ਪੁਰਜਾ ਪੁਰਜਾ ਕਟਿ ਮਰੈ

ਕਾਂਡ 3

ਅੱਜ ਚੌਥੇ ਦਿਨ ਗੁਰਪਾਲ ਕਾਲਿਜ ਤੋਂ ਘਰ ਜਾ ਰਿਹਾ ਸੀ। ਸਿੱਖ ਸਟੂਡੈਂਟ ਫ਼ੈਡਰੇਸ਼ਨ ਅਤੇ ਕਮਿਊਨਿਸਟ ਵਰਕਰਾਂ ਵਿਚ ਵਧਦਾ ਪਾੜਾ ਅੱਤ ਗੰਭੀਰ ਰੂਪ ਧਾਰਨ ਕਰਦਾ ਜਾ ਰਿਹਾ ਸੀ। ਜਿਸ ਲਈ ਗੁਰਪਾਲ ਅਤੀ ਚਿੰਤਤਸੀ। ਅਜੇ ਤਾਂ ਗੱਲ ਖਹਿਬੜਬਾਜ਼ੀ ਤੱਕ ਹੀ ਸੀਮਤ ਸੀ। ਪਰ ਗੋਲੀ ਕਿਸੇ ਵਕਤ ਵੀ ਚੱਲ ਸਕਦੀ ਸੀ। ਦਸ-ਪੰਦਰਾਂ ਮਾਰੂ ਹਥਿਆਰ ਦੋਨਾਂ ਧਿਰਾਂ ਵੱਲੋਂ ਕਾਲਿਜ ਵਿਚ ਲਿਆਂਦੇ ਜਾ ਚੁੱਕੇ ਸਨ। ਪੁਲੀਸ ਸਾਰੀ ਖ਼ਬਰ ਹੋਣ ਦੇ ਬਾਵਜੂਦ ਤਮਾਸ਼ਬੀਨ ਬਣੀ ਹੋਈ ਸੀ। ਪੁਲੀਸ ਤਾਂ ਇਹ ਹੀ ਚਾਹੁੰਦੀ ਸੀ ਕਿ ਸਿੱਖ ਸਟੂਡੈਂਟ ਫ਼ੈਡਰੇਸ਼ਨ ਅਤੇ ਕਮਿਊਨਿਸਟ ਵਰਕਰਾਂ ਵਿਚਕਾਰ ਡਾਂਗ ਸੋਟਾ ਖੜਕਦਾ ਰਹੇ ਅਤੇ ਸਾਡਾ ਕਾਲਿਜ ਵਿਚ ਆਉਣ ਜਾਣ ਬਣਿਆ ਰਹੇ। ਜਿਹੜਾ ਕੁਝ ਪੁਲੀਸ ਕਰਵਾਉਣਾ ਚਾਹੁੰਦੀ ਸੀ, ਉਹ ਤਾਂ ਵਿਦਿਆਰਥੀ ਸੁੱਖ ਨਾਲ ਖ਼ੁਦ ਆਪ ਹੀ ਕਰ ਰਹੇ ਸਨ। ਪੁਲੀਸ ਨੂੰ ਕੀ ਲੋੜ ਸੀ ਇਹ ਲੜਾਈ ਰੋਕਣ ਦੀ? ਉਹਨਾਂ ਦੇ ਦਿਲ ਦੀ ਗੱਲ ਤਾਂ ਸਟੂਡੈਂਟ ਆਪ ਹੱਲ ਕਰ ਰਹੇ ਸਨ। ਲੜਾਈ ਝਗੜਾ ਹੋਵੇ ਸੁੱਖ ਨਾਲ ਵਾਹਵਾ ਰੌਣਕ ਰਹਿੰਦੀ ਹੈ। ਜੇ ਸ਼ਾਂਤੀ ਹੀ ਵਰਤ ਜਾਵੇ ਤਾਂ ਪੁਲੀਸ ਨੂੰ ਕੌਣ ਪੁੱਛੇ? ਫਿਰ ਪੁਲੀਸ ਤਾਂ ਕੰਨੀਂ ਦੇ ਕਿਆਰੇ ਵਾਂਗ ਸੁੱਕੀ ਹੀ ਰਹਿ ਜਾਵੇ। ਬੇਅਰਥ! ਗੁਰਪਾਲ ਦੇ ਦਿਮਾਗ ਵਿਚ ਸੋਚਾਂ ਦੀਆਂ ਕਈ ਉੱਥਲ ਪੁੱਥਲ ਤੰਦਾਂ ਕੱਤੀਆਂ ਜਾ ਰਹੀਆਂ ਸਨ।

ਗੁਰਪਾਲ ਦਾ ਸਕੂਟਰ ਅਜੇ ਤਲਵੰਡੀ ਦੀ ਪੁਲੀ ਟੱਪਿਆ ਹੀ ਸੀ ਕਿ ਉਜਾੜ ਜਿਹੇ ਬੱਸ ਸਟੈਂਡ ਕੋਲ, ਉਸ ਨੂੰ ਕਿਸੇ ਓਪਰੇ ਜਿਹੇ ਮੁੰਡੇ ਨੇ ਹੱਥ ਦੇ ਕੇ ਰੋਕ ਲਿਆ।

-”ਕਿੱਥੇ ਜਾਣੈ ਬਾਈ ਨੇ?” ਗੁਰਪਾਲ ਨੇ ਉਸ ਨੂੰ ਪੁੱਛਿਆ।

-”ਤੁਸੀਂ ਕਿੱਥੇ ਜਾ ਰਹੇ ਹੋ?” ਗੱਲਬਾਤ ਕਰਨ ਦੇ ਸਲੀਕੇ ਤੋਂ ਮੁੰਡਾ ਚੰਗਾ ਪੜ੍ਹਿਆ ਲਿਖਿਆ ਜਾਪਦਾ ਸੀ। ਭਰਪੂਰ ਦਾਹੜ੍ਹੇ

ਵਾਲਾ ਭਰ ਜੁਆਨ ਮੁੰਡਾ ਪੈਂਟ-ਕੋਟ ਵਿਚ ਸਜਿਆ ਹੋਇਆ ਸੀ। ਪਟਿਆਲਾ-ਸ਼ਾਹੀ ਪੱਗ ਉਸ ਨੇ ਬੜੀ ਜਚਾ ਕੇ ਬੰਨ੍ਹੀ ਹੋਈ ਸੀ। ਨੀਲੀ ਪੱਗ ਹੇਠੋਂ ਕੇਸਰੀ ਫਿਫਟੀ ਜੀਭਾਂ ਕੱਢਦੀ ਸੀ।

-”ਮੈਂ ਚੜਿੱਕ ਜਾ ਰਿਹੈਂ-ਤੇ ਤੁਸੀਂ?”

-”ਮਿਹਰਬਾਨੀ ਕਰਕੇ ਮੈਨੂੰ ਚੰਦਾਂ ਵਾਲੇ ਪੁਲ ਕੋਲ ਉਤਾਰ ਦੇਣਾ।” ਉਸ ਨੇ ਆਖਿਆ। “ਚੰਦਾਂ ਵਾਲਾ ਪੁਲ” ਸੁਣ ਕੇ ਗੁਰਪਾਲ ਨੇ ਇੱਕ ਦਮ ਉਸ ਦੇ ਸੁਨੱਖੇ ਅਤੇ ਅਡੋਲ ਚਿਹਰੇ ਨੂੰ ਨਿਹਾਰਿਆ। ਕਿਉਂਕਿ “ਚੰਦਾਂ ਵਾਲਾ ਪੁਲ” ਖਾੜਕੂਆਂ ਦਾ ਗੜ੍ਹ ਮੰਨਿਆਂ ਜਾਂਦਾ ਸੀ। ਜਿੱਥੇ ਸ਼ਾਮ ਦੇ ਛੇ ਵਜੇ ਤੋਂ ਸਵੇਰ ਦੇ ਪੰਜ ਵਜੇ ਤੱਕ “ਖ਼ਾੜਕੂ-ਰਾਜ” ਰਹਿੰਦਾ ਸੀ। ਚੰਦਾਂ ਵਾਲੇ ਪੁਲ ਵਿਚ ਤਿੰਨ ਗੋਲ ਮੋੜ ਪੈਂਦੇ ਸਨ। ਦੋਹਾਂ ਪਾਸਿਆਂ ਤੋਂ ਕਾਫ਼ੀ ਚੜ੍ਹਾਈ ਸੀ। ਇਸ ਪੁਲ ਦੇ ਆਸ ਪਾਸ ਹਰੇ ਕਾਨਿਆਂ ਦੀ ਭਰਮਾਰ ਸੀ। ਵੀਹ ਵੀਹ ਏਕੜ ਵਿਚ ਛੁਪਾ ਲਈ ਨਿਰੀ ਜਗ੍ਹਾ ਸੀ। ਦੋਨੇ ਪਾਸੀਂ ਕਾਫ਼ੀ ਦੂਰ ਦੋ ਕੱਚੇ ਪਹੇ ਪੈਂਦੇ ਸਨ। ਖਿਸਕਣ ਦਾ ਵਧੀਆ ਜੁਗਾੜ ਸੀ। ਇਸ ਪੁਲ ‘ਤੇ ਹੁਣ ਤੱਕ ਸੈਂਕੜੇ ਖ਼ਾੜਕੂ-ਵਾਰਦਾਤਾਂ ਹੋ ਚੁੱਕੀਆਂ ਸਨ। ਇਹ ਮੋੜਾਂ-ਘੋੜਾਂ ਵਾਲਾ ਪੁਲ ਇਤਨਾ ਤੰਗ ਸੀ ਕਿ ਇੱਕ ਵਾਹਣ ਮੁਸ਼ਕਿਲ ਨਾਲ ਹੀ ਲੰਘ ਸਕਦਾ ਸੀ। ਨਾਲ ਲੱਗਦੇ ਪਿੰਡ ਇਸ ਪੁਲ ਤੋਂ ਤਕਰੀਬਨ ਤਿੰਨ ਕਿਲੋਮੀਟਰ ਦੀ ਵਿੱਥ ‘ਤੇ ਹਟਵੇਂ ਸਨ। ਇਕ ਉੱਘੇ ਕਾਮਰੇਡ ਦਾ ਕਤਲ ਵੀ ਖ਼ਾੜਕੂਆਂ ਵੱਲੋਂ ਇਸ ਪੁਲ ‘ਤੇ ਹੀ ਕੀਤਾ ਗਿਆ ਸੀ ਅਤੇ ਲਾਸ਼ ਖ਼ਤਾਨਾਂ ਵਿਚ ਸੁੱਟ, ਮਿੱਟੀ ਦਾ ਤੇਲ ਪਾ ਕੇ ਅੱਗ ਲਾ ਦਿੱਤੀ ਸੀ। ਪੁਲੀਸ ਜਾਂ ਸੀ ਆਰ ਪੀ ਤਾਂ ਸ਼ਾਮ ਨੂੰ ਇਸ ਪੁਲ ਵੱਲ ਡਰਦੀ ਮੂੰਹ ਨਹੀ ਕਰਦੀ ਸੀ।

ਜੱਕੋ ਤੱਕੀ ਛੱਡ ਕੇ ਗੁਰਪਾਲ ਨੇ ਮੁੰਡੇ ਨੂੰ ਆਪਣੇ ਸਕੂਟਰ ਪਿੱਛੇ ਬਿਠਾ ਲਿਆ। ਉਸ ਨੇ ਮੁੰਡੇ ਦਾ ਨਾਂ ਅਤੇ ਪਤਾ ਪੁੱਛਣਾ ਚਾਹਿਆ। ਪਰ ਮੁੰਡੇ ਨੇ ਕੋਈ ਖ਼ਾਸ ਲੜ ਨਹੀਂ ਫੜਾਇਆ ਸੀ। ਬੱਸ! ਆਪਣਾ ਨਾਂ ਰੇਸ਼ਮ ਸਿੰਘ “ਬੰਬ” ਦੱਸਿਆ ਸੀ। ਪਿੰਡ ਬਾਰੇ ਪੁੱਛਣ ‘ਤੇ ਉਸ ਨੇ ਸਿਰਫ਼ “ਸ੍ਰੀ ਆਨੰਦਪੁਰ ਸਾਹਿਬ” ਆਖ ਕੇ ਸਾਰ ਦਿੱਤਾ ਸੀ। ਗੁਰਪਾਲ ਨੂੰ ਸ਼ੱਕ ਹੀ ਨਹੀਂ ਯਕੀਨ ਹੋ ਗਿਆ ਸੀ ਕਿ “ਬੰਬ” ਵਾਕਿਆ ਹੀ ਖ਼ਾੜਕੂ ਸੀ। ਕਿਉਂਕਿ ਸਾਰੇ ਖ਼ਾੜਕੂ ਆਪਣੇ ਆਪ ਨੂੰ “ਸ੍ਰੀ ਆਨੰਦਪੁਰ ਸਾਹਿਬ” ਦੇ ਵਾਸੀ ਦੱਸਦੇ ਸਨ। ਰੇਸ਼ਮ ਸਿੰਘ ਵਾਰ ਵਾਰ “ਸਤਿਨਾਮ-ਸ੍ਰੀ ਵਾਹਿਗੁਰੂ” ਆਖਦਾ ਸੀ। ਉਸ ਦੇ ਕਰਮ ਆਮ ਵਿਅਕਤੀ ਵਾਲੇ ਨਹੀਂ ਜਾਪਦੇ ਸਨ। ਭਰ ਜੁਆਨੀ ਵਿਚ ਉਸ ਦੀ ਗੁਰੂ ਵਿਚ ਅਥਾਹ ਸ਼ਰਧਾ ਜਾਪਦੀ ਸੀ। ਨਹੀਂ ਤਾਂ ਚੜ੍ਹਦੀ ਉਮਰ ਵਿਚ ਨੌਜਵਾਨ ਇਤਨੇ ਨਸਿ਼ਆਂ ਵਿਚ ਗਰਕ ਚੁੱਕੇ ਸਨ ਕਿ ਉਹਨਾਂ ਨੂੰ ਗੁਰੂ ਦਾ ਨਾਂ ਤਾਂ ਕੀ? ਆਪਣਾ ਆਪ ਦਾ ਨਾਂ ਵੀ ਨਹੀਂ ਯਾਦ ਰਹਿੰਦਾ ਸੀ। ਦਾਹੜੀਆਂ ਦੀ ਮੁਰੱਬੇਬੰਦੀ ਕਰਵਾਉਂਦੇ ਮੁੰਡਿਆਂ ਨੂੰ ਗੁਰੂ ਲਈ ਵਿਹਲ ਕਿੱਥੇ ਸੀ।

ਸੋਚਾਂ ਦੀ ਘੋੜ ਦੌੜ ਵਿਚ ਉਲਝੇ ਗੁਰਪਾਲ ਨੇ ਰੇਸ਼ਮ ਸਿੰਘ “ਬੰਬ” ਨੂੰ ਚੰਦਾਂ ਵਾਲੇ ਪੁਲ ਕੋਲ ਲਿਆ ਉਤਾਰਿਆ।

-”ਬਹੁਤ ਬਹੁਤ ਮਿਹਰਬਾਨੀ ਮੇਰੇ ਦੋਸਤ-ਤੁਹਾਡਾ ਸ਼ੁਭ ਨਾਂਮ?”

-”ਗੁਰਪਾਲ ਸਿੰਘ।”

-”ਅੱਛਾ ਵੀਰ ਗੁਰਪਾਲ-ਗੁਰੂ ਨੇ ਮਿਲਾਇਆ ਤਾਂ ਕਦੇ ਫਿਰ ਮਿਲਾਂਗੇ-ਤੇ ਨਹੀਂ ਰੱਬ ਰਾਖਾ।”ਆਖ ਕੇ ਉਹ ਸੂਏ ਦੀ ਪਟੜੀ ਪੈ ਗਿਆ।

ਸਾਹਮਣਿਓਂ ਮੋਟਰ ਸਾਈਕਲ ‘ਤੇ ਆਉਂਦੇ ਰਣਬੀਰ ਨੇ ਉਹਨਾਂ ਨੂੰ ਤਾੜਿਆ! ਪਟੜੀ ‘ਤੇ ਤੁਰਿਆ ਜਾ ਰਿਹਾ ਮੁੰਡਾ ਉਸ ਨੂੰ ਬਿਲਕੁਲ ਹੀ ਓਪਰਾ ਲੱਗਿਆ।

ਗੁਰਪਾਲ ਜਾਂਦੇ ਰੇਸ਼ਮ ਨੂੰ ਬੜੀ ਨੀਝ ਨਾਲ ਨਿਹਾਰਦਾ ਰਿਹਾ। ਪਰ ਉਸ ਨੇ ਪਿਛਾਂਹ ਮੁੜ ਕੇ ਨਾ ਤੱਕਿਆ।

ਇਤਨੇ ਨੂੰ ਰਣਬੀਰ “ਘੂੰਅ” ਕਰਕੇ ਗੁਰਪਾਲ ਕੋਲ ਦੀ ਗੁਜ਼ਰ ਗਿਆ। ਪਰ ਗੁਰਪਾਲ ਨੇ ਉਸ ਨੂੰ ਤੱਕਿਆ ਨਹੀ ਸੀ। ਉਹ ਆਪਣੇ ਖਿ਼ਆਲਾਂ ਵਿਚ ਗੁਆਚਿਆ ਹੋਇਆ ਸੀ।

ਗੁਰਪਾਲ ਸ਼ਾਮ ਹੋਈ ਘਰ ਪਹੁੰਚਿਆ।

ਬੇਬੇ ਫਿ਼ਕਰਾਂ ਦੀ ਮੂਰਤ ਬਣੀ ਬੈਠੀ ਸੀ।

-”ਐਨਾਂ ਨ੍ਹੇਰਾ ਕਰਕੇ ਨਾ ਆਇਆ ਕਰ ਪੁੱਤ-ਟੈਮ ਮਾੜੇ ਆ ਗਏ।”

-”ਬੱਸ ਬੇਬੇ ਐਮੇਂ ਚਿਰ ਲੱਗ ਗਿਆ।” ਰੇਸ਼ਮ ਸਿੰਘ ਵਾਲੀ ਗੱਲ ਮੁੰਡਾ ਮਾਂ ਕੋਲੋਂ ਲਕੋ ਗਿਆ।

-”ਐਨੇ ਦਿਨ ਰਿਹਾ ਕਿੱਥੇ?”

-”ਬੇਬੇ ਕਾਲਜ ‘ਚ ਮੁੰਡਿਆਂ ਦੀ ਲੜਾਈ ਜਿਹੀ ਹੋ ਗਈ ਸੀ।”

-”ਤੂੰ ਤਾਂ ਵਿਚ ਨੀ ਸੀ?” ਬੇਬੇ ਨੂੰ ਹੋਰ ਫਿ਼ਕਰ ਖੜ੍ਹਾ ਹੋ ਗਿਆ।

-”ਨਹੀ ਬੇਬੇ।”

-”ਹੋਰ ਸ਼ੇਰਾ ਕੀ ਲੈਣੈ ਲੜਾਈਆਂ ਭੜ੍ਹਾਈਆਂ ਤੋਂ? ਇਹਨਾਂ ਤੋਂ ਤਾਂ ਰੱਬ ਬਖ਼ਸ਼ੀ ਰੱਖੇ।”

ਸਕੂਟਰ ਅੰਦਰ ਖੜ੍ਹਾ ਕਰਕੇ ਗੁਰਪਾਲ ਨੇ ਕੱਪੜੇ ਬਦਲ ਲਏ। ਪੱਗ ਲਾਹ ਕੇ ਪਰਨਾਂ ਬੰਨ੍ਹ ਲਿਆ।

-”ਅੱਜ ਪੁਲਸ ‘ਕਾਲੀਆਂ ਦੇ ਮੁੰਡੇ ਨੂੰ ਚੁੱਕ ਕੇ ਲੈ ਗਈ।” ਦੁੱਧ ਦਾ ਗਿਲਾਸ ਫੜਾਉਂਦੀ ਬੇਬੇ ਗੁਰਪਾਲ ਨੂੰ ਕਹਿ ਰਹੀ ਸੀ।

-”ਕਿਹੜੇ ਅਕਾਲੀਆਂ ਦੇ?”

-”ਬਲੀ ਸਿਉਂ ਕੇ ਮੁੰਡੇ ਨੂੰ।”

-”ਜੋਧ ਨੂੰ ਬੇਬੇ?”

-”ਆਹੋ।”

-”ਕਾਹਤੋਂ?”

-”ਅਸਲ ਗੱਲ ਦਾ ਤਾਂ ਪਤਾ ਨਹੀਂ-ਕਹਿੰਦੇ ਇਹਨੇ ਖੇਤ ਖਾੜਕੂਆਂ ਨੂੰ ਪਨਾਂਹ ਦਿੱਤੀ ਐ-ਉਹਦੀ ਮਾਂ ਦਾ ਤਾਂ ਪਾਲ ਬਾਹਲਾ ਈ ਬੁਰਾ ਹਾਲ ਐ-ਸਵੇਰ ਦੀਆਂ ਦੰਦਲਾਂ ਈ ਨਹੀ ਪੈਣੋਂ ਹੱਟਦੀਆਂ-ਕੀ ਕਰੇ ਭਾਈ ਵਿਚਾਰੀ-’ਕੱਲਾ ‘ਕੱਲਾ ਪੁੱਤ ਐ-ਕੋਈ ਦੋਸ਼ ਨਹੀਂ ਵਿਚਾਰੀ ਨੂੰ।”

-”ਪੁਲੀਸ ਕੋਲ ਹੋਰ ਕੋਈ ਪੁਆਇੰਟ ਹੋਵੇ ਚਾਹੇ ਨਾ ਹੋਵੇ-ਬੱਸ ਇੱਕ ਨੁਕਤਾ ਬੜਾ ਵਧੀਆ ਹੱਥ ਆਇਐ-ਜੇ ਕਿਸੇ ਨੂੰ ਫੜਨ ਲਈ ਬਹਾਨਾਂ ਨਾ ਮਿਲੇ ਤਾਂ ਆਖ ਦਿਓ ਇਹਨੇ ਖਾੜਕੂਆਂ ਨੂੰ ਪਨਾਂਹ ਦਿੱਤੀ ਐ-ਕਿਹੜਾ ਕਿਸੇ ਨੇ ਪੁੱਛਣੈਂ? ਅੰਨ੍ਹੀ ਪੀਂਹਦੀ ਐ ਕੁੱਤੇ ਚੱਟਦੇ ਐ।” ਗੁਰਪਾਲ ਦਾ ਬਲਕਾਰੀ ਜੋਸ਼ ਸ਼ੇਰ ਵਾਂਗ ਭਵਕਣ ਲੱਗ ਪਿਆ।

-”ਮਗਰ ਨਹੀਂ ਗਿਆ ਕੋਈ?”

-”ਗਏ ਵੇ ਐ-ਤੇਰਾ ਪਿਉ ਵੀ ਨਾਲ ਈ ਗਿਐ-ਪਰ ਅਜੇ ਤੱਕ ਕੋਈ ਨਹੀ ਬਹੁੜਿਆ-ਰੱਬ ਸੁੱਖ ਰੱਖੇ-ਭਾਈ ਖੇੜੇ ਸੁੱਖ ਤਾਂ ਵਿਹੜੇ-ਵਿਹੜੇ ਸੁੱਖ ਤਾਂ ਘਰ-ਨਾਲੇ ਜੋਧ ਤਾਂ ਵਿਚਾਰਾ ਊਂਈ ਦਰਵੇਸ਼ ਮੁੰਡਾ ਐ-ਕਦੇ ਉਨੀ ਇੱਕੀ ਨਹੀ ਸੁਣੀ ਬੱਤੀ ਸੁਲੱਖਣੇ ਦੀ-ਪਤਾ ਨਹੀ ਕਿਹੜੇ ਦੁਸ਼ਟ ਨੇ ਚੁਗਲੀ ਕੀਤੀ ਹੋਊ?”

-”ਮੁੰਡੇ ਐਮੇਂ ਨਹੀ ਖ਼ਾੜਕੂ ਬਣਦੇ ਬੇਬੇ।”

-”ਪੁੱਤ ਚੁੱਪ ਈ ਭਲੀ ਐ।”

-”ਜੇ ਕੁੱਟ ਕੇ ਨਿਕਾਰਾ ਕੀਤਾ ਬੇਕਸੂਰ ਮੁੰਡਾ ਹਥਿਆਰ ਨਾ ਚੱਕੂ ਤਾਂ ਹੋਰ ਕੀ ਕਰੂ ਬੇਬੇ?”

-”ਤੈਨੂੰ ਆਖਤਾ ਚੁੱਪ ਈ ਭਲੀ ਐ ਸ਼ੇਰਾ।”

-”ਇਉਂ ਕਿੰਨਾਂ ਕੁ ਚਿਰ ਚੁੱਪ ਚੱਲੂ ਬੇਬੇ? ਇਹ ਤਾਂ ਘਰੀਂ ਬੈਠਿਆਂ ਨੂੰ ਵੀ ਜਿਉਣ ਨਹੀ ਦਿੰਦੇ।”

-”ਬੰਦਾ ਉਹਨਾਂ ਨੂੰ ਨਿਔਂਦਾ ਪਾ ਕੇ ਤਾਂ ਰੋਟੀ ਪਾਣੀ ਖੁਆਉਂਦਾ ਈ ਨਹੀਂ-ਮਰਦਾ ਅੱਕ ਚੱਬਦੈ-ਜੇ ਨਹੀ ਖੁਆਉਂਦਾ ਤਾਂ ਗੋਲੀ ਆਉਂਦੀ ਐ-ਤੇ ਪੁਲਸ ਅਸਲੀਅਤ ਸਮਝਣ ਦੀ ਵਜਾਏ ਲੋਕਾਂ ਨੂੰ ਕੁੱਟ ਕੁੱਟ ਮਾਰੀ ਜਾਂਦੀ ਐ-ਇਸ ਦੁਵੱਲੀ ਮਾਰ ਤੋਂ ਲੋਕ ਅੱਕੇ ਪਏ ਐ-ਪੁਲਸ ਤੋਂ ਡਰਦੇ ਮੁੰਡੇ ਘਰੋਂ ਭਗੌੜ੍ਹੇ ਹੋ ਕੇ ਧੜਾ ਧੜ ਖਾੜਕੂ ਬਣੀ ਜਾਂਦੇ ਐ-ਪੁਲਸ ਦੇ ਤਾਂ ਦੋਹੀਂ ਹੱਥੀਂ ਲੱਡੂ ਐ-ਜਿੰਨੇ ਜਿ਼ਆਦਾ ਖਾੜਕੂ ਬਣਨਗੇ-ਓਨੀਆਂ ਹੀ ਜਿਆਦਾ ਇਹ ਤਰੱਕੀਆਂ ਲੈਣਗੇ ਤੇ ਦੋ ਨੰਬਰ ਦਾ ਪੈਸਾ ਬਣਾਉਣਗੇ।”

-”ਪੁੱਤ ਜੀਹਦੀਆਂ ਅੱਖਾਂ ਦੁਖਣਗੀਆਂ ਆਪੇ ਪੱਟੀ ਬੰਨੂੰ-ਤੂੰ ਨਾ ਕੋਈ ਉਧ-ਮੂਲ ਖੜ੍ਹਾ ਕਰ ਲਈਂ।” ਬੇਬੇ ਆਪਦੇ ਪਾਲਿਓਂ ਡਰਦੀ ਸੀ। ਜੁਆਨ ਮੁੰਡਾ ਅਜ਼ੀਬ ਹੀ ਅਕਾਸ਼ਬਾਣੀ ਕਰ ਰਿਹਾ ਸੀ।

-”ਬੇਬੇ ਅੱਖਾਂ ਤਾਂ ਸਾਰੇ ਪੰਜਾਬ ਦੀਆਂ ਦੁਖਣੀਆਂ ਆ ਗਈਆਂ-ਪੱਟੀ ਹਰ ਇੱਕ ਨੂੰ ਬੰਨ੍ਹਣੀ ਪੈਣੀ ਐ-ਕੋਈ ਅੱਗੋਂ ਬੰਨ੍ਹ ਲਵੇ ਕੋਈ ਪਿੱਛੋਂ-ਇਹ ਤਾਂ ਬੰਨ੍ਹਣੀ ਈ ਪੈਣੀ ਐਂ-।”

-”ਪੁੱਤ ਪੁਲਸ ਕਿਹੜਾ ਸੁਖੀ ਐ? ਦਿਨ ਰਾਤ ਹਰਲ੍ਹ-ਹਰਲ੍ਹ ਕਰਦੇ ਤੁਰੇ ਫਿਰਦੇ ਐ।”

-”ਬੇਬੇ ਮੁੰਡਿਆਂ ਨੂੰ ਤਾਂ ਖਾੜਕੂ ਬਣਾਉਣ ਵਿਚ ਪੁਲਸ ਦਾ ਸਭ ਤੋਂ ਵੱਡਾ ਰੋਲ ਐ-ਜੰਨ ਕੁਪੱਤੀ ਸੁਥਰਾ ਭਲਾ ਮਾਣਸ-ਜੇ ਨਿਰਦੋਸ਼ ਮੁੰਡਿਆਂ ਤੇ ਅਣਮਨੁੱਖੀ ਤਸ਼ੱਦਦ ਕਰਨ ਦੀ ਥਾਂ ਸਲੀਕੇ ਤੇ ਹਮਦਰਦੀ ਨਾਲ ਪੇਸ਼ ਆਇਆ ਜਾਵੇ-ਉਹ ਖਾੜਕੂਆਂ ਨੂੰ ਵਿਸਾਰ ਪੁਲਸ ਦੇ ਹੱਕ ‘ਚ ਖੜ੍ਹਨ।” ਗੁਰਪਾਲ ਨੇ ਦੁੱਧ ਦਾ ਗਿਲਾਸ ਫੜ ਕੇ ਮੰਜੇ ਦੇ ਪਾਵੇ ਨਾਲ ਰੱਖ ਦਿੱਤਾ। ਘੁੱਟ ਦੁੱਧ ਅੰਦਰ ਲੰਘਾਉਣ ਲਈ ਉਸ ਦੀ ਵੱਢੀ ਰੂਹ ਨਹੀਂ ਕਰਦੀ ਸੀ। ਉਹ ਸੋਚ ਰਿਹਾ ਸੀ ਕਿ ਕੀ ਬਣੇਗਾ ਇਸ ਪੀਰਾਂ, ਫ਼ਕੀਰਾਂ, ਗੁਰੂਆਂ, ਯੋਧੇ-ਸੂਰਮਿਆਂ ਦੀ ਧਰਤੀ ਪੰਜਾਬ ਦਾ? ਦਸਾਂ ਨਹੁੰਆਂ ਦੀ ਕਿਰਤ ਕਮਾਈ ਖਾਣ ਅਤੇ ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਗੌਰਮਿੰਟ ਦੀਆਂ ਨਜ਼ਰਾਂ ਵਿਚ ਇੱਕ ਤਰ੍ਹਾਂ ਨਾਲ ਅੱਤਿਵਾਦੀ ਕਿਉਂ ਬਣ ਗਏ? ਕੌਮ ਦਾ ਕਸੂਰ? ਕਿਉਂ ਇਸ ਬਹਾਦਰ ਕੌਮ ਨੂੰ ਜਰ਼ਾਇਮ ਪੇਸ਼ਾ ਕੌਮ ਦਾ ਖਿ਼ਤਾਬ ਦਿੱਤਾ ਜਾ ਰਿਹਾ ਹੈ? ਹਿੰਦੋਸਤਾਨ ਦੀ ਆਜ਼ਾਦੀ ਦੀ ਜੰਗ ਵਿਚ ਵੱਧ ਚੜ੍ਹ ਕੇ ਕੁਰਬਾਨੀਆਂ ਦੇਣ ਵਾਲੀ ਕੌਮ ਹੁਣ ਇੱਕ ਦਮ ਹੀ ਦੋਸ਼ੀ ਕਿਉਂ ਹੋ ਗਈ? ਪਾਕਿਸਤਾਨ ਨਾਲ ਲੱਗੀ ਲੜਾਈ ਵੇਲੇ ਦੁਸ਼ਮਣ ਦੇ ਹੱਲੇ ਨੂੰ ਠੱਲ੍ਹ ਪਾਉਣ ਲਈ ਛਾਤੀਆਂ ਨਾਲ ਬੰਬ ਬੰਨ੍ਹ ਕੇ, ਦੁਸ਼ਮਣ ਦੇ ਪੈਟਨ ਟੈਂਕ ਉੜਾਉਣ ਵਾਲੇ ਯੋਧਿਆਂ ਦੇ ਵਾਰਸ ਹੁਣ ਇੱਕ ਦਮ ਗੱਦਾਰ ਕਿਉਂ ਨਜ਼ਰ ਆਉਣ ਲੱਗ ਪਏ? ਸੁਆਲਾਂ ਦੀ ਬੁਛਾੜ ਗੁਰਪਾਲ ਦੇ ਦਿਮਾਗ ਅੰਦਰ ਵਦਾਣ ਮਾਰ ਰਹੀ ਸੀ। ਕਲਪਨਾ ਦੇ ਆਰੇ ਨਾਲ ਚੀਰੀਦਾ ਉਹ ਲਹੂ-ਲੁਹਾਣ ਹੋਇਆ, ਕਸੀਸ ਜਿਹੀ ਵੱਟੀ ਬੈਠਾ ਸੀ।

ਹਨ੍ਹੇਰਾ ਹੋ ਗਿਆ।

ਗਲੀਆਂ ਸੁੰਨੀਆਂ ਹੋ ਕੇ ਭਾਂਅ-ਭਾਂਅ ਕਰ ਰਹੀਆਂ ਸਨ। ਬਾਹਰ ਰੋਹੀ ਵਿਚ ਕੁੱਤੇ ਭੌਂਕ ਰਹੇ ਸਨ। ਕੋਠਿਆਂ ‘ਤੇ ਕੋਈ ਕੋਈ ਬਿੱਲੀ ਰੋ ਰਹੀ ਸੀ। ਹੱਡਾਂਰੋੜੀ ਵਿਚੋਂ ਕਿਸੇ ਗਿਰਝ ਦੇ ਚੀਕਣ ਦੀ ਅਵਾਜ਼ ਆ ਰਹੀ ਸੀ।

ਬੇਬੇ ਰੋਟੀ ਲੈ ਕੇ ਆ ਗਈ।

ਮੱਕੀ ਦੀ ਰੋਟੀ ਅਤੇ ਸਰ੍ਹੋਂ ਦੇ ਸਾਗ ਵਿਚੋਂ ਆਨੰਦਮਈ ਮਹਿਕ ਉਠ ਰਹੀ ਸੀ। ਸਾਗ ਵਾਲੀ ਬਾਟੀ ਉੱਪਰ ਮੱਖਣ ਵੱਖ ਤਾਰੀਆਂ ਲਾ ਰਿਹਾ ਸੀ। ਅਧਰਕ ਦੇ ਆਚਾਰ ਦੀ ਮਹਿਕ ਨੱਕ ਵਿਚ ਜਲੂਣ ਛੇੜ ਰਹੀ ਸੀ।

-”ਬੇਬੇ ਮੈਨੂੰ ਭੁੱਖ ਨਹੀਂ।” ਮੰਜੇ ‘ਤੇ ਪਏ ਗੁਰਪਾਲ ਨੇ ਪਾਸਾ ਲੈ ਲਿਆ।

-”ਕਿਉਂ? ਡੁੱਬ ਜਾਣੀ ਭੁੱਖ ਕਾਹਤੋਂ ਨਹੀਂ? ਇੱਕ ਅੱਧੀ ਖਾ ਲੈ-ਤੂੰ ਤਾਂ ਅੱਜ ਦੁੱਧ ਵੀ ਨਹੀ ਪੀਤਾ ਪੁੱਤ-ਲੈ ਦੇਖ ਮੱਖੀ ਪੈ ਗਈ।”

-”ਬੇਬੇ ਦਿਲ ਨਹੀ ਕਰਦਾ।”

-”ਦਿਲ ਕਾਹਤੋਂ ਨਹੀ ਕਰਦਾ?”

-”ਬੱਸ ਬੇਬੇ ਤੈਨੂੰ ਆਖਤਾ-ਦਿਲ ਨਹੀ ਕਰਦਾ।”

-”ਕਿੰਨਾਂ ਦੁਖੀ ਕੀਤੈ ਇਸ ਛੋਰ੍ਹ ਨੇ-ਤੈਨੂੰ ਤਾਂ ਕੋਈ ਗੱਲ ਨਾ ਦੱਸੇ-ਐਮੇਂ ਮਾੜੀ ਜਿਹੀ ਗੱਲ ਦਿਲ ਤੇ ਲਾ ਕੇ ਬਹਿ ਜਾਂਦੈ ਕੋਹੜ੍ਹਾ।”

-”ਬੇਬੇ ਇਹੇ ਮਾੜੀ ਜਿਹੀ ਗੱਲ ਐ?”

-”ਤੇ ਹੋਰ ਕੀ ਐ? ਬਥੇਰ੍ਹਾ ਉਹਦੇ ਪਿਉ ਕੋਲ ਪੈਸਾ ਐ-ਸਹੁਰੇ ਬਥੇਰ੍ਹੇ ਅਮੀਰ ਐ-ਸਰਕਾਰੇ ਦਰਬਾਰੇ ਪੁੱਛ ਦੱਸ ਐ-ਦੇਖ ਲਈਂ ਕੱਲ੍ਹ ਨੂੰ ਈ ਨਾ ਛੁਡਾ ਲਿਆਇਆ ਤਾਂ ਮੈਨੂੰ ਨੀਵੇਂ ਥਾਂ ਬਹਾ ਲਈਂ।”

-”ਬੇਬੇ-ਬਿਗਾਨੇ ਘਰੇ ਲੱਗੀ ਅੱਗ ਈ ਬਸੰਤਰ ਦਿਸਦੀ ਐ-ਕੇੜਾ ਤਾਂ ਉਦੋਂ ਚੜ੍ਹਦੈ ਜਦੋਂ ਆਪਦੇ ਘਰ ਨੂੰ ਆ ਲੱਗਦੀ ਐ-ਇਹਦੇ ਪਿਉ ਕੋਲੇ ਤਾਂ ਪੈਸਾ ਐ-ਪਰ ਜਿਹਨਾਂ ਕਰਮਾਂ ਮਾਰਿਆਂ ਕੋਲੇ ਇਹ ਦੋਵੇਂ ਚੀਜਾਂ ਈ ਨਹੀ-ਉਹਨਾਂ ਦੇ ਤਾਂ ਚਾਹੜ੍ਹੀ ਜਾਂਦੇ ਐ ਨਾ ਗੱਡੀ?”

-”……….!” ਮਾਂ ਨਿਰੁੱਤਰ ਸੀ।

ਗੁਰਪਾਲ ਵੀ ਚੁੱਪ ਹੋ ਗਿਆ।

-”ਪੁੱਤ ਬੰਦਾ ਸਲਾਮਤ ਰਹੇ-ਪੈਸੇ ਦਾ ਕੀ ਐ? ਇਹ ਤਾਂ ਹੱਥਾਂ ਦੀ ਮੈਲ ਐ।”

-”ਪਰ ਬੇਬੇ ਉਹ ਕੀ ਕਰਨ ਜਿਹਨਾਂ ਕੋਲੇ ਹੱਥਾਂ ਦੀ ਮੈਲ ਵੀ ਹੈ ਨਹੀਂ?”

-”……….!”

-”ਬਲਦੀ ਦੇ ਬੂਥੇ ਆਏ ਬੰਦੇ ਨੂੰ ਦੇਣਾ ਪੈਂਦੈ-ਇਹ ਠੀਕ ਗੱਲ ਐ-ਪਰ ਦਿਨੋਂ ਦਿਨ ਪੁਲਸ ਦਾ ਮੂੰਹ ਪਈ ਜਾਂਦੈ-ਕੁੱਤੇ ਦੇ ਮੂੰਹ ਲਹੂ ਲੱਗਿਐ ਕਦੋਂ ਭਲੀ ਗੁਜਾਰੂ?”

-”………..!”

-”ਬੇਬੇ ਇਹ ਤਾਂ ਲਹੂ ਪੀਣੀਆਂ ਜੋਕਾਂ ਐਂ-ਜਿੱਧਰ ਮੂੰਹ ਪੈ ਗਿਆ-ਸੂਟੀਂ ਖਿੱਚਣਗੇ।”

-”ਫੇਰ ਕਮਲਿਆ ਪੁੱਤਾ ਕੋਈ ਵੱਸ ਐ? ਜਿਹਨਾਂ ਦਾ ਗੋਲੀ ਮੂਹਰੇ ਖੜ੍ਹੈ-ਉਹ ਤਾਂ ਦੇਣਗੇ ਈ-ਦੱਸ ਹੋਰ ਕੋਈ ਚਾਰਾ ਹੈ?”

-”ਚਾਰੇ ਬੇਬੇ ਬਥੇਰ੍ਹੇ-ਪਰ ਕੋਈ ਮਗਰ ਨਹੀਂ ਲੱਗਦਾ-।” ਮੁੰਡੇ ਨੇ ਘੋਰ ਮਾਯੂਸੀ ਵਿਚ ਸਿਰ ਫੇਰਿਆ।

ਮਾਂ ਅਜੇ ਵੀ ਥਾਲੀ ਲਈ ਖੜ੍ਹੀ ਸੀ ਕਿ ਬਾਹਰੋਂ ਬਾਪੂ ਆ ਗਿਆ। ਸਾਬਤ ਸੂਰਤ ਦਸਤਾਰ ਸਿਰਾ ਬਾਪੂ ਦਸਾਂ ਨਹੁੰਆਂ ਦੀ ਕਿਰਤ ਕਮਾਈ ਕਰਨ ਵਾਲਾ ਸਿੱਧਾ ਸਾਧੂ ਬੰਦਾ ਸੀ। ਹਰ ਵਕਤ “ਧੰਨ ਕਰਤਾਰ-ਧੰਨ ਕਰਤਾਰ” ਜਪਣ ਵਾਲਾ ਜਪਨਾਮ ਸਿੰਘ ਇੱਕ ਸੱਚ ਦੀ ਮੂਰਤ ਸੀ। ਸਾਰੀ ਜਿ਼ੰਦਗੀ ਕਿਸੇ ਨਾਲ ਬੋਲ ਵਿਗਾੜ ਨਹੀਂ ਹੋਇਆ ਸੀ। ਜਿਸ ਕਰਕੇ ਪਿੰਡ ਦਾ ਹਰ ਬੰਦਾ-ਬੁੜ੍ਹੀ, ਬੱਚਾ-ਬੱਚੀ ਉਸ ਦੀ ਇੱਜ਼ਤ ਕਰਦਾ ਸੀ। ਪਿੰਡ ਵਾਲੇ ਆਮ ਕਰਕੇ ਉਸ ਨੂੰ “ਕੱਛ ਵਾਲਾ ਭਾਈ” ਕਹਿ ਕੇ ਬੁਲਾਉਂਦੇ ਸਨ।

-”ਆ ਗਿਐਂ ਬਈ ਸ਼ੇਰਾ-ਐਨੇ ਦਿਨ ਲਾਅਤੇ?” ਬਾਪੂ ਨੇ ਆਉਣਸਾਰ ‘ਗੁਰਲਾਲ’ ਨੂੰ ਪੁੱਛਿਆ। ਬਾਪੂ ਉਸ ਨੂੰ ‘ਗੁਰਲਾਲ’ ਜਾਂ ‘ਪਾਲੀ’ ਆਖਦਾ ਸੀ।

-”ਬੱਸ ਬਾਪੂ ਜੀ ਕਾਲਜ ਵਿਚ ਇੱਕ ਝਗੜਾ ਜਿਆ ਹੋ ਗਿਆ ਸੀ ਮੁੰਡਿਆਂ ‘ਚ-ਉਸੇ ਨੂੰ ਨਿਪਟਾਉਣ ‘ਚ ਲੱਗੇ ਰਹੇ।”

-”ਨਿੱਬੜ ਗਿਆ?”

-”ਨਿੱਬੜਿਆ ਤਾਂ ਖੈਰ ਨਹੀ-ਪਰ ਨਿੱਬੜ ਜਾਊਗਾ-ਸ਼ਰਾਰਤੀ ਮੁੰਡੇ ਪੱਟੀ ਨਹੀ ਬੱਝਣ ਦਿੰਦੇ।”

-”ਸ਼ਰਾਰਤੀਆਂ ਦਾ ਕੰਮ ਕੀ ਹੁੰਦੈ? ਉਂਗਲ ਲਾਓ, ਡਹਾਓ ਤੇ ਆਪ ਤਮਾਸ਼ਾ ਦੇਖੋ।”

-”ਜੋਧ ਦਾ ਕੀ ਬਣਿਆਂ?” ਬੇਬੇ ਨੇ ਪੁੱਛਿਆ।

-”ਬਣਨਾ ਕੀ ਸੀ? ਮੁੰਡੇ ਨੂੰ ਸਦਰ ਠਾਣੇ ਲੈ ਗਏ-ਹਵਾਲਾਟ ‘ਚ ਰੱਖਿਐ-ਅੱਗੇ ਲੇਖਾ ਗੁਰੂ ਜਾਣੇ।” ਜਪਨਾਮ ਸਿੰਘ ਹਰ ਕੌਰ ਨੂੰ ਆਖ ਰਿਹਾ ਸੀ।

-”ਮਗਰ ਗਏ ਸੀ-ਕੁਛ ਪੱਲੇ ਪਿਆ?”

-”ਹੈ ਕਮਲੀ! ਪੱਲੇ ਕੀ ਪੈਣਾ ਸੀ? ਐਮ ਐਲੇ ਕੋਲੇ ਗਏ ਸੀ-ਉਹ ਅੱਗਿਓਂ ਦਾਰੂ ਨਾਲ ਰੱਜਿਆ ਬੈਠਾ।”

-”ਹੈ ਤੇਰੇ ਕੀੜੇ ਪੈਣ-ਫੇਰ?”

-”ਫੇਰ ਐਮ ਪੀ ਕੋਲੇ ਗਏ-ਉਹਨੇ ਚਿੱਟਾ ਈ ਜਵਾਬ ਦੇ ਦਿੱਤਾ।”

-”ਕੀ ਕਹਿੰਦਾ?”

-”ਕਹਿਣਾ ਕੀ ਸੀ? ਕਹਿੰਦਾ ਸਾਡੇ ਕੋਈ ਬੱਸ ਨਹੀ-ਪੁਲਸ ਅੱਜ ਕੱਲ੍ਹ ਕਿਸੇ ਦੀ ਨਹੀ ਸੁਣਦੀ-ਗੌਰਮਿੰਟ ਦੇ ਰੱਸੇ ਲਾਹੇ ਹੋਏ ਐ-ਬਈ ਲੁੱਟੋ ਮਾਰੋ ਤੇ ਖਾਓ!”

-”ਹੈਅ ਤੁਸੀਂ ਗਰਕ ਜਾਓਂ ਸਾਰੇ ਈ-ਤਾਂ ਵੀ ਕੋਈ ਰਾਹ ਤਾਂ ਦੱਸਿਆ ਈ ਹੋਊ?”

-”ਉਹ ਤਾਂ ਇਹ ਕਹਿੰਦੈ-ਬਈ ਪੈਸੇ ਦੇ ਕੇ ਛੁਡਾ ਸਕਦੇ ਓ ਤਾਂ ਛੁਡਾ ਲਓ-ਤੇ ਨਹੀ ਲੱਕੜਾਂ ਤਿਆਰ ਰੱਖੋ-ਖ਼ਬਰ ਪਹੁੰਚੀ ਖੜ੍ਹੀ ਐ।”

-”ਹੈਅ ਥੋਨੂੰ ਡੋਬਾ ਪੈ ਜੇ ਸਾਰਿਆਂ ਨੂੰ-ਵੋਟਾਂ ਮੰਗਣ ਆਉਣਗੇ ਤਾਂ ਗੱਲੀਂ ਵਾਰੇ ਨਹੀ ਆਉਣ ਦਿੰਦੇ-ਅਸੀਂ ਔਹ ਕਰ ਦਿਆਂਗੇ ਤੇ ਪਿੱਛੋਂ ਤੂੰ ਕੌਣ ਮੈ ਕੌਣ-ਪੈ ਜੇ ਮੌਤ ਇਹਦੇ ਜਣਦਿਆਂ ਨੂੰ।” ਬੇਬੇ ਗੁੱਸੇ ਵਿਚ ਤਾਣੀ ਵਾਂਗ ਕੰਬਣ ਲੱਗ ਪਈ ਸੀ।

-”ਕੋਈ ਹਾਥ ਨਹੀ ਕਿਸੇ ਨੂੰ ਹਰ ਕੁਰੇ-ਇਹਨਾਂ ਨੂੰ ਤਾਂ ਗੁਰੂ ਈ ਸੁਮੱਤ ਬਖ਼ਸ਼ੇ!”

-”ਠਾਣਿਓਂ ਕਨਸੋਅ ਲੈ ਲੈਣੀ ਸੀ-ਉਹ ਜਾਣੇ ਮੂੰਹ ‘ਚ ਹੱਡ ਦੇਣ ਤੇ ਬੰਦਾ ਛੁਡਵਾਉਣ।”

-”ਠਾਣੇ ਵੀ ਗਏ ਸੀ-।”

-”ਫੇਰ-?”

-”ਠਾਣੇਦਾਰ ਨੇ ਵੀ ਮਿੱਠੀ ਉਂਗਲ ਚਟਾ ਕੇ ਮੋੜ ਦਿੱਤੇ-ਰਾਹ ਕੋਈ ਨਹੀ ਦਿੱਤਾ।”

-”ਹੇ ਵਾਹਿਗੁਰੂ!”

-”ਮੁੱਖ ਮੰਤਰੀ, ਡੀ ਸੀ, ਪੁਲਸ ਮੁਖੀ ਤੇ ਗਵਰਨਰ ਨੂੰ ਤਾਰਾਂ ਦਿੱਤੀਐਂ-ਅੱਗੇ ਦੇਖੋ ਕੀ ਬਣਦੈ-ਗੁਰੂ ਸੁੱਖ ਰੱਖੇ!”

-”ਤਾਰਾਂ ਨੂੰ ਕੌਣ ਪੁੱਛਦੈ ਬਾਪੂ-ਸਰਸਰੀ ਨਜਰ ਮਾਰ ਕੇ ਕੂੜੇ ‘ਚ ਵਗਾਹ ਮਾਰਦੇ ਐ-ਕੁੱਤੀ ਚੋਰਾਂ ਨਾਲ ਰਲੀ ਹੋਈ ਐ-ਅੰਦਰੋਂ ਬਾਹਰੋਂ-ਵੱਡੇ ਛੋਟੇ-ਇਹ ਸਾਰੇ ਇੱਕ ਐ।” ਗੁਰਪਾਲ ਨੇ ਆਖਿਆ।

-”ਤੇਰਾ ਲਾਡਲਾ ਅੱਜ ਰੋਟੀ ਨਹੀ ਖਾਂਦਾ।”

-”ਕਿਉਂ ਨਹੀ ਖਾਂਦਾ?”

-”ਬੱਸ ਪਤਾ ਨਹੀ-ਨਾ ਈ ਅੱਜ ਦੁੱਧ ਪੀਤੈ।” ਬੇਬੇ ਨੇ ਸ਼ਕਾਇਤ ਲਾਈ।

-”ਕਿਉਂ ਬਈ ਗੁਰੂ ਦੇ ਲਾਲ ਅੱਜ ਦੁੱਧ ਨਹੀ ਪੀਤਾ ਸੋਹਣਿਆਂ?”

-”ਬੱਸ ਬਾਪੂ ਜੀ ਦਿਲ ਹੀ ਨਹੀ ਕੀਤਾ।”

-”ਭੱਠੀ ‘ਚ ਬਾਲਣ ਨਾ ਹੋਊ ਮਘੂ ਕਿਵੇਂ?”

-”…….!”

-”ਮੈਂ ਦੱਸ ਬੈਠੀ ਜੋਧ ਬਾਰੇ ਅੱਜ।”

-”ਕਾਹਨੂੰ ਦੱਸਣਾ ਸੀ ਇਸ ਸਿੱਧਰੇ ਨੂੰ? ਤੂੰ ਲਿਆ ਰੋਟੀ-ਗੁਰੂ ਦੇ ਲਾਲਾ-ਗੁਰੂ ਦੇ ਸਿੰਘ ਨੂੰ ਭਾਣੇ ਦੇ ਅੰਦਰ ਰਹਿ ਕੇ ਸਾਰਾ ਕੁਛ ਜਰਨਾਂ ਪੈਂਦੈ-ਛੱਡਿਆ ਪੁੱਤ ਕੁਛ ਨਹੀ ਜਾਂਦਾ-ਗੁਰੂ ਦੀਆਂ ਲਾਡਲੀਆਂ ਫੌਜਾਂ ਘੋੜਿਆਂ ਤੇ ਸੌਂ ਕੇ-’ਕੱਲੇ ਛੋਲੇ ਚੱਬ ਕ-ਦੁਸ਼ਮਣ ਦੀਆਂ ਫੌਜਾਂ ਦੇ ਛੱਕੇ ਛੁਡਾਉਂਦੀਆਂ ਰਹੀਐਂ-ਟੱਕਰ ਲੈਂਦੀਆਂ ਰਹੀਆਂ-ਤੇ ਤੂੰ ਮਾੜੀ ਜਿਹੀ ਖਬਰ ਸੁਣ ਕੇ ਅੰਨ ਤਿਆਗ ਗਿਐਂ? ਵਾਹ ਬਈ ਵਾਹ! ਮਾਰੇਂਗਾ ਮੋਰਚੇ-ਖਾਹ ਟੁੱਕ ਦੀ ਬੁਰਕੀ ਗੁਰੂ ਦਾ ਨਾਂ ਲੈ ਕੇ-ਬੋਲ ਵਾਹਿਗੁਰੂ!”

ਬਾਪੂ ਦੇ ਆਖਣ ‘ਤੇ ਗੁਰਪਾਲ ਨੇ ਰੋਟੀ ਖਾ ਲਈ।

ਦੁੱਧ ਪੀ ਲਿਆ।

ਬਾਪੂ ਦੀਆਂ ਚੜ੍ਹਦੀ ਕਲਾ ਦੀਆਂ ਗੱਲਾਂ ਹਮੇਸ਼ਾ ਗੁਰਪਾਲ ਅੰਦਰ ਨਰੋਏ ਖੂਨ ਦਾ ਸੰਚਾਰ ਕਰਕੇ ਉਸ ਨੂੰ ਤਰੋਤਾਜ਼ਾ ਕਰਦੀਆਂ ਸਨ। ਡੋਲਣ ਨਹੀ ਦਿੰਦੀਆਂ ਸਨ। ਜਪਨਾਮ ਸਿੰਘ ਜਿਵੇਂ ਗੁਰਪਾਲ ਦਾ ਬਾਪੂ ਨਹੀ, ਕੋਈ ਦਰਵੇਸ਼, ਕੋਈ ਫ਼ੱਕਰ, ਕੋਈ ਫ਼ਕੀਰ, ਕੋਈ ਦੇਵਤਾ ਸੀ। ਬਾਪੂ ਦਾ ਉਹ ਰੱਬ ਜਿੰਨਾਂ ਆਸਰਾ ਮੰਨਦਾ ਸੀ। ਉਸ ਨੂੰ ਆਪਣਾ ਮਾਰਗ-ਦਰਸ਼ਕ ਸਮਝਦਾ ਸੀ। ਉਸ ਦਾ ਧਰਮੀਂ ਬਾਪ ਗੁਣਾਂ ਦਾ ਖ਼ਜ਼ਾਨਾ ਸੀ। ਪ੍ਰੇਰਨਾ ਸਰੋਤ ਸੀ।

ਕੀਰਤਨ ਸੋਹਿਲੇ ਤੋਂ ਬਾਅਦ ਬਾਪੂ ਅਤੇ ਬੇਬੇ ਨੇ ਅਰਦਾਸ ਕੀਤੀ। ਰਾਤ ਗੂਹੜ੍ਹੀ ਹੋ ਚੁੱਕੀ ਸੀ।

This entry was posted in ਪੁਰਜਾ ਪੁਰਜਾ ਕਟਿ ਮਰੈ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>