ਬਰਨਾਲਾ, (ਜਗਸੀਰ ਸਿੰਘ ਸੰਧੂ) :- ਮਹਾਂਰਾਸ਼ਟਰ ਵਿਚ ਦੇਸ਼ ਦੇ ਦੂਜੇ ਸੂਬਿਆਂ ਦੇ ਲੋਕਾਂ ਬਾਰੇ ਜੋ ਵਿਚਾਰ ਸ਼ਿਵ ਸੈਨਾ ਵੱਲੋਂ ਪੇਸ਼ ਕੀਤੇ ਜਾ ਰਹੇ ਹਨ, ਉਸ ਦਾ ਤਾਮਿਲਨਾਡੂ ਵੱਲੋਂ ਸਮਰਥਨ ਨਹੀਂ ਹੈ। ਇਹ ਵਿਚਾਰ ਤਾਮਿਲਨਾਡੂ ਦੇ ਗਵਰਨਰ ਸੁਰਜੀਤ ਸਿੰਘ ਬਰਨਾਲਾ ਨੇ ਪ੍ਰਗਟ ਕਰਦਿਆਂ ਕਿਹਾ ਕਿ ਉਥੋਂ ਦੇ ਮੁੱਖ ਮੰਤਰੀ ਕਰੁਨਾਨਿਧੀ ਨੇ ਕਿਹਾ ਕਿ ਉਥੋਂ ਦੇ ਕਿਸੇ ਵੀ ਵਸਨੀਕ ਨਾਲ ਕੋਈ ਵਿਤਕਰਾ ਨਹੀਂ ਹੈ। ਉਨ੍ਹਾਂ ਕਿਹਾ ਕਿ ਗਵਾਂਢੀ ਰਾਜਾਂ, ਰਾਜਸਥਾਨ ਅਤੇ ਹਰਿਆਣਾ ਤੋਂ ਕਾਫੀ ਲੋਕ ਗਏ ਹੋਏ ਹਨ ਅਤੇ ਨਿਧੜਕ ਹੋ ਕੇ ਕੰਮ ਕਰ ਰਹੇ ਹਨ। ਸ੍ਰੀ ਬਰਨਾਲਾ ਨੇ ਦੱਸਿਆ ਕਿ ਉਥੇ ਪੰਜਾਬੀ ਵੀ ਕਾਫੀ ਹਨ, ਚੇਨਈ (ਮਦਰਾਸ) ਵਿਚ ਕੋਈ ਇਕ ਹਜ਼ਾਰ ਪੰਜਾਬੀ ਪਰਿਵਾਰ ਰਹਿੰਦੇ ਹਨ। ਕੋਇੰਬਟੂਰ ਵਿਚ ੧੦੦ ਪੰਜਾਬੀ ਪਰਿਵਾਰ ਹਨ। ਇਸ ਤੋਂ ਬਿਨ੍ਹਾਂ ਸਾਰੇ ਤਾਮਿਲਨਾਡੂ ਵਿਚ ਹੋਰ ਥਾਵਾਂ ਉਤੇ ‘ਟਾਮੇ-ਟਾਮੇ’ ਪੰਜਾਬੀ ਹਨ ਅਤੇ ਸਾਰੇ ਮਾਣ-ਇਜਤ ਨਾਲ ਕਾਰੋਬਾਰ ਕਰ ਰਹੇ ਹਨ।
ਸ੍ਰੀ ਬਰਨਾਲਾ ਜੋ ਇਥੇ ਆਪਣੀ ਰਿਹਾਇਸ਼ ਉਤੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸੀ, ਨੇ ਪੰਜਾਬ, ਸਿੱਖ ਸਮੱਸਿਆਵਾਂ ਅਤੇ ਰਾਜਸੀ ਮਸਲਿਆਂ ਬਾਰੇ ਕੋਈ ਵੀ ਟਿਪਣੀ ਨਾ ਕੀਤੀ, ਜਦੋਂ ਉਨ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ) ਦੀ ਅਗਵਾਈ ਕਰ ਰਹੀ ਉਨ੍ਹਾਂ ਦੀ ਪਤਨੀ ਸੁਰਜੀਤ ਕੌਰ ਬਰਨਾਲਾ ਦੀਆਂ ਸਰਗਰਮੀਆਂ ਵੱਲ ਧਿਆਨ ਕਰਵਾਕੇ ਪੁੱਛਿਆ ਗਿਆ ਕਿ ਜੇ ਇਹਨਾਂ ਨੂੰ ਆਪਣੀਆਂ ਰਾਜਸੀ ਸਰਗਰਮੀਆਂ ਵਿਚ ਤੁਹਾਡੀ ਹਮਾਇਤ ਦੀ ਲੋੜ ਪਈ ਤਾਂ ਮੱਦਦ ਕਰੋਗੇ, ਦਾ ਉਤਰ ਦੇਣ ਦੀ ਥਾਂ ਹੱਸ ਕੇ ਚੁੱਪ ਕਰ ਗਏ।
ਤਾਮਿਲਨਾਡੂ ਬਾਰੇ ਪੁੱਛੇ ਸਵਾਲਾਂ ਦੇ ਉਤਰ ਵਿਚ ਉਹਨਾਂ ਕਿਹਾ ਕਿ ਉਥੇ ਨਰੇਗਾ ਸਮੇਤ ਕੇਂਦਰ ਦੀਆਂ ਸਾਰੀਆਂ ਸਕੀਮਾਂ ਅਤੇ ਫੰਡਾਂ ਦਾ ਪੂਰਾ ਲਾਭ ਲਿਆ ਜਾ ਰਿਹਾ ਹੈ। ਬੇਕਾਰੀ ਦੀ ਹਾਲਤ ਉਥੇ ਪੰਜਾਬ ਅਤੇ ਹੋਰ ਰਾਜਾਂ ਦੇ ਮੁਕਾਬਲੇ ਘੱਟ ਹੈ, ਕਿਉਂਕਿ ਸਨਅਤੀ ਖੇਤਰ ਵਿਚ ਲਗਾਤਾਰ ਨਿਵੇਸ਼ ਹੋ ਰਿਹਾ ਹੈ। ਐਨ.ਆਰ.ਆਈ. ਵੀ ਰਾਜ ਦੇ ਵਿਕਾਸ ਵਿਚ ਹਿੱਸਾ ਲੈ ਰਹੇ ਹਨ ਅਤੇ ਨਿਵੇਸ਼ ਕਰ ਰਹੇ ਹਨ। ਉਥੇ ਨਿਵੇਸ਼ ਸਮੇਂ ਉਨ੍ਹਾਂ ਨੂੰ ਦਫ਼ਤਰ ਦੀ ਕੋਈ ਖੱਜਲ-ਖੁਆਰੀ ਨਹੀਂ ਹੈ। ਇਸ ਸਮੇਂ ਬਾਹਰ ਗਏ ਡਾਕਟਰ, ਇੰਜਨੀਅਰ ਸੂਬੇ ਵਿਚ ਪਰਤ ਰਹੇ ਹਨ।
ਗਰੀਬੀ ਲਾਇਨ ਤੋਂ ਹੇਠਾਂ ਰਹਿਣ ਵਾਲਿਆਂ ਨੂੰ ਇਕ ਰੁਪਏ ਕਿਲੋ ਚਾਵਲ ਦਿੱਤੇ ਜਾ ਰਹੇ ਹਨ। ਇਕ ਸਵਾਲ ਦੇ ਉਤਰ ਵਿਚ ਉਨ੍ਹਾਂ ਕਿਹਾ ਕਿ ਇਸ ਦਾ ਆਟਾ-ਦਾਲ ਸਕੀਮ ਵਰਗਾ ਹਾਲ ਨਹੀਂ ਹੈ, ਸਭ ਨੂੰ ਠੀਕ ਤਰ੍ਹਾਂ ਸਸਤੇ ਚਾਵਲ ਮਿਲ ਰਹੇ ਹਨ। ਇਸ ਤੋਂ ਬਿਨ੍ਹਾਂ ਗਰੀਬਾਂ ਨੂੰ ਮੁਫ਼ਤ ਰੰਗੀਨ ਟੀ.ਵੀ. ਅਤੇ ਗੈਸ ਕੁਨੈਕਸ਼ਨ ਹਜ਼ਾਰਾਂ ਦੀ ਗਿਣਤੀ ਵਿਚ ਦਿਤੇ ਗਏ ਹਨ। ਉਨ੍ਹਾਂ ਕਿਹਾ ਕਿ ਸਨਅਤ ਵਾਸਤੇ ਜ਼ਮੀਨ ਅਕਵਾਇਰ ਕਰਨ ਦੀ ਕੋਈ ਸਮੱਸਿਆ ਨਹੀਂ। ਯੋਗ ਮੁੱਲ ਅਤੇ ਸਹੂਲਤਾਂ ੍ਯਿਮਲਣ ਕਾਰਨ ਉਥੇ ਵਿਰੋਧ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਤਾਮਿਲਨਾਡੂ ਦੇ ਨੌਜਵਾਨਾਂ ਵਿਚ ਨਸ਼ਿਆਂ ਦਾ ਵਧੇਰੇ ਰੁਝਾਨ ਨਹੀਂ। ਸਰਕਾਰ ਬੀੜੀ, ਸਿਗਰਟ ਦੇ ਨੁਕਸਾਨ ਬਾਰੇ ਲੋਕਾਂ ਨੂੰ ਚੇਤਨ ਕਰਨ ਦੀ ਮੁਹਿੰਮ ਚਲਾਉਂਦੀ ਹੈ ਅਤੇ ਨਿਯਮਾਂ ਦੀ ਉ¦ਘਣਾ ਕਰਨ ਵਾਲਿਆਂ ਨੂੰ ਜੁਰਮਾਨੇ ਵੀ ਕੀਤੇ ਜਾਂਦੇ ਹਨ। ਇਸੇ ਤਰ੍ਹਾਂ ਬਾਲੜੀ ਭਰੂਣ ਹੱਤਿਆ ਵੀ ਘੱਟ ਹੈ। ਉਥੇ ਕੁਝ ਪਿੰਡਾਂ ਵਿਚ ਤਾਂ ਔਰਤਾਂ ਦੀ ਗਿਣਤੀ ਮਰਦਾਂ ਨਾਲੋਂ ਵੱਧ ਹੈ। ਵਿੱਦਿਆ ਸਬੰਧੀ ਪੁੱਛੇ ਸਵਾਲਾਂ ਦੇ ਉਤਰ ਵਿਚ ਗਵਰਨਰ ਨੇ ਕਿਹਾ ਕਿ ਤਾਮਿਲਨਾਡੂ ਸਰਕਾਰ ਵਿਸ਼ੇਸ਼ ਧਿਆਨ ਦੇ ਰਹੀ ਹੈ, ਪ੍ਰਬੰਧ ਵੀ ਚੰਗਾ ਹੈ। ਕਰਾਇਮ ਘੱਟ ਹੈ ਅਤੇ ਅਮਨ ਕਾਨੂੰਨ ਦੀ ਸਥਿਤੀ ਠੀਕ ਹੈ।
ਮਹਿੰਗਾਈ ਬਾਰੇ ਪੁੱਛੇ ਸਵਾਲਾਂ ਦੇ ਉਤਰ ਵਿਚ ਸ੍ਰੀ ਬਰਨਾਲਾ ਨੇ ਕਿਹਾ ਕਿ ਇਸ ਉਤੇ ਕੰਟਰੋਲ ਕੇਂਦਰ ਅਤੇ ਰਾਜ ਸਰਕਾਰਾਂ ਮਿਲਕੇ ਕਰ ਸਕਦੀਆਂ ਹਨ। ਉਨ੍ਹਾਂ ਯਾਦ ਕੀਤਾ ਕਿ ਜਦੋਂ ਉਹ ਕੇਂਦਰੀ ਮੰਤਰੀ ਸਨ, ਉਸ ਸਮੇਂ ਖੰਡ ਸੱਤ ਰੁਪਏ ਕਿਲੋ ਹੁੰਦੀ ਸੀ। ਵੰਡ ਪ੍ਰਣਾਲੀ ਨੂੰ ਤਰਤੀਬ ਦਿਤਿਆਂ ਭਾਅ ਸਾਢੇ ਤਿੰਨ ਰੁਪਏ ਕਿਲੋ ਹੋ ਗਿਆ ਸੀ। ਨਵੇਂ ਰਾਜ ਬਣਾਏ ਜਾਣ ਦੀ ਮੰਗ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਛੋਟੇ ਰਾਜਾਂ ਨਾਲ ਨੁਕਸਾਨ ਨਹੀਂ, ਵਿਕਾਸ ਹੁੰਦਾ ਹੈ। ਉਤਰਾਖੰਡ, ਝਾੜਖੰਡ ਅਤੇ ਛਤੀਸਗੜ ਤਿੰਨ ਰਾਜ ਬਣਾਏ ਗਏ ਤਾਂ ਉਨ੍ਹਾਂ ਥਾਵਾਂ ’ਤੇ ਵਿਕਾਸ ਦੀ ਰਫ਼ਤਾਰ ਤੇਜ਼ ਹੋਈ ਹੈ। ਰੁਝੇਵਿਆਂ ਬਾਰੇ ਪੁੱਛੇ ਜਾਣ ’ਤੇ ਸ੍ਰੀ ਬਰਨਾਲਾ ਨੇ ਕਿਹਾ ਕਿ ਅੱਜ-ਕੱਲ੍ਹ ‘ਨਰਮਦਾ’ ਬਾਰੇ ਪੇਟਿੰਗ ਬਣਾ ਰਿਹਾ ਹਾਂ। ਸਾਹਿਤਕ ਪੁਸਤਕਾਂ ਵੀ ਪੜਦਾ ਹਾਂ। ਨਾਲ ਅਹੁਦੇ ਦਾ ਕੰਮ ਵੀ ਕੀਤਾ ਜਾਂਦਾ ਹੈ।
ਹੋਰ:
- ਭਗਤ ਪੂਰਨ ਸਿੰਘ ਜੀ ਦੀ ਜ਼ਿੰਦਗੀ ਬਾਰੇ ਦਸਤਾਵੇਜ਼ੀ ਫਿਲਮ 29 ਜਨਵਰੀ ਨੂੰ ਰੀਲਿਜ਼ ਕੀਤੀ ਜਾਵੇਗੀ
- ਵੱਖਰੀ ਗੁਰਦੁਆਰਾ ਕਮੇਟੀ ਦਾ ਮਾਮਲਾ ਕਾਂਗਰਸ ਸਰਕਾਰ ਦੀ ਸਿੱਖ ਮਸਲਿਆਂ ਵਿਚ ਸਿਧੀ ਦਖ਼ਲ-ਅੰਦਾਜ਼ੀ- ਜਥੇ. ਅਵਤਾਰ ਸਿੰਘ
- ਬਾਦਲ ਦਲ ਨਾਲ ਰਾਜਸੀ ਤਾਲਮੇਲ ਕਾਂਗਰਸ ਦਾ ਰਾਹ ਰੋਕਣ ਲਈ-ਭਾਈ ਜਸਵੀਰ ਸਿੰਘ ਖਾਲਸਾ
- ਪਾਰਲੀਮੈਂਟ ਵਿਚ ਪੰਜਾਬੀਆਂ ਦੇ ਮਸਲਿਆਂ ਬਾਰੇ ਬਹਿਸ
- ਪੰਜਾਬ ਵਿੱਚ ਫੌਜੀ ਤੇ ਪੁਲਿਸ ਜਰਨੈਲਾਂ ਨੂੰ ਗਵਰਨਰ ਕਿਉਂ ਲਾਇਆ ਜਾਂਦਾ ਹੈ? :- ਮਾਨ
