ਰੱਬ ਨਾਲ ਯਾਰੀ…!!!

ਇਹ ਗੱਲ ਪਿਛਲੇ ਸਾਲ 2025 ਦੀ ਹੈ। ਫ਼ੌਜ ਵਿੱਚ ਸਰਵਿਸ ਕਰਦਿਆਂ ਮੈਨੂੰ ਬਹੁਤ ਵਾਰ ਟਰੇਨ ਦਾ ਸਫ਼ਰ ਕਰਨਾ ਪੈਂਦਾ ਹੈ। ਦਸੰਬਰ ਮਹੀਨੇ ਜੰਮੂ ਵਿਖੇ ਡਿਉਟੀ ਤੇ ਹਾਜ਼ਰ ਹੋਣ ਲਈ ਮੈਂ ਅੰਬਾਲਿਓਂ ‘ਵੰਦੇ ਭਾਰਤ’ ਟਰੇਨ ਵਿੱਚ ਸੀਟ ਬੁਕ ਕਰਵਾਈ ਹੋਈ ਸੀ। ਅਸਲ ਵਿੱਚ ਲੇਹ-ਲੱਦਾਖ ਤੋਂ ਲੈ ਕੇ ਪੁਣਛ-ਰਾਜੌਰੀ ਤਕ ਦੇ ਇਲਾਕਿਆਂ ਵਿੱਚ ਤੈਨਾਤ ਫ਼ੌਜੀ ਜਵਾਨਾਂ ਨੂੰ ਪਹਿਲਾਂ ਜੰਮੂ ਸ਼ਹਿਰ ਵਿਖੇ ਹੀ ਹਾਜ਼ਰ ਹੋਣਾ ਪੈਂਦਾ ਹੈ। ਹਾਂ, ਕਦੇ-ਕਦੇ ਚੰਡੀਗੜ੍ਹ ਜਾਂ ਦਿੱਲੀ ਲਈ ਵੀ ਹੁਕਮ ਹੋ ਜਾਂਦਾ ਹੈ। ਪਰ ਬਹੁਤੀ ਵਾਰ ਫ਼ੌਜੀ ਜਵਾਨ ਜੰਮੂ ਵਿਖੇ ਹੀ ਹਾਜ਼ਰ ਹੁੰਦੇ ਹਨ। ਖ਼ੈਰ,

ਜੰਮੂ ਵਿਖੇ ਹਾਜ਼ਰ ਹੋਣ ਲਈ ਮੈਂ ਅੰਬਾਲਾ ਛਾਉਣੀ ਤੋਂ ‘ਵੰਦੇ ਭਾਰਤ’ ਟਰੇਨ ਵਿੱਚ ਸਵਾਰ ਹੋ ਗਿਆ। ਰੇਲਗੱਡੀ ’ਚ ਬੈਠਦਿਆਂ ਹੀ ਘਰ ਆਪਣੀ ਪਤਨੀ ਨੂੰ ਫੋਨ ਲਾ ਲਿਆ ਅਤੇ ਗੱਡੀ ਵਿੱਚ ਬੈਠਣ ਅਤੇ ਗੱਡੀ ਦੇ ਤੁਰਨ ਬਾਰੇ ਦੱਸ ਦਿੱਤਾ। ਫੇਰ ਇੱਕ-ਦੋ ਹੋਰ ਦੋਸਤਾਂ-ਮਿੱਤਰਾਂ ਦੇ ਫੋਨ ਆ ਗਏ। ਮੈਂ ਆਪਣੇ ਦੋਸਤਾਂ ਨਾਲ ਗੱਲਬਾਤ ਵਿੱਚ ਰੁੱਝਾ ਸਾਂ। ਮੇਰਾ ਧਿਆਨ ਇੱਧਰ-ਉੱਧਰ ਘੱਟ ਹੀ ਸੀ। ਅਸਲ ਵਿੱਚ ਘਰ ਛੱਡ ਕੇ ਜਾਣ ਕਰਕੇ ਮਨ ਰਤਾ ਉਦਾਸ ਹੁੰਦਾ ਹੈ। ਇਹ ਹਰ ਵਾਰ ਦਾ ਵਰਤਾਰਾ ਹੁੰਦਾ ਹੈ। ਪਤਾ ਹੁੰਦਾ ਹੈ ਕਿ ਹੁਣ ਤਿੰਨ-ਚਾਰ ਮਹੀਨੇ ਫੇਰ ਜੰਗਲ, ਬਰਫ ਅਤੇ ਪਹਾੜ ’ਤੇ ਰਹਿਣਾ ਪੈਣਾ ਹੈ। ਖ਼ੈਰ, ਇਹ ਫ਼ੌਜੀ ਜ਼ਿੰਦਗੀ ਹੈ ਇਹ ਇੰਝ ਹੀ ਤੁਰੀ ਜਾਂਦੀ ਹੈ।

ਰਾਜਪੁਰਾ ਲੰਘ ਕੇ ਟਰੇਨ ਜਦੋਂ ਸਰਹਿੰਦ ਦੇ ਨੇੜੇ ਪਹੁੰਚੀ ਤਾਂ ਮੈਂ ਇਹ ਮਹਿਸੂਸ ਕੀਤਾ ਕਿ ਮੇਰੇ ਨਾਲ ਵਾਲੀ ਸੀਟ ਦੇ ਬੈਠੇ ਸਖਸ਼ ਨੂੰ ਟਰੇਨ ਵਿੱਚ ਬੈਠੇ ਬਹੁਤੇ ਯਾਤਰੀ (ਖਾਸ ਕਰਕੇ ਬੀਬੀਆਂ ਅਤੇ ਬੱਚੇ) ਮੱਥਾ ਟੇਕ ਕੇ ਲੰਘ ਰਹੇ ਹਨ। ਕੋਈ ਉਨ੍ਹਾਂ ਨੂੰ ਝੁਕ ਕੇ ਨਮਸਕਾਰ ਕਰਦਾ ਅਤੇ ਕੋਈ ਮੁਸਕਰਾ ਦੇ ਉਨ੍ਹਾਂ ਦੇ ਕੋਲੋਂ ਲੰਘਦਾ।  ਉਹ ਤਕਰੀਬਨ 70 ਕੁ ਸਾਲ ਦੇ ਬਜ਼ੁਰਗ ਵਿਅਕਤੀ ਸਨ। ਉਨ੍ਹਾਂ ਇੱਕ-ਦੋ ਵਾਰ ਮੇਰੇ ਵੱਲ ਮੁਸਕਰਾ ਕੇ ਵੇਖਿਆ। ਮੈਂ ਵੀ ਹਲਕੀ ਜਿਹੀ ਮੁਸਕਰਾਹਟ ਨਾਲ ਉਨ੍ਹਾਂ ਦਾ ਸਤਿਕਾਰ ਕੀਤਾ। ਉਹ ਮੇਰੇ ਨਾਲ ਗੱਲ ਕਰਨ ਦੇ ਚਾਹਵਾਨ ਲੱਗਦੇ ਸਨ ਪਰ ਮੈਂ ਫੋਨ ਤੇ ਆਪਣੇ ਦੋਸਤਾਂ ਨਾਲ ਗੱਲਾਂ ਵਿੱਚ ਮਸਤ ਸਾਂ।

ਮੇਰਾ ਇੱਕ ਦੋਸਤ ਫੋਨ ਤੇ ਕੋਈ ਹਾਸੇ ਵਾਲੀ ਗੱਲ ਸੁਣਾ ਰਿਹਾ ਸੀ। ਮੈਂ ਵੀ ਹੱਸ ਕੇ ਉਸਦੀ ਗੱਲ ਵਿੱਚ ਕੋਈ ਹੋਰ ਗੱਲ ਜੋੜੀ ਤਾਂ ਉਹ ਬਾਬਾ ਜੀ ਵੀ ਹੱਸ ਪਏ। ਫੇਰ ਮੈਨੂੰ ਅਹਿਸਾਸ ਹੋਇਆ ਕਿ ਉਹ ਪੰਜਾਬੀ ਵੀ ਸਮਝ ਸਕਦੇ ਹਨ। ਫੋਨ ਕੱਟ ਕੇ ਮੈਂ ਉਨ੍ਹਾਂ ਨੂੰ ਨਮਸਕਾਰ ਕੀਤੀ। ਕਹਿੰਦੇ, ‘ ਸਰਦਾਰ ਜੀ, ਤੁਹਾਡੀ ਗੱਲ ਬਹੁਤ ਮਜ਼ੇਦਾਰ ਸੀ।’ ਮੈਂ ਸ਼ੁਕਰੀਆ ਕਹਿ ਕੇ ਪੁੱਛਿਆ, ‘ਪੰਜਾਬੀ ਵੀ ਸਮਝ ਲੈਂਦੇ ਹੋ?’

ਉਹ ਕਹਿੰਦੇ, ‘ਮੇਰੇ ਬਹੁਤ ਸਾਰੇ ਸ਼ਿੱਸ਼ (ਭਗਤ) ਪੰਜਾਬੀ ਲੋਕ ਹੀ ਹਨ।’

ਮੈਂ ਪੁੱਛਿਆ, ‘ਕਿਸੇ ਡੇਰੇ ਦੇ ਆਗੂ ਹੋ ਜਾਂ ਕੋਈ ਸੰਸਥਾ ਚਲਾਉਂਦੇ ਹੋ?’

ਉਹ ਮੁਸਕਰਾ ਕੇ ਕਹਿੰਦੇ, ‘ਟਰੇਨ ਦੇ ਇਸ ਡੱਬੇ ਵਿੱਚ ਬਹੁਤੇ ਮੇਰੇ ਭਗਤ-ਮਿੱਤਰ ਹਨ ਅਤੇ ਮੈਂ ਇਨ੍ਹਾਂ ਨੂੰ ਇੱਕ ਧਾਰਮਿਕ ਸਮਾਗਮ ਤੇ ਜੰਮੂ ਲੈ ਕੇ ਜਾ ਰਿਹਾ ਹਾਂ।’

ਮੈਂ ਕਿਹਾ, ‘ਚੰਗੀ ਗੱਲ ਹੈ। ਲੋਕਾਂ ਨੂੰ ਕਰਮ-ਧਰਮ ਨਾਲ ਜੋੜਨਾ ਚਾਹੀਦਾ ਹੈ।’

ਉਹ ਅੱਗਿਓਂ ਕਹਿੰਦੇ, ‘ਸਰਦਾਰ ਜੀ, ਤੁਸੀਂ ਬਹੁਤ ਵਧੀਆ ਗੱਲ ਕਰ ਰਹੇ ਸੀ।’

ਮੈਂ ਕਿਹਾ, ‘ਬਾਬਾ ਜੀ ਇਹ ਮੇਰੇ ਮਿੱਤਰ ਹਨ। ਮੇਰੇ ਡਿਉਟੀ ਜਾਣ ਦੀ ਇਨ੍ਹਾਂ ਨੂੰ ਵੀ ਤਕਲੀਫ਼ ਹੁੰਦੀ ਹੈ। ਹੁਣ ਅਗਲੀ ਛੁੱਟੀ ਤੱਕ ਇੰਤਜ਼ਾਰ ਕਰਨਾ ਪੈਣਾ ਹੈ ਤਾਂ ਹੀ ਹਾਸੇ ਵਾਲੀਆਂ ਗੱਲਾਂ ਕਰਕੇ ਮੇਰੀ ਉਦਾਸੀ ਨੂੰ ਦੂਰ ਕਰਨ ਦਾ ਯਤਨ ਕਰ ਰਹੇ ਸਨ।’

ਇਹ ਗੱਲ ਸੁਣ ਕੇ ਉਹ ਬਜ਼ੁਰਗ ਬਾਬਾ ਜੀ ਕਹਿੰਦੇ, ‘ਮੈਨੂੰ ਆਪਣੀ ਜਵਾਨੀ ਦੇ ਦਿਨ ਚੇਤੇ ਆ ਗਏ ਜਦੋਂ ਮੈਂ ਆਪਣੇ ਘਰ ਤੋਂ ਦਿੱਲੀ ਪੜ੍ਹਣ ਜਾਂਦਾ ਹੁੰਦਾ ਸਾਂ।’

ਇੰਨੀ ਗੱਲਬਾਤ ਹੋਣ ਤੋਂ ਬਾਅਦ ਮੈਂ ਉਨ੍ਹਾਂ ਨਾਲ ਰਤਾ ਖੁੱਲ੍ਹ ਗਿਆ ਸਾਂ ਇਸੇ ਲਈ ਮੈਂ ਸਿੱਧਾ ਹੀ ਪੁੱਛ ਲਿਆ,  ‘ਫੇਰ ਇਹ ‘ਕਰਮ-ਧਰਮ’ ਵਾਲਾ ਕੰਮ ਵਿੱਚ ਕਿਵੇਂ ਆ ਗਏ?’

ਉਹ ਗੁੱਸੇ ਨਹੀਂ ਹੋਏ ਅਤੇ ਨਾ ਹੀ ਮੱਥੇ ਤੇ ਕੋਈ ਵੱਟ ਪਾਇਆ ਬਲਕਿ ਸਹਿਜਤਾ ਨਾਲ ਕਹਿੰਦੇ, ‘ਬੇਟਾ ਜੀ, ਲੋਕ ਤੁਹਾਨੂੰ ਖੁਦ ਹੀ ਰੱਬ ਬਣਾ ਦਿੰਦੇ ਹਨ। ਭਾਵੇਂ ਤੁਹਾਡੇ ਅੰਦਰ ਉਹ ਕਾਬਲੀਅਤ ਹੋਵੇ ਤੇ ਭਾਵੇਂ ਨਾ। ਤੁਸੀਂ ਉਸ ਵਿੱਚ ਕੁਝ ਨਹੀਂ ਕਰ ਸਕਦੇ!!!’

ਇਹ ਸੁਣ ਕੇ ਮੈਨੂੰ ਰਤਾ ਅਚੰਭਾ ਹੋਇਆ। ਉਨ੍ਹਾਂ ਨੇ ਮੇਰਾ ਹੱਥ ਆਪਣੇ ਹੱਥ ਵਿੱਚ ਫੜ ਕੇ ਘੁੱਟਿਆ ਅਤੇ ਮੁਸਕਰਾ ਦੇ ਕਿਹਾ, ‘ਬੇਟਾ ਜੀ, ਅੱਜ ਦੇ ਦੌਰ ਵਿੱਚ ਲੋਕ ਇੰਨੇ ਜ਼ਿਆਦਾ ਦੁਖੀ ਅਤੇ ਪਰੇਸ਼ਾਨ ਹਨ ਕਿ ਉਨ੍ਹਾਂ ਨੂੰ ਕਿਸੇ ਸਹਾਰੇ ਦੀ ਲੋੜ ਹੁੰਦੀ ਹੈ। ਜਦੋਂ ਇਹ ਸਹਾਰਾ ਤੁਹਾਡੇ ਕੋਲੋਂ ਮਿਲ ਜਾਂਦਾ ਹੈ ਤਾਂ ਲੋਕ ਤੁਹਾਡੇ ਸ਼ਰਧਾਲੂ ਬਣ ਜਾਂਦੇ ਹਨ, ਭਗਤ-ਮਿੱਤਰ ਬਣ ਜਾਂਦੇ ਹਨ।’

ਮੈਂ ਹਾਮੀ ਵਿੱਚ ਸਿਰ ਹਿਲਾਇਆ।

ਆਪਣੀ ਗੱਲ਼ ਜ਼ਾਰੀ ਰੱਖਦਿਆਂ ਉਨ੍ਹਾਂ ਕਿਹਾ, ‘ਹਾਂ, ਮੈਂ ਮੰਨਦਾ ਹਾਂ ਕਿ ਬਹੁਤੀ ਵਾਰ ਆਮ ਲੋਕ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ ਪਰ ਫੇਰ ਵੀ ਮਾਨਸਿਕ ਸਕੂਨ ਦੀ ਤਲਾਸ਼ ਵਿੱਚ ਲੋਕ ਭਟਕਦੇ ਫਿਰਦੇ ਹਨ। ਅੱਜ ਬਹੁਤੇ ਲੋਕਾਂ ਨੂੰ ਮਾਨਸਿਕ ਸਹਾਰੇ ਦੀ ਲੋੜ ਹੈ ਕਿਉਂਕਿ ਸ਼ਹਿਰੀ ਜ਼ਿੰਦਗੀ ਨੇ ਬੰਦੇ ਕੋਲੋਂ ਸਾਂਝੇ ਪਰਿਵਾਰ ਖੋਹ ਲਏ ਹਨ। ਹੁਣ ਵਿਅਕਤੀ ਆਪਣੇ ਦੁੱਖ ਨੂੰ ਆਪਣੇ ਵੱਡੇ-ਵਡੇਰਿਆਂ ਨੂੰ ਨਹੀਂ ਦੱਸਦਾ ਬਲਕਿ ਕਿਸੇ ਅਜਿਹੇ ਸਖਸ਼ ਦੀ ਭਾਲ ਵਿੱਚ ਰਹਿੰਦਾ ਹੈ ਜੋ ਉਸ ਨੂੰ ਇਸ ਦੁਖ ਤੋਂ ਨਿਜਾਤ ਦਿਵਾ ਦੇਵੇ।’

ਮੈਂ ਕਿਹਾ, ‘ਬਿਲਕੁਲ ਠੀਕ ਕਿਹਾ ਤੁਸੀਂ। ਆਪਣੀਆਂ ਜੜਾਂ ਨਾਲੋਂ ਟੁੱਟ ਕੇ ਬੰਦਾ ਹੋਰ ਸਹਾਰੇ ਭਾਲਦੇ ਫਿਰਦਾ ਹੈ।’

ਉਹ ਮੁਸਕਰਾ ਕੇ ਕਹਿੰਦੇ, ‘ਬਿਲਕੁਲ ਠੀਕ ਕਿਹਾ ਬੇਟਾ ਜੀ।’

ਮੈਂ ਉਨ੍ਹਾਂ ਨਾਲ ਗੱਲਾਂ ਲੱਗਾਂ ਸਾਂ ਕਿ ਮੈਨੂੰ ਮਹਿਸੂਸ ਹੋਇਆ ਕਿ ਹੁਣ ਟਰੇਨ ਵਿੱਚ ਘੁੰਮਦੇ ਕੁਝ ਲੋਕ ਉਸ ਬਾਬਾ ਜੀ ਦੇ ਨਾਲ-ਨਾਲ ਮੈਨੂੰ ਵੀ ਨਮਸਕਾਰ ਕਰ ਰਹੇ ਸਨ। ਮੈਂ ਥੋੜ੍ਹੀ ਝਿਜਕ ਮਹਿਸੂਸ ਕੀਤੀ। ਬਜ਼ੁਰਗ ਬਾਬਾ ਜੀ ਨੇ ਇਹ ਸਭ ਵੇਖ ਲਿਆ। ਉਨ੍ਹਾਂ ਮੇਰਾ ਹੱਥ ਫੜਿਆ ਤੇ ਕਿਹਾ, ‘ਬੇਟਾ ਜੀ ਘਬਰਾਓ ਨਾ; ਹੁਣ ਤੁਹਾਡੀ ਯਾਰੀ ‘ਰੱਬ’ ਨਾਲ ਪੈ ਗਈ ਹੈ।’

ਆਖ ਕੇ ਉਹ ਉੱਚੀ ਹੱਸ ਪਏ।

ਮੇਰੇ ਕੰਨਾਂ ਵਿੱਚ ਖ਼ੌਰੇ ਕਿੱਧਰੋਂ ਆਵਾਜ਼ ਆਈ।

ਹਰੀ ਓਮ… ਜੈ ਬਾਬਾ ਜੀ ਕੀ ਜੈ…!!!

ਜਿਉਂਦੇ-ਵੱਸਦੇ ਰਹੋ ਸਾਰੇ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>