Punjab News - Quami Ekta Punjabi Newspaper (ਕੌਮੀ ਏਕਤਾ) » ਡਾ. ਨਿਸ਼ਾਨ ਸਿੰਘ ਰਾਠੌਰ

ਮੁਖੌਟੇ
ਅੱਜ ਦੇ ਦੌਰ ਵਿੱਚ ਬਹੁਤੇ ਬੰਦੇ ਚਿਹਰਿਆਂ ਉੱਤੇ ਬਨਾਵਟੀ ਮੁਖੌਟੇ ਧਾਰਨ ਕਰਕੇ ਤੁਰੇ ਫਿਰਦੇ ਜਾਪਦੇ ਹਨ। ਬੰਦਿਆਂ ਦੇ ਅਸਲ ਚਿਹਰੇ ਕੁਝ ਹੋਰ ਹੁੰਦੇ ਹਨ ਪਰ! ਦਿਖਾਵਾ ਕੁਝ ਹੋਰ ਕਰਦੇ ਹਨ। ਕਹਿਣ ਤੋਂ ਭਾਵ ਬੰਦਿਆਂ ਦੇ ਮਨ ਦੀ ਬਿਰਤੀ ਵੱਖਰੀ ਕਿਸਮ ਦੀ ਹੁੰਦੀ ਹੈ ਅਤੇ ਉਹ ਪ੍ਰਗਟਾਵਾ ਕੁਝ ਹੋਰ ਕਰ ਰਹੇ ਹੁੰਦੇ ਹਨ। ਇਸਦਾ ਇੱਕ ਪ੍ਰਤੱਖ ਉਦਾਹਰਣ ਇਹ ਦੇਖਿਆ ਜਾ ਸਕਦਾ ਹੈ ਕਿ ਲੋਕਾਂ ਵੱਲੋਂ ਜਿੰਨੀ ਸਿਆਣਪ ਸੋਸ਼ਲ- ਮੀਡੀਆ ਉੱਪਰ ਪੇਸ਼ ਕੀਤੀ ਜਾਂਦੀ ਹੈ ਜਾਂ ਦਿਖਾਈ ਜਾਂਦੀ ਹੈ ਜੇਕਰ ਉਸਦਾ ਅੱਧਾ ਹਿੱਸਾ ਵੀ ਅਸਲ ਜ਼ਿੰਦਗੀ ਵਿੱਚ ਧਾਰਨ ਕਰ ਲਿਆ ਜਾਵੇ ਤਾਂ ਅਜੋਕਾ ਸਮਾਜ ਖ਼ੁਦ ਬ ਖ਼ੁਦ ਸੁਧਰ ਜਾਵੇਗਾ। ਫੇਰ ਕਿਸੇ ਨੂੰ ਸਮਝਣ- ਸਮਝਾਉਣ ਦੀ ਲੋੜ ਨਹੀਂ। ਫੇਰ ਵੱਡੇ- ਵੱਡੇ ਲੈਕਚਰ ਦੇਣ ਦੀ ਲੋੜ ਨਹੀਂ। ਫੇਰ ਧਰਮਗੁਰੂਆਂ ਨੂੰ ਟੈਲੀਵਿਜ਼ਨਾਂ ’ਤੇ ਬੈਠ ਕੇ ਪ੍ਰਵਚਨ ਦੇਣ ਦੀ ਲੋੜ ਨਹੀਂ। ਪਰ! ਇਹ ਸਭ ਕੁਝ ਦਿਖਾਵੇ ਕਰਕੇ ਕੀਤਾ ਜਾਂਦਾ ਹੈ। ਇਸੇ ਲਈ ਕਿਹਾ ਜਾਂਦਾ ਹੈ ਕਿ ਅਜੋਕੇ ਸਮਾਜ ਦਾ ਮਨੁੱਖ ਅੰਦਰੋਂ ਕੁਝ ਹੋਰ ਹੈ ਅਤੇ ਬਾਹਰੋਂ ਕੁਝ ਹੋਰ।

ਦੂਜੇ ਪਾਸੇ, ਮੁਖੌਟਿਆਂ ਦੀ ਇਸ ਭੀੜ ਵਿੱਚ ਕੌਣ ਸੱਚਾ ਹੈ ਅਤੇ ਕੌਣ ਝੂਠਾ? ਇਹ ਪਤਾ ਕਰਨਾ ਬਹੁਤ ਮੁਸ਼ਕਿਲ ਕਾਰਜ ਬਣ ਗਿਆ ਹੈ। ਖ਼ੌਰੇ! ਇਸੇ ਕਰਕੇ ਅੱਜ ਕਿਸੇ ਉੱਤੇ ਝੱਟਪਟ ਵਿਸ਼ਵਾਸ ਕਰਨ ਦਾ ਦੌਰ ਨਹੀਂ ਰਿਹਾ। ਕਈ ਵਾਰ ਅਸੀਂ ਸਹੀ, ਸੱਚੇ ਅਤੇ ਇਮਾਨਦਾਰ ਬੰਦੇ ਉੱਪਰ ਵੀ ਯਕੀਨ ਨਹੀਂ ਕਰਦੇ। ਇਸ ਦਾ ਕਾਰਨ ਇਹ ਹੈ ਕਿ ਅੱਜ ਲੋਕਾਂ ਦੀ ਭੀੜ ਵਿੱਚ ਮੁਖੌਟੇ ਜ਼ਿਆਦਾ ਤੇ ਅਸਲ ਚਿਹਰੇ ਘੱਟ ਦੇਖਣ ਨੂੰ ਮਿਲਦੇ ਹਨ। ਜਦੋਂ ਕਿਸੇ ਬੰਦੇ ਨੂੰ ‘ਕੰਮ’ ਹੁੰਦਾ ਹੈ ਤਾਂ ਉਹ ਬਿਲਕੁਲ ਪਿਆਰ ਨਾਲ ਪੇਸ਼ ਆਉਂਦਾ ਹੈ। ਉਸਦੀ ਬੋਲੀ ਮਿੱਠੀ ਹੋ ਜਾਂਦੀ ਹੈ।

ਖ਼ਬਰੇ! ਇਸੇ ਕਰਕੇ ਕਿਹਾ ਜਾਂਦਾ ਹੈ ਕਿ ਦੁਨੀਆਂ ਦੀ ਸਭ ਤੋਂ ਮਿੱਠੀ ਬੋਲੀ “ਮਤਲਬ ਦੀ ਬੋਲੀ” ਹੁੰਦੀ ਹੈ। ਜਦੋਂ ਕਿਸੇ ਬੰਦੇ ਨੂੰ ਤੁਹਾਡੇ ਨਾਲ ਮਤਲਬ ਹੁੰਦਾ ਹੈ ਤਾਂ ਉਸਦਾ ਵਿਹਾਰ ਅਤੇ ਬੋਲਬਾਣੀ ਉੱਕਾ ਹੀ ਬਦਲ ਜਾਂਦੀ ਹੈ। ਉਹ ਪ੍ਰੇਮ ਦੀ ਬੋਲੀ ਬੋਲਣ ਲੱਗਦਾ ਹੈ। ਪਰ! ਜਦੋਂ ਮਤਲਬ ਨਿਕਲ ਜਾਂਦਾ ਹੈ ਜਾਂ ਤੁਸੀਂ ਕੋਈ ਹੱਥ- ਪੱਲਾ ਨਹੀਂ ਫੜਾਉਂਦੇ ਤਾਂ ਉਸਦਾ ਵਿਹਾਰ ਅਤੇ ਬੋਲਬਾਣੀ ਝੱਟ ਬਦਲ ਜਾਂਦੀ ਹੈ। ਚੰਦ ਸਕਿੰਟ ਪਹਿਲਾਂ ਤੁਹਾਨੂੰ ਆਪਣਾ ਪਿਆਰਾ ਸਮਝਣ ਵਾਲਾ/ ਪਿਆਰ ਜਤਾਉਣ ਵਾਲਾ ਸਖ਼ਸ਼ ਝੱਟ ਅੱਖਾਂ ਫੇਰ ਲੈਂਦਾ ਹੈ। ਕਈ ਵਾਰ ਅਜਿਹੀ ਸਥਿਤੀ ਆਉਂਦੀ ਹੈ ਕਿ ਉਹ ਬੋਲਣਾ ਤਾਂ ਦੂਰ ਦੀ ਗੱਲ; ਤੁਹਾਡੇ ਵੱਲ ਦੇਖਦਾ ਤੱਕ ਨਹੀਂ। ਇਹੀ ਮੁਖੌਟਿਆਂ ਦੀ ਪਛਾਣ ਹੁੰਦੀ ਹੈ। ਇਨ੍ਹਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ।

ਬਾਬਾ ਫ਼ਰੀਦ ਜੀ ਕਹਿੰਦੇ ਹਨ ਕਿ ਜਿਹੜੇ ਮਨੁੱਖ ਦੇ ਮਨ ਵਿੱਚ ਕੁਝ ਹੋਰ ਹੁੰਦਾ ਹੈ ਅਤੇ ਮੂੰਹ ਤੇ ਕੁਝ ਹੋਰ; ਉਹ ਮਨੁੱਖ ਪ੍ਰਭੂ ਦੇ ਦਰ ’ਤੇ ਪ੍ਰਵਾਨ ਨਹੀਂ ਹੁੰਦੇ। ਉਹ ਮਨੁੱਖ ਅਸਲੋਂ ਕੱਚੇ ਹੁੰਦੇ ਹਨ ਅਤੇ ਉਨ੍ਹਾਂ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ;

“ਦਿਲਹੁ ਮੁਹਬਤਿ ਜਿੰਨ੍ ਸੇਇ ਸਚਿਆ।।

ਜਿਨ੍ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ।।” (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ- 488)

ਦੂਜੇ ਪਾਸੇ, ਜਿਨ੍ਹਾਂ ਮਨੁੱਖਾਂ ਦਾ ਰੱਬ ਨਾਲ ਦਿਲੋਂ ਪਿਆਰ ਹੁੰਦਾ ਹੈ, ਉਹੀ ਸੱਚੇ (ਆਸ਼ਕ) ਹਨ। ਪਰ! ਜਿਨ੍ਹਾਂ ਦੇ ਮਨ ਵਿੱਚ ਕੁਝ ਹੋਰ ਹੈ ਅਤੇ ਮੂੰਹੋਂ ਕੁਝ ਹੋਰ ਆਖਦੇ ਹਨ ਉਹ ਕੱਚੇ (ਆਸ਼ਕ) ਆਖੇ ਜਾਂਦੇ ਹਨ। ਅਜਿਹੇ ਮਨੁੱਖ ਆਪਣੇ ਕਰਮਾਂ ਦੇ ਨਤੀਜੇ ਕਰਕੇ ਸਦਾ ਖ਼ੁਆਰ ਹੁੰਦੇ ਰਹਿੰਦੇ ਹਨ ਅਤੇ ਪ੍ਰਮਾਤਮਾ ਦੇ ਦਰ ’ਤੇ ਕਦੇ ਪ੍ਰਵਾਨ ਨਹੀਂ ਹੁੰਦੇ। ਖ਼ੈਰ!

ਅੱਜ ਦੇ ਸੰਦਰਭ ਵਿੱਚ ਗੱਲ਼ ਕਰਦਿਆਂ ਕਿਹਾ ਜਾ ਸਕਦਾ ਹੈ ਕਿ ਅੱਜ ਅਜਿਹੇ ਲੋਕਾਂ ਦੀ ਭੀੜ ਜ਼ਿਆਦਾ ਹੈ ਜਿਹੜੇ ਆਪਣੇ ਸਵਾਰਥ ਲਈ ਮੋਹ- ਮੁਹੱਬਤ ਦਾ ਸਵਾਂਗ (ਨਾਟਕ) ਵਧੇਰੇ ਕਰਦੇ ਹਨ ਪਰ! ਅੰਦਰੋਂ ਕੁਝ ਹੋਰ ਹੁੰਦੇ ਹਨ। ਇਸ ਤਰ੍ਹਾਂ ਦੇ ਲੋਕਾਂ ਦੇ ਅਜਿਹੇ ਵਰਤਾਰੇ ਕਰਕੇ ਕਈ ਵਾਰ ਸਹੀ ਅਤੇ ਸੱਚੇ ਬੰਦੇ ਵੀ ਧੋਖ਼ੇ (ਲੁੱਟ) ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਕਰਕੇ ਕਈ ਵਾਰ ਸਹੀ ਤੇ ਸੱਚੇ ਬੰਦੇ ਦੀ ਮੱਦਦ ਵੀ ਲੋਕ ਨਹੀਂ ਕਰਦੇ। ਪਰ! ਇਸ ਵਰਤਾਰੇ ਲਈ ਮੁਖੌਟਿਆਂ ਪਿੱਛੇ ਲੁਕੇ ਚਿਹਰੇ ਹੀ ਵਧੇਰੇ ਜ਼ਿੰਮੇਵਾਰ ਹੁੰਦੇ ਹਨ।

ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਵੀ ਅਜਿਹੇ ਮਨੁੱਖਾਂ ਬਾਰੇ ਜ਼ਿਕਰ ਮਿਲਦਾ ਹੈ ਜਿਹੜੇ ਬਗੁਲੇ ਵਾਂਗ ਧਿਆਨ ਲਗਾਉਣ ਦਾ ਨਾਟਕ ਕਰਦੇ ਹਨ ਪਰ! ਉਨ੍ਹਾਂ ਦੀ ਨਜ਼ਰ ਸਰੋਵਰ ਦੀਆਂ ਮੱਛੀਆਂ ’ਤੇ ਹੀ ਹੁੰਦੀ ਹੈ। ਜਿਸ ਤਰ੍ਹਾਂ ਬਗੁਲਾ ਮਾਨਸਰੋਵਰ ਦੇ ਕੰਢੇ ’ਤੇ ਧਿਆਨ ਲਗਾ ਕੇ (ਮੱਛੀਆਂ) ਨੂੰ ਧੋਖ਼ਾ ਦਿੰਦਾ ਹੈ; ਇਸ ਤਰੀਕੇ ਨਾਲ ਮੁਖੌਟਿਆਂ ਪਿੱਛੇ ਲੁਕੇ ਚਿਹਰੇ ਚੰਗਿਆਈ ਦਾ ਆਡੰਬਰ (ਸਵਾਂਗ) ਰਚ ਕੇ ਆਮ ਲੋਕਾਂ ਨੂੰ ਗ਼ੁੰਮਰਾਹ ਕਰਦੇ ਹਨ;

“ਬਗੁਲ ਸਮਾਧਿ ਲਗਾਇ ਕੈ ਬੈਠਾ ਜਾਇ ਮਾਨਸਰੋਵਰੁ।।” (ਵਾਰਾਂ ਭਾਈ ਗੁਰਦਾਸ ਜੀ, ਵਾਰ- 15, ਪਉੜੀ- 21)

ਇਸ ਵਾਰ ਵਿੱਚ ਭਾਈ ਸਾਹਿਬ ਨੇ ਮੀਣੇ (ਕਪਟੀ) ਅਤੇ ਠੱਗਾਂ ਦੇ ਜੀਵਨ ਬਾਰੇ ਦੱਸਿਆ ਹੈ ਕਿ ਉਹ ਕਿਵੇਂ ਵਿਸ਼ਵਾਸਘਾਤ ਕਰਦੇ ਹਨ? ਉਨ੍ਹਾਂ ਨੇ ਲਿਖਿਆ ਹੈ ਕਿ ਜਿਵੇਂ ਕੋਈ ਠੱਗ ਕਿਸੇ ਮੁਸਾਫ਼ਰ ਨੂੰ ਰਸਤੇ ਵਿੱਚ ਮਿਲ ਕੇ ਮਿੱਠੀਆਂ ਗੱਲਾਂ ਕਰਦਾ ਹੈ ਪਰ! ਅੰਤ ਵਿੱਚ ਉਸਦਾ ਗਲ਼ਾ ਘੁੱਟ ਦਿੰਦਾ ਹੈ। ਪਾਖੰਡੀ ਬੰਦਾ ਵੀ ਉਸੇ ਤਰ੍ਹਾਂ ਦਾ ਹੁੰਦਾ ਹੈ ਜਿਹੜਾ ਅੰਦਰੋਂ ਹੋਰ ਅਤੇ ਬਾਹਰੋਂ ਹੋਰ ਹੁੰਦਾ ਹੈ। ਉਨ੍ਹਾਂ ਦੇ ਸੁਭਾਅ ਵਿੱਚ ਇਹ ਮਿੱਠਾਪਣ ਅਤੇ ਨਿਮਰਤਾ ਸਿਰਫ਼ ਧੋਖ਼ੇ ਦਾ ਇੱਕ ਹੱਥਿਆਰ ਹੀ ਹੁੰਦਾ ਹੈ ਹੋਰ ਕੁਝ ਨਹੀਂ।

ਇਸ ਸੰਬੰਧ ਵਿੱਚ ਗੁਰੂ ਨਾਨਕ ਦੇਵ ਜੀ ਦਾ ਉਚਾਰਨ ਕੀਤਾ ਸ਼ਬਦ ਵੀ ਦੇਖਿਆ ਜਾ ਸਕਦਾ ਹੈ ਜਿਹੜਾ ਉਨ੍ਹਾਂ ਨੇ ਸੱਜਣ ਠੱਗ ਦੇ ਪ੍ਰਥਾਇ ਉਚਾਰਨ ਕੀਤਾ ਸੀ। ਸੱਜਣ ਠੱਗ ਦਾ ਅਸਲ ਚਿਹਰਾ ਕੁਝ ਹੋਰ ਸੀ ਪਰ! ਉਹ ਧਾਰਮਿਕ ਲਿਬਾਸ ਦੀ ਆੜ ਵਿੱਚ ਗਲਤ ਕੰਮ ਕਰਦਾ ਸੀ ਅਤੇ ਆਮ ਲੋਕਾਂ ਨੂੰ ਲੁੱਟਦਾ ਸੀ ਅਤੇ ਮਾਰ ਦਿੰਦਾ ਸੀ;

“ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ।।

ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸੁ।।” (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਰਾਗ ਸੂਹੀ, ਮਹਲਾ- 1, ਅੰਗ- 729)

ਅਤੇ

“ਗਲੀ ਅਸੀ ਚੰਗੀਆ ਆਚਾਰੀ ਬੁਰੀਆਹ।।

ਮਨਹੁ ਕੁਸੁਧਾ ਕਾਲੀਆ ਬਾਹਰਿ ਚਿਟਵੀਆਹ।।” (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ- 85)

ਗੱਲਾਂ ਨਾਲ ਚੰਗੇ ਬਣਨ ਵਾਲੇ ਲੋਕ ਅਸਲ ਵਿੱਚ ਕੁਝ ਹੋਰ ਹੁੰਦੇ ਹਨ ਅਤੇ ਬਾਹਰ ਚਿੱਟੇ ਕੱਪੜੇ ਧਾਰਨ ਕਰਨ ਨਾਲ ਕਿਸੇ ਮਨੁੱਖ ਦਾ ਹਿਰਦਾ ਸ਼ੁੱਧ ਨਹੀਂ ਹੋ ਜਾਂਦਾ ਬਲਕਿ ਅੰਦਰਲੀ ਵਿਚਾਰਧਾਰਾ ਨਾਲ ਹੀ ਬੰਦਾ ਸਹੀ, ਸੱਚਾ ਅਤੇ ਨੇਕ ਮੰਨਿਆ ਜਾ ਸਕਦਾ ਹੈ।

ਖ਼ੈਰ! ਆਧੁਨਿਕ ਸੰਦਰਭ ਵਿੱਚ ਗੱਲ ਕਰਦਿਆਂ ਕਿਹਾ ਜਾ ਸਕਦਾ ਹੈ ਕਿ ਇਸ ਤਰ੍ਹਾਂ ਦੇ ਲੋਕ ਮੁਖੌਟਿਆਂ ਪਿੱਛੇ ਲੁਕ ਕੇ ਆਮ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ ਅਤੇ ਫੇਰ ਮਤਲਬ ਨਿਕਲ ਜਾਣ ਤੋਂ ਬਾਅਦ ਅੱਖ ਤੱਕ ਨਹੀਂ ਮਿਲਾਉਂਦੇ। ਪੰਜਾਬੀ ਸਾਹਿਤ ਵਿੱਚ ਅਨੇਕਾਂ ਸ਼ੇਅਰ, ਕਵਿਤਾਵਾਂ ਮਿਲ ਜਾਣਗੀਆਂ ਜਿਨ੍ਹਾਂ ਵਿੱਚ ਇਨ੍ਹਾਂ ਮੁਖੌਟਿਆਂ ਦੀ ਅਸਲੀਅਤ ਬਾਰੇ ਵਿਸਥਾਰ- ਪੂਰਵਕ ਜ਼ਿਕਰ ਮਿਲਦਾ ਹੈ;

“ਲੱਗੇ ਹੋਏ ਨੇ ਸਾਰੇ ਇੱਥੇ ਮਤਲਬਾਂ ਦੇ ਅਹਿਰ ਵਿੱਚ

ਇੱਕ ਨਾ ਲੱਭਿਆ ਚਿਹਰਾ ਮੁਖੌਟਿਆਂ ਦੇ ਸ਼ਹਿਰ ਵਿੱਚ।” (ਬਲਵਾਨ ਔਜਲਾ)

ਅਤੇ

“ਚਿਹਰੇ ਉੱਤੇ ਮੁਖੌਟਾ ਲੋਕੀਂ ਲਾ ਰਹੇ ਨੇ ਇਸ ਤਰ੍ਹਾਂ

ਚਿੱਕੜ ਨੂੰ ਸਰਵਰ ਜਤਾ ਰਹੇ ਨੇ ਜਿਸ ਤਰ੍ਹਾਂ।” (ਬਲਵਾਨ ਔਜਲਾ)

ਇਸੇ ਤਰ੍ਹਾਂ ਕੁਝ ਹੋਰ ਸ਼ੇਅਰਾਂ ਨੂੰ ਦੇਖਿਆ ਜਾ ਸਕਦਾ ਹੈ ਜਿੱਥੇ ਬੰਦੇ ਭੇਖ ਦਾ ਜੀਵਨ ਜਿਉਂਦੇ ਦੇਖੇ ਜਾ ਸਕਦੇ ਹਨ;

“ਬੰਦੇ, ਬੰਦਾ ਮਾਰ ਕੇ ਢਿੱਡ ਵਿੱਚ ਪਾਈ ਫਿਰਦੇ ਨੇ

ਕਿੰਨੇ ਚਿਹਰੇ, ਚਿਹਰੇ ਉੱਤੇ ਲਾਈ ਫਿਰਦੇ ਨੇ।” (ਨਿਸ਼ਾਨ ਸਿੰਘ ਰਾਠੌਰ)

ਚਿਹਰਿਆਂ ਉੱਤੇ ਲੱਗੇ ਮੁਖੌਟੇ ਹੀ ਆਮ ਅਤੇ ਸਿੱਧੇ- ਸਾਦੇ ਲੋਕਾਂ ਨੂੰ ਭਰਮ ਵਿੱਚ ਪਾ ਦਿੰਦੇ ਹਨ ਅਤੇ ਫੇਰ ਸ਼ੁਰੂ ਹੁੰਦਾ ਹੈ ਲੁੱਟ ਦਾ ਸਿਲਸਿਲਾ। ਖ਼ੈਰ!

ਇਸ ਤਰ੍ਹਾਂ ਸਹਿਜੇ ਹੀ ਕਿਹਾ ਜਾ ਸਕਦਾ ਹੈ ਕਿ ਅੱਜ ਦੇ ਮਨੁੱਖ ਲਈ ਮੁਖੌਟਿਆਂ ਦੀ ਭੀੜ ਵਿੱਚ ਅਸਲ ਚਿਹਰੇ ਦੇਖਣੇ ਅਤੇ ਪਛਾਣਨੇ ਬੇਹੱਦ ਕਠਿਨ ਕਾਰਜ ਹੋ ਗਿਆ ਹੈ। ਸਿਆਣੇ ਅਤੇ ਵਿਦਵਾਨ ਬੰਦੇ ਵੀ ਕਈ ਵਾਰ ਇਨ੍ਹਾਂ ਮੁਖੌਟਿਆਂ ਦੇ ਭਰਮਜਾਲ਼ ਵਿੱਚ ਉਲਝ ਕੇ ਰਹਿ ਜਾਂਦੇ ਹਨ ਅਤੇ ਖ਼ਤਾ (ਧੋਖ਼ਾ) ਖਾ ਜਾਂਦੇ ਹਨ। ਇਸ ਕਰਕੇ ਅੱਜ ਦੇ ਦੌਰ ਵਿੱਚ ਲੋਕਾਂ ਵਿੱਚ ਯਕੀਨ ਕਰਨ- ਕਰਾਉਣ ਦੀ ਘਾਟ ਦੇਖਣ ਨੂੰ ਮਿਲ ਰਹੀ ਹੈ।

ਆਖ਼ਰ ਵਿੱਚ; ਮੁਖੌਟਿਆਂ ਉਹਲੇ ਲੁਕੇ ਚਿਹਰਿਆਂ ਨੂੰ ਪਛਾਣ ਕੇ ਸਹੀ ਬੰਦੇ ਦੀ ਮੱਦਦ ਕਰਨੀ ਚਾਹੀਦੀ ਹੈ ਅਤੇ ਲੋਕਾਂ ਨੂੰ ਆਪਣੀ ਬਿਰਤੀ ਦੇ ਮੁਤਾਬਕ ‘ਅਸਲ’ ਚਿਹਰੇ ਦਾ ਪ੍ਰਗਟਾਵਾ ਕਰਨਾ ਚਾਹੀਦਾ ਹੈ। ਖ਼ਾਸ ਗੱਲ ਇਹ ਹੈ ਕਿ ਕਿਸੇ ਬੰਦੇ ਨੂੰ ਜ਼ਿੰਦਗੀ ਵਿੱਚ ਸਿਰਫ਼ ਇੱਕੋ ਵਾਰ ਹੀ ਠੱਗਿਆ ਜਾ ਸਕਦਾ ਹੈ, ਵਾਰ– ਵਾਰ ਨਹੀਂ। ਇਸ ਲਈ ਸਹੀ, ਸੱਚੇ, ਨੇਕ ਅਤੇ ਅਸਲ ਚਿਹਰਿਆਂ ਵਾਲੇ ਮਿੱਤਰ ਬਣਾਓ ਅਤੇ ਮੁਖੌਟਿਆਂ ਪਿੱਛੇ ਲੁਕੇ ਚਿਹਰਿਆਂ ਦੇ ਅਸਲ ਰੰਗ ਪਛਾਣੋ ਤਾਂ ਕਿ ਕਿਸੇ ਠੱਗੀ ਅਤੇ ਨੁਕਸਾਨ ਤੋਂ ਬਚਿਆ ਜਾ ਸਕੇ। ਜਿਉਂਦੇ- ਵੱਸਦੇ ਰਹੋ ਸਾਰੇ।

ਵਿਰਲਾਂ ਥਾਣੀ ਝਾਕਦੀ ਜ਼ਿੰਦਗੀ…!
2009 ਦੀ ਗੱਲ ਹੈ। ਮੇਰੀ ਬਟਾਲਿਅਨ ਕਸ਼ਮੀਰ ਦੇ ਬਾਰਡਰ ਇਲਾਕੇ ਵਿਚ ਬਹੁਤ ਮੁਸ਼ਕਿਲ ਖ਼ੇਤਰ ’ਚ ਤੈਨਾਤ ਸੀ। ਇੱਥੇ ਬਰਫ਼ਬਾਰੀ ਕਰਕੇ ਨਵੰਬਰ ਮਹੀਨੇ ਦੇ ਅੱਧ ਵਿਚ ਹੀ ਆਉਣ- ਜਾਣ ਦੇ ਸਾਰੇ ਰਾਹ ਬੰਦ ਹੋ ਜਾਂਦੇ ਸਨ ਅਤੇ ਫਿਰ ਅਪ੍ਰੈਲ- ਮਈ ਦੇ ਮਹੀਨੇ ਹੀ ਖੁੱਲ੍ਹਦੇ ਸਨ। ਇਸ ਦੌਰਾਨ ਕਿਸੇ ਐਮਰਜੈਂਸੀ ਦੀ ਸਥਿਤੀ ਵਿਚ ਹੀ ਛੁੱਟੀ ਮਿਲਦੀ ਸੀ ਨਹੀਂ ਤਾਂ ਪੰਜ- ਛੇ ਮਹੀਨੇ ਫ਼ੌਜੀ ਜਵਾਨ ਆਪਣੀਆਂ ਪੋਸਟਾਂ ’ਤੇ ਹੀ ਤੈਨਾਤ ਰਹਿੰਦੇ ਸਨ। ਜਵਾਨਾਂ ਲਈ ਇਹ ਕਾਰਜ ਕੋਈ ਮੁਸ਼ਕਿਲ ਭਰਿਆ ਨਹੀਂ ਹੁੰਦਾ ਕਿਉਂਕਿ ਇਨ੍ਹਾਂ ਹਾਲਾਤਾਂ ਬਾਰੇ ਫ਼ੌਜੀ ਜਵਾਨਾਂ ਨੂੰ ਪਹਿਲਾਂ ਹੀ ਤਿਆਰ ਕੀਤਾ ਜਾਂਦਾ ਹੈ, ਟ੍ਰੇਨਿੰਗ ਦਿੱਤੀ ਜਾਂਦੀ ਹੈ। ਜਵਾਨ ਜਿੱਥੇ ਸਰੀਰਕ ਰੂਪ ਵਿਚ ਫਿੱਟ ਰੱਖੇ ਜਾਂਦੇ ਹਨ ਉੱਥੇ ਹੀ ਮਾਨਸਿਕ ਰੂਪ ਵਿਚ ਵੀ ਤੰਦਰੁਸਤ ਰੱਖੇ ਜਾਂਦੇ ਹਨ। ਹਾਂ, ਇੱਕਾ- ਦੁੱਕਾ ਘਟਨਾਵਾਂ ਜਾਂ ਜਵਾਨਾਂ ਨੂੰ ਛੱਡ ਦਈਏ ਤਾਂ ਇਹ ਫੌਜ ਦੀ ਰੁਟੀਨ ਡਿਊਟੀ ਹੀ ਹੁੰਦੀ ਹੈ। ਖੈਰ!

ਅਪ੍ਰੈਲ ਮਹੀਨੇ (ਵਿਸਾਖੀ ਤੋਂ ਬਾਅਦ) ਮੈਂ ਛੁੱਟੀ ਲਈ ਬੇਨਤੀ ਕੀਤੀ ਤਾਂ ਮੇਰੀ ਛੁੱਟੀ ਮਨਜ਼ੂਰ ਹੋ ਗਈ। ਫੇਰ ਮੈਂ ਇਕ ਮਹੀਨੇ ਲਈ ਆਪਣੇ ਘਰ ਆ ਗਿਆ। ਮੈਨੂੰ ਛੁੱਟੀ ਆਏ ਨੂੰ ਅਜੇ ਕੁਝ ਦਿਨ ਹੀ ਬੀਤੇ ਸਨ ਕਿ ਇਕ ਦਿਨ ਬਟਾਲਿਅਨ ’ਚੋਂ ਸੰਦੇਸ਼ ਆਇਆ ਕਿ ਤੁਸੀਂ ਅੰਬਾਲੇ ਦੇ ਨੇੜੇ (ਪੰਜੋਖਰਾ ਸਾਹਿਬ) ਪਿੰਡ ਵਿਚ ਆਪਣੇ ਇਕ ਸ਼ਹੀਦ ਫ਼ੌਜੀ ਜਵਾਨ ਸਵਰਣ ਸਿੰਘ ਦੇ ਭੋਗ ’ਤੇ ਜਾਣਾ ਹੈ। ਅਸਲ ਵਿਚ ਮੇਰੀ ਬਟਾਲਿਅਨ ਦਾ ਇਹ ਜਵਾਨ ਲੰਘੇ ਵਰ੍ਹੇ ਡਿਊਟੀ ਦੇ ਦੌਰਾਨ ਸ਼ਹੀਦ ਹੋ ਗਿਆ ਸੀ। ਇਸ ਸਾਲ ਉਸਦੇ ਪਰਿਵਾਰਿਕ ਮੈਂਬਰ ਉਸਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਰੱਖਵਾ ਰਹੇ ਸਨ। ਉਨ੍ਹਾਂ ਨੇ ਇਸ ਸੰਬੰਧੀ ਜਾਣਕਾਰੀ ਸਾਡੀ ਬਟਾਲਿਅਨ ਨੂੰ ਭੇਜੀ ਸੀ। ਮੇਰਾ ਘਰ ਕਿਉਂਕਿ ਅੰਬਾਲੇ ਦੇ ਨੇੜੇ ਹੀ ਸੀ, ਇਸ ਲਈ ਮੇਰੀ ਡਿਊਟੀ ਲਗਾਈ ਗਈ ਕਿ ਮੈਂ ਬਟਾਲਿਅਨ ਵੱਲੋਂ ਸ਼ਹੀਦ ਜਵਾਨ ਸਵਰਣ ਸਿੰਘ ਦੀ ਯਾਦ ’ਚ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੇ ਜਾ ਕੇ ਆਵਾਂ। ਇੱਥੇ ਖ਼ਾਸ ਗੱਲ ਇਹ ਹੈ ਕਿ ਫ਼ੌਜ ਦੀਆਂ ਬਹੁਤ ਸਾਰੀਆਂ ਬਟਾਲਿਅਨਾਂ ਵਿਚ ਇਹ ਰਿਵਾਜ਼ ਹੈ ਕਿ ਉਹ ਆਪਣੇ ਜਵਾਨਾਂ ਦੇ ਸੁਖ- ਦੁਖ ਵਿਚ (ਸੇਵਾਮੁਕਤ ਹੋਣ ਤੋਂ ਬਾਅਦ ਵੀ) ਸ਼ਾਮਿਲ ਹੁੰਦੀਆਂ ਹਨ। ਖ਼ੈਰ!

ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਵਾਲੇ ਦਿਨ ਮੈਂ ਪੰਜੋਖਰਾ ਸਾਹਿਬ (ਅੰਬਾਲੇ) ਜਾਣ ਲਈ ਤਿਆਰ ਹੋ ਗਿਆ। ਪਿੰਡ ’ਚ ਸ਼ਹੀਦ ਜਵਾਨ ਦਾ ਘਰ ਲੱਭਦਿਆਂ ਮੈਨੂੰ ਥੋੜ੍ਹਾ ਸਮਾਂ ਲਗ ਗਿਆ। ਇਸ ਲਈ ਜਦੋਂ ਮੈਂ ਉਨ੍ਹਾਂ ਦੇ ਘਰ ਪਹੁੰਚਿਆ ਤਾਂ ਪਾਠ ਦੀ ਸਮਾਪਤੀ ਉਪਰੰਤ ਦੇਗ ਵਰਤਾਈ ਜਾ ਰਹੀ ਸੀ। ਮੈਂ ਵੀ ਮੱਥਾ ਟੇਕ ਕੇ ਸੰਗਤ ਵਿਚ ਹੀ ਬੈਠ ਗਿਆ। ਉਦੋਂ ਕਿਸੇ ਨੂੰ ਪਤਾ ਨਹੀਂ ਲਗਾ ਕਿ ਮੈਂ ਸ਼ਹੀਦ ਜਵਾਨ ਸਵਰਣ ਸਿੰਘ ਦੀ ਬਟਾਲਿਅਨ ’ਚੋਂ ਆਇਆ ਹਾਂ। ਦੇਗ ਲੈਣ ਤੋਂ ਬਾਅਦ ਬਹੁਤੀ ਸੰਗਤ ਲੰਗਰ ਛਕਣ ਲਈ ਪੰਗਤ ਵਿਚ ਬੈਠ ਗਈ ਅਤੇ ਮੈਂ ਸ਼ਹੀਦ ਜਵਾਨ ਸਵਰਣ ਸਿੰਘ ਦੀ ਮਾਤਾ ਜੀ ਕੋਲ਼ ਜਾ ਕੇ ਬੈਠ ਗਿਆ। ਮਾਤਾ ਜੀ ਨਾਲ ਗੱਲ ਕਰਦਿਆਂ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਮੈਂ ਉਨ੍ਹਾਂ ਦੇ ਪੁੱਤ ਦੀ ਬਟਾਲਿਅਨ ’ਚੋਂ ਆਇਆ ਹਾਂ ਤਾਂ ਉਹ ਉੱਠ ਕੇ ਮੇਰੇ ਗਲ਼ ਲੱਗ ਗਏ ਤੇ ਰੋਣ ਲਗੇ। ਮੈਂ ਉਨ੍ਹਾਂ ਨੂੰ ਹੌਸਲਾ ਦਿੱਤਾ ਤੇ ਚੁਪ ਕਰਵਾਉਣ ਦਾ ਯਤਨ ਕੀਤਾ।

ਕਾਫੀ ਦੇਰ ਬਾਅਦ ਉਹ ਥੋੜ੍ਹਾ ਸੰਭਲੇ ਅਤੇ ਉੱਠ ਕੇ ਕਮਰੇ ਵੱਲ ਚਲੇ ਗਏ। ਮੈਂ ਬਾਹਰ ਬਰਾਂਡੇ ਵਿਚ ਬੈਠਾ ਰਿਹਾ। ਸ਼ਹੀਦ ਜਵਾਨ ਦੀ ਮਾਤਾ ਜੀ ਅੰਦਰੋਂ ਇਕ ਵੱਡੀ ਸਾਰੀ ਫੋਟੋ ਹੱਥ ’ਚ ਫੜ ਕੇ ਬਾਹਰ ਲਿਆਏ। ਇਹ ਮੇਰੀ ਬਟਾਲਿਅਨ ਦੇ ਜਵਾਨਾਂ ਦੀ ਗਰੁੱਪ ਫੋਟੋ ਸੀ। ਮਾਤਾ ਜੀ ਮੈਨੂੰ ਫੋਟੋ ਦਿਖਾ ਕੇ ਕਹਿਣ ਲਗੇ, “ਦੇਖ ਪੁੱਤ, ਮੇਰਾ ਸਵਰਣ ਪੁੱਤ ਕਿੰਨਾ ਸੋਹਣਾ ਲੱਗ ਰਿਹਾ ਹੈ?, ਸਭ ਤੋਂ ਲੰਮਾ, ਸਭ ਤੋਂ ਸੁਨੱਖਾ ਜਵਾਨ!”

ਮੈਂ ਕਿਹਾ, “ਜੀ ਮਾਤਾ ਜੀ। ਸਵਰਣ ਸਿੰਘ ਵਾਕਈ ਬਹੁਤ ਵਧੀਆ, ਅਨੁਸ਼ਾਸ਼ਨ ਵਾਲਾ ਜਵਾਨ ਸੀ।”

ਖ਼ੌਰੇ! ਮਾਤਾ ਜੀ ਦਾ ਧਿਆਨ ਮੇਰੀ ਗੱਲ ਵੱਲ ਨਹੀਂ ਸੀ। ਉਹ ਤਾਂ ਆਪਣੇ ਪੁੱਤ ਦੀ ਫੋਟੋ ਨੂੰ ਬਹੁਤ ਧਿਆਨ ਨਾਲ ਦੇਖ ਰਹੇ ਸਨ। ਖ਼ਬਰੇ! ਕੁਝ ਕਹਿਣਾ ਚਾਹੁੰਦੇ ਹੋਣ। ਪਰ! ਉਨ੍ਹਾਂ ਨੂੰ ਲਫ਼ਜ਼ ਨਹੀਂ ਸਨ ਔੜ ਰਹੇ। ਪਰ, ਜੇਕਰ ਲਫ਼ਜ਼ ਹੁੰਦੇ ਵੀ ਤਾਂ ਸਮੇਂ ਨੇ ਤਾਂ ਇਹ ਮੌਕਾ ਹੀ ਨਹੀਂ ਦਿੱਤਾ ਕਿ ਉਹ ਕੁਝ ਕਹਿ ਪਾਉਂਦੇ।

ਵਾਹਵਾ ਚਿਰ ਮਾਤਾ ਜੀ ਇੰਜ ਹੀ ਬੈਠੇ ਰਹੇ ਅਤੇ ਮੈਂ ਵੀ ਉਨ੍ਹਾਂ ਦੇ ਕੋਲ਼ ਬੈਠਾ ਸੋਚਾਂ ਦੇ ਸਮੁੰਦਰ ਵਿਚ ਗੁਆਚਿਆ ਰਿਹਾ। ਨਾ ਉਹ ਕੁਝ ਬੋਲੇ ਅਤੇ ਨਾ ਹੀ ਮੇਰੇ ਕੋਲੋਂ ਕੋਈ ਗੱਲ ਹੋਈ।

“ਵੀਰ ਜੀ, ਤੁਸੀਂ ਵੀ ਲੰਗਰ ਛਕ ਲਓ।” ਇਸ ਆਵਾਜ਼ ਨੇ ਮੈਨੂੰ ਅਤੇ ਮਾਤਾ ਜੀ ਨੂੰ ਵਰਤਮਾਨ ਸਮੇਂ ’ਚ ਲਿਆਂਦਾ।

“ਜੀ ਛਕਦਾ ਹਾਂ।” ਆਖ ਕੇ ਮੈਂ ਮਾਤਾ ਜੀ ਦੇ ਚਿਹਰੇ ਵੱਲ ਗੌਰ ਨਾਲ ਦੇਖਿਆ।

“ਜਾ ਪੁੱਤ, ਤੂੰ ਵੀ ਲੰਗਰ ਛਕ ਲੈ।” ਮਾਤਾ ਜੀ ਨੇ ਆਪਣੇ- ਆਪ ਨੂੰ ਸੰਭਾਲ ਕੇ ਕਿਹਾ।

“ਜੀ ਮਾਤਾ ਜੀ।” ਆਖ ਕੇ ਮੈਂ ਉੱਠ ਖਲੋਤਾ।

ਫਿਰ ਲੰਗਰ ਛਕ ਕੇ, ਗੱਲਾਂ- ਬਾਤਾਂ ਕਰਕੇ ਮੈਂ ਉਨ੍ਹਾਂ ਤੋਂ ਆਗਿਆ ਲਈ। ਤੁਰਨ ਲੱਗਿਆਂ ਮਾਤਾ ਜੀ ਨੇ ਮੈਨੂੰ ਘੁੱਟ ਕੇ ਜੱਫੀ ਪਾਈ। ਮੈਨੂੰ ਜਾਪਿਆ ਕਿ ਉਹ ਆਪਣੇ ਪੁੱਤ ਦੇ ਅਹਿਸਾਸ ਨੂੰ ਮਹਿਸੂਸ ਕਰ ਰਹੇ ਹਨ। ਮਾਤਾ ਜੀ ਦੇ ਨਾਲ- ਨਾਲ ਮੇਰੀਆਂ ਅੱਖਾਂ ’ਚੋਂ ਵੀ ਹੰਝੂ ਵਹਿ ਤੁਰੇ।

ਰਾਹ ’ਚ ਆਉਂਦਿਆਂ ਮੇਰੇ ਮਨ ’ਚ ਇਹ ਵਿਚਾਰ ਘੁੰਮਣ ਲਗੇ ਕਿ ਬੰਦਾ ਵੀ ਕਿੰਨਾ ਕੋਮਲ ਹਿਰਦੇ ਦਾ ਮਾਲਕ ਹੁੰਦਾ ਹੈ?, ਆਪਣੇ- ਪਿਆਰਿਆਂ ਦੇ ਅਹਿਸਾਸਾਂ ਨੂੰ ਸਾਲਾਂਬੱਧੀ ਜ਼ਿਹਨ ’ਚ ਲੁਕੋ ਕੇ ਰੱਖਦਾ ਹੈ। ਫੇਰ ਸਹੀ ਸ਼ਖ਼ਸ ਸਾਹਮਣੇ ਆਉਂਦਿਆਂ ਹੀ ਝੱਟਪਟ ਪਿਘਲ ਜਾਂਦਾ ਹੈ, ਢਹਿ ਜਾਂਦਾ ਹੈ। ਖ਼ੈਰ! ਬੰਦੇ ਚਲੇ ਜਾਂਦੇ ਹਨ ਪਰ! ਯਾਦਾਂ ਪਿੱਛੇ ਛੱਡ ਜਾਂਦੇ ਹਨ। ਫੇਰ ਇਨ੍ਹਾਂ ਯਾਦਾਂ ਦੇ ਸਹਾਰੇ ਹੀ ਪਰਿਵਾਰਿਕ ਮੈਂਬਰ ਜ਼ਿੰਦਗੀ ਕੱਟਦੇ ਹਨ।

ਲੜਾਈਆਂ ਲੜੀਆਂ ਜਾਂਦੀਆਂ ਹਨ, ਜਿੱਤੀਆਂ ਜਾਂਦੀਆਂ ਹਨ। ਜਸ਼ਨ ਮਨਾਏ ਜਾਂਦੇ ਹਨ। ਟੈਲੀਵਿਜ਼ਨਾਂ ਤੇ ਜਿੱਤ ਦੇ ਸੋਹਿਲੇ ਪੜ੍ਹੇ ਜਾਂਦੇ ਹਨ। ਮੈਡਲ ਮਿਲਦੇ ਹਨ, ਤਰੱਕੀਆਂ ਮਿਲਦੀਆਂ ਹਨ, ਮਾਣ- ਸਨਮਾਣ ਦਿੱਤੇ ਜਾਂਦੇ ਹਨ ਪਰ! ਐਨਾ ਸਭ ਕੁਝ ਹੋਣ ਦੇ ਬਾਵਜੂਦ ਕੁਝ ਵਿਰਲਾਂ ਭਰੀਆਂ ਨਹੀਂ ਜਾ ਸਕਦੀਆਂ ਜਿਹੜੀਆਂ ਆਪਣੇ- ਪਿਆਰਿਆਂ ਨੂੰ ਗੁਆਉਣ ਬਾਅਦ ਖਾਲੀ ਹੋਈਆਂ ਹੁੰਦੀਆਂ ਹਨ। ਇਨ੍ਹਾਂ ਵਿਰਲਾਂ ਥਾਣੀ ਖਾਲੀ ਹੋਈ ਜ਼ਿੰਦਗੀ ਸਿਰਫ ਢੋਈ ਜਾ ਸਕਦੀ ਹੈ, ਬਤੀਤ ਨਹੀ। ਪਰ! ਇਨ੍ਹਾਂ ਅਹਿਸਾਸਾਂ ਨੂੰ ਕੌਣ ਸਮਝਦਾ ਹੈ?, ਕੌਣ ਮਹਿਸੂਸ ਕਰਦਾ ਹੈ?, ਖ਼ਬਰੇ! ਕੋਈ ਨਹੀਂ ਕਿਉਂਕਿ ਜਿਸ ਘਰ ’ਚੋਂ ਕੋਈ ਆਪਣਾ- ਪਿਆਰਾ ਗਿਆ ਹੁੰਦਾ ਹੈ ਸਿਰਫ਼ ਉਸੇ ਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਹੈ, ਹੋਰ ਕਿਸੇ ਨੂੰ ਨਹੀਂ। ਬਾਕੀ ਲੋਕ ਤਾਂ ਚੰਦ ਦਿਨਾਂ ਬਾਅਦ ਭੁੱਲ- ਭੁਲਾ ਜਾਂਦੇ ਹਨ। ਕੰਮਾਂਕਾਰਾਂ ’ਚ ਮਸਰੂਫ਼ ਹੋ ਜਾਂਦੇ ਹਨ। ਖ਼ੈਰ! ਇਹੋ ਦੁਨੀਆਂ ਦੀ ਰੀਤ ਹੈ, ਇਸ ਨੂੰ ਬਦਲਿਆ ਨਹੀਂ ਜਾ ਸਕਦਾ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਦਰਜ਼ ਹੈ;

“ਸੋ ਕਤ ਜਾਨੈ ਪੀਰ ਪਰਾਈ।।

ਜਾ ਕੈ ਅੰਤਰਿ ਦਰਦੁ ਨ ਪਾਈ।। ਰਹਾਉ।।” (ਰਾਗ ਸੂਹੀ, ਬਾਣੀ ਭਗਤ ਰਵਿਦਾਸ ਜੀ ਕੀ, ਅੰਗ- 793)

ਅਤੇ

“ਮਨੁ ਬੇਧਿਆ ਦਇਆਲ ਸੇਤੀ ਮੇਰੀ ਮਾਈ।।

ਕਉਣ ਜਾਣੈ ਪੀਰ ਪਰਾਈ।।

ਹਮ ਨਾਹੀ ਚਿੰਤ ਪਰਾਈ।। ਰਹਾਉ।।” (ਅੰਗ- 795)

ਸ਼ਾਲਾ! ਮੁਲਕ ਦੇ ਬਾਰਡਰਾਂ ਤੇ ਅਮਨ- ਅਮਾਨ ਰਹੇ ਅਤੇ ਸਾਰੀਆਂ ਮਾਂਵਾਂ ਦੇ ਪੁੱਤਰ ਜਿਉਂਦੇ- ਵੱਸਦੇ ਰਹਿਣ। ਇਹੋ ਅਰਦਾਸ ਹੈ ਮੇਰੀ…!

ਬੇਪਰਵਾਹੀਆਂ…!!!
ਸਿਆਣੇ ਕਹਿੰਦੇ ਹਨ ਕਿ ਬਹੁਤ ਜ਼ਿਆਦਾ ਗੱਲਾਂ ਅਤੇ ਯਾਦਾਂ ਨੂੰ ਚੇਤੇ ਰੱਖਣ ਵਾਲਾ ਇਨਸਾਨ ਅਕਸਰ ਹੀ ਪ੍ਰੇਸ਼ਾਨੀ ਦੇ ਆਲਮ ’ਚ ਘਿਰਿਆ ਰਹਿੰਦਾ ਹੈ। ਨਿੱਕੀ ਤੋਂ ਨਿੱਕੀ ਗੱਲ ਅਤੇ ਘਟਨਾ ਨੂੰ ਸਾਲਾਂਬੱਧੀ ਜ਼ਿਹਨ ਵਿਚ ਬਿਠਾਈ ਰੱਖਣਾ ਹੀ ਮਾਨਸਿਕ ਪ੍ਰੇਸ਼ਾਨੀਆਂ ਅਤੇ ਤਕਲੀਫ਼ਾਂ ਦਾ ਸਭ ਤੋਂ ਵੱਡਾ ਕਾਰਨ ਬਣ ਜਾਂਦਾ ਹੈ। ਖ਼ੌਰੇ! ਇਸੇ ਲਈ ਕਿਹਾ ਜਾਂਦਾ ਹੈ ਕਿ ਬੰਦੇ ਨੂੰ ਆਪਣੇ ਜੀਵਨ ਵਿਚ ਕੁਝ ਗੱਲਾਂ ਅਤੇ ਘਟਨਾਵਾਂ ਨੂੰ ਭੁੱਲਣਾ ਵੀ ਸਿੱਖਣਾ ਚਾਹੀਦਾ ਹੈ।

ਬੇਪਰਵਾਹੀਆਂ ਕਦੇ- ਕਦਾਈਂ ਮਨੁੱਖ ਦੀ ਜ਼ਿੰਦਗੀ ਨੂੰ ਜ਼ਿੰਦਾਦਿਲੀ ਨਾਲ ਭਰ ਦਿੰਦੀਆਂ ਹਨ। ਇਸ ਲਈ ਨਿੱਕੀਆਂ- ਮੋਟੀਆਂ ਗੱਲਾਂ ਨੂੰ ਜ਼ਿਆਦਾ ਤਵੱਜੋਂ ਨਹੀਂ ਦੇਣੀ ਚਾਹੀਦੀ। ਬਹੁਤ ਜ਼ਿਆਦਾ ਸੋਚਣ ਵਾਲੇ ਬੰਦੇ ਦੇ ਘਰ ਵਿਚ ਕਲੇਸ਼ ਅਤੇ ਦੁੱਖ ਆਮ ਹੀ ਦੇਖਣ ਨੂੰ ਮਿਲਦੇ ਹਨ। ਅਜਿਹੇ ਲੋਕ ਬਹੁਤ ਸੋਚ- ਵਿਚਾਰ ਕੇ ਗੱਲ ਕਰਨ ਦੇ ਆਦੀ ਹੋ ਜਾਂਦੇ ਹਨ। ਅਮੁਮਨ ਘੱਟ ਬੋਲਣ ਲੱਗਦੇ ਹਨ ਅਤੇ ਦੂਜਿਆਂ ਦੁਆਰਾ ਕਹੀਆਂ ਗੱਲਾਂ ਦੇ ਆਪਣੇ ਮਨ ਦੇ ਸੁਭਾਅ ਅਤੇ ਸਥਿਤੀ ਮੁਤਾਬਿਕ ਅਰਥ ਕੱਢਣੇ ਸ਼ੁਰੂ ਕਰ ਦਿੰਦੇ ਹਨ। ਫਿਰ ਸਹਿਜੇ- ਸਹਿਜੇ ਘਰਾਂ ਵਿਚ ਦੂਰੀਆਂ ਵੱਧਣ ਲੱਗਦੀਆਂ ਹਨ ਅਤੇ ਪਰਿਵਾਰਿਕ ਮੈਂਬਰਾਂ ਵਿਚ ਆਪਸੀ ਬੋਲਚਾਲ ਘੱਟਣ ਲੱਗਦੀ ਹੈ ਜਾਂ ਫਿਰ ਉੱਕਾ ਹੀ ਬੰਦ ਹੋ ਜਾਂਦੀ ਹੈ।

ਫੇਰ ਜਦੋਂ ਸੰਵਾਦ (ਗੱਲਬਾਤ) ਦਾ ਸਿਲਸਿਲਾ ਉੱਕਾ ਹੀ ਬੰਦ ਹੋ ਜਾਂਦਾ ਹੈ ਤਾਂ ਫਿਰ ਵੱਖਰੇਵੇਂ ਹੋ ਜਾਂਦੇ ਹਨ। ਇਹ ਵੱਖਰੇਵੇਂ ਕਈ ਵਾਰ ਦੁਸ਼ਮਣੀ, ਵੈਰ- ਵਿਰੋਧ ਅਤੇ ਨਫ਼ਰਤ ਦਾ ਰੂਪ ਵੀ ਧਾਰਨ ਕਰ ਲੈਂਦੇ ਹਨ। ਪਰਿਵਾਰਾਂ ਵਿਚ ਅਜਿਹੀ ਸਥਿਤੀ ਦਾ ਕਾਰਨ ਹੁੰਦਾ ਹੈ ਕਿ ਆਪਸੀ ਸੰਵਾਦ (ਗੱਲਬਾਤ) ਦਾ ਸਿਲਸਿਲਾ ਉੱਕਾ ਹੀ ਖ਼ਤਮ ਹੋ ਚੁਕਾ ਹੁੰਦਾ ਹੈ ਅਤੇ ਦੂਜੇ ਲੋਕ ਅਤੇ ਰਿਸ਼ਤੇਦਾਰ ਮਾਮੂਲੀ ਗੱਲਾਂ ਅਤੇ ਘਟਨਾਵਾਂ ਨੂੰ ਤੋੜ- ਮਰੋੜ ਕੇ, ਵੱਡੀਆਂ ਕਰਕੇ ਪੇਸ਼ ਕਰਦੇ ਹਨ। ਇਸ ਲਈ ਪਰਿਵਾਰਿਕ ਮੈਂਬਰਾਂ ਦੇ ਮਨਾਂ ਵਿਚ ਇਕ- ਦੂਜੇ ਲਈ ਹੋਰ ਜ਼ਿਆਦਾ ਖਟਾਸ ਅਤੇ ਨਫ਼ਰਤ ਪੈਦਾ ਹੋ ਜਾਂਦੀ ਹੈ।

ਇਨ੍ਹਾਂ ਘਟਨਾਵਾਂ ਦਾ ਮੂਲ ਕਾਰਨ ਹੁੰਦਾ ਹੈ; ਬਹੁਤ ਜ਼ਿਆਦਾ ਸੋਚ- ਵਿਚਾਰ ਕਰਨਾ ਅਤੇ ਆਪਣੇ ਮਨ ਦੀ ਸਥਿਤੀ ਅਤੇ ਸੁਭਾਅ ਦੇ ਮੁਤਾਬਿਕ ਗੱਲਾਂ ਅਤੇ ਘਟਨਾਵਾਂ ਦੇ ਅਰਥ ਕੱਢਣਾ। ਇਸ ਲਈ ਕਿਹਾ ਜਾਂਦਾ ਹੈ ਕਿ ਮਨੁੱਖ ਨੂੰ ਆਮ ਜੀਵਨ ਦੀਆਂ ਨਿੱਕੀਆਂ- ਮੋਟੀਆਂ ਗੱਲਾਂ ਨੂੰ ਹੱਸ ਕੇ ਟਾਲ ਦੇਣਾ ਚਾਹੀਦਾ ਹੈ ਜਾਂ ਜ਼ਿਹਨ ’ਚੋਂ ਵਿਸਾਰ ਦੇਣਾ ਚਾਹੀਦਾ ਹੈ।

ਇੱਥੇ ਖ਼ਾਸ ਗੱਲ ਇਹ ਹੈ ਕਿ ਹੱਦੋਂ ਵੱਧ ਸੋਚ- ਵਿਚਾਰ ਦੇ ਇਸ ਸਿਲਸਿਲੇ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ?, ਤਾਂ ਇਸ ਦਾ ਸਭ ਤੋਂ ਕਾਰਗਰ ਉਪਾਅ ਇਹ ਹੈ ਕਿ ਮਨੁੱਖ ਨੂੰ ਆਪਣੇ- ਆਪ ਨੂੰ ‘ਮਸ਼ਰੂਫ਼’ ਰੱਖਣਾ ਚਾਹੀਦਾ ਹੈ। ਅਸਲ ਵਿਚ ਬਹੁਤੀ ਸੋਚ- ਵਿਚਾਰ ਦਾ ਸਿਲਸਿਲਾ ਉਦੋਂ ਆਰੰਭ ਹੁੰਦਾ ਹੈ ਜਦੋਂ ਮਨੁੱਖ ਵਿਹਲਾ ਹੁੰਦਾ ਹੈ ਅਤੇ ਇਕੱਲਾ ਹੁੰਦਾ ਹੈ। ਇਸ ਨਾਲ ਬੰਦਾ ਉਨ੍ਹਾਂ ਗੱਲਾਂ ਅਤੇ ਯਾਦਾਂ ਉੱਤੇ ਆਪਣੇ ਧਿਆਨ ਨੂੰ ਕੇਂਦਰਿਤ ਕਰ ਲੈਂਦਾ ਹੈ ਜਿਨ੍ਹਾਂ ਦਾ ਅਸਲ ਜੀਵਨ ਵਿਚ ਕੋਈ ਮਹੱਤਵ ਅਤੇ ਲਾਭ ਨਹੀਂ ਹੁੰਦਾ ਅਤੇ ਜਿਨ੍ਹਾਂ ਬਾਰੇ ਸੋਚ- ਵਿਚਾਰ ਕਰਕੇ ਜੀਵਨ ਵਿਚ ਕੋਈ ਤਬਦੀਲੀ ਵੀ ਨਹੀਂ ਹੁੰਦੀ।

ਕਈ ਵਾਰ ਮਨੁੱਖ ਜਾਣਬੁਝ ਕੇ ਸੋਚ- ਵਿਚਾਰ ਦੇ ਸਾਗਰ ਵਿਚ ਨਹੀਂ ਗੁਆਚਦਾ ਬਲਕਿ ਜਾਣਚੱਕ ਹੀ ਇਸ ਭਵਸਾਗਰ ਵਿਚ ਡੁੱਬ ਜਾਂਦਾ ਹੈ। ਫੇਰ ਲੱਖ ਯਤਨ ਕਰਨ ਦੇ ਬਾਵਜੂਦ ਵੀ ਇਸ ਦਲਦਲ ਵਿਚੋਂ ਬਾਹਰ ਨਹੀਂ ਨਿਕਲ ਪਾਉਂਦਾ। ਇਸ ਲਈ ਮਨੋਵਿਗਿਆਨੀਆਂ ਵੱਲੋਂ ਕਿਹਾ ਜਾਂਦਾ ਹੈ ਕਿ ਬੰਦਾ ਆਪਣੇ- ਆਪ ਨੂੰ ਮਸ਼ਰੂਫ਼ ਰੱਖੇ ਤਾਂ ਕਿ ਇਸ ਤਰ੍ਹਾਂ ਦੀ ਸਥਿਤੀ ਪੈਦਾ ਹੀ ਨਾ ਹੋ ਸਕੇ। ਫੇਰ ਵੀ ਜੇ ਕਦੇ ਇਸ ਤਰ੍ਹਾਂ ਦੀ ਸਥਿਤੀ ਪੈਦਾ ਹੋ ਜਾਵੇ ਤਾਂ ਆਪਸੀ ਸੰਵਾਦ (ਗੱਲਬਾਤ) ਦਾ ਪੱਲਾ ਨਾ ਛੱਡੇ। ਆਪਣੇ ਸ਼ੌਕ ਜਿਉਂਦੇ ਰੱਖੇ ਅਤੇ ਉਨ੍ਹਾਂ ਲਈ ਸਮਾਂ ਕੱਢੇ। ਅਸਲ ਵਿਚ ਜਿਸ ਮਨੁੱਖ ਦੇ ਸ਼ੌਕ ਜਿਉਂਦੇ ਹਨ, ਉਹੀ ਮਨੁੱਖ ਸਹੀ ਅਰਥਾਂ ਵਿਚ ਜਿਉਂਦਾ ਹੈ। ਇਸ ਲਈ ਮਨੁੱਖ ਨੂੰ ਜਿਉਂਦੇ ਹੋਣ ਦਾ ਸਬੂਤ ਦੇਣਾ ਚਾਹੀਦਾ ਹੈ ਅਤੇ ਆਪਣੇ ਜੀਵਨ ਵਿਚ ਸੋਚਾਂ ਦੀ ਘੁੰਮਣਘੇਰੀ ਤੋਂ ਬਚਣਾ ਚਾਹੀਦਾ ਹੈ। ਜ਼ਿੰਦਗੀ ਖੁੱਲ੍ਹਦਿਲੀ ਨਾਲ ਜਿਉਣੀ ਚਾਹੀਦੀ ਹੈ। ਇਕ ਸ਼ੇਅਰ ਹੈ;

“ਖੁੱਲ੍ਹਦਿਲੀ ਵੀ ਆਪਣੀ ਥਾਂ ਇਕ ਗਹਿਣਾ ਹੈ,

ਹਰ ਬੰਦੇ ਦੇ ਹਿੱਸੇ ਪਰ ਇਹ ਆਉਂਦਾ ਨਹੀਂ।” (ਨਿਸ਼ਾਨ ਸਿੰਘ ਰਾਠੌਰ)

ਖੁੱਲ੍ਹਦਿਲੀ ਅਤੇ ਬੇਪਰਵਾਹੀ ਬਾਰੇ ਜ਼ਿਕਰ ਕਰਦਿਆਂ ਇਹ ਤੱਥ ਦ੍ਰਿਸ਼ਟੀਗੋਚਰ ਹੁੰਦੇ ਹਨ ਕਿ ਗੁਰਬਾਣੀ ਵਿਚ ਰੱਬ (ਪ੍ਰਮਾਤਮਾ) ਨੂੰ ਵੀ ਬੇਪਰਵਾਹ ਕਿਹਾ ਗਿਆ ਹੈ, ਜਿਹੜਾ ਆਪਣੇ ਭਗਤਾਂ (ਪਿਆਰਿਆਂ) ਦੇ ਗੁਨਾਹਾਂ (ਭੁੱਲਾਂ) ਦੀ ਗਿਣਤੀ ਨਹੀਂ ਕਰਦਾ ਬਲਕਿ ਬਖ਼ਸ਼ ਦਿੰਦਾ ਹੈ ਅਤੇ ਆਪਣੇ ਨਾਲ ਮਿਲਾ ਲੈਂਦਾ ਹੈ;

ਨਾਨਕ ਸੋ ਸੋਹਾਗਣੀ ਜੁ ਭਾਵੈ ਬੇਪਰਵਾਹ।। (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ- 1379)

ਭਾਵ ਉਹ ਜੀਵ ਰੂਪੀ ਇਸਤਰੀ ਸੁਹਾਗਣ ਹੈ ਜਿਹੜੀ ਬੇਪਰਵਾਹ (ਰੱਬ) ਨੂੰ ਭਾਉਂਦੀ (ਚੰਗੀ) ਲੱਗਦੀ ਹੈ।

ਅਤੇ

ਪਾਰਬ੍ਰਹਮ ਗੁਰ ਬੇਪਰਵਾਹੇ।। (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ- 869)

ਇਸ ਤਰ੍ਹਾਂ ਉੱਪਰ ਕੀਤੀ ਗਈ ਵਿਚਾਰ- ਚਰਚਾ ਦੇ ਆਧਾਰ ’ਤੇ ਕਿਹਾ ਜਾ ਸਕਦਾ ਹੈ ਕਿ ਮਨੁੱਖ ਦਾ ਜੀਵਨ ਕੁਦਰਤ ਦੀ ਸਭ ਤੋਂ ਵੱਡਮੁੱਲੀ ਅਤੇ ਖ਼ੂਬਸੂਰਦ ਦਾਤ ਹੈ। ਇਸ ਨੂੰ ਖੁੱਲ੍ਹਦਿਲੀ ਅਤੇ ਜ਼ਿੰਦਾਦਿਲੀ ਨਾਲ ਬਤੀਤ ਕਰਨਾ ਚਾਹੀਦਾ ਹੈ ਅਤੇ ਬੇਲੋੜੀ ਸੋਚ- ਵਿਚਾਰ ਦੀ ਆਦਤ ਦਾ ਖਹਿੜਾ ਛੱਡਣਾ ਚਾਹੀਦਾ ਹੈ ਤਾਂ ਕਿ ਮਨੁੱਖੀ ਜ਼ਿੰਦਗੀ ਦਾ ਲੁਤਫ਼ (ਆਨੰਦ) ਲਿਆ ਜਾ ਸਕੇ ਅਤੇ ਪਰਿਵਾਰਾਂ ਵਿਚ ਆਪਸੀ ਮੋਹ- ਮੁਹੱਬਤ ਦਾ ਸਿਲਸਿਲਾ ਬਰਕਰਾਰ ਰਹੇ। ਪੰਜਾਬੀ ਸੂਫ਼ੀ ਗਾਇਕ ਅਤੇ ਸ਼ਾਇਰ ਡਾ. ਸਤਿੰਦਰ ਸਰਤਾਜ ਦੇ ਇਕ ਗੀਤ ਦੀਆਂ ਇਨ੍ਹਾਂ ਸਤਰਾਂ ਨਾਲ ਟਿੱਪਣੀ ਸਮਾਪਤ ਕਰਦੇ ਹਾਂ;

ਰੱਬ ਦੀਆਂ ਬੇਪਰਵਾਹੀਆਂ, ਸਾਨੂੰ ਹਾਲੇ ਸਮਝ ਨਹੀਂ ਆਈਆਂ।

ਰੱਬ ਦੀਆਂ ਬੇਪਰਵਾਹੀਆਂ।

ਜਿਉਂਦੇ- ਵੱਸਦੇ ਰਹੋ ਸਾਰੇ।

ਚਿੱਠੀਆਂ ਪਾਉਣੀਆਂ ਭੁੱਲ ਗਏ !!!
ਸਿਆਣਿਆਂ ਦਾ ਕਹਿਣਾ ਹੈ ਕਿ ਵਕਤ ਦੇ ਨਾਲ ‘ਬਦਲ’ ਜਾਣਾ ‘ਸਿਆਣੇ’ ਮਨੁੱਖਾਂ ਦਾ ਕੰਮ ਹੁੰਦਾ ਹੈ। ਜਿਸ ਤਰ੍ਹਾਂ ਦੇ ਹਾਲਾਤ ਪੈਦਾ ਹੁੰਦੇ ਹਨ ਉਹਨਾਂ ਨੂੰ ਸਮੇਂ ਅਤੇ ਥਾਂ ਦੇ ਹਿਸਾਬ ਨਾਲ ਨਜਿੱਠ ਲੈਣਾ ਸਿਆਣਪ ਹੈ ਪਰ! ਆਪਣੀਆਂ ਹੱਠ-ਕਰਮੀਆਂ ਅਤੇ ਅੜੀ ਕਰਕੇ ਅੜੇ ਰਹਿਣਾ; ਮੂਰਖ਼ਤਾ ਕਹੀ ਜਾਂਦੀ ਹੈ। ਗੁਰਬਾਣੀ ਵਿਚ ਵੀ ਕਿਹਾ ਗਿਆ ਹੈ;

‘ਵਖਤੁ ਵੀਚਾਰੇ ਸੁ ਬੰਦਾ ਹੋਇ॥’ (ਗੁਰੂ ਗ੍ਰੰਥ ਸਾਹਿਬ ਜੀ, ਅੰਗ-83, 84)

ਜਿਹੜਾ ਮਨੁੱਖ ਸਮੇਂ ਅਤੇ ਥਾਂ ਦੇ ਬਦਲਣ ਨਾਲ ਆਪਣੇ- ਆਪ ਨੂੰ ਬਦਲ ਲੈਂਦਾ ਹੈ ਉਹ ਬੰਦਾ ਅਮੁਮਨ ਸੁਖੀ ਰਹਿੰਦਾ ਹੈ ਅਤੇ ਆਪਣੀ ਜਿ਼ੰਦਗੀ ਵਿਚ ਕਾਮਯਾਬ ਹੋ ਜਾਂਦਾ ਹੈ। ਦੂਜੇ ਪਾਸੇ; ਕੁਝ ਲੋਕਾਂ ਦਾ ਸੁਭਾਅ ਹੁੰਦਾ ਹੈ ਕਿ ਉਹ ਉਮਰ ਦੇ ਵੱਧਣ ਦੇ ਨਾਲ-ਨਾਲ ਆਪਣੀਆਂ ਆਦਤਾਂ ਨੂੰ ਬਦਲ ਨਹੀਂ ਸਕਦੇ। ਉਹ ਜਿਸ ਤਰ੍ਹਾਂ ਜਵਾਨੀ ਵਿਚ ਕੰਮ ਕਰਦੇ ਸਨ ਉਸੇ ਤਰ੍ਹਾਂ ਬੁਢਾਪੇ ਵਿਚ ਵੀ ਕੰਮ ਕਰਨ ਦੇ ਚਾਹਵਾਨ ਹੁੰਦੇ ਹਨ ਪਰ! ਉਸ ਸਮੇਂ ਉਹਨਾਂ ਦੀ ਸਿਹਤ ਅਤੇ ਸਰੀਰ ਸਾਥ ਨਹੀਂ ਦਿੰਦਾ। ਇਸ ਨਾਲ ਕਈ ਵਾਰ ਹਾਦਸੇ ਵੀ ਵਾਪਰ ਜਾਂਦੇ ਹਨ। ਇਸ ਲਈ ਮਨੁੱਖ ਨੂੰ ਆਪਣੀ ਸਿਹਤ, ਸਰੀਰ ਅਤੇ ਮਾਨਸਿਕ ਸਥਿਤੀ ਦੇ ਅਨੁਸਾਰ ਆਪਣੀਆਂ ਆਦਤਾਂ ਨੂੰ ਬਦਲ ਲੈਣਾ ਚਾਹੀਦਾ ਹੈ ਤਾਂ ਕਿ ਕਿਸੇ ਤਰ੍ਹਾਂ ਦੇ ਨੁਕਸਾਨ ਤੋਂ ਸਮਾਂ ਰਹਿੰਦੇ ਬਚਿਆ ਜਾ ਸਕੇ। ਖ਼ੈਰ!

ਅੱਜ ਇੰਟਰਨੈੱਟ ਦਾ ਜ਼ਮਾਨਾ ਹੈ। ਲੋਕ ਮਿੰਟਾਂ- ਸਕਿੰਟਾਂ ਵਿਚ ਸਮੁੱਚੇ ਸੰਸਾਰ ਦੀਆਂ ਖ਼ਬਰਾਂ! ਪ੍ਰਾਪਤ ਕਰ ਸਕਦੇ ਹਨ। ਇੱਕ ਥਾਂ ’ਤੇ ਵਾਪਰੀ ਘਟਨਾ ਕੁਝ ਸਕਿੰਟਾਂ ਵਿਚ ਪੂਰੀ ਦੁਨੀਆਂ ਵਿਚ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ। ਇਹ ਸਭ ਕੁਝ ਤਕਨੀਕ ਦੇ ਵਿਕਾਸ ਕਰਕੇ ਸੰਭਵ ਹੋਇਆ ਹੈ। ਅੱਜ ਲੋਕ ਵੀਡੀਉ ਕਾਲ ਜਾਂ ਆਡੀਉ ਕਾਲ ਦੇ ਯੁੱਗ ਵਿਚ ਜੀਅ ਰਹੇ ਹਨ। ਹੁਣ ਚਿੱਠੀਆਂ ਪਾਉਣੀਆਂ, ਨਵੇਂ ਵਰ੍ਹੇ ਦੇ ਕਾਰਡ ਪਾਉਣੇ, ਵਿਆਹਾਂ- ਸ਼ਾਦੀਆਂ ਦੇ ਕਾਰਡ ਭੇਜਣੇ ਅਤੇ ਪੋਸਟ- ਕਾਰਡ ਲਿਖਣੇ ਅਤੇ ਤਾਰ ਪਾਉਣੀ; ਬੀਤੇ ਵਕਤ ਦੀਆਂ ਗੱਲਾਂ ਹੋ ਕੇ ਰਹਿ ਗਈਆਂ ਹਨ।

ਅੱਜ ਦੇ ਯੁੱਗ ਵਿਚ ਕਿਸੇ ਕੋਲ ਵੀ ਚਿੱਠੀ ਲਿਖਣ- ਪੜ੍ਹਨ ਦਾ ਵਕਤ ਨਹੀਂ ਹੈ। ਉਹ ਵਕਤ ਲੰਘ ਗਿਆ ਹੈ; ਜਦੋਂ ਚਿੱਠੀਆਂ ਲਿਖਣ- ਪੜ੍ਹਨ ਦਾ ਚਾਅ ਹੁੰਦਾ ਸੀ। ਚਿੱਠੀ ਦੇ ਆਉਣ ਦੀ ਉਡੀਕ ਰਹਿੰਦੀ ਸੀ। ਅੱਜ ਤਾਂ ਚੰਦ ਸਕਿੰਟ ਵਿਚ ਸੰਦੇਸ਼ ਇੱਕ- ਦੂਜੇ ਕੋਲ ਪਹੁੰਚ ਜਾਂਦੇ ਹਨ। ਅੱਜ ਜਿੱਥੇ ਸੰਚਾਰ ਦੇ ਮਾਧਿਅਮ ਵੱਧ ਗਏ ਹਨ ਉੱਥੇ ਹੀ ਮੋਹ- ਮੁਹੱਬਤ ਘੱਟਦੇ ਜਾ ਰਹੇ ਹਨ। ਫ੍ਰੀ ਮੋਬਾਇਲ ਨੇ ਲੋਕ ਗੱਲਾਂ ਤੋਂ ਸੱਖਣੇ ਕਰਕੇ ਰੱਖ ਦਿੱਤੇ ਹਨ। ਅੱਜ ਹਰ ਸਖ਼ਸ਼ ਕੋਲ ਮੋਬਾਇਲ ਤਾਂ ਜ਼ਰੂਰ ਹੈ ਪਰ! ਗੱਲ ਕਰਨ ਨੂੰ ਸਮਾਂ ਨਹੀਂ ਹੈ। ਬੀਤਿਆਂ ਵਰ੍ਹਿਆਂ ਵਿਚ ਪਿੰਡ ਵਿਚ ਡਾਕੀਆ ‘ਡਾਕ’ ਲੈ ਕੇ ਆਉਂਦਾ ਹੁੰਦਾ ਸੀ ਤਾਂ ਸਾਰੇ ਪਿੰਡ ਨੂੰ ਚਾਅ ਚੜ ਜਾਂਦਾ ਸੀ ਕਿ ਹੁਣ ਆਪਣਿਆਂ- ਪਿਆਰਿਆਂ ਦੀਆਂ ਚਿੱਠੀਆਂ/ ਸੰਦੇਸ਼ ਆਏ ਹੋਣਗੇ। ਲੋਕ ਇਹਨਾਂ ਸੰਦੇਸ਼ਾਂ ਦੀ ਬੇਸਬਰੀ ਨਾਲ ਉਡੀਕ ਕਰਦੇ ਸਨ। ਫਿਰ ਉਹਨਾਂ ਚਿੱਠੀਆਂ ਦੇ ਜੁਆਬ ਲਿਖੇ ਜਾਂਦੇ ਸਨ ਅਤੇ ਫਿਰ ਅਗਲੀ ਚਿੱਠੀ ਦਾ ਇੰਤਜ਼ਾਰ ਸ਼ੁਰੂ ਹੋ ਜਾਂਦਾ ਸੀ।

ਚਿੱਠੀਆਂ ਲਿਖਣ-ਪੜ੍ਹਨ ਦਾ ਇਹ ਦੌਰ ਸਾਲ 1995 ਦੇ ਆਸ- ਪਾਸ ਸਹਿਜੇ-ਸਹਿਜੇ ਖ਼ਤਮ ਹੋਣਾ ਸ਼ੁਰੂ ਹੋ ਗਿਆ ਅਤੇ 2024 ਚੜ੍ਹ ਜਾਣ ਤੱਕ ਲਗਭਗ ਅਲੋਪ ਹੋਣ ਕੰਢੇ ਹੈ। ਹੁਣ ‘ਡਾਕ’ ਦਾ ਕੰਮ ਕੇਵਲ ਸਰਕਾਰੀ ਪੱਤਰ ਜਾਂ ਫਿਰ ਹੋਰ ਸਰਕਾਰੀ ਅਦਾਰਿਆਂ ਦੇ ਕੰਮਕਾਜ ਲਈ ਹੋ ਕੇ ਰਹਿ ਗਿਆ ਹੈ। ਅੱਜ ਦੇ 99% ਜੁਆਕਾਂ ਨੂੰ ਚਿੱਠੀਆਂ ਦੇ ਮਹੱਤਵ ਬਾਰੇ ਨਹੀਂ ਪਤਾ; ਕਿਉਂਕਿ ਇਹਨਾਂ ਜੁਆਕਾਂ ਨੇ ਇੰਟਰਨੈੱਟ ਦੇ ਯੁੱਗ ਵਿਚ ਅੱਖਾਂ ਖੋਲ੍ਹੀਆਂ ਹਨ। ਇਹ ਜੁਆਕ ਆਪਣੇ ਸੁਨੇਹਿਆਂ ਲਈ ਹਫਤਿਆਂ / ਮਹੀਨਿਆਂ ਬੱਧੀ ਉਡੀਕ ਨਹੀਂ ਕਰ ਸਕਦੇ। ਇਹ ਤਾਂ ਆਪਣੇ ਸੰਦੇਸ਼ ਚੰਦ ਸਕਿੰਟਾਂ ਵਿਚ ਪਹੁੰਚਾਉਣ ਦੇ ਯੁੱਗ ਵਿਚ ਜੰਮੇ ਹਨ। ਖ਼ੈਰ!

ਚਿੱਠੀ ਜਿੱਥੇ ਮੋਹ ਦਾ ਪ੍ਰਤੀਕ ਮੰਨੀ ਜਾਂਦੀ ਰਹੀ ਹੈ ਉੱਥੇ ਹੀ ਆਪਸੀ ਪਿਆਰ ਲਈ ‘ਮਾਧਿਅਮ’ ਬਣਨ ਦਾ ਕਾਰਜ ਵੀ ਕਰਦੀ ਰਹੀ ਹੈ। ਪਿੰਡਾਂ ਵਿਚ ਅਨਪੜ ਲੋਕ ਆਪਣੀਆਂ ਚਿੱਠੀਆਂ ਪਿੰਡ ਦੇ ‘ਬਾਣੀਏ’ ਜਾਂ ਕਿਸੇ ‘ਪੜਾਕੂ ਮੁੰਡੇ’ ਕੋਲੋਂ ਪੜ੍ਹਵਾਉਣ ਜਾਂਦੇ ਹੁੰਦੇ ਸਨ। ਉਸ ਵਕਤ ਦੇ ਲੋਕ ਭਾਵੇਂ ਅਨਪੜ੍ਹ ਸਨ ਪਰ, ਉਹਨਾਂ ਕੋਲ ਸਹਿਣ ਸ਼ਕਤੀ ਸੀ/ ਉਡੀਕ ਕਰਨ ਲਈ ਸਬਰ ਸੀ। ਘਰਾਂ ਵਿਚ ਲੜਾਈ- ਝਗੜੇ ਨਾਮਾਤਰ ਸਨ। ਤਲਾਕ ਬਾਰੇ ਕੋਈ ਸੋਚਦਾ ਵੀ ਨਹੀਂ ਸੀ। ਹਾਂ, ਨਿੱਕ- ਮੋਟੇ ਝਗੜੇ ਪਿੰਡ ਦੇ ਲੋਕਾਂ ਵੱਲੋਂ ਸੁਲਝਾ ਲਏ ਜਾਂਦੇ ਸਨ। ਖ਼ੈਰ!

ਚਿੱਠੀ ਦਾ ਸਰੂਪ ਕਈ ਤਰ੍ਹਾਂ ਦਾ ਹੁੰਦਾ ਸੀ। ‘ਸਾਹੇ ਚਿੱਠੀ’ ਨੂੰ ਵਿਆਹ ਦੇ ਸੱਦੇ ਦੀ ਚਿੱਠੀ ਕਿਹਾ ਜਾਂਦਾ ਸੀ। ਕੁੜੀ ਵਾਲੇ ਆਪਣੀ ਕੁੜੀ ਦੀ ਬਾਰਾਤ ਲਈ ਮੁੰਡੇ ਵਾਲਿਆਂ ਦੇ ਘਰ; ਵਿਆਹ ਤੋਂ ਪਹਿਲਾਂ ਚਿੱਠੀ ਭੇਜਦੇ ਸਨ ਅਤੇ ਵਿਆਹ ਦੇ ਦਿਨ, ਬਾਰਾਤ ਵਿਚ ਬੰਦਿਆਂ ਦੀ ਗਿਣਤੀ ਆਦਿਕ ਬਾਰੇ ਲਿਖਦੇ ਸਨ। ਸਰਕਾਰੀ ਚਿੱਠੀਆਂ ਵਿਚ ਸਰਕਾਰੀ ਕੰਮਕਾਰ ਬਾਰੇ ਜਿ਼ਕਰ ਹੁੰਦਾ ਸੀ। ‘ਤਾਰ’ ਆਉਣ ਨੂੰ ਅਮੂਮਨ ਮਾੜਾ/ ਭੈੜਾ ਹੀ ਸਮਝਿਆ ਜਾਂਦਾ ਸੀ ਕਿਉਂਕਿ ‘ਤਾਰ’ ਵਿਚ ਕਿਸੇ ਰਿਸ਼ਤੇਦਾਰ ਦੀ ਮੌਤ ਦਾ ਸੁਨੇਹਾ ਆਉਂਦਾ ਸੀ। ‘ਤਾਰ’ ਰੂਪੀ ਸੰਦੇਸ਼ ਬਹੁਤ ਤੇਜੀ ਨਾਲ ਆਉਂਦਾ ਸੀ ਇਸ ਲਈ ਇਸ ਕਾਹਲੀ ਨੂੰ ਕਿਸੇ ਭੈੜੀ ਖ਼ਬਰ ਨਾਲ ਜੋੜ ਕੇ ਦੇਖਿਆ ਜਾਂਦਾ ਸੀ। ਖ਼ੈਰ!

ਆਖ਼ਰ ਵਿਚ ਕਿਹਾ ਜਾ ਸਕਦਾ ਹੈ ਕਿ ਹੁਣ ਭਾਵੇਂ ਤਕਨੀਕ ਦਾ ਯੁੱਗ ਹੈ ਪਰ! ਪੁਰਾਤਨ ਵੇਲੇ ਦੀਆਂ ਯਾਦਾਂ ‘ਚਿੱਠੀਆਂ’ ਦੇ ਰੂਪ ਵਿਚ ਦੇਖੀਆਂ ਜਾ ਸਕਦੀਆਂ ਹਨ। ਉਹ ਭਾਵੇਂ ਸਰਕਾਰੀ ਕੰਮਕਾਜ ਲਈ ਸਰਕਾਰੀ ਤੌਰ ’ਤੇ ਕਾਰਜਸ਼ੀਲ ਹੋਣ ਪਰ! ਅਜੇ ਤੱਕ ਜਿ਼ੰਦਾ ਹਨ। ਅੱਜ ਦੀ ਪੀੜ੍ਹੀ ਨੂੰ ਇਹਨਾਂ ਚਿੱਠੀਆਂ ਵਿਚਲੇ ਮੋਹ ਅਤੇ ਸਬਰ ਨੂੰ ਸਮਝਣਾ ਚਾਹੀਦਾ ਹੈ ਅਤੇ ਇਹਨਾਂ (ਚਿੱਠੀਆਂ) ਨਾਲ ਜੁੜਨ ਦਾ ਯਤਨ ਕਰਨਾ ਚਾਹੀਦਾ ਹੈ।

ਪੱਗ ਦਾ ਹੌਸਲਾ
ਫੌਜ ਵਿਚ ਨੋਕਰੀ ਕਰਦਿਆਂ ਕਦੇ ਤਿੰਨ ਮਹੀਨੇ ਬਾਅਦ ਅਤੇ ਕਦੇ ਚਾਰ ਮਹੀਨੇ ਬਾਅਦ ਘਰ ਜਾਣ ਦਾ ਮੌਕਾ ਮਿਲਦਾ ਹੈ। ਇਸ ਵਾਰ ਜਦੋਂ ਛੁੱਟੀ ਕੱਟ ਕੇ ਵਾਪਸ ਬਟਾਲਿਅਨ ’ਚ ਮੁੜਿਆ ਤਾਂ ਇਕ ਦਿਨ ਵੀਡੀਓ ਕਾਲ ’ਤੇ ਗੱਲ ਕਰਦਿਆਂ ਮੇਰਾ ਧਿਆਨ ਫਰਿੱਜ ਤੇ ਰੱਖੀ ਆਪਣੀ ਪੱਗ ਤੇ ਪਿਆ। ਮੈਨੂੰ ਛੁੱਟੀ ਕੱਟ ਕੇ ਆਏ ਨੂੰ ਤਕਰੀਬਨ ਇਕ ਮਹੀਨਾ ਹੋ ਚਲਿਆ ਸੀ ਅਤੇ ਮੇਰੀ ਪੱਗ ਉਂਝ ਹੀ ਬੱਝੀ ਪਈ ਫਰਿੱਜ ਤੇ ਰੱਖੀ ਸੀ। ਮੈਂ ਆਪਣੀ ਪਤਨੀ ਨੂੰ ਪੁੱਛਿਆ, “ਕੀ ਗੱਲ, ਮੇਰੀ ਇਹ ਪੱਗ ਧੋ ਕੇ ਸਾਂਭੀ ਨਹੀਂ?”

ਉਹ ਕਹਿੰਦੀ, “ਨਾ ਜੀ, ਮੈਂ ਤਿੰਨ- ਚਾਰ ਮਹੀਨੇ ਤੱਕ ਜਾਂ ਜਿੰਨਾ ਚਿਰ ਤੁਸੀਂ ਦੁਬਾਰਾ ਛੁੱਟੀ ਨਹੀਂ ਆਉਂਦੇ, ਉੰਨਾ ਚਿਰ ਤੱਕ ਪੱਗ ਨਹੀਂ ਧੋਂਦੀ ਤੇ ਇਹ ਇੰਝ ਹੀ ਬੱਝੀ ਪਈ ਰਹਿੰਦੀ ਹੈ।”

“ਇੰਝ ਕਿਉਂ?” ਮੈਂ ਕਾਰਨ ਪੁੱਛਿਆ।

ਉਹ ਕਹਿੰਦੀ, “ਬੰਦੇ ਦੀ ਪੱਗ ਘਰ ’ਚ ਪਈ ਹੋਵੇ ਤਾਂ ਜਨਾਨੀ ਨੂੰ ਹੌਸਲਾ ਰਹਿੰਦਾ ਹੈ।”

“ਅੱਛਾ!” ਇਹ ਗੱਲ ਸੁਣ ਕੇ ਮੈਨੂੰ ਹੈਰਾਨੀ ਹੋਈ।

“ਆਹੋ! ਨਾਲੇ ਬੱਚਿਆਂ ਨੂੰ ਡਰ ਰਹਿੰਦਾ ਹੈ ਕਿ ਪਿਓ ਦੀ ਪੱਗ ਘਰ ਪਈ ਹੈ। ਪਿਓ ਦੀ ਪੱਗ ਦਾ ਪਿਓ ਜਿੰਨਾ ਹੀ ਰੌਬ ਹੁੰਦਾ ਹੈ।” ਮੇਰੀ ਪਤਨੀ ਨੇ ਆਪਣੇ ਦਿਲ ਦੀ ਗੱਲ ਦੱਸਦਿਆਂ ਕਿਹਾ।

ਮੈਨੂੰ ਹੈਰਾਨੀ ਹੋਈ ਕਿ ਮੇਰੀ ਪਤਨੀ ਆਧੁਨਿਕ ਵਿਚਾਰਾਂ ਦੀ ਹੋ ਕੇ ਵੀ ਇਹੋ ਜਿਹੇ ਕਾਰਜ ਕਰਦੀ ਹੈ ਪਰ ਫੇਰ ਮੈਨੂੰ ਯਾਦ ਆਇਆ ਕਿ ਬਿਲਕੁਲ ਇਹੋ ਗੱਲ ਸਾਡੇ ਦਾਦੀ ਮਾਤਾ ਜੀ ਵੀ ਕਹਿੰਦੇ ਹੁੰਦੇ ਸਨ। ਉਹ ਕਹਿੰਦੇ ਸਨ ਕਿ ਬੰਦੇ ਦੀ ਜੁੱਤੀ ਅਤੇ ਪੱਗ ਦਾ ਉਹੀਓ ਰੁਤਬਾ ਹੁੰਦਾ ਹੈ ਜਿਹੜਾ ਬੰਦੇ ਦਾ ਆਪਣਾ ਰੁਤਬਾ ਹੁੰਦਾ ਹੈ। ਵਿਹੜਿਓਂ ਬਾਹਰ ਮਰਦ (ਬੰਦੇ) ਦੀ ਜੁੱਤੀ ਲੱਥੀ ਹੋਵੇ ਤਾਂ ਕਿਸੇ ਮੁਸ਼ਟੰਡੇ ਦੀ ਹਿਮੰਤ ਨਹੀਂ ਹੁੰਦੀ ਕਿ ਉਹ ਮੈਲ਼ੀ ਅੱਖ ਨਾਲ ਉਸ ਘਰ ਕੰਨੀ ਝਾਕ ਵੀ ਲਵੇ। ਖ਼ੈਰ!

ਇਹਨੂੰ ਅਸੀਂ ਮੁਹੱਬਤ ਜਾਂ ਭਾਵਨਾ ਦਾ ਨਾਮ ਦੇ ਸਕਦੇ ਹਾਂ। ਕੁਝ ਵਿਚਾਰਕ ਇਸ ਨੂੰ ਔਰਤ ਦੇ ਸਵੈਮਾਨ ਤੇ ਸੱਟ ਵੀ ਕਹਿ ਸਕਦੇ ਹਨ। ਪਰ ਸਾਡੇ ਸਭਿਆਚਾਰ ਵਿਚ ਪੱਗ ਨੂੰ ਜ਼ਿੰਮੇਵਾਰੀ ਦਾ ਪ੍ਰਤੀਤ ਮੰਨਿਆ ਜਾਂਦਾ ਰਿਹਾ ਹੈ। ਖ਼ੈਰ, ਹੁਣ ਜ਼ਮਾਨਾ ਬਦਲ ਗਿਆ ਹੈ।

ਪੱਚੀ- ਤੀਹ ਵਰ੍ਹੇ ਪਹਿਲਾਂ ਜਦੋਂ ਅਸੀਂ ਅਜੇ ਜੁਆਕ ਸਾਂ ਉਦੋਂ ਸਾਡੀ ਮਾਤਾ ਵੀ ਇਹਨਾਂ ਵਿਚਾਰਾਂ ਦੀ ਧਾਰਨੀ ਹੁੰਦੀ ਸੀ। ਸਾਡੀ ਦਾਦੀ ਮਾਤਾ ਨੇ ਆਪਣੀਆਂ ਨੂੰਹਾਂ ਨੂੰ ਇਹੋ ਸਿੱਖਿਆ ਦਿੱਤੀ ਕਿ ਬੰਦੇ ਦੇ ਬਟੂਏ (ਪਰਸ) ਨੂੰ ਹੱਥ ਨਹੀਂ ਲਾਉਣਾ ਚਾਹੀਦਾ ਤੇ ਖੁਦ ਕਦੇ ਪੈਸੇ ਨਹੀਂ ਕੱਢਣੇ ਚਾਹੀਦੇ- ਜਿੰਨੇ ਜਰੂਰਤ ਹੋਵੇ ਬੰਦੇ ਕੋਲੋਂ ਮੰਗ ਲੈਣੇ ਹਨ- ਪਰ ਉਸਦੇ ਬਟੂਏ ਨੂੰ ਕਦੇ ਹੱਥ ਨਹੀਂ ਲਾਉਣਾ। ਮੇਰੀ ਪਤਨੀ ਭਾਵੇਂ ਆਧੁਨਿਕ ਵਿਚਾਰਾਂ ਦੀ ਧਾਰਨੀ ਹੈ ਪਰ ਉਸਨੇ ਵੀ ਕਦੇ ਮੇਰੇ ਬਟੂਏ ਨੂੰ ਹੱਥ ਨਹੀਂ ਲਾਇਆ। ਬੇਬੇ ਦਾਦੀ ਮਾਤਾ ਦੱਸਦੀ ਹੁੰਦੀ ਸੀ ਕਿ ਇੰਝ ਕਰਨ ਨਾਲ ਘਰ ਵਿਚ ਬਰਕਤ ਨਹੀਂ ਰਹਿੰਦੀ। ਉਦੋਂ ਔਰਤਾਂ ਵੱਲੋਂ ਆਪਣੇ ਬੰਦਿਆਂ ਦਾ ਨਾਮ ਲੈ ਕੇ ਬੁਲਾਉਣ ਦਾ ਰਿਵਾਜ਼ ਵੀ ਪ੍ਰਚਲਤ ਨਹੀਂ ਸੀ ਹੋਇਆ। ਹੁਣ ਤਾਂ ਗੱਲ ਚਿੰਟੂ- ਮਿੰਟੂ ਤੇ ਅੱਪੜ ਗਈ ਹੈ। ਖ਼ੈਰ!

ਪਿਓ ਦੀ ਪੱਗ (ਪਿਓ ਦੇ ਜਿਉਂਦਿਆਂ) ਪੁੱਤਰ ਤੇ ਸਿਰ ’ਤੇ ਨਹੀਂ ਸੀ ਰੱਖੀ ਜਾਂਦੀ। ਹਾਂ, ਪਿਤਾ ਦੀ ਮੌਤ ਤੋਂ ਬਾਅਦ ਪੁੱਤਰ ਦੇ ਸਿਰ ’ਤੇ ਪੱਗ ਰੱਖਣ ਦਾ ਰਿਵਾਜ਼ ਅੱਜ ਵੀ ਚੱਲ ਰਿਹਾ ਹੈ। ਅਸਲ ਵਿਚ ਇਹ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਣ ਦੀ ਰਸਮ ਹੈ। ਇਸ ਨਾਲ ਇਹ ਪ੍ਰਗਟਾਵਾ ਕੀਤਾ ਜਾਂਦਾ ਹੈ ਕਿ ਪਿਓ ਤੋਂ ਬਾਅਦ ਘਰ ਦੀ ਜ਼ਿੰਮੇਵਾਰੀ ਦਾ ਸਾਰਾ ਬੋਝ ਹੁਣ ਪੁੱਤਰ ਦੇ ਸਿਰ ’ਤੇ ਆ ਗਿਆ ਹੈ।

ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਜਦੋਂ ਮੇਰਾ ਵਿਆਹ ਹੋਇਆ ਤਾਂ ਮੇਰੇ ਬਾਪੂ ਜੀ ਨੇ ਮੈਨੂੰ ਇਕ ਗੱਲ ਆਖੀ ਸੀ ਜਦੋਂ ਮੈਂ ਪਹਿਲੀ ਵਾਰ ਆਪਣੀ ਪਤਨੀ ਨਾਲ ਆਪਣੇ ਸਹੁਰੇ ਘਰ ਜਾ ਰਿਹਾ ਸੀ। ਉਹ ਕਹਿੰਦੇ, “ਇਕ ਗੱਲ ਯਾਦ ਰੱਖੀਂ ਕਾਕਾ, ਆਪਣੀ ਪੱਗ ਨੂੰ ਲਾਹ ਕੇ ਮੰਜੀ ਦੇ ਪਾਵੇ ਨਾਲ ਕਦੇ ਨਾ ਟੰਗੀਂ।”

ਮੈਂ ਕਿਹਾ, “ਉਹ ਕਿਉਂ?”

ਉਹ ਕਹਿੰਦੇ, “ਇਸ ਨਾਲ ਮਾਣ ਵਿਚ ਫਰਕ ਪੈਂਦਾ ਹੈ। ਸਹੁਰੇ ਘਰ ਜਾ ਕੇ ਜਵਾਈ ਨੂੰ ਆਪਣੀ ਮਰਿਆਦਾ ਵਿਚ ਰਹਿਣਾ ਚਾਹੀਦਾ ਹੈ। ਇਸ ਨਾਲ ਜਵਾਈ ਦਾ ਮਾਣ- ਤਾਣ ਬਣਿਆ ਰਹਿੰਦਾ ਹੈ। ਜਿਹੜਾ ਲੋਕ ਇਹਨਾਂ ਗੱਲਾਂ ਤੇ ਅਮਲ ਨਹੀਂ ਕਰਦੇ ਉਹਨਾਂ ਦੀ ਇੱਜਤ ਨਹੀਂ ਹੁੰਦੀ।”

ਮੈਂ ਕਿਹਾ, “ਅੱਛਾ ਜੀ।”

ਅੱਜ ਦੀ ਪੀੜ੍ਹੀ ਇਹਨਾਂ ਗੱਲਾਂ ਨੂੰ ਭਾਵੇਂ ਪੁਰਾਣੇ ਵਿਚਾਰ ਸਮਝ ਕੇ ਖ਼ਾਰਜ ਕਰ ਦੇਵੇ ਪ੍ਰੰਤੂ! ਸਾਡੇ ਬਜ਼ੁਰਗਾਂ ਵੱਲੋਂ ਕਹੀਆਂ ਗੱਲਾਂ ਅੱਜ ਵੀ 100 ਫੀਸਦੀ ਸੱਚ ਅਤੇ ਕਾਰਗਰ ਸਾਬਿਤ ਹੁੰਦੀਆਂ ਹਨ। ਅੱਜ ਘਰਾਂ ਵਿਚ ਲੜਾਈ- ਝਗੜੇ ਅਤੇ ਕਲੇਸ਼ ਇਸੇ ਕਰਕੇ ਵੱਧ ਰਹੇ ਹਨ ਕਿਉਂਕਿ ਅਸੀਂ ਆਪਣੇ ਪੁਰਾਤਨ ਰੀਤੀ- ਰਿਵਾਜ਼ਾਂ ਨੂੰ ਵਿਸਾਰ ਚੁਕੇ ਹਾਂ। ਆਪਣੀ ਮਰਿਆਦਾ ਨੂੰ ਭੁੱਲ ਚੁਕੇ ਹਾਂ। ਮਰਿਆਦਾ ਦੇ ਘਾਣ ਕਰਕੇ ਅਸੀਂ ਖੁਆਰ ਹੋ ਰਹੇ ਹਾਂ। ਉਹ ਚਾਹੇ ਔਰਤ ਹੋਵੇ ਅਤੇ ਚਾਹੇ ਮਰਦ। ਜਿੰਨਾ ਚਿਰ ਉਹ ਆਪਣੀ ਹੱਦਬੰਦੀਆਂ ਦੀ ਸੀਮਾ ਪਾਰ ਨਹੀਂ ਕਰਦਾ ਉੰਨਾ ਚਿਰ ਤੱਕ ਉਹ ਇੱਜਤ ਦਾ ਪਾਤਰ ਬਣਿਆ ਰਹਿੰਦਾ ਹੈ, ਮਰਿਆਦਾ ਦੀ ਉਲੰਘਣਾ ਕਰਦਿਆਂ ਹੀ ਬੰਦਾ ਜਿੱਥੇ ਆਪਣੀਆਂ ਨਜ਼ਰਾਂ ਤੋਂ ਡਿੱਗਦਾ ਹੈ ਉੱਥੇ ਹੀ ਸਮਾਜ ਦੀਆਂ ਨਜ਼ਰਾਂ ਤੋਂ ਵੀ ਲੱਥ ਜਾਂਦਾ ਹੈ। ਪਰ, ਹੁਣ ਜ਼ਮਾਨਾ ਬਦਲ ਗਿਆ ਹੈ।

ਘੋੜੀਆਂ ਤੇ ਸੁਹਾਗ : ਮੱਧਕਾਲ ਤੋਂ ਸਮਕਾਲ ਤੱਕ ਦਾ ਸਫ਼ਰ
ਮਨੁੱਖ ਦੀ ਜ਼ਿੰਦਗੀ ਵਿਚ ਤਿੰਨ ਸੰਸਕਾਰ ਬਹੁਤ ਮਹੱਤਵਪੂਰਨ ਮੰਨੇ ਜਾਂਦੇ ਹਨ। ਜਨਮ ਸੰਸਕਾਰ, ਅਨੰਦ ਸੰਸਕਾਰ ਅਤੇ ਅੰਤਿਮ ਸੰਸਕਾਰ। ਧਾਰਮਕ ਦ੍ਰਿਸ਼ਟੀ ਤੋਂ ਕੁਝ ਹੋਰ ਰਹੁ- ਰੀਤਾਂ ਵੀ ਹੁੰਦੀਆਂ ਹਨ ਪ੍ਰੰਤੂ ਲੋਕਧਾਰਾਈ ਪਰਿਪੇਖ ਦੇ ਅੰਤਰਗਤ ਉਪਰੋਕਤ ਤਿੰਨ ਸੰਸਕਾਰ ਲਾਜ਼ਮੀ ਅਤੇ ਵਿਸ਼ੇਸ਼ ਅਹਿਮੀਅਤ ਰੱਖਦੇ ਹਨ। ਜਨਮ ਵੇਲੇ ਵੀ ਕਈ ਪ੍ਰਕਾਰ ਦੇ ਸੰਸਕਾਰ ਅਤੇ ਕਾਰ— ਵਿਹਾਰ ਕੀਤੇ ਜਾਂਦੇ ਹਨ। ਜਿਵੇਂ ਨਵ- ਜੰਮੇ ਬਾਲ ਨੂੰ ਗੁੜ੍ਹਤੀ ਦੇਣ ਦਾ ਸੰਸਕਾਰ ਅਤੇ ਨਾਮ ਰੱਖਣ ਦਾ ਸੰਸਕਾਰ ਆਦਿਕ।

ਮੌਤ ਵੇਲੇ ਤਤਕਾਲੀਨ ਪ੍ਰਸਥਿਤੀਆਂ ਮੁਤਾਬਕ ਅਗਨ ਭੇਟ ਜਾਂ ਜਲ ਪ੍ਰਵਾਹ ਕਰਨ ਦਾ ਵਿਥਾਨ ਹੈ। ਵੈਣ ਅਤੇ ਕੀਰਨੇ ਆਦਿਕ ਪਾ ਕੇ ਦੁੱਖ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ। ਖ਼ੈਰ, ਇਹ ਵੱਖਰਾ ਵਿਸ਼ਾ ਹੈ। ਸਾਡੇ ਹੱਥਲੇ ਲੇਖ ਦਾ ਮੂਲ ਮਨੋਰਥ ਅਨੰਦ (ਵਿਆਹ) ਸੰਸਕਾਰ ਦੀ ਲੋਕਧਾਰਾਈ ਪਰਿਪੇਖ ਵਿਚ ਚਰਚਾ ਕਰਨਾ ਹੈ। ਅਨੰਦ (ਵਿਆਹ) ਸੰਸਕਾਰ ਮਨੁੱਖੀ ਜੀਵਨ ਦਾ ਅਹਿਮ ਸੰਸਕਾਰ ਮੰਨਿਆ ਜਾਂਦਾ ਹੈ। ਇਸ ਮੌਕੇ ਜਿੱਥੇ ਸਮਾਜਕ ਸੰਦਰਭ ਮੁਤਾਬਕ ਕਾਰਜ ਕੀਤੇ ਜਾਂਦੇ ਹਨ ਉੱਥੇ ਹੀ ਧਾਰਮਕ ਦ੍ਰਿਸ਼ਟੀਕੋਣ ਮੁਤਾਬਕ ਵੀ ਕਈ ਪ੍ਰਕਾਰ ਦੇ ਰੀਤੀ— ਰਿਵਾਜ਼ ਨੇਪਰੇ ਚਾੜੇ ਜਾਂਦੇ ਹਨ।

ਵਿਆਹ ਦਾ ਸਮਾਂ ਹਰ ਮਨੁੱਖ ਦੇ ਜੀਵਨ ਦਾ ਅਹਿਮ ਸਮਾਂ ਹੁੰਦਾ ਹੈ। ਪੰਜਾਬੀ ਲੋਕਧਾਰਾ ਦੇ ਅੰਤਰਗਤ ਮੁੰਡੇ ਦੇ ਵਿਆਹ ਤੇ ਘੋੜੀਆਂ ਅਤੇ ਕੁੜੀ ਦੇ ਵਿਆਹ ਤੇ ਸੁਹਾਗ ਗਾਏ ਜਾਣ ਦਾ ਵਿਧਾਨ ਪ੍ਰਚਲਤ ਹੈ;

“ਵਿਆਹ ਦੇ ਗੀਤਾਂ ਨੂੰ ਅਸੀਂ ਚਾਰ ਰੂਪਾਂ ਵਿੱਚ ਵੰਡਦੇ ਹਾਂ — ਘੋੜੀਆਂ, ਸੁਹਾਗ, ਸਿੱਠਣੀਆਂ ਤੇ ਹੇਰੇ। ਘੋੜੀਆਂ ਮੁੰਡੇ ਦੇ ਵਿਆਹ ਤੇ ਗਾਈਆਂ ਜਾਂਦੀਆਂ ਹਨ, ਕੁੜੀ ਦੇ ਵਿਆਹ ਸਮੇਂ ਗਾਏ ਜਾਂਦੇ ਗੀਤਾਂ ਨੂੰ ਸੁਹਾਗ ਆਖਦੇ ਹਨ। ਹੇਰੇ ਅਤੇ ਸਿੱਠਣੀਆਂ ਮੁੰਡੇ- ਕੁੜੀ ਦੇ ਵਿਆਹ ਸਮੇਂ ਇਕੱਠੇ ਹੀ ਗਾਏ ਜਾਂਦੇ ਹਨ।” (ਪੰਜਾਬੀ ਸਭਿਆਚਾਰ ਦਾ ਆਰਸੀ, ਪੰਨਾ— 48)

ਇੱਥੇ ਖ਼ਾਸ ਗੱਲ ਇਹ ਹੈ ਕਿ ਇਹ ਲੋਕਗੀਤ ਕਿਸੇ ਖ਼ਾਸ ਧਰਮ, ਫਿਰਕੇ ਜਾਂ ਮਜ਼ਹਬ ਲਈ ਰਾਖਵੇਂ ਨਹੀਂ ਹਨ ਬਲਕਿ ਇਲਾਕੇ, ਖਿੱਤੇ ਦੇ ਮੁਤਾਬਕ ਹਰ ਧਰਮ, ਫਿਰਕੇ ਤੇ ਮਜ਼ਹਬ ਵਿਚ ਗਾਏ ਜਾਂਦੇ ਹਨ। ਮਸਲਨ, ਜਿਹੜੇ ਲੋਕਗੀਤ ਚੜ੍ਹਦੇ ਪੰਜਾਬ ’ਚ ਕੁੜੀਆਂ ਤੇ ਔਰਤਾਂ ਮੁੰਡੇ ਦੇ ਵਿਆਹ ’ਤੇ ਗਾਉਂਦੀਆਂ ਹਨ ਉਹੀ ਲੋਕਗੀਤ ਲਹਿੰਦੇ ਪੰਜਾਬ ਵਿਚ ਵੀ ਗਾਏ ਜਾਂਦੇ ਹਨ। ਇੰਝ ਹੀ ਕੁੜੀ ਦੇ ਵਿਆਹ ਤੇ ਸੁਹਾਗ ਵੀ ਦੋਹੀਂ ਪਾਸੇ ਇੱਕੋ ਜਿਹੇ ਹੀ ਗਾਏ ਜਾਂਦੇ ਹਨ। ਇਹ ਖ਼ਿੱਤੇ ਦਾ ਪ੍ਰਭਾਵ ਕਿਹਾ ਜਾਂਦਾ ਹੈ ਅਤੇ ਇਹੋ ਲੋਕਧਾਰਾ ਦੀ ਵਿਲੱਖਣਤਾ ਅਤੇ ਖ਼ੂਬਸੂਰਤੀ ਹੈ;

“ਹੇਰੇ, ਸਿੱਠਣੀਆਂ, ਸੁਹਾਗ ਅਤੇ ਘੋੜੀਆਂ ਮੰਗਣੇ ਅਤੇ ਵਿਆਹ ਦੀਆਂ ਰਸਮਾਂ ਨਾਲ ਸੰਬੰਧ ਰੱਖਦੇ ਗੀਤ ਹਨ। ਮੁੰਡੇ ਦੇ ਘਰ ਘੋੜੀਆਂ ਗਾਈਆਂ ਜਾਂਦੀਆਂ ਹਨ ਤੇ ਕੁੜੀ ਵਾਲੇ ਘਰ ਸੁਹਾਗ ਗਾਉਣ ਦੀ ਪਰੰਪਰਾ ਹੈ। ਇਹ ਦੋਨੋਂ ਸ਼ਗਨਾਂ ਦੇ ਗੀਤ ਹਨ।” (ਲੋਕ ਗੀਤਾਂ ਦੀ ਸਮਾਜਿਕ ਵਿਆਖਿਆ, ਪੰਨਾ— 15)

ਮੁੰਡੇ ਦੇ ਵਿਆਹ ਤੇ ਗਾਏ ਜਾਂਦੇ ਗੀਤਾਂ ਨੂੰ ਘੋੜੀਆਂ ਅਤੇ ਕੁੜੀ ਦੇ ਵਿਆਹ ਤੇ ਗਾਏ ਜਾਂਦੇ ਗੀਤਾਂ ਨੂੰ ਸੁਹਾਗ ਕਿਉਂ ਕਿਹਾ ਜਾਂਦਾ ਹੈ? ਇਸ ਸੰਬੰਧੀ ਚਰਚਾ ਕਰਦਿਆਂ ‘ਸੁਖਦੇਵ ਮਾਦਪੁਰੀ’ ਆਪਣੇ ਲੇਖ ਵਿਚ ਜ਼ਿਕਰ ਕਰਦਿਆਂ ਲਿਖਦੇ ਹਨ;

“ਮੱਧਕਾਲੀਨ ਸਮਿਆਂ ਵਿਚ ਪੰਜਾਬ ਵਿਚ ਆਉਣ ਜਾਣ ਦੇ ਸਾਧਨ ਜੋਖ਼ਮ ਭਰੇ ਸਨ। ਕੱਚੇ ਤੇ ਉਭੜੇ— ਖੁਭੜੇ ਰਾਹ, ਕੋਈ ਸੜਕ ਨਹੀਂ, ਨਦੀਆਂ ਨਾਲ਼ੇ ਬਿਨਾਂ ਪੁਲ਼ ਤੋਂ— ਰਾਹੀਂ ਜੰਗਲ ਬੀਆਬਾਨਾਂ ਚੋਂ ਲੰਘਦੇ ਡਰਦੇ ਸਨ— ਲੋਕ ਪੈਦਲ ਸਫਰ ਕਰਦੇ ਸਨ ਜਾਂ ਘੋੜੀਆਂ— ਊਠਾਂ ਦੀ ਸਵਾਰੀ ਕਰਦੇ ਸਨ। ਉਨ੍ਹਾਂ ਦਿਨਾਂ ਵਿਚ ਬਰਾਤਾਂ ਸੱਜ— ਧੱਜ ਕੇ ਘੋੜੀਆਂ, ਊਠਾਂ ਤੇ ਬੈਲ ਗੱਡੀਆਂ ਤੇ ਸਵਾਰ ਹੋ ਕੇ ਮੁੰਡੇ ਨੂੰ ਵਿਆਹੁਣ ਜਾਂਦੀਆਂ ਸਨ। ਲਾੜੇ ਨੂੰ ਘੋੜੀ ਚੜ੍ਹਾਉਣ ਦੀ ਕੇਂਦਰੀ ਰਸਮ ਹੁੰਦੀ ਸੀ। ਇਸ ਰਸਮ ਸਮੇਂ ਜਿਹੜੇ ਗੀਤ ਗਾਏ ਜਾਂਦੇ ਸਨ ਉਨ੍ਹਾਂ ਦਾ ਨਾਂ ਘੋੜੀ ਦੇ ਨਾਂ ਤੇ ਘੋੜੀਆਂ ਪ੍ਰਚਲਿਤ ਹੋ ਗਿਆ। ਲਾੜੇ ਦੀ ਜੰਨ ਦੀ ਤਿਆਰੀ ਅਤੇ ਜੰਨ ਚੜ੍ਹਨ ਸਮੇਂ ਦੇ ਸ਼ਗਨਾਂ ਵੇਲੇ ਗਾਏ ਜਾਣ ਵਾਲੇ ਗੀਤਾਂ ਨੂੰ ਵੀ ਘੋੜੀਆਂ ਹੀ ਆਖਦੇ ਹਨ।” (ਲੇਖਕ— ਸੁਖਦੇਵ ਮਾਦਪੁਰੀ, ਲੇਖ— ਵਿਆਹ ਦੇ ਗੀਤ)

ਇਸੇ ਤਰ੍ਹਾਂ ਕੁੜੀ ਦੇ ਵਿਆਹ ਤੇ ਸੁਹਾਗ ਗਾਏ ਜਾਂਦੇ ਹਨ। ਸੁਹਾਗ ਦਾ ਸ਼ਾਬਦਿਕ ਅਰਥ ਹੁੰਦਾ ਹੈ— ਸਿਰ ਦਾ ਸਾਈਂ, ਮਾਲਕ, ਪਤੀ, ਕੰਤ। ਕੁੜੀ ਨੂੰ ਇਹਨਾਂ ਗੀਤਾਂ ਦਾ ਮਾਧਿਅਮ ਦੁਆਰਾ ਬੁੱਢ— ਸੁਹਾਗਣ ਹੋਣ ਦੀ ਅਸੀਸ ਦਿੱਤੀ ਜਾਂਦੀ ਹੈ ਭਾਵ ਇਹਨਾਂ ਸੁਹਾਗਾਂ ਰਾਹੀਂ ਵਿਆਹ ਵਾਲੀ ਕੁੜੀ ਨੂੰ ਅਸੀਸ ਦਿੱਤੀ ਜਾਂਦੀ ਹੈ ਕਿ ਉਸਦਾ ਆਉਣ ਵਾਲਾ ਵਿਆਹੁਤਾ ਜੀਵਨ ਖੁਸ਼ੀਆਂ ਭਰਿਆ ਹੋਵੇ; ਉਹ ਆਪਣੇ ਸਹੁਰੇ ਘਰ ਸੁਖੀ ਵਸੇ ਅਤੇ ਖੁਸ਼ ਰਹੇ।

ਵਿਆਹ ਮੌਕੇ ਮੁੰਡੇ ਦੀਆਂ ਭੈਣਾਂ (ਕੁੜੀਆਂ) ਆਪਣੇ ਭਰਾ ਦੇ ਪ੍ਰਤੀ ਪ੍ਰੇਮ ਅਤੇ ਅਪੱਣਤ ਨੂੰ ਪ੍ਰਗਟਾਉਣ ਲਈ ਘੋੜੀਆਂ ਗਾਉਂਦੀਆਂ ਹਨ। ਇਹਨਾਂ ਘੋੜੀਆਂ ਵਿਚ ਜਿੱਥੇ ਮੋਹ— ਮੁਹੱਬਤ ਦਾ ਪ੍ਰਗਟਾਵਾ ਹੁੰਦਾ ਹੈ ਉੱਥੇ ਹੀ ਸਖ਼ਤ ਤਾੜਨਾ ਵੀ ਕੀਤੀ ਜਾਂਦੀ ਹੈ ਕਿ ਉਹ (ਵਿਆਹ ਵਾਲਾ ਮੁੰਡਾ) ਵਿਆਹ ਤੋਂ ਬਾਅਦ ਵੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਤਨਦੇਹੀ ਨਾਲ ਨਿਭਾਉਂਦਾ ਰਹੇਗਾ। ਉਹ ਕਦੇ ਵੀ ਆਪਣੀ ਜ਼ਿੰਮੇਵਾਰੀਆਂ ਤੋਂ ਬੇਮੁਖ ਨਹੀਂ ਹੋਵੇਗਾ। ਵਿਆਹ ਵਾਲੇ ਦਿਨ ਘੋੜੀ ਚੜੇ ਆਪਣੇ ਵੀਰ ਨੂੰ ਸੰਬੋਧਨ ਕਰਦਿਆਂ ਭੈਣਾਂ ਕਹਿੰਦੀਆਂ ਹਨ;

“ਘੋੜੀ ਅਟਕ ਚਲੇ, ਘੋੜੀ ਮਟਕ ਚਲੇ

ਮੇਰੇ ਲਾਡਲੇ ਦੇ ਮਾਮੇ

ਵੇ ਤੂੰ ਨਾ ਡੋਲੀਂ, ਮਾਂ ਦੇ ਲਾਡਲਿਆ, ਦਮ ਖਰਚਣਗੇ ਤੇਰੇ ਮਾਮੇ

ਸ਼ੋਭਾ ਖੱਟਣਗੇ, ਘੋੜਾ ਬੀੜਣਗੇ, ਵਾਗਾਂ ਮੋੜਨਗੇ

ਡੋਲਾ ਲਈ ਵੇ ਘਰਾਂ ਨੂੰ ਆਏ।” (ਲੋਕਗੀਤ)

ਵਿਆਹੁਣ ਗਏ ਵੀਰ ਦੀ ਉਡੀਕ ਕਰਦੀਆਂ ਭੈਣਾਂ ਲੋਕਗੀਤਾਂ ਰਾਹੀਂ ਆਪਣੇ ਮਨ ਦੇ ਭਾਵਾਂ ਨੂੰ ਪ੍ਰਗਟ ਕਰਦੀਆਂ ਹਨ ਅਤੇ ਚੰਨ ਜਿਹੀ ਸੋਹਣੀ ਭਾਬੀ ਦੀ ਉਡੀਕ ਕਰਦੀਆਂ ਹਨ ਜਿਸ ਦੇ ਆਉਣ ਨਾਲ ਉਹਨਾਂ ਦੇ ਬਾਬਲ ਦਾ ਵਿਹੜਾ ਖੁਸ਼ੀਆਂ ਨਾਲ ਭਰ ਜਾਣਾ ਹੁੰਦਾ ਹੈ;

“ਲਾਲ ਵੇ, ਮੈਂ ਖੜੀ ਹਵੇਲੀ ਵੇ

ਲਾਲ ਵੇ, ਤੇਰੇ ਸਾਥੀ ਤੇ ਬੇਲੀ ਵੇ

ਜੇ ਟੁਰ ਚੱਲਿਆ ਉਏ

ਲਾਲ ਵੇ ਮੈਂ ਪਾਈ ਮਧਾਣੀ ਉਏ

ਪੀਣੀ ਸੀ ਲੱਸੀ ਉਏ

ਪੀ ਚੱਲਿਆਂ ਏਂ ਪਾਣੀ ਉਏ।

ਜੇ ਟੁਰ ਚੱਲਿਆ ਉਏ

ਲਾਲ ਵੇ ਮੈਂ ਚੜੀ ਚੁਬਾਰੇ ਵੇ

ਨਰਮੇ ਦਾ ਲੀੜਾ ਉਏ, ਸੋਹਣਿਆ

ਘੁੰਡ ਲੈਂਦਾ ਹੁਲਾਰੇ ਉਏ

ਜੇ ਟੁਰ ਚੱਲਿਆਂ ਵੇ

ਲਾਲ ਵੇ ਮੈਂ ਚੜੀ ਚੁਬਾਰੇ ਵੇ

ਮੁੜ ਕੇ ਨਾ ਵੇਖੀਂ

ਸੋਹਣਿਆ ਗੁਠ ਲਿੰਬਣੀ ਬਨ੍ਹੇਰੇ ਉਏ

ਲਾਲ ਗੁਠ ਲਿਬਣੀ ਬਨ੍ਹੇਰੇ ਉਏ।” (ਲੋਕਗੀਤ)

ਦੂਜੇ ਪਾਸੇ, ਸੁਹਾਗ ਗਾਉਂਦਿਆਂ ਕੁੜੀਆਂ ਆਪਣੇ ਬਾਬਲ ਦੇ ਵਿਹੜੇ ਨੂੰ ਛੱਡ ਜਾਣ ਦੇ ਦੁੱਖ ਨੂੰ ਬਿਆਨ ਕਰਦੀਆਂ ਹਨ। ਜਿਸ ਘਰ ਵਿਚ ਜੰਮੀਆਂ ਅਤੇ ਜੁਆਨ ਹੋਈਆਂ ਹੁਣ ਉਹ ਬਾਬਲ ਦਾ ਵਿਹੜਾ ਛੱਡ ਕੇ ਸਹੁਰੇ ਘਰ ਜਾਣ ਦਾ ਗ਼ਮ ਸੁਹਾਗ ਦਾ ਮੁੱਖ ਵਿਸ਼ਾ ਹੁੰਦਾ ਹੈ;

“ਹਰੀਏ ਨੀਂ ਰਸ ਭਰੀਏ ਖਜੂਰੇ, ਕਿਨ ਦਿੱਤਾ ਐਡੀ ਦੂਰੇ।

ਬਾਬਲ ਮੇਰਾ ਦੇਸਾਂ ਦਾ ਰਾਜਾ, ਓਸ ਦਿੱਤਾ ਐਡੀ ਦੂਰੇ।

ਮਾਤਾ ਮੇਰੀ ਮਹਿਲਾਂ ਦੀ ਰਾਣੀ, ਦਾਜ ਦਿੱਤਾ ਗੱਡ ਪੂਰੇ।”

ਜਿਸ ਵੇਲੇ ਵਿਆਹ ਦੀ ਤਾਰੀਕ ਮਿਥ (ਤੈਅ) ਕਰ ਲਈ ਜਾਂਦੀ ਹੈ ਤਾਂ ਧੀ ਦੇ ਕਾਲਜੇ ’ਚ ਧੂਹ ਪੈਂਦੀ ਹੈ ਅਤੇ ਉਹ ਆਪਣੇ ਬਾਬਲ ਨੂੰ ਸੰਬੋਧਨ ਹੁੰਦਿਆਂ ਆਖਦੀ ਹੈ;

“ਸਾਡਾ ਚਿੜੀਆਂ ਦਾ ਚੰਬਾ ਵੇ

ਬਾਬਲ ਅਸਾਂ ਉੱਡ ਵੇ ਜਾਣਾ।

ਸਾਡੀ ਲੰਮੀ ਉਡਾਰੀ ਵੇ, ਬਾਬਲ ਕਿਹੜੇ ਦੇਸ ਵੇ ਜਾਣਾ।

ਤੇਰੇ ਮਹਿਲਾਂ ਦੇ ਵਿੱਚ ਵਿੱਚ ਵੇ

ਬਾਬਲ ਡੋਲਾ ਨਹੀਂ ਲੰਘਦਾ।

ਇੱਕ ਇੱਟ ਪੁਟਾ ਦੇਵਾਂ, ਧੀਏ ਘਰ ਜਾ ਆਪਣੇ।” (ਸੁਹਾਗ)

ਸੁਹਾਗ ਅਤੇ ਘੋੜੀਆਂ ਵਿਆਹ ਤੋਂ ਇੱਕੀ ਦਿਨ ਪਹਿਲਾਂ, ਗਿਆਰਾਂ ਦਿਨ ਜਾਂ ਫਿਰ ਸੱਤ ਦਿਨ ਪਹਿਲਾਂ ਕੁੜੀਆਂ ਅਤੇ ਔਰਤਾਂ ਰਲ਼ ਕੇ ਗਾਉਂਦੀਆਂ ਹਨ। ਇਹਨਾਂ ਲੋਕਗੀਤਾਂ ਵਿਚ ਲੰਮੀ ਹੇਕ ਅਤੇ ਸ਼ਬਦਾਂ ਦਾ ਦੁਰਹਾਉ ਹੁੰਦਾ ਹੈ। ਕਈ ਵਾਰ ਕੁਝ ਸ਼ਬਦ ਉਚਾਰਨ ਪੱਖੋਂ ਬਦਲ ਵੀ ਜਾਂਦੇ ਹਨ। ਜਿਵੇਂ— ਨਿਵਿਆਂ ਤੋਂ ਨਿਮਿਆਂ, ਸਾਡੜੇ (ਸਾਡੇ) ਹੁੰਦੜੀ (ਹੁੰਦੀ) ਆਦਿਕ ਸ਼ਬਦ ਵੀ ਵਰਤ ਲਏ ਜਾਂਦੇ ਹਨ। ਅਸਲ ਵਿਚ ਇਹ ਲੋਕਗੀਤ (ਘੋੜੀਆਂ ਅਤੇ ਸੁਹਾਗ) ਬਣਤਰ ਅਤੇ ਉਚਾਰਨ ਦੇ ਪੱਖ ਤੋਂ ਸਰਲ ਅਤੇ ਸਹਿਜ ਹੁੰਦੇ ਹਨ ਅਤੇ ਸਹਿਜੇ ਹੀ ਜ਼ੁਬਾਨ ਤੇ ਚੜ੍ਹ ਜਾਂਦੇ ਹਨ।

ਇਸ ਤਰ੍ਹਾਂ ਉੱਪਰ ਕੀਤੀ ਗਈ ਵਿਚਾਰ- ਚਰਚਾ ਦੇ ਆਧਾਰ ’ਤੇ ਕਿਹਾ ਜਾ ਸਕਦਾ ਹੈ ਕਿ ਲੋਕਗੀਤ ਸਾਡੀ ਸੱਭਿਆਚਾਰਕ ਪਰੰਪਰਾ ਦੀ ਸਹੀ ਅਰਥਾਂ ਵਿਚ ਤਰਜ਼ਮਾਨੀ ਕਰਦੇ ਹਨ। ਇਹਨਾਂ ਵਿਚ ਸਾਡੇ ਮਨੋਭਾਵਾਂ ਦੀ ਸਹੀ ਅਤੇ ਦਰੁਸਤ ਬਿਆਨੀ ਹੁੰਦੀ ਰਹੀ ਹੈ। ਮਨੁੱਖ ਦੇ ਜਨਮ ਤੋਂ ਲੈ ਕੇ ਆਖ਼ਰੀ ਸਾਹ ਤੱਕ ਲੋਕਗੀਤ ਨਾਲ- ਨਾਲ ਤੁਰਦੇ ਹਨ। ਜਿੰਨਾ ਚਿਰ ਲੋਕਗੀਤ ਸਾਡੇ ਸਮਾਜ ਵਿਚ ਜਿਉਂਦੇ ਹਨ ਓਨਾ ਚਿਰ ਦੇ ਸੱਭਿਆਚਾਰ ਅਤੇ ਸੰਸਕ੍ਰਿਤੀ ਜਿਉਂਦੀ ਹੈ, ਲੋਕਗੀਤਾਂ ਬਿਨਾਂ ਨਰੋਏ ਸਮਾਜ ਦੀ ਕਲਪਨਾ ਨਿਰੀ ਮੂਰਖ਼ਤਾ ਹੋਵੇਗੀ।

ਬੱਚਿਆਂ ਨੂੰ ਘਰੇਲੂ ਕੰਮਾਂ ਦੀ ਆਦਤ ਪਾਓ
ਹਰ ਮਾਂ-ਪਿਓ ਦਾ ਸੁਫ਼ਨਾ ਹੁੰਦਾ ਹੈ ਕਿ ਉਹਨਾਂ ਦੇ ਬੱਚੇ ਆਪਣੀ ਜ਼ਿੰਦਗੀ ਵਿੱਚ ਕਾਮਯਾਬੀ ਪ੍ਰਾਪਤ ਕਰਨ। ਇਸ ਲਈ ਉਹ ਹਰ ਤਰ੍ਹਾਂ ਦੀਆਂ ਸਹੂਲਤਾਂ ਆਪਣੇ ਬੱਚਿਆਂ ਨੂੰ ਮੁਹੱਈਆ ਕਰਵਾਉਂਦੇ ਹਨ। ਬੱਚੇ ਵੀ ਚੰਗੇਰੇ ਭਵਿੱਖ ਦੀ ਆਸ ਵਿੱਚ ਪੜ੍ਹਾਈ ਕਰਨ ਨੂੰ ਵਧੇਰੇ ਤਰਜ਼ੀਹ ਦਿੰਦੇ ਹਨ। ਪ੍ਰੰਤੂ! ਪੜ੍ਹਨ- ਲਿਖਣ ਦੇ ਇਸ ਰੁਝਾਨ ਅੰਦਰ ਬੱਚੇ ਅਕਸਰ ਹੀ ਘਰੇਲੂ ਕੰਮਾਂ ਤੋਂ ਘੇਸਲ ਵੱਟ ਲੈਂਦੇ ਹਨ/ ਕਿਨਾਰਾ ਕਰ ਲੈਂਦੇ ਹਨ। ਮਾਂ- ਪਿਓ ਵੀ ਬੱਚਿਆਂ ਨੂੰ ਘਰੇਲੂ ਕੰਮਾਂ ਦੀ ਆਦਤ ਨਹੀਂ ਪਾਉਂਦੇ, ਜਿਹੜੀ ਅੱਗੇ ਚੱਲ ਕੇ ਬੱਚਿਆਂ ਅਤੇ ਮਾਂ- ਪਿਓ ਦੋਹਾਂ ਲਈ ਮੁਸੀਬਤ ਦਾ ਕਾਰਨ ਬਣ ਜਾਂਦੀ ਹੈ।

ਇੱਥੇ ਸਿਰਫ਼ ਕੁੜੀਆਂ ਦੀ ਗੱਲ ਨਹੀਂ ਕੀਤੀ ਜੀ ਰਹੀ ਕਿ ਉਹਨਾਂ ਨੂੰ ਘਰੇਲੂ ਕੰਮ ਕਰਨੇ ਚਾਹੀਦੇ ਹਨ/ ਸਿੱਖਣੇ ਚਾਹੀਦੇ ਹਨ ਬਲਕਿ ਅਜੋਕੇ ਦੌਰ ਵਿੱਚ ਮੁੰਡਿਆਂ ਨੂੰ ਵੀ ਰਸੋਈ ਵਿੱਚ/ ਘਰ ਦੇ ਕੰਮਾਂ ਵਿੱਚ ਆਪਣੇ ਮਾਂ- ਪਿਓ ਦਾ ਬਰਾਬਰ ਹੱਥ ਵਟਾਉਣਾ ਚਾਹੀਦਾ ਹੈ। ਘਰ ਦੇ ਕੰਮ ਕਰਨ ਵਿੱਚ/ ਸਿੱਖਣ ਵਿੱਚ ਕੋਈ ਸੰਕੋਚ ਨਹੀਂ ਕਰਨਾ ਚਾਹੀਦਾ। ਹੱਥੀਂ ਕੰਮ ਕਰਨ ਨੂੰ ਤਰਜ਼ੀਹ ਦੇਣੀ ਚਾਹੀਦੀ ਹੈ।

ਖ਼ਬਰੇ! ਇਸੇ ਕਰਕੇ ਗੁਰਬਾਣੀ ਵਿੱਚ ਵੀ ਹੱਥੀਂ ਕੰਮ ਕਰਨ ਨੂੰ ਬਹੁਤ ਮਹੱਤਵ ਦਿੱਤਾ ਗਿਆ ਹੈ। ਗੁਰੂ ਸਾਹਿਬ ਆਖਦੇ ਹਨ ਕਿ ਆਪਣੇ ਕੰਮ ਆਪ ਕਰਨ ਵਾਲਾ ਵਿਅਕਤੀ ਹੀ ਅਸਲ ਅਰਥਾਂ ਵਿੱਚ ਪ੍ਰਭੂ ਦੇ ਹੁਕਮ ਨੂੰ ਸਵੀਕਾਰ ਕਰਨ ਵਾਲਾ ਮਨੁੱਖ ਹੁੰਦਾ ਹੈ;

“ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ।।” (ਗੁਰੂ ਗ੍ਰੰਥ ਸਾਹਿਬ ਜੀ, ਪੰਨਾ- 474)

ਆਪਣੇ ਕੰਮ ਆਪਣੇ ਹੱਥੀਂ ਕੰਮ ਕਰਨ ਦਾ ਨਫ਼ਾ ਇਹ ਹੁੰਦਾ ਹੈ ਕਿ ਬੱਚੇ ਜਦੋਂ ਉੱਚੇਰੀ ਸਿੱਖਿਆ ਜਾਂ ਰੁਜ਼ਗਾਰ ਦੀ ਖ਼ਾਤਿਰ! ਘਰ ਤੋਂ ਦੂਰ ਜਾਂਦੇ ਹਨ ਤਾਂ ਉਹਨਾਂ ਨੂੰ ਰੋਟੀ- ਟੁੱਕ ਕਰਨ ਵਿੱਚ ਕੋਈ ਪਰੇਸ਼ਾਨੀ ਨਹੀਂ ਹੁੰਦੀ। ਪ੍ਰੰਤੂ! ਅੱਜਕਲ੍ਹ ਦੇ ਬੱਚੇ ਪਾਣੀ ਦੇ ਗਲਾਸ ਲਈ ਵੀ ਨਹੀਂ ਉੱਠਦੇ ਅਤੇ ਆਪਣੇ ਮਾਂ- ਪਿਓ ’ਤੇ ਨਿਰਭਰ ਰਹਿੰਦੇ ਹਨ। ਬੱਚਿਆਂ ਨੂੰ ਰੋਟੀ- ਪਾਣੀ ਆਪਣੇ ਕਮਰੇ ਵਿੱਚ ਆਪਣੇ ਬਿਸਤਰੇ ’ਤੇ ਚਾਹੀਦਾ ਹੈ। ਉਹ ਅਕਸਰ ਰਸੋਈ ਤੱਕ ਵੀ ਉੱਠ ਕੇ ਜਾਣ ਦੀ ਖੇਚਲ ਨਹੀਂ ਕਰਦੇ। ਮਾਂ- ਪਿਓ ਵੀ ਇਹਨਾਂ ਗੱਲਾਂ ਵੱਲ ਵਧੇਰੇ ਧਿਆਨ ਨਹੀਂ ਦਿੰਦੇ। ਨਤੀਜਨ, ਬੱਚੇ ਆਲਸੀ ਅਤੇ ਆਰਾਮਪ੍ਰਸਤ ਹੋ ਜਾਂਦੇ ਹਨ ਅਤੇ ਘਰ ਦੇ ਕੰਮਾਂ ਤੋਂ ਕਿਨਾਰਾ ਕਰ ਲੈਂਦੇ ਹਨ।

ਰੋਟੀ ਖਾਣ ਤੋਂ ਬਾਅਦ ਖਾਲੀ ਭਾਂਡੇ ਰਸੋਈ ’ਚ ਰੱਖਣ ਅਤੇ ਆਪਣਾ ਬਿਸਤਰਾ ਆਪ ਵਿਛਾਉਣ ’ਚ ਸਿਰਫ਼ ਇੱਕ- ਅੱਧੇ ਮਿੰਟ ਦਾ ਸਮਾਂ ਲੱਗਦਾ ਹੈ ਪ੍ਰੰਤੂ! ਅਫ਼ਸੋਸ ਅੱਜਕਲ੍ਹ ਦੇ ਬਹੁਤੇ ਬੱਚਿਆਂ ਨੂੰ ਇਹਨਾਂ ਕੰਮਾਂ ਦੀ ਵੀ ਆਦਤ ਨਹੀਂ ਹੁੰਦੀ।

ਕੰਮ ਦੀ ਸਜ਼ਾ ਨਾ ਦਿਓ :- ਇੱਥੇ ਖ਼ਾਸ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਮਾਂ- ਪਿਓ ਵੱਲੋਂ ਕਦੇ ਵੀ ਬੱਚਿਆਂ ਕੋਲੋਂ ਘਰੇਲੂ ਕੰਮ ਸਜ਼ਾ ਦੇ ਤੌਰ ’ਤੇ ਨਹੀਂ ਕਰਵਾਉਣਾ ਚਾਹੀਦਾ ਬਲਕਿ ਜ਼ੁੰਮੇਵਾਰੀ ਅਤੇ ਯੋਗਦਾਨ ਦੇ ਤੌਰ ’ਤੇ ਕਰਵਾਉਣੇ ਚਾਹੀਦੇ ਹਨ। ਸਜ਼ਾ ਦੇ ਤੌਰ ’ਤੇ ਦਿੱਤੇ ਗਏ ਕੰਮ ਨੂੰ ਬੱਚੇ ਉਸ ਸਮੇਂ ਤਾਂ ਡਰ ਜਾਂ ਗੁੱਸੇ ਵਿੱਚ ਕਰ ਦੇਣਗੇ ਪਰ! ਭਵਿੱਖ ਵਿੱਚ ਉਹ ਕੰਮ ਨੂੰ ਹੱਥ ਨਹੀਂ ਲਗਾਉਣਗੇ।

ਕੰਮ ਦੀ ਅਹਿਮੀਅਤ ਬਾਰੇ ਦੱਸੋ :- ਇੱਕ ਸਰਵੇ ਅਨੁਸਾਰ, ਭਾਰਤ ਵਿੱਚ ਹਰ ਬੱਚਾ ਹਫ਼ਤੇ ਵਿੱਚ ਲਗਭਗ 14 ਘੰਟੇ ਟੈਲੀਵਿਜ਼ਨ ਦੇਖਦਾ ਹੈ ਪ੍ਰੰਤੂ! ਘਰ ਦੇ ਕੰਮ ਕਰਨ ਲਈ 10 ਮਿੰਟ ਵੀ ਨਹੀਂ ਕੱਢਦਾ। ਇਹ ਬਹੁਤ ਮਾੜਾ ਅਤੇ ਅਫ਼ਸੋਸਜਨਕ ਰੁਝਾਨ ਹੈ। ਮਾਂ- ਪਿਓ ਨੂੰ ਇਹਨਾਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਬੱਚਿਆਂ ਨੂੰ ਕੰਮ ਦੀ ਅਹਿਮੀਅਤ ਬਾਰੇ ਦੱਸਣਾ ਚਾਹੀਦਾ ਹੈ/ ਜਾਣਕਾਰੀ ਦੇਣੀ ਚਾਹੀਦੀ ਹੈ।

ਮੈਰੀ ਪੋਪਿੰਸ ਦਾ ਇੱਕ ਵਾਕ ਹੈ, “ਹਰ ਕੰਮ ਜਿਹੜਾ ਕੀਤਾ ਜਾਣਾ ਚਾਹੀਦਾ ਹੈ, ਉਸ ਵਿੱਚ ਆਨੰਦ ਦਾ ਇੱਕ ਤੱਤ ਹੁੰਦਾ ਹੈ।”

ਇਸ ਤਰ੍ਰਾਂ ਦੀਆਂ ਮਿਸਾਲਾਂ ਨਾਲ ਬੱਚਿਆਂ ਵਿੱਚ ਕੰਮ ਕਰਨ ਦੀ ਇੱਛਾ ਨੂੰ ਵਧਾਇਆ ਜਾ ਸਕਦਾ ਹੈ/ ਪੈਦਾ ਕੀਤਾ ਜਾ ਸਕਦਾ ਹੈ।

ਲਾਡ- ਪਿਆਰ ਵੱਸ ਆਦਤ ਨਾ ਵਿਗਾੜੋ :- ਹੈਰਾਨੀ ਅਤੇ ਦੁੱਖ ਭਰੀ ਗੱਲ ਇਹ ਹੈ ਕਿ ਅੱਜ ਦੇ ਮਾਂ- ਪਿਓ ਵੀ ਆਪਣੇ ਬੱਚਿਆਂ ਨੂੰ ਕਿਸੇ ਕੰਮ ਲਈ ਨਹੀਂ ਕਹਿੰਦੇ। ਇਸਦਾ ਮੂਲ ਕਾਰਨ ਹੈ ਕਿ ਮਾਂ- ਪਿਓ ਲਾਡ- ਪਿਆਰ ਦੇ ਵੱਸ ਆਪਣੇ ਬੱਚਿਆਂ ਨੂੰ ਕੋਈ ਦਿੱਕਤ- ਪਰੇਸ਼ਾਨੀ ਨਹੀਂ ਦੇਣਾ ਚਾਹੁੰਦੇ। ਪ੍ਰੰਤੂ! ਇਹ ਬਹੁਤ ਗਲਤ ਗੱਲ ਹੈ। ਇਸ ਨਾਲ ਭਵਿੱਖ ਵਿੱਚ ਬੱਚਿਆਂ ਦੀ ਆਦਤ ਵਿਗੜ ਜਾਂਦੀ ਹੈ ਅਤੇ ਉਹ ਹਰ ਘਰੇਲੂ ਕਾਰਜ ਲਈ ਆਪਣੇ ਮਾਂ- ਪਿਓ ’ਤੇ ਨਿਰਭਰ ਹੋ ਜਾਂਦੇ ਹਨ। ਇਸ ਨਾਲ ਬੱਚੇ ਜਿੱਥੇ ਸਰੀਰਕ ਰੂਪ ਵਿੱਚ ਕਮਜ਼ੋਰ ਰਹਿੰਦੇ ਹਨ ਉੱਥੇ ਹੀ ਮਾਨਸਿਕ ਰੂਪ ਵਿੱਚ ਮਜ਼ਬੂਤ ਨਹੀਂ ਬਣ ਪਾਉਂਦੇ। ਇਸ ਦੇ ਜ਼ਿੰਮੇਵਾਰ ਮਾਂ- ਪਿਓ ਖ਼ੁਦ ਹੁੰਦੇ ਹਨ ਕਿਉਂਕਿ ਜੇਕਰ ਉਹਨਾਂ ਨੇ ਨਿੱਕੇ ਹੁੰਦਿਆਂ ਤੋਂ ਬੱਚਿਆਂ ਨੂੰ ਅਜਿਹੀ ਆਦਤ ਪਾਈ ਹੁੰਦੀ ਤਾਂ ਅੱਜ ਬੱਚਿਆਂ ਨੂੰ ਹੱਥੀਂ ਕੰਮ ਕਰਨ ਦੀ ਆਦਤ ਪੈ ਚੁਕੀ ਹੁੰਦੀ ਅਤੇ ਉਹ ਆਪਣੇ ਕੰਮਾਂ ਲਈ ਮਾਂ- ਪਿਓ ‘ਤੇ ਨਿਰਭਰ ਨਾ ਹੁੰਦੇ।

ਬਰੂਸ ਕੈਮਰੂਨ ਅਨੁਸਾਰ, “ਜਦੋਂ ਬੱਚਿਆਂ ਤੇ ਘਰ ਦੀ ਜ਼ੁੰਮੇਵਾਰੀ ਨਹੀਂ ਹੁੰਦੀ ਤਾਂ ਉਹਨਾਂ ’ਚ ਸਬਰ ਅਤੇ ਲਚੀਲੇਪਨ ਦੀ ਘਾਟ ਹੁੰਦੀ ਹੈ। ਉਹ ਬਹੁਤ ਛੇਤੀ ਨਿਰਾਸ਼ ਹੋ ਜਾਂਦੇ ਹਨ। ਉਹਨਾਂ ਨੂੰ ਭਵਿੱਖ ਦੇ ਟੀਚੇ ਨਿਰਧਾਰਤ ਕਰਨ ਵਿੱਚ ਕਠਿਨਾਈ ਹੁੰਦੀ ਹੈ ਅਤੇ ਉਹ ਛੇਤੀ ਕੀਤੇ ਸੰਤੁਸ਼ਟ ਨਹੀਂ ਹੁੰਦੇ।”

ਸੇਹਤਮੰਦ ਅਤੇ ਕਾਮਯਾਬੀ ਦਾ ਰਾਜ਼ :- ਇਸ ਲਈ ਜੇਕਰ ਮਾਂ- ਪਿਓ ਆਪਣੇ ਬੱਚਿਆਂ ਨੂੰ ਸੇਹਤਮੰਦ ਅਤੇ ਕਾਮਯਾਬ ਬਣਾਉਣਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਹੱਥੀਂ ਕੰਮ ਕਰਨ ਦੀ ਆਦਤ ਪਾਉਣ। ਇਸ ਨਾਲ ਬੱਚਿਆਂ ਵਿੱਚ ਆਤਮਵਿਸ਼ਵਾਸ ਵੱਧੇਗਾ ਅਤੇ ਉਹ ਜ਼ਿੰਦਗੀ ਦੀਆਂ ਨਿੱਕੀਆਂ- ਮੋਟੀਆਂ ਔਕੜਾਂ ਨੂੰ ਸਹਿਣ ਦੇ ਕਾਬਲ ਬਣ ਸਕਣਗੇ।

ਆਖ਼ਰ ਵਿੱਚ ਕਿਹਾ ਜਾ ਸਕਦਾ ਹੈ ਕਿ ਜੇਕਰ ਮਾਂ- ਪਿਓ ਚਾਹੁਣ ਤਾਂ ਆਪਣੇ ਬੱਚਿਆਂ ਨੂੰ ਹੱਥੀਂ ਕੰਮ ਕਰਨ ਦੀ ਆਦਤ ਪਾ ਸਕਦੇ ਹਨ। ਬੱਚਿਆਂ ਦੇ ਚੰਗੇ ਅਤੇ ਰੌਸ਼ਨ ਭਵਿੱਖ ਲਈ ਮਾਂ- ਪਿਓ ਨੂੰ ਇਹ ਕਾਰਜ ਅੱਜ ਤੋਂ ਹੀ ਆਰੰਭ ਕਰ ਦੇਣਾ ਚਾਹੀਦਾ ਹੈ। ਬੱਚਿਆਂ ਨੂੰ ਵੀ ਆਪਣੇ ਨਿੱਕੇ- ਮੋਟੇ ਕੰਮ ਆਪ ਕਰਨੇ ਸ਼ੁਰੂ ਕਰ ਦੇਣੇ ਚਾਹੀਦੇ ਹਨ। ਪ੍ਰੰਤੂ! ਇਹ ਹੁੰਦਾ ਕਦੋਂ ਹੈ?, ਇਹ ਅਜੇ ਭਵਿੱਖ ਦੀ ਕੁੱਖ ਵਿੱਚ ਹੈ।

ਘੜੱਮ ਚੌਧਰੀਆਂ ਹੱਥੋਂ ਹੁੰਦੀ ਪੰਜਾਬੀ ਜ਼ੁਬਾਨ ਦੀ ਦੁਰਦਸ਼ਾ
ਸਾਹਿਤਕ ਖੇਤਰ ਵਿੱਚ ਕਿਹਾ ਜਾਂਦਾ ਹੈ ਕਿ ਮਾਤ- ਭਾਸ਼ਾ ਦਾ ਦਰਜ਼ਾ ਸਭ ਤੋਂ ਉੱਤਮ ਹੁੰਦਾ ਹੈ/ ਉੱਚਾ ਹੁੰਦਾ ਹੈ। ਜਿਹੜੀਆਂ ਕੌਮਾਂ ਆਪਣੀ ਮਾਤ- ਭਾਸ਼ਾ ਤੋਂ ਮੁਨਕਰ ਹੋ ਜਾਂਦੀਆਂ ਹਨ ਉਹ ਦੁਨੀਆਂ ਦੇ ਨਕਸ਼ੇ ਤੋਂ ਮੁੱਕ ਜਾਂਦੀਆਂ ਹਨ/ ਅਲੋਪ ਹੋ ਜਾਂਦੀਆਂ ਹਨ ਅਤੇ ਜਿਹੜੀਆਂ ਕੌਮਾਂ ਆਪਣੀ ਮਾਤ- ਭਾਸ਼ਾ ਨਾਲ ਜੁੜੀਆਂ ਰਹਿੰਦੀਆਂ ਹਨ ਉਹਨਾਂ ਨੂੰ ਮੁਕਾਉਣ ਵਾਲੇ ਮੁੱਕ ਜਾਂਦੇ ਹਨ ਪਰ! ਉਹ ਕੌਮਾਂ ਨਹੀਂ ਮੁੱਕਦੀਆਂ। ਖ਼ੈਰ,

ਪੰਜਾਬ ਨਾਲੋਂ ਸਿਆਸੀ ਰੂਪ ਵਿੱਚ 01 ਨਵੰਬਰ 1966 ਵਿੱਚ ਵੱਖ ਹੋਏ ਸੂਬੇ ਹਰਿਆਣੇ ਅੰਦਰ ਇਸ ਵਕਤ ਵੱਡੀ ਗਿਣਤੀ ਵਿੱਚ ਪੰਜਾਬੀ ਭਾਈਚਾਰਾ ਵੱਸਦਾ ਹੈ। ਪ੍ਰੰਤੂ! ਸਮੇਂ ਦੀਆਂ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਾਰਨ ਹਰਿਆਣੇ ਅੰਦਰ ਪੰਜਾਬੀ ਜ਼ੁਬਾਨ ਦਾ ਹਸ਼ਰ ਦਿਨੋਂ- ਦਿਨ ਮਾੜਾ ਹੁੰਦਾ ਰਿਹਾ ਹੈ। ਇੱਥੇ ਖਾਸ ਗੱਲ ਇਹ ਹੈ ਕਿ ਹਰਿਆਣੇ ਅੰਦਰ ਪੰਜਾਬੀ ਜ਼ੁਬਾਨ ਦਾ ਘਾਣ ਕਰਨ ਵਿੱਚ ਜਿੱਥੇ ਸਮੇਂ ਦੀਆਂ ਸਰਕਾਰਾਂ ਜਿ਼ੰਮੇਵਾਰ ਹਨ ਉੱਥੇ ਕੁਝ ਹੱਦ ਤੱਕ ਇੱਥੋਂ ਦੇ ਪੰਜਾਬੀ ਵੀ ਕਸੂਰਵਾਰ ਹਨ। ਅੱਜ ਦੇ ਲੇਖ ਵਿੱਚ ਸਰਕਾਰਾਂ ਤੋਂ ਛੁੱਟ ਉਹਨਾਂ ‘ਘੜੱਮ ਚੌਧਰੀਆਂ’ ਦੀ ਗੱਲ ਕੀਤੀ ਜਾਵੇਗੀ ਜਿਹੜੇ ਮਾਂ- ਬੋਲੀ ਦੇ ਰੁਲ਼ਣ ਵਿੱਚ ਵੱਧ ਕਸੂਰਵਾਰ ਹਨ।

ਹਰਿਆਣੇ ਦੇ ਬਹੁਤੇ ਪੰਜਾਬੀ ਆਪਣੀ ਜ਼ੁਬਾਨ ਪ੍ਰਤੀ ਫਿਕਰਮੰਦ ਨਹੀਂ ਹਨ ਅਤੇ ਜਿੰਨੇ ਕੁ ਪੰਜਾਬੀ ਫਿਕਰਮੰਦ ਹਨ ਉਹ ਸਿਆਸੀ ਆਗੂਆਂ, ਨਕਲੀ ਬੁਧੀਜੀਵੀਆਂ ਅਤੇ ਘੜੱਮ ਚੌਧਰੀਆਂ ਦੇ ਮੱਕੜਜਾਲ਼ ਵਿੱਚ ਘਿਰੇ ਹੋਏ ਹਨ/ ਅਸਹਿਜ ਮਹਿਸੂਸ ਕਰਦੇ ਹਨ। ਹਰਿਆਣੇ ਦੇ ਬਹੁਤ ਸਾਰੇ ਆਪੂ ਬਣੇ ਬੁੱਧੀਜੀਵੀ (ਜਿਹਨਾਂ ਨੇ ਨਾ ਤਾਂ ਖੁਦ ਕੋਈ ਕੰਮ ਕਰਨਾ ਹੁੰਦਾ ਹੈ ਅਤੇ ਨਾ ਹੀ ਦੂਜਿਆਂ ਨੂੰ ਕੰਮ ਕਰਨ ਦੇਣਾ ਹੁੰਦਾ ਹੈ) ਸਿਰਫ਼ ਚੌਧਰ ਦੀ ਭੁੱਖ ਖ਼ਾਤਰ! ਪੰਜਾਬੀ ਮਾਂ- ਬੋਲੀ ਦਾ ਘਾਣ ਕਰ ਰਹੇ ਹਨ/ ਨੁਕਸਾਨ ਕਰ ਰਹੇ ਹਨ।

ਹੈਰਾਨੀ ਦੀ ਹੱਦ ਉਦੋਂ ਹੁੰਦੀ ਹੈ ਜਦੋਂ ਮਾਤ- ਭਾਸ਼ਾ ਦੇ ਸਿਰ ਤੋਂ ਆਪਣੇ ਘਰਾਂ ਦਾ ਗੁਜ਼ਾਰਾ ਚਲਾ ਰਹੇ ‘ਚੌਧਰੀ’ ਆਪਣੀ ਹੀ ਮਾਂ- ਬੋਲੀ ਦੇ ਸੱਕੇ ਨਹੀਂ ਹੁੰਦੇ। ਅਜਿਹੇ ਘੜੱਮ ਚੌਧਰੀ ਆਪਸੀ ਖਿੱਚਤਾਣ ਵਿੱਚ ਇਸ ਤਰ੍ਹਾਂ ਉਲਝੇ ਹੋਏ ਹਨ ਕਿ ਜੇਕਰ ਕੋਈ ਨਵਾਂ ਸਾਹਿਤਕਾਰ/ ਵਿਦਿਆਰਥੀ ਪੰਜਾਬੀ ਜ਼ੁਬਾਨ ਦੀ ਤਰੱਕੀ ਖ਼ਾਤਰ! ਕੋਈ ਨਵਾਂ ਕਾਰਜ ਆਰੰਭ ਕਰਦਾ ਹੈ ਤਾਂ ‘ਘੜੱਮ ਚੌਧਰੀਆਂ’ ਦਾ ਇਹ ਟੋਲਾ ਉਸਦੀ ਨੁਕਤਾਚੀਨੀ / ਕਿਰਦਾਰ- ਕੁਸ਼ੀ ਆਰੰਭ ਕਰ ਦਿੰਦਾ ਹੈ ਜਿਸ ਨਾਲ ਕਿ ਉਸ ਸਾਹਿਤਕਾਰ/ ਵਿਦਿਆਰਥੀ ਦਾ ਹੌਸਲਾ ਟੁੱਟ ਜਾਵੇ ਅਤੇ ਉਹ ਵੀ ਇਹਨਾਂ ਚੌਧਰੀਆਂ ਵਾਂਗੂ ਚੁੱਪਚਾਪ ਆਪਣੇ ਘਰ ਬੈਠ ਜਾਵੇ।

ਹਰਿਆਣੇ ਦੇ ਪੰਜਾਬੀ ਸਾਹਿਤ ਦਾ ਡੁੰਘਾਈ ਨਾਲ ਅਧਿਐਨ ਕਰਨ ’ਤੇ ਇੰਝ ਮਹਿਸੂਸ ਹੁੰਦਾ ਹੈ ਕਿ ਪੰਜਾਬੀ ਜ਼ੁਬਾਨ ਦਾ ਸਰਕਾਰਾਂ ਨਾਲੋਂ ਵੱਧ ਨੁਕਸਾਨ ਇਹਨਾਂ ‘ਘੜੱਮ ਚੌਧਰੀਆਂ’ ਕਰਕੇ ਹੋਇਆ ਹੈ। ਇਹ ਚੌਧਰੀ ਸੈਮੀਨਾਰਾਂ, ਕਵੀ ਦਰਬਾਰਾਂ, ਸਾਹਿਤਕ ਸਮਾਗਮਾਂ ਵਿੱਚ‘ਪਹਿਲੀ’ ਲਾਈਨ ਦੀ ਕੁਰਸੀ ਚਾਹੁੰਦੇ ਹਨ/ ਪ੍ਰਧਾਨਗੀ ਮੰਡਲ ਵਿੱਚ ਜਗ੍ਹਾ ਚਾਹੁੰਦੇ ਹਨ। ਇਸ ਲਈ ਚਾਹੇ ਮਾਂ- ਬੋਲੀ ਦਾ ਗਲ਼ਾ ਹੀ ਕਿਉਂ ਨਾ ਘੁੱਟਿਆ ਜਾਵੇ? ਇਹ ਸਵੀਕਾਰ ਕਰ ਲੈਣਗੇ। ਫੇਰ ਅਸੀਂ ਸਮੇਂ ਦੀਆਂ ਸਰਕਾਰਾਂ ਨੂੰ ਕਿਸ ਤਰ੍ਹਾਂ ਦੋਸ਼ ਦੇ ਸਕਦੇ ਹਾਂ?

ਇਸ ਸਮੇਂ ਹਰਿਆਣੇ ਅੰਦਰ ਗਿਣਤੀ ਦੇ ਸਾਹਿਤਕਾਰ ਕਲਮ ਚਲਾ ਰਹੇ ਹਨ। ਹਰ ਸਾਲ ਲਗਭਗ 10 ਤੋਂ 12 ਕਿਤਾਬਾਂ ਹੀ ਪ੍ਰਕਾਸਿ਼ਤ ਹੁੰਦੀਆਂ ਹਨ। ਇੰਨੇ ਕੁ ਹੀ ਆਰਟੀਕਲ ਅਖ਼ਬਾਰਾਂ, ਰਸਾਲਿਆਂ ਵਿੱਚ ਆਪਣੀ ਜਗ੍ਹਾ ਬਣਾ ਪਾਉਂਦੇ ਹਨ। ਪ੍ਰੰਤੂ! ਪੰਜਾਬੀ ਮਾਂ- ਬੋਲੀ ਦੇ ਸਿਰ ਤੋਂ ਲੱਖਾਂ ਰੁਪਏ ਤਨਖ਼ਾਹਾਂ ਲੈ ਰਹੇ ‘ਘੜੱਮ ਚੌਧਰੀ’ ਦੂਜਿਆਂ ਨੂੰ ਭੰਡਣ/ ਨਿੰਦਣ ਤੋਂ ਇਲਾਵਾ ਕੋਈ ਕੰਮ ਨਹੀਂ ਕਰ ਰਹੇ। ਹਾਂ, ਜਿਹੜਾ ਕੋਈ ਕਰਨ ਲਈ ਸੋਚਦਾ ਵੀ ਹੈ, ਉਸਨੂੰ ਹੇਠਾਂ ਡੇਗਣ ਲਈ ਯਤਨ ਕਰਨ/ ਵਿਉਂਤ ਘੜਨ ਵਿੱਚ ਆਪਣੀ ਤਾਕਤ ਅਤੇ ਸਮਾਂ ਲਾ ਦਿੰਦੇ ਹਨ ਪਰ! ਮਾਤ ਭਾਸ਼ਾ ਦੀ ਤਰੱਕੀ ਲਈ ਕੋਈ ਕਦਮ ਨਹੀਂ ਪੁੱਟਣਗੇ। ਖ਼ੈਰ,

ਹਰਿਆਣਾ ਦਾ ਪੰਜਾਬੀ ਸਾਹਿਤਕ ਖ਼ੇਤਰ ਭਾਵੇਂ ਛੋਟਾ ਹੈ ਪ੍ਰੰਤੂ! ਇੱਥੇ ਹਰ ਜਿ਼ਲ੍ਹੇ ਵਿੱਚ ਵੱਖ-ਵੱਖ ਸਾਹਿਤਕ ਸੰਸਥਾਵਾਂ ਬਣੀਆਂ ਹੋਈਆਂ ਹਨ। ਇਹ ਸੰਸਥਾਵਾਂ ਆਪਣੇ ਪੱਧਰ ’ਤੇ ਚੰਗਾ ਕੰਮ ਕਰ ਰਹੀਆਂ ਹਨ ਪਰ! ਇਹਨਾਂ ਵਿੱਚ ਵੀ ਨਵੇਂ ਸਾਹਿਤਕਾਰ/ ਵਿਦਿਆਰਥੀ ਹੀ ਸ਼ਾਮਿਲ ਹਨ। ਇਹਨਾਂ ਦੇ ਉੱਪਰਾਲੇ ਭਾਵੇਂ ਜ਼ਮੀਨੀ ਪੱਧਰ ਉੱਪਰ ਕਾਰਗਰ ਸਾਬਿਤ ਹੋ ਰਹੇ ਹਨ ਪਰ! ਵੱਡੇ ਪੱਧਰ ’ਤੇ ਉਂਨਾ ਅਸਰ ਨਹੀਂ ਪਾ ਪਾਉਂਦੇ ਜਿੰਨਾ ਪਾਉਣਾ ਚਾਹੀਦਾ ਹੈ/ ਜਿੰਨਾ ਇਸ ਵਕਤ ਜ਼ਰੂਰਤ ਹੈ।

ਹਰਿਆਣੇ ਅੰਦਰ ਪੰਜਾਬੀ ਜ਼ੁਬਾਨ ਦੀ ਹਾਲਤ ਉੱਪਰ ਅਖ਼ਬਾਰਾਂ ਰਸਾਲਿਆਂ ਵਿੱਚ ਲਿਖਣ ਵਾਲੇ ਵੀ ‘ਕਲਮਕਾਰ’ ਵੀ ਗਿਣਤੀ ਦੇ ਹੀ ਹਨ। ਇਹਨਾਂ ਕਲਮਕਾਰਾਂ ਨੂੰ ਵੀ ‘ਘੜੱਮ ਚੌਧਰੀਆਂ’ ਦੀਆਂ ਨੁਕਤਾਚੀਨੀਆਂ ਦਾ ਅਕਸਰ ਹੀ ਸਾਹਮਣਾ ਕਰਨਾ ਪੈਂਦਾ ਹੈ। ਇਸੇ ਕਰਕੇ ਬਹੁਤੇ ਕਲਮਕਾਰ ਇਸ ਖ਼ੇਤਰ ਤੋਂ ਕਿਨਾਰਾ ਕਰ ਗਏ ਹਨ ਅਤੇ ਨਵੇਂ ਕਲਮਕਾਰ ਇਸ ਖ਼ੇਤਰ ਵਿੱਚ ਆਉਣਾ ਹੀ ਨਹੀਂ ਚਾਹੁੰਦੇ।

ਹਰਿਆਣੇ ਦੇ ਪੰਜਾਬੀ ਜੇਕਰ ਸਹੀ ਅਰਥਾਂ ਵਿੱਚ ਆਪਣੀ ਜ਼ੁਬਾਨ ਦਾ ਵਿਕਾਸ ਚਾਹੁੰਦੇ ਹਨ ਤਾਂ ਸਭ ਤੋਂ ਪਹਿਲਾਂ ਇਹਨਾਂ ਘੜੱਮ ਚੌਧਰੀਆਂ ਨੂੰ ਨੱਥ ਪਾਉਣ; ਕਿਉਂਕਿ ਜੇਕਰ ਨਵੇਂ ਵਿਦਿਆਰਥੀ ਹੀ ਇਸ ਖ਼ੇਤਰ ਤੋਂ ਕਿਨਾਰਾ ਕਰ ਲੈਣਗੇ ਫਿਰ ਹਰਿਆਣੇ ਵਿੱਚ ਪੰਜਾਬੀ ਜ਼ੁਬਾਨ ਦਾ ਭਵਿੱਖ ਕੀ ਹੋਵੇਗਾ? ਦੂਜੀ ਗੱਲ, ਕੁਰਸੀ ਜਾਂ ਚੌਧਰ ਦੀ ਖ਼ਾਤਰ! ਆਪਣੀ ਮਾਂ ਬੋਲੀ ਨਾਲ ਗੱਦਾਰੀ ਸਭ ਤੋਂ ਵੱਡਾ ਗੁਨਾਂਹ ਹੈ। ਹਰਿਆਣੇ ਦੇ ਪੰਜਾਬੀਆਂ ਨੂੰ ਇਸ ਤੋਂ ਬਚਣਾ ਚਾਹੀਦਾ ਹੈ। ਮਾਂ- ਬੋਲੀ ਦੇ ਸਿਰ ਤੋਂ ਜੇਕਰ ਘਰ ਦਾ ਗੁਜ਼ਾਰਾ ਚੱਲ ਰਿਹਾ ਹੈ ਤਾਂ ਖ਼ੁਦ ਨੂੰ ਵੀ ਆਪਣੀ ਇਖ਼ਲਾਕੀ ਜਿ਼ੰਮੇਵਾਰੀ ਦਾ ਪਾਲਣ ਕਰਨਾ ਚਾਹੀਦਾ ਹੈ।

ਇਸ ਤਰ੍ਹਾਂ ਉੱਪਰ ਕੀਤੀ ਗਈ ਵਿਚਾਰ ਤੋਂ ਇਹ ਤੱਥ ਦ੍ਰਿਸ਼ਟੀਗੋਚਰ ਹੁੰਦੇ ਹਨ ਕਿ ਹਰਿਆਣੇ ਅੰਦਰ ਪੰਜਾਬੀ ਜ਼ੁਬਾਨ ਦੀ ਦੁਰਦਸ਼ਾ ਲਈ ਜਿੱਥੇ ਸੂਬਾ ਸਰਕਾਰਾਂ ਜਿ਼ੰਮੇਵਾਰ ਹਨ ਉੱਥੇ ਹੀ ‘ਘੜੱਮ ਚੌਧਰੀ’ ਵੀ ਕਸੂਰਵਾਰ ਹਨ। ਸਾਹਿਤ ਸੱਭਿਆਚਾਰ ਉਦੋਂ ਪ੍ਰਫੁਲਿੱਤ ਹੁੰਦਾ ਹੈ ਜਦੋਂ ਬੁੱਧੀਜੀਵੀ ਵਰਗ ਹੱਲਾਸ਼ੇਰੀ ਦੇਵੇ, ਵਿਦਿਆਰਥੀ / ਸਾਹਿਤਕਾਰ ਵਰਗ ਸਾਰਥਕ ਯਤਨ ਕਰੇ ਅਤੇ ਅਵਾਮ (ਜਨਤਾ) ਸਾਥ ਦੇਵੇ। ਇਹ ਤਿੰਨੇ ਕਾਰਜ ਇੱਕੋ ਪੱਧਰ ’ਤੇ ਕਾਰਜਸ਼ੀਲ ਹੋਣ ਤਾਂ ਹੀ ਕਿਸੇ ਬੋਲੀ ਦਾ ਵਿਕਾਸ ਸੰਭਵ ਹੋ ਸਕਦਾ ਹੈ ਅਤੇ ਕੋਈ ਸਰਕਾਰ ਜਾਂ ਤਾਕਤ ਉਸ ਜ਼ੁਬਾਨ ਦੇ ਵਿਕਾਸ ਨੂੰ ਰੋਕ ਨਹੀਂ ਸਕਦੀ। ਪਰ! ਪੰਜਾਬੀ ਜ਼ੁਬਾਨ ਦੇ ਸੰਬੰਧ ਵਿੱਚ ਇਹ ਕਾਰਜ ਕਦੋਂ ਹੁੰਦਾ ਹੈ? ਇਹ ਅਜੇ ਭਵਿੱਖ ਦੀ ਕੁੱਖ ਵਿੱਚ ਹੈ।

ਪੁਸਤਕ – ਸਮੀਖਿਆ : ਮਿੱਟੀ ਕਰੇ ਸੁਆਲ (ਕਾਵਿ- ਸੰਗ੍ਰਹਿ) : ਡਾ: ਨਿਸ਼ਾਨ ਸਿੰਘ ਰਾਠੌਰ
ਹਰਿਆਣੇ ’ਚ ਰਹਿੰਦੇ ਲੇਖਕ ਸੁਰਜੀਤ ਸਿੰਘ ਸਿਰੜੀ ਦਾ ਸੱਜਰਾ ਕਾਵਿ- ਸੰਗ੍ਰਹਿ ‘ਮਿੱਟੀ ਕਰੇ ਸੁਆਲ’ ਇਸ ਵਰ੍ਹੇ 2024 ਵਿੱਚ ਪ੍ਰਕਾਸਿ਼ਤ ਹੋ ਕੇ ਪੰਜਾਬੀ ਪਾਠਕਾਂ ਦੇ ਹੱਥਾਂ ਤੱਕ ਪਹੁੰਚਿਆ ਹੈ। ਇੱਥੇ ਖ਼ਾਸ ਗੱਲ ਇਹ ਹੈ ਕਿ ਹਰਿਆਣੇ ’ਚ ਪੰਜਾਬੀ ਪਾਠਕਾਂ ਦਾ ਘੇਰਾ ਉੰਨਾ ਵਿਸ਼ਾਲ ਨਹੀਂ ਜਿੰਨਾ ਕਿ ਪੰਜਾਬ ਵਿੱਚ ਹੈ। ਇਸ ਲਈ ਕਿਸੇ ਹਰਿਆਣਵੀਂ ਪੰਜਾਬੀ ਲੇਖਕ ਦੀ ਪੁਸਤਕ ਦੀ ਉੰਨੀ ਚਰਚਾ ਨਹੀਂ ਹੁੰਦੀ ਜਿੰਨੀ ਕਿ ਮੁੱਖਧਾਰਾ ਦੇ ਪੰਜਾਬੀ ਸਾਹਿਤ ਅੰਦਰ ਦੇਖਣ– ਪੜ੍ਹਨ ਨੂੰ ਮਿਲਦੀ ਹੈ। ਖ਼ੈਰ,

‘ਮਿੱਟੀ ਕਰੇ ਸੁਆਲ’ ਨੂੰ ਪੜ੍ਹਦਿਆਂ ਇੰਝ ਪ੍ਰਤੀਤ ਹੁੰਦਾ ਹੈ ਕਿ ਸੁਰਜੀਤ ਸਿਰੜੀ ਦੀ ਸ਼ਾਇਰੀ ਪੁਖ਼ਤਾ ਸ਼ਾਇਰੀ ਹੈ ਕਿਉਂਕਿ ਉਹ ਆਪਣੀਆਂ ਕਵਿਤਾਵਾਂ ਵਿੱਚ ਕਿਸੇ ਇੱਕ ਫਿਰਕੇ ਦੀ ਗੱਲ ਤੱਕ ਸੀਮਤ ਨਹੀਂ ਰਹਿੰਦਾ ਬਲਕਿ ਉਹ ਸਮਾਜ ਦੇ ਹਰ ਫਿਰਕੇ ਦੀ ਗੱਲ ਕਰਦਾ ਹੈ। ਉਸਦੀਆਂ ਕਵਿਤਾਵਾਂ ਵਿੱਚ ਮਿੱਟੀ ਦਾ ਮੋਹ ਸਾਫ਼ ਪੜ੍ਹਿਆ ਜਾ ਸਕਦਾ ਹੈ। ਉਹ ਜਿੱਥੇ ਔਰਤਾਂ ਦੇ ਹੱਕਾਂ ਦੀ ਆਵਾਜ਼ ਚੁੱਕਦਾ ਹੈ ਉੱਥੇ ਹੀ ਕਿਸਾਨਾਂ ਦੀਆਂ ਮੰਗਾਂ ਨੂੰ ਵੀ ਬਿਆਨ ਕਰਦਾ ਹੈ। ਉਹ ਸਮਾਜ ਵਿਚ ਮਨੁੱਖੀ ਕਦਰਾਂ- ਕੀਮਤਾਂ ਦੇ ਹੁੰਦੇ ਘਾਣ ਤੋਂ ਅਸਹਿਜ ਦਿਖਾਈ ਦਿੰਦਾ ਹੈ। ਉਹ ਇਸ ਗੱਲ ਤੋਂ ਪ੍ਰੇਸ਼ਾਨੀ ਮਹਿਸੂਸ ਕਰਦਾ ਹੈ ਕਿ ਅੱਜ ਮਨੁੱਖ ਦੇ ਹੱਥੋਂ ਮਨੁੱਖ ਦੀ ਲੁੱਟ ਹੋ ਰਹੀ ਹੈ ਅਤੇ ਇਸਦਾ ਕਿਤੇ ਕੋਈ ਵਿਰੋਧ ਨਹੀਂ ਹੋ ਰਿਹਾ।

‘ਮਿੱਟੀ ਕਰੇ ਸੁਆਲ’ ਸਰਜੀਤ ਸਿਰੜੀ ਦੀ ਦੂਜੀ ਮੌਲਿਕ ਪੁਸਤਕ ਹੈ। ਇਸ ਤੋਂ ਇਲਾਵਾ ਇੱਕ ਪੁਸਤਕ ਦਾ ਅਨੁਵਾਦ ਵੀ ਸਿਰੜੀ ਵੱਲੋਂ ਕੀਤਾ ਗਿਆ ਹੈ। ਇਸ ਕਾਵਿ- ਸੰਗ੍ਰਹਿ ਵਿੱਚ 83 ਕਵਿਤਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਸਿਰੜੀ ਦੀਆਂ ਕਵਿਤਾਵਾਂ ਦਾ ਮੁਲਾਂਕਣ ਕਰਦਿਆਂ ਇੰਝ ਮਹਿਸੂਸ ਹੁੰਦਾ ਹੈ ਕਿ ਹਰ ਕਵਿਤਾ ਆਪਣੇ ਅੰਦਰ ਇੱਕ ਸੰਪੂਰਨ ਕਹਾਣੀ ਸਮੋਈ ਬੈਠੀ ਹੈ।

ਹਰਿਆਣੇ ਵਰਗੇ ਹਿੰਦੀ ਬਹੁ- ਗਿਣਤੀ ਸੂਬੇ ’ਚ ਗਹਿਰ- ਗੰਭੀਰ ਅਤੇ ਪੁੱਖ਼ਤਾ ਸ਼ਾਇਰੀ ਦੀ ਸਖ਼ਤ ਜ਼ਰੂਰਤ ਹੈ ਅਤੇ ਇਸ ਜ਼ਰੂਰਤ ਨੂੰ ‘ਮਿੱਟੀ ਕਰੇ ਸੁਆਲ’ ਕੁਝ ਹੱਦ ਤੱਕ ਪੂਰਾ ਕਰਦੀ ਦਿਖਾਈ ਦਿੰਦੀ ਹੈ।

ਸਿਰੜੀ ਦੀਆਂ ਕੁਝ ਕੁ ਕਵਿਤਾਵਾਂ ਵਿੱਚ ਅਧਿਆਤਮਕ ਰੰਗ ਵੀ ਦੇਖਣ- ਪੜ੍ਹਨ ਨੂੰ ਮਿਲਦਾ ਹੈ। ਉਸਦੀ ਕਵਿਤਾ ਸਿਖ਼ਰ ਉੱਪਰ ਸਮਾਪਤ ਹੁੰਦੀ ਹੈ ਜਿਸਦਾ ਪਾਠਕ ਨੂੰ ਭੋਰਾ ਭਰ ਵੀ ਅਹਿਸਾਸ ਨਹੀਂ ਹੁੰਦਾ। ਇਸ ਗੱਲ ਦੀ ਪੁਸ਼ਟੀ ਕਰਦਿਆਂ ਡਾ: ਸਰਬਜੀਤ ਕੌਰ ਸੋਹਲ ਲਿਖਦੇ ਹਨ;

‘ਜ਼ਬਰ, ਜ਼ੁਲਮ, ਜੰਗ, ਭੁੱਖ, ਮੁਹੱਬਤ ਅਤੇ ਅਸਾਵੀਂ ਵੰਡ ਉੱਤੇ ਕਟਾਖ਼ਸ਼ ਕਰਦਿਆਂ ਸੁਰਜੀਤ ਬੜੀ ਸਹਿਜਤਾ ਨਾਲ ਕਵਿਤਾ ਦੀਆਂ ਅੰਤਲੀਆਂ ਸਤਰਾਂ ਨਾਲ ਚਮਤਕਾਰ ਕਰ ਜਾਂਦਾ ਹੈ। (ਡਾ: ਸਰਬਜੀਤ ਕੌਰ ਸੋਹਲ, ਮਿੱਟੀ ਕਰੇ ਸੁਆਲ ਦੀ ਭੂਮਿਕਾ ਵਿੱਚ)

ਸ਼ਬਦਾਵਲੀ ਸੰਬੰਧੀ ਗੱਲ ਕਰਦਿਆਂ ਕਿਹਾ ਜਾ ਸਕਦਾ ਹੈ ਕਿ ਇਹ ਕਿਸੇ ਸ਼ਾਇਰ ਦੀ ਬਿਰਤੀ ਉੱਪਰ ਨਿਰਭਰ ਕਰਦਾ ਹੈ ਕਿ ਉਹ ਆਪਣੀ ਰਚਨਾ ਵਿੱਚ ਕਿਸ ਤਰ੍ਹਾਂ ਦੇ ਸ਼ਬਦਾਂ ਦਾ ਪ੍ਰਯੋਗ ਕਰਦਾ ਹੈ ਅਤੇ ਕਿਸ ਤਰ੍ਹਾਂ ਦੀ ਕਹਾਣੀ ਨੂੰ ਕਵਿਤਾ ਰੂਪ ਵਿੱਚ ਪਾਠਕਾਂ ਸਾਹਮਣੇ ਪੇਸ਼ ਕਰਦਾ ਹੈ।

‘ਅੰਦਰੋਂ ਗੁਰੂ ਹੌਲੀ ਜਿਹੀ ਸਮਝਾਉਂਦਾ

ਸਮੁੰਦਰਾਂ ਦੇ ਤਜ਼ਰਬੇ

ਥਲ ’ਤੇ ਕੰਮ ਨਹੀਂ ਆਉਂਦੇ।’ (ਮਿੱਟੀ ਕਰੇ ਸੁਆਲ, ਪੰਨਾ-112)

ਆਖ਼ਰ ’ਚ ‘ਮਿੱਟੀ ਕਰੇ ਸੁਆਲ’ ਕਾਵਿ- ਸੰਗ੍ਰਹਿ ਦੀ ਆਮਦ ’ਤੇ ਹਰਿਆਣੇ ਦੇ ਪੰਜਾਬੀਆਂ ਨੂੰ ਢੇਰ ਮੁਬਾਰਕ ਅਤੇ ਸੁਰਜੀਤ ਸਿਰੜੀ ਦੀ ਕਲਮ ਨੂੰ ਸਜਦਾ। ਸ਼ਾਲਾ! ਹਰਿਆਣੇ ਅੰਦਰ ਪੰਜਾਬੀ ਮਾਂ- ਬੋਲੀ ਦਾ ਦੀਵਾ ਇੰਝ ਹੀ ਜਗਦਾ ਰਹੇ।

ਪੁਸਤਕ – ਸਮੀਖਿਆ

ਪੁਸਤਕ – ਮਿੱਟੀ ਕਰੇ ਸੁਆਲ (ਕਾਵਿ- ਸੰਗ੍ਰਹਿ)

ਲੇਖਕ – ਸੁਰਜੀਤ ਸਿੰਘ ਸਿਰੜੀ

ਪੰਨੇ – 128, ਮੁੱਲ – 160 ਰੁਪਏ

ਵਰ੍ਹਾ – 2024

ਪ੍ਰਕਾਸ਼ਕ – ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ

ਬੰਗਾਲ ਰੋਡਵੇਜ਼ ਦਾ ਯਾਦਗਾਰ ਸਫ਼ਰ
ਪੱਛਮੀ ਬੰਗਾਲ ਦੇ ਬਿੰਨਾਗੁੜ੍ਹੀ ਕਸਬੇ ਤੋਂ ਮੇਰੀ ਬਦਲੀ ਪੰਜਾਬ ਦੇ ਫ਼ਾਜਿ਼ਲਕਾ ਸ਼ਹਿਰ ਵਿਖੇ ਹੋਈ ਤਾਂ ਮੈਂ ਆਪਣੀ ਮੋਟਰਸਾਇਕਲ ਟ੍ਰੇਨ ਵਿੱਚ ਬੁੱਕ ਕਰਵਾਉਣ ਲਈ ਧੂਪਗੁੜ੍ਹੀ ਰੇਲਵੇ ਸਟੇਸ਼ਨ ’ਤੇ ਗਿਆ। ਧੂਪਗੁੜ੍ਹੀ ਰੇਲਵੇ ਸਟੇਸ਼ਨ ’ਤੇ ਸਾਮਾਨ ਦੀ ਬੁਕਿੰਗ ਹੁੰਦੀ ਸੀ ਕਿਉਂਕਿ ਬਿੰਨਾਗੁੜ੍ਹੀ ਰੇਲਵੇ ਸਟੇਸ਼ਨ ਬਹੁਤ ਛੋਟਾ ਸੀ। ਇੱਥੇ ਬਹੁਤੀਆਂ ਗੱਡੀਆਂ ਦੀ ਆਵਾ- ਜਾਈ ਨਹੀਂ ਸੀ। ਖ਼ਾਸ ਕਰਕੇ ਮਾਲਗੱਡੀਆਂ ਇੱਥੇ ਨਹੀਂ ਸਨ ਰੁਕਦੀਆਂ।

ਬਿੰਨਾਗੁੜ੍ਹੀ (ਪੱਛਮੀ ਬੰਗਾਲ) ਦਾ ਇੱਕ ਨਿੱਕਾ ਜਿਹਾ ਕਸਬਾ ਹੈ ਜਿਹੜਾ ਕਿ ਸਿਲੀਗੁੜ੍ਹੀ ਜਿਲ਼੍ਹੇ ਦੇ ਅਧੀਨ ਆਉਂਦਾ ਹੈ। ਇਸਦੇ ਆਸੇ- ਪਾਸੇ ਕਾਫ਼ੀ ਪਿੰਡ ਹਨ ਜਿੱਥੇ ਚਾਹ ਦੇ ਬਾਗ ਹਨ ਅਤੇ ਇਹਨਾਂ ਪਿੰਡਾਂ ਦੇ ਲੋਕ ਚਾਹ ਦੇ ਬਾਗਾਂ ਵਿਚ ਕੰਮ ਕਰਦੇ ਆਮ ਹੀ ਦੇਖੇ ਜਾ ਸਕਦੇ ਹਨ।

ਬਿੰਨਾਗੁੜ੍ਹੀ ਵਿਖੇ ਤਕਰੀਬਨ ਦੋ ਸਾਲ ਨੌਕਰੀ ਕਰਨ ਤੋਂ ਬਾਅਦ ਮੈਂ ਫ਼ਾਜਿ਼ਲਕਾ (ਪੰਜਾਬ) ਆਉਣਾ ਸੀ। ਧੂਪਗੁੜ੍ਹੀ ਰੇਲਵੇ ਸਟੇਸ਼ਨ ਜਾਂਦਿਆਂ ਤਾਂ ਅਸੀਂ ਮੇਰੀ ਮੋਟਰਸਾਇਕਲ ’ਤੇ ਚਲੇ ਗਏ ਅਤੇ ਉੱਥੇ ਮੋਟਰਸਾਇਕਲ ਬੁੱਕ ਕਰਵਾਉਣ ਮਗ਼ਰੋਂ ਵਾਪਸੀ ’ਤੇ ਲਈ ਬੰਗਾਲ ਰੋਡਵੇਜ਼ ਦੀ ਬੱਸ ਵਿੱਚ ਚੜ੍ਹ ਗਏ। ਇਹ ਬੱਸ ਸਿੱਲੀਗੁੜ੍ਹੀ ਸ਼ਹਿਰ ਤੋਂ ਚੱਲਦੀ ਸੀ। ਇਸ ਲਈ ਬੱਸ ਵਿਚ ਬਹੁਤੀਆਂ ਸਵਾਰੀਆਂ ਨਹੀਂ ਸਨ। ਅਸੀਂ ਦੋਵੇਂ (ਸਰਦਾਰ) ਪੱਗਾਂ ਬੰਨੀਆਂ ਹੋਈਆਂ ਸਨ। ਬੱਸ ਵਿਚ ਬੈਠ ਗਏ। ਬੱਸ ਬਿੰਨਾਗੁੜ੍ਹੀ ਵੱਲ ਨੂੰ ਤੁਰ ਪਈ। ਬੱਚੇ ਅਤੇ ਬੀਬੀਆਂ ਸਾਡੇ ਵੱਲ ਗ਼ੌਰ ਨਾਲ ਦੇਖਦੇ। ਅਸਲ ਵਿੱਚ ਇਸ ਇਲਾਕੇ ਵਿੱਚ ਕੋਈ ਵਿਰਲਾ- ਟਾਵਾਂ ਦਸਤਾਰਧਾਰੀ ਸਿੱਖ ਦੇਖਣ ਨੂੰ ਮਿਲਦਾ ਹੈ। ਇਸ ਲਈ ਅਸੀਂ ਬੱਸ ਵਿਚ ਸਵਾਰੀਆਂ ਦੀ ਖਿੱਚ ਦਾ ਕਾਰਨ ਬਣੇ ਹੋਏ ਸਾਂ। ਲੋਕ ਸਾਡੀਆਂ ਪੱਗਾਂ ਨੂੰ ਗੌਰ ਨਾਲ ਦੇਖ ਰਹੇ ਸਨ।

ਖ਼ੈਰ, ਜਿਵੇਂ- ਜਿਵੇਂ ਬੱਸ ਅੱਗੇ ਵੱਧ ਰਹੀ ਸੀ ਬੱਸ ਵਿਚ ਸਵਾਰੀਆਂ ਦੀ ਭੀੜ ਵੀ ਵੱਧਦੀ ਜਾ ਰਹੀ ਸੀ। ਇੱਕ ਪਿੰਡ ਦੇ ਬੱਸ ਅੱਡੇ ਤੋਂ ਦੋ ਬੀਬੀਆਂ ਬੱਸ ਵਿੱਚ ਚੜ੍ਹੀਆਂ। ਉਹਨਾਂ ਦੋਹਾਂ ਨੇ ਆਪਣੇ ਕੁੱਛੜ ਨਿੱਕੇ ਬੱਚੇ ਚੁੱਕੇ ਹੋਏ ਸਨ। ਬੱਸ ਵਿੱਚ ਬਹੁਤ ਜਿਆਦਾ ਭੀੜ ਹੋਣ ਕਰਕੇ ਉਹ ਇੱਕ ਪਾਸੇ ਹੋ ਕੇ ਖਲੋਅ ਗਈਆਂ। ਬੱਸ ’ਚ ਸੀਟਾਂ ਉੱਪਰ ਬਹੁਤ ਸਾਰੇ ਨੌਜਵਾਨ ਮੁੰਡੇ- ਕੁੜੀਆਂ ਬੈਠੇ ਹੋਏ ਸਨ ਪਰ! ਕੋਈ ਵੀ ਆਪਣੀ ਸੀਟ ਤੋਂ ਨਾ ਉੱਠਿਆ। ਅਸੀਂ ਦੋ– ਤਿੰਨ ਮਿੰਟ ਉਡੀਕ ਕੀਤੀ ਕਿ ਖ਼ਬਰੇ! ਕੋਈ ਬੰਗਾਲੀ ਮੁੰਡਾ- ਕੁੜੀ ਇਹਨਾਂ ਬੀਬੀਆਂ ਲਈ ਆਪਣੀ ਸੀਟ ਛੱਡੇਗਾ। ਪਰ! ਸਾਡਾ ਅੰਦਾਜ਼ਾ ਗਲਤ ਸਾਬਿਤ ਹੋਇਆ। ਕੋਈ ਵੀ ਸਵਾਰੀ ਆਪਣੀ ਸੀਟ ਤੋਂ ਨਾ ਉੱਠੀ। ਉਹਨਾਂ ਬੀਬੀਆਂ ਨੇ ਵੀ ਕਿਸੇ ਅੱਗੇ ਬੇਨਤੀ ਨਹੀਂ ਕੀਤੀ ਕਿ ਉਹਨਾਂ ਨੂੰ ਬੈਠਣ ਲਈ ਸੀਟ ਦਿੱਤੀ ਜਾਵੇ।

ਮੈਂ ਅਤੇ ਮੇਰਾ ਮਿੱਤਰ ਆਪਣੀ ਸੀਟ ਤੋਂ ਉੱਠੇ ਅਤੇ ਉਹਨਾਂ ਬੀਬੀਆਂ ਨੂੰ ਸੀਟ ’ਤੇ ਬੈਠਣ ਲਈ ਇਸ਼ਾਰਾ ਕੀਤਾ। ਉਹ ਬਹੁਤ ਹੈਰਾਨ ਹੋਈਆਂ ਅਤੇ ਨਾਲ ਦੀਆਂ ਸੀਟਾਂ ’ਤੇ ਬੈਠੇ ਮੁੰਡੇ- ਕੁੜੀਆਂ, ਬੀਬੀਆਂ, ਬੱਚੇ ਸਾਡੇ ਵੱਲ ਗ਼ੌਰ ਨਾਲ ਦੇਖਣ ਲੱਗੇ। ਜਿਵੇਂ ਅਸੀਂ ਕੋਈ ਅਚੰਭੇ ਵਾਲਾ ਕੰਮ ਕਰ ਦਿੱਤਾ ਹੋਵੇ। ਖ਼ੈਰ! ਉਹ ਦੋਵੇਂ ਬੀਬੀਆਂ ਸਾਡੀਆਂ ਸੀਟਾਂ ’ਤੇ ਆ ਕੇ ਬਹਿ ਗਈਆਂ। ਅਸੀਂ ਦੋਵੇਂ ਉਹਨਾਂ ਦੇ ਨੇੜੇ ਹੀ ਖਲੋਅ ਗਏ।

ਗੱਲਾਂ- ਗੱਲਾਂ ਵਿਚ ਉਹਨਾਂ ਕਿਹਾ, ‘ਸਾਡੇ ਇੱਧਰ ਬੱਸ, ਗੱਡੀ ਵਿੱਚ ਆਪਣੀ ਸੀਟ ਛੱਡਣ ਦਾ ਰਿਵਾਜ਼ ਨਹੀਂ ਹੈ। ਇਹ ਪਹਿਲੀ ਵਾਰ ਹੈ ਕਿ ਕਿਸੇ ਸਵਾਰੀ ਨੇ ਆਪਣੀ ਸੀਟ ਛੱਡ ਕੇ ਦੂਜੀ ਸਵਾਰੀ ਨੂੰ ਬੈਠਣ ਲਈ ਕਿਹਾ ਹੈ। ਅਸੀਂ ਕਿਹਾ, ‘ਇਹ ਕੋਈ ਵੱਡੀ ਗੱਲ ਨਹੀਂ। ਸਾਡੇ ਪੰਜਾਬ, ਹਰਿਆਣੇ ’ਚ ਬੀਬੀਆਂ, ਬੱਚਿਆਂ ਅਤੇ ਬਜ਼ੁਰਗਾਂ ਲਈ ਨੌਜਵਾਨ ਮੁੰਡੇ- ਕੁੜੀਆਂ ਅਕਸਰ ਹੀ ਆਪਣੀ ਸੀਟ ਛੱਡ ਦਿੰਦੇ ਹਨ।’ ਇਹ ਸੁਣ ਕੇ ਉਹ ਬਹੁਤ ਖੁਸ਼ ਹੋਈਆਂ।

ਉਹਨਾਂ ਕਿਹਾ, ‘ਅਸੀਂ ਸਰਦਾਰਾਂ ਬਾਰੇ ਸੁਣਿਆ ਕਾਫ਼ੀ ਹੋਇਆ ਸੀ ਕਿ ਇਹ ਬਹੁਤ ਦਿਲਦਾਰ ਕੌਮ ਹੁੰਦੀ ਹੈ। ਅੱਜ ਦੇਖ ਵੀ ਲਿਆ।’

ਦੋਸਤੋ, ਗੱਲ ਕੁੱਝ ਵੀ ਨਹੀਂ ਸੀ। ਪੰਦਰਾਂ- ਵੀਹ ਕਿਲੋਮੀਟਰ ਦਾ ਸਫ਼ਰ ਅੱਧੇ ਘੰਟੇ ਵਿੱਚ ਮੁੱਕ ਜਾਣਾ ਸੀ। ਪਰ! ਉਹਨਾਂ ਬੀਬੀਆਂ ਅਤੇ ਬੱਸ ਵਿਚ ਬੈਠੀਆਂ ਹੋਰ ਸਵਾਰੀਆਂ ਦੇ ਜਿ਼ਹਨ ਵਿਚ ‘ਪੱਗ ਦਾ ਮਾਣ’ ਸਦਾ ਲਈ ਘਰ ਕਰ ਗਿਆ।

ਪਰ ਅਫ਼ਸੋਸ, ਅੱਜਕਲ੍ਹ ਬੰਗਾਲ ਵਾਂਗ ਹਰਿਆਣੇ, ਪੰਜਾਬ ਵਿੱਚ ਵੀ ਇੰਝ ਦਾ ਵਰਤਾਰਾ ਆਮ ਹੋ ਗਿਆ ਹੈ। ਹੁਣ ਕਦੇ ਬੱਸ ਵਿੱਚ ਸਫ਼ਰ ਕਰਦੇ ਹਾਂ ਤਾਂ ਨੌਜਵਾਨ ਮੁੰਡੇ- ਕੁੜੀਆਂ ਸੀਟਾਂ ਉੱਪਰ ਬੈਠੇ ਹੁੰਦੇ ਹਨ ਅਤੇ ਬਜ਼ੁਰਗ ਅਤੇ ਬੀਬੀਆਂ ਖੜੇ ਹੁੰਦੇ ਹਨ। ਇਹ ਕੋਈ ਬਹੁਤੀ ਵੱਡੀ ਜਾਂ ਜੱਗੋਂ ਤੇਰ੍ਹਵੀਂ ਗੱਲ ਨਹੀਂ ਹੈ ਕਿ ਅਸੀਂ ਇੰਝ ਨਹੀਂ ਕਰ ਸਕਦੇ ਜਾਂ ਇਸ ਤਰ੍ਹਾਂ ਕਰਨ ਨਾਲ ਸਾਡਾ ਨੁਕਸਾਨ ਹੋ ਜਾਣਾ ਹੈ। ਬਲਕਿ ਇਹ ਇਖ਼ਲਾਕੀ ਕਦਰਾਂ- ਕੀਮਤਾਂ ਵਾਲਾ ਵਰਤਾਉ ਹੁੰਦਾ ਹੈ।

ਸਾਨੂੰ ਆਪਣੀ ਇਖ਼ਲਾਕੀ ਜਿ਼ੰਮੇਵਾਰੀ ਸਮਝਣੀ ਚਾਹੀਦੀ ਹੈ। ਬੱਸ, ਰੇਲ ਜਾਂ ਹੋਰ ਕਿਸੇ ਜਨਤਕ ਗੱਡੀ ਵਿੱਚ ਆਪਣੇ ਤੋਂ ਉਮਰ ਵਿੱਚ ਵੱਡੀ ਸਵਾਰੀ ਲਈ ਸੀਟ ਛੱਡ ਦੇਣਾ ਚੰਗੇ ਗੁਣਾਂ ਦੀ ਨਿਸ਼ਾਨੀ ਹੈ। ਨੌਜਵਾਨ ਪੀੜ੍ਹੀ ਨੂੰ ਇਹ ਗੱਲ ਸਮਝਣ ਅਤੇ ਅਮਲ ਕਰਨ ਦੀ ਲੋੜ ਹੈ।