Punjab News - Quami Ekta Punjabi Newspaper (ਕੌਮੀ ਏਕਤਾ) » ਜੀ.ਐੱਸ.ਗੁਰਦਿੱਤ

ਬੰਗਲਾਦੇਸ਼ ਵੀ ਕਿਤੇ ਪਾਕਿਸਤਾਨ ਜਾਂ ਨੇਪਾਲ ਨਾ ਬਣ ਜਾਵੇ
ਲਗਾਤਾਰ 40 ਸਾਲ ਭਾਰਤ ਨਾਲ ਸਭ ਤੋਂ ਵੱਧ ਵਪਾਰ ਕਰਨ ਵਾਲਾ ਬੰਗਲਾਦੇਸ਼ ਅੱਜਕੱਲ ਆਪਣਾ 34 ਫ਼ੀਸਦੀ ਵਪਾਰ ਕੇਵਲ ਚੀਨ ਨਾਲ ਕਰ ਰਿਹਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਭਾਰਤੀ ਉਪ-ਮਹਾਂਦੀਪ ਵਿੱਚ ਚੀਨ ਦਾ ਆਰਥਿਕ ਦਬਦਬਾ ਕਿੰਨਾ ਵਧਦਾ ਜਾ ਰਿਹਾ ਹੈ। ਚੀਨ ਦੀ ਪੂਰੀ ਕੋਸ਼ਿਸ਼ ਹੈ ਕਿ ਜਿਵੇਂ ਪਾਕਿਸਤਾਨ ਨਾਲ ਉਸਨੇ ਬਹੁਤ ਨੇੜਲੇ ਸੰਬੰਧ ਬਣਾਏ ਹਨ,  ਉਸੇ ਤਰ੍ਹਾਂ ਬੰਗਲਾਦੇਸ਼ ਵਿੱਚ ਵੀ ਆਪਣੀ ਪੱਕੀ ਠਾਹਰ ਬਣਾ ਕੇ, ਭਾਰਤ ਦੇ ਉੱਤਰ-ਪੂਰਬੀ ਇਲਾਕਿਆਂ ਉੱਤੇ ਦਬਾਅ ਹੋਰ ਵਧਾ ਦਿੱਤਾ ਜਾਵੇ। ਅਰੁਣਾਚਲ ਪ੍ਰਦੇਸ਼ ਉੱਤੇ ਤਾਂ ਉਹ ਪਹਿਲਾਂ ਹੀ ਦਾਅਵੇ ਕਰਦਾ ਰਹਿੰਦਾ ਹੈ। ਇਸੇ ਕਰਕੇ ਭਾਰਤ ਨੂੰ ਬੰਗਲਾਦੇਸ਼ ਨਾਲ ਬਹੁਤ ਹੀ ਸੁਖਾਵੇਂ ਸੰਬੰਧਾਂ ਦੀ ਸਖਤ ਲੋੜ ਹੈ ਕਿਉਂਕਿ ਜੇਕਰ ਉਹ ਵੀ ਪਾਕਿਸਤਾਨ ਵਾਂਗ ਪੂਰੀ ਤਰ੍ਹਾਂ ਚੀਨ ਦੀ ਝੋਲ਼ੀ ਵਿੱਚ ਪੈ ਗਿਆ ਤਾਂ ਭਾਰਤ ਇਸ ਖ਼ਿੱਤੇ ਵਿੱਚ ਭਾਰੀ ਦਬਾਅ ਹੇਠ ਆ ਜਾਏਗਾ।  ਭਾਰਤ ਨੂੰ ਉਸ ਨਾਲ ਜੁੜੇ ਰਹਿਣ ਲਈ ਕੇਵਲ ਆਰਥਿਕਤਾ ਦੀ ਥਾਂ, ਧਾਰਮਿਕ, ਸੱਭਿਆਚਾਰਕ, ਵਿਰਾਸਤੀ ਅਤੇ ਭਾਸ਼ਾਈ ਕੜੀਆਂ ਬਹੁਤ ਜ਼ਿਆਦਾ ਅਹਿਮ ਹੋ ਸਕਦੀਆਂ ਹਨ ਕਿਉਂਕਿ ਇਸ ਮਾਮਲੇ ਵਿੱਚ ਚੀਨ, ਭਾਰਤ ਦੇ ਮੁਕਾਬਲੇ ਕਿਤੇ ਵੀ ਨਹੀਂ ਟਿਕ ਸਕਦਾ।

1947 ਵਿੱਚ ਜਦੋਂ ਭਾਰਤ, ਭਾਰਤ ਅਤੇ ਪਾਕਿਸਤਾਨ ਨਾਮੀ ਦੋ ਮੁਲਕਾਂ ਵਿੱਚ ਵੰਡਿਆ ਗਿਆ ਤਾਂ ਉਸ ਵੇਲੇ ਪਾਕਿਸਤਾਨ ਦੇ ਵੀ ਦੋ ਹਿੱਸੇ ਸਨ। ਇੱਕ ਹਿੱਸਾ ਭਾਰਤ ਦੇ ਪੱਛਮ ਵਿੱਚ ਅਤੇ ਦੂਜਾ ਪੂਰਬ ਵਿੱਚ ਸੀ। ਪੱਛਮੀ ਹਿੱਸੇ ਨੂੰ ਪੱਛਮੀ ਪਾਕਿਸਤਾਨ ਕਿਹਾ ਗਿਆ ਅਤੇ ਪੂਰਬੀ ਹਿੱਸੇ ਨੂੰ ਪੂਰਬੀ ਪਾਕਿਸਤਾਨ।  ਦੋਵੇਂ ਪਾਕਿਸਤਾਨ  ਇੱਕ ਦੂਜੇ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਸਨ ਅਤੇ ਵਿਚਕਾਰ ਭਾਰਤ ਵਰਗਾ ਵੱਡਾ ਦੇਸ਼ ਸੀ ਜਿਸ ਨਾਲ ਪਾਕਿਸਤਾਨ ਦੀ ਜਨਮਜਾਤ ਦੁਸ਼ਮਣੀ ਪੈ ਚੁੱਕੀ ਸੀ। ਇੱਕ ਪਾਕਿਸਤਾਨ ਤੋਂ ਦੂਜੇ ਪਾਕਿਸਤਾਨ ਤੱਕ ਜਾਣ ਲਈ ਜਾਂ ਤਾਂ ਭਾਰਤ ਦੇ ਉੱਤੋਂ ਲੰਘ ਕੇ ਹਵਾਈ ਜਹਾਜ਼ ਰਾਹੀਂ ਜਾਇਆ ਜਾ ਸਕਦਾ ਸੀ ਅਤੇ ਜਾਂ ਫਿਰ ਕਈ ਹੋਰ ਹਜ਼ਾਰਾਂ ਕਿਲੋਮੀਟਰ ਦਾ ਵੱਧ ਸਫ਼ਰ ਕਰਕੇ ਸਮੁੰਦਰੀ ਰਸਤੇ ਤੋਂ ਜਾਣਾ ਪੈਂਦਾ ਸੀ। ਇਸ ਕਾਰਨ ਦੋਵੇਂ ਪਾਕਿਸਤਾਨ ਇੱਕ ਦੂਜੇ ਤੋਂ ਟੁੱਟੇ ਹੀ ਰਹਿੰਦੇ ਸਨ। ਭਾਵੇਂ ਕਿ ਮੁਸਲਿਮ ਲੀਗ ਨੇ ਬੜੀ ਰੀਝ ਨਾਲ ਪਾਕਿਸਤਾਨ ਬਣਾਇਆ ਸੀ ਪਰ ਉਸਦੇ ਇਹਨਾਂ ਦੋਹਾਂ ਹਿੱਸਿਆਂ ਵਿੱਚ ਕੇਵਲ ਧਰਾਤਲੀ ਦੂਰੀ ਹੀ ਨਹੀਂ ਸੀ ਸਗੋਂ ਭਾਸ਼ਾਈ ਅਤੇ ਸੱਭਿਆਚਾਰਕ ਦੂਰੀਆਂ ਵੀ ਓਨੀਆਂ ਹੀ ਪਕਰੋੜ ਸਨ। ਸੱਤਾ ਦਾ ਅਸਲੀ ਕੇਂਦਰ ਹਮੇਸ਼ਾ ਪੱਛਮੀ ਪਾਕਿਸਤਾਨ ਦੇ ਪੰਜਾਬੀ ਮੁਸਲਮਾਨਾਂ ਕੋਲ ਹੀ ਰਿਹਾ ਜਿਹੜੇ ਪੂਰਬ ਦੇ ਬੰਗਾਲੀਆਂ ਨੂੰ ਵੱਖ-ਵੱਖ ਢੰਗਾਂ ਨਾਲ ਅਪਮਾਨਿਤ ਕਰਨ ਦਾ ਭੋਰਾ ਵੀ ਮੌਕਾ ਨਹੀਂ ਗੁਆਉਂਦੇ ਸਨ। ਇਸੇ ਕਾਰਨ 1947 ਤੋਂ ਬਾਅਦ ਹਮੇਸ਼ਾ ਪੂਰਬੀ ਪਾਕਿਸਤਾਨ, ਪੱਛਮੀ ਪਾਕਿਸਤਾਨ ਦੇ ਖ਼ਿਲਾਫ਼ ਧੁਖਦਾ ਹੀ ਰਿਹਾ। ਇਹ ਧੂਣੀ ਧੁਖਦੀ-ਧੁਖਦੀ ਆਖਰ ਭਾਂਬੜ ਬਣ ਗਈ ਜਿਸ ਕਾਰਨ 1971 ਵਿੱਚ ਪੂਰਬੀ ਪਾਕਿਸਤਾਨ ਨੇ ਪੱਛਮੀ ਪਾਕਿਸਤਾਨ ਖ਼ਿਲਾਫ਼ ਬਗ਼ਾਵਤ ਕਰ ਦਿੱਤੀ ਅਤੇ ਉਹ ਪਾਕਿਸਤਾਨ ਤੋਂ ਵੱਖਰਾ ਹੋ ਕੇ ਇੱਕ ਨਵਾਂ ਮੁਲਕ ‘ਬੰਗਲਾਦੇਸ਼’  ਬਣ ਗਿਆ। ਇਸ ਤਰਾਂ ਜਿਹੜੇ ਪਾਕਿਸਤਾਨ ਨੂੰ ਅੱਜ ਅਸੀਂ ਜਾਣਦੇ ਹਾਂ, ਉਹ ਅਸਲ ਵਿੱਚ ਉਸ ਵੇਲੇ ਦੇ ਪਾਕਿਸਤਾਨ ਦਾ ਅੱਧਾ ਹਿੱਸਾ ਅਰਥਾਤ ਪੱਛਮੀ ਪਾਕਿਸਤਾਨ ਹੀ ਹੈ। ਪੂਰਬੀ ਪਾਕਿਸਤਾਨ ਨੂੰ ਅੱਜ ਅਸੀਂ ਬੰਗਲਾਦੇਸ਼ ਵਜੋਂ ਜਾਣਦੇ ਹਾਂ।

16 ਕਰੋੜ ਦੀ ਆਬਾਦੀ ਨਾਲ, ਬੰਗਲਾਦੇਸ਼ ਦੁਨੀਆ ਦਾ ਅੱਠਵਾਂ ਸਭ ਤੋਂ ਵੱਧ ਆਬਾਦੀ ਵਾਲਾ ਮੁਲਕ ਹੈ। ਇਸਦੀ ਤਰੱਕੀ ਦੀ ਰਫ਼ਤਾਰ ਵੇਖਕੇ ਅਰਥਸ਼ਾਸਤਰੀਆਂ ਦੀ ਭਵਿੱਖਬਾਣੀ ਹੈ ਕਿ 2024 ਤੱਕ ਇਹ ਆਪਣੇ ਨਾਮ ਨਾਲੋਂ ‘ਅਤਿ ਪਛੜੇ ਦੇਸ਼’ ਦਾ ਧੱਬਾ ਉਤਾਰ ਦੇਵੇਗਾ।  ਹੋਰਨਾਂ ਕਾਰਨਾਂ ਤੋਂ ਇਲਾਵਾ ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਪਿਛਲੇ ਦਹਾਕਿਆਂ ਵਿੱਚ ਇਸਦੇ ਸ਼ਾਸਕਾਂ ਨੇ ਦਹਿਸ਼ਤਵਾਦ ਤੋਂ ਪੂਰੀ ਤਰਾਂ ਦੂਰੀ ਬਣਾਈ ਅਤੇ ਦੇਸ਼ ਵਿੱਚ ਅੱਤਵਾਦ ਫੈਲਾਅ ਚੁੱਕੇ ਜਾਂ ਫੈਲਾਅ ਰਹੇ ਕੱਟੜ ਧਾਰਮਿਕ ਨੇਤਾਵਾਂ ਨਾਲ ਸਖਤੀ ਨਾਲ ਨਜਿੱਠਿਆ ਹੈ। ਇਸ ਮਾਮਲੇ ਵਿੱਚ ਖ਼ਾਲਿਦਾ ਜ਼ਿਆ ਤੋਂ ਵੀ ਕਿਤੇ ਵੱਧ ਯੋਗਦਾਨ ਸ਼ੇਖ ਹਸੀਨਾ ਦਾ ਹੈ ਜੋ ਕਿ ਦਸੰਬਰ 2018 ਵਿੱਚ ਲਗਾਤਾਰ ਤੀਸਰੀ ਵਾਰ ਮੁਲਕ ਦੀ ਪ੍ਰਧਾਨ ਮੰਤਰੀ ਬਣੀ ਹੈ। ਉਹ ਬੰਗਲਾਦੇਸ਼ ਦੇ ਬਾਨੀ ਸ਼ੇਖ ਮੁਜੀਬਰ ਰਹਿਮਾਨ ਦੀ ਬੇਟੀ ਹੈ। ਬੰਗਲਾਦੇਸ਼ ਦੀ ਸਥਾਪਨਾ ਵਿੱਚ ਅਪ੍ਰਤੱਖ ਰੂਪ ਵਿੱਚ ਭਾਰਤ ਦਾ ਵੀ ਯੋਗਦਾਨ ਸੀ ਜਿਸ ਕਾਰਨ ਸ਼ੇਖ ਮੁਜੀਬਰ ਰਹਿਮਾਨ ਦੀ ਭਾਰਤ ਨਾਲ ਬਹੁਤ ਡੂੰਘੀ ਦੋਸਤੀ ਸੀ। ਜਦੋਂ ਤੱਕ ਉਹ ਬੰਗਲਾਦੇਸ਼ ਦੇ ਮੁਖੀ ਰਹੇ, ਉਦੋਂ ਤੱਕ ਦੋਵਾਂ ਦੇਸ਼ਾਂ ਵਿੱਚ ਬਹੁਤ ਨਜ਼ਦੀਕੀਆਂ ਵਾਲਾ ਮਹੌਲ ਰਿਹਾ। ਪ੍ਰੰਤੂ ਉਸ ਤੋਂ ਬਾਅਦ ਇਹਨਾਂ ਸੰਬੰਧਾਂ ਵਿੱਚ ਕਈ ਉਤਰਾਅ-ਚੜ੍ਹਾਅ ਆਏ।

ਬੰਗਲਾਦੇਸ਼ ਤੋਂ ਭਾਰਤ ਆਉਣ ਵਾਲੇ ਸ਼ਰਨਾਰਥੀਆਂ ਬਾਰੇ ਵੀ ਮੀਡੀਆ ਵਿੱਚ ਅਕਸਰ ਹੀ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਇਸੇ ਸੰਬੰਧ ਵਿੱਚ ਦੋਹਾਂ ਦੇਸ਼ਾਂ ਦੀ ਸਰਹੱਦ ਉੱਤੇ ਗੋਲ਼ੀਬਾਰੀ ਵੀ ਆਮ ਜਿਹੀ ਗੱਲ ਹੈ। ਇਸ ਨਾਲ ਪਿਛਲੇ ਦਹਾਕਿਆਂ ਵਿੱਚ ਦੋਵੇਂ ਹੀ ਪਾਸੇ ਹਜ਼ਾਰਾਂ ਮੌਤਾਂ ਵੀ ਹੋ ਚੁੱਕੀਆਂ ਹਨ।  ਭਾਰਤੀ ਮੀਡੀਆ ਮੁਤਾਬਕ ਕਈ ਕਰੋੜ ਬੰਗਲਾਦੇਸ਼ੀ ਸ਼ਰਨਾਰਥੀ ਭਾਰਤ ਵਿੱਚ ਰਹਿ ਰਹੇ ਹਨ। ਪਰ ਬੰਗਲਾਦੇਸ਼ੀ ਸਰਕਾਰ ਮੁਤਾਬਕ ਇਹ ਗਿਣਤੀ ਕੁਝ ਹਜ਼ਾਰ ਹੀ ਹੋ ਸਕਦੀ ਹੈ। ਪ੍ਰੰਤੂ ਆਉਣ ਵਾਲੇ ਸਮੇਂ ਵਿੱਚ ਇਹ ਸ਼ਰਨਾਰਥੀਆਂ ਦਾ ਆਉਣਾ ਬਿਲਕੁਲ ਵੀ ਬੰਦ ਹੋ ਸਕਦਾ ਹੈ। ਇਸ ਦਾ ਇੱਕ ਕਾਰਨ ਤਾਂ ਸਿਆਸੀ ਹੈ ਜਿਸਦਾ ਸੰਬੰਧ ਭਾਰਤ ਦੇ ਤੱਤਕਾਲੀ ਨਾਗਰਿਕਤਾ ਕਾਨੂੰਨ ਨਾਲ ਜੁੜਦਾ ਹੈ। ਪ੍ਰੰਤੂ ਦੂਸਰਾ ਕਾਰਨ ਆਰਥਿਕ ਹੈ ਜਿਸਦੇ ਪ੍ਰਭਾਵ ਆਉਣ ਵਾਲੇ ਸਮੇਂ ਵਿੱਚ ਸਾਹਮਣੇ ਆ ਸਕਦੇ ਹਨ। ਬੰਗਲਾਦੇਸ਼ੀ ਸ਼ਰਨਾਰਥੀ ਆਮ ਕਰਕੇ ਗ਼ਰੀਬੀ ਤੋਂ ਤੰਗ ਆ ਕੇ ਰੋਜ਼ਗਾਰ ਦੀ ਭਾਲ ਵਿੱਚ ਹੀ ਭਾਰਤ ਵਿੱਚ ਆਉਂਦੇ ਰਹੇ ਹਨ ਪ੍ਰੰਤੂ ਬੰਗਲਾਦੇਸ਼ ਦੀ ਤਰੱਕੀ ਦੀ ਰਫ਼ਤਾਰ ਵੇਖਕੇ ਲੱਗਦਾ ਨਹੀਂ ਹੁਣ ਉਸਦੇ ਨਾਗਰਿਕਾਂ ਨੂੰ ਰੋਜ਼ਗਾਰ ਦੀ ਭਾਲ ਲਈ ਭਾਰਤ ਆਉਣਾ ਪਏਗਾ।

ਦੋਵਾਂ ਮੁਲਕਾਂ ਵਿੱਚ  ਛੋਟੇ-ਵੱਡੇ ਸਾਂਝੇ ਦਰਿਆਵਾਂ ਦੇ ਵੱਖ-ਵੱਖ 54 ਵਹਿਣ ਵਗਦੇ ਹਨ। ਇਹਨਾਂ ਵਿੱਚੋਂ ਬ੍ਰਹਮਪੁੱਤਰ, ਫੇਨੀ ਅਤੇ ਤੀਸਤਾ ਦਰਿਆਵਾਂ ਦੇ ਨਾਮ ਤਾਂ ਕਾਫੀ ਮਸ਼ਹੂਰ ਹਨ। ਫੇਨੀ ਦਰਿਆ ਤੋਂ ਭਾਰਤ ਦੇ ਸੂਬੇ ਤ੍ਰਿਪੁਰਾ ਲਈ ਪੀਣ ਦੇ ਪਾਣੀ ਸੰਬੰਧੀ ਸਮਝੌਤਾ ਵੀ ਦੋਵਾਂ ਮੁਲਕਾਂ ਵਿਚਕਾਰ ਹੋਇਆ ਹੈ। ਪ੍ਰੰਤੂ ਤੀਸਤਾ ਦਰਿਆ ਸੰਬੰਧੀ ਰੇੜਕਾ ਬਹੁਤ ਸਾਰੇ ਸਾਲਾਂ ਤੋਂ ਬਾਦਸਤੂਰ ਜਾਰੀ ਹੈ ਜਿਸ ਨੂੰ ਜਲਦੀ ਹੱਲ ਕਰਨ ਦੀ ਲੋੜ ਹੈ। ਦੋਵੇਂ ਹੀ ਮੁਲਕ ਦੱਖਣੀ ਏਸ਼ੀਆ ਖੇਤਰੀ ਸਹਿਯੋਗ ਸੰਗਠਨ (ਸਾਰਕ) ਦੇ ਵੀ  ਮੈਂਬਰ ਹਨ। ਉਂਜ ਤਾਂ ਸਾਰਕ ਦੇਸ਼ਾਂ ਨੂੰ ਏਕੀਕ੍ਰਿਤ ਟਰਾਂਸਪੋਰਟ ਪ੍ਰਣਾਲੀ ਨੂੰ ਅਪਨਾਉਣਾ ਚਾਹੀਦਾ ਹੈ ਅਤੇ ਹਵਾਈ ਰਸਤਿਆਂ ਦੀ ਬਜਾਇ ਸੜਕੀ ਰਸਤਿਆਂ ਦੀ ਵਰਤੋਂ ਵੱਲ ਧਿਆਨ ਦੇਣਾ ਚਾਹੀਦਾ ਹੈ। ਸਾਰਕ  ਦੇਸ਼ਾਂ ਨੂੰ ਕਾਬਲ, ਲਾਹੌਰ, ਦਿੱਲੀ ਅਤੇ  ਢਾਕਾ ਤੱਕ ਟਰਾਂਸਪੋਰਟ ਕੋਰੀਡੋਰ ਬਣਾ ਕੇ ਆਪਣੇ ਵਪਾਰਕ ਅਤੇ ਵਿਰਾਸਤੀ ਰਿਸ਼ਤਿਆਂ ਨੂੰ ਹੋਰ ਵਧਾਉਣ ਦਾ ਯਤਨ ਕਰਨਾ ਚਾਹੀਦਾ ਹੈ। ਪਰ ਜੇਕਰ ਪਾਕਿਸਤਾਨ ਨਾਲ ਸਹਿਮਤੀ ਨਾ ਵੀ ਬਣ ਸਕੇ ਤਾਂ ਭਾਰਤ ਅਤੇ ਬੰਗਲਾਦੇਸ਼ ਤਾਂ ਇੰਜ ਕਰ ਹੀ ਸਕਦੇ ਹਨ। ਇਸੇ ਰੂਟ ਨੂੰ ਅੱਗੇ ਮਿਆਂਮਾਰ, ਥਾਈਲੈਂਡ ਅਤੇ ਮਲੇਸ਼ੀਆ ਵਰਗੇ ਦੇਸ਼ਾਂ ਤੱਕ ਵੀ ਵਧਾਇਆ ਜਾ ਸਕਦਾ ਹੈ। ਇੰਜ ਸਾਰਕ ਅਤੇ ਆਸੀਆਨ ਦੇਸ਼ਾਂ ਵਿੱਚ ਰਿਸ਼ਤੇ ਹੋਰ ਵੀ ਦੋਸਤਾਨਾ ਹੋ ਸਕਦੇ ਹਨ।

ਭਾਵੇਂ ਕਿ ਇਸ ਗੱਲ ਦੀ ਸੰਭਾਵਨਾ ਬਹੁਤ ਘੱਟ ਹੈ ਕਿ ਬੰਗਲਾਦੇਸ਼ ਭਾਰਤ ਦੇ ਉਲਟ ਚੀਨ ਦੇ ਹੱਕ ਵਿੱਚ ਜਾ ਕੇ ਖੜ੍ਹ ਜਾਵੇ। ਕਿਉਂਕਿ ਉਹ ਜਾਣਦਾ ਹੈ ਕਿ ਚੀਨ ਪੂਰੇ ਏਸ਼ੀਆ ਦਾ ਪਾਵਰਹਾਊਸ ਬਣਨ ਦੀ ਤਾਕ ਵਿੱਚ ਹੈ ਅਤੇ ਇਹ ਛੋਟੇ ਗੁਆਂਢੀਆਂ ਲਈ ਖ਼ਤਰੇ ਦੀ ਘੰਟੀ ਹੈ. ਪਰ ਭਾਰਤ ਵਿੱਚ ਹਿੰਦੂ ਰਾਸ਼ਟਰਵਾਦ ਦੇ ਨਾਅਰੇ, ਬੰਗਲਾਦੇਸ਼ ਦੇ ਕੱਟੜਵਾਦੀਆਂ ਨੂੰ ਚੀਨ ਦੀ ਹਮਾਇਤ ਦਾ ਬਹਾਨਾ ਦੇ ਰਹੇ ਹਨ. ਇਸ ਲਈ ਬਹੁਤੇ ਰਣਨੀਤਕ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਅਜੋਕੇ ਹਾਲਾਤ ਵਿੱਚ ਭਾਰਤੀ ਮੀਡੀਆ ਅਤੇ ਭਾਰਤੀ ਹਾਕਮਾਂ ਨੂੰ ਆਪਣੀ ਬੋਲ-ਬਾਣੀ ਵਿੱਚ ਬੰਗਲਾਦੇਸ਼ ਦੀ ਤੁਲਨਾ ਪਾਕਿਸਤਾਨ ਨਾਲ ਕਰਨੀ ਬੰਦ ਕਰ ਦੇਣੀ ਚਾਹੀਦੀ ਹੈ। ਇਹ ਨਾ ਹੋਵੇ ਕਿ ਜਿਵੇਂ ਨੇਪਾਲ, ਚੀਨ ਦੀ ਝੋਲ਼ੀ ਪੈਂਦਾ ਜਾ ਰਿਹਾ ਹੈ, ਕੱਲ੍ਹ ਨੂੰ ਬੰਗਲਾਦੇਸ਼ ਵੀ ਦੂਜਾ ਪਾਕਿਸਤਾਨ ਬਣ ਕੇ ਚੀਨ ਦਾ ਲੰਗੋਟੀਆ ਬਣ ਜਾਵੇ। ਜੇਕਰ ਭਾਰਤ ਨਾਲ ਉਸਦੇ ਸੰਬੰਧ ਵਿਗੜਦੇ ਹਨ ਤਾਂ ਭਾਰਤ ਤਿੰਨ ਪਾਸਿਓਂ ਦੁਸ਼ਮਣਾਂ ਨਾਲ ਘਿਰ ਜਾਏਗਾ। ਇਸ ਲਈ ਕੂਟਨੀਤਕ ਪੱਖ ਤੋਂ ਬੰਗਲਾਦੇਸ਼ ਵਰਗੇ ਮੁਸਲਿਮ ਬਹੁਗਿਣਤੀ ਵਾਲੇ ਮੁਲਕ ਦੀ ਭਾਰਤ ਨਾਲ ਸਾਂਝ ਬਰਕਰਾਰ ਰਹਿਣੀ ਸਮੇਂ ਦੀ ਲੋੜ ਹੈ. ਭਾਰਤ ਨੂੰ ਤਾਂ ਸਗੋਂ ਚਾਹੀਦਾ ਹੈ ਕਿ ਉਹ ਬੰਗਲਾਦੇਸ਼ ਨੂੰ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਵੀ ਆਪਣਾ ਮੁੱਖ ਸਹਿਯੋਗੀ ਬਣਾ ਕੇ ਰੱਖੇ। ਇਸ ਨਾਲ ਸਾਡਾ ਬਹੁਕੌਮੀ ਸੱਭਿਆਚਾਰ ਵਾਲਾ ਅਕਸ ਵੀ ਬਰਕਰਾਰ ਰਹੇਗਾ।

ਦੱਖਣੀ ਚੀਨ ਸਾਗਰ : ਦੋਸਤੀਆਂ-ਦੁਸ਼ਮਣੀਆਂ ਦੇ ਨਵੇਂ ਸਮੀਕਰਣ
ਦੱਖਣੀ ਚੀਨ ਸਾਗਰ ਦੇ ਮਾਮਲੇ ਵਿੱਚ, ਚੀਨ ਅਤੇ ਅਮਰੀਕਾ ਇਹਨੀਂ ਦਿਨੀਂ ਫਿਰ ਆਹਮੋ-ਸਾਹਮਣੇ ਹੁੰਦੇ ਨਜ਼ਰ ਆ ਰਹੇ ਹਨ। ਅਮਰੀਕਾ ਦਾ ਦੋਸ਼ ਹੈ ਕਿ ਚੀਨ ਇਸ ਇਲਾਕੇ ਉੱਤੇ ਨਜਾਇਜ਼ ਕਬਜ਼ਾ ਕਰਨ ਲਈ ਇਸ ਦਾ ਫ਼ੌਜੀਕਰਣ ਕਰ ਰਿਹਾ ਹੈ। ਦੂਜੇ ਪਾਸੇ ਚੀਨ ਦਾ ਤਰਕ ਹੈ ਕਿ ਇਹ ਉਸਦਾ ਅਤੇ ਉਸਦੇ ਗੁਆਂਢੀਆਂ ਦਾ ਆਪਸੀ ਮਾਮਲਾ ਹੈ ਅਤੇ ਅਮਰੀਕਾ ਖਾਹਮਖ਼ਾਹ ਹੀ ਟੰਗ ਅੜਾ ਰਿਹਾ ਹੈ।

ਦੱਖਣੀ ਚੀਨ ਸਾਗਰ, ਉਹ ਸਮੁੰਦਰੀ ਇਲਾਕਾ ਹੈ ਜੋ ਦੁਨੀਆਂ ਦੇ ਸਭ ਤੋਂ ਵੱਡੇ ਮਹਾਂਸਾਗਰ, ਪ੍ਰਸ਼ਾਂਤ ਮਹਾਂਸਾਗਰ ਦਾ ਹੀ ਇੱਕ ਹਿੱਸਾ ਹੈ। ਇਹ ਚੀਨ ਦੇ ਦੱਖਣ ਵਿੱਚ, ਵੀਅਤਨਾਮ ਦੇ ਪੂਰਬ ਵਿੱਚ, ਫਿਲੀਪੀਨਜ਼ ਦੇ ਪੱਛਮ ਵਿੱਚ ਅਤੇ ਬਰੂਨੇਈ ਦੇ ਉੱਤਰ ਵਿੱਚ ਪੈਂਦਾ ਹੈ। ਇਸ ਵਿੱਚ ਕੋਈ 250 ਦੇ ਕਰੀਬ ਸਮੁੰਦਰੀ ਟਾਪੂ ਹਨ ਪਰ ਬਹੁਤਿਆਂ ਵਿੱਚ ਇਨਸਾਨ ਦਾ ਵਾਸਾ ਨਹੀਂ ਹੈ। ਚੀਨ ਇਸ ਇਲਾਕੇ ਦੀ ਸਭ ਤੋਂ ਵੱਡੀ ਰਾਜਨੀਤਕ ਤਾਕਤ ਹੋਣ ਕਰਕੇ ਇਸ ਪੂਰੇ ਸਮੁੰਦਰ ਉੱਤੇ ਆਪਣਾ ਅਧਿਕਾਰ ਸਮਝਦਾ ਹੈ। ਪਰ ਵੀਅਤਨਾਮ, ਫਿਲੀਪੀਨਜ਼, ਤਾਈਵਾਨ, ਮਲੇਸ਼ੀਆ, ਬਰੂਨੇਈ ਅਤੇ ਇੰਡੋਨੇਸ਼ੀਆ ਵਰਗੇ ਦੇਸ਼ ਚੀਨ ਦੇ ਇਸ ਦਾਅਵੇ ਨੂੰ ਸਖਤੀ ਨਾਲ ਖਾਰਜ ਕਰਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਇਹ ਖੁੱਲਾ ਸਮੁੰਦਰ ਹੋਣ ਕਰਕੇ ਸਾਰਿਆਂ ਦਾ ਸਾਂਝਾ ਹੈ ਅਤੇ ਆਪੋ-ਆਪਣੀਆਂ ਸਰਹੱਦਾਂ ਦੇ ਨੇੜਲੇ ਇਲਾਕਿਆਂ ਵਿੱਚ ਸਾਰੇ ਦੇਸ਼ਾਂ ਨੂੰ ਆਪੋ-ਆਪਣੇ ਅਧਿਕਾਰ ਹੋਣੇ ਚਾਹੀਦੇ ਹਨ। ਜਾਪਾਨ ਅਤੇ ਦੱਖਣੀ ਕੋਰੀਆ ਵਰਗੇ ਦੇਸ਼ ਵੀ ਚੀਨ ਦੀ ਧੌਂਸ ਮੰਨਣ ਨੂੰ ਤਿਆਰ ਨਹੀਂ ਹਨ। ਅਮਰੀਕਾ ਦਾ ਭਾਵੇਂ ਇਸ ਇਲਾਕੇ ਨਾਲ ਸਿੱਧਾ ਸੰਬੰਧ ਨਹੀਂ ਹੈ ਪਰ ਇਸ ਇਲਾਕੇ ਦੇ ਦੇਸ਼ਾਂ ਨਾਲ ਉਸਦੇ ਆਰਥਿਕ ਅਤੇ ਰਣਨੀਤਕ ਸੰਬੰਧ ਹੋਣ ਕਾਰਨ ਉਹ ਵੀ ਇਸ ਇਲਾਕੇ ਵਿੱਚ ਚੀਨ ਨੂੰ ਖੁੱਲ ਦੇਣ ਨੂੰ ਤਿਆਰ ਨਹੀਂ ਹੈ। ਇਸੇ ਲਈ ਇਹ ਇਲਾਕਾ ਇਹਨਾਂ ਸਾਰੇ ਦੇਸ਼ਾਂ ਵਿੱਚ ਝਗੜਿਆਂ ਦੀ ਮੂਲ ਜੜ੍ਹ ਹੈ।

ਦੱਖਣੀ ਚੀਨ ਸਾਗਰ ਦੇ ਝਗੜਿਆਂ ਦਾ ਮੁੱਖ ਕਾਰਨ ‘ਇੱਕ ਅਨਾਰ ਅਤੇ ਸੌ ਬੀਮਾਰ’ ਵਾਲਾ ਹੀ ਹੈ। ਇਸ ਸਮੁੰਦਰ ਦੇ ਹੇਠਾਂ ਅਤੇ ਇਸਦੇ ਟਾਪੂਆਂ ਉੱਤੇ ਬਹੁਤ ਸਾਰਾ ਤੇਲ ਅਤੇ ਕੁਦਰਤੀ ਗੈਸ ਹੋਣ ਦੀ ਸੰਭਾਵਨਾ ਹੈ। ਚੀਨ ਦੇ ਮੁਤਾਬਕ ਇੱਥੇ 200 ਅਰਬ ਬੈਰਲ ਤੋਂ ਵੱਧ ਦੇ ਤੇਲ ਦੇ ਭੰਡਾਰ ਹੋ ਸਕਦੇ ਹਨ। ਇਸੇ ਤਰਾਂ ਇੱਕ ਅਮਰੀਕੀ ਏਜੰਸੀ ਮੁਤਾਬਕ ਇੱਥੇ 9000 ਖਰਬ ਘਣ ਫੁੱਟ ਕੁਦਰਤੀ ਗੈਸ ਦੇ ਭੰਡਾਰ ਹਨ ਜੋ ਕਿ ਕਤਰ ਦੇ ਕੁੱਲ ਭੰਡਾਰਾਂ ਦੇ ਬਰਾਬਰ ਹਨ। ਭਾਵੇਂ ਕਿ ਇਹ ਦੋਵੇਂ ਅੰਕੜੇ ਬਹੁਤੇ ਵਿਸ਼ਵਾਸਯੋਗ ਨਹੀਂ ਲੱਗਦੇ ਪਰ ਫਿਰ ਵੀ ਇਹ ਤਾਂ ਸਾਫ਼ ਹੈ ਕਿ ਇੱਥੇ ਬਹੁਤ ਵੱਡੇ ਖਜ਼ਾਨੇ ਸਮੁੰਦਰ ਹੇਠ ਦਫ਼ਨ ਹਨ। ਇਸ ਤੋਂ ਇਲਾਵਾ ਇਹ ਬਹੁਤ ਵੱਡਾ ਸਮੁੰਦਰੀ ਲਾਂਘਾ ਹੈ ਅਤੇ ਦੁਨੀਆ ਦੇ ਕੁੱਲ ਸਮੁੰਦਰੀ ਵਪਾਰ ਦਾ ਤਕਰੀਬਨ ਇੱਕ ਤਿਹਾਈ ਵਪਾਰ ਇਸੇ ਰਸਤੇ ਰਾਹੀਂ ਹੀ ਹੁੰਦਾ ਹੈ। ਹਰ ਸਾਲ ਕੋਈ 50 ਖਰਬ ਡਾਲਰ ਤੋਂ ਵੱਧ ਦਾ ਵਪਾਰ ਇਸ ਰਸਤੇ ਰਾਹੀਂ ਗੁਜ਼ਰਦਾ ਹੈ। ਭਾਰਤ ਦਾ ਜਾਪਾਨ, ਕੋਰੀਆ, ਚੀਨ, ਵੀਅਤਨਾਮ ਅਤੇ ਹੋਰ ਦੱਖਣ-ਪੂਰਬੀ ਦੇਸ਼ਾਂ ਨਾਲ 55 ਫੀਸਦੀ ਸਮੁੰਦਰੀ ਵਪਾਰ ਇੱਥੋਂ ਹੀ ਲੰਘਦਾ ਹੈ। ਇਸ ਤਰਾਂ ਇਹ ਸੰਸਾਰ ਦੇ ਸਭ ਤੋਂ ਵੱਧ ਵਰਤੋਂਯੋਗ ਸਮੁੰਦਰੀ ਲਾਂਘਿਆਂ ਵਿਚੋਂ ਇੱਕ ਹੈ। ਇਥੋਂ ਲੰਘਣ ਵਾਲਾ ਵਪਾਰ ਸਵੇਜ ਨਹਿਰ ਵਿੱਚੋਂ ਲੰਘਣ ਵਾਲੇ ਵਪਾਰ ਨਾਲੋਂ ਤਿੰਨ ਗੁਣਾ ਅਤੇ ਪਾਨਾਮਾ ਨਹਿਰ ਵਿਚੋਂ ਲੰਘਣ ਵਾਲੇ ਵਪਾਰ ਨਾਲੋਂ ਪੰਜ ਗੁਣਾ ਵੱਧ ਹੈ। ਇਸ ਕਾਰਨ ਹਰ ਵੱਡੀ ਤਾਕਤ ਇਸ ਇਲਾਕੇ ਵਿੱਚ ਆਪਣਾ ਦਬਦਬਾ ਬਣਾ ਕੇ ਰੱਖਣਾ ਚਾਹੁੰਦੀ ਹੈ।

ਇਸ ਇਲਾਕੇ ਦੇ ਟਾਪੂਆਂ ਉੱਤੇ ਕਬਜ਼ੇ ਨੂੰ ਲੈ ਕੇ ਚੀਨ ਅਤੇ ਹੋਰ ਛੋਟੇ ਦੇਸ਼ ਆਹਮੋ-ਸਾਹਮਣੇ ਹੋਏ ਰਹਿੰਦੇ ਹਨ। ਸਭ ਤੋਂ ਵੱਧ ਝਗੜਾ ਸਪਰੈਟਲੀ ਟਾਪੂਆਂ ਦਾ ਹੈ। ਫਿਲੀਪੀਨਜ਼ ਦਾ ਇਹ ਦਾਅਵਾ ਰਿਹਾ ਹੈ ਕਿ ਇਹ ਟਾਪੂ ਉਸਦੇ ਨੇੜੇ ਹੋਣ ਕਰਕੇ ਉਸਦੇ ਹਨ ਪਰ ਚੀਨ ਦੇ ਦਾਅਵੇ ਮੁਤਾਬਕ ਫਿਲੀਪੀਨਜ਼ ਨੇ ਇਹਨਾਂ ਟਾਪੂਆਂ ਉੱਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਹੈਨਾਨ, ਪੈਰਾਸੈੱਲ, ਕਾਮਸਾਨ ਅਤੇ ਵੁੱਡੀ ਆਦਿ ਬਾਰੇ ਝਗੜਾ ਵੀ ਪ੍ਰਮੁੱਖ ਹੈ। ਚੀਨ ਇਸ ਮਾਮਲੇ ਵਿੱਚ ਅਮਰੀਕੀ ਵਿਚੋਲਗੀ ਪਸੰਦ ਨਹੀਂ ਕਰਦਾ ਪਰ ਅਮਰੀਕਾ ਨੇ ਇਸ ਇਲਾਕੇ ਦੇ ਬਹੁਤ ਸਾਰੇ ਛੋਟੇ ਦੇਸ਼ਾਂ ਨੂੰ ਆਪਣੇ ਨਾਲ ਗੰਢਿਆ ਹੋਇਆ ਹੈ। ਉਸ ਨੇ ਏਸ਼ੀਆ ਵਿੱਚ ਹੁਣ ਤੱਕ ਸਭ ਤੋਂ ਵੱਧ ਧਿਆਨ ਜਾਪਾਨ, ਤਾਈਵਾਨ ਅਤੇ ਫਿਲੀਪੀਨਜ਼ ਦਾ ਹੀ ਰੱਖਿਆ ਹੈ। ਦਸ ਦੇਸ਼ਾਂ ਦਾ ਆਸੀਆਨ ਸਮੂਹ ਜਿਸ ਵਿੱਚ ਚੀਨ ਅਤੇ ਤਾਈਵਾਨ ਤੋਂ ਬਿਨਾ, ਦੱਖਣੀ ਚੀਨ ਸਾਗਰ ਦੇ ਬਾਕੀ ਸਾਰੇ ਭਾਈਵਾਲ ਮੈਂਬਰ ਸ਼ਾਮਲ ਹਨ, ਨੇ ਵੀ ਕੋਡ ਆਫ਼ ਕੰਡਕਟ ਬਣਾ ਕੇ 2002 ਵਿੱਚ ਇਸ ਝਗੜੇ ਨੂੰ ਨਿਬੇੜਨ ਦੀ ਕੋਸ਼ਿਸ਼ ਕੀਤੀ ਸੀ ਪਰ ਕਾਮਯਾਬੀ ਨਾ ਮਿਲ ਸਕੀ। ਭਾਰਤ ਅਤੇ ਵੀਅਤਨਾਮ ਦੀਆਂ ਕੰਪਨੀਆਂ ਨੇ ਜਦੋਂ ਇੱਥੇ ਤੇਲ ਖਨਣ ਦਾ ਕੰਮ ਸ਼ੁਰੂ ਕੀਤਾ ਤਾਂ ਚੀਨ ਨੇ ਇਹ ਕਹਿਕੇ ਸਖਤ ਵਿਰੋਧ ਕੀਤਾ ਕਿ ਇਹ ਉਸਦਾ ਇਲਾਕਾ ਹੈ ਨਾ ਕਿ ਵੀਅਤਨਾਮ ਦਾ।  ਇਸੇ ਲਈ ਭਾਰਤ ਨੂੰ ਵੀ ਸਪਸ਼ਟ ਕਰਨਾ ਪਿਆ ਕਿ ਉਸ ਦੇ ਇਸ ਇਲਾਕੇ ਵਿੱਚ ਸਿਰਫ ਵਪਾਰਕ ਹਿੱਤ ਹਨ ਅਤੇ ਉਹ ਕੋਈ ਰਣਨੀਤਕ ਖੇਡ ਨਹੀਂ ਖੇਡ ਰਿਹਾ। ਭਾਰਤ ਨੇ ਇਹ ਵੀ ਕਿਹਾ ਕਿ ਉਹ ਇੱਥੇ ਅੰਤਰਰਾਸ਼ਟਰੀ ਕਾਨੂੰਨਾਂ ਤਹਿਤ ਹੀ ਕੰਮ ਕਰ ਰਿਹਾ ਹੈ ਅਤੇ ਉਸਦਾ ਕੰਮ ਕਿਸੇ ਵੀ ਤਰਾਂ ਚੀਨ ਦੀ ਕਥਿਤ ‘ਸਟਰਿੰਗ ਆਫ਼ ਪਰਲਜ਼’ ਨੀਤੀ ਦਾ ਜਵਾਬ ਨਹੀਂ ਹੈ।

ਪਰ ਪਿਛਲੇ ਕੁਝ ਸਮੇਂ ਵਿੱਚ ਦੱਖਣੀ ਚੀਨ ਸਾਗਰ ਵਿੱਚ ਕੁਝ ਖ਼ਾਸ ਤਬਦੀਲੀਆਂ ਵੀ ਵੇਖਣ ਨੂੰ ਮਿਲ ਰਹੀਆਂ ਹਨ। ਇਹਨਾਂ ਵਿੱਚੋਂ ਪ੍ਰਮੁੱਖ ਘਟਨਾਕ੍ਰਮ ਇਹ ਹੈ ਕਿ ਫਿਲੀਪੀਨਜ਼ ਵਰਗਾ ਦੇਸ਼ ਹੁਣ ਅਮਰੀਕਾ ਦਾ ਪਹਿਲਾਂ ਵਰਗਾ ਸਾਥੀ ਅਤੇ ਚੀਨ ਦਾ ਪਹਿਲਾਂ ਵਰਗਾ ਵਿਰੋਧੀ ਨਹੀਂ ਰਿਹਾ। ਬੀਤੇ ਸਮੇਂ ਵਿੱਚ ਤਾਂ ਇੱਕ ਸਮਾਂ ਉਹ ਵੀ ਆਇਆ ਸੀ ਜਦੋਂ ਫਿਲੀਪੀਨਜ਼ ਨੇ ਅਮਰੀਕਾ ਦਾ ਇੱਕ ਸੂਬਾ ਹੀ ਬਣਨ ਬਾਰੇ ਸੋਚ ਲਿਆ ਸੀ। ਪਰ ਹੁਣ ਉਸ ਨੇ ਅਮਰੀਕਾ ਨੂੰ ਡਰਾਮੇਬਾਜ਼ ਅਤੇ ਝੂਠਾ ਤੱਕ ਕਹਿ ਦਿੱਤਾ ਹੈ ਜੋ ਕਿ ਛੋਟੇ ਦੇਸ਼ਾਂ ਨੂੰ ਆਪਣੇ ਹਿੱਤਾਂ ਲਈ ਵਰਤ ਰਿਹਾ ਹੈ। ਪਿਛਲੇ ਕੁਝ ਸਾਲਾਂ ਵਿੱਚ ਫਿਲੀਪੀਨਜ਼ ਵੱਲੋਂ ਇਸ ਇਲਾਕੇ ਵਿੱਚ ਨਸ਼ਿਆਂ ਦੀ ਤਸਕਰੀ ਖ਼ਤਮ ਕਰਨ ਲਈ ਬਹੁਤ ਵੱਡੀ ਮੁਹਿੰਮ ਚਲਾਈ ਗਈ ਹੈ। ਇਸ ਦੇ ਤਹਿਤ ਹਜ਼ਾਰਾਂ ਨਸ਼ੇ ਦੇ ਸੌਦਾਗਰਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾ ਚੁੱਕੀ ਹੈ। ਉਸ ਦਾ ਦੋਸ਼ ਹੈ ਕਿ ਅਮਰੀਕਾ ਨੇ ਗ਼ੈਰਕਾਨੂੰਨੀ ਨਸ਼ਿਆਂ ਦੀ ਤਸਕਰੀ ਖਿਲਾਫ਼ ਉਸਦੇ ਜਿਹਾਦ ਵਿੱਚ ਕੋਈ ਸਹਾਇਤਾ ਨਹੀਂ ਕੀਤੀ। ਭਾਵੇਂ ਕਿ ਹੁਣ ਵੀ ਫਿਲੀਪੀਨਜ਼ ਨਰਮ ਭਾਸ਼ਾ ਵਿੱਚ ਚੀਨ ਦੀ ਆਲੋਚਨਾ ਕਰਦਾ ਵੇਖਿਆ ਜਾ ਸਕਦਾ ਹੈ ਕਿ ਪੂਰੇ ਸਾਗਰ ਉੱਤੇ ਇੱਕ ਹੀ ਦੇਸ਼ ਦਾ ਕਬਜ਼ਾ ਕਿਵੇਂ ਮੰਨਿਆ ਜਾ ਸਕਦਾ ਹੈ। ਪਰ ਅੱਜ ਦਾ ਸੱਚ ਇਹੋ ਹੈ ਕਿ ਉਹ ਅਮਰੀਕਾ ਦੀ ਝੋਲੀ ਵਿਚੋਂ ਨਿਕਲ ਕੇ ਚੀਨ ਦੀ ਝੋਲੀ ਵਿੱਚ ਜਾ ਚੁੱਕਾ ਹੈ।

ਦੱਖਣੀ ਚੀਨ ਸਾਗਰ ਦੇ ਝਗੜਿਆਂ ਦਾ ਭਾਈਵਾਲ ਇੱਕ ਛੋਟਾ ਜਿਹਾ ਦੇਸ਼ ਤਾਈਵਾਨ ਵੀ ਹੈ। ਤਾਈਵਾਨ ਉਹ ਦੇਸ਼ ਹੈ ਜਿਸਨੂੰ ਚੀਨ ਇੱਕ ਵੱਖਰੇ ਦੇਸ਼ ਵਜੋਂ ਮਾਨਤਾ ਨਹੀਂ ਦਿੰਦਾ ਅਤੇ ਉਸਨੂੰ ਆਪਣਾ ਹੀ ਇੱਕ ਹਿੱਸਾ ਸਮਝਦਾ ਹੈ। ਚੀਨ ਦਾ ਮੰਨਣਾ ਹੈ ਕਿ ਤਾਈਵਾਨ ਕੋਈ ਵੱਖਰਾ ਦੇਸ਼ ਨਹੀਂ ਬਲਕਿ ਉਸਦਾ ਇੱਕ ਨਿੱਖੜਿਆ ਹੋਇਆ ਸੂਬਾ ਹੀ ਹੈ ਅਤੇ ਦੇਰ ਸਵੇਰ ਉਸਨੇ ਚੀਨ ਵਿੱਚ ਸ਼ਾਮਲ ਹੋ ਹੀ ਜਾਣਾ ਹੈ। ਇਸ ਦੇ ਉਲਟ, ਠੰਢੀ ਜੰਗ ਦੇ ਗਰਮ ਦਿਨਾਂ ਵਿੱਚ ਅਮਰੀਕਾ ਜਾਣ-ਬੁੱਝ ਕੇ, ਕਮਿਊਨਿਸਟ ਚੀਨ ਨੂੰ ਮਾਨਤਾ ਨਾ ਦੇ ਕੇ ਤਾਈਵਾਨ ਨੂੰ ਹੀ ਅਸਲੀ ਚੀਨ ਵਜੋਂ ਮਾਨਤਾ ਦਿੰਦਾ ਰਿਹਾ ਹੈ। ਪਰ 1979 ਤੋਂ ਬਾਅਦ ਅਮਰੀਕਾ ਨੇ ਜ਼ਮੀਨੀ ਸਚਾਈ ਨੂੰ ਕਬੂਲ ਕਰਦੇ ਹੋਏ, ਤਾਈਵਾਨ ਦੀ ਬਜਾਇ ਅਸਲੀ ਚੀਨ ਨੂੰ ਹੀ ਮਹੱਤਵ ਦਿੱਤਾ ਹੈ। ਇਸ ਕਰਕੇ ਹੁਣ ਚੀਨ ਨੇ ਅਮਰੀਕਾ ਅਤੇ ਤਾਈਵਾਨ ਵਿਚਾਲੇ ਹੋਈ, ਹਾਲੀਆ ਸੁਰੱਖਿਆ ਗੱਲਬਾਤ ਉੱਤੇ ਸਖਤ ਇਤਰਾਜ਼ ਕੀਤਾ ਹੈ। ਅਮਰੀਕਾ ਅਤੇ ਤਾਈਵਾਨ ਵਿੱਚ ਅਜਿਹੀ ਮੀਟਿੰਗ ਚਾਰ ਦਹਾਕਿਆਂ ਤੋਂ ਵੀ ਵੱਧ ਸਮੇਂ ਬਾਅਦ ਹੋਈ ਹੈ। ਚੀਨ ਦਾ ਕਹਿਣਾ ਹੈ ਅਮਰੀਕਾ ਜਾਣ-ਬੁੱਝ ਕੇ ਉਸ ਨੂੰ ਚਿੜਾਉਣ ਲਈ ਅਜਿਹਾ ਕਰ ਰਿਹਾ ਹੈ।

ਇਸ ਤੋਂ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਇਲਾਕੇ ਵਿੱਚ ਦੋ ਵੱਡੇ ਮਗਰਮੱਛਾਂ ਵਿੱਚ ਖਹਿਬਾਜ਼ੀ ਵਧ ਸਕਦੀ ਹੈ। ਦੋਵਾਂ ਵੱਡੀਆਂ ਤਾਕਤਾਂ, ਅਮਰੀਕਾ ਅਤੇ ਚੀਨ ਵੱਲੋਂ ਇੱਕ ਦੂਜੇ ਉੱਤੇ ਦੱਖਣੀ ਚੀਨ ਸਾਗਰ ਦਾ ਫ਼ੌਜੀਕਰਣ ਕਰਨ ਦੇ ਇਲਜ਼ਾਮ ਲਗਾਏ ਜਾ ਰਹੇ ਹਨ।  ਇਸ ਨਾਲ ਦੁਨੀਆ ਵਿੱਚ ਅਮਨ ਅਤੇ ਵਪਾਰਕ ਗਤੀਵਿਧੀਆਂ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚ ਸਕਦਾ ਹੈ। ਅਮਰੀਕਾ,  ਹੁਣ ਦੁਨੀਆ ਦੀ ਇੱਕੋ-ਇੱਕ ਮਹਾਂਸ਼ਕਤੀ ਨਹੀਂ ਰਿਹਾ ਅਤੇ ਚੀਨ ਵਰਗਾ ਦੇਸ਼ ਉਸਦਾ ਸੱਜਰਾ ਸ਼ਰੀਕ ਬਣ ਕੇ ਸਾਹਮਣੇ ਆ ਚੁੱਕਾ ਹੈ। ਪਿਛਲੇ ਸਮੇਂ ਵਿੱਚ ਤਾਂ ਅਮਰੀਕਾ ਦੇ ਗਸ਼ਤੀ ਜਹਾਜ਼ ਫਿਲੀਪੀਨਜ਼ ਵਿੱਚ ਹੀ ਠਹਿਰਦੇ ਰਹੇ ਹਨ ਪਰ ਹੁਣ ਫਿਲੀਪੀਨਜ਼ ਕਹਿ ਰਿਹਾ ਹੈ ਕਿ ਉਹ ਦੱਖਣੀ ਚੀਨ ਸਾਗਰ ਵਿੱਚ ਅਮਰੀਕਾ ਦੇ ਗਸ਼ਤੀ ਜਹਾਜ਼ਾਂ ਨੂੰ ਆਪਣੇ ਦੇਸ਼ ਵਿੱਚ ਬਿਲਕੁਲ ਵੀ ਠਾਹਰ ਨਹੀਂ ਦੇ ਸਕਦਾ ਕਿਉਂਕਿ ਇਸ ਨਾਲ ਉਸਦੇ ਚੀਨ ਨਾਲ ਸੰਬੰਧ ਖ਼ਰਾਬ ਹੋਣ ਦਾ ਖ਼ਤਰਾ ਹੈ। ਇੰਜ, ਇਹ ਵੇਖਣਾ ਬਣਦਾ ਹੈ ਕਿ ਹੁਣ ਰਣਨੀਤਕ ਸਮੀਕਰਣ ਪਹਿਲਾਂ ਵਾਲੇ ਨਹੀਂ ਰਹੇ। ਦੋਸਤ, ਦੁਸ਼ਮਣ ਬਣ ਚੁੱਕੇ ਹਨ ਅਤੇ ਦੁਸ਼ਮਣ ਦੋਸਤ ਬਣਦੇ ਜਾ ਰਹੇ ਹਨ। ਚੀਨ ਜਾਂ ਅਮਰੀਕਾ ਕਿਸੇ ਲਈ ਵੀ ਇਸ ਇਲਾਕੇ ਉੱਤੇ ਆਪਣੀ ਪੱਕੀ ਧੌਂਸ ਜਮਾ ਕੇ ਰੱਖਣਾ ਹੁਣ ਸੌਖਾ ਨਹੀਂ ਰਿਹਾ।

ਕਿਵੇਂ ਪੜ੍ਹਨਗੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੇ ਬੱਚੇ ?
ਅੱਜ ਦੇ ਸਮੇਂ ਕੋਈ ਵਿਰਲਾ ਹੀ ਸਰਕਾਰੀ ਅਧਿਆਪਕ ਮਿਲਦਾ ਹੈ ਜਿਸਦੇ ਆਪਣੇ ਬੱਚੇ ਵੀ ਕਿਸੇ ਸਰਕਾਰੀ ਸਕੂਲ ਵਿੱਚ ਪੜ੍ਹਦੇ ਹੋਣ। ਇਸ ਤੋਂ ਆਮ ਲੋਕ ਇਹੀ ਸਮਝਦੇ ਹਨ ਕਿ ਸਰਕਾਰੀ ਅਧਿਆਪਕ ਚੰਗੀ ਤਰਾਂ ਪੜ੍ਹਾਉਂਦੇ ਨਹੀਂ ਹੋਣਗੇ, ਤਾਂ ਹੀ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਤੋਂ ਦੂਰ ਰੱਖਦੇ ਹੋਣਗੇ। ਨਤੀਜੇ ਵਜੋਂ ਹਰ ਸਰਕਾਰੀ ਅਧਿਆਪਕ ਨੂੰ ਹੀ ਕੰਮਚੋਰ ਅਤੇ ਵਿਹਲੜ ਸਮਝ ਲਿਆ ਜਾਂਦਾ ਹੈ ਜਿਵੇਂ ਕਿ ਉਹ ਮੁਫ਼ਤ ਦੀ ਹੀ ਤਨਖਾਹ ਲੈ ਰਿਹਾ ਹੋਵੇ। ਪਰ ਅਸਲੀਅਤ ਵਿੱਚ ਇਹ ਗੁੰਝਲ ਇੰਨੀ ਸਿੱਧੀ-ਸਾਦੀ ਨਹੀਂ ਹੈ। ਸਾਨੂੰ ਧਿਆਨ ਨਾਲ ਵੇਖਣ ਦੀ ਲੋੜ ਹੈ ਕਿ ਕੀ ਅਸੀਂ ਆਪਣੇ ਸਰਕਾਰੀ ਸਕੂਲਾਂ ਵਿੱਚ ਉਹ ਢਾਂਚਾ ਉਪਲਬਧ ਕਰਵਾ ਰਹੇ ਹਾਂ ਜਿਸ ਢਾਂਚੇ ਨਾਲ ਨਿੱਜੀ ਸਕੂਲ ਸਫਲ ਹੋ ਰਹੇ ਹਨ ? ਜਦੋਂ ਤੱਕ ਸਾਡੇ ਸਰਕਾਰੀ ਸਕੂਲ ਸਮੇਂ ਦੇ ਹਾਣ ਦੇ ਨਹੀਂ ਹੋਣਗੇ ਤਾਂ ਅਸੀਂ ਕਿਸੇ ਨੂੰ ਮਜ਼ਬੂਰ ਕਰਕੇ ਉੱਥੇ ਨਹੀਂ ਭੇਜ ਸਕਦੇ। ਇਸੇ ਕਾਰਨ ਅੱਜਕੱਲ ਅਮੀਰ ਲੋਕਾਂ ਦੇ ਨਾਲ-ਨਾਲ ਆਮ ਦਰਮਿਆਨੇ ਲੋਕ ਵੀ ਸਰਕਾਰੀ ਸਕੂਲਾਂ ਤੋਂ ਦੂਰ ਹੋ ਰਹੇ ਹਨ। ਪਰ ਸਾਡੀਆਂ ਸਰਕਾਰਾਂ ਆਪਣੀ ਗਲਤੀ ਮੰਨਣ ਦੀ ਥਾਂ ਅਧਿਆਪਕਾਂ ਨੂੰ ਦੋਸ਼ੀ ਠਹਿਰਾ ਕੇ ਹੀ ਸੁਰਖੁਰੂ ਹੋਣਾ ਚਾਹੁੰਦੀਆਂ ਹਨ। ਅਧਿਆਪਕਾਂ ਦੇ ਵੱਧ ਤੋਂ ਵੱਧ ਸਿਖਲਾਈ ਸੈਮੀਨਾਰ ਲਗਾ ਕੇ ਜਾਂ ਦੂਰ-ਦੁਰਾਡੇ ਬਦਲੀਆਂ ਕਰਕੇ ਸਕੂਲਾਂ ਵਿੱਚ ਸੁਧਾਰ ਨਹੀਂ ਹੋਣਾ ਕਿਉਂਕਿ ਸਮੱਸਿਆ ਦੀ ਜੜ੍ਹ ਕਿਤੇ ਹੋਰ ਹੈ।

ਅਸਲ ਵਿੱਚ ਸਾਡਾ ਸਕੂਲੀ ਢਾਂਚਾ ਸਮੇਂ ਦੇ ਹਾਣ ਦਾ ਨਹੀਂ ਰਿਹਾ। ਜੇ ਅਸੀਂ ਅਜੇ ਵੀ ਇਸ ਪੁਰਾਣੇ ਢਾਂਚੇ ਨਾਲ ਹੀ ਚਿੰਬੜੇ ਰਹਾਂਗੇ ਤਾਂ ਸਮੱਸਿਆਵਾਂ ਸਾਨੂੰ ਇੰਜ ਹੀ ਚਿੰਬੜੀਆਂ ਰਹਿਣਗੀਆਂ। ਅੱਜ ਤੋਂ 30-40 ਸਾਲ ਪਹਿਲਾਂ ਇਹ ਮਾਨਤਾ ਹੁੰਦੀ ਸੀ ਕਿ ਹਰ ਪਿੰਡ ਵਿੱਚ ਇੱਕ ਆਪਣਾ ਸਕੂਲ ਹੋਣਾ ਹੀ ਚਾਹੀਦਾ ਹੈ। ਇਸ ਦਾ ਕਾਰਨ ਇਹ ਸੀ ਕਿ ਉਦੋਂ ਆਵਾਜਾਈ ਦੇ ਆਧੁਨਿਕ ਸਾਧਨ ਨਹੀਂ ਹੁੰਦੇ ਸਨ ਅਤੇ ਬੱਚਿਆਂ ਨੂੰ ਦੂਰ-ਦੁਰਾਡੇ ਦੇ ਸਕੂਲਾਂ ਵਿੱਚ ਪਹੁੰਚਣ ਵਿੱਚ ਮੁਸ਼ਕਲ ਹੁੰਦੀ ਸੀ। ਪਰ ਅੱਜ ਦੇ ਸਮੇਂ ਜਦੋਂ ਪ੍ਰਾਈਵੇਟ ਸਕੂਲਾਂ ਵਾਲੇ  ਤਾਂ 50-50 ਕਿਲੋਮੀਟਰ ਤੋਂ ਬੱਚਿਆਂ ਨੂੰ ਆਪਣੀਆਂ ਵੈਨਾਂ ਵਿੱਚ ਬਿਠਾ ਕੇ ਲਿਜਾ ਸਕਦੇ ਹਨ ਤਾਂ ਸਰਕਾਰੀ ਸਕੂਲਾਂ ਵਿੱਚ ਇਹ ਢਾਂਚਾ ਕਿਉਂ ਨਾ ਵਿਕਸਤ ਕੀਤਾ ਜਾਵੇ ? ਹੁਣ ਸਾਡੀ ਕੀ ਮਜ਼ਬੂਰੀ ਹੈ ਕਿ ਹਰ ਛੋਟੇ ਜਿਹੇ ਪਿੰਡ ਵਿੱਚ 20-30 ਬੱਚਿਆਂ ਵਾਸਤੇ ਸਹੂਲਤਾਂ ਵਿਹੂਣੇ ਛੋਟੇ-ਛੋਟੇ ਸਕੂਲ ਖੋਲ੍ਹੇ ਜਾਣ ? ਕਿਉਂ ਨਾ 5-7 ਪਿੰਡਾਂ ਨੂੰ ਜੋੜ ਕੇ ਵੱਡੇ ਅਤੇ ਪੂਰੀਆਂ ਸਹੂਲਤਾਂ ਵਾਲੇ ਸਰਕਾਰੀ ਸਕੂਲ ਖੋਲ੍ਹੇ ਜਾਣ ?  ਉਹਨਾਂ ਸਕੂਲਾਂ ਵਿੱਚ ਵੱਡੇ ਪਬਲਿਕ ਸਕੂਲਾਂ ਵਾਂਗੂੰ ਹਰ ਕੰਮ ਲਈ ਵੱਖਰੇ-ਵੱਖਰੇ ਕਰਮਚਾਰੀ ਹੋਣ ਜਿਵੇਂ ਕਿ ਪ੍ਰਿੰਸੀਪਲ, ਵਿਸ਼ਾ ਅਧਿਆਪਕ, ਕਲਰਕ, ਨਿਰਮਾਣ ਅਧਿਕਾਰੀ, ਸਿਹਤ ਅਧਿਕਾਰੀ, ਕੰਪਿਊਟਰ ਚਾਲਕ, ਖੇਡ ਕੋਚ, ਮਾਲੀ, ਸਫਾਈ ਸੇਵਕ, ਰਸੋਈਏ, ਚੌਕੀਦਾਰ ਆਦਿ। ਸਕੂਲਾਂ ਵਿੱਚ ਵਿਸ਼ਵ ਪੱਧਰ ਦੀਆਂ ਸਹੂਲਤਾਂ ਹੋਣ ਜਿਵੇਂ ਕਿ ਆਡੀਓ-ਵਿਜ਼ੂਅਲ ਸਹੂਲਤਾਂ ਵਾਲੇ ਜਮਾਤ ਕਮਰੇ, ਖੇਡ ਮੈਦਾਨ, ਸਾਇੰਸ ਲੈਬੋਰਟਰੀਆਂ ਅਤੇ ਲਾਇਬ੍ਰੇਰੀਆਂ ਆਦਿ। ਦੂਰ ਦੇ ਬੱਚਿਆਂ ਨੂੰ ਲਿਆਉਣ ਲਈ ਚੰਗੇ ਟਰਾਂਸਪੋਰਟ ਦੇ ਸਾਧਨ ਹੋਣ ਜਿਵੇਂ ਕਿ ਪ੍ਰਾਈਵੇਟ ਸਕੂਲਾਂ ਦੇ ਹੁੰਦੇ ਹਨ। ਸਾਰੇ ਬੱਚੇ ਸੋਹਣੀਆਂ ਵਰਦੀਆਂ ਪਾ ਕੇ ਅਤੇ ਪੂਰੀ ਤਰਾਂ ਤਿਆਰ ਹੋ ਕੇ ਸਕੂਲ ਪਹੁੰਚਣ ਤਾਂ ਕਿ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿਚਲਾ ਫਰਕ ਮਾਪਿਆਂ ਨੂੰ ਮਹਿਸੂਸ ਹੀ ਨਾ ਹੋਵੇ। ਸਾਰੇ ਅਧਿਆਪਕ ਰੈਗੂਲਰ ਹੋਣ, ਬਰਾਬਰ ਅਤੇ ਉੱਚ ਗ੍ਰੇਡ ਦੀਆਂ ਤਨਖਾਹਾਂ ਲੈਂਦੇ ਹੋਣ ਅਤੇ ਉਹਨਾਂ ਨੂੰ ਪੜ੍ਹਾਈ ਤੋਂ ਇਲਾਵਾ ਇੱਕ ਵੀ ਫਾਲਤੂ ਕੰਮ ਨਾ ਦਿੱਤਾ ਜਾਵੇ।

ਛੋਟੇ ਸਕੂਲਾਂ ਦੀਆਂ ਛੋਟੀਆਂ ਜਮਾਤਾਂ ਵਿੱਚ ਤਾਂ ਇਹ ਹੁੰਦਾ ਹੈ ਕਿ ਇੱਕ ਹੀ ਅਧਿਆਪਕ ਨੂੰ ਕਈ-ਕਈ ਜਮਾਤਾਂ ਪੜ੍ਹਾਉਣੀਆਂ ਪੈਂਦੀਆਂ ਹਨ। ਅਧਿਆਪਕ ਭਾਗ ਦੇ ਸਵਾਲ ਕਰਵਾ ਰਿਹਾ ਹੁੰਦਾ ਹੈ ਪਰ ਕੁਝ ਬੱਚਿਆਂ ਨੂੰ ਘਟਾਉ ਅਤੇ ਗੁਣਾ ਵੀ ਨਹੀਂ ਆਉਂਦੇ ਹੁੰਦੇ ਅਤੇ ਉਹ ਬੱਸ ਮੂੰਹ ਵੱਲ ਹੀ ਵੇਖਦੇ ਰਹਿੰਦੇ ਹਨ। ਜੇਕਰ ਅਧਿਆਪਕ ਕਮਜ਼ੋਰ ਬੱਚਿਆਂ ਵੱਲ ਵੱਧ ਧਿਆਨ ਦਿੰਦਾ ਹੈ ਤਾਂ ਹੁਸ਼ਿਆਰ ਬੱਚੇ ਆਪਣੀ ਵਾਰੀ ਨੂੰ ਉਡੀਕਦੇ ਰਹਿੰਦੇ ਹਨ। ਪਰ ਜੇਕਰ ਸਕੂਲ ਵੱਡੇ ਹੋਣ ਤਾਂ ਹਰ ਜਮਾਤ ਦੇ ਸੈਕਸ਼ਨ ਵੀ ਵੱਖ-ਵੱਖ ਪੱਧਰਾਂ ਮੁਤਾਬਕ ਹੀ ਬਣਾਏ ਜਾ ਸਕਦੇ ਹਨ। ਅਧਿਆਪਕ ਨੂੰ ਪਤਾ ਹੋਵੇ ਕਿ ਉਹ ਕਿਹੜੇ ਪੱਧਰ ਵਾਲੇ ਸੈਕਸ਼ਨ ਵਿੱਚ ਜਾ ਰਿਹਾ ਹੈ ਅਤੇ ਉਥੇ ਕੀ-ਕੀ ਪੜ੍ਹਾਉਣ ਦੀ ਲੋੜ ਹੈ। ਉਹ ਜਿਹੜੇ ਵੀ ਸੈਕਸ਼ਨ ਵਿੱਚ ਜਾਵੇ ਉਸ ਸੈਕਸ਼ਨ ਦੇ ਪੱਧਰ ਮੁਤਾਬਕ ਹੀ ਪੜ੍ਹਾਵੇ ਅਤੇ ਉਸ ਸੈਕਸ਼ਨ ਦੇ ਸਾਰੇ ਬੱਚੇ ਉਸ ਨੂੰ ਸਮਝਣ ਦੇ ਸਮਰੱਥ ਵੀ ਹੋਣ। ਕਿਸੇ ਵੀ ਅਧਿਆਪਕ ਕੋਲ ਜਮਾਤ ਵਿੱਚ ਕੋਈ ਮੋਬਾਈਲ ਫੋਨ ਨਾ ਹੋਵੇ ਕਿਉਂਕਿ ਉਸ ਨੂੰ ਕਿਸੇ ਡਾਕ ਆਦਿ ਦੀ ਕੋਈ ਫਿਕਰ ਹੀ ਨਾ ਹੋਵੇ। ਹਰ ਤਰਾਂ ਦੀ ਡਾਕ ਅਤੇ ਰਿਕਾਰਡ ਦਾ ਕੰਮ ਸਿਰਫ ਕਲਰਕਾਂ ਅਤੇ ਪ੍ਰਬੰਧਕਾਂ ਨੇ ਹੀ ਕਰਨਾ ਹੋਵੇ। ਅਧਿਆਪਕਾਂ ਨੇ ਆਪਣਾ ਪੂਰਾ ਸਮਾਂ ਸਿਰਫ ਆਪਣੀਆਂ ਜਮਾਤਾਂ ਵਿੱਚ ਹੀ ਗੁਜ਼ਾਰਨਾ ਹੋਵੇ। ਉਸ ਤੋਂ ਬਾਅਦ ਹਰ ਅਧਿਆਪਕ ਤੋਂ ਨਤੀਜਾ ਮੰਗਿਆ ਜਾਵੇ ਜਿਸ ਨੂੰ ਵੱਖ-ਵੱਖ ਤਰਾਂ ਦੇ ਮਾਹਰਾਂ ਵੱਲੋਂ ਚੈੱਕ ਕੀਤਾ ਜਾਵੇ। ਵਧੀਆ ਨਤੀਜਾ ਸਿਰਫ ਲਿਖਤੀ ਪੇਪਰਾਂ ਵਿੱਚੋਂ ਪ੍ਰਾਪਤ ਅੰਕਾਂ ਨੂੰ ਹੀ ਨਾ ਮੰਨਿਆ ਜਾਵੇ ਸਗੋਂ ਇਹ ਵੇਖਿਆ ਜਾਵੇ ਕਿ ਬੱਚਿਆਂ ਨੂੰ ਭਵਿੱਖ ਦੇ ਕਿਹੋ ਜਿਹੇ ਨਾਗਰਿਕ ਬਣਾਇਆ ਜਾ ਰਿਹਾ ਹੈ। ਜੋ ਵੀ ਅਧਿਆਪਕ ਸਾਰਥਕ ਨਤੀਜੇ ਦੇਣ ਤੋਂ ਅਸਮਰੱਥ ਹੋਵੇ ਉਸ ਨੂੰ ਜਾਂ ਤਾਂ ਘਰ ਭੇਜ ਦਿੱਤਾ ਜਾਵੇ ਅਤੇ ਜਾਂ ਫਿਰ ਕਿਸੇ ਹੋਰ ਵਿਭਾਗ ਵਿੱਚ ਬਦਲ ਦਿੱਤਾ ਜਾਵੇ।

ਜਦੋਂ ਅਸੀਂ ਇੱਕ ਹੀ ਕਰਮਚਾਰੀ ਨੂੰ ਵੀਹ ਤਰਾਂ ਦੇ ਕੰਮ ਸੌਂਪ ਦਿਆਂਗੇ ਤਾਂ ਉਹ ਕਿਸੇ ਵੀ ਕੰਮ ਨੂੰ ਪੂਰਾ ਨਹੀਂ ਕਰੇਗਾ ਅਤੇ ਹਰ ਕੰਮ ਦੀ ਅਪੂਰਨਤਾ ਲਈ ਆਪਣੇ ਦੂਸਰੇ ਕੰਮਾਂ ਨੂੰ ਜ਼ਿੰਮੇਵਾਰ ਠਹਿਰਾਏਗਾ।  ਜੇਕਰ ਉਹ ਇਮਾਨਦਾਰ ਵੀ ਹੋਏਗਾ ਫਿਰ ਵੀ ਉਹ ਸਾਰੇ ਕੰਮਾਂ ਨਾਲ ਇਨਸਾਫ਼ ਨਹੀਂ ਕਰ ਸਕੇਗਾ। ਮਿਸਾਲ ਦੇ ਤੌਰ ਤੇ, ਅੱਜ ਸਾਡੇ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ  ਉੱਤੇ ਇੱਕ ਹੀ ਸਮੇਂ ਬੱਚਿਆਂ ਨੂੰ ਪੜ੍ਹਾਉਣ, ਖਾਣੇ ਦਾ ਪ੍ਰਬੰਧ ਕਰਨ, ਖੇਡਾਂ ਦਾ ਪ੍ਰਬੰਧ ਕਰਨ, ਸਾਰੇ ਦਫ਼ਤਰੀ ਕੰਮ, ਈ-ਪੰਜਾਬ ਦਾ ਆਨਲਾਈਨ ਰਿਕਾਰਡ ਬਣਾਉਣ, ਵਜ਼ੀਫੇ ਦੇ ਆਨਲਾਈਨ ਫਾਰਮ ਭਰਨ, ਬੱਚਿਆਂ ਦੇ ਖਾਤੇ ਖੁਲਵਾਉਣ, ਆਧਾਰ ਕਾਰਡ ਨੂੰ ਖਾਤਿਆਂ ਨਾਲ ਜੋੜਨ, ਗ੍ਰਾਂਟਾਂ ਖਰਚਣ, ਉਸਾਰੀ ਆਦਿ ਦਾ ਸਮਾਨ ਖਰੀਦਣ, ਗ੍ਰਾਂਟਾਂ ਦਾ ਰਿਕਾਰਡ ਬਣਾਉਣ, ਟੁੱਟ-ਭੱਜ ਦੀ ਮੁਰੰਮਤ ਕਰਨ, ਵੋਟਾਂ ਬਣਾਉਣ, ਮਰਦਮਸ਼ੁਮਾਰੀ ਕਰਨ ਅਤੇ ਕਈ ਤਰਾਂ ਦੇ ਸਰਵੇਖਣ ਕਰਨ ਦੀਆਂ ਜ਼ਿੰਮੇਵਾਰੀਆਂ ਪਈਆਂ ਹੋਈਆਂ ਹਨ। ਉਹ ਖ਼ੁਦ ਹੀ ਸਫਾਈ ਸੇਵਕ, ਚੌਂਕੀਦਾਰ, ਮਾਲੀ, ਕਲਰਕ, ਡਾਕੀਆ, ਕੰਪਿਊਟਰ ਆਪਰੇਟਰ ਅਤੇ ਹੋਰ ਪਤਾ ਨਹੀਂ ਕੀ-ਕੀ ਬਣੇ ਰਹਿੰਦੇ ਹਨ। ਕੀ ਇੰਨੇ ਕੰਮ ਕਰਨ ਤੋਂ ਬਾਅਦ ਕੋਈ ਪੜ੍ਹਾਉਣ ਦੇ ਕਾਬਲ ਰਹਿ ਸਕਦਾ ਹੈ ? ਇਸ ਦਾ ਸਭ ਤੋਂ ਵੱਧ ਘਾਟਾ ਬੱਚਿਆਂ ਨੂੰ ਹੀ ਪੈਂਦਾ ਹੈ ਕਿਉਂਕਿ ਅਫ਼ਸਰਸ਼ਾਹੀ ਤਾਂ ਅਧਿਆਪਕਾਂ ਤੋਂ ਧੱਕੇ ਨਾਲ ਵੀ ਆਪਣੇ ਕੰਮ ਪੂਰੇ ਕਰਵਾ ਲੈਂਦੀ ਹੈ ਪਰ ਬੱਚੇ ਤਾਂ ਅਧਿਆਪਕ ਨੂੰ ਉਡੀਕਦੇ ਹੀ ਰਹਿ ਜਾਂਦੇ ਹਨ। ਇੰਜ ਇੱਕ ਇਮਾਨਦਾਰ ਅਧਿਆਪਕ ਤਾਂ ਬੁਰੀ ਤਰਾਂ ਨਪੀੜਿਆ ਜਾਂਦਾ ਹੈ  ਅਤੇ ਪਰੇਸ਼ਾਨ ਰਹਿਣ ਲੱਗਦਾ ਹੈ, ਇੱਕ ਔਸਤ ਅਧਿਆਪਕ ਬਾਕੀ ਕੰਮ ਤਾਂ ਕਰ ਲੈਂਦਾ ਹੈ ਪਰ ਪੜ੍ਹਾਈ ਉੱਤੇ ਪੂਰਾ ਸਮਾਂ ਨਹੀਂ ਦੇ ਸਕਦਾ ਅਤੇ ਇੱਕ ਕੰਮਚੋਰ ਅਧਿਆਪਕ ਕਿਸੇ ਵੀ ਕੰਮ ਨੂੰ ਸਹੀ ਢੰਗ ਨਾਲ ਨਹੀਂ ਕਰਦਾ ਕਿਉਂਕਿ ਉਸ ਕੋਲ ਬਹੁਤ ਸਾਰੇ ਬਹਾਨੇ ਹੁੰਦੇ ਹਨ। ਇੰਜ ਇਹ ਤਿੰਨੇ ਹੀ ਕਿਸਮ ਦੇ ਕਰਮਚਾਰੀ ਮਿਆਰੀ ਨਤੀਜੇ ਨਹੀਂ ਦੇ ਸਕਦੇ।

ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਜੇਕਰ ਸਾਡੇ ਸਾਰੇ ਅਧਿਆਪਕ ਇਮਾਨਦਾਰ ਨਹੀਂ ਤਾਂ ਸਾਰੇ ਕੰਮਚੋਰ ਵੀ ਨਹੀਂ ਹੋਣਗੇ। ਅਸਲ ਵਿੱਚ ਬਹੁਤੇ ਅਧਿਆਪਕ ਤਾਂ ਮਿਹਨਤੀ ਅਤੇ ਨਿਸ਼ਠਾਵਾਨ ਹੀ ਹੁੰਦੇ ਹਨ ਪਰ ਉਹ ਉੱਚ ਅਧਿਕਾਰੀਆਂ ਤੋਂ ਡਰਦੇ ਹੋਣ ਕਾਰਨ ਸਿਰਫ਼ ਦਫ਼ਤਰੀ ਕੰਮਾਂ ਨੂੰ ਹੀ ਪਹਿਲ ਦੇ ਆਧਾਰ ਉੱਤੇ ਕਰਦੇ ਹਨ। ਇੰਜ ਇਹ ਦਫ਼ਤਰੀ ਕੰਮ ਹੀ ਪੜ੍ਹਾਈ ਦੇ ਸਭ ਤੋਂ ਵੱਡੇ ਦੁਸ਼ਮਣ ਬਣ ਜਾਂਦੇ ਹਨ। ਛੋਟੇ ਸਕੂਲਾਂ ਵਿੱਚ ਇਹ ਸਮੱਸਿਆ ਕਦੇ ਹੱਲ ਹੋ ਹੀ ਨਹੀਂ ਸਕਣੀ ਕਿਉਂਕਿ 20-30 ਬੱਚਿਆਂ ਵਾਸਤੇ ਇੰਨੇ ਕਰਮਚਾਰੀ ਦਿੱਤੇ ਹੀ ਨਹੀਂ ਜਾ ਸਕਦੇ। ਇਸ ਦਾ ਇੱਕੋ-ਇੱਕ ਹੱਲ ਵੱਡੇ ਸਕੂਲ ਹੀ ਹਨ। ਸਾਡੇ ਕੋਲ ਕਾਬਲ ਅਧਿਆਪਕਾਂ ਦੀ ਕੋਈ ਘਾਟ ਨਹੀਂ ਹੈ ਪਰ ਉਹਨਾਂ ਦੀ ਕਾਬਲੀਅਤ ਉਦੋਂ ਹੀ ਭਵਿੱਖ ਸਿਰਜ ਸਕਦੀ ਹੈ ਜਦੋਂ ਉਹ ਸਭ ਪਾਸਿਉਂ ਧਿਆਨ ਹਟਾ ਕੇ ਕੇਵਲ ਆਪਣੇ ਵਿਦਿਆਰਥੀਆਂ ਨੂੰ ਹੀ ਸਮਾਂ ਦੇਣ।

ਅਸਲ ਵਿੱਚ ਸਾਡੇ ਕੋਲ ‘ਬੁੱਲਟ ਟ੍ਰੇਨ’ ਤਾਂ ਹੈ ਪਰ ਅਸੀਂ ਉਸ ਨੂੰ ਟੁੱਟੀਆਂ-ਭੱਜੀਆਂ ਪੁਰਾਣੀਆਂ ਰੇਲਵੇ ਲਾਈਨਾਂ ਉੱਤੇ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਨੂੰ ਆਪਣੀਆਂ ਰੇਲਵੇ ਲਾਈਨਾਂ ਨੂੰ ਬੁੱਲਟ ਟ੍ਰੇਨ ਦੇ ਕਾਬਲ ਬਣਾਉਣ ਦੀ ਲੋੜ ਹੈ ਅਰਥਾਤ ਸਾਨੂੰ ਆਪਣੇ ਸਕੂਲੀ ਢਾਂਚੇ ਨੂੰ ਮੁੜ ਤੋਂ ਵਿਉਂਤਣ ਦੀ ਲੋੜ ਹੈ। ਇਸ ਨਾਲ ਸਰਕਾਰੀ ਸਕੂਲਾਂ ਉੱਤੇ ਲੋਕਾਂ ਦਾ ਭਰੋਸਾ ਬੱਝੇਗਾ ਅਤੇ ਉਹ ਮਹਿੰਗੇ ਪ੍ਰਾਈਵੇਟ ਸਕੂਲਾਂ ਵੱਲ ਨਹੀਂ ਭੱਜਣਗੇ ? ਫਿਰ ਸਰਕਾਰੀ ਅਧਿਆਪਕਾਂ ਦੇ ਬੱਚੇ ਤਾਂ ਕੀ, ਵੱਡੇ-ਵੱਡੇ ਅਫਸਰਾਂ, ਅਮੀਰ ਲੋਕਾਂ ਅਤੇ ਅਤੇ ਸਿਆਸਤਦਾਨਾਂ ਦੇ ਬੱਚੇ ਵੀ ਸਰਕਾਰੀ ਸਕੂਲਾਂ ਵਿੱਚ ਹੀ ਪੜ੍ਹਨ ਲਈ ਆਉਣਗੇ। ਪਰ ਹੁਣ ਵੇਖਣਾ ਇਹ ਹੈ ਕਿ ਕੀ ਸਾਡੀ ਸਰਕਾਰ ਸੱਚਮੁੱਚ ਹੀ ਇਸ ਮਾਮਲੇ ਵਿੱਚ ਗੰਭੀਰ ਹੈ। ਕਿਉਂਕਿ ਅਜੇ ਤੱਕ ਤਾਂ ਸਰਕਾਰ ਜੰਗਲ ਦੀ ਅੱਗ ਨੂੰ ਫੂਕਾਂ ਮਾਰ ਕੇ ਬੁਝਾਉਣ ਦੀ ਕੋਸ਼ਿਸ਼ ਹੀ ਕਰ ਰਹੀ ਹੈ।

ਕਿੰਨਾ ਕੁ ਹੈ ਮੋਦੀ ਦੇ ਕਿਲੇ ਨੂੰ ਖ਼ਤਰਾ ?
ਜਵਾਹਰਲਾਲ ਨਹਿਰੂ ਤੋਂ ਬਾਅਦ ਅੱਜ ਤੱਕ ਸਿਰਫ ਇੱਕ ਹੀ ਪ੍ਰਧਾਨ ਮੰਤਰੀ (ਮਨਮੋਹਨ ਸਿੰਘ) ਹੋਏ ਹਨ ਜਿੰਨ੍ਹਾਂ ਨੂੰ ਜਨਤਾ ਨੇ ਲਗਾਤਾਰ 10 ਸਾਲ ਰਾਜਗੱਦੀ ਬਖਸ਼ੀ ਹੈ। ਕੱਲ ਤੱਕ ਤਾਂ ਨਰਿੰਦਰ ਮੋਦੀ ਦੀ ਸਿਆਸੀ ਹਾਲਤ ਵੀ ਬਹੁਤ ਮਜ਼ਬੂਤ ਨਜ਼ਰ ਆਉਂਦੀ ਸੀ ਕਿਉਂਕਿ ਕੋਈ ਵੀ ਵਿਰੋਧੀ ਪਾਰਟੀ ਜਾਂ ਨੇਤਾ ਉਸ ਨੂੰ ਟੱਕਰ ਦੇਣ ਦੇ ਸਮਰੱਥ ਨਹੀਂ ਨਜ਼ਰ ਆ ਰਹੇ ਸਨ। ਕਾਂਗਰਸ ਅਤੇ ਬਾਕੀ ਵਿਰੋਧੀ ਪਾਰਟੀਆਂ ਆਪੋ-ਆਪਣੇ ਕੁਝ ਖਾਸ ਇਲਾਕਿਆਂ ਵਿੱਚ ਤਾਂ ਭਾਵੇਂ ਕਿੰਨੀਆਂ ਵੀ ਸਿਰਕੱਢ ਨਜ਼ਰ ਆਉਂਦੀਆਂ ਹੋਣ ਪਰ ਉਹਨਾਂ ਵਿੱਚ ਵੱਡੇ ਪੱਧਰ ਉੱਤੇ ਕੋਈ ਏਕਾ ਹੁੰਦਾ ਨਜ਼ਰ ਨਹੀਂ ਆ ਰਿਹਾ ਸੀ। ਇਸ ਲਈ, ਕੱਲ ਤੱਕ ਤਾਂ ਭਾਜਪਾ ਨੂੰ ਵਿਰੋਧੀਆਂ ਦੀ ਇਸ ਫੁੱਟ ਦਾ ਲਾਭ ਮਿਲਣ ਦੀ ਪੂਰੀ ਉਮੀਦ ਸੀ ਪਰ ਹੁਣ ਉਸਦੇ ਆਪਣੇ ਕਿਲੇ ਦੇ ਕਿੰਗਰੇ ਵੀ ਦਿਨੋ-ਦਿਨ ਢਹਿ ਰਹੇ ਹਨ।

ਪਿਛਲੇ ਇੱਕ ਸਾਲ ਵਿੱਚ ਹੋਈਆਂ ਲੋਕ ਸਭਾ ਦੀਆਂ ਜ਼ਿਮਨੀ ਚੋਣਾਂ ਦੇ ਨਤੀਜਿਆਂ ਨੂੰ ਧਿਆਨ ਨਾਲ ਵੇਖਿਆ ਜਾਵੇ ਤਾਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਭਾਜਪਾ ਦੀ ਹਾਰ ਦਾ ਕਾਰਨ ਸਿਰਫ ਤੇ ਸਿਰਫ ਵਿਰੋਧੀਆਂ ਦੀ ਏਕਤਾ ਹੀ ਨਹੀਂ ਹੈ। ਕਿਉਂਕਿ ਜੇਕਰ 2014 ਵਿੱਚ ਵੀ ਇਹਨਾਂ ਸੀਟਾਂ ਉੱਤੇ ਵਿਰੋਧੀ ਪਾਰਟੀਆਂ ਵਿੱਚ ਇੰਨੀ ਹੀ ਏਕਤਾ ਹੁੰਦੀ ਤਾਂ ਭਾਜਪਾ ਨੇ ਫਿਰ ਵੀ ਇਹ ਸੀਟਾਂ ਜਿੱਤ ਹੀ ਲੈਣੀਆਂ ਸਨ ਕਿਉਂਕਿ ਉਦੋਂ ਉਸ ਦੀ ਵੋਟ ਹਿੱਸੇਦਾਰੀ ਬਾਕੀ ਸਾਰਿਆਂ ਦੇ ਜੋੜ ਨਾਲੋਂ ਵੀ ਵੱਧ ਸੀ। ਪਰ ਹੁਣ ਉਸ ਦਾ ਲੋਕ-ਆਧਾਰ ਪਹਿਲਾਂ ਦੇ ਮੁਕਾਬਲੇ ਦਿਨੋ-ਦਿਨ ਘਟ ਰਿਹਾ ਹੈ। ਉਸ ਦੀ ਵੋਟ ਹਿੱਸੇਦਾਰੀ ਵਿੱਚ ਕਾਫੀ ਗਿਰਾਵਟ ਆਈ ਹੈ। ਜੇਕਰ ਉਹ ਆਪਣੀ 2014 ਵਾਲੀ ਵੋਟ ਹਿੱਸੇਦਾਰੀ ਨੂੰ ਕਾਇਮ ਰੱਖ ਲੈਂਦੀ ਤਾਂ ਵਿਰੋਧੀ ਜਿੰਨੇ ਮਰਜ਼ੀ ਇਕੱਠੇ ਹੋ ਜਾਂਦੇ, ਉਸ ਨੂੰ ਹਰਾਉਣਾ ਸੰਭਵ ਨਹੀਂ ਸੀ। ਸਭ ਤੋਂ ਸ਼ਰਮਨਾਕ ਹਾਰ ਤਾਂ ਉਸ ਨੂੰ ਗੋਰਖਪੁਰ ਦੀ ਲੋਕ ਸਭਾ ਸੀਟ ਤੋਂ ਹੋਈ ਜੋ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਯਾਨਾਥ ਦਾ ਗੜ੍ਹ ਮੰਨਿਆ ਜਾਂਦਾ ਹੈ ਅਤੇ ਉਥੋਂ ਉਹ 1989 ਤੋਂ ਲਗਾਤਾਰ ਜਿੱਤਦੀ ਆ ਰਹੀ ਸੀ।

ਨਰਿੰਦਰ ਮੋਦੀ ਦੇ ਖਿਲਾਫ਼ ਕੁਝ ਹੱਦ ਤੱਕ ਉਸੇ ਤਰਾਂ ਦਾ ਮੁਹਾਜ਼ ਬਣਦਾ ਨਜ਼ਰ ਆ ਰਿਹਾ ਹੈ ਜਿਹੋ ਜਿਹਾ 1977 ਵਿੱਚ ਇੰਦਰਾ ਗਾਂਧੀ ਦੇ ਖਿਲਾਫ਼ ਬਣਿਆ ਸੀ। ਭਾਵੇਂ ਕਿ ਉਹ ਮੁਹਾਜ਼ ਬਹੁਤਾ ਸਮਾਂ ਟਿਕ ਤਾਂ ਨਹੀਂ ਸਕਿਆ ਸੀ ਪਰ ਇੱਕ ਵਾਰੀ ਇੰਦਰਾ ਸਰਕਾਰ ਨੂੰ ਗੱਦੀ ਤੋਂ ਤਾਂ ਉਤਾਰ ਹੀ ਦਿੱਤਾ ਸੀ। ਅੱਜ ਅਕਾਲੀ ਦਲ ਬਾਦਲ ਵਰਗੇ ਪੱਕੇ ਸਮਰਥਕਾਂ ਨੂੰ ਛੱਡ ਦੇਈਏ ਤਾਂ ਬਾਕੀਆਂ ਨਾਲ ਭਾਜਪਾ ਦੇ ਰਿਸ਼ਤੇ ਦਿਨੋ-ਦਿਨ ਤਿੜਕ ਰਹੇ ਹਨ। ਸ਼ਿਵ ਸੈਨਾ ਦੇ ਆਗੂ ਤਾਂ ਆਪਣੀ ਨਰਾਜ਼ਗੀ ਸ਼ਰੇਆਮ ਹੀ ਜ਼ਾਹਿਰ ਕਰ ਰਹੇ ਹਨ। ਨਿਤੀਸ਼ ਕੁਮਾਰ ਅਤੇ ਰਾਮ ਵਿਲਾਸ ਪਾਸਵਾਨ ਵਰਗੇ ਚਤੁਰ ਨੇਤਾਵਾਂ ਉੱਤੇ ਬਹੁਤੀ ਟੇਕ ਰੱਖਣੀ ਉਸ ਨੂੰ ਮਹਿੰਗੀ ਪੈ ਸਕਦੀ ਹੈ। ਉਹ ਦੋਵੇਂ ਹੀ ਮੌਕੇ ਮੁਤਾਬਕ ਕਿਸੇ ਵੀ ਪਲੜੇ ਵਿੱਚ ਤੁਲ ਸਕਦੇ ਹਨ। ਤਕਰੀਬਨ ਹਰ ਵੱਡੀ ਖੇਤਰੀ ਪਾਰਟੀ ਕਿਸੇ ਨਾ ਕਿਸੇ ਤਰਾਂ ਭਾਜਪਾ ਦੇ ਵਿਰੋਧ ਵਿੱਚ ਖੜ੍ਹੀ ਹੈ। ਮਮਤਾ ਬੈਨਰਜੀ ਵਰਗੇ ਨੇਤਾਵਾਂ ਦੀ ਰਣਨੀਤੀ ਅਜੇ ਤੱਕ ਕੁਝ ਵੀ ਸਪਸ਼ਟ ਨਹੀਂ। ਦੱਖਣ ਵਿੱਚ ਭਾਜਪਾ ਨੂੰ ਉਹ ਸਫ਼ਲਤਾ ਮਿਲ ਹੀ ਨਹੀਂ ਸਕੀ ਜਿਸਦੀ ਉਹ ਤਵੱਕੋ ਕਰਦੀ ਸੀ। ਵੱਡੇ ਸੂਬਿਆਂ ਵਿੱਚ ਸਥਾਪਤੀ ਵਿਰੋਧੀ ਲਹਿਰ ਦਾ ਨੁਕਸਾਨ ਵੀ ਇਸ ਵਾਰੀ ਉਸੇ ਨੂੰ ਹੀ ਹੋਣਾ ਹੈ।

ਭਾਜਪਾ ਨੂੰ ਨਾਪਸੰਦ ਕਰਨ ਵਾਲੇ ਲੋਕਾਂ ਲਈ ਵਿਰੋਧੀਆਂ ਦੀ ਏਕਤਾ ਅਤੇ ਉਪਰੋਕਤ ਬਾਕੀ ਤੱਤ ਇੱਕ ਆਸ ਦੀ ਕਿਰਨ ਹੋ ਸਕਦੇ ਹਨ ਪਰ ਸਾਨੂੰ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਜੂਝਣ ਦੀ ਤਾਕਤ ਨੂੰ ਭੁੱਲਣਾ ਨਹੀਂ ਚਾਹੀਦਾ। ਦੋਹਾਂ ਦੀ ਸੰਗਠਨ ਨੂੰ ਚਲਾਉਣ ਵਿੱਚ ਮੁਹਾਰਤ ਬਹੁਤ ਕਮਾਲ ਹੈ ਅਤੇ ਦੋਹਾਂ ਕੋਲ ਨਾਅਰਿਆਂ ਅਤੇ ਜੁਮਲਿਆਂ ਦੀ ਵੀ ਭਰਮਾਰ ਰਹਿੰਦੀ ਹੈ ਜਿਸ ਨਾਲ ਆਮ ਵੋਟਰ ਨੂੰ ਪ੍ਰਭਾਵਿਤ ਕਰਨਾ ਬਹੁਤਾ ਔਖਾ ਨਹੀਂ ਹੁੰਦਾ। ਪਰਿਵਾਰਵਾਦ ਅਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਕਾਂਗਰਸ ਉੱਤੇ ਭਾਜਪਾ ਨਾਲੋਂ ਕਿਤੇ ਵੱਧ ਹਨ। ਉਂਜ ਵੀ ਵਿਰੋਧੀਆਂ ਦਾ ਏਕਾ ਅਜੇ ਤੱਕ ਤਾਂ ਬਿਨਾ ਕਿਸੇ ਜਰਨੈਲ ਤੋਂ ਖੁੱਲੀ ਫਿਰਦੀ ਫ਼ੌਜ ਵਾਂਗ ਹੀ ਹੈ। ਪਤਾ ਨਹੀਂ ਉਹ ਫ਼ੌਜ ਕਿਸੇ ਇੱਕ ਜਰਨੈਲ ਦੀ ਅਗਵਾਈ ਕਬੂਲ ਕਰੇਗੀ ਜਾਂ ਨਹੀਂ। ਜੇਕਰ ਇੱਕ ਪਾਸੇ ਪ੍ਰਧਾਨ ਮੰਤਰੀ ਦਾ ਉਮੀਦਵਾਰ ਨਰਿੰਦਰ ਮੋਦੀ ਹੋਇਆ ਅਤੇ ਦੂਜੇ ਪਾਸੇ ਕੋਈ ਇੱਕ ਸਪਸ਼ਟ ਚਿਹਰਾ ਨਾ ਹੋਇਆ ਤਾਂ ਇਸ ਦਾ ਖਮਿਆਜ਼ਾ ਵੀ ਮੋਦੀ ਵਿਰੋਧੀਆਂ ਨੂੰ ਭੁਗਤਣਾ ਪੈ ਸਕਦਾ ਹੈ। ਬਹੁਤੀਆਂ ਪਾਰਟੀਆਂ ਦਾ ਮਿਲਗੋਭਾ ਉਂਜ ਵੀ ਰਾਜਨੀਤਕ ਤੌਰ ਉੱਤੇ ਸਫਲ ਹੋਣਾ ਕਾਫੀ ਔਖਾ ਹੁੰਦਾ ਹੈ। ਅਸਲ ਵਿੱਚ ਉਹ ਜਿੰਨੀਆਂ ਪਾਰਟੀਆਂ ਹਨ, ਓਨੇ ਹੀ ਪ੍ਰਧਾਨ ਮੰਤਰੀ ਦੀ ਕੁਰਸੀ ਦੇ ਚਾਹਵਾਨ ਹਨ। ਮੁੱਖ ਤੌਰ ਉੱਤੇ ਉਹ ਅੰਦਰਖਾਤੇ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਦਾ ਕੰਮ ਹੀ ਕਰ ਸਕਦੇ ਹਨ। ਇਸੇ ਮ੍ਰਿਗ-ਤ੍ਰਿਸ਼ਨਾ ਵਿੱਚ ਉਹਨਾਂ ਵਿੱਚੋਂ ਕਿਸੇ ਦੀ ਵੀ ਸੱਧਰ ਪੂਰੀ ਹੋਣ ਦੇ ਕੋਈ ਖਾਸ ਆਸਾਰ ਨਹੀਂ ਦਿਸ ਰਹੇ ਸਨ। ਜੇ ਤਾਂ ਇੱਕ ਪਾਰਟੀ ਵੱਡਾ ਬਹੁਮਤ ਰੱਖਦੀ ਹੋਵੇ ਫਿਰ ਤਾਂ ਉਸ ਦੀ ਚੌਧਰ ਨੂੰ ਖ਼ਤਰਾ ਘੱਟ ਹੁੰਦਾ ਹੈ। ਉਸ ਪਾਰਟੀ ਦਾ ਕੋਈ ਵੱਡਾ ਆਗੂ ਪ੍ਰਧਾਨ ਮੰਤਰੀ ਦੇ ਇੱਕੋ-ਇੱਕ ਉਮੀਦਵਾਰ ਵਜੋਂ ਬਾਕੀਆਂ ਨੂੰ ਪ੍ਰਵਾਨ ਕਰਨਾ ਹੀ ਪੈਂਦਾ ਹੈ। ਪਰ ਜੇਕਰ ਸੀਟਾਂ ਦੀ ਗਿਣਤੀ ਦੇ ਪੱਖੋਂ ਪਾਰਟੀਆਂ ਦਾ ਫਰਕ ਬਹੁਤਾ ਨਾ ਹੋਵੇ ਤਾਂ ਆਪਸੀ ਹਉਮੈ ਟਕਰਾਉਣ ਲੱਗ ਪੈਂਦੀ ਹੈ। ਅਜਿਹੇ ਹਾਲਾਤ ਵਿੱਚ ਗਠਬੰਧਨ ਅੰਦਰ ਟੁੱਟ-ਭੱਜ ਹੋਣੀ ਹਰ ਰੋਜ਼ ਦਾ ਹੀ ਕੰਮ ਹੋ ਜਾਂਦਾ ਹੈ। ਇਸ ਤਰਾਂ ਦੇਸ਼ ਨੂੰ ਇੱਕ ਮਜ਼ਬੂਤ ਸਰਕਾਰ ਨਹੀਂ ਮਿਲਦੀ ਅਤੇ ਨੀਤੀਆਂ ਬਣਾਉਣ ਦਾ ਅਮਲ ਅਕਸਰ ਹੀ ਅਧਵਾਟੇ ਲਟਕਿਆ ਰਹਿੰਦਾ ਹੈ। ਇਹ ਸਾਰੇ ਤੱਤ ਕਾਂਗਰਸ ਦੇ ਵਿਰੋਧ ਵਿੱਚ ਭੁਗਤ ਸਕਦੇ ਹਨ।

ਪਰ ਭਾਜਪਾ ਦੇ ਆਪਣੇ ਘਰ ਅੰਦਰ ਵੀ ‘ਸਭ ਅੱਛਾ’ ਨਹੀਂ ਹੈ। ‘ਮੋਦੀ-ਸ਼ਾਹ-ਜੇਤਲੀ ਤਿੱਕੜੀ’ ਨੇ ਪਿਛਲੇ ਸਮੇਂ ਵਿੱਚ ਪਾਰਟੀ ਦੇ ਵੱਡੇ-ਵੱਡੇ ਪੁਰਾਣੇ ਥੰਮ੍ਹਾਂ ਨੂੰ ਪੈਰਾਂ ਸਿਰ ਨਹੀਂ ਰਹਿਣ ਦਿੱਤਾ। ਇਸੇ ਕਾਰਨ ਬਹੁਤੇ ਸੀਨੀਅਰ ਆਗੂ ਅੰਦਰੋਂ ਪੂਰੀ ਤਰਾਂ ਨਿਰਾਸ਼ ਅਤੇ ਨਰਾਜ਼ ਹਨ। ਯਸ਼ਵੰਤ ਸਿਨ੍ਹਾ ਵਰਗੇ ਤਾਂ ਪਾਰਟੀ ਨੂੰ ਅਲਵਿਦਾ ਹੀ ਕਹਿ ਗਏ ਹਨ ਅਤੇ ਸ਼ਤਰੂਘਨ ਸਿਨ੍ਹਾ ਵਰਗੇ ਸ਼ਰੇਆਮ ਤਿੱਕੜੀ ਦੇ ਖਿਲਾਫ਼ ਆਪਣੀ ਭੜਾਸ ਕੱਢਦੇ ਰਹਿੰਦੇ ਹਨ। ਲਾਲ ਕ੍ਰਿਸ਼ਨ ਅਡਵਾਨੀ ਅਤੇ ਮੁਰਲੀ ਮਨੋਹਰ ਜੋਸ਼ੀ ਦੋਵੇਂ ਹੀ ਬਿਲਕੁਲ ਚੁੱਪ ਹਨ। ਦੋਵਾਂ ਨੂੰ ਹੀ ਭਾਜਪਾ ਦੀ ਸਭ ਤੋਂ ਉੱਚ-ਤਾਕਤੀ ਕਮੇਟੀ ‘ਸੰਸਦੀ ਬੋਰਡ’ ਤੋਂ ਬਾਹਰ ਰੱਖਿਆ ਗਿਆ ਹੈ। ਐਵੇਂ ਮੂੰਹ ਰੱਖਣ ਲਈ ਇੱਕ ‘ਮਾਰਗ ਦਰਸ਼ਕ ਮੰਡਲ’ ਨਾਮ ਦੀ ਕਮੇਟੀ ਬਣਾ ਦਿੱਤੀ ਗਈ ਜਿਸ ਵਿੱਚ ਇਹਨਾਂ ਦੋਹਾਂ ਨੂੰ ਰੱਖ ਤਾਂ ਲਿਆ ਗਿਆ ਪਰ ਉਸ ਮੰਡਲ ਦੀ ਅੱਜ ਤੱਕ ਇੱਕ ਵੀ ਮੀਟਿੰਗ ਨਹੀਂ ਹੋ ਸਕੀ। ਜੂਨ 1975 ਵਾਲੀ ਐਮਰਜੈਂਸੀ ਦੀ 40 ਵੀਂ ਵਰ੍ਹੇਗੰਢ ਉੱਤੇ ਬਜ਼ੁਰਗ ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਆਪਣੇ ਦਿਲ ਦਾ ਹਾਲ ਸੁਣਾ ਹੀ ਦਿੱਤਾ ਸੀ ਕਿ ਦੇਸ਼ ਵਿੱਚ ਅੱਜ ਵੀ ਐਮਰਜੈਂਸੀ ਦੇ ਹਾਲਾਤ ਬਣ ਸਕਦੇ ਹਨ। ਅਡਵਾਨੀ ਦਾ ਕਹਿਣਾ ਸੀ ਕਿ ਅੱਜ ਵੀ ਸੰਵਿਧਾਨ ਵਿੱਚ ਅਜਿਹੀ ਕੋਈ ਸਪਸ਼ਟ ਰੋਕ ਨਜ਼ਰ ਨਹੀਂ ਆਉਂਦੀ ਜਿਹੜੀ ਕਿ ਐਮਰਜੈਂਸੀ ਦੇ ਰਾਹ ਵਿੱਚ ਰੁਕਾਵਟ ਬਣ ਸਕੇ। ਭਾਵੇਂ ਕਿ ਮੋਦੀ ਪੱਖੀ ਹਲਕਿਆਂ ਵਿੱਚ ਇਸ ਗੱਲ ਨੂੰ ਅਡਵਾਨੀ ਦੀ ਮੋਦੀ ਖਿਲਾਫ਼ ਭੜਾਸ ਹੀ ਮੰਨਿਆ ਗਿਆ ਸੀ ਪਰ ਫਿਰ ਵੀ ਇਹ ਤਾਂ ਮੰਨਣਾ ਹੀ ਪਏਗਾ ਕਿ ਪਾਰਟੀ ਦੇ ਅੰਦਰ ਮੋਦੀ ਵਿਰੋਧੀ ਲਾਵਾ ਲਗਾਤਾਰ ਉੱਬਲ ਰਿਹਾ ਹੈ।

ਮਹਿੰਗਾਈ ਦੇ ਮੋਰਚੇ ਉੱਤੇ ਭਾਜਪਾ ਸਰਕਾਰ ਵੀ ਪਿਛਲੀ ਕਾਂਗਰਸ ਸਰਕਾਰ ਵਰਗੀ ਹੀ ਸਾਬਤ ਹੋਈ ਹੈ। ਖਾਸ ਕਰਕੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਤਾਂ ਇਸ ਨੇ ਨਵੇਂ ਰਿਕਾਰਡ ਕਾਇਮ ਕਰ ਦਿੱਤੇ ਹਨ। ਰੋਜ਼ਾਨਾ ਜ਼ਿੰਦਗੀ ਦੀਆਂ ਬਾਕੀ ਜ਼ਰੂਰਤਾਂ ਵੀ ਪੂਰੀਆਂ ਕਰਨੀਆਂ ਔਖੀਆਂ ਹੋਈਆਂ ਪਈਆਂ ਹਨ। ਅਫਸੋਸ ਦੀ ਗੱਲ ਹੈ ਕਿ ਅਰੁਣ ਜੇਤਲੀ ਵਿੱਤ ਮੰਤਰੀ ਬਣਨ ਤੋਂ ਪਹਿਲਾਂ, ਕਾਂਗਰਸੀ ਵਿੱਤ ਮੰਤਰੀਆਂ ਦੇ ਖਿਲਾਫ਼ ਤਾਂ ਬਥੇਰਾ ਕੁਝ ਬੋਲ ਲੈਂਦੇ ਸਨ ਪਰ ਆਪਣੀ ਵਾਰੀ ਉਹਨਾਂ ਤੋਂ ਕੋਈ ਕ੍ਰਿਸ਼ਮਾ ਨਹੀਂ ਹੋ ਸਕਿਆ। ਸਮਰਿਤੀ ਇਰਾਨੀ ਅਤੇ ਸੁਸ਼ਮਾ ਸਵਰਾਜ ਵਰਗੀਆਂ ਆਗੂ ਜਿੰਨ੍ਹਾਂ ਨੇ ਕਾਂਗਰਸ ਦੀ ਸਰਕਾਰ ਵੇਲੇ ਮਹਿੰਗਾਈ ਖਿਲਾਫ਼ ਵੱਡੇ-ਵੱਡੇ ਧਰਨੇ ਦਿੱਤੇ ਸਨ ਅਤੇ ਵੰਨ-ਸੁਵੰਨੇ ਬਿਆਨ ਦਾਗੇ ਸਨ, ਹੁਣ ਜਦੋਂ ਉਹ ਸਭ ਕੁਝ ਸੋਸ਼ਲ ਮੀਡੀਆ ਅਤੇ ਟੀਵੀ ਚੈਨਲਾਂ ਰਾਹੀਂ ਲੋਕਾਂ ਦੇ ਸਾਹਮਣੇ ਆ ਰਿਹਾ ਹੈ ਤਾਂ ਇਹਨਾਂ ਨੇਤਾਵਾਂ ਨੂੰ ਮੂੰਹ ਛੁਪਾਉਣਾ ਔਖਾ ਹੋਇਆ ਪਿਆ ਹੈ। ਮੋਦੀ ਦੇ ਭਾਸ਼ਣਾਂ ਵਿੱਚ ਵੀ ਹੁਣ ਪਹਿਲਾਂ ਵਾਲਾ ਜਾਦੂ ਨਜ਼ਰ ਨਹੀਂ ਆਉਂਦਾ। ਆਮ ਲੋਕ ਹੁਣ ਉਸ ਜਾਦੂ ਉੱਤੇ ਮੰਤਰ-ਮੁਗਧ ਨਹੀਂ ਹੋ ਰਹੇ ਬਲਕਿ ਸਵਾਲ ਉਠਾ ਰਹੇ ਹਨ। ‘ਅੱਛੇ ਦਿਨਾਂ’ ਵਾਲਾ ਖਿਆਲੀ ਸੁਪਨਾ ਚਕਨਾਚੂਰ ਹੋ ਚੁੱਕਾ ਹੈ। ਕਾਲੇ ਧਨ ਵਾਲੇ 15-15 ਲੱਖ ਰੁਪਈਆਂ ਦੀ ਹੁਣ ਕਿਸੇ ਨੂੰ ਕੋਈ ਉਡੀਕ ਨਹੀਂ ਰਹੀ। ਨੋਟਬੰਦੀ ਦਾ ਨੁਕਸਾਨ ਕਿਸੇ ਜਮਾਂਖੋਰ ਨੇ ਨਹੀਂ ਬਲਕਿ ਆਮ ਲੋਕਾਂ ਨੇ ਹੀ ਉਠਾਇਆ ਹੈ। ਲੋਕ ਹੁਣ ਸੋਚਣ ਲੱਗ ਪਏ ਹਨ ਕਿ ਦੇਸ਼ ਦਾ ਹਾਕਮ ਭਾਵੇਂ ਚੁੱਪ ਰਹਿਣ ਵਾਲਾ ਹੋਵੇ ਤੇ ਭਾਵੇਂ ਉੱਚੀ-ਉੱਚੀ ਬੋਲਣ ਵਾਲਾ, ਆਮ ਲੋਕਾਂ ਦੀ ਹੋਣੀ ਤਾਂ ਉਹੀ ਰਹਿਣੀ ਹੁੰਦੀ ਹੈ। ਵੱਡੀਆਂ ਤਬਦੀਲੀਆਂ ਰਾਤੋ-ਰਾਤ ਕਦੇ ਵੀ ਨਹੀਂ ਆਉਂਦੀਆਂ, ਇਹਨਾਂ ਵਾਸਤੇ ਤਾਂ ਸਦੀਆਂ ਉਡੀਕ ਕਰਨੀ ਪੈਂਦੀ ਹੈ। ਸਹੀ ਅਰਥਾਂ ਵਿੱਚ ਤਾਂ ਵੱਡੀਆਂ ਤਬਦੀਲੀਆਂ ਵਾਸਤੇ ਨੀਤੀਆਂ ਅਤੇ ਨੀਅਤ, ਦੋਹਾਂ ਦੀ ਹੀ ਲੋੜ ਹੁੰਦੀ ਹੈ। ਅਜਿਹੇ ਹਾਲਾਤ ਵਿੱਚ ਭਾਜਪਾ ਦੇ ਕਿਲੇ ਨੂੰ ਖ਼ਤਰਾ ਤਾਂ ਹੈ ਪਰ ਵਿਰੋਧੀ ਫ਼ੌਜਾਂ ਉਸ ਕਿਲੇ ਨੂੰ ਢਾਹ ਸਕਣਗੀਆਂ ਜਾਂ ਨਹੀਂ ਇਸ ਬਾਰੇ ਕੁਝ ਵੀ ਕਹਿਣਾ ਅਜੇ ਜਲਦਬਾਜ਼ੀ ਹੀ ਹੋਏਗੀ।

ਰਾਣੀ ਪਦਮਿਨੀ – ਕਿੰਨੀ ਇਤਿਹਾਸਕ ਕਿੰਨੀ ਮਿਥਿਹਾਸਕ ?
ਮਸ਼ਹੂਰ ਫਿਲਮ ਡਾਇਰੈਕਟਰ ਸੰਜੇ ਲੀਲਾ ਭੰਸਾਲੀ ਦੀ ਆ ਰਹੀ ਨਵੀਂ ਫਿਲਮ ‘ਪਦਮਾਵਤੀ’ ਬਾਰੇ ਮੌਜੂਦਾ ਵਿਵਾਦ ਦੇ ਬਹੁਤ ਸਾਰੇ ਪੱਖ ਹਨ। ਰਾਜਪੂਤਾਂ ਦੀ ਇੱਕ ਜਥੇਬੰਦੀ ‘ਕਰਨੀ ਸੈਨਾ’ ਵੱਲੋਂ ਇਸਦਾ ਜ਼ੋਰਦਾਰ ਵਿਰੋਧ ਕੀਤਾ ਜਾ ਰਿਹਾ ਹੈ। ਭਾਵੇਂ ਕਿ ਅਜੇ ਤੱਕ ਕਿਸੇ ਨੇ ਵੀ ਉਹ ਫਿਲਮ ਵੇਖੀ ਨਹੀਂ ਹੈ ਪਰ ਵਿਰੋਧ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਫਿਲਮਸਾਜ਼ ਦੀਆਂ ਕੁਝ ਗੱਲਾਂ ਤੋਂ ਸ਼ੱਕ ਹੋਇਆ ਹੈ ਕਿ ਜਰੂਰ ਹੀ ਇਸ ਵਿੱਚ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ। ਚਿਤੌੜ ਦੀ ਰਾਣੀ ਪਦਮਿਨੀ (ਪਦਮਾਵਤੀ) ਜਿਸਨੇ ਦਿੱਲੀ ਸਲਤਨਤ ਦੇ ਬਾਦਸ਼ਾਹ ਅਲਾਉਦੀਨ ਖਿਲਜੀ ਦੀ ਗ਼ੁਲਾਮ ਬਣਨ ਦੀ ਥਾਂ ਮੌਤ ਨੂੰ ਗਲੇ ਲਗਾ ਲਿਆ ਸੀ, ਦਾ ਕਿਰਦਾਰ ਇਸ ਫਿਲਮ ਵਿੱਚ ਦੀਪਿਕਾ ਪਾਦੂਕੋਣ ਵੱਲੋਂ ਨਿਭਾਇਆ ਗਿਆ ਹੈ। ਫਿਲਮ ਵਿੱਚ ਰਾਣੀ ਪਦਮਿਨੀ ਨੂੰ ਘੂਮਰ ਡਾਂਸ ਕਰਦੇ ਵੀ ਵਿਖਾਇਆ ਗਿਆ ਹੈ ਅਤੇ ਡਾਂਸ ਦੌਰਾਨ ਪਹਿਨੀ ਗਈ ਪੁਸ਼ਾਕ ਬਾਰੇ ਵੀ ਵਿਰੋਧੀਆਂ ਦੇ ਇਤਰਾਜ਼ ਹਨ। ਉਹਨਾਂ ਨੂੰ ਇਹ ਵੀ ਸ਼ੱਕ ਹੈ ਕਿ ਅਲਾਉਦੀਨ ਅਤੇ ਪਦਮਿਨੀ ਵਿਚਕਾਰ ਕੋਈ ਸੁਪਨੇ ਦਾ ਦ੍ਰਿਸ਼ ਵੀ ਫਿਲਮਾਇਆ ਹੋ ਸਕਦਾ ਹੈ ਕਿਉਂਕਿ ਅਕਸਰ ਫਿਲਮਸਾਜ਼ ਇਹ ਤਕਨੀਕ ਵਰਤ ਲੈਂਦੇ ਹਨ। ਪਰ ਨਿਰਦੇਸ਼ਕ ਦਾ ਕਹਿਣਾ ਹੈ ਕਿ ਫਿਲਮ ਵਿੱਚ ਰਾਜਪੂਤ ਆਨ ਅਤੇ ਸ਼ਾਨ ਨੂੰ ਪੂਰੇ ਜਾਹੋ-ਜਲਾਲ ਨਾਲ ਵਿਖਾਇਆ ਗਿਆ ਹੈ ਅਤੇ ਫਿਲਮ ਵੇਖਣ ਤੋਂ ਬਿਨਾ ਹੀ ਸ਼ੱਕ ਦੇ ਆਧਾਰ ਉੱਤੇ ਵਿਰੋਧ ਕਰਨਾ ਬਿਲਕੁਲ ਗੈਰ-ਜ਼ਮਹੂਰੀ ਤਰੀਕਾ ਹੈ।

ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਰਾਣੀ ਪਦਮਿਨੀ ਕੋਈ ਇਤਿਹਾਸਕ ਪਾਤਰ ਹੈ ਜਾਂ ਨਹੀਂ, ਇਸ ਬਾਰੇ ਵੀ ਵੱਖ-ਵੱਖ ਇਤਿਹਾਸਕਾਰ ਇੱਕਮੱਤ ਨਹੀਂ ਹਨ, ਸਗੋਂ ਉਹਨਾਂ ਸਾਰਿਆਂ ਦੇ ਆਪੋ-ਆਪਣੇ ਵਿਚਾਰ ਹਨ। ਇਤਿਹਾਸ ਮੁਤਾਬਕ ਚਿਤੌੜਗੜ੍ਹ ਉੱਤੇ ਅਲਾਉਦੀਨ ਖਿਲਜੀ ਨੇ 1303 ਈਸਵੀ ਵਿੱਚ ਕਬਜ਼ਾ ਕੀਤਾ ਸੀ। ਖਿਲਜੀ ਦੇ ਸਮਕਾਲੀ ਇਤਿਹਾਸਕਾਰਾਂ ਅਮੀਰ ਖੁਸਰੋ ਅਤੇ ਜ਼ਿਆਉਦੀਨ ਬਰਨੀ ਨੇ ਕਿਤੇ ਵੀ ਪਦਮਿਨੀ ਨਾਮ ਦੀ ਕਿਸੇ ਰਾਣੀ ਬਾਰੇ ਕੋਈ ਜ਼ਿਕਰ ਨਹੀਂ ਕੀਤਾ। ਇਸੇ ਕਾਰਨ ਆਧੁਨਿਕ ਇਤਿਹਾਸਕਾਰ ਵੀ ਇਸ ਲੜਾਈ ਦਾ ਬਿਆਨ ਕਰਨ ਵੇਲੇ ਰਾਜੇ ਰਤਨ ਸਿੰਘ (ਰਤਨ ਰਾਵਲ) ਦੀ ਪਤਨੀ ਪਦਮਿਨੀ ਦੀ ਹੋਂਦ ਸੰਬੰਧੀ ਤੱਥਾਂ ਦੀ ਘਾਟ ਮਹਿਸੂਸ ਕਰਦੇ ਹਨ। ਉਹ ਰਾਣੀ ਪਦਮਿਨੀ ਨੂੰ ਕਾਲਪਨਿਕ ਪਾਤਰ ਅਤੇ ਉਸਦੀ ਕਹਾਣੀ ਨੂੰ ਮਹਿਜ਼ ਇੱਕ ਦੰਦ-ਕਥਾ ਹੀ ਮੰਨਦੇ ਹਨ। ਮਲਿਕ ਮੁਹੰਮਦ ਜਾਇਸੀ ਇੱਕ ਸੂਫ਼ੀ ਫਕੀਰ ਹੋਇਆ ਹੈ ਜਿਸ ਨੇ ਅਵਧੀ ਭਾਸ਼ਾ ਵਿੱਚ ‘ਪਦਮਾਵਤ’ ਨਾਮ ਦੀ ਇੱਕ ਮਸਨਵੀ (ਕਿੱਸਾ) ਦੀ ਰਚਨਾ ਕੀਤੀ। ਇਸ ਵਿੱਚ ਉਸ ਨੇ ਪਦਮਾਵਤੀ (ਪਦਮਿਨੀ) ਨੂੰ ਚਿਤੌੜ ਦੀ ਰਾਣੀ ਵਜੋਂ ਪੇਸ਼ ਕੀਤਾ ਸੀ। ਖਾਸ ਗੱਲ ਇਹ ਹੈ ਕਿ ਮਲਿਕ ਮੁਹੰਮਦ ਜਾਇਸੀ ਸ਼ੇਰ ਸ਼ਾਹ ਸੂਰੀ ਦਾ ਸਮਕਾਲੀ ਸੀ ਅਰਥਾਤ ਉਹ ਅਲਾਉਦੀਨ ਖਿਲਜੀ ਤੋਂ ਦੋ ਸਦੀਆਂ ਬਾਅਦ ਹੋਇਆ। ਉਸਦੀ ਰਚਨਾ ‘ਪਦਮਾਵਤ’ ਤੋਂ ਪਹਿਲਾਂ ਕਦੇ ਵੀ ਚਿਤੌੜ ਦੀ ਪਦਮਿਨੀ ਜਾਂ ਪਦਮਾਵਤੀ ਨਾਂਅ ਦੀ ਕਿਸੇ ਰਾਣੀ ਅਤੇ ਅਲਾਉਦੀਨ ਖਿਲਜੀ ਦੀ ਇਸ ਕਹਾਣੀ ਬਾਰੇ ਨਾ ਤਾਂ ਕੁਝ ਸੁਣਿਆ ਗਿਆ ਸੀ ਅਤੇ ਨਾ ਹੀ ਲਿਖਿਆ ਗਿਆ ਸੀ। ਇੱਕ ਚੌਹਾਨ ਰਾਜਪੂਤ ਰਾਜੇ ਹਮੀਰਾ ਦਾ ਜ਼ਿਕਰ ਜਰੂਰ ਸੁਣਨ ਨੂੰ ਮਿਲਦਾ ਹੈ ਜਿਸਨੇ ਖਿਲਜੀ ਦਾ ਡਟ ਕੇ ਮੁਕਾਬਲਾ ਕੀਤਾ ਸੀ। ਖਿਲਜੀ ਉਸ ਤੋਂ ਉਸਦੀ ਧੀ ਦਾ ਡੋਲਾ ਮੰਗਦਾ ਸੀ ਪਰ ਉਸਨੇ ਠੋਕ ਕੇ ਜਵਾਬ ਦੇ ਦਿੱਤਾ। ਫਿਰ ਜਦੋਂ ਉਸਦੀ ਫੌਜ ਖਿਲਜੀ ਤੋਂ ਹਾਰ ਗਈ ਤਾਂ ਉਸਦੀ ਧੀ ਅਤੇ ਹੋਰ ਔਰਤਾਂ ਨੇ ਜ਼ਲਾਲਤ ਤੋਂ ਬਚਣ ਲਈ ਜੌਹਰ ਦੀ ਰਸਮ ਨਿਭਾਈ ਅਤੇ ਸਾਰੀਆਂ ਨੇ ਆਪਣੇ ਆਪ ਨੂੰ ਅਗਨ-ਭੇਟ ਕਰ ਦਿੱਤਾ। ਹੋ ਸਕਦਾ ਹੈ ਕਿ ਜਾਇਸੀ ਨੇ ਇਸ ਲੋਕ ਕਥਾ ਤੋਂ ਪ੍ਰਭਾਵਿਤ ਹੋ ਕੇ ਇਸ ਵਿੱਚ ਕੁਝ ਫੇਰਬਦਲ ਕਰ ਕੇ ‘ਪਦਮਾਵਤ’ ਦੀ ਘਾੜਤ ਘੜ ਲਈ ਹੋਵੇ। ਅਕਬਰ ਦੇ ਦਰਬਾਰੀ ਲੇਖਕ ਅਬੁਲ ਫਜ਼ਲ ਨੇ ਵੀ ਇੱਕ ਥਾਂ ਪਦਮਿਨੀ ਦਾ ਜ਼ਿਕਰ ਤਾਂ ਕੀਤਾ ਹੈ ਪਰ ਉਸ ਨੇ ਵੀ ਆਪਣੇ ਜ਼ਿਕਰ ਦਾ ਆਧਾਰ ਜਾਇਸੀ ਦੀ ਰਚਨਾ ‘ਪਦਮਾਵਤ’ ਨੂੰ ਹੀ ਬਣਾਇਆ ਹੈ।

‘ਪਦਮਾਵਤ’ ਵਿਚਲੀ ਕਹਾਣੀ ਅਨੁਸਾਰ ਚਿਤੌੜਗੜ੍ਹ ਦੇ ਰਾਜੇ ਰਤਨ ਸਿੰਘ ਨੂੰ ਸੰਗਲਾਦੀਪ (ਸ੍ਰੀ ਲੰਕਾ) ਦੇ ਰਾਜੇ ਗੰਧਰਵ ਸੇਨ ਦੀ ਧੀ ਪਦਮਾਵਤੀ ਦੇ ਹੁਸਨ ਬਾਰੇ ਇੱਕ ਬੋਲਣ ਵਾਲੇ ਤੋਤੇ ਰਾਹੀਂ ਭਿਣਕ ਪਈ। ਉਹ ਚਿਤੌੜ ਤੋਂ ‘ਸੱਤ ਸਮੁੰਦਰ’ ਪਾਰ ਕਰਕੇ ਸੰਗਲਾਦੀਪ ਪਹੁੰਚਿਆ ਅਤੇ ਕਿਸੇ ਢੰਗ ਨਾਲ ਰਾਜੇ ਨੂੰ ਪ੍ਰਭਾਵਤ ਕਰਕੇ ਪਦਮਾਵਤੀ ਨੂੰ ਵਿਆਹ ਲਿਆਇਆ। ਫਿਰ ਬਾਅਦ ਵਿੱਚ ਰਾਜੇ ਰਤਨ ਸਿੰਘ ਦੇ ਇੱਕ ਬ੍ਰਾਹਮਣ ਦਰਬਾਰੀ ਰਾਘਵ ਚੇਤਨ ਨਾਲ ਰਾਜੇ ਦੀ ਕਿਸੇ ਗੱਲੋਂ ਅਣਬਣ ਹੋ ਗਈ ਜਿਸ ਨੇ ਗੁੱਸਾ ਖਾ ਕੇ ਦਿੱਲੀ ਦੇ ਬਾਦਸ਼ਾਹ ਅਲਾਉਦੀਨ ਖਿਲਜੀ ਨੂੰ ਰਾਜੇ ਖਿਲਾਫ਼ ਜਾ ਭੜਕਾਇਆ। ਨਾਲ ਹੀ ਉਸਨੇ ਰਾਣੀ ਪਦਮਾਵਤੀ ਦੇ ਹੁਸਨ ਦੀ ਤਾਰੀਫ਼ ਕੁਝ ਵੱਧ ਹੀ ਮਸਾਲਾ ਲਗਾ ਕੇ ਕਰ ਦਿੱਤੀ ਜਿਸ ਕਰਕੇ ਖਿਲਜੀ ਪਦਮਾਵਤੀ ਨੂੰ ਵੇਖਣ ਲਈ ਬੇਤਾਬ ਹੋ ਉਠਿਆ ਅਤੇ ਚਿਤੌੜ ਉੱਤੇ ਹਮਲਾ ਕਰ ਦਿੱਤਾ। ਰਤਨ ਸਿੰਘ ਨੇ ਆਪਣੀ ਹਾਰ ਹੁੰਦੀ ਵੇਖ ਕੇ ਖਿਲਜੀ ਨਾਲ ਸਮਝੌਤਾ ਕਰ ਲਿਆ ਅਤੇ ਚਿਤੌੜ ਦੇ ਮਹਿਲ ਵਿੱਚ ਦੋਵਾਂ ਦੀ ਇੱਕ ਸਾਂਝੀ ਬੈਠਕ ਹੋਈ। ਜਦੋਂ ਖਿਲਜੀ ਮਹਿਲ ‘ਚੋਂ ਵਾਪਸ ਮੁੜਨ ਲੱਗਿਆ ਤਾਂ ਉਸਦੀ ਨਜ਼ਰ ਪਦਮਾਵਤੀ ਉੱਤੇ ਪੈ ਗਈ। ਉਸ ਨੇ ਮਹਿਲ ਤੋਂ ਬਾਹਰ ਛੱਡਣ ਆਏ ਰਤਨ ਸਿੰਘ ਨੂੰ ਧੋਖੇ ਨਾਲ ਕੈਦ ਕਰ ਲਿਆ। ਰਤਨ ਸਿੰਘ ਨੂੰ ਕੈਦ ਕਰਕੇ ਉਸ ਨੇ ਰਾਣੀ ਪਦਮਾਵਤੀ ਦੀ ਮੰਗ ਰੱਖ ਦਿੱਤੀ। ਰਾਜਪੂਤ ਯੋਧਿਆਂ ਗੋਰਾ ਅਤੇ ਬਾਦਲ ਨੇ ਖਿਲਜੀ ਨੂੰ ਭਰਮਾਉਣ ਲਈ ਉਹ ਮੰਗ ਮੰਨ ਲਈ ਅਤੇ ਬਹੁਤ ਸਾਰੀਆਂ ਪਾਲਕੀਆਂ ਖਿਲਜੀ ਦੇ ਕੈਂਪ ਵਿੱਚ ਭੇਜ ਦਿੱਤੀਆਂ ਅਤੇ ਕਿਹਾ ਕਿ ਉਹਨਾਂ ਵਿੱਚੋਂ ਇੱਕ ਪਾਲਕੀ ਵਿੱਚ ਪਦਮਾਵਤੀ ਹੈ। ਪਰ ਅਸਲ ਵਿੱਚ ਬਹੁਤੀਆਂ ਪਾਲਕੀਆਂ ਵਿੱਚ ਰਾਜਪੂਤ ਲੜਾਕੂ ਸਨ ਜਿੰਨ੍ਹਾਂ ਨੇ ਖਿਲਜੀ ਦੇ ਕੈਂਪ ਵਿੱਚ ਭਾਜੜ ਮਚਾ ਦਿੱਤੀ ਅਤੇ ਰਤਨ ਸਿੰਘ ਨੂੰ ਛੁਡਾ ਕੇ ਲੈ ਗਏ। ਰਤਨ ਸਿੰਘ ਦੀ ਗੈਰ-ਹਾਜ਼ਰੀ ਵਿੱਚ ਪਿੱਛੋਂ ਗੁਆਂਢੀ ਰਾਜ ਕੁੰਭਲਗੜ੍ਹ ਦੇ ਰਾਜੇ ਦੇਵਪਾਲ ਨੇ ਪਦਮਾਵਤੀ ਅੱਗੇ ਵਿਆਹ ਦੀ ਮੰਗ ਰੱਖ ਦਿੱਤੀ। ਵਾਪਸ ਆ ਕੇ ਰਤਨ ਸਿੰਘ ਉਸ ਰਾਜੇ ਨਾਲ ਖਹਿਬੜ ਪਿਆ ਅਤੇ ਲੜਾਈ ਵਿੱਚ ਦੋਵੇਂ ਰਾਜੇ ਇਕੱਠੇ ਹੀ ਮਾਰੇ ਗਏ। ਇਸ ਦੇ ਨਤੀਜੇ ਵਜੋਂ ਰਤਨ ਸਿੰਘ ਦੀਆਂ ਦੋਵੇਂ ਰਾਣੀਆਂ ਨਾਗਮਤੀ ਅਤੇ ਪਦਮਾਵਤੀ ਸਤੀ ਹੋ ਗਈਆਂ। ਜਦੋਂ ਤੱਕ ਖਿਲਜੀ ਆਪਣੀਆਂ ਫੌਜਾਂ ਲੈ ਕੇ ਹਮਲਾ ਕਰਨ ਲਈ ਪਹੁੰਚਿਆ ਤਾਂ ਸਭ ਕੁਝ ਖ਼ਤਮ ਹੋ ਚੁੱਕਾ ਸੀ।

ਜਾਇਸੀ ਨੇ ਖੁਦ ਹੀ ਆਪਣੀ ਰਚਨਾ ਦੇ ਅਖੀਰ ਵਿੱਚ ਮੰਨਿਆ ਹੈ ਕਿ ਪਦਮਾਵਤ ਉਸਦੀ ਕਲਪਨਾ ਦੀ ਕਹਾਣੀ ਹੈ। ਪਰ ਜੇਕਰ ਜਾਇਸੀ ਨੇ ਨਾ ਵੀ ਮੰਨਿਆ ਹੁੰਦਾ ਤਾਂ ਫੇਰ ਵੀ ਸਾਡੇ ਕੋਲ ਹੋਰ ਕਈ ਪ੍ਰਮਾਣ ਮੌਜੂਦ ਹਨ ਜਿਹੜੇ ਇਸ ਕਹਾਣੀ ਦੇ ਕਾਲਪਨਿਕ ਹੋਣ ਵੱਲ ਇਸ਼ਾਰਾ ਕਰਦੇ ਹਨ। ਇਸ ਵਿੱਚ ਬਹੁਤ ਸਾਰੀਆਂ ਅਜਿਹੀਆਂ ਕਮੀਆਂ ਹਨ ਜਿਹੜੀਆਂ ਇਸ ਨੂੰ ਇੱਕ ਇਤਿਹਾਸਿਕ ਕਹਾਣੀ ਦੇ ਰੂਪ ਵਿੱਚ ਖਾਰਜ ਕਰਦੀਆਂ ਹਨ। ਇਹ ਰਚਨਾ 1540 ਈਸਵੀ ਅਰਥਾਤ ਖਿਲਜੀ ਦੀ ਚਿਤੌੜ ਮੁਹਿੰਮ ਤੋਂ 237 ਸਾਲ ਬਾਅਦ ਪੂਰੀ ਹੋਈ, ਇਸ ਲਈ ਇਹ ਕਿਸੇ ਦੰਦ-ਕਥਾ ਉੱਤੇ ਆਧਾਰਿਤ ਵੀ ਹੋ ਸਕਦੀ ਹੈ। ਸ੍ਰੀ ਲੰਕਾ ਦੇ ਇਤਿਹਾਸ ਵਿੱਚ ਅਲਾਉਦੀਨ ਖਿਲਜੀ ਦਾ ਸਮਕਾਲੀ ਗੰਧਰਵ ਸੇਨ ਨਾਂਅ  ਦਾ ਕੋਈ ਰਾਜਾ ਹੋਇਆ ਹੀ ਨਹੀਂ ਅਤੇ ਨਾ ਹੀ ਚਿਤੌੜਗੜ੍ਹ (ਰਾਜਸਥਾਨ)  ਤੋਂ ਸ੍ਰੀ ਲੰਕਾ ਤੱਕ ਕੋਈ ਸੱਤ ਸਮੁੰਦਰ ਆਉਂਦੇ ਹਨ। ਰਾਜਾ ਰਤਨ ਸਿੰਘ ਚਿਤੌੜ ਦਾ ਰਾਜਾ 1301 ਈਸਵੀ ਵਿੱਚ ਬਣਿਆ ਮੰਨਿਆ ਜਾਂਦਾ ਹੈ ਅਤੇ 1303 ਈਸਵੀ ਵਿੱਚ ਖਿਲਜੀ ਨੇ ਉੱਥੇ ਹਮਲਾ ਕਰ ਦਿੱਤਾ। ਪਰ ‘ਪਦਮਾਵਤ’ ਦੀ ਕਹਾਣੀ ਇਹ ਕਹਿੰਦੀ ਹੈ ਕਿ ਰਤਨ ਸਿੰਘ  ਅਤੇ ਪਦਮਿਨੀ ਨੇ ਰਾਜਾ-ਰਾਣੀ ਦੇ ਰੂਪ ਵਿੱਚ 8 ਸਾਲ ਬਿਤਾਏ। ਇੰਜ ਹੀ ਪਾਲਕੀਆਂ ਵਿੱਚ ਆਪਣੇ ਲੜਾਕੂ ਸਿਪਾਹੀ ਭੇਜਣ ਵਾਲੀ ਕਹਾਣੀ ਵੀ ਰੋਹਤਾਸ ਦੇ ਕਿਲੇ ਵਾਲੀ ਕਹਾਣੀ ਤੋਂ ਪ੍ਰੇਰਿਤ ਹੋ ਕੇ ਲਿਖੀ ਗਈ ਲੱਗਦੀ ਹੈ। ਰੋਹਤਾਸ ਦੇ ਕਿਲੇ ਵਾਲੀ ਘਟਨਾ 1539 ਈਸਵੀ ਵਿੱਚ ਵਾਪਰੀ ਸੀ ਜਿਸ ਵਿੱਚ ਸ਼ੇਰ ਸ਼ਾਹ ਸੂਰੀ ਨੇ ਰੋਹਤਾਸ ਦੇ ਹਿੰਦੂ ਰਾਜੇ ਨੂੰ ਧੋਖੇ ਨਾਲ ਆਪਣੇ ਜਾਲ ਵਿੱਚ ਫਸਾਇਆ ਸੀ। ਜਦੋਂ ਸ਼ੇਰ ਸ਼ਾਹ ਸੂਰੀ ਹਮਾਯੂੰ ਨਾਲ ਜੰਗ ਲੜ ਰਿਹਾ ਸੀ ਤਾਂ ਉਸਨੂੰ ਕਿਤੇ ਆਰਜ਼ੀ ਠਾਹਰ ਬਣਾਉਣ ਲਈ ਇੱਕ ਕਿਲੇ ਦੀ ਲੋੜ ਸੀ। ਉਸ ਨੇ ਚਲਾਕੀ ਨਾਲ ਰੋਹਤਾਸ ਦੇ ਹਿੰਦੂ ਸ਼ਾਸਕ ਨੂੰ ਮਨਾ ਲਿਆ ਕਿ ਉਸਦੀ ਫੌਜ ਦੀਆਂ ਔਰਤਾਂ, ਬੱਚਿਆਂ ਅਤੇ ਖਜ਼ਾਨੇ ਦੀ ਸੰਭਾਲ ਲਈ ਉਸ ਨੂੰ ਕੁਝ ਦੇਰ ਲਈ ਕਿਲੇ ਵਿੱਚ ਸ਼ਰਨ ਚਾਹੀਦੀ ਹੈ ਤਾਂ ਜੋ ਉਹ ਬੇਫਿਕਰ ਹੋ ਕੇ ਦੂਰ ਬੰਗਾਲ ਵਿੱਚ ਹਮਾਯੂੰ ਨਾਲ ਲੜ ਸਕੇ। ਰੋਹਤਾਸ ਦਾ ਹਾਕਮ ਲਾਲਚ ਅਤੇ ਵਿਸ਼ਵਾਸ ਵਿੱਚ ਆ ਗਿਆ। ਸੂਰੀ ਨੇ ਆਪਣੀਆਂ ਔਰਤਾਂ ਅਤੇ ਬੱਚਿਆਂ ਨੂੰ ਪਾਲਕੀਆਂ ਵਿੱਚ ਬਿਠਾ ਕੇ ਕਿਲੇ ਅੰਦਰ ਪਹੁੰਚਾਉਣਾ ਸ਼ੁਰੂ ਕਰ ਦਿੱਤਾ। ਪਰ ਪਹਿਲੀਆਂ ਕੁਝ ਪਾਲਕੀਆਂ ਵਿੱਚ ਹੀ ਔਰਤਾਂ ਅਤੇ ਬੱਚੇ ਸਨ ਅਤੇ ਉਸ ਤੋਂ ਬਾਅਦ ਬੰਦ ਪਾਲਕੀਆਂ ਦੀ ਆੜ ਵਿੱਚ ਆਪਣੇ ਅਫ਼ਗਾਨ ਲੜਾਕੂ ਕਿਲੇ ਅੰਦਰ ਦਾਖ਼ਲ ਕਰ ਦਿੱਤੇ ਜਿੰਨ੍ਹਾਂ ਨੇ ਕਿਲੇ ਉੱਤੇ ਕਬਜ਼ਾ ਕਰ ਲਿਆ ਅਤੇ ਹਿੰਦੂ ਸ਼ਾਸਕ ਨੂੰ ਕਿਲਾ ਛੱਡ ਕੇ ਦੌੜਨ ਲਈ ਮਜ਼ਬੂਰ ਕਰ ਦਿੱਤਾ। ਬਿਲਕੁਲ ਇਸੇ ਤਰਾਂ ਦੀ ਹੀ ਪਾਲਕੀਆਂ ਦੀ ਕਹਾਣੀ ਜਾਇਸੀ ਨੇ ‘ਪਦਮਾਵਤ’ ਵਿੱਚ ਪੇਸ਼ ਕੀਤੀ ਹੈ।

ਇੰਜ, ਰਾਣੀ ਪਦਮਿਨੀ ਦੀ ਕਹਾਣੀ ਦੀ ਇਤਿਹਾਸਕ ਪ੍ਰਮਾਣਿਕਤਾ ਹੀ ਅਜੇ ਤੱਕ ਇੱਕ ਬਹਿਸ ਦਾ ਵਿਸ਼ਾ ਹੈ। ਉਹ ਖ਼ੁਦ ਹੀ ਇੱਕ ਕਾਲਪਨਿਕ ਕਹਾਣੀ (ਮਸਨਵੀ) ਦੀ ਪਾਤਰ ਹੈ। ਪਰ ਇਹ ਵੀ ਸੱਚ ਹੈ ਕਿ ਭਾਰਤ ਵਿੱਚ ਬਹੁਤ ਸਾਰੀਆਂ ਕਹਾਣੀਆਂ ਮਿਥਿਹਾਸ ਅਤੇ ਇਤਿਹਾਸ ਦੀਆਂ ਗੁੰਝਲਾਂ ਵਿੱਚ ਫਸੀਆਂ ਹੋਈਆਂ ਮਿਲਦੀਆਂ ਹਨ। ਸਾਨੂੰ ਇਹ ਵੀ ਵੇਖਣ ਦੀ ਲੋੜ ਹੈ ਕਿ ਜੇਕਰ ਉਹਨਾਂ ਕਹਾਣੀਆਂ ਦੇ ਪਾਤਰ ਸਾਡੀ ਮਾਣਯੋਗ ਵਿਰਾਸਤ ਦਾ ਹਿੱਸਾ ਹਨ ਤਾਂ ਸਾਨੂੰ ਉਹਨਾਂ ਦੇ ਅਕਸ ਉੱਤੇ ਚੋਟ ਪਹੁੰਚਾਉਣ ਤੋਂ ਵੀ ਬਚਣ ਦੀ ਲੋੜ ਹੈ। ਭਾਵੇਂ ਕਿ ਅੱਜ ਸਾਡਾ ਸਮਾਜ ਜੌਹਰ ਵਰਗੀ ਪ੍ਰਥਾ ਨੂੰ ਨਕਾਰ ਚੁੱਕਾ ਹੈ ਪਰ ਉਹ ਵੀ ਇੱਕ ਸਮਾਂ ਸੀ ਜਦੋਂ ਸਾਡੀਆਂ ਔਰਤਾਂ ਸਵੈਮਾਣ ਦੀ ਬਹਾਲੀ ਲਈ ਜੌਹਰ ਦੀ ਪ੍ਰਥਾ ਨਾਲ ਆਪਣੇ ਆਪ ਨੂੰ ਕੁਰਬਾਨ ਕਰ ਦਿੰਦੀਆਂ ਸਨ। ਇਹ ਸਾਡੀ ਵਿਰਾਸਤ ਹੈ ਅਤੇ ਅਸੀਂ ਇਸ ਨੂੰ ਬਦਲ ਨਹੀਂ ਸਕਦੇ। ਉਮੀਦ ਕਰਨੀ ਚਾਹੀਦੀ ਹੈ ਕਿ ਫਿਲਮਸਾਜ਼ ਨੇ ਆਪਣੀ ਫਿਲਮ ਵਿੱਚ ਇਹਨਾਂ ਗੱਲਾਂ ਦਾ ਧਿਆਨ ਜਰੂਰ ਹੀ ਰੱਖਿਆ ਹੋਏਗਾ। ਇਸ ਲਈ ਕਿਸੇ ਆਉਣ ਵਾਲੀ ਫਿਲਮ ਬਾਰੇ ਆਪਣੇ ਵੱਲੋਂ ਹੀ ਕਿਆਫ਼ੇ ਲਗਾ ਕੇ ਬਿਨਾ ਸੋਚੇ ਸਮਝੇ ਉਸਦਾ ਵਿਰੋਧ ਕਰਨਾ ਵੀ ਇੱਕ ਹੱਠੀ ਮਾਨਸਿਕਤਾ ਹੀ ਹੈ। ਅਜਿਹੀ ਪਿਛਾਂਹ-ਖਿੱਚੂ ਮਾਨਸਿਕਤਾ ਲੋਕ ਰਾਜੀ ਕਦਰਾਂ ਕੀਮਤਾਂ ਨੂੰ ਢਾਹ ਲਗਾਉਂਦੀ ਹੈ।