ਨਸਲੀ ਹਮਲਿਆ ਦਾ ਇੱਕ ਸੱਚ ਇਹ ਵੀ
ਆਸਟਰੇਲੀਆ ਵਿੱਚ ਭਾਰਤੀ ਲੋਕਾਂ ਤੇ ਪਿਛਲੇ ਕੁਝ ਸਮੇ ਤੋ ਹਮਲੇ ਹੋ ਰਹੇ ਹਨ। ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈਂ । ਇਹਨਾਂ ਹਮਲਿਆ ਨੂੰ ਹਰੇਕ ਭਾਰਤੀ ਚੈਨਲ ਜਾਂ ਕਹਿ ਲਉ ਭਾਰਤ ਦੀ ਪ੍ਰੈੱਸ ਚਾਹੇ ਉਹ ਬਿਜਲਈ ਮੀਡੀਆ ਹੋਵੇ ਜਾਂ ਫਿਰ ਪ੍ਰਿੰਟ ਮੀਡੀਆ ਉਹਨਾਂ ਦੁਆਰਾ ਆਸਟਰੇਲੀਆ ਦੀ ਛਾਪ ਤੇ ਧੱਬਾ ਲਗਾਉਣ ਦਾ ਕੋਈ ਵੀ ਮੌਕਾ ਹੱਥੋ ਨਹੀ ਜਾਣ ਦਿੱਤਾ ਜਾਂਦਾ ਜਾਂ ਇਹ ਕਹਿ ਲਉ ਕਿ ਉਹਨਾਂ ਨੇ ਇਹਨਾਂ ਹਮਲਿਆ ਦੀ ਸਹੀ ਤਸਵੀਰ ਹੀ ਲੋਕਾਂ ਸਾਹਮਣੇ ਪੇਸ਼ ਹੀ ਨਹੀ ਕੀਤੀ । ਲੀਡਰਾਂ ਨੇ ਵੀ ਬਹੁਤ ਸਾਰੇ ਬਿਆਨ ਦਿੱਤੇ ਕਿ ਸਾਨੂੰ ਆਸਟਰੇਲੀਆ ਨਾਲ ਕੋਈ ਵੀ ਸਾਂਝ ਨਹੀ ਰੱਖਣੀ ਚਾਹੀਦੀ । ਆਸਟਰੇਲੀਆ ਆਉਣ ਵਾਲੇ ਭਾਰਤੀ ਲੋਕਾਂ ਨੂੰ ਚਿਤਾਵਨੀਆਂ ਦਿੱਤੀਆ ਗਈਆ ਕਿ ਉਹ ਆਸਟਰੇਲੀਆ ਨਾ ਜਾਣ ਉਹਨਾਂ ਲਈ ਇਹ ਦੇਸ ਸੁਰੱਖਿਅਤ ਨਹੀ ਹੈ। ਕਿਸੇ ਦੇਸ ਦੇ ਲੀਡਰਾਂ ਜਾਂ ਪ੍ਰੈੱਸ ਦਾ ਆਪਣੇ ਦੇਸ ਦੇ ਲੋਕਾਂ ਦੀ ਸੁਰੱਖਿਆ ਪ੍ਰਤੀ ਸੁਚੇਤ ਹੋਣਾ ਕੋਈ ਮਾੜੀ ਗੱਲ ਨਹੀ ਸਗੋ ਇਸ ਤੋ ਸਾਨੂੰ ਬਾਹਰ ਬੈਠੇ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਸਾਡੇ ਲਈ ਸਾਡੇ ਆਪਣੇ ਦੇਸ ਦੇ ਲੋਕ ਕਿੰਨੇ ਕੁ ਫਿਕਰਮੰਦ ਹਨ ।
ਜਿਵੇ ਕਿ ਮੈਂ ਪਹਿਲਾ ਵੀ ਬੜੀ ਵਾਰ ਇਹ ਲਿਖ ਚੁੱਕਾ ਹਾਂ ਕਿ ਸਾਡੇ ਨਾਲ ਜੋ ਕੁਝ ਵੀ ਆਸਟਰੇਲੀਆ ਵਿੱਚ ਹੋਰ ਰਿਹਾ ਹੈ ਉਹ ਬਹੁਤ ਹੀ ਗਲਤ ਹੈ । ਬਹੁਤ ਸਾਰੇ ਨਿਰਦੋਸ਼ ਲੋਕ ਇਸ ਹਿੰਸਾ ਦੀ ਭੇਂਟ ਚੜ੍ਹ ਚੁੱਕੇ ਹਨ ਪਰ ਇਥੇ ਇਹ ਗੱਲ ਸੋਚਣ ਵਾਲੀ ਹੈ ਕਿ ਹਰੇਕ ਸਮਾਜ ਵਿੱਚ ਕੁਝ ਲੋਕ ਇਸ ਤਰ੍ਹਾ ਦੇ ਹੁੰਦੇ ਹਨ ਜੋ ਕਿ ਉਸ ਦੀਆ ਕਦਰਾਂ ਕੀਮਤਾਂ ਦੀ ਕੋਈ ਪ੍ਰਵਾਹ ਨਹੀ ਕਰਦੇ । ਉਹਨਾਂ ਦਾ ਮਕਸਦ ਤਾਂ ਸਿਰਫ ਤੇ ਸਿਰਫ ਆਪਣੇ ਆਪ ਲਈ ਜਿਉਣਾ ਹੁੰਦਾ ਹੈ । ਇਨਸਾਨੀ ਜਿੰਦਗੀ ਦੀ ਕੀਮਤ ਉਹਨਾਂ ਲਈ ਕੁਝ ਵੀ ਨਹੀ ਹੁੰਦੀ । ਅਜਿਹੇ ਲੋਕ ਸਾਡੇ ਆਪਣੇ ਦੇਸ ਵਿੱਚ ਵੀ ਮੌਜੂਦ ਹਨ। ਕਈ ਵਾਰ ਭਾਰਤੀ ਰੇਲਵੇ ਵਿੱਚ ਸਫਰ ਕਰਦੇ ਹੋਏ ਮੈਂ ਆਪਣੇ ਹਮਸਫਰ ਲੋਕਾਂ ਤੋ ਇਹ ਗੱਲਾਂ ਸੁਣੀਆ ਹਨ ਕਿ ਭਾਰਤ ਵਿੱਚ ਬਹੁਤ ਸਾਰੇ ਅਜਿਹੇ ਇਲਾਕੇ ਹਨ ਜਿਹਨਾਂ ਦਾ ਮੈਂ ਨਾਮ ਨਹੀ ਲੈਣਾ ਚਾਹੁੰਦਾ ਜਦੋ ਉਥੋ ਕੋਈ ਵੀ ਰੇਲ ਗੱਡੀ ਲੰਘਦੀ ਹੈ ਤਾਂ ਸਥਾਨਿਕ ਲੋਕਾਂ ਦੁਆਰਾ ਉਸ ਗੱਡੀ ਵਿੱਚ ਸਫਰ ਕਰਨ ਵਾਲੇ ਲੋਕਾਂ ਦੀ ਲੁੱਟਮਾਰ ਕੀਤੀ ਜਾਂਦੀ ਹੈ । ਇਹਨਾਂ ਗੱਲਾਂ ਵਿੱਚ ਕਿੰਨੀ ਕੁ ਸੱਚਾਈ ਹੈ ਇਹ ਤਾਂ ਗੱਲ ਕਰਨ ਵਾਲੇ ਲੋਕ ਹੀ ਜਾਣਦੇ ਹਨ ਪਰ ਮੇਰੇ ਕਹਿਣ ਤੋ ਭਾਵ ਹੈ ਕਿ ਅੱਜ ਸਾਡੇ ਦੇਸ ਵਿੱਚ ਵੀ ਰਾਤ ਨੂੰ ਇਕੱਲੇ ਜਾਂਦੇ ਕਿਸੇ ਵੀ ਵਿਅਕਤੀ ਨੂੰ ਕੁਝ ਗੈਰ ਸਮਾਜਿਕ ਲੋਕਾਂ ਦੁਆਰਾ ਲੁੱਟ ਲਿਆ ਜਾਂਦਾ ਹੈ ਮੈਂ ਇਥੇ ਇਹ ਨਹੀ ਕਹਿ ਰਿਹਾ ਕਿ ਆਸਟਰੇਲੀਆ ਵਿੱਚ ਜੋ ਕੁਝ ਸਾਡੇ ਨਾਲ ਹੋ ਰਿਹਾ ਉਹ ਗਲਤ ਨਹੀ ਹੈ । ਉਹ ਬਿਲਕੁਲ ਗਲਤ ਹੈ ਮੈਂ ਤਾਂ ਇਸ ਪਿੱਛੇ ਜੋ ਨਸਲਵਾਦ ਤੋ ਬਿਨਾ ਜੋ ਹੋਰ ਕਾਰਨ ਹਨ ਉਹ ਆਪਣੇ ਪਾਠਕਾਂ ਸਾਹਮਣੇ ਪੇਸ਼ ਕਰਨਾ ਚਾਹੁੰਦਾ ਹਾਂ ਕਿਉਕਿ ਜੇਕਰ ਮੈਂ ਸਹੀ ਤਸਵੀਰ ਪਾਠਕਾਂ ਸਾਹਮਣੇ ਪੇਸ਼ ਨਾ ਕਰਾਂ ਤਾਂ ਸ਼ਾਇਦ ਮੈਂ ਆਪਣੀ ਕਲਮ ਨਾਲ ਇਨਸਾਫ ਨਾ ਕਰ ਰਿਹਾ ਹੋਵਾਂ ।
ਅੱਜ ਹਰ ਕਿਸੇ ਦੁਆਰਾ ਇਹ ਕਿਹਾ ਜਾ ਰਿਹਾ ਹੈ ਕਿ ਆਸਟਰੇਲੀਆ ਵਿੱਚ ਭਾਰਤੀ ਲੋਕਾਂ ਤੇ ਨਸਲੀ ਹਮਲੇ ਹੋ ਰਹੇ ਹਨ । ਇਹ ਗੱਲ ਕਿਸੇ ਹੱਦ ਤੱਕ ਸੱਚ ਵੀ ਹੈ ਕਿਉਕਿ ਇਥੋ ਦੇ ਮੂਲ ਨਿਵਾਸੀ ਇਹ ਗੱਲ ਸੋਚਦੇ ਹਨ ਕਿ ਭਾਰਤੀ ਲੋਕਾਂ ਨੇ ਸਾਡੇ ਰੋਜ਼ਗਾਰਾਂ ਤੇ ਕਬਜ਼ਾ ਕਰ ਲਿਆ ਹੈ ਕਿਉਕਿ ਹੁਣ ਇਥੇ ਸਾਡੇ ਭਾਈਚਾਰੇ ਦੀ ਗਿਣਤੀ ਵੱਧਣ ਲੱਗ ਪਈ ਹੈ । ਇਸ ਵਿੱਚ ਕੋਈ ਸ਼ੱਕ ਨਹੀ ਹੈ ਕਿ ਭਾਰਤੀ ਲੋਕਾਂ ਦੇ ਕਾਰਨ ਆਸਟਰੇਲੀਆ ਦੇ ਸਥਾਨਿਕ ਲੋਕਾਂ ਦੇ ਦਿਲ ਵਿੱਚ ਇੱਕ ਡਰ ਬੈਠ ਗਿਆ ਹੈ ਕਿ ਸ਼ਾਇਦ ਆਉਣ ਵਾਲੇ ਸਮੇ ਵਿੱਚ ਅਸੀ ਉਹਨਾਂ ਦੇ ਦੇਸ ਦੀ ਆਰਥਿਕਤਾਂ ਤੇ ਪੂਰਨ ਰੂਪ ਵਿੱਚ ਕਬਜ਼ਾ ਨਾ ਕਰ ਲਈਏ । ਆਸਟਰੇਲੀਆ ਵਿੱਚ ਇਸ ਮੁਸ਼ਕਿਲ ਦਾ ਸਾਹਮਣਾ ਸ਼ੁਰੂ ਸ਼ੁਰੂ ਵਿੱਚ ਹਰੇਕ ਭਾਈਚਾਰੇ ਦੇ ਲੋਕਾਂ ਨੂੰ ਕਰਨਾ ਪਿਆ ਹੈ ਚਾਹੇ ਉਹ ਚੀਨ ਦੇ ਲੋਕ ਹੋਣ ਜਾਂ ਇਟਲੀ ਦੇ ਜਾਂ ਫਿਰ ਕਿਸੇ ਹੋਰ ਦੇਸ ਦੇ । ਜਦੋ ਵੀ ਕਿਸੇ ਵਿਸੇਸ਼ ਭਾਈਚਾਰੇ ਨੇ ਆਪਣੀ ਮਿਹਨਤ ਤੇ ਲਗਨ ਦੇ ਸਦਕੇ ਆਸਟਰੇਲੀਆ ਦੀ ਤਰੱਕੀ ਦੇ ਵਿੱਚ ਆਪਣਾ ਯੋਗਦਾਨ ਪਾਇਆ ਹੈ । ਉਸ ਸਮੇ ਹੀ ਆਸਟਰੇਲੀਆ ਦੇ ਮੂਲ ਨਿਵਾਸੀਆਂ ਦੇ ਦਿਲਾਂ ਵਿੱਚ ਡਰ ਦੀ ਭਾਵਨਾ ਪੈਦੀ ਹੋਈ ਹੈ ਤੇ ਉਹਨਾਂ ਨੇ ਆਪਣੀ ਭੜਾਸ ਉਸ ਭਾਈਚਾਰੇ ਦੇ ਲੋਕਾਂ ਤੇ ਕੱਢੀ ਹੈ। ਹੁਣ ਇਹ ਸਾਰਾ ਕੁਝ ਸਾਡੇ ਭਾਈਚਾਰੇ ਨਾਲ ਹੋ ਰਿਹਾ ਹੈ ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ ।
ਇਹ ਤਾਂ ਹੋਈ ਸਥਾਨਿਕ ਲੋਕਾਂ ਦੀ ਗੱਲ । ਹੁਣ ਬਹੁਤ ਸਾਰੇ ਸਾਡੇ ਭਾਈਚਾਰੇ ਦੇ ਲੋਕ ਹੀ ਨਸਲੀ ਹਮਲਿਆ ਦੇ ਨਾਂ ਤੇ ਆਪਣੇ ਭਾਈਚਾਰੇ ਦੇ ਲੋਕਾਂ ਦਾ ਕਤਲ ਕਰ ਰਹੇ ਹਨ ਤੇ ਉਹ ਬਹੁਤ ਸਾਰੇ ਅਜਿਹੇ ਕੰਮ ਕਰ ਰਹੇ ਜਿਹਨਾਂ ਨਾਲ ਇਹ ਲੱਗੇ ਕਿ ਸਥਾਨਿਕ ਲੋਕ ਭਾਰਤੀ ਲੋਕਾਂ ਨਾਲ ਧੱਕਾ ਕਰ ਰਹੇ ਹਨ । ਮਿਸਾਲ ਦੇ ਤੌਰ ਪਿੱਛੇ ਜਿਹੇ ਰਣਜੋਧ ਸਿੰਘ ਨਾਮਕ ਇੱਕ ਪੰਜਾਬੀ ਵੀਰ ਦਾ ਕਤਲ ਪੰਜਾਬੀ ਭਾਈਚਾਰੇ ਦੇ ਲੋਕਾਂ ਦੁਆਰਾ ਹੀ ਕੀਤਾ ਗਿਆ ਪਰ ਭਾਰਤੀ ਪ੍ਰੈੱਸ ਦੀ ਗੈਰਜ਼ਿੰਮੇਵਾਰੀ ਦੇਖੋ ਪਹਿਲਾ ਤਾਂ ਉਹਨਾਂ ਨੇ ਇਸ ਖਬਰ ਨੂੰ ਨਸਲੀ ਹਮਲੇ ਦਾ ਰੂਪ ਦੇ ਕੇ ਬਹੁਤ ਮਸਾਲਾਂ ਲਾਇਆ ਪਰ ਜਦੋ ਪੁਲਿਸ ਨੇ ਇਹ ਗੱਲ ਸਾਬਿਤ ਕਰ ਦਿੱਤੀ ਕਿ ਇਸ ਸਾਰੀ ਘਟਨਾ ਦੇ ਪਿੱਛੇ ਪੰਜਾਬੀ ਭਾਈਚਾਰੇ ਦੇ ਲੋਕਾਂ ਦਾ ਹੀ ਹੱਥ ਹੈ ਉਸ ਤੋ ਬਾਦ ਉਹਨਾਂ ਨੇ ਇਸ ਦੀ ਕੋਈ ਵੀ ਖਬਰ ਨਹੀ ਲਗਾਈ ਉਹਨਾਂ ਨੇ ਇਸ ਬਾਰੇ ਚੁੱਪੀ ਹੀ ਧਾਰ ਲਈ ਜੋ ਬਿਲਕੁਲ ਹੀ ਗਲਤ ਹੈ। ਇੱਕ ਹੋਰ ਘਟਨਾ ਜਿਸ ਵਿੱਚ ਇੱਕ ਭਾਰਤੀ ਨੇ ਆਪਣੀ ਆਸਟਰੇਲੀਅਨ ਪਤਨੀ ਦਾ ਕਤਲ ਕਰ ਦਿੱਤਾ । ਅਜਿਹੀ ਹੀ ਇੱਕ ਘਟਨਾ ਜਿਸ ਦੇ ਬਾਰੇ ਵਿੱਚ ਗੋਰੇ ਆਮ ਹੀ ਸਵਾਲ ਕਰਦੇ ਹਨ ਉਹ ਹੈ ਕਿ ਇੱਕ ਭਾਰਤੀ ਵਿਦਿਆਰਥੀ ਜਿਸ ਨੇ ਕਿ ਸ਼ਰਾਬ ਦੇ ਨਸ਼ੇ ਵਿੱਚ ਕਾਰ ਚਲਾਉਦੇ ਹੋਏ ਇੱਕ ਰਾਹੀ ਤੇ ਗੱਡੀ ਚੜ੍ਹਾ ਦਿੱਤੀ ਬਾਦ ਵਿੱਚ ਉਸ ਰਾਹੀ ਦੀ ਮੌਤ ਹੋ ਗਈ । ਉਸ ਦਾ ਕੇਸ ਅਦਾਲਤ ਵਿੱਚ ਚੱਲ ਰਿਹਾ ਸੀ ਉਹ ਆਪਣੇ ਕਿਸੇ ਸਾਥੀ ਦੇ ਪਾਸਪੋਰਟ ਤੇ ਆਸਟਰੇਲੀਆ ਤੋ ਭਾਰਤ ਜਾਣ ਵਿੱਚ ਸਫਲ ਹੋ ਗਿਆ ਜਿਸ ਦਾ ਅੱਜ ਤੱਕ ਕੋਈ ਪਤਾ ਨਹੀ ਉਸ ਖਬਰ ਨੂੰ ਵੀ ਭਾਰਤੀ ਮੀਡੀਆ ਨੇ ਬਿਲਕੁਲ ਹੀ ਦਬਾ ਦਿੱਤਾ । ਜੋ ਕਿ ਬਹੁਤ ਹੀ ਮਾੜੀ ਗੱਲ ਹੈ ਕਿਉਕਿ ਮੀਡੀਆ ਦਾ ਫਰਜ਼ ਬਣਦਾ ਹੈ ਕਿ ਲੋਕਾਂ ਦੇ ਸਾਹਮਣੇ ਸੱਚਾਈ ਪੇਸ਼ ਕਰੇ ਨਾ ਕਿ ਆਮ ਲੋਕਾਂ ਨੂੰ ਗੁੰਮਰਾਹ ਕਰੇ ।
