Punjab News - Quami Ekta Punjabi Newspaper (ਕੌਮੀ ਏਕਤਾ) » ਪੁਰਜਾ ਪੁਰਜਾ ਕਟਿ ਮਰੈ

ਪੁਰਜਾ ਪੁਰਜਾ ਕਟਿ ਮਰੈ
ਕਾਂਡ 4

ਗ੍ਰਿਫ਼ਤਾਰ ਕਰਨ ਤੋਂ ਬਾਅਦ ਰਣਜੋਧ ਨੂੰ ਸਦਰ ਠਾਣੇ ਲਿਜਾਇਆ ਗਿਆ। ਪੱਗ ਨਾਲ ਬੰਨ੍ਹੇ ਹੱਥ ਖੋਹਲ ਕੇ ਸਿਪਾਹੀਆਂ ਨੇ ਉਸ ਨੂੰ ਹਵਾਲਾਤ ਵਿਚ ਤਾੜ ਦਿੱਤਾ। ਮੋਟੇ ਸਰੀਆਂ ਵਾਲੇ ਹਵਾਲਾਤ ‘ਚੋਂ ਅਜੀਬ ਬਦਬੂ ਮਗਜ਼ ਨੂੰ ਚੜ੍ਹਦੀ ਸੀ। ਉਤੇ ਲੈਣ ਲਈ ਦੋ ਬੋਰੀਆਂ ਦੀ ਪੱਲੀ ਸਿਪਾਹੀ ਸਲਾਖਾਂ ਵਿਚ ਦੀ ਅੰਦਰ ਸੁੱਟ ਗਿਆ ਸੀ।

ਸਰਦੀ ਅਸਮਾਨੋਂ ਵਰਨ੍ਹੀ ਸੁਰੂ ਹੋ ਗਈ ਸੀ।

ਜਿਉਂ ਜਿਉਂ ਠਾਣੇ ਅੰਦਰ ਸ਼ਾਂਤੀ ਜਿਹੀ ਵਰਤਦੀ ਜਾ ਰਹੀ ਸੀ। ਤਿਉਂ ਤਿਉਂ ਕੁਝ ਸੋਚ ਕੇ ਰਣਜੋਧ ਦਾ ਚਿਹਰਾ ਪੀਲਾ ਭੂਕ ਹੁੰਦਾ ਜਾ ਰਿਹਾ ਸੀ। ਆਪਣੇ ਨਾਲ ਅਗਾਊਂ ਹੋਣ ਵਾਲੇ ਸਲੂਕ ਲਈ ਉਹ ਦਿਲ ਕਰੜਾ ਕਰ ਰਿਹਾ ਸੀ। ਚਾਹੇ ਦਿਨੇ ਪੰਚਾਇਤ ਠਾਣੇਦਾਰ ਨੂੰ ਮਿਲ ਹੀ ਗਈ ਸੀ: ਪਰ ਇਹਨਾਂ ਬੁੱਚੜਾਂ ਦਾ ਕੋਈ ਇਤਬਾਰ ਨਹੀ ਸੀ। ਮੁੰਡਾ ਅੱਖਾਂ ਮੀਟ ਰੱਬ ਨੂੰ ਧਿਆ ਰਿਹਾ ਸੀ। ਪਰ ਉਸ ਦਾ ਹੌਂਸਲਾ ਮੁੱਠੀ ਵਿਚੋਂ ਰੇਤੇ ਵਾਂਗ ਕਿਰ ਜਾਂਦਾ ਸੀ।

ਵੱਡੀ ਰਾਤ ਗਈ ਬਲੀ ਸਿੰਘ ਅਤੇ ਸਰਪੰਚ ਠਾਣੇ ਰਣਜੋਧ ਦੀ ਰੋਟੀ ਲੈ ਕੇ ਆ ਗਏ। ਦੋ ਕੰਬਲ ਅਤੇ ਇੱਕ ਸਿਰਹਾਣਾ ਉਹਨਾਂ ਦੇ ਕੋਲ ਕੱਛ ਵਿਚ ਦੱਬੇ ਹੋਏ ਸਨ।

ਮੁੰਡੇ ਦਾ ਰੋਟੀ ਖਾਣ ਨੂੰ ਉੱਕਾ ਹੀ ਮਨ ਨਹੀ ਮੰਨਦਾ ਸੀ। ਹਵਾਲਾਤ ਕੋਲ ਸੰਤਰੀ ‘ਟੱਪ-ਟੱਪ’ ਪੈਰ ਮਾਰਦਾ ਅੜਬ ਕੁੱਕੜ ਵਾਂਗ ਪਹਿਰਾ ਦੇ ਰਿਹਾ ਸੀ। ਬੱਤੀ ਕਾਫ਼ੀ ਮੱਧਮ ਸੀ। ਇਸ ਲਈ ਬਰਾਂਡੀ ਵਿਚ ਕੱਸਿਆ ਉਹ ਤਮਾਸ਼ੇ ਵਾਲਾ ਰਿੱਛ ਲੱਗਦਾ ਸੀ।

-”ਕਿਉਂ ਕਾਇਮ ਐਂ?” ਸਰਪੰਚ ਨੇ ਪੁੱਛਿਆ।

-”ਅਜੇ ਤੱਕ ਤਾਂ ਕਾਇਮ ਈ ਆਂ ਜੀ।”

-”ਤੂੰ ਦਿਲ ਨਾ ਸਿੱਟ-ਕੱਲ੍ਹ ਨੂੰ ਤੈਨੂੰ ਕੋਈ ਬੰਨ੍ਹ ਸੁੱਬ ਕਰਕੇ ਲੈ ਜਾਵਾਂਗੇ-ਬੱਸ ਅੱਜ ਦੀ ਰਾਤ ਕੱਢ ਕਿਵੇਂ ਨਾ ਕਿਵੇਂ-ਹੱਥ ਇਹ ਤੈਨੂੰ ਲਾਉਂਦੇ ਨਹੀ-ਠਾਣੇਦਾਰ ਨੂੰ ਮੈਂ ਠੋਕ ਕੇ ਕਹਿ ਦਿੱਤਾ ਸੀ।”

-”ਹੱਥ ਨਹੀ ਲਾਉਂਦੇ” ਸੁਣ ਕੇ ਰਣਜੋਧ ਦਾ ਦਿਲ ਕੁਝ ਟਿਕਿਆ।

ਬਲੀ ਸਿੰਘ ਨੇ ਰੋਟੀਆਂ ‘ਤੇ ਗੋਭੀ ਦੀ ਸਬਜ਼ੀ ਪਾ ਕੇ ਮੁੰਡੇ ਨੂੰ ਫੜਾ ਦਿੱਤੀ। ਜੀਅ ਨਾ ਚਾਹੁੰਦੇ ਹੋਏ ਵੀ ਰਣਜੋਧ ਨੇ ਤਿੰਨ ਰੋਟੀਆਂ ਅੰਦਰ ਲੰਘਾ ਲਈਆਂ। ਇੱਕ ਗਿਲਾਸ ਦੁੱਧ ਦਾ ਵੀ ਪੀ ਲਿਆ। ਕੰਬਲ ਫੜ ਕੇ ਰੱਖ ਲਏ।

-”ਦੋਨੋ ਕੰਬਲ ਜੋੜ ਕੇ ਉੱਤੇ ਲੈ ਲਈਂ-ਠਾਰੀ ਬਹੁਤ ਐ ਜੋਧ!” ਭਰੇ ਮਨ ਨਾਲ ਬਲੀ ਸਿੰਘ ਨੇ ਕਿਹਾ। ਇਕੱਲੇ-ਇਕੱਲੇ ਪੁੱਤ ਦਾ ਫਿ਼ਕਰ ਉਸ ਨੂੰ ਵੱਢ-ਵੱਢ ਖਾ ਰਿਹਾ ਸੀ। ਦੱਬੇ ਘੁੱਟੇ ਦਿਲ ਨਾਲ ਉਹ ਹਵਾਲਾਤ

ਵੱਲ ਪਿੱਠ ਕਰੀ ਬੈਠਾ ਭਾਂਡੇ ਸਮੇਟ ਰਿਹਾ ਸੀ। ਉਸ ਦੀਆਂ ਅੱਖਾਂ ਹੰਝੂਆਂ ਨਾਲ ਨੱਕੋ-ਨੱਕ ਭਰੀਆਂ ਹੋਈਆਂ ਸਨ।

-”ਸਰਦਾਰ ਬਹਾਦਰ ਸਰਪੰਚ ਸਾਹਿਬ-ਸਾਡੇ ਬਾਰੇ ਵੀ ਕੁਛ ਸੋਚੋ-ਉਪਰੋਂ ਕੱਕਰ ਡਿੱਗਣ ਡਿਹੈ।” ਬੂਟਾਂ ਨਾਲ ਧਰਤੀ ਲਤਾੜਦਾ ਸੰਤਰੀ ਹਵਾਲਾਤ ਕੋਲ ਆ ਗਿਆ। ਬਾਘੜ ਬਿੱਲੇ ਜਿੱਡਾ ਮੂੰਹ ਖੋਹਲ ਕੇ ਉਸ ਨੇ ਡਾਂਗ ਜਿੱਡੀ ਉਬਾਸੀ ਲਈ ਸੀ। ਭੱਠੇ ਦੀ ਚਿਮਨੀ ਵਾਂਗ ਉਸ ਦੇ ਮੂੰਹ ‘ਚੋਂ ਭਾਫ਼ ਨਿਕਲ ਕੇ ਵਰੋਲਾ ਜਿਹਾ ਬਣ ਗਈ।

-”ਕਿੰਨੇ ਕੁ ਨਾਲ ਸਾਰ ਲੇਂਗਾ?”

-”ਅਧੀਏ ਬਿਨਾਂ ਬਿਲਕੁਲ ਈ ਨਹੀਂ ਸਰਨਾਂ-ਮਹਾਰਾਜ ਥੋਡਾ ਭਲਾ ਕਰੇ-ਸ਼ਾਬਾਸ਼!”

-”ਪਰ ਮੁੰਡੇ ਨੂੰ ਤੰਗ ਨਾ ਕਰਿਓ!” ਸਰਪੰਚ ਨੇ ਪੰਜਾਹਾਂ ਦਾ ਨੋਟ ਉਸ ਵੱਲ ਵਧਾਉਂਦਿਆਂ ਕਿਹਾ।

-”ਸਾਹਬ ਬਹਾਦਰ-ਫੁੱਲ ਦੀ ਨਹੀ ਲਾਉਂਦੇ-ਇਹ ਮੇਰਾ ਵਾਅਦਾ ਰਿਹਾ।” ਉਸ ਨੇ ਉਂਗਲਾਂ ਦਾ ਮੋਚਨਾਂ ਬਣਾ ਕੇ ਨੋਟ ਫੜ ਲਏ।

ਸਰਪੰਚ ਨੂੰ ਸੰਤਰੀ ਕੰਮ ਦਾ ਬੰਦਾ ਲੱਗਿਆ।

-”ਕਿਹੜਾ ਪਿੰਡ ਐ ਸੰਤਰੀ ਜੀ?”

-”ਮੇਰਾ ਪਿੰਡ ਜੀ ਲੋਪੋ ਐ।”

-”ਬੱਧਨੀ ਕਲਾਂ ਕੋਲੇ?”

-”ਹਾਂ-ਸਾਹਬ ਬਹਾਦਰ।”

-”ਸੰਤਰੀ ਜੀ-ਇਸ ਮੁੰਡੇ ਬਾਰੇ ਕੋਈ ਜਾਣਕਾਰੀ ਹੈ-ਬਈ ਕੀ ਕਰਨਗੇ?” ਸਰਪੰਚ ਨੇ ਇੱਕ ਸੌ ਦਾ ਨੋਟ ਸੰਤਰੀ ਵੱਲ ਕਰਦਿਆਂ ਪੁੱਛਿਆ। ਜਿਹੜਾ ਫਿਰ ਸੰਤਰੀ ਨੇ ਉਂਗਲਾਂ ਦਾ ਚਿਮਟਾ ਬਣਾ ਕੇ ਫੜ ਲਿਆ।

-”ਸਾਹਬ ਬਹਾਦਰ-ਪੂਰੀ ਪੱਕੀ ਜਾਣਕਾਰੀ ਤਾਂ ਹੈ ਨਹੀ-ਪਰ ਮੇਰੇ ਤਜਰਬੇ ਅਨੁਸਾਰ ਕਿਸੇ ਖਾੜਕੂ ਜਾਂ ਲੁਟੇਰੇ ਦੀ ਸ਼ਨਾਖਤ ਕਰਵਾ ਕੇ ਗਵਾਹੀ ਪੁਆਉਣਗੇ।”

-”ਕਹਿਣ ਦਾ ਮਤਲਬ ਖੂਹ ‘ਚੋਂ ਕੱਢ ਕੇ ਖਾਤੇ ‘ਚ ਸਿੱਟਣਗੇ?”

-”ਤੁਸੀਂ ਆਪ ਈ ਸਿਆਣੇ ਹੋ-ਸਾਹਬ ਬਹਾਦਰ।” ਠੰਡ ਤੋਂ ਡਰਦੇ ਸੰਤਰੀ ਨੇ ਮਫ਼ਲਰ ਨਾਲ ਮੂੰਹ ਢਕ ਲਿਆ। ਮਫ਼ਲਰ ਉਪਰੋਂ ਉਸ ਦੀਆਂ ਲਾਲ ਅੱਖਾਂ ‘ਗਟਰ-ਗਟਰ’ ਝਾਕ ਰਹੀਆਂ ਸਨ।

-”ਕੋਈ ਉਪਾ ਸੰਤਰੀ ਜੀ?”

-”ਸਾਹਬ ਬਹਾਦਰ ਗੁਰਬਾਣੀ ਕਹਿੰਦੀ ਐ-ਪਾਪਾਂ ਬਾਝਹੁ ਹੋਵੈ ਨਾਹੀ-ਮੋਇਆਂ ਸਾਥ ਨ ਜਾਈ-ਕਲਯੁੱਗ ਵਿਚ ਤਾਂ ਪੈਸਾ ਈ ਪ੍ਰਧਾਨ ਅਂੈ-ਮੱਥਾ ਟੇਕੋ ਬੰਦਾ ਛੁਡਾਓ-ਸਰਦਾਰ ਮੂੰਹ ਦਾ ਮਿੱਠੈ ਪਰ ਦਿਲੋਂ ਅੱਤ ਦਾ ਬੇਈਮਾਨ ਐਂ-ਚਾਹੇ ਥੋਨੂੰ ਉਹ ਕਿੰਨੀਆਂ ਮਿੱਠੀਆਂ ਮਾਰੀ ਜਾਵੇ-ਪਰ ਬੰਦਾ ਜਮਾਂ ਨਹੀ ਛੱਡਦਾ-ਇਹ ਮੈਥੋਂ ਲਿਖਵਾ ਲਵੋ!”

ਬਲੀ ਸਿੰਘ ਨੂੰ ਮੁੜ੍ਹਕਾ ਆ ਗਿਆ।

-”ਸੰਤਰੀ ਜੀ-ਕਿੰਨਿਆਂ ਕੁ ਨਾਲ ਵਿਰੂ?”

-”ਸਾਹਬ ਬਹਾਦਰ ਇਹ ਨਹੀ ਆਖ ਸਕਦੇ।”

-”ਤਾਂ ਵੀ-ਕੋਈ ਅੰਦਾਜ਼ਾ?”

-”ਦੇਖੋ ਸਾਹਬ ਬਹਾਦਰ-ਵੱਡਾ ਖਾੜਕੂ ਪੰਜ ਲੱਖ-ਛੋਟਾ ਖਾੜਕੂ ਦੋ ਲੱਖ-ਲੁਟੇਰਾ ਇੱਕ ਲੱਖ ਤੇ ਆਮ ਆਦਮੀ ਦਾ ਸੱਤਰ ਹਜ਼ਾਰ ਚੱਲਦੈ-ਆਪਾਂ ਤਾਂ ਸਿੱਧੇ ਸਾਧੂ ਬੰਦੇ ਸੌ ਪੰਜਾਹ ਆਲੇ ਈ ਐਂ-ਮੇਰਾ ਨਾਂ ਬਿਲਕੁਲ ਨਾ ਲਇਓ-ਹੋਰ ਨਾ ਮੇਰੇ ਬੀਰ ਮੇਰਾ ਜੁੱਲੀ ਬਿਸਤਰਾ ਗੋਲ ਕਰਵਾ ਦਿਓ।”

-”ਤੁਸੀਂ ਬਿਲਕੁਲ ਬੇਧੜਕ ਰਹੋ-ਪਰ ਲੈਣ ਦੇਣ ਦੀ ਗੱਲ ਫਿਰ ਕਰੀਏ ਕੀਹਦੇ ਨਾਲ ਇਹ ਵੀ ਦੱਸੋ?” ਸਰਪੰਚ ਅੱਗੇ ਇੱਕ ਵੱਡੀ ਔਕੜ ਪਰਬਤ ਵਾਂਗ ਖੜ੍ਹੀ ਸੀ।

-”ਸਰਦਾਰ ਦੀ ਹੌਲਦਾਰ ਤੇ ਸਿਪਾਹੀ ਗੁਰਮੀਤ ਨਾਲ ਸਿੱਧੀ ਗੱਲ ਐ-ਉਨ੍ਹਾਂ ਨਾਲ ਭੰਨ ਤੋੜ ਕਰ ਲਓ-ਬੰਦਾ ਛੁੱਟ ਜਾਊ।”

-”ਮਿਹਰਬਾਨੀ ਸੰਤਰੀ ਜੀ!”

-”ਤਾਬਿਆਦਾਰ ਆਂ-ਸਾਹਬ ਬਹਾਦਰ।”

-”ਸਾਡੇ ਮੁੰਡੇ ਦਾ ਖਿਆਲ ਰੱਖਿਓ!”

-”ਬੇਚਿੰਤ ਹੋ ਕੇ ਜਾਓ!”

ਉਹ ਤੁਰ ਗਏ।

ਸੰਤਰੀ ਅੰਦਰੋਂ ਹੋਰ ਬੋਰੀਆਂ ਲੈ ਆਇਆ।

-”ਕੀ ਨਾਂ ਐ ਰੱਬ ਦਿਆ ਬੰਦਿਆ?”

-”ਜੀ ਰਣਜੋਧ ਸਿੰਘ ਐ।”

-”ਲੈ ਰਣਜੋਧ ਸਿਆਂ-ਆਹ ਬੋਰੀਆਂ ਵੀ ਹੇਠ ਵਿਛਾ ਲੈ ਤੇ ਕੰਬਲ ਜੋੜ ਕੇ ਰੱਬ ਦਾ ਨਾਂ ਲੈ-ਪੈ ਜਾਹ-ਸਵੇਰੇ ਚਾਰ ਵਜੇ ਤੱਕ ਮੇਰੀ ਡਿਊਟੀ ਐ-ਇੱਥੇ ਚਿੜੀ ਨਹੀ ਫੜਕਦੀ।”

-”ਅੱਛਾ ਜੀ।” ਰਣਜੋਧ ਨੂੰ ਜਾਪਿਆ ਕਿ ਸਾਰੇ ਪੁਲੀਸ ਵਾਲੇ ਇੱਕੋ ਜਿਹੇ ਨਹੀ। ਇੰਨ੍ਹਾਂ ਵਿਚ ਸਤਜੁਗੀ ਬੰਦੇ ਵੀ ਵਸਦੇ ਐ। ਉਸ ਨੇ ਸਾਰੀਆਂ ਬੋਰੀਆਂ ਹੇਠ ਵਿਛਾ ਲਈਆਂ ਅਤੇ ਕੰਬਲ ਜੋੜ ਕੇ ਪੈ ਗਿਆ। ਨੀਂਦ ਉਸ ਤੋਂ ਕੋਹਾਂ ਦੂਰ ਸੀ। ਕਿਸੇ ਸੋਚ, ਕਿਸੇ ਡਰ ਨੇ ਉਸ ਅੰਦਰ ਖੱਲ੍ਹੜ ਪਾਇਆ ਹੋਇਆ ਸੀ। ਕੀ ਕਰਨਗੇ ਮੇਰੇ ਨਾਲ ਇਹੇ? ਕੁੱਟਣਗੇ ਜਾਂ ਕੇਸ ਪਾਉਣਗੇ? ਕੁਛ ਵੀ ਹੋਵੇ ਦੋਵੀਂ ਪਾਸੀਂ ਬਿਪਤਾ ਈ ਬਿਪਤਾ ਹੈ! ਉਹ ਠੰਢੀ ਫ਼ਰਸ਼ ‘ਤੇ ਪਿਆ ਪਲਸੇਟੇ ਮਾਰੀ ਜਾ ਰਿਹਾ ਸੀ।

ਰਾਤ ਅੱਧੀ ਹੋ ਚੁੱਕੀ ਸੀ।

ਅਸਮਾਨੋਂ ਧੁੰਦ ਸੁਰੂ ਹੋ ਗਈ ਸੀ।

ਜਹਾਨ ਸੁੱਤਾ ਪਿਆ ਸੀ।

ਸੰਤਰੀ ‘ਟੱਪ-ਟੱਪ’ ਕਰਦਾ ਹਵਾਲਾਤ ਤੱਕ ਆਉਂਦਾ ਅਤੇ ਫਿਰ ਜਾ ਕੇ ਕੁਝ ਪਲਾਂ ਲਈ ਕੁਰਸੀ ‘ਤੇ ਜਾ ਕੇ ਬੈਠ ਜਾਂਦਾ। ਲੱਗਦਾ ਸੀ ਨੀਂਦ ਨੇ ਉਸ ਨੂੰ ਬਹੁਤ ਸਤਾ ਰੱਖਿਆ ਸੀ। ਜਦੋਂ ਸੰਤਰੀ ਫਿਰ ਹਵਾਲਾਤ ਤੱਕ ਆਇਆ ਤਾਂ ਰਣਜੋਧ ਉਠ ਕੇ ਬੈਠ ਗਿਆ।

-”ਕਿਉਂ ਰਣਜੋਧ ਸਿਆਂ-ਨੀਂਦ ਨਹੀ ਆਉਂਦੀ?”

-”ਨੀਂਦ ਕਿੱਥੇ ਜੀ?”

-”ਪਾਅਲ਼ਾ ਤਾਂ ਨਹੀ ਲੱਗਦਾ?”

-”ਨਹੀ ਪਾਅਲ਼ਾ ਤਾਂ ਨਹੀ ਲੱਗਦਾ ਜੀ।”

-”ਹੋਰ-ਪਾਣੀ ਧਾਣੀ ਤਾਂ ਨਹੀ ਪੀਣਾ?”

-”ਨਹੀ ਜੀ ਕਾਸੇ ਦੀ ਲੋੜ ਨਹੀ।”

-”ਘੰਟਾ ਕੁ ਅੜਕ ਮੈਂ ਚਾਹ ਧਰਦੈਂ।”

-”ਸੰਤਰੀ ਜੀ-ਕਿੰਨੇ ਕੁ ਦਿਨ ਮੈਨੂੰ ਐਥੇ ਹੋਰ ਰੱਖਣਗੇ-ਪਤਾ ਹੈ ਕੁਛ?”

-”ਮਿੱਤਰਾ ਇਹ ਤਾਂ ਰੱਖਣ ਵਾਲੇ ਈ ਜਾਨਣ।”

-”ਸੰਤਰੀ ਜੀ ਮੇਰਾ ਤਾਂ ਕੋਈ ਦੋਸ਼ ਈ ਨਹੀ।”

-”ਹੈ ਕਮਲਾ! ਦੋਸ਼ੀ ਨਿਰਦੋਸ਼ ਨੂੰ ਇੱਥੇ ਕੋਈ ਪੁੱਛਦੈ?”

-”ਥੋਨੂੰ ਮੇਰੀ ਘਾਣੀ ਬਾਰੇ ਤਾਂ ਪਤਾ ਈ ਹੋਣੈ?”

-”ਬਿਲਕੁਲ ਪਤਾ ਐ।”

-”ਫੇਰ ਦੱਸੋ ਮੇਰਾ ਕਸੂਰ ਈ ਕੀ ਐ-ਜਦੋਂ ਅਗਲੇ ਅਸਲਾ ਲੈ ਕੇ ਆ ਗਏ?”

-”ਰਣਜੋਧ ਸਿਆਂ-ਖੂਹ ‘ਚ ਡਿੱਗੀ ਇੱਟ ਕਦੇ ਸੁੱਕੀ ਨਿਕਲੀ ਐ? ਹੁਣ ਤਾਂ ਗਿੱਦੜਾਂ ਦੇ ਭੱਤੇ ਆ ਗਿਐਂ-ਤੇਰੇ ‘ਚੋਂ ਕੁਛ ਨਾ ਕੁਛ ਤਾਂ ਜਰੂਰ ਕੱਢਣਗੇ।” ਸੰਤਰੀ ਨੇ ਸੌ ਹੱਥ ਰੱਸੇ ਦੇ ਸਿਰੇ ਤੋਂ ਗੰਢ ਖੋਲ੍ਹ ਦਿੱਤੀ। ਮੁੰਡੇ ਨੂੰ ਹਨ੍ਹੇਰੇ ਵਿਚ ਰੱਖ ਕੇ ਉਹ ਧਰਵਾਸ ਨਹੀ ਦੇਣਾ ਚਾਹੁੰਦਾ ਸੀ।

ਰਣਜੋਧ ਰੋਣ ਲੱਗ ਪਿਆ।

-”ਰੋਣ ਨਾਲ ਕੁਛ ਨਹੀ ਬਣਨਾ-ਮੁਸੀਬਤਾਂ ਮਰਦਾਂ ਤੇ ਈ ਪੈਂਦੀਐਂ-ਦਿਲ ਸ਼ੇਰ ਵਰਗਾ ਕਰੇਂਗਾ ਤਾਂ ਹੀ ਇੱਥੇ ਦਿਨ ਕਟੀ ਹੋਊ-ਨਹੀ ਤਾਂ ਦਿਨਾਂ ‘ਚ ਈ ਹਾਰਜੇਂਗਾ ਮਿੱਤਰਾ-ਕੰਬਲ ਲੈ ਤੇ ਅੱਖਾਂ ਮੀਚ ਕੇ ਪੈ ਜਾਹ-ਆਪੇ ਨੀਂਦ ਆ ਜਾਊ।”

ਸੰਤਰੀ ਫਿਰ ਪਰ੍ਹੇ ਨੂੰ ਤੁਰ ਗਿਆ।

ਰਣਜੋਧ ਕੰਬਲ ਘੁੱਟ ਕੇ ਪੈ ਗਿਆ।

ਅਸਲ ਵਿਚ ਰਣਜੋਧ ਰਾਤ ਨੂੰ ਖੇਤ ਪਾਣੀ ਲਾ ਰਿਹਾ ਸੀ। ਬਿਜਲੀ ਸਿਰਫ਼ ਰਾਤ ਨੂੰ ਹੀ ਆਉਂਦੀ ਸੀ। ਚਾਹੇ ਪੰਜਾਬ ਦੇ ਹਾਲਾਤ ਕਿਤਨੇ ਵੀ ਮਾੜੇ ਸਨ। ਪਰ ਕਿਸਾਨਾਂ ਨੇ ਆਪਣੀਆਂ ਫ਼ਸਲਾਂ ਛੱਡ ਕੇ ਕਿੱਧਰ ਦੌੜ ਜਾਣਾ ਸੀ? ਗੌਰਮਿੰਟ ਨੇ ਕਿਹੜਾ ਉਹਨਾਂ ਨੂੰ ਕੋਈ ਭੱਤਾ ਦੇ ਦੇਣਾ ਸੀ ਕਿ ਹਾਲਾਤ ਖਰਾਬ ਹਨ, ਬਾਹਰ ਰਾਤ ਨੂੰ ਪਾਣੀ ਲਾਉਣ ਨਾ ਜਾਓ। ਕਿਸਾਨਾਂ ਨੇ ਤਾਂ ਕਰ ਕੇ ਹੀ ਖਾਣਾ ਸੀ। ਦੁਨੀਆਂ ਦਾ ਪੇਟ ਪਾਲਣ ਵਾਲਾ ਪੰਜਾਬ ਦਾ ਕਿਸਾਨ ਖ਼ੁਦ ਭੁੱਖਾ ਮਰਨ ‘ਤੇ ਆਇਆ ਹੋਇਆ ਸੀ। ਕਿਸੇ ਸਰਕਾਰੇ ਦਰਬਾਰੇ ਪੁੱਛ-ਪੜਤਾਲ ਜਾਂ ਸੁਣਵਾਈ ਨਹੀ ਸੀ। ਅੰਨ੍ਹੀ ਨੂੰ ਬੋਲਾ ਘੜੀਸੀ ਫਿਰਦਾ ਸੀ। ਮੰਤਰੀਆਂ ਦਾ ਸਾਰਾ ਜੋਰ ਆਪਣੇ ਸਕੇ ਸੋਧਰਿਆਂ ਨੂੰ ਕੁਰਸੀਆਂ ਦਿਵਾਉਣ ‘ਤੇ ਲੱਗਾ ਹੋਇਆ ਸੀ। ਹੋਰ ਕੋਈ ਖਾਵੇ ਖ਼ਸਮਾਂ ਨੂੰ। ਮਰਨ ਪਰ੍ਹੇ-ਫ਼ਾਹਾ ਨਿੱਬੜੇ!

ਰਣਜੋਧ ਜਦੋਂ ਨੱਕਾ ਮੋੜ ਕੇ ਆਇਆ ਤਾਂ ਉਸ ਦੀ ਤਪਾਈ ਹੋਈ ਧੂਣੀ ‘ਤੇ ਚਾਰ ਨੌਜਵਾਨ ਬੈਠੇ ਹੱਥ ਸੇਕ ਰਹੇ ਸਨ। ਹਥਿਆਰ ਉਹਨਾਂ ਨੇ ਇੱਕ ਪਾਸੇ, ਇੱਕ ਮੰਜੀ ‘ਤੇ ਰੱਖੇ ਹੋਏ ਸਨ। ਓਪਰੇ ਹਥਿਆਰਬੰਦ ਬੰਦੇ ਦੇਖ ਕੇ ਰਣਜੋਧ ਦਾ ਅੰਦਰ ਹਿੱਲ ਗਿਆ। ਉਸ ਨੇ ਸੋਚਿਆ-ਜਾਹ ਜਾਂਦੀਏ ਅੱਜ ਪਤਾ ਨਹੀ ਕੀ ਬੀਤੇਗੀ? ਉਹ ਪਾਣੀ ਵਾਲੀ ਮੋਟਰ ਦੇ ਚਲ੍ਹੇ ਕੋਲ ਸੁੰਨ ਹੋਇਆ ਖੜਾ ਸੀ। ਉਹ ਚਾਹੁੰਦਾ ਸੀ ਕਿ ਕਹੀ ਸੁੱਟ ਕੇ ਕਿਸੇ ਪਾਸੇ ਦੌੜ ਜਾਵੇ। ਪਰ ਦਿਲ ਨੇ ਹਾਂਮੀ ਨਾ ਭਰੀ। ਜੇ ਪਤਾ ਲੱਗ ਗਿਆ ਤਾਂ ਗੋਲੀ ਨਾਲ ਉੜਾ ਦੇਣਗੇ। ਸੋਚਾਂ ਦੀਆਂ ਉਲਝਣਾਂ ਵਿਚ ਬੁਰੀ ਤਰ੍ਹਾਂ ਨਾਲ ਘਿਰਿਆ ਮੁੰਡਾ ਦਿਲ ਕਰੜਾ ਕਰਕੇ ਧੂਣੀ ਕੋਲ ਆ ਗਿਆ। ਧੂਣੀ ਲੱਟ-ਲੱਟ ਮੱਚ ਰਹੀ ਸੀ।

-”ਆਓ ਖ਼ਾਲਸਾ ਜੀ-ਵਾਹਿਗੁਰੂ ਜੀ ਕਾ ਖ਼ਾਲਸਾ-ਵਾਹਿਗੁਰੂ ਜੀ ਕੀ ਫ਼ਤਹਿ।” ਜੱਥੇ ਦੇ ਮੋਢੀ ਨੇ ਕਿਹਾ ਤਾਂ ਰਣਜੋਧ ਨੇ ਡਰਦਿਆਂ ਰਵਾਇਤੀ ਜਿਹਾ ‘ਫ਼ਤਹਿ’ ਦਾ ਉੱਤਰ ਦਿੱਤਾ।

-”ਖੇਤ ਆਪਣਾ ਈ ਐ ਖ਼ਾਲਸਾ ਜੀ?”

-”ਹਾਂ ਜੀ।”

-”ਬੜੀ ਭਾਰੀ ਫ਼ਸਲ ਐ।”

-”…….।” ਮੁੰਡਾ ਚੁੱਪ ਰਿਹਾ। ਉਹ ਆਖਣਾ ਚਾਹੁੰਦਾ ਸੀ ਕਿ ਦਿਨ ਰਾਤ ਵੀ ਅਸੀਂ ਹੀ ਮਰਦੇ ਐਂ।

-”ਕਿਹੜਾ ਨਗਰ ਐ?”

-”ਚੜਿੱਕ-ਤੇ ਆਪਣਾ?” ਰਣਜੋਧ ਨੇ ਦਿਲ ਤਕੜਾ ਕਰਕੇ ਪੁੱਛ ਹੀ ਲਿਆ।

-”ਖ਼ਾਲਸਾ ਜੀ ਜੇ ਸੋਚੀਏ ਤਾਂ ਸਾਰੇ ਨਗਰ ਈ ਆਪਣੇ ਐਂ-ਵੈਸੇ ਕੋਈ ਵੀ ਨਹੀ।” ਮੋਢੀ ਗੱਲ ਗੋਲ ਹੀ ਕਰ ਗਿਆ।

-”…….!” ਰਣਜੋਧ ਖ਼ਾਮੋਸ਼ ਹੋ ਗਿਆ।

-”ਪੰਜਾਬ ਦੀ ਧਰਤੀ ਦੇ ਗਲੋਂ ਗੁਲਾਮੀ ਦਾ ਜੂਲਾ ਲਾਹੁੰਣ ਲਈ ਹਥਿਆਰ ਚੁੱਕੇ ਐ ਖ਼ਾਲਸਾ ਜੀ-ਇੱਕ ਨਾ ਇੱਕ ਦਿਨ ਇਸ ਗੁਰੂਆਂ ਦੀ ਧਰਤੀ ਤੇ ਸਾਡੇ ਖ਼ਾਲਸੇ ਦਾ ਰਾਜ ਹੋਵੇਗਾ-ਦਿੱਲੀ ਦੇ ਲਾਲ ਕਿਲ੍ਹੇ ਤੇ ਕੇਸਰੀ ਨਿਸ਼ਾਨ ਝੁਲਾਉਣ ਲਈ ਅਸੀਂ ਬਚਨਬੱਧ ਐਂ-ਐਮੇ ਨਹੀ ਅਸੀਂ ਕੱਕਰ ਭਰੀਆਂ ਰਾਤਾਂ ‘ਚ ਸੱਪਾਂ ਦੀਆਂ ਸਿਰੀਆਂ ਮਿੱਧਦੇ ਫਿਰਦੇ।”

-”ਕੀ ਨਾਂ ਐ ਆਪਣਾ?”

-”ਰਣਜੋਧ ਸਿੰਘ।”

-”ਬੱਲੇ-ਬੱਲੇ! ਰਣਜੋਧ ਸਿਆਂ ਸਾਡਾ ਇੱਕ ਕੰਮ ਕਰ-ਸਿੰਘਾਂ ਦੀ ਮੱਦਦ ਕਰਨਾ ਹਰ ਸਿੰਘ ਦਾ ਫ਼ਰਜ਼ ਐ-ਖ਼ਾਲਸੇ ਦੀ ਆਜ਼ਾਦੀ ਲਈ ਅਸੀਂ ਨੰਗੇ ਧੜ ਮੈਦਾਨੇ-ਜੰਗ ਲੜ ਰਹੇ ਹਾਂ।”

-”……..।” ਰਣਜੋਧ ਠਠੰਬਰ ਗਿਆ। ਕਿਤੇ ਪੈਸੇ ਈ ਨਾ ਮੰਗ ਲੈਣ? ਘਰੇ ਤਾਂ ਅੱਗੇ ਈ ਭੰਗ ਭੁੱਜਦੀ ਐ-ਨਾਲੇ ਇਹ ਤਾਂ ਮੰਗਦੇ ਵੀ ਲੱਖਾਂ ਤੋਂ ਘੱਟ ਨਹੀ ਪਤੰਦਰ!

-”ਹੁਕਮ ਕਰੋ?” ਮੁੰਡੇ ਨੇ ਦਿਲ ਨੂੰ ਬੰਨ੍ਹ ਮਾਰਿਆ ਹੋਇਆ ਸੀ। ਪਰ ਫਿਰ ਵੀ ਉਸ ਦਾ ਦਿਲ “ਫੜ੍ਹੱਕ-ਫੜ੍ਹੱਕ” ਵੱਜੀ ਜਾ ਰਿਹਾ ਸੀ। ਕੰਨ ਉਸ ਨੇ ਅਗਲੀ ਗੱਲ ਸੁਣਨ ਲਈ ਸਹੇ ਵਾਂਗ ਚੁੱਕੇ ਹੋਏ ਸਨ।

-”ਫੌਜਾਂ ਕੱਲ੍ਹ ਦੀਆਂ ਭੁੱਖੀਐਂ-ਲੰਗਰ ਦਾ ਪ੍ਰਬੰਧ ਕਰੋ!” ਹੁਕਮ ਹੋ ਗਿਆ। ਰਣਜੋਧ ਦਾ ਦਿਲ ਥਾਵੇਂ ਆ ਗਿਆ। ਬਾਕੀ ਦੇ ਸਾਥੀ ਔਤਾਂ ਦੀ ਮਟੀ ਵਾਂਗ ਸੁੰਨ ਸਨ। ਕੋਈ ਬੋਲ ਨਹੀ ਰਿਹਾ ਸੀ। ਕੋਈ ਹੀਲ-ਹੁੱਜਤ ਨਹੀ ਸੀ।

-”ਕਰ ਦਿੰਨੇ ਐਂ ਜੀ।” ਰਣਜੋਧ ਨੇ ਕਿਹਾ।

-”ਕਰ ਦਿੰਨੇ ਐਂ ਨਹੀ ਖ਼ਾਲਸਾ ਜੀ-ਤੁਰੰਤ ਹੀ ਕਰੋ-ਅਸੀਂ ਅੱਗੇ ਜਾ ਕੇ ਜੱਥਦਾਰ ਦਾ ਹੁਕਮ ਵਜਾਉਣੈ-ਸਮਾਂ ਬਹੁਤ ਘੱਟ ਐ-ਜਿੰਨੀ ਜਲਦੀ ਹੋ ਸਕੇ ਜਾਉ ਤੇ ਝੱਟਪੱਟ ਮੁੜ ਆਓ-ਔਰ ਸੁਣੋ! ਕਿਸੇ ਕੋਲ ਭਾਫ਼ ਨਾ ਨਿਕਲੇ-ਨਹੀ ਤੁਹਾਨੂੰ ਸਾਡੇ ਕਾਨੂੰਨਾਂ ਦਾ ਪਤਾ ਈ ਐ-ਪ੍ਰੀਵਾਰ ਸਮੇਤ ਸੋਧਾ!” ਹੁਕਮ ਦੇ ਨਾਲ ਮੋਢੀ ਨੇ ਧਮਕੀ ਵੀ ਦੇ ਮਾਰੀ।

-”ਬਿਲਕੁਲ ਨਹੀ ਨਿਕਲਦੀ-ਪਰ ਮੈ ਕਿਆਰਾ ਮੋੜ ਆਵਾਂ?”

-”ਮੋੜ ਆਉ!”

ਰਣਜੋਧ ਨੇ ਚਾਰ ਕਿਆਰਿਆਂ ਵਿਚ ਪਾਣੀ ਖੁੱਲ੍ਹਾ ਛੱਡ ਦਿਤਾ ਅਤੇ ਆਪ ਸਾਈਕਲ ਲੈ ਕੇ ਪਿੰਡ ਨੂੰ ਤੁਰ ਗਿਆ। ਜਦੋਂ ਰਣਜੋਧ ਨੇ ਘਰੇ ਜਾ ਕੇ ਅਸਲ ਗੱਲ ਜ਼ਹਿਰ ਕੀਤੀ ਤਾਂ ਘਰ ਵਿਚ ਇੱਕ ਦਮ ਭੂਚਾਲ ਆ ਗਿਆ। ਸਾਰਿਆਂ ਦੇ ਮੂੰਹ ਠਾਕੇ ਗਏ। ਅਚਾਨਕ ਪਈ ਧਾੜ ‘ਤੇ ਉਹ ਹੈਰਾਨੀ ਨਾਲੋਂ ਡਰੇ ਹੋਏ ਵੱਧ ਸਨ। ਪਰ ਗੱਲ ਰਣਜੋਧ ਦੇ ਬਾਪੂ ਬਲੀ ਸਿੰਘ ਨੇ ਆਪਣੇ ਹੱਥ ਵਿਚ ਲੈ ਲਈ।

-”ਤੀਮੀਆਂ ਆਲੀ ਮੂੜ੍ਹ ਮੱਤ ਨਾ ਵਰਤੋ-ਰੋਟੀ ਲਾਹੋ ਤੇ ਫੜਾਓ ਮੁੰਡੇ ਦੇ ਹੱਥ-ਜਲਦੀ ਕਰੋ-ਕੁੜੀ  ਯਹਾਵੇ ਦੇ ਕਿਤੇ ਖੇਤੋਂ ਪਿੰਡ ਨੂੰ ਮੋੜਾ ਨਾ ਪਾ ਲੈਣ-ਇਹਨਾਂ ਪਰੇਤਾਂ ਤੋਂ ਤਾਂ ਰੱਬ ਦੂਰ ਈ ਰੱਖੇ-ਪਤਾ ਨਹੀ ਕਦੋਂ ਫ਼ੈਰ ਖੋਲ੍ਹ ਦੇਣ।”

-”ਵੇ ਖਸਮਾਂ ਨੂੰ ਖਾਣਿਆਂ ਕਿਤੇ ਗਿੱਝੇ ਗਿਝਾਏ ਨਿੱਤ ਨਾ ਆ ਮਰਿਆ ਕਰਨ?” ਰਣਜੋਧ ਦੀ ਮਾਂ ਨੇ ਦੁਹਾਈ ਦਿੱਤੀ। ਉਸ ਨੂੰ ਸਹੇ ਨਾਲੋਂ ਜਿ਼ਆਦਾ ਪਹੇ ਦਾ ਡਰ ਮਾਰ ਰਿਹਾ ਸੀ। ਗਿੱਲੇ ਗੋਹੇ ਵਾਂਗ ਉਹ ਅੰਦਰੋਂ ਧੁਖ਼ ਰਹੀ ਸੀ।

-”ਤੂੰ ਡੌਂਡੀ ਪਿੱਟ ਕੇ ਗੁਆਂਢੀਆਂ ਨੂੰ ਦੱਸਣੈ-ਕੁੱਤੀਏ ਰੰਨੇ? ਪਹਿਲਾਂ ਆਬਦਾ ਮੂੰਹ ਬੰਦ ਕਰ-ਕਿਵੇਂ ਚਬੜ ਚਬੜ ਮਾਰੀ ਜਾਂਦੀ ਐ ਜਾਬ੍ਹਾਂ ਨੂੰ-ਹਰਾਮ ਦੀ!”

-”ਰੋਟੀ ਖੁਆ ਕੇ ਫਾਹਾ ਵੱਢੋ-ਨਹੀ ਸਾਲੇ ਸਾਰਿਆਂ ਨੂੰ ਫੂਕ ਕੇ ਪਰ੍ਹਾਂ ਹੋਣਗੇ-।” ਬਲੀ ਸਿੰਘ ‘ਉਹਨਾਂ’ ਦਾ ਗੁੱਸਾ ਆਪਣੀ ਧਰਮ ਪਤਨੀ ‘ਤੇ ਕੱਢ ਰਿਹਾ ਸੀ। ਪਈ ਬਿੱਜ ‘ਤੇ ਉਸ ਦਾ ਕੋਈ ਵਿਰੋਧ ਨਹੀ ਕਰ ਰਿਹਾ ਸੀ।

ਸਾਰੇ ਬੜੀ ਧੀਮੀ ਅਵਾਜ਼ ਵਿਚ ਬੋਲ ਰਹੇ ਸਨ।

-”ਜੇ ਪੁਲਸ ਨੂੰ ਪਤਾ ਲੱਗ ਗਿਆ-ਫੇਰ ਕੀ ਕਰੇਂਗਾ-ਜਣਦਿਆਂ ਨੂੰ ਰੋਣਿਆਂ?” ਬੇਬੇ ਨੇ ਅਗਲਾ ਫਿ਼ਕਰ ਦੱਸਿਆ।

-”ਤੇਰੀ ਗੁੱਤ ਪਿੱਛੇ ਮੱਤ ਐ-।” ਰਣਜੋਧ ਦੇ ਬਾਪੂ ਨੇ ਉਸ ਦੀ ਮਾਂ ਦੀ ਧੌਣ ‘ਚ ਮੁੱਕੀ ਦੇ ਮਾਰੀ।

-”ਮੁਰਦਾ ਬੋਲੂ ਖੱਫਣ ਪਾੜੂ-ਜੇ ਤੂੰ ਇਉਂ ਈ ਕੁੱਤੇ ਮਾਂਗੂੰ ਭੌਂਕੀ ਗਈ-ਤੇਰੀ ਮਾਂ ਪੁਲਸ ਨੂੰ ਤਾਂ ਆਪੇ ਈ ਪਤਾ ਲੱਗੂ-ਤੂੰ ਰੋਟੀਆਂ ਲਾਹ ਕੇ ਹੱਥ ਫੜਾ ਉਹਦੇ-ਉਹ ਕੰਜਰ ਖੇਤੋਂ ਤੁਰਦੇ ਹੋਣ-ਜੇ ਚਿੜ ਕੇ ਜਿਦ ‘ਚ ਆ ਗਏ-ਨਿੱਤ ਲੰਗਰ ਭਾਲਿਆ ਕਰਨਗੇ-ਖੇਤ ਈ ਪਾ ਲਈਂ ਰਸੋਈ ਫੇਰ-ਚਲੋ ਕੁੜ੍ਹੇ ਕੁੜੀਓ ਕੀ ਬਿਟਰ ਬਿਟਰ ਝਾਕੀ ਜਾਨੀਐਂ? ਲਾਹੋ ਰੋਟੀ!” ਬਲੀ ਸਿੰਘ ਨੇ ਤਾੜ ਕੇ ਸਾਰੀਆਂ ਚੌਂਕੇ ਵਾੜ ਦਿੱਤੀਆਂ।

ਪਲਾਂ ‘ਚ ਰੋਟੀ ਤਿਆਰ ਹੋ ਗਈ।

ਰੋਟੀਆਂ ਅਤੇ ਸਬਜ਼ੀ ਬੰਨ੍ਹ ਕੇ ਬੇਬੇ ਨੇ ਮੁੰਡੇ ਦੇ ਹੱਥ ਫੜਾ ਦਿੱਤੀਆਂ। ਤੁਰਨ ਲੱਗੇ ਪੁੱਤ ਨੂੰ ਬਾਪੂ ਨੇ ਰੋਕ ਲਿਆ। ਉਹ ਮੁੰਡੇ ਵੱਲ ਇਸ ਤਰ੍ਹਾਂ ਤੱਕ ਰਿਹਾ ਸੀ, ਜਿਵੇਂ ਪੁੱਤ ‘ਜੰਗ’ ਨੂੰ ਚੱਲਿਆ ਸੀ!

-”ਉਹਨਾਂ ਨੂੰ ਪੁੱਤ ਲੰਗਰ ਝੁਲਸਾ ਕੇ ਤੁਰਦਾ ਕਰ-ਘਬਰਾਉਣਾ ਬਿਲਕੁਲ ਨਹੀ-ਤੇ ਨਾ ਹੀ ਕਿਸੇ ਕੋਲ ਕੋਈ ਗੱਲ ਕਰਨੀ ਐਂ ਸ਼ੇਰਾ-ਵੇਲੇ ਬਹੁਤ ਮਾੜੇ ਆ ਗਏ-ਬੰਦੇ ਦੀ ਅੱਜ ਕੱਲ੍ਹ ਕੁੱਤੇ ਜਿੰਨੀ ਕਦਰ ਨਹੀ-ਕਾਲੇ ਦਿਨਾਂ ‘ਚ ਪੁੱਤਰਾ ਕੋਈ ਨਹੀ ਕਿਸੇ ਦੀ ਹਾਂਮੀ ਭਰਦਾ-ਜਦੋਂ ਰੋਟੀ ਖਾ ਕੇ ਤੁਰ ਜਾਣ-ਮੋਟਰ ਬੰਦ ਕਰਕੇ ਆ ਜਾਈਂ-ਖਸਮਾਂ ਨੂੰ ਖਾਵੇ ਪਾਣੀ-ਗੱਲ ਬੰਨ੍ਹ ਲਈ ਪੱਲੇ?”

ਸਿਰ ਹਿਲਾ ਕੇ ਰਣਜੋਧ ਨੇ ਹਾਮੀ ਭਰ ਦਿੱਤੀ ਅਤੇ ਸਾਈਕਲ ਤੇ ਲੱਤ ਦੇ ਲਈ। ਬਲੀ ਸਿੰਘ ਵੱਡਾ ਦਰਵਾਜਾ ਬੰਦ ਕਰਕੇ “ਵਾਹਿਗੁਰੂ-ਵਾਹਿਗੁਰੂ” ਜਪਦਾ ਵਾਪਿਸ ਆ ਗਿਆ।

-”ਅੱਧੀ ਰਾਤੋਂ ਤੁਰੇ ਫਿਰਦੇ ਓਂ, ਸੁੱਖ ਐ?” ਬਨੇਰੇ ਉਪਰੋਂ ਗੁਆਂਢੀ ਨੇ ਪੁੱਛਿਆ। ਉਹ ਸਾਂਝੀ ਕੰਧ ਉਪਰੋਂ ਸੱਪ ਵਾਂਗ ਸਿਰ ਚੁੱਕੀ ਖੜ੍ਹਾ ਸੀ। ਉਸ ਦੀਆਂ ਅੱਖਾਂ ਵਿਹੜੇ ਵਿਚ ਘੁਕੀ ਜਾ ਰਹੀਆਂ ਸਨ।

ਬਲੀ ਸਿੰਘ ਦਾ ਮੱਥਾ ਜੋਰ ਦੇਣੇ ਠਣਕਿਆ।

ਪਰ ਉਹ ਸੰਭਲ ਗਿਆ। ਘਬਰਾਉਣਾ ਅੱਤ ਦੀ ਬੇਵਕੂਫ਼ੀ ਸੀ।

-”ਆਹੋ ਕਾਮਰੇਟਾ ਸੁੱਖ ਈ ਐ-ਆਪਣੇ ਜੋਧ ਦੇ ਦਰਦ ਹੁੰਦਾ ਸੀ-ਚੂਰਨ ਲੈ ਕੇ ਗਿਐ।” ਬਲੀ ਸਿੰਘ ਨੇ ਪਸੀਨੇ ਨਾਲ ਤਰ-ਬਤਰ ਹੱਥ ਮਲੇ। ਅੰਦਰੋਂ ਉਹ ਬੁਰੀ ਤਰ੍ਹਾਂ ਨਾਲ ਥਿੜਕ ਗਿਆ ਸੀ।

-”ਮੈ ਤਾਂ ਕੁਛ ਹੋਰ ਸੋਚਿਆ ਸੀ।” ਕਾਮਰੇਡ ਬੋਲਿਆ।

-”ਕੀ…..?” ਸਾਹ ਬਲੀ ਸਿੰਘ ਦੇ ਸੰਘ ਵਿਚ ਹੀ ਅੜ ਗਿਆ ਸੀ। ਲੱਤਾਂ ਉਸ ਦੀਆਂ ਜਵਾਬ ਦੇ ਰਹੀਆਂ ਸਨ।

-”ਮੈ ਕਿਹਾ ਕਿਤੇ ਮੱਝ ਸੂਅ ਪਈ।”

ਬਲੀ ਸਿੰਘ ਨੇ ਪੂਰਾ ਸਾਹ ਲਿਆ।

ਖ਼ੁਸ਼ਕ ਹੋਏ ਪ੍ਰਾਣਾਂ ਵਿਚ ਜਾਨ ਮੁੜ ਆਈ।

-”ਨਹੀ ਮੱਝ ਕਾਹਨੂੰ ਸੂਈ ਐ।”

-”ਦਰਦਾਂ ਨੂੰ ਵੀ ਬਲੀ ਸਿਆਂ ਕੀ ਦੋਸ਼ ਐ? ਸਪਰੇਆਂ ਖਾਦਾਂ ਨਿਰੀਆਂ ਜਹਿਰ ਐ-ਪਰ ਕੋਈ ਵੱਸ ਨਹੀ-ਜੇ ਸਪਰੇਅ ਨਹੀ ਕਰਦੇ-ਖਾਦਾਂ ਨਹੀ ਪਾਉਂਦੇ-ਫਸਲ ਨਹੀ ਹੁੰਦੀ-ਦਾਣੇ ਨਹੀ ਖਾਣ ਜੋਗੇ ਘਰੇ ਆਉਂਦੇ।” ਕਰਦਾ ਕਰਦਾ ਕਾਮਰੇਡ ਕੰਧੋਂ ਥੱਲੇ ਲਹਿ ਗਿਆ।

ਬਲੀ ਸਿੰਘ ਕੁੜ੍ਹਦਾ ਅੰਦਰ ਚਲਾ ਗਿਆ।

-”ਜਦੋਂ ਭਿੰਡਰਾਂ ਆਲ਼ਾ ਜਿਉਂਦਾ ਸੀ-ਉਦੋਂ ਮੇਰੇ ਸਾਲੇ ਪਤਾ ਨਹੀ ਕਿਹੜੀ ਕੂਟੀਂ ਚੜ੍ਹ ਗਏ ਸੀ-ਬਾਹਵਾ ‘ਰਾਮਦਾਰੀ ਰਹੀ ਸੀ-ਹੁਣ ਕੁੜੀ ਚੋਦ ਫੇਰ ਗੰਡੋਇਆਂ ਮਾਂਗੂੰ ਬਾਹਰ ਨਿੱਕਲ ਆਏ।”

-”ਚੱਲ ਨਾ ਬਿਲੂੰ-ਬਿਲੂੰ ਕਰ-ਪੈ ਜਾਹ ਹੁਣ।”

-”ਪੈ ਤਾਂ ਜਾਨੈ-ਕਿਹੜਾ ਨੀਂਦ ਆਉਣੀ ਐਂ।”

-”ਰੱਬ ਦਾ ਨਾਂ ਲੈ।”

-”ਬਥੇਰਾ ਲਈਦੈ-ਪਤਾ ਨਹੀ ਰੱਬ ਵੀ ਕਿਹੜੀ ਪਹਾੜੀ ਚੜ੍ਹ ਗਿਆ?”

-”ਭੀੜਾਂ ਭਗਤਾਂ ਤੇ ਈ ਪੈਂਦੀਐਂ।”

-”ਨਿੱਤ ਬੇਗੁਨਾਂਹ ਮਰੀ ਜਾਂਦੇ ਐ।”

-”ਉਹਦੇ ਰੰਗ ਨਿਆਰੇ ਐ-।”

-”ਕੀਤੀ….!”

-”ਹਾਂ ਬੇਬੇ….?”

-”ਤੂੰ ਆਬਦੀ ਭਾਬੀ ਕੋਲੇ ਪੈ ਜਾਹ ਪੁੱਤ!”

-”ਅਸੀਂ ਪੈ ਗਈਆਂ ਬੇਬੇ।”

ਕੁੜੀ ਦਾ ਉਤਰ ਆਇਆ।

-”ਸ਼ਾਬਾਸ਼ੇ ਪੁੱਤ!”

ਨਣਾਨ ਭਰਜਾਈ ਨੂੰ ਵੀ ਅੱਚਵੀ ਲੱਗੀ ਹੋਈ ਸੀ।

-”ਕੀਤੀ ਮੇਰਾ ਤਾਂ ਦਿਲ ਘਟੀ ਜਾਂਦੈ।”

-”ਤੋੜ ਤਾਂ ਭਾਬੀ ਮੈਨੂੰ ਵੀ ਲੱਗੀ ਪਈ ਐ।”

-”ਪਤਾ ਨਹੀ ਕੀ ਹੋਊ?”

-”ਜੋ ਦੁਨੀਆਂ ਨਾਲ ਹੋਊ-ਉਹੀ ਆਪਣੇ ਨਾਲ ਹੋਊ।”

-”ਹੇ ਡਾਢਿਆ ਰੱਬਾ ਸੁੱਖ ਸ਼ਾਂਤੀ ਈ ਰੱਖੀਂ।” ਭਾਬੀ ਨੇ ਗਜ਼ ਭਰ ਲੰਮਾ ਹਾਉਕਾ ਲਿਆ। ਜੋ ਕੀਤੀ ਦੇ ਦਿਲੋਂ ਆਰ ਪਾਰ ਲੰਘ ਗਿਆ। ਉਸ ਨੇ ਸੱਜ-ਵਿਆਹੀ ਭਾਬੀ ਨੂੰ ਜੱਫੀ ਵਿਚ ਲੈ ਕੇ ਧਾਹ ਮਾਰੀ। ਉਸ ਦਾ ਕਾਲਜਾ ਭਾਬੀ ਦੇ ਦੁੱਖ ਨਾਲ ਕਤਲ ਹੋਇਆ ਪਿਆ ਸੀ। ਕੁੜੀ ਦੀਆਂ ਅੱਖਾਂ ਕਿਸੇ ਗਰੀਬ ਦੇ ਘਰ ਵਾਂਗ ਚੋਅ ਰਹੀਆਂ ਸਨ। ਪਈ ਕੀਤੀ ਦੇ ਹੰਝੂ ਉਸ ਦੇ ਕੰਨਾਂ ‘ਤੇ “ਤਰਿੱਪ-ਤਰਿੱਪ” ਡਿੱਗ ਰਹੇ ਸਨ। ਇਹ ਹੀ ਹਾਲ ਭਾਬੀ ਦਾ ਸੀ। ਉਸ ਦੀ ਛਾਤੀ ਵਿਚੋਂ ਝੱਖੜ ਵਾਂਗ ਹਾਉਕਾ ਉਠਦਾ ਸੀ ਅਤੇ ਸਾਰੇ ਸਰੀਰ ਨੂੰ ਛਾਂਗ ਜਾਂਦਾ ਸੀ।

ਬੇਬੇ-ਬਾਪੂ ਵੀ ਹੌਲੀ ਹੌਲੀ ਦੁੱਖ ਫਰੋਲ ਰਹੇ ਸਨ।

ਰਾਤ ਦਾ ਡੇੜ੍ਹ ਵੱਜ ਗਿਆ ਸੀ ਜਦੋਂ ਰਣਜੋਧ ਰੋਟੀ ਲੈ ਕੇ ਉਨ੍ਹਾਂ ਕੋਲ ਪੁੱਜਿਆ। ਧੂਣੀ ਅਜੇ ਵੀ ਲਟਾ-ਲਟ ਬਲ ਰਹੀ ਸੀ। ਸ਼ਾਇਦ ਸਿੰਘਾਂ ਨੇ ਹੋਰ ਬਾਲਣ ਉਪਰ ਸੁੱਟ ਦਿੱਤਾ ਸੀ।

ਜਦ ਰੋਟੀ ਅਤੇ ਸਬਜ਼ੀ ਵਾਲਾ ਪੋਣਾਂ ਖੋਲ੍ਹ ਕੇ ਰਣਜੋਧ ਨੇ ਉਹਨਾਂ ਅੱਗੇ ਕਰਿਆ ਤਾਂ ਉਹ ਹਾਬੜਿਆਂ ਵਾਂਗ ਰੋਟੀ ਨੂੰ ਪੈ ਗਏ। ਰਣਜੋਧ ਦੇ ਮਨ ਨੇ ਕੁਝ ਸੰਤੁਸ਼ਟੀ, ਕੁਝ ਰਾਹਤ ਮਹਿਸੂਸ ਕੀਤੀ। ਭੁੱਖਿਆਂ ਨੂੰ ਖੁਆਉਣਾ ਤਾਂ ਇੱਕ ਧਰਮ ਦਾ ਕੰਮ ਹੈ। ਚਾਹੇ ਇਹ ਖਾੜਕੂ ਹਨ ਅਤੇ ਚਾਹੇ ਲੁਟੇਰੇ। ਹਨ ਤਾਂ ਅਕਸਰ ਰੱਬ ਦੇ ਮਾਨੁੱਖ ਹੀ। ਇਹ ਚਾਹੇ ਕੋਈ ਅਸੀਸ ਦੇਣ ਨਾ ਦੇਣ। ਪਰ ਇਹਨਾਂ ਦੀਆਂ ਭੁੱਖੀਆਂ ਆਂਦਰਾਂ ਤਾਂ ਅਸੀਸਾਂ ਜਰੂਰ ਦੇਣਗੀਆਂ। ਇਹ ਜੋ ਚੰਗਾ-ਮੰਦਾ ਕੰਮ ਕਰਦੇ ਹਨ-ਆਪੇ ਭੁਗਤਣਗੇ-ਆਪਾਂ ਨੂੰ ਕੀ? “ਫ਼ਰੀਦਾ ਤੇਰੀ ਝੌਂਪੜੀ ਗਲ ਕਟੀਅਨ ਕੇ ਪਾਸ।। ਜੋ ਕਰਨਗੇ ਸੋ ਭਰਨਗੇ ਤੂੰ ਕਿਉਂ ਭਇਓ ਉਦਾਸ।।” ਮੈ ਤਾਂ ਰੋਟੀ ਲਿਆ ਕੇ ਪੁੰਨ ਦਾ ਕੰਮ ਹੀ ਖੱਟਿਆ ਹੈ-ਰੱਬ ਉਪਰ ਦੇਖਦਾ ਹੈ।

ਰੋਟੀ ਖਾ ਕੇ ਉਹਨਾਂ ਵੱਡੇ ਵੱਡੇ ਡਕਾਰ ਮਾਰੇ।

ਪਾਣੀ ਵਾਲੇ ਚਲ੍ਹੇ ਕੋਲ ਹੋ ਕੇ ਹੱਥ ਧੋ, ਕੁਰਲੀਆਂ ਕਰ ਲਈਆਂ। ਭੰਡਾਰੇ ਭਰਪੂਰ ਹੋ ਗਏ ਸਨ।

-”ਹੁਣ ਤਾਂ ਇੱਕ ਇੱਕ ਗਿਲਾਸ ਚਾਹ ਹੋਵੇ ਨਾ-ਤਾਂ ਬੱਸ ਚਿੱਠੇ ਈ ਤਰ ਜਾਣ।” ਇੱਕ ਨੇ ਪਰਨੇ ਨਾਲ ਮੂੰਹ ਪੂੰਝਦਿਆਂ ਆਖਿਆ। ਮੋਢੀ “ਮੈਦਾਨ ਮਾਰਨ” ਤੁਰ ਗਿਆ।

-”ਕਿਉਂ, ਏਥੇ ਤੇਰੀ ਬੇਬੇ ਸੂਈ ਐ?” ਨਾਲ ਦੇ ਨੇ ਟਾਂਚ ਕੀਤੀ।

-”ਤੇਰੀ ਸੂਈ ਹੋਣੀ ਐ?”

-”ਦੁੱਧ ਦੀ ਬੋਤਲ ਪਈ ਐ-ਮੈ ਚਾਹ ਧਰ ਦਿੰਨੈ-ਤੁਸੀਂ ਤਕਰਾਰ ਨਾ ਕਰੋ-।” ਰਣਜੋਧ ਨੇ ਕਿਹਾ।

-” ਉਏ ਬੱਲੇ ਰਣਜੋਧ ਸਿੰਘ ਸ਼ੇਰਾ! ਸੇਰ ਖੂਨ ਵਧਾ ਦਿੱਤਾ ਗੱਲ ਕਰਕੇ-ਧਰ ਚਾਹ ਮੱਲ ਬਣਕੇ-ਜਿੱਦੇਂ ਖਾਲਸਤਾਨ ਬਣ ਗਿਆ ਤੈਨੂੰ ਕੋਈ ਅਹੁਦਾ ਜਰੂਰ ਦੇਵਾਂਗੇ।”

-”ਸਾਲਿਆ ਚੂਹੜ੍ਹਿਆ-ਜਦੋ ਨੂੰ ਖਾਲਿਸਤਾਨ ਬਣਨੈ-ਉਦੋਂ ਨੂੰ ਤੇਰੇ ਹੱਡ ਗੰਗਾ ਪਏ ਹੋਣਗੇ।” ਸਾਥੀ ਨੇ ਕਿਹਾ।

-”ਸ਼ਹਾਦਤ ਵੀ ਕਹਿੰਦੇ ਕਿਸਮਤ ਆਲੇ ਨੂੰ ਨਸੀਬ ਹੁੰਦੀ ਐ-ਸ਼ਹੀਦ ਸਿੱਧਾ ਸੁਰਗਾਂ ਨੂੰ ਜਾਂਦੈ-।”

-”ਸੁਰਗਾਂ ‘ਚ ਵਾੜ ਕੇ ਤੈਨੂੰ ਰੱਬ ਨੇ ਆਬਦਾ ਸੁਰਗ ਪਲੀਤ ਕਰਨੈ? ਨਾਸਾਂ ‘ਚ ਦੇ ਲਊ ਉਂਗਲ-ਝੜ੍ਹੰਮ!”

-”ਐਥੇ ਤਾਂ ਸਾਲੀ ਨਹੀ ਸੀ ਕਰਮਾਂ ‘ਚ-ਰੱਬ ਦੇ ਸੁਰਗ ‘ਚ ਤਾਂ ਮੈ ਦੇਬਤੀਆਂ ਤੋਂ ਲੱਤਾਂ ਘੁਟਾਇਆ ਕਰੂੰ-ਤੇ ਨਾਲੇ ਕਰਿਆ ਕਰੂੰ ਚੋਲ੍ਹ ਮੋਲ੍ਹ।”

-”ਸਾਲੇ ਚੂਹੜ੍ਹੇ ਨੂੰ ਰੋਟੀਆਂ ਦਾ ਥੱਬਾ ਖਾ ਕੇ ਗੱਲਾਂ ਕਿਮੇਂ ਆਉਣ ਲੱਗ ਪਈਆਂ-ਮਰਿਆਂ ਮਾਂਗੂੰ ਬੈਠਾ ਸੀ।”

-”ਉਥੇ ਤਾਂ ਮੇਰੇ ਯਾਰ ਚੂਹੜ੍ਹਿਆਂ ਦਾ ਸੁਰਗ ਵੀ ਅੱਡ ਈ ਹੋਊ।”

-”ਐਮੇ ਨਾ ਚੂਹੜ੍ਹਾ-ਚੂਹੜ੍ਹਾ ਆਖੀ ਜਾਓ-ਮੈ ਕਲਗੀਆਂ ਆਲੇ ਪਾਤਸ਼ਾਹ ਦਾ ਰੰਘਰੇਟਾ ਸਿੰਘ ਐਂ-ਦਸਮੇ ਪਿਤਾ ਮੈਨੂੰ ਥੋਡਾ ਸਰਪੈਂਚ ਬਣਾਉਣਗੇ।”

-”ਮੂੰਹ ਵੀ ਫਿਰ ਸਾਥੋਂ ਈ ਭੰਨਾਇਆ ਕਰੇਂਗਾ।”

-”ਮੈ ਸੁਰਗ ‘ਚ ਪਹੁੰਚਣ ਸਾਰ ਥੋਡੀਆਂ ਅਗਾਊਂ ਜਮਾਨਤਾਂ ਕਰਵਾ ਦੇਣੀਐਂ-ਜਾਣ ਸਾਰ ਦਰਖਾਸਤ ਦੇ ਦੇਣੀ ਐਂ।”

-”ਕੁਛ ਕਰੀਂ-ਤੇਰੀਆਂ ਵਿੰਗੀਆਂ ਜਿਹੀਆਂ ਲੱਤਾਂ ਅਸੀਂ ਦੋ ਥਾਂ ਕਰਨੀਆਂ ਈ ਕਰਨੀਐਂ-ਤੂੰ ਆਬਦਾ ਜੋਰ ਲਾ ਲਈਂ-ਇੱਕੋ ਟੱਕ ਨਾਲ ਲੱਤ ਗਰਚ ਦੇਣੇ ਪਰ੍ਹੇ-ਬੱਸ…!”

-”ਫੇਰ ਸਿੱਧੇ ਈ ਟਾਡਾ ਅਧੀਨ ਅੰਦਰ।”

-”ਉਥੇ ਟਾਡਾ ਚੂਹੜ੍ਹਿਆਂ ਤੇ ਲਾਗੂ ਹੁੰਦਾ ਹੋਊ-ਜੱਟਾਂ ਤੇ ਨਹੀ।” ਇੱਕ ਨੇ ਲਾ ਕੇ ਆਖਿਆ ਤਾਂ ਮੁੰਡਾ ਵੱਟ ਖਾ ਗਿਆ। ਉਸ ਦੀਆਂ ਚੜ੍ਹ ਮੱਚੀਆਂ ਸਨ।

-”ਉਏ ਨਲਾਇਕੋ ਕੁੱਤਿਓ ਜੱਟੋ! ਤੁਸੀਂ ਉਦੋਂ ਕਿੱਥੇ ਗਏ ਸੀ ਉਏ, ਜਦੋਂ ਬਾਜਾਂ ਆਲੇ ਪਿਤਾ ਨੇ ਪੰਜ ਪਿਆਰੇ ਸਾਜੇ ਸੀ? ਕੋਈ ਉੱਠਿਆ ਉਦੋਂ ਥੋਡੇ ‘ਚੋ? ਤੁਸੀਂ ਉਸ ਵੇਲੇ ਕਿੱਥੇ ਸੀ, ਜਦੋਂ ਨੌਵੇਂ ਗੁਰੂ ਤੇਗ ਬਹਾਦਰ ਦਾ ਸੀਸ ਚਾਂਦਨੀ ਚੌਂਕ ‘ਚ ਪਿਆ ਸੀ? ਤੁਸੀਂ ਉਦੋਂ ਨਾ ਨਿੱਤਰੇ? ਉਦੋਂ ਨਿੱਤਰਿਆ ਸਰਦਾਰ ਜੀਵਨ ਸਿੰਘ ਰੰਘਰੇਟਾ-ਗੁਰੂ ਦਾ ਲਾਡਲਾ ਸੂਰਮਾਂ-ਬਾਘ ਸ਼ੇਰ ਬਹਾਦਰ-ਸਾਨੂੰ ਗੁਰੂ ਕਿਆਂ ਨੇ ਰੰਘਰੇਟੇ ਗੁਰੂ ਕੇ ਬੇਟੇ ਦਾ ਥਾਪੜਾ ਦਿੱਤਾ ਹੋਇਐ-ਤੇ ਤੁਸੀਂ ਪਾੜ ਕੇ ਮੁਖਤੀ ਦੀਆਂ ਰੋਟੀਆਂ ਬਣਨ ਤੁਰਪੇ ਸੂਰਮੈਂ-ਸਾਲੇ ਕੋਹੜ੍ਹੀ ਕਿਸੇ ਥਾਂ ਦੇ।” ਉਹ ਤਾਅ ਖਾ ਗਿਆ ਸੀ।

ਚਾਹ ਆ ਗਈ।

ਉਸ ਨੇ ਜੋਸ਼ ਵਿਚ ਚਾਹ ਦਾ ਗਿਲਾਸ ਮੂੰਹ ਨੂੰ ਲਾ ਲਿਆ। ਸੜਦੀ ਚਾਹ ਨੇ ਮੁੰਡੇ ਦਾ ਮੂੰਹ ਲੂਹ ਦਿੱਤਾ।

-”ਮਰੋ ਉਏ ਭੈਣ ਦੇਣੇ ਦਿਓ!” ਉਸ ਨੇ ਚਾਹ ਦਾ ਗਿਲਾਸ ਹੇਠਾਂ ਰੱਖ ਕੇ, ਹੱਥ ਮਲਦਿਆਂ “ਸੀਅ-ਸੀਅ” ਕਰਨੀ ਸੁਰੂ ਕਰ ਦਿੱਤੀ।

-”ਕਿੱਡਾ ਹਲਕਿਆ ਵਿਐ-ਹੌਲੀ ਮਰਲਾ।”

-”ਬਾਹਲੀ ਤੱਤੀ ਐ ਸਾਲੀ-ਮੇਰਾ ਤਾਂ ਮੂੰਹ ਜਲ ਗਿਆ-ਹੱਥ ਮੱਚਗੇ।”

-”ਕੋਈ ਮਗਰ ਪਿਐ?”

-”ਉਤੋਂ ਟੈਮ ਦੇਖਲਾ ਕੀ ਹੋਣ ਆਲੈ-ਮੇਰੇ ਰਿਸ਼ਤੇਦਾਰਾਂ ਨੇ ਚਾਰ ਵਜੇ ਈ ਨਾਕੇ ਆ ਮੱਲਣੇ ਐਂ-ਤੁਸੀਂ ਤਾਂ ਸਾਲਿਓ ਕਿਸੇ ਪੁਲੀ ਦੀ ਆੜ ਲੈ ਲਵੋਂਗੇ-ਮੈ ਤਾਂ ਗੁਰੂ ਦਾ ਸੂਰਮਾਂ ਸਿੱਧੀ ਹਿੱਕ ‘ਚ ਗੋਲੀ ਖਾਊਂ।”

-”ਸੁਰਗ ਵੀ ਤੈਨੂੰ ਈ ਉਡੀਕਦੈ।”

ਮੋਢੀ ‘ਮੈਦਾਨ-ਮਾਰ’ ਕੇ ਵਾਪਿਸ ਆ ਗਿਆ।

ਸਾਰੇ ਸ਼ਾਂਤ ਹੋ ਗਏ।

-”ਹਾਂ ਬਈ ਸਿੰਘੋ ਤਿਆਰ ਹੋ?”

-”ਬੱਸ ਘੁੱਟ ਕੁ ਚਾਹ ਰਹਿੰਦੀ ਐ।”

-”ਪੀਓ ਤੇ ਬਣੋ ਮੱਲ।”

ਸਾਰਿਆਂ ਨੇ ਚਾਹ ਨਬੇੜ ਦਿੱਤੀ।

-”ਲੈ ਬਈ ਰਣਜੋਧ ਸਿਆਂ-ਤੇਰਾ ਬਹੁਤ ਬਹੁਤ ਧੰਨਵਾਦ-ਜਿਉਂਦੇ ਰਹੇ ਤਾਂ ਤੇਰਾ ਅਹਿਸਾਨ ਮੋੜਾਂਗੇ-ਗੁਰੂ ਨੂੰ ਪਿਆਰੇ ਹੋ ਗਏ ਤਾਂ ਕੁਛ ਕਹਿ ਨਹੀ ਸਕਦੇ।” ਮੋਢੀ ਨੇ ਕਿਹਾ।

ਰਣਜੋਧ ਨੇ ਸੁੱਖ ਦਾ ਸਾਹ ਲਿਆ ਕਿ ਜਿਹੜਾ ਆਹ ਕੁਛ ਕਹਿ ਗਏ, ਹੁਣ ਨਹੀ ਮੁੜ ਕੇ ਆਉਂਦੇ। ਉਸ ਨੇ ਗਿਲਾਸ ਇਕੱਠੇ ਕਰਕੇ ਕੋਠੜੀ ਅੰਦਰ ਸੁੱਟ ਦਿੱਤੇ ਅਤੇ ਆਪ ਮੋਟਰ ਬੰਦ ਕਰਕੇ ਘਰ ਨੂੰ ਤਿੱਤਰ ਹੋ ਗਿਆ।

ਸਵੇਰ ਦੇ ਸਵਾ ਚਾਰ ਵੱਜ ਗਏ ਸਨ।

ਖਿੱਤੀਆਂ ਘੁੰਮ ਗਈਆਂ ਸਨ।

ਪਹਿਲੇ ਸਿਪਾਹੀ ਦੀ ਡਿਊਟੀ ਬਦਲ ਗਈ ਸੀ। ਪਹਿਲਾ ਸਿਪਾਹੀ ਤਿੰਨ ਵਜੇ ਰਣਜੋਧ ਲਈ ਚਾਹ ਲੈ ਕੇ ਆਇਆ ਸੀ। ਪਰ ਮੁੰਡੇ ਨੂੰ ਮਸਾਂ ਹੀ ਸੁੱਤਾ ਦੇਖ ਕੇ, ਉਸ ਨੇ ਰਣਜੋਧ ਨੂੰ ਜਗਾਉਣਾ ਠੀਕ ਨਾ ਸਮਝਿਆ ਅਤੇ ਦੂਜੇ ਗਿਲਾਸ ਵਾਲੀ ਚਾਹ ਵੀ ਆਪ ਹੀ ਪੀ ਲਈ।

ਹੁਣ ਡਿਊਟੀ ਗੁਰਮੀਤ ਦੀ ਸੀ।

ਗੁਰਮੀਤ ਸੁਭਾਅ ਦਾ ਬਹੁਤ ਹੀ ਕੁਰੱਖ਼ਤ ਅਤੇ ਦਿਮਾਗ ਦਾ ਖਰ ਬੰਦਾ ਸੀ। ਉਸ ਦੀ ਬੇਈਮਾਨ ਅੱਖ ਵਿਚ ਹਮੇਸ਼ਾ ਘੂਰ ਅਤੇ ਮੂੰਹ ‘ਤੇ ਸਿੱਧੀ ਗਾਲ੍ਹ ਲਿਖੀ ਹੋਈ ਸੀ। ਉਸ ਦੀ ਖੋਦੀ ਬੋਕ ਦਾਹੜੀ ਉਸ ਦੇ ਚਿਹਰੇ ਨੂੰ ਹੋਰ ਭਿਆਨਕ ਬਣਾਉਂਦੀ ਸੀ ਅਤੇ ਲੰਡੀਆਂ ਜਿਹੀਆਂ ਮੁੱਛਾਂ ਨੂੰ ਉਹ ਚੂਹੇ ਦੀ ਪੂਛ ਵਾਂਗ ਤਿੱਖੀਆਂ ਕਰਕੇ ਰੱਖਦਾ ਸੀ। ਮੰਤਰੀ ਦੇ ਘਰ ਗਈ ਗਧੀ ਵਾਂਗ , ਠਾਣੇਦਾਰ ਦਾ ਟਾਊਟ ਹੋਣ ਕਰਕੇ ਠਾਣੇ ਦੇ ਕਿਸੇ ਕਰਮਚਾਰੀ ਨੂੰ ਕੁਝ ਬਿਦਦਾ ਹੀ ਨਹੀ ਸੀ।

ਰਣਜੋਧ ਦੇ ਵੱਜਦੇ ਘੁਰਾੜ੍ਹੇ ਸਿਪਾਹੀ ਦੇ ਕੰਨਾਂ ਵਿਚ ਹੁੱਝਾਂ ਮਾਰ ਰਹੇ ਸਨ। ਰਾਤ ਦੀ ਪੀਤੀ ਹੋਈ ਦੇਸੀ ਦਾਰੂ ਅਜੇ ਵੀ ਨਾ ਉਤਰਨ ਕਾਰਨ ਉਸ ਦਾ ਸਿਰ “ਟੱਸ-ਟੱਸ” ਕਰ ਰਿਹਾ ਸੀ। ਉਸ ਨੂੰ ਚੇਹ ਚੜ੍ਹੀ ਹੋਈ ਸੀ।

ਪੈਂਦੀ ਸੱਟੇ ਉਸ ਨੇ ਸਲਾਖਾਂ ਵਿਚੋਂ ਦੀ ਰਣਜੋਧ ਦੀ ਵੱਖੀ ਵਿਚ ਬੰਦੂਕ ਦਾ ਬੱਟ ਮਾਰਿਆ। ਬੱਟ ਇਤਨੀ ਬੇਰਹਿਮੀ ਨਾਲ ਮਾਰਿਆ ਕਿ ਮੁੰਡਾ ਫ਼ਰਸ਼ ‘ਤੇ ਹੀ ਚਾਕੂ ਵਾਂਗ ਇਕੱਠਾ ਹੋ ਗਿਆ ਅਤੇ ਨਾਲ ਹੀ ਉਸ ਦੀ ਇੱਕ ਦਰਦਨਾਕ ਚੀਕ “ਹਾਏ ਉਏ ਰੱਬਾ ਮਰ ਗਿਆ!” ਨਿਕਲੀ। ਬੱਟ ਦੀ ਚੀਸ ਮੁੰਡੇ ਦੇ ਸਰੀਰ ਅੰਦਰ ਅੱਗ ਦੀਆਂ ਲਾਟਾਂ ਬਣ, ਭਾਂਬੜ ਤਰ੍ਹਾਂ ਫ਼ੈਲ ਗਈ। ਉਹ ਵੱਖੀ ਘੁੱਟੀ, ਕਮਾਨੀ ਵਾਂਗ ਦੂਹਰਾ ਹੋਇਆ ਫ਼ਰਸ਼ ‘ਤੇ ਹੀ ਪਿਆ ਸੀ। ਉਠਣ ਲਈ ਸਾਹ-ਸਤ ਨਹੀ ਰਿਹਾ ਸੀ। ਉਸ ਨੇ ਔਖਾ ਸੌਖਾ ਹੋ ਕੇ ਪਾਸਾ ਪਰਤਿਆ ਅਤੇ ਨਵੇਂ ਸਿਪਾਹੀ ਨੂੰ ਗਹੁ ਨਾਲ ਤੱਕ ਕੇ ਪਹਿਚਾਨਣ ਦੀ ਕੋਸਿ਼ਸ਼ ਕੀਤੀ। ਸਿਪਾਹੀ ਭੂਸਰਿਆ, ਸਾਹਣ ਵਾਂਗ ਫੂੰਕਾਰੇ ਮਾਰੀ ਜਾ ਰਿਹਾ ਸੀ। ਉਸ ਦੀ ਭਿਆਨਕ ਨਜ਼ਰ ਮੁੰਡੇ ਦੇ ਮੂੰਹ ‘ਤੇ ਅੱਗ ਵਰ੍ਹਾ ਰਹੀ ਸੀ।

-”ਹਾਏ ਸੰਤਰੀ ਜੀ-ਮੈ ਤਾਂ ਮਰ ਗਿਆ….!”

ਰਣਜੋਧ ਦੀਆਂ ਪੱਸਲੀਆਂ ‘ਚੋਂ ਲਾਟਾਂ ਨਿਕਲ ਰਹੀਆਂ ਸਨ।

-”ਤੇਰੀ ਮੈ ਭੈਣ ਨੂੰ ਨਵੇਂ ਦੁੱਧ ਕਰ ਦਿਆਂ-ਐਥੇ ਪਿਆ ਮੌਜ ਨਾਲ ਘੁਰਾੜ੍ਹੇ ਮਾਰੀ ਜਾਨੈਂ-ਸਹੁਰੀਂ ਆਇਐਂ?” ਸਿਪਾਹੀ ਨੇ ਬੰਦੂਕ ਦਾ ਬੱਟ ਹੋਰ ਦੇ ਮਾਰਿਆ। ਰਣਜੋਧ ਹਲਾਲ ਕੀਤੇ ਜਾ ਰਹੇ ਬੱਕਰੇ ਵਾਂਗ ਮਿਆਂਕ ਕੇ ਨਿੱਸਲ ਹੋ ਗਿਆ। ਨਿਰਬਲ ਹੋ ਗਿਆ। ਤੇਜ਼, ਪਰ ਗੁੱਝੀ ਸੱਟ ਨਾਲ ਨਾ ਤਾਂ ਉਸ ਨੂੰ ਚੱਜ ਨਾਲ ਸਾਹ ਆ ਰਿਹਾ ਸੀ ਅਤੇ ਨਾ ਹੀ ਕੁਝ ਬੋਲ ਸਕਦਾ ਸੀ। ਖੱਸੀ ਕੀਤੇ ਬਲਦ ਵਾਂਗ ਉਹ ਕਸੀਸ ਜਿਹੀ ਵੱਟੀ ਪਿਆ ਸੀ। ਪਰ ਫਿਰ ਵੀ ਉਸ ਨੇ ਸਾਰਾ ਬਲ ਇਕੱਠਾ ਕਰ ਕੇ ਹੰਭਲਾ ਮਾਰਿਆ ਅਤੇ ਪਰ੍ਹੇ ਹਵਾਲਾਤ ਦੀ ਕੰਧ ਨਾਲ ਲੱਗ ਗਿਆ। ਇੱਥੇ ਉਸ ਨੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕੀਤਾ। ਕਿਉਂਕਿ ਇੱਥੇ ਸਿਪਾਹੀ ਦੀ ਬੰਦੂਕ ਦਾ ਬੱਟ ਨਹੀ ਪਹੁੰਚ ਸਕਦਾ ਸੀ। ਪਰ ਫਿਰ ਉਸ ਦਾ ਦਿਲ ਡੋਲ ਗਿਆ – ਇਹਦਾ ਬੁੱਚੜ ਦਾ ਕੀ ਇਤਬਾਰ? ਜੇ ਹਵਾਲਾਤ ਦਾ ਜਿੰਦਰਾ ਖੋਲ੍ਹ ਕੇ ਕੁੱਟਣ ਡਹਿ ਗਿਆ, ਫੇਰ ਕੀ ਕਰੂੰ? ਉਸ ਨੂੰ ਮਹਿਸੂਸ ਹੋਇਆ ਕਿ ਇੱਕ ਦੇਵਤੇ ਦਾ ਪਹਿਰਾ ਹਟ ਕੇ ਜਮਦੂਤ ਦਾ ਪਹਿਰਾ ਆ ਗਿਆ ਲੱਗਿਆ ਸੀ। ਠੰਡ ਕਾਰਨ ਮੁੰਡੇ ਦੀ ਸੱਟ ਦੀਆਂ ਚਸਕਾਂ ਹੋਰ ਵੱਧ ਗਈਆਂ। ਉਸ ਨੇ ਕੰਬਲ ਖਿੱਚ ਕੇ ਵੱਖੀਆਂ ‘ਤੇ ਘੁੱਟ ਲਏ। ਬੋਰੀਆਂ ਤੋਂ ਪਰ੍ਹੇ ਉਹ ਸੱਖਣੀ ਠੰਢੀ ਫ਼ਰਸ਼ ‘ਤੇ ਹੀ ਬੈਠਾ ਸੀ। ਬੋਰੀਆਂ ਖਿੱਚ ਕੇ ਕੋਲੇ ਕਰਨ ਦੀ ਉਸ ਵਿਚ ਸੱਤਿਆ ਹੀ ਨਹੀ ਰਹੀ ਸੀ।

-”ਮਾਈ ਬਾਪ ਮੈਨੂੰ ਕਿਉਂ ਮਾਰਦੇ ਓਂ? ਸਹੁੰ ਗੁਰੂ ਦੀ ਮੈ ਤਾਂ ਬਿਲਕੁਲ ਈ ਨਿਰਦੋਸ਼ ਆਂ-ਰਹਿਮ ਕਰੋ-ਧਰਮ ਨਾਲ ਮਰ ਜਾਊਂਗਾ।” ਮੁੰਡੇ ਦੇ ਜੋੜੇ ਹੱਥ ਕੰਬੀ ਜਾ ਰਹੇ ਸਨ। ਉਸ ਨੇ ਹੌਂਸਲਾ ਕਰਕੇ ਪੁੱਛਿਆ ਸੀ।

-”ਤੂੰ ਨਿਰਦੋਸ਼ ਐਂ?”

-”ਬਿਲਕੁਲ ਹਜੂਰ-ਰੱਬ ਨੂੰ ਜਾਨ ਦੇਣੀ ਐਂ-ਸਵੇਰ ਅੰਮ੍ਰਿਤ ਵੇਲੇ ਦਾ ਮੌਕਾ ਐ-ਜਮਾਂ ਈ ਝੂਠ ਨਹੀ ਬੋਲਦਾ।”

-”ਤੇ ਜਿਹਨਾਂ ਨੂੰ ਰੋਟੀ ਖੁਆਈ ਐ-ਉਹ ਥੋਡੀ ਕੁੜੀ ਦੇ ਖਸਮ ਸੀਗੇ?”

-”ਮਾਈ ਬਾਪ-ਤਕੜੇ ਦਾ ਸੱਤੀਂ ਵੀਹੀਂ ਸੌ-ਬੰਦੂਖਾਂ ਅੱਗੇ ਕੀਹਦਾ ਜੋਰ ਚੱਲਦੈ?”

-”ਜੇ ਬੰਦੂਕ ਦੇ ਜੋਰ ਤੇ ਥੋਡੀ ਕੁੜੀ ਮੰਗਣ ਦੇ ਦੇਵੇਂਗਾ?”

-”——।” ਰਣਜੋਧ ਨਿਰੁੱਤਰ ਹੋ ਗਿਆ। ਅਸ਼ਲੀਲ ਗੱਲ ਕਾਲਜਾ ਪਾੜ ਗਈ ਸੀ। ਉਸ ਨੂੰ ਵੱਖੀ ਦਾ ਦਰਦ ਭੁੱਲ ਗਿਆ।

ਪਹੁ ਫ਼ਟ ਗਈ।

ਚੜ੍ਹਦੀ ਵਾਲੇ ਪਾਸੇ ਲਾਲੀ ਹੀ ਲਾਲੀ ਬਿਖ਼ਰ ਗਈ।

ਅਸਮਾਨ ਦਾ ਰੰਗ ਗਾਹੜ੍ਹਾ ਰੱਤਾ ਹੋ ਗਿਆ ਸੀ।

ਠਾਣੇ ਦਾ ਚਿਤੌੜਗੜ੍ਹ ਦੇ ਕਿਲ੍ਹੇ ਜਿੱਡਾ ਵੱਡਾ ਦਰਵਾਜਾ ਖੁੱਲ੍ਹ ਗਿਆ ਸੀ। ਸੜਕਾਂ ‘ਤੇ ਮੋਟਰ ਗੱਡੀਆਂ ਦੀ ਆਵਾਜਾਈ ਸੁਰੂ ਹੋ ਗਈ ਸੀ। ਸੰਸਾਰ ਹਰਕਤ ਵਿਚ ਆ ਗਿਆ ਸੀ। ਲੋਕ ਕੰਮਾਂ ਕਾਰਾਂ ਨੂੰ ਤੁਰ ਪਏ ਸਨ। ਸਿਪਾਹੀ ਨਹਾ ਧੋ ਕੇ ਤਿਆਰ ਹੋ ਰਹੇ ਸਨ। ਸੰਸਾਰਕ ਜੀਵਨ ਫਿਰ ਤੁਰ ਪਿਆ ਸੀ।

ਹਵਾਲਾਤ ਦਾ ਪਹਿਰਾ ਦਿਨ ਚੜ੍ਹਦੇ ਹੀ ਖ਼ਤਮ ਹੋ ਜਾਂਦਾ ਸੀ। ਸੂਰਜ ਦੀ ਪਹਿਲੀ ਕਿਰਨ ਦੇ ਨਾਲ ਹੀ ਬਲੀ ਸਿੰਘ ਅਤੇ ਸਰਪੰਚ ਚਾਹ ਲੈ ਕੇ ਆ ਗਏ। ਸਾਹ-ਸਤ ਖਿੱਚੀ ਬੈਠੇ ਰਣਜੋਧ ਨੂੰ ਦੇਖ ਕੇ ਬਾਪੂ ਬਲੀ ਸਿੰਘ ਮਿੱਟੀ ਹੋ ਗਿਆ।

-”ਕਿਉਂ ਕੋਈ ਪੁੱਛ-ਗਿੱਛ ਕੀਤੀ?” ਸਰਪੰਚ ਨੇ ਮੁੰਡੇ ਦੇ ਚਿਹਰੇ ਦੀ ਪੀੜ ਪੜ੍ਹਦਿਆਂ ਪੁੱਛਿਆ।

-”ਪੁੱਛ-ਗਿੱਛ ਤਾਂ ਕੋਈ ਨਹੀ ਕੀਤੀ ਪਰ ਸਵੇਰ ਦੀ ਡਿਊਟੀ ਆਲਾ ਸਿਪਾਹੀ ਐਮੇ ਈ ਸੁੱਤੇ ਪਏ ਦੇ ਬੱਟ ਮਾਰ ਗਿਆ।” ਬਾਕੀ ਦੀ ਗੱਲ ਉਸ ਨੇ ਕਾਲਜੇ ਹੇਠ ਦੱਬ ਲਈ।

-”ਕੋਈ ਨੀ ਮਾੜੇ ਮੋਟੇ ਬੱਟਾਂ ਦਾ ਕੀ ਐ? ਮੈਂ ਠਾਣੇਦਾਰ ਨੂੰ ਫੇਰ ਆਖ ਦਿੰਨੈ-ਕੰਨ ਖਿੱਚਦੂ ਸਾਰਿਆਂ ਦੇ।”

-”ਤੂੰ ਚਾਹ ਪੀ-ਕਾਇਮ ਹੋ।”

ਰਣਜੋਧ ਚਾਹ ਪੀਣ ਲੱਗ ਪਿਆ।

ਬਲੀ ਸਿੰਘ ਫਿਰ ਮੁੰਡੇ ਵੱਲ ਪਿੱਠ ਕਰੀ ਬੈਠਾ ਸੀ। ਉਸ ਦਾ ਦਰਦ ਉਸ ਤੋਂ ਝੱਲਿਆ ਨਹੀ ਜਾਂਦਾ ਸੀ।

ਠਾਣੇਦਾਰ ਚੁਬਾਰਿਓਂ ਪੌੜੀਆਂ ਉਤਰ ਆਇਆ। ਉਸ ਨੇ ਚਿਣ ਕੇ ਪੱਗ ਬੰਨ੍ਹੀਂ ਹੋਈ ਸੀ ਅਤੇ ਮੁੱਛਾਂ ਦੇ ਕੁੰਢ ਵੱਖਰਾ ਹੀ ਪ੍ਰਭਾਵ ਦੇ ਰਹੇ ਸਨ। ਮੋਢੇ ਦੇ ਸਟਾਰ ਧੁੱਪ ਵਿਚ ਚਾਂਭੜਾਂ ਮਾਰ ਰਹੇ ਸਨ। ਉਹ ਬੜੀ ਤੇਜ਼ੀ ਨਾਲ,

ਰੇਲ ਵਾਂਗ ਪੌੜੀਏਂ ਉਤਰਿਆ ਸੀ।

-”ਆਓ ਸਰਪੰਚ ਸਾਹਿਬ-ਕੋਈ ਸ਼ਕਾਇਤ ਤਾਂ ਨਹੀਂ?” ਠਾਣੇਦਾਰ ਆਪਣੀ ਥਾਂ ਬਿਲਕੁਲ ਸੱਚਾ ਸੀ।

-”ਸਰਦਾਰ ਜੀ-ਸਵੇਰ ਦੀ ਡਿਊਟੀ ਵਾਲੇ ਸਿਪਾਹੀ ਨੇ ਬਿਨਾਂ ਗੱਲੋਂ ਮੁੰਡੇ ਦੇ ਬੱਟ ਮਾਰੇ-ਆਹ ਦੇਖ ਲਓ ਚਿੱਬ ਪਾਏ ਪਏ ਐ ਵਿਚਾਰੇ ‘ਚ।”

ਸਰਦਾਰ ਚੁੱਪ ਹੋ ਗਿਆ।

-”ਮੁਣਸ਼ੀ….!”

-”ਜੀ ਹਜੂਰ….?”

-”ਤੜਕੇ ਪਹਿਰੇ ਤੇ ਕੌਣ ਸੀ?”

-”ਜੀ ਗੁਰਮੀਤ!”

-”ਕੁੜੀ ਚੋਦ ਦੇ ਬਿੱਲੀ ਮੂੰਹੇਂ ਨੂੰ ਕਿੰਨੀ ਵਾਰੀ ਕਿਹੈ ਬਈ ਹਵਾਲਾਤੀਆਂ ਨੂੰ ਤੰਗ ਨਾ ਕਰਿਆ ਕਰ-ਪਰ ਐਡਾ ਢੀਠ ਐ-ਪੰਗੇ ਲੈਣੋ ਨਹੀ ਹੱਟਦਾ-ਤੁਸੀਂ ਰਾਤ ਦੀ ਦਿਓ ਮੁਆਫੀ-ਮੁੜ ਕੇ ਕੋਈ ਐਸੀ ਗਲਤੀ ਨਹੀ ਕਰਦਾ।”

-”ਇੱਕ ਗੱਲ ਮਿਹਰਬਾਨੀ ਕਰਕੇ ਹੋਰ ਦੱਸ ਦਿਓ-ਬਈ ਮੁੰਡੇ ਨੂੰ ਹੋਰ ਕਿੰਨ੍ਹਾਂ ਕੁ ਚਿਰ ਰੱਖੋਂਗੇ?”

-”ਉਹ ਤਾਂ ਮੈ ਕੱਲ੍ਹ ਈ ਦੱਸ ਦਿੱਤਾ ਸੀ।”

-”ਸਰਦਾਰ ਮੂੰਹ ਛੋਟਾ ਐ-ਗੱਲ ਵੱਡੀ ਐ।”

-”ਖੁੱਲ੍ਹ ਕੇ ਕਰੋ-ਘਬਰਾਓ ਨਾ।”

-”ਮੈ ਤਾਂ ਇਹ ਬੇਨਤੀ ਕਰਨੀ ਸੀ-ਬਈ ਜੇ ਕਿਸੇ ਅਫ਼ਸਰ ਨੂੰ ਲੈ ਦੇ ਕੇ ਖਹਿੜਾ ਛੁੱਟਦੈ ਤਾਂ-।” ਬਾਕੀ ਗੱਲ ਸਰਪੰਚ ਨੇ ਜਾਣ ਕੇ ਅਧੂਰੀ ਛੱਡ ਦਿੱਤੀ। ਠਾਣੇਦਾਰ ਅੰਦਰ ਕੁਤਕੁਤੀ ਉਠੀ। ਅੱਖਾਂ ਵਿਚ ਚਮਕ ਆ ਗਈ।

-”ਦੇਖੋ…!” ਉਹ ਸਰਪੰਚ ਨੂੰ ਇੱਕ ਪਾਸੇ ਲੈ ਗਿਆ।

-”ਅੱਜ ਸਾਹਬ ਆ ਰਹੇ ਐ।”

-”ਜੀ….।”

-”ਕੱਲ੍ਹ ਮੇਰੀਆਂ ਅਦਾਲਤ ‘ਚ ਦੋ ਪੇਸ਼ੀਆਂ ਐਂ-ਤੁਸੀਂ ਪਰਸੋਂ ਆਓ-ਬੈਠ ਕੇ ਗੱਲ ਨਿਪਟ ਲਵਾਂਗੇ।”

-”ਸੱਤ ਬਚਨ ਸਰਕਾਰ।”

ਉਹ ਰਣਜੋਧ ਨੂੰ ਦੱਸ, ਹੌਲੇ ਫੁੱਲ ਹੋ ਕੇ ਠਾਣੇ ਤੋਂ ਤੁਰ ਪਏ। ਉਹ ਆਪਣੇ ਆਪ ਨੂੰ ਬੜਾ ਹਲਕਾ ਮਹਿਸੂਸ ਕਰ ਰਹੇ ਸਨ।

ਸਵੇਰੇ ਦਸ ਕੁ ਵਜੇ ਦੇ ਕਰੀਬ ਐਸ ਪੀ ਪਹੁੰਚ ਗਿਆ। ਲਾਲ ਬੱਤੀਆਂ ਵਾਲੀਆਂ ਸਰਕਾਰੀ ਗੱਡੀਆਂ ਮਿਆਂਕਦੀਆਂ ਅੰਦਰ ਆ ਪਹੁੰਚੀਆਂ ਸਨ। ਠਾਣੇ ਅੰਦਰ ਗਰਦੋਗੋਰ ਮੱਚੀ ਹੋਈ ਸੀ। ਠਾਣੇ ਦਾ ਹਰ ਕਰਮਚਾਰੀ ਆਪਣੀ ਡਿਊਟੀ ਪ੍ਰਤੀ ਸੁਚੇਤ ਹੋ ਗਿਆ ਸੀ। ਕੋਈ ਅੱਖ ਵਿਚ ਪਾਇਆ ਨਹੀ ਰੜਕਦਾ ਸੀ। ਜਿਵੇਂ ਸਾਰੇ ਦੇ ਸਾਰੇ ਸਾਧੂ-ਸੰਤ ਸਨ।

ਸਾਹਿਬ ਲਈ ਚਾਹ, ਦੁੱਧ, ਆਂਡੇ, ਆਮਲੇਟ, ਗੱਲ ਕੀ ਹਰ ਚੀਜ਼ ਹਾਜ਼ਰ ਸੀ। ਪਰ ਸਾਹਿਬ ਕਿਸੇ ਚੀਜ਼ ਨੂੰ ਨੱਕ ਨਹੀ ਕਰ ਰਿਹਾ ਸੀ। ਠਾਣੇਦਾਰ ਨੇ ਰੋਜ਼ਨਾਮਚਾ ਅਤੇ ਹੋਰ ਜ਼ਰੂਰੀ ਫ਼ਾਈਲਾਂ ਸਾਹਿਬ ਦੇ ਅੱਗੇ ਲਿਆ ਧਰੀਆਂ। ਉਸ ਨੇ ਸਾਰੀਆਂ ਫ਼ਾਈਲਾਂ ਅਤੇ ਰੋਜ਼ਨਾਮਚਾ ਬੜੇ ਗਹੁ ਨਾਲ ਨਿਰਖੇ ਸਨ।

ਫ਼ਾਈਲਾਂ ਦੇਖ ਕੇ ਐਸ ਪੀ ਨੇ ਠਾਣੇਦਾਰ ਸਪੁਰਦ ਕਰ ਦਿੱਤੀਆਂ ਅਤੇ ਠਾਣੇਦਾਰ ਨੇ ਅੱਗੇ ਮੁਣਸ਼ੀ ਨੂੰ ਫੜਾ ਦਿੱਤੀਆਂ। ਹਰ ਹਰਕਤ ਬੜੀ ਤੇਜ਼ੀ ਨਾਲ ਹੋ ਰਹੀ ਸੀ।

-”ਹਾਂ ਬਈ ਗੁਰਪ੍ਰੀਤ ਸਿਆਂ-ਤੇਰੇ ਇਲਾਕੇ ਦਾ ਕੀ ਹਾਲ ਐ?” ਐਸ ਪੀ ਨੇ ਚਾਹ ਦੀ ਘੁੱਟ ਭਰ ਕੇ ਪੁੱਛਿਆ। ਮੂੰਹ ਵਿਚ ਆਇਆ ਲੈਚੀ ਦਾ ਪੱਤ ਚੰਗੀ ਤਰ੍ਹਾਂ ਚੂਸ ਕੇ ਉਸ ਨੇ ਫ਼ੂਕ ਮਾਰ ਕੇ ਪਾਸੇ ਸੁੱਟ ਦਿੱਤਾ।

-”ਤੁਹਾਡੀ ਦਇਆ ਹੈ ਸਰ-ਸਭ ਠੀਕ ਠਾਕ ਹੈ।”

-”ਠੀਕ ਠਾਕ ਨਹੀ-ਤੇਰੇ ਇਲਾਕੇ ਵਿਚ ਅੱਤਵਾਦੀ ਸ਼ਰੇਆਮ ਘੁੰਮ ਰਹੇ ਹਨ-ਇਹ ਠੀਕ ਹੈ ਕਿ ਅਜੇ ਤੱਕ ਉਹਨਾਂ ਨੇ ਕੋਈ ਵੱਡੀ ਕਾਰਵਾਈ ਇਲਾਕੇ ਵਿਚ ਨਹੀ ਕੀਤੀ-ਪਰ ਸੁਚੇਤ ਰਹੋ-ਵਾਰਦਾਤ ਕਦੇ ਵੀ ਕਰ ਸਕਦੇ ਹਨ।”

-”ਜੀ ਸਰਕਾਰ!”

-”ਤੇਰੇ ਇਲਾਕੇ ਵਿਚ ਲੋਕ ਉਹਨਾਂ ਨੂੰ ਪਨਾਂਹਾਂ ਦੇ ਰਹੇ ਹਨ-ਜ਼ਰਾ ਸਖ਼ਤੀ ਵਰਤੋ!”

-”ਜੀ ਸਰਕਾਰ!”

-”ਕਿਸੇ ਤਰ੍ਹਾਂ ਦੀ ਢਿੱਲ ਨਹੀ ਵਰਤਣੀ-ਅੱਤਵਾਦੀਆਂ ਨੂੰ ਸਹਿਯੋਗ ਦੇਣ ਵਾਲੇ ਲੋਕ ਤੁਰੰਤ ਅੰਦਰ ਦਿਓ!”

-”ਜੀ ਸਰਕਾਰ-ਇੱਕ ਪਨਾਂਹੀਆ ਫੜਿਆ ਵੀ ਐ ਸਰ!” ਠਾਣੇਦਾਰ ਨੇ ਦੱਸਿਆ।

-”ਉਸ ਦੀ ਗ੍ਰਿਫ਼ਤਾਰੀ ਕਿਉਂ ਨਹੀ ਪਾਈ?”

-”ਸਰ ਅੱਜ ਈ ਫੜ ਕੇ ਲਿਆਏ ਆਂ!”

-”ਗੁੱਡ! ਉਸ ਤੋਂ ਅੱਤਵਾਦੀਆਂ ਬਾਰੇ ਪੂਰੀ ਪੜਤਾਲ ਕਰੋ-ਅਡੈਂਟੀਫ਼ਾਈ ਲਈ ਪਨਾਂਹੀ ਨੂੰ ਹਮੇਸ਼ਾ ਹੱਥ ਹੇਠ ਰੱਖੋ!”

-”ਜੀ ਸਰਕਾਰ!”

-”ਰਾਤਰੀ ਗਸ਼ਤ ਹੋਰ ਵਧਾਓ!”

-”ਜੀ ਸਰਕਾਰ!”

-”ਅੱਤਵਾਦੀਆਂ ਨੂੰ ਵਾਹ ਲੱਗਦੀ ਰਾਤ ਨੂੰ ਗ੍ਰਿਫ਼ਤਾਰ ਕਰੋ!”

-”ਜੀ ਸਰਕਾਰ!”

-”ਗ੍ਰਿਫ਼ਤਾਰੀ ਉਪਰੰਤ ਤੇਜ਼ੀ ਨਾਲ ਪੁੱਛ ਗਿੱਛ ਕਰੋ-ਅਗਰ ਨਾ ਲੀਹ ਤੇ ਆਵੇ ਇੰਟੈਰੋਗੇਟ ਕਰੋ!”

-”ਜੀ ਸਰਕਾਰ!”

-”ਅਗਰ ਅੱਤਵਾਦੀ ਨਹੀ ਪੇਸ਼ ਹੁੰਦੇ-ਉਹਨਾਂ ਦੇ ਮਾਂ ਬਾਪ ਰਿਸ਼ਤੇਦਾਰ ਲਿਆ ਕੇ ਠਾਣੇ ਡੱਕੋ!”

-”ਜੀ ਸਰਕਾਰ!”

-”ਇੱਕ ਲਾਸਟ ਅਤੇ ਅਹਿਮ ਗੱਲ-ਅੱਤਵਾਦੀਆਂ ਨੂੰ ਅਦਾਲਤ ਪੇਸ਼ ਕਰਕੇ ਰਿਮਾਂਡ ਲੈਣ ਦੀ ਗਲਤੀ ਕਦਾਚਿੱਤ ਨਹੀ ਕਰਨੀ-।”

-”ਜੀ ਸਰਕਾਰ!”

-”ਮੇਰੇ ਕਹਿਣ ਦਾ ਮਤਲਬ ਸਮਝ ਰਹੇ ਹੋ ਨਾ? ਫੜੋ, ਇੰਟੈਰੋਗੇਟ ਕਰੋ ਤੇ ਪਾਰ ਬੁਲਾਓ!”

-”ਜੀ ਸਰਕਾਰ!”

-”ਕੋਈ ਸਬੂਤ ਪਿੱਛੇ ਨਹੀ ਛੱਡਣਾ-ਐਸੀ ਤਕਨੀਕ ਵਰਤਣੀ ਐ ਕਿ ਮੁਕਾਬਲਾ ਅਸਲੀ ਦਿਸੇ-ਮੁਕਾਬਲਾ ਦੋ ਅਤੇ ਤਿੰਨ ਵਜੇ ਰਾਤ ਨੂੰ ਬਣਾਇਆ ਜਾਵੇ।”

-”ਜੀ ਸਰਕਾਰ!”

-”ਇੱਕ ਸਭ ਤੋਂ ਖ਼ਾਸ ਗੱਲ-ਆਪਣੇ ਸਟਾਫ਼ ਤੇ ਕਰੜੀ ਨਜ਼ਰ ਰੱਖੀ ਜਾਵੇ-ਕੋਈ ਸੀਕਰੇਸੀ ਲੀਕ ਆਊਟ ਬਿਲਕੁਲ ਨਾ ਹੋਵੇ।”

-”ਜੀ ਸਰਕਾਰ!”

-”ਅਗਰ ਕੋਈ ਸਟਾਫ਼ ਮੈਂਬਰ ਐਸਾ ਕਰਨ ਦੀ ਜੁਅਰਤ ਕਰੇ-ਤੁਰੰਤ ਸਸਪੈਂਡ ਕਰਕੇ ਕੇਸ ਦਰਜ਼ ਕਰੋ ਔਰ ਮੈਨੂੰ ਇਤਲਾਹ ਦਿਓ!”

-”ਜੀ ਸਰਕਾਰ!”

-”ਡਿਊਟੀ ਵਿਚ ਕੋਈ ਕੁਤਾਹੀ ਨਾ ਹੋਵੇ-ਬੀ ਕੇਅਰਫੁੱਲ!”

-”ਜੀ ਸਰਕਾਰ!”

-”ਵੈੱਲ! ਮਿਸਟਰ ਗਰੇਵਾਲ-ਆਈ ਵਿਸ਼ ਯੂ ਆਲ ਦਾ ਬੈੱਸਟ!” ਐਸ ਪੀ ਸਖ਼ਤ ਹਦਾਇਤਾਂ ਦੇਣ ਤੋਂ ਬਾਅਦ ਉਠ ਕੇ ਖੜ੍ਹਾ ਹੋ ਗਿਆ। ਠਾਣੇਦਾਰ ਦਾ “ਜੀ ਸਰਕਾਰ” ਕਹਿੰਦੇ ਦਾ ਮੂੰਹ ਸੁੱਕ ਗਿਆ ਸੀ।

ਐਸ ਪੀ ਤੁਰ ਗਿਆ।

ਨਾਲ ਆਈਆਂ ਕਾਰਾਂ ਸਾਇਰਨ ਵਜਾਉਦੀਆਂ ਆਪਣੇ ਰਾਹ ਪੈ ਗਈਆਂ। ਗਰਦੋਗੋਰ ਫਿਰ ਉਠ ਖੜੀ ਸੀ। ਠਾਣੇਦਾਰ ਨੇ ਆਪਣਾ ਪਸੀਨਾ ਪੂੰਝਿਆ।

-”ਬੜਾ ਚਤਰ ਅਫ਼ਸਰ ਐ।”

-”ਮਾਰਖੋਰਾ ਵੀ ਬਥੇਰਾ ਐ।”

-”ਗੱਲ ਕਰਦਾ ਸੰਘੀ ਘੁੱਟਣ ਆਉਂਦੈ।”

ਉਹ ਗੱਲਾਂ ਕਰਦੇ ਰਹੇ।

ਪੁਰਜਾ ਪੁਰਜਾ ਕਟਿ ਮਰੈ
ਕਾਂਡ 3

ਅੱਜ ਚੌਥੇ ਦਿਨ ਗੁਰਪਾਲ ਕਾਲਿਜ ਤੋਂ ਘਰ ਜਾ ਰਿਹਾ ਸੀ। ਸਿੱਖ ਸਟੂਡੈਂਟ ਫ਼ੈਡਰੇਸ਼ਨ ਅਤੇ ਕਮਿਊਨਿਸਟ ਵਰਕਰਾਂ ਵਿਚ ਵਧਦਾ ਪਾੜਾ ਅੱਤ ਗੰਭੀਰ ਰੂਪ ਧਾਰਨ ਕਰਦਾ ਜਾ ਰਿਹਾ ਸੀ। ਜਿਸ ਲਈ ਗੁਰਪਾਲ ਅਤੀ ਚਿੰਤਤਸੀ। ਅਜੇ ਤਾਂ ਗੱਲ ਖਹਿਬੜਬਾਜ਼ੀ ਤੱਕ ਹੀ ਸੀਮਤ ਸੀ। ਪਰ ਗੋਲੀ ਕਿਸੇ ਵਕਤ ਵੀ ਚੱਲ ਸਕਦੀ ਸੀ। ਦਸ-ਪੰਦਰਾਂ ਮਾਰੂ ਹਥਿਆਰ ਦੋਨਾਂ ਧਿਰਾਂ ਵੱਲੋਂ ਕਾਲਿਜ ਵਿਚ ਲਿਆਂਦੇ ਜਾ ਚੁੱਕੇ ਸਨ। ਪੁਲੀਸ ਸਾਰੀ ਖ਼ਬਰ ਹੋਣ ਦੇ ਬਾਵਜੂਦ ਤਮਾਸ਼ਬੀਨ ਬਣੀ ਹੋਈ ਸੀ। ਪੁਲੀਸ ਤਾਂ ਇਹ ਹੀ ਚਾਹੁੰਦੀ ਸੀ ਕਿ ਸਿੱਖ ਸਟੂਡੈਂਟ ਫ਼ੈਡਰੇਸ਼ਨ ਅਤੇ ਕਮਿਊਨਿਸਟ ਵਰਕਰਾਂ ਵਿਚਕਾਰ ਡਾਂਗ ਸੋਟਾ ਖੜਕਦਾ ਰਹੇ ਅਤੇ ਸਾਡਾ ਕਾਲਿਜ ਵਿਚ ਆਉਣ ਜਾਣ ਬਣਿਆ ਰਹੇ। ਜਿਹੜਾ ਕੁਝ ਪੁਲੀਸ ਕਰਵਾਉਣਾ ਚਾਹੁੰਦੀ ਸੀ, ਉਹ ਤਾਂ ਵਿਦਿਆਰਥੀ ਸੁੱਖ ਨਾਲ ਖ਼ੁਦ ਆਪ ਹੀ ਕਰ ਰਹੇ ਸਨ। ਪੁਲੀਸ ਨੂੰ ਕੀ ਲੋੜ ਸੀ ਇਹ ਲੜਾਈ ਰੋਕਣ ਦੀ? ਉਹਨਾਂ ਦੇ ਦਿਲ ਦੀ ਗੱਲ ਤਾਂ ਸਟੂਡੈਂਟ ਆਪ ਹੱਲ ਕਰ ਰਹੇ ਸਨ। ਲੜਾਈ ਝਗੜਾ ਹੋਵੇ ਸੁੱਖ ਨਾਲ ਵਾਹਵਾ ਰੌਣਕ ਰਹਿੰਦੀ ਹੈ। ਜੇ ਸ਼ਾਂਤੀ ਹੀ ਵਰਤ ਜਾਵੇ ਤਾਂ ਪੁਲੀਸ ਨੂੰ ਕੌਣ ਪੁੱਛੇ? ਫਿਰ ਪੁਲੀਸ ਤਾਂ ਕੰਨੀਂ ਦੇ ਕਿਆਰੇ ਵਾਂਗ ਸੁੱਕੀ ਹੀ ਰਹਿ ਜਾਵੇ। ਬੇਅਰਥ! ਗੁਰਪਾਲ ਦੇ ਦਿਮਾਗ ਵਿਚ ਸੋਚਾਂ ਦੀਆਂ ਕਈ ਉੱਥਲ ਪੁੱਥਲ ਤੰਦਾਂ ਕੱਤੀਆਂ ਜਾ ਰਹੀਆਂ ਸਨ।

ਗੁਰਪਾਲ ਦਾ ਸਕੂਟਰ ਅਜੇ ਤਲਵੰਡੀ ਦੀ ਪੁਲੀ ਟੱਪਿਆ ਹੀ ਸੀ ਕਿ ਉਜਾੜ ਜਿਹੇ ਬੱਸ ਸਟੈਂਡ ਕੋਲ, ਉਸ ਨੂੰ ਕਿਸੇ ਓਪਰੇ ਜਿਹੇ ਮੁੰਡੇ ਨੇ ਹੱਥ ਦੇ ਕੇ ਰੋਕ ਲਿਆ।

-”ਕਿੱਥੇ ਜਾਣੈ ਬਾਈ ਨੇ?” ਗੁਰਪਾਲ ਨੇ ਉਸ ਨੂੰ ਪੁੱਛਿਆ।

-”ਤੁਸੀਂ ਕਿੱਥੇ ਜਾ ਰਹੇ ਹੋ?” ਗੱਲਬਾਤ ਕਰਨ ਦੇ ਸਲੀਕੇ ਤੋਂ ਮੁੰਡਾ ਚੰਗਾ ਪੜ੍ਹਿਆ ਲਿਖਿਆ ਜਾਪਦਾ ਸੀ। ਭਰਪੂਰ ਦਾਹੜ੍ਹੇ

ਵਾਲਾ ਭਰ ਜੁਆਨ ਮੁੰਡਾ ਪੈਂਟ-ਕੋਟ ਵਿਚ ਸਜਿਆ ਹੋਇਆ ਸੀ। ਪਟਿਆਲਾ-ਸ਼ਾਹੀ ਪੱਗ ਉਸ ਨੇ ਬੜੀ ਜਚਾ ਕੇ ਬੰਨ੍ਹੀ ਹੋਈ ਸੀ। ਨੀਲੀ ਪੱਗ ਹੇਠੋਂ ਕੇਸਰੀ ਫਿਫਟੀ ਜੀਭਾਂ ਕੱਢਦੀ ਸੀ।

-”ਮੈਂ ਚੜਿੱਕ ਜਾ ਰਿਹੈਂ-ਤੇ ਤੁਸੀਂ?”

-”ਮਿਹਰਬਾਨੀ ਕਰਕੇ ਮੈਨੂੰ ਚੰਦਾਂ ਵਾਲੇ ਪੁਲ ਕੋਲ ਉਤਾਰ ਦੇਣਾ।” ਉਸ ਨੇ ਆਖਿਆ। “ਚੰਦਾਂ ਵਾਲਾ ਪੁਲ” ਸੁਣ ਕੇ ਗੁਰਪਾਲ ਨੇ ਇੱਕ ਦਮ ਉਸ ਦੇ ਸੁਨੱਖੇ ਅਤੇ ਅਡੋਲ ਚਿਹਰੇ ਨੂੰ ਨਿਹਾਰਿਆ। ਕਿਉਂਕਿ “ਚੰਦਾਂ ਵਾਲਾ ਪੁਲ” ਖਾੜਕੂਆਂ ਦਾ ਗੜ੍ਹ ਮੰਨਿਆਂ ਜਾਂਦਾ ਸੀ। ਜਿੱਥੇ ਸ਼ਾਮ ਦੇ ਛੇ ਵਜੇ ਤੋਂ ਸਵੇਰ ਦੇ ਪੰਜ ਵਜੇ ਤੱਕ “ਖ਼ਾੜਕੂ-ਰਾਜ” ਰਹਿੰਦਾ ਸੀ। ਚੰਦਾਂ ਵਾਲੇ ਪੁਲ ਵਿਚ ਤਿੰਨ ਗੋਲ ਮੋੜ ਪੈਂਦੇ ਸਨ। ਦੋਹਾਂ ਪਾਸਿਆਂ ਤੋਂ ਕਾਫ਼ੀ ਚੜ੍ਹਾਈ ਸੀ। ਇਸ ਪੁਲ ਦੇ ਆਸ ਪਾਸ ਹਰੇ ਕਾਨਿਆਂ ਦੀ ਭਰਮਾਰ ਸੀ। ਵੀਹ ਵੀਹ ਏਕੜ ਵਿਚ ਛੁਪਾ ਲਈ ਨਿਰੀ ਜਗ੍ਹਾ ਸੀ। ਦੋਨੇ ਪਾਸੀਂ ਕਾਫ਼ੀ ਦੂਰ ਦੋ ਕੱਚੇ ਪਹੇ ਪੈਂਦੇ ਸਨ। ਖਿਸਕਣ ਦਾ ਵਧੀਆ ਜੁਗਾੜ ਸੀ। ਇਸ ਪੁਲ ‘ਤੇ ਹੁਣ ਤੱਕ ਸੈਂਕੜੇ ਖ਼ਾੜਕੂ-ਵਾਰਦਾਤਾਂ ਹੋ ਚੁੱਕੀਆਂ ਸਨ। ਇਹ ਮੋੜਾਂ-ਘੋੜਾਂ ਵਾਲਾ ਪੁਲ ਇਤਨਾ ਤੰਗ ਸੀ ਕਿ ਇੱਕ ਵਾਹਣ ਮੁਸ਼ਕਿਲ ਨਾਲ ਹੀ ਲੰਘ ਸਕਦਾ ਸੀ। ਨਾਲ ਲੱਗਦੇ ਪਿੰਡ ਇਸ ਪੁਲ ਤੋਂ ਤਕਰੀਬਨ ਤਿੰਨ ਕਿਲੋਮੀਟਰ ਦੀ ਵਿੱਥ ‘ਤੇ ਹਟਵੇਂ ਸਨ। ਇਕ ਉੱਘੇ ਕਾਮਰੇਡ ਦਾ ਕਤਲ ਵੀ ਖ਼ਾੜਕੂਆਂ ਵੱਲੋਂ ਇਸ ਪੁਲ ‘ਤੇ ਹੀ ਕੀਤਾ ਗਿਆ ਸੀ ਅਤੇ ਲਾਸ਼ ਖ਼ਤਾਨਾਂ ਵਿਚ ਸੁੱਟ, ਮਿੱਟੀ ਦਾ ਤੇਲ ਪਾ ਕੇ ਅੱਗ ਲਾ ਦਿੱਤੀ ਸੀ। ਪੁਲੀਸ ਜਾਂ ਸੀ ਆਰ ਪੀ ਤਾਂ ਸ਼ਾਮ ਨੂੰ ਇਸ ਪੁਲ ਵੱਲ ਡਰਦੀ ਮੂੰਹ ਨਹੀ ਕਰਦੀ ਸੀ।

ਜੱਕੋ ਤੱਕੀ ਛੱਡ ਕੇ ਗੁਰਪਾਲ ਨੇ ਮੁੰਡੇ ਨੂੰ ਆਪਣੇ ਸਕੂਟਰ ਪਿੱਛੇ ਬਿਠਾ ਲਿਆ। ਉਸ ਨੇ ਮੁੰਡੇ ਦਾ ਨਾਂ ਅਤੇ ਪਤਾ ਪੁੱਛਣਾ ਚਾਹਿਆ। ਪਰ ਮੁੰਡੇ ਨੇ ਕੋਈ ਖ਼ਾਸ ਲੜ ਨਹੀਂ ਫੜਾਇਆ ਸੀ। ਬੱਸ! ਆਪਣਾ ਨਾਂ ਰੇਸ਼ਮ ਸਿੰਘ “ਬੰਬ” ਦੱਸਿਆ ਸੀ। ਪਿੰਡ ਬਾਰੇ ਪੁੱਛਣ ‘ਤੇ ਉਸ ਨੇ ਸਿਰਫ਼ “ਸ੍ਰੀ ਆਨੰਦਪੁਰ ਸਾਹਿਬ” ਆਖ ਕੇ ਸਾਰ ਦਿੱਤਾ ਸੀ। ਗੁਰਪਾਲ ਨੂੰ ਸ਼ੱਕ ਹੀ ਨਹੀਂ ਯਕੀਨ ਹੋ ਗਿਆ ਸੀ ਕਿ “ਬੰਬ” ਵਾਕਿਆ ਹੀ ਖ਼ਾੜਕੂ ਸੀ। ਕਿਉਂਕਿ ਸਾਰੇ ਖ਼ਾੜਕੂ ਆਪਣੇ ਆਪ ਨੂੰ “ਸ੍ਰੀ ਆਨੰਦਪੁਰ ਸਾਹਿਬ” ਦੇ ਵਾਸੀ ਦੱਸਦੇ ਸਨ। ਰੇਸ਼ਮ ਸਿੰਘ ਵਾਰ ਵਾਰ “ਸਤਿਨਾਮ-ਸ੍ਰੀ ਵਾਹਿਗੁਰੂ” ਆਖਦਾ ਸੀ। ਉਸ ਦੇ ਕਰਮ ਆਮ ਵਿਅਕਤੀ ਵਾਲੇ ਨਹੀਂ ਜਾਪਦੇ ਸਨ। ਭਰ ਜੁਆਨੀ ਵਿਚ ਉਸ ਦੀ ਗੁਰੂ ਵਿਚ ਅਥਾਹ ਸ਼ਰਧਾ ਜਾਪਦੀ ਸੀ। ਨਹੀਂ ਤਾਂ ਚੜ੍ਹਦੀ ਉਮਰ ਵਿਚ ਨੌਜਵਾਨ ਇਤਨੇ ਨਸਿ਼ਆਂ ਵਿਚ ਗਰਕ ਚੁੱਕੇ ਸਨ ਕਿ ਉਹਨਾਂ ਨੂੰ ਗੁਰੂ ਦਾ ਨਾਂ ਤਾਂ ਕੀ? ਆਪਣਾ ਆਪ ਦਾ ਨਾਂ ਵੀ ਨਹੀਂ ਯਾਦ ਰਹਿੰਦਾ ਸੀ। ਦਾਹੜੀਆਂ ਦੀ ਮੁਰੱਬੇਬੰਦੀ ਕਰਵਾਉਂਦੇ ਮੁੰਡਿਆਂ ਨੂੰ ਗੁਰੂ ਲਈ ਵਿਹਲ ਕਿੱਥੇ ਸੀ।

ਸੋਚਾਂ ਦੀ ਘੋੜ ਦੌੜ ਵਿਚ ਉਲਝੇ ਗੁਰਪਾਲ ਨੇ ਰੇਸ਼ਮ ਸਿੰਘ “ਬੰਬ” ਨੂੰ ਚੰਦਾਂ ਵਾਲੇ ਪੁਲ ਕੋਲ ਲਿਆ ਉਤਾਰਿਆ।

-”ਬਹੁਤ ਬਹੁਤ ਮਿਹਰਬਾਨੀ ਮੇਰੇ ਦੋਸਤ-ਤੁਹਾਡਾ ਸ਼ੁਭ ਨਾਂਮ?”

-”ਗੁਰਪਾਲ ਸਿੰਘ।”

-”ਅੱਛਾ ਵੀਰ ਗੁਰਪਾਲ-ਗੁਰੂ ਨੇ ਮਿਲਾਇਆ ਤਾਂ ਕਦੇ ਫਿਰ ਮਿਲਾਂਗੇ-ਤੇ ਨਹੀਂ ਰੱਬ ਰਾਖਾ।”ਆਖ ਕੇ ਉਹ ਸੂਏ ਦੀ ਪਟੜੀ ਪੈ ਗਿਆ।

ਸਾਹਮਣਿਓਂ ਮੋਟਰ ਸਾਈਕਲ ‘ਤੇ ਆਉਂਦੇ ਰਣਬੀਰ ਨੇ ਉਹਨਾਂ ਨੂੰ ਤਾੜਿਆ! ਪਟੜੀ ‘ਤੇ ਤੁਰਿਆ ਜਾ ਰਿਹਾ ਮੁੰਡਾ ਉਸ ਨੂੰ ਬਿਲਕੁਲ ਹੀ ਓਪਰਾ ਲੱਗਿਆ।

ਗੁਰਪਾਲ ਜਾਂਦੇ ਰੇਸ਼ਮ ਨੂੰ ਬੜੀ ਨੀਝ ਨਾਲ ਨਿਹਾਰਦਾ ਰਿਹਾ। ਪਰ ਉਸ ਨੇ ਪਿਛਾਂਹ ਮੁੜ ਕੇ ਨਾ ਤੱਕਿਆ।

ਇਤਨੇ ਨੂੰ ਰਣਬੀਰ “ਘੂੰਅ” ਕਰਕੇ ਗੁਰਪਾਲ ਕੋਲ ਦੀ ਗੁਜ਼ਰ ਗਿਆ। ਪਰ ਗੁਰਪਾਲ ਨੇ ਉਸ ਨੂੰ ਤੱਕਿਆ ਨਹੀ ਸੀ। ਉਹ ਆਪਣੇ ਖਿ਼ਆਲਾਂ ਵਿਚ ਗੁਆਚਿਆ ਹੋਇਆ ਸੀ।

ਗੁਰਪਾਲ ਸ਼ਾਮ ਹੋਈ ਘਰ ਪਹੁੰਚਿਆ।

ਬੇਬੇ ਫਿ਼ਕਰਾਂ ਦੀ ਮੂਰਤ ਬਣੀ ਬੈਠੀ ਸੀ।

-”ਐਨਾਂ ਨ੍ਹੇਰਾ ਕਰਕੇ ਨਾ ਆਇਆ ਕਰ ਪੁੱਤ-ਟੈਮ ਮਾੜੇ ਆ ਗਏ।”

-”ਬੱਸ ਬੇਬੇ ਐਮੇਂ ਚਿਰ ਲੱਗ ਗਿਆ।” ਰੇਸ਼ਮ ਸਿੰਘ ਵਾਲੀ ਗੱਲ ਮੁੰਡਾ ਮਾਂ ਕੋਲੋਂ ਲਕੋ ਗਿਆ।

-”ਐਨੇ ਦਿਨ ਰਿਹਾ ਕਿੱਥੇ?”

-”ਬੇਬੇ ਕਾਲਜ ‘ਚ ਮੁੰਡਿਆਂ ਦੀ ਲੜਾਈ ਜਿਹੀ ਹੋ ਗਈ ਸੀ।”

-”ਤੂੰ ਤਾਂ ਵਿਚ ਨੀ ਸੀ?” ਬੇਬੇ ਨੂੰ ਹੋਰ ਫਿ਼ਕਰ ਖੜ੍ਹਾ ਹੋ ਗਿਆ।

-”ਨਹੀ ਬੇਬੇ।”

-”ਹੋਰ ਸ਼ੇਰਾ ਕੀ ਲੈਣੈ ਲੜਾਈਆਂ ਭੜ੍ਹਾਈਆਂ ਤੋਂ? ਇਹਨਾਂ ਤੋਂ ਤਾਂ ਰੱਬ ਬਖ਼ਸ਼ੀ ਰੱਖੇ।”

ਸਕੂਟਰ ਅੰਦਰ ਖੜ੍ਹਾ ਕਰਕੇ ਗੁਰਪਾਲ ਨੇ ਕੱਪੜੇ ਬਦਲ ਲਏ। ਪੱਗ ਲਾਹ ਕੇ ਪਰਨਾਂ ਬੰਨ੍ਹ ਲਿਆ।

-”ਅੱਜ ਪੁਲਸ ‘ਕਾਲੀਆਂ ਦੇ ਮੁੰਡੇ ਨੂੰ ਚੁੱਕ ਕੇ ਲੈ ਗਈ।” ਦੁੱਧ ਦਾ ਗਿਲਾਸ ਫੜਾਉਂਦੀ ਬੇਬੇ ਗੁਰਪਾਲ ਨੂੰ ਕਹਿ ਰਹੀ ਸੀ।

-”ਕਿਹੜੇ ਅਕਾਲੀਆਂ ਦੇ?”

-”ਬਲੀ ਸਿਉਂ ਕੇ ਮੁੰਡੇ ਨੂੰ।”

-”ਜੋਧ ਨੂੰ ਬੇਬੇ?”

-”ਆਹੋ।”

-”ਕਾਹਤੋਂ?”

-”ਅਸਲ ਗੱਲ ਦਾ ਤਾਂ ਪਤਾ ਨਹੀਂ-ਕਹਿੰਦੇ ਇਹਨੇ ਖੇਤ ਖਾੜਕੂਆਂ ਨੂੰ ਪਨਾਂਹ ਦਿੱਤੀ ਐ-ਉਹਦੀ ਮਾਂ ਦਾ ਤਾਂ ਪਾਲ ਬਾਹਲਾ ਈ ਬੁਰਾ ਹਾਲ ਐ-ਸਵੇਰ ਦੀਆਂ ਦੰਦਲਾਂ ਈ ਨਹੀ ਪੈਣੋਂ ਹੱਟਦੀਆਂ-ਕੀ ਕਰੇ ਭਾਈ ਵਿਚਾਰੀ-’ਕੱਲਾ ‘ਕੱਲਾ ਪੁੱਤ ਐ-ਕੋਈ ਦੋਸ਼ ਨਹੀਂ ਵਿਚਾਰੀ ਨੂੰ।”

-”ਪੁਲੀਸ ਕੋਲ ਹੋਰ ਕੋਈ ਪੁਆਇੰਟ ਹੋਵੇ ਚਾਹੇ ਨਾ ਹੋਵੇ-ਬੱਸ ਇੱਕ ਨੁਕਤਾ ਬੜਾ ਵਧੀਆ ਹੱਥ ਆਇਐ-ਜੇ ਕਿਸੇ ਨੂੰ ਫੜਨ ਲਈ ਬਹਾਨਾਂ ਨਾ ਮਿਲੇ ਤਾਂ ਆਖ ਦਿਓ ਇਹਨੇ ਖਾੜਕੂਆਂ ਨੂੰ ਪਨਾਂਹ ਦਿੱਤੀ ਐ-ਕਿਹੜਾ ਕਿਸੇ ਨੇ ਪੁੱਛਣੈਂ? ਅੰਨ੍ਹੀ ਪੀਂਹਦੀ ਐ ਕੁੱਤੇ ਚੱਟਦੇ ਐ।” ਗੁਰਪਾਲ ਦਾ ਬਲਕਾਰੀ ਜੋਸ਼ ਸ਼ੇਰ ਵਾਂਗ ਭਵਕਣ ਲੱਗ ਪਿਆ।

-”ਮਗਰ ਨਹੀਂ ਗਿਆ ਕੋਈ?”

-”ਗਏ ਵੇ ਐ-ਤੇਰਾ ਪਿਉ ਵੀ ਨਾਲ ਈ ਗਿਐ-ਪਰ ਅਜੇ ਤੱਕ ਕੋਈ ਨਹੀ ਬਹੁੜਿਆ-ਰੱਬ ਸੁੱਖ ਰੱਖੇ-ਭਾਈ ਖੇੜੇ ਸੁੱਖ ਤਾਂ ਵਿਹੜੇ-ਵਿਹੜੇ ਸੁੱਖ ਤਾਂ ਘਰ-ਨਾਲੇ ਜੋਧ ਤਾਂ ਵਿਚਾਰਾ ਊਂਈ ਦਰਵੇਸ਼ ਮੁੰਡਾ ਐ-ਕਦੇ ਉਨੀ ਇੱਕੀ ਨਹੀ ਸੁਣੀ ਬੱਤੀ ਸੁਲੱਖਣੇ ਦੀ-ਪਤਾ ਨਹੀ ਕਿਹੜੇ ਦੁਸ਼ਟ ਨੇ ਚੁਗਲੀ ਕੀਤੀ ਹੋਊ?”

-”ਮੁੰਡੇ ਐਮੇਂ ਨਹੀ ਖ਼ਾੜਕੂ ਬਣਦੇ ਬੇਬੇ।”

-”ਪੁੱਤ ਚੁੱਪ ਈ ਭਲੀ ਐ।”

-”ਜੇ ਕੁੱਟ ਕੇ ਨਿਕਾਰਾ ਕੀਤਾ ਬੇਕਸੂਰ ਮੁੰਡਾ ਹਥਿਆਰ ਨਾ ਚੱਕੂ ਤਾਂ ਹੋਰ ਕੀ ਕਰੂ ਬੇਬੇ?”

-”ਤੈਨੂੰ ਆਖਤਾ ਚੁੱਪ ਈ ਭਲੀ ਐ ਸ਼ੇਰਾ।”

-”ਇਉਂ ਕਿੰਨਾਂ ਕੁ ਚਿਰ ਚੁੱਪ ਚੱਲੂ ਬੇਬੇ? ਇਹ ਤਾਂ ਘਰੀਂ ਬੈਠਿਆਂ ਨੂੰ ਵੀ ਜਿਉਣ ਨਹੀ ਦਿੰਦੇ।”

-”ਬੰਦਾ ਉਹਨਾਂ ਨੂੰ ਨਿਔਂਦਾ ਪਾ ਕੇ ਤਾਂ ਰੋਟੀ ਪਾਣੀ ਖੁਆਉਂਦਾ ਈ ਨਹੀਂ-ਮਰਦਾ ਅੱਕ ਚੱਬਦੈ-ਜੇ ਨਹੀ ਖੁਆਉਂਦਾ ਤਾਂ ਗੋਲੀ ਆਉਂਦੀ ਐ-ਤੇ ਪੁਲਸ ਅਸਲੀਅਤ ਸਮਝਣ ਦੀ ਵਜਾਏ ਲੋਕਾਂ ਨੂੰ ਕੁੱਟ ਕੁੱਟ ਮਾਰੀ ਜਾਂਦੀ ਐ-ਇਸ ਦੁਵੱਲੀ ਮਾਰ ਤੋਂ ਲੋਕ ਅੱਕੇ ਪਏ ਐ-ਪੁਲਸ ਤੋਂ ਡਰਦੇ ਮੁੰਡੇ ਘਰੋਂ ਭਗੌੜ੍ਹੇ ਹੋ ਕੇ ਧੜਾ ਧੜ ਖਾੜਕੂ ਬਣੀ ਜਾਂਦੇ ਐ-ਪੁਲਸ ਦੇ ਤਾਂ ਦੋਹੀਂ ਹੱਥੀਂ ਲੱਡੂ ਐ-ਜਿੰਨੇ ਜਿ਼ਆਦਾ ਖਾੜਕੂ ਬਣਨਗੇ-ਓਨੀਆਂ ਹੀ ਜਿਆਦਾ ਇਹ ਤਰੱਕੀਆਂ ਲੈਣਗੇ ਤੇ ਦੋ ਨੰਬਰ ਦਾ ਪੈਸਾ ਬਣਾਉਣਗੇ।”

-”ਪੁੱਤ ਜੀਹਦੀਆਂ ਅੱਖਾਂ ਦੁਖਣਗੀਆਂ ਆਪੇ ਪੱਟੀ ਬੰਨੂੰ-ਤੂੰ ਨਾ ਕੋਈ ਉਧ-ਮੂਲ ਖੜ੍ਹਾ ਕਰ ਲਈਂ।” ਬੇਬੇ ਆਪਦੇ ਪਾਲਿਓਂ ਡਰਦੀ ਸੀ। ਜੁਆਨ ਮੁੰਡਾ ਅਜ਼ੀਬ ਹੀ ਅਕਾਸ਼ਬਾਣੀ ਕਰ ਰਿਹਾ ਸੀ।

-”ਬੇਬੇ ਅੱਖਾਂ ਤਾਂ ਸਾਰੇ ਪੰਜਾਬ ਦੀਆਂ ਦੁਖਣੀਆਂ ਆ ਗਈਆਂ-ਪੱਟੀ ਹਰ ਇੱਕ ਨੂੰ ਬੰਨ੍ਹਣੀ ਪੈਣੀ ਐ-ਕੋਈ ਅੱਗੋਂ ਬੰਨ੍ਹ ਲਵੇ ਕੋਈ ਪਿੱਛੋਂ-ਇਹ ਤਾਂ ਬੰਨ੍ਹਣੀ ਈ ਪੈਣੀ ਐਂ-।”

-”ਪੁੱਤ ਪੁਲਸ ਕਿਹੜਾ ਸੁਖੀ ਐ? ਦਿਨ ਰਾਤ ਹਰਲ੍ਹ-ਹਰਲ੍ਹ ਕਰਦੇ ਤੁਰੇ ਫਿਰਦੇ ਐ।”

-”ਬੇਬੇ ਮੁੰਡਿਆਂ ਨੂੰ ਤਾਂ ਖਾੜਕੂ ਬਣਾਉਣ ਵਿਚ ਪੁਲਸ ਦਾ ਸਭ ਤੋਂ ਵੱਡਾ ਰੋਲ ਐ-ਜੰਨ ਕੁਪੱਤੀ ਸੁਥਰਾ ਭਲਾ ਮਾਣਸ-ਜੇ ਨਿਰਦੋਸ਼ ਮੁੰਡਿਆਂ ਤੇ ਅਣਮਨੁੱਖੀ ਤਸ਼ੱਦਦ ਕਰਨ ਦੀ ਥਾਂ ਸਲੀਕੇ ਤੇ ਹਮਦਰਦੀ ਨਾਲ ਪੇਸ਼ ਆਇਆ ਜਾਵੇ-ਉਹ ਖਾੜਕੂਆਂ ਨੂੰ ਵਿਸਾਰ ਪੁਲਸ ਦੇ ਹੱਕ ‘ਚ ਖੜ੍ਹਨ।” ਗੁਰਪਾਲ ਨੇ ਦੁੱਧ ਦਾ ਗਿਲਾਸ ਫੜ ਕੇ ਮੰਜੇ ਦੇ ਪਾਵੇ ਨਾਲ ਰੱਖ ਦਿੱਤਾ। ਘੁੱਟ ਦੁੱਧ ਅੰਦਰ ਲੰਘਾਉਣ ਲਈ ਉਸ ਦੀ ਵੱਢੀ ਰੂਹ ਨਹੀਂ ਕਰਦੀ ਸੀ। ਉਹ ਸੋਚ ਰਿਹਾ ਸੀ ਕਿ ਕੀ ਬਣੇਗਾ ਇਸ ਪੀਰਾਂ, ਫ਼ਕੀਰਾਂ, ਗੁਰੂਆਂ, ਯੋਧੇ-ਸੂਰਮਿਆਂ ਦੀ ਧਰਤੀ ਪੰਜਾਬ ਦਾ? ਦਸਾਂ ਨਹੁੰਆਂ ਦੀ ਕਿਰਤ ਕਮਾਈ ਖਾਣ ਅਤੇ ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਗੌਰਮਿੰਟ ਦੀਆਂ ਨਜ਼ਰਾਂ ਵਿਚ ਇੱਕ ਤਰ੍ਹਾਂ ਨਾਲ ਅੱਤਿਵਾਦੀ ਕਿਉਂ ਬਣ ਗਏ? ਕੌਮ ਦਾ ਕਸੂਰ? ਕਿਉਂ ਇਸ ਬਹਾਦਰ ਕੌਮ ਨੂੰ ਜਰ਼ਾਇਮ ਪੇਸ਼ਾ ਕੌਮ ਦਾ ਖਿ਼ਤਾਬ ਦਿੱਤਾ ਜਾ ਰਿਹਾ ਹੈ? ਹਿੰਦੋਸਤਾਨ ਦੀ ਆਜ਼ਾਦੀ ਦੀ ਜੰਗ ਵਿਚ ਵੱਧ ਚੜ੍ਹ ਕੇ ਕੁਰਬਾਨੀਆਂ ਦੇਣ ਵਾਲੀ ਕੌਮ ਹੁਣ ਇੱਕ ਦਮ ਹੀ ਦੋਸ਼ੀ ਕਿਉਂ ਹੋ ਗਈ? ਪਾਕਿਸਤਾਨ ਨਾਲ ਲੱਗੀ ਲੜਾਈ ਵੇਲੇ ਦੁਸ਼ਮਣ ਦੇ ਹੱਲੇ ਨੂੰ ਠੱਲ੍ਹ ਪਾਉਣ ਲਈ ਛਾਤੀਆਂ ਨਾਲ ਬੰਬ ਬੰਨ੍ਹ ਕੇ, ਦੁਸ਼ਮਣ ਦੇ ਪੈਟਨ ਟੈਂਕ ਉੜਾਉਣ ਵਾਲੇ ਯੋਧਿਆਂ ਦੇ ਵਾਰਸ ਹੁਣ ਇੱਕ ਦਮ ਗੱਦਾਰ ਕਿਉਂ ਨਜ਼ਰ ਆਉਣ ਲੱਗ ਪਏ? ਸੁਆਲਾਂ ਦੀ ਬੁਛਾੜ ਗੁਰਪਾਲ ਦੇ ਦਿਮਾਗ ਅੰਦਰ ਵਦਾਣ ਮਾਰ ਰਹੀ ਸੀ। ਕਲਪਨਾ ਦੇ ਆਰੇ ਨਾਲ ਚੀਰੀਦਾ ਉਹ ਲਹੂ-ਲੁਹਾਣ ਹੋਇਆ, ਕਸੀਸ ਜਿਹੀ ਵੱਟੀ ਬੈਠਾ ਸੀ।

ਹਨ੍ਹੇਰਾ ਹੋ ਗਿਆ।

ਗਲੀਆਂ ਸੁੰਨੀਆਂ ਹੋ ਕੇ ਭਾਂਅ-ਭਾਂਅ ਕਰ ਰਹੀਆਂ ਸਨ। ਬਾਹਰ ਰੋਹੀ ਵਿਚ ਕੁੱਤੇ ਭੌਂਕ ਰਹੇ ਸਨ। ਕੋਠਿਆਂ ‘ਤੇ ਕੋਈ ਕੋਈ ਬਿੱਲੀ ਰੋ ਰਹੀ ਸੀ। ਹੱਡਾਂਰੋੜੀ ਵਿਚੋਂ ਕਿਸੇ ਗਿਰਝ ਦੇ ਚੀਕਣ ਦੀ ਅਵਾਜ਼ ਆ ਰਹੀ ਸੀ।

ਬੇਬੇ ਰੋਟੀ ਲੈ ਕੇ ਆ ਗਈ।

ਮੱਕੀ ਦੀ ਰੋਟੀ ਅਤੇ ਸਰ੍ਹੋਂ ਦੇ ਸਾਗ ਵਿਚੋਂ ਆਨੰਦਮਈ ਮਹਿਕ ਉਠ ਰਹੀ ਸੀ। ਸਾਗ ਵਾਲੀ ਬਾਟੀ ਉੱਪਰ ਮੱਖਣ ਵੱਖ ਤਾਰੀਆਂ ਲਾ ਰਿਹਾ ਸੀ। ਅਧਰਕ ਦੇ ਆਚਾਰ ਦੀ ਮਹਿਕ ਨੱਕ ਵਿਚ ਜਲੂਣ ਛੇੜ ਰਹੀ ਸੀ।

-”ਬੇਬੇ ਮੈਨੂੰ ਭੁੱਖ ਨਹੀਂ।” ਮੰਜੇ ‘ਤੇ ਪਏ ਗੁਰਪਾਲ ਨੇ ਪਾਸਾ ਲੈ ਲਿਆ।

-”ਕਿਉਂ? ਡੁੱਬ ਜਾਣੀ ਭੁੱਖ ਕਾਹਤੋਂ ਨਹੀਂ? ਇੱਕ ਅੱਧੀ ਖਾ ਲੈ-ਤੂੰ ਤਾਂ ਅੱਜ ਦੁੱਧ ਵੀ ਨਹੀ ਪੀਤਾ ਪੁੱਤ-ਲੈ ਦੇਖ ਮੱਖੀ ਪੈ ਗਈ।”

-”ਬੇਬੇ ਦਿਲ ਨਹੀ ਕਰਦਾ।”

-”ਦਿਲ ਕਾਹਤੋਂ ਨਹੀ ਕਰਦਾ?”

-”ਬੱਸ ਬੇਬੇ ਤੈਨੂੰ ਆਖਤਾ-ਦਿਲ ਨਹੀ ਕਰਦਾ।”

-”ਕਿੰਨਾਂ ਦੁਖੀ ਕੀਤੈ ਇਸ ਛੋਰ੍ਹ ਨੇ-ਤੈਨੂੰ ਤਾਂ ਕੋਈ ਗੱਲ ਨਾ ਦੱਸੇ-ਐਮੇਂ ਮਾੜੀ ਜਿਹੀ ਗੱਲ ਦਿਲ ਤੇ ਲਾ ਕੇ ਬਹਿ ਜਾਂਦੈ ਕੋਹੜ੍ਹਾ।”

-”ਬੇਬੇ ਇਹੇ ਮਾੜੀ ਜਿਹੀ ਗੱਲ ਐ?”

-”ਤੇ ਹੋਰ ਕੀ ਐ? ਬਥੇਰ੍ਹਾ ਉਹਦੇ ਪਿਉ ਕੋਲ ਪੈਸਾ ਐ-ਸਹੁਰੇ ਬਥੇਰ੍ਹੇ ਅਮੀਰ ਐ-ਸਰਕਾਰੇ ਦਰਬਾਰੇ ਪੁੱਛ ਦੱਸ ਐ-ਦੇਖ ਲਈਂ ਕੱਲ੍ਹ ਨੂੰ ਈ ਨਾ ਛੁਡਾ ਲਿਆਇਆ ਤਾਂ ਮੈਨੂੰ ਨੀਵੇਂ ਥਾਂ ਬਹਾ ਲਈਂ।”

-”ਬੇਬੇ-ਬਿਗਾਨੇ ਘਰੇ ਲੱਗੀ ਅੱਗ ਈ ਬਸੰਤਰ ਦਿਸਦੀ ਐ-ਕੇੜਾ ਤਾਂ ਉਦੋਂ ਚੜ੍ਹਦੈ ਜਦੋਂ ਆਪਦੇ ਘਰ ਨੂੰ ਆ ਲੱਗਦੀ ਐ-ਇਹਦੇ ਪਿਉ ਕੋਲੇ ਤਾਂ ਪੈਸਾ ਐ-ਪਰ ਜਿਹਨਾਂ ਕਰਮਾਂ ਮਾਰਿਆਂ ਕੋਲੇ ਇਹ ਦੋਵੇਂ ਚੀਜਾਂ ਈ ਨਹੀ-ਉਹਨਾਂ ਦੇ ਤਾਂ ਚਾਹੜ੍ਹੀ ਜਾਂਦੇ ਐ ਨਾ ਗੱਡੀ?”

-”……….!” ਮਾਂ ਨਿਰੁੱਤਰ ਸੀ।

ਗੁਰਪਾਲ ਵੀ ਚੁੱਪ ਹੋ ਗਿਆ।

-”ਪੁੱਤ ਬੰਦਾ ਸਲਾਮਤ ਰਹੇ-ਪੈਸੇ ਦਾ ਕੀ ਐ? ਇਹ ਤਾਂ ਹੱਥਾਂ ਦੀ ਮੈਲ ਐ।”

-”ਪਰ ਬੇਬੇ ਉਹ ਕੀ ਕਰਨ ਜਿਹਨਾਂ ਕੋਲੇ ਹੱਥਾਂ ਦੀ ਮੈਲ ਵੀ ਹੈ ਨਹੀਂ?”

-”ਬਲਦੀ ਦੇ ਬੂਥੇ ਆਏ ਬੰਦੇ ਨੂੰ ਦੇਣਾ ਪੈਂਦੈ-ਇਹ ਠੀਕ ਗੱਲ ਐ-ਪਰ ਦਿਨੋਂ ਦਿਨ ਪੁਲਸ ਦਾ ਮੂੰਹ ਪਈ ਜਾਂਦੈ-ਕੁੱਤੇ ਦੇ ਮੂੰਹ ਲਹੂ ਲੱਗਿਐ ਕਦੋਂ ਭਲੀ ਗੁਜਾਰੂ?”

-”ਬੇਬੇ ਇਹ ਤਾਂ ਲਹੂ ਪੀਣੀਆਂ ਜੋਕਾਂ ਐਂ-ਜਿੱਧਰ ਮੂੰਹ ਪੈ ਗਿਆ-ਸੂਟੀਂ ਖਿੱਚਣਗੇ।”

-”ਫੇਰ ਕਮਲਿਆ ਪੁੱਤਾ ਕੋਈ ਵੱਸ ਐ? ਜਿਹਨਾਂ ਦਾ ਗੋਲੀ ਮੂਹਰੇ ਖੜ੍ਹੈ-ਉਹ ਤਾਂ ਦੇਣਗੇ ਈ-ਦੱਸ ਹੋਰ ਕੋਈ ਚਾਰਾ ਹੈ?”

-”ਚਾਰੇ ਬੇਬੇ ਬਥੇਰ੍ਹੇ-ਪਰ ਕੋਈ ਮਗਰ ਨਹੀਂ ਲੱਗਦਾ-।” ਮੁੰਡੇ ਨੇ ਘੋਰ ਮਾਯੂਸੀ ਵਿਚ ਸਿਰ ਫੇਰਿਆ।

ਮਾਂ ਅਜੇ ਵੀ ਥਾਲੀ ਲਈ ਖੜ੍ਹੀ ਸੀ ਕਿ ਬਾਹਰੋਂ ਬਾਪੂ ਆ ਗਿਆ। ਸਾਬਤ ਸੂਰਤ ਦਸਤਾਰ ਸਿਰਾ ਬਾਪੂ ਦਸਾਂ ਨਹੁੰਆਂ ਦੀ ਕਿਰਤ ਕਮਾਈ ਕਰਨ ਵਾਲਾ ਸਿੱਧਾ ਸਾਧੂ ਬੰਦਾ ਸੀ। ਹਰ ਵਕਤ “ਧੰਨ ਕਰਤਾਰ-ਧੰਨ ਕਰਤਾਰ” ਜਪਣ ਵਾਲਾ ਜਪਨਾਮ ਸਿੰਘ ਇੱਕ ਸੱਚ ਦੀ ਮੂਰਤ ਸੀ। ਸਾਰੀ ਜਿ਼ੰਦਗੀ ਕਿਸੇ ਨਾਲ ਬੋਲ ਵਿਗਾੜ ਨਹੀਂ ਹੋਇਆ ਸੀ। ਜਿਸ ਕਰਕੇ ਪਿੰਡ ਦਾ ਹਰ ਬੰਦਾ-ਬੁੜ੍ਹੀ, ਬੱਚਾ-ਬੱਚੀ ਉਸ ਦੀ ਇੱਜ਼ਤ ਕਰਦਾ ਸੀ। ਪਿੰਡ ਵਾਲੇ ਆਮ ਕਰਕੇ ਉਸ ਨੂੰ “ਕੱਛ ਵਾਲਾ ਭਾਈ” ਕਹਿ ਕੇ ਬੁਲਾਉਂਦੇ ਸਨ।

-”ਆ ਗਿਐਂ ਬਈ ਸ਼ੇਰਾ-ਐਨੇ ਦਿਨ ਲਾਅਤੇ?” ਬਾਪੂ ਨੇ ਆਉਣਸਾਰ ‘ਗੁਰਲਾਲ’ ਨੂੰ ਪੁੱਛਿਆ। ਬਾਪੂ ਉਸ ਨੂੰ ‘ਗੁਰਲਾਲ’ ਜਾਂ ‘ਪਾਲੀ’ ਆਖਦਾ ਸੀ।

-”ਬੱਸ ਬਾਪੂ ਜੀ ਕਾਲਜ ਵਿਚ ਇੱਕ ਝਗੜਾ ਜਿਆ ਹੋ ਗਿਆ ਸੀ ਮੁੰਡਿਆਂ ‘ਚ-ਉਸੇ ਨੂੰ ਨਿਪਟਾਉਣ ‘ਚ ਲੱਗੇ ਰਹੇ।”

-”ਨਿੱਬੜ ਗਿਆ?”

-”ਨਿੱਬੜਿਆ ਤਾਂ ਖੈਰ ਨਹੀ-ਪਰ ਨਿੱਬੜ ਜਾਊਗਾ-ਸ਼ਰਾਰਤੀ ਮੁੰਡੇ ਪੱਟੀ ਨਹੀ ਬੱਝਣ ਦਿੰਦੇ।”

-”ਸ਼ਰਾਰਤੀਆਂ ਦਾ ਕੰਮ ਕੀ ਹੁੰਦੈ? ਉਂਗਲ ਲਾਓ, ਡਹਾਓ ਤੇ ਆਪ ਤਮਾਸ਼ਾ ਦੇਖੋ।”

-”ਜੋਧ ਦਾ ਕੀ ਬਣਿਆਂ?” ਬੇਬੇ ਨੇ ਪੁੱਛਿਆ।

-”ਬਣਨਾ ਕੀ ਸੀ? ਮੁੰਡੇ ਨੂੰ ਸਦਰ ਠਾਣੇ ਲੈ ਗਏ-ਹਵਾਲਾਟ ‘ਚ ਰੱਖਿਐ-ਅੱਗੇ ਲੇਖਾ ਗੁਰੂ ਜਾਣੇ।” ਜਪਨਾਮ ਸਿੰਘ ਹਰ ਕੌਰ ਨੂੰ ਆਖ ਰਿਹਾ ਸੀ।

-”ਮਗਰ ਗਏ ਸੀ-ਕੁਛ ਪੱਲੇ ਪਿਆ?”

-”ਹੈ ਕਮਲੀ! ਪੱਲੇ ਕੀ ਪੈਣਾ ਸੀ? ਐਮ ਐਲੇ ਕੋਲੇ ਗਏ ਸੀ-ਉਹ ਅੱਗਿਓਂ ਦਾਰੂ ਨਾਲ ਰੱਜਿਆ ਬੈਠਾ।”

-”ਹੈ ਤੇਰੇ ਕੀੜੇ ਪੈਣ-ਫੇਰ?”

-”ਫੇਰ ਐਮ ਪੀ ਕੋਲੇ ਗਏ-ਉਹਨੇ ਚਿੱਟਾ ਈ ਜਵਾਬ ਦੇ ਦਿੱਤਾ।”

-”ਕੀ ਕਹਿੰਦਾ?”

-”ਕਹਿਣਾ ਕੀ ਸੀ? ਕਹਿੰਦਾ ਸਾਡੇ ਕੋਈ ਬੱਸ ਨਹੀ-ਪੁਲਸ ਅੱਜ ਕੱਲ੍ਹ ਕਿਸੇ ਦੀ ਨਹੀ ਸੁਣਦੀ-ਗੌਰਮਿੰਟ ਦੇ ਰੱਸੇ ਲਾਹੇ ਹੋਏ ਐ-ਬਈ ਲੁੱਟੋ ਮਾਰੋ ਤੇ ਖਾਓ!”

-”ਹੈਅ ਤੁਸੀਂ ਗਰਕ ਜਾਓਂ ਸਾਰੇ ਈ-ਤਾਂ ਵੀ ਕੋਈ ਰਾਹ ਤਾਂ ਦੱਸਿਆ ਈ ਹੋਊ?”

-”ਉਹ ਤਾਂ ਇਹ ਕਹਿੰਦੈ-ਬਈ ਪੈਸੇ ਦੇ ਕੇ ਛੁਡਾ ਸਕਦੇ ਓ ਤਾਂ ਛੁਡਾ ਲਓ-ਤੇ ਨਹੀ ਲੱਕੜਾਂ ਤਿਆਰ ਰੱਖੋ-ਖ਼ਬਰ ਪਹੁੰਚੀ ਖੜ੍ਹੀ ਐ।”

-”ਹੈਅ ਥੋਨੂੰ ਡੋਬਾ ਪੈ ਜੇ ਸਾਰਿਆਂ ਨੂੰ-ਵੋਟਾਂ ਮੰਗਣ ਆਉਣਗੇ ਤਾਂ ਗੱਲੀਂ ਵਾਰੇ ਨਹੀ ਆਉਣ ਦਿੰਦੇ-ਅਸੀਂ ਔਹ ਕਰ ਦਿਆਂਗੇ ਤੇ ਪਿੱਛੋਂ ਤੂੰ ਕੌਣ ਮੈ ਕੌਣ-ਪੈ ਜੇ ਮੌਤ ਇਹਦੇ ਜਣਦਿਆਂ ਨੂੰ।” ਬੇਬੇ ਗੁੱਸੇ ਵਿਚ ਤਾਣੀ ਵਾਂਗ ਕੰਬਣ ਲੱਗ ਪਈ ਸੀ।

-”ਕੋਈ ਹਾਥ ਨਹੀ ਕਿਸੇ ਨੂੰ ਹਰ ਕੁਰੇ-ਇਹਨਾਂ ਨੂੰ ਤਾਂ ਗੁਰੂ ਈ ਸੁਮੱਤ ਬਖ਼ਸ਼ੇ!”

-”ਠਾਣਿਓਂ ਕਨਸੋਅ ਲੈ ਲੈਣੀ ਸੀ-ਉਹ ਜਾਣੇ ਮੂੰਹ ‘ਚ ਹੱਡ ਦੇਣ ਤੇ ਬੰਦਾ ਛੁਡਵਾਉਣ।”

-”ਠਾਣੇ ਵੀ ਗਏ ਸੀ-।”

-”ਫੇਰ-?”

-”ਠਾਣੇਦਾਰ ਨੇ ਵੀ ਮਿੱਠੀ ਉਂਗਲ ਚਟਾ ਕੇ ਮੋੜ ਦਿੱਤੇ-ਰਾਹ ਕੋਈ ਨਹੀ ਦਿੱਤਾ।”

-”ਹੇ ਵਾਹਿਗੁਰੂ!”

-”ਮੁੱਖ ਮੰਤਰੀ, ਡੀ ਸੀ, ਪੁਲਸ ਮੁਖੀ ਤੇ ਗਵਰਨਰ ਨੂੰ ਤਾਰਾਂ ਦਿੱਤੀਐਂ-ਅੱਗੇ ਦੇਖੋ ਕੀ ਬਣਦੈ-ਗੁਰੂ ਸੁੱਖ ਰੱਖੇ!”

-”ਤਾਰਾਂ ਨੂੰ ਕੌਣ ਪੁੱਛਦੈ ਬਾਪੂ-ਸਰਸਰੀ ਨਜਰ ਮਾਰ ਕੇ ਕੂੜੇ ‘ਚ ਵਗਾਹ ਮਾਰਦੇ ਐ-ਕੁੱਤੀ ਚੋਰਾਂ ਨਾਲ ਰਲੀ ਹੋਈ ਐ-ਅੰਦਰੋਂ ਬਾਹਰੋਂ-ਵੱਡੇ ਛੋਟੇ-ਇਹ ਸਾਰੇ ਇੱਕ ਐ।” ਗੁਰਪਾਲ ਨੇ ਆਖਿਆ।

-”ਤੇਰਾ ਲਾਡਲਾ ਅੱਜ ਰੋਟੀ ਨਹੀ ਖਾਂਦਾ।”

-”ਕਿਉਂ ਨਹੀ ਖਾਂਦਾ?”

-”ਬੱਸ ਪਤਾ ਨਹੀ-ਨਾ ਈ ਅੱਜ ਦੁੱਧ ਪੀਤੈ।” ਬੇਬੇ ਨੇ ਸ਼ਕਾਇਤ ਲਾਈ।

-”ਕਿਉਂ ਬਈ ਗੁਰੂ ਦੇ ਲਾਲ ਅੱਜ ਦੁੱਧ ਨਹੀ ਪੀਤਾ ਸੋਹਣਿਆਂ?”

-”ਬੱਸ ਬਾਪੂ ਜੀ ਦਿਲ ਹੀ ਨਹੀ ਕੀਤਾ।”

-”ਭੱਠੀ ‘ਚ ਬਾਲਣ ਨਾ ਹੋਊ ਮਘੂ ਕਿਵੇਂ?”

-”ਮੈਂ ਦੱਸ ਬੈਠੀ ਜੋਧ ਬਾਰੇ ਅੱਜ।”

-”ਕਾਹਨੂੰ ਦੱਸਣਾ ਸੀ ਇਸ ਸਿੱਧਰੇ ਨੂੰ? ਤੂੰ ਲਿਆ ਰੋਟੀ-ਗੁਰੂ ਦੇ ਲਾਲਾ-ਗੁਰੂ ਦੇ ਸਿੰਘ ਨੂੰ ਭਾਣੇ ਦੇ ਅੰਦਰ ਰਹਿ ਕੇ ਸਾਰਾ ਕੁਛ ਜਰਨਾਂ ਪੈਂਦੈ-ਛੱਡਿਆ ਪੁੱਤ ਕੁਛ ਨਹੀ ਜਾਂਦਾ-ਗੁਰੂ ਦੀਆਂ ਲਾਡਲੀਆਂ ਫੌਜਾਂ ਘੋੜਿਆਂ ਤੇ ਸੌਂ ਕੇ-’ਕੱਲੇ ਛੋਲੇ ਚੱਬ ਕ-ਦੁਸ਼ਮਣ ਦੀਆਂ ਫੌਜਾਂ ਦੇ ਛੱਕੇ ਛੁਡਾਉਂਦੀਆਂ ਰਹੀਐਂ-ਟੱਕਰ ਲੈਂਦੀਆਂ ਰਹੀਆਂ-ਤੇ ਤੂੰ ਮਾੜੀ ਜਿਹੀ ਖਬਰ ਸੁਣ ਕੇ ਅੰਨ ਤਿਆਗ ਗਿਐਂ? ਵਾਹ ਬਈ ਵਾਹ! ਮਾਰੇਂਗਾ ਮੋਰਚੇ-ਖਾਹ ਟੁੱਕ ਦੀ ਬੁਰਕੀ ਗੁਰੂ ਦਾ ਨਾਂ ਲੈ ਕੇ-ਬੋਲ ਵਾਹਿਗੁਰੂ!”

ਬਾਪੂ ਦੇ ਆਖਣ ‘ਤੇ ਗੁਰਪਾਲ ਨੇ ਰੋਟੀ ਖਾ ਲਈ।

ਦੁੱਧ ਪੀ ਲਿਆ।

ਬਾਪੂ ਦੀਆਂ ਚੜ੍ਹਦੀ ਕਲਾ ਦੀਆਂ ਗੱਲਾਂ ਹਮੇਸ਼ਾ ਗੁਰਪਾਲ ਅੰਦਰ ਨਰੋਏ ਖੂਨ ਦਾ ਸੰਚਾਰ ਕਰਕੇ ਉਸ ਨੂੰ ਤਰੋਤਾਜ਼ਾ ਕਰਦੀਆਂ ਸਨ। ਡੋਲਣ ਨਹੀ ਦਿੰਦੀਆਂ ਸਨ। ਜਪਨਾਮ ਸਿੰਘ ਜਿਵੇਂ ਗੁਰਪਾਲ ਦਾ ਬਾਪੂ ਨਹੀ, ਕੋਈ ਦਰਵੇਸ਼, ਕੋਈ ਫ਼ੱਕਰ, ਕੋਈ ਫ਼ਕੀਰ, ਕੋਈ ਦੇਵਤਾ ਸੀ। ਬਾਪੂ ਦਾ ਉਹ ਰੱਬ ਜਿੰਨਾਂ ਆਸਰਾ ਮੰਨਦਾ ਸੀ। ਉਸ ਨੂੰ ਆਪਣਾ ਮਾਰਗ-ਦਰਸ਼ਕ ਸਮਝਦਾ ਸੀ। ਉਸ ਦਾ ਧਰਮੀਂ ਬਾਪ ਗੁਣਾਂ ਦਾ ਖ਼ਜ਼ਾਨਾ ਸੀ। ਪ੍ਰੇਰਨਾ ਸਰੋਤ ਸੀ।

ਕੀਰਤਨ ਸੋਹਿਲੇ ਤੋਂ ਬਾਅਦ ਬਾਪੂ ਅਤੇ ਬੇਬੇ ਨੇ ਅਰਦਾਸ ਕੀਤੀ। ਰਾਤ ਗੂਹੜ੍ਹੀ ਹੋ ਚੁੱਕੀ ਸੀ।

ਪੁਰਜਾ ਪੁਰਜਾ ਕਟਿ ਮਰੈ
ਕਾਂਡ 2

ਜੋਸ਼ ਦਾ ਤੂਫ਼ਾਨ ਹੀ ਐਨਾ ਹਿੱਲਿਆ ਸੀ ਕਿ ਸਕੂਲਾਂ, ਕਾਲਿਜਾਂ ਵਿਚ ਇਹ ਲਹਿਰ ਕਾਫੀ ਜੋਰ ਫੜ ਗਈ ਸੀ। ਖਾਸ ਤੌਰ ‘ਤੇ ਰੋਡੇ ਅਤੇ ਗੁਰੂ ਨਾਨਕ ਕਾਲਜ ਦੇ ਵਿਦਿਆਰਥੀ ਲਹਿਰ ਦੇ ਵੱਧ ਨਜ਼ਦੀਕ ਸਨ। ਡੀ ਐਮ ਕਾਲਜ ਦੇ ਅੱਧਿਓਂ ਵੱਧ ਸਟੂਡੈਂਟਸ, ਸਿੱਖ ਸਟੂਡੈਂਟ ਫ਼ੈਡਰੇਸ਼ਨ ਨਾਲ ਜੁੜ ਚੁੱਕੇ ਸਨ। ਡੀ ਐਮ ਕਾਲਿਜ ਵਿਚ ਕੁਝ ਕੋਮਿਊਨਿਸਟ ਵਿਚਾਰਾਂ ਦੇ ਮੁੰਡੇ ਹੋਣ ਕਰਕੇ ਇੱਥੇ ਜੂਤ-ਪਤਾਣ ਹੁੰਦਾ ਹੀ ਰਹਿੰਦਾ ਸੀ।

ਪ੍ਰਿੰਸੀਪਲ, ਪ੍ਰੋਫੈਸਰ ਅਤੇ ਬਾਕੀ ਅਮਲਾ ਅੱਡ ਦੁਖੀ ਸੀ। ਕੋਈ ਕਿਸੇ ਵਿਦਿਆਰਥੀ ਨੂੰ ਕੁਝ ਵੀ ਕਹਿਣ ਦਾ ਹੀਆਂ ਨਹੀ ਕਰਦਾ ਸੀ। ਕੋਈ ਇਤਬਾਰ ਨਹੀ ਸੀ ਕਿ ਕਿਹੜਾ ਸਟੂਡੈਂਟ ਕਿਹੜੀ ਜੱਥੇਬੰਦੀ ਨਾਲ ਸਬੰਧਿਤ ਹੋ ਸਕਦਾ ਸੀ? ਪ੍ਰੋਫੈਸਰ ਅਤੇ ਵਿਦਿਆਰਥੀ ਹਮੇਸ਼ਾਂ ਘੁੱਟੇ-ਘੁੱਟੇ ਜਿਹੇ ਰਹਿੰਦੇ ਸਨ। ਕਾਲਜ ਦੀ ਕੰਟੀਨ ਅਤੇ ਪਾਰਕ ਵਿਚ ਪਹਿਲਾਂ ਵਾਲੀ ਰੌਣਕ ਨਹੀ ਰਹਿ ਗਈ ਸੀ। ਹਿੰਦੂ-ਸਿੱਖ ਭਾਈਚਾਰੇ ਦਾ ਪਾੜਾ ਵਧਦਾ ਹੀ ਜਾ ਰਿਹਾ ਸੀ। ਜਿਸ ਨੂੰ ਫਿ਼ਰਕੂ ਰੰਗ ਦੇ ਕੇ ਦਿਨੋਂ-ਦਿਨ ਭਿਆਨਕ ਰੂਪ ਦਿੱਤਾ ਜਾ ਰਿਹਾ ਸੀ। ਹਿੰਦੂ ਅਤੇ ਸਿੱਖ ਅਖਬਾਰਾਂ ਦਾ ਆਪਣਾ-ਆਪਣਾ ਸਟੈਂਡ ਲਿਆ ਹੋਇਆ ਸੀ। ਪਬਲੀਸਿਟੀ-ਸਟੰਟ ਲਈ ਹਰ ਕੋਈ ਆਪਣਾ ਮੰਤਵ ਕਾਇਮ ਰੱਖਣਾ ਚਾਹੁੰਦਾ ਸੀ। ਹਰ ਪਾਸੇ ਮਾਰ-ਧਾੜ, ਲੁੱਟ-ਮਾਰ ਦੀਆਂ ਗੱਲਾਂ ਹੀ ਹੋ ਰਹੀਆਂ ਸਨ। ਅਖਬਾਰਾਂ ਦੀਆਂ ਮੁੱਖ-ਸੁਰਖੀਆਂ ਅੱਗ ਉਗਲਦੀਆਂ ਸਨ। ਪੰਜਾਬ ਦਾ ਕੀ ਬਣੇਗਾ? ਹਰ ਇਕ ਅੱਗੇ ਇਹ ਇਕ ਵੱਡਾ ਪ੍ਰਸ਼ਨ ਸੀ, ਮਸਲਾ ਸੀ।

ਗੁਰਪਾਲ ਅਜੇ ਕਿਸੇ ਵੀ ਜੱਥੇਬੰਦੀ ਨਾਲ ਰਲਿਆ ਨਹੀ ਸੀ ਅਤੇ ਨਾ ਹੀ ਉਹ ਰਲਣਾ ਚਾਹੁੰਦਾ ਸੀ। ਚਾਹੇ ਉਹ ਚਿਹਰੇ ਵੱਲੋਂ ਸਾਬਤ-ਸੂਰਤ ਸੀ। ਪਰ ਅੰਮ੍ਰਿਤ ਉਸ ਨੇ ਅਜੇ ਤੱਕ ਨਹੀ ਛਕਿਆ ਸੀ। ਗੁਰਪਾਲ ਇਕ ਨੇਕ ਘਰਾਣੇ ਨਾਲ ਸਬੰਧ ਰੱਖਦਾ ਸੀ। ਮਾਂ-ਬਾਪ ਦਾ ਇਕੱਲਾ-ਇਕੱਲਾ ਪੁੱਤ ਸੀ। ਮਾਈ ਅਤੇ ਬਾਪ ਦੋਨੋਂ ਹੀ ਅੰਮ੍ਰਿਤਧਾਰੀ, ਗੁਰੂ ਦੇ ਲੜ ਲੱਗੇ ਹੋਏ ਸਨ। ਅੱਠੇ ਪਹਿਰ ਰੱਬ ਦਾ ਨਾਂ ਜਪਣ ਵਾਲੇ ਗੁਰਪਾਲ ਦੇ ਮਾਪੇ ਸਰਬੱਤ ਦਾ ਭਲਾ ਲੋੜਦੇ ਸਨ।

ਫ਼ੈਡਰੇਸ਼ਨ ਅਤੇ ਕੋਮਿਊਨਿਸਟ ਵਰਕਰਾਂ ਦੀ ਹੋਈ ਝੜਪ ਕਾਰਨ ਗੁਰਪਾਲ ਤਿੰਨ ਦਿਨ ਤੋਂ ਪਿੰਡ ਨਹੀ ਜਾ ਸਕਿਆ ਸੀ। ਉਹ ਮਨੋਂ-ਤਨੋਂ ਦੋਹਾਂ ਧਿਰਾਂ ਦਾ ਰਾਜ਼ੀਨਾਵਾਂ ਚਾਹੁੰਦਾ ਸੀ। ਪਰ ਸ਼ਰਾਰਤੀ ਅਨਸਰ ਕੋਈ ਪੇਸ਼ ਨਹੀ ਜਾਣ ਦਿੰਦੇ ਸਨ। ਤਮਾਸ਼ਬੀਨ ਜਾਂ ਕਹੋ ਉਂਗਲੀ-ਚੱਟ ਕਿਸੇ ਹਾਲਤ ਵਿਚ ਵੀ ਰਾਜ਼ੀਨਾਵੇਂ ਦੇ ਹੱਕ ਵਿਚ ਨਹੀ ਸਨ। ਦੋਹਾਂ ਧਿਰਾਂ ਦੀ ਦਰਾੜ ਇਕ ਤਰ੍ਹਾਂ ਨਾਲ ਉਹਨਾਂ ਨੂੰ ‘ਘੜੰ੍ਹਮ-ਚੌਧਰੀ’ ਬਣਾਈ ਬੈਠੀ ਸੀ। ਜੇ ਰਾਜ਼ੀਨਾਵਾਂ ਹੁੰਦਾ ਸੀ ਤਾਂ ਉਹਨਾਂ ਦੀ ਚੌਧਰ ਜਾਂਦੀ ਸੀ। ਚੌਧਰ ਉਹ ਕਿਸੇ ਹਾਲਤ ਵਿਚ ਵੀ ਹੱਥੋਂ ਨਹੀ ਗੁਆਉਣਾ ਚਾਹੁੰਦੇ ਸਨ। ਫ਼ੈਡਰੇਸ਼ਨ ਅਤੇ ਕੋਮਿਊਨਿਸਟ ਵਰਕਰਾਂ ਦੇ ਇਸ ਗੰਭੀਰ ਝਗੜੇ ਪਿੱਛੇ ਇਸੇ ਹੀ ਕਾਲਜ ਦੇ ਮੁੰਡੇ ਰਣਬੀਰ ਸਿੰਘ ਦਾ ਦਿਮਾਗ ਕੰਮ ਕਰਦਾ ਸੀ। ਰਣਬੀਰ ਸਿੰਘ ਪੁਲਸ ਦਾ ‘ਦੱਲਾ’ ਸੀ। ਕਾਲਜ ਵਿਚ ਸਰਗਰਮ ਹਰ ਵਿਦਿਆਰਥੀ ‘ਤੇ ਉਸ ਦੀ ਬਾਜ਼ ਨਜ਼ਰ ਰਹਿੰਦੀ ਸੀ। ਪਿਉ ਨੇ ਸਾਰੀ ਉਮਰ ਪੁਲਸ ਦੀ ਟਾਊਟੀ ਕਰ ਕੇ ਦੱਲਪੁਣਾਂ ਕੀਤਾ ਸੀ ਅਤੇ ਹੁਣ ਉਸ ਦੇ ਪਾਏ ਪੂਰਨਿਆਂ ‘ਤੇ ਪੁੱਤ ਰਣਬੀਰ ਚੱਲ ਰਿਹਾ ਸੀ। ਕੋਈ ਮਰੇ ਕੋਈ ਜੀਵੇ-ਸੁਥਰਾ ਘੋਲ ਪਤਾਸੇ ਪੀਵੇ! ਹਰ ਹਾਲਤ ਵਿਚ ਠਾਣੇਦਾਰ ਦਾ ਥਾਪੜਾ ਰਣਬੀਰ ਦੀ ਪਿੱਠ ‘ਤੇ ਰਿਹਾ ਸੀ। ਰਣਬੀਰ ਪੁਲਸ ਦਾ ਮੁਖ਼ਬਰ ਸੀ, ਟਾਊਟ ਸੀ। ਪਹਿਲਾਂ-ਪਹਿਲਾਂ ਉਹ ਮੁਖ਼ਬਰੀ ਕਰਨੋਂ ਬਹੁਤ ਡਰਦਾ ਸੀ ਕਿਉਂਕਿ ਮੁਖ਼ਬਰ ਖਾੜਕੂਆਂ ਦੇ ਪੱਕੇ ਦੁਸ਼ਮਣ ਸਨ ਅਤੇ ਜੱਥੇਬੰਦੀ ਵਲੋਂ ਮੁਖ਼ਬਰ ਨੂੰ ਸੋਧਣਾਂ ਪਹਿਲਾ ਕਰਮ ਸੀ। ਕਈ ਪੁਲਸ-ਮੁਖ਼ਬਰ ਖਾੜਕੂਆਂ ਵਲੋਂ ਸੋਧੇ ਵੀ ਜਾ ਚੁੱਕੇ ਸਨ। ਇਕ ਦਿਨ ਹੱਲਾਸ਼ੇਰੀ ਲਈ ਠਾਣੇਦਾਰ ਗੁਰਪ੍ਰੀਤ ਸਿੰਘ ਗਰੇਵਾਲ ਨੇ ਰਣਬੀਰ ਦੇ ਬਾਪੂ ਰਾਹੀਂ ਰਣਬੀਰ ਨੂੰ ਠਾਣੇ ਬੁਲਾਇਆ। ਨੰਬਰਦਾਰ ਝੱਟ ਰਣਬੀਰ ਨੂੰ ਲੈ ਕੇ ਠਾਣੇ ਹਾਜ਼ਰ ਹੋ ਗਿਆ। ਠਾਣੇਦਾਰ ਬੜਾ ਬਾਗੋ-ਬਾਗ ਹੋਇਆ।

-”ਉਏ ਆ ਬਈ ਮੇਰਿਆ ਰਣਬੀਰ ਪੁੱਤਰਾ!” ਉਠ ਕੇ ਠਾਣੇਦਾਰ ਨੇ ਰਣਬੀਰ ਨੂੰ ਬੁੱਕਲ ਵਿਚ ਲੈ ਲਿਆ।

ਸਰਕਾਰੀ ਵਰਦੀ ਨਾਲ ਖਹਿਣ ਕਾਰਨ ਰਣਬੀਰ ਅੰਦਰ ਨਿੱਘ ਭਰ ਗਿਆ। ਉਸ ਅੰਦਰ ਦਲੇਰੀ ਜਾਗ ਪਈ।

-”ਚਲੋ ਨੰਬਰਦਾਰਾ-ਉਪਰ ਚੁਬਾਰੇ ‘ਚ ਚੱਲਦੇ ਆਂ!”

ਸਾਰੇ ਚੁਬਾਰੇ ਚੜ੍ਹ ਗਏ।

ਰਣਬੀਰ ਉਡਦਾ, ਪੱਬਾਂ ਭਾਰ ਚੁਬਾਰੇ ਦੀਆਂ ਪੌੜੀਆਂ ਚੜ੍ਹਿਆ ਸੀ। ਠਾਣੇਦਾਰ ਨੇ ਉਸ ਨੂੰ ਬੱਚਿਆਂ ਵਾਂਗ ਬੁੱਕਲ ਵਿਚ ਲਿਆ ਸੀ। ਕੋਈ ਖ਼ੁਸ਼ੀ, ਕੋਈ ਆਨੰਦਮਈ ਅਹਿਸਾਸ ਉਸ ਅੰਦਰ ਕੁਤਕੁਤੀਆਂ ਕੱਢ ਰਿਹਾ ਸੀ।

-”ਹਾਂ ਬਈ ਪੁੱਤਰਾ-ਕੀ ਪੀਏਂਗਾ?”

-”ਨਹੀ ਜੀ-ਕਾਸੇ ਚੀਜ਼ ਦੀ ਜਰੂਰਤ ਨਹੀਂ।”

-”ਨੰਬਰਦਾਰਾ! ਮੁੰਡਾ ਸੰਗਦੈ-ਤੂੰ ਤਾਂ ਕਦੇ ਸੰਗਿਆ ਈ ਨਹੀਂ ਸੀ ਯਾਰ-ਤੇ ਤੇਰਾ ਮੁੰਡਾ…? ਖ਼ੈਰ! ਸੰਗ ਸਾਨੂੰ ਪੁੱਤਰਾ ਲਾਹੁੰਣੀ ਆਉਂਦੀ ਐ-!” ਠਾਣੇਦਾਰ ਨੇ ਅਲਮਾਰੀ ‘ਚੋਂ ਬੋਤਲ ਕੱਢ ਲਈ। ਬੋਤਲ ਦੇਖ ਕੇ ਨੰਬਰਦਾਰ ਦੀਆਂ ਅੱਖਾਂ ਵਿਚ ਚਮਕ ਆ ਗਈ। ਉਸ ਦੀਆਂ ਲਾਲ੍ਹਾਂ ਵਗ ਤੁਰੀਆਂ। ਸ਼ਰਾਬ ਦੇਖ ਕੇ ਤਾਂ ਨੰਬਰਦਾਰ ਹਲਕ ਜਾਂਦਾ ਸੀ। ਬੋਤਲ ਦੇਖ ਕੇ ਉਸ ਨੂੰ ਗਧੇ ਵਾਂਗ ਹੀਂਗਣਾਂ ਛੁੱਟ ਪੈਂਦਾ ਸੀ। ਲੋਕਾਂ ਦੇ ਕਥਨ ਅਨੁਸਾਰ: ਦਾਰੂ ਦਿਖਾ ਕੇ ਤਾਂ ਚਾਹੇ ਨੰਬਰਦਾਰ ਨੂੰ ਨਰਕੀਂ ਲੈ ਜਾਵੋ-ਕਦੇ ਨਾਂਹ ਨਹੀ ਕਰਦਾ!

-”ਬੋਲ ਬਈ ਰਣਬੀਰਿਆ-ਕਿੰਨੀ ਕੁ ਪਾਵਾਂ?” ਮੇਜ਼ ‘ਤੇ ਤਿੰਨ ਗਿਲਾਸ ਰੱਖਦਿਆਂ ਠਾਣੇਦਾਰ ਨੇ ਬੋਤਲ ਨੂੰ ਹੱਥ ਪਾ ਲਿਆ।

-”ਨਹੀਂ ਗਰੇਵਾਲ ਸਾਹਿਬ-ਮੈਂ ਨਹੀ ਪੀਣੀ।” ਮੁੰਡਾ ਬਾਪੂ ਦੀ ਸ਼ਰਮ ਮੰਨਦਾ ਸੀ।

-”ਨੰਬਰਦਾਰਾ ਮੁੰਡਾ ਤੈਥੋਂ ਜਕਦੈ-ਤੇ ਨਹੀ ਕਾਲਜੀਏਟ ਗੱਭਰੂ ਨਾ ਪੀਣ? ਇਹ ਹੋ ਈ ਨਹੀ ਸਕਦਾ-ਸੱਚ ਸੱਚ ਦੱਸ ਪੁੱਤਰਾ-ਬਈ ਦਾਰੂ ਕਦੇ ਨਹੀਂ ਪੀਤੀ?”

-”ਨਹੀ ਜੀ ਫੰਕਸ਼ਨ ਫੁੰਕਸ਼ਨ ‘ਤੇ ਕਦੇ ਪੀ ਪੂ ਲਈਦੀ ਐ।”

-”‘ਤੇ ਅੱਜ ਕੀ ਬਿੱਲੀ ਛ੍ਹਿੱਕ ਗਈ? ਕਹਿ ਖਾਂ ਨੰਬਰਦਾਰਾ ਮੁੰਡੇ ਨੂੰ-ਦਾਰੂ ਤਾਂ ਮੁੰਡਿਆਂ ਨੂੰ ਘਿਉ ਮਾਂਗੂੰ ਲੱਗਦੀ ਐ।”

-”ਪੀ ਕੇ ਖਰੂਦ ਨਾ ਕਰੇ ਜੀ!”

-”ਲੈ ਖਰੂਦ ਨਾ ਕਰੂ-ਹੋਰ ਕੀ ਲੋਕ ਪਾਠ ਕਰਦੇ ਹੁੰਦੇ ਐ? ਇਹਨੂੰ ਪੀ ਕੇ ਪੁੱਤਰਾ ਮਾਣੋਂ-ਖੁਸ਼ੀ ਮਨਾਓ-ਤਾਂ ਇਹਦੇ ਅਰਗਾ ਵਿਟਾਮਿਨ ਕੋਈ ਨਹੀ-ਪੀ ਕੇ ਕਰੋਧੀ ਹੋਵੋ ਤਾਂ ਅੰਦਰ ਸਾੜਦੀ ਐ-ਸੋ ਇਸ ਲਈ ਪੀਓ ਤੇ ਜੀਓ!”

-”ਚੱਲ ਬੀਰਿਆ-ਲੈ ਲਾ ਤੋਲਾ।” ਨੰਬਰਦਾਰ ਨੇ ਹਾਂਮੀ ਭਰ ਦਿੱਤੀ। ਉਸ ਦੇ ਦਿਲ ਵਿਚ ਸੀ ਕਿ ਜੇ ਰਣਬੀਰ ਨਾ ਪੀਊ ਤਾਂ ਮੈਨੂੰ ਕਿੱਥੋਂ ਮਿਲੂ? ਬਿੱਲੀ ਦੇ ਕਰਮਾਂ ਨੂੰ ਮਸਾਂ ਹੀ ਛਿੱਕਾ ਟੁੱਟਿਆ ਸੀ।

ਠਾਣੇਦਾਰ ਨੇ ਤਿੰਨ ਗਿਲਾਸ ਭਰ ਲਏ।

-”ਲੈ ਚੱਕ ਪੁੱਤਰਾ-ਬੋਲ ਵਾਹਿਗੁਰੂ-ਖਾਣ ਪੀਣ ਤੋਂ ਜਕਾਅ ਕਾਹਦਾ? ਭੁੱਖੇ ਮਰਨਾਂ ਮਿਹਣਾਂ-ਖਾਂਦੇ ਪੀਂਦੇ ਸੌ ਆਰੀ ਮਰ ਜਾਈਏ-ਕੋਈ ਰੰਜ ਨਹੀ-ਚੱਕੋ ਫੇਰ!”

ਸਾਰਿਆਂ ਨੇ ਪੈੱਗ ਖਤਮ ਕਰ ਦਿੱਤੇ।

ਅਲਮਾਰੀ ਵਿਚੋਂ ਠਾਣੇਦਾਰ ਨੇ ਕਾਜੂ ਕੱਢ ਲਏ।

-”ਜੇ ਪੁੱਤਰਾ ਕਹੇਂ ਤਾਂ ਮੁਰਗਾ ਮੰਗਵਾਵਾਂ?” ਠਾਣੇਦਾਰ ਕਾਜੂ ਚੱਬਦਾ ਕਹਿ ਰਿਹਾ ਸੀ।

-”ਨਹੀ ਗਰੇਵਾਲ ਸਾਹਿਬ-ਕੋਈ ਜ਼ਰੂਰਤ ਨਹੀ।” ਰਣਬੀਰ ਅੰਦਰ ਮੀਕਣ ਵਿਸਕੀ ਇਕ ਗਰਮ ਜਿਹੀ ਲੀਕ ਪਾ ਗਈ ਸੀ। ਉਸ ਦਾ ਮਨ ਫੁੱਲ ਵਾਂਗ ਖਿੜ ਗਿਆ। ਹਵਾ ਦਾ ਬੁੱਲਾ ਲੋਰੀਆਂ ਦਿੰਦਾ ਜਾਪਿਆ।

ਬਾਹਰਲੀ ਧੁੱਪ ਸੰਧੂਰੀ ਹੁੰਦੀ ਦਿਸੀ। ਉਸ ਨੂੰ ਕੋਈ ਚਾਅ ਜਿਹਾ ਚੜ੍ਹਦਾ ਜਾ ਰਿਹਾ ਸੀ। ਮਸਤਿਆ ਦਿਲ ਅੰਬਰੀਂ ਤਾਰੀਆਂ ਲਾਉਣ ਲੱਗ ਪਿਆ। ਨਸ਼ੇ ਦੀ ਲੋਰ ਅਤੇ ਠਾਣੇਦਾਰ ਦੀ ਬੁੱਕਲ ਦਾ ਨਿੱਘ ਮਾਣ ਕੇ ਰਣਬੀਰ ਦਾ ਅਸਮਾਨ ਉਡ ਜਾਣ ਲਈ ਦਿਲ ਕਰਦਾ ਸੀ।

ਠਾਣੇਦਾਰ ਨੇ ਫਿਰ ਗਿਲਾਸ ਭਰ ਦਿੱਤੇ।

-”ਨਹੀ ਗਰੇਵਾਲ ਸਾਹਬ-ਹੌਲੀ!” ਨੰਬਰਦਾਰ ਨੇ ਠਾਣੇਦਾਰ ਨੂੰ ਆਖਿਆ।

-”ਨੰਬਰਦਾਰਾ-ਮੈਂ ਮਸਾਂ ਅੱਜ ਆਬਦੇ ਪੁੱਤਰ ਨੁੰ ਮਿਲਿਐਂ-ਤੂੰ ਵਿਚ ਨੰਨਾਂ ਨਾ ਪਾਅ-ਨਾਲੇ ਜੁਆਨ ਮੁੰਡੇ-ਖੁੰਡੇ ਨੂੰ ਦਾਰੂ ਕੀ ਆਖਦੀ ਐ? ਤੂੰ ਤਾਂ ਵਿਚੋਂ ਕਾਟ ਕਰਕੇ ਦਾਰੂ ਦਾ ਨਸ਼ਾ ਈ ਲਾਹਤਾ-ਤੂੰ ਨੰਬਰਦਾਰਾ ਬੁੜ੍ਹਿਆਂ ਆਲੀਆਂ ਗੱਲਾਂ ਨਾ ਕਰਿਆ ਕਰ!” ਠਾਣੇਦਾਰ ਨੇ ਉਹਨਾਂ ਹੱਥ ਗਿਲਾਸ ਥਮਾਉਂਦਿਆਂ ਕਿਹਾ।

ਸਾਰਿਆਂ ਨੇ ਗਿਲਾਸ ਖਾਲੀ ਕਰ ਦਿੱਤੇ।

-”ਹਾਂ ਬਈ ਪੁੱਤਰਾ ਰਣਬੀਰ ਸਿਆਂ-ਕਾਲਜ ਵਿਚ ਕੋਈ ਤਕਲੀਫ਼ ਤਾਂ ਨਹੀਂ? ਕੋਈ ਤੰਗ ਫੰਗ ਤਾਂ ਨਹੀਂ ਕਰਦਾ?” ਗਰੇਵਾਲ ਨੇ ਕਾਜੂਆਂ ਦਾ ਫ਼ੱਕਾ ਮਾਰਦਿਆਂ ਮੁੰਡੇ ਦੀ ਰਗ ‘ਤੇ ਹੱਥ ਰੱਖ ਲਿਆ।

-”ਜੇ ਕਰੇ ਤਾਂ ਦੱਸ ਦੇਈਂ-ਤੌਣੀਂ ਲਾ ਦਿਆਂਗੇ।”

-”ਨਹੀ ਗਰੇਵਾਲ ਸਾਹਿਬ-ਕੋਈ ਨਹੀਂ।”

-”ਤੂੰ ਯਾਰ ਪੁੱਤਰਾ-ਆਹ ਗਰੇਵਾਲ ਸਾਹਿਬ-ਗਰੇਵਾਲ ਸਾਹਿਬ ਕੀ ਲਾ ਰੱਖੀ ਐ? ਮੈਂ ਨੰਬਰਦਾਰ ਦਾ ਛੋਟਾ ਵੀਰ ਐਂ-ਮੈਨੂੰ ਚਾਚਾ ਆਖਿਆ ਕਰ-ਤੇਰਾ ਪਿਉ ਨੰਬਰਦਾਰ ਮੇਰਾ ਵੱਡਾ ਭਾਈ ਐ-ਤੇ ਤੂੰ ਮੇਰਾ ਭਤੀਜ-ਸੁਣ ਗਿਆ…?”

-”ਹਾਂ ਜੀ ਗਰੇਵਾਲ ਸਾਹਿਬ।”

-”ਫੇਰ ਗਰੇਵਾਲ ਸਾਹਿਬ? ਕੁੱਤਿਆ ਚਾਚਾ ਆਖ!” ਦਾਰੂ ਦੇ ਦੋ ਪੈੱਗ ਠਾਣੇਦਾਰ ਨੂੰ ਧਤੂਰੇ ਵਾਂਗ ਚੜ੍ਹੇ ਸਨ। ਉਹਨਾਂ ਸਾਹਮਣੇ ਉਹ ‘ਬਾਬੂ’ ਬਣਿਆਂ ਬੈਠਾ ਸੀ। ਪਰ ਨਿੱਤ ਦਾ ਪਿਆਕੜ ਹੋਣ ਕਾਰਨ ਬਾਹਰੋਂ ਲਾਚੜਿਆ ਉਹ ਆਪਣੇ ਖ਼ਾਸ, ਮੁੱਖ ਮੰਤਵ ਪ੍ਰਤੀ ਸੁਚੇਤ ਸੀ। ਅੰਦਰੋਂ ਹਰ ਤਰ੍ਹਾਂ ਨਾਲ ਸੰਜੀਦਾ ਸੀ।

-”………।” ਰਣਬੀਰ ਹੱਸ ਕੇ ਚੁੱਪ ਕਰ ਗਿਆ।

ਨੰਬਰਦਾਰ ਗੱਲਾਂ ਸੁਣਦਾ, ਖੁਸ਼ੀ ਵਿਚ ਆਫ਼ਰਿਆ ਬੈਠਾ ਸੀ। ਦਾਰੂ ਦੇ ਨਸ਼ੇ ਵਿਚ, ਕਿਸੇ ਚਾਅ ਵਿਚ ਉਹ ਆਪਣੀ ਕੋਹੜ ਕਿਰਲੇ ਵਰਗੀ ਮੁੱਛ ਨੂੰ ਬਾਣ ਦੀ ਰੱਸੀ ਵਾਂਗ ਵੱਟ ਚਾਹੜੀ ਜਾ ਰਿਹਾ ਸੀ। ਮੁੱਛ ਲੋਹੇ ਦੇ ਸਰੀਏ ਵਾਂਗ ਸਿੱਧੀ ਹੋ ਗਈ ਸੀ।

-”ਇਕ ਗੱਲ ਦੱਸ ਪੁੱਤਰਾ!” ਠਾਣੇਦਾਰ ਮੋੜ ਘੋੜ ਕੇ ਅਸਲੀ ਗੱਲ ਵੱਲ ਨੂੰ ਆਇਆ।

-”ਪੁੱਛੋ ਚਾਚਾ ਜੀ।” ਰਣਬੀਰ ਗੜ੍ਹਕੇ ਨਾਲ ਬੋਲਿਆ।

-”ਹੁਣ ਹਿੱਕ ਠਾਰੀ ਐ ਚਾਚਾ ਆਖ ਕੇ-ਰੀਅਲੀ ਆਈ ਲਾਈਕ ਇਟ-ਟੂ ਬੀ ਵੈਰ੍ਹੀ ਫ਼ਰੈਂਕ-ਆਈ ਲਾਈਕ ਇਟ ਵੈਰ੍ਹੀ ਮੱਚ!” ਉਹ ਹੋਰ ਪੈੱਗ ਪਾਉਣ ਲੱਗ ਪਿਆ।

-”ਹਾਂ, ਸੋ ਪੁੱਤਰ ਰਣਬੀਰਿਆ! ਮੈਂ ਆਖ ਰਿਹਾ ਸੀ-ਕਿ ਤੇਰੇ ਕਾਲਜ ਵਿਚ ਲਹਿਰ ਕਿੰਨ੍ਹੀ ਕੁ ਵੜ ਚੁੱਕੀ ਐ?” ਠਾਣੇਦਾਰ ਨੇ ਅਸਲ ਸੁਆਲ ਸੁਰੂ ਕੀਤਾ ਤਾਂ ਨੰਬਰਦਾਰ ਨੇ ਗੁੱਝੀ ਕੂਹਣੀਂ ਮਾਰ ਕੇ ਮੁੰਡੇ ਨੂੰ ਖ਼ਬਰਦਾਰ ਹੋ ਜਾਣ ਦਾ ਇਸ਼ਾਰਾ ਕੀਤਾ।

ਮੁੰਡਾ ਖ਼ਾਮੋਸ਼ੀ ਧਾਰ ਗਿਆ।

-”ਜੀ ਇਹਨੂੰ ਲਹਿਰਾਂ ਦਾ ਕੀ ਪਤੈ? ਕੰਜਰ ਦਾ ਊਂਈਂ ਲ੍ਹੋਲੈ!” ਇਸ ਪੱਖੋਂ ਉਹ ਆਪਣੇ ਮੁੰਡੇ ਨੂੰ ਪੁਲੀਸ ਤੋਂ ਪਾਸੇ ਹੀ ਰੱਖਣਾ ਚਾਹੁੰਦਾ ਸੀ।

ਚਤਰ ਠਾਣੇਦਾਰ ਝੱਟ ਤਾੜ ਗਿਆ ਕਿ ਨੰਬਰਦਾਰ ਮੁੰਡੇ ਨੂੰ ਚੁੱਪ ਕਰਾਊ ਸੀ। ਉਸ ਨੇ ਨੰਬਰਦਾਰ ਨੂੰ ਮਨ ਅੰਦਰ ਇਕ ਤਕੜੀ ਗਾਲ੍ਹ ਕੱਢ ਮਾਰੀ: ਸਾਲਿਆ ਲੰਡੇ ਢੱਟੇ ਦਿਆ-ਗਧਿਆਂ ਨੂੰ ਯੈਹਣ ਸਿਖਾਉਨੈਂ? ਜੇ ਕਾਂਵਾਂ ਦੇ…..ਹੋਣ ਉਹ ਬਨ੍ਹੇਰੇ ਨਾ ਢਾਹ ਦੇਣ? ਸਾਡੀ ਪੀ ਕੇ ਮੇਰਾ ਸਾਲਾ ਸਾਡੀ ਈ ਅਹੀ-ਤਹੀ ਫੇਰੀ ਜਾਂਦੈ ਕੁੱਤੇ ਦਾ ਬੀਅ! ਕੋਈ ਨਾ ਪੁੱਤ! ਮੇਰਾ ਨਾਂ ਵੀ ਠਾਣੇਦਾਰ ਗਰੇਵਾਲ ਐ-ਜੇ ਨਾ ਤੇਰੀ…..’ਚ ਡੰਡਾ ਦੇ ਕੇ ਕਲੈਹਰੀ ਮੋਰ ਬਣਾਇਆ ਤਾਂ ਸਾਨੂੰ ਪੁਲਸ ਆਲੇ ਕੌਣ ਕਹੂ? ਸਾਰੀ ਦੁਨੀਆਂ ਨੂੰ ਮੇਰਾ ਸਹੁਰਾ ਹਰੜ-ਬੋਕ ਲੁੱਟ ਕੇ ਖਾ ਗਿਆ। ਹੁਣ ਮੇਰੇ ਸਾਹਮਣੇ ਕੁੜੀ ਚੋਦ ਦੇਵਤਾ ਬਣਿਆਂ ਬੈਠੈ-ਧੀ ਆਬਦੀ ਦਾ ਖਸਮ!

-”ਆ ਜਾਹ ਪੁੱਤ ਰਣਬੀਰਿਆ-ਐਧਰ ਮੇਰੇ ਸਾਹਮਣੇ ਕੁਰਸੀ ‘ਤੇ ਆ ਜਾਹ-ਕਾਹਨੂੰ ਐਂਮੇ ਔਖਾ ਜਿਆ ਮੰਜੇ ‘ਤੇ ਬੈਠੈਂ? ਨੰਬਰਦਾਰ ਬਾਈ ਨੂੰ ਤਾਂ ਓਕੜੂ ਜਿਆ ਹੋ ਕੇ ਬੈਠਣ ਦੀ ਬਾਣ ਐਂ-ਤੂੰ ਐਧਰ ਆ ਜਾਹ-ਲੈ ਲਾ ਕੁਰਸੀ!”

ਮੁੰਡਾ ਉਠ ਕੇ ਗਰੇਵਾਲ ਦੇ ਸਾਹਮਣੇ ਕੁਰਸੀ ‘ਤੇ ਬੈਠ ਗਿਆ। ਸਮਝ ਨੰਬਰਦਾਰ ਵੀ ਗਿਆ ਸੀ। ਉਸ ਨੇ ਵੀ ਅੰਦਰੋਂ ਅੰਦਰੀ ਠਾਣੇਦਾਰ ਨੂੰ ਬੁਰਾ ਭਲਾ ਆਖਣਾ ਸੁਰੂ ਕਰ ਦਿੱਤਾ: ਪੁਲਸ ਆਲੇ ਵੀ ਬੜੇ ਭੈਣ ਆਬਦੀ ਦੇ ਲੱਕੜ ਹੁੰਦੇ ਐ-ਲੈ ਮੁੰਡੇ ਨੂੰ ਬਹਾਨੇ ਨਾਲ ਈ ਕੋਲ ਬਿਠਾ ਲਿਆ-ਕਰਲੈ ਪੁੱਤ ਜਿਹੜੇ ਅਸ਼ਨੇ ਪਸ਼ਨੇ ਕਰਨੇ ਐਂ! ਰਹਿਣਾਂ ਤਾਂ ਰਣਬੀਰ ਨੇ ਆਖਰ ਮੇਰੇ ਘਰੇ ਈ ਐ ਨਾ? ਜੇ ਤੇਰੀ ਇਕ ਲੂੰਬੜ ਚਾਲ ਚੱਲਣ ਦੇਤੀ ਤਾਂ-ਤਾਂ ਕਹੀਂ-ਮੇਰਾ ਨਾਂ ਵੀ ਨੰਬਰਦਾਰ ਚਤਰ ਸਿੰਘ ਐ-ਲੋਕ ਐਵੇਂ ਨਹੀਂ ਮੈਨੂੰ ‘ਘੈਂਟ-ਨੰਬਰਦਾਰ’ ਆਖਦੇ-ਜਿਹੜੀਆਂ ਸਾਲਿਆ ਬੋਕ ਦਿਆ ਤੇਰੇ ਦਿਲ ‘ਚ ਐ-ਮੇਰੇ ਨਹੁੰਆਂ ‘ਚ ਐ-ਜਾਤ ਦੀ ਕੋਹੜ ਕਿਰਲੀ ਸ਼ਤੀਰਾਂ ਨੂੰ ਜੱਫੇ! ਨੰਬਰਦਾਰ ਦਾ ਨਸ਼ਾ ਖੋਟਾ ਹੋ ਗਿਆ ਸੀ।

-”ਕੂੰਗੜੀ ਜੇ ਕਾਹਨੂੰ ਜਾਨੈਂ? ਖੁੱਲ੍ਹ ਕੇ ਬੈਠ!” ਠਾਣੇਦਾਰ ਨੇ ਅਗਲਾ ਪੈੱਗ ਦੋਨਾਂ ਦੇ ਹੱਥ ਵਿਚ ਫੜਾ ਦਿੱਤਾ।

-”ਤੁਸੀਂ ਨਹੀਂ ਪੀੇਣਾਂ?”

-”ਕਿਉਂ ਨਹੀ ਪੀਣਾਂ? ਏ ਆਹ ਲੈ!”ਠਾਣੇਦਾਰ ਸਮੇਤ ਪੈੱਗ ਸਾਰਿਆਂ ਨੇ ਮੁਕਾ ਦਿੱਤੇ।

ਹੁਣ ਉਹ ਵਾਹਵਾ ਸਰੂਰ ਵਿਚ ਸਨ।

-”ਸੋ ਮਾਈ ਸੰਨ-ਮੈਂ ਲਹਿਰ ਬਾਰੇ ਪੁੱਛ ਰਿਹਾ ਸੀ?”

ਇਸ ਵਾਰ ਨੰਬਰਦਾਰ ਚੁੱਪ ਰਿਹਾ।

ਠਾਣੇਦਾਰ ਦੀਆਂ ਚੁਸਤ ਅੱਖਾਂ ਉਸ ਨੂੰ ਕੋਝੇ ਤੌਰ ‘ਤੇ ਤਾੜ ਰਹੀਆਂ ਸਨ। ਹਰ ਹਰਕਤ ‘ਤੇ ਨਜ਼ਰ ਸੀ।

-”ਲਹਿਰ ਤੋਂ ਤਾਂ ਜੀ ਅੱਧਾ ਕਾਲਜ ਪ੍ਰਭਾਵਿਤ ਐ!” ਰਣਬੀਰ ਨੇ ਸੱਚ ਦੱਸਿਆ।

-”ਇਹਨਾਂ ਨੂੰ ਹੱਲਾਸ਼ੇਰੀ ਕੌਣ ਦਿੰਦੈ?”

-”ਇਹ ਨਹੀ ਪਤਾ ਜੀ-ਪਰ ਮੁੰਡੇ ਬਾਹਰੋਂ ਆਉਂਦੇ ਐ।”

-”ਮੀਟਿੰਗਾਂ ਬਗੈਰਾ ਕਿੱਥੇ ਕਰਦੇ ਐ?”

-”ਇਹ ਵੀ ਨਹੀਂ ਪਤਾ ਜੀ।”

-”ਪਤਾ ਕਰ-ਇਹਨਾਂ ਦੇ ਵਿਚ ਵੜ-ਕੋਈ ਇਨਾਮੀਂ ਖਾੜਕੂ ਫੜਾ ਦੇ-ਬ੍ਹਾਈ ਗਾਡ ਸਾਰਾ ਇਨਾਮ ਤੇਰਾ-ਪੁਲੀਸ ਦੀ ਨੌਕਰੀ ਵੱਟ ‘ਤੇ-ਕਿਸੇ ਕੋਲੇ ਭਾਫ਼ ਨਹੀ ਕੱਢਦੇ-ਮੇਰੇ ਕਹਿਣ ਦਾ ਮਤਲਬ ਸਾਰੀ ਕਾਰਵਾਈ ਗੁਪਤ-ਤੇਰਾ ਨਾਂ ਗੁਪਤ-ਕਿਸੇ ਕੋਲੇ ਚੂੰ ਨਹੀ ਨਿਕਲਦੀ-ਇਹ ਮੇਰਾ ਵਾਅਦਾ-ਕਹੇਂ ਸ੍ਰੀ ਗੁਰੂ ਗਰੰਥ ਸਾਹਿਬ ਮੂਹਰੇ ਸਹੁੰ ਖਾਣ ਲਈ ਤਿਆਰ ਐਂ-ਹੋਰ ਦੱਸ?”

-”ਤੇ ਸਰਦਾਰ ਜੀ-ਗੋਲੀ ਕੀਹਦੀ ਵੱਖੀ ਨੂੰ ਆਊ? ਮੁਖ਼ਬਰਾਂ ਨੂੰ ਤਾਂ ਉਹ ਬੇਹੇ ਕੜਾਹ  ਮਾਂਗੂੰ ਲੈਂਦੇ ਐ ਸਾਲੇ-ਹੋਰ ਨਾ ਲਾਲਚ ‘ਚ ਆ ਕੇ ਕੋੜਮਾਂ ਈ ਤਬਾਹ ਕਰਾ ਲਈਏ?” ਨੰਬਰਦਾਰ ਨੇ ਡਰ ਦੱਸਿਆ।

-”ਨੰਬਰਦਾਰਾ! ਤੈਨੂੰ ਨਾ ਹੁਣ ਤੱਕ ਕਿਸੇ ਨੇ ਮਾਰਿਆ? ਤੇਰੇ ਜਿੰਨੀ ਮੁਖ਼ਬਰੀ ਕਿਸੇ ਨੇ ਨਹੀ ਕੀਤੀ-ਦੱਸ ਕਦੇ ਸਾਹ ਨਿਕਲਿਐ? ਹਿਫ਼ਾਜ਼ਤ ਦੇ ਨਾਲ ਨਾਲ ਇਨਾਮ ਤੈਨੂੰ ਬਰਾਬਰ ਮਿਲਦੇ ਰਹੇ ਐ-ਜੇ ਹੁਣ ਤੱਕ ਕੋਈ ਭੇਦ ਬਾਹਰ ਨਿਕਲਿਐ ਤਾਂ ਆਖ? ਤੇਰੀ ਸਿ਼ਫਾਰਸ਼ ‘ਤੇ ਬੰਦੇ ਬਥੇਰੇ ਛੱਡੇ ਐ-ਤੇਰੀ ਗੱਲ ਕੋਈ ਭੁੰਜੇ ਪੈਣ ਦਿੱਤੀ ਐ ਤਾਂ ਕਹਿ? ਅੱਧ ਬੋਲ ਤੇਰੇ ਕੰਮ ਹੁੰਦੇ ਰਹਿੰਦੇ ਐ-ਨੰਬਰਦਾਰਾ! ਬਾਈ ਤੇਰੀ ਸਾਗ ਖਾਣ ਆਲੀ ਸੋਚ ਕੰਮ ਕਿਉਂ ਨਹੀ ਕਰਦੀ? ਕਈ ਖਾੜਕੂਆਂ ਦੇ ਤਾਂ ਸਰਕਾਰ ਨੇ ਪੰਜ-ਪੰਜ ਲੱਖ ਤੋਂ ਲੈ ਕੇ ਪੱਚੀ-ਪੱਚੀ ਲੱਖ ਰੁਪਏ ਤੱਕ ਇਨਾਮ ਰੱਖਿਆ ਹੋਇਐ-ਉਹ ਸਾਰੇ ਧਰਤੀ ਜਾਂ ਪਤਾਲ ਵਿਚ ਤਾਂ ੳੁੱਤਰ ਈ ਨਹੀ ਗਏ-ਸਕੂਲਾਂ ਕਾਲਜਾਂ ‘ਚ ਈ ਖੁਰਵੱਢ ਕਰਦੇ ਫਿਰਦੇ ਐ-ਕੋਈ ਪੱਚੀ ਲੱਖੀਆ ਫੜਾ ਦੇਵੇਂ ਸਾਰੀ ਉਮਰ ਬੈਠਾ ਖਾਈਂ-ਨਾ ਕੰਮ ਕਰਨ ਦੀ ਲੋੜ ਨਾ ਪੜ੍ਹਾਈ ਦੀ ਜਰੂਰਤ-ਜੱਟ ਸਾਰੀ ਉਮਰ ਮਿੱਟੀ ਨਾਲ ਮਿੱਟੀ ਹੋਇਆ ਰਹੇ-ਪੱਚੀ ਲੱਖ ਨਹੀ ਜੋੜ ਸਕਦਾ-।”

ਨੰਬਰਦਾਰ ਠਾਣੇਦਾਰ ਦੇ ਬਿਆਨਾਂ ਦਾ ਕਾਇਲ ਹੋ ਗਿਆ। ਉਸ ਨੇ ਨੀਵੀਂ ਸੁੱਟ ਲਈ। ਰਣਬੀਰ ਨੇ ਹੌਂਸਲੇ ਵਿਚ ਗਰਦਨ ਮੋਰ ਵਾਂਗ ਉਸਾਰ ਲਈ। ਠਾਣੇਦਾਰ ਨੇ ਆਪਣੇ ਛੱਡੇ ਹੋਏ ਤੀਰ ਬਿਲਕੁਲ ਨਿਸ਼ਾਨੇ ‘ਤੇ ਲੱਗੇ ਵੇਖੇ ਤਾਂ ਉਹ ਹੋਰ ਫ਼ੁਰਤੀ ਫੜ ਗਿਆ।

-”ਡਰੂ, ਢਾਹੂ ਸੋਚ ਵਾਲਾ ਅਤੇ ਵਹਿਮੀ ਇਹਨਾਂ ਤਿੰਨਾਂ ‘ਚ ਕੋਈ ਫ਼ਰਕ ਨਹੀ ਹੁੰਦਾ-ਕਹਿਣ ਦਾ ਭਾਵ ਇਹ ਤਿੰਨੇ ਹੀ ਭਵਿੱਖ ਦੇ ਦੁਸ਼ਮਣ ਹੁੰਦੇ ਹਨ ਰਣਬੀਰਿਆ! ਖ਼ੁਦ ਹੀ ਆਪਣੇ ਭਵਿੱਖ ਦੇ ਦੁਸ਼ਮਣ!” ਉਸ ਨੇ ਮੇਜ਼ ‘ਤੇ ਮੁੱਕੀ ਮਾਰੀ।

-”ਤੇ ਫਿਰ ਮੇਰੇ ਲਾਇਕ ਸੇਵਾ ਦੱਸੋ ਚਾਚਾ ਜੀ?” ਰਣਬੀਰ ਅੰਦਰੋਂ ਪੂਰੀ ਤਰ੍ਹਾਂ ਸਹਿਮਤ ਹੋ ਗਿਆ ਸੀ। ਪੱਚੀ ਲੱਖ ਦਾ ਨਾਂ ਸੁਣ ਕੇ ਹੁਣ ਨੰਬਰਦਾਰ ਵੀ ਆਪਣੇ ਆਪ ਨੂੰ ਸੁਖ਼ਾਲਾ-ਸੁਖ਼ਾਲਾ ਪ੍ਰਤੀਤ ਕਰਨ ਲੱਗ ਪਿਆ ਸੀ। ਉਹ ਸੋਚ ਰਿਹਾ ਸੀ: ਮੈਂ ਤਾਂ ਇਹਨੂੰ ਐਮੇਂ ਈ ਗਾਲ੍ਹਾਂ ਕੱਢੀ ਗਿਆ? ਇਹ ਤਾਂ ਬੰਦਾ ਈ ਬੜਾ ਕੰਮ ਦਾ ਐ-ਇਹ ਗੱਲ ਵੀ ਸਹੀ ਹੈ ਕਿ ਜਿਹੜਾ ਕੰਮ ਇਹਨੂੰ ਆਖਿਆ-ਅੱਧ ਬੋਲ ਹੀ ਹੁੰਦਾ ਰਿਹਾ। ਮੇਰੇ ਵਿਰੋਧੀਆਂ ਦੀ ਪੂਛ ਇਹਨੇ ਚੁਕਾਈ ਰੱਖੀ-ਨਹੀ ਸ਼ਰੀਕ ਕਿਤੇ ਛੇਤੀ ਕੀਤੇ ਜਿਉਣ ਦਿੰਦੇ ਸੀ? ਸਾਲੇ ਨਿੱਤ ਆਨੇਂ ਕੱਢਦੇ ਸੀ-ਬਾਹਾਂ ‘ਚ ਬੰਗਣੇ ਤਾਂ ਇਹਨੇ ਈ ਪਾਏ-ਨਾਲੇ ਪੁਲਸ ਦੇ ਆਸਰੇ ਹੀ ਮੈਂ ਤੀਹ ਏਕੜ ਜਮੀਨ ਬਣਾ ਲਈ-ਨਹੀ ਬਾਪੂ ਆਲੀ ਪੰਜ ਕਿੱਲੇ ਜਮੀਨ ਨਾਲ ਤਾਂ ਝੱਗੇ-ਦੁਵੱਟੇ ਈ ਨਹੀ ਬਣਨੇ ਸੀ-ਹੁਣ ਇਕ ਪਾਈਦੈ ਤੇ ਇਕ ਲਾਹੀਦੈ-ਚੰਗਾ ਖਾਨੇ ਐਂ ਮੰਦਾ ਬੋਲਦੇ ਆਂ-ਖੇਤ ਦੋ ਮੋਟਰਾਂ ਐਂ-ਘਰੇ ਫੋਰਡ ਟਰੈਕਟਰ ਤੇ ਨਵੀਂ ਜੀਪ ਖੜ੍ਹੀ ਐ-ਮੁੰਡੇ ਕੋਲ ਕਾਲਜ ਜਾਣ ਲਈ ਮੋਟਰ ਸਾਈਕਲ ਐ-ਨਹੀ ਲੋਕਾਂ ਦੇ ਮੁੰਡਿਆਂ ਕੋਲੇ ਸਾਲੇ ਟੁੱਟੇ ਜਿਹੇ ਸਾਈਕਲ ਐ-ਬੱਸਾਂ ਦੇ ਕੰਡਕਟਰਾਂ ਨਾਲ ਨਿੱਤ ਕਿਰਾਏ ਤੇ ਪਾਸਾਂ ਪਿੱਛੇ ਜੁੱਤ ਪੌਅ ਕਰਦੇ ਐ-ਤੇ ਸਾਡੇ ਸ਼ੇਰ ਰਣਬੀਰ ਸਿਉਂ ਦਾ ਮੋਟਰ ਸਾਈਕਲ ਜਾਂਦੈ ਕਾਲਜ ਨੂੰ ਸ਼ੇਰ ਮਾਂਗੂੰ ਬੁੱਕਦਾ-ਇਹ ਪੁਲਸ ਦੀ ਰਹਿਮਤ ਨਹੀ ਤਾਂ ਹੋਰ ਕੀ ਐ ਨੰਬਰਦਾਰਾ? ਨੰਬਰਦਾਰੀ ਮਿਲਣ ਤੱਕ ਬੜੇ ਨੰਗ ਭੁੱਖ ਨਾਲ ਘੁਲੇ-ਹੁਣ ਕਿਧਰੇ ਬੱਕਰੇ-ਕਿੱਧਰੇ ਮੁਰਗੇ ਤੇ ਮਾਰ ਫੜਕੇ ਕਿਧਰੇ ਦਾਰੂ ਨਿੱਤ ਉੜਾਈਦੀ ਐ-ਐਸ਼ਾਂ ਕਰਦੇ ਐਂ ਬੁੱਲੇ ਵੱਢਦੇ ਐਂ-ਜੇ ਰਣਬੀਰ ਵਾਕਿਆ ਈ ਕੋਈ ਖਾੜਕੂ ਫੜਾ ਦੇਵੇ-ਇਨਾਮ ‘ਚ ਮਿਲੀ ਰਕਮ ਦਾ ਵਿਆਜ ਈ ਖਾਧਾ ਨਹੀ ਮੁੱਕਣਾ-ਪਰ ਨੰਬਰਦਾਰਾ! ਇਹ ਤਾਂ ਗੱਦਾਰੀ ਐ! ਸਰਾਸਰ ਗੱਦਾਰੀ!! ਖਾੜਕੂਆਂ ਨੇ ਵੀ ਹਥਿਆਰ ਲੋਕ ਭਲਾਈ ਲਈ ਈ ਚੁੱਕੇ ਐ-ਅੱਗੇ ਦਰਗਾਹ ‘ਚ ਕੀ ਹਿਸਾਬ ਦੇਵੇਂਗਾ? ਪਰ ਦਰਗਾਹ-ਕਿਹੜੀ ਦਰਗਾਹ? ਅੱਗਾ ਕਦੇ ਕਿਸੇ ਨੇ ਦੇਖਿਐ? ਇਹ ਤਾਂ ਕਰਨ ਦੀਆਂ ਗੱਲਾਂ ਨੇ-ਬੰਦੇ ਨੂੰ ਨਰਕ ਦਾ ਡਰ ਤੇ ਸੁਰਗ ਦਾ ਲਾਲਚ ਦਿੱਤਾ ਹੋਇਐ-ਕਦੇ ਕਿਸੇ ਮਰੇ ਨੇ ਘਰਦਿਆਂ ਨੂੰ ਟੈਲੀਗ੍ਰਾਮ ਦਿੱਤੀ ਐ-ਬਈ ਮੈਂ ਸੁਰਗ ‘ਚ ਆਂ ਜਾਂ ਨਰਕ ‘ਚ ਆਂ? ਸੁਰਗ ਨਰਕ ਸਭ ਅਫ਼ਵਾਹਾਂ! ਤੂੰ ਆਹ ਜਿੰਦਗੀ ਸੌਖ ਨਾਲ ਹੰਢਾ ਨੰਬਰਦਾਰਾ! ਅੱਗੇ ਆਪੇ ਦੇਖੀ ਜਾਊ-ਹੁਣ ਸਮਾਂ ਐਂ ਗੌਰਮਿੰਟ ਨੂੰ ਲੁੱਟਣ ਦਾ-ਇਹ ਟੈਮ ਵਾਰ ਵਾਰ ਨਹੀ ਆਉਂਦੇ- ਹੱਥ ਰੰਗਣ ਦਾ ਮੌਕਾ ਵਾਰ ਵਾਰ ਹੱਥ ਨਹੀ ਲੱਗਦਾ-ਨੇਕੀ ਨੇ ਕੁਛ ਨਹੀ ਖੋਹਣਾ-ਭੁੱਖਾ ਈ ਮਰੇਂਗਾ-ਗੁਰਦਿਆਲ ਸਿਉਂ ਗਰੰਥੀ ਨੇ ਸਾਰੀ ਉਮਰ ਪੂਜਾ ਪਾਠ ‘ਚ ਈ ਲਾਤੀ-ਔਹ ਫਿਰਦੈ ਅੰਨ੍ਹਾਂ ਹੋਇਆ-ਕੋਈ ਬੇਰਾਂ ਵੱਟੇ ਨਹੀ ਪਛਾਣਦਾ-ਕੀੜਿਆਂ ਆਲੇ ਕੁੱਤੇ ਮਾਂਗੂੰ ਕਦੇ ਔਥੇ ਡਿੱਗਦੈ-ਕਦੇ ਔਥੇ ਡਿੱਗਦੈ-ਕੋਈ ਸਹਾਰਾ ਨਹੀ ਦਿੰਦਾ-ਅੱਗੇ ਜਾ ਕੇ ਚਾਹੇ ਸੁਰਗ ‘ਚ ਬਹਿਜੇ-ਪਰ ਹੁਣ ਤਾਂ ਜੂਨ ਵੈਰਾਨ ਹੋਈ ਪਈ ਐ ਕਿ ਨਹੀਂ? ਹੁਣ ਤਾਂ ਕਲਯੁੱਗ ਐ ਕਲਯੁੱਗ-ਜਿੰਨੀ ਬੇਈਮਾਨੀ ਕਰੇਂਗਾ ਉਨਾਂ ਈ ਫ਼ਲੇਂਗਾ-ਕਹਿੰਦੇ ਐ ਕਲਯੁੱਗ ਬੇਈਮਾਨ ਬੰਦੇ ਦੀ ਵੱਧ ਚੜ੍ਹ ਕੇ ਮੱਦਦ ਕਰਦੈ-ਉਹਨੂੰ ਵੀ ਤਾਂ ਬੇਈਮਾਨ ਬੰਦਿਆਂ ਦੀ ਸਖ਼ਤ ਜਰੂਰਤ ਐ-ਜੇ ਬੇਈਮਾਨ ਬੰਦੇ ਨਾ ਹੋਣਗੇ ਤਾਂ ਦੁਨੀਆਂ ‘ਤੇ ਕਲਯੁੱਗ ਦਾ ਰਾਜ ਕਿਵੇਂ ਰਹੂ? ਇਸ ਲਈ ਨੰਬਰਦਾਰਾ! ਘਰ ਆਈ ਲੱਛਮੀ ਨਹੀ ਮੋੜੀਦੀ-ਪੈਸੇ ਬਿਨਾਂ ਕੋਈ ਬਾਤ ਨਹੀ ਪੁੱਛਦਾ-ਇਸ ਮਾਇਆ ਕੇ ਤੀਨ ਨਾਂਮ-ਪਰਸਾ, ਪਰਸੂ ਤੇ ਪਰਸਰਾਮ! ਪੈਸੇ ਬਿਨਾਂ ਨਾ ਬੰਦੇ ਦੀ ਕਦਰ ਕੋਈ-ਧੱਕੇ ਪੈਂਦੇ ਨੇ ਬਾਰੋ ਬਾਰ ਮੀਆਂ-ਨਾਲੇ ਖਾੜਕੂ ਕਿਹੜਾ ਮੇਰੇ ਮਾਮੇਂ ਦੇ ਪੁੱਤ ਲੱਗਦੇ ਐ? ਜੇ ਦੋ ਚਾਰ ਮਾਰੇ ਵੀ ਜਾਣਗੇ ਤਾਂ ਕੀ ਫ਼ਰਕ ਪੈਂਦੈ? ਹੋਰ ਦੁਨੀਆਂ ਵੀ ਮਰੀ ਜਾਂਦੀ ਐ! ਇਹਨਾਂ ਸਹੁਰਿਆਂ ਨੇ ਵੀ ਜਨਤਾ ਦੇ ਨੱਕ ‘ਚ ਦਮ ਕਰ ਰੱਖਿਐ।

ਨੰਬਰਦਾਰ ਦੀ ਸੋਚ ਠਾਣੇਦਾਰ ਦੀ ਗੱਲ ਨਾਲ ਟੁੱਟੀ।

-”ਤੇਰੇ ਲਾਇਕ ਸੇਵਾ ਪੁੱਤਰਾ ਇਹ ਹੈ-।”

-”ਸੇਵਾ ਰਣਬੀਰਿਆ ਤਾਂ ਲਈਂ-ਜੇ ਤਨੋਂ ਮਨੋਂ ਲਾ ਕੇ ਇਮਾਨਦਾਰੀ ਨਾਲ ਨਿਭਾਵੇਂਗਾ।” ਵਿਚੋਂ ਗੱਲ ਕੱਟ ਕੇ ਨੰਬਰਦਾਰ ਨੇ ਬੜੇ ਹੌਸਲੇ ਨਾਲ ਮੁੰਡੇ ਨੂੰ ਆਖਿਆ। ਠਾਣੇਦਾਰ ਨੇ ਨੰਬਰਦਾਰ ਦੀ ਸੱਚੀ ਸਹਿਮਤੀ ਨੂੰ ਤੁਰੰਤ ਜਾਣ ਲਿਆ। ਆਪਣੀਆਂ ਕੀਤੀਆਂ ਦਲੀਲਬਾਜ਼ੀ ਗੱਲਾਂ ਦਾ ਜਾਦੂ ਉਹ ਪ੍ਰਤੱਖ ਦੇਖ ਰਿਹਾ ਸੀ।

-”ਇਮਾਨਦਾਰੀ ਨਾਲ ਨਿਭਾਊਂ ਬਾਪੂ ਜੀ!” ਮੁੰਡਾ ਵੀ ਅੰਦਰੋਂ ਤਾਅ ਫੜ ਗਿਆ ਸੀ।

-”ਸ਼ਾਬਾਸ਼ ਪੁੱਤਰਾ! ਸੇਵਾ ਰਣਬੀਰਿਆ ਇਹ ਐ ਕਿ ਕੋਸਿ਼ਸ਼ ਰੱਖਣੀ ਐਂ ਬਈ ਇਹ ਵਾਹ ਲੱਗਦੀ ਇਕ ਮੁੱਠ ਨਾ ਹੋ ਸਕਣ-ਨੰਬਰ ਦੋ-ਜਿਹੜੇ ਇਹ ਮੋਢੀ ਜਿਹੇ ਬਣੇ ਫਿਰਦੇ ਐ-ਇਹਨਾਂ ਦੇ ਨਾਂ ਤੇ ਪਤੇ ਅਤੇ ਕਮਜ਼ੋਰੀਆਂ ਦੀ ਲਿਸਟ ਬਣਾ ਕੇ ਮੈਨੂੰ ਦੇਹ-ਨੰਬਰ ਤਿੰਨ-ਕੋਈ ਓਪਰਾ ਬੰਦਾ ਕਾਲਜ ਆਵੇ ਮੈਨੂੰ ਤੁਰੰਤ ਖ਼ਬਰ ਕਰ-ਨੰਬਰ ਚਾਰ-ਖ਼ਰੂਦ ਆਪ ਕਰੋ ਨਾਂ ਇਹਨਾਂ ਦੇ ਲਾਓ-ਇਹਨਾਂ ਨੂੰ ਲੋਕਾਂ ‘ਚ ਰੱਜ ਕੇ ਬਦਨਾਮ ਕਰੋ-ਜਦੋਂ ਕੋਈ ਲਹਿਰ ਲੋਕਾਂ ‘ਚ ਬਦਨਾਮ ਹੋ ਗਈ-ਸਮਝੋ ਭੋਗ ਪੈ ਗਿਆ, ਗਈ-ਜਿੱਥੋਂ ਨਿਕਲੀ ਸੀ ਸਮਝੋ ਉਥੇ ਈ ਵੜ ਗਈ-!”

-”ਬਿਲਕੁਲ ਦਰੁਸਤ।” ਨੰਬਰਦਾਰ ਬੋਲਿਆ।

-”ਤੇ ਦਰਖ਼ਾਸਤ ਲਿਖ ਕੇ ਦੇਹ-ਰਿਵਾਲਵਰ ਖ਼ਰੀਦ-ਲਾਈਸੰਸ ਤੇਰਾ ਮੈਂ ਬਣਵਾ ਕੇ ਦਿੰਨਾਂ।”

-”ਕਾਹਨੂੰ-ਕੀ ਲੋੜ ਐ।” ਨੰਬਰਦਾਰ ਜਰਕਿਆ।

-”ਨੰਬਰਦਾਰਾ ਬਾਈ-ਤੂੰ ਖਰਚੇ ਦੀ ਪ੍ਰਵਾਹ ਨਾ ਕਰ-ਸਾਰੇ ਘਾਟੇ ਵਾਧੇ ਪੂਰੇ ਹੋ ਜਾਣਗੇ।”

-”ਚਲੋ-ਜਿਵੇਂ ਮਰਜੀ ਐ ਕਰੋ।”

-”ਰਣਬੀਰਿਆ-ਦੇ ਤਾਂ ਮੈਂ ਤੈਨੂੰ ਏ ਕੇ ਸੰਤਾਲੀ ਵੀ ਦੇਵਾਂ-ਅਸਾਲਟ, ਠਾਣੇ ‘ਚੋਂ-ਪਰ ਸਿਰ ਹੋਜੇਂਗਾ।”

-”ਕੀ ਲੋੜ ਐ-ਪਸਤੌਲ ਈ ਠੀਕ ਐ।” ਨੰਬਰਦਾਰ ਭੱਜ ਕੇ ਵਿਚ ਹੁੰਦਾ ਸੀ।

-”ਤੂੰ ਅੱਜ ਈ ਦਰਖ਼ਾਸਤ ਦੇਹ-ਅਗਲੇ ਹਫ਼ਤੇ ਮੈਥੋਂ ਰਿਵਾਲਵਰ ਦਾ ਲਾਈਸੰਸ ਲੈ ਲਵੀਂ।”

-”ਠੀਕ ਐ ਜੀ।”

-”ਠੀਕ ਐ ਨਹੀਂ-ਚਾਚਾ ਆਖ ਕੁੱਤਿਆ!”

-”ਠੀਕ ਐ ਚਾਚਾ ਜੀ!”

-”ਹਾਂ—! ਨੰਬਰਦਾਰ ਬਾਈ ਨੇ ਤਾਂ ਸਾਰੀ ਉਮਰ ਬੰਦੂਕ ਪਾ ਮੋਢੇ-ਕੰਨ੍ਹਾਂ ਪਾ ਲਿਆ ਬਲਦ ਆਂਗੂੰ-ਅਸੀਂ ਆਪਦੇ ਪੁੱਤਰ ਨੂੰ ਬੁੱਕਲ ਦਾ ਹਥਿਆਰ ਲੈ ਕੇ ਦੇਵਾਂਗੇ।”

-”ਤੁਸੀਂ ਕਰੋ ਗੱਲਾਂ ਮੈਂ ਪਿਸ਼ਾਬ ਕਰ ਆਵਾਂ–।” ਨੰਬਰਦਾਰ ਉਠਿਆ।

-”ਥੱਲੇ ਈ ਹੋ ਆਈਂ ਬਾਈ-ਉਪਰ ਤਾਂ ਤਾਲਾ ਲੱਗਿਐ।”

-”ਅੱਛੀ ਬਾਤ।” ਨੰਬਰਦਾਰ ਪੱਗ ਸੰਭਾਲਦਾ ਪੌੜੀਏਂ ਉਤਰ ਆਇਆ।

ਸਪੋਲੀਆਂ ਵਾਂਗ ਬਾਹਰ ਝਾਕਦੀਆਂ ਜਟੂਰੀਆਂ ਉਸ ਨੇ ਮਸਾਂ ਹੀ ਉਂਗਲ ਦੇ ਹੋੜੇ ਨਾਲ ਅੰਦਰ ਕੀਤੀਆਂ ਸਨ।

-”ਲੈ ਨੰਬਰਦਾਰ ਤਾਂ ਗਿਆ ਚਲਿਆ-ਤੈਨੂੰ ਮੈਂ ਇਕ ਗੱਲ ਕੰਮ ਦੀ ਦੱਸਦੈਂ-ਜੱਥੇਬੰਦੀਆਂ ਦੇ ਲੈਟਰਪੈਡ ਤੈਨੂੰ ਦਿਊਂਗਾ ਮੈਂ-ਰਿਵਾਲਵਰ ਦੀ ਨੋਕ ‘ਤੇ ਮੂੰਹ ਬੰਨ੍ਹ ਕੇ ਕੋਈ ਕਾਲਜੀਏਟ ਕੁੜੀ ਕਰ ਅਗਵਾਹ-ਰਹਿਣ ਦਾ ਪ੍ਰਬੰਧ ਤੈਨੂੰ ਮੈਂ ਕਰਕੇ ਦਿਊਂ-ਨਾਲੇ ਪੈਸੇ ਬਟੋਰ ਤੇ ਨਾਲੇ ਕਰ ਰਾਤਾਂ ਨਿੱਘੀਆਂ-ਲੈਟਰਪੈਡ ਤੇ ਲਿਖ ਕੇ ਜਿ਼ੰਮੇਵਾਰੀ ਤੋਰ ਅਖਬਾਰਾਂ ਨੂੰ-ਖਾੜਕੂ ਬਦਨਾਮ ਤੂੰ ਬਰੀ-ਨਾਲੇ ਕਮਾਂ ਪੈਸੇ ਤੇ ਨਾਲੇ ਲੈ ਗਰਮ ਗੋਸ਼ਤ ਦਾ ਸੁਆਦ-ਜੇ ਚੀਂ-ਫ਼ੀਂ ਕਰੇ ਗੋਲੀ ਮਾਰ ਕੇ ਪਰ੍ਹਾਂ ਕਰੀਂ-ਜਿ਼ੰਮੇਵਾਰੀ ਫੇਰ ਖਾੜਕੂਆਂ ਦੇ ਨਾਂ-ਲੁੱਟ ਲੈ ਬਹਾਰ ਜੈਮਲਾ-ਇਕ ਮੋਰੀ ਦੋ ਡਾਕੇ-ਠੀਕ ਐ ਪੁੱਤਰਾ?”

-”ਹਾਂ ਚਾਚਾ ਜੀ।”

-”ਲੈ ਪੈੱਗ ਪੀ।”

-”ਤੂੰ ਪੁੱਤਰਾ ਮੇਰੇ ‘ਤੇ ਭਰੋਸਾ ਕਰ-ਮੈਂ ਅਕਸਰ ਤੇਰਾ ਚਾਚਾ ਐਂ-ਤੂੰ ਕੁੜੀ ਬਲਾਤਕਾਰ ਕਰਕੇ ਆ ਜਾਹ ਤੇਰੀ ਹਵਾ ਬੰਨੀ ਕੋਈ ਨਹੀ ਝਾਕੂ-ਬੰਦਾ ਮਾਰ ਕੇ ਆ ਜਾਹ ਤੈਨੂੰ ਤੱਤੀ ‘ਵਾ ਨਹੀ ਲੱਗਣ ਦਿੰਦਾ-ਹੋਰ ਦੱਸ ਤੂੰ ਮੈਥੋਂ ਕੀ ਚਾਹੁੰਨੈਂ?”

-”ਥੋਡੀ ਕਿਰਪਾ ਚਾਹੁੰਨੈ ਚਾਚਾ ਜੀ।” ਰਣਬੀਰ ਗਰੇਵਾਲ ਦੇ ਗੋਡੇ ਘੁੱਟਣ ਲੱਗ ਪਿਆ।

-”ਤੂੰ ਪੁੱਤਰਾ ‘ਕੱਲੀ ਕਿਰਪਾ ਦੀ ਗੱਲ ਕਰਦੈਂ? ਮੈਂ ਸਾਰਾ ਈ ਤੇਰੇ ਨਾਲ ਐਂ!”

ਮੁੰਡੇ ਦੇ ਹੌਂਸਲੇ ਨਾਲ ਖੰਭ ਲੱਗ ਗਏ।

ਉਹ ਤਿੱਤਰ ਵਾਂਗ ਉਡਾਰੀ ਮਾਰਨ ਲਈ ਤਿਆਰ ਹੋ ਗਿਆ।

-”ਤੀਮੀਂ ਤੇ ਸ਼ਰਾਬ ਦਾ ਗੁਲਾਮ ਨਾ ਬਣੀ-ਐਸ਼ ਕਰੀਂ ਜਿੰਨੀ ਮਰਜੀ-ਤੀਮੀ ਵਰਤਣ ਨਾਲ ਕੋਈ ਫ਼ਰਕ ਨਹੀਂ ਪੈਂਦਾ-ਸ਼ਰਾਬ ਪੀਣ ਨਾਲ ਕੋਈ ਤਾਜ ਨਹੀਂ ਲਹਿੰਦਾ-ਪਰ ਜਦੋਂ ਇਹ ਦੋ ਚੀਜ਼ਾਂ ਬੰਦੇ ਦੀ ਕਮਜੋਰੀ ਬਣ ਜਾਣ-ਬੰਦਾ ਨਾ ਤਿੰਨਾਂ ‘ਚ ਨਾ ਫਿ਼ਰ ਤੇਰ੍ਹਾਂ ਵਿਚ-ਫਿਰ ਬੰਦਾ ਰਹਿ ਜਾਂਦੈ ਸਿਰਫ਼ ਨਿਖੱਟੂ!”

ਹਰ ਗੱਲ ਰਣਬੀਰ ਅੰਦਰ ਬੜੀ ਸਹਿਮਤੀ ਨਾਲ ਘਰ ਕਰ ਰਹੀ ਸੀ।

-”ਇਕ ਗੱਲ ਹੋਰ-’ਕੱਲਾ ਬੰਦਾ ‘ਕੱਲਾ ਈ ਹੁੰਦੈ ਤੇ ਦੋ ਹੁੰਦੇ ਐ ਗਿਆਰ੍ਹਾਂ-ਕੋਈ ਦੋ ਚਾਰ ਹੋਰ ਲੋੜਵੰਦ ਲਗਾੜੇ ਆਪਦੇ ਨਾਲ ਰਲਾ ਤੇ ਇਕ ਗਰੋਹ ਖੜ੍ਹਾ ਕਰ-।”

-”ਤੇ ਚਾਚਾ ਜੀ-ਐਨਾਂ ਅਸਲਾ ਕਿੱਥੋਂ ਆਊ?” ਮੁੰਡੇ ਅੱਗੇ ਇਕ ਪਹਾੜ ਜਿੱਡੀ ਮੁਸੀਬਤ ਆ ਖੜ੍ਹੀ।

-”ਹੈ ਕਮਲਾ-ਮੈਂ ਦੇਖਗਾਂ ਬੈਠਾ-ਅਸਲਾ ਦਿਊਂ ਮੈਂ-ਜਿੰਨਾਂ ਚੱਕ ਸਕੇਂ ਚੱਕ-ਕੋਈ ਤੇਰਾ ਹੱਥ ਨਹੀਂ ਫੜਦਾ-ਜਿੱਥੇ ਕਹੇਂ ਉਥੇ ਪਹੁੰਚਦਾ ਕਰ ਦਿਆਂਗਾ-ਪਰ ਲਹਿਰ ਬਦਨਾਮ ਜਰੂਰ ਹੋਣੀ ਚਾਹੀਦੀ ਐ-ਹਰ ਹਾਲਤ ਵਿਚ-ਬਲਾਤਕਾਰ, ਲੁੱਟਾਂ, ਖੋਹਾਂ, ਕਤਲ ਜੋ ਕਰ ਸਕਦੇ ਹੋ ਕਰੋ-ਬੱਸ! ਐਸੇ ਐਕਸ਼ਨ ਕਰਕੇ ਲਹਿਰ ਨੂੰ ਢਾਹ ਲਾਓ ਕਿ ਲੋਕ ਇਹਨਾਂ ਨੂੰ ਮੂੰਹ ਹੀ ਨਾ ਲਾਉਣ-ਹਰ ਲਹਿਰ ਦੀਆਂ ਜੜ੍ਹਾਂ ਲੋਕ ਮਜ਼ਬੂਤ ਕਰਦੇ ਐ-ਜਦੋਂ ਲੋਕਾਂ ਨੇ ਹੀ ਇਹਨਾਂ ਨੂੰ ਦਿਲੋਂ ਲਾਹ ਦਿੱਤਾ ਤਾਂ ਇਹ ਜੜ੍ਹੋਂ ਉੱਖੜੇ ਈ ਪਏ ਐ-ਤੂੰ ਈ ਦੱਸ ਬਈ ਜੜ੍ਹੋਂ ਉੱਖੜਿਆ ਰੁੱਖ ਕਿੰਨੀ ਕੁ ਦੇਰ ਖੜ੍ਹਾ ਰਹਿ ਸਕਦੈ? ਅਸਲਾ ਲੈ ਜਿੰਨਾ ਮਰਜੀ-ਨਾਲੇ ਜਿਹੋ ਜਿਹਾ ਕਹੇਂ! ਆਪਣੇ ਕੋਲ ਡਰੈਗਨ ਗੰਨਾਂ ਤੋਂ ਲੈ ਕੇ ਰਾਕਟ ਲਾਂਚਰਾਂ ਤੱਕ ਪਏ ਐ-ਕਹੇਂ ਹੈਂਡ ਗਰਨੇਡ ਵੀ ਦੁਆ ਦਿਆਂਗਾ।”

ਰਣਬੀਰ ਦਾ ਹੌਂਸਲਾ ਬਾਰੂਦ ਬਣ ਗਿਆ।

-”ਚਾਚਾ ਜੀ-ਬਾਪੂ ਦੇ ਆਉਣ ਤੋਂ ਪਹਿਲਾਂ ਇਹ ਵੀ ਦੱਸ ਦਿਓ ਕਿ ਐਕਸ਼ਨ ਸੁਰੂ ਕਿੱਥੋਂ ਕਰੀਏ?” ਰਣਬੀਰ ਨੇ ਅਜੇ ਗੱਲ ਪੂਰੀ ਹੀ ਕੀਤੀ ਸੀ ਕਿ ਇਕ ਸਿਪਾਹੀ ਬੰਦੂਕ ਸੰਭਾਲਦਾ ਅੰਦਰ ਆ ਗਿਆ।

-”ਸਰਦਾਰ-ਚੜਿੱਕ ਦੀ ਪੰਚਾਇਤ ਆਈ ਐ।”

-”ਭੈਣ ਦੀ—ਲਵੇ ਪੰਚਾਇਤ ਖੜ੍ਹੀ ਹੋ ਕੇ-ਤੈਨੂੰ ਦਿਸਦਾ ਨਹੀਂ ਕਿ ਕੋਈ ਜਰੂਰੀ ਗੱਲ ਬਾਤ ਚੱਲ ਰਹੀ ਐ? ਉਹਨਾਂ ਨੂੰ ਕਹਿ ਮੀਟਿੰਗ ਚੱਲਦੀ ਐ ਬਾਹਰ ਬੈਠਣ-ਅਜੇ ਸਵੇਰਿਓਂ ਈ ਬੰਦਾ ਫੜ ਕੇ ਲਿਆਏ ਐਂ-ਕੁੜੀ ਚੋਦ ਝੱਟ ‘ਚ ਈ ਆ ਖੜ੍ਹੇ ਹੋਏ-ਇਹਨਾਂ ਦੀ ਕੁੜੀ ਨੂੰ ਕੁੱਕੜ ਯੈਹਣ!” ਠਾਣੇਦਾਰ ਭੂਸਰੀ ਗਾਂ ਵਾਂਗ ਗਲ ਨੂੰ ਆਇਆ।

-”ਜੀ ਜਨਾਬ।”

ਸਿਪਾਹੀ ਤੁਰ ਗਿਆ।

ਠਾਣੇਦਾਰ ਨੇ ਦੇਖਿਆ ਨੰਬਰਦਾਰ ਪੌੜੀਏਂ ਚੜ੍ਹਦਾ ਆ ਰਿਹਾ ਸੀ। ਉਸ ਨੇ ਗੱਲ ਜਲਦੀ ਮੁਕਾਉਣੀ ਚਾਹੀ।

-”ਮੌਕਾ ਬਚਾ ਕੇ ਐਕਸ਼ਨ ਕਰਨਾ-ਇਹ ਥੋਡਾ ਕੰਮ ਐਂ-ਰਿਪੋਰਟ ਨਾਲ ਦੀ ਨਾਲ ਮੈਨੂੰ ਮਿਲਦੀ ਰਹੇ-ਹਾਂ, ਖਾੜਕੂਆਂ ਦੇ ਨਾਂ ਤੇ ਜਿਮੇਵਾਰੀ ਲੈਣੀ ਉੱਕਾ ਨਹੀ ਭੁੱਲਣੀ-ਮਾਰੋ ਲੁੱਟੋ ਤੇ ਖਾਓ-ਐਸ਼ ਕਰੋ-ਕੁੜੀਆਂ ਵਰਤੋ-ਜੋ ਮਰਜੀ ਐ ਕਰੋ-ਜੋਸ਼ ਨਾਲੋਂ ਹੋਸ਼ ਤੋਂ ਕੰਮ ਜਿਆਦਾ ਲੈਣਾ-ਬੇਵਕੂਫ਼ੀ ਜਾਂ ਅਨਾੜੀਪੁਣਾ ਬਿਲਕੁਲ ਨਹੀ ਵਰਤਣਾ-ਦਿਮਾਗ ਨਾਲ ਸੁਚੇਤ ਹੋ ਕੇ ਡਿਊਟੀ ਨਿਭਾਉਣੀ ਐਂ-ਬੱਸ!”

ਨੰਬਰਦਾਰ ਅੰਦਰ ਆਇਆ।

-”ਐਨਾਂ ਚਿਰ ਲਾਅਤਾ ਨੰਬਰਦਾਰਾ?”

-”ਥੋਡਾ ਸਿਪਾਹੀ ਈ ਨਹੀ ਅੰਦਰੋਂ ਨਿਕਲਣ ਦਾ ਨਾਂ ਲੈਂਦਾ ਸੀ-ਮੈਂ ਤਾਂ ਫਿਰ ਬਾਹਰ ਈ ਮੂਤ ਕੇ ਆ ਗਿਆ।”

ਠਾਣੇਦਾਰ ਹੱਸ ਪਿਆ।

-”ਪਾਇਆ ਨਹੀਂ ਪੈੱਗ ਕੋਈ?”

-”ਅਸੀਂ ਤਾਂ ਪਾ ਲਿਆ-ਤੂੰ ਪਾ ਲੈ।”

-”ਕਿਉਂ ਮੈਂ ਰੰਡੀ ਦਾ ਜਮਾਈ ਐਂ?” ਗਿਲਾਸ ਕੰਗਣੀ ਤੱਕ ਭਰ ਕੇ ਨੰਬਰਦਾਰ ਨੇ ਹਲਕਿਆਂ ਵਾਂਗ ਅੰਦਰ ਸੁੱਟਿਆ। ਸੰਘੋਂ ਉੱਤਰਦੀ ਦਾਰੂ ਨੇ ਉਸ ਅੰਦਰ ਅੱਗ ਮਚਾ ਦਿੱਤੀ ਸੀ।

-”ਥੋਡੀ ਹੋਈ ਗੱਲ ਖਤਮ ਕਿ ਨਹੀ?”

-”ਬੱਸ ਗੱਲਾਂ ਖਤਮ ਈ ਐ-ਹੋਰ ਕਿਹੜਾ ਅਸੀਂ ਵੇਦ ਲਿਖਣੇ ਐਂ?”

-”ਚਲੋ-ਠੀਕ ਐ।”

-”ਨੰਬਰਦਾਰਾ-ਰਣਬੀਰ ਹੁਣ ਤੇਰਾ ਪੁੱਤ ਘੱਟ ਮੇਰਾ ਵੱਧ ਐ।”

-”ਬਿਲਕੁਲ ਦਰੁਸਤ।”

-”ਜਾਹ ਰਣਬੀਰਿਆ-ਕਚਿਹਰੀਆਂ ਚੋਂ ਦਰਖਾਸਤ ਟਾਈਪ ਕਰਵਾ ਕੇ ਲਿਆ-ਕਾਰਵਾਈ ਸੁਰੂ ਕਰੀਏ-ਨੰਬਰਦਾਰਾ ਕੱਲ੍ਹ ਨੂੰ ਮੇਰੇ ਕੋਲ ਆਈਂ-ਵਧੀਆ ਜਿਆ ਰਿਵਾਲਵਰ ਦੇਖਾਂਗੇ-ਫੇਰ ਦੇਖੀਂ ਜੁਆਨ ਦੀ ਟਹੁਰ-ਜਿੱਥੇ ਤੁਰਿਆ ਕਰੂ ਪੈੜਾਂ ਕਰੂ-।”

-”ਮੈਂ ਜਰੂਰ ਪਹੁੰਚੂੰ-ਪਰ ਸਰਦਾਰ ਜੀ ਸਿਰ ਤੇ ਥੋਡਾ ਹੱਥ ਰਹੂ।”

-”ਜਰੂਰ ਰਹੂ! ਰਹੂ ਕਿਵੇਂ ਨਾਂ? ਜਦੋਂ ਇਕ ਆਰੀ ਮਰਦਾਂ ਦੇ ਬਚਨ ਹੋ ਚੁੱਕੇ ਐ!”

ਉਹਨਾਂ ਰਹਿੰਦੀ ਬੋਤਲ ਖਤਮ ਕਰ ਦਿੱਤੀ ਅਤੇ ਚੁਬਾਰਿਓਂ ਥੱਲੇ ਆ ਗਏ।

ਚੜਿੱਕ ਦੀ ਪੰਚਾਇਤ ਬਾਹਰ ਜੁੜੀ ਬੈਠੀ ਸੀ। ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਸਨ। ਇੱਕ ਹੋਰ ਪੰਚਾਇਤ ਪਰਾਂਹ ਗੇਟ ਕੋਲ ਸੰਤਰੀ ਲਾਗੇ ਘੇਰਾ ਘੱਤੀ ਖੜ੍ਹੀ ਸੀ।

-”ਗੁਰਮੇਲ!”

-”ਜੀ ਹਜੂਰ?”

-”ਔਹ ਦੂਜੀ ਪੰਚਾਇਤ ਕਿੱਥੋਂ ਦੀ ਐ?”

-”ਇਹ ਡਾਲੇ ਦੀ ਐ ਜਨਾਬ।”

-”ਇਹ ਕੀ ਚਾਹੁੰਦੇ ਐ?”

-”ਹਜੂਰ ਪਤਾ ਨਹੀ।”

-”ਪਹਿਲਾਂ ਇਹਨਾਂ ਨੂੰ ਬੁਲਾ-ਨਿੱਕੇ ਮੋਟੇ ਤਾਂ ਨਿਬੇੜੀਏ!”

ਸਿਪਾਹੀ ਤੁਰ ਗਿਆ।

-”ਨੰਬਰਦਾਰਾ-ਤੂੰ ਅੰਦਰ ਦਫਤਰ ‘ਚ ਬੈਠ।”

ਨੰਬਰਦਾਰ ਅੰਦਰ ਤੁਰ ਗਿਆ।

ਡਾਲੇ ਦੀ ਪੰਚਾਇਤ ਆ ਹਾਜ਼ਰ ਹੋਈ।

-”ਸਾਸਰੀਕਾਲ-ਸਰਦਾਰ ਜੀ!” ਸਾਰੀ ਪੰਚਾਇਤ ਦੇ ਹੀ ਹੱਥ ਜੋੜੇ ਹੋਏ ਸਨ।

-”ਸਾਸਰੀਕਾਲ-ਆਓ ਬਈ ਸਰਦਾਰੋ ਕੀ ਭੀੜ ਪੈ ਗਈ? ਹੁਕਮ ਕਰੋ!” ਠਾਣੇਦਾਰ ਨੇ ਪੁੱਛਿਆ।

-”ਅਸੀਂ ਤਾਂ ਸਰਦਾਰ ਜੀ ਇਕ ਬੇਨਤੀ ਲੈ ਕੇ ਹਾਜਰ ਹੋਏ ਐਂ।” ਇਕ ਬਜ਼ੁਰਗ ਮੈਂਬਰ ਨੇ ਗੱਲ ਸੁਰੂ ਕੀਤੀ।

-”ਦੱਸੋ?”

-”ਸਾਡੇ ਪਿੰਡ ਐ ਜੀ ਇਕ ਮੁੰਡਾ-ਮਾਈ ਬਾਪ! ਧੀ ਭੈਣ ਦੀ ਇੱਜਤ ਨੂੰ ਹੱਥ ਪਾਉਂਦਾ ਜਮਾਂ ਨੀ ਜਰਕਦਾ।”

-”ਐਹੋ ਜੇ ਤੋਂ ਕੀ ਕਰਵਾਉਣੈ? ਮਾਰ ਕੇ ਪਰਾਂਹ ਕਰੋ!” ਠਾਣੇਦਾਰ ਨੇ ਤੱਟ ਫੱਟ ਆਖਿਆ।

-”ਜੀ ਮਾਰ ਕਿਮੇਂ ਦੇਈਏ?” ਬਜੁਰਗ ਬਿਲਕੁਲ ਨਿਰੁੱਤਰ ਹੋ ਗਿਆ ਸੀ।

-”ਕਿਉਂ? ‘ਕੱਲਾ ਬੰਦਾ ਸਾਰੇ ਪਿੰਡ ਨਾਲੋਂ ਤਕੜੈ? ਧੰਦਾ ਭੁਗਤਾ ਕੇ ਗਾਹ੍ਹਾਂ ਤੋਰੋ-ਸਰਦਾਰੋ ਲੱਤਾਂ ਦੇ ਭੂਤ ਬਾਤਾਂ ਨਾਲ ਨਹੀ ਮੰਨਦੇ-ਹੱਥ ਜੋੜਨ ਨਾਲ ਕੁਛ ਨੀ ਬਣਨਾ।”

-”ਬੰਦਾ ਤਾਂ ਭੁਗਤਾ ਦਿਆਂਗੇ ਸਰਦਾਰ-ਪਰ ਫਾਹੇ ਕੌਣ ਲੱਗੂ?” ਪੰਚਾਇਤ ਵਿਚੋਂ ਇਕ ਗੱਭਰੂ ਬੋਲਿਆ।

ਠਾਣੇਦਾਰ ਨੇ ਉਸ ਨੂੰ ਗਹੁ ਨਾਲ ਤੱਕਿਆ।

-”ਕੀ ਨਾਂ ਐਂ ਤੇਰਾ ਜੁਆਨਾ?”

-”ਜੀ ਮੇਰਾ ਨਾਂ ਘੁਮੰਡ ਸਿੰਘ ਰਾਗਟ ਐ ਜੀ।”

-”ਤੇ ਰਾਕਟ ਸਿਆਂ-ਤੂੰ ਉਥੇ ਨਹੀਂ ਚੱਲਿਆ-ਮਿੱਸ ਮਾਰ ਕੇ ਸਿੱਧਾ ਈ ਮੇਰੇ ਕੋਲ ਆ ਡਿੱਗਿਐਂ?”

ਠਾਣੇਦਾਰ ਸਮੇਤ ਸਾਰੇ ਹੀ ਹੱਸ ਪਏ।

-”ਥੋਨੂੰ ਦੱਸਿਆ ਈ ਐ ਜੀ-ਮਾਰ ਤਾਂ ਮੈ ਦੇਵਾਂ-ਪਰ ਡਰਦੇ ਫਾਹੇ ਤੋਂ ਐਂ।”

-”ਕੀ ਕਰਦਾ ਹੁੰਨੈ?”

-”ਜੀ ਮੇਰੇ ਬਾਪੂ ਦੇ ਟਰੱਕ ਚੱਲਦੇ ਐ।”

ਪੰਚਾਇਤ ਫਿਰ ਹੱਸ ਪਈ।

-”ਐਮੇ ਭਕਾਈ ਮਾਰਦੈ ਸਰਦਾਰ-ਦਿਹਾੜੀ ਦੱਪੇ ਕਰਕੇ ਜੂਨ ਟਪਾਉਂਦੈ।” ਸਰਪੰਚ ਬੋਲਿਆ।

-”ਮਜ੍ਹਬੀਆਂ ਦਾ ਮੁੰਡੈਂ?”

-”ਜੱਦੀ ਖਾਨਦਾਨੀਂ ਸਰਦਾਰ।” ਮੁੰਡਾ ਲਾਚੜ ਗਿਆ।

-”ਪਤੰਦਰ ਮਜ੍ਹਬੀ ਖਾਂਦੇ ਪਤਾ ਨਹੀ ਕੀ ਐ? ਬੰਦਾ ਮਾਰਨ ਨੂੰ ਹਰ ਵਕਤ ਤਿਆਰ ਈ ਰਹਿੰਦੇ ਐ।” ਠਾਣੇਦਾਰ ਅੰਦਰੋਂ ਖੁਸ਼ ਸੀ ਕਿ ਇਹ ਬੰਦਾ ਰਣਬੀਰ ਨਾਲ ਰਲਾਇਆ ਜਾ ਸਕਦਾ ਹੈ ਅਤੇ ਜਿਸ ਮੁੰਡੇ ਦੇ ਖਿਲਾਫ਼ ਰਿਪੋਰਟ ਲੈ ਕੇ ਇਹ ਠਾਣੇ ਆਏ ਹਨ, ਉਸ ਨੂੰ ਵੀ ਗਰੋਹ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ।

-”ਸਰਦਾਰੋ-ਕੀ ਨਾਂ ਐਂ ਉਸ ਮੁੰਡੇ ਦਾ?”

-”ਬਿੱਕਰ ਸਿੰਘ ਐ ਜੀ।”

-”ਪਿਉ ਦਾ ਨਾਂ?”

-”ਜੀ ਜੁਆਲਾ ਸਿੰਘ।”

-”ਮੁਣਸ਼ੀ ਰਿਪੋਰਟ ਦਰਜ ਕਰੋ-ਹੌਲਦਾਰ ਨੂੰ ਆਖੋ ਕਿ ਉਹਨੂੰ ਅੱਜ ਈ ਗ੍ਰਿਫਤਾਰ ਕਰਕੇ ਲਿਆਂਦਾ ਜਾਵੇ-!”

-”ਜੀ ਜਨਾਬ।”

-”ਠੀਕ ਐ ਸਰਦਾਰੋ? ਕੁੜੀਆਂ ਛੇੜਨੋਂ ਤਾਂ ਉਹਨੂੰ ਅੱਜ ਈ ਹਟਾ ਦਿਆਂਗੇ-ਹੋਰ ਹੁਕਮ ਕਰੋ?”

-”ਬੱਸ ਸਰਦਾਰ ਮਿਹਰਬਾਨੀ-ਸਾਡਾ ਤਾਂ ਸਹੁਰੇ ਨੇ ਜਿਉਣਾ ਈ ਦੁੱਭਰ ਕੀਤਾ ਹੋਇਆ ਸੀ-ਸਹੁਰਾ ਬਾਹਲਾ ਈ ਕੱਬਾ ਐ-ਵੱਢਣ ਨੂੰ ਆਉਂਦੈ।”

-”ਰਾਕਟ ਸਿਆਂ!”

-”ਹਾਂ ਜੀ?”

-”ਤੂੰ ਹੁਣ ਕੀ ਕਰਨੈ?”

-”ਸਰਦਾਰ ਘਰੇ ਘੁੰਡ ਆਲੀ ‘ਡੀਕਦੀ ਹੋਊ-ਉਹਨੂੰ ਜਾ ਕੇ ਦਰਸ਼ਣ ਦੇਣੇ ਐਂ।”

ਪੰਚਾਇਤ ਫਿਰ ਹੱਸ ਪਈ।

-”ਸਰਦਾਰ ਜਮਾਂ ਈ ਛੜਾ ਐ-ਕੋਈ ਅੱਗਾ ਪਿੱਛਾ ਨਹੀਂ-ਜਦੋਂ ਜੰਮਿਆਂ-ਜੰਮਣ ਸਾਰ ਤਾਂ ਇਹਨੇ ਬੁੜ੍ਹੀ ਮਾਰੀ-ਪਿਉ ਮਹੀਨੇ ਕੁ ਬਾਅਦ ਚੜ੍ਹਾਈ ਕਰ ਗਿਆ-ਮਾਸੀ ਨੇ ਪਾਲਿਆ-ਉਹ ਵੀ ਵਿਚਾਰੀ ਦੋ ਕੁ ਮਹੀਨੇਂ ਹੋ ਗਏ, ਗੁਜਰਗੀ-ਬੱਸ ਹੁਣ ਇਹ ਈ ਰਹਿੰਦੈ।” ਸਰਪੰਚ ਨੇ ਫਿਰ ਆਖਿਆ।

-”ਰਾਕਟ ਸਿਆਂ ਤੂੰ ਬੈਠ! ਆਪਾਂ ਗੱਲਾਂ ਬਾਤਾਂ ਕਰਾਂਗੇ-ਤੁਸੀਂ ਜਾਓ ਸਰਦਾਰੋ ਬੇਫਿਕਰ ਹੋ ਕੇ-ਥੋਡਾ ਕੰਮ ਹੋ ਗਿਆ।”

-”ਗੁਰਮੀਤ!”

-”ਜੀ ਜਨਾਬ?”

-”ਚੜਿੱਕ ਆਲੀ ਪੰਚਾਇਤ ਨੂੰ ਬੁਲਾ ਤੇ ਮੇਰੇ ਆੜੀ ਰਾਕਟ ਨੂੰ ਚਾਹ ਲਿਆ ਕੇ ਦੇਹ!”

-”ਜੋ ਹੁਕਮ ਸਰਕਾਰ।”

-”ਸਰਦਾਰ ਜੀ ਚਾਹ ਪਿਆ ਕੇ ਕੁੱਟਣ ਨਾ ਡਹਿ ਪਇਉ-ਫੇਰ ਨਾ ਕਿਹੋ ਬਈ ਚਾਹ ਕੱਢ।”

ਸਰਦਾਰ ਹੱਸ ਪਿਆ।

-”ਤੇਰੇ ਵਰਗੇ ਬੰਦਿਆਂ ਦੀ ਮੈਂ ਦਿਲੋਂ ਕਦਰ ਕਰਦੈਂ ਰਾਕਟਾ-ਤੂੰ ਬੇਫਿਕਰ ਹੋ ਕੇ ਬੈਠ-ਜਮਾਂ ਈ ਧੁੜਕੂ ਨਾ ਮੰਨ।”

ਚੜਿੱਕ ਦੀ ਪੰਚਾਇਤ ਹਾਜ਼ਰ ਹੋ ਗਈ।

-”ਆਓ ਸਰਦਾਰੋ ਬੈਠੋ ਕੁਰਸੀਆਂ ‘ਤੇ।”

ਸਾਰੇ ਬੈਠ ਗਏ।

-”ਦੱਸੋ-ਸਰਪੰਚ ਸਾਹਿਬ?”

-”ਸਰਦਾਰ ਅਸੀਂ ਬਲੀ ਸਿੰਘ ਦੇ ਲੜਕੇ ਰਣਜੋਧ ਸਿਉਂ ਮਗਰ ਆਏ ਆਂ।”

ਸਾਧੂ ਸਿੰਘ ਨੇ ਹੱਥ ਜੋੜ ਕੇ ਬੇਨਤੀ ਕੀਤੀ।

-”ਸਰਪੰਚ ਸਾਹਿਬ-ਬੰਦਾ ਅੱਜ ਸਵੇਰੇ ਈ ਤਾਂ ਲੈ ਕੇ ਆਏ ਆਂ-ਅਜੇ ਕੋਈ ਕਾਰਵਾਈ ਨਹੀਂ ਹੋ ਸਕੀ-ਸਾਡੇ ਕੋਲ ਕਿੰਨੀ ਕੁ ਵਿਹਲ ਐ-ਤੁਸੀਂ ਦੇਖ ਈ ਰਹੇ ਹੋ-ਗੁਰਮੀਤ ਰਣਜੋਧ ਸਿਉਂ ਨੂੰ ਬਾਹਰ ਲਿਆਓ!” ਹੁਕਮ ਹੋਇਆ।

ਹਵਾਲਾਤ ‘ਚੋਂ ਕੱਢ ਕੇ ਰਣਜੋਧ ਪੇਸ਼ ਕਰ ਦਿੱਤਾ ਗਿਆ। ਉਹ ਕੁਝ ਡਰਿਆ-ਡਰਿਆ ਜਿਹਾ ਤੱਕ ਰਿਹਾ ਸੀ।

-”ਹਾਂ ਬਈ ਰਣਜੋਧ ਸਿਆਂ-ਸਾਡੇ ਕੋਲੇ ਕੋਈ ਤਕਲੀਫ?” ਠਾਣੇਦਾਰ ਨੇ ਪੁੱਛਿਆ।

-”ਬਿਲਕੁਲ ਕੋਈ ਨਹੀਂ ਜੀ।” ਰਣਜੋਧ ਬੋਲਿਆ।

-”ਲਓ ਸਰਦਾਰੋ-ਬੰਦਾ ਥੋਡੇ ਮੂਹਰੇ ਸਾਬਤਾ ਖੜ੍ਹੈ-ਕਿਸੇ ਨੇ ਬੁਰਾ ਬਚਨ ਵੀ ਬੋਲਿਐ ਤਾਂ ਪੁੱਛ ਲਓ!”

ਸਾਰੀ ਪੰਚਾਇਤ ਦੀ ਸੰਤੁਸ਼ਟੀ ਹੋ ਗਈ।

ਦਿਲ ਥਾਵੇਂ ਆ ਗਏ।

-”ਪਰ ਸਰਦਾਰ ਇਹਦਾ ਖਹਿੜਾ ਕਦੋਂ ਛੁੱਟੂ?” ਸਰਪੰਚ ਨੇ ਪੁੱਛਿਆ।

-”ਜਦੋਂ ਸਰਪੰਚ ਸਾਹਿਬ-ਇਹਦੀ ਇਨਕੁਆਰੀ ਪੂਰੀ ਹੋ ਗਈ-ਇਹਦਾ ਰੱਸਾ ਲਾਹ ਦਿਆਂਗੇ-ਬਿਲਕੁਲ ਬੇਫਿਕਰ ਹੋ ਕੇ ਘਰੇ ਜਾਓ!”

-”ਪਰ ਸਰਦਾਰ ਕਿੰਨੇ ਕੁ ਦਿਨ-?”

-”ਬੱਸ ਇਕ ਦੋ ਦਿਨਾਂ ਦੀ ਤਾਂ ਗੱਲ ਐ।”

ਠਾਣੇਦਾਰ ਤੁਰੰਤ ਉੱਤਰ ਦੇ ਰਿਹਾ ਸੀ।

-”ਪਰ ਸਰਦਾਰ ਦੁਹਾਈ ਐ ਰਾਮ ਦੀ-ਮਾਰ ਕੁੱਟ ਨਾ ਕਰਿਓ-ਵਿਚਾਰਾ ਜਮਾਂ ਈ ਗਊ ਐ।” ਸਰਪੰਚ ਨੇ ਠਾਣੇਦਾਰ ਨੂੰ ਇਕ ਪਾਸੇ ਲਿਜਾ ਕੇ ਆਖਿਆ।

-”ਮੈਂ ਆਖ ਦਿੱਤਾ-ਤੁਸੀਂ ਨਿਸਚਿੰਤ ਰਹੋ!”

ਪੰਚਾਇਤ ਤੁਰ ਗਈ। ਬਲੀ ਸਿੰਘ ਮੁੜ ਮੁੜ ਪਿੱਛੇ ਦੇਖਦਾ ਸੀ। ਦਿਲ ਦਾ ਟੁਕੜਾ ਅੰਦਰ ਜਿਉਂ ਤਾੜਿਆ ਹੋਇਆ ਸੀ। ਉਸ ਅੰਦਰ ਹੌਲ ਜਿਹਾ ਪਿਆ। ਸਿਰ ਨੂੰ ਘੁੰਮੇਰ ਚੜ੍ਹੀ ਤੇ ਉਹ ਵਾਹੋਦਾਹੀ ਭੱਜਦਾ ਪੰਚਾਇਤ ਨਾਲ ਜਾ ਰਲਿਆ। ਉਸ ਦਾ ਮਨ ਵਾਰ ਵਾਰ ਭਰ ਰਿਹਾ ਸੀ। ਅੰਦਰੋਂ ਹਾਉਕਾ ਉਠਦਾ ਸੀ। ਝੱਖੜ ਦੇ ਝੰਬੇ ਦਰੱਖਤ ਵਾਂਗ ਉਹ ਡਿੱਕ ਡੋਲੇ ਖਾ ਰਿਹਾ ਸੀ। ਇੱਕੋ ਇੱਕ ਪੁੱਤ ਦੀ ਸਲਾਮਤੀ ਲਈ ਅਰਦਾਸਾਂ ਕਰ ਰਿਹਾ ਸੀ।

ਦਰਖ਼ਾਸਤ ਟਾਈਪ ਕਰਵਾ ਕੇ ਰਣਬੀਰ ਆ ਗਿਆ। ਦਰਖ਼ਾਸਤ ਪੜ੍ਹ ਕੇ, ਤਸੱਲੀ ਨਾਲ ਠਾਣੇਦਾਰ ਨੇ ਸੰਭਾਲ ਲਈ।

-”ਕੁਛ ਕੰਮ ਦਾ ਬੰਦਾ ਮਿਲਿਐ।”

-”ਕੌਣ-ਚਾਚਾ ਜੀ?”

-”ਔਹ ਸਾਹਮਣੇ ਬੈਠਾ ਮੁੰਡਾ ਦੇਖਦੈਂ?” ਠਾਣੇਦਾਰ ਨੇ ਦੂਰ ਬੈਠੇ, ਚਾਹ ਪੀਂਦੇ ਰਾਕਟ ਵੱਲ ਇਸ਼ਾਰਾ ਕਰਦਿਆਂ ਗੱਲ ਜਾਰੀ ਰੱਖੀ।

-”ਮਜ੍ਹਬੀਆਂ ਦਾ ਮੁੰਡਾ ਐ-ਅੱਗਾ ਨਹੀਂ ਪਿੱਛਾ ਨਹੀਂ-ਛੜਾ ਛਟਾਂਕ ਐ-ਸਭ ਤੋਂ ਵੱਡੀ ਗੱਲ ਐ ਬੇਰੁਜਗਾਰ ਐ-ਜੁਆਨ ਗਰਮ ਖੂਨ ਐਂ-ਕਹਿਣ ਦਾ ਭਾਵ ਲੋਹਾ ਬਿਲਕੁਲ ਗਰਮ ਐਂ-ਬੱਸ ਸੱਟ ਮਾਰਨ ਦੀ ਲੋੜ ਐ-ਮੁੰਡਾ ਬੜਾ ਨਿੱਡਰ ਐ-ਇੱਕੀਆਂ ਦੇ ‘ਕੱਤੀ ਪਾਊ।”

-”ਕਿਹੜੇ ਪਿੰਡੋਂ ਐ?”

-”ਡਾਲੇ ਦਾ ਐ-ਆਪ ਘੱਟ ਕਰੋ ਇਹਨਾਂ ਤੋਂ ਜਿਆਦਾ ਕਰਵਾਉ-ਪਿੰਡਾ ਅਗਾਂਹ ਪੁੱਤਾ ਪਿਛਾਂਹ-ਇਕ ਅੱਧਾ ਐਕਸ਼ਨ ਕਰਵਾ ਕੇ ਕਾਣਾ ਕਰ ਲਈਂ-ਫੇਰ ਨਹੀਂ ਨਾਲੋਂ ਹਿੱਲਣ ਜੋਗਾ।”

-”ਇਹਨੂੰ ਮੋਟਰ ਸਾਈਕਲ ਤੇ ਬਿਠਾ ਕੇ ਨਾਲ ਲੈ ਜਾਹ-ਪਰ ਮੇਰਾ ਵੇਰਵਾ ਨਾ ਪਾਈਂ-ਤੇ ਮਾਰ ਦਿਓ ਮੋਰਚਾ-ਇਹਨੂੰ ਨਾਲ ਰੱਖ ਕੇ ਦੋ ਚਾਰ ਦਿਨ ਸਬਜ਼ ਬਾਗ ਦਿਖਾ-ਕਾਲਜੀਏਟ ਕੁੜੀਆਂ ਦੇ ਦਰਸ਼ਣ ਪੁਆ-ਦਾਰੂ ਮੀਟ ਦੋ ਚਾਰ ਦਿਨ ਖੁੱਲ੍ਹਾ ਵਰਤਾ-ਚੂਹੜ੍ਹਾ ਆਪੇ ਤੇਰੇ ਕੋਲ ਰਿੰਗਦਾ ਆਊ।”

-”ਤੇ ਬਾਪੂ?”

-”ਉਹਨੂੰ ਅਜੇ ਮੈਂ ਏਥੇ ਈ ਰੋਕਦੈਂ-ਇਕ ਬੋਤਲ ਹੋਰ ਖੋਲ੍ਹਦੇ ਐਂ-ਤੂੰ ਇਹਨੂੰ ਲੈ ਕੇ ਜਾਹ ਪੁੱਤਰਾ-ਉਏ ਰਾਕਟ ਸਿਆਂ….!”

-”ਹੋਅ ਜੀ…..?” ਰਾਕਟ ਭੱਜਿਆ ਹੀ ਆਇਆ।

-”ਇਹ ਮੁੰਡਾ ਐ ਰਣਬੀਰ-ਇਹ ਤੈਨੂੰ ਤੇਰੇ ਪਿੰਡ ਲਾਹਦੂ-ਚਾਹ ਪੀ ਲਈ?”

-”ਚਾਹ ਤਾਂ ਸਰਦਾਰ ਜੀ ਪੀ ਲਈ-ਪਰ ਕੋਈ ਕੰਮ ਮੇਰੇ ਤੱਕ?”

-”ਬੱਸ ਤੈਨੂੰ ਚਾਹ ਹੀ ਪਿਆਉਣੀ ਸੀ।”

ਮਜ੍ਹਬੀ ਫ਼ਾਨੇ ਵਾਂਗ ਆਕੜ ਗਿਆ। ਠਾਣੇਦਾਰ ਨੇ ਉਸ ਨੂੰ ਚਾਹ ਪਿਆਈ ਸੀ। ਉਹ ਸਰਦਾਰ ਅੱਗੇ ਗੰਧਾਲੇ ਵਾਂਗ ਗੱਡਿਆ ਖੜ੍ਹਾ ਸੀ।

-”ਰਾਕਟ ਸਿਆਂ-ਕੋਈ ਕੰਮ ਹੋਵੇ ਤਾਂ ਸਿੱਧਾ ਮੇਰੇ ਕੋਲੇ ਪਹੁੰਚੀਂ।”

-”ਹੋਰ ਅਸੀਂ ਗਰੀਬਾਂ ਨੇ ਜਾਣਾ ਵੀ ਕੀਹਦੇ ਕੋਲੇ ਐ ਸਰਦਾਰਾ?”

-”ਚਲੋ ਹੁਣ ਜਾਓ-ਲੈ ਪੁੱਤਰ ਰਣਬੀਰਿਆ ਅੱਜ ਮੇਰੇ ਵੱਲੋਂ ਰਾਕਟ ਸਿਉਂ ਦੀ ਪੂਰੀ ਸੇਵਾ ਕਰੀਂ।”

-”ਠੀਕ ਐ ਚਾਚਾ ਜੀ।”

ਉਹ ਤੁਰ ਗਏ।

ਨੰਬਰਦਾਰ ਨੂੰ ਲੈ ਠਾਣੇਦਾਰ ਫਿਰ ਚੁਬਾਰੇ ਜਾ ਚੜ੍ਹਿਆ।

-”ਰਣਬੀਰਾ ਕਿੱਥੇ ਐ?” ਉਤਰਦੇ ਨਸ਼ੇ ਕਾਰਨ ਨੰਬਰਦਾਰ ਦਾ ਚਿਹਰਾ ਸੱਖਣਾ, ਖਾਲੀ ਖਾਲੀ ਲੱਗਦਾ ਸੀ। ਕੱਚਾ-ਪੱਕਾ, ਦੁਬਿਧਾ ਜਿਹੀ ਵਿਚ ਫ਼ਸਿਆ ਉਹ ਕਾਣੇਂ ਬੋਕ ਵਾਂਗ ਮੂੰਹ ਖੋਲ੍ਹ ਕੇ ਉਬਾਸੀ ਲੈਂਦਾ ਅਤੇ ਪਿੱਛੋਂ ਕੁੱਤੇ ਵਾਂਗ ਚੂਕ ਜਿਹੀ ਕੱਢਦਾ ਸੀ।

-”ਉਹਨੂੰ ਮੈਂ ਤੋਰ ਦਿੱਤਾ।”

-”ਕਿਉਂ?”

-”ਆਪਾਂ ਬੈਠ ਕੇ ਪੀਂਦੇ ਆਂ ਯਾਰ-ਤੂੰ ਅੱਡ ਹੋਣ ਆਲੀਆਂ ਗੱਲਾਂ ਕਿਉਂ ਕਰਦੈਂ ਨੰਬਰਦਾਰਾ ਬਾਈ?” ਠਾਣੇਦਾਰ ਨੇ ਬੋਤਲ ਦਾ ਗਲ ਕੁੱਕੜ ਵਾਂਗ ਮਰੋੜਦਿਆਂ ਕਿਹਾ। ਨੰਬਰਦਾਰ ਚੁੱਪ ਹੋ ਗਿਆ।

-”ਸਾਲੇ ਮੇਰੇ ਤਾਂ ਝੱਗੇ ਲਹਿ ਚੱਲੇ ਸੀ।” ਨੰਬਰਦਾਰ ਨੇ ਹਾਬੜਿਆਂ ਵਾਂਗ ਬੋਤਲ ਵੱਲ ਝਾਕਦਿਆਂ ਆਖਿਆ।

-”ਝੱਗੇ ਬਾਈ ਤੇਰੇ ਲਹਿਣ ਦਿੰਨੇ ਐਂ?”

ਦੋਹਾਂ ਨੇ ਗਿਲਾਸ ਖਾਲੀ ਕਰ ਦਿੱਤੇ।

ਦਿਨ ਛੁਪ ਗਿਆ ਸੀ।

ਉਹ ਬੜੀ ਤੇਜ਼ੀ ਨਾਲ ਪੀ ਰਹੇ ਸਨ।

ਪੁਰਜਾ ਪੁਰਜਾ ਕਟਿ ਮਰੈ
ਕਾਂਡ 1

ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤੁ।।

ਪੁਰਜਾ ਪੁਰਜਾ ਕਟਿ ਮਰੈ ਕਬਹੂੰ ਨ ਛਾਡੈ ਖੇਤੁ।।

ਗੁਲਾਬੀ ਠੰਢ ਸੀ।

ਹੱਥ ਨੂੰ ਹੱਥ ਮਾਰਿਆਂ ਨਜ਼ਰ ਨਹੀ ਆਉਂਦਾ ਸੀ। ਰਾਤ ਪੈਣ ਸਾਰ ਹੀ ਧੁੰਦ ਉਤਰਨੀ ਸੁਰੂ ਹੋ ਜਾਂਦੀ ਸੀ। ਜਿਹੜੀ ਦੁਪਿਹਰ ਦੇ ਦਸ ਵਜੇ ਤੱਕ ਸੂਰਜ ਦਾ ਮੁੱਖ ਢਕੀ ਰੱਖਦੀ ਸੀ। ਅਥਾਹ ਸੀਤ ਵਰ੍ਹਨ ਕਾਰਨ ਲੋਕਾਂ ਦਾ ਜੀਣਾ ਦੁੱਭਰ ਹੋਇਆ ਪਿਆ ਸੀ। ਅੱਧ ਅਸਮਾਨੋਂ ਡਿੱਗਦਾ ਕੱਕਰ ਕਣਕ ਅਤੇ ਸਰੋਂ੍ਹ ਦੀਆਂ ਫਸਲਾਂ ਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕਰ ਰਿਹਾ ਸੀ।

ਸਵੇਰ ਦੇ ਤਿੰਨ ਵੱਜੇ ਸਨ।

ਪੁਲੀਸ ਨਾਲ ਭਰੇ ਦੋ ਟਰੱਕ ਸੜਕਾਂ ਦੀ ਛਾਤੀ ਮਿੱਧਦੇ, ਬੜੀ ਤੇਜ਼ੀ ਨਾਲ ਚੜਿੱਕ ਪਿੰਡ ਨੂੰ ਆ ਰਹੇ ਸਨ। ਠਾਣੇਦਾਰ ਗੁਰਪ੍ਰੀਤ ਸਿੰਘ ਡਰਾਈਵਰ ਨਾਲ ਮੂਹਰਲੇ ਟਰੱਕ ਵਿਚ ਅੜਿਆ ਜਿਹਾ ਬੈਠਾ ਸੀ। ਉਸ ਦੀਆਂ ਅੱਖਾਂ ਵਿਚ ਕੋਈ ਖਾਸ ਭੇਦ ਸੀ ਅਤੇ ਚਿਹਰੇ ‘ਤੇ ਰੌਣਕ! ਉਸ ਦੀ ਭਿਆਨਕ ਨਜ਼ਰ ਟਰੱਕ ਵਾਂਗ ਹੀ ਧੁੰਦ ਦਾ ਸੀਨਾਂ ਚੀਰ ਰਹੀ ਸੀ। ਵੱਖੋ-ਵੱਖ ਟਰੱਕਾਂ ਵਿਚ ਸਿਪਾਹੀ ਠੱਕੇ ਦੀ ਮਾਰੀ ਬੱਕਰੀ ਵਾਂਗ ਕੂੰਗੜੇ, ਊਂਘ ਰਹੇ ਸਨ।

ਪਿੰਡ ਤੋਂ ਕਿਲੋਮੀਟਰ ਉਰਾਂਹ ਠਾਣੇਦਾਰ ਨੇ ਟਰੱਕ ਰੁਕਵਾ ਲਏ। ਲਾਲ ਪੱਗਾਂ ਵਾਲੇ ਟਿੱਡੀ-ਦਲ ਵਾਂਗ ਛਾਲਾਂ ਮਾਰ ਕੇ ਟਰੱਕਾਂ ਤੋਂ ਹੇਠਾਂ ਉਤਰ ਆਏ। ਹੌਲਦਾਰ ਨੂੰ ਕੋਲੇ ਬੁਲਾ ਕੇ ਠਾਣੇਦਾਰ ਨੇ ਸਿਪਾਹੀਆਂ ਨੂੰ ਸਖਤ ਹਦਾਇਤਾਂ ਚਾੜ੍ਹਨੀਆਂ ਸੁਰੂ ਕਰ ਦਿੱਤੀਆਂ।

-”ਜੁਆਨੋਂ…!” ਉਸ ਨੇ ਲੰਬਾ ਖੰਘੂਰਾ ਮਾਰ ਕੇ ਗਲਾ ਸਾਫ਼ ਕੀਤਾ ਅਤੇ ਮੁੜ ਸੁੱਕਾ ਜਿਹਾ ਥੁੱਕ ਥੁੱਕਿਆ।

-”ਕੋਸਿ਼ਸ਼ ਇਹ ਕਰਨੀ ਐਂ ਕਿ ਬਹੁਤੀ ਹਾਅਤ-ਹੂਅਤ ਨਾ ਕੀਤੀ ਜਾਵੇ-ਵਾਹ ਲੱਗਦੀ ਕੰਮ ਚੁੱਪ ਚਾਪ ਹੀ ਬੜੀ ਸੂਝ ਅਤੇ ਸਿਆਣਪ ਨਾਲ, ਬੜੀ ਤੇਜੀ ਨਾਲ ਨੇਪਰੇ ਚਾੜ੍ਹਿਆ ਜਾਵੇ-ਕੋਸਿ਼ਸ਼ ਕਰਨੀ ਐਂ ਕਿ ਗੋਲੀ ਨਾ ਚੱਲੇ-ਮੁਜ਼ਰਮ ਜਿਉਂਦਾ ਹੱਥ ਆਉਣਾ ਚਾਹੀਦਾ ਹੈ-ਮਰੇ ਅਤੇ ਭਗੌੜੇ ਦੋਸ਼ੀ ਸਾਡੇ ਕੱਖ ਪੱਲੇ ਨਹੀ ਪਾ ਸਕਦੇ-ਸੋ ਮੇਰੇ ਸ਼ੇਰ ਜੁਆਨੋਂ! ਸਮਝਾਏ ਨਕਸ਼ੇ ਮੁਤਾਬਿਕ ਸਾਰੇ ਘਰ ਨੂੰ ਘੇਰ ਲਵੋ-ਛੇ ਜੁਆਨ ਛੱਤ ਉਪਰ ਚੜ੍ਹਨਗੇ-ਅੰਡਰਸਟੈਂਡ….?”

-”ਜੀ ਹਜੂਰ!” ਸਾਂਝੀ ਅਵਾਜ਼ ਆਈ।

-”ਦੋਸ਼ੀ ਕਿਸੇ ਵੀ ਹਾਲਤ ਵਿਚ ਬਚ ਕੇ ਨਹੀਂ ਨਿਕਲਣ ਦੇਣਾ।”

-”ਜੀ ਹਜੂਰ!”

-”ਇਕ ਗੱਲ ਯਾਦ ਰੱਖਣਾ-ਇਸ ਮੁਜ਼ਰਮ ਦੇ ਅੰਦਰ ਸਾਡੀਆਂ ਤਰੱਕੀਆਂ ਅਤੇ ਸਟਾਰਾਂ ਦਾ ਖਜ਼ਾਨਾ ਦੱਬਿਆ ਹੋਇਆ ਹੈ-ਸੋ ਜੁਆਨੋਂ! ਮੁਜ਼ਰਮ ਹਰ ਹਾਲਤ ਵਿਚ ਜਿੰ਼ਦਾ ਹੱਥ ਆਉਣਾ ਚਾਹੀਦਾ ਹੈ।”

-”ਪਰ ਜਨਾਬ ਜੇ ਮੁਜਰਮ ਨੇ ਅੰਦਰੋਂ ਫਾਇਰਿੰਗ ਸੁਰੂ ਕਰ ਦਿੱਤੀ-ਅਸੀਂ ਕਿਹੜੀ ਮੋਰੀ ਨਿਕਲਾਂਗੇ?” ਹੌਲਦਾਰ ਨੇ ਅਗਾਊਂ ਸੁਚੇਤ ਹੁੰਦਿਆਂ ਪ੍ਰਸ਼ਨ ਕੀਤਾ।

-”ਮੈਨੂੰ ਪੱਕੀ ਆਸ ਹੈ ਕਿ ਮੁਜਰਮ ਗੋਲੀ ਨਹੀਂ ਚਲਾਏਗਾ-ਕਿਉਂਕਿ ਉਹ ਕੋਈ ਅੱਤਿਵਾਦੀ ਨਹੀ-ਇਕ ਸਧਾਰਨ ਕਿਸਾਨ ਹੈ-ਆਪਾਂ ਨੂੰ ਤਾਂ ਸਿਰਫ ਗਵਾਹੀ ਲਈ ਹੀ ਚਾਹੀਦਾ ਹੈ।”

-”ਪਰ ਸਰਕਾਰ! ਸਿਆਣੇ ਆਖਦੇ ਐ: ਮਰਨ ਮੂੰਹ ਆਇਆ ਬਾਘੜ ਬਿੱਲਾ ਆਖਰ ਰਗਾਂ ਨੂੰ ਚਿੰਬੜ ਜਾਂਦੈ!” ਹੌਲਦਾਰ ਅੰਦਰੋਂ ਪਰਾਲ੍ਹ ਹੋਇਆ ਪਿਆ ਸੀ। ਉਸ ਨੇ ਕਈ ਵਾਰ ਖਾੜਕੂ ਹੱਥ ਵੇਖਿਆ ਸੀ।

-”ਖ਼ੈਰ! ਜਰੂਰਤ ਪਈ ਤਾਂ ਗੋਲੀ ਜਰੂਰ ਚਲਾਓ-ਤਾਜ਼ੀਰਾਤ-ਏ-ਹਿੰਦ ਦੇ ਮੁਤਾਬਿਕ ਸਵੈ-ਰੱਖਿਆ ਲਈ ਫਾਇਰ-ਆਰਮ ਵਰਤਣਾ ਹਰ ਤਰ੍ਹਾਂ ਨਾਲ ਜਾਇਜ਼ ਹੈ-ਪਰ ਚਲਾਈ ਗਈ ਗੋਲੀ ਮੁਜਰਮ ਲਈ ਘਾਤਕ ਸਿੱਧ ਨਾ ਹੋਵੇ-ਇਹ ਮੇਰੀ ਸਖਤ ਤੋਂ ਸਖਤ ਹਦਾਇਤ ਹੈ!” ਠਾਣੇਦਾਰ ਨੇ ‘ਹਦਾਇਤ’ ‘ਤੇ ਕਾਫੀ ਜ਼ੋਰ ਦਿੱਤਾ ਸੀ।

-”ਜੀ ਜਨਾਬ!”

-”ਚਲੋ ਤੁਰੋ ਫਿਰ!”

ਸਾਰੇ ਟਰੱਕਾਂ ਵਿਚ ਬੈਠ ਗਏ।

ਸਾਢੇ ਤਿੰਨ ਹੋ ਚੁੱਕੇ ਸਨ।

ਗੁਰੂ-ਘਰ ਦੇ ਸਪੀਕਰ ‘ਚੋਂ ‘ਸਤਿਨਾਮ ਸ੍ਰੀ ਵਾਹਿਗੁਰੂ ਜੀ’ ਦੀਆਂ ਪਵਿੱਤਰ ਅਵਾਜਾਂ ਆਉਣੀਆਂ ਸੁਰੂ ਹੋ ਗਈਆਂ ਸਨ। ਟਰੱਕ ਆਪਣੀਆਂ ਮੰਜਿ਼ਲਾਂ ਮਾਰਦੇ ਚੜਿੱਕ ਪਿੰਡ ਦੀ ਜੂਹ ਵਿਚ ਦਾਖਲ ਹੋਣ ਹੀ ਵਾਲੇ ਸਨ।

ਜੂਨ 1984 ਦੇ ਸਾਕਾ ਨੀਲਾ ਤਾਰਾ ਤੋਂ ਬਾਅਦ ਪੰਜਾਬ ਪੁਲੀਸ ਅਤੇ ਸੀ ਆਰ ਪੀ ਇੱਕ ਤਰ੍ਹਾਂ ਨਾਲ ਨੌਜਵਾਨਾਂ ਦਾ ਸਿ਼ਕਾਰ ਖੇਡ ਰਹੀ ਸੀ। ਕੀ ਦੋਸ਼ੀ ਅਤੇ ਕੀ ਨਿਰਦੋਸ਼, ਬੇਕਸੂਰ ਮੁੰਡੇ ਵੱਖ

ਵੱਖ ਤਰੀਕਿਆਂ ਨਾਲ ਕੁੱਟ-ਕੁੱਟ ਕੇ ਉਮਰ ਭਰ ਲਈ ਨਿਕਾਰਾ ਕੀਤੇ ਜਾ ਰਹੇ ਸਨ। ਘੋਰ ਅਣ-ਮਨੁੱਖੀ ਤਸ਼ੱਦਦ ਹੁੰਦਾ ਸੀ। ਕੰਮ ਤਾਂ ਕਿਸੇ ਨੇ ਕੀ ਕਰ ਸਕਣਾ ਸੀ? ਤੁਰਨ ਦੇ ਕਾਬਲ ਵੀ ਨਹੀ ਰਹਿੰਦਾ ਸੀ। ਅੱਤਿਵਾਦੀ ਕਿੱਧਰੋਂ ਆਉਂਦੇ ਅਤੇ ਵਾਰਦਾਤ ਕਰ ਕੇ ਕਿੱਧਰ ਅਲੋਪ ਹੋ ਜਾਂਦੇ? ਇਕ ਗੁੰਝਲਦਾਰ ਸੁਆਲ ਸੀ। ਉਹ ਧਰਤੀ ਵਿਚ ਉਤਰ ਜਾਂਦੇ ਸਨ ਜਾਂ ਅਸਮਾਨ ਚੜ੍ਹ ਜਾਂਦੇ ਸਨ? ਇਹ ਪਤਾ ਨਹੀ ਲੱਗਦਾ ਸੀ। ਅਗਲੇ ਦਿਨ ਮੋਟੀ ਅਖਬਾਰੀ ਸੁਰਖੀ ਹੀ ਦੱਸਦੀ ਸੀ ਕਿ ਸਬੰਧਿਤ ਵਾਰਦਾਤ ਕਿਹੜੀ ਜੱਥੇਬੰਦੀ ਵੱਲੋਂ ਕੀਤੀ ਗਈ ਸੀ। ਪਰ ਪੁਲੀਸ ਵੱਲੋਂ ਕਾਗਜ਼ੀ ਕਾਰਵਾਈ ਪੂਰੀ ਕਰਨ ਲਈ ਛਾਪਾ ਮਾਰ ਕੇ ਕੋਈ ਕਾਲਜੀਏਟ ਘਰੋਂ ਸੁੱਤਾ ਪਿਆ ਹੀ ਉਠਾਲ ਲਿਆ ਜਾਂਦਾ ਅਤੇ ਇੰਟੈਰੋਗੇਟ ਕਰ ਕੇ ਸੱਚੇ ਝੂਠੇ ਕੇਸ ਪਾ ਕੇ ਜੇਲ੍ਹ ਤੋਰ ਦਿੱਤਾ ਜਾਂਦਾ। ਹਾਂ, ਅਗਰ ਕਿਸੇ ਮੁੰਡੇ ਦਾ ਬਾਪ ਲੱਖ ਦੋ ਲੱਖ ਰੁਪਏ ਸਬੰਧਿਤ ਅਫਸਰ ਨੂੰ ‘ਮੱਥਾ ਟੇਕਣ’ ਦੇ ਯੋਗ ਹੁੰਦਾ ਤਾਂ ਮੁੰਡੇ ਦਾ ਬਚਾਅ ਹੋ ਜਾਂਦਾ। ਪੁਲੀਸ ਦੀਆਂ ਇਹਨਾਂ ਵਧੀਕੀਆਂ ਤੋਂ ਡਰਦੇ ਮੁੰਡੇ ਬੜੀ ਤੇਜ਼ੀ ਨਾਲ ਖਾੜਕੂ ਸਫਾ ਵਿਚ ਰਲ, ਮੈਦਾਨ ਵਿਚ ਨਿੱਤਰ ਰਹੇ ਸਨ। ਕਈ ਜ਼ਾਲਮ ਪੁਲੀਸ ਅਫਸਰ ਤਾਂ ਗਿਣਤੀ ਦੇ ਦਿਨਾਂ ਵਿਚ ਹੀ ਗੋਲੀਆਂ ਨਾਲ ਭੁੰਨੇ ਵੀ ਜਾ ਚੁੱਕੇ ਸਨ। ਇਸ ਲਈ ਪੁਲੀਸ ਨੂੰ ਖੁੱਲ੍ਹੇ ਡੁੱਲ੍ਹੇ ਅਧਿਕਾਰ ਵੀ ਦਿੱਤੇ ਜਾ ਚੁੱਕੇ ਸਨ। ਲੁੱਟੋ ਤੇ ਮਾਰੋ! ਬੁਲਿਟ ਫਾਰ ਬੁਲਿਟ!! ਕਈ ਪੁਲਸ ਅਫਸਰਾਂ ਨੇ ਇਹਨਾਂ ਖੁੱਲ੍ਹੇ ਅਧਿਕਾਰਾਂ ਦਾ ਰੱਜ ਕੇ ਫਾਇਦਾ ਵੀ ਉਠਾਇਆ ਸੀ।

ਤਰੱਕੀਆਂ ਦੇ ਨਾਲ ਨਾਲ ਕੋਠੀਆਂ, ਕਾਰਾਂ ਅਤੇ ਬੈਂਕ-ਬੈਲੈਂਸ ਅਸਮਾਨ ਜਾ ਲੱਗੇ ਸਨ! ਭਾਈ-ਭਤੀਜਾਵਾਦ ਪੁਲੀਸ ਵਿਚ ਲਿਆ ਘਸੋੜਿਆ ਸੀ। ਧੀਆਂ-ਪੁੱਤ ਬੜੀ ਸ਼ਾਨ ਨਾਲ, ਸ਼ਾਹੀ ਠਾਠ ਵਿਚ ਰਹਿ ਰਹੇ ਸਨ। ਗੱਲ ਕੀ? ਅੱਤਿਵਾਦ ਦਾ ਸੁਨਿਹਰੀ ਮੋਰ ਪੁਲੀਸ ਅਫਸਰਾਂ ਨੂੰ ਬੜੇ ਚੰਗੇ ਭਾਗੀਂ ਮਿਲਿਆ ਸੀ, ਜਿਸ ਦੀ ਹਰ ਕਿਸੇ ਪੁਲੀਸ ਅਫਸਰ ਨੇ ਬੜੇ ਜੋਰ ਸ਼ੋਰ ਨਾਲ ‘ਪੈਹਲ’ ਪੁਆਈ ਸੀ। ਕੋਈ ਟਾਂਵਾਂ ਟਾਂਵਾਂ ਪੁਲੀਸ ਅਫਸਰ ਹੀ ਬੇਦਾਗ਼ ਸੀ।

ਸਵੇਰ ਦੇ ਪੌਣੇ ਕੁ ਚਾਰ ਵਜੇ ਟਰੱਕਾਂ ਨੇ ਬਲੀ ਸਿੰਘ ਦੇ ਘਰ ਨੂੰ ਘੇਰਾ ਪਾ ਲਿਆ! ਸਕੀਮ ਅਨੁਸਾਰ ਦਰਵਾਜੇ ਵੱਲ ਖੜ੍ਹੇ ਸਿਪਾਹੀਆਂ ਨੇ ਬਾਹਰਲੀ ਅਰਲ ਲਾ ਦਿੱਤੀ। ਟਰੱਕ ਵਿੱਚੋਂ ਪੌੜੀ ਕੱਢ ਕੇ ਲਾਈ। ਛੇ ਸਿਪਾਹੀ ਕੰਧਾਂ ਰਾਹੀਂ ਛੱਤ ਉਪਰ ਚੜ੍ਹ ਗਏ ਅਤੇ ਅੱਠ ਵਿਹੜੇ ਵਿਚ ਜਾ ਉਤਰੇ।

ਇਕ ਸਿਪਾਹੀ ਨੇ ਬੈਟਰੀ ਦੇ ਚਾਨਣ ਆਸਰੇ ਵਿਹੜੇ ਵਾਲੀ ਬੱਤੀ ਬਾਲ ਲਈ। ਵਿਹੜਾ ਚਾਨਣ ਨਾਲ ਭਰ ਗਿਆ। ਸਾਰੇ ਪ੍ਰੀਵਾਰ ਦੇ ਜੀਅ ਉੱਭੜਵਾਹਿਆਂ ਵਾਂਗ ਉੱਠੇ। ਪੁਲੀਸ ਨਾਲ ਵਿਹੜਾ ਭਰਿਆ ਪਿਆ ਸੀ। ਅਚਾਨਕ ਪਈ ਬਿੱਜ ‘ਤੇ ਉਹ ਘੋਰ ਹੈਰਾਨ ਸਨ ਅਤੇ ਡਰ ਨਾਲ ਸਰੀਰ ਜਰਖ਼ਲੇ ਗਏ ਸਨ।

ਬਲੀ ਸਿੰਘ ਹੱਥ ਜੋੜੀ ਬੜੀ ਨਿਮਰਤਾ ਨਾਲ ਪੇਸ਼ ਹੋਇਆ। ਗਲ ਵਿਚ ਉਸ ਨੇ ਪਰਨਾਂ ਪਾ ਰੱਖਿਆ ਸੀ।

-”ਕੋਈ ਸੇਵਾ ਮਾਈ ਬਾਪ?”

-”ਦੱਸਦੇ ਐਂ-ਗੁਰਮੀਤ!!”

-”ਹਾਂ ਜੀ?”

-”ਬਾਹਰੋਂ ਸਰਦਾਰ ਨੂੰ ਬੁਲਾ!”

ਸਿਪਾਹੀ ਨੇ ਅੰਦਰੋਂ ਅਰਲ ਲਾਹ ਕੇ ਦਰਵਾਜੇ ‘ਤੇ ਦਸਤਕ ਦਿੱਤੀ। ਬਾਹਰੋਂ ਵੀ ਦਰਵਾਜਾ ਖੁੱਲ੍ਹ ਗਿਆ।

ਮੂੰਹ ‘ਤੇ ਮਫ਼ਲਰ ਲਪੇਟੀ, ਹੱਥਾਂ ਦੇ ਦਸਤਾਨੇ ਉਤਾਰਦਾ ਸਰਦਾਰ ਅੰਦਰ ਆਇਆ। ਬਲੀ ਸਿੰਘ ਉਸੀ ਤਰ੍ਹਾਂ ਹੀ ਹੱਥ ਜੋੜੀ, ਅਜ਼ੀਜ਼ ਬਣਿਆਂ ਖੜ੍ਹਾ ਸੀ। ਉਸ ਦਾ ਸਾਰਾ ਸਰੀਰ ਬੁਰੀ ਤਰ੍ਹਾਂ ਕੰਬੀ ਜਾ ਰਿਹਾ ਸੀ।

-”ਕੀ ਨਾਂ ਐਂ ਬਾਬਾ ਤੇਰਾ….?” ਠਾਣੇਦਾਰ ਨੇ ਸਿੱਧਾ ਸੁਆਲ ਬਲੀ ਸਿੰਘ ਦੇ ਮੱਥੇ ਵਿਚ ਮਾਰਿਆ।

-”ਜੀ ਬਲੀ ਸਿੰਘ।”

-”ਪਿਤਾ ਦਾ ਨਾਂ…?”

-”ਜੀ ਸਰਦਾਰ ਬਲਕਾਰ ਸਿੰਘ।”

-”ਸਾਲਾ ਸਾਰਾ ਕੋੜਮਾਂ ਈ ਯੋਧਿਆਂ ਦੈ?” ਵਿਚੋਂ ਹੌਲਦਾਰ ਨੇ ਟਾਂਚ ਕੀਤੀ।

ਸਾਰੇ ਸਿਪਾਹੀ ਹੱਸ ਪਏ।

-”ਜੁਆਨ! ਬੋਲਣਾ ਨਹੀ-ਕੰਮ ਦੀ ਗੱਲ ਕਰਨ ਦਿਓ-ਹਾਂ ਬਾਬਾ! ਤੇਰਾ ਮੁੰਡਾ ਰਣਜੋਧ ਕਿੱਥੇ ਐ?” ਠਾਣੇਦਾਰ ਨੇ ਪੁਲਸੀਆਂ ਨੂੰ ਦਬਕਦਿਆਂ ਆਖਿਆ।

-”ਮਾਈ ਬਾਪ ਅੰਦਰ ਪਿਐ ਪਿਛਲੇ।”

-”ਬੁਲਾ ਉਹਨੂੰ…!”

-”ਮਾਪਿਓ ਉਹਦਾ ਦੋਸ਼?” ਬਲੀ ਸਿੰਘ ਦੇ ਜੋੜੇ ਹੱਥ ਕੰਬ ਰਹੇ ਸਨ। ਇਕਲੌਤੇ ਜੁਆਨ ਪੁੱਤਰ ਦੀ ਪੂੰਜੀ ਉਸ ਨੂੰ ਖੁਰਦੀ ਪ੍ਰਤੀਤ ਹੋ ਰਹੀ ਸੀ। ਪੁਲੀਸ ਹੱਥ ਚੜ੍ਹਿਆ ਜੁਆਨ ਮੁੰਡਾ ਜੇ ਬਚ ਵੀ ਗਿਆ ਤਾਂ ਕੰਮ ਜੋਗਾ ਨਹੀਂ ਛੱਡਦੇ। ਉਹ ਪੁਲੀਸ ਦੇ ਕਸਾਖਾਨੇ ਤੋਂ ਭਲੀ ਭਾਂਤ ਜਾਣੂੰ ਸੀ। ਇਹਨਾਂ ਬੁੱਚੜਾਂ ਦਾ ਕੀ ਐ? ਮਾਰ ਕੇ ਮੁਕਾਬਲਾ ਦਿਖਾ ਦੇਣਗੇ! ਉਹ ਜੱਕੋ-ਤੱਕੀ ਵਿਚ ਖੜ੍ਹਾ ਸੀ।

-”ਦੋਸ਼ ਵੀ ਦੱਸ ਦਿਆਂਗੇ-ਉਹਨੂੰ ਬਾਹਰ ਤਾਂ ਲਿਆ!” ਹੌਲਦਾਰ ਨੇ ਹੁਕਮੀਆ ਕਿਹਾ।

-”ਮਾਪਿਓ ਕਦੇ ਬਲਦ ਦੇ ਸੋਟੀ ਨਹੀ ਲਾਈ-ਸਹੁੰ ਢਾਂਡੀ ਦੀ ਜਮਾਂ ਈ ਗਊ ਐ।” ਬਲੀ ਸਿੰਘ ਨੇ ਸਫਾਈ ਦਿੱਤੀ।

-”ਅਸੀਂ ਕਦੋਂ ਕਹਿੰਨੇ ਐਂ ਬਈ ਨਹੀ ਗਊ? ਉਹਨੂੰ ਬਾਬਾ ਸਾਡੇ ਮੱਥੇ ਤਾਂ ਲਾ…।”

-”ਕੀ ਗੱਲ ਐ?” ਹਰਾਸਾਂ ਦੀ ਮਾਰੀ ਰਣਜੋਧ ਦੀ ਬੇਬੇ ਕਿਰਪਾਲ ਕੌਰ ਅੱਗੇ ਆ ਗਈ।

-”ਆਪਣੇ ਰਣਜੋਧ ਬਾਰੇ ਪੁੱਛਦੇ ਐ।”

-”ਵੇ ਜਿਉਣ ਜੋਕਰਿਆ-ਕੀ ਦੋਸ਼ ਐ ਮੇਰੇ ਪੁੱਤ ‘ਤੇ?” ਮਾਂ ਨੇ ਠਾਣੇਦਾਰ ਨੂੰ ਪੁੱਛਿਆ।

-”ਮਾਤਾ ਦੱਸ ਦਿੰਨੇ ਐਂ-ਉਹਨੂੰ ਬਾਹਰ ਤਾਂ ਲਿਆ!”

-”ਲਿਆ ਤਾਂ ਪੁੱਤ ਜਿਉਣ ਜੋਕਰਿਆ ਦਿੰਨੇ ਐਂ-ਥੋਡੇ ਮੂਹਰੇ ਕਿਹੜਾ ਕੋਈ ਜੋਰ ਐ-ਪਰ ਸ਼ੇਰਾ ਉਹਨੇ ਵਿਚਾਰੇ ਨੇ ਕਸੂਰ ਕੋਈ ਨਹੀ ਕੀਤਾ-ਹਾੜ੍ਹੇ ਮੇਰਾ ਸ਼ੇਰ!”

-”ਮਾਈ ਮੈ ਕਦੋਂ ਕਹਿੰਨੈ ਬਈ ਕੋਈ ਕਸੂਰ ਕੀਤੈ?”

-”ਚਾਹ ਧਰਾਵਾਂ ਹਜੂਰ?” ਬਲੀ ਸਿੰਘ ਨੇ ਵਿਚੋਂ ਗੱਲ ਕੱਟ ਕੇ ਪੁੱਛਿਆ।

-”ਚਾਹ ਦੀ ਲੋੜ ਨਹੀਂ-ਬੰਦਾ ਹਾਜਰ ਕਰੋ!” ਹੌਲਦਾਰ ਨੇ ਹੱਥ ਕੁ ਦਾ ਡੰਡਾ ਨਲਕੇ ਨਾਲ ਠ੍ਹੋਕਰਿਆ। ਉਸ ਦੇ ਪਿੱਛੇ ਸਿਪਾਹੀ ਬੰਦੂਕਾਂ ਕਸੀ ਤਿਆਰ-ਬਰ-ਤਿਆਰ ਖੜ੍ਹੇ ਸਨ।

-”ਜਾਹ ਕੀਅਤੀ ਦੇ ਬਾਪੂ ਬੁਲਾ ਦੇ ਉਹਨੂੰ-ਪਰ ਜਿਉਣ ਜੋਕਰਿਆ ਦੁਹਾਈ ਐ ਰਾਮ ਦੀ-ਦੇਖੀਂ ਕਿਤੇ ਬੇਕਸੂਰ ਨੂੰ ਕਿਸੇ ਕੇਸ ‘ਚ ਵਲ ਧਰੇਂ-ਤੇਰੇ ਮੇਰੇ ਸੰਨ੍ਹ ਰੱਬ ਐ!”

-”ਮਾਈ ਫਿ਼ਕਰ ਕਿਉਂ ਕਰਦੀ ਐਂ?”

ਬਲੀ ਸਿੰਘ ਰਣਜੋਧ ਨੂੰ ਜਗਾਉਣ ਤੁਰ ਗਿਆ। ਉਹ ਪਿਛਲੀ ਸਵਾਤ ਵਿਚ ਘਰਵਾਲੀ ਕੋਲ ਸੁੱਤਾ ਹੋਇਆ ਸੀ। ਉਸ ਦੇ ਵਿਆਹ ਹੋਏ ਨੂੰ ਅਜੇ ਡੇੜ੍ਹ ਕੁ ਮਹੀਨਾ ਹੀ ਹੋਇਆ ਸੀ। ਸਧਰਾਂ ਦੇ ਫੁੱਲ ਜੁਆਨ ਖੇੜੇ ਵਿਚ ਸਨ।

-”ਜੋਧ….! ਉਏ ਜੋਧ….!!” ਬਾਪੂ ਨੇ ਕਈ ਵਾਰ ਪਾਗਲਾਂ ਵਾਂਗ ਦਰਵਾਜੇ ਨੂੰ ਖੜਕਾਇਆ।

-”ਕੀ ਐ ਬਾਪੂ?” ਕਾਫੀ ਦੇਰ ਬਾਅਦ ਅੰਦਰੋਂ ਅਵਾਜ਼ ਆਈ।

-”ਬਾਹਰ ਆ ਪੁੱਤ-ਸ਼ੇਰ ਬੱਗਿਆ….!” ਬਲੀ ਸਿੰਘ ਦੀ ਅਵਾਜ਼ ਵਿਚ ਹੰਝੂ ਬੋਲੇ ਅਤੇ ਗਲਾ ਘਗਿਆ ਗਿਆ। ਉਹ ਸੋਚ ਰਿਹਾ ਸੀ ਕਿ ਫਿਰ ਪਤਾ ਨਹੀ ਜੁਆਨ ਪੁੱਤ ਨੂੰ ਜਗਾਉਣ ਦਾ ਮੌਕਾ ਮਿਲੇ ਜਾਂ ਨਾ ਮਿਲੇ। ਅੰਦਰੋਂ ਕੱਟੀਦਾ ਵੱਢੀਦਾ ਉਹ ‘ਵਾਹਿਗੁਰੂ-ਵਾਹਿਗੁਰੂ’ ਜਪੀ ਜਾ ਰਿਹਾ ਸੀ। ਉਸ ਦੀ ਰੂਹ ਕਤਲ ਹੁੰਦੀ ਜਾ ਰਹੀ ਸੀ। ਅੰਦਰਲੀ ਆਤਮਾ ਲਹੂ-ਲੁਹਾਣ ਸੀ।

-”ਕੀ ਗੱਲ ਐ ਬਾਪੂ?” ਘਬਰਾਏ ਮੁੰਡੇ ਨੇ ਬਾਪੂ ਦਾ ਚਿਹਰਾ ਨਿਹਾਰਦਿਆਂ ਪੁੱਛਿਆ।

-”ਖਸਮਾਂ ਨੂੰ ਖਾਣੀ ਪੁਲਸ ਆਈ ਐ-ਤੇਰੇ ਬਾਰੇ ਪੁੱਛਦੀ ਐ-ਮੈਨੂੰ ਉੱਦੇਂ ਆਲੀ ਗੱਲ ਦਾ ਖਤਰੈ ਸ਼ੇਰਾ-ਭੋਰਾ ਝੂਠ ਨਾਂ ਬੋਲੀਂ-ਸੱਚੋ ਸੱਚ ਦੱਸ ਦੇਈਂ ਮੇਰਾ ਪੁੱਤ ਬਣਕੇ-ਸਮਾਂ ਬਹੁਤ ਈ ਮਾੜਾ ਆ ਗਿਆ ਡੱਡੀਏ-ਗੁਰੂ ਭਲੀ ਕਰੇ-ਡੋਲੀਂ ਨਾਂ ਪੁੱਤਰਾ-’ਕੱਲੀ ‘ਕੱਲੀ ਗੱਲ ਨਿਖਾਰ ਕੇ ਦੱਸ ਦੇਈਂ-ਗੁਰੂ ‘ਤੇ ਭਰੋਸਾ ਰੱਖ ਕੇ।”

।।।।।।।। ਬਾਪੂ ਦੀਆਂ ਗੱਲਾਂ ਸੁਣ ਕੇ ਰਣਜੋਧ ਬਰਫ਼ ਵਿਚ ਲੱਗਦਾ ਜਾ ਰਿਹਾ ਸੀ। ਉਸ ਦੇ ਪਿੱਛੇ ਖੜ੍ਹੀ ਉਸ ਦੀ ਸੱਜ ਵਿਆਹੀ ਘਰਵਾਲੀ ਦਵਿੰਦਰ ਕੰਬੀ ਜਾ ਰਹੀ ਸੀ। ਕੋਈ ਗ਼ੈਬੀ ਡਰ ਉਸ ਦਾ ਦਿਲ ਵਲੂੰਧਰੀ ਜਾ ਰਿਹਾ ਸੀ। ਡਾਢਿਆ ਰੱਬਾ! ਹਾੜ੍ਹੇ ਖ਼ੈਰ ਕਰੀਂ! ਬੁੱਤ ਬਣੀ ਕੁੜੀ ਰੱਬ ਅੱਗੇ ਨੱਕ ਰਗੜ ਰਹੀ ਸੀ। ਸੁਹਾਗ ਦੀ ਸੁੱਖ ਮੰਗ ਰਹੀ ਸੀ।

-”ਚੱਲ ਜੁੱਤੀ ਪਾ-ਤੁਰ ਮੇਰਾ ਸ਼ੇਰ-ਡਰੀਂ ਡੋਲੀਂ ਨਾਂ-ਮੈਂ ਤੇਰੇ ਪਿੱਛੇ ਦਿੱਲੀ ਦੱਖਣੋਂ ਬੰਦੇ ਢੋਹ ਦਿਊਂ-ਪੈਸਾ ਬਰੋਬਰ ਤੋਲ ਦਿਊਂ-ਨਾਲੇ ਤੇਰੇ ਬਿਨਾਂ ਮੇਰਾ ਹੈ ਵੀ ਕੌਣ ਕਮਲਿਆ?” ਬਾਪੂ ਅੰਦਰੋਂ ਥਿੜਕਿਆ ਮੁੰਡੇ ਨੂੰ ਫੋਕਾ ਧਰਵਾਸ ਦੇਈ ਜਾ ਰਿਹਾ ਸੀ।

-”ਲਿਆ ਕੁੜ੍ਹੇ ਦਵਿੰਦਰੇ ਜੁੱਤੀ ਅੰਦਰੋਂ ਜੋਧ ਸਿਉਂ ਦੀ।” ਬਲੀ ਸਿੰਘ ਨੇ ਨੂੰਹ ਨੂੰ ਕਿਹਾ। ਉਹ ਨੂੰਹ ਦਾ ਦਿਲੀ ਦਰਦ ਬੜੀ ਚੰਗੀ ਤਰ੍ਹਾਂ ਪਹਿਚਾਣਦਾ ਸੀ।

ਨੂੰਹ ਅੰਦਰੋਂ ਜੁੱਤੀ ਲੈਣ ਚਲੀ ਗਈ।

-”ਇਕ ਗੱਲ ਸ਼ੇਰਾ ਮੇਰੀ ਯਾਦ ਰੱਖੀਂ-ਜਿੰਨਾਂ ਥਿੜਕੇਂਗਾ-ਉਨੇ ਈ ਇਹ ਕੰਜਰ ਸਿਰ ਹੋਣਗੇ-ਧਿਜਣਾਂ ਇਹਨਾਂ ‘ਤੇ ਬਿਲਕੁਲ ਨਹੀਂ-ਪੁਲਸ ਪੁੱਤ ਕਿਸੇ ਦੀ ਮਿੱਤ ਨਹੀਂ ਹੁੰਦੀ-ਗਾਲ੍ਹ ਦੁੱਪੜ ਇਹਨਾਂ ਦਾ ਪਹਿਲਾ ਕਰਮ ਐਂ-ਜਦੋਂ ਇਹ ਮੂਲੋਂ ਜਿਆਦਾ ਮਿੱਠੇ ਹੋਣ ਉਦੋਂ ਇਹ ਬਹੁਤੇ ਖਤਰਨਾਕ ਸਾਬਤ ਹੁੰਦੇ ਐ।” ਪੁਲੀਸਾਂ ਵਿਚ ਹੰਢਿਆ ਬਾਪੂ ਮੁੰਡੇ ਨੂੰ ਤਰ੍ਹਾਂ ਤਰ੍ਹਾਂ ਦੇ ਸਬਕ ਦੇ ਰਿਹਾ ਸੀ। ਦਵਿੰਦਰ ਜੁੱਤੀ ਲੈ ਕੇ ਆ ਗਈ। ਪਤੀ ਨੂੰ ਉਹ ਕੁਝ ਕਹਿਣਾ ਚਾਹੁੰਦੀ ਵੀ ਕਹਿ ਨਾ ਸਕੀ। ਦਿਲ ਦੀਆਂ ਦਿਲ ਵਿਚ ਹੀ ਰਹਿ ਗਈਆਂ ਸਨ। ਉਹ ਹੌਕਾ ਭਰ ਕੇ ਹੀ ਚੁੱਪ ਕਰ ਗਈ। ਕੋਈ ਗੱਲ ਉਸ ਦੇ ਅੰਦਰ ਰਿੱਝ ਰਹੀ ਸੀ।

ਜੁੱਤੀ ਪੁਆ ਕੇ ਬਲੀ ਸਿੰਘ ਨੇ ਪੁੱਤ ਨੂੰ ਠਾਣੇਦਾਰ ਸਾਹਮਣੇ ਪੇਸ਼ ਕਰ ਦਿੱਤਾ। ਠਾਣੇਦਾਰ ਨੇ ਉਸ ਨੂੰ, ਕਿਸਾਈ ਦੇ ਬੱਕਰੇ ਨੂੰ ਪੂਛੋਂ ਫੜ ਕੇ ਤੋਲਣ ਵਾਂਗ, ਅੱਖਾਂ ਰਾਹੀ ਹੀ ਤੋਲਿਆ!

-”ਸਾਸਰੀਕਾਲ ਜੀ!” ਰਣਜੋਧ ਸਿੰਘ ਨੇ ਕਿਹਾ।

-”ਸਾਸਰੀਕਾਲ-ਸੁਣਾ ਬਈ ਰਣਜੋਧ ਸਿਆਂ ਕੀ ਹਾਲ ਐ ਤੇਰਾ?” ਠਾਣੇਦਾਰ ਨੇ ਮੁੰਡੇ ਦੇ ਮੋਢੇ ‘ਤੇ ਕਈ ਵਾਰ ਹੱਥ ਮਾਰ ਕੇ ਪੁੱਛਿਆ।

-”ਠੀਕ ਐ ਜੀ।”

-”ਚੱਲ ਅੰਦਰ ਚੱਲੀਏ-ਬਲੀ ਸਿਆਂ ਚਾਹ ਧਰਾ!” ਠਾਣੇਦਾਰ ਨੇ ਹੁਕਮ ਦਾ ਮਰੋੜਾ ਚਾੜ੍ਹਿਆ।

-”ਜੀ ਹਜੂਰ।”

-”ਖਿਆਲ ਰੱਖੀਂ-ਚਾਹ ਪੀਣ ਆਲੇ ਬੰਦੇ ਬਾਈ ਐ ਤੇ ਦੋ ਡਰਾਈਵਰ ਐ।”

-”ਬੇਫਿਕਰ ਰਹੋ ਮਾਈ ਬਾਪ।”

ਚਾਰ ਸਿਪਾਹੀ, ਹੌਲਦਾਰ ਸਮੇਤ ਉਹ ਸਾਰੇ ਅੰਦਰ ਚਲੇ ਗਏ। ਬਲੀ ਸਿੰਘ ਨੇ ਆਪਣੀ ਧੀ ਗੁਰਕੀਰਤ ਅਤੇ ਨੂੰਹ ਦਵਿੰਦਰ ਨੂੰ ਚਾਹ ਬਣਾਉਣ ਲਾ ਦਿੱਤਾ। ਸਾਰਿਆਂ ਦੇ ਦਿਲਾਂ ਅੰਦਰ ਝੱਖੜ ਝੁੱਲ ਰਹੇ ਸਨ। ਪਰ ਠਾਣੇਦਾਰ ਦੇ ਨਰਮ ਵਰਤਾਓ ਕਾਰਨ ਉਹਨਾਂ ਦੇ ਦਿਲ ਕੁਝ ਕੁ ਥਾਵੇਂ ਸਨ।

-”ਦੇਖ ਬਈ ਰਣਜੋਧ ਸਿਆਂ-ਮੇਰਾ ਨਾਂ ਹੈ ਗੁਰਪ੍ਰੀਤ ਸਿੰਘ ਗਰੇਵਾਲ-ਮੇਰਾ ਤਾਂ ਸਿੱਧਾ ਈ ਸਿਧਾਂਤ ਐ-ਸਿੱਧੇ ਨਾਲ ਨਰਮੀ ਤੇ ਵਲ-ਫ਼ੇਰ ਨਾਲ ਕਿਸਾਈ-ਇਹ ਤੇਰੀ ਮਰਜ਼ੀ ਐ ਬਈ ਤੂੰ ਮੈਨੂੰ ਬੁੱਚੜ ਬਣਾਉਣੈ ਕਿ….?” ਜਾਣ ਕੇ ਠਾਣੇਦਾਰ ਨੇ ਗੱਲ ਅਧੂਰੀ ਛੱਡ ਦਿੱਤੀ। ਕਟਾਰ ਨਜ਼ਰਾਂ ਉਸ ਨੇ ਮੁੰਡੇ ਦੇ ਮੂੰਹ ‘ਤੇ ਗੱਡ ਰੱਖੀਆਂ ਸਨ। ਸੱਚ ਝੂਠ ਨੂੰ ਉਸ ਦਾ ਅਫ਼ਸਰ ਦਿਮਾਗ ਫੱਟ ਪਹਿਚਾਣਦਾ ਸੀ।

-”ਜੀ ਤੁਸੀਂ ਕੁਛ ਪੁੱਛੋ ਤਾਂ ਸਹੀ।” ਮੁੰਡਾ ਇਕ ਤਰ੍ਹਾਂ ਨਾਲ ਉਸ ਅੱਗੇ ਵਿਛ ਗਿਆ ਸੀ।

-”ਤਾਂ ਫੇਰ ਇਹ ਦੱਸ-ਬਈ ਪਿਛਲੇ ਹਫਤੇ ਜਿਹੜੇ ਬੰਦੇ ਤੇਰੇ ਕੋਲੋਂ ਮੋਟਰ ਤੇ ਰੋਟੀ ਖਾ ਕੇ ਗਏ ਐ-ਉਹ ਕੌਣ ਸੀ? ਤੇ ਕੀ ਕੀ ਉਹਨਾਂ ਦੇ ਨਾਂ ਸੀ? ‘ਤੇ ਕਿੱਥੋਂ ਦੇ ਉਹ ਰਹਿਣ ਵਾਲੇ ਸੀ?” ਠਾਣੇਦਾਰ ਨੇ ਇਕੋ ਸਾਹ ਕਈ ਸੁਆਲਾਂ ਦੇ ਤੀਰ ਮੁੰਡੇ ‘ਤੇ ਦਾਗ਼ ਦਿੱਤੇ।

-”ਸਰਦਾਰ ਜੀ- ਰੋਟੀ ਉਹ ਮੇਰੇ ਕੋਲੋਂ ਜਰੂਰ ਖਾ ਕੇ ਗਏ ਐ-ਭੋਰਾ ਝੂਠ ਨਹੀ-ਪਰ ਮਾਲਕੋ ਮੈਨੂੰ ਕਿਸੇ ਦੇ ਨਾਂ ਦਾ ਨਹੀਂ ਪਤਾ-ਤੇ ਨਾ ਈ ਪਤੈ ਪਿੰਡ ਦਾ।”

-”ਇਹ ਪਤੈ ਬਈ ਕਿਹੜੀ ਜੱਥੇਬੰਦੀ ਨਾਲ ਉਹ ਸਬੰਧਿਤ ਸੀ?”

-”ਮਾਲਕੋ ਇਹ ਵੀ ਨਹੀਂ ਪਤਾ।”

-”ਐਨਾਂ ਚਿਰ ਉਹ ਤੇਰੇ ਕੋਲੇ ਮੋਟਰ ‘ਤੇ ਰਹੇ-ਤੇ ਤੂੰ ਕੁਛ ਵੀ ਨਹੀ ਸੁਣਿਆਂ?” ਠਾਣੇਦਾਰ ਹੈਰਾਨ ਸੀ।

-”ਜਨਾਬ ਘੰਟਾ ਤਾਂ ਮੈਨੂੰ ਰੋਟੀ ਲਿਜਾਣ ‘ਤੇ ਈ ਲੱਗ ਗਿਆ।”

-”ਤੇ ਬਾਕੀ ਚਿਰ?”

-”ਤੇ ਬਾਕੀ ਮਾਲਕੋ-।”

-”ਹਾਂ-ਹਾਂ ਬੋਲ?”

-”ਮੈ ਪਿੰਡ ਪੁੱਛਿਆ ਵੀ ਸੀ ਜੀ-ਬੱਸ ਕਲੋਟੇ ਜਿਹੇ ਉੱਤਰ ਦਿੰਦੇ ਰਹੇ-ਕਹਿੰਦੇ ਗੁਰੂਆਂ ਦੀ ਧਰਤੀ, ਪੰਜਾਬ ਦੇ ਗਲੋਂ ਗੁਲਾਮੀ ਦਾ ਜੂਲਾ ਲਾਹੁਣੈ-ਅਸੀਂ ਐਮੇਂ ਨਹੀ ਠਰੀਆਂ ਰਾਤਾਂ ‘ਚ ਸੱਪਾਂ ਦੀਆਂ ਸਿਰੀਆਂ ਮਿੱਧਦੇ ਫਿਰਦੇ-ਤੇ ਜਦੋਂ ਜੀ ਮੈ ਪਿੰਡ ਬਾਰੇ ਪੁੱਛਿਆ ਤਾਂ ਇਕ ਕਹਿੰਦਾ ਸਾਰੇ ਪੰਜਾਬ ਦੇ ਪਿੰਡ ਈ ਸਾਡੇ ਆਪਣੇ ਐਂ-’ਤੇ ਜੇ ਸੋਚੀਏ ਤਾਂ ਸਾਡਾ ਪਿੰਡ ਈ ਕੋਈ ਨਹੀਂ-ਬੱਸ ਜੀ ਐਹੋ ਜਿਹੇ ਅਣਘੜਤ ਜਿਹੇ ਜਵਾਬ ਦਿੰਦੇ ਰਹੇ।”

-”ਹੂੰਅ….! ਸਾਲੇ ਲੰਡੇ ਸਾਰੇ ਪੰਜਾਬ ਦੇ! ਪਿਉ ਦਾ ਨਾ ਸਕੇ ਦਾ ਇਹਨਾਂ ਦਾ ਸਾਰਾ ਪੰਜਾਬ-!” ਠਾਣੇਦਾਰ ਨੇ ਫ਼ੁੰਕਾਰਾ ਮਾਰਿਆ।

ਬਲੀ ਸਿੰਘ ਕੁੜੀ ਦੇ ਆਵਾਜ਼ ਦੇਣ ‘ਤੇ ਚਾਹ ਲੈ ਆਇਆ। ਦੋ ਸਿਪਾਹੀਆਂ ਨੂੰ ਠਾਣੇਦਾਰ ਨੇ ਚਾਹ ਵਰਤਾਉਣ ਲਈ ਤੋਰ ਦਿੱਤਾ।

ਚਾਹ ਪੀਂਦਾ ਠਾਣੇਦਾਰ ਕਾਫੀ ਦੇਰ ਗੰਭੀਰ ਹੋਇਆ ਕੁਝ ਸੋਚਦਾ ਰਿਹਾ। ਬਾਹਰੋਂ ਰਸੋਈ ਵਿੱਚੋਂ ਸਿਪਾਹੀ ਗਿਲਾਸ ਭਰ-ਭਰ ਕੇ ਬਾਕੀ ਸਿਪਾਹੀਆਂ ਨੂੰ ਫੜਾ ਰਹੇ ਸਨ। ਚੁੱਲ੍ਹੇ ਦੀ ਅੱਗ ਮੂਹਰੇ ਬਲੀ ਸਿੰਘ ਦੀ ਲੜਕੀ ਅਤੇ ਨੂੰਹ ਬੈਠੀਆਂ, ਗਿਲਾਸ ਭਰੀ ਜਾ ਰਹੀਆਂ ਸਨ। ਬਲਦੀ ਅੱਗ ਵਿਚ ਉਹਨਾਂ ਦੇ ਭਰ ਜੁਆਨ ਚਿਹਰੇ ਸੰਧੂਰੀ ਭਾਅ ਮਾਰ ਰਹੇ ਸਨ। ਦੇਖ ਦੇਖ ਕੇ ਸਿਪਾਹੀਆਂ ਦੇ ਦਿਲਾਂ ‘ਤੇ ਬਰਛੀਆਂ ਵੱਜ ਰਹੀਆਂ ਸਨ। ਚਾਹ ਦਾ ਗਿਲਾਸ ਫੜਾਉਂਦੀ ਕੁੜੀ ਦਾ ਇਕ ਸਿਪਾਹੀ ਨੇ ਜੋਰ ਦੇਣੇ ਹੱਥ ਦੱਬ ਦਿੱਤਾ। ਜਦ ਕੁੜੀ ਨੇ ਅੱਗੋਂ ਅੱਖਾਂ ਦਿਖਾਈਆਂ ਤਾਂ ਉਸ ਨੇ ਬੇਲੱਜ “ਹਾਇ—!” ਕਹਿ ਕੇ ਛੱਡ ਦਿੱਤਾ। ਕੁੜੀ ਅੰਦਰ ਝਰਨਾਹਟਾਂ ਨੇ ਜਹਾਦ ਛੇੜਿਆ ਹੋਇਆ ਸੀ। ਪਰ ਉਹ ਭਾਬੀ ਤੋਂ ਜ਼ਾਹਿਰਾ ਤੌਰ ‘ਤੇ ਛੁਪਾਉਣ ਦੀ ਕੋਸਿ਼ਸ਼ ਵਿਚ ਲੱਗੀ ਹੋਈ ਸੀ। ਅਖੀਰ ਗਿਲਾਸਾਂ ਵਿਚ ਚਾਹ ਪਾ ਕੇ ਉਸ ਨੇ ਕੰਧੋਲੀ ‘ਤੇ ਹੀ ਰੱਖ ਦਿੱਤੇ। ਨਾ ਚੋਰ ਲੱਗੇ ਤੇ ਨਾ ਕੁੱਤੀ ਭੌਂਕੇ। ਪਰ ਫਿਰ ਵੀ ਮੀਸਣਾਂ ਸਿਪਾਹੀ ਦਾਅ ਲਾ ਕੇ ਉਸ ਨੂੰ ਅੱਖ ਮਾਰ ਗਿਆ। ਕੁਆਰੀ ਜੁਆਨ ਕੁੜੀ ਦੀ ਛਾਤੀ ਵਿਚ ਉਸ ਦਾ ਦਿਲ ਹਥੌੜੇ ਵਾਂਗ ਵੱਜ ਰਿਹਾ ਸੀ। ਮਨ ਵਿਚ ਹੀ ਉਸ ਨੇ ਬੇਸ਼ਰਮ ਸਿਪਾਹੀ ਨੂੰ ਗਾਲ੍ਹਾਂ ਦੀ ਸੂੜ ਬੰਨ੍ਹੀ ਹੋਈ ਸੀ। ਸਿਪਾਹੀ ਸਿ਼ਸ਼ਤ ਬੰਨ੍ਹ ਕੇ ਉਸ ਦੀਆਂ ਛਾਤੀਆਂ ਦਾ ਭਾਰ ਤੋਲ ਰਿਹਾ ਸੀ। ਮੌਕਾ ਬੋਚ ਕੇ ਕੁੜੀ ਨੇ ਸ਼ਾਲ ਨਾਲ ਆਪਣੀਆਂ ਛਾਤੀਆਂ ਢਕ ਲਈਆਂ। ਭਾਬੀ ਨੂੰ ਉਹ ਕਿਸੇ ਗੱਲੋਂ ਸਿਰ ਨਹੀ ਹੋਣ ਦੇਣਾ ਚਾਹੁੰਦੀ ਸੀ।

ਕੁੜੀ ਦੇ ਉਦੋਂ ਸਾਹ ਵਿਚ ਸਾਹ ਆਇਆ ਜਦੋਂ ਠਾਣੇਦਾਰ ਨੇ ਹਾਕ ਮਾਰ ਕੇ ਸਿਪਾਹੀਆਂ ਨੂੰ ਅੰਦਰ ਬੁਲਾ ਲਿਆ।

-”ਆਹ ਗਿਲਾਸ ‘ਕੱਠੇ ਕਰੋ!”

ਸਿਪਾਹੀ ਅੰਦਰੋਂ ਬਾਹਰੋਂ ਸਾਰੇ ਗਿਲਾਸ ਇਕੱਠੇ ਕਰਨ ਲੱਗ ਪਏ।

-”ਹਾਂ ਬਈ ਰਣਜੋਧ ਸਿਆਂ-ਉਹਨਾਂ ਕੋਲ ਹਥਿਆਰ ਕੀ ਕੀ ਸੀ?” ਠਾਣੇਦਾਰ ਨੇ ਮੁੜ ਕਾਰਵਾਈ ਆਰੰਭੀ।

-”ਜੀ ਹਥਿਆਰ ਉਹਨਾਂ ਕੋਲੇ ਬੰਦੂਖਾਂ ਸੀ-ਜਿਹੋ ਜਿਹੀਆਂ ਥੋਡੇ ਸਿਪਾਹੀਆਂ ਕੋਲੇ ਐ।”

-”ਇਹ ਤਾਂ ਪਤਾ ਈ ਐ-ਸਾਲੇ ਏ ਕੇ ਸੰਤਾਲੀ ਤੋਂ ਹੇਠਾਂ ਤਾਂ ਕਿਸੇ ਹਥਿਆਰ ਨੂੰ ਹੱਥ ਈ ਨਹੀ ਪਾਉਂਦੇ।”

-”ਇਕ ਦੇ ਤਾਂ ਪਸਤੌਲ ਵੀ ਪਾਇਆ ਵਿਆ ਸੀ ਜੀ।”

-”ਤੇ ਹੁਲੀਏ?”

-”ਹੁਲੀਏ ਮਾਲਕੋ-ਦਾਹੜੀਆਂ ਸਾਰਿਆਂ ਦੇ ਈ ਰੱਖੀਆਂ ਹੋਈਆਂ ਸੀ ਤੇ ਗਾਤਰੇ ਪਾਏ ਵੇ ਸੀ-ਕੱਦ ਦੇ ਸਾਰੇ ਮੇਰੇ ਕੁ ਜਿੱਡੇ ਈ ਸੀਗੇ ਜੀ।”

-”ਦਾਹੜੀ ਤਾਂ ਅੱਜ ਕੱਲ੍ਹ ਡਰਦੇ ਮਾਰੇ ਕਰਾੜ ਵੀ ਰੱਖੀ ਫਿਰਦੇ ਐ ਤੇ ਗਾਤਰੇ ਸਭ ਤੋਂ ਵੱਧ ਲੁਟੇਰੇ ਪਾਉਂਦੇ ਐ।” ਠਾਣੇਦਾਰ ਆਪਣਾ ਜ਼ਾਤੀ ਤਜ਼ਰਬਾ ਦੱਸ ਗਿਆ।

-”ਉਹਨਾਂ ਕੋਲੇ ਛੋਟੇ ਛੋਟੇ ਝੋਲੇ ਵੀ ਸੀਗੇ ਜੀ।” ਲੁਟੇਰੇ ਸੁਣ ਕੇ ਰਣਜੋਧ ਨੂੰ ਯਾਦ ਆ ਗਿਆ।

-”ਬਹੁਤ ਖ਼ੂਬ! ਰਣਜੋਧ ਸਿਆਂ ਕੋਈ ਸੁਆਟਰ-ਸੂਟਰ ਪਾਉਣੀ ਐਂ ਤਾਂ ਪਾ ਲੈ-ਚੱਲ ਚੱਲੀਏ!”

-”ਕਿੱਥੇ ਜੀ?” ਗੱਲ ਮੁੰਡੇ ਦੇ ਸੰਘ ਅੰਦਰ ਹੀ ਅੜ ਗਈ।

-”ਠਾਣੇ! ਹੋਰ ਕਿੱਥੇ?”

-”ਮਾਈ ਬਾਪ ਸਾਰਾ ਕੁਛ ਤਾਂ ਇਹਨੇ ਦੱਸਤਾ-ਹੁਣ ਠਾਣੇ ਕਾਹਦੇ ਲਈ ਲੈ ਚੱਲੇ ਓਂ?” ਬਲੀ ਸਿੰਘ ਨੇ ਜ਼ੇਰਾ ਕਰ ਕੇ ਪੁੱਛ ਹੀ ਲਿਆ।

ਠਾਣੇਦਾਰ ਹੱਸ ਪਿਆ।

-”ਬਾਬਿਆ! ਪਹਿਲਾਂ ਇਹਦੇ ਬਿਆਨ ਲਿਖਾਂਗੇ-ਫੇਰ ਤਸਦੀਕ ਕਰਕੇ ਇਲਾਕਾ-ਮਜਿਸਟ੍ਰੇਟ ਤੋਂ ਕਲਮਬੱਧ ਹੋਣਗੇ ਤਾਂ ਕਿਤੇ ਜਾ ਕੇ ਇਹਦਾ ਰੱਸਾ ਲਹੂ-ਐਡੀ ਛੇਤੀ ਖਹਿੜਾ ਛੁੱਟਣਾਂ ਮੁਸ਼ਕਲ ਐ-ਇਹਨੇ ਦੇਸ਼-ਧਰੋਹੀਆਂ ਨੂੰ ਰੋਟੀ ਖੁਆਈ-ਪਨਾਂਹ ਦਿੱਤੀ-ਇਹ ਕੋਈ ਮਾੜਾ ਮੋਟਾ ਕੇਸ ਨਹੀਂ-ਇਹ ਤਾਂ ਮੇਰੀ ਦਰਿਆ-ਦਿਲੀ ਐ-ਨਹੀਂ ਤਾਂ ਕਾਰਵਾਈ ਪਾ ਕੇ ਟਾਡਾ ਅਧੀਨ ਸਾਰਿਆਂ ਨੂੰ ਅੰਦਰ ਦੇ ਸਕਦੇ ਆਂ!”

-”ਫੇਰ ਮਾਈ ਬਾਪ ਇਉਂ ਕਰੋ-ਇਹਨੂੰ ਰਹਿਣ ਦਿਓ-ਮੈਨੂੰ ਲੈ ਚੱਲੋ।” ਬਲੀ ਸਿੰਘ ਦੀ ਧਾਹ ਨਿਕਲ ਗਈ।

-”ਤੈਨੂੰ ਕਿਵੇਂ ਲੈ ਚੱਲੀਏ ਬਾਬਾ? ਬੰਦੇ ਇਹਨੇ ਦੇਖੇ ਐ-ਜੇ ਲੋੜ ਪਈ ਤਾਂ ਸ਼ਨਾਖ਼ਤ ਕੌਣ ਕਰੂ?”

-”ਇਹਨੂੰ ਉਦੋਂ ਬੁਲਾਲਾਂਗੇ ਜੋਰਾਵਰਾ-ਨਾ ਹਿੱਕ ਧੱਕਾ ਕਰ-ਇਹਨੂੰ ਤਾਂ ਵਿਆਹੇ ਨੂੰ ਵੀ ਅਜੇ ਡੂੜ੍ਹ ਮਹੀਨਾਂ ਈ ਹੋਇਐ-ਇਕੋ ਇਕ ਮੇਰਾ ਪੁੱਤ ਐ-ਰਹਿਣ ਦੇ ਕੁਲ ਦੀ ਜੜ੍ਹ ਹਰੀ-ਗੁਰੂ ਤੈਨੂੰ ਖੁਸ਼ੀਆਂ ਬਖਸ਼ੇ!”

-”ਬਾਬਾ-ਕਾਨੂੰਨ ਅੱਗੇ ਜਜ਼ਬਾਤ ਕੰਮ ਨਹੀ ਕਰਦੇ-!” ਠਾਣੇਦਾਰ ਦੇ ਇਸ਼ਾਰੇ ‘ਤੇ ਸਿਪਾਹੀਆਂ ਨੇ ਮੁੰਡੇ ਦੇ ਹੱਥ ਉਸ ਦੀ ਪੱਗ ਨਾਲ ਹੀ ਨੂੜ ਲਏ।

-”ਵੇ ਠਾਣੇਦਾਰਾ ਸ਼ੇਰਾ! ਤੂੰ ਮੇਰੇ ਪੁੱਤਾਂ ਅਰਗੈਂ-ਲੈ ਮੈਂ ਤੇਰੇ ਪੈਰੀਂ ਚੁੰਨੀ ਧਰਦੀ ਐਂ-ਸਾਡੀ ਲਾਜ ਰੱਖ-ਹਾੜ੍ਹੇ ਮੇਰਾ ਸ਼ੇਰ–!” ਸੱਚ ਹੀ ਕਿਰਪਾਲ ਕੌਰ ਨੇ ਆਪਣੀ ਸਿਰ ਦੀ ਚੁੰਨੀ ਠਾਣੇਦਾਰ ਦੇ ਪੈਰਾਂ ਵਿਚ ਰੱਖ ਦਿੱਤੀ। ਪਰ ਕਿਸੇ ਨੇ ਉਹਦੀ ਇਕ ਨਾ ਸੁਣੀ। ਸਿਪਾਹੀ ਰਣਜੋਧ ਨੂੰ ਟਰੱਕ ਵੱਲ ਧੂਹ ਤੁਰੇ। ਇਕ ਘਮਸਾਣ ਜਿਹਾ ਮੱਚ ਗਿਆ ਸੀ। ਮਾਂ-ਬਾਪ ਦੁਹਾਈਆਂ ਦੇ ਰਹੇ ਸਨ। ਰਸੋਈ ਵਿਚ ਗੁਰਕੀਰਤ ਅਤੇ ਦਵਿੰਦਰ ਨੇ ਰੋਣਾ ਸੁਰੂ ਕਰ ਦਿੱਤਾ।

ਰਣਜੋਧ ਨੂੰ ਸਿਪਾਹੀਆਂ ਨੇ ਟਰੱਕ ਵਿਚ ਇੱਟ ਵਾਂਗ ਸੁੱਟਿਆ ਅਤੇ ਤੁਰ ਗਏ। ਰਾਹ ‘ਤੇ ਧੂੜ ਦਾ ਬੱਦਲ ਖਿੰਡ ਗਿਆ। ਟਰੱਕ ਮਗਰ ਵਿਰਲਾਪ ਕਰਦੀ ਆਉਂਦੀ ਕਿਰਪਾਲ ਕੌਰ ਠੇਡਾ ਖਾ ਕੇ ‘ਧੜੰ੍ਹਮ’ ਕਰ ਕੇ ਰਾਹ ‘ਤੇ ਡਿੱਗ ਪਈ।

-”ਬਹੁੜ੍ਹੀ ਵੇ ਪਿੰਡਾ! ਪੁਲਸ ਮੇਰੇ ਜਿਉਣ ਜੋਕਰੇ ਨੂੰ ਲੈ ਗਈ ਵੇ ਲੋਕੋ! ਰੋਕੋ ਵੇ ਕੋਈ! ਮਾਰ ਕੇ ਖਪਾ ਦੇਣਗੇ ਬੁੱਚੜ! ਸਹਾਈ ਹੋ ਵੇ ਵਾਹਿਗੁਰੂ! ਬਹੁੜ੍ਹ ਮੇਰਿਆ ਮਾਲਕਾ! ਨਾ ਭਗਤਾਂ ਦੇ ਪ੍ਰਤਿਆਵੇ ਲੈ ਵੇ ਡਾਢਿਆ ਰੱਬਾ-ਹਾੜ੍ਹੇ…..!” ਰਾਹ ‘ਤੇ ਮੂਧੇ ਮੂੰਹ ਪਈ ਕਿਰਪਾਲ ਕੌਰ ਹੱਥ ਜੋੜੀ ਕੁਰਲਾ ਰਹੀ ਸੀ। ਉਸ ਦਾ ਮੂੰਹ ਮਿੱਟੀ ਵਿਚ ਲਿੱਬੜ ਗਿਆ ਸੀ। ਉਹ ਬੇਹੋਸ਼ੀ ਜਿਹੀ ਹਾਲਤ ਵਿਚ ਪਿੱਟੀ ਜਾ ਰਹੀ ਸੀ।

ਦੇਖੋ ਦੇਖ ਪਿੰਡ ਇਕੱਠਾ ਹੋ ਗਿਆ।

-”ਕੀ ਗੱਲ ਹੋ ਗਈ ਭਾਬੀ?” ਘਰਾਂ ‘ਚੋਂ ਦਿਉਰ ਲੱਗਦੇ ਸਰਪੰਚ ਨੇ ਆ ਕੇ ਕਿਰਪਾਲ ਕੌਰ ਨੂੰ ਉਠਾਇਆ।

-”ਵੇ ਕੀ ਦੱਸਾਂ ਸਾਧੂ? ਤੇਰੇ ਭਤੀਜੇ ਨੂੰ ਲੈ ਗਏ ਬੁੱਚੜ-ਲਿਆਓ ਵੇ ਛੁਡਾ ਕੇ ਉਹਨੂੰ-ਕਿਤੇ ਹੋਰ ਨਾ ਜਾਹ ਜਾਂਦੀ ਕਰ ਦੇਣ ਔਤਰੇ!”

-”ਉਠ! ਘਰੇ ਚੱਲ ਕੇ ਸਾਰੀ ਗੱਲ ਕਰਦੇ ਐਂ-ਐਥੇ ਕਾਹਨੂੰ ਜੱਗ ਹਸਾਈ ਕਰਦੀ ਐਂ? ਉਠ ਕਮਲ ਨਹੀ ਮਾਰੀਦਾ-ਚੱਲ ਚੱਲੀਏ!” ਸਰਪੰਚ ਅਤੇ ਬਲੀ ਸਿੰਘ ਉਸ ਨੂੰ ਬਾਹੋਂ ਫੜ ਘਰ ਲੈ ਆਏ।

ਇਕ ਅਜੀਬ ਚੁੱਪ ਛਾ ਗਈ। ਗੁਰਦੁਆਰੇ ਦੇ ਸਪੀਕਰ ‘ਚੋਂ ਅਵਾਜ਼ ਆ ਰਹੀ ਸੀ:

-”ਜੇ ਸਕਤਾ ਸਕਤੇ ਕੋ ਮਾਰੇ।।

ਤਾਂ ਮਨੁ ਰੋਸੁ ਨ ਹੋਈ।।”

ਉਹਨਾਂ ਨੇ ਘਰੇ ਲਿਆ ਕੇ ਕਿਰਪਾਲ ਕੌਰ ਨੂੰ ਮੰਜੇ ‘ਤੇ ਬਿਠਾ ਦਿੱਤਾ।

-”ਕੀਤੀ ਪਾਣੀ ਲਿਆ…!”

ਕੁੜੀ ਨੇ ਪਾਣੀ ਲਿਆ ਕੇ ਮਾਂ ਨੂੰ ਪਿਆਇਆ।

-”ਤੁਸੀਂ ਮੈਨੂੰ ਕਿਉਂ ਨਾ ਖਬਰ ਕੀਤੀ?” ਸਰਪੰਚ ਆਪਣੀ ਥਾਂ ਹੈਰਾਨ ਸੀ।

-”ਵੇ ਟੁੱਟੜਾ ਡਮਾਕ ਈ ਚੱਕਿਆ ਰਿਹਾ-ਖਬਰ ਕਾਹਦੀ ਕਰਦੇ ਵੇ ਸਾਧੂ! ਉਹ ਤਾਂ ਪੁੱਤ ਖਾਣੇ ਦੇ ਵਾ-ਵਰੋਲੇ ਮਾਂਗੂੰ ਆ ਪਏ-ਹਾਏ-!”

-”ਕੀ ਗੱਲ ਕੀ ਸੀ ਬਾਈ?” ਸਰਪੰਚ ਨੇ ਬਲੀ ਸਿੰਘ ਤੋਂ ਨਿਰਣਾ ਲੈਣਾ ਚਾਹਿਆ।

-”ਕਾਹਦੀ ਗੱਲ ਐ ਸਾਧੂ-ਆਪਣੇ ਖੇਤੋਂ ਕੋਈ ਓਪਰੇ ਬੰਦੇ ਰੋਟੀ ਖਾ ਗਏ- ਤੇ ਇਹ ਜੋਧ ਨੂੰ ਖਾੜਕੂਆਂ ਦੇ ਪਨਾਂਹ ਦੇਣ ਦੇ ਦੋਸ਼ ‘ਚ ਫੜ ਕੇ ਲੈ ਗਏ।” ਬਲੀ ਸਿੰਘ ਨੇ ਅੱਤ ਸੰਖੇਪ ਕਹਿ ਸੁਣਾਇਆ।

-”ਹਲ੍ਹਾ…!” ਸਰਪੰਚ ਸਾਰੀ ਹੀਰ ਸਮਝ ਗਿਆ।

-”ਦੁਨੀਆਂ ਦੋਨੀਂ ਪਾਸੀਂ ਦਰੜੀ ਜਾ ਰਹੀ ਐ-ਉਹਨਾਂ ਪਤੰਦਰਾਂ ਨੂੰ ਰੋਟੀ ਪਾਣੀ ਨਹੀ ਦਿੰਦੇ ਤਾਂ ਮਰਦੇ ਆਂ-ਜੇ ਖੁਆਉਂਦੇ ਆਂ ਪੁਲਸ ਨਹੀਂ ਛੱਡਦੀ-ਕਰੀਏ ਤਾਂ ਕੀ ਕਰੀਏ? ਮੌਜਾਂ ਦੋਨੋਂ ਧਿਰਾਂ ਈ ਮਾਣੀਂ ਜਾਂਦੀਐਂ-ਮਰਦੇ ਐ ਮਹਾਤੜ!”

-”ਦੇਸ਼ ਦਾ ਬਣੂਂ ਪਤਾ ਨਹੀ ਕੀ?”

-”ਜੋ ਲੋਕਾਂ ਨਾਲ ਹੋਊ-ਉਹੀ ਆਪਣੇ ਨਾਲ ਬੀਤੂ।”

-”ਵੇ ਸਾਧੂ-ਆਪਣੇ ਨਾਲ ਤਾਂ ਬੀਤੀ ਜਾਂਦੀ ਐ-ਤੁਸੀਂ ਜਲਦੀ ਕੁਛ ਕਰੋ!” ਕਿਰਪਾਲ ਕੌਰ ਫਿਰ ਕਲਪੀ।

-”ਤੁਸੀਂ ਐਨੇ ਜਾਣੇ ਸੀ-ਕਿਸੇ ਦੇ ਦਿਮਾਗ ‘ਚ ਵੀ ਮੇਰੇ ਬਾਰੇ ਖਿਆਲ ਨਾ ਆਇਆ? ਤੁਸੀਂ ਕੀਤੀ ਨੂੰ ਭੇਜ ਕੇ ਈ ਸੁਨੇਹਾਂ ਪਹੁੰਚਾ ਛੱਡਦੇ-ਮੈ ਖੜ੍ਹਾ ਖੜੋਤਾ ਈ ਪਹੁੰਚਦਾ।”

-”ਉਏ ਛੋਟੇ ਭਾਈ! ਸੁਰਤ ਈ ਮਾਰੀ ਗਈ-ਬੱਸ! ਇਉਂ ਧਾੜ ਦੀ ਧਾੜ ਪਈ-ਪੁੱਛ ਨਾ! ਔਸਾਣ ਈ ਮਾਰੇ ਗਏ-ਕੀ ਕਰਦੇ?” ਬਲੀ ਸਿੰਘ ਪਿੱਟਿਆ। ਉਹ ਆਪਣੀ ਥਾਂ ਬਿਲਕੁਲ ਨਿਰਦੋਸ਼ ਸੀ। ਉਸ ਦੀਆਂ ਸੱਚ ਹੀ, ਸੱਤੇ ਹੀ ਮਾਰੀਆਂ ਗਈਆਂ ਸਨ।

-”ਤੁਸੀਂ ਗੱਲ ਨੂੰ ਘੱਟੇ ਨਾ ਪਾਓ-ਕੋਈ ਬਿਧੀ ਸੋਚੋ! ਜਿਹੜਾ ਹੋਣਾਂ ਸੀ ਹੋ ਗਿਆ-ਹਾਏ ਵੇ ਰੱਬਾ….!”

-”ਤੂੰ ਬਾਈ ਤਿਆਰ ਹੋ-ਮੈ ਕੱਪੜੇ ਪਾ ਕੇ-ਦੋ ਬੰਦੇ ਨਾਲ ਲੈ ਕੇ ਆਇਆ-।” ਸਰਪੰਚ ਉਠ ਕੇ ਖੜ੍ਹਾ ਹੋ ਗਿਆ।

-”ਸੱਚ ਬਾਈ! ਕੁਛ ਦੱਸਿਆ ਬਈ ਕਿਹੜੇ ਠਾਣੇ ਲੈ ਕੇ ਗਏ ਐ?” ਸਰਪੰਚ ਨੇ ਕੁਝ ਯਾਦ ਆਉਂਦਿਆਂ ਹੀ ਬਲੀ ਸਿੰਘ ਨੂੰ ਪੁੱਛਿਆ।

-”ਮੈ ਤਾਂ ਇਹ ਵੀ ਪੁੱਛਣਾ ਭੁੱਲ ਗਿਆ-ਸਦਰ ਠਾਣੇ ਈ ਲੈ ਕੇ ਗਏ ਹੋਣਗੇ? ਠਾਣੇਦਾਰ ਆਪਦਾ ਨਾਂ ਗੁਰਪ੍ਰੀਤ ਸਿੰਘ ਗਰੇਵਾਲ ਦੱਸਦਾ ਸੀ।” ਬਲੀ ਸਿੰਘ ਨੇ ਯਾਦ ਕਰ ਕੇ ਦੱਸਿਆ।

-”ਗਰੇਵਾਲ ਤਾਂ ਮੋਗੇ ਸਦਰ ਠਾਣੇ ‘ਚ ਈ ਐ….।”

-”ਇਕ ਗੱਲ ਐ ਬਾਈ! ਗਰੇਵਾਲ ਮੂੰਹੋਂ ਹੱਦੋਂ ਵੱਧ ਮਿੱਠਾ ਐ-ਪਰ ਦਿਲ ਦਾ ਨਿਰਾ ਈ ਬੇਈਮਾਨ ਬੰਦਾ-ਇਕ ਗੱਲ ਪੱਲੇ ਬੰਨ੍ਹ ਲਈਂ-ਇਹਦੀਆਂ ਮਿੱਠੀਆਂ ਗੱਲਾਂ ‘ਚ ਬਿਲਕੁਲ ਨਹੀ ਆਉਣਾ।” ਸਰਪੰਚ ਨੇ ਸੁਣਾਈ ਕੀਤੀ।

-”ਇਹ ਮੈਂ ਜੋਧ ਨੂੰ ਵੀ ਕੰਨ ਕਰਤੇ ਸੀ।”

-”ਕੀਤੀ…!”

-”ਹਾਂ ਚਾਚਾ ਜੀ?”

-”ਅੱਧੇ ਕੁ ਘੰਟੇ ਤੱਕ ਚਾਰ ਬੰਦਿਆਂ ਦੀ ਚਾਹ ਬਣਾ ਕੇ ਰੱਖੀਂ ਕੁੜ੍ਹੇ!”

-”ਅੱਛਾ ਚਾਚਾ ਜੀ!”

ਸਰਪੰਚ ਚਲਾ ਗਿਆ।