ਜੈਸੀ ਕਰਨੀ ਵੈਸੀ ਭਰਨੀ
ਪੰਜਾਬ ਦੇ ਛੋਟੇ ਜੇਹੇ ਪਿੰਡ ਵਿੱਚ ਸਿੱਧੀ ਸਾਦੀ ਜਿੰਦਗੀ ਗੁਜਾਰ ਰਿਹਾ ਗੁਲਜਾਰ ਸਿੰਘ ਵੀ ਹੋਰਨਾਂ ਵੱਲ ਦੇਖ ਕੇ ਇੰਗਲੈਂਡ ਜਾਣ ਵਾਸਤੇ ਸੋਚਣ ਲੱਗਾ । ਇਹ ਗੱਲ ਉਸਦੀ ਜਵਾਨੀ ਮੌਕੇ ੧੯੬੦ ਦੀ ਹੈ ਜਦੋਂ ਉਸਨੇ ਸ਼ਹਿਰ ਜਾ ਕੇ ਕਿਸੇ ਏਜੰਟ ਕੋਲ਼ ਇੰਗਲੈਂਡ ਜਾਣ ਦੀ ਇੱਛਾ ਪ੍ਰਗਟਾਈ । ਉਹਨਾਂ ਦਿਨਾਂ ਵਿੱਚ ਇੰਗਲੈਂਡ ਜਾਣ ਲਈ ਵਾਉਚਰ ਸਿਸਟਮ ਲਾਗੂ ਸੀ ਜਾਂ ਕਈ ਕਿਸੇ ਹੋਰ ਦੇ ਨਾਮ ਦੇ ਵਾਉਚਰ ਤੇ ਨਾਮ ਬਦਲਾ ਕੇ ਇੰਗਲੈਂਡ ਪਹੁੰਚ ਜਾਂਦੇ ਸਨ । ਅੰਗਰੇਜ਼ੀ ਸਰਕਾਰ ਨੂੰ ਇਸ ਤਰ੍ਹਾਂ ਦੀ ਹੇਰਾ ਫੇਰੀ ਜਾਂ ਚਾਲਬਾਜ਼ੀ ਦਾ ਕੋਈ ਬਹੁਤਾ ਗਿਆਨ ਨਹੀਂ ਸੀ ਜਾਂ ਕਹਿ ਲਵੋ ਕਿ ਉਹਨਾਂ ਦਿਨਾਂ ਵਿੱਚ ਅੰਗਰੇਜ਼ਾਂ ਨੂੰ ਦੇਸੀ ਕਾਮਿਆਂ ਦੀ ਬਹੁਤ ਜਰੂਰਤ ਸੀ ਕਿਉਂ ਕਿ ਫਾਉਂਡਰੀਆਂ ਵਿੱਚ ੧੫–੧੫ ਘੰਟੇ ਪੰਜਾਬੀ ਬੰਦੇ ਸਿਰ ਸੁੱਟ ਕੇ ਲਾਈ ਜਾਂਦੇ ਸਨ । ਕਿਸਾਨੀ ਕਿੱਤੇ ਨਾਲ਼ ਸਬੰਧਤ ਸਾਰੇ ਭਾਈ ਬੰਦਾਂ ਨੂੰ ਪਿੱਛੇ ਪੰਜਾਬ ਵਿੱਚ ਬੰਨੇ ਨਾਲ਼ ਬੰਨਾ ਜੋੜਨ ਦੀ ਲਾਲਸਾ ਓਵਰ ਟਾਇਮ ਲਾਉਣ ਲਈ ਮਜਬੂਰ ਕਰ ਦਿੰਦੀ ਸੀ । ਗੁਲਜਾਰ ਸਿੰਘ ਵੀ ਪਿੱਛੇ ਆਪਣੀ ਘਰ ਵਾਲ਼ੀ ਕਰਤਾਰ ਕੌਰ ਜਿਸ ਨੂੰ ਪਿੰਡ ਵਿੱਚ ਸਾਰੇ ਕਰਤਾਰੀ ਕਰਕੇ ਬਲਾਉਂਦੇ ਸਨ, ਦੋ ਵੱਡੀਆਂ ਕੁੜੀਆਂ ਅਤੇ ਇਕਲੌਤੇ ਪੁੱਤ ਨੂੰ ਛੱਡ ਕੇ ਇੰਗਲੈਂਡ ਕਮਾਈ ਕਰਨ ਲਈ ਆ ਗਿਆ । ਆਉਂਦੇ ਸਾਰ ਹੀ ਕਿਸੇ ਜਾਣ ਪਛਾਣ ਵਾਲੇ ਨੇ ਫੋਰਮੈਨ ਨਾਲ਼ ਗੱਲ ਕਰਕੇ ਆਪਣੇ ਨਾਲ਼ ਹੀ ਫਾਉਂਡਰੀ ਵਿੱਚ ਕੰਮ ਤੇ ਲੁਆ ਲਿਆ । ਕੰਮ ਭਾਵੇਂ ਕਾਫੀ ਭਾਰਾ ਅਤੇ ਗਰਮ ਸੀ ਪਰ ਗੁਲਜਾਰ ਸਿੰਘ ਦਾ ਵੀ ਕਿਸਾਨੀ ਕਿੱਤੇ ਨਾਲ਼ ਸਬੰਧ ਹੋਣ ਕਰਕੇ ਇਹੋ ਜੇਹੇ ਕੰਮਾਂ ਲਈ ਹੰਢਿਆ ਹੋਇਆ ਸੀ । ਉਸਨੇ ਵੀ ਸੌਣ ਭਾਦੋਂ ਦੇ ਮਹੀਨੇ ਨੰਗੇ ਪਿੰਡੇ ਛੱਲੀਆਂ ਗੁੱਡੀਆਂ ਹੋਈਆਂ ਸਨ ਅਤੇ ਕਮਾਦ ਦੇ ਮਰੂੰਡੇ ਬ੍ਹੰਨਦਿਆਂ ਆਪਣਾ ਪਿੰਡਾ ਚੀਰਿਆਂ ਨਾਲ਼ ਪੱਛਵਾ ਚੁੱਕਾ ਸੀ । ਫਾਉਂਡਰੀ ਦੀ ਸੁਆਹ ਸਿਰ ਤੇ ਮੁਸ਼ਕ ਮਾਰਦੇ ਢੇਰ ਦਾ ਟੋਕਰਾ ਚੁੱਕ ਕੇ ਖੇਤਾਂ ਵਿੱਚ ਖਿਲਾਰਨ ਨਾਲੋਂ ਵੱਧ ਭੈੜੀ ਨਹੀਂ ਸੀ । ਮੇਹਨਤੀ ਅਤੇ ਸਰਫਾ ਕਰਨ ਵਾਲ਼ਾ ਹੋਣ ਕਰਕੇ ਪਿੱਛੇ ਪਿੰਡ ਨੂੰ ਮਨੀ ਆਰਡਰ ਜਾਂ ਕਿਸੇ ਦੇ ਹੱਥ ਪੈਸੇ ਭੇਜਦਾ ਰਹਿੰਦਾ । ਉਹਨਾਂ ਦਿਨਾਂ ਵਿੱਚ ਇੱਕ ਇੱਕ ਕਮਰੇ ਵਿੱਚ ਪੰਜ ਛੇ ਬੰਦੇ ਇਕੱਠੇ ਰਹਿੰਦੇ ਸਨ ਅਤੇ ਸ਼ਿਫਟਾਂ ਤੇ ਕੰਮ ਕਰਦੇ ਸਨ । ਦਿਨ ਦੀ ਸ਼ਿਫਟ ਕਰਨ ਵਾਲ਼ਿਆਂ ਸੌਂ ਕੇ ਸਵੇਰੇ ਕੰਮ ਤੇ ਚਲੇ ਜਾਣਾ ਤਾਂ ਰਾਤ ਦੀ ਸ਼ਿਫਟ ਲਾ ਕੇ ਆਇਆਂ ਨੇ ਉਸੇ ਨਿੱਘੀ ਰਜਾਈ ਵਿੱਚ ਵੜ ਜਾਣਾ । ਇਹ ਗੱਲਾਂ ਗੁਲਜਾਰ ਸਿੰਘ ਰਟਾਇਰ ਹੋ ਕੇ ਨਵੇਂ ਇੰਗਲੈਂਡ ਆਏ ਮੁੰਡਿਆਂ ਨੂੰ ਸੁਣਾਉਂਦਾ ਕਿ ਤੁਸੀਂ ਤਾਂ ਬਹੁਤ ਕਿਸਮਤ ਵਾਲ਼ੇ ਹੋ, ਆਪਣੇ ਘਰ ਖਰੀਦ ਕੇ ਰਹਿੰਦੇ ਹੋ, ਅਸੀਂ ਤਾਂ ਕਿਰਾਏ ਤੇ ਰਹਿ ਕੇ ਗੁਜਾਰਾ ਕੀਤਾ, ਕਿਸੇ ਕੋਲ਼ ਕਾਰ ਨਹੀਂ ਸੀ ਹੁੰਦੀ, ਹੀਟਿੰਗ ਲਈ ਕੋਲੇ ਬਾਲ਼ ਕੇ ਬੁੱਤਾ ਲਾਉਂਦੇ ਸੀ । ਮਸਰਾਂ ਦੀ ਦਾਲ਼ ਪੂਰਾ ਹਫਤਾ ਚਲਦੀ ਰਹਿੰਦੀ ਸੀ ਜੇਕਰ ਬਹੁਤੀ ਖੁਸ਼ੀ ਕਰਨੀ ਹੁੰਦੀ ਤਾਂ ਹਫਤੇ ਦੇ ਅਖੀਰ ਮੁਰਗੀ ਲਿਆ ਕੇ ਤੁੜਕ ਲੈਣੀ । ਖੈਰ ਗੁਲਜਾਰਾ ਸਿੰਘ ਨੇ ਦਸ ਬਾਰਾਂ ਸਾਲ ਹੱਡ ਭੰਨਵੀਂ ਮੇਹਨਤ ਕਰਕੇ ਪਿੱਛੇ ਆਪਣੇ ਪਿੰਡ ਵੀ ਪੰਜ ਸੱਤ ਪੱਕੇ ਖਣ ਪਾ ਲਏ ਸਨ ਅਤੇ ਆਪਣੀਆਂ ਦੋਵੇਂ ਧੀਆਂ ਦੇ ਵਿਆਹ ਕਰ ਦਿੱਤੇ ਸਨ । ਧੀਆਂ ਦੇ ਵਿਆਹ ਕਰਨ ਉਪਰੰਤ ਗੁਲਜਾਰਾ ਸਿੰਘ ਨੇ ਇੰਗਲੈਂਡ ਵਾਪਸ ਪਹੁੰਚ ਕੇ ਆਪਣੇ ਇਕਲੌਤੇ ਪੁਤਰ ਹਰਬੰਸ ਸਿੰਘ ਨੂੰ ਵੀ ਵਾਊਚਰ ਭੇਜ ਕੇ ਇੰਗਲੈਂਡ ਕੰਮ ਕਰਨ ਲਈ ਸੱਦ ਕੇ ਆਪਣੇ ਨਾਲ਼ ਹੀ ਕੰਮ ਤੇ ਲੁਆ ਲਿਆ ।ਉਹਨਾਂ ਦਿਨਾਂ ਵਿੱਚ ਕਿਸੇ ਨੂੰ ਕੰਮ ਤੇ ਲਗਵਾਉਣ ਲਈ ਫੋਰਮੈਨ ਜਾਂ ਸੁਪਰਵਾਈਜ਼ਰ ਦੀ ਚਾਪਲੂਸੀ ਕਰਕੇ ਕੰਮ ਬਣ ਜਾਂਦਾ ਸੀ ਵੈਸੇ ਵੀ ਉਸ ਟਾਇਮ ਕਾਮਿਆਂ ਦੀ ਘਾਟ ਹੋਣ ਕਾਰਨ ਕੰਮ ਝੱਟ ਮਿਲ਼ ਜਾਂਦਾ ਸੀ । ਦੋਵੇਂ ਪਿਉ ਪੁੱਤ ਡੱਟ ਕੇ ਕੰਮ ਕਰਨ ਲੱਗੇ । ਹਰਬੰਸ ਹਾਲੇ ਸੋਲ਼ਾਂ ਕੁ ਸਾਲ ਦਾ ਮਛੋਹਰ ਜੇਹਾ ਗਭਰੂ ਸੀ ਜਿਸਨੂੰ ਕਿ ਇੰਗਲੈਂਡ ਦੇ ਸਕੂਲ ਦਾ ਮੂੰਹ ਦੇਖਣਾ ਨਸੀਬ ਨਹੀਂ ਸੀ ਹੋਇਆ । ਗੁਲਜਾਰਾ ਸਿੰਘ ਨੇ ਆਪਣੇ ਵਾਂਗ ਹੀ ਉਸਨੂੰ ਕੋਹਲੂ ਦਾ ਬੈਲ ਬਣਾ ਲਿਆ ਸੀ । ਇੰਗਲੈਂਡ ਰਹਿੰਦਿਆਂ ਦੋਵੇਂ ਪਿਉ ਪੁੱਤ ਨੇ ਦੱਬ ਕੇ ਕੰਮ ਕੀਤਾ ਤੇ ਪਿੱਛੇ ਪਿੰਡ ਨੂੰ ਪੈਸੇ ਭੇਜਦੇ ਰਹੇ ਜੱਟਕਾ ਸੁਭਾਅ ਅਨੁਸਾਰ ਬੰਨੇ ਨਾਲ਼ ਬੰਨਾ ਜੋੜਦੇ ਰਹੇ ਅਤੇ ਕਾਫੀ ਜਮੀਨ ਖਰੀਦ ਲਈ ਸੀ । ਹੁਣ ਹਰਬੰਸ ਦੇ ਵਿਆਹ ਬਾਰੇ ਸਲਾਹਾਂ ਹੋਣ ਲੱਗੀਆਂ । ਗੁਲਜਾਰ ਸਿੰਹੁ ਆਪਣੇ ਪੁੱਤ ਨੂੰ ਇੰਡੀਆ ਲਿਜਾ ਕੇ ਕਿਸੇ ਚੰਗੇ ਘਰ ਵਿੱਚ ਰਿਸ਼ਤਾ ਜੋੜਨਾ ਚਾਹੁੰਦਾ ਸੀ । ਫੋਰਮੈਨ ਤੋਂ ਛੁੱਟੀ ਲੈ ਕੇ ਦੋਵੇਂ ਜਣੇ ਹੀਥਰੋ ਤੋਂ ਫਰਾਂਸ ਏਅਰ ਲਾਈਨ ਦੀਆਂ ਸੀਟਾਂ ਬੁੱਕ ਕਰਵਾ ਕੇ ਦਿੱਲੀ ਏਅਰ ਪੋਰਟ ਪਹੁੰਚ ਗਏ ਅਤੇ ਦਿਲੀਓਂ ਪਿੰਡ ਪਹੁੰਚਣ ਲਈ ਕਿਸੇ ਹੋਰ ਭਾਈ ਬੰਦ ਨਾਲ਼ ਸਾਂਝੀ ਟੈਕਸੀ ਕਿਰਾਏ ਤੇ ਕਰ ਲਈ, ਕਿਉਂ ਕਿ ਉਹ ਭਾਈ ਬੰਦ ਵੀ ਉਹਨਾਂ ਦੇ ਨਜਦੀਕੀ ਪਿੰਡ ਦੇ ਸਨ । ਇਸ ਤਰ੍ਹਾਂ ਕਰਨ ਨਾਲ਼ ਗੱਲਾ ਬਾਤਾਂ ਵਿੱਚ ਲੰਬਾ ਸਫਰ ਮਹਿਸੂਸ ਨਹੀਂ ਹੋਇਆ ਅਤੇ ਨਾਲ਼ ਹੀ ਓ੍ਹਭੜ ਟੈਕਸੀ ਡਰਾਈਵਰ ਤੋਂ ਵੀ ਕਤਰਾਉਂਦੇ ਸਨ । ਸ਼ਾਮ ਦੇ ਛੇ ਕੁ ਵੱਜੇ ਘਰ ਪਹੁੰਚ ਗਏ । ਪਿੰਡ ਦੇ ਨਜਦੀਕੀ ਚਾਚੇ ਤਾਇਆਂ ਦੇ ਪੁੱਤ ਭਰਾ ਇਹਨਾਂ ਨੂੰ ਮਿਲਣ ਲਈ ਆਏ ਅਤੇ ਦੇਰ ਰਾਤ ਤੱਕ ਡਿਉਟੀ ਫਰੀ ਖਰੀਦੀ ਵਲੈਤੀ ਸ਼ਰਾਬ ਦਾ ਦੌਰ ਚੱਲਦਾ ਰਿਹਾ ਅਤੇ ਰੋਟੀ ਪਾਣੀ ਖਾਕੇ ਆਪੋ ਆਪਣੇ ਘਰਾਂ ਨੂੰ ਚਲੇ ਗਏ ਸਾਰਿਆਂ ਨੂੰ ਇਹਨਾਂ ਦੇ ਆਉਣ ਦਾ ਬਹੁਤ ਚਾਅ ਸੀ । ਹੁਣ ਵਾਂਗ ਨਹੀਂ, ਹੁਣ ਤਾਂ ਬਾਹਰੋਂ ਗਏ ਬੰਦੇ ਨੂੰ ਮਤਲਬ ਹੋਵੇ ਬਲਾਉਂਦੇ ਹਨ ਨਹੀਂ ਤਾਂ ਤੂੰ ਕੌਣ ਤੇ ਮੈਂ ਕੌਣ । ਹੌਲ਼ੀ ਹੌਲ਼ੀ ਆਸੇ ਪਾਸੇ ਦੇ ਪਿੰਡਾਂ ਵਿੱਚ ਅਤੇ ਰਿਸ਼ਤੇਦਾਰਾਂ ਵਿੱਚ ਹਰਬੰਸ ਦੇ ਵਿਆਹ ਕਰਾਉਣ ਬਾਰੇ ਪਤਾ ਲੱਗ ਗਿਆ ।ਇੰਗਲੈਂਡੋਂ ਗਏ ਬੰਦੇ ਨੂੰ ਰਿਸ਼ਤੇ ਕਰਨ ਵਾਲ਼ੇ ਘਰ ਆਕੇ ਮਿੰਨਤਾਂ ਕਰਦੇ ਹਨ ਕਿ ਕਿਸੇ ਤਰ੍ਹਾਂ ਸਾਡੀ ਲੜਕੀ ਬਾਹਰ ਲੰਘ ਜਾਵੇ ਫਿਰ ਆਪੇ ਹੋਲ਼ੀ ਹੌਲ਼ੀ ਸਾਰਾ ਟੱਬਰ ਬਾਹਰ ਲੰਘ ਜਾਵੇਗਾ । ਕੁੱਝ ਹੀ ਦਿਨਾਂ ਬਾਅਦ ਇੱਕ ਜਾਣ ਪਛਾਣ ਵਾਲ਼ੇ ਭਾਈ ਬੰਦ ਨੇ ਇੱਕ ਲੜਕੀ ਬਾਰੇ ਦੱਸ ਪਾਈ । ਵਿਚੋਲਗਿਰੀ ਨਿਭਾਉਣ ਵਾਲ਼ਾ ਬੰਦਾ ਬੰਤਾ ਸਿੰਘ ਰਿਸ਼ਤੇ ਕਰਵਾਉਣ ਵਿੱਚ ਦੁਆਬੇ ਵਿੱਚ ਮਸ਼ਹੂਰ ਸੀ ਉਸਨੇ ਬਹੁਤ ਪ੍ਰੀਵਾਰਾਂ ਦੇ ਰਿਸ਼ਤੇ ਕਰਵਾਏ ਸਨ । ਮੁੰਡੇ ਵਾਲ਼ਿਆਂ ਦੀ ਲੜਕੀ ਵਾਲ਼ਿਆਂ ਕੋਲ਼ ਤੇ ਲੜਕੀ ਵਾਲ਼ਿਆਂ ਦੀਆਂ ਮੁੰਡੇ ਵਲ਼ਿਆਂ ਕੋਲ਼ ਸਿਫਤਾਂ ਕਰਨ ਦੀ ਉਸ ਕੋਲ਼ ਇਕ ਖਾਸ ਤਰ੍ਹਾਂ ਦੀ ਕਲਾ ਸੀ । ਮੁੰਡੇ ਨੂੰ ਦੇਖਣ ਆਉਣ ਵਾਲ਼ਿਆਂ ਨੂੰ ਖੁਹ ਤੇ ਜਾ ਕੇ ਜਮੀਨ ਜਾਇਦਾਦ ਦਿਖਾਉਣ ਲੱਗਾ ਦੂਰ ਤੱਕ ਹੱਥ ਦੇ ਇਸ਼ਾਰੇ ਨਾਲ਼ ਦੱਸਦਾ ਓਹ ਜਿੱਥੇ ਬੰਨੇ ਤੇ ਟਾਹਲੀ ਹੈ ਉੱਥੇ ਤੱਕ ਸਾਰੀ ਜਮੀਨ ਇਹਨਾਂ ਦੀ ਹੈ। ਪਿੰਡੋਂ ਨਿਆਈਆਂ ਤੋਂ ਸ਼ੁਰੂ ਹੋ ਕੇ ਦੂਜੇ ਪਿੰਡ ਦੇ ਬਰਸੀਮੇ ਨਾਲ਼ ਲੱਗਦੀ ਹੈ । ਬੱਲੇ ਬੱਲੇ ਬਈ ਜੱਟ ਨੇ ਬੜਾ ਅੱਡਾ ਗੱਡਾ ਬਣਾਇਆ, ਛੇ ਹਲ਼ਾਂ ਦੀ ਖੇਤੀ ਕਰਦੇ ਆ, ਲਾਗੇ ਛਾਗੇ ਦੇ ਪਿੰਡਾਂ ਵਿੱਚ ਮਸਾਂ ਚੌਂਹ ਹਲ਼ਾਂ ਦੀ ਖੇਤੀ ਕਰਦੇ ਹੋਣੇਆਂ, ਵਾਹ ਬਈ ਵਾਹ ਬੱਲੇ ਬੱਲੇ ਜੱਟ ਦੇ ਘਰ ਦੁੱਧ ਘਿਓ ਦੀਆਂ ਤਾਂ ਲਹਿਰਾਂ ਬਹਿਰਾਂ ਰਹਿੰਦੀਆਂ ਹਨ, ਕੁੰਢੇ ਸਿੰਗਾਂ ਵਾਲ਼ੀਆਂ ਪੰਜ ਮੱਝਾਂ ਦੁੱਧ ਦਿੰਦੀਆਂ, ਕਿਤੇ ਮੱਝਾਂ ਦੇ ਪਿੰਡੇ ਤੇ ਮੱਖੀ ਤਿਲ੍ਹਕਦੀ ਹੈ ਬੜਾ ਸ਼ੌਂਕ ਆ ਬਈ ਜੱਟ ਨੂੰ, ਕਿਆ ਬਾਤਾਂ ਬੜਾ ਕਮਾਊ ਟੱਬਰ ਹੈ । ਪੁਰਾਣੇ ਸਮਿਆਂ ਵਿੱਚ ਪਿੰਡਾਂ ਵਿੱਚ ਰਿਸ਼ਤੇ ਕਰਨ ਲੱਗਿਆਂ ਇਹੋ ਦੇਖਦੇ ਸਨ ਕਿੰਨੇ ਹਲ਼ਾਂ ਦੀ ਖੇਤੀ ਹੈ, ਜੇ ਇੱਕ ਹੱਲ਼ ਹੈ ਤਾਂ ਇਸਦਾ ਮਤਲਬ ਉਸ ਕੋਲ਼ ਬਲ਼ਦਾਂ ਦੀ ਇੱਕ ਜੋੜੀ ਹੈ ਜੇ ਦੋ ਹੱਲ ਚੱਲਦੇ ਹੋਣ ਤਾਂ ਦੋ ਜੋੜੀਆਂ ਜਾਣੀ ਕਿ ਚਾਰ ਬਲ਼ਦ । ਇਸੇ ਤਰ੍ਹਾਂ ਲੜਕੀ ਵਾਲ਼ਿਆਂ ਦੀਆਂ ਅਤੇ ਲੜਕੇ ਵਾਲ਼ਿਆਂ ਦੀਆਂ ਸਿਫਤਾਂ ਦੇ ਪੁਲ਼ ਬੰਨ ਕੇ ਰਿਸ਼ਤੇ ਕਰਵਾ ਦਿੰਦਾ ਸੀ । ਬੰਤਾ ਸਿੰਘ ਨੇ ਦੁਆਬੇ ਪਿੰਡ ਵਿੱਚ ਵੱਸਦੇ ਇੱਕ ਪ੍ਰੀਵਾਰ ਹਜਾਰਾ ਸਿੰਘ ਤੇ ਬੇਅੰਤ ਕੌਰ ਦੀ ਦੱਸ ਪਾਈ ਜਿਸਦੇ ਚਾਰ ਲੜਕੀਆਂ ਅਤੇ ਇੱਕ ਛੋਟਾ ਪੁਤਰ ਸੀ । ਤਿੰਨਾਂ ਭੈਣਾਂ ਤੋਂ ਵੱਡਾ ਇੱਕ ਹੋਰ ਪੁੱਤਰ ਚੜ੍ਹਦੀ ਜਵਾਨੀ ਵਿੱਚ ਹੀ ਰੱਬ ਨੂੰ ਪਿਆਰਾ ਹੋ ਗਿਆ ਸੀ ਉਸਦੀ ਮੌਤ ਨਾਲ਼ ਆਸੇ ਪਾਸੇ ਦੇ ਪਿੰਡਾਂ ਵਿੱਚ ਵੀ ਹਾਹਾਕਾਰ ਮੱਚ ਗਈ ਸੀ ਹਰ ਇੱਕ ਨੇ ਹਾਅ ਦਾ ਨਾਹਰਾ ਮਾਰਿਆ ਸੀ । ਸੱਭ ਤੋਂ ਵੱਡੀ ਲੜਕੀ ਦਲਵੀਰ ਕੌਰ ਕਹਿੰਦੇ ਕਹਾਉਂਦੇ ਪ੍ਰੀਵਾਰ ਵਿੱਚ ਵਿਆਹੀ ਹੋਈ ਸੀ ਜਿਸਦਾ ਪਤੀ ਵੱਧੀਆ ਸਰਕਾਰੀ ਨੌਕਰੀ ਕਰਦਾ ਸੀ ।ਜੋ ਕਿ ਬਾਅਦ ਵਿੱਚ ਅਮਰੀਕਾ ਸੈਟਲ ਹੋ ਗਿਆ ਅਤੇ ਬਾਅਦ ਵਿੱਚ ਆਪਣਾ ਸਾਰਾ ਪ੍ਰੀਵਾਰ ਅਮਰੀਕਾ ਪੱਕੇ ਤੌਰ ਤੇ ਮੰਗਵਾ ਲਿਆ ਸੀ ।ਦਲਵੀਰ ਦਾ ਵਿਆਹ ਬੜੇ ਹੀ ਚਾਅਵਾਂ ਨਾਲ਼ ਨਾਨਕਿਆਂ ਨੇ ਹੀ ਕੀਤਾ ਸੀ ਕਿਉਂ ਕਿ ਵੱਡੀ ਲੜਕੀ ਦਲਵੀਰ ਨੇ ਆਪਣੀ ਜਿੰਦਗੀ ਦਾ ਬਹੁਤਾ ਸਮਾਂ ਨਾਨਕੇ ਪਿੰਡ ਹੀ ਗੁਜਾਰਿਆ ਸੀ ਪਰ ਦਲਵੀਰ ਦਾ ਵਿਆਹ ਨਾਨਕਿਆਂ ਨੇ ਦਲਵੀਰ ਦੇ ਮਾਤਾ ਪਿਤਾ ਦੇ ਘਰ ਹੀ ਬੜੀ ਧੂਮ ਧਾਮ ਨਾਲ਼ ਕੀਤਾ ਸੀ ਤਾਂ ਕਿ ਬੇਅੰਤ ਕੌਰ ਇਹ ਮਹਿਸੂਸ ਨਾ ਕਰੇ ਕਿ ਦਲਵੀਰ ਦੇ ਸ਼ਗਨ ਉਸਦੇ ਆਪਣੇ ਘਰ ਨਹੀਂ ਹੋਏ । ਬੇਅੰਤ ਕੌਰ ਤਿੰਨ ਭਰਾਵਾਂ ਦੀ ਇਕੋ ਇੱਕ ਭੈਣ ਸੀ ਜਿਸਨੂੰ ਕਿ ਭਰਾਵਾਂ ਉੱਤੇ ਹੱਦੋਂ ਵੱਧ ਮਾਣ ਸੀ ਅਤੇ ਭਰਾਵਾਂ ਦਾ ਆਪਸ ਵਿੱਚ ਵੀ ਇਤਨਾ ਪਿਆਰ ਸੀ ਕਿ ਉਹ ਇੱਕ ਦੂਜੇ ਤੋਂ ਜਾਨ ਵਾਰਦੇ ਸਨ । ਵੱਡੀ ਤੋਂ ਛੋਟੀ ਲੜਕੀ ਦਵਿੰਦਰ ਕੌਰ ਦੀ ਦੇਖ ਦਿਖਾਈ ਤੋਂ ਬਾਅਦ ਹਰਬੰਸ ਦੀ ਮੰਗਣੀ ਹੋ ਗਈ ਅਤੇ ਵਿਆਹ ਦੀ ਤਰੀਖ ਨੀਯਤ ਕਰ ਦਿੱਤੀ ਗਈ । ਵੱਡੀ ਲੜਕੀ ਦਲਵੀਰ ਦੇ ਵਿਆਹ ਵਾਂਗ ਹੀ ਦਵਿੰਦਰ ਦੇ ਵਿਆਹ ਦੀ ਵੀ ਸਾਰੀ ਜਿੰਮੇਵਾਰੀ ਵੀ ਨਾਨਕਿਆਂ ਦੇ ਸਿਰ ਹੀ ਸੀ ਕਿਉਂ ਕਿ ਬੇਅੰਤ ਕੌਰ ਦਾ ਘਰ ਵਾਲ਼ਾ ਹਜਾਰਾ ਸਿੰਘ ਬਹੁਤ ਹੀ ਨੇਕ ਸੁਭਾਅ ਵਾਲ਼ਾ ਸਿੱਧਾ ਸਾਦਾ ਦੇਵਤਾ ਰੂਪੀ ਇਨਸਾਨ ਸੀ ਜੋ ਕਿ ਘਰ ਦੀ ਖੇਤੀ ਨਾਲ਼ ਹੀ ਆਪਣਾ ਵਾਹ ਰੱਖਦਾ ਸੀ ਘਰੇਲੂ ਕੰਮਾਂ ਨਾਲ਼ ਉਸਦੀ ਕੋਈ ਬਹੁਤੀ ਰੁਚੀ ਨਹੀਂ ਸੀ । ਹਜਾਰਾ ਸਿੰਘ ਦਾ ਪੁੱਤਰ ਬਲਦੇਵ ਹਾਲੇ ਛੋਟੀ ਉਮਰ ਦਾ ਹੋਣ ਕਰਕੇ ਭੈਣ ਦੇ ਵਿਆਹ ਦੀਆਂ ਜਿੰਮੇਵਾਰੀਆਂ ਨਿਭਾਉਣ ਦੇ ਕਾਬਿਲ ਨਹੀਂ ਸੀ । ਗੁਲਜਾਰਾ ਸਿੰਘ ਆਪਣੇ ਵਲੈਤੀ ਪੁੱਤ ਨੂੰ ਵਿਆਹੁਣ ਲਈ ਗੱਜ ਵੱਜ ਕੇ ਬੱਸ ਅਤੇ ਕਾਰਾਂ ਵਿੱਚ ਪੂਰੀ ਬਰਾਤ ਲੈ ਕੇ ਪੁੱਜਾ । ਮਿਲਣੀਆਂ ਤੋਂ ਉਪਰੰਤ ਚਾਹ ਪਾਣੀ ਦਾ ਬੜੇ ਹੀ ਸੁਚੱਜੇ ਢੰਗ ਨਾਲ਼ ਪ੍ਰਬੰਧ ਕੀਤਾ ਹੋਇਆ ਸੀ ਕਿਉਂ ਕਿ ਵਲੈਤ ਤੋਂ ਗਏ ਮੁੰਡੇ ਨਾਲ਼ ਰਿਸ਼ਤਾ ਜੋੜਨਾ ਵੀ ਮਹੱਤਤਾ ਰੱਖਦਾ ਸੀ । ਪਹਿਲਾਂ ਪਹਿਲਾਂ ਤਾਂ ਇੰਗਲੈਂਡ ਤੋਂ ਪੰਜਾਬ ਗਏ ਬੰਦੇ ਨੰਗੇ ਸਿਰ ਤੇ ਧੁੱਪ ਲੱਗਣ ਤੋਂ ਬਾਹਰ ਜਾਣ ਮੌਕੇ ਸਿਰ ਉੱਪਰ ਤੋਲੀਆ ਰੱਖ ਲੈਂਦੇ ਸੀ ਜਿਸ ਤੋਂ ਸਾਫ ਪਤਾ ਲੱਗ ਜਾਂਦਾ ਸੀ ਕਿ ਭਾਈ ਬੰਦ ਵਲੈਤੋਂ ਆਇਆ ਹੋਇਆ ਹੈ । ਹਰਬੰਸ ਸਿੰਘ ਸੋਹਣਾ ਸੁਨੱਖਾ ਮੁੰਡਾ ਸੀ ਵਲੈਤ ਜਾਣ ਕਰਕੇ ਉੱਥੋਂ ਦੇ ਸਾਫ ਸੁਥਰੇ ਵਾਤਾਵਰਣ ਵਿੱਚ ਰਹਿਣ ਕਰਕੇ ਰੰਗ ਹੋਰ ਵੀ ਨਿੱਖਰ ਗਿਆ ਸੀ । ਦੁਪੈਹਰ ਦੀ ਰੋਟੀ ਮੌਕੇ, ਜੰਝ ਘਰ ਤੋਂ ਝੰਡੀਆਂ ਲੱਗੇ ਹੋਏ ਪੰਡਾਲ ਤੱਕ ਪਹੁੰਚਦਿਆਂ ਜਨੇਤ ਨੇ ਖੂਬ ਭੰਗੜੇ ਪਾਏ ਵਾਜੇ ਵਾਲ਼ਿਆਂ ਨੇ ਵੱਖ ਵੱਖ ਤਰ੍ਹਾਂ ਦੀਆਂ ਧੁਨਾਂ ਵਜਾ ਕੇ ਹਵਾ ਪਿਆਜੀ ਹੋਏ ਬਰਾਤੀਆਂ ਨੂੰ ਭੰਗੜੇ ਪਾਉਣ ਲਈ ਮਜਬੂਰ ਕਰ ਦਿੱਤਾ ਸੀ । ਰੋਟੀ ਪਾਣੀ ਖਾਣ ਤੋਂ ਬਾਅਦ ਡੋਲ਼ੀ ਤੋਰਨ ਦਾ ਵੇਲਾ ਆ ਗਿਆ । ਗੁਲਜਾਰਾ ਸਿੰਘ ਨੇ ਭਾਨ ਵਾਲ਼ੀ ਗੁੱਥਲੀ ਖ੍ਹੋਲ ਕੇ ਪੈਸੇ ਸੁੱਟੇ । ਬੇਅੰਤ ਕੌਰ ਅਤੇ ਹਜਾਰਾ ਸਿੰਘ ਨੇ ਸੇਜਲ਼ ਅੱਖਾਂ ਨਾਲ ਡੋਲੀ ਨੂੰ ਵਿਦਾ ਕੀਤਾ । ਹਰਬੰਸ ਸਿੰਘ ਆਪਣੀ ਦੁਲਹਨ ਦਵਿੰਦਰ ਕੌਰ ਨੂੰ ਲੈ ਕੇ ਦਿਨ ਢਲ਼ਦੇ ਨੂੰ ਪਿੰਡ ਪਹੁੰਚ ਗਿਆ । ਸਾਰਾ ਪਿੰਡ ਨਵੀਂ ਸੱਜ ਵਿਆਹੀ ਬਹੂ ਦੀ ਮੂੰਹ ਦਿਖਾਈ ਕਰਨ ਲਈ ਢੁੱਕਿਆ ਹਰ ਕੋਈ ਗੁਲਜਾਰਾ ਸਿੰਹੁ ਅਤੇ ਕਰਤਾਰ ਕੌਰ ਨੂੰ ਵਧਾਈਆਂ ਦੇ ਰਿਹਾ ਸੀ । ਕਈ ਦਿਨਾਂ ਤੱਕ ਭੰਡ ਮਰਾਸੀ ਅਤੇ ਖੁਸਰੇ ਨਚਦੇ ਰਹੇ ਘਰ ਵਿੱਚ ਹਰ ਸਮੇਂ ਰੌਣਕ ਲੱਗੀ ਰਹੀ । ਗੁਲਜਾਰ ਸਿੰਹੁ ਹਰਬੰਸ ਨੂੰ ਵਿਆਹ ਕੇ ਫੁੱਲਾ ਨਹੀਂ ਸੀ ਸਮਾਉਂਦਾ । ਤਿੰਨ ਚਾਰ ਮਹੀਨੇ ਇੰਡੀਆ ਰਹਿਣ ਮਗਰੋਂ ਗੁਲਜਾਰਾ ਸਿੰਹੁ ਵਾਪਸ ਇੰਗਲੈਂਡ ਆਪਣੇ ਕੰਮ ਤੇ ਲੱਗ ਗਿਆ ਅਤੇ ਹਰਬੰਸ ਸਿੰਘ ਨੂੰ ਪਿੱਛੇ ਜਮੀਨ ਜਾਇਦਾਦ ਸਾਂਭਣ ਲਈ ਕੁੱਝ ਚਿਰ ਲਈ ਪਿੰਡ ਛੱਡ ਆਇਆ, ਨਾਲ ਹੀ ਆਪਣੀ ਨੂੰਹ ਦਵਿੰਦਰ ਕੌਰ ਦੇ ਇੰਗਲੈਂਡ ਜਾਣ ਵਾਸਤੇ ਕਾਗਜ ਪੱਤਰ ਤਿਆਰ ਕਰਨ ਲਈ ਤਾਗੀਦ ਕਰ ਆਇਆ । ਤਕਰੀਬਨ ਸਾਲ ਤੋਂ ਕੁੱਝ ਵੱਧ ਸਮਾਂ ਦਵਿੰਦਰ ਅਤੇ ਹਰਬੰਸ ਨੂੰ ਪਿੰਡ ਰਹਿੰਦਿਆਂ ਨੂੰ ਹੋ ਗਿਆ ਸੀ, ਇੰਗਲੈਂਡ ਜਾਣ ਦੇ ਕਾਗਜ਼ ਪੱਤਰ ਅੰਬੈਸੀ ਤੋਂ ਹਾਲੇ ਨਹੀਂ ਸੀ ਆਏ ਕਿ ਇ੍ਹਨਾਂ ਦਿਨਾਂ ਵਿੱਚ ਹੀ ਦਵਿੰਦਰ ਕੌਰ ਦਾ ਪੈਰ ਭਾਰੀ ਹੋ ਗਿਆ ਇਸ ਲਈ ਇਹਨਾਂ ਨੂੰ ਇੰਡੀਆ ਹੋਰ ਰੁਕਣਾ ਪੈ ਗਿਆ । ਇਹ ਖਬਰ ਸੁਣ ਕੇ ਗੁਲਜਾਰਾ ਸਿੰਘ ਤੋਂ ਬਾਬਾ ਬਣਨ ਦੀ ਖੁਸ਼ੀ ਸਾਂਭੀ ਨਹੀਂ ਸੀ ਜਾਂਦੀ, ਨਾਲ਼ ਕੰਮ ਕਰਦਿਆਂ ਭਾਈ ਬੰਦਾਂ ਨੂੰ ਬਿਨਾਂ ਕੋਈ ਗੱਲ ਦੱਸੇ ਕਈ ਵਾਰ ਖੁਸ਼ੀ ਵਿੱਚ ਹੀ ਬੀਅਰ ਦੇ ਗਿਲਾਸ ਭਰਾ ਦਿੰਦਾ ਸੀ ਪਰ ਰੱਬ ਨੂੰ ਕੁੱਝ ਹੋਰ ਮੰਨਜੂਰ ਸੀ ਗੁਲਜਾਰ ਸਿੰਘ ਨੂੰ ਤਾਰ (ਟੈਲੀਗਰਾਮ) ਦੁਆਰਾ ਮਨਹੂਸ ਖਬਰ ਮਿਲ਼ੀ ਕਿ ਦਵਿੰਦਰ ਕੌਰ ਨੇ ਲੜਕੀ ਜਨਮ ਦਿੱਤਾ ਪਰ ਬੱਚੀ ਜੰਮਣ ਸਾਰ ਹੀ ਰੱਬ ਨੂੰ ਪਿਆਰੀ ਹੋ ਗਈ । ਪ੍ਰਮਾਤਮਾ ਨੇ ਇਸ ਬੱਚੀ ਨੂੰ ਇਕ ਵਾਰ ਅੱਖਾਂ ਖੋਹਲ ਕੇ ਜੱਗ ਦੇਖਣ ਦਾ ਵੀ ਮੌਕਾ ਨਾ ਦਿੱਤਾ । ਇਸ ਖਬਰ ਨਾਲ਼ ਸਾਰੇ ਪ੍ਰੀਵਾਰ ਨੂੰ ਖਾਸ ਕਰਕੇ ਗੁਲਜਾਰਾ ਸਿੰਘ ਨੂੰ ਬਹੁਤ ਸਦਮਾ ਪੁੱਜਾ, ਉਹ ਚਾਹੁੰਦਾ ਸੀ ਕਿ ਉਸ ਨੂੰ ਕੋਈ ਚੰਗੀ ਖਬਰ ਮਿਲ਼ੇਗੀ । ਆਪਣੇ ਇਕਲੌਤੇ ਪੁੱਤ ਦੇ ਵਿਹੜੇ ਵਿੱਚ ਬੱਚੇ ਦੀਆਂ ਕਿਲਕਾਰੀਆਂ ਦੀ ਅਵਾਜ ਸੁਣਨੀ ਲੋਚਦਾ ਸੀ ।ਸਿਆਣੇ ਕਹਿੰਦੇ ਹਨ ਕਿ “ਹੁੰਦੀਆਂ ਨਹੀਂ ਮਨ ਕਥੀਆਂ ਤੇ ਨਾ ਲੱਗਦੇ ਭਾਗ ਪਰਾਏ”
ਇਸੇ ਤਰ੍ਹਾਂ ਦਿਨ ਬੀਤਦੇ ਗਏ, ਹੌਲ਼ੀ ਹੌਲ਼ੀ ਦਵਿੰਦਰ ਦੇ ਮਨ ਤੋਂ ਇਹ ਸਦਮਾ ਵਿਸਰਨ ਲੱਗਾ ਕਿਉਂ ਕਿ ਬੱਚੇ ਵਿੱਚ ਮੋਹ ਉਦੋਂ ਪੈਦਾ ਹੁੰਦਾ ਹੈ ਜਦੋਂ ਪਹਿਲੀ ਵਾਰ ਮਾਂ ਬੱਚੇ ਨੂੰ ਗੋਦੀ ਵਿੱਚ ਪਾਕੇ ਆਪਣਾ ਦੁਧ ਚੁੰਘਾਉਂਦੀ ਹੈ ਅਤੇ ਮਾਂ ਦੀ ਛਾਤੀ ਨਾਲ਼ ਲੱਗ ਕੇ ਜੋ ਛੋਹ ਪ੍ਰਾਪਤ ਹੁੰਦੀ ਹੈ ਉਸ ਨਾਲ਼ ਆਪ ਮੁਹਾਰੇ ਮੋਹ ਵੱਧ ਜਾਂਦਾ ਹੈ ਪਰ ਦਵਿੰਦਰ ਨੂੰ ਤਾਂ ਇਸ ਬੱਚੀ ਨੂੰ ਇਕ ਵਾਰ ਸੀਨੇ ਨਾਲ਼ ਲਾਉਣ ਦਾ ਵੀ ਮੌਕਾ ਨਸੀਬ ਸੀ ਹੋਇਆ । ਉਧਰੋਂ ਦਵਿੰਦਰ ਦੇ ਇੰਗਲੈਂਡ ਜਾਣ ਲਈ ਕਾਗਜ ਪੱਤਰ ਅੰਬੈਸੀ ਤੋਂ ਮਿਲ਼ ਗਏ ਦਵਿੰਦਰ ਨੂੰ ਇੰਗਲੈਂਡ ਦਾ ਵੀਜਾ ਲੱਗ ਗਿਆ ਕਿਉਂ ਕਿ ਹਰਬੰਸ ਕੋਲ਼ ਵਲੈਤੀ ਪਾਸਪੋਰਟ ਸੀ ਇਸ ਲਈ ਦਵਿੰਦਰ ਲਈ ਅਪਲਾਈ ਕਰਨ ਵਿੱਚ ਕੋਈ ਮੁਸ਼ਕਲ ਪੇਸ਼ ਨਹੀਂ ਸੀ ਹੋਣੀ । ਥੋੜੇ ਦਿਨਾਂ ਬਾਅਦ ਦੋਵੇਂ ਪਤੀ ਪਤਨੀ ਆਪਣੇ ਰਿਸ਼ਤੇਦਾਰਾਂ ਨੂੰ ਫਤਿਹ ਬੁਲਾ ਕੇ ਇੰਗਲੈਂਡ ਦੀ ਧਰਤੀ ਤੇ ਪਹੁੰਚ ਗਏ । ਗੁਲਜਾਰ ਸਿੰਘ ਦੀ ਪਿੰਡ ਜਮੀਨ ਜਾਇਦਾਦ ਕਾਫੀ ਸੀ ਦੁਆਬੇ ਵਿੱਚ ਚਾਲ਼ੀ ਪੰਜਤਾਲ਼ੀ ਏਕੜ ਹੋਣੀ ਕੋਈ ਮਾਇਨਾ ਰਖਾਉਂਦੀ ਹੈ । ਇਸ ਲਈ ਆਪਣੇ ਨੂੰਹ ਪੁੱਤ ਨੂੰ ਇੰਗਲੈਂਡ ਛੱਡ ਕੇ ਵਾਪਸ ਇੰਡੀਆ ਆਪਣੀ ਜੀਵਨ ਸਾਥਣ ਕਰਤਾਰ ਕੌਰ ਕੋਲ਼ ਆਕੇ ਖੇਤੀ ਕਰਵਾਉਣ ਲੱਗ ਪਿਆ ਇਸੇ ਤਰ੍ਹਾਂ ਕੋਈ ਪੰਜ ਛੇ ਸਾਲ ਗੁਜਰ ਚੁੱਕੇ ਸਨ ਪਰ ਕੋਈ ਖੁਸ਼ੀ ਵਾਲ਼ੀ ਖਬਰ ਨਾ ਮਿਲ਼ੀ ਭਾਵ ਕਿ ਦਵਿੰਦਰ ਮੁੜ ਗਰਭਵਤੀ ਨਾ ਹੋ ਸਕੀ, ਗੁਲਜਾਰ ਸਿੰਘ ਨੂੰ ਇਸ ਗੱਲ ਦਾ ਹੋਰ ਵੀ ਝੋਰਾ ਸਤਾਉਣ ਲੱਗਾ ਕਿ ਮੇਰੇ ਇਕਲੌਤੇ ਪੁੱਤ ਦੀ ਜਾਇਦਾਦ ਦਾ ਕੋਈ ਵਾਰਸ ਵੀ ਪੈਦਾ ਹੋਵੇਗਾ ਕਿ ਨਹੀਂ । ਜੇ ਦੇਖਿਆ ਜਾਵੇ ਪੰਜ ਛੇ ਸਾਲ ਦਾ ਸਮਾਂ ਕੋਈ ਬਹੁਤਾ ਵੀ ਨਹੀਂ ਜੇਕਰ ਵਾਹਿਗੁਰੂ ਦੀ ਨਿਗ੍ਹਾ ਸਵੱਲੀ ਹੋਵੇ ਤਾਂ ਕਈਆਂ ਦੀ ਤਾਂ ਪੰਦਰਾਂ ਜਾਂ ਵੀਹਾਂ ਸਾਲਾਂ ਬਾਅਦ ਵੀ ਕੁੱਖ ਹਰੀ ਹੋਈ ਹੈ । ਪਰ ਗੁਲਜਾਰ ਸਿੰਘ ਨੂੰ ਆਪਣੀ ਜਮੀਨ ਜਾਇਦਾਦ ਦਾ ਅਤੇ ਵਲ਼ੈਤੀ ਪੁੱਤ ਦਾ ਗਰੂਰ ਸੀ ਕਿ ਜੇਕਰ ਦਵਿੰਦਰ ਦੇ ਪੰਜ ਛੇ ਸਾਲ ਬੱਚਾ ਨਹੀਂ ਪੈਦਾ ਹੋਇਆ ਤਾਂ ਮੈਂ ਬਹੁਤੀ ਉਡੀਕ ਨਹੀਂ ਕਰਨੀ, ਹਰਬੰਸ ਲਈ ਇੰਡੀਆ ਹੋਰ ਲੜਕੀ ਦੇਖ ਕੇ ਵਿਆਹ ਕਰ ਦੇਣਾ ਹੈ । ਇਹ ਗੱਲ ਹੌਲ਼ੀ ਹੌਲ਼ੀ ਹਰਬੰਸ ਨੇ ਦਵਿੰਦਰ ਦੇ ਕੋਲ਼ ਪਹੁੰਚਦੀ ਕਰ ਦਿੱਤੀ ਕਿ ਭਾਪਾ ਮੇਰਾ ਦੂਜਾ ਵਿਆਹ ਕਰਨ ਲਈ ਕਾਹਲ਼ਾ ਹੈ, ਇਹ ਸੁਣ ਕੇ ਦਵਿੰਦਰ ਦੇ ਪੈਰਾਂ ਹੇਠੋਂ ਮਿੱਟੀ ਨਿਕਲ਼ ਗਈ ਹਰਬੰਸ ਨਾਲ਼ ਵੀ ਨਰਾਜ਼ ਹੋਈ ਕਿ ਆਪਾਂ ਇਕੱਠਿਆਂ ਨੇ ਗੁਰੂ ਨੂੰ ਹਾਜਰ ਨਾਜਰ ਜਾਣ ਕੇ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਲਾਵਾਂ ਲੈ ਕੇ ਪਤੀ ਪਤਨੀ ਦੇ ਪਵਿਤਰ ਰਿਸ਼ਤੇ ਨੂੰ ਪੂਰੀ ਜਿੰਦਗੀ ਨਿਭਾਉਣ ਦਾ ਪ੍ਰਣ ਕੀਤਾ ਹੈ, ਇਹ ਕਿਸ ਤਰ੍ਹਾਂ ਹੋ ਸਕਦਾ ਹੈ ਪਰ ਇਹਨਾਂ ਗੱਲਾਂ ਦਾ ਹਰਬੰਸ ਉੱਪਰ ਕੋਈ ਅਸਰ ਨਾ ਹੋਇਆ । ਹਾਰ ਹੰਭ ਕੇ ਦਵਿੰਦਰ ਨੇ ਆਪਣੇ ਪੇਕੇ ਪਿੰਡ ਨੂੰ ਚਿੱਠੀ ਲਿਖੀ ਕੇ ਆਪਣੀ ਚਿੰਤਾ ਜਾਹਰ ਕੀਤੀ ਕਿ ਮੇਰਾ ਸੌਹਰਾ ਹਰਬੰਸ ਦਾ ਦੂਜਾ ਵਿਆਹ ਕਰਨ ਬਾਰੇ ਸੋਚ ਰਿਹਾ ਹੈ ਮੈਨੂੰ ਲੱਗਦਾ ਹੈ ਕਿ ਉਹ ਕਦੇ ਵੀ ਇਸ ਗਲੋਂ ਟਲ਼ੇਗਾ ਨਹੀਂ ਉਹ ਜੋ ਇੱਕ ਵਾਰ ਮਨ ਵਿੱਚ ਧਾਰ ਲੈਂਦਾ ਹੈ ਉਹ ਕਰ ਕੇ ਹੱਟਦਾ ਹੈ । ਹਰਬੰਸ ਵੀ ਵੱਟਿਆ ਵੱਟਿਆ ਚੁੱਪ ਚੁੱਪ ਰਹਿਣ ਲੱਗ ਪਿਆ ਅਤੇ ਉਹ ਕਹਿੰਦਾ ਹੈ ਕਿ ਮੈਂ ਭਾਪੇ ਦਾ ਕਿਹਾ ਨਹੀਂ ਮੋੜ ਸਕਦਾ । ਜੇਕਰ ਉਸਨੇ ਹਰਬੰਸ ਦਾ ਵਿਆਹ ਹੋਰ ਕਿਧਰੇ ਕਰ ਦਿੱਤਾ ਤਾਂ ਮੇਰਾ ਜੀਣਾ ਤਾਂ ਦੁੱਭਰ ਹੋ ਜਾਵੇਗਾ, ਮੈਂ ਤਾਂ ਇੱਕ ਕਿਸਮ ਦੀ ਨੌਕਰਾਣੀ ਬਣ ਕੇ ਰਹਿ ਜਾਵਾਂਗੀ ਤੁਸੀਂ ਮੇਰੇ ਬਾਰੇ ਕੁੱਝ ਸੋਚੋ ਜਾਂ ਮੇਰੇ ਸੌਹਰੇ ਗੁਲਜਾਰ ਸਿੰਹੁ ਨੂੰ ਸਮਝਾ ਬੁਝਾ ਕੇ ਦੇਖੋ । ਇਸੇ ਸਿਆਲ਼ ਉਸਨੇ ਹਰਬੰਸ ਨੂੰ ਇੰਡੀਆ ਲਿਜਾਣ ਲਈ ਕਿਹਾ ਹੈ ਕਿ ਮੈਂ ਬਹੁਤੀ ਇੰਤਜਾਰ ਨਹੀਂ ਕਰਨੀ, ਕਹਿੰਦਾ ਹੈ ਕਿ ਭੁੱਜੇ ਦਾਣੇ ਵੀ ਕਦੇ ਉੱਗੇ ਹਨ । ਦਵਿੰਦਰ ਦੀ ਇਸ ਦਰਦ ਭਰੀ ਚਿੱਠੀ ਪੜ੍ਹ ਕੇ ਬੇਅੰਤ ਕੌਰ ਅਤੇ ਹਜਾਰਾ ਸਿੰਘ ਇੱਕ ਦਮ ਸੁੰਨ ਹੋ ਗਏ ਉਸੇ ਵਕਤ ਬੇਅੰਤ ਕੌਰ ਆਪਣੇ ਪਤੀ ਹਜਾਰਾ ਸਿੰਘ ਦੇ ਸਾਇਕਲ ਪਿੱਛੇ ਬੈਠ ਪੇਕੀਂ ਪਹੁੰਚ ਗਈ ਤੇ ਓਹੀ ਚਿੱਠੀ ਉਹਦੇ ਭਤੀਜੇ ਨੇ ਬੇਅੰਤ ਕੌਰ ਦੇ ਭਰਾਵਾਂ ਨੂੰ ਪੜ੍ਹ ਕੇ ਸੁਣਾਈ । ਦਵਿੰਦਰ ਦੇ ਮਾਂ ਪਿਓ ਅਤੇ ਨਾਨਕਾ ਪ੍ਰੀਵਾਰ ਨੇ ਇਸ ਸਮੱਸਿਆ ਦਾ ਹੱਲ ਲੱਭਣ ਦੀ ਬੜੀ ਕੋਸ਼ਿਸ਼ ਕੀਤੀ ਕਿ ਇਸ ਬਾਰੇ ਕੀ ਕੀਤਾ ਜਾਵੇ, ਜੇਕਰ ਹਰਬੰਸ ਹੋਰ ਕਿਧਰੇ ਦੂਜਾ ਵਿਆਹ ਕਰਵਾ ਲੈਂਦਾ ਹੈ ਤਾਂ ਦਵਿੰਦਰ ਦਾ ਜੀਣਾ ਦੁੱਭਰ ਹੋ ਜਾਵੇਗਾ । ਇਸ ਬਾਰੇ ਗੱਲ ਬਾਤ ਕਰਨ ਲਈ ਦਵਿੰਦਰ ਦੇ ਮਾਪਿਆਂ ਅਤੇ ਮਾਮਿਆਂ ਨੇ ਗੁਲਜਾਰਾ ਸਿੰਘ ਕੋਲ਼ ਜਾਣ ਦੀ ਸਲਾਹ ਬਣਾਈ ਗਈ ਅਤੇ ਉੱਥੇ ਪਹੁੰਚ ਕੇ ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀ ਪਰ ਗੁਲਜਾਰਾ ਸਿੰਘ ਟੱਸ ਤੋਂ ਮੱਸ ਨਾ ਹੋਇਆ । ਬੱਸ ਇੱਕੋ ਰੱਟ ਲਾਈ ਰੱਖੀ ਕਿ ਮੈਂ ਆਪਣੇ ਪੁੱਤ ਦਾ ਘਰ ਵੱਸਦਾ ਰੱਖਣਾ ਇਹ ਜਾਇਦਾਦ ਮੈਂ ਕਾਹਦੇ ਲਈ ਬਣਾਈ ਹੈ । ਅੰਤ ਵਿੱਚ ਗੁਲਜਾਰਾ ਸਿੰਹੁ ਨੇ ਆਪਣਾ ਫੈਸਲਾ ਸੁਣਾ ਦਿੱਤਾ ਕਿ ਮੈਂ ਤਾਂ ਹਰਬੰਸ ਦਾ ਦੂਜਾ ਵਿਆਹ ਕਰਨਾ ਹੀ ਕਰਨਾ ਹੈ, ਹਾਂ ਜੇਕਰ ਦਵਿੰਦਰ ਦੀ ਛੋਟੀ ਹਰਮੇਸ਼ ਦਾ ਰਿਸ਼ਤਾ ਹਰਬੰਸ ਸਿੰਘ ਨੂੰ ਕਰ ਦੇਵੋਂ ਤਾਂ ਸਾਰੇ ਮੱਸਲੇ ਹੱਲ ਹੋ ਜਾਣਗੇ ਆਪਣੀ ਰਿਸ਼ਤੇਦਾਰੀ ਵੀ ਬਣੀ ਰਹੇਗੀ ਨਾਲ਼ੇ ਦਵਿੰਦਰ ਤੇ ਹਰਮੇਸ਼ ਦੋਵੇਂ ਭੈਣਾਂ ਇੱਕੋ ਘਰ ਵਿੱਚ ਕੱਠੀਆਂ ਰਹਿਣਗੀਆਂ ਇਸ ਨਾਲ਼ ਦਵਿੰਦਰ ਦਾ ਵੀ ਵਸੇਬਾ ਹੋ ਜਾਵੇਗਾ ਮੇਰੇ ਘਰ ਵੀ ਬੂਟਾ ਲੱਗ ਜਾਵੇਗਾ । ਕਹਿੰਦੇ ਹੁੰਦੇ ਹਨ ਕਿ ਮਰਦਾ ਕੀ ਨਾ ਕਰਦਾ, ਸਾਰੇ ਪਾਸੇ ਦੇਖ ਪਾਖ ਕੇ ਆਖੀਰ ਦਵਿੰਦਰ ਦੇ ਮਾਪਿਆਂ ਨੂੰ ਇਹ ਕੌੜਾ ਘੁੱਟ ਭਰਨਾ ਪਿਆ ਹਰਬੰਸ ਤੋਂ ਉਮਰ ਵਿੱਚ ਬਾਰਾਂ ਸਾਲ ਛੋਟੀ ਹਰਮੇਸ਼ ਜਿਸਨੂੰ ਪਿਆਰ ਨਾਲ਼ ਸਾਰੇ ਮੇਸ਼੍ਹੀ ਕਹਿੰਦੇ ਸਨ, ਦਿਲ ਤੇ ਪੱਥਰ ਰੱਖ ਕੇ ਇਸ ਰਿਸ਼ਤੇ ਲਈ ਹਾਂ ਕਰ ਦਿੱਤੀ ਗਈ ਜਾਂ ਇਸ ਤਰ੍ਹਾਂ ਆਖ ਲਵੋ ਕਿ ਦਵਿੰਦਰ ਦੀ ਜਿੰਦਗੀ ਨਰਕ ਬਣਨ ਤੋਂ ਡਰਦਿਆਂ ਮੇਸ਼੍ਹੀ ਨੂੰ ਬਲੀ ਦੇਣੀ ਪਈ । ਮ੍ਹੇਸ਼ੀ ਨੇ ਜਵਾਨ ਦਿਲ ਦੀਆਂ ਸੱਧਰਾਂ ਅਤੇ ਅਰਮਾਨਾਂ ਦਾ ਕਤਲ ਕਰਕੇ ਆਪਣੀ ਭੈਣ ਦਾ ਘਰ ਵੱਸਦਾ ਰੱਖਣ ਲਈ ਕੋਈ ਹੀਲ ਹੁੱਜਤ ਨਾ ਕੀਤੀ ਆਪਣੇ ਮਾਂ ਪਿਓ ਅੱਗੇ ਇੱਕ ਵਾਰ ਵੀ ਤਰਲ਼ਾ ਨਾ ਕੀਤਾ ਕਿ ਮੈਂ ਕੋਈ ਗਊ ਮੱਝ ਤਾਂ ਨਹੀਂ ਕਿ ਜਿਸਦੇ ਮਰਜ਼ੀ ਹੱਥ ਰੱਸਾ ਫੜ ਦਿਓ । ਜਾਣ ਲੱਗਿਆਂ ਗੁਲਜਾਰਾ ਸਿੰਘ ਨੂੰ ਮੇਸ਼੍ਹੀ ਦੇ ਪਿਤਾ ਹਜਾਰਾ ਸਿੰਘ ਨੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਕਿ ਸਰਦਾਰ ਸਾਹਿਬ ਇਸ ਵਾਰ ਤੁਸੀਂ ਦਸ ਪੰਦਰਾਂ ਬੰਦੇ ਬਰਾਤ ਦੇ ਲਿਆ ਕੇ ਮੇਸ਼੍ਹੀ ਦੀ ਡੋਲ਼ੀ ਲੈ ਜਾਣੀ ਕਿਉਂ ਕਿ ਅਸੀਂ ਤਾਂ ਪਹਿਲੋਂ ਹੀ ਅੰਦਰੋ ਟੁੱਟ ਚੁੱਕੇ ਹਾਂ ਪਰ ਗੁਲਜਾਰਾ ਸਿੰਘ ਨਾਸਾਂ ਚੋਂ ਠੂੰਹੇਂ ਸੁੱਟਦਾ ਬੋਲਿਆ ਮੇਰਾ ਕੱਲਾ ਕੱਲਾ ਪੁੱਤ ਉਹ ਵੀ ਇੰਗਲੈਂਡ ਤੋਂ ਆਇਆ ਹੋਇਆ, ਪੈਂਤੀ ਚਾਲ਼ੀ ਏਕੜ ਦਾ ਮਾਲਕ ਮੈਂ ਆਪਣੀ ਪਿੰਡ ਵਿੱਚ ਤੋਏ ਤੋਏ ਨਹੀਂ ਕਰਵਾਉਣੀ । ਮੈਂ ਤਾਂ ਪਹਿਲਾਂ ਵਾਂਗ ਹੀ ਪੂਰੀ ਜਨੇਤ ਤਿੰਨ ਸੌ ਬੰਦਾ ਲੈਕੇ ਆਵਾਂਗਾ । ਖੈਰ ਗੁਲਜਾਰਾ ਸਿੰਹੁ ਆਪਣੀ ਅੜੀ ਮੁਤਾਬਿਕ ਬੜੀ ਧੂਮ ਧਾਮ ਨਾਲ਼ ਬਰਾਤ ਲੈ ਕੇ ਨੀਯਤ ਸਮੇਂ ਪਹੁੰਚ ਗਿਆ, ਬਰਾਤ ਨਾਲ਼ ਦਵਿੰਦਰ ਵੀ ਆਈ ਹੋਈ ਸੀ ਪਰ ਮੂੰਹ ਉਤੇ ਕੋਈ ਵਿਆਹ ਦੀ ਖੁਸ਼ੀ ਨਹੀਂ ਸੀ ਬਲਕਿ ਲੋਕ ਦਿਖਾਵੇ ਲਈ ਹੀ ਹਾਜ਼ਰ ਹੋਈ ਲੱਗਦੀ ਸੀ । ਅਨੰਦਕਾਰਜ ਮੌਕੇ ਜਦੋਂ ਲਾਵਾਂ ਪੜ੍ਹੀਆਂ ਜਾ ਰਹੀਆਂ ਸਨ ਤਾਂ ਦਵਿੰਦਰ ਦੇ ਨਾ ਚਾਹੁੰਦਿਆਂ ਹੋਇਆਂ ਵੀ ਗਲੇਡੂ ਭਰ ਆਏ ਸਨ ਰੁਮਾਲ ਨਾਲ਼ ਬਥੇਰਾ ਪੂੰਝਦੀ ਪਰ ਅੱਖਾਂ ਮੱਲੋ ਮੱਲੀ ਖੂਹ ਦੀਆਂ ਟਿੰਡਾਂ ਵਾਂਗ ਭਰ ਭਰ ਡੁੱਲ੍ਹ ਰਹੀਆਂ ਸਨ । ਉਸਦਾ ਦਰਦ ਵੀ ਕਿਸੇ ਤੋਂ ਲੁਕਿਆ ਛਿੱਪਿਆ ਨਹੀਂ ਸੀ ਸ਼ਾਇਦ ਸੋਚਦੀ ਹੋਵੇ ਕਿ ਮੈਂ ਆਪਣੀ ਹੱਥੀਂ ਛੋਟੀ ਭੈਣ ਦੇ ਅਰਮਾਨਾਂ ਦਾ ਕਤਲ ਕਰ ਰਹੀ ਹਾਂ ਜਾਂ ਸੋਚਦੀ ਹੋਵੇ ਕਿ ਮੈਂ ਆਪਣੀ ਛੋਟੀ ਭੈਣ ਨੂੰ ਆਪਣੇ ਹੱਥੀ ਸੌਂਕਣ ਬਣਾ ਕੇ ਲੈ ਚਲੀ ਹਾਂ ਮੇਰੇ ਨਾਲ਼ੋਂ ਵੱਧ ਕੌਣ ਬਦਨਸੀਬ ਹੋਵੇਗੀ ਜੋ ਆਪਣੇ ਪਤੀ ਨੂੰ ਕਿਸੇ ਹੋਰ ਦੇ ਹਵਾਲੇ ਕਰਕੇ ਆਪਣੇ ਪਤੀ ਦੇ ਹੱਕਾਂ ਵਿੱਚ ਕਿਸੇ ਹੋਰ ਨੂੰ ਭਾਗੀਦਾਰ ਬਣਾ ਰਹੀ ਹੋਵੇ । ਇਸ ਤੋਂ ਇਲਾਵਾ ਹੋਰ ਕੋਈ ਚਾਰਾ ਵੀ ਨਹੀਂ ਸੀ ਮਰਦੀ ਕੀ ਨਾ ਕਰਦੀ, ਮਰਦੀ ਨੂੰ ਅੱਕ ਚੱਬਣਾ ਪਿਆ । ਰੋਟੀ ਪਾਣੀ ਦਾ ਪ੍ਰਬੰਧ ਨਾਨਕਾ ਪ੍ਰੀਵਾਰ ਵਲੋਂ ਕੀਤਾ ਹੋਇਆ ਸੀ, ਬਰਾਤ ਦੀ ਖੂਬ ਸੇਵਾ ਕੀਤੀ ਸ਼ਾਮ ਨੂੰ ਸ਼ਰਾਬ ਨਾਲ਼ ਰੱਜੀ ਬੱਸ ਅਤੇ ਕਾਰਾਂ ਵਿੱਚ ਬੈਠ ਕੇ ਵਾਪਸ ਆਪਣੇ ਪਿੰਡ ਪਹੁੰਚ ਗਈ । ਡੋਲ਼ੀ ਤੁਰਨ ਮੌਕੇ ਮੇਸ਼੍ਹੀ ਹੁੱਬਕੀਂ ਹੁੱਬਕੀਂ ਰੋ ਰਹੀ ਸੀ ਉਸਦੇ ਹੌਂਕੇ ਅਤੇ ਵਿਰਲਾਪ ਦੂਰ ਦੂਰ ਤੱਕ ਸੁਣਾਈ ਦਿੰਦੇ ਸਨ । ਉਸਦੀਆਂ ਅੱਖਾਂ ਵਿੱਚੋਂ ਹੰਝੂ ਪਰਲ ਪਰਲ ਵੱਗ ਰਹੇ ਸਨ ਜਿਵੇਂ ਕੋਈ ਦਰਿਆ ਦਾ ਬ੍ਹੰਨ ਟੁੱਟ ਗਿਆ ਹੋਵੇ । ਦੂਜੇ ਦਿਨ ਪੇਕੀਂ ਫੇਰਾ ਪਾਉਣ ਉਪਰੰਤ ਹਰਬੰਸ ਸਿੰਘ ਮੁਕਲਾਵਾ ਲੈ ਗਿਆ ਅਤੇ ਆਮ ਦੀ ਤਰ੍ਹਾਂ ਜੀਵਨ ਗੱਡੀ ਚਲਣੀ ਅਰੰਭ ਹੋ ਗਈ । ਕੋਈ ਡੇਢ ਸਾਲ ਬਾਅਦ ਮੇਸ਼੍ਹੀ ਗਰਭਵਤੀ ਹੋ ਗਈ ਪਰ ਗੁਲਜਾਰਾ ਸਿੰਘ ਦਾ ਸੁਪਨਾ ਫੇਰ ਵੀ ਪੂਰਾ ਨਾ ਹੋਇਆ, ਮੇਸ਼੍ਹੀ ਨੇ ਇੱਕ ਬੱਚੀ ਨੂੰ ਜਨਮ ਦਿੱਤਾ ਪਰ ਜਨਮ ਮੌਕੇ ਹੀ ਬੱਚੀ ਦਮ ਤੋੜ ਗਈ । ਮੇਸ਼੍ਹੀ ਦੀ ਜਾਨ ਨੂੰ ਬਹੁਤ ਖਤਰਾ ਸੀ ਪ੍ਰਸੂਤ ਪੀੜਾਂ ਨੇ ਉਸਦੀ ਜਾਨ ਪਿੰਜ ਕੇ ਰੱਖ ਦਿੱਤੀ । ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਡਾਕਟਰ ਬੱਚੀ ਨੂੰ ਬਚਾਅ ਨਾ ਸਕੇ । ਗੁਲਜਾਰਾ ਸਿੰਘ ਆਪਣੀ ਕਿਸਮਤ ਨੂੰ ਕੋਸ ਰਿਹਾ ਸੀ, ਸਿਆਣੇ ਕਹਿੰਦੇ ਹਨ ਕਿ ਬੰਦਾ ਜਦੋਂ ਦਿਲ ਛੱਡ ਬਹਿੰਦਾ ਹੈ ਤੇ ਭਟਕ ਜਾਂਦਾ ਹੈ । ਕਈ ਪਾਸੇ ਅੱਕੀਂ ਪਲਾਹੀਂ ਹੱਥ ਮਾਰਨ ਲਈ ਮਜਬੂਰ ਹੋ ਜਾਂਦਾ ਹੈ । ਕਈ ਵਾਰ ਪੇਂਡੂ ਜਨਾਨੀਆਂ ਕਹਿਣ ਲੱਗ ਜਾਦੀਆਂ ਹਨ ਤੁਹਾਡੇ ਘਰ ਕੋਈ ਸਖਤਾਈ ਹੈ ਕਿਸੇ ਸਿਆਣੇ ਤੋਂ ਪੁੱਛ ਪਵਾ ਕੇ ਦੇਖਣੀ ਚਾਹੀਦੀ ਹੈ ਕਿ ਸਾਡੇ ਮੁੰਡੇ ਦੇ ਔਲਾਦ ਕਿਉਂ ਨਹੀਂ ਬੱਚਦੀ । ਬੜੇ ਔੜ੍ਹ ਪੌੜ੍ਹ ਕੀਤੇ ਪਰ ਕੋਈ ਕਰੁੰਬਲ ਹਰੀ ਨਾ ਹੋਈ । ਇਸੇ ਤਰ੍ਹਾਂ ਸਮਾਂ ਬੀਤਦਾ ਗਿਆ । ਹਰਬੰਸ ਇੰਗਲੈਂਡ ਜਾਣ ਦੀ ਵਿਜਾਏ ਪਿੰਡ ਹੀ ਟਰੈਕਟਰ ਖਰੀਦ ਕੇ ਖੇਤੀ ਕਰਨ ਲੱਗ ਪਿਆ, ਕੋਈ ਸੱਤ ਸਾਲ ਬਾਅਦ ਗੁਲਜਾਰਾ ਸਿੰਘ ਦੀ ਰੱਬ ਕੋਲ ਕੀਤੀ ਅਰਦਾਸ ਪਰਵਾਨ ਹੋਈ । ਜਿਸ ਵਾਡੀ ਨੂੰਹ ਦਵਿੰਦਰ ਨੂੰ ਕਲਮੂੰਹੀਂ, ਕਲਯੋਗਣੀ ਕਹਿ ਕੇ ਦੁਰਕਾਰਿਆ ਜਾਂਦਾ ਸੀ ਅੱਜ ਉਸ ਦੀ ਕੁੱਖ ਨੂੰ ਪਰਮਾਤਮਾ ਨੇ ਭਾਗ ਲਾਏ । ਦਵਿੰਦਰ ਨੇ ਇੱਕ ਸੋਹਣੇ ਸੁਨੱਖੇ ਪੁੱਤਰ ਨੂੰ ਜਨਮ ਦਿੱਤਾ ਜਿਸਦਾ ਨਾਮ ਬਲਵਿੰਦਰ ਸਿੰਘ ਰੱਖਿਆ ਗਿਆ । ਸਾਰਾ ਪ੍ਰੀਵਾਰ ਪਿਆਰ ਨਾਲ਼ ਬਿੰਦਾ ਕਹਿਕੇ ਬਲਾਉਣ ਲੱਗ ਪਏ । ਗੁਲਜਾਰ ਸਿੰਘ ਦੇ ਘਰ ਵਿੱਚ ਹਰ ਪਾਸੇ ਗੁਲਜਾਰਾਂ ਖਿੜ ਗਈਆਂ । ਹਰ ਵੇਲ਼ੇ ਰੌਣਕਾਂ ਲੱਗੀਆਂ ਰਹਿੰਦੀਆਂ ਦੂਰੋਂ ਨੇੜਿਓਂ ਵਧਾਈਆਂ ਦੇਣ ਵਾਲ਼ੇ ਰਿਸ਼ਤੇਦਾਰਾਂ ਦੀ ਭੀੜ ਲੱਗੀ ਰਹਿੰਦੀ । ਫਿਰ ਇਸੇ ਤਰ੍ਹਾਂ ਦੋ ਸਾਲ ਬਾਅਦ ਦਵਿੰਦਰ ਦੀ ਛੋਟੀ ਭੈਣ ਮੇਸ਼੍ਹੀ ਦੇ ਇੱਕ ਪੁੱਤਰ ਨੇ ਜਨਮ ਲਿਆ ਉਸਦਾ ਨਾਮ ਤਜਿੰਦਰ ਰੱਖਿਆ ਗਿਆ । ਗੁਲਜਾਰ ਸਿੰਘ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਸਾਰੇ ਘਰ ਵਿੱਚ ਖੁਸ਼ੀਆਂ ਪਸਰ ਗਈਆਂ । ਵਧਾਈਆ ਦੇਣ ਵਾਲ਼ਿਆਂ ਦਾ ਹਰ ਵਕਤ ਮੇਲਾ ਲੱਗਾ ਰਹਿੰਦਾ । ਕਬੀਲਦਾਰੀ ਦੀਆਂ ਜਿੰਮੇਵਾਰੀਆਂ ਨੂੰ ਅੱਖੋਂ ਪਰੋਖੇ ਨਾ ਕਰਦਿਆਂ ਹਰਬੰਸ ਨੇ ਬੱਚਿਆਂ ਦੇ ਉੱਜਲੇ ਭਵਿਖ ਲਈ ਵਾਪਸ ਇੰਗਲੈਂਡ ਜਾਣਾ ਬੇਹਤਰ ਸਮਝਿਆ ਇਸ ਲਈ ਖੇਤੀ ਬਾੜੀ ਦੇ ਸਾਰੇ ਸੰਦ ਸਮਾਨ ਟਰੈਕਟਰ ਵੇਚ ਕੇ ਜ਼ਮੀਨ ਠੇਕੇ ਤੇ ਦੇ ਦਿੱਤੀ ਅਤੇ ਆਪਣੀ ਪਹਿਲੀ ਪਤਨੀ ਦਵਿੰਦਰ ਅਤੇ ਬੇਟੇ ਨੂੰ ਲੈ ਕੇ ਇੰਗਲੈਂਡ ਚਲਾ ਗਿਆ, ਪਿੱਛੇ ਮੇਸ਼੍ਹੀ ਆਪਣੇ ਸੱਸ ਸੌਹਰੇ ਕੋਲ਼ ਰਹਿ ਕੇ ਜਿੰਦਗੀ ਬਤੀਤ ਕਰ ਰਹੀ ਸੀ ਕਿ ਸਾਲ ਕੁ ਬਾਆਦ ਹਰਬੰਸ ਸਿੰਘ ਨੇ ਸੱਚੇ ਝੂਠੇ ਕਾਗਜ਼ ਤਿਆਰ ਕਰਕੇ ਪਹਿਲੀ ਪਤਨੀ ਨੂੰ ਐਵੇਂ ਮਿੱਚੀ ਦਾ ਤਲਾਕ ਦੇ ਕੇ ਆਪਣੀ ਦੂਜੀ ਪਤਨੀ ਮੇਸ਼੍ਹੀ ਨੂੰ ਵੀ ਇੰਗਲੈਂਡ ਮੰਗਵਾ ਲਿਆ । ਦੋ ਕੁ ਸਾਲ ਬਾਅਦ ਦਵਿੰਦਰ ਕੌਰ ਦੇ ਇਕ ਲੜਕੀ ਸ਼ਰਨਜੀਤ ਪੈਦਾ ਹੋ ਗਈ ਅਤੇ ਉਸ ਤੋਂ ਉਪਰੰਤ ਇੱਕ ਸਾਲ ਬਾਅਦ ਮੇਸ਼੍ਹੀ ਦੇ ਪੈਰ ਭਾਰੀ ਹੋ ਗਏ ਅਤੇ ਲੜਕੀ ਕਰਮਵੀਰ ਨੇ ਜਨਮ ਲਿਆ । ਸੋ ਇਸ ਤਰ੍ਹਾਂ ਹਰਬੰਸ ਸਿੰਘ ਦੋ ਪਤਨੀਆਂ ਦੁਆਰਾ ਚਾਰ ਬੱਚਿਆਂ ਦਾ ਬਾਪ ਬਣ ਗਿਆ । ਬੱਚੇ ਸਕੂਲ ਜਾਣ ਲੱਗ ਪਏ ਅਤੇ ਦੋਵੇਂ ਭੈਣਾਂ ਇੱਕ ਦੇਸੀ ਭਾਈ ਬੰਦ ਦੀ ਫੈਕਟਰੀ ਵਿੱਚ ਕੰਮ ਕਰਨ ਲੱਗ ਪਈਆਂ ਕੰਮ ਤੋਂ ਆਕੇ ਘਰ ਦਾ ਸਾਰਾ ਕੰਮ ਕਾਜ ਮੇਸ਼੍ਹੀ ਨੂੰ ਹੀ ਕਰਨਾ ਪੈਂਦਾ ਸੀ ਵੱਡੀ ਦਵਿੰਦਰ ਤਾਂ ਤਿਆਰ ਕੀਤਾ ਭੋਜਨ ਵਰਤਾਉਣ ਦੀ ਜਿੰਮੇਵਾਰੀ ਨਿਭਾ ਦਿੰਦੀ ਸੀ । ਦਵਿੰਦਰ ਕੌਰ ਤਾਂ ਹੁਕਮ ਚਲਾਉਣ ਵਾਲ਼ੀ ਜਨਾਨੀ ਸੀ, ਉਸਨੂੰ ਇਸ ਗੱਲ ਦਾ ਮੂਲ਼ੋਂ ਹੀ ਖਿਆਲ ਭੁੱਲ ਗਿਆ ਕਿ ਮੇਸ਼੍ਹੀ ਨੇ ਆਪਣੀ ਵੱਡੀ ਭੈਣ ਲਈ ਕਿੰਨੀ ਕੁਰਬਾਨੀ ਕੀਤੀ ਸੀ । ਮੇਸ਼੍ਹੀ ਨੂੰ ਤਾਂ ਹੁਣ ਦਵਿੰਦਰ ਟਿੱਚ ਸਮਝਦੀ ਸੀ ਹਰ ਗੱਲ ਵਿੱਚ ਦਵਿੰਦਰ ਦੀ ਹੀ ਪੁੱਗਦੀ ਸੀ, ਮੇਸ਼੍ਹੀ ਤਾਂ ਇਕ ਕਿਸਮ ਦੀ ਨੌਕਰਾਣੀ ਬਣ ਕੇ ਰਹਿ ਗਈ ਸੀ । ਹਰਬੰਸ ਸਿੰਘ ਨੇ ਜਦੋਂ ਕਿਧਰੇ ਵੀ ਸ਼ੌਪਿੰਗ ਜਾਂ ਕਿਸੇ ਪਾਰਟੀ ਤੇ ਜਾਣਾ ਤਾਂ ਦਵਿੰਦਰ ਹੀ ਕਾਰ ਦੀ ਮੂਹਰਲੀ ਸੀਟ ਤੇ ਬੈਠ ਕੇ ਜਾਂਦੀ ਸੀ ਅਤੇ ਮੇਸ਼੍ਹੀ ਨੂੰ ਪਿੱਛੇ ਕੋਈ ਨਾ ਕੋਈ ਘਰ ਦਾ ਜਾਂ ਫੈਕਟਰੀ ਤੋਂ ਘਰ ਲਈ ਲਿਆਂਦਾ ਕੰਮ ਕਰਨ ਲਈ ਹੁਕਮ ਸੁਣਾ ਜਾਣਾ । ਮੇਸ਼੍ਹੀ ਨੂੰ ਤਾਂ ਪਤੀ ਨਾਲ਼ ਕਦੇ ਖੁਲ੍ਹ ਕੇ ਗੱਲ ਕਰਨ ਦਾ ਵੀ ਮੌਕਾ ਨਸੀਬ ਨਹੀਂ ਸੀ ਹੋਇਆ । ਮੇਸ਼੍ਹੀ ਤਾਂ ਬੱਚਿਆਂ ਦੇ ਮੂੰਹੋਂ ਮੰਮੀ ਸ਼ਬਦ ਸੁਣਨ ਦਾ ਵੀ ਹੱਕ ਨਾ ਮਿਲ਼ਿਆ ਬੱਚੇ ਦਵਿੰਦਰ ਨੂੰ ਹੀ ਮੰਮੀ ਆਖਦੇ ਸਨ ਅਤੇ ਮੇਸ਼੍ਹੀ ਨੂੰ ਬੀਬੀ ਕਹਿ ਕੇ ਬਲਾਉਂਦੇ ਸਨ । ਹੁਣ ਮੇਸ਼੍ਹੀ ਨੂੰ ਵੀ ਆਪਣੀ ਦਿੱਤੀ ਹੋਈ ਕੁਰਬਾਨੀ ਜਾਂ ਕਹਿ ਲਵੋ ਕਿ ਕੀਤੀ ਹੋਈ ਗਲਤੀ ਦਾ ਪਛਤਾਵਾ ਹੋਣ ਲੱਗਾ । ਉਸਨੇ ਤਾਂ ਆਪਣੀ ਸਕੀ ਭੈਣ ਦਾ ਭਲਾ ਕੀਤਾ ਸੀ ਪਰ ਕੀ ਪਤਾ ਸੀ ਕਿ ਭੈਣ ਹੀ ਛੋਟੀ ਭੈਣ ਦੀ ਦੁਸ਼ਮਣ ਬਣ ਜਾਵੇਗੀ । ਇਸੇ ਤਰ੍ਹਾਂ ਹੀ ਮੇਸ਼੍ਹੀ ਦਿਲ ਵਿੱਚ ਦੁੱਖ ਸਮੇਟ ਕੇ ਦਿਨ ਕੱਟੀ ਕਰਦੀ ਰਹੀ । ਜਿਸ ਤਰ੍ਹਾਂ ਸਿਆਣੇ ਕਹਿੰਦੇ ਹਨ ਕਿ ਬਾਰਾਂ ਸਾਲਾਂ ਬਾਅਦ ਤਾਂ ਰੱਬ ਰੂੜੀ ਦੀ ਵੀ ਸੁਣ ਲੈਂਦਾ ਹੈ ਇਸੇ ਤਰ੍ਹਾਂ ਮੇਸ਼੍ਹੀ ਦੇ ਵੀ ਦਿਨ ਫਿਰਨ ਲੱਗੇ ਅਤੇ ਜਿੰਦਗੀ ਵਿੱਚ ਐਸਾ ਮੋੜ ਆਇਆ ਕਿ ਦਵਿੰਦਰ ਦੇ ਦੋਵੇਂ ਬੱਚੇ ਪੜ੍ਹਨ ਨੂੰ ਬਹੁਤ ਨਲਾਇਕ ਨਿਕਲ਼ੇ ਪਰ ਮੇਸ਼੍ਹੀ ਦੇ ਦੋਵੇਂ ਬੱਚੇ ਪੜ੍ਹਨ ਲਈ ਕਾਫੀ ਹੁਸ਼ਿਆਰ ਸਨ । ਦਵਿੰਦਰ ਜਿਸ ਨਜ਼ਰ ਨਾਲ਼ ਆਪਣੇ ਬੱਚਿਆਂ ਨੂੰ ਦੇਖਦੀ ਸੀ ਉਸ ਤਰ੍ਹਾਂ ਦੀ ਮੋਹ ਮਮਤਾ ਮੇਸ਼੍ਹੀ ਦੇ ਬੱਚਿਆਂ ਲਈ ਨਹੀਂ ਸੀ ਜਾਗਦੀ । ਕਈ ਵਾਰੀ ਘਰ ਵਿੱਚ ਵਿਚਰਦਿਆਂ ਗਲਤੀ ਦਵਿੰਦਰ ਦੇ ਬੱਚੇ ਦੀ ਹੋਣੀ ਪਰ ਤੌਣੀ ਮੇਸ਼੍ਹੀ ਦੇ ਬੱਚਿਆਂ ਦੇ ਲੱਗ ਜਾਣੀ । ਹਰਬੰਸ ਵੀ ਕੋਈ ਐਡਾ ਸਮਝਦਾਰ ਵਿਅਕਤੀ ਨਹੀਂ ਸੀ ਬੜਾ ਹੀ ਮੂੜ੍ਹ ਕਿਸਮ ਦਾ ਬੰਦਾ ਸੀ ਜੋ ਦਵਿੰਦਰ ਨੇ ਕਹਿਣਾ ਉਹ ਉਸਦੀ ਹੀ ਗੱਲ ਤੇ ਪਹਿਰਾ ਦਿੰਦਾ ਸੀ ਆਪਣੇ ਸਾਰੇ ਪ੍ਰੀਵਾਰ ਨੂੰ ਇੱਕ ਅੱਖ ਨਾਲ਼ ਦੇਖਣ ਦੀ ਵਿਜਾਏ ਦਵਿੰਦਰ ਦੇ ਪਿੱਛੇ ਪਿੱਛੇ ਹਰ ਦਮ ਪੂਛ ਹਿਲਾਉਂਦਾ ਫਿਰਦਾ ਸੀ ।
ਦਵਿੰਦਰ ਦਾ ਬੇਟਾ ਬਲਵਿੰਦਰ ਅਤੇ ਬੇਟੀ ਸ਼ਰਨਜੀਤ ਕੋਈ ਉੱਚ ਪੱਧਰੀ ਵਿਦਿਆ ਹਾਸਲ ਨਾ ਕਰ ਸਕੇ ਮਸਾਂ ਫੈਕਟਰੀ ਦਾ ਮਾੜਾ ਮੋਟਾ ਕੰਮ ਕਰਨ ਦੇ ਹੀ ਯੋਗ ਹੋ ਸਕੇ ਪਰ ਮੇਸ਼੍ਹੀ ਦਾ ਵੱਡਾ ਬੇਟਾ ਤਜਿੰਦਰ ਤੇ ਬੇਟੀ ਕਰਮਵੀਰ ਪੜ੍ਹ ਲਿਖ ਗਏ ਸਨ ਅਤੇ ਆਪਣੀ ਜਿੰਦਗੀ ਸਫਲ ਬਨਾਉਣ ਦੇ ਕਾਬਲ ਸਨ । ਦਵਿੰਦਰ ਦੇ ਵੱਡੇ ਲੜਕੇ ਬਲਵਿੰਦਰ ਦੀ ਕਿਸੇ ਨਾਈਟ ਕਲੱਬ ਵਿੱਚ ਇਕ ਲੜਕੀ ਨਾਲ਼ ਮੁਲਾਕਾਤ ਹੋ ਗਈ ਸੀ ਅਤੇ ਉਸਨੇ ਆਪਣੇ ਡੈਡੀ ਹਰਬੰਸ ਸਿੰਘ ਤੇ ਮੰਮੀ ਦਵਿੰਦਰ ਕੌਰ ਨੂੰ ਆਪਣੀ ਇਸ ਪਸੰਦ ਬਾਰੇ ਜਿਕਰ ਕੀਤਾ। ਪਹਿਲਾਂ ਤਾਂ ਸਾਰਿਆਂ ਨੇ ਬੜੀਆਂ ਮੱਛੀਆਂ ਛਿੱਲੀਆਂ ਪਰ ਲਾਡਲੇ ਪੁੱਤ ਦੇ ਪਰਵਾਹਰਾ ਹੋਣ ਦੇ ਡਰੋਂ ਹਾਰ ਮੰਨ ਕੇ ਅਨੰਦ ਕਾਰਜ ਰਚਾ ਦਿੱਤਾ । ਪਰ ਇਹ ਰਿਸ਼ਤਾ ਬਹੁਤੀ ਦੇਰ ਤੱਕ ਕਾਇਮ ਨਾ ਰਿਹਾ ਕਿਉਂ ਕਿ ਦਵਿੰਦਰ ਕੌਰ ਦੀ ਹਰ ਵੇਲ਼ੇ ਦੀ ਨੋਕ ਝੋਕ ਨੇ ਨਵੀਂ ਆਈ ਨੂੰਹ ਦੇ ਨੱਕ ਵਿੱਚ ਦਮ ਕਰ ਦਿੱਤਾ ਸੀ ਦਰਅਸਲ ਛੋਟੀ ਭੈਣ ਨਾਲ਼ ਨਿੱਤ ਕੁੱਤੇ ਖਾਣੀ ਕਰ ਕਰ ਕੇ ਉਸਦੀ ਆਦਤ ਪੱਕ ਚੁੱਕੀ ਸੀ, ਭੈਣ ਤਾਂ ਜਿਗਰਾ ਕਰਕੇ ਸੱਭ ਕੁਝ ਸਹਾਰਦੀ ਰਹੀ ਪਰ ਬੇਗਾਨੀ ਧੀ ਕਿਵੇਂ ਹਰ ਰੋਜ ਦੇ ਤਾਹਨੇ ਸੁਣ ਸਕਦੀ ਸੀ । ਦੂਜੀ ਗੱਲ ਬਲਵਿੰਦਰ ਵੀ ਪੂਰਾ ਉਲੱਥ ਅਤੇ ਵਿਗੜਿਆ ਹੋਇਆ ਕਾਕਾ ਸੀ ਜਿਸ ਦੀ ਕਿ ਹਰ ਮੂੰਹੋਂ ਨਿਕਲੀ ਮੰਗ ਝੱਟ ਪੱਟ ਪੂਰੀ ਕੀਤੀ ਜਾਂਦੀ ਸੀ ਇਸ ਵਿੱਚ ਸਾਰਾ ਕਸੂਰ ਦਵਿੰਦਰ ਕੌਰ ਦਾ ਸੀ ਜੋ ਕਿ ਉਸਨੂੰ ਕਦੇ ਵੀ ਵਰਜਦੀ ਨਹੀਂ ਸੀ ਕਈ ਵਾਰ ਗਲਤੀ ਬਲਵਿੰਦਰ ਦੀ ਹੋਣੀ ਤੇ ਸਾਰਾ ਗੁੱਸਾ ਮੇਸ਼੍ਹੀ ਦੀ ਛੋਟੀ ਬੱਚੀ ਕਰਮਵੀਰ ਤੇ ਕੱਢਣਾ । ਖੈਰ ਕੁੱਝ ਸਾਲਾਂ ਬਾਅਦ ਬਲਵਿੰਦਰ ਦੀ ਭੈਣ ਸ਼ਰਨਜੀਤ ਦੀ ਵੀ ਸੁਘੜ ਸਿਆਣੇ ਪ੍ਰੀਵਾਰ ਦੇ ਇੱਕਲੌਤੇ ਪੁਤਰ ਨਾਲ਼ ਸ਼ਾਦੀ ਕਰ ਦਿੱਤੀ ਗਈ, ਉਸਦੇ ਸੌਹਰੀਂ ਵੀ ਦਵਿੰਦਰ ਕੌਰ ਦੀ ਦਖਲ ਅੰਦਾਜੀ ਵਾਲ਼ੀ ਆਦਤ ਨੇ ਸ਼ਰਨਜੀਤ ਨੂੰ ਆਪਣੇ ਸੌਹਰੇ ਪ੍ਰੀਵਾਰ ਨਾਲ਼ੋਂ ਅੱਡ ਕਰਵਾ ਦਿੱਤਾ । ਇਕਲੌਤੇ ਪੁੱਤਰ ਦੀ ਜੁਦਾਈ ਦੇ ਦੁੱਖੋਂ ਸ਼ਰਨਜੀਤ ਦੇ ਸੱਸ ਸੌਹਰਾ ਦੋਵੇਂ ਨੀਮ ਪਾਗਲ ਹੋਏ ਫਿਰਦੇ ਹਨ । ਕੁੜਮਾਂ ਦਾ ਆਪਸ ਵਿੱਚ ਕੋਈ ਮੇਲ਼ ਮਿਲ਼ਾਪ ਨਹੀਂ ਹੈ । ਪਰ ਮੇਸ਼੍ਹੀ ਦੇ ਹੋਣਹਾਰ ਬੱਚਿਆਂ ਨੇ ਮੇਸ਼੍ਹੀ ਦਾ ਜੀਵਨ ਸਵਰਗ ਬਣਾ ਦਿੱਤਾ, ਉਸਦੇ ਵੱਡੇ ਲੜਕੇ ਨੇ ਬੜੀ ਲਗਨ ਅਤੇ ਮੇਹਨਤ ਨਾਲ਼ ਪੜ੍ਹਾਈ ਕਰਕੇ ਐਮ. ਬੀ. ਬੀ. ਐਸ ਦੀ ਡਿਗਰੀ ਕਰਕੇ ਡਾਕਟਰੀ ਦੇ ਕਿੱਤੇ ਨੂੰ ਅਪਣਾ ਲਿਆ, ਇਸ ਸਮੇਂ ਹਾਰਟ (ਦਿਲ) ਦਾ ਸੀਨੀਅਰ ਕਨਸਲਟੈਂਟ ਹੈ । ਇਸੇ ਤਰ੍ਹਾਂ ਤਜਿੰਦਰ ਦੀ ਛੋਟੀ ਭੈਣ ਸਾਰੇ ਟੱਬਰ ਦੀਆਂ ਝਿੜਕਾਂ ਖਾਂਦੀ ਖਾਂਦੀ ਨੇ ਯੂਨੀਵਰਸਟੀ ਦੀ ਡਿਗਰੀ ਹਾਸਲ ਕਰਕੇ ਵੱਧੀਆ ਪ੍ਰੀਵਾਰ ਵਿੱਚ ਵਿਆਹੀ ਵਰੀ ਗਈ ਹੈ । ਤਜਿੰਦਰ ਭਾਵੇਂ ਵੱਡਾ ਡਾਕਟਰ ਬਣ ਗਿਆ ਹੈ ਅਤੇ ਉਸਨੂੰ ਵੱਡੀ ਮੰਮੀ ਅਤੇ ਡੈਡੀ ਦੀਆਂ ਉਹ ਸੱਭ ਗੱਲਾਂ ਯਾਦ ਹਨ, ਉਸਨੇ ਆਪਣੀਆਂ ਅੱਖਾਂ ਸਾਹਵੇਂ ਆਪਣੀ ਰੱਬ ਰੂਪੀ ਮਾਂ ਦੀ ਦੁਰਦਸ਼ਾ ਹੁੰਦੀ ਦੇਖੀ ਸੀ, ਉਸਨੇ ਕਈ ਵਾਰੀ ਰੋਂਦੀ ਹੋਈ ਮੇਸ਼੍ਹੀ ਨੂੰ ਕਿਹਾ ਸੀ ਕਿ ਕੋਈ ਨਾ ਬੀਬੀ ਫਿਕਰ ਨਾ ਕਰ ਜਦੋਂ ਮੈਂ ਵੱਧੀਆ ਨੌਕਰੀ ਤੇ ਲੱਗ ਗਿਆ, ਮੈਂ ਵੱਡਾ ਸਾਰਾ ਘਰ ਖਰੀਦ ਕੇ ਤੈਨੂੰ ਆਪਣੇ ਕੋਲ਼ ਰਖਾਂਗਾ ਜਿੱਥੇ ਤੈਨੂੰ ਹਰ ਕਿਸਮ ਦੀ ਸਹੂਲਤ ਹੋਵੇਗੀ । ਤਜਿੰਦਰ ਦੀ ਭੈਣ ਆਪਣੇ ਸੌਹਰੇ ਘਰ ਸੁਖੀ ਵੱਸ ਰਹੀ ਹੈ ਅਤੇ ਤਜਿੰਦਰ ਨੇ ਵੀ ਨਾਲ਼ ਹੀ ਕੰਮ ਕਰਦੀ ਪੇਸ਼ੇ ਵਜੋਂ ਇਕ ਡਾਕਟਰ ਲੜਕੀ ਨਾਲ਼ ਵਿਆਹ ਕਰਵਾ ਲਿਆ ਅਤੇ ਸ਼ਹਿਰ ਦੇ ਵੱਧੀਆ ਇਲਾਕੇ ਵਿੱਚ ਵੱਡਾ ਪੰਜ ਬੈਡ ਰੂਮ ਦਾ ਘਰ ਖਰੀਦ ਕੇ ਰਹਿ ਰਿਹਾ ਹੈ ਅਤੇ ਕੀਤੇ ਵਾਅਦੇ ਮੁਤਾਬਿਕ ਆਪਣੀ ਬੀਬੀ ਜਾਣੀ ਮੇਸ਼੍ਹੀ ਨੂੰ ਆਪਣੇ ਕੋਲ਼ ਲੈ ਗਿਆ ਹੈ ਉੱਥੇ ਆਪਣੀ ਰੱਬੀ ਰੂਪ ਮਾਂ ਦੀ ਸੇਵਾ ਕਰਕੇ ਉਸਦੇ ਪੁਰਾਣੇ ਜ਼ਖਮਾਂ ਤੇ ਮਲ੍ਹਮ ਲਾ ਰਿਹਾ ਹੈ । ਮੇਸ਼੍ਹੀ ਆਪਣੇ ਨੂੰਹ ਪੁੱਤ ਦੀ ਸੇਵਾ ਤੋਂ ਬਹੁਤ ਖੁਸ਼ ਹੈ ਆਪਣੇ ਆਪ ਨੂੰ ਬਹੁਤ ਹੀ ਖੁਸ਼ਨਸੀਬ ਸਮਝਦੀ ਹੈ ਜਿਸਨੇ ਕਿ ਸਰਵਣ ਪੁੱਤ ਨੂੰ ਜਨਮ ਦਿਤਾ ।
ਉਧਰ ਦਵਿੰਦਰ ਜੋ ਕਿ ਹਰ ਵਕਤ ਨਾਸਾਂ ਚੁੱਕੀ ਰੱਖਦੀ ਸੀ ਆਪਣੇ ਉਲੱਥ ਪੁੱਤ ਨੂੰ ਤੀਜੀ ਵਾਰ ਵਿਆਹ ਚੁੱਕੀ ਹੈ ਅਤੇ ਹਾਲੇ ਵੀ ਆਪਣੀਆਂ ਪੁਰਾਣੀਆਂ ਆਦਤਾਂ ਤਿਆਗ ਨਹੀਂ ਸਕੀ । ਆਪਣੀ ਰੱਬ ਵਰਗੀ ਭੈਣ ਮੇਸ਼੍ਹੀ ਦੀ ਆਤਮਾ ਨੂੰ ਜਿੰਨਾ ਦੁੱਖ ਪਹੁੰਚਾਇਆ ਹੈ ਉਸਦੇ ਕਰਕੇ ਹੀ ਆਪਣੇ ਅੜਬ ਪਤੀ ਅਤੇ ਆਪ ਹੁੱਦਰੇ ਪੁੱਤ ਨਾਲ਼ ਨਰਕ ਦੀ ਜਿੰਦਗੀ ਭੋਗ ਰਹੀ ਹੈ । ਗੁਰਦੁਆਰੇ ਜਾ ਕੇ ਕਈ ਵਾਰ ਆਪਣੇ ਆਪ ਹੀ ਹੋਰ ਬੁੜ੍ਹੀਆਂ ਕੋਲ਼ ਆਪਣੀ ਭੜਾਸ ਕੱਢ ਕੇ ਦਿਲ ਹੋਲ਼ਾ ਕਰ ਲੈਂਦੀ ਹੈ ਅਤੇ ਕਹਿੰਦੀ ਹੈ ਕਿ ਮੈਂ ਖੌਰੇ ਕਿਹੜੇ ਕਰਮ ਕੀਤੇ ਹੋਏ ਸਨ ਜੋ ਮੈਂ ਐਨੀ ਵੱਡੀ ਸਜਾ ਭੁਗਤ ਰਹੀ ਹਾਂ, ਪੁੱਤ ਵੀ ਉੱਖੜੀ ਕੁਹਾੜੀ ਵਾਂਗ ਖਾਣ ਨੂੰ ਪੈਂਦਾ ਹੈ ਤੇ ਪਤੀ (ਹਰਬੰਸ ਸਿੰਘ) ਵੀ ਜਿਉਂ ਜਿਉਂ ਬੁਢਾਪੇ ਵੱਲ ਜਾ ਰਿਹਾ ਹੈ ਉਹ ਹੋਰ ਵੀ ਹਰ ਵਕਤ ਵੱਢੂੰ ਖਾਊਂ ਕਰਦਾ ਰਹਿੰਦਾ ਹੈ । ਉਧਰ ਮੇਸ਼੍ਹੀ ਮਾਹਾਰਾਣੀਆਂ ਵਾਂਗ ਆਪਣੀ ਜਿੰਦਗੀ ਬਸਰ ਕਰ ਰਹੀ ਹੈ ਉਸ ਨੂੰ ਭੈਣ ਵਲੋਂ ਦਿੱਤੇ ਦੁੱਖ ਤਸੀਹੇ ਸੱਭ ਭੁੱਲ ਚੁੱਕੇ ਹਨ । ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ । ਦਵਿੰਦਰ ਦੀ ਹਾਲਤ ਵਲ ਦੇਖ ਕੇ ਜਾਣ ਪਛਾਣ ਵਾਲ਼ੀਆਂ ਕਈ ਜਨਾਨੀਆਂ ਆਖ ਦਿੰਦੀਆਂ ਹਨ ਭਾਈ “ਜੈਸੀ ਕਰਨੀ, ਵੈਸੀ ਭਰਨੀ” ਇਹਨੇ ਮੇਸ਼੍ਹੀ ਦੇ ਬਥੇਰੇ ਬੁਰੇ ਹਾਲ ਕੀਤੇ ਸਨ ।
