ਹਉਮੈਂ ਅਧੀਨ ਹੋ ਕੇ ਦਰਸ਼ਨ ਸਿੰਘ ਵੱਲੋਂ ਅਪਣਾਈ ਜਾ ਰਹੀ ਟਕਰਾਅ ਵਾਲੀ ਸੋਚ ਕੌਮ ਲਈ ਘਾਤਕ :- ਮਾਨ

ਫਤਿਹਗੜ੍ਹ ਸਾਹਿਬ,:- “ ਇਸ ਗੱਲ ਤੋਂ ਕੋਈ ਵੀ ਸਿੱਖ ਮੁਨੱਕਰ ਨਹੀਂ ਹੋ ਸਕਦਾ ਕਿ, ਸਾਡੇ ਨਿਤਨੇਮ ਦੀਆਂ ਬਾਣੀਆਂ ਵਿੱਚੋ ਤਿੰਨ ਬਾਣੀਆਂ ਜਾਪੁ ਸਾਹਿਬ, ਚੌਪਈ ਸਾਹਿਬ ਤੇ ਸਵੱਈਏ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਬਾਣੀਆਂ ਤੇ ਰਚਨਾਵਾਂ ਵਿੱਚੋਂ ਹਨ। ਪਰ ਜਦੋਂ ਦਸ਼ਮ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਮੁਖਾਰਬਿੰਦ ਤੋਂ ਉਚਾਰਨ ਕਰ ਗਏ ਹਨ ਕਿ “ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹਿ” ਫਿਰ ਕਿਸੇ ਹੋਰ ਗ੍ਰੰਥ, ਪੋਥੀ ਜਾਂ ਦੇਹਧਾਰੀ ਗੁਰੂ ਨੂੰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਸ਼ੁਸੋਭਿਤ ਕਰਨਾ ਗੁਰੂ ਸਾਹਿਬਾਨ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਾਂ ਦੀ ਅਵੱਗਿਆ ਕਰਨ ਦੇ ਤੁੱਲ ਹੀ ਕਾਰਵਾਈ ਹੈ। ਦਸ਼ਮ ਗ੍ਰੰਥ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਸ਼ੁਸੋਭਿਤ ਕਰਨ ਦੀ ਜਿ਼ੱਦ ਕਰਨ ਵਾਲੇ, ਕੇਵਲ ਆਪਣੀ ਅਕਲ ਦਾ ਹੀ ਜਨਾਜ਼ਾ ਨਹੀਂ ਕੱਢ ਰਹੇ ਬਲਕਿ ਅਜਿਹਾ ਕਰਕੇ ਭਰਾ ਮਾਰੂ ਜੰਗ ਨੂੰ ਬੜਾਵਾ ਦੇਣ ਦੀ ਬੱਜਰ ਗੁਸਤਾਖੀ ਵੀ ਕਰ ਰਹੇ ਹਨ।”

ਇਹ ਵਿਚਾਰ ਅੱਜ ਇੱਥੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਥੇਦਾਰ ਸਾਹਿਬਾਨ, ਸਿੱਖ ਕੌਮ, ਸੰਤ ਸਮਾਜ ਅਤੇ ਪ੍ਰੋ: ਦਰਸ਼ਨ ਸਿੰਘ ਵਿਚਕਾਰ ਨਾਨਕਸ਼ਾਹੀ ਕੈਲੰਡਰ, ਦਸ਼ਮ ਗ੍ਰੰਥ ਦੇ ਵਿਸ਼ੇ ਉੱਤੇ ਕੌਮ ਵਿੱਚ ਸ਼ੁਰੂ ਹੋਈ ਭਰਾ-ਮਾਰੂ ਜੰਗ ਉੱਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦੇ ਹੋਏ ਪ੍ਰੈਸ ਨੂੰ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਜ਼ਾਹਿਰ ਕੀਤੇ। ਉਨ੍ਹਾ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਵਿੱਚ ਫਿਰ ਤੋਂ ਤਬਦੀਲੀ ਕਰਕੇ ਬਿਕ੍ਰਮੀ ਬਣਾਉਣਾ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਹੋਰ ਗ੍ਰੰਥ ਨੂੰ ਸ਼ੁਸੋਭਿਤ ਕਰਨਾ, ਰਹਿਤ ਮਰਿਯਾਦਾ ਸੰਬੰਧੀ ਉੱਠੇ ਵਿਵਾਦ, ਮੀਰੀ-ਪੀਰੀ ਦੇ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵ ਉੱਚਤਾ ਨੂੰ ਕਾਇਮ ਰੱਖਣ, ਜਥੇਦਾਰਾਂ ਦੀ ਨਿਯੁਕਤੀ ਤੇ ਸੇਵਾਮੁਕਤੀ ਦੇ ਢੰਗ ਤਰੀਕਿਆਂ, ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਹੋਣ ਵਾਲੇ ਹੁਕਮਨਾਮਿਆਂ ਦੀ ਕੌਮੀ ਮਹੱਤਤਾ ਤੇ ਹੋ ਰਹੀ ਦੁਰਵਰਤੋਂ, ਧਰਮ ਉੱਤੇ ਰਾਜਸੀ ਸੋਚ ਦਾ ਹਾਵੀ ਹੋ ਜਾਣ ਦੀ ਮੰਦਭਾਗੀ ਕਾਰਵਾਈ, ਗੁਰੂ ਦੀ ਗੋਲਕ ਦੀ ਹੋ ਰਹੀ ਦੁਰਵਰਤੋਂ ਨੂੰ ਰੋਕਣਾ ਆਦਿ ਬਹੁਤ ਸਾਰੇ ਅਹਿਮ ਕੌਮੀ ਤੇ ਪੰਥਕ ਮੁੱਦੇ ਹਨ। ਜਿਨ੍ਹਾ ਦਾ ਹੱਲ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਬੈਠ ਕੇ ਕੌਮ ਵਿੱਚ ਵਿਚਰ ਰਹੇ ਸਿਧਾਂਤਕ ਤੇ ਕੌਮੀ ਸੋਚ ਉਤੇ ਪਹਿਰਾ ਦੇਣ ਵਾਲੇ ਧਾਰਮਿਕ ਖਿਆਲਾਤਾਂ ਵਾਲੇ ਬੁੱਧੀਜੀਵੀਆਂ, ਵਿਦਵਾਨਾਂ ਉਤੇ ਅਧਾਰਿਤ ਇੱਕ ਕਮੇਟੀ ਬਣਾ ਕੇ ਤੇ ਸਮੁੱਚੇ ਪੰਥਕ ਗਰੁੱਪਾਂ ਦੀ ਪ੍ਰਵਾਨਗੀ ਨਾਲ ਕੋਈ ਸਾਰਥਕ ਹੱਲ ਕੱਢਦੇ ਹੋਏ ਇਨ੍ਹਾ ਉੱਠੇ ਮੁੱਦਿਆਂ ਦਾ ਅੰਤ ਕਰਨਾ ਬਣਦਾ ਹੈ। ਉਨ੍ਹਾ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਰਾਗ ਮਾਲਾ ਦੇ ਸੰਬੰਧ ਵਿੱਚ ਉੱਠੇ ਵਿਵਾਦ ਨੂੰ ਹੱਲ ਕਰਨ ਲਈ ਕਮੇਟੀ ਬਣਾਈ ਗਈ ਸੀ ਜਿਸਦੇ ਗਿਆਨੀ ਗੁਰਬਚਨ ਸਿੰਘ ਜੀ ਮੁਖੀ ਦਮਦਮੀ ਟਕਸਾਲ ਵੀ ਮੈਬਰ ਸਨ। ਜੇਕਰ ਉਦੋਂ ਇਹ ਕਮੇਟੀ ਉੱਠੇ ਵਿਵਾਦ ਨੂੰ ਹੱਲ ਕਰ ਸਕਦੀ ਹੈ ਤਾਂ ਹੁਣ ਅਜਿਹੀ ਵਿਦਵਾਨਾਂ ਦੀ ਕਮੇਟੀ ਕਿਉਂ ਨਹੀਂ ਬਣਾਈ ਜਾਂਦੀ?

ਸ: ਮਾਨ ਨੇ ਆਪਣੇ ਬਿਆਨ ਵਿੱਚ ਅੱਗੇ ਚੱਲ ਕੇ ਕਿਹਾ ਕਿ ਜੇਕਰ ਜਥੇਦਾਰ ਸਾਹਿਬਾਨ ਵੱਲੋਂ ਬਾਦਲ ਪਰਿਵਾਰ ਦੇ ਗੈਰ ਸਿਧਾਂਤਕ ਹੁਕਮਾਂ ਨੂੰ ਮੰਨ ਕੇ ਤਾਨਾਸ਼ਾਹੀ ਸੋਚ ਉੱਤੇ ਅਮਲ ਕਰਕੇ ਕਿਸੇ ਵੀ ਸਿੱਖ ਨੂੰ ਪੰਥ ਵਿੱਚੋਂ ਛੇਕਣ ਵਾਲੇ ਦਿਸ਼ਾਹੀਣ ਹੁਕਮਨਾਮਿਆਂ ਨਾਲ ਅਸੀਂ ਬਿਲਕੁਲ ਸਹਿਮਤ ਨਹੀਂ ਤਾਂ ਅਸੀਂ ਪ੍ਰੋ: ਦਰਸ਼ਨ ਸਿੰਘ ਵਰਗੀ ਸਖਸੀਅਤ ਵੱਲੋਂ ਪੰਜਾਬੀ ਦੇ ਮੋਹਾਲੀ ਤੋਂ ਪ੍ਰਕਾਸਿ਼ਤ ਹੋਣ ਵਾਲੇ ਇੱਕ ਅਖਬਾਰ ਤੇ ਚੰਡੀਗੜ੍ਹ ਤੇ ਜਲੰਧਰ ਦੇ ਅਲਾਸ਼ੀਨ ਡਰਾਇੰਗ ਰੂਮਾਂ ਵਿੱਚ ਬੈਠ ਕੇ ਸਿੱਖ ਕੌਮ ਸੰਬੰਧੀ ਭੰਬਲਭੁਸੇ ਪਾਉਣ ਵਾਲੇ ਆਪੂ ਬਣੇ ਕਈ ਅਖੌਤੀ ਬੁੱਧੀਜੀਵੀਆਂ ਦੀ ਪੰਥ ਮਾਰੂ ਸੋਚ ਨਾਲ ਖੜੋ ਕੇ ਲਾਈਨ ਵਾਹੁਣ ਅਤੇ ਦਸ਼ਮ ਗ੍ਰੰਥ ਸੰਬੰਧੀ ਬੇਲੋੜਾ ਵਿਵਾਦ ਖੜਾ ਕਰਨ ਤੇ ਸਿੱਖ ਕੌਮ ਨੂੰ ਭਰਾ ਮਾਰੂ ਜੰਗ ਵਿੱਚ ਉਲਝਾਉਣ ਦੇ ਅਪਣਾਏ ਜਾ ਰਹੇ ਕੌਮ ਵਿਰੋਧੀ ਢੰਗ- ਤਰੀਕਿਆਂ ਨਾਲ ਵੀ ਅਸੀਂ ਬਿਲਕੁਲ ਸਹਿਮਤ ਨਹੀਂ ਹਾਂ। ਦੂਸਰਾ ਇਹ ਭਰਾ ਮਾਰੂ ਜੰਗ ਹੋਣ ਦਾ ਇੱਕ ਮੁੱਖ ਕਾਰਨ ਇਹ ਵੀ ਹੈ ਕਿ ਰਾਜਸੀ ਹਕੂਮਤ ਪੰਜਾਬ ਸਰਕਾਰ ਤੇ ਧਾਰਮਿਕ ਸੰਸਥਾ ਐਸ ਜੀ ਪੀ ਸੀ ਉੱਤੇ ਕਾਬਿਜ਼ ਬਾਦਲ ਦਲੀਏ ਅਤੇ ਪੰਥ ਦੇ ਠੇਕੇਦਾਰ ਕਹਾਉਣ ਵਾਲੇ ਅਖੌਤੀ ਬੁੱਧੀਜੀਵੀ ਅਜਿਹੇ ਸਮੇਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ “ਸ਼ਬਦ ਗੁਰੂ” ਤੋਂ ਸੇਧ ਲੈਣ ਦੀ ਬਜਾਏ ਕਦੀ ਮੋਹਾਲੀ ਅਖਬਾਰ ਤੇ ਕਦੀ ਜਲੰਧਰੀ ਅਖਬਾਰ ਦੇ ਐਡੀਟਰਾਂ ਤੋਂ ਸੇਧਾਂ ਲੈਣ ਲੱਗ ਪਏ ਹਨ। ਜਿਹਨਾਂ ਨੂੰ ਸਿੱਖੀ ਬਾਰੇ ਕੋਈ ਜਾਣਕਾਰੀ ਨਹੀਂ ਹੈ। ਅਸਲੀਅਤ ਵਿੱਚ ਇਹ ਭਰਾ ਮਾਰੂ ਜੰਗ ਇਹਨਾਂ ਦੋਵਾਂ ਪੰਜਾਬੀ ਅਖਬਾਰਾਂ ਦੀ ਹੀ ਦੇਣ ਹੈ। ਜਿਸ ਤੋਂ ਸਿੱਖ ਕੌਮ ਨੂੰ ਸੁਚੇਤ ਰਹਿੰਦੇ ਹੋਏ ਧਾਰਮਿਕ ਤੌਰ ਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਸਿਆਸੀ ਤੌਰ ਤੇ ਮੀਰੀ ਪੀਰੀ ਦੇ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਇਮਾਨਦਾਰੀ ਨਾਲ  ਸਮਰਪਿਤ ਹੋਣਾ ਪਵੇਗਾ।  ਉਨ੍ਹਾ ਕਿਹਾ ਕਿ ਕੌਮ ਵਿੱਚ ਉੱਠਣ ਵਾਲੇ ਵਿਵਾਦਾਂ ਦਾ ਹੱਲ ਗੁਰੂ ਸਾਹਿਬਾਨ ਨੇ “ਸ਼ਬਦ ਗੁਰੂ” ਰਾਹੀਂ ਬਾਣੀ ਵਿੱਚ ਦਰਜ ਕੀਤਾ ਹੋਇਆ ਹੈ। ਲੋੜ ਕੇਵਲ ਸਹੀ ਰੂਪ ਵਿੱਚ ਸਹੀ ਦਿਸ਼ਾ ਵੱਲ ਅਮਲ ਕਰਨ ਦੀ ਹੈ। ਅਜਿਹੇ ਮੁੱਦਿਆਂ ਅਤੇ ਵਿਵਾਦਾਂ ਦਾ ਹੱਲ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵ ਉੱਚਤਾ ਨੂੰ ਪ੍ਰਵਾਨ ਕਰਦੇ ਹੋਏ, ਸਰਵ ਪ੍ਰਵਾਨਿਤ ਢੰਗਾਂ, ਸਿਧਾਂਤਾਂ ਤੇ ਸੋਚ ਦੀ ਵਰਤੋਂ ਕਰਕੇ ਹੀ ਹੱਲ ਹੋਣਾ ਚਾਹੀਦਾ ਹੈ, ਨਾ ਕਿ ਅਖਬਾਰਾਂ ਤੇ ਮੀਡੀਏ ਵਿੱਚ ਸਿੱਖ ਕੌਮ ਦੀਆਂ, ਸ਼੍ਰੀ ਅਕਾਲ ਤਖਤ ਸਾਹਿਬ ਵਰਗੀਆਂ ਮਹਾਨ ਸੰਸਥਾਵਾਂ ਜਾਂ ਇੱਕ ਦੂਸਰੇ ਵਿਰੁੱਧ ਤੌਹੀਨ ਪੂਰਵਕ ਸ਼ਬਦਾਵਲੀ ਦੀ ਵਰਤੋਂ ਕਰਦੇ ਹੋਏ ਸਿੱਖ ਕੌਮ ਦੀ ਕੌਮਾਂਤਰੀ ਪੱਧਰ ਉੱਤੇ ਹੇਠੀ ਕਰਾਉਣ ਤੇ ਭਰਾ ਮਾਰੂ ਜੰਗ ਨੂੰ ਉਤਸ਼ਾਹਿਤ ਕਰਨ ਦੀ ਮੰਦਭਾਗੀ ਕਾਰਵਾਈ ਕਰਕੇ।

ਉਨ੍ਹਾ ਕਿਹਾ ਕਿ ਅਸੀਂ (ਸਿੱਖ ਕੌਮ) ਵੀ ਦੋਸ਼ੀ ਹਾਂ ਜੋ ਅਜੇ ਤੱਕ ਪੂਰਨ ਸੁਚੇਤ ਹੀ ਨਹੀਂ ਕਿਉਂਕਿ ੩੦ ਅਗਸਤ ੨੦੦੯ ਨੂੰ ਸਿੱਖ ਕੌਮ ਦੀ ਪਾਰਲੀਮੈਂਟ, ਐਸ.ਜੀ.ਪੀ.ਸੀ ਦੀ ਮਿਆਦ ਖਤਮ ਹੋ ਚੁੱਕੀ ਹੈ। ਉਸਦੀਆਂ ਚੋਣਾਂ ਕਰਾਉਣ ਲਈ ਸਿੱਖ ਕੌਮ ਵੱਲੋਂ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾ ਕਿਹਾ ਕਿ ਜੇਕਰ ਹਿੰਦੂ ਕੌਮ ਜਾਂ ਜਮਹੂਰੀਅਤ ਪਸੰਦ ਮੁਲਕਾਂ ਵਿੱਚ ਉੱਥੋ ਦੀਆਂ ਪਾਰਲੀਮੈਂਟ ਜਾਂ ਅਸੈਬਲੀ ਦੀ ਮਿਆਦ ਦਾ ਇੱਕ ਦਿਨ ਵੀ ਉੱਪਰ ਟੱਪ ਜਾਂਦੀ, ਤਾਂ ਉਹ ਲੋਕ ਕਦੋ ਦੇ ਸੜਕਾਂ ਤੇ ਨਿਕਲ ਚੁੱਕੇ ਹੁੰਦੇ। ਉਨ੍ਹਾ ਕਿਹਾ ਕਿ ਜੇਕਰ ਸਿੱਖ ਕੌਮ ਸੁਚੇਤ ਨਹੀਂ ਹੋਵੇਗੀ ਤਾਂ ਬਿੱਲੇ ਨੇ ਤਾਂ ਦੁੱਧ ਪੀ ਹੀ ਜਾਣਾ ਹੈ। ਸਾਡੇ ਲੀਡਰ ਤਾਂ ਏਜੰਸੀਆਂ ਦੇ ਇਸ਼ਾਰੇ ‘ਤੇ ਕੌਮ ਵਿਰੋਧੀ ਕਾਰਵਾਈਆਂ ਵਿੱਚ ਮਸ਼ਰੂਫ ਹਨ ਤੇ ਕੌਮ ਅਜੇ ਵੀ ਸੁੱਤੀ ਪਈ ਹੈ। ਉਨ੍ਹਾ ਕਿਹਾ ਕਿ ਉਪਰੋਕਤ ਦੋਵੇਂ ਅਖਬਾਰ ਤੇ ਕੁਝ ਗਿਣਤੀ ਦੇ ਅਖੌਤੀ ਬੁੱਧੀਜੀਵੀ ਸਿੱਖ ਕੌਮ ਨੂੰ ਆਪਣੇ ਮੁੱਖ ਨਿਸ਼ਾਨੇ “ਖਾਲਿਸਤਾਨ” ਵੱਲ ਦੇ ਰੁੱਖ ਤੋਂ ਮੋੜ ਕੇ ਫਜ਼ੂਲ ਦੇ ਵਿਵਾਦਾਂ ਵਿੱਚ ਉਲਝਾਉਣ ਵਿੱਚ ਲੱਗੇ ਹੋਏ ਹਨ। ਜਦੋਂ ਕਿ ਚਾਹੀਦਾ ਇਹ ਹੈ ਕਿ ਕੌਮ ਨੂੰ ਭੰਬਲਭੂਸਿਆਂ ਵਿੱਚ ਫਸਾਉਣ ਦੀ ਬਜਾਏ ੧੨ ਫਰਵਰੀ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਮਨਾਏ ਜਾ ਰਹੇ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੇ ਜਨਮ ਦਿਹਾੜੇ ਉੱਤੇ ਕੇਂਦਰਿਤ ਹੋ ਕੇ ਹੁੰਮ ਹੁੰਮਾ ਕੇ ਪਹੁੰਚਣਾ ਚਾਹੀਦਾ ਹੈ ਅਤੇ ਕੌਮ ਨੂੰ ਨਿਸ਼ਾਨੇ ਦੀ ਪ੍ਰਾਪਤੀ ਲਈ ਹੋਰ ਵਧੇਰੇ ਦ੍ਰਿੜਤਾ ਦੇਣੀ ਚਾਹੀਦੀ ਹੈ।

ਹੋਰ:

  1. ਸਿੱਖੀ ਮਹਾਨ ਸੰਸਥਾਵਾਂ ਨੂੰ ਚੁਣੌਤੀ ਨਾ ਦਿੱਤੀ ਜਾਵੇ, “ਦੇਰ ਆਏ ਦਰੁੱਸਤ ਆਏ” ਪ੍ਰੋ: ਦਰਸ਼ਨ ਸਿੰਘ ਜੀ :- ਮਾਨ
  2. ਪਾਕਿਸਤਾਨ ਪ੍ਰੈਜ਼ੀਡੈਂਟ ਸ਼੍ਰੀ ਜ਼ਰਦਾਰੀ ਵੱਲੋਂ ਸਿੱਖ ਯਾਤਰੂਆਂ ਲਈ “ਮੁਫਤ ਬੱਸ ਸੇਵਾ” ਦੀ ਸਹੂਲਤ ਦਾ ਐਲਾਨ ਸਵਾਗਤਯੋਗ
  3. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਬੰਧੀ ਕੀਤੀਆਂ ਘਟੀਆ ਟਿੱਪਣੀਆਂ ਕਰਕੇ ਦਰਸ਼ਨ ਸਿੰਘ ਰਾਗੀ ਨੂੰ ਪੰਥ ਚੋਂ ਛੇਕਿਆ
  4. ਸਲਾਬਤਪੁਰੇ ਸਿਰਸੇ ਵਾਲੇ ਸਾਧ ਵੱਲੋਂ ਕੀਤਾ ਜਾ ਰਿਹਾ ਇਕੱਠ ਪੰਜਾਬ ਨੂੰ ਫਿਰ ਤੋਂ ਲਾਂਬੂ ਲਾਉਣ ਦੀ ਸ਼ਾਜਿਸ :- ਮਾਨ
  5. ਰਾਜ ਸਭਾ, ਸੂਬਿਆਂ ਦੇ ਹੱਕਾਂ ਦੀ ਤਰਜਮਾਨੀ ਕਰਨ ਵਾਲੀ “ਕੌਸਿਲ ਆਫ਼ ਸਟੇਟ” ਹੈ – ਮਾਨ

ਪੰਜਾਬ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>