਪਤਾ ਲੱਗਾ ਕਿ ਜੋ ਅਕਲ ਨਾਲ ਆਪਣੇ ਧਰਮ ਨੂੰ ਪੂਜਦੇ ਨੇ ਉਹ ਅਦਰੋਂ ਸਾਰੇ ਸੰਸਾਰ ਦਾ ਹੀ ਭਲਾ ਚਾਹੁੰਦੇ ਹਨ।
ਇਹ ਸਾਰੀਆਂ ਗੱਲਾਂ ਦਾ ਪਤਾ ੳਦੋਂ ਪਤਾ ਲਗਾ ਜਦੋਂ ਮੈਨੂੰ ਆਪਣਾ ਮਾੜਾ ਕਿਰਦਾਰ ਨਿਭਾਉਣ ਦੀ ਸਜ਼ਾ ਮਿਲੀ। ਪਹਿਲਾਂ ਤਾ ਮੈ ਲਾਲਚ ਅਤੇ ਚੋਧਰ ਦੀ ਭੁੱਖ ਨੂੰ ਪੂਰਾ ਕਰਨ ਲਈ ਬੋਂਦਲਿਆ ਪਿਆ ਸਾਂ। ਚੰਗਆਈ, ਗੁਣ ਅਤੇ ਭਲਾਈ ਵਰਗੀਆਂ ਗੱਲਾਂ ਮੇਰੇ ਤੋਂ ਕੋਹਾਂ ਦੂਰ ਸਨ। ਕਾਲਜ਼ ਵਿਚ ਪੜ੍ਹਦਾ ਸਾਂ ਜਦੋਂ ੧੯੮੪ ਵਿਚ ਪੰਜਾਬ ਦੇ ਗੁਰਦੁਆਰਿਆਂ ਤੇ ਹਮਲੇ ਹੋਏ।ਨਾਲ ਪੜ੍ਹ ਰਹੇ ਮੁੰਡਿਆ ਦਾ ਰੋਹ ਜਾਗ ਪਿਆ।ਜਿਹੜੇ ਅੱਗੇ ਸ਼ਾਤੀ ਵਿਚ ਰਹਿਣ ਦੀ ਗੱਲ ਕਰਦੇ ਸਨ ਉਹ ਵੀ ਕਰੋਧ ਨਾਲ ਭਰ ਗਏ। ਪਰ ਮੈਨੂੰ ਤਾਂ ਕੋਈ ਫਰਕ ਨਹੀ ਸੀ, ਆਪਾਂ ਤਾਂ ਪਿੰਡ ਦੇ ਗੁਰਦੁਆਰੇ ਵੀ ਕਦੀ ਸ਼ਰਧਾ ਨਾਲ ਮੱਥਾ ਨਹੀ ਸੀ ਟੇਕਿਆ। ਸੰਗਰਾਦ ਵਾਲੇ ਦਿਨ ਕਦੇ ਮਾਂ ਜ਼ਬਰਦਸਤੀ ਨਾਲ ਲੈ ਜਾਂਦੀ ਤਾਂ ਦਿਖਾਵੇ ਲਈ ਜਾਂ ਮਾਂ ਨੂੰ ਖੁਸ਼ ਕਰਨ ਲਈ ਥੋੜਾ ਜਿਹਾ ਸਿਰ ਨੀਵਾ ਕਰਕੇ ਘਰ ਆ ਜਾਦਾਂ। ਉਸ ਟਾਈਮ ਬਹੁਤੇ ਮੁੰਡਿਆਂ ਨੇ ਪੜ੍ਹਾਈ ਛੱਡ ਦਿੱਤੀ ਅਤੇ ਖਾੜਕੂ ਜੱਥੇਬੰਦੀਆਂ ਨਾਲ ਜਾ ਰਲੇ। ਮੇਰੇ ਦੋਸਤ ਦੀਪਾ ਅਤੇ ਮੱਘਾ ਵੀ ਨਾਲ ਜਾ ਰਲੇ।ਦੀਪੇ ਨੇ ਜਾਣ ਲੱਗਿਆ ਮੈਨੂੰ ਪੁੱਛਿਆ,
“ ਬਈ, ਤੇਰਾ ਕੀ ਇਰਾਦਾ ਆ।”
“ ਮੈ ਤਾਂ ਆਪਣੀ ਪੜ੍ਹਾਈ ਪੂਰੀ ਕਰਨੀ ਆ” ਮੈ ਬਹਾਨਾ ਬਣਾਇਆ, “ ਮੇਰੇ ਜਾਣ ਨਾਲ ਕਿਹੜਾ ਸਰਕਾਰ ਨੇ ਸਿੱਖਾਂ ਤੇ ਜ਼ੁਲਮ ਕਰਨਾ ਘੱਟ ਕਰ ਦੇਣਾ ਆ।”
ਇਹ ਗੱਲ ਸੁਣ ਕੇ ਮੱਘਾ ਜੋ ਮੇਰੀ ਰਗ ਰਗ ਦਾ ਜਾਣੂ ਸੀ, ਫਿਕਾ ਜਿਹਾ ਮੁਸਕ੍ਰਾਇਆ ਅਤੇ ਬੋਲਿਆ, “ ਤੈਨੂੰ ਤਾਂ ਵੈਸੇ ਵੀ ਕੋਈ ਫਰਕ ਨਹੀ ਪੈਂਦਾ ਜ਼ੁਲਮ ਚਾਹੇ ਸਿੱਖਾਂ ਤੇ ਹੁੰਦਾ ਹੋਵੇ ਜਾਂ ਕਿਸੇ ਹੋਰ ਤੇ॥”
ਪਤਾ ਤਾਂ ਦੀਪੇ ਨੂੰ ਵੀ ਸੀ ਕਿ ਮੈ ਪੜ੍ਹਾਈ ਵਿਚ ਕਿੰਨੀ ਕੁ ਦਿਲਚਸਪੀ ਲੈਂਦਾ ਹਾਂ, ਪਰ ਉਹ ਚੁੱਪ ਰਿਹਾ। ਉਸ ਦਾ ਨਾਮ ਕਾਲਜ਼ ਦੇ ਹੁਸ਼ਿਆਰ ਅਤੇ ਚੰਗੇ ਮੁੰਡਿਆ ਵਿਚ ਆਉਂਦਾ ਸੀ। ਦੀਪੇ ਹੋਰਾਂ ਦੇ ਜਾਣ ਦਾ ਮੈਨੂੰ ਫਾਈਦਾ ਹੋਇਆ।ਚੰਗੇ ਮੁੰਡਿਆਂ ਦੇ ਜਾਣ ਨਾਲ ਗੁੰਡਿਆਂ ਦੀ ਚੌਧਰ ਕਾਲਜ਼ ਵਿਚ ਚਲੱਣ ਲਗੀ। ਮੈ ਆਪਣੀ ਕਿਸਮ ਦੇ ਦੋ-ਚਾਰ ਹੋਰ ਮੁੰਡੇ ਆਪਣੇ ਨਾਲ ਰਲਾ ਲਏ। ਉਹਨਾ ਨੂੰ ਨਾਲ ਲੈ ਕੇ ਚੋਂਕ ਵਿਚ ਖੜ ਜਾਣਾ। ਆਉਦੀਆਂ ਜਾਂਦੀਆਂ ਕੁੜੀਆਂ ਨੂੰ ਛੇੜਨਾ। ਮੁੰਡਿਆਂ ਦੇ ਜਾਣ ਤੋਂ ਬਾਅਦ ਇੰਝ ਲੱਗਦਾ ਸੀ ਜਿਵੇ ਸਾਨੂੰ ਮਨਮਰਜ਼ੀਆਂ ਕਰਨ ਦੀ ਅਜ਼ਾਦੀ ਮਿਲ ਗਈ ਹੋਵੇ।ਉਸ ਦਿਨ ਅਸੀ ਫਗੂ ਹਲਵਾਈ ਦੀ ਦੁਕਾਨ ਵਿਚ ਜਾ ਵੜੇ। ਫਗੂ ਸਾਨੂੰ ਦੇਖਦਿਆਂ ਹੀ ਮੱਥਾ ਇਕੱਠਾ ਕਰਦਾ ਬੋਲਿਆ,
“ਤੁਸੀ ਰੋਜ਼ ਹੀ ਮੇਰੀ ਦੁਕਾਨ ਵਿਚੋਂ ਸਾਰਾ ਸਮਾਨ ਖਾ ਜਾਂਦੇ ਹੋ, ਮੈਨੂੰ ਤਾਂ ਕੋਈ ਪੈਸਾ ਵੀ ਨਹੀ ਬਚਦਾ, ਮੈ ਵੀ ਆਪਣੇ ਬਾਲ- ਬੱਚੇ ਪਾਲਣੇ ਆ।”
ਮੇਰੇ ਨਾਲ ਖੜ੍ਹਾ ਬੀਟਾ ਬੋਲਿਆ, “ ਤੇਰਾ ਮਤਲਵ ਕੀ ਪਈ ਮਠਿਆਈ ਖਾਣ ਦੇ ਤੈਨੂੰ ਪੈਸੇ ਦਿਆ ਕਰੀਏ॥”
“ ਜੇ ਭਾਂਡੇ ਦਾ ਮੂੰਹ ਖੁੱਲ੍ਹਾ ਹੋਵੇ ਕੁਤੇ ਨੂੰ ਹੀ ਸ਼ਰਮ ਕਰਨੀ ਚਾਹੀਦੀ ਆ।” ਫਗੂ ਨੇ ਕੜਾਹੀ ਵਿਚੋਂ ਜਲੇਬੀਆਂ ਕੱਢਦੇ ਆਖਿਆ, “ ਜੇ ਤੁਸੀ ਆਪਣੀਆਂ ਹਰਕਤਾਂ ਤੋਂ ਨਾ ਟਲੇ ਤਾਂ ਮੈ ਪੁਲੀਸ ਦੇ ਕੋਲ ਤੁਹਾਡੀ ਸ਼ਕਾਇਤ ਕਰਾਂਗਾ।”
“ ਸਾਡਾ ਜੋ ਦਿਲ ਕਰੇ ਅਸੀ ਤਾਂ ਉਹੀ ਕਰਾਂਗੇ।” ਮੈ ਟੋਕਰੀ ਵਿਚੋਂ ਜਲੇਬੀ ਚੁੱਕਦੇ ਕਿਹਾ, “ ਤੂੰ ਪੁਲੀਸ ਦੇ ਕੋਲ ਜਾਹ ਜਾਂ ਨਾ ਜਾਹ।”
“ ਪੁਲੀਸ ਕੋਲ ਤਾਂ ਖਾੜਕੂ ਹੀ ਸਾਂਭੇ ਨਹੀ ਜਾ ਰਹੇ।” ਬੀਟੇ ਨੇ ਰਸਗੁੱਲਾ ਚੁੱਕਦੇ ਕਿਹਾ, “ ਤੇਰੀ ਦੁਕਾਨ ਤੇ ਆਉਣ ਲਈ ਪੁਲੀਸ ਦੇ ਕੋਲ ਵਿਹਲ ਕਿੱਥੇ?”
ਅਸੀ ਆਪਣੀ ਆਦਤ ਅਨੁਸਾਰ ਖੂਬ ਮਠਿਆਈ ਖਾਧੀ।ਪਰ ਫਗੂ ਹਲਵਾਈ ਉਸ ਦਿਨ ਸੱਚ-ਮੁਚ ਹੀ ਠਾਣੇ ਚਲਿਆ ਗਿਆ। ਪਤਾ ਲੱਗਾ ਕਿ ਪੁਲੀਸ ਦੇ ਦੋ-ਚਾਰ ਬੰਦੇ ਸਾਡਾ ਅਤਾ-ਪਤਾ ਕਰਕੇ ਵਾਪਸ ਚਲੇ ਗਏ ਨੇ। ਉਸੇ ਸ਼ਾਮ ਜਦੋਂ ਘੁਸਮੁਸਾ ਜਿਹਾ ਹੋਇਆ ਤਾਂ ਇਕ ਬੰਦਾ ਸਾਡੇ ਡੰਗਰਾਂ ਵਾਲੀ ਹਵੇਲੀ ਵਿਚ ਆਇਆ। ਮੇਰੀ ਮਾਂ ਮੱਝ ਦੀ ਧਾਰ ਕੱਢ ਰਹੀ ਸੀ ਤੇ ਮੈ ਖੁਰਲੀ ਵਿਚ ਪਏ ਪੱਠਿਆਂ ਤੇ ਆਟਾ ਸੁੱਟ ਰਿਹਾ ਸੀ। ਉਸ ਬੰਦੇ ਨੂੰ ਦੇਖ ਕੇ ਮੈ ਸਾਰਾ ਆਟਾ ਹੀ ਪੱਠਿਆਂ ਤੇ ਖਿਲਾਰ ਦਿੱਤਾ ਤੇ ਆਪ ਉਸ ਬੰਦੇ ਵੱਲ ਨੂੰ ਤੁਰ ਪਿਆ। ਉਸ ਨੇ ਕਾਲੀਆਂ ਲੀਕਾਂ ਵਾਲੀ ਕਮੀਜ਼ ਅਤੇ ਕਾਲੀ ਜਿਹੀ ਪੈਂਟ ਪਾਈ ਹੋਈ ਸੀ। ਉਸ ਨੇ ਆਉਂਦੇ ਹੀ ਪੁੱਛਿਆ,
“ ਤੇਰਾ ਨਾਮ ਕਿੰਦਾਂ ਆ।”
“ ਹਾਂ, ਪਰ ਤੂੰ ਕੋਣ ਆ ?”
“ ਆਪਣਾ ਦੋਸਤ ਹੀ ਸਮਝ।”
“ ਦੋਸਤ…।” ਮੈ ਹੈਰਾਨੀ ਨਾਲ ਕਿਹਾ, “ ਮੈ ਤਾਂ ਤੈਨੂੰ ਪਹਿਲੀ ਵਾਰ ਦੇੀਖਆ ।”
“ ਕੋਈ ਨਹੀ, ਹੁਣ ਆਪਾਂ ਦੀ ਮੁਲਾਕਾਤ ਹੁੰਦੀ ਹੀ ਰਹੇਗੀ।” ੳਸ ਨੇ ਮੇਰੇ ਮੋਢੇ ਤੇ ਆਪਣੀ ਕਹੂਣੀ ਰੱਖਦੇ ਕਿਹਾ, “ ਫਗੂ ਹਲਵਾਈ ਦੀ ਮਠਿਆਈ ਤੈਨੂੰ ਬਹੁਤ ਪਸੰਦ ਆ।”
ਮੈ ਉਸ ਦੇ ਮੂੰਹ ਵੱਲ ਦੇਖ ਰਿਹਾ ਸੀ, ਮੈਨੂੰ ਕੋਈ ਸਮਝ ਨਹੀ ਪੈ ਰਹੀ ਸੀ। ਫਿਰ ਉਸ ਨੇ ਆਪ ਹੀ ਹੌਲੀ ਜਿਹੀ ਦੱਸਿਆ, “ ਮੈਨੂੰ ਠਾਣੇਦਾਰ ਸਾਹਿਬ ਨੇ ਭੇਜਿਆ ਹੈ ਤੈਨੂੰ ਬੁਲਾਉਣ ਲਈ, ਅੱਜ ਫਗੂ ਹਲਵਾਈ ਨੇ ਤੇਰੀ ਸ਼ਕਾਇਤ ਕੀਤੀ ਆ।”
“ ਪਰ ਇਸ ਵੇਲੇ।” ਮੈ ਡਰਦੇ ਜਿਹੇ ਨੇ ਕਿਹਾ, “ ਇਸ ਤਰਾਂ ਠਾਣੇ ਬੁਲਾਉਣਾ, ਮੈਨੂੰ ਤਾਂ ਕੋਈ ਸਮਝ ਨਹੀ ਆ ਰਹੀ॥”
“ ਤੂੰ ਚੱਲ ਤਾਂ ਸਹੀ ਮੇਰੇ ਨਾਲ, ਸਮਝ ਤਾਂ ਛੇਤੀ ਆ ਜਾਵੇਗੀ।
ਮੈ ਚੁੱਪ ਕਰਕੇ ਉਸ ਦੇ ਨਾਲ ਚੱਲ ਪਿਆ। ਮਾਂ ਨੇ ਪਿਛੋਂ ਆਵਾਜ਼ ਵੀ ਮਾਰੀ, “ ਵੇ ਸਾਰਾ ਦਿਨ ਕੁੱਤਿਆਂ ਵਾਂਗ ਘੁੰਮਦਾ ਰਹਿੰਦਾਂ ਆ।” ਆਉਣ ਵਾਲੇ ਬੰਦੇ ਦੇ ਮੂੰਹ ਨੂੰ ਘੂਰਦੀ ਹੋਈ ਬੋਲੀ, “ਹੁਣ ਇਸ ਵੇਲੇ ਮੂੰਹ ਚੁਕੱ ਕੇ ਕਿਹੜੀ ਗਸ਼ਤ ਕਰਨ ਤੁਰ ਪਿਆ।”
“ ਆ ਮੇਰਾ ਦੌਸਤ ਆਇਆ ਲਾਗਲੇ ਪਿਡੋਂ, ਬਸ ਮੈ ਜਰਾ ਇਹਦੇ ਨਾਲ ਗੱਲ ਕਰਕੇ ਆਇਆ।”
“ ਜਾਹ ਜਿੱਥੇ ਮਰਜ਼ੀ ਦਫਾ ਹੋ।” ਇਹ ਕਹਿ ਕੇ ਮਾਂ ਦੁੱਧ ਵਾਲੀ ਬਾਲਟੀ ਲੈ ਕੇ ਘਰ ਨੂੰ ਤੁਰ ਪਈ ਅਤੇ ਮੈ ਉਸ ਬੰਦੇ ਨਾਲ ਠਾਣੇ ਨੂੰ।
ਮੋਟਾ ਜਿਹਾ ਠਾਣੇਦਾਰ ਲੱਤਾਂ ਪਸਾਰੀ ਦੋ ਕੁਰਸੀਆਂ ਮਲੀ ਬੈਠਾ ਸੀ।ਹਲਕਾ ਜਿਹਾ ਮੁੰਡਾ ਉਸ ਦੀਆਂ ਲੱਤਾਂ ਘੁੱਟ ਰਿਹਾ ਸੀ। ਜੋ ਬੰਦਾ ਮੈਨੂੰ ਲੈ ਕੇ ਗਿਆ ਸੀ। ਬੋਲਿਆ, “ ਸਾਹਿਬ, ਕਿੰਦਾ ਆ ਗਿਆ।”
ਠਾਣੇਦਾਰ ਨੇ ਮੂੰਹ ਘੁੰਮਾ ਕੇ ਮੇਰੇ ਵੱਲ ਦੇਖਿਆ। ਫਿਰ ਖਚਰਾ ਜਿਹਾ ਮੁਸਕ੍ਰਾਉਂਦਾ ਬੋਲਿਆ, “ ਕਿੰਦਆ, ਬਈ ਤੇਰੀ ਫਗੂ ਹਲਵਾਈ ਨੇ ਸ਼ਕਾਇਤ ਕੀਤੀ ਆ।”
“ ਸਾਹਿਬ ਅੱਗੇ ਤੋਂ ਸ਼ਕਾਇਤ ਦਾ ਮੌਕਾ ਨਹੀ ਦੇਵੇਗਾ।”
ਠਾਣੇਦਾਰ ਨੇ ਕੁਰਸੀ ਤੋਂ ਲੱਤਾਂ ਚੁੱਕ ਲਈਆਂ ਤੇ ਮੈਨੂੰ ਬੈਠਣ ਲਈ ਇਸ਼ਾਰਾ ਕੀਤਾ। ਜਦੋਂ ਮੈ ਕੁਰਸੀ ਤੇ ਬੈਠ ਗਿਆ ਤਾਂ ਉਸ ਨੇ ਨਾਲ ਆਏ ਬੰਦੇ ਨੂੰ ਕੁੱਝ ਲਿਆਉਣ ਲਈ ਭੇਜ ਦਿੱਤਾ ਅਤੇ ਨਿੱਕੇ ਮੁੰਡੇ ਨੂੰ ਕਿਹਾ, “ ਜਾ ਕਾਕਾ ਤੇਰੀ ਹੁਣ ਛੁੱਟੀ।” ਉਹਨਾ ਦੇ ਜਾਣ ਤੋਂ ਬਾਅਦ ਮੈਨੂੰ ਪੁੱਛਣ ਲੱਗਾ,
“ ਮੱਘਾ ਤੇ ਦੀਪਾ ਤੇਰੇ ਦੋਸਤ ਆ।”
“ ਹਾਂਅ ਜੀ, ਦੋਸਤ ਕਾਹਦੇ, ਬਸ ਇੱਕਠੇ ਪੜ੍ਹਦੇ ਸਾਂ। ਹੁਣ ਤਾਂ ਤਹਾਨੂੰ ਪਤਾ ਹੀ ਹੈ ਕਿ ਉਹ ਕਾਲਜ਼ ਛੱਡ ਗਏ ਨੇ।”
“ ਤੂੰ ਕਿਉਂ ਨਹੀ ਗਿਆ ਉਹਨਾ ਨਾਲ?”
“ ਜੋ ਉਹ ਕਰਨ ਗਏ ਆ, ਉਹ ਮੈ ਨਹੀ ਕਰ ਸਕਦਾ।”
“ ਜੇ ਤੈਨੂੰ ਉਹਨਾ ਨਾਲ ਰਲਾ ਦਈਏ ਤਾਂ।”
“ ਨਾ ਜੀ ਨਾ।” ਮੈ ਹੱਥ ਜੋੜਦੇ ਕਿਹਾ, “ ਮੇਰਾ ਤਾਂ ਉਹਨਾ ਨਾਲ ਕੋਈ ਨਾਤਾ ਹੀ ਨਹੀ।”
“ ਅਸੀ ਜਿਉਂ ਹੈ ਤੇਰਾ ਨਾਤਾ ਉਹਨਾਂ ਦੇ ਨਾਲ ਜੋੜਣ ਵਾਲੇ।”
ਮੈਨੂੰ ਠਾਣੇਦਾਰ ਦੀਆਂ ਗੱਲਾਂ ਦੀ ਸਮਝ ਹੁਣ ਆਉਣੀ ਸ਼ੁਰੂ ਹੋ ਗਈ।ਫਿਰ ਵੀ ਅਣਜਾਣ ਬਣਦੇ ਹੋਏ ਮੈ ਕਿਹਾ, “ ਮਾਲਕੋ, ਗੱਲ ਸਾਫ ਸਾਫ ਕਰੋ।”
“ ਪਤਾ ਤਾਂ ਤੈਨੂੰ ਲਗ ਹੀ ਗਿਆ।” ਉਹ ਮਸਕ੍ਰਾਇਆ, “ ਜੇ ਤੂੰ ਸਾਡੇ ਨਾਲ ਮਿਲ ਕੇ ਕੰਮ ਕਰਨ ਲਗ ਜਾਵੇ ਤਾਂ ਤੇਰੇ ਬਾਰੇ -ਨਿਆਰੇ ਹੋਣਗੇ। ਫਗੂ ਤਾਂ ਕੀ ਸ਼ਹਿਰ ਦੇ ਚੰਗੇ ਚੰਗੇ ਹਲਵਾਈ ਤੇਰੇ ਘਰ ਮਠਿਆਈ ਭੇਜਿਆ ਕਰਨਗੇ।”
“ ਅੱਛਾ।” ਮੇਰੇ ਅੰਦਰਲਾ ਲਾਲਚ ਬੋਲਿਆ, “ ਦੱਸੋ ਕੀ ਹੁਕਮ ਆ?”
“ ਸਭ ਤੋਂ ਪਹਿਲਾਂ ਤੂੰ ਮੱਘੇ ਅਤੇ ਦੀਪੇ ਦਾ ਪੱਕਾ ਮਿੱਤਰ ਬਣ”
“ ਉਹਨਾ ਨੇ ਮੈਨੂੰ ਕੋਈ ਮਿੱਤਰ-ਮੁਤਰ ਨਹੀ ਬਣਾਉਣਾ।ਉਹ ਮੇਰੇ ਬਾਰੇ ਜਾਣਦੇ ਆ।”
“ ਤੂੰ ਉਹਨਾ ਵਰਗਾ ਬਣ ਜਾ।”
“ ਤੁਹਾਡਾ ਕੀ ਮਤਲਵ, ਵਾਲ ਦਾੜ੍ਹੀ ਰੱਖਾਂ।” ਮੈ ਆਪਣੀ ਟਿੰਡ ਤੇ ਹੱਥ ਫੇਰਦੇ ਕਿਹਾ, “ ਪੱਗ ਬਣਾਂ।”
“ ਫਿਰ ਹੀ ਉਹਨਾਂ ਨੂੰ ਯਕੀਨ ਆਵੇਗਾ ਕਿ ਤੈਨੂੰ ਵੀ ਪੰਥ ਨਾਲ ਮੋਹ ਹੋਣ ਲੱਗਾ ਆ।”
ਮੈ ਸੱਚ-ਮੁਚ ਹੀ ਸਿੰਘ ਸੱਜ ਗਿਆ। ਇਕੱਲੀ ਪੱਗ ਹੀ ਨਹੀ ਬਣੀ ਸਗੋਂ ਕਿਰਪਾਨ ਵੀ ਉੁੱਪਰ ਦੀ ਪਾ ਲਈ। ਅੰਦਰੋਂਖਤੀ ਪੁਲੀਸ ਹਰ ਸਹਾਇਤਾ ਮੈਨੂੰ ਦੇ ਰਹੀ ਸੀ। ਹਵੇਲੀ ਵਿਚ ਸਹੋਣੀ ਪੱਕੀ ਖੁਲ੍ਹੀ ਜਿਹੀ ਬੈਠਕ ਬਣਾ ਲਈ। ਸਿਖੀ ਸਰੂਪ ਦੇਖ ਕੇ ਜਿਹੜੇ ਮੈਨੂੰ ਨਫਰਤ ਕਰਦੇ ਸੀ ਉਹ ਵੀ ਆਦਰ ਨਾਲ ਸਤਿ ਸ੍ਰੀ ਅਕਾਲ ਬਲਾਉਣ ਲੱਗ ਪਏ।ਮਾਂ ਆਪਣੀ ਥਾਂ ਖੁਸ਼ ਹੋਈ ਆਖਦੀ,
“ ਪੁੱਤਰਾ ਦੇਖ ਲਾ ਜਦੋਂ ਦਾ ਸਿੰਘ ਸਜ ਗਿਆ, ਬਾਬੇ ਨੇ ਭਾਗ ਲਾ ਦਿੱਤੇ।”
ਮਾਂ ਨੂੰ ਕੀ ਪਤਾ ਸੀ ਕਿ ਭਾਗ ਤਾਂ ਪੁਲੀਸ ਤੇ ਸਰਕਾਰ ਦਾ ਪੈਸਾ ਲਾ ਰਿਹਾ ਹੈ। ਐਤਵਾਰ ਦਾ ਦਿਨ ਸੀ ਮੈਨੂੰ ਭਿਣਕ ਪੈ ਗਈ ਕਿ ਮੱਘਾ ਆਪਣੇ ਘਰ ਆਇਆ ਹੋਇਆ ਆ। ਮੈ ਉਸ ਵੇਲੇ ਕਿੱਲੀ ਟੰਗੀ ਕਿਰਪਾਨ ੳਤੋਂ ਦੀ ਪਾ ਕੇ ਮੱਘੇ ਦੇ ਘਰ ਵੱਲ ਨੂੰ ਤੁਰ ਪਿਆ।
“ ਮੱਥਾ ਟੇਕਦਾ, ਤਾਈ ਜੀ” ਮੱਘੇ ਦੀ ਮਾਂ ਦੇ ਦਰਵਾਜ਼ਾ ਖੋਲਣ ਤੇ ਮੈ ਆਖਿਆ, “ ਪਤਾ ਲੱਗਾ ਜਿਗਰੀ ਜਾਰ ਆਇਆ ਵਾ। ਸੋਚਿਆ ਸਿੰਘ ਦੇ ਦਰਸ਼ਨ ਹੀ ਕਰ ਆਵਾਂ।”
“ਪੁੱਤ ਹੁਣ ਤਾਂ ਤੂੰ ਵੀ ਸਿੰਘ ਸੱਜ ਗਿਆ ਆਂ।” ਤਾਈ ਨੇ ਮੇਰੀ ਕੰਡ ਤੇ ਹੱਥ ਫੇਰਦੇ ਆਖਿਆ, “ ਗੁਰੂ ਦੀ ਕ੍ਰਿਪਾ ਹੋ ਗਈ ਤੇਰੇ ਤੇ।”
ਇਹ ਸੁਣ ਕੇ ਮੇਰੀ ਵਿਚਲੀ ਹੇਰਾ-ਫੇਰੀ ਠਾਹਕਾ ਮਾਰ ਕੇ ਹੱਸੀ, ਪਰ ਮੈ ਠਾਹਕੇ ਦੀ ਅਵਾਜ਼ ਬਾਹਰ ਨਹੀ ਆਉਣ ਦਿੱਤੀ ਸਗੋਂ ੳਤੋਂ ਨਿਮਾਣਾ ਜਿਹਾ ਹੁੰਦੇ ਕਿਹਾ, “ ਤਾਈ ਜੀ, ਸਿੰਘ ਦੇ ਦਰਸ਼ਨ ਤਾਂ ਕਰਾਉ।”
“ ਤੂੰ ਬੈਠ।” ਤਾਈ ਨੇ ਬਰਾਂਡੇ ਵਿਚ ਪਈ ਕੁਰਸੀ ਵੱਲ ਇਸ਼ਾਰਾ ਕਰਦੇ ਕਿਹਾ, “ ਮੈ ਦੇਖਦੀ ਹਾਂ।”
ਮੈ ਉਡੀਕ ਕਰ ਰਿਹਾਂ ਸਾਂ। ਤਾਈ ਅਤੇ ਮੱਘਾ ਬਾਹਰ ਆਉਣ ਦਾ ਨਾਮ ਹੀ ਨਹੀ ਲੈ ਰਿਹੇ ਸਨ। ਕਮਰੇ ਵਿਚੋਂ ਆ ਰਹੀਆਂ ਅਵਾਜ਼ਾ ਤੋਂ ਲੱਗਦਾ ਸੀ ਕਿ ਤਾਈ ਮੱਘੇ ਨੂੰ ਮਨਾਉਦੀ ਪਈ ਹੈ ਕਿ ਉਹ ਮੈਨੂੰ ਮਿਲ ਲਏ, ਪਰ ਮੱਘਾ ਚਾਹੁੰਦਾ ਨਹੀ।ਮੈ ਆਪ ਹੀ ਉੱਠ ਕੇ ਅੰਦਰ ਚਲਾ ਗਿਆ।
“ ਵਾਹੇਗੁਰੂ ਜੀ ਕਾ ਖਾਲਸਾ,ਵਾਹੇਗੁਰੂ ਜੀ ਕੀ ਫਤਿਹ।” ਮੈ ਜਾਂਦੇ ਨੇ ਹੀ ਆਖਿਆ, “ ਸੱਜਣਾ, ਤੂੰ ਅਜੇ ਵੀ ਮੇਰੇ ਤੇ ਯਕੀਨ ਨਹੀ ਕਰ ਰਿਹਾ।” ਮੈ ਆਪਣੀ ਕਿਰਪਾਨ ਤੇ ਹੱਥ ਫੇਰਦੇ ਆਖਿਆ, “ ਮੈ ਵੀ ਤੇਰਾ ਗੁਰ ਭਾਈ ਹੋ ਗਿਆਂ ਹਾਂ।”
“ ਅੱਛਾ।” ਮੱਘੇ ਨੇ ਹੱਥ ਮਿਲਾਉਂਦੇ ਕਿਹਾ, “ ਜਾਰ ਤੂੰ ਤਾਂ ਸੱਚ-ਮੁਚ ਹੀ ਬਦਲ ਗਿਆ।”
“ ਮੈ ਉਪਰੋਂ ਹੀ ਨਹੀ ਬਦਲਿਆਂ।” ਉਸ ਨੂੰ ਯਕੀਨ ਦਿਵਾਉਣ ਲਈ ਮੈ ਕਿਹਾ, “ ਮੈ ਵਿਚੋਂ ਵੀ ਬਦਲ ਗਿਆ ਆ ਹਾਂ।”
ਅਸੀ ਕਮਰੇ ਵਿਚ ਡਿੱਠੇ ਨਵਾਰੀ ਪੰਲਗ ਤੇ ਬੈਠ ਗਏ। ਮੈ ਗੱਲਾਂ ਗੱਲਾਂ ਵਿਚ ਭਾਂਪ ਲਿਆ ਕਿ ਮੱਘੇ ਨੂੰ ਬਹੁਤਾ ਨਹੀ ਤਾਂ ਥੌੜਾ ਯਕੀਨ ਆ ਗਿਆ ਕਿ ਮੈ ਸਿੱਖ ਕੌਮ ਦਾ ਹਮਦਰਦੀ ਬਣ ਗਿਆ ਹਾਂ।ਮੈ ਉਸ ਨੂੰ ਕਿਹਾ,
“ ਮੈਨੂੰ ਆਪਣੇ ਵਾਲੀ ਜੱਥੇਬੰਦੀ ਨਾਲ ਰਲਾ ਲੈ।”
“ ਜੱਥੇਬੰਦੀ ਵਿਚ ਜਾਣ ਲਈ ਕਈ ਅਸੂਲ ਹਨ।” ਉਸ ਨੇ ਕਿਹਾ, “ ਮੈ ਏਰੀਆ ਕਮਾਡਰ ਦੀ ਇਜ਼ਾਜ਼ਤ ਤੋਂ ਬੈਗਰ ਕੁੱਝ ਨਹੀ ਕਰ ਸਕਦਾ।”
“ ਏਰੀਆ ਕਮਾਡਰ ਕੌਣ ਆ?” ਮੈ ਭੇਦ ਲੈਣ ਦੇ ਕਾਰਨ ਨਾਲ ਪੁੱਛਿਆ, “ ਕੀ ਨਾਮ ਹੈ ਉਸ ਦਾ?”
“ ਉਹ ਵੀ ਪਤਾ ਲੱਗ ਜਾਵੇਗਾ।” ਉਸ ਨੇ ਜ਼ਵਾਬ ਦਿੱਤਾ, “ ਪਹਿਲਾਂ ਮੈਨੂੰ ਇਕੱਲੇ ਨੂੰ ਉਹਨਾ ਨਾਲ ਗੱਲ ਕਰਨੀ ਪੈਣੀ ਆ।”
“ ਇਸ ਦਾ ਮਤਲਵ ਤੂੰ ਅਜੇ ਠਹਿਰ ਕੇ ਮੈਨੂੰ ਉਹਨਾ ਨਾਲ ਮਿਲਾਵੇਗਾ।”
“ ਹਾਂ ਦੋ-ਚਾਰ ਦਿਨ ਤਾਂ ਲੱਗ ਹੀ ਜਾਣਗੇ।”
ਥੌੜੀ ਦੇਰ ਬੈਠੇ ਅਸੀ ਕਾਲਜ਼ ਬਾਰੇ ਗੱਲਾਂ ਕਰਦੇ ਰਹੇ।ਰੋਟੀ ਵੀ ਮੈ ਉਹਨਾ ਦੇ ਘਰ ਹੀ ਖਾਧੀ। ਛੇਤੀ ਹੀ ਮੱਘਾ ਰਾਤ ਦੇ ਹਨੇਰੇ ਵਿਚ ਹੀ ਨਿਕਲ ਗਿਆ ਤੇ ਮੈ ਵਾਪਸ ਘਰ ਨੂੰ ਆ ਗਿਆ। ਹੁਣ ਜਿੰਨੀ ਮਰਜ਼ੀ ਹਨੇਰੇ ਹੋਏ ਘਰ ਆਵਾਂ, ਮੇਰੀ ਮਾਂ ਨੂੰ ਮੇਰਾ ਫਿਕਰ ਨਾ ਹੁੰਦਾ। ਸਾਰਾ ਪਿੰਡ ਮੱਘੇ ਅਤੇ ਉਸ ਦੇ ਘਰਦਿਆਂ ਦੀ ਬੜੀ ਇੱਜ਼ਤ ਕਰਦਾ।ਇਸੇ ਦੌਰਾਨ ਮੈ ਪੁਲੀਸ ਦੇ ਕਈ ਉਘੇ ਅਫਸਰਾਂ ਨੂੰ ਵੀ ਮਿਲਿਆ। ਇਹ ਸਾਰਾ ਕੰਮ ਭਾਂਵੇ ਠਾਣੇਦਾਰ ਦੇ ਰਾਹੀ ਹੋਇਆ, ਪਰ ਠਾਣੇਦਾਰ ਹੁਣ ਮੈਨੂੰ ਆਪਣਾ ਨੌਕਰ ਲੱਗਦਾ।
ਇਕ ਰਾਤ ਦੋ ਵਜੇ ਮੱਘਾ ਹਵੇਲੀ ਵਾਲੀ ਬੈਠਕ ਵਿਚ ਆਇਆ ਅਤੇ ਉਂਨੀਦ ਵਿਚੋਂ ਮੈਨੂੰ ਉਠਾਉਂਦਾ ਹੋਇਆ ਬੋਲਿਆ,
“ ਉੱਠ ਛੇਤੀ ਕਰ, ਅੱਜ ਤੇਰੀ ਸਿੰਘਾ ਨਾਲ ਮੁਲਾਕਾਤ ਕਰਾਉਣੀ ਆ।” ਇਹ ਕਹਿ ਕੇ ਉਹ ਬਾਹਰ ਨਿਕਲ ਗਿਆ। ਖੇਤਾ ਵਿਚ ਦੀ ਹੁੰਦਾ ਹੋਇਆ ਉਹ ਮੈਨੂੰ ਨਹਿਰ ਦੇ ਬੰਨ ਤੇ ਲੈ ਤੁਰਿਆ। ਉੱਥੇ ਖੜੇ ਕੀਤੇ ਮੋਟਰਸਾਈਕਲ ਤੇ ਮੈਨੂੰ ਬੈਠਾ ਲਿਆ।ਫਿਰ ਪਤਾ ਨਹੀ ਕਿਧਰ ਕਿਧਰ ਹੁੰਦਾ ਦਰਿਆ ਦੇ ਕੰਡੇ ਲੈ ਗਿਆ। ਉੱਥੇ ਅੱਗੇ ਦੋ ਬੰਦੇ ਬੈਠੇ ਸਨ। ਹਨੇਰੇ ਵਿਚ ਮੈਨੂੰ ਉਹਨਾ ਦੇ ਮੂੰਹ ਵੀ ਚੰਗੀ ਤਰਾਂ ਨਹੀ ਦਿਸੇ। ਥਾਂ ਟਿਕਾਣਾ ਦੱਸ ਕੇ ਅਤੇ ਇਕ ਪੇਪਰ ਦੇ ਕੇ ਆਪ ਰੂਪੋਸ਼ ਹੋ ਗਏ। ਮੱਘਾ ਮੈਨੂੰ ਨਹਿਰ ਦੇ ਬੰਨ ਤੇ ਲਾ ਕੇ ਆਪ ਚਲਾ ਗਿਆ ਤੇ ਮੈ ਪਿੰਡ ਵੱਲ ਨੂੰ ਮੁੜ ਪਿਆ।
ਦਿਨ ਦੀ ਲੋਅ ਵਿਚ ਮੈ ਉਹਨਾ ਵਲੋਂ ਦਿੱਤਾ ਪੇਪਰ ਪੜ੍ਹਿਆ।ਜਿਸ ਵਿਚ ਉਹਨਾਂ ਦੀ ਜੱਥੇਬੰਦੀ ਦੇ ਅਸੂਲਾਂ ਦਾ ਜਿਕਰ ਕੀਤਾ ਗਿਆ ਸੀ, ਜਿਵੇਂ ਹਰ ਔਰਤ ਨੂੰ ਆਪਣੀ ਮਾਂ ਭੈਣ ਦੇ ਸਮਾਨ ਸਮਝਨਾ, ਚਾਹੇ ਉਹ ਕਿਸੇ ਵੀ ਧਰਮ ਜਾਂ ਫਿਰਕੇ ਨਾਲ ਸੰਬਧਤ ਹੋਵੇ, ਸੁੱਤੇ ਹੋਏ ਵੈਰੀ ਤੇ ਹਮਲਾ ਨਹੀ ਕਰਨਾ,ਰੱਬ ਦੀ ਯਾਦ ਵਿਚ ਬੈਠੇ ਹੋਏ ਦੁਸ਼ਮਨ ਤੇ ਵਾਰ ਨਹੀ ਕਰਨਾ ਆਦਿ।ਮੈ ਅੱਧਾ-ਪੱਚਧਾ ਕਾਗਜ਼ ਪੜ੍ਹ ਕੇ ਦਹੋਰਾ ਕਰਕੇ ਅੰਗਠੀ ਦੇ ਕੱਪੜੇ ਥੱਲੇ ਰੱਖ ਦਿੱਤਾ।
ਜਿਹਨਾ ਖਾੜੂਕਿਆਂ ਨਾਲ ਮੈਨੂੰ ਰਲਾਇਆ ਗਿਆ, ਉਹ ਦੋ ਮੁੰਡੇ ਹਰਿਆਣੇ ਦੇ ਇਕ ਪੱਛੜੇ ਹੋਏ ਪਿੰਡ ਵਿਚ ਰਹਿ ਰਹੇ ਸਨ। ਮੈ ਵੀ ਉਹਨਾ ਨਾਲ ਰਹਿਣ ਲੱਗ ਪਿਆ। ਪਹਿਲੇ ਦਿਨ ਹੀ ਮੈ ਉਹਨਾ ਨੂੰ ਦਸ ਦਿੱਤਾ,
“ ਮੈਨੂੰ ਪਿੰਡ ਛੇਤੀ ਛੇਤੀ ਜਾਣਾ ਪਿਆ ਕਰਨਾ ਆ।”
“ ਇਸ ਵਿਚ ਖਤਰਾ ਹੋ ਸਕਦਾ ਹੈ।” ਜੋ ਸਹਿਜਧਾਰੀ ਖਾੜਕੂ ਸੀ ਉਹ ਬੋਲਿਆ. “ ਤੁਸੀ ਇਸ ਤਰਾਂ ਨਹੀ ਕਰ ਸਕਦੇ।”
“ ਮੇਰੀ ਮਾਂ ਇਕੱਲੀ ਆ ਅਤੇ ਉਹ ਬਿਮਾਰ ਰਹਿੰਦੀ ਆ।” ਮੈ ਬਹਾਨਾ ਲਾਇਆ, “ ਉਸ ਨੂੰ ਦੇਖਣ ਜਾਣਾ ਪਵੇਗਾ ਹੀ।”
“ ਮੌਕਾ ਦੇਖ ਕੇ ਅਸੀ ਤਹਾਨੂੰ ਦੱਸਿਆਂ ਕਰਾਂਗੇ ਕਿ ਕਦੋਂ ਜਾ ਸਕਦੇ ਹੋ।”
ਪਰ ਫਿਰ ਉਹਨਾਂ ਨੇ ਮੈਨੂੰ ਜਾਣ ਲਈ ਕਹਿ ਦਿੱਤਾ, ਕਿਉਂਕਿ ਉਹਨਾਂ ਕੀ ਪਤਾ ਸੀ ਕਿ ਜੋ ਉਹਨੀ ਕਰਨਾ ਸੀ ਉਸ ਬਾਰੇ ਮੈ ਪੁਲੀਸ ਨੂੰ ਵੀ ਖਬਰ ਦੇਣੀ ਸੀ।
ਇਸ ਸਫਾ ਵਿਚ ਰਲ ਕੇ ਖਾੜਕੂਆਂ ਦੇ ਡੂੰਘੇ ਭੇਦ ਪੁਲੀਸ ਨੂੰ ਦਿੱਤੇ ਅਤੇ ਬਹੁਤ ਸਾਰੇ ਚੜ੍ਹਦੀ ਉਮਰ ਦੇ ਮੁੰਡੇ ਚੁੱਕਵਾਏ। ਦੁਬਾਵੇ ਜਿਲੇ ਦੇ ਪਿੰਡ ਹਰਿਆਣੇ ਦਾ ਕਹਿੰਦਾ ਕਹਾਉਂਦਾ ਖਾੜਕੂ ਫੜਾਇਆ ਜੋ ਭਾਰੀ ਮਾਤਰਾ ਵਿਚ ਹੱਥਿਆਰ ਟਰਾਲੀ ਵਿਚ ਲੁਕਾ ਕੇ ਲਿਆ ਰਿਹਾ ਸੀ। ਇਸ ਦੇ ਬਦਲੇ ਪੁਲ਼ੀਸ ਮੈਨੂੰ ਮਾਲੋ-ਮਾਲ ਕਰ ਰਹੀ ਸੀ।ਪੁਲੀਸ ਨੇ ਇਹਨਾ ਸਾਰੇ ਮੁੰਡਿਆਂ ਨੂੰ ਮਾਰ ਮੁੱਕਾਇਆ ਸੀ।
ਖਾੜਕੂ ਜੱਥੇਬੰਦੀ ਵਿਚ ਹੈਰਾਨੀ ਫੈਲਣ ਲੱਗੀ ਕਿ ਉਹਨਾਂ ਦੇ ਭੇਦ ਪੁਲੀਸ ਦੇ ਕੋਲ ਕਿਵੇ ਪਹੁੰਚਦੇ ਨੇ? ਉਹ ਹੁਸ਼ਿਆਰੀ ਨਾਲ ਇਸ ਮਾਮਲੇ ਬਾਰੇ ਸੋਚਣ ਲੱਗੇ।ਜਿਹਨਾ ਦੋ ਖਾੜਕੂਆਂ ਨਾਲ ਮੈ ਰਹਿ ਰਿਹਾ ਸੀ। ਉਹ ਅਜੇ ਵੀ ਪੂਰੀ ਤਰਾਂ ਆਪਣਾ ਭੇਦ ਮੈਨੂੰ ਨਹੀ ਸਨ ਦੱਸਦੇ।ਜਿਸ ਪਿੰਡ ਵਿਚ ਉਹ ਰਹਿ ਰਹੇ ਸਨ, ਉਥੋਂ ਦੇ ਲੋਕ ਇਹ ਹੀ ਜਾਣਦੇ ਸਨ ਕਿ ਪੰਜਾਬ ਤੋਂ ਪੜ੍ਹਨ ਲਈ ਆਏ ਹੋਏ ਨੇ ਅਤੇ ਕਿਰਾਏ ਤੇ ਮਕਾਨ ਲੈ ਕੇ ਰਹਿੰਦੇ ਹਨ ਅਤੇ ਅੱਗੇ ਦੋ ਸਨ ਤੇ ਹੁਣ ਤਿੰਨ ਹੋ ਗਏ।
ਸੋਮਵਾਰ ਦੀ ਅੱਧੀ ਰਾਤ ਨੂੰ ਜ਼ੋਰ ਦੀ ਬੂਹਾ ਖੜਕਿਆ। ਦੋਵੇ ਖਾੜਕੂ ਡਰ ਗਏ ਕਿ ਪੁਲੀਸ ਆ ਗਈ। ਪਰ ਕਿਸੇ ਨੇ ਉਹਨਾਂ ਦੇ ਨਾਮ ਲੈ ਕੇ ਅਵਾਜ਼ ਮਾਰੀ,
“ ਬਿਟੂ,ਸੋਢੀ, ਛੇਤੀ ਦਰਵਾਜ਼ਾ ਖ੍ਹੋਲੋ, ਬਾਬੇ ਸੰਤ ਰਾਮ ਨੂੰ ‘ਹਾਰਟੈਕ’ ਹੋ ਗਿਆ।”
ਇਹ ਸੁਣਦੇ ਸਾਰ ਹੀ ਬਿਟੂ ਛੇਤੀ ਨਾਲ ਦਰਵਾਜ਼ਾ ਖੋ੍ਹੌਲ ਕੇ ਬਾਹਰ ਚਲਾ ਗਿਆ ਅਤੇ ਉਸ ਦੇ ਪਿੱਛੇ ਹੀ ਸੋਢੀ। ਮੈ ਤਾਂ ਅਰਾਮ ਨਾਲ ਬਿਸਤਰੇ ਤੇ ਪਿਆ ਰਿਹਾ।
“ ਛੇਤੀ ਨਾਲ ਆਪਣਾ ਮੋਟਰ ਸਾਈਕਲ ਬਾਹਰ ਕਢੋ।” ਆਉਣ ਵਾਲਿਆਂ ਵਿਚੋਂ ਕਿਸੇ ਨੇ ਕਿਹਾ, “ ਸੰਤ ਰਾਮ ਨੂੰ ਲਾਗਲੇ ਸ਼ਾਹਿਰ ਹਸਪਤਾਲ ਖੜ੍ਹਨਾ ਹੈ।”
ਇਹ ਸੁਣਦੇ ਸਾਰ ਹੀ ਬਿਟੂ ਨੇ ਛੇਤੀ ਨਾਲ ਗੋਲ ਜਿਹਾ ਸਾਫਾ ਸਿਰ ਨੂੰ ਲਪੇਟਿਆ ਤੇ ਮੋਟਰਸਾਈਕਲ ਨੂੰ ਬਾਹਰ ਕੱਢਿਆ ਨਾਲ ਹੀ ਸੋਢੀ ਜੀਨ ਪਾ ਕੇ ਤੁਰ ਪਿਆ। ਪਰ ਮੈ ਆਪਣੀ ਰਜ਼ਾਈ ਨਾ ਛੱਡੀ ,ਪਰ ਤੁਰਨ ਲੱਗਿਆਂ ਨੂੰ ਉਪਰੇ ਮਨ ਨਾਲ ਕਿਹਾ,
“ ਅੱਧੀ ਰਾਤ ਨੂੰ ਤੁਰ ਪਏ ਆਂ, ਜੇ ਭਲਾ ਪੁਲੀਸ ਨੇ ਰਸਤੇ ਵਿਚ ਤਹਾਨੂੰ ਫੜ ਲਿਆ।”
“ ਇਸ ਵੇਲੇ ਸਾਨੂੰ ਸਿਰਫ ਸੰਤ ਰਾਮ ਦੀ ਜ਼ਿੰਦਗੀ ਬਚਾਉਣ ਦਾ ਫਿਕਰ ਆ।” ਬਿਟੂ ਨੇ ਕਿਹਾ,” ਨਾ ਕਿ ਪੁਲੀਸ ਜਾਂ ਸਰਕਾਰ ਦਾ।
ਮੈ ਉਹਨਾ ਨੇ ਮੂੰਹ ਵੱਲ ਦੇਖਦਾ ਰਿਹਾ ਅਤੇ ਉੱਠ ਕੇ ਦਰਵਾਜ਼ੇ ਦੇ ਕੋਲ ਚਲਾ ਗਿਆ। ਬਿਟੂ ਨੇ ਮੋਟਰਸਾਈਕਲ ਨੂੰ ਕਿਕ ਮਾਰੀ ਤੇ ਬੈਠ ਗਿਆ ਅਤੇ ਪਿੱਛੇ ਸੋਢੀ ਸੰਤ ਰਾਮ ਨੂੰ ਫੜ੍ਹ ਕੇ ਬੈਠ ਗਿਅ। ਝੱਟ ਉਹ ਦੀ ਉਹ ਗਏ।
“ ਭਲਾ ਹੋਵੇ ਇਹਨਾ ਮੁੰਡਿਆਂ ਦਾ।” ਲੋਕਾਂ ਵਿਚ ਖਲੋਤੀ ਬੁੱਢੀ ਮਾਈ ਕਹਿ ਰਹੀ ਸੀ, “ ਇਹਨਾਂ ਦੀ ਖਾਹਸ਼ਾਂ ਪੂਰੀਆਂ ਹੋਣ।”
“ ਉਹ ਤਾਂ ਹੋਣੀਆਂ ਹੀ ਆ।” ਇਕ ਬਾਬਾ ਬੋਲਿਆ, “ ਮੇਰੇ ਦਮੇ ਨੂੰ ਇਹਨਾ ਵਲੋਂ ਲਿਆਂਦੀ ਦਵਾਈ ਨਾਲ ਹੀ ਅਰਾਮ ਆਇਆ ਵਾ।”
ਪਤਾ ਨਹੀ ਕਿੰਨਾ ਚਿਰ ਇਸ ਤਰਾਂ ਦੀਆਂ ਗੱਲਾਂ ਮੈਨੂੰ ਸੁਣਦੀਆਂ ਰਹਿੰਦੀਆਂ ਜੇ ਮੈ ਦਰਵਾਜ਼ਾ ਬੰਦ ਨਾ ਕਰਦਾ।
ਪਰ ਮੇਰੇ ਤੇ ਅਜਿਹੀਆਂ ਗੱਲਾਂ ਦਾ ਕੋਈ ਅਸਰ ਨਾ ਪਿਆ ਤੇ ਗਦਾਰੀ ਵਾਲਾ ਆਪਣਾ ਕੰਮ ਚੌਕੰਨਾ ਹੋ ਕੇ ਕਰਨ ਲੱਗਾ। ਇਕ ਦਿਨ ਬਿਟੂ ਅਤੇ ਸੋਢੀ ਇਕ ਪੁਲੀਸ ਅਫਸਰ ਦੀਆਂ ਗੱਲਾਂ ਕਰ ਰਹੇ ਸਨ ਜੋ ਖਾੜਕੂਆਂ ਨਾਲ ਹਮਦਰਦੀ ਰੱਖਦਾ ਸੀ।ਮੈ ਪੁਲੀਸ ਨੂੰ ਇਸ ਗੱਲ ਦੀ ਮੁਖਬਰੀ ਕੀਤੀ ਤਾਂ ਪੁਲੀਸ ਵਾਲਿਆਂ ਨੇ ਉਸ ਅਫਸਰ ਦਾ ਸਾਰਾ ਪ੍ਰੀਵਾਰ ਹੀ ਮੁੱਕਾ ਦਿੱਤਾ ਅਤੇ ਨਾਮ ਸੋਢੀ ਤੇ ਬਿਟੂ ਦਾ ਲਗਾ ਦਿੱਤਾ। ਇਸ ਤੋਂ ਪਹਿਲਾ ਕਿ ਸ਼ੱਕ ਦੀ ਸੂਈ ਮੇਰੇ ਵੱਲ ਹੋਵੇ ਮੈ ਮਾਂ ਨੂੰ ਦੇਖਣ ਦਾ ਬਹਾਨਾ ਲਾ ਜਲੰਧਰ ਪੁਲੀਸ ਵਲੋਂ ਦਿੱਤੇ ਕਮਰੇ ਵਿਚ ਲੁੱਕ ਗਿਆ।
ਦੂਸਰੇ ਦਿਨ ਹੀ ਢੱਲਦੀ ਸ਼ਾਮ ਨੂੰ ਦੋ ਆਦਮੀ ਖੇਸੀਆਂ ਦੀਆਂ ਬੁਕਲਾਂ ਮਾਰੀ, ਮੂੰਹ ਸਿਰ ਲਕੋਈ ਮੇਰੇ ਬੂਹੇ ਅੱਗੇ ਆ ਖੋਲਤੇ।ਮੈ ਉਹਨਾ ਨੂੰ ਦੇਖ ਕੇ ਡਰ ਗਿਆ।ਉਹ ਧੁੱਸ ਦੇ ਕੇ ਅੰਦਰ ਆ ਗਏ ਅਤੇ ਦਰਵਾਜੇ ਨੂੰ ਅਦਰੋਂ ਬੰਦ ਕਰ ਲਿਆ। ਉਹਨਾਂ ਆਉਂਦਿਆ ਹੀ ਮੈਨੂੰ ਗਿਚੀ ਤੋਂ ਫੜ ਲਿਆ ਤੇ ਕਿਹਾ ਆਪਣੀ ਅਸਲੀਅਤ ਦੱਸ। ਹਨੇਰੇ ਵਿਚ ਵੀ ਉਹਨਾਂ ਦੀ ਅਵਾਜ਼ ਤੋਂ ਮੈ ਪਛਾਣ ਲਿਆ ਕਿ ਉਹ ਸੋਢੀ ਤੇ ਬਿਟੂ ਨੇ। ਸੋਢੀ ਨੇ ਆਪਣਾ ਪਿਸਤੋਲ ਮੇਰੇ ਵੱਲ ਸਿਧਾ ਕਰਦੇ ਕਿਹਾ,
“ ਸੱਚ ਸੱਚ ਸਭ ਦੱਸ ਦੇ, ਨਹੀ ਤਾਂ ਹੁਣੇ ਹੀ ਘੋੜਾ ਨੱਪ ਦੇਣਾ।”
ਡਰਾਕਲ ਤਾਂ ਮੈ ਪਹਿਲਾ ਤੋਂ ਹੀ ਬਹੁਤ ਸੀ, ਪਿਸਤੋਲ ਦੇਖ ਕੇ ਮੇਰੇ ਅੰਦਰਲਾ ਸੱਚ ਬਾਹਰ ਆ ਗਿਆ।ਉਸ ਪੁਲੀਸ ਅਫਸਰ ਦਾ ਨਾਮ ਲੈਂਦੇ ਹੋਏ ਬਿਟੂ ਨੇ ਕਿਹਾ,
“ ਤੂੰ ਹੀ ਅਫਸਰ ਦੇ ਪ੍ਰੀਵਾਰ ਨੂੰ ਪੁਲੀਸ ਕੋਲੋਂ ਮਰਵਾਇਆ।”
ਹਾਂ ਵਿਚ ਮੈ ਆਪਣਾ ਸਿਰ ਜਰਾ ਨਿਵਾ ਕੀਤਾ ਸੀ ਕਿ ਸੋਢੀ ਨੇ ਮੈਨੂੰ ਖਤਮ ਕਰਨ ਲਈ ਆਪਣਾ ਪਿਸਤੌਲ ਮੇਰੀ ਕੰਨਪਟੀ ਤੇ ਰੱਖ ਦਿੱਤਾ।ਇਹ ਦੇਖ ਕੇ ਬਿਟੂ ਨੇ ਕਿਹਾ,
“ਇਹਨੂੰ ਮਾਰਨਾ ਨਹੀ, ਸਗੋ ਜ਼ਿਲਤ ਭਰੀ ਜਿੰਦਗੀ ਦੇਣੀ ਆ।” ਇਹ ਕਹਿ ਕੇ ਉਹਨਾ ਮੇਰੀ ਇਕ ਲੱਤ ਕੱਟ ਦਿੱਤੀ ਅਤੇ ਕਿਹਾ,
“ ਇਸ ਲੱਤ ਦੇ ਸਹਾਰੇ ਹੀ ਤੂੰ ਤੁਰ ਕੇ ਪੁਲੀਸ ਨੂੰ ਖਬਰਾਂ ਦਿੰਦਾ ਸੀ।”
ਮੈ ਦਰਦ ਨਾਲ ਚੀਕਾਂ ਮਾਰਨ ਲੱਗਾ ਤਾਂ ਉਹ ਅਰਾਮ ਨਾਲ ਉੱਥੋਂ ਖਿਸਕ ਗਏ।ਅਵਾਜ਼ ਸੁੱਣ ਕੇ ਗੁਆਢੀ ਕੱਠੇ ਹੋ ਗਏ ਤੇ ਮੈਨੂੰ ਹਸਪਤਾਲ ਲੈ ਗਏ। ਸਾਰਿਆਂ ਨੇ ਪੂਰਾ ਜੋਰ ਲਾਇਆ ਕਿ ਇਹ ਸਭ ਕਿਵੇਂ ਵਾਪਰ ਗਿਆ।ਪਰ ਮੈ ਆਪਣਾ ਮੂੰਹ ਨਾ ਖੋਲ੍ਹਿਆ।
ਥੋੜੇ ਦਿਨਾਂ ਬਾਅਦ ਮੇਰੀ ਮਾਂ ਆਈ ਤੇ ਮੈਨੂੰ ਪਿੰਡ ਲੈ ਗਈ। ਮਾਂ ਤੋ ਮੈ ਕੁੱਝ ਵੀ ਨਾ ਲੁਕਾ ਸਕਿਆ।ਸਾਰਾ ਕੁੱਝ ਸੁੱਣ ਕੇ ਮਾਂ ਬਹੁਤ ਦੁੱਖੀ ਹੋਈ ਤੇ ਬੋਲੀ,
“ ਆਪਣਾ ਜ਼ਬਾਨ ਬੰਦ ਰੱਖੀ ਜੇ ਪਿੰਡ ਵਿਚ ਪਤਾ ਲੱਗ ਗਿਅ ਕਿ ਤੂੰ ਗਦਾਰ ਸੀ, ਪਿੰਡ ਵਾਲਿਆਂ ਸਾਨੂੰ ਮੂੰਹ ਨਹੀ ਲਾਉਣਾ।”
ਪਰ ਪਿੰਡ ਵਾਲਿਆਂ ਨੂੰ ਤਾਂ ਸੱਚਾਈ ਦਾ ਪਤਾ ਲੱਗਣਾ ਹੀ ਸੀ ਸੋ ਲੱਗ ਗਿਆ।ਕੋਈ ਵੀ ਮੇਰੀ ਲੱਤ ਬਾਰੇ ਪੁੱਛਣ ਨਾ ਆਇਆ।ਮਾਂ ਵੀ ਢਿਲੀ ਰਹਿਣ ਲੱਗ ਪਈ, ਮਰਨ ਤੋਂ ਥੋੜੇ ਦਿਨ ਪਹਿਲਾਂ ਉਸ ਨੇ ਮੈਨੂੰ ਕਿਹਾ, “ ਮੈਨੂੰ ਜ਼ਬਾਨ ਦੇਹ,ਅੱਗੇ ਤੋਂ ਪੁਲੀਸ ਦਾ ਕੁੱਤਾ ਨਹੀ ਬਣੇਗਾ।” ਮੇਰੀ ਹਾਲਤ ਸੱਪ ਦੇ ਮੂੰਹ ਵਿਚ ਕੋੜ ਕਿਰਲੀ ਵਰਗੀ ਹੋ ਗਈ, ਪਰ ਫਿਰ ਵੀ ਮਰਨ ਕਿਨਾਰੇ ਪਈ ਮਾਂ ਨੂੰ ਬਚਨ ਦੇ ਦਿੱਤਾ।
ਮੈ ਹਵੇਲੀ ਵਿਚ ਜ਼ਿਆਦਾ ਰਹਿੰਦਾ।ਮਾਂ ਦੀ ਆਤਮਾ ਨੂੰ ਸ਼ਾਤੀ ਮਿਲੇ ਪੁਲੀਸ ਨਾਲੋ ਵੀ ਆਪਣਾ ਨਾਤਾ ਤੋੜ ਲਿਆ। ਦੋ ਮਹੀਨੇ ਤਕ ਮੈ ਉਹਨਾ ਨਾਲ ਕੋਈ ਰਾਫਤਾ ਕਾਈਮ ਨਾ ਰੱਖਿਆ। ‘ਰੰਡੀ ਤਾਂ ਰੰਡੇਪਾ ਕੱਟ ਲਵੇ,ਪਰ ਮੁੰਸ਼ਟੰਡੇ ਕੱਟਣ ਦੇਣ ਤਾਂ, ਪੁਲੀਸ ਕਿਥੋਂ ਨਾਤਾ ਤੋੜੇ, ਉਹ ਇਕ ਦਿਨ ਹਵੇਲੀ ਆ ਗਏ ਤੇ ਮੈਨੂੰ ਚੁੱਕ ਕੇ ਲੈ ਗਏ। ਉਹਨਾ ਮੈਨੂੰ ਬਹੁਤ ਡਰਾਇਆ-ਧਮਕਾਇਆ ਕਿ ਉਹਨਾ ਖਾੜਕੂਆਂ ਬਾਰੇ ਦੱਸ ਜਿਹਨਾ ਤੇਰੀ ਲੱਤ ਵੱਢੀ। ਐਤਕੀ ਮੈ ਉਹਨਾ ਦੀ ਇਕ ਨਾ ਸੁੱਣੀ ਤੇ ਕੁੱਝ ਵੀ ਨਾ ਦੱਸਿਆ।ਸਿਪਾਹੀ ਤਿਲਕ ਦਾਸ ਕਹਿਣ ਲੱਗਾ,
“ਸਾਬ੍ਹ ਇਹਨੂੰ ਤੁਰਦਾ ਕਰੋ, ਨਹੀ ਤਾਂ ਤੁਹਾਡੇ ਭੇਦ ਬਾਅਦ ਵਿਚ ਖੋਲ੍ਹਦਾ ਫਿਰੇਗਾ।”
“ ਇਸ ਨੂੰ ਤੁਰਦਾ ਨਹੀ ਕਰ ਸਕਦੇ, ਜਦੋਂ ਆਪਾਂ ਇਹਨੂੰ ਚੁੱਕ ਕੇ ਲਿਆਏ ਤਾਂ ਸਾਰਾ ਪਿੰਡ ਦੇਖਦਾ ਸੀ।”
“ ਪਰ ਪਿੰਡ ਵਾਲੇ ਇਹਨੂੰ ਛਡਵਾਉਣ ਆਏ ਨਹੀ ।”
“ ਪਿੰਡ ਵਾਲਿਆਂ ਨੂੰ ਪਤਾ ਲੱਗ ਗਿਆ ਹੈ ਕਿ ਇਹ ‘ਕੈਟ’ ਆ।” ਇੰਨਸਪੈਕਟਰ ਨੇ ਇਹ ਕਹਿ ਕੇ ਠਾਹ ਕਰਦਾ ਟੀਕਾ ਮੇਰੀ ਦੂਸਰੀ ਲੱਤ ਵਿਚ ਲਾਇਆ ਤੇ ਮੈਨੂੰ ਹਵੇਲੀ ਛੱਡ ਗਏ।
ਥੌੜੇ ਦਿਨਾ ਬਾਅਦ ਮੇਰੀ ਦੂਸਰੀ ਲੱਤ ਵੀ ਗੱਲਣੀ ਸ਼ੁਰੂ ਹੋ ਗਈ, ਲੱਤ ਦੀ ਹਾਲਤ ਏਨੀ ਖਰਾਬ ਹੋ ਗਈ ਕਿ ਡਾਕਟਰ ਨੂੰ ਕੱਟਣੀ ਪਈ।
ਹੁਣ ਮੈ ਹਵੇਲੀ ਵਿਚ ਪਿਆ ਆਪਣੀ ਜਿੰਦਗੀ ਬਾਰੇ ਸੋਚਦਾ ਰਹਿੰਦਾ ਹਾਂ। ਪਿੰਡ ਦੇ ਲੋਕ ਅਜੇ ਵੀ ਮੇਰੇ ਨਾਲ ਸਾਂਝ ਨਹੀ ਸੀ ਰੱਖਦੇ। ਸਿਰਫ ਮੇਰੀ ਮਾਂ ਦੇ ਦਾਗਾ ਤੇ ਹੀ ਆਏ ਸਨ। ਛੋਟੂ ਜੋ ਕਿ ਇਕ ਬਿਹਾਰੀ ਮੁੰਡਾ ਆ, ਮੇਰੀ ਮਾੜੀ- ਮੋਟੀ ਰੋਟੀ ਪਕਾ ਛੱਡਦਾ ਹੈ।
ਕੱਲ ਦੋ ਜ਼ਨਾਨੀਆਂ ਗਲੀ ਵਿਚ ਦੀ ਲੰਘਦੀਆਂ ਗੱਲਾਂ ਕਰ ਰਹੀਆਂ ਸਨ। ਇਕ ਨੇ ਕਿਹਾ,
ਪੁਲੀਸ ਨੇ ਇਸ ਦਾ ਆ ਹਾਲ ਕਰ ਦਿੱਤਾ, ਇਹ ਫਿਰ ਵੀ ਜਿਊਂਦਾ ਆ।”
ਦੂਸਰੀ ਬੋਲੀ, “ ਇਸ ਦਾ ਹਾਲ ਤਾਂ ਧੋਵੀ ਦੇ ਕੁੱਤੇ ਵਰਗਾ ਹੋਇਆ।”
ਉਹਨਾ ਦੀ ਇਹ ਗੱਲ ਸੁਣ ਕੇ ਮੈਨੂੰ ਮਾਂ ਦੀ ਗੱਲ ਯਾਦ ਆ ਗਈ ਕਿ ਮੈ ਪੁਲੀਸ ਦਾ ਕੁੱਤਾ ਹਾਂ।
ਪਰ, ਸੱਚ ਜਾਣਉ, ਮੈਨੂੰ ਆਪ ਨਹੀ ਪਤਾ ਕਿ ਮੈ ਕਿਹੜਾ ਕੁੱਤਾ ਹਾਂ ਪੁਲੀਸ ਦਾ ਜਾਂ ਧੋਵੀ ਦਾ।ਇਹ ਗੱਲਾਂ ਸੁਣ ਕੇ ਪਹਿਲਾਂ ਨਾਲੋ ਵੀ ਵੱਧ ਦੁੱਖੀ ਹੁੰਦਾ ਹਾਂ।ਇਹੋ ਜਿਹੀਆਂ ਗੱਲਾਂ ਅਜੇ ਪਤਾ ਨਹੀ ਹੋਰ ਕਿੰਨਾ ਚਿਰ ਸੁਨਣੀਆਂ ਪੈਣੀਆ ਨੇ।ਇਹ ਸੋਚਦਾ ਮੈ ਰੱਬ ਅੱਗੇ ਅਰਦਾਸ ਕਰਨ ਲੱਗਦਾ ਹਾਂ ਕਿ ਰੱਬਾ ਹੁਣ ਮੈਨੂੰ ਚੁੱਕ ਲੈ।
