Punjab News - Quami Ekta Punjabi Newspaper (ਕੌਮੀ ਏਕਤਾ) » ਰੂਪ ਸਿੰਘ

ਸ਼੍ਰੋਮਣੀ ਸਿੱਖ ਸੰਸਥਾ : ਸ਼੍ਰੋਮਣੀ ਗੁ:ਪ੍ਰ:ਕਮੇਟੀ ਸ੍ਰੀ ਅੰਮ੍ਰਿਤਸਰ
“ਰੂਪ ਸਿੰਘ”

ਸਮਾਜ ਨਾਲ ਸਬੰਧਤ ਹਰ ਖੇਤਰ ਵਿਚ ਆਈ ਗਿਰਾਵਟ ਨੂੰ ਦੇਖ ਗੁਰੂ ਬਾਬੇ ਨਾਨਕ ਦੇਵ ਜੀ ਨੇ ‘ਨਾਨਕ ਨਿਰਮਲ ਪੰਥ’ ਦੀ ਅਧਾਰਸ਼ਿਲਾ ਰੱਖੀ। ‘ਨਾਨਕ ਨਿਰਮਲ ਪੰਥ’ ’ਚ ਹਰ ਪਾਸੇ, ਸਮਾਨਤਾ, ਸਾਂਝੀਵਾਲਤਾ, ਸਤਿ, ਸੰਤੋਖ, ਸੰਜਮ ਦੇ ਗੁਣਾਂ ਦੀ ਖੁਸ਼ਬੋਈ ਪਸਰਣ ਲੱਗੀ। ਸਮਾਜ ਦੇ ਹਰ ਖੇਤਰ ਨਾਲ ਸਬੰਧਤ ਹਰ ਮਾਨਵ ਇਸ ਮਾਰਗ ਦਾ ਮੈਂਬਰ ਬਣ ਸਵੈਮਾਣ ਤੇ ਸਤਿਕਾਰਤ ਮਹਿਸੂਸ ਕਰਦਾ। ਧਰਮ ਦੇ ਪ੍ਰਚਾਰ-ਪ੍ਰਸਾਰ ਵਾਸਤੇ ਗੁਰੂ ਨਾਨਕ ਦੇਵ ਜੀ ਨੇ ਧਰਮਸ਼ਾਲਾਵਾਂ ਦੀ ਸਥਾਪਨਾ ਕੀਤੀ। ਗੁਰੂ ਅਰਜਨ ਦੇਵ ਜੀ ਦੇ ਸਮੇਂ ਤੀਕ ਸਿੱਖ ਧਰਮ ਮੰਦਰ ਨੂੰ ਧਰਮਸ਼ਾਲ ਹੀ ਕਿਹਾ ਜਾਂਦਾ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਤੇ ਧਰਮਸ਼ਲਾਵਾਂ ’ਚ ਪ੍ਰਕਾਸ਼ ਹੋਣ ਨਾਲ ਇਨ੍ਹਾਂ ਨੂੰ ਗੁਰਦੁਆਰੇ ਦੀ ਸੰਗਿਆਂ ਮਿਲੀ, ਜਿਸਦਾ ਸ਼ਾਬਦਿਕ ਅਰਥ ਹੈ, ਗੁਰੂ ਦਾ ਘਰ, ਗੁਰੂ ਦੇ ਰਾਹੀਂ; ਗੁਰੂ ਦੀ ਮਾਰਫ਼ਤ ਆਦਿ।

ਗੁਰਦੁਆਰਾ ਸ਼ਬਦ ਸਾਬਦਿਕ ਅਰਥਾਂ ਤੀਕ ਹੀ ਸੀਮਤ ਨਹੀਂ ਸਿੱਖ ਧਰਮ ਵਿਚ ਇਹ ਸੰਕਲਪ ਵੀ ਹੈ ਤੇ ਸਿਧਾਂਤ ਵੀ। ਗੁਰਦੁਆਰਾ ਆਪਣੇ ਆਪ ਵਿਚ ਇਕ ਮੁਕੰਮਲ ਸੰਸਥਾ ਹੈ, ਜਿਸ ਦਾ ਨਿਸ਼ਚਤ ਵਿਧੀ-ਵਿਧਾਨ ਤੇ ਕਾਰਜ਼ ਖੇਤਰ ਤੇ ਮਰਯਾਦਾ ਹੈ। ਭਾਈ ਕਾਨ੍ਹ ਸਿੰਘ ਨਾਭਾ ਨੇ ਗੁਰਦੁਆਰੇ ਦੀ ਪ੍ਰੀਭਾਸ਼ਾ ਤੇ ਸਰੂਪ ਬਾਰੇ ਖੂਬ ਲਿਖਿਆ ਹੈ : ਗੁਰਦੁਆਰਾ ਵਿਦਿਆਰਥੀਆਂ ਲਈ ਸਕੂਲ, ਆਤਮ ਜਿਗਆਸੂਆਂ ਲਈ ਗਿਆਨ ਉਪਦੇਸ਼ਕ, ਰੋਗੀਆਂ ਲਈ ਸਫ਼ਾਖਾਨਾ, ਭੁਖਿਆਂ ਲਈ ਅੱਨਪੂਰਣਾ, ਇਸਤਰੀ ਜਾਤਿ ਦੀ ਪਤ ਲਈ ਲੋਹਮਈ ਦੁਰਗ ਅਤੇ ਮੁਸਾਫ਼ਰਾਂ ਲਈ ਵਿਸ਼ਰਾਮ ਅਸਥਾਨ।

ਜਿਸ ਸੰਸਥਾ ਬਾਰੇ ਅਸੀਂ ਵਿਚਾਰ ਕਰ ਰਹੇ ਹਾਂ ਉਹ ਇਨ੍ਹਾਂ ਗੁਰਦੁਆਰਿਆਂ ਦੇ ਪ੍ਰਬੰਧ ਕਰਨ ਵਾਲੀ ਪ੍ਰਮੁੱਖ ਸ਼੍ਰੋਮਣੀ ਸੰਸਥਾ ਹੈ। ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਨਾਮ ਤੋਂ ਹੀ ਸਪੱਸ਼ਟ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਵੇਂ ਹੋਂਦ ਵਿਚ ਆਈ? ਇਸ ਦਾ ਨਿਕਾਸ-ਵਿਕਾਸ ਕਿਵੇਂ ਹੋਇਆ ਅਤੇ ਕਿਵੇਂ ਇਹ ਸ਼੍ਰੋਮਣੀ ਸਿੱਖ ਸੰਸਥਾ ਵਜ਼ੋਂ ਪ੍ਰਵਾਨ ਚੜੀ? ਇਸ ਨੇ ਕੀ ਪ੍ਰਾਪਤੀਆਂ ਕੀਤੀਆਂ? ਇਨ੍ਹਾਂ ਸੁਆਲਾਂ ਨੂੰ ਅਸੀਂ ਸੰਖੇਪ ’ਚ ਵਿਚਾਰਨਾ ਹੈ।

ਨਾਨਕ ਨਿਰਮਲ ਪੰਥ ਦਾ ਮੂਲ ਆਦੇਸ਼ ਸੰਸਾਰ ਦੇ ਹਰ ਮਾਨਵ ਨੂੰ ਕੇਵਲ ਤੇ ਕੇਵਲ ਇਕ ਅਕਾਲ ਪੁਰਖ ਨਾਲ ਜੋੜਨਾ, ਜੋ ਸਰਵ-ਸ਼ਕਤੀਮਾਨ ਤੇ ਸਰਵ-ਵਿਆਪਕ ਹੈ। ਮਾਨਵਤਾ ਨੂੰ ਹਰ ਤਰ੍ਹਾਂ ਦੀ ਗੁਲਾਮੀ ਤੋਂ ਸੁਤੰਤਰ ਕਰ ਬੇਗਮਪੁਰੇ ਦੇ ਵਾਸੀ ਬਨਾਉਣਾ ਸੀ। ਗੁਰੂ ਸਾਹਿਬਾਨ ਨੇ ਇਸ ਆਦਰਸ਼ ਦੀ ਸਥਾਪਤੀ ਵਾਸਤੇ ‘ਗੁਰੂ-ਗ੍ਰੰਥ ਤੇ ਗੁਰੂ-ਪੰਥ’ ਦੀ ਸਿਰਜਣਾ ਤੇ ਸਥਾਪਨਾ ਕੀਤੀ। ਗੁਰੂ ਸਾਹਿਬਾਨ ਦਾ ਉਪਦੇਸ਼ ਬੜਾ ਸਰਲ ਤੇ ਸਪੱਸ਼ਟ ਸੀ ਕਿ ‘ਕਿਰਤ ਕਰੋ – ਨਾਮ ਜਪੋ – ਵੰਡ ਛਕੋ’

ਗੁਰੂ ਸਾਹਿਬਾਨ ਦੀ ਸਿਖਿਆ ਗ੍ਰਹਿਣ ਕਰਨ ਵਾਲਾ ਸਿੱਖ ‘ਪੂਜਾ ਅਕਾਲ ਕੀ’, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ ਧਾਰਣੀ ਹੋ ਗਿਆ। ਏਨ੍ਹਾਂ ਅਸੂਲਾਂ ਨੂੰ ਮਨ-ਬਚ-ਕਰਮ ਤੋਂ ਧਾਰਣ ਕਰਕੇ ਸਿਖ ਬ੍ਰਹਿਮੰਡੀ ਸ਼ਹਿਰੀ ਸਦਵਾਏ। ਪਰ ਅਫਸੋਸ ਸਮੇਂ ਦੇ ਬੀਤਣ ਨਾਲ ਮੁਢਲੀ ਸਿੱਖ ਸੰਸਥਾ ਦੇ ਗੁਰਦੁਆਰੇ ਦੇ ਪ੍ਰਬੰਧ ’ਚ ਭਾਰੀ ਗਿਰਾਵਟ ਆਈ। ਇਹ ਗਿਰਾਵਟ ਪ੍ਰਬੰਧ, ਮਰਯਾਦਾ, ਪਰੰਪਰਾ ਤੇ ਸਭ ਤੋਂ ਮਾੜੀ, ਮਾੜੇ ਆਚਰਨ ਦੀ, ਜਿਸ ਨੂੰ ਗੁਰਮਤਿ ਕਿਸੇ ਸ਼ਰਤ ’ਤੇ ਪ੍ਰਵਾਨ ਨਹੀਂ ਕਰਦੀ।

ਸਿੱਖ ਮਿਸਲਾਂ ’ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਲ ਸਮੇਂ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੀਆਂ ਇਮਾਰਤਾਂ ਦਾ ਨਵ-ਉਸਾਰੀ ਤੇ ਨਵ-ਨਿਰਮਾਣ ਕਾਰਜ ਵੱਡੀ ਪੱਧਰ ’ਤੇ ਹੋਇਆ। ਮਹਾਰਾਜਾ ਰਣਜੀਤ ਸਿੰਘ ਨੇ ਗੁਰਦੁਆਰਿਆਂ, ਮੰਦਰਾਂ, ਮਸਜ਼ਿਦਾਂ ਆਦਿ ਨਾਂ ਭਾਰੀ ਜਾਇਦਾਦਾਂ ਲਾਈਆਂ। ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ’ਤੇ ਵੀ ਸੋਨੇ ਦੇ ਪੱਤਰ ਚੜਾਉਣ ਦੀ ਪਹਿਲੀ ਵੇਰ ਸੇਵਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਹੋਈ। ਬੇਸ਼ੁਮਾਰ ਕੀਮਤੀ ਵਸਤਾਂ ਗੁਰੂ-ਘਰਾਂ ਨੂੰ ਭੇਟ ਕੀਤੀਆਂ ਗਈਆਂ। ਇਸ ਸਮੇਂ ਦੌਰਾਨ ਵੀ ਗੁਰਦੁਆਰਾ ਪ੍ਰਬੰਧ ਠੀਕ-ਠਾਕ ਚਲਦਾ ਰਿਹਾ ਪਰ 1839 ਈ: ਵਿਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਨਾਲ ਸਿੱਖ ਰਾਜ ਦੀ ਸ਼ਾਮ ਪੈਣੀ ਸ਼ੁਰੂ ਹੋ ਗਈ ਤੇ ਅਖੀਰ 1849 ਈ: ਵਿਚ ਸਿੱਖ ਰਾਜ ਦਾ ਸੂਰਜ ਡੁੱਬ ਗਿਆ। ਸਿੱਖ ਰਾਜ ਦੇ ਸੂਰਜ ਛਿਪਣ ਨਾਲ ਗੁਰਦੁਆਰਾ ਪ੍ਰਬੰਧ ਵਿਚ ਵੀ ਗਿਰਾਵਟ ਆਰੰਭ ਹੋ ਗਈ। ਅੰਗਰੇਜ਼ਾਂ ਨੇ ਸਭ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਮੁੱਖ ਪ੍ਰਬੰਧਕ ਸਰਬਰਾਹ, ਡਿਪਟੀ ਕਮਿਸ਼ਨਰ ਅੰਮ੍ਰਿਤਸਰ ਰਾਹੀਂ ਨਿਯੁਕਤ ਕੀਤਾ। ਗੁਰਦੁਆਰਾ ਪ੍ਰਬੰਧ ਦੀ ਇਸਾਈ ਮਤ ਦੇ ਪ੍ਰਚਾਰ ਤੇ ਸਿੱਖਾਂ ਦੇ ਵਿਰੁਧ ਖੂਬ ਵਰਤੋਂ ਅੰਗਰੇਜ ਰਾਜ ਕਾਲ ਸਮੇਂ ਹੋਈ। ਸਹਿਜੇ-ਸਹਿਜੇ ਸ਼ਰਧਾਲੂ ਸਿੱਖ ਨਾਕਸ ਗੁਰਦੁਆਰਾ ਪ੍ਰਬੰਧ ਕਾਰਨ ਗੁਰੂ ਘਰਾਂ ਤੋਂ ਟੁਟਣੇ ਸ਼ੁਰੂ ਹੋ ਗਏ। ਅੰਗਰੇਜ ਰਾਜ ਸਮੇਂ ਹੀ ਗੁਰਦੁਆਰਿਆ ਦੇ ਧਾਰਮਿਕ ਮੁਖੀ ਮਹੰਤ, ਪੁਜ਼ਾਰੀ ਥਾਪਣ ਦੀ ਪਿਰਤ ਸਥਾਪਤ ਹੋਈ। ਇਸ ਨਾਲ ਗੁਰਦੁਆਰਾ ਪ੍ਰਬੰਧ ਸੰਗਤੀ ਪ੍ਰਬੰਧ ਦੀ ਥਾਂ ਵਿਅਕਤੀ ਵਿਸ਼ੇਸ਼ਾਂ ਦੇ ਪ੍ਰਬੰਧ ਅਧੀਨ ਆਉਣਾ ਸ਼ੁਰੂ ਹੋ ਗਿਆ। ਮਹੰਤ-ਪੁਜਾਰੀ ਦੀ ਮੌਤ ਉਪਰੰਤ ਉਸਦਾ ਉਤਰਾ ਅਧਿਕਾਰੀ ਵਿਅਕਤੀ ਵਿਸ਼ੇਸ਼ ਪ੍ਰਬੰਧਕ ਬਣ ਜਾਂਦਾ, ਭਾਵੇਂ ਗੁਰਮਤਿ ਦਾ ਧਾਰਣੀ ਹੋਵੇ ਜਾਂ ਨਾਂ। ਗੁਰੂ-ਘਰ ਦੇ ਪ੍ਰਬੰਧਕ-ਚੜ੍ਹਤ ਚੜਾਵੇ ਤੇ ਜਾਇਦਾਦਾਂ ਦੇ ਪ੍ਰਬੰਧਕ ਬਣ ਗਏ। ਗੁਰੂ ਘਰਾਂ ਦੇ ਨਿਵਾਸ ਅਸਥਾਨ ਐਸ਼ੋ-ਅਰਾਮ ਦੇ ਅੱਡੇ ਬਣ ਗਏ। ਇਸ ਤਰ੍ਹਾਂ ਇਤਿਹਾਸਕ ਗੁਰਦੁਆਰੇ ਮਨਮਤ ਦਾ ਪ੍ਰਚਾਰ ਕੇਂਦਰ ਬਣ ਗਏ। ਜੋ ਕੁਝ ਸਿੱਖੀ ਦੇ ਸੋਮਿਆਂ ’ਚ ਹੋਇਆ ਉਸ ਬਾਰੇ ਲਿਖਦਿਆਂ-ਪੜ੍ਹਦਿਆਂ ਵੀ ਸ਼ਰਮ ਆਉਂਦੀ ਹੈ। ਕਹਿਣ ਦਾ ਭਾਵ ਸੰਸਾਰ ਦੇ ਸਾਰੇ ਕੁਕਰਮ ਇਨ੍ਹਾਂ ਧਰਮ ਮੰਦਰਾਂ ’ਚ ਮਹੰਤਾਂ-ਪੁਜਾਰੀਆਂ ਤੇ ਸਰਬਗਹਾਂ ਦੀ ਸਰਪਰਸਤੀ ਹੇਠ ਹੋਏ।

ਇਨ੍ਹਾਂ ਗੈਰ-ਇਖਲਾਕੀ ਕੁਕਰਮਾਂ ਨੂੰ ਠੱਲ ਪਾਉਣ ਲਈ ਚੇਤਨ ਗੁਰਸਿੱਖਾਂ ਨੇ ਸ਼ਕਤੀ ਤੇ ਸਮਰੱਥਾ ਨੂੰ ਇਕੱਤਰਤ ਕਰਨ ਲਈ ਜਥੇਬੰਦਕ ਰੂਪ ਧਾਰਣਾ ਸ਼ੁਰੂ ਕੀਤਾ। ਸਿੰਘ ਸਭਾ ਲਹਿਰ, ਖਾਲਸਾ ਦੀਵਾਨ ਸਥਾਪਤ ਹੋਏ ਜਿਨ੍ਹਾਂ ਦੁਰਮਤਿ ਤੇ ਅਗਿਆਨਤਾ ਨੂੰ ਦੂਰ ਕਰਨ ਦਾ ਬੀੜਾ ਚੁਕਿਆ। ਸਿੱਖ ਇਤਨੇ ਚੇਤਨ ਹੋ ਗਏ ਕਿ ਕਿਧਰੇ ਕਿਸੇ ਸਬੰਧਤ-ਇਮਾਰਤ, ਗੁਰਦੁਆਰੇ ਦਾ ਨਾਂ ਵੀ ਵਿਅਕਤੀ ਵਿਸ਼ੇਸ਼ ਦੇ ਨਾਂ ਨਾ ਰੱਖਦੇ।

ਗੁਰਮਤਿ ਅਨੁਸਾਰ ਕਿਸੇ ਕਿਸਮ ਦਾ ਵਿਤਕਰਾ-ਵਿਖਰੇਵਾਂ ਕਿਸੇ ਵੀ ਜਾਤਿ, ਧਰਮ, ਨਸਲ, ਵਿਤਕਰੇ ਆਦਿ ਨੂੰ ਮੰਨਕੇ ਨਹੀਂ ਕੀਤਾ ਜਾਂਦਾ ਪਰ ਮਹੰਤਾਂ ਦੀ ਬੁਰਸ਼ਾ ਗਰਦੀ ਸਮੇਂ ਗੁਰਦੁਆਰਿਆਂ ’ਚ ਅਖੌਤੀ ਨੀਵੀਂ ਜਾਤ ਦੇ ਲੋਕਾਂ ਨੂੰ ਆਉਣ ਦੀ ਸਖ਼ਤ ਮਨਾਹੀ ਸੀ। ਕੜਾਹ ਪ੍ਰਸਾਦਿ, ਅਰਦਾਸ ਤੇ ਲੰਗਰ-ਪੰਗਤ ਦੀ ਦੈਵੀ ਸਾਂਝ ਵੀ ਖੇਰੂ-ਖੇਰੂ ਹੋ ਗਈ।

12 ਅਕਤੂਬਰ, 1920 ਨੂੰ ਖਾਲਸਾ ਬਰਾਦਰੀ ਦਾ ਸਲਾਨਾ ਦੀਵਾਨ ਅੰਮ੍ਰਿਤਸਰ ’ਚ ਹੋਇਆ ਜਿਸ ਵਿਚ ਬਹੁਤ ਸਾਰੇ ਅਖੌਤੀ ਨੀਵੀ ਜਾਤਿ ਦੇ ਗੁਰੂ-ਦਾਤ ਅੰਮ੍ਰਿਤ ਦੀ ਪਾਹੁਲ ਪ੍ਰਾਪਤ ਕਰ, ਨਾਨਕ ਨਿਰਮਲ ਪੰਥ ਦੇ ਮੈਂਬਰ ਬਣੇ। ਨਵੇਂ ਸਜੇ ਸਿੰਘ ਗੁਰੂ ਅਰਜਨ ਦੇਵ ਜੀ ਦੁਆਰਾ ਸਿਰਜਤ ਸਰਬ-ਸਾਂਝੇ ਧਰਮ ਮੰਦਰ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਵਾਸਤੇ ਆਏ ਤਾਂ ਪੁਜਾਰੀ ਨੱਕ-ਮੂੰਹ ਵੱਟਣ ਲੱਗੇ। ਥੋੜੀ ਨੋਕ-ਝੌਕ ਤੋਂ ਬਾਅਦ ਪੁਜਾਰੀ ਅਰਦਾਸ ਕਰਨ ਤੇ ਹੁਕਮਨਾਮਾ ਲੈਣ ਲਈ ਸਹਿਮਤ ਹੋ ਗਏ। ਹੁਕਮਨਾਮੇ ਦੇ ਬੋਲ ਸਨ:-

ਨਿਗੁਣਿਆ ਨੋ ਆਪੇ ਬਖਸਿ ਲਏ ਭਾਈ ਸਤਿਗੁਰ ਕੀ ਸੇਵਾ ਲਾਇ ॥

ਸਤਿਗੁਰ ਕੀ ਸੇਵਾ ਊਤਮ ਹੈ ਭਾਈ ਰਾਮ ਨਾਮਿ ਚਿਤੁ ਲਾਇ ॥

(ਪੰਨਾ ਨੰਬਰ 638)

ਜਦ ਇਨ੍ਹਾਂ ਸਿੰਘਾਂ ਦਾ ਜਥਾ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਅਰਦਾਸ ਬੇਨਤੀ ਲਈ ਹਾਜ਼ਰ ਹੋਇਆ ਤਾਂ ਅਕਾਲ ਤਖ਼ਤ ਦੇ ਪੁਜਾਰੀ ਹਰਨ ਹੋ ਗਏ। ਸਿੰਘਾਂ ਨੇ ਫ਼ੈਸਲਾ ਕੀਤਾ ਕਿ ਗੁਰੂ ਦਾ ਤਖ਼ਤ ਸੁੰਝਾ ਨਹੀਂ ਰਹਿਣਾ ਚਾਹੀਦਾ ਤੇ ਸੇਵਾ-ਸੰਭਾਲ ਵਾਸਤੇ 25 ਸਿੰਘਾਂ ਦਾ ਜਥਾ ਨਿਯਤ ਕਰ ਦਿੱਤਾ। ਜ਼ਿਲੇ ਦੇ ਪ੍ਰਸ਼ਾਸਨਿਕ ਅਧਿਕਾਰੀ ਨੇ ਹਾਲਤਾਂ ਨੂੰ ਦੇਖਦੇ ਹੋਏ 9 ਮੈਂਬਰੀ ਕਮੇਟੀ ਦਾ ਗਠਨ ਕਰ ਦਿਤਾ। ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦੇ ਹਾਮੀ ਤੇ ਹਮਾਇਤੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਦੇਸ਼ ਜਾਰੀ ਕਰਵਾਇਆ ਕਿ 15 ਨਵੰਬਰ, 1920 ਨੂੰ ਸਿੱਖਾਂ ਦਾ ਪ੍ਰਤੀਨਿਧ ਇਕੱਠ ਬੁਲਾਇਆ ਗਿਆ। ਪ੍ਰਤੀਨਿਧ ਇਕੱਠ ਵਿਚ 175 ਮੈਂਬਰਾਂ ਦੀ ਕਮੇਟੀ ਬਣਾਈ ਗਈ, ਜਿਸ ਦਾ ਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਰੱਖਿਆ ਗਿਆ। ਇਸ ਕਮੇਟੀ ਦੀ ਪਲੇਠੀ ਮੀਟਿੰਗ 12 ਦਸੰਬਰ, 1920 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹੋਈ। ਸਭ ਤੋਂ ਪਹਿਲਾਂ ਪੰਜ ਪਿਆਰੇ ਚੁਣੇ ਗਏ, ਜਿਨ੍ਹਾਂ ਸਾਰਿਆਂ ਮੈਂਬਰਾਂ ਦੀ ਸੋਧ ਕੀਤੀ ਤੇ ਅਹੁਦੇਦਾਰ ਚੁਣੇ ਗਏ। ਪਹਿਲੀ ਇਕੱਤਰਤਾ ਸਮੇਂ ਹੀ ਸ਼੍ਰੋਮਣੀ ਗੁ:ਪ੍ਰ:ਕਮੇਟੀ ਦਾ ਵਿਧਾਨ ਬਨਾਉਣ ਲਈ ਇਕ ਸਬ-ਕਮੇਟੀ ਬਣਾਈ ਗਈ। 30 ਅਪ੍ਰੈਲ, 1921 ਨੂੰ ਸ਼੍ਰੋਮਣੀ ਗੁ:ਪ੍ਰ:ਕਮੇਟੀ ਸ੍ਰੀ ਅੰਮ੍ਰਿਤਸਰ ਦੀ ਰਜਿਸਟਰੇਸ਼ਨ ਕਰਵਾਈ ਗਈ।

ਚੁਣੀ ਹੋਈ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਦਾ ਪ੍ਰਬੰਧ ਲੈਣ ਲਈ ਮਹੰਤਾਂ ਨਾਲ ਗਲਬਾਤ ਚਲ ਰਹੀ ਸੀ ਤਾਂ ਪੁਜਾਰੀਆਂ ਨੇ ਗੋਲੀ ਚਲਾ ਦਿਤੀ, ਜਿਸ ਵਿਚ ਭਾਈ ਹਜ਼ਾਰਾ ਸਿੰਘ ਜੀ ਸ਼ਹੀਦ ਹੋ ਗਏ, ਜੋ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦੇ ਪਹਿਲੇ ਸ਼ਹੀਦ ਸਦਵਾਏ।

20 ਫਰਵਰੀ, 1921 ਨੂੰ ਨਨਕਾਣਾ ਸਾਹਿਬ ਦਾ ਸਾਕਾ ਵਾਪਰ ਗਿਆ ਜਿਸ ਵਿਚ ਅਨੇਕਾਂ ਸਿੰਘ ਮਹੰਤ ਨਰੈਣ ਦਾਸ ਦੇ ਗੁਡਿੰਆਂ ਦੀਆਂ ਗੋਲੀਆਂ, ਗੰਡਾਸੀਆਂ, ਛਵੀਆਂ ਤੇ ਡਾਂਗਾਂ ਦੇ ਸ਼ਿਕਾਰ ਹੋਏ। ਕੁਝ ਸਿੱਖਾਂ ਨੁੰ ਮਹੰਤ ਦੇ ਆਦਮੀਆਂ ਨੇ ਜੰਡ ਦੇ ਦਰਖ਼ਤ ਨਾਲ ਬੰਨ੍ਹ, ਜੀਉਂਦੇ ਜੀਅ ਸਾੜ ਦਿਤਾ। ਇਸ ਅਤ ਦੁਖਦਾਈ ਹਿਰਦੇਵੇਦਕ ਘਟਨਾ ਤੋਂ ਪਿਛੋਂ 21 ਫਰਵਰੀ, 1921 ਨੂੰ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਗੁ:ਪ੍ਰ:ਕਮੇਟੀ ਦੇ ਅਧੀਨ ਆਇਆ।

8 ਅਗਸਤ, 1921 ਨੂੰ ਗੁਰੂ ਕੇ ਬਾਗ, ਘੂਕੇ ਵਾਲੀ ਅੰਮ੍ਰਿਤਸਰ ਦਾ ਮਾਮਲਾ ਮੋਰਚੇ ਦਾ ਰੂਪ ਧਾਰਣ ਕਰ ਗਿਆ। ਅੰਗਰੇਜ਼ ਹਾਕਮ ਅਸਲ ਵਿਚ ਪੂਰੀ ਤਰ੍ਹਾਂ ਮਹੰਤਾਂ ਤੇ ਪੁਜਾਰੀਆ ਦੀ ਪਿੱਠ ’ਤੇ ਸਨ। ਅਕਾਲੀ ਲਹਿਰ ਦੇ ਅੰਗਰੇਜ਼ ਸਾਮਰਾਜ਼ ਤੇ ਕੁਰੱਪਟ ਮਹੰਤਾਂ-ਪੁਜਾਰੀਆਂ ਦੇ ਖਿਲਾਫ਼ ਲੰਬੀ ਲੜਾਈ ਲੜਦੇ ਅਨੇਕਾਂ ਕੁਰਬਾਨੀਆਂ ਤੇ ਤਸੀਹੇ ਝੱਲ ਕੇ ਗੁਰਸਿੱਖਾਂ ਨੇ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਕੀਤੀ। ਚਾਬੀਆਂ ਦਾ ਮੋਰਚਾ, ਗੁਰਦੁਆਰਾ ਫੇਰੂ ਦਾ ਮੋਰਚਾ, ਜੈਤੋ ਦਾ ਮੋਰਚਾ, ਅੰਗਰੇਜ਼ ਸਰਕਾਰ ਦੇ ਜ਼ੁਲਮਾਂ ਦੀ ਕਹਾਣੀ ਰੂਪਮਾਨ ਕਰਦੇ ਹਨ। ਪਰ ਅੰਗਰੇਜ਼ ਸਾਮਰਾਜ ਨੂੰ ਸੰਗਠਿਤ ਸਿੱਖ ਸ਼ਕਤੀ ਅੱਗੇ ਗੋਡੇ ਟੇਕਣੇ ਪਏ। 1925 ’ਚ ਸਿੱਖ ਗੁਰਦੁਆਰਾ ਕਾਨੂੰਨ ਬਣ ਜਾਣ ਨਾਲ ਸ਼੍ਰੋਮਣੀ ਗੁ:ਪ੍ਰ:ਕਮੇਟੀ ਸ੍ਰੀ ਅੰਮ੍ਰਿਤਸਰ ਵਿਸ਼ਵ ਦੀ ਪਹਿਲੀ ਲੋਕਤੰਤਰੀ ਢੰਗ ਦੁਆਰਾ ਧਾਰਮਿਕ ਅਸਥਾਨਾਂ ਦਾ ਪ੍ਰਬੰਧ ਕਰਨ ਵਾਲੀ ਸ਼੍ਰੋਮਣੀ ਸੰਸਥਾ ਬਣੀ।

ਸ਼੍ਰੋਮਣੀ ਗੁ:ਪ੍ਰ:ਕਮੇਟੀ ਦੀ ਸਿਰਜਣਾ ਸਿੱਖ ਸ਼ਹੀਦਾਂ ਦੇ ਸਿਰਾਂ ’ਤੇ ਹੋਈ ਹੈ।1920 ਤੇ 1925 ਤੀਕ ਚਲੀ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਆਪਣੀ ਚਰਮ ਸੀਮਾਂ ’ਤੇ ਸੀ। ਇਸ ਸਮੇਂ ਦੌਰਾਨ ਜੋ ਕੁਰਬਾਨੀਆਂ ਸਿਖੀ ਦੇ ਪਰਵਾਨਿਆਂ ਨੇ ਕੀਤੀਆਂ, ਮਾਨਸਿਕ, ਸਰੀਰਿਕ ਤਸੀਹੇ ਸਹੇ, ਉਹਨਾਂ ਨੂੰ ਬਿਆਨ ਕਰਨਾ ਮੁਸ਼ਕਿਲ ਹੈ। ਇਕ ਇਸਾਈ ਪਾਧਰੀ ਦੇ ਅੱਖੀ ਡਿੱਠੇ ਹਾਲ ਤੋਂ ਸਪੱਸ਼ਟ ਹੋ ਜਾਂਦਾ ਹੈ ਜੋ ਉਸਨੇ ਗੁਰੂ ਕੇ ਬਾਗ ਦੇ ਮੋਰਚੇ ਸਮੇਂ ਸਿੱਖਾਂ ’ਤੇ ਹੁੰਦੇ ਜ਼ਬਰ-ਜ਼ੁਲਮ ਨੂੰ ਦੇਖ ਕੇ ਲਿਖੇ ਕਿ ਮੈਂ ਸੈਂਕੜੇ ਈਸਾ ਸੂਲੀ ’ਤੇ ਚੜਦੇ ਦੇਖ ਰਿਹਾ ਹਾਂ।

ਅਕਾਲ ਦੇ ਪੁਜਾਰੀ  ਗੁਰਸਿੱਖ ‘ਅਕਾਲੀ’ ਸਦਵਾਏ ਜਿਨ੍ਹਾਂ ਨੇ ਗੁਰਧਾਮਾਂ, ਗੁਰਦੁਆਰਿਆਂ ਦੀ ਅਜ਼ਮਤ ਵਾਸਤੇ ਅੰਗਰੇਜ਼ ਸਰਕਾਰ ਦੇ ਵਿਰੁੱਧ ਭੁੱਖੇ-ਧਿਆਏ ਨੰਗੇ ਪਿੰਡੇ ਲੰਬੇਰਾ ਸੰਘਰਸ਼ ਲੜਿਆ ਤੇ ਸਫਲਤਾ ਦੀਆ ਸਰ-ਬੁਲੰਦੀਆਂ ਨੂੰ ਛੂਹਿਆ। ਇਹ ਗੁਰੂ ਕੇ ਲਾਲ ਤਨ,ਮਨ,ਧਨ, ਬਚਨ ਕਰਮ ਤੋਂ ਅਕਾਲ ਦੇ ਪੁਜਾਰੀ ਸਨ ਤੇ ਨਿਸ਼ਕਾਮ ਸੇਵਾ ਇਨ੍ਹਾਂ ਦਾ ਅਦਰਸ਼ ਸੀ। ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਨੂੰ ਸਫਲ ਕਰਨ ਲਈ ਇਨ੍ਹਾਂ ਮਰਜੀਵੜਿਆਂ ਦੇ ਅਧਾਰਿਤ 14 ਦਸੰਬਰ, 1920 ਨੂੰ ‘ਸ਼੍ਰੋਮਣੀ ਅਕਾਲੀ ਦਲ’ ਹੋਂਦ ਵਿਚ ਆਇਆ। ਅਕਾਲੀ ਲਹਿਰ ਨੇ ਗੁਰਦੁਆਰਾ ਚੋਣਾਂ ਵਿਚ ਪਹਿਲੀ ਵਾਰ ਸਿੱਖ ਬੀਬੀਆਂ ਨੂੰ ਵੋਟ ਦਾ ਅਧਿਕਾਰ ਦਵਾਇਆ।

ਸ਼੍ਰੋਮਣੀ ਗੁ:ਪ੍ਰ:ਕਮੇਟੀ ਸ੍ਰੀ ਅੰਮ੍ਰਿਤਸਰ ਨੂੰ ਸਿੱਖਾਂ ਦੀ ਸ਼੍ਰੋਮਣੀ ਸੰਸਥਾ ਹੋਣ ਦਾ ਮਾਣ-ਸਤਿਕਾਰ ਹਾਸਲ ਹੈ। ਸ਼੍ਰੋਮਣੀ ਗੁ:ਪ੍ਰ:ਕਮੇਟੀ ਸ੍ਰੀ ਅੰਮ੍ਰਿਤਸਰ ਗੁਰਦੁਆਰਿਆਂ ਦਾ ਪ੍ਰਬੰਧ ਨਹੀਂ ਕਰਦੀ ਇਸ ਦਾ ਕਾਰਜ਼ ਖੇਤਰ ਬਹੁਤ ਵਿਸ਼ਾਲ ਹੈ। ਸ਼੍ਰੋਮਣੀ ਗੁ:ਪ੍ਰ:ਕਮੇਟੀ ਨੇ ਬਹੁਤ ਸਾਰੇ ਇਤਿਹਾਸਕ ਕਾਰਜ ਤੇ ਫ਼ੈਸਲੇ ਕੀਤੇ ਹਨ, ਸੰਖੇਪ ਵਿਚ ਅਸੀਂ ਵਿਚਾਰ ਕਰਾਂਗੇ।

ਗੁਰਦੁਆਰਾ ਪ੍ਰਬੰਧ ਦੀ ਆਮਦਨ-ਖਰਚ ਦੇ ਹਿਸਾਬ ਕਿਤਾਬ ਨੂੰ ਪਾਰਦਰਸ਼ੀ ਕਰਨ ਲਈ 1927 ਤੋਂ ਮਾਸਿਕ ਪੱਤਰ ਗੁਰਦੁਆਰਾ ਗਜ਼ਟ ਪ੍ਰਕਾਸ਼ਤ ਕਰਨਾ ਸ਼ੁਰੂ ਕੀਤਾ ਜੋ ਨਿਰੰਤਰ ਜਾਰੀ ਹੈ।

ਜਾਤੀ ਭੇਦ ਭਾਵ ਨੂੰ ਮਿਟਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜ਼ਾਰੀ ਹੋਇਆ। ਕੋਈ ਸਿੱਖ ਕਿਸੇ ਨਾਲ ਜਾਤੀ ਭੇਦ ਭਾਵ ਨਹੀਂ ਕਰੇਗਾ ਤੇ ਨਾ ਹੀ ਕਿਸੇ ਦੀ ਜਾਤ ਬਰਾਦਰੀ ਪੁਛੇਗਾ। ਮਹੰਤਾਂ ਤੇ ਪੁਜਾਰੀਆ ਦੇ ਪ੍ਰਬੰਧ ਕਾਰਨ ਹਰ ਗੁਰਦੁਆਰੇ ਦੀ ਆਪਣੀ ਮਰਯਾਦਾ ਸੀ ਜਿਸ ਨੂੰ ਇਕਸੁਰ ਤੇ ਇਕਸਾਰ ਕਰਨ ਲਈ ‘ਸਿੱਖ ਰਹਿਤ ਮਰਯਾਦਾ’ ਨਿਸ਼ਚਤ ਕੀਤੀ ਗਈ ਜਿਸ ਨੂੰ ‘ਗੁਰੂ ਪੰਥ’ ਦੀ ਪ੍ਰਵਾਨਗੀ ਹਾਂਸਲ ਹੈ। ਸਿੱਖ ਰਹਿਤ ਮਰਯਾਦਾ ਫਰੀ ਛਾਪ ਕੇ ਵੰਡੀ ਜਾਂਦੀ ਹੈ।

17 ਜੂਨ 1923 ਨੂੰ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਕਾਰ-ਸੇਵਾ ਕਰਵਾਈ ਗਈ ਜੋ ਇਤਿਹਾਸਕ ਕਾਰਜ ਸੀ।

ਸਿੱਖ ਧਰਮ ਦੇ ਪ੍ਰਚਾਰ ਪਸਾਰ ਲਈ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ’ਚ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸਥਾਪਤ ਕੀਤਾ ਗਿਆ। ਹੁਣ ਮਿਸ਼ਨਰੀ ਕਾਲਜਾਂ ਦੀ ਗਿਣਤੀ 10 ਹੈ ਜੋ ਵੱਖ-ਵੱਖ ਰਾਜਾਂ ’ਚ ਚਲਾਏ ਜਾ ਰਹੇ ਹਨ।ਸਿੱਖ ਇਤਿਹਾਸ ਰੀਸਰਚ ਬੋਰਡ ਦੀ ਸਥਾਪਨਾ ਕੀਤੀ ਗਈ ਤਾਂ ਜੋ ਸਿੱਖ ਇਤਿਹਾਸ ਨੂੰ ਦੋਬਾਰਾ ਲਿਖਵਾਏ।

ਪੰਜਾਬੀ ਸੂਬੇ ਦੀ ਸਥਾਪਤੀ ਵਾਸਤੇ ਮਤਾ ਪਾਸ ਕੀਤਾ ਗਿਆ ਤੇ ਮੋਰਚਾ ਲਾਇਆ ਗਿਆ। ਅਜ਼ਾਦੀ ਲਹਿਰ ਨੂੰ ਪੂਰਨ ਸਹਿਯੋਗ ਤੇ ਸਮਰਥਨ ਸ਼੍ਰੋਮਣੀ ਕਮੇਟੀ ਵੱਲੋਂ ਦਿਤਾ ਗਿਆ।

ਗੁਰਦੁਆਰਾ ਐਕਟ ਬਨਣ ਨਾਲ ਸ਼੍ਰੋਮਣੀ ਗੁ:ਪ੍ਰ:ਕਮੇਟੀ ਨੇ ਵਿਧੀਵਤ ਕਾਰਜ਼ ਕਰਨਾ ਸ਼ੁਰੂ ਕਰ ਦਿਤਾ। ਸ਼੍ਰੋਮਣੀ ਗੁ:ਪ੍ਰ:ਕਮੇਟੀ ਦੀ ਚੋਣ ਪੰਜ ਸਾਲਾਂ ਬਾਅਦ ਬਾਲਗ ਸਿੱਖ ਵੋਟਰਾਂ ਦੁਆਰਾ ਕੀਤੀ ਜਾਂਦੀ ਹੈ ਪਰ ਚੋਣ ਕੇਂਦਰ ਸਰਕਾਰ ਕਰਾਉਂਦੀ ਹੈ। ਮੌਜੂਦਾ ਹਾਊਸ ਵਿਚ ਕੁਲ 190 ਮੈਂਬਰ ਹਨ ਜਿਨ੍ਹਾਂ ’ਚੋਂ 120 ਚੋਣ ਹਲਕਿਆਂ ਵਿਚੋਂ ਚੁਣ ਕੇ ਆਉਂਦੇ ਹਨ। ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਚੋਣ ਪੰਜਾਬ, ਹਰਿਆਣਾ, ਹਿਮਾਚਲ ਤੇ ਚੰਡੀਗੜ੍ਹ ਤੋਂ ਹੁੰਦੀ ਹੈ ਪਰ 15 ਮੈਂਬਰ ਦੇਸ਼ ਭਰ ਵਿਚੋਂ ਕੋਆਪਟ ਕੀਤੇ ਜਾਂਦੇ ਹਨ। 30 ਸੀਟਾਂ ਬੀਬੀਆਂ ਵਾਸਤੇ ਰਾਖਵੀਆਂ ਹਨ। ਜਰਨਲ ਚੋਣ ਤੋਂ ਬਾਅਦ ਹਰ ਸਾਲ ਪ੍ਰਧਾਨ ਸ਼੍ਰੋਮਣੀ ਕਮੇਟੀ, ਅਹੁਦੇਦਾਰਾਂ ਤੇ ਅੰਤ੍ਰਿੰਗ ਕਮੇਟੀ ਮੈਂਬਰਾਂ ਦੀ ਚੋਣ ਹੁੰਦੀ ਹੈ।

ਸ਼੍ਰੋਮਣੀ ਕਮੇਟੀ ਆਪਣੇ ਕਾਰਜ਼ ਭਾਗ ਨੂੰ ਸਚਾਰੂ ਢੰਗ ਨਾਲ ਚਲਾਉਣ ਲਈ ਧਰਮ ਪ੍ਰਚਾਰ ਕਮੇਟੀ, ਸਿੱਖ ਇਤਿਹਾਸ ਰੀਸਰਚ ਬੋਰਡ, ਐਜੂਕੇਸ਼ਨ ਕਮੇਟੀ, ਟ੍ਰਸਟ ਵਿਭਾਗ, ਸੈਕਸ਼ਨ 85, ਸੈਕਸ਼ਨ 87 ਆਦਿ ਵੱਖ-ਵੱਖ ਵਿੰਗ ਅਤੇ ਵਿਭਾਗ ਹਨ।

ਸ਼੍ਰੋਮਣੀ ਗੁ:ਪ੍ਰ:ਕਮੇਟੀ ਅਧੀਨ ਸ਼ੈਕਸ਼ਨ 85 ’ਚ ਵੱਡੇ 54 ਇਤਿਹਾਸਕ ਗੁਰਦੁਆਰੇ ਆਉਂਦੇ ਹਨ ਤੇ ਸ਼ੈਕਸ਼ਨ 87 ਅਧੀਨ ਛੋਟੇ ਇਤਿਹਾਸਕ ਗੁਰਦੁਆਰੇ ਸ਼ਾਮਲ ਹਨ, ਜਿਸ ਵਿਚ ਚੁਣੀਆਂ ਕਮੇਟੀ, ਨਾਮਜ਼ਦ ਕਮੇਟੀ ਅਤੇ ਲੋਕਲ ਕਮੇਟੀਆਂ ਸ਼ਾਮਲ ਹਨ। ਧਰਮ ਪ੍ਰਚਾਰ ਕਮੇਟੀ ਅਧੀਨ ਵੱਧ-ਵੱਧ ਰਾਜਾਂ ’ਚ 11 ਸਿੱਖ ਮਿਸ਼ਨ ਸਥਾਪਤ ਹਨ ਤੇ 10 ਮਿਸ਼ਨਰੀ ਕਾਲਜ ਚਲਾਏ ਜਾ ਰਹੇ ਹਨ। ਟ੍ਰਸਟ ਵਿਭਾਗ ਰਾਹੀਂ ਦੋ ਮੈਡੀਕਲ ਕਾਲਜ਼, ਦੋ ਇੰਜ਼ੀ: ਕਾਲਜ, ਅਨੇਕਾਂ ਡਿਗਰੀ ਕਾਲਜ ਤੇ ਸਕੂਲ ਚਲਾਏ ਜਾ ਰਹੇ ਹਨ।

ਲੋਕ ਕਲਿਆਣਕਾਰੀ ਕਾਰਜ਼ਾਂ ਵਜ਼ੋਂ ਸ਼੍ਰੋਮਣੀ ਗੁ: ਪ੍ਰ: ਕਮੇਟੀ ਪਿੰਗਲਵਾੜਾ ਭਗਤ ਪੂਰਨ ਸਿੰਘ, ਯਤੀਮ ਖਾਨਾ, ਬਿਰਧ ਘਰ ਆਦਿ ਨੂੰ ਸਾਲਾਨਾ ਸਹਾਇਤਾ ਦੇਂਦੀ ਹੈ। ਇਸ ਤੋਂ ਇਲਾਵਾ ਹੜ-ਪੀੜਤਾਂ, ਭੂਚਾਲ-ਪੀੜਤਾਂ, ਸੁਨਾਮੀ ਪੀੜਤਾਂ, ਸਿਖ ਕਤਲੇਆਮ ਦੇ ਪੀੜਤਾਂ, ਜੋਧਪੁਰ ਦੇ ਕੈਦੀਆਂ, ਧਰਮੀ ਫੌਜੀਆਂ ਦੀ ਮਦਦ ਵੀ ਸ਼੍ਰੋਮਣੀ ਕਮੇਟੀ ਹੀ ਕਰਦੀ ਹੈ।

ਸ਼੍ਰੋਮਣੀ ਗੁ:ਪ੍ਰ:ਕਮੇਟੀ ਸ੍ਰੀ ਅੰਮ੍ਰਿਤਸਰ ਦਾ ਕਾਨੂੰਨੀ ਅਧਿਕਾਰ ਖੇਤਰ ਗੁ: ਪ੍ਰਬੰਧ ਸਬੰਧੀ ਭਾਵੇਂ ਪੰਜਾਬ, ਹਰਿਆਣਾ, ਹਿਮਾਚਲ ਤੇ ਚੰਡੀਗੜ੍ਹ ਤੀਕ ਸੀਮਤ ਹੈ ਪਰ ਵਿਸ਼ਵ ਭਰ ਵਿਚ ਵਸੇ ਸਿੱਖਾਂ ਦੀ ਪ੍ਰਤੀਨਿਧ ਸੰਸਥਾ ਵੀ ਸ਼੍ਰੋਮਣੀ ਕਮੇਟੀ ਹੀ ਹੈ। ਸਿੱਖਾਂ ਨਾਲ ਸਬੰਧਤ ਮਸਲੇ ਸ਼੍ਰੋਮਣੀ ਕਮੇਟੀ ਪਾਸ ਹੀ ਆਉਂਦੇ ਹਨ। ਮਸਲਾ ਭਾਵੇਂ ਦਸਤਾਰ ਦਾ ਹੋਵੇ ਜਾਂ ਕਕਾਰਾਂ ਦਾ।

ਗੁਰਦੁਆਰਿਆਂ ਦੀ ਨਵ-ਉਸਾਰੀ ਤੇ ਨਵ-ਨਿਰਮਾਣ, ਸਰਾਵਾਂ ਦਾ ਢੁੱਕਵਾਂ ਪ੍ਰਬੰਧ ਕਰਨਾ, ਸਿੱਖ ਵਿਰਸੇ ਤੇ ਵਿਰਾਸਤਾ ਨੂੰ ਸੰਭਾਲਣਾ ਤੇ ਸਿੱਖ ਧਰਮ ਪ੍ਰਚਾਰ ਪ੍ਰਸਾਰ ਲਈ ਆਧੁਨਿਕ ਸਾਧਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਰੇਡੀਓ, ਟੀ.ਵੀ., ਇੰਟਰਨੈੱਟ ਮਾਧਿਅਮ ਨੂੰ ਵਰਤੋਂ ਵਿਚ ਲਿਆਂਦਾ ਜਾ ਰਿਹਾ ਹੈ।

ਸਿੱਖ ਰਹਿਤ ਮਰਯਾਦਾ ਦਾ ਪ੍ਰਚਾਰ ਪ੍ਰਸਾਰ, ਗੁਰਬਾਣੀ ਦੇ ਪ੍ਰਚਾਰ-ਪ੍ਰਸਾਰ ਲਈ ਆਪਣੇ ਵਿਸ਼ੇਸ਼ ਛਾਪੇ ਖਾਨੇ ਲਾਏ ਗਏ ਹਨ, ਜਿਨ੍ਹਾਂ ਵਿਚ ਗੁਰਬਾਣੀ ਦੀ ਪ੍ਰਕਾਸ਼ਨ ਸੇਵਾ, ਅਦਬ-ਸਤਿਕਾਰ ਅਤੇ ਮਰਿਯਾਦਾ ਨਾਲ ਕੀਤੀ ਜਾਂਦੀ ਹੈ।

ਸਿੱਖਾਂ ਦੀ ਇਹ ਸ਼੍ਰੋਮਣੀ ਸੰਸਥਾ ਦੇ ਪਹਿਲੇ ਪ੍ਰਧਾਨ ਹੋਣ ਦਾ ਮਾਣ ਸ. ਸੁੰਦਰ ਸਿੰਘ ਮਜੀਠੀਆ ਨੂੰ ਪ੍ਰਾਪਤ ਹੋਇਆ। ਸਮੇਂ-ਸਮੇਂ ਪੰਥ ਦੇ ਬੇਤਾਜ਼ ਬਾਦਸ਼ਾਹ ਬਾਬਾ ਖੜਕ ਸਿੰਘ, ਪੰਥ ਰਤਨ ਮਾਸਟਰ ਤਾਰਾ ਸਿੰਘ ਜੀ, ਪੰਥ ਰਤਨ ਜਥੇ. ਗੁਰਚਰਨ ਸਿੰਘ ਟੌਹੜਾ, ਲੋਹ ਪੁਰਸ਼ ਜਥੇ. ਜਗਦੇਵ ਸਿੰਘ ਤਲਵੰਡੀ, ਬੀਬੀ ਜਗੀਰ ਕੌਰ, ਪ੍ਰੋ: ਕਿਰਪਾਲ ਸਿੰਘ ਬਡੂੰਗਰ ਆਦਿ ਇਸ ਸੰਸਥਾ ਦੇ ਪ੍ਰਧਾਨ ਵਜ਼ੋਂ ਸੇਵਾ ਨਿਭਾਉਂਦੇ ਰਹੇ। ਪਿਛਲੇ ਚਾਰ ਸਾਲਾਂ ਤੋਂ ਨਿਰੰਤਰ ਜਥੇ. ਅਵਤਾਰ ਸਿੰਘ (ਮੱਕੜ) ਪ੍ਰਧਾਨ ਸ਼੍ਰੋਮਣੀ ਕਮੇਟੀ ਵਜ਼ੋਂ ਸੇਵਾ ਨਿਭਾ ਰਹੇ ਹਨ।

ਕੇਸ-ਸਿੱਖ ਤੇ ਸਹਿਜਧਾਰੀ
ਅੱਜ-ਕਲ ਅਖ਼ਬਾਰਾਂ ’ਚ ਇਹ ਵਿਸ਼ਾ ਅਕਾਰਣ ਚਰਚਾ ’ਚ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਸ਼੍ਰੋਮਣੀ ਗੁ:ਪ੍ਰ:ਕਮੇਟੀ ਤੋਂ ਇਹ ਪੁੱਛਿਆ ਗਿਆ ਸੀ, ‘ਕੀ ਜਿਹੜਾ ਮਨੁੱਖ ਕੇਸ/ਦਾੜੀ ਕੁਤਰਦਾ ਜਾਂ ਮੁੰਨਦਾ ਹੈ’ ਉਹ ਸਿੱਖ ਗੁ: ਐਕਟ 1925 ਅਨੁਸਾਰ ਸਹਿਜਧਾਰੀ ਸਿੱਖ ਹੈ? ਸਿੱਖ ਗੁ: ਐਕਟ ਅਨੁਸਾਰ ਹੀ ਜੁਆਬ ਨਾਹਪੱਖੀ ਹੈ। ਕੇਸ/ਦਾੜੀ ਕੁਤਰਨ ਜਾਂ ਮੁੰਨਣ ਵਾਲਾ ਸਹਿਜਧਾਰੀ ਸਿੱਖ ਨਹੀਂ ਹੋ ਸਕਦਾ। ਕੋਰਟ ਵੱਲੋਂ ਸਿੱਖ ਗੁ: ਐਕਟ ਅਨੁਸਾਰ ਪੁੱਛਿਆ ਗਿਆ, ਜਿਸਦਾ ਜੁਆਬ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਸ਼੍ਰੋਮਣੀ ਗੁ: ਪ੍ਰ: ਕਮੇਟੀ ਵੱਲੋਂ ਦੇ ਦਿਤਾ ਗਿਆ ਹੈ ਪਰ ਹੈਰਾਨ ਹਾਂ ਕਿ ਕੁਝ ਸਮਕਾਲੀ ਅਖ਼ਬਾਰਾਂ ਦੇ ਨਾਮਵਰ ਕਾਲਮਨਵੀਸ ਸਿੱਖ ਤੇ ਸਹਿਜਧਾਰੀ ਦੇ ਮਸਲੇ ਨੂੰ ਉਲਝਾ ਰਹੇ ਹਨ। ਉਹ ਸਿੱਖ ਰਹਿਤ ਮਰਯਾਦਾ ਤੇ ਸਿੱਖ ਗੁ: ਐਕਟ 1925 ’ਚ ਦਰਜ਼ ਪ੍ਰੀਭਾਸ਼ਾ ਨੂੰ ਰਲਗਡ ਕਰ ਰਹੇ ਹਨ। ਇਨ੍ਹਾਂ ਨੇ ਸਿੱਖ ਦੀ ਪ੍ਰੀਭਾਸ਼ਾ ’ਚੋਂ ਸਿੱਖ ਰਹਿਤ ਮਰਯਾਦਾ ’ਚ ਅੰਕਿਤ ਨੂੰ ਪੜਿਆ ਵਿਚਾਰਿਆ ਨਹੀਂ; ਦੂਸਰਾ ਸਿੱਖ ਰਹਿਤ ਮਰਯਾਦਾ ’ਚ ‘ਸਹਿਜਧਾਰੀ’ ਸ਼ਬਦ ਹੀ ਸ਼ਾਮਲ ਨਹੀਂ ਹੈ ਤਾਂ ਫਿਰ ਕਿਸ ਕੁਸ਼ੇਚਟਾ ਕਰਕੇ ਅਜਿਹਾ ਕੀਤਾ ਜਾ ਰਿਹਾ ਹੈ? ਸਿੱਖਾਂ ਨੂੰ ਕੇਸਾਂ ਦੀ ਮਹੱਤਤਾ ਤੇ ਜ਼ਰੂਰਤ ਗੈਰ-ਸਿੱਖ ਸਮਝਾ ਰਹੇ ਹਨ। ਭਾਵੇਂ ਕਿ ਅੱਜ ਬਹੁਤ ਸਾਰੇ ਸਿੱਖ ਅਖਵਾਉਣ ਵਾਲੇ ਕੇਸਾਂ ਦੀ ਬੇਅਦਬੀ ਜਾਣੇ-ਅਣਜਾਣੇ, ਹਾਲਾਤਾਂ ਵਸ, ਪੱਛਮੀ ਪ੍ਰਭਾਵ, ਹੀਰੋਇਜ਼ਮ ਦੇ ਸ਼ਿਕਾਰ ਜਾਂ ਪ੍ਰਚਾਰ ਦੀ ਘਾਟ ਕਰਕੇ ਕਰ ਰਹੇ ਹਨ ਪਰ ਇਸ ਦਾ ਮਤਲਬ ਇਹ ਨਹੀਂ! ਸਿੱਖ ਹੋਂਦ-ਹਸਤੀ ਤੇ ਪਹਿਚਾਣ ਦੇ ਲਖਾਇਕ ਕੇਸਾਂ ਦੀ ਬੇਅਦਬੀ ਕਰਕੇ ਕੇਸਾਂ ਦੀ ਮਹੱਤਤਾ ਤੋਂ ਮੁਨਕਰ ਹੋ ਜਾਵੇ।

ਸਿੱਖ ਰਹਿਤ ਮਰਯਾਦਾ ’ਚ ਜੋ ਸਿੱਖ ਦੀ ਤਾਰੀਫ਼ ਦਿਤੀ ਗਈ ਹੈ ਉਸ ਸਪੱਸ਼ਟ ਕੀਤਾ ਹੈ ਕਿ ’ਜੋ ਇਸਤਰੀ ਜਾਂ ਪੁਰਸ਼ ਇਕ ਅਕਾਲ ਪੁਰਖ, ਦਸ ਗੁਰੂ ਸਾਹਿਬਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ਤੇ ਸਿਖਿਆ ਅਤੇ ਦਸਮੇਸ਼ ਜੀ ਦੇ ਅੰਮ੍ਰਿਤ ਉਤੇ ਨਿਸ਼ਚਾ ਰੱਖਦਾ ਹੈ ਅਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ ਉਹ ਸਿੱਖ ਹੈ।

ਪ੍ਰੀਭਾਸ਼ਕ ਸ਼ਬਦਾਵਲੀ ਹਮੇਸ਼ਾਂ ਹੀ ਸੰਕੋਚਵੀ, ਸੀਮਤ ਤੇ ਗੁੰਦਵੀ ਹੁੰਦੀ ਹੈ ਜਿਸਦੇ ਸਾਰ-ਵਿਸਥਾਰ ਦੀ ਹਮੇਸ਼ਾਂ ਲੋੜ ਹੁੰਦੀ ਹੈ। ਗੁਰੂ ਸਾਹਿਬਾਨ ਦੀ ਬਾਣੀ ਤੇ ਸਿਖਿਆ ’ਚ ਬਾਰ-ਬਾਰ ਅੰਕਿਤ ਹੈ ਕਿ ਸਿੱਖੀ ਸਰੂਪ ਸਾਬਤ-ਸੂਰਤ ਮਨੁੱਖ ਦਾ ਹੈ। ਇਥੋਂ ਤੀਕ ਕਿ ਅਕਾਲ ਪੁਰਖ ਦਾ ਸਰਗੁਣ ਸਰੂਪ ਜੋ ਮੰਨਿਆ ਗਿਆ ਹੈ, ਉਹ ਵੀ ਕੇਸਾਧਾਰੀ ਹੈ। ਫਿਰ ਗੁਰੂ ਬਾਣੀ ਤੇ ਗੁਰੂ ਸਾਹਿਬਾਨ ਦੀ ਸਿਖਿਆ ਨੂੰ ਮੰਨਣ ਵਾਲਾ ਕੇਸਾਂ ਤੋਂ ਬਿਨ੍ਹਾਂ ਕਿਵੇਂ ਹੋਵੇਗਾ?

ਸਿੱਖ ਰਹਿਤ ਮਰਯਾਦਾ ਸਿੱਖੀ ਵਿਧਾਨ ਹੈ, ਜਿਸਨੂੰ ਗੁਰੂ-ਪੰਥ ਦੀ ਪ੍ਰਵਾਨਗੀ ਹਾਂਸਲ ਹੈ। ਇਸ ਵਿਚ ਕੇਸਾਂ ਦੀ ਮਹੱਤਤਾ ਤੇ ਲੋੜ ’ਤੇ ਬਹੁਤ ਜ਼ੋਰ ਦਿੱਤਾ ਗਿਆ ਹੈ। ਹਰ ਸਿੱਖ ਸੁਭਾ-ਸ਼ਾਮ ਜੋ ਅਰਦਾਸ ਕਰਦਾ ਹੈ, ਉਸ ਵਿਚ ਉਨ੍ਹਾਂ ਨੂੰ ਯਾਦ ਕਰਦਾ ਹੈ ਜਿਨ੍ਹਾਂ ਨੇ ਸਿੱਖੀ ਕੇਸਾਂ-ਸੁਆਸਾਂ ਨਾਲ ਨਿਬਾਹੀ। ਉਨ੍ਹਾਂ ਦਾ ਸਤਿਕਾਰ ਤੇ ਅਭਿਨੰਦਨ ਹਰ ਸਿੱਖ ਕਰਦਾ ਹੈ।

ਫਿਰ ਹਰ ਸਿੱਖ ਸਮੂੰਹਿਕ ਮੰਗ ਕਰਦਾ ਹੈ, ਕਿ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ ਤੇ ਰਹਿਤ ਦਾਨ…… ਜਿਸ ਤੋਂ ਭਾਵ ਹੈ ਕਿ ਕੇਸ ਸਿੱਖ ਨੂੰ ਗੁਰੂ ਦੀ ਅਮਾਨਤ ਰੂਪ ’ਚ ਮਿਲੇ ਹਨ ਤੇ ਗੁਰੂ-ਪਿਤਾ ਹੀ ਕੇਸਾਂ ਦੇ ਮਾਣ-ਪਿਆਰ ਤੇ ਸਤਿਕਾਰ ਨਿਬਾਹ ਸਕਣ ਦੀ ਸ਼ਕਤੀ ਤੇ ਸਮਰਥਾ ਬਖਸ਼ਿਸ਼ ਕਰ ਸਕਦਾ ਹੈ। ਕੇਸ ਗੁਰੂ ਨਾਲ ਜੁੜੇ ਹੋਣ ਦੀ ਪਹਿਲੀ ਨਿਸ਼ਾਨੀ ਹੈ।

ਦੂਸਰਾ, ਤਖ਼ਤਾਂ ’ਤੇ ਹਰ ਸਿੱਖ, ਗੈਰ-ਸਿੱਖ ਦੀ ਅਰਦਾਸ ਹੋ ਸਕਦੀ ਹੈ ਪਰ ਸਿੱਖੀ ਦੀ ਪਦ-ਪਦਵੀ ਤੋਂ ਗਿਰੇ ਪਤਿਤ ਤੇ ਤਨਖਾਹੀਏ ਦੀ ਅਰਦਾਸ ਨਹੀਂ ਹੋ ਸਕਦੀ। ਇਸ ਤੋਂ ਵੱਡੀ ਸਜ਼ਾ ਹੋਰ ਕੀ ਹੋ ਸਕਦੀ ਹੈ? ਕੇਸਾਂ ਨੂੰ ਤਲਾਜ਼ਲੀ ਦੇਣ ਵਾਲੇ ਸਿੱਖ ਨੂੰ!

ਫਿਰ ਸਿੱਖ ਰਹਿਤ ਮਰਯਾਦਾ ਦੇ ਪੰਨਾ ਨੰ: 20 ’ਤੇ ਅੰਕਤ ਹੈ। ‘ਕੇਸ ਲੜਕੇ ਕੇ ਜੋ ਹੋਏ ਸੋ ਉਨ੍ਹਾਂ ਦਾ ਬੁਰਾ ਨਾਂ ਮੰਗੇ ’ ਕੇਸ ਉਹੀ (ਜਮਾਂਦਰੂ) ਰੱਖੇ, ਨਾਮ ਸਿੰਘ ਰੱਖੇ। ਸਿੱਖ ਆਪਣੇ ਲੜਕੇ-ਲੜਕੀਆਂ ਦੇ ਕੇਸ ਸਾਬਤ ਰੱਖੇ।

ਅੰਮ੍ਰਿਤ-ਸੰਸਕਾਰ ਸਮੇਂ ਸਪੱਸ਼ਟ ਕੀਤਾ ਗਿਆ ਹੈ ਕਿ ਘੱਟੋ-ਘੱਟ ਛੇ ਤਿਆਰ-ਬਰ-ਤਿਆਰ ਸਿੰਘ ਹਾਜ਼ਰ ਹੋਣ, ਜਿਨ੍ਹਾਂ ਨੇ ਕੇਸੀ ਇਸ਼ਨਾਨ ਕੀਤਾ ਹੋਵੇ ਅਤੇ ਹਰ ਪ੍ਰਾਣੀ ਜਿਸ ਨੇ ਅੰਮ੍ਰਿਤ-ਪਾਨ ਕਰਨਾ ਹੋਵੇ ਉਸ ਨੇ ਕੇਸੀ ਇਸ਼ਨਾਨ ਕੀਤਾ ਹੋਵੇ। ਹਰੇਕ, ਪੰਜ ਕਕਾਰਾਂ ਦਾ ਧਾਰਣੀ ਹੋਵੇ। ਪਹਿਲਾ ਕਕਾਰ ਫਿਰ ਕੇਸ ਹੈ। ਅੰਮ੍ਰਿਤ ਛਕਾਉਣ ਸਮੇਂ ਪੰਜ ਛੱਟੇ ਕੇਸਾਂ ’ਚ ਪਾਏ ਜਾਂਦੇ ਹਨ। ਰਹਿਤਾਂ ਤੋਂ ਬਾਅਦ ਕੁਰਹਿਤਾਂ ਬਾਰੇ ਦੱਸਿਆ ਜਾਂਦਾ ਹੈ, ਜੋ ਚਾਰ ਹਨ – ਪਹਿਲੀ ਕੁਰਹਿਤ – ਕੇਸਾਂ ਦੀ ਬੇਅਦਬੀ । ਸੋ ਉਪਰੋਕਤ ਸੰਖੇਪ ਵਰਨਣ ਤੋਂ ਸਪੱਸ਼ਟ ਹੈ ਹਰ ਸਿੱਖ ਸਦਵਾਉਣ ਵਾਲੇ ਨੇ ਕੇਸਾਂ ਦੀ ਸੰਭਾਲ ਤੇ ਸਤਿਕਾਰ ਕਰਨਾ ਹੈ, ਬੇਅਦਬੀ ਨਹੀਂ ਕਰਨੀ। ਕੇਸਾਂ ਦੀ ਬੇਅਦਬੀ ਕਰਨ ਵਾਲਾ ਸਿੱਖ ਪਦ-ਪਦਵੀ ਤੋਂ ਵਿਹੂਣਾ ਹੋ ਜਾਂਦਾ ਹੈ। ਕੇਸਾਧਾਰੀ ਹੋ ਕੇ ਜੋ ਕੇਸ ਕਟਾਉਂਦਾ ਹੈ, ਉਹ ਸਿਰਗੁੰਮ ਹੈ। ਸਹਿਜਧਾਰੀ ਸਿੱਖ ਨਹੀਂ। ਪਰ ਕੇਸਾਂ ਦੀ ਬੇਅਦਬੀ ਕਰਨ ਵਾਲਾ ਨਵਾਂ ਬਹਾਨਾ ਬਣਾਏਗਾ ਕਿ ਸਿੱਖ ਗੁ:ਐਕਟ ਵਿਚ ਤਾਂ ਦਾੜੀ/ਕੇਸ ਕੁਤਰਨ ਜਾਂ ਮੁਨਣ ਬਾਰੇ ਹੀ ਜ਼ਿਕਰ ਹੈ, ਸਰੀਰ ਦੇ ਬਾਕੀ ਹਿੱਸੇ ਦੇ ਕੇਸਾਂ ਬਾਰੇ ਤਾਂ ਜ਼ਿਕਰ ਨਹੀਂ! ਸਿੱਖ ਸ਼ਬਦਾਵਲੀ ਵਿਚ ਵਾਲਾਂ ਨੂੰ ਸਤਿਕਾਰ ਵਜ਼ੋਂ ਕੇਸ ਕਿਹਾ ਜਾਂਦਾ ਹੈ। ਕੇਸਾਂ ਜਾਂ ਵਾਲਾਂ ਦੀ ਸਰੀਰ ’ਤੇ ਵਿਆਪਕਤਾ ਤੋਂ ਇਨ੍ਹਾਂ ਦੀ ਲੋੜ ਤੇ ਮਹੱਤਤਾ ਸਪੱਸ਼ਟ ਹੋ ਜਾਂਦੀ ਹੈ। ਸਾਡੇ ਦੇਸ਼ ਦੀ ਬਦਕਿਸਮਤੀ ਹੈ, ਕਿ ਮੁਗਲਰਾਜ-ਕਾਲ ਸਮੇਂ ਜੇਕਰ ਸਜਾਂ ਵਜ਼ੋਂ ਕੇਸ ਕਤਲ ਕਰਾਉਣ ਦਾ ਹੁਕਮ ਦਿੱਤਾ ਗਿਆ, ਤਾਂ ਜੋ ਭਾਰਤੀ ਹਿੰਦੂ ਕੇਸਾਧਾਰੀ ਹੋਣ ਕਰਕੇ ਸਿੱਖ ਨਾ ਸਮਝਿਆ ਜਾਵੇ ਤਾਂ ਅਸੀਂ ਕੇਸ ਕਤਲ ਕਰਨ ਨੂੰ ਫੈਸ਼ਨ ਪ੍ਰਵਾਨ ਕਰ ਲਿਆ। ਉਸ ਸਮੇਂ ਸਿੱਖਾਂ ਦਾ ਕਿਉਂਕਿ ਨਿਤ ਸ਼ਿਕਾਰ ਕੀਤਾ ਜਾਂਦਾ ਸੀ। ਮੇਰੇ ਭਾਰਤ ਮਹਾਨ ਦੇ ਹਿੰਦੂ-ਵਾਸੀਆਂ ਨੇ ਆਪਣੀ ਪਿਤਾ-ਪੁਰਖੀ ਜਟਾ-ਜੂਟ ਕੇਸਾਧਾਰੀ ਪਹਿਚਾਣ ਨੂੰ ਮਿਟਾ ਦਿਤਾ, ਕਿ ਅਸੀਂ ਸਿੱਖਾਂ ਵਾਂਗ ਜ਼ਬਰ-ਜ਼ੁਲਮ ਦੇ ਸ਼ਿਕਾਰ ਨਾ ਹੋ ਜਾਈਏ। ਰਾਮਾਇਣ, ਮਹਾਂਭਾਰਤ, ਰਾਮਲੀਲਾ, ਕ੍ਰਿਸ਼ਨ-ਲੀਲਾ ਆਦਿ ਦੇ ਸਾਰੇ ਪਾਤਰ ਅੱਜ ਵੀ ਕੇਸਾਧਾਰੀ ਬਣਾਏ ਜਾਂਦੇ ਹਨ, ਨਕਲੀ ਦਾੜੀ ਕੇਸ ਲਗਾ ਕੇ! ਜ਼ਬਰ-ਜ਼ੁਲਮ ਤੋਂ ਡਰ ਕੇ ਪਹਿਲਾਂ ਭਾਰਤੀ ਨੇ ਆਪਣੀ ਵਿਰਾਸਤ ਨੂੰ ਤਿਲਾਜ਼ਲੀ ਦਿੱਤੀ ਤੇ ਨਕਲ ਕਰਨ ਲੱਗਿਆਂ ਵੀ ਅਸਲ ਸਰੂਪ ਨਹੀਂ ਦਰਸਾ ਸਕਦੇ!!

ਮੇਰਾ ਭਾਰਤ ਮਹਾਨ! ਦੇ ਹਿੰਦੂ ਪ੍ਰਚਾਰਕ ਵੀਰ, ਸੰਤ, ਮਹਾਂਪੁਰਸ਼ ਅੱਜ ਵੀ ਜ਼ਿਆਦਾਤਰ ਕੇਸਾਧਾਰੀ ਸਰੂਪ ’ਚ ਹਨ ਉਹ ਭਾਵੇਂ ਬਜ਼ੁਰਗ ਬਾਪੂ ਆਸਾ ਰਾਮ, ਜੋਗ ਗੁਰੂ ਰਾਮਦੇਵ, ਜਾਂ ਆਰਟ ਆਫ ਲਿਵਿੰਗ ਦੇ ਗੁਰੂ, ਸ੍ਰੀ ਸ੍ਰੀ ਰਵੀ ਸ਼ੰਕਰ ਹੋਣ – ਅਧਿਆਤਮਕ ਤੌਰ ਤੋਂ ਭਾਰਤੀ ਸੰਸਕ੍ਰਿਤੀ ਅਨੁਸਾਰ ਕੇਸ ਪ੍ਰਭੂ-ਪ੍ਰਮਾਤਮਾ ਨਾਲ ਇਕਮਿਕ ਹੋਣ ਦੀ ਮੋਹਰ ਹੈ।

ਗੁਰਮਤਿ ਵਿਚਾਰਧਾਰਾ ਮਨੁੱਖ ਨੂੰ ਪ੍ਰਭੂ-ਰਜ਼ਾ ਵਿਚ ਜੀਵਨ ਜਿਉਣ ਦੀ ਤਾਕੀਦ ਕਰਦੀ ਹੈ। ਇਹੀ ਕਾਰਨ ਹੈ ਕਿ ਗੁਰਮਤਿ ਵਿਚ ਪ੍ਰਭੂ ਸਿਰਜਤ ‘ਸਾਬਤ ਸੂਰਤ’ ਜੀਵ ਨੂੰ ਹੀ ਪ੍ਰਵਾਨ ਕੀਤਾ ਗਿਆ ਹੈ। ਪ੍ਰਭੂ ਹੁਕਮ ਅਨੁਸਾਰ ਹਰ ਜੀਵ ਦੇ ਲੋੜ ਅਨਸੁਾਰ ਅੰਗ ਸਿਰਜੇ ਹੋਏ ਹਨ, ਕਿਸੇ ਵੀ ਜੀਵ ਦਾ ਕੋਈ ਅੰਗ ਬੇਲੋੜਾ ਤੇ ਵਾਧੂ ਨਹੀਂ ਹੁੰਦਾ। ਮਨੁੱਖ ਪ੍ਰਭੂ ਸਿਰਜਤ ਕੁਦਰਤ ਦਾ ਸਭ ਤੋਂ ਹੁਸੀਨ ਤੇ ਚੇਤੰਨ ਪ੍ਰਾਣੀ ਹੈ, ਇਸ ਧਰਤੀ ਦੇ ਸਭ ਜੀਵਾਂ ’ਤੇ ਮਨੁੱਖ ਦੀ ਹੀ ਸਿਰਦਾਰੀ ਹੈ। ਮਨੁੱਖੀ ਸਰੀਰ ਦੀ ਘਾੜਤ ਕਰਤੇ ਦੀ ਸਿਰਜਣਾ ਸ਼ਕਤੀ ਦੀ ਚਰਮਸੀਮਾ ਹੀ ਕਹੀ ਜਾ ਸਕਦੀ ਹੈ। ਮਨੁੱਖੀ ਸਰੀਰ ਦੇ 2ਹੋਰ ਅੰਗਾਂ ਵਾਂਗ ਕੇਸ ਮਨੁੱਖੀ ਸਰੀਰ ਦਾ ਅਤਿਅੰਤ ਮਹੱਤਵਪੂਰਨ ਹਿੱਸਾ ਹਨ। ਇਨ੍ਹਾਂ ਦੀ ਲੋੜ ਤੇ ਮਹੱਤਤਾ ਦਾ ਅੰਦਾਜ਼ਾ ਸਾਰੇ ਸਰੀਰ ਤੇ ਇਨ੍ਹਾਂ ਦੀ ਵਿਆਪਕਤਾ ਤੇ ਗਿਣਤੀ ਤੋਂ ਸਹਿਜੇ ਹੀ ਹੋ ਸਕਦਾ ਹੈ। ਮਨੁੱਖ ਅਗਿਆਨਤਾ ਵੱਸ ਕੁਦਰਤ ਦੇ ਨਿਯਮਾਂ ਦੀ ਉਲੰਘਣਾ ਕਰਨ ਦਾ ਯਤਨ ਕੇਸਾਂ ਦੀ ਬੇਅਦਬੀ ਕਰਕੇ ਕਰਦਾ ਹੈ ਪਰ ਦੇਖੋ ਕੁਦਰਤੀ ਕਰਾਮਾਤ ਕਿ ਬੱਚੇ ਦੇ ਜਨਮ ਸਮੇਂ ਕੇਸ ਹੁੰਦੇ ਹਨ ਤੇ ਮਨੁੱਖ ਦੇ ਅੰਤਮ ਸੁਆਸਾਂ ਤੱਕ ਨਿਰੰਤਰ ਵਿਕਾਸ ਕਰਦੇ ਰਹਿੰਦੇ ਹਨ। ਜਿਤਨਾ ਮਰਜ਼ੀ ਮਨੁੱਖ ਇਨ੍ਹਾਂ ਨੂੰ ਮਿਟਾਉਣ ਦਾ ਯਤਨ ਕਰੇ, ਇਹ ਆਪਣੀ ਹੋਂਦ ਹਸਤੀ ਤੇ ਮਹੱਤਵ ਦਾ ਪ੍ਰਗਟਾ ਕਰਦੇ ਹੀ ਰਹਿੰਦੇ ਹਨ। ਕੇਸ ਕੱਟਣ ਵਾਲੇ ਯਤਨਸ਼ੀਲ ਰਹਿੰਦੇ ਹਨ ਕਿ ਕੇਸ ਨਾ ਹੋਣ ਪਰ ਕੁਦਰਤ ਮਨੁੱਖ ਨੂੰ ਉਸਦੀ ਅਲਪੱਗਤਾ-ਅਗਿਆਨਤਾ ਦਾ ਅਹਿਸਾਸ ਕਰਾਉਣ ਲਈ ਕੇਸਾਂ ਦੀ ਹੋਂਦ ਨਿਰੰਤਰ ਬਣਾਈ ਰੱਖਦੀ ਹੈ। ਖ਼ੈਰ, ਅਸੀਂ ਇਥੇ ਆਮ ਮਨੁੱਖ ਦੀ ਗੱਲ ਨਹੀਂ ਕਰ ਰਹੇ, ਅਸੀਂ ਤਾਂ ਪ੍ਰਭੂ ਰਜ਼ਾ ਵਿਚ ਜੀਵਨ ਜੀਉਣ ਵਾਲੇ ਜੀਊੜੇ, ਗੁਰਮਤਿ ਵਿਚਾਰਧਾਰਾ ਦੇ ਧਾਰਨੀ ਗੁਰਸਿੱਖ ਦੀ ਗੱਲ ਕਰਨੀ ਚਾਹੁੰਦੇ ਹਾਂ।

‘ਨਾਨਕ ਨਿਰਮਲ ਪੰਥ’ ਦੇ ਪਾਂਧੀ ਬਣਨ ਲਈ ਪਹਿਲੀ ਸ਼ਰਤ ਕੇਸਾਧਾਰੀ ਹੋਣਾ ਹੈ। ਕੇਸ ਸਿੱਖ ਹੋਣ ਦੀ ਪਹਿਲੀ ਨਿਸ਼ਾਨੀ ਤੇ ਮੁੱਢਲੀ ਸ਼ਰਤ ਹੈ। ਇਹੀ ਕਾਰਨ ਹੈ ਕਿ ਸਿੱਖ ਨੂੰ ਵਿਸ਼ਵ ਵਿਚ ਆਪਣੇ-ਧਰਮ, ਮਜ਼ਹਬ, ਅਕੀਦੇ ਬਾਰੇ ਕਿਧਰੇ ਜਾਣ-ਪਹਿਚਾਣ ਕਰਾਉਣ ਦੀ ਲੋੜ ਨਹੀਂ ਪੈਂਦੀ। ਕੇਸ ਗੁਰੂ ਦੀ ਮੋਹਰ ਹਨ। ਗੁਰਮਤਿ ਵਿਚਾਰਧਾਰਾ ਅਨੁਸਾਰ ਪਰਮਾਤਮਾ ਦਾ ਸਰੂਪ ਵੀ ਕੇਸਾਧਾਰੀ ਹੀ ਹੈ। ਗੁਰੂ ਨਾਨਕ ਦੇਵ ਜੀ ਦਾ ਕਥਨ ਹੈ:

ਤੇਰੇ ਬੰਕੇ ਲੋਇਣ ਦੰਤ ਰੀਸਾਲਾ ॥

ਸੋਹਣੇ ਨਕ ਜਿਨ ਲੰਮੜੇ ਵਾਲਾ ॥              (ਪੰਨਾ-567)

ਕੇਸ ਅਧਿਆਤਮਕਤਾ ਦੇ ਚਿੰਨ ਤੇ ਗਿਆਨ-ਪ੍ਰਕਾਸ਼ ਮਈ ਵਿਅਕਤੀ ਦੀ ਪਹਿਚਾਣ ਹਨ। ਇਹੀ ਕਾਰਨ ਹੈ ਕਿ ਸੰਸਾਰ ਦੇ ਬਹੁਤ ਸਾਰੇ ਧਾਰਮਿਕ, ਅਧਿਆਤਮਕ ਨੇਤਾ-ਮੁਖੀ ਕੇਸਾਧਾਰੀ ਹੁੰਦੇ ਹਨ ਅਤੇ ਅੱਜ ਵੀ ਹਨ। ਜਿਵੇਂ ਆਧੁਨਿਕ ਕਾਲ ਦੇ ਧਾਰਮਿਕ ਦਾਰਸ਼ਨਿਕ ਵਿਅਕਤੀ ਅਰਵਿੰਦੇ ਘੋਸ਼, ਰਬਿੰਦਰਨਾਥ ਟੈਗੋਰ, ਅਚਾਰੀਆ ਰਜਨੀਸ਼ ਆਦਿ ਸਭ ਕੇਸਧਾਰੀ ਸਨ।

ਕੇਸ ਕੇਵਲ ਗਿਆਨ-ਪ੍ਰਕਾਸ਼, ਅਧਿਆਤਮਕਤਾ ਦੇ ਹੀ ਲਖਾਇਕ ਨਹੀਂ ਸਗੋਂ ਇਹ ਤਾਂ ਮਰਦਾਊਪੁਣੇ, ਸੂਰਬੀਰਤਾ, ਨਿਰਭੈਤਾ, ਅਣਖ, ਆਨ-ਸ਼ਾਨ ਦੇ ਵੀ ਪ੍ਰਤੀਕ ਹਨ। ਪੰਜਾਬੀ ਜ਼ੁਬਾਨ ਦੇ ਇਹ ਮੁਹਾਵਰੇ ਇਸ ਗੱਲ ਦੀ ਭਰਪੂਰ ਸ਼ਾਹਦੀ ਭਰਦੇ ਹਨ- ਦਾੜੀ ਖੋਹ ਪਾਉਣੀ, ਦਾਹੜੀ ਪੁੱਟਣੀ, ਦਾੜੀ ਮੁੰਨਵਾਉਣੀ, ਗੁੱਤ ਮੁੰਨਣੀ, ਮੁੱਛਾਂ ਕੱਟਵਾ ਲੈਣੀਆਂ ਆਦਿ।

ਸਿੱਖ ਧਰਮ ਵਿਚ ਤਾਂ ਕੇਸ ਮੁਢਲੀ-ਸ਼ਰਤ ਤੇ ਪਹਿਚਾਣ ਹਨ। ਸਿੱਖਾਂ ਦੀ ਜੇਕਰ ਅੱਜ ਤੱਕ ਵਿਸ਼ਵ ਵਿਚ ਆਪਣੀ ਵਿਸ਼ਵ-ਵਿਆਪੀ ਵਿਲੱਖਣ ਹੌਂਦ-ਹਸਤੀ ਪਹਿਚਾਣ ਹੈ, ਤਾਂ ਉਹ ਵਿਲੱਖਣ ਵਿਚਾਰਧਾਰ ਤੇ ਕੇਸਾਧਾਰੀ ਸਰੂਪ ਕਰਕੇ ਹੀ ਹੈ। ਜੇਕਰ ਸਿੱਖਾਂ ਲਈ ਕੇਸਾਧਾਰੀ ਸਰੂਪ ਨਿਰਧਾਰਤ ਨਾ ਹੁੰਦਾ ਤਾਂ ਅੱਜ ਨੂੰ ਬ੍ਰਾਹਮਣਵਾਦ ਦੇ ਦੈਂਤ ਨੇ ਸਿੱਖ ਧਰਮ ਨੂੰ ਨਿਗਲ ਲਿਆ ਹੁੰਦਾ।

ਇਤਿਹਾਸ ਇਸ ਗੱਲ ਦਾ ਸਾਖੀ ਹੈ ਕਿ ਜਦੋਂ ਗੁਰੂ ਬਾਬੇ ਨਾਨਕ ਜੀ ਨੇ ਧਰਮ-ਲੋਕਾਈ ਨੂੰ ਸੋਧਣ ਦਾ ਕਾਰਜ ਆਰੰਭ ਕੀਤਾ ਤਾਂ ਉਨ੍ਹਾਂ ਆਪਣੇ ਸਾਥੀ ਮਰਦਾਨੇ ਨੂੰ ਹਦਾਇਤ ਕੀਤੀ ਕਿ ਮਰਦਾਨਿਆਂ ! ਇਹਨਾਂ ਤਿੰਨ ਗੱਲਾਂ ਨੂੰ ਪੱਲੇ ਬੰਨ੍ਹ ਲੈ  ਪਹਿਲੀ, ਕੇਸ ਨਹੀਂ ਕਟਾਉਣੇ, ਦੂਜੀ- ਅੰਮ੍ਰਿਤ ਵੇਲਾ ਨਹੀਂ ਖੁੰਝਾਉਣਾ, ਤੀਜਾ ਆਏ-ਗਏ ਅਤਿਥੀਆਂ ਦੀ ਸੇਵਾ ਪਿਆਰ ਨਾਲ ਕਰਨੀ। ਇਸ ਤੋਂ ਸਪੱਸ਼ਟ ਹੈ ਕਿ ਕੇਸ ਰੱਖਣ ਦਾ ਗੁਰਸਿੱਖਾਂ ਲਈ ਆਰੰਭ ਤੋਂ ਹੀ ਹੁਕਮ ਹੈ। ਦਸ ਗੁਰੂ ਸਾਹਿਬਾਨ ਦਾ ਸਰੂਪ ਕੇਸਾਧਾਰੀ ਸੀ। ਇਸ ’ਤੇ ਕੋਈ ਗੁਰਸਿੱਖ ਸਦਾਉਣ ਵਾਲਾ ਸੰਦੇਹ ਨਹੀਂ ਕਰ ਸਕਦਾ, ਮਨਮੁੱਖ-ਬੇਮੁੱਖ ਜੋ ਮਰਜ਼ੀ ਕਹੀ ਜਾਵੇ, ਉਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਗੁਰਮਤਿ ਵਿਚ ਰਹਿਤ ਨੂੰ ਅਮਲ ਵਿਚ ਲਿਆਉਣ’ਤੇ ਬਹੁਤ ਜ਼ੋਰ ਦਿੱਤਾ ਗਿਆ ਹੈ। ਆਦਿ ਗੁਰੂ, ਗੁਰੂ ਨਾਨਕ ਦੇਵ ਜੀ ਉਸ ਮਨੁੱਖ ਨੂੰ ਮਨਮੁੱਖ ਆਖਦੇ ਹਨ ਜੋ ਕਥਨੀ ਤਾਂ ਕਰਦਾ ਹੈ ਪਰ ਰਹਿਤ ਦਾ ਧਾਰਣੀ ਨਹੀਂ-ਭਾਵ ਜਿਸ ਦੀ ਕਹਿਣੀ-ਕਥਨੀ-ਕਰਨੀ ਵਿਚ ਇਕਸਾਰਤਾ-ਇਕਸੁਰਤਾ ਨਹੀਂ-ਉਹ ਮਨਮੁੱਖ ਹੈ, ਗੁਰਸਿੱਖ ਨਹੀਂ। ਗੁਰੂ ਹੁਕਮ ਹੈ:

ਗਿਆਨੁ ਧਿਆਨੁ ਸਭੁ ਗੁਰ ਤੇ ਹੋਈ ॥

ਸਾਚੀ ਰਹਤ ਸਾਚਾ ਮਨਿ ਸੋਈ ॥

ਮਨਮੁਖ ਕਥਨੀ ਹੈ ਪਰੁ ਰਹਤ ਨ ਹੋਈ ॥    (ਪੰਨਾ-831)

ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਵੀ ਫ਼ਰਮਾਨ ਹੈ:

ਰਹਤ ਅਵਰ ਕਛੁ ਅਵਰ ਕਮਾਵਤ ॥

ਮਨਿ ਨਹੀ ਪ੍ਰੀਤਿ ਮੁਖਹੁ ਗੰਢ ਲਾਵਤ ॥              (ਪੰਨਾ-269)

ਜੋ ਗੁਰੂ ਹੁਕਮ ਨੂੰ ਮੰਨਦਾ ਹੈ, ਉਹੀ ਗੁਰੂ ਦਾ ਹੈ ਤੇ ਗੁਰੂ ਵੀ ਉਸਦੀ ਹੀ ਬਹੁੜੀ ਕਰਦਾ ਹੈ। ਗੁਰੂ ਜੀ ਉਪਦੇਸ਼ ਕਰਦੇ ਹਨ-ਉਹੀ ਗੁਰਸਿੱਖ-ਗੁਰਭਾਈ ਹੈ ਜੋ ਗੁਰੂ ਹੁਕਮ-ਭਾਣੇ ਨੂੰ ਮੰਨਦਾ ਹੈ। ਜੋ ਗੁਰੂ ਗੁਰੂ-ਭਾਣੇ ਨੂੰ ਨਹੀਂ ਮੰਨਦਾ ਉਹ ਗੁਰੂ ਤੋਂ ਦੂਰ ਹੈ, ਜੋ ਗੁਰੂ ਤੋਂ ਦੂਰ ਹੈ ਉਹ, ਗੁਰੂ ਦਾ ਸਿੱਖ ਕਦਾਚਿਤ ਨਹੀਂ ਹੋ ਸਕਦਾ:

ਸੋ ਸਿਖੁ ਸਦਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ ॥

ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ ॥              (ਪੰਨਾ-601)

ਹੁਣ ਗੁਰਸਿੱਖ ਕਹਾਉਣ ਵਾਲੇ ਨੇ ਸੋਚਣਾ ਸਮਝਣਾ ਤੇ ਅਮਲ ਕਰਨਾ ਹੈ ਕਿ ਜੇ ਉਸਨੇ ਗੁਰਸਿੱਖ ਸਦਵਾਉਣਾ ਹੈ ਤਾਂ ਉਸਨੂੰ ਗੁਰੂ ਦਰਸਾਈ ਰਹਿਤ ਤੇ ਧਾਰਨੀ ਬਣਨਾ ਪਵੇਗਾ, ਨਹੀਂ ਤਾਂ ਮਨਮੁੱਖ ਲਈ ਸਾਰੇ ਰਾਹ ਖੁੱਲੇ ਹਨ। ਸਿੱਖ ਹੋ ਕੇ ਕੇਸਾਂ ਦੀ ਬੇਅਦਬੀ ਕਰਨ ਵਾਲਾ ਗੁਰਸਿੱਖ ਨਹੀਂ, “ਸਿਰਗੁੰਮ” ਹੈ, “ਕੁਰਹਿਤੀਆ” ਹੈ। ਸਾਰੇ ਹੀ ਰਹਿਤਨਾਮੇ ਇਸ ਗੱਲ ਦੀ ਸ਼ਾਹਦੀ ਭਰਦੇ ਹਨ। ਦਸਮੇਸ਼ ਪਿਤਾ, ਹਜ਼ੂਰ ਦੇ ਹਜ਼ੂਰੀ ਕਵੀ ਭਾਈ ਨੰਦ ਲਾਲ ਜੀ ਪੰਜ ਕਕਾਰਾਂ ਨੂੰ ਸਿੱਖ ਹੋਣ ਦੀ ਨਿਸ਼ਾਨੀ ਦੱਸਦੇ ਹਨ। ਇਨ੍ਹਾਂ ਤੋਂ ਬਿਨ੍ਹਾਂ ਸਿੱਖ ਨਹੀਂ ਅਖਵਾਇਆ ਜਾ ਸਕਦਾ। ਇਹ ਹਨ-ਕੇਸ, ਕੜਾ, ਕਿਰਪਾਨ, ਕੱਛਾ, ਕੰਘਾ। ਪਰ ਕੇਸਾਂ ਤੋਂ ਬਿਨ੍ਹਾਂ ਦੂਸਰੇ ਚਾਰ ਕਕਾਰ ਬੇ-ਅਰਥ ਹਨ। ਭਾਈ ਸਾਹਿਬ ਕਥਨ ਕਰਦੇ ਹਨ:

ਨਿਸ਼ਾਨੇ ਸਿੱਖੀ ਪੰਜ ਹਰਫ਼ ਕਾਫ਼।

ਹਰਗਿਜ਼ ਨ ਬਾਸ਼ਦ ਈਂ ਪੰਜ ਮੁਆਫ਼।

ਕੜਾ ਕਾਰਦੋਂ ਕੱਛ ਕੰਘਾ ਬਿਦਾਂ।

ਬਿਲਾ ਕੇਸ ਹੇਚ ਅਸਤ ਲੁਮਲੇ ਨਿਸ਼ਾਂ।

ਗੁਰਬਿਲਾਸ ਪਾਤਸ਼ਾਹੀ ਦਸਵੀਂ ਅਨੁਸਾਰ ਗੁਰਦੇਵ ਦਾ ਹੁਕਮ ਹੈ-

ਬਿਨਾਂ ਸ਼ਸਤ੍ਰ ਕੇਸੰ ਨਰੰ ਭੇਡ ਜਾਨੋ।

ਗਹੋ ਕਾਨ ਤਾ ਕੌ, ਕਿਤੇ ਲੋ ਸਿਧਾਨੋ।

ਇਹੇ ਮੋਰ ਆਗਿਆ ਸੁਨ ਲੇ ਪਿਆਰੇ।

ਬਿਨਾ ਤੇਗ ਕੇਸੰ ਦਿਵੋ ਨ ਦਿਦਾਰੇ।

ਭਾਈ ਸਾਹਿਬ ਸਿੰਘ ਵਿਚ ਵੀ ਕਥਨ ਹੈ:

ਗੁਰ ਕੀ ਛਾਪ ਸਿਰ ਕੇਸ ਦੀ ਪਾਹੁਲ

ਦੇਇ ਉਤਾਰ ਸੋ ਬੇਮੁਖ ਜਾਨਹੁ।2॥

ਰਹਿਤਨਾਮਾ ਭਾਈ ਦੇਸਾ ਸਿੰਘ ਜੀ ਵਿਚ ਆਇਆ ਹੈ:

ਪਾਂਖਹੁ ਬਿਨ ਬਿਹੰਗ (ਪੰਛੀ) ਜਿਮ ਹੋਈ।

ਊਰਬ (ਉਨ) ਬਿਨਾ ਭੇਡ ਜਿਮ ਕੋਈ।

ਬਸਨ (ਬਸਤਰ) ਬਿਨਾਂ ਨਾਰੀ ਹੈ ਜੈਸੇ।

ਭਾਈ ਚਉਪਾ ਸਿੰਘ ਲਿਖਦੇ ਹਨ:

ਗੁਰ ਕਾ ਸਿੱਖ ਕੇਸ ਮੁਹਰ ਨਿਸ਼ਾਨੀ ਸਿਖੀ ਦੀ ਜਾਣੇ।

ਕੇਸ ਗੁਰੂ ਦੀ ਮੋਹਰ ਛਾਪ ਹਨ। ਜਿਸ ਪਾਸ ਗੁਰੂ ਦੀ ਮੋਹਰ ਹੈ, ਉਹ ਕੁਦਰਤੀ ਹੈ- ਇਸ ਦੀ ਕੀਮਤੀ ਨੂੰ ਜਾਣਦਾ ਹੋਇਆ, ਇਨ੍ਹਾਂ ਦੇ ਮਹੱਤਵ ਨੂੰ ਬਣਾਈ ਰੱਖਣ ਲਈ ਇਨ੍ਹਾਂ ਦੀ ਸੇਵਾ-ਸੰਭਾਲ ਕਰੇਗਾ। ਇਹੀ ਕਾਰਨ ਹੈ ਕਿ ਸਿੱਖ ਆਪਣੇ ਗੌਰਵਮਈ ਸਰੂਪ ਦੀ ਪਹਿਚਾਣ ਕਰਕੇ, ਉਚ ਆਚਰਨ ਦਾ ਸਾਕਾਰ ਸਰੂਪ ਹੈ, ਕਿਉਂਕਿ ਕੇਸ ਉੱਚ ਆਚਰਨ, ਚੰਗੇ ਇਖਲਾਕ ਦੇ ਪ੍ਰਤੀਕ ਹਨ।

ਮੁਗਲ ਕਾਲ ਵਿਚ ਸਿੱਖਾਂ ਨੂੰ ਸਿੱਖੀ ਸਰੂਪ ਭਾਵ ਕੇਸਾਧਾਰੀ ਸਰੂਪ ਰੱਖਣ ਲਈ ਬਹੁਤ ਵੱਡੀ ਕੀਮਤ ਚਕਾਉਣੀ ਪਈ। ਸਿੱਖਾਂ ਦਾ ਸ਼ਿਕਾਰ ਕਰਨ ਵਾਲੀ ਮੁਗਲ ਹਕੂਮਤ ਪਾਸ ਸਿੱਖਾਂ ਦੀ ਹੀ ਪਹਿਚਾਣ ਸੀ-ਸਿੱਖਾਂ ਦਾ ਕੇਸਾਧਾਰੀ ਸਰੂਪ। ਹਜ਼ਾਰਾਂ ਉਦਾਹਰਣਾਂ ਹਨ ਕਿ ਸਿੱਖਾਂ ਨੇ ਸਿਰ ਤਾਂ ਦੇ ਦਿਤੇ ਪਰ ਕੇਸ ਕਤਲ ਨਹੀਂ ਕਰਵਾਏ। ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖੇ ਗਏ – ਇਸ ਨਾਲ ਕੇਸ, ਸਿੱਖੀ, ਸਿਦਕ, ਭਰੋਸੇ ਦਾ ਲਖਾਇਕ ਬਣੇ। ਇਤਿਹਾਸ ਵਿਚੋਂ ਇਕ ਵੀ ਉਦਾਹਰਣ ਅਜਿਹੀ ਨਹੀਂ ਮਿਲਦੀ ਕਿ ਇਕ ਵੀ ਗੁਰੂ ਕੇ ਅਖਵਾਉਣ ਵਾਲੇ ਗੁਰਸਿੱਖ ਨੇ ਜੀਵਨ ਦੀ ਸ਼ਰਤ ’ਤੇ ਕੇਸ ਕਟਾਏ ਹੋਣ। ਸਗੋਂ ਸਾਡੀ ਪੰਥਕ ਅਰਦਾਸ ਵਿਚ ਪਹਿਲਾਂ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ ਦੀ ਮੰਗ ਕੀਤੀ ਗਈ ਕਿ ਹੇ ਸਤਿਗੁਰੂ ਅਸਾਂ ਨੂੰ ਇਤਨਾ ਬਲ-ਉਤਸ਼ਾਹ ਬਖਸ਼ਣਾ ਕਿ ਅਸੀਂ ਸਿੱਖੀ ਕੇਸਾਂ ਸੰਗ ਨਿਭਾ ਸਕੀਏ! ਇਹ ਕੇਸਧਾਰੀ ਸਰੂਪ ਦੇ ਧਾਰਨੀ ਲੋਕ ਹੀ ‘ਸਿਰਦਾਰ’ ਅਖਵਾਏ, ਨਹੀਂ ਤਾਂ ਬਾਊ ਜੀ ਤਾਂ ਆਮ ਪ੍ਰਚਲਤ ਹੈ ਹੀ ਸੀ!

ਜੋ ਵਾਸੀ ਹੈ “ਕੇਸਗੜ੍ਹ” ਦਾ ਉਹ ਕੇਸਾਂ ਤੋਂ ਬਿਨਾਂ ਕਿਸ ਤਰ੍ਹਾਂ ਰਹਿ ਸਕਦਾ ਹੈ! ਅਰਦਾਸ ਦੇ ਇਹ ਸ਼ਬਦ, ਕਿਸੇ ਗੁਰਸਿੱਖ ਨੂੰ ਵਿਸਰ ਨਹੀ ਸਕਦੇ ਕਿ – “ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ‘ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆ ਕੀਤੀਆਂ, ਧਰਮ ਨਹੀ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ ਤਿਨ੍ਹਾ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ! ਬੋਲੋ ਜੀ ਵਾਹਿਗੁਰੂ!

ਕੀ ਅਰਦਾਸ ਦੇ ਇਸ ਬੰਦ ਨੂੰ ਸਵੇਰੇ-ਸ਼ਾਮ ਯਾਦ ਕਰਨ ਵਾਲਾ ਗੁਰਸਿੱਖ ‘ਕੇਸਾਂ ਤੋਂ ਬਿਨਾਂ ਹੋ ਸਕਦਾ ਹੈ? ਹਰਗਿਜ਼ ਨਹੀਂ! ਗੁਰਸਿੱਖਾਂ ਵਿਚ ਦੁਫੇੜ ਪਾਉਣ, ਨਵੀਂ ਦੁਬਿਧਾ ਪੈਦਾ ਕਰਨ ਲਈ ਕਈ ਨਾਸਤਿਕ ਬਿਰਤੀਆਂ ਦੇ ਧਾਰਨੀ ਲੋਕ – ਗੁਰਸਿੱਖ ਦੇ ਸਰੂਪ ਬਾਰੇ ਵਿਵਾਦ ਖੜ੍ਹਾ ਕਰ ਰਹੇ ਹਨ ਕਿ ਸਿੱਖ ਸਦਾਉਣ ਵਾਲੇ ਲਈ ਇਹ ਜਰੂਰੀ ਨਹੀਂ ਕਿ ਉਹ ਕੇਸਾਧਾਰੀ ਹੋਵੇ।

ਗੁਰਦੁਆਰੇ ਸਭ ਦੇ ਸਾਂਝੇ ਹਨ ਇਸ ਲਈ ਸਹਿਜਧਾਰੀ (ਇਨ੍ਹਾਂ ਅਨੁਸਾਰੀ ਕਲੀਨ ਸੇਵਨ) ਗੁਰਦੁਆਰਾ ਪ੍ਰਬੰਧ ਵਿਚ ਹਿੱਸੇਦਾਰ ਹਨ। ਕਿਤਨੀ ਹਾਸੋਹੀਣੀ ਤੇ ਬੇਅਰਥ ਦਲੀਲ ਹੈ! ਕੱਲ੍ਹ ਨੂੰ ਇਹ ਲੋਕ ਕਹਿਣਗੇ ਕਿ ਗੁਰਦੁਆਰਿਆਂ ਵਿਚ ਹਿੰਦੂ, ਇਸਾਈ, ਮੁਸਲਮਾਨ, ਬੋਧੀ, ਜੋਗੀ ਆਦਿ ਆ ਸਕਦੇ ਹਨ – ਇਸ ਕਰਕੇ ਇਨ੍ਹਾਂ ਨੂੰ ਪ੍ਰਬੰਧ ਵਿਚ ਸ਼ਾਮਿਲ ਕਰਨਾ ਚਾਹੀਦਾ ਹੈ ?

ਜੋ (ਸਿੱਖ) ਕੇਸ ਕਤਲ ਕਰਦਾ ਹੈ ਉਹ “ਸਿਰਗੁੰਮ” ਹੈ। ਸਿੱਖ ਨਹੀਂ, ਫਿਰ ਕੇਸਾਂ ਨੂੰ ਤਿਲਾਂਜਲੀ ਦੇਣ ਵਾਲਾ “ਸਹਿਜਧਾਰੀ” ਕਿਵੇਂ ਬਣ ਗਿਆ? ਗੁਰਦੁਆਰੇ ਸਿੱਖ ਧਰਮ ਅਸਥਾਨ ਹਨ ਤੇ ਇਨ੍ਹਾਂ ਦਾ ਪ੍ਰਬੰਧ ਰਹਿਤ-ਬਹਿਤ ਦੇ ਧਾਰਨੀ-ਅੰਮ੍ਰਿਤਧਾਰੀ-ਸੂਝਵਾਨ ਗੁਰਸਿੱਖਾਂ ਨੂੰ ਹੀ ਕਰਨਾ ਚਾਹੀਦਾ ਹੈ।