ਸ਼੍ਰੋਮਣੀ ਸਿੱਖ ਸੰਸਥਾ : ਸ਼੍ਰੋਮਣੀ ਗੁ:ਪ੍ਰ:ਕਮੇਟੀ ਸ੍ਰੀ ਅੰਮ੍ਰਿਤਸਰ

“ਰੂਪ ਸਿੰਘ”

ਸਮਾਜ ਨਾਲ ਸਬੰਧਤ ਹਰ ਖੇਤਰ ਵਿਚ ਆਈ ਗਿਰਾਵਟ ਨੂੰ ਦੇਖ ਗੁਰੂ ਬਾਬੇ ਨਾਨਕ ਦੇਵ ਜੀ ਨੇ ‘ਨਾਨਕ ਨਿਰਮਲ ਪੰਥ’ ਦੀ ਅਧਾਰਸ਼ਿਲਾ ਰੱਖੀ। ‘ਨਾਨਕ ਨਿਰਮਲ ਪੰਥ’ ’ਚ ਹਰ ਪਾਸੇ, ਸਮਾਨਤਾ, ਸਾਂਝੀਵਾਲਤਾ, ਸਤਿ, ਸੰਤੋਖ, ਸੰਜਮ ਦੇ ਗੁਣਾਂ ਦੀ ਖੁਸ਼ਬੋਈ ਪਸਰਣ ਲੱਗੀ। ਸਮਾਜ ਦੇ ਹਰ ਖੇਤਰ ਨਾਲ ਸਬੰਧਤ ਹਰ ਮਾਨਵ ਇਸ ਮਾਰਗ ਦਾ ਮੈਂਬਰ ਬਣ ਸਵੈਮਾਣ ਤੇ ਸਤਿਕਾਰਤ ਮਹਿਸੂਸ ਕਰਦਾ। ਧਰਮ ਦੇ ਪ੍ਰਚਾਰ-ਪ੍ਰਸਾਰ ਵਾਸਤੇ ਗੁਰੂ ਨਾਨਕ ਦੇਵ ਜੀ ਨੇ ਧਰਮਸ਼ਾਲਾਵਾਂ ਦੀ ਸਥਾਪਨਾ ਕੀਤੀ। ਗੁਰੂ ਅਰਜਨ ਦੇਵ ਜੀ ਦੇ ਸਮੇਂ ਤੀਕ ਸਿੱਖ ਧਰਮ ਮੰਦਰ ਨੂੰ ਧਰਮਸ਼ਾਲ ਹੀ ਕਿਹਾ ਜਾਂਦਾ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਤੇ ਧਰਮਸ਼ਲਾਵਾਂ ’ਚ ਪ੍ਰਕਾਸ਼ ਹੋਣ ਨਾਲ ਇਨ੍ਹਾਂ ਨੂੰ ਗੁਰਦੁਆਰੇ ਦੀ ਸੰਗਿਆਂ ਮਿਲੀ, ਜਿਸਦਾ ਸ਼ਾਬਦਿਕ ਅਰਥ ਹੈ, ਗੁਰੂ ਦਾ ਘਰ, ਗੁਰੂ ਦੇ ਰਾਹੀਂ; ਗੁਰੂ ਦੀ ਮਾਰਫ਼ਤ ਆਦਿ।

ਗੁਰਦੁਆਰਾ ਸ਼ਬਦ ਸਾਬਦਿਕ ਅਰਥਾਂ ਤੀਕ ਹੀ ਸੀਮਤ ਨਹੀਂ ਸਿੱਖ ਧਰਮ ਵਿਚ ਇਹ ਸੰਕਲਪ ਵੀ ਹੈ ਤੇ ਸਿਧਾਂਤ ਵੀ। ਗੁਰਦੁਆਰਾ ਆਪਣੇ ਆਪ ਵਿਚ ਇਕ ਮੁਕੰਮਲ ਸੰਸਥਾ ਹੈ, ਜਿਸ ਦਾ ਨਿਸ਼ਚਤ ਵਿਧੀ-ਵਿਧਾਨ ਤੇ ਕਾਰਜ਼ ਖੇਤਰ ਤੇ ਮਰਯਾਦਾ ਹੈ। ਭਾਈ ਕਾਨ੍ਹ ਸਿੰਘ ਨਾਭਾ ਨੇ ਗੁਰਦੁਆਰੇ ਦੀ ਪ੍ਰੀਭਾਸ਼ਾ ਤੇ ਸਰੂਪ ਬਾਰੇ ਖੂਬ ਲਿਖਿਆ ਹੈ : ਗੁਰਦੁਆਰਾ ਵਿਦਿਆਰਥੀਆਂ ਲਈ ਸਕੂਲ, ਆਤਮ ਜਿਗਆਸੂਆਂ ਲਈ ਗਿਆਨ ਉਪਦੇਸ਼ਕ, ਰੋਗੀਆਂ ਲਈ ਸਫ਼ਾਖਾਨਾ, ਭੁਖਿਆਂ ਲਈ ਅੱਨਪੂਰਣਾ, ਇਸਤਰੀ ਜਾਤਿ ਦੀ ਪਤ ਲਈ ਲੋਹਮਈ ਦੁਰਗ ਅਤੇ ਮੁਸਾਫ਼ਰਾਂ ਲਈ ਵਿਸ਼ਰਾਮ ਅਸਥਾਨ।

ਜਿਸ ਸੰਸਥਾ ਬਾਰੇ ਅਸੀਂ ਵਿਚਾਰ ਕਰ ਰਹੇ ਹਾਂ ਉਹ ਇਨ੍ਹਾਂ ਗੁਰਦੁਆਰਿਆਂ ਦੇ ਪ੍ਰਬੰਧ ਕਰਨ ਵਾਲੀ ਪ੍ਰਮੁੱਖ ਸ਼੍ਰੋਮਣੀ ਸੰਸਥਾ ਹੈ। ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਨਾਮ ਤੋਂ ਹੀ ਸਪੱਸ਼ਟ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਵੇਂ ਹੋਂਦ ਵਿਚ ਆਈ? ਇਸ ਦਾ ਨਿਕਾਸ-ਵਿਕਾਸ ਕਿਵੇਂ ਹੋਇਆ ਅਤੇ ਕਿਵੇਂ ਇਹ ਸ਼੍ਰੋਮਣੀ ਸਿੱਖ ਸੰਸਥਾ ਵਜ਼ੋਂ ਪ੍ਰਵਾਨ ਚੜੀ? ਇਸ ਨੇ ਕੀ ਪ੍ਰਾਪਤੀਆਂ ਕੀਤੀਆਂ? ਇਨ੍ਹਾਂ ਸੁਆਲਾਂ ਨੂੰ ਅਸੀਂ ਸੰਖੇਪ ’ਚ ਵਿਚਾਰਨਾ ਹੈ।

ਨਾਨਕ ਨਿਰਮਲ ਪੰਥ ਦਾ ਮੂਲ ਆਦੇਸ਼ ਸੰਸਾਰ ਦੇ ਹਰ ਮਾਨਵ ਨੂੰ ਕੇਵਲ ਤੇ ਕੇਵਲ ਇਕ ਅਕਾਲ ਪੁਰਖ ਨਾਲ ਜੋੜਨਾ, ਜੋ ਸਰਵ-ਸ਼ਕਤੀਮਾਨ ਤੇ ਸਰਵ-ਵਿਆਪਕ ਹੈ। ਮਾਨਵਤਾ ਨੂੰ ਹਰ ਤਰ੍ਹਾਂ ਦੀ ਗੁਲਾਮੀ ਤੋਂ ਸੁਤੰਤਰ ਕਰ ਬੇਗਮਪੁਰੇ ਦੇ ਵਾਸੀ ਬਨਾਉਣਾ ਸੀ। ਗੁਰੂ ਸਾਹਿਬਾਨ ਨੇ ਇਸ ਆਦਰਸ਼ ਦੀ ਸਥਾਪਤੀ ਵਾਸਤੇ ‘ਗੁਰੂ-ਗ੍ਰੰਥ ਤੇ ਗੁਰੂ-ਪੰਥ’ ਦੀ ਸਿਰਜਣਾ ਤੇ ਸਥਾਪਨਾ ਕੀਤੀ। ਗੁਰੂ ਸਾਹਿਬਾਨ ਦਾ ਉਪਦੇਸ਼ ਬੜਾ ਸਰਲ ਤੇ ਸਪੱਸ਼ਟ ਸੀ ਕਿ ‘ਕਿਰਤ ਕਰੋ – ਨਾਮ ਜਪੋ – ਵੰਡ ਛਕੋ’

ਗੁਰੂ ਸਾਹਿਬਾਨ ਦੀ ਸਿਖਿਆ ਗ੍ਰਹਿਣ ਕਰਨ ਵਾਲਾ ਸਿੱਖ ‘ਪੂਜਾ ਅਕਾਲ ਕੀ’, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ ਧਾਰਣੀ ਹੋ ਗਿਆ। ਏਨ੍ਹਾਂ ਅਸੂਲਾਂ ਨੂੰ ਮਨ-ਬਚ-ਕਰਮ ਤੋਂ ਧਾਰਣ ਕਰਕੇ ਸਿਖ ਬ੍ਰਹਿਮੰਡੀ ਸ਼ਹਿਰੀ ਸਦਵਾਏ। ਪਰ ਅਫਸੋਸ ਸਮੇਂ ਦੇ ਬੀਤਣ ਨਾਲ ਮੁਢਲੀ ਸਿੱਖ ਸੰਸਥਾ ਦੇ ਗੁਰਦੁਆਰੇ ਦੇ ਪ੍ਰਬੰਧ ’ਚ ਭਾਰੀ ਗਿਰਾਵਟ ਆਈ। ਇਹ ਗਿਰਾਵਟ ਪ੍ਰਬੰਧ, ਮਰਯਾਦਾ, ਪਰੰਪਰਾ ਤੇ ਸਭ ਤੋਂ ਮਾੜੀ, ਮਾੜੇ ਆਚਰਨ ਦੀ, ਜਿਸ ਨੂੰ ਗੁਰਮਤਿ ਕਿਸੇ ਸ਼ਰਤ ’ਤੇ ਪ੍ਰਵਾਨ ਨਹੀਂ ਕਰਦੀ।

ਸਿੱਖ ਮਿਸਲਾਂ ’ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਲ ਸਮੇਂ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੀਆਂ ਇਮਾਰਤਾਂ ਦਾ ਨਵ-ਉਸਾਰੀ ਤੇ ਨਵ-ਨਿਰਮਾਣ ਕਾਰਜ ਵੱਡੀ ਪੱਧਰ ’ਤੇ ਹੋਇਆ। ਮਹਾਰਾਜਾ ਰਣਜੀਤ ਸਿੰਘ ਨੇ ਗੁਰਦੁਆਰਿਆਂ, ਮੰਦਰਾਂ, ਮਸਜ਼ਿਦਾਂ ਆਦਿ ਨਾਂ ਭਾਰੀ ਜਾਇਦਾਦਾਂ ਲਾਈਆਂ। ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ’ਤੇ ਵੀ ਸੋਨੇ ਦੇ ਪੱਤਰ ਚੜਾਉਣ ਦੀ ਪਹਿਲੀ ਵੇਰ ਸੇਵਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਹੋਈ। ਬੇਸ਼ੁਮਾਰ ਕੀਮਤੀ ਵਸਤਾਂ ਗੁਰੂ-ਘਰਾਂ ਨੂੰ ਭੇਟ ਕੀਤੀਆਂ ਗਈਆਂ। ਇਸ ਸਮੇਂ ਦੌਰਾਨ ਵੀ ਗੁਰਦੁਆਰਾ ਪ੍ਰਬੰਧ ਠੀਕ-ਠਾਕ ਚਲਦਾ ਰਿਹਾ ਪਰ 1839 ਈ: ਵਿਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਨਾਲ ਸਿੱਖ ਰਾਜ ਦੀ ਸ਼ਾਮ ਪੈਣੀ ਸ਼ੁਰੂ ਹੋ ਗਈ ਤੇ ਅਖੀਰ 1849 ਈ: ਵਿਚ ਸਿੱਖ ਰਾਜ ਦਾ ਸੂਰਜ ਡੁੱਬ ਗਿਆ। ਸਿੱਖ ਰਾਜ ਦੇ ਸੂਰਜ ਛਿਪਣ ਨਾਲ ਗੁਰਦੁਆਰਾ ਪ੍ਰਬੰਧ ਵਿਚ ਵੀ ਗਿਰਾਵਟ ਆਰੰਭ ਹੋ ਗਈ। ਅੰਗਰੇਜ਼ਾਂ ਨੇ ਸਭ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਮੁੱਖ ਪ੍ਰਬੰਧਕ ਸਰਬਰਾਹ, ਡਿਪਟੀ ਕਮਿਸ਼ਨਰ ਅੰਮ੍ਰਿਤਸਰ ਰਾਹੀਂ ਨਿਯੁਕਤ ਕੀਤਾ। ਗੁਰਦੁਆਰਾ ਪ੍ਰਬੰਧ ਦੀ ਇਸਾਈ ਮਤ ਦੇ ਪ੍ਰਚਾਰ ਤੇ ਸਿੱਖਾਂ ਦੇ ਵਿਰੁਧ ਖੂਬ ਵਰਤੋਂ ਅੰਗਰੇਜ ਰਾਜ ਕਾਲ ਸਮੇਂ ਹੋਈ। ਸਹਿਜੇ-ਸਹਿਜੇ ਸ਼ਰਧਾਲੂ ਸਿੱਖ ਨਾਕਸ ਗੁਰਦੁਆਰਾ ਪ੍ਰਬੰਧ ਕਾਰਨ ਗੁਰੂ ਘਰਾਂ ਤੋਂ ਟੁਟਣੇ ਸ਼ੁਰੂ ਹੋ ਗਏ। ਅੰਗਰੇਜ ਰਾਜ ਸਮੇਂ ਹੀ ਗੁਰਦੁਆਰਿਆ ਦੇ ਧਾਰਮਿਕ ਮੁਖੀ ਮਹੰਤ, ਪੁਜ਼ਾਰੀ ਥਾਪਣ ਦੀ ਪਿਰਤ ਸਥਾਪਤ ਹੋਈ। ਇਸ ਨਾਲ ਗੁਰਦੁਆਰਾ ਪ੍ਰਬੰਧ ਸੰਗਤੀ ਪ੍ਰਬੰਧ ਦੀ ਥਾਂ ਵਿਅਕਤੀ ਵਿਸ਼ੇਸ਼ਾਂ ਦੇ ਪ੍ਰਬੰਧ ਅਧੀਨ ਆਉਣਾ ਸ਼ੁਰੂ ਹੋ ਗਿਆ। ਮਹੰਤ-ਪੁਜਾਰੀ ਦੀ ਮੌਤ ਉਪਰੰਤ ਉਸਦਾ ਉਤਰਾ ਅਧਿਕਾਰੀ ਵਿਅਕਤੀ ਵਿਸ਼ੇਸ਼ ਪ੍ਰਬੰਧਕ ਬਣ ਜਾਂਦਾ, ਭਾਵੇਂ ਗੁਰਮਤਿ ਦਾ ਧਾਰਣੀ ਹੋਵੇ ਜਾਂ ਨਾਂ। ਗੁਰੂ-ਘਰ ਦੇ ਪ੍ਰਬੰਧਕ-ਚੜ੍ਹਤ ਚੜਾਵੇ ਤੇ ਜਾਇਦਾਦਾਂ ਦੇ ਪ੍ਰਬੰਧਕ ਬਣ ਗਏ। ਗੁਰੂ ਘਰਾਂ ਦੇ ਨਿਵਾਸ ਅਸਥਾਨ ਐਸ਼ੋ-ਅਰਾਮ ਦੇ ਅੱਡੇ ਬਣ ਗਏ। ਇਸ ਤਰ੍ਹਾਂ ਇਤਿਹਾਸਕ ਗੁਰਦੁਆਰੇ ਮਨਮਤ ਦਾ ਪ੍ਰਚਾਰ ਕੇਂਦਰ ਬਣ ਗਏ। ਜੋ ਕੁਝ ਸਿੱਖੀ ਦੇ ਸੋਮਿਆਂ ’ਚ ਹੋਇਆ ਉਸ ਬਾਰੇ ਲਿਖਦਿਆਂ-ਪੜ੍ਹਦਿਆਂ ਵੀ ਸ਼ਰਮ ਆਉਂਦੀ ਹੈ। ਕਹਿਣ ਦਾ ਭਾਵ ਸੰਸਾਰ ਦੇ ਸਾਰੇ ਕੁਕਰਮ ਇਨ੍ਹਾਂ ਧਰਮ ਮੰਦਰਾਂ ’ਚ ਮਹੰਤਾਂ-ਪੁਜਾਰੀਆਂ ਤੇ ਸਰਬਗਹਾਂ ਦੀ ਸਰਪਰਸਤੀ ਹੇਠ ਹੋਏ।

ਇਨ੍ਹਾਂ ਗੈਰ-ਇਖਲਾਕੀ ਕੁਕਰਮਾਂ ਨੂੰ ਠੱਲ ਪਾਉਣ ਲਈ ਚੇਤਨ ਗੁਰਸਿੱਖਾਂ ਨੇ ਸ਼ਕਤੀ ਤੇ ਸਮਰੱਥਾ ਨੂੰ ਇਕੱਤਰਤ ਕਰਨ ਲਈ ਜਥੇਬੰਦਕ ਰੂਪ ਧਾਰਣਾ ਸ਼ੁਰੂ ਕੀਤਾ। ਸਿੰਘ ਸਭਾ ਲਹਿਰ, ਖਾਲਸਾ ਦੀਵਾਨ ਸਥਾਪਤ ਹੋਏ ਜਿਨ੍ਹਾਂ ਦੁਰਮਤਿ ਤੇ ਅਗਿਆਨਤਾ ਨੂੰ ਦੂਰ ਕਰਨ ਦਾ ਬੀੜਾ ਚੁਕਿਆ। ਸਿੱਖ ਇਤਨੇ ਚੇਤਨ ਹੋ ਗਏ ਕਿ ਕਿਧਰੇ ਕਿਸੇ ਸਬੰਧਤ-ਇਮਾਰਤ, ਗੁਰਦੁਆਰੇ ਦਾ ਨਾਂ ਵੀ ਵਿਅਕਤੀ ਵਿਸ਼ੇਸ਼ ਦੇ ਨਾਂ ਨਾ ਰੱਖਦੇ।

ਗੁਰਮਤਿ ਅਨੁਸਾਰ ਕਿਸੇ ਕਿਸਮ ਦਾ ਵਿਤਕਰਾ-ਵਿਖਰੇਵਾਂ ਕਿਸੇ ਵੀ ਜਾਤਿ, ਧਰਮ, ਨਸਲ, ਵਿਤਕਰੇ ਆਦਿ ਨੂੰ ਮੰਨਕੇ ਨਹੀਂ ਕੀਤਾ ਜਾਂਦਾ ਪਰ ਮਹੰਤਾਂ ਦੀ ਬੁਰਸ਼ਾ ਗਰਦੀ ਸਮੇਂ ਗੁਰਦੁਆਰਿਆਂ ’ਚ ਅਖੌਤੀ ਨੀਵੀਂ ਜਾਤ ਦੇ ਲੋਕਾਂ ਨੂੰ ਆਉਣ ਦੀ ਸਖ਼ਤ ਮਨਾਹੀ ਸੀ। ਕੜਾਹ ਪ੍ਰਸਾਦਿ, ਅਰਦਾਸ ਤੇ ਲੰਗਰ-ਪੰਗਤ ਦੀ ਦੈਵੀ ਸਾਂਝ ਵੀ ਖੇਰੂ-ਖੇਰੂ ਹੋ ਗਈ।

12 ਅਕਤੂਬਰ, 1920 ਨੂੰ ਖਾਲਸਾ ਬਰਾਦਰੀ ਦਾ ਸਲਾਨਾ ਦੀਵਾਨ ਅੰਮ੍ਰਿਤਸਰ ’ਚ ਹੋਇਆ ਜਿਸ ਵਿਚ ਬਹੁਤ ਸਾਰੇ ਅਖੌਤੀ ਨੀਵੀ ਜਾਤਿ ਦੇ ਗੁਰੂ-ਦਾਤ ਅੰਮ੍ਰਿਤ ਦੀ ਪਾਹੁਲ ਪ੍ਰਾਪਤ ਕਰ, ਨਾਨਕ ਨਿਰਮਲ ਪੰਥ ਦੇ ਮੈਂਬਰ ਬਣੇ। ਨਵੇਂ ਸਜੇ ਸਿੰਘ ਗੁਰੂ ਅਰਜਨ ਦੇਵ ਜੀ ਦੁਆਰਾ ਸਿਰਜਤ ਸਰਬ-ਸਾਂਝੇ ਧਰਮ ਮੰਦਰ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਵਾਸਤੇ ਆਏ ਤਾਂ ਪੁਜਾਰੀ ਨੱਕ-ਮੂੰਹ ਵੱਟਣ ਲੱਗੇ। ਥੋੜੀ ਨੋਕ-ਝੌਕ ਤੋਂ ਬਾਅਦ ਪੁਜਾਰੀ ਅਰਦਾਸ ਕਰਨ ਤੇ ਹੁਕਮਨਾਮਾ ਲੈਣ ਲਈ ਸਹਿਮਤ ਹੋ ਗਏ। ਹੁਕਮਨਾਮੇ ਦੇ ਬੋਲ ਸਨ:-

ਨਿਗੁਣਿਆ ਨੋ ਆਪੇ ਬਖਸਿ ਲਏ ਭਾਈ ਸਤਿਗੁਰ ਕੀ ਸੇਵਾ ਲਾਇ ॥

ਸਤਿਗੁਰ ਕੀ ਸੇਵਾ ਊਤਮ ਹੈ ਭਾਈ ਰਾਮ ਨਾਮਿ ਚਿਤੁ ਲਾਇ ॥

(ਪੰਨਾ ਨੰਬਰ 638)

ਜਦ ਇਨ੍ਹਾਂ ਸਿੰਘਾਂ ਦਾ ਜਥਾ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਅਰਦਾਸ ਬੇਨਤੀ ਲਈ ਹਾਜ਼ਰ ਹੋਇਆ ਤਾਂ ਅਕਾਲ ਤਖ਼ਤ ਦੇ ਪੁਜਾਰੀ ਹਰਨ ਹੋ ਗਏ। ਸਿੰਘਾਂ ਨੇ ਫ਼ੈਸਲਾ ਕੀਤਾ ਕਿ ਗੁਰੂ ਦਾ ਤਖ਼ਤ ਸੁੰਝਾ ਨਹੀਂ ਰਹਿਣਾ ਚਾਹੀਦਾ ਤੇ ਸੇਵਾ-ਸੰਭਾਲ ਵਾਸਤੇ 25 ਸਿੰਘਾਂ ਦਾ ਜਥਾ ਨਿਯਤ ਕਰ ਦਿੱਤਾ। ਜ਼ਿਲੇ ਦੇ ਪ੍ਰਸ਼ਾਸਨਿਕ ਅਧਿਕਾਰੀ ਨੇ ਹਾਲਤਾਂ ਨੂੰ ਦੇਖਦੇ ਹੋਏ 9 ਮੈਂਬਰੀ ਕਮੇਟੀ ਦਾ ਗਠਨ ਕਰ ਦਿਤਾ। ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦੇ ਹਾਮੀ ਤੇ ਹਮਾਇਤੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਦੇਸ਼ ਜਾਰੀ ਕਰਵਾਇਆ ਕਿ 15 ਨਵੰਬਰ, 1920 ਨੂੰ ਸਿੱਖਾਂ ਦਾ ਪ੍ਰਤੀਨਿਧ ਇਕੱਠ ਬੁਲਾਇਆ ਗਿਆ। ਪ੍ਰਤੀਨਿਧ ਇਕੱਠ ਵਿਚ 175 ਮੈਂਬਰਾਂ ਦੀ ਕਮੇਟੀ ਬਣਾਈ ਗਈ, ਜਿਸ ਦਾ ਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਰੱਖਿਆ ਗਿਆ। ਇਸ ਕਮੇਟੀ ਦੀ ਪਲੇਠੀ ਮੀਟਿੰਗ 12 ਦਸੰਬਰ, 1920 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹੋਈ। ਸਭ ਤੋਂ ਪਹਿਲਾਂ ਪੰਜ ਪਿਆਰੇ ਚੁਣੇ ਗਏ, ਜਿਨ੍ਹਾਂ ਸਾਰਿਆਂ ਮੈਂਬਰਾਂ ਦੀ ਸੋਧ ਕੀਤੀ ਤੇ ਅਹੁਦੇਦਾਰ ਚੁਣੇ ਗਏ। ਪਹਿਲੀ ਇਕੱਤਰਤਾ ਸਮੇਂ ਹੀ ਸ਼੍ਰੋਮਣੀ ਗੁ:ਪ੍ਰ:ਕਮੇਟੀ ਦਾ ਵਿਧਾਨ ਬਨਾਉਣ ਲਈ ਇਕ ਸਬ-ਕਮੇਟੀ ਬਣਾਈ ਗਈ। 30 ਅਪ੍ਰੈਲ, 1921 ਨੂੰ ਸ਼੍ਰੋਮਣੀ ਗੁ:ਪ੍ਰ:ਕਮੇਟੀ ਸ੍ਰੀ ਅੰਮ੍ਰਿਤਸਰ ਦੀ ਰਜਿਸਟਰੇਸ਼ਨ ਕਰਵਾਈ ਗਈ।

ਚੁਣੀ ਹੋਈ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਦਾ ਪ੍ਰਬੰਧ ਲੈਣ ਲਈ ਮਹੰਤਾਂ ਨਾਲ ਗਲਬਾਤ ਚਲ ਰਹੀ ਸੀ ਤਾਂ ਪੁਜਾਰੀਆਂ ਨੇ ਗੋਲੀ ਚਲਾ ਦਿਤੀ, ਜਿਸ ਵਿਚ ਭਾਈ ਹਜ਼ਾਰਾ ਸਿੰਘ ਜੀ ਸ਼ਹੀਦ ਹੋ ਗਏ, ਜੋ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦੇ ਪਹਿਲੇ ਸ਼ਹੀਦ ਸਦਵਾਏ।

20 ਫਰਵਰੀ, 1921 ਨੂੰ ਨਨਕਾਣਾ ਸਾਹਿਬ ਦਾ ਸਾਕਾ ਵਾਪਰ ਗਿਆ ਜਿਸ ਵਿਚ ਅਨੇਕਾਂ ਸਿੰਘ ਮਹੰਤ ਨਰੈਣ ਦਾਸ ਦੇ ਗੁਡਿੰਆਂ ਦੀਆਂ ਗੋਲੀਆਂ, ਗੰਡਾਸੀਆਂ, ਛਵੀਆਂ ਤੇ ਡਾਂਗਾਂ ਦੇ ਸ਼ਿਕਾਰ ਹੋਏ। ਕੁਝ ਸਿੱਖਾਂ ਨੁੰ ਮਹੰਤ ਦੇ ਆਦਮੀਆਂ ਨੇ ਜੰਡ ਦੇ ਦਰਖ਼ਤ ਨਾਲ ਬੰਨ੍ਹ, ਜੀਉਂਦੇ ਜੀਅ ਸਾੜ ਦਿਤਾ। ਇਸ ਅਤ ਦੁਖਦਾਈ ਹਿਰਦੇਵੇਦਕ ਘਟਨਾ ਤੋਂ ਪਿਛੋਂ 21 ਫਰਵਰੀ, 1921 ਨੂੰ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਗੁ:ਪ੍ਰ:ਕਮੇਟੀ ਦੇ ਅਧੀਨ ਆਇਆ।

8 ਅਗਸਤ, 1921 ਨੂੰ ਗੁਰੂ ਕੇ ਬਾਗ, ਘੂਕੇ ਵਾਲੀ ਅੰਮ੍ਰਿਤਸਰ ਦਾ ਮਾਮਲਾ ਮੋਰਚੇ ਦਾ ਰੂਪ ਧਾਰਣ ਕਰ ਗਿਆ। ਅੰਗਰੇਜ਼ ਹਾਕਮ ਅਸਲ ਵਿਚ ਪੂਰੀ ਤਰ੍ਹਾਂ ਮਹੰਤਾਂ ਤੇ ਪੁਜਾਰੀਆ ਦੀ ਪਿੱਠ ’ਤੇ ਸਨ। ਅਕਾਲੀ ਲਹਿਰ ਦੇ ਅੰਗਰੇਜ਼ ਸਾਮਰਾਜ਼ ਤੇ ਕੁਰੱਪਟ ਮਹੰਤਾਂ-ਪੁਜਾਰੀਆਂ ਦੇ ਖਿਲਾਫ਼ ਲੰਬੀ ਲੜਾਈ ਲੜਦੇ ਅਨੇਕਾਂ ਕੁਰਬਾਨੀਆਂ ਤੇ ਤਸੀਹੇ ਝੱਲ ਕੇ ਗੁਰਸਿੱਖਾਂ ਨੇ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਕੀਤੀ। ਚਾਬੀਆਂ ਦਾ ਮੋਰਚਾ, ਗੁਰਦੁਆਰਾ ਫੇਰੂ ਦਾ ਮੋਰਚਾ, ਜੈਤੋ ਦਾ ਮੋਰਚਾ, ਅੰਗਰੇਜ਼ ਸਰਕਾਰ ਦੇ ਜ਼ੁਲਮਾਂ ਦੀ ਕਹਾਣੀ ਰੂਪਮਾਨ ਕਰਦੇ ਹਨ। ਪਰ ਅੰਗਰੇਜ਼ ਸਾਮਰਾਜ ਨੂੰ ਸੰਗਠਿਤ ਸਿੱਖ ਸ਼ਕਤੀ ਅੱਗੇ ਗੋਡੇ ਟੇਕਣੇ ਪਏ। 1925 ’ਚ ਸਿੱਖ ਗੁਰਦੁਆਰਾ ਕਾਨੂੰਨ ਬਣ ਜਾਣ ਨਾਲ ਸ਼੍ਰੋਮਣੀ ਗੁ:ਪ੍ਰ:ਕਮੇਟੀ ਸ੍ਰੀ ਅੰਮ੍ਰਿਤਸਰ ਵਿਸ਼ਵ ਦੀ ਪਹਿਲੀ ਲੋਕਤੰਤਰੀ ਢੰਗ ਦੁਆਰਾ ਧਾਰਮਿਕ ਅਸਥਾਨਾਂ ਦਾ ਪ੍ਰਬੰਧ ਕਰਨ ਵਾਲੀ ਸ਼੍ਰੋਮਣੀ ਸੰਸਥਾ ਬਣੀ।

ਸ਼੍ਰੋਮਣੀ ਗੁ:ਪ੍ਰ:ਕਮੇਟੀ ਦੀ ਸਿਰਜਣਾ ਸਿੱਖ ਸ਼ਹੀਦਾਂ ਦੇ ਸਿਰਾਂ ’ਤੇ ਹੋਈ ਹੈ।1920 ਤੇ 1925 ਤੀਕ ਚਲੀ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਆਪਣੀ ਚਰਮ ਸੀਮਾਂ ’ਤੇ ਸੀ। ਇਸ ਸਮੇਂ ਦੌਰਾਨ ਜੋ ਕੁਰਬਾਨੀਆਂ ਸਿਖੀ ਦੇ ਪਰਵਾਨਿਆਂ ਨੇ ਕੀਤੀਆਂ, ਮਾਨਸਿਕ, ਸਰੀਰਿਕ ਤਸੀਹੇ ਸਹੇ, ਉਹਨਾਂ ਨੂੰ ਬਿਆਨ ਕਰਨਾ ਮੁਸ਼ਕਿਲ ਹੈ। ਇਕ ਇਸਾਈ ਪਾਧਰੀ ਦੇ ਅੱਖੀ ਡਿੱਠੇ ਹਾਲ ਤੋਂ ਸਪੱਸ਼ਟ ਹੋ ਜਾਂਦਾ ਹੈ ਜੋ ਉਸਨੇ ਗੁਰੂ ਕੇ ਬਾਗ ਦੇ ਮੋਰਚੇ ਸਮੇਂ ਸਿੱਖਾਂ ’ਤੇ ਹੁੰਦੇ ਜ਼ਬਰ-ਜ਼ੁਲਮ ਨੂੰ ਦੇਖ ਕੇ ਲਿਖੇ ਕਿ ਮੈਂ ਸੈਂਕੜੇ ਈਸਾ ਸੂਲੀ ’ਤੇ ਚੜਦੇ ਦੇਖ ਰਿਹਾ ਹਾਂ।

ਅਕਾਲ ਦੇ ਪੁਜਾਰੀ  ਗੁਰਸਿੱਖ ‘ਅਕਾਲੀ’ ਸਦਵਾਏ ਜਿਨ੍ਹਾਂ ਨੇ ਗੁਰਧਾਮਾਂ, ਗੁਰਦੁਆਰਿਆਂ ਦੀ ਅਜ਼ਮਤ ਵਾਸਤੇ ਅੰਗਰੇਜ਼ ਸਰਕਾਰ ਦੇ ਵਿਰੁੱਧ ਭੁੱਖੇ-ਧਿਆਏ ਨੰਗੇ ਪਿੰਡੇ ਲੰਬੇਰਾ ਸੰਘਰਸ਼ ਲੜਿਆ ਤੇ ਸਫਲਤਾ ਦੀਆ ਸਰ-ਬੁਲੰਦੀਆਂ ਨੂੰ ਛੂਹਿਆ। ਇਹ ਗੁਰੂ ਕੇ ਲਾਲ ਤਨ,ਮਨ,ਧਨ, ਬਚਨ ਕਰਮ ਤੋਂ ਅਕਾਲ ਦੇ ਪੁਜਾਰੀ ਸਨ ਤੇ ਨਿਸ਼ਕਾਮ ਸੇਵਾ ਇਨ੍ਹਾਂ ਦਾ ਅਦਰਸ਼ ਸੀ। ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਨੂੰ ਸਫਲ ਕਰਨ ਲਈ ਇਨ੍ਹਾਂ ਮਰਜੀਵੜਿਆਂ ਦੇ ਅਧਾਰਿਤ 14 ਦਸੰਬਰ, 1920 ਨੂੰ ‘ਸ਼੍ਰੋਮਣੀ ਅਕਾਲੀ ਦਲ’ ਹੋਂਦ ਵਿਚ ਆਇਆ। ਅਕਾਲੀ ਲਹਿਰ ਨੇ ਗੁਰਦੁਆਰਾ ਚੋਣਾਂ ਵਿਚ ਪਹਿਲੀ ਵਾਰ ਸਿੱਖ ਬੀਬੀਆਂ ਨੂੰ ਵੋਟ ਦਾ ਅਧਿਕਾਰ ਦਵਾਇਆ।

ਸ਼੍ਰੋਮਣੀ ਗੁ:ਪ੍ਰ:ਕਮੇਟੀ ਸ੍ਰੀ ਅੰਮ੍ਰਿਤਸਰ ਨੂੰ ਸਿੱਖਾਂ ਦੀ ਸ਼੍ਰੋਮਣੀ ਸੰਸਥਾ ਹੋਣ ਦਾ ਮਾਣ-ਸਤਿਕਾਰ ਹਾਸਲ ਹੈ। ਸ਼੍ਰੋਮਣੀ ਗੁ:ਪ੍ਰ:ਕਮੇਟੀ ਸ੍ਰੀ ਅੰਮ੍ਰਿਤਸਰ ਗੁਰਦੁਆਰਿਆਂ ਦਾ ਪ੍ਰਬੰਧ ਨਹੀਂ ਕਰਦੀ ਇਸ ਦਾ ਕਾਰਜ਼ ਖੇਤਰ ਬਹੁਤ ਵਿਸ਼ਾਲ ਹੈ। ਸ਼੍ਰੋਮਣੀ ਗੁ:ਪ੍ਰ:ਕਮੇਟੀ ਨੇ ਬਹੁਤ ਸਾਰੇ ਇਤਿਹਾਸਕ ਕਾਰਜ ਤੇ ਫ਼ੈਸਲੇ ਕੀਤੇ ਹਨ, ਸੰਖੇਪ ਵਿਚ ਅਸੀਂ ਵਿਚਾਰ ਕਰਾਂਗੇ।

ਗੁਰਦੁਆਰਾ ਪ੍ਰਬੰਧ ਦੀ ਆਮਦਨ-ਖਰਚ ਦੇ ਹਿਸਾਬ ਕਿਤਾਬ ਨੂੰ ਪਾਰਦਰਸ਼ੀ ਕਰਨ ਲਈ 1927 ਤੋਂ ਮਾਸਿਕ ਪੱਤਰ ਗੁਰਦੁਆਰਾ ਗਜ਼ਟ ਪ੍ਰਕਾਸ਼ਤ ਕਰਨਾ ਸ਼ੁਰੂ ਕੀਤਾ ਜੋ ਨਿਰੰਤਰ ਜਾਰੀ ਹੈ।

ਜਾਤੀ ਭੇਦ ਭਾਵ ਨੂੰ ਮਿਟਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜ਼ਾਰੀ ਹੋਇਆ। ਕੋਈ ਸਿੱਖ ਕਿਸੇ ਨਾਲ ਜਾਤੀ ਭੇਦ ਭਾਵ ਨਹੀਂ ਕਰੇਗਾ ਤੇ ਨਾ ਹੀ ਕਿਸੇ ਦੀ ਜਾਤ ਬਰਾਦਰੀ ਪੁਛੇਗਾ। ਮਹੰਤਾਂ ਤੇ ਪੁਜਾਰੀਆ ਦੇ ਪ੍ਰਬੰਧ ਕਾਰਨ ਹਰ ਗੁਰਦੁਆਰੇ ਦੀ ਆਪਣੀ ਮਰਯਾਦਾ ਸੀ ਜਿਸ ਨੂੰ ਇਕਸੁਰ ਤੇ ਇਕਸਾਰ ਕਰਨ ਲਈ ‘ਸਿੱਖ ਰਹਿਤ ਮਰਯਾਦਾ’ ਨਿਸ਼ਚਤ ਕੀਤੀ ਗਈ ਜਿਸ ਨੂੰ ‘ਗੁਰੂ ਪੰਥ’ ਦੀ ਪ੍ਰਵਾਨਗੀ ਹਾਂਸਲ ਹੈ। ਸਿੱਖ ਰਹਿਤ ਮਰਯਾਦਾ ਫਰੀ ਛਾਪ ਕੇ ਵੰਡੀ ਜਾਂਦੀ ਹੈ।

17 ਜੂਨ 1923 ਨੂੰ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਕਾਰ-ਸੇਵਾ ਕਰਵਾਈ ਗਈ ਜੋ ਇਤਿਹਾਸਕ ਕਾਰਜ ਸੀ।

ਸਿੱਖ ਧਰਮ ਦੇ ਪ੍ਰਚਾਰ ਪਸਾਰ ਲਈ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ’ਚ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸਥਾਪਤ ਕੀਤਾ ਗਿਆ। ਹੁਣ ਮਿਸ਼ਨਰੀ ਕਾਲਜਾਂ ਦੀ ਗਿਣਤੀ 10 ਹੈ ਜੋ ਵੱਖ-ਵੱਖ ਰਾਜਾਂ ’ਚ ਚਲਾਏ ਜਾ ਰਹੇ ਹਨ।ਸਿੱਖ ਇਤਿਹਾਸ ਰੀਸਰਚ ਬੋਰਡ ਦੀ ਸਥਾਪਨਾ ਕੀਤੀ ਗਈ ਤਾਂ ਜੋ ਸਿੱਖ ਇਤਿਹਾਸ ਨੂੰ ਦੋਬਾਰਾ ਲਿਖਵਾਏ।

ਪੰਜਾਬੀ ਸੂਬੇ ਦੀ ਸਥਾਪਤੀ ਵਾਸਤੇ ਮਤਾ ਪਾਸ ਕੀਤਾ ਗਿਆ ਤੇ ਮੋਰਚਾ ਲਾਇਆ ਗਿਆ। ਅਜ਼ਾਦੀ ਲਹਿਰ ਨੂੰ ਪੂਰਨ ਸਹਿਯੋਗ ਤੇ ਸਮਰਥਨ ਸ਼੍ਰੋਮਣੀ ਕਮੇਟੀ ਵੱਲੋਂ ਦਿਤਾ ਗਿਆ।

ਗੁਰਦੁਆਰਾ ਐਕਟ ਬਨਣ ਨਾਲ ਸ਼੍ਰੋਮਣੀ ਗੁ:ਪ੍ਰ:ਕਮੇਟੀ ਨੇ ਵਿਧੀਵਤ ਕਾਰਜ਼ ਕਰਨਾ ਸ਼ੁਰੂ ਕਰ ਦਿਤਾ। ਸ਼੍ਰੋਮਣੀ ਗੁ:ਪ੍ਰ:ਕਮੇਟੀ ਦੀ ਚੋਣ ਪੰਜ ਸਾਲਾਂ ਬਾਅਦ ਬਾਲਗ ਸਿੱਖ ਵੋਟਰਾਂ ਦੁਆਰਾ ਕੀਤੀ ਜਾਂਦੀ ਹੈ ਪਰ ਚੋਣ ਕੇਂਦਰ ਸਰਕਾਰ ਕਰਾਉਂਦੀ ਹੈ। ਮੌਜੂਦਾ ਹਾਊਸ ਵਿਚ ਕੁਲ 190 ਮੈਂਬਰ ਹਨ ਜਿਨ੍ਹਾਂ ’ਚੋਂ 120 ਚੋਣ ਹਲਕਿਆਂ ਵਿਚੋਂ ਚੁਣ ਕੇ ਆਉਂਦੇ ਹਨ। ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਚੋਣ ਪੰਜਾਬ, ਹਰਿਆਣਾ, ਹਿਮਾਚਲ ਤੇ ਚੰਡੀਗੜ੍ਹ ਤੋਂ ਹੁੰਦੀ ਹੈ ਪਰ 15 ਮੈਂਬਰ ਦੇਸ਼ ਭਰ ਵਿਚੋਂ ਕੋਆਪਟ ਕੀਤੇ ਜਾਂਦੇ ਹਨ। 30 ਸੀਟਾਂ ਬੀਬੀਆਂ ਵਾਸਤੇ ਰਾਖਵੀਆਂ ਹਨ। ਜਰਨਲ ਚੋਣ ਤੋਂ ਬਾਅਦ ਹਰ ਸਾਲ ਪ੍ਰਧਾਨ ਸ਼੍ਰੋਮਣੀ ਕਮੇਟੀ, ਅਹੁਦੇਦਾਰਾਂ ਤੇ ਅੰਤ੍ਰਿੰਗ ਕਮੇਟੀ ਮੈਂਬਰਾਂ ਦੀ ਚੋਣ ਹੁੰਦੀ ਹੈ।

ਸ਼੍ਰੋਮਣੀ ਕਮੇਟੀ ਆਪਣੇ ਕਾਰਜ਼ ਭਾਗ ਨੂੰ ਸਚਾਰੂ ਢੰਗ ਨਾਲ ਚਲਾਉਣ ਲਈ ਧਰਮ ਪ੍ਰਚਾਰ ਕਮੇਟੀ, ਸਿੱਖ ਇਤਿਹਾਸ ਰੀਸਰਚ ਬੋਰਡ, ਐਜੂਕੇਸ਼ਨ ਕਮੇਟੀ, ਟ੍ਰਸਟ ਵਿਭਾਗ, ਸੈਕਸ਼ਨ 85, ਸੈਕਸ਼ਨ 87 ਆਦਿ ਵੱਖ-ਵੱਖ ਵਿੰਗ ਅਤੇ ਵਿਭਾਗ ਹਨ।

ਸ਼੍ਰੋਮਣੀ ਗੁ:ਪ੍ਰ:ਕਮੇਟੀ ਅਧੀਨ ਸ਼ੈਕਸ਼ਨ 85 ’ਚ ਵੱਡੇ 54 ਇਤਿਹਾਸਕ ਗੁਰਦੁਆਰੇ ਆਉਂਦੇ ਹਨ ਤੇ ਸ਼ੈਕਸ਼ਨ 87 ਅਧੀਨ ਛੋਟੇ ਇਤਿਹਾਸਕ ਗੁਰਦੁਆਰੇ ਸ਼ਾਮਲ ਹਨ, ਜਿਸ ਵਿਚ ਚੁਣੀਆਂ ਕਮੇਟੀ, ਨਾਮਜ਼ਦ ਕਮੇਟੀ ਅਤੇ ਲੋਕਲ ਕਮੇਟੀਆਂ ਸ਼ਾਮਲ ਹਨ। ਧਰਮ ਪ੍ਰਚਾਰ ਕਮੇਟੀ ਅਧੀਨ ਵੱਧ-ਵੱਧ ਰਾਜਾਂ ’ਚ 11 ਸਿੱਖ ਮਿਸ਼ਨ ਸਥਾਪਤ ਹਨ ਤੇ 10 ਮਿਸ਼ਨਰੀ ਕਾਲਜ ਚਲਾਏ ਜਾ ਰਹੇ ਹਨ। ਟ੍ਰਸਟ ਵਿਭਾਗ ਰਾਹੀਂ ਦੋ ਮੈਡੀਕਲ ਕਾਲਜ਼, ਦੋ ਇੰਜ਼ੀ: ਕਾਲਜ, ਅਨੇਕਾਂ ਡਿਗਰੀ ਕਾਲਜ ਤੇ ਸਕੂਲ ਚਲਾਏ ਜਾ ਰਹੇ ਹਨ।

ਲੋਕ ਕਲਿਆਣਕਾਰੀ ਕਾਰਜ਼ਾਂ ਵਜ਼ੋਂ ਸ਼੍ਰੋਮਣੀ ਗੁ: ਪ੍ਰ: ਕਮੇਟੀ ਪਿੰਗਲਵਾੜਾ ਭਗਤ ਪੂਰਨ ਸਿੰਘ, ਯਤੀਮ ਖਾਨਾ, ਬਿਰਧ ਘਰ ਆਦਿ ਨੂੰ ਸਾਲਾਨਾ ਸਹਾਇਤਾ ਦੇਂਦੀ ਹੈ। ਇਸ ਤੋਂ ਇਲਾਵਾ ਹੜ-ਪੀੜਤਾਂ, ਭੂਚਾਲ-ਪੀੜਤਾਂ, ਸੁਨਾਮੀ ਪੀੜਤਾਂ, ਸਿਖ ਕਤਲੇਆਮ ਦੇ ਪੀੜਤਾਂ, ਜੋਧਪੁਰ ਦੇ ਕੈਦੀਆਂ, ਧਰਮੀ ਫੌਜੀਆਂ ਦੀ ਮਦਦ ਵੀ ਸ਼੍ਰੋਮਣੀ ਕਮੇਟੀ ਹੀ ਕਰਦੀ ਹੈ।

ਸ਼੍ਰੋਮਣੀ ਗੁ:ਪ੍ਰ:ਕਮੇਟੀ ਸ੍ਰੀ ਅੰਮ੍ਰਿਤਸਰ ਦਾ ਕਾਨੂੰਨੀ ਅਧਿਕਾਰ ਖੇਤਰ ਗੁ: ਪ੍ਰਬੰਧ ਸਬੰਧੀ ਭਾਵੇਂ ਪੰਜਾਬ, ਹਰਿਆਣਾ, ਹਿਮਾਚਲ ਤੇ ਚੰਡੀਗੜ੍ਹ ਤੀਕ ਸੀਮਤ ਹੈ ਪਰ ਵਿਸ਼ਵ ਭਰ ਵਿਚ ਵਸੇ ਸਿੱਖਾਂ ਦੀ ਪ੍ਰਤੀਨਿਧ ਸੰਸਥਾ ਵੀ ਸ਼੍ਰੋਮਣੀ ਕਮੇਟੀ ਹੀ ਹੈ। ਸਿੱਖਾਂ ਨਾਲ ਸਬੰਧਤ ਮਸਲੇ ਸ਼੍ਰੋਮਣੀ ਕਮੇਟੀ ਪਾਸ ਹੀ ਆਉਂਦੇ ਹਨ। ਮਸਲਾ ਭਾਵੇਂ ਦਸਤਾਰ ਦਾ ਹੋਵੇ ਜਾਂ ਕਕਾਰਾਂ ਦਾ।

ਗੁਰਦੁਆਰਿਆਂ ਦੀ ਨਵ-ਉਸਾਰੀ ਤੇ ਨਵ-ਨਿਰਮਾਣ, ਸਰਾਵਾਂ ਦਾ ਢੁੱਕਵਾਂ ਪ੍ਰਬੰਧ ਕਰਨਾ, ਸਿੱਖ ਵਿਰਸੇ ਤੇ ਵਿਰਾਸਤਾ ਨੂੰ ਸੰਭਾਲਣਾ ਤੇ ਸਿੱਖ ਧਰਮ ਪ੍ਰਚਾਰ ਪ੍ਰਸਾਰ ਲਈ ਆਧੁਨਿਕ ਸਾਧਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਰੇਡੀਓ, ਟੀ.ਵੀ., ਇੰਟਰਨੈੱਟ ਮਾਧਿਅਮ ਨੂੰ ਵਰਤੋਂ ਵਿਚ ਲਿਆਂਦਾ ਜਾ ਰਿਹਾ ਹੈ।

ਸਿੱਖ ਰਹਿਤ ਮਰਯਾਦਾ ਦਾ ਪ੍ਰਚਾਰ ਪ੍ਰਸਾਰ, ਗੁਰਬਾਣੀ ਦੇ ਪ੍ਰਚਾਰ-ਪ੍ਰਸਾਰ ਲਈ ਆਪਣੇ ਵਿਸ਼ੇਸ਼ ਛਾਪੇ ਖਾਨੇ ਲਾਏ ਗਏ ਹਨ, ਜਿਨ੍ਹਾਂ ਵਿਚ ਗੁਰਬਾਣੀ ਦੀ ਪ੍ਰਕਾਸ਼ਨ ਸੇਵਾ, ਅਦਬ-ਸਤਿਕਾਰ ਅਤੇ ਮਰਿਯਾਦਾ ਨਾਲ ਕੀਤੀ ਜਾਂਦੀ ਹੈ।

ਸਿੱਖਾਂ ਦੀ ਇਹ ਸ਼੍ਰੋਮਣੀ ਸੰਸਥਾ ਦੇ ਪਹਿਲੇ ਪ੍ਰਧਾਨ ਹੋਣ ਦਾ ਮਾਣ ਸ. ਸੁੰਦਰ ਸਿੰਘ ਮਜੀਠੀਆ ਨੂੰ ਪ੍ਰਾਪਤ ਹੋਇਆ। ਸਮੇਂ-ਸਮੇਂ ਪੰਥ ਦੇ ਬੇਤਾਜ਼ ਬਾਦਸ਼ਾਹ ਬਾਬਾ ਖੜਕ ਸਿੰਘ, ਪੰਥ ਰਤਨ ਮਾਸਟਰ ਤਾਰਾ ਸਿੰਘ ਜੀ, ਪੰਥ ਰਤਨ ਜਥੇ. ਗੁਰਚਰਨ ਸਿੰਘ ਟੌਹੜਾ, ਲੋਹ ਪੁਰਸ਼ ਜਥੇ. ਜਗਦੇਵ ਸਿੰਘ ਤਲਵੰਡੀ, ਬੀਬੀ ਜਗੀਰ ਕੌਰ, ਪ੍ਰੋ: ਕਿਰਪਾਲ ਸਿੰਘ ਬਡੂੰਗਰ ਆਦਿ ਇਸ ਸੰਸਥਾ ਦੇ ਪ੍ਰਧਾਨ ਵਜ਼ੋਂ ਸੇਵਾ ਨਿਭਾਉਂਦੇ ਰਹੇ। ਪਿਛਲੇ ਚਾਰ ਸਾਲਾਂ ਤੋਂ ਨਿਰੰਤਰ ਜਥੇ. ਅਵਤਾਰ ਸਿੰਘ (ਮੱਕੜ) ਪ੍ਰਧਾਨ ਸ਼੍ਰੋਮਣੀ ਕਮੇਟੀ ਵਜ਼ੋਂ ਸੇਵਾ ਨਿਭਾ ਰਹੇ ਹਨ।

ਰੂਪ ਸਿੰਘ

About ਰੂਪ ਸਿੰਘ

Roop Singh Additional Secretary SGPC, Amritsar
This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>