Quami Ekta – Punjabi News (ਕੌਮੀ ਏਕਤਾ – ਪੰਜਾਬੀ ਖ਼ਬਰਾਂ)
Punjabi news & English news covering the world focusing on Punjab, India and Punjabis! Leading Punjabi Newspaper since 2002!

ਅਪਣੇ ਅਸਤਿੱਤਵ ਦੀ ਰਖਿਆ ਲਈ ਸੰਘਰਸ਼

ਹਰਬੀਰ ਸਿੰਘ ਭੰਵਰ
By ਹਰਬੀਰ ਸਿੰਘ ਭੰਵਰ • Jan 18th, 2010 • Category: ਲੇਖ

ਜ਼ਿੰਦਗੀ ਇਕ ਸੰਘਰਸ਼ ਦਾ ਨਾਂਅ ਹੈ।ਆਮ ਆਦਮੀ ਨੂੰ ਜਿਉਂਦੇ ਰਹਿਣ ਲਈ ਬੜਾ ਕੁਝ ਕਰਨਾ ਪੈਂਦਾ ਹੈ।ਹਰ ਵਿਅਕਤੀ ਦੀ ਮੁਖ ਲੋੜ ਰੋਟੀ, ਕਪੜਾ ਤੇ ਮਕਾਨ ਹੈ ਜਿਸ ਲਈ ੳੇਹ ਸੰਘਰਸ਼ ਕਰਦਾ ਹੈ। ਮੂੰਹ ਵਿਚ ਚਾਂਦੀ ਦਾ ਚਮਚਾ ਲੈ ਕੇ ਜਨਮ ਲੈਣ ਵਾਲਿਆਂ ਨੂੰ ਇਹ ਮੁਖ ਲੋੜਾਂ ਵਿਰਸੇ ਵਿਚ ਜਾਂ ਸਹਿਜੇ ਹੀ ਮਿਲ ਜਾਂਦੀਆਂ ਹਨ ਜਦੋਂ ਕਿ ਆਮ ਲੋਕਾਂ ਨੂੰ ਬੜੀ ਜਦੋ ਜਹਿਦ ਪਿਛੋਂ ਨਸੀਬ ਹੁੰਦੀਆਂ ਹਨ।

ਕਈ  ਵਿਅਕਤੀ ਗੁਣਵਾਣ ਵੀ ਹੁੰਦੇ ਹਨ,ਪ੍ਰਤਿਭਾਵਾਨ ਵੀ ਹੁੰਦੇ ਹਨ।ਰੋਜ਼ੀ ਰੋਟੀ ਦਾ ਮੱਸਲਾ ਹਲ ਹੋ ਜਾਏ ਜਾਂ ਨਾ ਹੋਏ, ਉਹ ਆਪਣੀ ਪ੍ਰਤਿਭਾ ਅਨੁਸਾਰ ਸਬੰਧਤ ਖੇਤਰ ਵਿਚ ਆਪਣੀ ਪਛਾਣ ਬਣਾਉਣ ਦਾ ਯਤਨ ਕਰਦੇ ਰਹਿੰਦੇ ਹਨ , ਆਪਣੀ ਲਗਨ ਤੇ ਮਿਹਨਤ ਨਾਲ ਆਪਣਾ ਨਾਂਅ ਬਣਾਉਂਦੇ ਹਨ ਅਤੇ ਇਕ ਕਵੀ, ਲੇਖਕ, ਗੀਤਕਾਰ, ਗਾਇਕ, ਸੰਗੀਤਕਾਰ, ਚਿੱਤਰਕਾਰ, ਕਲਾਕਾਰ, ਪੱਤਰਕਾਰ ਆਦਿ ਵਜੋਂ ਆਪਣੀ ਇਕ ਵੱਖਰੀ ਪਛਾਣ ਬਣਾ ਲੈਂਦੇ ਹਨ। ਆਪਣੇ ਇਸ ਖੇਤਰ ਵਿਚ ਸਥਾਪਤ ਹੋਣ ਲਈ ਉਸ ਨੂੰ ਆਪਣੇ ਉਸਤਾਦ, ਗੁਰੂ, ਅਧਿਆਪਕ, ਆਪਣੇ ਸੀਨੀਅਰ ਤੇ ਹੋਰ ਅਨੇਕਾਂ ਅਦਾਰਿਆ ਦੇ ਅਧਿਕਾਰੀਆਂ ਦੇ ਸਹਿਯੋਗ ਤੇ ਅਗਵਾਈ ਦੀ ਲੋੜ ਵੀ ਪੈਂਦੀ ਹੈ। ਜਿਵੇਂ ਕਿਸੇ ਲੇਖਕ ਨੂੰ ਆਪਣੀ ਰਚਨਾ ਕਿਸੇ ਅਖ਼ਬਾਰ ਜਾਂ ਮਾਸਿਕ, ਹਫਤਾਵਾਰੀ ਪਤ੍ਰਿਕਾ ਆਦਿ ਵਿਚ ਛਪਵਾਉਣ ਲਈ, ਕਿਸੇ ਗਾਇਕ ਨੂੰ ਆਪਣੇ ਗੀਤ ਸੁਣਾਉਣ ਅਤੇ ਰੀਕਾਰਡਿੰਗ ਆਦਿ ਲਈ, ਕਿਸੇ ਚਿੱਤਰਕਾਰ ਨੂੰ ਆਪਣਾ ਬਣਾਇਆ ਚਿੱਤਰ ਕਿਸੇ ਆਰਟ ਗੈਲਰੀ ਜਾਂ ਕਲਾ ਨੁਮਾਇਸ਼ ਵਿਚ ਰਖਣ ਲਈ ਹੋਰਨਾ ਵਿਅਕਤੀਆਂ ਜਾਂ ਅਦਾਰਿਆ ਦੇ ਸਹਿਯੋਗ ਦੀ ਲੋੜ ਹੁੰਦੀ ਹੈ।ਅਜਹਾ ਕਰਨ ਨਾਲ ਜਿਥੇ ਉਸ ਦੀ ਪ੍ਰਤਿਭਾ ਦੀ ਪ੍ਰਸੰਸਾ ਨਾਲ ਉਸ ਨੂੰ ਇਕ ਨਵੀਂ ਪ੍ਰੇਰਨਾ ਮਿਲਦੀ ਹੈ, ਸਥਾਪਤ ਹੋਣ ਲਈ ਵੀ ਸਹਾਇਤਾ ਮਿਲਦੀ ਹੈ। ਉਸਾਰੂ ਆਲੋਚਨਾ ਨਾਲ ਉਹ ਆਪਣੀ ਰਚਨਾ, ਕਲਾ ਜਾਂ ਚਿੱਤਰ ਨੂੰ ਹੋਰ ਨਿਖਾਰ ਸਕਦਾ ਹੈ।ਅਕਸਰ ਉਸ ਦੋਸਤ ਮਿੱਤਰ ਅਤੇ ਕਈ ਸੀਨੀਅਰ ਉਸ ਦੀ ਮੱਦਦ ਵੀ ਕਰਦੇ ਹਨ, ਪਰ ਸਬੰਧਤ ਖੇਤਰ ਵਾਲੇ ਕਈ ਸਾਥੀ ਤੇ ਸੀਨੀਅਰ ਉਸ ਨੂੰ ਨਿਰ-ਉਤਸਾਹਿਤ ਕਰਨ, ਉਸ ਦੀ ਪ੍ਰਤਿਭਾ ਨੂੰ ਦਬਾਉਣ ਤੇ ਉਸ ਦੇ ਪੈਰ ਉਖੇੜਣ ਵਿਚ ਕੋਈ ਕਸਰ ਬਾਕੀ ਨਹੀਂ ਛੱਡਦੇ।ਨਵੀਂ ਥਾਂ ਕਈ ਵਾਰੀ ਜੂਨੀਅਰ ਵੀ ਪੈਰ ਨਹੀਂ ਲਗਣ ਦਿੰਦੇ।ਅਨੇਕ ਵਿਅਕਤੀਆਂ ਦੀ ਪ੍ਰਤਿਭਾ ਇਸ ਤਰ੍ਹਾਂ ਦੰਮ ਤੋੜ ਦਿੰਦੀ ਹੈ, ਅਨੇਕਾਂ ਫੁਲ ਬਿਨਾ ਖਿਲੇ ਹੀ ਮਰਝਾ ਜਾਂਦੇ ਹਨ।ਅਕਸਰ ਕਈ ਵਾਰੀ ਖਿਆਲ ਆਉਂਦਾ ਹੈ ਕਿ ਜੇ ਕਰ ਇਤਨੇ ਟੀ.ਵੀ. ਚੈਨਲ ਸ਼ੁਰੂ ਨਾ ਹੁੰਦੇ, ਤਾਂ ਇਤਨੇ ਸੀਰੀਅਲਾਂ ਦੀ ਸਕਰਿਪਟ ਲ਼ਿਖਣ ਵਾਲੇ ,ਇਨ੍ਹਾਂ ਵਿਚ ਕੰਮ ਕਰਨ ਵਾਲੇ ਅਦਾਕਾਰਾਂ, ਸੰਗੀਤਕਾਰਾਂ,ਫੋਟੋਗ੍ਰਾਫਰਾਂ,ਨਿਰਦੇਸ਼ਕਾਂ ਆਦਿ ਦਾ ਕੀ ਹੁੰਦਾ, ਸ਼ਾਇਦ ਉਹਨਾਂ ਵਿਚੋਂ ਬਹੁਤੇ ਬਿਨਾਂ ਖਿਲੇ ਫੁਲਾਂ ਵਾਂਗ ਮੁਰਝਾ ਜਾਂਦੇ,ਉਨ੍ਹਾਂ ਦੀ ਪ੍ਰਤਿਭਾ ਦੰਮ ਤੋੜ ਦਿੰਦੀ।

ਅਪਣੇ ਅਸਤਿੱਤਵ, ਅਪਣੇ ਵਜੂਦ, ਅਪਣੀ ਹੋਂਦ ਅਤੇ ਆਪਣੀ ਪਛਾਣ ਬਣਾਏ ਰਖਣ ਦੀ ਇਹ ਜਦੋ ਜਹਿਦ ਰੋਜ਼ੀ ਰੋਟੀ ਦੀ ਲੜਾਈ ਵਾਂਗ ਬੜੀ ਔਖੀ ਹੁੰਦੀ ਹੈ, ਕਿੳਂ ਜੋ ਤੁਹਾਡੇ ਵਜੂਦ, ਤੁਹਾਡੀ ਹਸਤੀ, ਤੁਹਾਡੀ ਪ੍ਰਤਿਭਾ ,ਤੁਹਾਡੀ ਸਖਸ਼ੀਅਤ ਨੂੰ ਦਬਾਉਣ ਵਾਲਾ ਈਰਖਾ ਸਾੜੇ ਕਾਰਨ ਹਰ ਯਤਨ ਕਰਦਾ ਹੈ, ਤੁਹਾਡੀ ਪ੍ਰਤਿਭਾ ਨੂੰ ਸਮਾਪਤ ਕਰਨ ਲਈ।ਇਹ ਵੀ ਇਕ ਕੌੜੀ ਹਕੀਕਤ ਹੈ ਕਿ ਈਰਖਾ , ਸਾੜਾ ਕੇਵਲ ਆਪਣੇ ਤੋਂ ਵੱਧੀਆ ਵਿਅਕਤੀ ਨਾਲ ਹੀ ਹੁੰਦਾ ਹੇ, ਕਿਉਂ ਜੋ ਉਹ ਆਪ ਤੁਹਾਡੇ ਵਰਗਾ ਵੱਧੀਆ ਕਵੀ, ਲੇਖਕ, ਕਲਾਕਾਰ, ਸੰਗੀਤਕਾਰ, ਚਿੱਤਰਕਾਰ, ਪੱਤਰਕਾਰ ਆਦਿ ਬਣ ਨਹੀਂ ਸਕਦਾ ਅਤੇ ਤੁਹਾਡੇ ਹੁਨਰ ਦੀ ਚੰਗਿਆਈ, ਚੰਗੀ ਲੇਖਣੀ, ਤੁਹਾਡੀ ਸ਼ੁਹਰਤ, ਮਿਲ ਰਹੇ ਮਾਨ ਸਤਿਕਾਰ ਕਾਰਨ ਹੀ ਸਾੜਾ ਕਰਦਾ ਹੈ।ਅਜੇਹੀ ਸਥਿਤੀ ਵਿਚ ਕਈ ਪ੍ਰਤਿਭਾਵਾਨ ਬੜਾ ਸੰਘਰਸ਼ ਕਰਦੇ ਹਨ ਤੇ ਹਰ ਚੈਲੰਜ ਨੂੰ ਕਬੂਲ ਕਰ ਕੇ ਅਪਣੀ ਪ੍ਰਤਿਭਾ ਨੂੰ ਬਚਾ ਕੇ ਹੀ ਨਹੀਂ ਰਖਦੇ, ਸਗੋਂ ਇਸ ਦਾ ਵਿਕਾਸ ਕਰਦੇ ਹਨ।ਸਾਹਿਰ ਲੁਧਿਆਣਵੀ ਦਾ ਅਜੇਹੇ ਸੰਘਰਸ-ਸ਼ੀਲ ਗੁਣਵਾਣਾਂ ਤੇ ਪ੍ਰਤਿਭਵਾਨਾਂ ਲਈ ਇਕ ਸ਼ੇਅਰ ਇਸ ਤਰ੍ਹਾ ਦਾ ਹੈ ਜਿਸ ਦਾ ਭਾਵ ਹੈ ਕਿ ਆਸਮਾਨ ਤੋਂ ਹਜ਼ਾਰਾ ਹੀ ਬਿੱਜਲੀਆਂ ਡਿੱਗਣ, ਲੱਖਾਂ ਹੀ ਹਨੇਰੀਆਂ ਚਲਣ,ਜਿਹੜੇ ਫੁਲ ਖਿੜਣ ਵਾਲੇ ਹਨ, ਉਹ ਖਿੜ ਕੇ ਹੀ ਰਹਿਣ ਗੇ:-
ਹਜ਼ਾਰੋਂ  ਬਰਕ ਗਿਰੇਂ, ਲਾਖ  ਆਂਧੀਆਂ ਚਲੇਂ,
ਵੋਹ ਫੁਲ ਖਿਲ ਕੇ ਰਹੇਂਗੇ,ਜੋ ਖਿਲਨੇ ਵਾਲੇ ਹੈਂ
ਅਸੀਂ ਸਿਆਸਤ ਵਿਚ ਵੀ ਦੇਖਦੇ ਹਾਂ ਕਿ ਕਿਸੇ ਪਾਰਟੀ ਦਾ ਪ੍ਰਧਾਨ ਜਾਂ ਮੁਖ ਮੰਤਰੀ ਜਦੋਂ ਦੇਖਦਾ ਹੈ ਕਿ ਕੋਈ ਹੋਰ ਲੀਡਰ ਜਾਂ ਵਜ਼ੀਰ ਸ਼ਕਤੀਸ਼ਾਲੀ ਹੁੰਦਾ ਜਾਪਦਾ ਹੈ, ਜਾਂ ਲੋਕਾਂ ਵਿਚ ਉਸ ਦਾ ਆਧਾਰ ਵੱਧਦਾ ਜਾਪਦਾ ਹੈ ਕਿ ਕਲ ਨੂੰ ਉਹ ਉਸ ਦੀ ਥਾਂ ਲੈ ਸਕਦਾ ਹੈ,ਤਾਂ ਉਸ ਨੂੰ ਕਿਸੇ ਨਾ ਕਿਸੇ ਢੰਗ ਨਾਲ ਉਸ ਦੀ ਮਹਤੱਤਾ ਘਟਾ ਕੇ ਖੁੱਡੇਲਾਈਨ ਲਗਾ ਦਿਤਾ ਜਾਂਦਾ ਹੈ।

ਮੈਂ ਇਕ ਪੱਤਰਕਾਰ ਹਾਂ ਅਤੇ ਪੱਤਰਕਾਰੀ ਖੇਤਰ ਵਿਚ ਸਥਾਪਤ ਹੋਣ ਲਈ ਬੜਾ ਸੰਘੱਰਸ਼ ਕੀਤਾ ਹੈ।ਮੈਨੂੰ ਆਪਣੇ ਪ੍ਰੋਫੈਸਰਾਂ, ਆਪਣੇ ਸੀਨੀਅਰਾਂ ਤੇ ਸ਼ੁਭ ਚਿੰਤਕਾਂ ਤੋਂ ਸਥਾਪਤ ਹੋਣ ਲਈ ਸਹਿਯੋਗ ਵੀ ਬਹੁਤ ਮਿਲਿਆ ਹੈ।ਇਸ ਦੇ ਨਾਲ ਹੀ ਈਰਖਾ ਤੇ ਸਾੜੇ ਕਾਰਨ ਮੇਰੇ ਪੈਰ ਉਖੇੜਣ ਦਾ ਯਤਨ ਕਰਨ ਵਾਲੇ ਵੀ ਬਹੁਤ ਮਿਲੇ ਹਨ।ਆਪਣੀ ਜ਼ਿੰਦਗੀ ਵਿਚ ਮੈਂ ਕਦੀ ਕਿਸੇ ਦਾ ਮਾੜਾ ਨਹੀਂ ਕੀਤਾ, ਸਗੋਂ ੂਹਰ ਕਿਸੇ ਦੇ ਕੰਮ ਆਉਣ ਲਈ ਹੀ ਯਤਨ ਕੀਤੇ ਹਨ, ਫਿਰ ਵੀ ਮੈਨੂੰ ਜ਼ਿੰਦਗੀ ਵਿਚ ਤੰਗ ਪ੍ਰੇਸ਼ਾਨ ਕਰਨ ਵਾਲੇ, ਇਕ ਪੱਤਰਕਾਰ ਵਜੋਂ ਮੇਰੀ ਪ੍ਰਤਿਭਾ ਦਬਾਉਣ, ਕਿਸੇ ਨਵੇਂ ਅਦਾਰੇ ਵਿਚ ਨੌਕਰੀ ਮਿਲ ਜਾਣ ਤੇ ਸਥਾਪਤ ਹੋਣ ਸਮੇਂ ਸਾਬੋਤਾਜ ਕਰਨ ਵਾਲੇ ਵੀ ਮਿਲੇ ਹਨ।ਇਕ ਮਹੱਤਵਪੂਰਨ ਧਾਰਮਿਕ ਅਦਾਰੇ ਵਿਚ ਮੈਂ ਵੱਖ ਵੱਖ ਸਮੇਂ ਤਿੰਨ ਵਾਰੀ ਨੌਕਰੀ ਕੀਤੀ ਹੈ, ਦੋ ਵਾਰੀ ਮੇਰੇ ਜੂਨੀਅਰ ਨੇ ਪਹਿਲੇ ਕਈ ਦਿਨ ਮੇਰੇ ਪੈਰ ਨਹੀਂ ਲਗਣ ਦਿਤੇ।ਇਸੇ ਤਰ੍ਹਾਂ ਦਿੱਲੀ ਦੀ ਇਕ ਧਾਰਮਿਕ ਸੰਸਥਾ ਵਿਚ ਵੀ ਮੀਡੀਆ ਐਡਵਾਈਜ਼ਰ ਨਿਯੁਕਤ ਹੋਣ ‘ਤੇ ਮੇਰੇ ਨੰਬਰ ਦੋ ਵਾਲੇ ਅਧਿਕਾਰੀ ਵਲੋਂ ਪਹਿਲਾਂ ਮੈਨੂੰ ਇਹ ਸੰਸਥਾ ਵਲੋਂ ਹੋਈ ਪੇਸ਼ਕਸ਼ ਸਵੀਕਾਰ ਨਾ ਕਰਨ ਲਈ ਬੜਾ ਜ਼ੋਰ ਪਾਇਆ ਗਿਆ ਅਤੇ ਜਾਇਨ ਕਰਨ ਪਿਛੋਂ ਲਗਭਗ ਇਕ ਮਹੀਨਾ ਮੈਨੂੰ ਭਜਾਉਣ ਲਈ ਹਰ ਯਤਨ ਕੀਤਾ ਗਿਆ, ਪਰ ਆਖਰ ਉਹ ਆਪ ਹੀ ਸਾੜੇ ਕਾਰਨ ਗੁੱਸੇ ਵਿਚ ਜਾਂ ਸ਼ਰਮਸਾਰ ਹੋ ਕੇ ਨੌਕਰੀ ਛੱਡ ਕੇ ਚਲਾ ਗਿਆ।

ਹੁਣ ਜਦੋਂ ਮੈਂ ਆਪਣੀ ਜ਼ਿੰਦਗੀ ਦੀ ਸ਼ਾਮ ਵਿਚ ਹਾਂ, ਆਪਣੇ ਵਜੂਦ ਦੀ ਰਖਿਆ ਲਈ, ਆਪਣੇ ਨਾਂਅ ਨੂੰ ਬਰਕਰਾਰ ਰਖਣ ਲਈ ਮੈਨੂੰ ਬੜਾ ਯਤਨ ਕਰਨਾ ਪੈਂਦਾ ਹੈ।ਮੈਂ ਆਪਣੀ ਜ਼ਿੰਦਗੀ ਦੇ ਆਖਰੀ ਪਲ ਬੜੀ ਹੀ ਸ਼ਾਤੀ ਤੇ ਚੈਨ ਨਾਲ ਬਿਤਾਉਣਾ ਚਾਹੁਦਾ ਹਾਂ, ਪਰ ਕਈ ਪੁਰਾਣੇ ਸਾਥੀਆਂ ਵਲੋਂ ਹਾਲੇ ਵੀ ਸਾੜਾ ਜਾਰੀ ਹੈ।ਹੁਣ ਜਦੋਂ ਉਮਰ ਤੇ ਲੰਬੇ ਤਜਰਬੇ ਕਾਰਨ ਵਿਚਾਰਾਂ ਵਿਚ ਸਪਸ਼ਟਤਾ, ਦ੍ਰਿੜਤਾ ਤੇ ਨਿਰਪੱਖਤਾ ਆਈ ਹੈ,ਤਾਂ ਮੇਰੀਆਂ ਲਿਖਤਾਂ ਨੂੰ ਕਈ ਅਖ਼ਬਾਰਾਂ ਜਾਂ ਰਿਸਾਲਿਆਂ ਦੇ ਸੰਪਾਦਕਾਂ ਵਲੋਂ ਅਣਗੌਲਿਆ ਕੀਤਾ ਜਾਣ ਲਗਾ ਹੈ।ਹੈਰਾਨੀ ਵਾਲੀ ਗਲ ਹੈ ਕਿ ਪੱਤਰਕਾਰੀ ਖੇਤਰ ਵਿਚ ਆਉਣ ਪਿਛੋਂ ਸ਼ੁਰੂ ਤੋਂ ਲੈ ਕੇ ਸੇਵਾ-ਮੁਕਤ ਹੋਣ ਤਕ ਇਕ ਵੀ ਰਚਨਾ ਕਿਸੇ ਅਖ਼ਬਾਰ ਜਾਂ ਰਿਸਾਲੇ ਵਲੋਂ ਰੱਦ ਨਹੀਂ ਕੀਤੀ ਗਈ ਸੀ । ਇਨ੍ਹਾਂ ਬਾਰੇ ਜ਼ਿਕਰ ਮੈਂ ਆਪਣੀ ਪੱਤਰਕਾਰੀ ਦੀਆਂ ਖੱਟੀਆਂ ਮਿੱਠੀਆਂ ਯਾਦਾਂ ਵਾਲੀ ਪੁਸਤਕ ਤੇ ਆਪਣੀ ਸਵੈ-ਜੀਵਨੀ ਵਿਚ ਕਰ ਰਿਹਾ ਹਾਂ।ਮੇਰਾ ਇਹ ਦ੍ਰਿੜ ਵਿਸ਼ਵਾਸ਼ ਹੈ ਕਿ ਈਰਖਾ ਜਾਂ ਸੌਂਕਣ ਸਾੜਾ ਆਪਣੇ ਖੇਤਰ ਵਿਚ ਆਪਣੇ ਨਾਲੋਂ ਵੱਧੀਆ ਤੇ ਚੰਗੇ ਵਿਅਕਤੀ ਨਾਲ ਹੀ ਕੀਤਾ ਜਾਂਦਾ ਹੈ, ਆਪਣੇ ਤੋਂ ਕਮਜ਼ੋਰ ਵਿਅਕਤੀ ਵਲ ਵੇਖ ਕੇ ਤਾਂ ਹਉਮੇ ਹੀ ਜਾਗਦੀ ਹੈ।


GREAT DEALS...
- Call India for 1.66¢, International Calling for 1.2¢ . Low Rates, No Fees. Harwing. Sign-up! (USA)
- Unlimited Calling & Text Messages Cell Phone Service. USA Coverage, $39.95, no fees!

Leave a Reply