ਹਮ ਅਪਰਾਧੀ ਸਦ ਭੂਲਤੇ ਤੁਮ੍‍ ਬਖਸਨਹਾਰੇ

ਵਾਹਿਗੁਰੂ ਨੇ ਇਸ ਸੰਸਾਰ ਦੀ ਰਚਨਾ  ਬਹੁਤ ਹੀ ਸੁੰਦਰ ਕੀਤੀ ਹੈ। ਇਹ ਵਿਸ਼ਾਲ ਬ੍ਰਹਿਮੰਡ, ਤਾਰਿਆਂ ਨਾਲ ਭਰਿਆ ਨੀਲਾ ਆਕਾਸ਼, ਠੰਡੀ ਰੋਸ਼ਨੀ ਦਿੰਦਾ ਹੋਇਆ ਚੰਦਰਮਾ, ਜਿਉਣ ਲਈ ਗਰਮੀ ਦਿੰਦਾ ਹੋਇਆ ਸੂਰਜ,ਇਹ ਰੁਮਕਦੀ ਹੋਈ ਹਵਾ , ਸਭ ਸਾਡੇ ਲਈ ਹਨ।ਇਸ ਸਰਸਬਜ਼ ਧਰਤੀ ‘ਤੇ ਨਿਰਮਲ ਪਾਣੀ ਨਾਲ ਕਲਵਲ ਕਲਵਲ ਕਰਦੇ ਹੋਏ ਦਰਿਆ,ਬਰਫ਼ਾਂ ਜਾਂ ਵੱਖ-ਵੱਖ ਕਿਸਮਾਂ ਦੇ ਦਰਖ਼ਤਾਂ ਨਾਲ ਲੱਦੇ ਹੋਏ ਪਹਾੜ, ਸੰਘਣੇ ਜੰਗਲ ਆਦਿ ਸਭ ਕੁਝ ਬਹੁਤ ਸੁੰਦਰ ਲਗਦੇ ਹਨ।ਪਾਤਾਲਾਂ ਤਕ ਡੂੂੰਘੇ ਸਮੁੰਦਰਾਂ ਦੀ ਆਪਣੀ ਹੀ ਖ਼ੂਬਸੂਰਤੀ ਹੈ।

ਅਕਾਲ ਪੁਰਖ ਦੀ, ਕੁਦਰਤ ਦੀ, ਇਸ ਸੰਸਾਰ ਵਿਚ ਸਭ ਤੋਂ ਉੱਤਮ ਅਤੇ ਖ਼ੂਬਸੂਰਤ ਜੋ ਰਚਨਾ ਹੈ, ੳੇੁਹ ਹੈ ਮਨੁੱਖ। ਕਿਹਾ ਜਾਂਦਾ ਹੈ ਕਿ ੮੪ ਲੱਖ ਜੂਨਾਂ ਭੋਗ ਕੇ ਹੀ ਆਤਮਾ ਮਨੁੱਖੀ ਜਾਮੇ ਵਿਚ ਆਉਂਦੀ ਹੈ ਜਾਂ ਇਹ ਕਹਿ ਲਈਏ ਕਿ ਮਨੁੱਖੀ ਜੀਵਨ ੮੪ ਲੱਖ ਜੀਵਾਂ ਨਾਲੋਂ ਸਭ ਤੋਂ ਉੱਤਮ ਹੈ। ਮਨੁੱਖੀ ਸਰੀਰ ਸਭ ਤੋਂ ਵੱਧ ਖ਼ੂਬਸੂਰਤ ਹੈ, ਸਭ ਤੋਂ ਵੱਧ ਸੰਵੇਦਨਸ਼ੀਲ਼ ਹੈ, ਮਨੁੱਖ ਦਾ ਦਿਮਾਗ਼ ਸਭ ਤੋਂ ਵੱਧ ਸਿਆਣਪ ਭਰਪੂਰ ਹੈ। ਬਾਹਰੀ ਦਿੱਖ ਵਜੋਂ ਕਈ ਜਾਨਵਰ ਤੇ ਪੰਛੀ ਬਹੁਤ ਸੁੰਦਰ ਹਨ, ਮਨੁੱਖ ਸੁਹਣੇ ਬਸਤਰ ਪਹਿਣ ਕੇ ਉਨ੍ਹਾਂ ਤੋਂ ਵੀ ਸੁੰਦਰ ਬਣ ਜਾਂਦਾ ਹੈ। ਕਈ ਜਾਨਵਰ ਸਰੀਰਕ ਸ਼ਕਤੀ ਪੱਖੋਂ ਬੜੇ ਹੀ ਸ਼ਕਤੀਸ਼ਾਲੀ ਹਨ, ਪਰ ਮਨੁੱਖ ਆਪਣੀ ਸਿਆਣਪ ਨਾਲ ਉਨ੍ਹਾਂ ਤੋਂ ਵੱਧ ਸ਼ਕਤੀਸ਼ਾਲੀ ਬਣ ਜਾਂਦਾ ਹੈ ਅਤੇ ਉਨ੍ਹਾਂ ਉਤੇ ਕਾਬੂ ਪਾ ਲੈਂਦਾ ਹੈ। ਕਈ ਪੰਛੀ ਆਕਾਸ਼ ਵਿਚ ਬਹੁਤ ਉਚੀਆਂ ਉਡਾਰੀਆਂ ਮਾਰ ਲੈਂਦੇ ਹਨ, ਮਨੁੱਖ ਆਪਣੇ ਦਿਮਾਗ਼ ਸਦਕਾ ਹਵਾਈ ਜਹਾਜ਼ ਆਦਿ ਨਾਲ ਉਨ੍ਹਾਂ ਤੋਂ ਵੀ ਉੁੱਚੀਆਂ ਉਡਾਰੀਆਂ ਮਾਰ ਲੈਂਦਾ ਹੈ, ਮਨੁੱਖ ਤਾਂ ਚੰਦਰਮਾ ਉੱਤੇ ਵੀ ਪਹੁੰਚ ਗਿਆ ਹੈ। ਕਈ ਸਮੁੰਦਰੀ ਜੀਵ ਪਾਣੀ ਵਿਚ ਬਹੁਤ ਡੂੰਘਾਣਾਂ ਤਕ ਆ ਜਾ ਸਕਦੇ ਹਨ । ਮਨੁੱਖ ਪਣਡੁੱਬੀਆਂ ਆਦਿ ਨਾਲ ਉਨ੍ਹਾਂ ਤੋਂ ਵੱਧ ਗਰਿਹਾਈਆਂ ਤਕ ਗੋਤੇ ਮਾਰ ਸਕਦਾ ਹੈ। ਭਾਵ ਮਨੁੱਖ ਬਾਕੀ ਜੀਵ ਜੰਤੂਆਂ ਨਾਲੋਂ ਹਰ ਪੱਖੋਂ ਉਤਮ ਹੈ।

ਹਰ ਮਨੁੱਖ ਵਲੋਂ ਇਕ ਸੱਚਾ-ਸੁੱਚਾ, ਸਿੱਧਾ-ਸਾਦਾ, ਨੇਕ, ਨਾਮ ਸਿਮਰਨ ਤੇ ਸੇਵਾ ਵਾਲਾ ਅਤੇ ਪਰਉਪਕਾਰੀ ਜੀਵਨ ਬਿਤਾਇਆ ਜਾਏ ਤਾਂ ਇਹ ਧਰਤੀ ਸਵਰਗ ਜਾਪਦੀ ਹੈ । ਪਰਮਾਤਮਾ ਨੂੰ ਪਾਇਆ ਜਾ ਸਕਦਾ ਹੈ। ਗੁਰਬਾਣੀ ਦਾ ਫੁਰਮਾਨ ਹੈ :

ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥

ਭਾਗਾਂ ਵਾਲੇ ਹੁੰਦੇ ਹਨ ਉਹ ਵਿਅਕਤੀ ਜੋ ਇਸ ਧਰਤੀ ‘ਤੇ ਜਨਮ ਲੈ ਕੇ ਪਰਮਾਤਮਾ ਨੂੰ ਯਾਦ ਰੱਖਦੇ ਹਨ ਅਤੇ ਆਪਣਾ ਸਾਰਾ ਜੀਵਨ ਹੀ ਪਰਮਾਤਮਾ ਦੀ ਭਗਤੀ ਵਿਚ ਲਗਾ ਦਿੰਦੇ ਹਨ। ਉਹ ਜੀਵਨ ਦੇ ਹਰ ਪਲ ਨੂੰ ਪਰਮਾਤਮਾ ਦਾ ਸੱਚਾ ਨਾਮ ਸਿਮਰਨ ਕਰਦੇ ਹੋਏ ਸਾਰਥਕ ਕਰਦੇ ਹਨ। ਦੂਜੇ ਕਈ ਧਰਮਾਂ ਵਿਚ ਭਗਤੀ ਕਰਨ ਲਈ ਅਕਸਰ ਕਈ ਧਾਰਮਿਕ ਬਿਰਤੀਆਂ ਵਾਲੇ ਵਿਅਕਤੀ ਗ੍ਰਿਹਸਤੀ ਜੀਵਨ ਤਿਆਗ ਕੇ ਦੂਰ-ਦੁਰਾਡੇ ਪਹਾੜੀ ਇਲਾਕਿਆ ਜਾਂ ਜੰਗਲਾਂ ਵਿਚ ਚਲੇ ਜਾਂਦੇ ਹਨ। ਸਿੱਖ ਧਰਮ ਅਨੁਸਾਰ ਗ੍ਰਿਹਸਤੀ ਜੀਵਨ ਹੀ ਸਭ ਤੋਂ ਉੱਤਮ ਹੈ ਅਤੇ ਗ੍ਰਿਹਸਤੀ ਜੀਵਨ ਬਿਤਾਂਦਿਆਂ ਵੀ ਪਰਮਾਤਮਾ ਦੀ ਭਗਤੀ ਕੀਤੀ ਜਾ ਸਕਦੀ ਹੈ, ਪਰਮਾਤਮਾ ਨਾਲ ਜੁੜਿਆ ਜਾ ਸਕਦਾ ਹੈ :

ਇਕਿ ਤਪਸੀ ਬਨ ਮਹਿ ਤਪੁ ਕਰਹਿ ਨਿਤ ਤੀਰਥ ਵਾਸਾ ॥

ਆਪੁ ਨ ਚੀਨਹਿ ਤਾਮਸੀ ਕਾਹੇ ਭਏ ਉਦਾਸਾ ॥…..

ਇਕਿ ਗਿਰਹੀ ਸੇਵਕ ਸਾਧਿਕਾ ਗੁਰਮਤੀ ਲਾਗੇ ॥

ਨਾਮੁ ਦਾਨੁ ਇਸਨਾਨੁ ਦ੍ਰਿੜੁ ਹਰਿ ਭਗਤਿ ਸੁਜਾਗੇ ॥

ਪਰਮਾਤਮਾ ਨੂੰ ਪਾਉਣ ਲਈ ਗੁਰੂ ਮਾਰਗ-ਦਰਸ਼ਨ ਕਰਦੇ ਹਨ। ਸੱਚੇ ਗੁਰੂ ਨਾਲ ਜੁੜ ਕੇ ਮੁਕਤੀ ਪ੍ਰਾਪਤ ਕੀਤੀ ਜਾ ਸਕਦੀ ਹੈ:

ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ ॥

ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ ॥

ਪਰ ਅਕਸਰ ਮਨੁੱਖ ਇਸ ਸੰਸਾਰ ਵਿਚ ਆ ਕੇ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਵਿਚ ਗੁਆਚ ਜਾਂਦਾ ਹੈ, ਪਰਮਾਤਮਾ ਨੂੰ ਭੁੱਲ ਜਾਂਦਾ ਹੈ: ਨੇਕੀ ਵੱਲ, ਸਦਗੁਣਾਂ ਵੱਲ ਤਾਂ ਮਨੁੱਖ ਕਦੇ ਹੀ ਪ੍ਰੇਰਿਤ ਹੁੰਦਾ ਹੈ, ਪਰ ਬੁਰਾਈ ਵੱਲ, ਔਗੁਣਾਂ ’ਤੇ ਵਿਕਾਰਾਂ ਵੱਲ ਬਹੁਤ ਜਲਦੀ ਝੁਕ ਜਾਂਦਾ ਹੈ:

ਚੰਗਿਆੲਂੀ ਆਲਕੁ ਕਰੇ ਬੁਰਿਆੲਂੀ ਹੋਇ ਸੇਰੁ ॥

ਨਾਨਕ ਅਜੁ ਕਲਿ ਆਵਸੀ ਗਾਫਲ ਫਾਹੀ ਪੇਰੁ ॥

-ਪਾਪੀ ਹੀਐ ਮੈ ਕਾਮੁ ਬਸਾਇ ॥

ਮਨੁ ਚੰਚਲ ਯਾ ਤੇ ਗਹਿਓ ਨ ਜਾਇ ॥

ਕਿਹਾ ਜਾਂਦਾ ਹੈ ਕਿ ਮਨੁੱਖ ਗ਼ਲਤੀਆਂ ਦਾ ਪੁਤਲਾ ਹੈ। ਉਸ ਪਾਸੋਂ ਜਾਣੇ-ਅਨਜਾਣੇ ਅਕਸਰ ਕੋਈ ਨਾ ਕੋਈ ਭੁੱਲ ਹੋ ਜਾਂਦੀ ਹੈ। ਆਮ ਤੌਰ ’ਤੇ ਹਰ ਵਿਅਕਤੀ ਤੋਂ ਕੋਈ ਨਾ ਕੋਈ ਭੁੱਲ ਹੋ ਜਾਂਦੀ ਹੈ। ਆਪਣੀ ਭੁੱਲ ਨੂੰ ਸਵੀਕਾਰ ਕਰ ਲਿਆ ਜਾਏ ਤੇ ਉਸ ਲਈ ਮੁਆਫ਼ੀ ਮੰਗ ਲਈ ਜਾਏ,ਪਸ਼ਚਾਤਾਪ ਕੀਤਾ ਜਾਏ, ਤਾਂ ਉਹ ਭੁੱਲ, ਭੁੱਲ ਨਹੀਂ ਰਹਿ ਜਾਂਦੀ ।

ਕਈ ਵਾਰੀ ਕੋਈ ਵਿਅਕਤੀ ਅਜੇਹੀ ਵੀ ਭੁੱਲ ਕਰਦਾ ਹੈ ਕਿ ਉਸ ਨੂੰ ਭੁਲਾਇਆ ਜਾਂ ਮੁਆਫ਼ ਨਹੀਂ ਕੀਤਾ ਜਾ ਸਕਦਾ (ਜਿਵੇਂ ਕਿ ਜੂਨ ੮੪ ਵਿਚ ਇੰਦਰਾ ਗਾਂਧੀ ਵੱਲੋਂ ਸ੍ਰੀ ਦਰਬਾਰ ਸਾਹਿਬ ਸਮੂਹ ’ਤੇ ਫ਼ੌਜੀ ਹਮਲਾ) ਕਿਸੇ ਸਿੱਖ ਪਾਸੋਂ ਕੋਈ ਗ਼ਲਤੀ ਜਾਂ ਅਵੱਗਿਆ ਹੋ ਜਾਏ ਤਾਂ ਉਸ ਨੂੰ ਸਵੀਕਾਰ ਕਰਕੇ ਤੇ ਲੋੜੀਂਦਾ ਪਸ਼ਚਾਤਾਪ ਕਰ ਕੇ ਉਸ ਨੂੰ ਸੁਧਾਰਿਆ ਜਾ ਸਕਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰਬ-ਪਰਵਾਣਿਤ “ਸਿੱਖ ਰਹਿਤ ਮਰਯਾਦਾ” ਵਿਚ ਧਾਰਮਿਕ ਅਵੱਗਿਆ ਜਾਂ ਗ਼ਲਤੀ ਬਾਰੇ ਖਿਮਾ ਜਾਚਨਾ ਤੇ ਸੁਧਾਈ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਗਈ ਹੈ।

ਗੁਰੂ ਤੋਂ ਬੇਮੁੱਖ ਹੋਣਾ ਤਾਂ ਇਕ ਬਹੁਤ ਵੱਡੀ ਭੁੱਲ ਜਾਂ ਗ਼ਲਤੀ ਹੈ। ਸਿੱਖ ਇਤਿਹਾਸ ਵਿਚ ਅਜਿਹੀ ਇੱਕ ਘਟਨਾ ਹੈ, ਜਿਸ ਨੂੰ ਬਖ਼ਸ਼ਾਉਣ ਲਈ ੪੦ ਸਿੰਘਾਂ ਨੇ ਬੜੀ ਹੀ ਬਹਾਦਰੀ ਨਾਲ ਆਪਣੀਆਂ ਸ਼ਹੀਦੀਆਂ ਦਿੱਤੀਆਂ। ਦਸੰਬਰ ੧੭੦੪ ਵਿਚ ਜਦੋਂ ਮੁਗ਼ਲ ਫ਼ੌਜਾਂ ਤੇ ਪਹਾੜੀ ਰਾਜਿਆਂ ਦੀਆਂ ਫ਼ੌਜਾਂ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਿਲ੍ਹਾ ਅਨੰਦਗੜ੍ਹ ਨੂੰ ਘੇਰਾ ਪਾਇਆ ਹੋਇਆ ਸੀ ਅਤੇ ਬਾਹਰੋਂ ਸਪਲਾਈ ਬੰਦ ਹੋ ਗਈ ਸੀ, ਤਾਂ ਇਹ ਸਿੰਘ ਭੁੱਖ ਪਿਆਸ ਤੇ ਘੇਰੇ ਤੋਂ ਤੰਗ ਆ ਕੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਤੋਂ ਬੇਮੁੱਖ ਹੋ ਕੇ ‘ਬੇਦਾਵਾ’ ਲਿਖ ਕੇ ਮਾਝੇ ਦੇ ਇਲਾਕੇ ਵਿਚ ਆਪਣੇ ਘਰਾਂ ਨੂੰ ਆਏ ਤਾਂ ਮਾਈ ਭਾਗੋ ਵੱਲੋਂ ਉਨ੍ਹਾਂ ਨੂੰ ਉਹਨਾਂ ਦੀ ਭੁੱਲ ਦਾ ਅਹਿਸਾਸ ਕਰਵਾਇਆ। ਇਹ ਸਿੰਘ ਜਦੋਂ ਗੁਰੂ ਸਾਹਿਬ ਤੋਂ ਆਪਣੀ ਭੁੱਲ ਬਖ਼ਸ਼ਾਉਣ ਲਈ ਮਾਲਵਾ ਖੇਤਰ ਵਿਚ ਆਏ ਤਾਂ ਇਨ੍ਹਾਂ ਦਾ ਖਿਦਰਾਣੇ ਦੀ ਢਾਬ ਵਿਖੇ ਮੁਗ਼ਲ ਫ਼ੌਜਾਂ ਨਾਲ ਟਾਕਰਾ ਹੋ ਗਿਆ। ਇਨ੍ਹਾਂ ਨੇ ਬੜੀ ਹੀ ਸੂਰਬੀਰਤਾ ਨਾਲ ਉਹਨਾਂ ਦਾ ਮੁਕਾਬਲਾ ਕਰ ਕੇ ਉਨ੍ਹਾਂ ਨੂੰ ਭਾਂਜ ਦੇ ਕੇ ਉਥੋਂ ਭਜਾ ਦਿੱਤਾ। ਮਾਤਾ ਭਾਗੋ ਜੀ ਨੇ ਬੀਰ-ਰਸੀ ਅੰਦਾਜ਼ ਵਿੱਚ ਵੈਰੀਆਂ ਦੇ ਸੱਥਰ ਲਾਹ ਦਿੱਤੇ । ਇਸ ਯੁੱਧ ਵਿਚ ਉਨ੍ਹਾਂ ਬੜੀ ਸੂਰਬੀਰਤਾ ਨਾਲ ਸ਼ਹੀਦੀਆਂ ਪਾਈਆਂ। ਮਾਤਾ ਭਾਗੋ ਜੀ ਨੂੰ ਡੂੰਘੇ ਜ਼ਖ਼ਮ ਲੱਗੇ । ਗੁਰੂ ਸਾਹਿਬ ਇਹ ਸਭ ਕੁਝ ਲਾਗਲੀ ਟਿੱਬੀ ਤੋਂ ਦੇਖ ਰਹੇ ਸਨ। ਉਨਾਂ ਨੇ ਆ ਕੇ ਇਨ੍ਹਾਂ ਸਿੰਘਾਂ ਨੂੰ ਪੰਜ ਹਜ਼ਾਰੀ, ਦਸ ਹਜ਼ਾਰੀ, ਵੀਹ ਹਜ਼ਾਰੀ ਵਰਗੇ ਖਿਤਾਬਾਂ ਨਾਲ ਨਿਵਜ਼ ਕੇ ਪਿਆਰ ਕੀਤਾ। ਸੂਰਬੀਰ ਸਪੁੱਤਰੀ ਮਾਤਾ ਭਾਗੋ ਜੀ ਨੂੰ ਗੁਰੂ ਪਾਤਸ਼ਾਹ ਜੀ ਨੇ ਭਰਪੂਰ ਅਸੀਸਾਂ ਬਖ਼ਸ਼ਿਸ਼ ਕੀਤੀਆਂ । ਭਾਈ ਮਹਾਂ ਸਿੰਘ ਜੋ ਇਸ ਯੁੱਧ ਵਿਚ ਬਹੁਤ ਹੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਸਨ, ਦਾ ਸੀਸ ਜਦੋਂ ਗੁਰੂ ਸਾਹਿਬ ਨੇ ਆਪਣੀ ਗੋਦ ਵਿਚ ਰੱਖ ਕੇ ਪੁੱਛਿਆ ਕਿ ਭਾਈ ਮਹਾਂ ਸਿੰਘ! ਮੰਗੋ ਕੀ ਮੰਗਦੇ ਹੋ, ਤਾਂ ਉਸ ਨੇ ਉਹ ‘ਬੇਦਾਵਾ’ ਪਾੜ ਕੇ ਟੁੱਟੀ ਗੰਢਣ ਲਈ ਸਨਿਮਰ ਬੇਨਤੀ ਕੀਤੀ। ਗੁਰੂ ਸਾਹਿਬ ਨੇ ਉਸ ਦੇ ਸਾਹਮਣੇ ਉਹ ਬੇਦਾਵਾ ਫਾੜ ਦਿੱਤਾ ਅਤੇ ਇਨ੍ਹਾਂ ੪੦ ਸਿੰਘਾਂ ਨੂੰ ਮੁਕਤੀ ਬਖ਼ਸ਼ੀ।ਇਹ ਚਾਲ੍ਹੀ ਸਿੰਘ ਚਾਲ੍ਹੀ ਮੁਕਤੇ ਕਰਕੇ ਜਾਣੇ ਜਾਂਦੇ ਹਨ । ਗੁਰੂ ਕੇ ਸਿੱਖ ਰੋਜ਼ਾਨਾ ਅਰਦਾਸ ਕਰਦਿਆਂ ਇਨ੍ਹਾਂ ਚਾਲ੍ਹੀ ਮੁਕਤਿਆਂ ਦੀ ਕੁਰਬਾਨੀ ਨੂੰ ਯਾਦ ਕਰਦੇ ਹਨ। ਇਸ ਇਤਿਹਾਸਕ ਤੇ ਵਿਸਮਾਦੀ ਵਾਕਿਆ ਕਰਕੇ ਖਿਦਰਾਣੇ ਦੀ ਢਾਬ ਦੁਨੀਆਂ ਭਰ ਵਿਚ ਮੁਕਤਸਰ ਦੇ ਨਾਮ ਨਾਲ ਪ੍ਰਸਿੱਧ ਹੈ । ਇਸ ਪਾਵਨ ਇਤਿਹਾਸਕ ਅਸਥਾਨਾ ਵਿਖੇ ਗੁਰਦੁਆਰਿਆਂ ਦੇ ਦਰਸ਼ਨ ਕਰਕੇ ਤੇ ਮੁਕਤਸਰ ਸਰੋਵਰ ’ਚ ਇਸ਼ਨਾਨ ਕਰਕੇ ਸੰਗਤਾਂ ਮੁਕਤ ਜੁਗਤ ਕੇ ਦਾਤੇ ਕਲਗ਼ੀਧਰ ਪਾਤਸ਼ਾਹ ਦੀਆਂ ਅਪਾਰ ਬਖ਼ਸ਼ਿਸ਼ਾਂ ਅਤੇ ਗੁਰੂ-ਬਖ਼ਸ਼ਿਸ਼ਾਂ ਦੇ ਪਾਤਰ ਗੁਰਸਿੱਖਾਂ, ਉਨ੍ਹਾਂ ਸ਼ਹੀਦ ਸੂਰਬੀਰਾਂ ਨੂੰ ਗੁਰੂ ਨਾਲ ਮਿਲਾਉਣ ਦਾ ਸਬੱਬ ਬਣੇ ਮਾਤਾ ਭਾਗੋ ਜੀ ਨੂੰ ਚੇਤੇ ਕਰਦੇ ਹਨ ।

ਜਿਵੇਂ ਉਪਰ ਲਿਖਿਆ ਹੈ ਕਿ ਅਕਸਰ ਹਰ ਗੁਰਸਿੱਖ ਤੋਂ ਕਈ ਵਾਰੀ ਗੁਰਸਿੱਖੀ ਵਾਲਾ ਜੀਵਨ ਬਤੀਤ ਕਰਦਿਆਂ, ਨਾਮ ਸਿਮਰਨ ਤੇ ਸੇਵਾ ਕਰਦਿਆਂ ਵੀ ਜਾਣੇ-ਅਣਜਾਣੇ ਕੋਈ ਵੱਡੀ ਭੁੱਲ ਤੇ ਅਵੱਗਿਆ ਹੋ ਜਾਂਦੀ ਹੈ, ਤਾਂ “ਹਮ ਅਪਰਾਧੀ ਸਦ ਭੂਲਤੇ ਤੁਮ੍‍ ਬਖਸਨਹਾਰੇ” ਉਹ ਭੁੱਲ ਵੀ ਪ੍ਰਾਸ਼ਚਿਤ ਕਰ ਕੇ ਬਖ਼ਸ਼ਾਈ ਜਾ ਸਕਦੀ ਹੈ।

ਹੋਰ:

  1. ਦਿਲੀ ਚੋਣਾਂ ਦੇ ਅਖਾੜੇ ਵਿਚ 91 ਉਮੀਦਵਾਰ ਅਪਰਾਧੀ
  2. ਚੋਣ ਕਮਿਸ਼ਨ, ਅਪਰਾਧੀ ਤੇ ਗੈਰ-ਇਖਲਾਕੀ ਪਿਛੋਕੜ ਵਾਲੇ ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਦਾਖਲ ਕਰਨ ‘ਤੇ ਰੋਕ ਲਾਵੇ

ਲੇਖ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>