ਰਵਿਦਾਸੀਆ ਭਾਈਚਾਰੇ ਸਮੇਤ ਹਰੇਕ ਵਰਗ ਨੂੰ ਐਸ.ਜੀ.ਪੀ.ਸੀ. ਟਿਕਟਾਂ ਦੇਵਾਂਗੇ–ਬੀਬੀ ਬਰਨਾਲਾ

ਬਰਨਾਲਾ,  (ਜਗਸੀਰ ਸਿੰਘ ਸੰਧੂ) : – ਰਵਿਦਾਸੀਆ ਭਾਈਚਾਰਾ ਸਿੱਖ ਕੌਮ ਦਾ ਇਕ ਅਤੁੱਟ ਅੰਗ ਹੈ ਅਤੇ ਜੋ ਕੁਝ ਲੋਕਾਂ ਵੱਲੋਂ ਵੱਖਰੇ ਧਰਮ ਅਤੇ ਵੱਖਰੇ ਧਰਮ ਗ੍ਰੰਥ ਬਣਾਉਣ ਦੀ ਗੱਲ ਕੀਤੀ ਗਈ ਹੈ, ਉਹ ਵਰਤਾਰਾ ਅਕਾਲੀ ਦਲ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਾਲਾਇਕੀ ਕਾਰਨ ਵਾਪਰਿਆ ਹੈ। ਇਹ ਵਿਚਾਰ ਪ੍ਰਗਟ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ) ਦੀ ਪ੍ਰਧਾਨ ਬੀਬੀ ਸੁਰਜੀਤ ਕੌਰ ਬਰਨਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਅਸੀਂ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਵਿਚ ਰਵਿਦਾਸੀਆ ਭਾਈਚਾਰੇ ਸਮੇਤ ਹਰ ਵਰਗ ਦੇ ਉਮੀਦਵਾਰਾਂ ਨੂੰ ਟਿਕਟਾਂ ਦੇਵਾਂਗੇ ਤਾਂ ਕਿ ‘ਮਾਨਸ ਕੀ ਜਾਤ ਸਭੋ ਇਕੋ ਪਹਚਾਨਬੇ’ ਦੇ ਸਿਧਾਂਤ ’ਤੇ ਚਲਦਿਆਂ ਗੁਰੂ ਸਾਹਿਬਾਨ ਦੀ ਸਿੱਖਿਆ ਮੁਤਾਬਿਕ ਸਿੱਖੀ ਰਵਾਇਤਾਂ ਦਾ ਪਾਲਣ ਹੋ ਸਕੇ। ਉਨ੍ਹਾਂ ਕਿਹਾ ਕਿ ਬਾਦਲ ਦਲ ਸਿੱਖੀ ਨੂੰ ਖ਼ਤਮ ਕਰਨ ’ਤੇ ਤੁਲਿਆ ਹੋਇਆ ਹੈ, ਜਦਕਿ ਅਸੀਂ ਸਿੱਖੀ ਨੂੰ ਬਚਾਉਣ ਲਈ ਯਤਨਸ਼ੀਲ ਹਾਂ। ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ)  ਦੇ ਜਥੇਬੰਦਕ ਢਾਂਚੇ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਇਕ ਹੀ ਜ਼ਿਲ੍ਹਾ ਛੱਡ ਕੇ ਬਾਕੀ ਪੰਜਾਬ ਦੇ ਸਾਰਿਆਂ ਜ਼ਿਲ੍ਹਿਆਂ ’ਚ ਜ਼ਿਲ੍ਹਾ ਜਥੇਬੰਦੀਆਂ ਕਾਇਮ ਹੋ ਚੁੱਕੀਆਂ ਹਨ। ਤਰਨ-ਤਾਰਨ ਜ਼ਿਲ੍ਹੇ ਬਲਾਕ ਚੋਹਲਾ ਸਾਹਿਬ ਵਿਖੇ ੨੧ ਫਰਵਰੀ ਨੂੰ ਇਕ ਇਕੱਠ ਰੱਖਿਆ ਗਿਆ ਹੈ, ਜਿਸ ਵਿਚ ਪਾਰਟੀ ਦੀਆਂ ਗਤੀਵਿਧੀਆਂ ਨੂੰ ਮਾਝੇ ਵਿਚ ਸਰਗਰਮੀ ਨਾਲ ਅੱਗੇ ਵਧਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਇਸੇ ਤਰ੍ਹਾਂ ਉਸਤੋਂ ਅੰਮ੍ਰਿਤਸਰ ਜ਼ਿਲ੍ਹੇ ਦਾ ਵੀ ਇਕੱਠ ਛੇਤੀ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮਾਰਚ ਦੇ ਪਹਿਲੇ ਹਫ਼ਤੇ ਤੱਕ ਸਾਰੇ ਜ਼ਿਲ੍ਹਿਆਂ ਦੇ ਜਥੇਬੰਦਕ ਢਾਂਚੇ ਐਲਾਨ ਦਿੱਤੇ ਜਾਣਗੇ ਅਤੇ ਯੂਥ ਵਿੰਗ ਦੀਆਂ ਜ਼ਿਲ੍ਹਾ ਜਥੇਬੰਦੀਆਂ ਬਣ ਚੁੱਕੀਆਂ ਹਨ। ਇਕ ਸਵਾਲ ਦੇ ਜਵਾਬ ਵਿਚ ਬੀਬੀ ਬਰਨਾਲਾ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਉਮੀਦਵਾਰ ਦਾ ਐਲਾਨ ਪਾਰਟੀ ਨੋਟੀਫਿਕੇਸ਼ਨ ਹੋਣ ਤੋਂ ਬਾਅਦ ਕਰੇਗੀ। ਇਕ ਹੋਰ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਕਿਉਂਕਿ ਲੋਕ ਜਾਣਦੇ ਹਨ ਕਿ ਪੰਜਾਬ ਦੇ ਅਮਨ ਲਈ ਕੁਰਬਾਨੀ ਦੇਣ ਵਾਲੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ੧੨ ਸਾਲ ਤੱਕ ਸਿਰਫ ਅਸੀਂ ਮਨਾਉਂਦੇ ਰਹੇ ਹਾਂ, ਜਦੋਂਕਿ ਇਹ ਲੋਕ ਤਾਂ ਉਦੋਂ ਬਰਸੀ ’ਤੇ ਆਉਣੋ ਵੀ ਡਰਦੇ ਸਨ, ਇਸ ਲਈ ਸੰਤ ਲੌਂਗੋਵਾਲ ਦੇ ਅਸਲੀ ਵਾਰਸ ਅਸੀਂ ਹਾਂ। ਇਕ ਹੋਰ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਸੰਤਾਂ ਦੀ ਯਾਦ ਵਿਚ ਬਣੇ ਲੌਂਗੋਵਾਲ ਵਿਖੇ ਇੰਜ: ਕਾਲਜ ਦੇ ਬਰਾਬਰ ਬਡਬਰ ਵਿਖੇ ਕਾਲਜ ਖੋਲ੍ਹ ਕੇ ਬਾਦਲ ਦਲ ਵਾਲੇ ਸੰਤ ਹਰਚੰਦ ਸਿੰਘ ਦੀ ਮਹਿਮਾ ਘਟਾ ਨਹੀਂ ਸਕਦੇ, ਦੂਜਾ ਇਹਨਾਂ ਵੱਲੋਂ ਹਜਾਰਾਂ ਨੀਂਹ ਪੱਥਰ ਰੱਖੇ ਗਏ, ਪੂਰਾ ਤਾਂ ਕੋਈ ਹੀ ਹੁੰਦਾ ਹੈ। ਇਸ ਮੌਕੇ ਉਨ੍ਹਾਂ ਨਾਲ ਕੌਮੀ ਸਕੱਤਰ ਰੁਪਿੰਦਰ ਸਿੰਘ ਸੰਧੂ, ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਗੁੰਮਟੀ, ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਹਰਵਿੰਦਰ ਸਿੰਘ ਕਾਕੜਾ, ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਹਿੰਮਤ ਸਿੰਘ ਅਤਲਾ, ਅੰਮ੍ਰਿਤਸਰ ਦੇ ਆਗੂ ਅਮਨਦੀਪ ਸਿੰਘ ਵੇਰਕਾ, ਗੁਰਨੈਬ ਸਿੰਘ ਘਰਾਚੋਂ, ਮਾ. ਦੇਸਰਾਜ, ਅਮਰਜੀਤ ਸਿੰਘ ਮਦਾਨ (ਲੁਧਿਆਣਾ), ਸੁਰਜੀਤ ਸਿੰਘ ਭੀਖੀ, ਜਤਿੰਦਰ ਸਿੰਘ ਚੌਂਦਾ, ਪਰਮਿੰਦਰ ਸਿੰਘ, ਇਕਬਾਲ ਕੌਮੀ ਜਥੇਬੰਦਕ ਸਕੱਤਰ, ਸੋਹਣ ਸਿੰਘ ਜਲੂਰ, ਗੁਰਮੇਲ ਸਿੰਘ ਛੀਨੀਵਾਲ, ਰਾਜ ਧੌਲਾ, ਗੁਰਬਚਨ ਸਿੰਘ ਬਿੱਲੂ, ਰਣਧੀਰ ਸਿੰਘ ਢਿੱਲੋਂ, ਹਰੀ ਬਾਵਾ ਭਦੌੜ, ਗੁਰਮੀਤ ਸਿੰਘ ਧੌਲਾ, ਧੰਨਾ ਸਿੰਘ ਬਾਜਵਾ, ਸੰਤੋਖ ਸਿੰਘ ਅਤੇ ਦਿਆਲ ਸਿੰਘ ਧੌਲਾ ਆਦਿ ਆਗੂ ਹਾਜ਼ਰ ਸਨ।

ਹੋਰ:

  1. ‘ਕਾਲੀ ਸੂਚੀ’ ਨਾਂ ਵਿਚਾਰੇ ਜਾਣ ’ਤੇ ਸਿੱਖ ਭਾਈਚਾਰੇ ’ਚ ਬੇਗਾਨਗੀ ਪਨਪੇਗੀ-ਜਥੇ: ਅਵਤਾਰ ਸਿੰਘ
  2. ਗਵਰਨਰ ਸੁਰਜੀਤ ਸਿੰਘ ਬਰਨਾਲਾ ਨੇ ਪੰਜਾਬ, ਸਿੱਖ ਸਮੱਸਿਆਵਾਂ ਅਤੇ ਰਾਜਸੀ ਮਸਲਿਆਂ ਬਾਰੇ ਕੋਈ ਵੀ ਟਿਪਣੀ ਨਾ ਕੀਤੀ
  3. ਸ਼ਰਧਾ ਭਾਵਨਾ ਨਾਲ ਹੱਥੀਂ ਕੀਤੀ ਸੇਵਾ ਮਨੁੱਖ ਨੂੰ ਸੰਤੁਸ਼ਟੀ ਪ੍ਰਦਾਨ ਕਰਦੀ ਹੈ -ਬੀਬੀ ਜਗੀਰ ਕੌਰ
  4. ਸਿੱਖ ਵਕੀਲ ਦੇ ਕੇਸਾਂ ਦੀ ਬੇਅਦਬੀ ਨਾਲ ਸਿੱਖ ਭਾਈਚਾਰੇ ’ਚ ਭਾਰੀ ਰੋਸ- ਜਥੇ: ਅਵਤਾਰ ਸਿੰਘ
  5. ਪੰਜਾਬੀ ਸਭਿਆਚਾਰ ’ਚ ਤੀਆਂ ਦੇ ਤਿਉਹਾਰ ਦਾ ਵਿਸ਼ੇਸ਼ ਮਹੱਤਵ-ਬੀਬੀ ਜੋਸ਼

ਪੰਜਾਬ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>