ਵਿਦਿਆਰਥੀਆਂ ਨੂੰ ਨੌਕਰੀਆਂ ਦੇ ਪਿੱਛੇ ਭੱਜਣ ਦੀ ਬਜਾਏ ਨੌਕਰੀਆਂ ਪ੍ਰਦਾਨ ਕਰਨ ਯੋਗ ਹੋਣ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ-ਡਾ: ਕੰਗ

ਲੁਧਿਆਣਾ:- ਅੱਜ ਪੰਜਾਬ  ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ‘ਸਹਿਕਾਰਤਾ  ਦਾ ਪੰਜਾਬ ਦੀ ਖੇਤੀਬਾੜੀ ਵਿੱਚ ਯੋਗਦਾਨ’  ਵਿਸ਼ੇ ਤੇ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਮੁੱਖ ਮਹਿਮਾਨ ਵਜੋਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਸ਼ਾਮਿਲ ਹੋਏ ਜਦ ਕਿ ਪੰਜਾਬ ਫਾਰਮਰ ਕਮਿਸ਼ਨ ਦੇ ਚੇਅਰਮਨ ਡਾ: ਗੁਰਚਰਨ ਸਿੰਘ ਕਾਲਕਟ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਸੰਮੇਲਨ ਦੀ ਪ੍ਰਧਾਨਗੀ ਸ਼੍ਰੀ ਵੀ ਸੀ ਗੁਪਤਾ ਐਫ ਸੀ ਡੀ ਸਹਿਕਾਰਤਾ ਨੇ ਕੀਤੀ।

ਆਪਣੇ ਸਵਾਗਤੀ ਭਾਸ਼ਨ ਵਿੱਚ ਬੋਲਦਿਆਂ ਡਾ: ਕੰਗ ਨੇ ਕਿਹਾ ਕਿ ਪੰਜਾਬ ਦੀ ਕਿਰਸਾਨੀ ਦੀ ਤਰੱਕੀ  ਲਈ ਸਹਿਕਾਰਤਾ ਨੇ  ਅਹਿਮ ਯੋਗਦਾਨ ਪਾਇਆ ਹੈ। ਉਨ੍ਹਾਂ ਸਹਿਕਾਰਤਾ ਦੇ ਇਤਿਹਾਸ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਅਤੇ ਦੱਸਿਆ ਕਿ ਦੁੱਧ ਦੀ ਪੈਦਾਵਾਰ ਵਿੱਚ ਭਾਰਤ ਦੁਨੀਆਂ ’ਚ ਪਹਿਲਾ ਸਥਾਨ ਰੱਖਦਾ ਹੈ। ਇਹ ਉਲੀਕੀਆਂ ਗਈਆਂ ਗਤੀਵਿਧੀਆਂ ਕਾਰਨ ਹੀ ਸੰਭਵ ਹੋ ਸਕਿਆ ਹੈ। ਡਾ: ਕੰਗ ਨੇ ਵਰਕਸ਼ਾਪ ਆਯੋਜਿਤ ਕਰਨ ਲਈ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਵਿਦਿਆਰਥੀਆਂ ਨੂੰ ਇਸ ਰਾਹੀਂ ਨੌਕਰੀਆਂ ਲੱਭਣ ਦੀ ਬਜਾਏ ਨੌਕਰੀਆਂ ਪ੍ਰਦਾਨ ਕਰਨ ਵਾਲੇ ਇਨਸਾਨ ਵਜੋਂ ਉਭਰਨਾ ਚਾਹੀਦਾ ਹੈ।

ਐਫ ਸੀ ਡੀ ਸ਼੍ਰੀ ਗੁਪਤਾ ਨੇ ਇਸ ਮੌਕੇ ਵਰਕਸ਼ਾਪ ਦੇ ਮੁੱਖ ਮੰਤਵਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇਸ ਸਮੇਂ ੬੦ ਹਜ਼ਾਰ ਦੇ ਕਰੀਬ ਸਹਿਕਾਰੀ ਸਭਾਵਾਂ ਆਪਣੀਆਂ ਜਿੰਮੇਂਵਾਰੀਆਂ ਨਿਭਾ ਰਹੀਆਂ ਹਨ ਜਿਨ੍ਹਾਂ ਤੋਂ ਅਣਗਿਣਤ ਪਰਿਵਾਰ ਚੋਖਾ ਲਾਭ ਲੈ  ਰਹੇ ਹਨ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਅਤੇ ਸਹਿਕਾਰਤਾ  ਮਹਿਕਮਾ ਵੱਡੇ ਹੰਭਲੇ ਮਾਰ ਸਕਦੇ ਹਨ।

ਡਾ: ਕਾਲਕਟ ਨੇ ਕਿਹਾ ਕਿ ਭਵਿੱਖ ਦੀ ਖੇਤੀ ਸਹਿਕਾਰੀ ਖੇਤੀ ਹੈ ਤੇ ਸਾਨੂੰ ਮੁੱਢਲੀਆਂ ਲਾਗਤਾਂ ਘਟਾਉਣ ਵਿੰਚ ਮਦਦ ਕਰੇਗੀ। ਉਨ੍ਹਾਂ ਦੇਸ਼ ਵਿੱਚ ਹਰਾ ਇਨਕਲਾਬ ਲਿਆਉਣ ਲਈ ਅਤੇ ਭੋਜਨ ਸੁਰੱਖਿਆ ਲਈ ਯੂਨੀਵਰਸਿਟੀ ਵੱਲੋਂ ਪਾਏ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਨਿਰਧਾਰਤ ਮੁੱਲ ਆਵਾਜਾਈ ਦੇ ਢੁੱਕਵੇਂ ਸਾਧਨ ਜ਼ਰੂਰਤ ਮੁਤਾਬਕ ਵਿਕਸਤ ਤਕਨਾਲੋਜੀ ਅਤੇ ਉਸ ਦਾ ਪਸਾਰਾ ਆਦਿ ਨੇ ਖੇਤੀਬਾੜੀ ਦਾ ਮੁਹਾਂਦਰਾ ਬਦਲਣ ਵਿੱਚ ਵਡਮੁੱਲਾ ਯੋਗਦਾਨ ਪਾਇਆ। ਡਾ: ਕਾਲਕਟ ਨੇ ਕਿਹਾ ਕਿ ਤਿੰਨ ਲੱਖ ਕਿਸਾਨਾਂ ਕੋਲ ਦੋ ਹੈਕਟੇਅਰ ਤੋਂ ਵੀ ਘੱਟ ਜ਼ਮੀਨ ਹੋਣ ਤੇ ਚਿੰਤਾ ਵੀ ਦਰਸਾਈ ਅਤੇ ਕਿਸਾਨਾਂ ਨੂੰ ਵੱਧ ਮੁਨਾਫ਼ੇ ਲਈ ਸਬਜ਼ੀਆਂ ਅਤੇ ਫ਼ਲਾਂ ਦੀ ਕਾਸ਼ਤ ਵੱਲ ਮੋੜਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਫਾਰਮਰ ਕਮਿਸ਼ਨ ਵੱਲੋਂ ਨੈੱਟ ਹਾਊਸ ਤਕਨੀਕ ਨੂੰ ਪ੍ਰਚਾਰ ਕਰਨ ਦੇ ਉਪਰਾਲਿਆਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਭਵਿੱਖ ਵਿੱਚ ਲੋੜੀਂਦੀ ਤਕਨਾਲੋਜੀ ਵਿਕਸਤ ਕੀਤੀ ਜਾਣੀ ਚਾਹੀਦੀ ਹੈ।

ਅਰਥ ਸਾਸ਼ਤਰ ਅਤੇ ਸਮਾਜਿਕ ਵਿਗਿਆਨ ਦੇ ਪ੍ਰੋਫੈਸਰ  ਡਾ: ਮਾਨ ਸਿੰਘ ਤੂਰ ਨੇ ਸਹਿਕਾਰਤਾ ਦੇ ਮੁੱਢਲੇ ਢਾਂਚੇ ਬਾਰੇ ਢੁੱਕਵੀਂ ਜਾਣਕਾਰੀ ਦਿੱਤੀ ਅਤੇ ਇਸ ਗੱਲ ਦਾ ਹਵਾਲਾ ਦਿੱਤਾ ਕਿ ਸੰਯੁਕਤ ਪਰਿਵਾਰ ਵੀ ਇੱਕ ਸਹਿਕਾਰਤਾ ਦਾ ਨਮੂਨਾ ਹੈ। ਜਾਇੰਟ ਡਾਇਰੈਕਟਰ ਸਹਿਕਾਰਤਾ ਡਾ: ਕਮਲਦੀਪ ਸਿੰਘ ਸੰਘਾ ਨੇ ਮੁੱਢਲੀਆਂ ਲਾਗਤਾਂ ਵਿੱਚ ਖਰਚਾ ਘਟਾਉਣ ਲਈ ਸਹਿਕਾਰੀ ਸੁਸਾਇਟੀਆਂ ਕਿਸ ਤਰ੍ਹਾਂ ਭਾਈਵਾਲ ਹੋ ਸਕਦੀਆਂ ਹਨ, ਬਾਰੇ ਢੁੱਕਵੀਂ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਖੇਤੀ ਦੇ ਖੇਤਰ ਵਿੱਚ ਕੁੱਲ ਛਿੜਕਾਅ ਰਸਾਇਣਾਂ ਦਾ ੧੧ ਫੀ ਸਦੀ ਹਿੱਸਾ ਇਨ੍ਹਾਂ ਸੁਸਾਇਟੀਆਂ ਦੁਆਰਾ ਹੀ ਕਿਸਾਨਾਂ ਤਕ ਪਹੁੰਚਾਇਆ ਜਾਂਦਾ ਹੈ। ਇਸ ਸਮਾਗਮ ਦੌਰਾਨ ਡਾ: ਮਹਿੰਦਰ ਸਿੰਘ ਸਿੱਧੂ ਨੇ ਵੱਖ-ਵੱਖ ਵਿਉਂਤਬੰਦੀਆਂ ਘੜਨ ਲਈ ਸਹਿਕਾਰਤਾ ਦਾ ਪੱਖ ਧਿਆਨ ਵਿੱਚ ਰੱਖਣ ਦੀ ਸਲਾਹ ਦਿੱਤੀ। ਉਨ੍ਹਾਂ ਇਸ ਗੱਲ ਦਾ ਹਵਾਲਾ ਦਿੱਤਾ ਕਿ ਪਿੰਡਾਂ ਨੂੰ ਨਾਲ ਲਗਦੇ ਵਿਕਸਤ ਸ਼ਹਿਰਾਂ ਵਿੱਚ ਆਪਣੇ ਉਤਪਾਦਨ ਸਹਿਕਾਰਤਾ ਦੇ ਸਿਧਾਂਤ ਅਪਣਾਅ ਕੇ ਖਪਤਕਾਰ ਤਕ ਪਹੁੰਚਾਣੇ ਚਾਹੀਦੇ ਹਨ। ਇਸ ਵਰਕਸ਼ਾਪ ਦੌਰਾਨ ਸੈਂਕੜੇ ਸਾਇੰਸਦਾਨਾਂ ਅਤੇ ਵਿਦਿਆਰਥੀਆਂ ਨੇ ਵੀ ਭਾਗ ਲਿਆ। ਸਹਿਕਾਰਤਾ ਵਿਭਾਗ ਦੇ ਰਜਿਸਟਰਾਰ ਸ਼੍ਰੀ ਬਜਰਾ¦ਿਗਮ ਨੇ ਵਿਭਾਗ ਵੱਲੋਂ ਪਾਏ ਜਾ ਰਹੇ ਯੋਗਦਾਨ ਬਾਰੇ ਢੁੱਕਵੀਂ ਜਾਣਕਾਰੀ ਦਿੱਤੀ।

ਯੂਨੀਵਰਸਿਟੀ  ਦੇ ਡੀਨ ਪੋਸਟ ਗਰੈਜੂਏਟ ਸਟੱਡੀਜ਼ ਡਾ: ਸਤਵਿੰਦਰ  ਕੌਰ ਮਾਨ ਨੇ ਬੋਲਦਿਆਂ ਕਿਹਾ ਕਿ ਇਹ  ਵਰਕਸ਼ਾਪ ਯੂਨੀਵਰਸਿਟੀ ਵੱਲੋਂ ਕੀਤਾ ਗਿਆ ਪਹਿਲਾ ਉਪਰਾਲਾ ਹੈ ਅਤੇ ਹੁਣ ਅਜਿਹੀਆਂ ਵਰਕਸ਼ਾਪਾਂ ਹਰ ਵਰ੍ਹੇ ਆਯੋਜਿਤ ਕੀਤੇ ਜਾਣ ਦਾ ਪ੍ਰੋਗਰਾਮ ਹੈ। ਇਸ ਤੋਂ ਪਹਿਲਾਂ ਨਿਰਦੇਸ਼ਕ ਪਸਾਰ ਸਿੱਖਿਆ ਡਾ: ਮੁਖਤਾਰ ਸਿੰਘ ਗਿੱਲ ਨੇ ਸਭਨਾਂ ਨੂੰ ਜੀ ਆਇਆਂ ਆਖਿਆ ਅਤੇ ਕਿਹਾ ਕਿ ਯੂਨੀਵਰਸਿਟੀ ਦਾ ਸੰਗਠਿਤ ਪਸਾਰ ਢਾਂਚਾ ਸਹਿਕਾਰਤਾ ਦਾ ਸੁਨੇਹਾ ਪਿੰਡ-ਪਿੰਡ ਅਤੇ ਘਰ-ਘਰ ਪਹੁੰਚਾਉਣ ਦੇ ਲਗਾਤਾਰ ਉਪਰਾਲੇ ਕਰ ਰਿਹਾ ਹੈ।

ਹੋਰ:

  1. ਮਿਸ਼ਨਰੀ ਕਾਲਜਾਂ ਵਿਚ ਵਿੱਦਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਨੂੰ ਸਿੱਖ ਧਰਮ ਅਤੇ ਸਿੱਖ ਕੌਮ ਦੇ ਪ੍ਰਚਾਰ ਲਈ ਅੱਗੇ ਆਉਣਾ ਚਾਹੀਦਾ ਹੈ – ਵਰਿਆਮ ਸਿੰਘ ਸਕੱਤਰ
  2. ਖੇਤੀ ਵਰਸਿਟੀ ਵਿੱਚ ਪੇਂਡੂ ਵਿਦਿਆਰਥੀਆਂ ਦੀ ਪੜ੍ਹਾਈ ਲਈ ਸੇਵਾ ਮੁਕਤ ਅਧਿਆਪਕਾਂ ਵੱਲੋਂ ਅਗਵਾਈ ਦੀ ਪੇਸ਼ਕਸ਼
  3. ਸ਼ਹਿਰ ਅੰਦਰ ਅਤੇ ਸੜਕਾਂ ਤੇ ਚੋਣ ਰੈਲੀਆਂ ਕਰਨ ਦੀ ਬਜਾਏ ਖੁੱਲੀਆਂ ਥਾਵਾਂ ਉਤੇ ਕਰਨ ਦੀ ਮੰਗ
  4. ਸ਼੍ਰੋਮਣੀ ਕਮੇਟੀ ਵਲੋਂ ਜੰਗਲਾਤ ਵਿਭਾਗ ਨਾਲ ਹੋਣ ਵਾਲਾ ਇਕਰਾਰਨਾਮਾ 8 ਸਤੰਬਰ ਦੀ ਬਜਾਏ 14 ਨੂੰ ਹੋਵੇਗਾ-ਡਾ: ਸਹੋਤਾ
  5. ਆਸਟਰੇਲੀਆ ਵਿੱਚ ਵਿਦਿਆਰਥੀਆਂ ਦਾ ਜੀਵਨ ਮੁਸ਼ਕਿਲਾਂ ਨਾਲ ਭਰਿਆ

ਖੇਤੀਬਾੜੀ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>