ਦੱਖਣੀ ਚੀਨ ਸਾਗਰ : ਦੋਸਤੀਆਂ-ਦੁਸ਼ਮਣੀਆਂ ਦੇ ਨਵੇਂ ਸਮੀਕਰਣ

ਦੱਖਣੀ ਚੀਨ ਸਾਗਰ ਦੇ ਮਾਮਲੇ ਵਿੱਚ, ਚੀਨ ਅਤੇ ਅਮਰੀਕਾ ਇਹਨੀਂ ਦਿਨੀਂ ਫਿਰ ਆਹਮੋ-ਸਾਹਮਣੇ ਹੁੰਦੇ ਨਜ਼ਰ ਆ ਰਹੇ ਹਨ। ਅਮਰੀਕਾ ਦਾ ਦੋਸ਼ ਹੈ ਕਿ ਚੀਨ ਇਸ ਇਲਾਕੇ ਉੱਤੇ ਨਜਾਇਜ਼ ਕਬਜ਼ਾ ਕਰਨ ਲਈ ਇਸ ਦਾ ਫ਼ੌਜੀਕਰਣ ਕਰ ਰਿਹਾ ਹੈ। ਦੂਜੇ ਪਾਸੇ ਚੀਨ ਦਾ ਤਰਕ ਹੈ ਕਿ ਇਹ ਉਸਦਾ ਅਤੇ ਉਸਦੇ ਗੁਆਂਢੀਆਂ ਦਾ ਆਪਸੀ ਮਾਮਲਾ ਹੈ ਅਤੇ ਅਮਰੀਕਾ ਖਾਹਮਖ਼ਾਹ ਹੀ ਟੰਗ ਅੜਾ ਰਿਹਾ ਹੈ।

ਦੱਖਣੀ ਚੀਨ ਸਾਗਰ, ਉਹ ਸਮੁੰਦਰੀ ਇਲਾਕਾ ਹੈ ਜੋ ਦੁਨੀਆਂ ਦੇ ਸਭ ਤੋਂ ਵੱਡੇ ਮਹਾਂਸਾਗਰ, ਪ੍ਰਸ਼ਾਂਤ ਮਹਾਂਸਾਗਰ ਦਾ ਹੀ ਇੱਕ ਹਿੱਸਾ ਹੈ। ਇਹ ਚੀਨ ਦੇ ਦੱਖਣ ਵਿੱਚ, ਵੀਅਤਨਾਮ ਦੇ ਪੂਰਬ ਵਿੱਚ, ਫਿਲੀਪੀਨਜ਼ ਦੇ ਪੱਛਮ ਵਿੱਚ ਅਤੇ ਬਰੂਨੇਈ ਦੇ ਉੱਤਰ ਵਿੱਚ ਪੈਂਦਾ ਹੈ। ਇਸ ਵਿੱਚ ਕੋਈ 250 ਦੇ ਕਰੀਬ ਸਮੁੰਦਰੀ ਟਾਪੂ ਹਨ ਪਰ ਬਹੁਤਿਆਂ ਵਿੱਚ ਇਨਸਾਨ ਦਾ ਵਾਸਾ ਨਹੀਂ ਹੈ। ਚੀਨ ਇਸ ਇਲਾਕੇ ਦੀ ਸਭ ਤੋਂ ਵੱਡੀ ਰਾਜਨੀਤਕ ਤਾਕਤ ਹੋਣ ਕਰਕੇ ਇਸ ਪੂਰੇ ਸਮੁੰਦਰ ਉੱਤੇ ਆਪਣਾ ਅਧਿਕਾਰ ਸਮਝਦਾ ਹੈ। ਪਰ ਵੀਅਤਨਾਮ, ਫਿਲੀਪੀਨਜ਼, ਤਾਈਵਾਨ, ਮਲੇਸ਼ੀਆ, ਬਰੂਨੇਈ ਅਤੇ ਇੰਡੋਨੇਸ਼ੀਆ ਵਰਗੇ ਦੇਸ਼ ਚੀਨ ਦੇ ਇਸ ਦਾਅਵੇ ਨੂੰ ਸਖਤੀ ਨਾਲ ਖਾਰਜ ਕਰਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਇਹ ਖੁੱਲਾ ਸਮੁੰਦਰ ਹੋਣ ਕਰਕੇ ਸਾਰਿਆਂ ਦਾ ਸਾਂਝਾ ਹੈ ਅਤੇ ਆਪੋ-ਆਪਣੀਆਂ ਸਰਹੱਦਾਂ ਦੇ ਨੇੜਲੇ ਇਲਾਕਿਆਂ ਵਿੱਚ ਸਾਰੇ ਦੇਸ਼ਾਂ ਨੂੰ ਆਪੋ-ਆਪਣੇ ਅਧਿਕਾਰ ਹੋਣੇ ਚਾਹੀਦੇ ਹਨ। ਜਾਪਾਨ ਅਤੇ ਦੱਖਣੀ ਕੋਰੀਆ ਵਰਗੇ ਦੇਸ਼ ਵੀ ਚੀਨ ਦੀ ਧੌਂਸ ਮੰਨਣ ਨੂੰ ਤਿਆਰ ਨਹੀਂ ਹਨ। ਅਮਰੀਕਾ ਦਾ ਭਾਵੇਂ ਇਸ ਇਲਾਕੇ ਨਾਲ ਸਿੱਧਾ ਸੰਬੰਧ ਨਹੀਂ ਹੈ ਪਰ ਇਸ ਇਲਾਕੇ ਦੇ ਦੇਸ਼ਾਂ ਨਾਲ ਉਸਦੇ ਆਰਥਿਕ ਅਤੇ ਰਣਨੀਤਕ ਸੰਬੰਧ ਹੋਣ ਕਾਰਨ ਉਹ ਵੀ ਇਸ ਇਲਾਕੇ ਵਿੱਚ ਚੀਨ ਨੂੰ ਖੁੱਲ ਦੇਣ ਨੂੰ ਤਿਆਰ ਨਹੀਂ ਹੈ। ਇਸੇ ਲਈ ਇਹ ਇਲਾਕਾ ਇਹਨਾਂ ਸਾਰੇ ਦੇਸ਼ਾਂ ਵਿੱਚ ਝਗੜਿਆਂ ਦੀ ਮੂਲ ਜੜ੍ਹ ਹੈ।

ਦੱਖਣੀ ਚੀਨ ਸਾਗਰ ਦੇ ਝਗੜਿਆਂ ਦਾ ਮੁੱਖ ਕਾਰਨ ‘ਇੱਕ ਅਨਾਰ ਅਤੇ ਸੌ ਬੀਮਾਰ’ ਵਾਲਾ ਹੀ ਹੈ। ਇਸ ਸਮੁੰਦਰ ਦੇ ਹੇਠਾਂ ਅਤੇ ਇਸਦੇ ਟਾਪੂਆਂ ਉੱਤੇ ਬਹੁਤ ਸਾਰਾ ਤੇਲ ਅਤੇ ਕੁਦਰਤੀ ਗੈਸ ਹੋਣ ਦੀ ਸੰਭਾਵਨਾ ਹੈ। ਚੀਨ ਦੇ ਮੁਤਾਬਕ ਇੱਥੇ 200 ਅਰਬ ਬੈਰਲ ਤੋਂ ਵੱਧ ਦੇ ਤੇਲ ਦੇ ਭੰਡਾਰ ਹੋ ਸਕਦੇ ਹਨ। ਇਸੇ ਤਰਾਂ ਇੱਕ ਅਮਰੀਕੀ ਏਜੰਸੀ ਮੁਤਾਬਕ ਇੱਥੇ 9000 ਖਰਬ ਘਣ ਫੁੱਟ ਕੁਦਰਤੀ ਗੈਸ ਦੇ ਭੰਡਾਰ ਹਨ ਜੋ ਕਿ ਕਤਰ ਦੇ ਕੁੱਲ ਭੰਡਾਰਾਂ ਦੇ ਬਰਾਬਰ ਹਨ। ਭਾਵੇਂ ਕਿ ਇਹ ਦੋਵੇਂ ਅੰਕੜੇ ਬਹੁਤੇ ਵਿਸ਼ਵਾਸਯੋਗ ਨਹੀਂ ਲੱਗਦੇ ਪਰ ਫਿਰ ਵੀ ਇਹ ਤਾਂ ਸਾਫ਼ ਹੈ ਕਿ ਇੱਥੇ ਬਹੁਤ ਵੱਡੇ ਖਜ਼ਾਨੇ ਸਮੁੰਦਰ ਹੇਠ ਦਫ਼ਨ ਹਨ। ਇਸ ਤੋਂ ਇਲਾਵਾ ਇਹ ਬਹੁਤ ਵੱਡਾ ਸਮੁੰਦਰੀ ਲਾਂਘਾ ਹੈ ਅਤੇ ਦੁਨੀਆ ਦੇ ਕੁੱਲ ਸਮੁੰਦਰੀ ਵਪਾਰ ਦਾ ਤਕਰੀਬਨ ਇੱਕ ਤਿਹਾਈ ਵਪਾਰ ਇਸੇ ਰਸਤੇ ਰਾਹੀਂ ਹੀ ਹੁੰਦਾ ਹੈ। ਹਰ ਸਾਲ ਕੋਈ 50 ਖਰਬ ਡਾਲਰ ਤੋਂ ਵੱਧ ਦਾ ਵਪਾਰ ਇਸ ਰਸਤੇ ਰਾਹੀਂ ਗੁਜ਼ਰਦਾ ਹੈ। ਭਾਰਤ ਦਾ ਜਾਪਾਨ, ਕੋਰੀਆ, ਚੀਨ, ਵੀਅਤਨਾਮ ਅਤੇ ਹੋਰ ਦੱਖਣ-ਪੂਰਬੀ ਦੇਸ਼ਾਂ ਨਾਲ 55 ਫੀਸਦੀ ਸਮੁੰਦਰੀ ਵਪਾਰ ਇੱਥੋਂ ਹੀ ਲੰਘਦਾ ਹੈ। ਇਸ ਤਰਾਂ ਇਹ ਸੰਸਾਰ ਦੇ ਸਭ ਤੋਂ ਵੱਧ ਵਰਤੋਂਯੋਗ ਸਮੁੰਦਰੀ ਲਾਂਘਿਆਂ ਵਿਚੋਂ ਇੱਕ ਹੈ। ਇਥੋਂ ਲੰਘਣ ਵਾਲਾ ਵਪਾਰ ਸਵੇਜ ਨਹਿਰ ਵਿੱਚੋਂ ਲੰਘਣ ਵਾਲੇ ਵਪਾਰ ਨਾਲੋਂ ਤਿੰਨ ਗੁਣਾ ਅਤੇ ਪਾਨਾਮਾ ਨਹਿਰ ਵਿਚੋਂ ਲੰਘਣ ਵਾਲੇ ਵਪਾਰ ਨਾਲੋਂ ਪੰਜ ਗੁਣਾ ਵੱਧ ਹੈ। ਇਸ ਕਾਰਨ ਹਰ ਵੱਡੀ ਤਾਕਤ ਇਸ ਇਲਾਕੇ ਵਿੱਚ ਆਪਣਾ ਦਬਦਬਾ ਬਣਾ ਕੇ ਰੱਖਣਾ ਚਾਹੁੰਦੀ ਹੈ।

ਇਸ ਇਲਾਕੇ ਦੇ ਟਾਪੂਆਂ ਉੱਤੇ ਕਬਜ਼ੇ ਨੂੰ ਲੈ ਕੇ ਚੀਨ ਅਤੇ ਹੋਰ ਛੋਟੇ ਦੇਸ਼ ਆਹਮੋ-ਸਾਹਮਣੇ ਹੋਏ ਰਹਿੰਦੇ ਹਨ। ਸਭ ਤੋਂ ਵੱਧ ਝਗੜਾ ਸਪਰੈਟਲੀ ਟਾਪੂਆਂ ਦਾ ਹੈ। ਫਿਲੀਪੀਨਜ਼ ਦਾ ਇਹ ਦਾਅਵਾ ਰਿਹਾ ਹੈ ਕਿ ਇਹ ਟਾਪੂ ਉਸਦੇ ਨੇੜੇ ਹੋਣ ਕਰਕੇ ਉਸਦੇ ਹਨ ਪਰ ਚੀਨ ਦੇ ਦਾਅਵੇ ਮੁਤਾਬਕ ਫਿਲੀਪੀਨਜ਼ ਨੇ ਇਹਨਾਂ ਟਾਪੂਆਂ ਉੱਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਹੈਨਾਨ, ਪੈਰਾਸੈੱਲ, ਕਾਮਸਾਨ ਅਤੇ ਵੁੱਡੀ ਆਦਿ ਬਾਰੇ ਝਗੜਾ ਵੀ ਪ੍ਰਮੁੱਖ ਹੈ। ਚੀਨ ਇਸ ਮਾਮਲੇ ਵਿੱਚ ਅਮਰੀਕੀ ਵਿਚੋਲਗੀ ਪਸੰਦ ਨਹੀਂ ਕਰਦਾ ਪਰ ਅਮਰੀਕਾ ਨੇ ਇਸ ਇਲਾਕੇ ਦੇ ਬਹੁਤ ਸਾਰੇ ਛੋਟੇ ਦੇਸ਼ਾਂ ਨੂੰ ਆਪਣੇ ਨਾਲ ਗੰਢਿਆ ਹੋਇਆ ਹੈ। ਉਸ ਨੇ ਏਸ਼ੀਆ ਵਿੱਚ ਹੁਣ ਤੱਕ ਸਭ ਤੋਂ ਵੱਧ ਧਿਆਨ ਜਾਪਾਨ, ਤਾਈਵਾਨ ਅਤੇ ਫਿਲੀਪੀਨਜ਼ ਦਾ ਹੀ ਰੱਖਿਆ ਹੈ। ਦਸ ਦੇਸ਼ਾਂ ਦਾ ਆਸੀਆਨ ਸਮੂਹ ਜਿਸ ਵਿੱਚ ਚੀਨ ਅਤੇ ਤਾਈਵਾਨ ਤੋਂ ਬਿਨਾ, ਦੱਖਣੀ ਚੀਨ ਸਾਗਰ ਦੇ ਬਾਕੀ ਸਾਰੇ ਭਾਈਵਾਲ ਮੈਂਬਰ ਸ਼ਾਮਲ ਹਨ, ਨੇ ਵੀ ਕੋਡ ਆਫ਼ ਕੰਡਕਟ ਬਣਾ ਕੇ 2002 ਵਿੱਚ ਇਸ ਝਗੜੇ ਨੂੰ ਨਿਬੇੜਨ ਦੀ ਕੋਸ਼ਿਸ਼ ਕੀਤੀ ਸੀ ਪਰ ਕਾਮਯਾਬੀ ਨਾ ਮਿਲ ਸਕੀ। ਭਾਰਤ ਅਤੇ ਵੀਅਤਨਾਮ ਦੀਆਂ ਕੰਪਨੀਆਂ ਨੇ ਜਦੋਂ ਇੱਥੇ ਤੇਲ ਖਨਣ ਦਾ ਕੰਮ ਸ਼ੁਰੂ ਕੀਤਾ ਤਾਂ ਚੀਨ ਨੇ ਇਹ ਕਹਿਕੇ ਸਖਤ ਵਿਰੋਧ ਕੀਤਾ ਕਿ ਇਹ ਉਸਦਾ ਇਲਾਕਾ ਹੈ ਨਾ ਕਿ ਵੀਅਤਨਾਮ ਦਾ।  ਇਸੇ ਲਈ ਭਾਰਤ ਨੂੰ ਵੀ ਸਪਸ਼ਟ ਕਰਨਾ ਪਿਆ ਕਿ ਉਸ ਦੇ ਇਸ ਇਲਾਕੇ ਵਿੱਚ ਸਿਰਫ ਵਪਾਰਕ ਹਿੱਤ ਹਨ ਅਤੇ ਉਹ ਕੋਈ ਰਣਨੀਤਕ ਖੇਡ ਨਹੀਂ ਖੇਡ ਰਿਹਾ। ਭਾਰਤ ਨੇ ਇਹ ਵੀ ਕਿਹਾ ਕਿ ਉਹ ਇੱਥੇ ਅੰਤਰਰਾਸ਼ਟਰੀ ਕਾਨੂੰਨਾਂ ਤਹਿਤ ਹੀ ਕੰਮ ਕਰ ਰਿਹਾ ਹੈ ਅਤੇ ਉਸਦਾ ਕੰਮ ਕਿਸੇ ਵੀ ਤਰਾਂ ਚੀਨ ਦੀ ਕਥਿਤ ‘ਸਟਰਿੰਗ ਆਫ਼ ਪਰਲਜ਼’ ਨੀਤੀ ਦਾ ਜਵਾਬ ਨਹੀਂ ਹੈ।

ਪਰ ਪਿਛਲੇ ਕੁਝ ਸਮੇਂ ਵਿੱਚ ਦੱਖਣੀ ਚੀਨ ਸਾਗਰ ਵਿੱਚ ਕੁਝ ਖ਼ਾਸ ਤਬਦੀਲੀਆਂ ਵੀ ਵੇਖਣ ਨੂੰ ਮਿਲ ਰਹੀਆਂ ਹਨ। ਇਹਨਾਂ ਵਿੱਚੋਂ ਪ੍ਰਮੁੱਖ ਘਟਨਾਕ੍ਰਮ ਇਹ ਹੈ ਕਿ ਫਿਲੀਪੀਨਜ਼ ਵਰਗਾ ਦੇਸ਼ ਹੁਣ ਅਮਰੀਕਾ ਦਾ ਪਹਿਲਾਂ ਵਰਗਾ ਸਾਥੀ ਅਤੇ ਚੀਨ ਦਾ ਪਹਿਲਾਂ ਵਰਗਾ ਵਿਰੋਧੀ ਨਹੀਂ ਰਿਹਾ। ਬੀਤੇ ਸਮੇਂ ਵਿੱਚ ਤਾਂ ਇੱਕ ਸਮਾਂ ਉਹ ਵੀ ਆਇਆ ਸੀ ਜਦੋਂ ਫਿਲੀਪੀਨਜ਼ ਨੇ ਅਮਰੀਕਾ ਦਾ ਇੱਕ ਸੂਬਾ ਹੀ ਬਣਨ ਬਾਰੇ ਸੋਚ ਲਿਆ ਸੀ। ਪਰ ਹੁਣ ਉਸ ਨੇ ਅਮਰੀਕਾ ਨੂੰ ਡਰਾਮੇਬਾਜ਼ ਅਤੇ ਝੂਠਾ ਤੱਕ ਕਹਿ ਦਿੱਤਾ ਹੈ ਜੋ ਕਿ ਛੋਟੇ ਦੇਸ਼ਾਂ ਨੂੰ ਆਪਣੇ ਹਿੱਤਾਂ ਲਈ ਵਰਤ ਰਿਹਾ ਹੈ। ਪਿਛਲੇ ਕੁਝ ਸਾਲਾਂ ਵਿੱਚ ਫਿਲੀਪੀਨਜ਼ ਵੱਲੋਂ ਇਸ ਇਲਾਕੇ ਵਿੱਚ ਨਸ਼ਿਆਂ ਦੀ ਤਸਕਰੀ ਖ਼ਤਮ ਕਰਨ ਲਈ ਬਹੁਤ ਵੱਡੀ ਮੁਹਿੰਮ ਚਲਾਈ ਗਈ ਹੈ। ਇਸ ਦੇ ਤਹਿਤ ਹਜ਼ਾਰਾਂ ਨਸ਼ੇ ਦੇ ਸੌਦਾਗਰਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾ ਚੁੱਕੀ ਹੈ। ਉਸ ਦਾ ਦੋਸ਼ ਹੈ ਕਿ ਅਮਰੀਕਾ ਨੇ ਗ਼ੈਰਕਾਨੂੰਨੀ ਨਸ਼ਿਆਂ ਦੀ ਤਸਕਰੀ ਖਿਲਾਫ਼ ਉਸਦੇ ਜਿਹਾਦ ਵਿੱਚ ਕੋਈ ਸਹਾਇਤਾ ਨਹੀਂ ਕੀਤੀ। ਭਾਵੇਂ ਕਿ ਹੁਣ ਵੀ ਫਿਲੀਪੀਨਜ਼ ਨਰਮ ਭਾਸ਼ਾ ਵਿੱਚ ਚੀਨ ਦੀ ਆਲੋਚਨਾ ਕਰਦਾ ਵੇਖਿਆ ਜਾ ਸਕਦਾ ਹੈ ਕਿ ਪੂਰੇ ਸਾਗਰ ਉੱਤੇ ਇੱਕ ਹੀ ਦੇਸ਼ ਦਾ ਕਬਜ਼ਾ ਕਿਵੇਂ ਮੰਨਿਆ ਜਾ ਸਕਦਾ ਹੈ। ਪਰ ਅੱਜ ਦਾ ਸੱਚ ਇਹੋ ਹੈ ਕਿ ਉਹ ਅਮਰੀਕਾ ਦੀ ਝੋਲੀ ਵਿਚੋਂ ਨਿਕਲ ਕੇ ਚੀਨ ਦੀ ਝੋਲੀ ਵਿੱਚ ਜਾ ਚੁੱਕਾ ਹੈ।

ਦੱਖਣੀ ਚੀਨ ਸਾਗਰ ਦੇ ਝਗੜਿਆਂ ਦਾ ਭਾਈਵਾਲ ਇੱਕ ਛੋਟਾ ਜਿਹਾ ਦੇਸ਼ ਤਾਈਵਾਨ ਵੀ ਹੈ। ਤਾਈਵਾਨ ਉਹ ਦੇਸ਼ ਹੈ ਜਿਸਨੂੰ ਚੀਨ ਇੱਕ ਵੱਖਰੇ ਦੇਸ਼ ਵਜੋਂ ਮਾਨਤਾ ਨਹੀਂ ਦਿੰਦਾ ਅਤੇ ਉਸਨੂੰ ਆਪਣਾ ਹੀ ਇੱਕ ਹਿੱਸਾ ਸਮਝਦਾ ਹੈ। ਚੀਨ ਦਾ ਮੰਨਣਾ ਹੈ ਕਿ ਤਾਈਵਾਨ ਕੋਈ ਵੱਖਰਾ ਦੇਸ਼ ਨਹੀਂ ਬਲਕਿ ਉਸਦਾ ਇੱਕ ਨਿੱਖੜਿਆ ਹੋਇਆ ਸੂਬਾ ਹੀ ਹੈ ਅਤੇ ਦੇਰ ਸਵੇਰ ਉਸਨੇ ਚੀਨ ਵਿੱਚ ਸ਼ਾਮਲ ਹੋ ਹੀ ਜਾਣਾ ਹੈ। ਇਸ ਦੇ ਉਲਟ, ਠੰਢੀ ਜੰਗ ਦੇ ਗਰਮ ਦਿਨਾਂ ਵਿੱਚ ਅਮਰੀਕਾ ਜਾਣ-ਬੁੱਝ ਕੇ, ਕਮਿਊਨਿਸਟ ਚੀਨ ਨੂੰ ਮਾਨਤਾ ਨਾ ਦੇ ਕੇ ਤਾਈਵਾਨ ਨੂੰ ਹੀ ਅਸਲੀ ਚੀਨ ਵਜੋਂ ਮਾਨਤਾ ਦਿੰਦਾ ਰਿਹਾ ਹੈ। ਪਰ 1979 ਤੋਂ ਬਾਅਦ ਅਮਰੀਕਾ ਨੇ ਜ਼ਮੀਨੀ ਸਚਾਈ ਨੂੰ ਕਬੂਲ ਕਰਦੇ ਹੋਏ, ਤਾਈਵਾਨ ਦੀ ਬਜਾਇ ਅਸਲੀ ਚੀਨ ਨੂੰ ਹੀ ਮਹੱਤਵ ਦਿੱਤਾ ਹੈ। ਇਸ ਕਰਕੇ ਹੁਣ ਚੀਨ ਨੇ ਅਮਰੀਕਾ ਅਤੇ ਤਾਈਵਾਨ ਵਿਚਾਲੇ ਹੋਈ, ਹਾਲੀਆ ਸੁਰੱਖਿਆ ਗੱਲਬਾਤ ਉੱਤੇ ਸਖਤ ਇਤਰਾਜ਼ ਕੀਤਾ ਹੈ। ਅਮਰੀਕਾ ਅਤੇ ਤਾਈਵਾਨ ਵਿੱਚ ਅਜਿਹੀ ਮੀਟਿੰਗ ਚਾਰ ਦਹਾਕਿਆਂ ਤੋਂ ਵੀ ਵੱਧ ਸਮੇਂ ਬਾਅਦ ਹੋਈ ਹੈ। ਚੀਨ ਦਾ ਕਹਿਣਾ ਹੈ ਅਮਰੀਕਾ ਜਾਣ-ਬੁੱਝ ਕੇ ਉਸ ਨੂੰ ਚਿੜਾਉਣ ਲਈ ਅਜਿਹਾ ਕਰ ਰਿਹਾ ਹੈ।

ਇਸ ਤੋਂ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਇਲਾਕੇ ਵਿੱਚ ਦੋ ਵੱਡੇ ਮਗਰਮੱਛਾਂ ਵਿੱਚ ਖਹਿਬਾਜ਼ੀ ਵਧ ਸਕਦੀ ਹੈ। ਦੋਵਾਂ ਵੱਡੀਆਂ ਤਾਕਤਾਂ, ਅਮਰੀਕਾ ਅਤੇ ਚੀਨ ਵੱਲੋਂ ਇੱਕ ਦੂਜੇ ਉੱਤੇ ਦੱਖਣੀ ਚੀਨ ਸਾਗਰ ਦਾ ਫ਼ੌਜੀਕਰਣ ਕਰਨ ਦੇ ਇਲਜ਼ਾਮ ਲਗਾਏ ਜਾ ਰਹੇ ਹਨ।  ਇਸ ਨਾਲ ਦੁਨੀਆ ਵਿੱਚ ਅਮਨ ਅਤੇ ਵਪਾਰਕ ਗਤੀਵਿਧੀਆਂ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚ ਸਕਦਾ ਹੈ। ਅਮਰੀਕਾ,  ਹੁਣ ਦੁਨੀਆ ਦੀ ਇੱਕੋ-ਇੱਕ ਮਹਾਂਸ਼ਕਤੀ ਨਹੀਂ ਰਿਹਾ ਅਤੇ ਚੀਨ ਵਰਗਾ ਦੇਸ਼ ਉਸਦਾ ਸੱਜਰਾ ਸ਼ਰੀਕ ਬਣ ਕੇ ਸਾਹਮਣੇ ਆ ਚੁੱਕਾ ਹੈ। ਪਿਛਲੇ ਸਮੇਂ ਵਿੱਚ ਤਾਂ ਅਮਰੀਕਾ ਦੇ ਗਸ਼ਤੀ ਜਹਾਜ਼ ਫਿਲੀਪੀਨਜ਼ ਵਿੱਚ ਹੀ ਠਹਿਰਦੇ ਰਹੇ ਹਨ ਪਰ ਹੁਣ ਫਿਲੀਪੀਨਜ਼ ਕਹਿ ਰਿਹਾ ਹੈ ਕਿ ਉਹ ਦੱਖਣੀ ਚੀਨ ਸਾਗਰ ਵਿੱਚ ਅਮਰੀਕਾ ਦੇ ਗਸ਼ਤੀ ਜਹਾਜ਼ਾਂ ਨੂੰ ਆਪਣੇ ਦੇਸ਼ ਵਿੱਚ ਬਿਲਕੁਲ ਵੀ ਠਾਹਰ ਨਹੀਂ ਦੇ ਸਕਦਾ ਕਿਉਂਕਿ ਇਸ ਨਾਲ ਉਸਦੇ ਚੀਨ ਨਾਲ ਸੰਬੰਧ ਖ਼ਰਾਬ ਹੋਣ ਦਾ ਖ਼ਤਰਾ ਹੈ। ਇੰਜ, ਇਹ ਵੇਖਣਾ ਬਣਦਾ ਹੈ ਕਿ ਹੁਣ ਰਣਨੀਤਕ ਸਮੀਕਰਣ ਪਹਿਲਾਂ ਵਾਲੇ ਨਹੀਂ ਰਹੇ। ਦੋਸਤ, ਦੁਸ਼ਮਣ ਬਣ ਚੁੱਕੇ ਹਨ ਅਤੇ ਦੁਸ਼ਮਣ ਦੋਸਤ ਬਣਦੇ ਜਾ ਰਹੇ ਹਨ। ਚੀਨ ਜਾਂ ਅਮਰੀਕਾ ਕਿਸੇ ਲਈ ਵੀ ਇਸ ਇਲਾਕੇ ਉੱਤੇ ਆਪਣੀ ਪੱਕੀ ਧੌਂਸ ਜਮਾ ਕੇ ਰੱਖਣਾ ਹੁਣ ਸੌਖਾ ਨਹੀਂ ਰਿਹਾ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>