Quami Ekta – Punjabi News (ਕੌਮੀ ਏਕਤਾ – ਪੰਜਾਬੀ ਖ਼ਬਰਾਂ)
Punjabi news & English news covering the world focusing on Punjab, India and Punjabis! Leading Punjabi Newspaper since 2002!

ਆਈਪੀਐਲ ਲਈ ਹੋਈ ਨਿਲਾਮੀ

By ਕੌਮੀ ਏਕਤਾ ਨਿਊਜ਼ ਬੀਊਰੋ • Jan 20th, 2010 • Category: ਖੇਡਾਂ

ਮੁੰਬਈ- ਵੈਸਟ ਇੰਡੀਜ਼ ਦੇ ਧੜੱਲੇਦਾਰ ਆਲ ਰਾਊਂਡਰ ਕੋਰੋਨ ਪੋਲਾਰਡ ਅਤੇ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਸ਼ੇਨ ਬਾਂਡ ਮੰਗਲਵਾਰ ਨੂੰ ਤੀਜੀ ਇੰਡੀਅਨ ਪ੍ਰੀਮੀਅਰ ਲੀਗ ਨੀਲਾਮੀ ਵਿਚ ੭,੫੦,੦੦੦ ਡਾਲਰ ਦੇ ਸਭ ਤੋਂ ਮਹਿੰਗੇ ਖਿਡਾਰੀ ਬਣੇ। ਨੀਲਾਮੀ ਲਈ ਰੱਖੇ ਗਏ ੬੬ ਖਿਡਾਰੀਆਂ ਵਿਚ ਸ਼ਾਹਿਦ ਅਫ਼ਰੀਦੀ ਸਮੇਤ ਪਾਕਿਸਤਾਨ ਦੇ ੧੧ ਖਿਡਾਰੀਆਂ ਚੋਂ ਕਿਸੇ ਦੇ ਲਈ ਵੀ ਫਰੈਂਚਾਈਜ਼ ਟੀਮਾਂ ਨੇ ਬੋਲੀ ਨਾ ਲਾਈ। ਅਫ਼ਰੀਦੀ ਦਾ ਮੁੱਲ ਢਾਈ ਲੱਖ ਡਾਲਰ ਰੱਖਿਆ ਗਿਆ ਸੀ। ਨੀਲਾਮੀ ਵਿਚ ਵਿਜੈ ਮਾਲਯਾ ਅਤੇ ਨੀਤਾ ਅੰਬਾਨੀ ਜਿਹੇ ਚੋਟੀ ਦੇ ਉਦਯੋਗਪਤੀਆਂ ਤੋਂ ਇਲਾਵਾ ਪ੍ਰੀਤੀ ਜਿ਼ੰਟਾ ਅਤੇ ਸਿ਼ਲਪਾ ਸ਼ੇਟੀ ਜਿਹੀਆਂ ਬਾਲੀਵੁੱਡ ਅਭਿਨੇਤਰੀਆਂ ਵੀ ਸ਼ਾਮਲ ਸਨ। ਦੋ ਲੱਖ ਡਾਲਰ ਦੇ ਨਾਲ ਬੋਲੀ ਦੀ ਸ਼ੁਰੂਆਤ ਕਰਨ ਵਾਲੇ ਪੋਲਾਰਡ ਵਿਚ ਸਭ ਤੋਂ ਵੱਧ ਚਾਰ ਫਰੈਂਚਾਈਜ਼ ਨੇ ਦਿਲਚਸਪੀ ਵਿਖਾਈ ਪਰ ਇਸ ੨੨ ਸਾਲਾ ਆਲਰਾਊਂਡਰ ਨੂੰ ਅੰਤ ਵਿਚ ਸਾਈਲੈਂਟ ਟਾਈਬ੍ਰੇਕਰ ਬਿੱਡ ਵਿਚ ਮੁੰਬਈ ਇੰਡੀਅਨਜ਼ ਨੇ ਖਰੀਦਿਆ।
ਚੇਨੰਈ ਦੇ ਸੁਪਰ ਕਿੰਗਜ਼, ਰਾਇਲ ਚੈਲੇਂਜਰਜ਼ ਬੈਂਗਲੂਰੂ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵੀ ਇਸ ਧੱੜਲੇਦਾਰ ਆਲਰਾਊਂਡਰ ਨੂੰ ਆਪਣੀ ਟੀਮ ਵਿਚ ਸ਼ਾਮਲ ਕਰਨਾ ਚਾਹੁੰਦੇ ਸਨ ਪਰ ਉਹ ਮੁੰਬਈ ਦੀ ਬੋਲੀ ਦਾ ਮੁਕਾਬਲਾ ਨਾ ਕਰ ਸਕੇ। ਆਈਪੀਐਲ ਦੇ ਕਮਿਸ਼ਨਰ ਲਲਿਤ ਮੋਦੀ ਨੇ ਕਿਹਾ, “ਟਾਈਬ੍ਰੇਕਰ ਬੋਲੀ ਦੀ ਰਕਮ ਮੇਰੇ ਅਤੇ ਟੀਮ ਮਾਲਕਾਂ ਦੇ ਵਿਚਕਾਰ ਹੀ ਰਹੇਗੀ, ਇਸਦਾ ਖੁਲਾਸਾ ਨਹੀਂ ਕੀਤਾ ਜਾਵੇਗਾ।” ਪੋਲਾਰਡ ਵਾਂਗ ਹੀ ੩੪ ਸਾਲਾ ਬਾਂਡ ਦੇ ਲਈ ਕੋਲਕਾਤਾ ਨਾਈਟ ਰਾਈਡਰਜ਼ ਅਤੇ ਡੱਕਨ ਚਾਰਜਰਜ਼ ਵਿਚਕਾਰ ਤਕੜਾ ਮੁਕਾਬਲਾ ਹੋਇਆ ਪਰ ਸ਼ਾਹਰੁੱਖ ਖਾਨ ਦੀ ਕੋਲਕਾਤਾ ਦੀ ਟੀਮ ਨੇ ਟਾਈਬ੍ਰੇਕਰ ਵਿਚ ਡੇਕਨ ਨੂੰ ਪਛਾੜਕੇ ਬਾਜ਼ੀ ਮਾਰ ਲਈ। ਬਾਗ਼ੀ ਇੰਡੀਅਨ ਕ੍ਰਿਕਟ ਲੀਗ ਤੋਂ ਨਾਤਾ ਤੋੜਕੇ ਮੁੱਖ ਧਾਰਾ ਵਿਚ ਬਰਤਨ ਵਾਲੇ ਬਾਂਡ ਆਪਣੇ ਕੌਮਾਂਤਰੀ ਕੈਰੀਅਰ ਦੌਰਾਨ ਸੱਟਾਂ ਨਾਲ ਜੂਝਦੇ ਰਹੇ ਹਨ ਪਰ ਕੋਲਕਾਤਾ ਨੇ ਉਨ੍ਹਾਂ ਦੀ ਨਿਲਾਮੀ ਨੂੰ ਜਾਇਜ਼ ਠਹਿਰਾਉਂਦੇ ਹੋਏ ਕਿਹਾ ਕਿ ਇਸ ਤੇਜ਼ ਗੇਂਦਬਾਜ਼ ਦਾ ਅਨੁਭਵ ਕੀਮਤੀ ਰਹੇਗਾ। ਖੇਕੇਆਰ ਦੇ ਸਹਿ ਮਾਲਕ ਜੈ ਮਹਿਤਾ ਨੇ ਕਿਹਾ ਕਿ ਉਹ ਹੁਣ ਟੈਸਟ ਮੈਚਾਂ ਵਿਚ ਨਹੀਂ ਖੇਡ ਰਹੇ। ਉਹ ਸੱਟਾਂ ਨਾਲ ਜੂਝਦੇ ਰਹੇ ਹਨ ਪਰ ਉਨ੍ਹਾਂ ਦੇ ਕੋਚ ਨੇ ਹਮੇਸ਼ਾਂ ਕਿਹਾ ਹੈ ਕਿ ਉਹ ਚੰਗੀ ਲੈਅ ਵਿਚ ਹਨ। ਸਾਨੂੰ ਇਕ ਤੇਜ਼ ਗੇਂਦਬਾਜ਼ ਦੀ ਲੋੜ ਸੀ ਜਿਹੜਾ ਤਜਰਬੇਕਾਰ ਹੋਵੇ। ਨੀਲਾੀ ਵਿਚ ਵੈਸਟ ਇੰਡੀਜ਼ ਦੇ ਕ੍ਰਿਕੇਟਰਾਂ ਨੇ ਫਰੈਂਚਾਈਜ਼ ਦੇ ਮਾਲਕਾਂ ਨੂੰ ਕਾਫ਼ੀ ਆਕਰਸਿ਼ਤ ਕੀਤਾ। ਕੈਰੇਬੀਆਈ ਤੇਜ਼ ਗੇਂਦਬਾਜ਼ ਕੇਮਾਰ ਰੋਚ ੭,੨੦,੦੦੦ ਡਾਲਰ ਦੇ ਨਾਲ ਦੂਜੇ ਸਭ ਤੋਂ ਮਹਿੰਗੇ ਖਿਡਾਰੀ ਬਣੇ। ਪੂਰੀ ਰਕਮ ਇਕ ਹੀ ਖਿਡਾਰੀ ‘ਤੇ ਖਰਚ ਕਰਨ ਸਬੰਧੀ ਪੁੱਛੇ ਜਾਣ ‘ਤੇ ਮੁੰਬਈ ਇੰਡੀਅਨਜ਼ ਦੀ ਮਾਲਕਨ ਨੀਤਾ ਅੰਬਾਨੀ ਨੇ ਕਿਹਾ, “ਪੋਲਾਰਡ ਨੂੰ ਟੀਮ ਵਿਚ ਰੱਖਣ ਦੀ ਰਣਨੀਤੀ ਸਚਿਨ ਤੇਂਦੁਲਕਰ ਅਤੇ ਰੋਬਨਿ ਸਿੰਘ ਨੇ ਤੈਅ ਕੀਤੀ ਸੀ। ਮੈਂ ਉਨ੍ਹਾਂ ਦੇ ਫੈ਼ਸਲੇ ਦੇ ਮੁਤਾਬਕ ਚਲੀ ਹਾਂ।”
ਦੱਖਣੀ ਅਫ਼ਰੀਕਾ ਦੇ ੨੦ ਸਾਲਾ ਆਲ ਰਾਊਂਡਰ ਵੇਨ ਪਾਰਨੇਲ ਨੂੰ ਦਿੱਲੀ ਡੇਅਰ ਡੇਵਿਲਜ਼ ਨੇ ਉਨ੍ਹਾਂ ਦੀ ਕੀਮਤ ੨,੦੦,੦੦੦ ਡਾਲਰ ਤੋਂ ਕਿਤੇ ਵਧੇਰੇ ਛੇ ਲੱਖ ੧੦ ਹਜ਼ਾਰ ਡਾਲਰ ਵਿਚ ਖਰੀਦਿਆ। ਰਾਜਸਥਾਨ ਰਾਇਲਜ਼ ਨੇ ਆਈਸੀਐਲ ਦੇ ਸਾਬਕਾ ਖਿਡਾਰੀ ਅਤੇ ਸਨਿਆਸ ਲੈ ਚੁੱਕੇ ਆਸਟ੍ਰੇਲੀਆ ਦੇ ਡੇਮੀਅਨ ਮਾਰਟਿਨ ਨੂੰ ਇਕ ਲੱਖ ਡਾਲਰ ਜਦਕਿ ਤੇਜ਼ ਗੇਂਦਬਾਜ਼ ਐਡਮ ਵੋਜੇਸ ਨੂੰ ੫੦,੦੦੦ ਡਾਲਰ ਵਿਚ ਖਰੀਦਿਆ। ਰਾਜਸਥਾਨ ਦੀ ਟੀਮ ਨਾਲ ਜੁੜੀ ਸਿ਼ਲਪਾ ਸ਼ੇਟੀ ਨੇ ਕਿਹਾ, “ਅਸੀਂ ਲਗਾਤਾਰ ਫੋਨ ‘ਤੇ ਆਪਣੇ ਕਪਤਾਨ ਸ਼ੇਨ ਵਾਰਨ ਦੇ ਸੰਪਰਕ ਨਾਲ ਸਾਂ। ਉਨ੍ਹਾਂ ਨੇ ਹੀ ਇਹ ਸਭ ਤੈਅ ਕੀਤਾ ਅਤੇ ਅਸੀਂ ਉਹੀ ਕੀਤਾ ਜੋ ਉਹ ਚਾਹੁੰਦੇ ਸਨ। ਵੋਜੇਸ ਚੰਗੇ ਖਿਡਾਰੀ ਹਨ ਅਤੇ ਮਾਰਟਿਨ ਵੀ।” ਚੇਨੰਈ ਸੁਪਰ ਕਿੰਗਜ਼ ਨੇ ਇਕ ਲੱਖ ਡਾਲਰ ਵਿਚ ਦੱਖਣ ਅਫ਼ਰੀਕਾ ਦੇ ਜਸਟਿਨ ਕੇਂਪ ਨੂੰ ਜਦਕਿ ੫੦ ਹਜ਼ਾਰ ਡਾਲਰ ਵਿਚ ਸ੍ਰੀਲੰਕਾ ਦੇ ਬੱਲੇਬਾਜ਼ ਥਿਸਾਰਾ ਪਰੇਰਾ ਨੂੰ ਆਪਣੀ ਟੀਮ ਨਾਲ ਜੋੜਿਆ। ਰਾਜੰਤਾਨ ਰਾਈਲਜ਼ ਵਲੋਂ ਕਰਾਰ ਖ਼ਤਮ ਹੋਣ ਤੋਂ ਬਾਅਦ ਨੀਲਾਮੀ ਵਿਚ ਸ਼ਾਮਲ ਇਕੋ ਇਕ ਭਾਰਤੀ ਮੁਹੰਮਦ ਕੈਫ਼ ਪਹਿਲੇ ਦੌਰ ਵਿਚ ਨਹੀਂ ਵਿਕੇ ਪਰ ਬਾਅਦ ਵਿਚ ਕਿੰਗਜ਼ ਇਲੈਵਨ ਪੰਜਾਬ  ਨੇ ਉਸਨੂੰ ੨,੫੦,੦੦੦ ਵਿਚ ਖ਼ਰੀਦ ਲਿਆ। ਕਿੰਗਜ਼ ਇਲੈਵਨ ਨੇ ਪਿਛਲੇ ਸਾਲ ਆਪਣੀ ਟੀਮ ਵਲੋਂ ਖੇਡਣ ਵਾਲੇ ਦੱਖਣੀ ਅਫ਼ਰੀਕਾ ਦੇ ਤੇਜ਼ ਗੇਂਦਬਾਜ਼ ਯੁਸੁਫ਼ ਅਬਦੁਲਾ ਨੂੰ ਇਕ ਵਾਰ ਫਿਰ ਖਰੀਦ ਲਿਆ। ਰਾਇਲ ਚੈਲੰਜਰਜ਼ ਬੈਂਗਲੂਰੂ ਨੇ ਸਿਰਫ਼ ਇਕ ਖਿਡਾਰੀ ਦੇ ਲਈ ਹੀ ਬੋਲੀ ਲਾਈ ਅਤੇ ਇੰਗਲੈਂਡ ਦੇ ਇਯਾਨ ਮੋਰਗਨ ਨੂੰ ੨,੨੦,੦੦੦ ਡਾਲਰ  ਵਿਚ ਖਰੀਦਿਆ। ਕੁਲ ਮਿਲਾਕੇ ੬੭ ਚੋਂ ੫੬ ਖਿਡਾਰੀ ਨਹੀਂ ਵਿਕੇ। ਆਲ ਰਾਊਂਡਰ ਸੋਹੇਲ ਤਨਵੀਰ, ਅਕਮਲ ਬੰਧੀ ਕਾਮਰਾਨ ਅਤੇ ਉਮਰ, ਤੇਜ਼ ਗੇਂਦਬਾਜ਼ ਮੁਹੰਮਦ ਆਮਿਰ, ਸਿਮਬਾਹ ਉਲ ਹੱਕ ਅਤੇ ਤੇਜ਼ ਗੇਂਦਬਾਜ਼ ਉਮਰ ਗੁੱਲ ਪਾਕਿਸਤਾਨ ਦੇ ਉਨ੍ਹਾਂ ਅਹਿਮ ਖਿਡਾਰੀਆਂ ਵਿਚ ਸ਼ਾਮਲ ਰਹੇ ਜਿਹੜੇ ਖਰੀਦਾਰਾਂ ਨੂੰ ਆਪਣੇ ਵੱਲ ਖਿੱਚਣ ਵਿਚ ਨਾਕਾਮ ਰਹੇ।
ਆਮ ਚੋਣਾਂ ਦੇ ਨਾਲ ਤਰੀਕਾਂ ਵਿਚ ਟਕਰਾਅ ਕਰਕੇ ਦੱਖਣੀ ਅਫ਼ਰੀਕਾ ਵਿਚ ਤਬਦੀਲ ਕੀਤੇ ਗਏ ਆਈਪੀਐਲ ਦੇ ਦੂਜੇ ਟੂਰਨਾਮੈਂਟ ਵਿਚ ਵੀ ੨੦੦੮ ਵਿਚ ਨਵੰਬਰ ਵਿਚ ਮੁੰਬਈ ਅਤਿਵਾਦੀ ਹਮਲੇ ਤੋਂ ਬਾਅਦ ਪਾਕਿਸਤਾਨੀ ਕ੍ਰਿਕੇਟਰਾਂ ਨੇ ਹਿੱਸਾ ਨਹੀਂ ਸੀ ਲਿਆ। ਮੋਦੀ ਅਤੇ ਫਰੈਂਚਾਈਜ਼ ਦੇ ਮਾਲਕਾਂ ਨੇ ਕਿਹਾ ਕਿ ਪਾਕਿਸਤਾਨੀ ਖਿਡਾਰੀਆਂ ਦਾ ਮੁਹਈਆ ਹੋਣਾ ਪੱਕਾ ਨਹੀਂ ਸੀ ਤੇ ਉਹ ਉਨ੍ਹਾਂ ਨੂੰ ਆਪਣੀ ਟੀਮ ਵਿਚ ਸ਼ਾਮਲ ਕਰਨ ਦਾ ਜੋ਼ਖਿ਼ਮ ਨਹੀਂ ਸੀ ਚੁੱਕਣਾ ਚਾਹੁੰਦੇ।
ਭਾਰਤੀ ਅੰਡਰ-੧੯ ਦੀ ਟੀਮ ਦੇ ਤਿੰਨ ਖਿਡਾਰੀਆਂ ਨੂੰ ਵੀ ਅੱਠ ਲੱਖ ਦੀ ਤੈਅ ਰਾਸ਼ੀ ਵਿਚ ਨਿਲਾਮੀ ਸੂਚੀ ਵਿਚ ਸ਼ਾਮਲ ਕੀਤਾ ਗਿਆ। ਰਾਇਲ ਚੈਲੰਜਰਜ਼ ਨੇ ਅੰਡਰ-੧੯ ਟੀਮ ਦੇ ਕਪਤਾਨ ਅਸ਼ੋਕ ਮਨੇਰੀਆ ਨੂੰ ਚੁਣਿਆ ਜਦਕਿ ਡੱਕਨ ਚਾਰਜਰਜ਼ ਨੇ ਹਰਮੀਤ ਸਿੰਘ ਨੂੰ ਪਹਿਲ ਦਿੱਤੀ। ਮੁੰਬਈ ਇੰਡੀਅਨਜ਼ ਨੇ ਹਰਸ਼ਲ ਪਟੇਲ ਨੂੰ ਆਪਣੀ ਟੀਮ ਵਿਚ ਸ਼ਾਮਲ ਕੀਤਾ। ਆਈਪੀਐਲ ਦਾ ਤੀਜਾ ਟਵੰਟੀ-੨੦ ਮੁਕਾਬਲਾ ੧੨ ਮਾਰਚ ਤੋਂ ਸ਼ੁਰੂ ਹੋਵੇਗਾ।


GREAT DEALS...
- Call India for 1.66¢, International Calling for 1.2¢ . Low Rates, No Fees. Harwing. Sign-up! (USA)
- Unlimited Calling & Text Messages Cell Phone Service. USA Coverage, $39.95, no fees!

Leave a Reply