Punjab News - Quami Ekta Punjabi Newspaper (ਕੌਮੀ ਏਕਤਾ) » ਅਜੀਤ ਸਤਨਾਮ ਕੌਰ

ਮਿੱਟੀ ਵਾਲਾ ਰਿਸ਼ਤਾ
(ਜਿੰਦਗੀ ਦੇ ਵਰਕਿਆਂ ਤੋਂ)

ਲੌਕਡਾਊਨ ਕਾਰਨ ਮੈਨੂੰ ਭਾਰਤ ਲੰਬਾ ਸਮਾਂ ਰਹਿਣਾ ਪੈ ਗਿਆ। ਮੈਨੂੰ ਇਸ ਮਹਾਂਮਾਰੀ ਦੇ ਸਮੇਂ ਵਿੱਚ ਰਿਸ਼ਤਿਆਂ ਨੂੰ ਬਹੁਤ ਨਜ਼ਦੀਕ ਤੋਂ ਵੇਖਣ ਦਾ ਮੌਕਾ ਮਿਲਿਆ!

ਗਲੀ ਦੇ ਚੌਥੇ ਘਰ ਦੇ ਬੂਹੇ ਮੂਹਰੇ ਬੁੱਢੀ ਰੱਜੋ ਅੰਮਾ ਆਪਣੀ ਸੋਟੀ ਨਾਲ ਹੌਲੀ-ਹੌਲੀ ਜ਼ਮੀਨ ਦੀ ਮਿੱਟੀ ਨੂੰ ਖੁਰਚ ਰਹੀ ਸੀ…ਬਹੁਤ ਖ਼ਾਮੋਸ਼…ਦੁਖੀ….ਇੱਕਲੀ!

ਕਰੋਨਾ ਟੀਮ ਨੇ ਆ ਕੇ ਘਰ ਵਿੱਚ ਭੜਥੂ ਪਾ ਦਿੱਤਾ, “ਮਰਨ ਵਾਲੇ ਦਾ ਨਾਮ ਨੰਦੂ ਹੈ?..ਕਿੱਥੇ ਹੈ ਲਾਸ਼?…ਵੇਰਵੇ ਦੇ ਕਾਗਜ਼ ਦੇਵੋ?…..ਪ੍ਰੀਵਾਰ ਦੇ ਸਾਰੇ ਲੋਕ ਮ੍ਰਿਤਕ ਨਾਲ ਨਹੀਂ ਜਾਣੇ…ਜਿਸ ਨੇ ‘ਲਾਂਬੂ’ ਲਾਣਾ, ਉਹ ਹੀ ਬਾਹਰ ਆਵੇ…ਦੋ ਹੋਰ ਜਣੇ ਨਾਲ ਜਾ ਸਕਦੇ ਨੇ, ਬੱਸ …!” ਕਰੋਨਾ ਟੀਮ ਵਾਲੇ ਆਪਣਾ ਕੰਮ ਪੂਰਾ ਕਰਦੇ ਹੋਏ ਅਵਾ-ਤਵਾ ਜ਼ਰੂਰੀ ਗੱਲਾਂ ਦੀ ਸੂਚਨਾ ਦੇ ਰਹੇ ਸਨ।

ਰੱਜੋ ਅੰਮਾ ਰੋ-ਰੋ ਬੇਹਾਲ ਹੋਈ, ਜ਼ਮੀਨ ਉੱਤੇ ਪਈ, ਵੇਹੜੇ ਵਿੱਚ ਬਣੇ ਕਮਰਿਆਂ ਦੇ ਬੂਹਿਆਂ ਵੱਲ ਬੜੀ ਆਸ ਨਾਲ ਤੱਕ ਰਹੀ ਸੀ….

ਰੱਜੋ ਅੰਮਾ ਦੇ ਦੋ ਪੁੱਤ ਨੰਦੂ ਅਤੇ ਬੰਟੀ ਸਨ। ਇੱਕ ਧੀ, ਜੋ ਵਿਆਹ ਕੇ ਆਪਣੇ ਘਰ ਚਲੀ ਗਈ ਸੀ। ਦੋਵੇਂ ਪੁੱਤ ਵੀ ਵਿਆਹੇ ਗਏ ਸਨ। ਦੋਹਾਂ ਦਾ ਭਰਿਆ-ਪੂਰਿਆ ਪ੍ਰੀਵਾਰ ਸੀ। ਇਸ ਵੇਹੜੇ ਵਿੱਚ ਆਪਣੀ-ਆਪਣੀ ਹੱਦ ਬਣਾ ਕੇ, ਅੰਮਾ ਦੇ ਦੋਵੇਂ ਪੁੱਤਾਂ ਦੇ ਪ੍ਰੀਵਾਰ ਆਪਣੀਆਂ-ਆਪਣੀਆਂ ਰੋਟੀਆਂ ਸੇਕ ਰਹੇ ਸਨ। ਰੱਜੋ ਦਾ ਪਤੀ ਸੂਰਜ ਮੱਲ ਵੇਹਲੜ ਸੁਭਾਅ ਦਾ ਸੀ ਅਤੇ ਆਪਣੀ ਜਿ਼ੰਮੇਵਾਰੀ ਨਹੀਂ ਸੀ ਸਮਝਦਾ। ਇਸ ਲਈ ਰੱਜੋ ਅੰਮਾ ਤਿੰਨੋ ਨਿਆਣਿਆਂ ਨੂੰ ਪਾਲਣ ਲਈ ਕੋਠੀਆਂ ਵਿੱਚ ਕੰਮ ਕਰ, ਜਵਾਨੀ ਵਿੱਚ ਆਪਣੀਆਂ ਹੱਡੀਆਂ ਨੂੰ ਰਗੜਦੀ ਰਹੀ। ਬੱਚੇ ਜਦੋਂ ਆਪਣੀ ਕਮਾਈਆਂ ਵਾਲੇ ਹੋ ਗਏ ਤਾਂ ਰੱਜੋ ਦੀਆਂ ਕਮਜ਼ੋਰ ਪੈ ਰਹੀਆਂ ਹੱਡੀਆਂ ਨੇ ਸੁੱਖ ਦਾ ਸਾਹ ਲਿਆ। ਸਾਲ 2020 ਵਿੱਚ ਆਏ ‘ਕਰੋਨਾ’ ਨੇ ਰੱਜੋ ਦੇ ਪਤੀ ਨੂੰ ਆਪਣੀ ਚਪੇਟ ਵਿੱਚ ਲੈ ਲਿਆ…!

“ਘਰ ਵਿੱਚ ਛੋਟੇ ਬੱਚੇ ਹਨ, ਅੰਮਾ..! ਇਸ ਨੂੰ ਕਹਿ ਕੇ ਸਰਕਾਰੀ ਹਸਪਤਾਲ ਜਾ ਕੇ ਟੈਸਟ ਕਰਵਾ ਲੈ…ਹਰ ਵੇਲੇ ਖਊ-ਖਊਂ ਕਰਦਾ ਰਹਿੰਦਾ ਹੈ…!” ਰੱਜੋ ਦੇ ਵੱਡੇ ਪੁੱਤਰ ਨੰਦੂ ਨੇ ਰੋਸ ਕੀਤਾ। ਕੱਲ੍ਹ ਹੀ ਹਜੇ ਛੋਟਾ ਬੇਟਾ ਬੰਟੀ ਪਿਉ ਨਾਲ ਉਲਝ ਕੇ ਹਟਿਆ ਸੀ। ਰੱਜੋ ਦਾ ਪਤੀ ਸੂਰਜ ਮੱਲ ਬਿਮਾਰ ਹੋ ਗਿਆ ਸੀ।

“…ਮੈਂ ਕੋਠੀ ਵਾਲਿਆਂ ਨੂੰ ਪੁੱਛ ਕੇ ਆਈ ਹਾਂ, ਤੂੰ ਜਾਹ ਸਰਕਾਰੀ ਹਸਪਤਾਲ..! ਉਥੇ ਕੀਰਤ ਸਿੰਘ ਕੰਮ ਕਰਦਾ ਹੈ, ਕੋਠੀ ਵਾਲੇ ਦਾ ਨਾਮ ਲੈ ਦੇਵੀਂ..ਆਪੇ ਤੇਰਾ ਦਾਖਲਾ ਹੋਜੂ…!” ਘਰ ਵਿੱਚ ਮੱਚਦੇ ਕਲੇਸ਼ ਨੂੰ ਠੱਲ੍ਹ ਪਾਣ ਲਈ, ਰੱਜੋ ਨੇ ਆਪ ਹੀ ਭੱਜ-ਨੱਠ ਕਰ ਕੇ ਬਿਮਾਰ ਪਤੀ ਸੂਰਜ ਮੱਲ ਨੂੰ ਹਸਪਤਾਲ ਭਰਤੀ ਕਰਵਾਉਣ ਲਈ ਲੋਕਾਂ ਦਾ ਮਿੰਨਤ-ਤਰਲਾ ਕਰ ਲਿਆ। ‘ਕਰੋਨਾ’ ਹੋਣ ਦੇ ਸ਼ੱਕ ਕਾਰਣ ਘਰੋਂ ਦੋਂਵੇ ਪੁੱਤਰ, ਆਪਣੇ ਪਿਉ ਸੂਰਜ ਮੱਲ ਨਾਲ ਹਸਪਤਾਲ ਲਈ ਨਾ ਟੁਰੇ। ‘ਪਤਨੀ ਧਰਮ’ ਨਿਭਾਉਂਣ ਲਈ ਰੱਜੋ ਨੇ ਪਤੀ ਨਾਲ ਜਾਣਾ ਹੀ ਆਪਣਾ ‘ਫ਼ਰਜ਼’ ਸਮਝਿਆ…..

“…ਹਾਏ ਵੇ! ਤੇਰੇ ਬਾਪੂ ਨੂੰ ‘ਕਰੋਨਾ’ ਹੋ ਗਿਆ…ਉਨ੍ਹਾਂ ਤੇਰੇ ਬਾਪੂ ਨੂੰ ਹਸਪਤਾਲ ਵਿੱਚ ਭਰਤੀ ਕਰ ਲਿਆ ਹੈ…!” ਘਰ ਦੇ ਬੂਹੇ ਤੋਂ ਹੀ ਹਾਕ ਜਹੀ ਮਾਰ ਕੇ ਰੱਜੋ ਅੰਮਾ ਨੇ ਪ੍ਰੀਵਾਰ ਨੂੰ ਸੂਚਨਾ ਦਿੱਤੀ।

“………ਤੇਰਾ ਦਿਮਾਗ ਖਰਾਬ ਹੋ ਗਿਆ ਹੈ..? ਜਦ ਪਤਾ ਸੀ ਕਿ ‘ਬੁੱਢਾ’ ਖੰਘ ਰਿਹਾ ਹੈ, ਤਾਂ ਨਾਲ ਜਾਣਾ ਕਿੰਨਾ ਕੁ ਜ਼ਰੂਰੀ ਸੀ? …ਇਹ ਘਾਤਕ ਮਹਾਂਮਾਰੀ ਹੈ, ਇਸ ਵਿੱਚ ਰਿਸ਼ਤਿਆਂ ਦਾ ਨਹੀਂ, ਆਪਣੀ ਜਾਨ ਦਾ ਫਿ਼ਕਰ ਕਰੋ.. ਅੰਮਾ..!” ਵੱਡੇ ਪੁੱਤ ਨੰਦੂ ਨੇ ਦਹਾੜ ਮਾਰੀ। ਜਦੋਂ ਮਾਂ ਕੋਲੋਂ ਪਤਾ ਚੱਲਿਆ ਕਿ ਬਾਪੂ ਹਸਪਤਾਲ ਦੀ ਰਿਪੋਰਟ ਵਿੱਚ ‘ਕਰੋਨਾ’ ਪੌਜ਼ੀਟਿਵ ਆਇਆ ਹੈ।

“…….!” ਰੱਜੋ ਅੰਮਾ ਦਾ ਸਰੀਰ ਕੰਬ ਗਿਆ ਅਤੇ ਅੱਖਾਂ ਛੱਲ-ਛੱਲ ਬਰਸ ਪਈਆਂ। ਰੱਜੋ ਸਹਾਨਭੂਤੀ ਦੀ ਆਸ ਕਰ ਰਹੀ ਸੀ। ਪ੍ਰੰਤੂ ਪਤੀ ਦਾ ਸਾਥ ਦੇਣ ਕਾਰਨ ਪੁੱਤਾਂ ਨੇ ਜਿਵੇਂ ਉਸ ਨੂੰ ਅਪਰਾਧੀ ਘੋਸਿ਼ਤ ਕਰ ਦਿੱਤਾ ਹੋਵੇ।

“ਘਰ ਵਿੱਚ ਸਾਡੇ ਬੱਚੇ ਨੇ…. ਅੰਮਾ ਤੂੰ ਹੁਣ ਦਸ ਦਿਨ ਆਪਣੇ ਕਮਰੇ ਵਿੱਚ ਹੀ ਰਹੀਂ, ਉਥੇ ਹੀ ਤੇਰੀ ਰੋਟੀ ਪਹੁੰਚ ਜਾਏਗੀ..!” ਛੋਟੇ ਪੁੱਤ ਬੰਟੀ ਨੇ ਵੱਡੇ ਭਰਾ ਦਾ ਸਾਥ ਦਿੱਤਾ। ਆਪਣੇ ਚੁੰਨੀ ਦੇ ਪੱਲੇ ਨੂੰ ਅੱਖਾਂ ‘ਤੇ ਰੱਖ ਰੱਜੋ ਚੁੱਪ ਚਾਪ ਭਾਰੀ ਕਦਮਾਂ ਨਾਲ ਆਪਣੇ ਕਮਰੇ ‘ਚ ਚਲੀ ਗਈ, ਬਿਮਾਰ ਪਤੀ ਦਾ ਸਾਥ ਦੇਣ ਦੀ ਸਜ਼ਾ ਭੁਗਤਣ ਲਈ!

ਹਰ ਦਿਨ ਆਪਣੇ ਪਤੀ ਸੂਰਜ ਮੱਲ ਦੀ ਚੰਗੀ ਸਿਹਤ ਦੀ ਅਰਦਾਸ ਕਰਦੀ, ਅਤੇ ਘਰ ਮੁੜ ਆਉਣ ਦੀਆਂ ਔਸੀਆਂ ਪਾ ਰਹੀ ਸੀ, ਪ੍ਰੰਤੂ ਦੋਵੇ ਪੁੱਤਰ ਨਿਸ਼ਚਿੰਤ ਜਿਹੇ ਹੋ ਗਏ ਸੀ, ਕਿ ਜੋ ਹੋਣਾ ਉਹ ਤਾਂ ਹਸਪਤਾਲ ਦੀ ਹੀ ਡਿਊਟੀ ਸੀ। ਚਾਰ ਕੁ ਦਿਨ ਬਾਅਦ ਹੀ ਹਸਪਤਾਲ ਤੋਂ ਸੂਚਨਾ ਆ ਗਈ ਕਿ ਸੂਰਜ ਮੱਲ ਕਰੋਨਾ ਦੀ ਬਿਮਾਰੀ ਕਾਰਨ ਮਰ ਗਿਆ ਹੈ। ਲਾਸ਼ ਘਰ ਨਹੀਂ ਆਉਣੀ ਸੀ ਅਤੇ ਘਰੋਂ ਹਸਪਤਾਲ ਕੋਈ ਗਿਆ ਨਹੀਂ ਸੀ, ਨਾਂ ਹੀ ਰੱਜੋ ਨੂੰ ਜਾਣ ਦਿੱਤਾ ਸੀ….“ਕੀ ਕਰਨਾ ਜਾ ਕੇ? ਉੱਥੇ ਕਿਹੜਾ ਮ੍ਰਿਤਕ ਦਾ ਮੂੰਹ ਵੇਖਣ ਦਿੰਦੇ ਨੇ, ਉਲਟਾ ਤੂੰ ਹੋਰ ਕੋਈ ਬਿਮਾਰੀ ਚਮੇੜ ਲਿਆਏਂਗੀ!”

…..ਰੱਜੋ ਦਿਨ ਵਿੱਚ ਕਈ ਵਾਰ ਆਪਣੇ ਪਤੀ ਨੂੰ ਯਾਦ ਕਰ ਰੋ ਲੈਂਦੀ। ਰੱਜੋ ਨੂੰ ਇਸ ਗੱਲ ਦਾ ਸੰਤੋਖ ਅਤੇ ਸੰਤੁਸ਼ਟੀ ਸੀ ਕਿ ਬਿਮਾਰ ਪਤੀ ਦੀ ਬਾਂਹ ਫ਼ੜ ਆਪ ਹਸਪਤਾਲ ਇਲਾਜ਼ ਲਈ ਲੈ ਗਈ ਸੀ। ਜਦੋਂ ਨਰਸ ਸੂਰਜ ਮੱਲ ਨੂੰ ਵੀਲ-ਚੇਅਰ ‘ਤੇ ਬਿਠਾ ਕੇ ਲਿਜਾਣ ਲੱਗੀ ਸੀ, ਤਾਂ ਬਿਮਾਰੀ ਨਾਲ ਨਿਰਬਲ ਪਤੀ ਨੇ ਰੱਜੋ ਦਾ ਹੱਥ ਫ਼ੜ ਲਿਆ….. ਸੂਰਜ ਮੱਲ ਦੀਆਂ ਹੰਝੂਆਂ ਨਾਲ ਭਰੀਆਂ ਅੱਖਾਂ ਉਸ ਦੇ ਮਨ ਦੇ ਦਰਦ ਨੂੰ ਪ੍ਰਗਟ ਕਰ ਰਹੀਆਂ ਸੀ.. “ਰੱਜੋ, ਜਵਾਨ ਪੱੁਤ ਘਰ ਹੋਣ ਦੇ ਬਾਵਜ਼ੂਦ ਤੇਰੇ ਬੁੱਢੇ ਸਰੀਰ ਨੇ ਹੀ ਮੇਰਾ ਸਾਥ ਦਿੱਤਾ… ਤੇਰੇ ‘ਪਤਨੀ-ਧਰਮ’ ਨੂੰ ਮੇਰਾ ਪ੍ਰਣਾਮ ਹੈ! ਠੀਕ ਹੋ ਕੇ ਜਦ ਵਾਪਸ ਘਰ ਮੁੜਿਆ, ਤਾਂ ਤੇਰੀ ਖੂਬ ਸੇਵਾ ਕਰੂੰਗਾ!!” ਸੂਰਜ ਮੱਲ ਦਾ ਹਿਰਦਾ ਪਾਰੇ ਵਾਂਗ ਪਿਘਲ ਰਿਹਾ ਸੀ। ਪਤੀ ਦਾ ਦਰਦ ਰੱਜੋ ਦੀਆਂ ਅੱਖਾਂ ‘ਚੋਂ ਚੋਅ ਰਿਹਾ ਸੀ। ਨਰਸ ਨੇ ਰੱਜੋ ਨੂੰ ਹੋਲ-ਰੂਮ ਤੋਂ ਅੱਗੇ ਜਾਣ ਤੋਂ ਮਨ੍ਹਾਂ ਕਰ ਦਿੱਤਾ। ਨਰਸ ਸੂਰਜ ਮੱਲ ਨੂੰ ਧੀਰੇ-ਧੀਰੇ ਹਸਪਤਾਲ ਦੇ ‘ਵਾਰਡ’ ਵਿੱਚ ਲੈ ਜਾ ਰਹੀ ਸੀ। ਦੇਖਦੇ-ਦੇਖਦਿਆਂ ਰੱਜੋ ਦਾ ਪਤੀ ਉਸ ਦੀਆਂ ਅੱਖਾਂ ‘ਤੋਂ ਓਝਲ ਹੋ ਗਿਆ ਅਤੇ ਚਾਰ ਦਿਨ ਬਾਅਦ ਇਸ ਦੁਨੀਆਂ ‘ਤੋਂ ਹੀ ਸਦਾ ਲਈ ਅਲੋਪ ਹੋ ਗਿਆ….

……ਖ਼ਬਰਾਂ ਨੇ ਘੜਮੱਸ ਪੱਟੀ ਹੋਈ ਸੀ ਕਿ ਇਹ ਬਿਮਾਰੀ ਕੁਝ ਮਹੀਨੇ ਹੋਰ ਰਹੇਗੀ, ਫ਼ੇਰ ਸਭ ਠੀਕ ਹੋ ਜਾਏਗਾ…. ਪ੍ਰੰਤੂ ਸਾਲ 2021 ਚੜ੍ਹ ਆਇਆ ਅਤੇ ‘ਕਰੋਨਾ’ ਦੀ ਦੂਸਰੀ ਲਹਿਰ ਨੇ ਹੋਰ ਵੀ ਭਿਆਨਕ ਰੂਪ ਧਾਰ ਲਿਆ। ਇਸ ਵਾਰ ਜਵਾਨ ਮੌਤਾਂ ‘ਕਾਲ਼’ ਦਾ ਰੂਪ ਧਰ ਨੱਚ ਰਹੀਆਂ ਸਨ। ਰੱਜੋ ਅੰਮਾ ਉੱਤੇ ਕੁਦਰਤ ਦਾ ਕਹਿਰ ਹਜੇ ਬਾਕੀ ਸੀ….

“…..ਅੰਮਾ…ਆਉ..ਦੇਖੋ ਇਹਨਾਂ ਦਾ ਬੁਖਾਰ ਤਾਂ ਸਿਰ ਨੂੰ ਚੜ੍ਹ ਗਿਆ ਲੱਗਦਾ..?” ਘਬਰਾਈ ਵੱਡੇ ਪੁੱਤ ਨੰਦੂ ਦੀ ਘਰਵਾਲੀ ਚੰਪਾ ਨੇ ਆਪਣੀ ਸੱਸ ਰੱਜੋ ਨੂੰ ਹਾਕ ਮਾਰੀ।

ਰੱਜੋ ਨੇ ਦੌੜ ਕੇ ਆਣ ਆਪਣੇ ਪੁੱਤ ਨੰਦੂ ਨੂੰ ਵੇਖਿਆ, ਜੋ ਬੁਖਾਰ ਨਾਲ ਬੇਸੁੱਧ ਹੋਇਆ ਪਿਆ ਸੀ। ਉਸ ਦੀ ਖੰਘ ਤਾਂ ਘਟ ਗਈ ਸੀ। ਪਰ ਬੁਖਾਰ ਨੇ ਢਾਹਿਆ ਹੋਇਆ ਸੀ। ‘ਕਰੋਨਾ’ ਦੇ ਚੱਲਦਿਆਂ ਨੰਦੂ ਨੂੰ ਵੱਖਰੇ ਕਮਰੇ ਵਿੱਚ ਪਾਇਆ ਹੋਇਆ ਸੀ। ਸਾਰਾ ਪ੍ਰੀਵਾਰ ਬਿਮਾਰ ਨੰਦੂ ਨੂੰ ਹਸਪਤਾਲ ਦਾਖਲ ਨਹੀਂ ਸੀ ਕਰਵਾਉਣਾ ਚਾਹੁੰਦਾ।

“….ਬਾਪੂ ਹਸਪਤਾਲ ਗਿਆ ਚਾਰ ਦਿਨਾਂ ਵਿੱਚ ਮਾਰ ਕੇ ਫੂਕ ਵੀ ਦਿੱਤਾ….ਨੰਦੂ ਦੀ ਘਰੇ ਹੀ ਖੰਘ ਅਤੇ ਬੁਖਾਰ ਦੀ ਦਵਾਈ ਲੈ ਆਉ… ਖੌਰੇ ਕੀ-ਕੀ ਕਰੀ ਜਾਂਦੇ ਨੇ ਹਸਪਤਾਲ ਵਾਲੇ..? ਸੁਣਿਆਂ ਅੰਗ ਕੱਢ ਕੇ ਵੇਚ ਰਹੇ ਨੇ..? ਨਕਲੀ ਟੀਕੇ ਲਾਈ ਜਾ ਰਹੇ ਨੇ…? ਬੁੱਢਿਆਂ ਨੂੰ ਬਿਨਾ ਇਲਾਜ਼ ਮਾਰੀ ਜਾ ਰਹੇ ਨੇ..?” ‘ਕਰੋਨਾ’ ਦੀ ਦਹਿਸ਼ਤ ਨੇ ਮਨੁੱਖਤਾ ਦੀ ਸੋਚਣ ਸ਼ਕਤੀ ਨੂੰ ਹੀ ਬੌਣੀ ਅਤੇ ਸ਼ੱਕੀ ਕੀਤਾ ਹੋਇਆ ਸੀ। ਜਿੰਨੇ ਲੋਕ ਉਤਨੀਆਂ ਖ਼ਬਰਾਂ। ਭਾਂਤ-ਭਾਂਤ ਦੇ ਕਿਆਫ਼ੇ।

….ਨੰਦੂ ਦਾ ਬਿਮਾਰ ਹੋਣਾ ਰੱਜੋ ਲਈ ਕਿਸੇ ਹੋਣੀ ਤੋਂ ਘੱਟ ਨਹੀਂ ਸੀ। ਅੰਮਾ ਦਾ ਛੋਟਾ ਪੁੱਤ ਬੰਟੀ ਆਪਣੇ ਬਿਮਾਰ ਵੱਡੇ ਭਰਾ ਨੰਦੂ ਦੇ ਨੇੜੇ ਨਹੀਂ ਸੀ ਲੱਗਦਾ। ਰੱਜੋ ਅੰਮਾ ਦੇ ਵੇਖਦੇ-ਵੇਖਦੇ ਹੀ ਨੰਦੂ ਦੀ ਬੇਹੋਸ਼ੀ ਗਹਿਰੀ ਹੋ ਗਈ ਅਤੇ ਅਚਾਨਕ ਇੱਕ ਹਾਉਕੇ ਜਹੇ ਨਾਲ ਸਾਹ ਥੰਮ੍ਹ ਗਏ।

“ਨ…ਨਹੀਂ..ਮੇਰੇ ਪੁੱਤ…ਇੰਜ ਨਾ ਜਾਈਂ..ਵੇ ਮੇਰੇ ਸ਼ੇਰਾ..!!” ਚੀਕਾਂ ਮਾਰਦੀ ਰੱਜੋ ਜ਼ਮੀਨ ਉੱਤੇ ਡਿੱਗ, ਪਿੱਟਣ ਲੱਗ ਪਈ। ਮ੍ਰਿਤਕ ਨੰਦੂ ਦੀ ਪਤਨੀ ਚੰਪਾ ਨੇ ਜਦੋਂ ਆਪਣੀ ਸੱਸ ਦਾ ਵਿਰਲਾਪ ਸੁਣਿਆਂ ਤਾਂ ਆਪਣੇ ਆਪ ਨੂੰ ਅਤੇ ਬੱਚਿਆਂ ਨੂੰ “ਸੈਨੇਟਾਇਜ਼” ਕਰ ਕਮਰੇ ਵਿੱਚ ਸਪਰੇਅ ਕਰ, ਬੂਹਾ ਮਾਰ ਲਿਆ….

…..‘ਕਰੋਨਾ ਟੀਮ’ ਨੂੰ ਮੌਤ ਦੀ ਸੂਚਨਾ ਦਿੱਤੀ ਗਈ। ਆ ਕੇ ਟੀਮ ਨੇ ਫ਼ੇਰ ਪੁੱਛਿਆ..“ਕੌਣ ਜਾਏਗਾ ਨਾਲ ਮੁਰਦਘਾਟ?”

ਰੱਜੋ ਅੰਮਾ ਨੇ ਵੇਖਿਆ ਖਿੜਕੀਆਂ ਵਿੱਚੋਂ ਕੁਝ ਅੱਖਾਂ ਝਾਕ ਰਹੀਆਂ ਸਨ। ਪਰ ਬੂਹਿਆਂ ‘ਤੇ ਕੋਈ ਹਲ-ਚਲ ਨਹੀਂ ਸੀ, ਬੂਹੇ ਅੰਦਰੋਂ ਬੰਦ ਸਨ….ਵਿਹੜੇ ਵਿੱਚ ਸੰਨਾਟਾ ਛਾ ਗਿਆ।

ਰੱਜੋ ਅੰਮਾ ਨੇ ਆਪਣੀ ਸੋਟੀ ਚੁੱਕੀ ਅਤੇ ਆਪਣੇ ਘਰਵਾਲੇ ਦੀਆਂ ‘ਚੱਪਲਾਂ’ ਆਪਣੇ ਪੈਰਾਂ ਵਿੱਚ ਪਾ, ਗੱਡਾ ਬਣੇ ਕਦਮਾਂ ਨੂੰ ਜ਼ੋਰ ਲਾ ਕੇ ਘਸੀਟਦੀ ਹੋਈ, ਘਰ ਦੇ ਬੂਹਿਉਂ ਬਾਹਰ ਤੁਰ ਪਈ। ਸਦੀਵੀ ਖ਼ਾਮੋਸ਼ ਪਏ ਮ੍ਰਿਤਕ ਪੁੱਤ ਨੰਦੂ ਦੇ ਕਹੇ ਬੋਲਾਂ ਨੇ ਰੱਜੋ ਦੇ ਦਿਮਾਗ ‘ਚ ਕਟਾਰ ਮਾਰੀ….“ਇਸ ਮਹਾਂਮਾਰੀ ਵਿੱਚ ਰਿਸ਼ਤੇ ਨਿਭਾਣ ਦਾ ਨਹੀਂ…ਆਪਣੇ-ਆਪ ਨੂੰ ਬਚਾਣ ਦਾ ਸਮਾਂ ਹੈ!!” ……..ਰੱਜੋ ਨੇ ਪਰਤ ਕੇ ਨਹੀਂ ਵੇਖਿਆ ਕਿ ਨੰਦੂ ਦੀ ਪਤਨੀ, ਬੱਚਿਆਂ ਜਾਂ ਭਰਾ ਵਿੱਚੋਂ ਕਿਸੇ ਰਿਸ਼ਤੇ ਨੇ ਨੰਦੂ ਦੀ ਆਖਰੀ ਯਾਤਰਾ ਵਿੱਚ ਸ਼ਾਮਲ ਹੋਣ ਦਾ ਹੁੰਗਾਰਾ ਭਰਿਆ ਜਾਂ ਨਹੀਂ। ਲੜਖੜਾਉਂਦੇ ਕਦਮ ਪੁੱਟਦੀ ਰੱਜੋ ਅੰਮਾ ਗਲੀ ਪਾਰ ਕਰ, ‘ਕਰੋਨਾ’ ਵਾਲਿਆਂ ਦੀ ਗੱਡੀ ਕੋਲ ਜਾ ਖੜੀ ਹੋਈ। ਰੱਜੋ ਅੰਮਾ ਦਾ ਅੰਦਰ ਨਿਸ਼ਬਦ ਚੀਖਾਂ ਮਾਰ ਚਿਤਕਾਰ ਕਰ ਰਿਹਾ ਸੀ….

…….ਮੈਂ ਮੂੰਹ ‘ਤੇ ‘ਮਾਸਕ’ ਲਾ, ਰੱਜੋ ਅੰਮਾ ਕੋਲ ਜਾ ਪੁੱਜੀ। ਰੱਜੋ ਨੇ ਆਪਣੀ ਸੋਟੀ ਨਾਲ ਮਿੱਟੀ ਖੁਰਚਣੀ ਰੋਕ ਕੇ ਕਿਹਾ….“ਆ ਧੀਏ,…ਦੋਸ਼ ਤੇ ਰੋਸ ਕਿਸੇ ‘ਤੇ ਨਹੀਂ ਹੈ…ਜਿਸ ‘ਮਿੱਟੀ’ ਨੂੰ ਮੈਂ ਆਪਣੀ ‘ਮਿੱਟੀ’ ਨਾਲ ਬਣਾਇਆ ਸੀ..ਉਸ ‘ਮਿੱਟੀ’ ਦੀ ਜਿ਼ੰਮੇਵਾਰ ਵੀ ਮੈਂ ਹੀ ਸੀ….!!”

ਰੱਜੋ ਅੰਮਾ ਸ਼ਾਇਦ ਮੋਏ ਪੁੱਤ ਦੀਆਂ ਕਹਾਣੀਆਂ ਨਹੀਂ ਸੀ ਪਾਉਣਾ ਚਾਹੁੰਦੀ, ਇਸ ਲਈ ਇੱਕ ਮਾਂ ਆਪਣੀਆਂ ਆਦਰਾਂ ਦੇ ਪ੍ਰਤੀ ਆਪਣਾ ਫ਼ਰਜ਼ ਸਿਰਫ਼ ਇੱਕ ਵਾਕ ਵਿੱਚ ਬਿਆਨ ਕਰ, ਸ਼ਾਂਤ ਹੋ ਗਈ। ਮੈਂ ਨਿਰੁੱਤਰ ਹੋ ਸੋਚ ਰਹੀ ਸੀ..“ਇਤਨੀ ਮਹਾਨ ਅਤੇ ਸਹਿਣਸ਼ੀਲ ਸਿਰਫ਼ ‘ਤੇ ਸਿਰਫ਼ ਇੱਕ ਮਾਂ ਹੀ ਹੋ ਸਕਦੀ ਹੈ!….ਦੁਨੀਆਂ ਵਿੱਚ ਹਰ ਰਿਸ਼ਤਾ ਆਪਣੀਂ ਹੋਂਦ ਬਦਲ ਸਕਦਾ ਹੈ, ਪ੍ਰੰਤੂ ‘ਮਿੱਟੀ’ ਦੇ ਰਿਸ਼ਤੇ ਦੀ ਪੈਰਵੀ ਮਾਂ ਦੇ ਹੱਥ ਹੋਣ ਕਾਰਣ ‘ਕੁੱਖ’ ਤੋਂ ਉਪਜ ਕੇ ਮਿੱਟੀ, ਮਰ-ਮੁੱਕ ਜਾਣ ਤੋਂ ਬਾਅਦ, ਧਰਤੀ ਮਾਂ ਦੀ ਆਗੋਸ਼ ਵਿੱਚ ਸਮਾਅ ਫੇਰ ਮਿੱਟੀ ਵਿੱਚ ਜਾ ਰਲਦੀ ਹੈ। ਇੱਕ ਮਾਂ ਆਪਣੀ ਮਿੱਟੀ ਨੂੰ, ਦੂਜੀ ਮਾਂ ਨੂੰ ਸੌਂਪ ਨਿਸ਼ਚਿੰਤ ਹੋ ਜਾਦੀਂ ਹੈ।

ਇਹ ਲਹੂ ਮੇਰਾ ਹੈ
ਟੀ ਵੀ ਦੀਆਂ ਖ਼ਬਰਾਂ ਦੇਖਦੇ ਹੋਏ ਪੂਰਨ ਖੰਨਾ ਦੇ ਹੱਥ ਕੰਮ ਰਹੇ ਸੀ। ਜਦ ਦਾ ਉਸ ਦਾ ਪਰਿਵਾਰ ਕਸ਼ਮੀਰ ਹਮਲੇ ਵਿੱਚ ਮਾਰਿਆ ਗਿਆ, ਪੂਰਨ ਖੰਨਾ ਨੂੰ ਖ਼ਬਰਾਂ ਤੋਂ ਹੀ ਦਹਿਸ਼ਤ ਹੋ ਗਈ ਸੀ। ਕੋਲ ਬੈਠੀ ਪਤਨੀ ਕਨੇਰ ਖੰਨਾ ਨੇ ਛੇਤੀ ਨਾਲ ਵਧ ਕੇ ਪਤੀ ਨੂੰ ਸੰਭਾਲਿਆ। ਘਬਰਾਹਟ ਨਾਲ ਪੂਰਨ ਖੰਨਾ ਦੀਆਂ ਅੱਖਾਂ ਅੱਗੇ ਦੁਨੀਆਂ ਘੁੰਮਣ ਲੱਗ ਪਈ, ਤਸਵੀਰ ਦਾ ਦੂਜਾ ਰੁੱਖ ਸਾਹਮਣੇ ਆ ਗਿਆ ਅਤੇ ਸਾਰਾ ਵਾਕਿਆ ਇੱਕ ਵਾਰ ਫੇæਰ ਤਾਜ਼ਾ ਹੋ ਗਿਆ। ….ਆਪਣੀ ਪਤਨੀ ਕਨੇਰ ਖੰਨਾ ਨਾਲ ਪੂਰਨ ਖੰਨਾ ਰਿਸ਼ਤੇਦਾਰੀ ‘ਚ ਇੱਕ ਵਿਆਹ ‘ਤੇ ਦੂਰ ਕਿਸੇ ਸ਼ਹਿਰ ਵਿੱਚ ਪੰਜ ਕੁ ਦਿਨਾਂ ਲਈ ਗਿਆ ਸੀ, ਪਿੱਛੇ ਦੋ ਜਵਾਨ ਬੇਟੇ ਅਤੇ ਇੱਕ ਜਵਾਨ ਬੇਟੀ ਨੂੰ ਘਰ ਛੱਡ ਕੇ। ਪਰ ਦੂਜੇ ਹੀ ਦਿਨ ਖ਼ਬਰਾਂ ‘ਚ ਸੁਣਿਆ ਕਿ ਕੁਪਵਾੜਾ ਘਾਟੀ ਵਿੱਚ ਪਾਕਿਸਤਾਨ ਵੱਲੋਂ ਹਮਲਾ ਹੋਇਆ ਸੀ ਅਤੇ ਸ਼ਹਿਰ ਵਿੱਚ ਤਬਾਹੀ ਦਾ ਭੜਕੰਮ ਮੱਚ ਗਿਆ ਸੀ। ਆਪਣੇ ਸ਼ਹਿਰ ਦਾ ਨਾਮ ਸੁਣਕੇ ਪੂਰਨ ਦਾ ਦਿਲ “ਧਾੜ-ਧਾੜ” ਜੋਰ ਨਾਲ ਧੜ੍ਹਕਣ ਲੱਗ ਪਿਆ। ਸਾਰੇ ਸ਼ਹਿਰ ‘ਚ ਤਬਾਹੀ ਮੱਚੀ ਹੋਈ ਸੀ, ਅਫ਼ਰਾ-ਤਫ਼ਰੀ ਵਿੱਚ ਲੋਕ ਭੱਜ ਰਹੇ ਸਨ, ਕਿਤੇ ਅੱਗ ਮੱਚ ਰਹੀ ਸੀ ਅਤੇ ਕਿਤੇ ਧੂੰਆਂ ਨਿਕਲ ਰਿਹਾ ਸੀ।

“ਹਾਏ ਰੱਬਾ, ਮੇਰੇ ਬੱਚੇ!!” ਪੂਰਨ ਦਾ ਦਿਲ ਕਿਸੇ ਅਣਜਾਣ ਜਿਹੇ ਡਰ ਅਤੇ ਦਹਿਸ਼ਤ ਨਾਲ ਕੰਬ ਗਿਆ।

“ਫ਼ੋਨ ਦੇ ਸਾਰੇ ਨੈੱਟ ਕੱਟ ਹੋ ਗਏ ਲੱਗਦੇ ਹਨ!” ਬੇਹਤਾਸ਼ਾ ਫ਼ੋਨ ਮਿਲਾਉਦੇਂ ਹੋਏ ਪੂਰਨ ਦੀ ਪਤਨੀ ਕਨੇਰ ਨੇ ਕਿਹਾ।

“ਇੱਕ ਮਿੰਟ ਵੀ ਬਿਨਾ ਗਵਾਏ ਤੂੰ ਵਾਪਿਸ ਮੁੜਨ ਦੀ ਤਿਆਰੀ ਕਰ…ਮੇਰਾ ਦਿਲ ਫ਼ੇਲ੍ਹ ਹੋਣ ਵਾਲਾ ਹੋਇਆ ਪਿਆ ਹੈ!” ਪੂਰਨ ਦੀ ਮਾਨਸਿਕ ਹਾਲਤ ਵਿਗੜ ਰਹੀ ਸੀ। ਠੰਡੇ ਮੌਸਮ ਵਿੱਚ ਵੀ ਮੱਥੇ ਤੋਂ ਪਸੀਨਾ ਚੋਈ ਜਾ ਰਿਹਾ ਸੀ। ਉਸ ਨੇ ਆਪਣਾ ਸਿਰ ਫੜ ਪਤਨੀ ਕਨੇਰ ਨੂੰ ਆਖਿਆ ਸੀ।

ਉਹਨਾਂ ਨੇ ਵਾਹੋ-ਦਾਹੀ ਸਮਾਨ ਕਾਰ ਵਿੱਚ ਸੁੱਟਿਆ ਅਤੇ ਕਾਰ ਆਪਣੇ ਸ਼ਹਿਰ ਵੱਲ ਦੌੜਾ ਲਈ।

ਥਾਂ-ਥਾਂ ‘ਤੇ ਨਾਕੇ ਲੱਗੇ ਹੋਏ ਸੀ। ਆਪਣੇ ਪਰਿਵਾਰ ਦਾ ਬਿਓਰਾ ਦੇਣ ਤੋਂ ਬਾਅਦ ਪੂਰਨ ਅਤੇ ਕਨੇਰ ਨੂੰ ਬੜੀ ਮੁਸਿਕਲ ਨਾਲ ਸ਼ਹਿਰ ‘ਚ ਦਾਖਲਾ ਮਿਲਿਆ। ਜਿਸ ਜਗਾਹ ‘ਤੇ ਆਤੰਕ ਦੀ ਤਬਾਹੀ ਮੱਚੀ ਸੀ, ਬਦਕਿਸਮਤੀ ਨਾਲ ਪੂਰਨ ਖੰਨਾ ਦਾ ਘਰ ਵੀ ਇਸ ਦੀ ਚਪੇਟ ‘ਚ ਆ ਗਿਆ ਸੀ। ਪੂਰਨ ਅਤੇ ਕਨੇਰ ਖੰਨਾ ਦੂਰੋਂ ਹੀ ਦੁਹੱਥੜਾਂ ਮਾਰਨ ਲੱਗ ਪਏ।

“ਆਹ ਏਰੀਆ ਬੈਨ ਹੈ, ਤੁਸੀ ਇਸ ਅੰਦਰ ਨਹੀ ਜਾ ਸਕਦੇ।” ਤਕਰੀਬਨ ਧੱਕਾ ਮਾਰਦੇ ਹੋਏ ਇੱਕ ਆਰਮੀ ਦੇ ਜਵਾਨ ਨੇ ਪੂਰਨ ਨੂੰ ਜਬਰੀ ਰੋਕਿਆ।

“ਮੇ…ਮੇਰਾ ਟੱਬਰ ਹੈ ਅੰਦਰ…ਹਾਏ ਓਏ ਮੈਨੂੰ ਜਾਣ ਦਿਓ …।” ਚੀਕਾਂ ਮਾਰਦੇ ਹੋਏ ਪੂਰਨ ਜ਼ਮੀਨ ‘ਤੇ ਬੈਠ ਗਿਆ। ਘਰ ਦੀ ਤਬਾਹੀ ਦੀ ਗਵਾਹੀ ਬਾਹਰੋਂ ਹੀ ਕੰਧਾਂ ਦੇ ਰਹੀਆ ਸੀ, ਜਿਸ ਨੂੰ ਵੇਖ ਕੇ ਕਨੇਰ ਖੰਨਾ ਦੇ ਵੈਣ ਨਹੀਂ ਸੀ ਰੁਕ ਰਹੇ…”ਅੋ ਮੇਰੇ ਸ਼ੇਰੋ ਪੁੱਤਰੋ, ਮੇਰੀ ਧੀ ਰਾਣੀ ਕਿੱਥੇ ਹੋ…? ਵੇ ਅਵਾਜ਼ ਤਾਂ ਦਿਓ….ਕੋਈ ਤੇ ਦੱਸੋ?”

“ਜੋ ਫੱਟੜ ਹੋਏ ਹਨ, ਓਹ ਸਰਕਾਰੀ ਹਸਪਤਾਲ ਵਿੱਚ ਹਨ, ਤੇ ਜੋ ਮਰ ਗਏ ਨੇ ਓਹ ਸਾਰੇ ਮੁਰਦਾ ਘਰ ਵਿੱਚ ਜਮ੍ਹਾਂ ਹਨ, ਸ਼ਨਾਖ਼ਤ ਲਈæææਤੁਸੀ ਓਥੇ ਜਾਵੋ ਤੇ ਸਾਨੂੰ ਆਪਣੀ ਕਾਰਵਾਈ ਕਰਨ ਦਵੋ!” ਸੇਨਾ ਦੇ ਇੱਕ ਜਵਾਨ ਨੇ ਮਾਹੌਲ ਨੂੰ ਸ਼ਾਂਤ ਰੱਖਣ ਦੇ ਨਜ਼ਰੀਏ ਨਾਲ ਕਿਹਾ। ਤੀਰ ਦੀ ਗਤੀ ਵਾਂਗ ਪੂਰਨ ਆਪਣੀ ਪਤਨੀ ਕਨੇਰ ਨਾਲ ਹਸਪਤਾਲ ਨੂੰ ਦੌੜ ਪਿਆ। ਹਾਦਸੇ ਦੇ ਸ਼ਿਕਾਰ ਹੋਏ ਮਰੀਜਾਂ ਦੇ ਇੱਕ ਵੱਡੇ ਵਰਾਂਡੇ ਵਿੱਚ ਹਾਉਕੇ ਲੈਂਦਾ ਪੂਰਨ ਖੰਨਾ ਹਰ ਬੈੱਡ ਦੇ ਕੋਲ ਜਾ ਫ਼ੱਟੜਾਂ ਨੂੰ ਡਰ ਅਤੇ ਸੱæਕ ਭਰੀਆਂ ਨਜ਼ਰਾਂ ਨਾਲ ਵੇਖਦਾ ਹੋਇਆ ਆਪਣੇ ਤਿੰਨੋਂ ਬੱਚਿਆਂ ਨੂੰ ਭਾਲ ਰਿਹਾ ਸੀ। ਕਈ-ਕਈ ਵਾਰ ਵੇਖਣ ਤੋਂ ਬਾਅਦ ਵੀ ਜਦ ਪੂਰਨ ਖੰਨਾ ਨੂੰ ਆਪਣੇ ਬੱਚੇ ਨਹੀਂ ਮਿਲੇ ਤਾਂ ਹਾਰ ਕੇ ਹਸਪਤਾਲ ਦੇ ਮੁੱਖ ਦਰਵਾਜੇ ‘ਤੇ ਆ ਦਰੱਖ਼ਤ ਥੱਲੇ ਨਿਢਾਲ ਹੋ ਕੇ ਬੈਠ ਗਿਆ।

“ਲਵੋ, ਪਾਣੀ ਪੀਓ!” ਕਨੇਰ ਨੇ ਕਿਸੇ ਕੋਲੋਂ ਪਾਣੀ ਲਿਆ ਆਪਣੇ ਪਤੀ ਦੇ ਮੂੰਹ ਨੂੰ ਲਾਇਆ। ਪੂਰਨ ਦੇ ਬੁੱਲ ਸੁੱਕੇ ਹੋਏ ਅਤੇ ਮੂੰਹ ਖੁੱਲ੍ਹਾ ਸੀ। ਉਸ ਦਾ ਸਾਹ ਧੌਂਕਣੀਂ ਵਾਂਗ ਚੱਲ ਰਿਹਾ ਸੀ।

“ਕਨੇਰ, ਮੇਰਾ ਮਨ ਡਰ ਰਿਹਾ ਹੈ, ਮੇਰਾ ਹੌਂਸਲਾ ਨਹੀਂ ਪੈ ਰਿਹਾ ਮੁਰਦਾ ਘਰ ਵਿੱਚ ਜਾ ਕੇ ਸ਼ਨਾਖ਼ਤ ਕਰਨ ਦਾ…! ਰੱਬ ਨਾ ਕਰੇ ਜੇ… ਵਾਹਿਗੁਰੂ ਵਾਹਿਗੁਰੂ ਤਰਸ ਕਰੀਂ…।” ਅੱਖਾਂ ਦੀ ਸੁਨਾਮੀ ਨੂੰ ਠੱਲ੍ਹ ਨਹੀਂ ਸੀ ਪੈ ਰਹੀ। ਪੂਰਨ ਦੀਆਂ ਅੱਖਾਂ ਲਾਲ ਬੇਰਾਂ ਵਾਂਗ ਭਖੀਆਂ ਹੋਈਆਂ ਸੀ।

“ਆਪਣੇ ਨਿਆਣਿਆਂ ਦੀ ਭਾਲ ਕਰਨਾ ਤੇ ਸਾਡੀ ਹੀ ਜਿੰਮੇਵਾਰੀ ਹੈ… ਇੰਜ ਬੈਠਿਆਂ ਤੇ ਕੋਈ ਮਦਦ ਕਰਨ ਨਹੀਂ ਆਉਣ ਲੱਗਾ।” ਕਨੇਰ ਅਜੇ ਵੀ ਨਤੀਜੇ ‘ਤੇ ਪਹੁੰਚਣ ਦਾ ਹੌਂਸਲਾ ਸਾਂਭੀ ਬੈਠੀ ਸੀ, “ਉਠੋ,  ਜ਼ਰਾ ਹੌਸਲਾ ਕਰੋ… ਰਾਤ ਘਿਰਦੀ ਆਉਦੀਂ ਹੈ।” ਆਪਣੇ ਪਤੀ ਨੂੰ ਲੱਗਭੱਗ ਖਿੱਚਦੇ ਹੋਏ ਕਨੇਰ ਬੋਲੀ।

ਜਿਵੇਂ ਹੀ ਮੁਰਦਾ ਖਾਨੇ ਪਹੁੰਚੇ ਤਾਂ ਦਰਵਾਜੇ ‘ਤੇ ਹੀ ਇੱਕ ਡਿਊਟੀ ਵਾਲੇ ਬੰਦੇ ਨੇ ਰੋਕਦੇ ਹੋਏ ਕੁਝ ਜ਼ਰੂਰੀ ਕਾਰਵਾਈ ਕਰਨ ਨੂੰ ਕਿਹਾ। ਦੋਵੇ ਮੀਆਂ-ਬੀਵੀ ਅਵਾਕ ਜਿਹੇ ਗੇਟ ਕੀਪਰ ਦਾ ਮੂੰਹ ਦੇਖਣ ਲੱਗ ਪਏ। ਪੂਰਨ ਖੰਨਾ ਅਤੇ ਕਨੇਰ ਖੰਨਾ ਕਾਗਜ਼ੀ ਕਾਰਵਾਈ ਵਾਲੇ ਕਮਰੇ ਵਿੱਚ ਜਾ ਕੇ ਕਰਮਚਾਰੀਆਂ ਕੋਲ ਕਾਗਜ਼ੀ ਕਾਰਵਾਈ ਕਰਵਾਉਣ ਲੱਗ ਪਏ, ਜਿਸ ਵਿੱਚ ਦੋ ਘੰਟੇ ਲੱਗ ਗਏ।

“ਉਏ, ਹੁਣ ਮੇਹਰਬਾਨੀ ਕਰਕੇ ਮੈਨੂੰ ਅੰਦਰ ਲੈ ਚਲੋ ਦੁਸ਼ਮਣੋਂ….! ਮੇਰੇ ‘ਲਾਲ’ ਕਿੱਥੇ ਗਵਾਚੇ ਨੇ…।” ਜਿਵੇਂ ਹੀ ਪੂਰਨ ਨੇ ਅੰਦਰ ਜਾਣ ਲਈ ਕਾਗਜ਼ ਮੇਜ਼ ‘ਤੇ ਸੁੱਟ ਨਾਲ ਦੇ ਬੰਦੇ ਨੂੰ ਧੱਕਾ ਦਿੱਤਾ, ਪਰ ਦਰਵਾਜੇ ਤੇ ਖੜੇ ਓਸੇ ਗੇਟ ਕੀਪਰ ਨੇ ਪੂਰਨ ਅਤੇ ਕਨੇਰ ਨੂੰ ਜ਼ਰਾ ਸਖ਼ਤੀ ਨਾਲ ਰੋਕਦੇ ਹੋਏ ਕਿਹਾ “ਮਾਫ਼ ਕਰਨਾ, ਪੰਜ ਵਜੇ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੁੰਦੀ, ਆਹ ਲੰਬਾ ਕੰਮ ਹੈ, ਹੁਣ ਤੁਸੀਂ ਕੱਲ੍ਹ ਆਓ।”

“….ਹਾਏ ਰੱਬਾ…..ਮੈਥੋਂ ਤੇ ਆਹ ਰਾਤ ਨਹੀਂ ਲੰਘਣੀ …ਮੈਨੂੰ ਇੰਜ ਹੀ ਮਾਰ ਦਿਓ…! ਤਰਸ ਕਰੋ, ਰੱਬ ਦਾ ਖ਼ੌਫ਼ ਕਰੋ…।” ਪੂਰਨ ਬੇਵਸਾ ਜਿਹਾ ਹੋ ਉਚੀ-ਉਚੀ ਬੋਲਣ ਅਤੇ ਰੋਣ ਪਿਆ। ਪੂਰਨ ਨੂੰ ਹਮਦਰਦ ਲੋਕਾਂ ਨੇ ਸੰਭਾਲ ਕੇ ਪਾਸੇ ਬਿਠਾਇਆ ਅਤੇ ਸਮਝਾਇਆ, “ਹਰ ਕਾਰਵਾਈ ਕਾਨੂੰਨ ਮੁਤਾਬਿਕ ਹੀ ਹੋਣੀ ਹੈ,  ਤੁਸੀਂ ਸਬਰ ਕਰ ਕੇ ਰਾਤ ਕੱਟੋ!”

ਕੋਈ ਵਾਹ ਨਹੀਂ ਚੱਲ ਰਹੀ ਸੀ ਅਤੇ ਆਪਣੀ ਪਤਨੀ ਕਨੇਰ ਦੇ ਮੋਢੇ ‘ਤੇ ਹੱਥ ਰੱਖ ਆਪਣੇ ਆਪ ਨੂੰ ਘਸੀਟਦਾ ਹੋਇਆ ਟੁਰ ਪਿਆ ਅਤੇ ਥੋੜ੍ਹੀ ਦੂਰ ਇੱਕ ਕੰਧ ਦਾ ਸਹਾਰਾ ਲੈ, ਨਿਢਾਲ ਹੋਇਆ, ਪੈ ਗਿਆ। ਉਸ ਨੂੰ ਭੁੱਖ, ਪਿਆਸ ਦੀ ਕੋਈ ਸੁਰਤ ਨਹੀਂ ਸੀ। ਪੂਰਨ ਖੰਨਾ ਨੇ ਅੱਖਾਂ ਉਪਰ ਅਕਾਸ਼ ਵੱਲ ਲਗਾ ਲਈਆਂ, ਜਿਵੇਂ ਕਾਲੀ ਭਿਆਨਕ ਰਾਤ ਨੂੰ ਜਲਦੀ ਬੀਤ ਜਾਣ ਦੀ ਅਰਦਾਸ ਕਰ ਰਿਹਾ ਹੋਵੇ। ਕਨੇਰ ਖੰਨਾ ਵੀ ਆਪਣੇ ਅੰਦਰ ਦੇ ਫੱਟਾਂ ਨੂੰ ਦੱਬੀ ਬੈਠੀ ਇੱਕ-ਇੱਕ ਘੜ੍ਹੀ ਨੂੰ ਇੱਕ-ਇੱਕ ਵਰ੍ਹੇ ਵਾਂਗ ਕੱਟ ਰਹੀ ਸੀ।

ਕੁਦਰਤ ਨੇ ਆਪਣਾ ਚੱਕਰ ਪੂਰਾ ਕੀਤਾ, ਸੂਰਜ ਆਪਣਾ ਸਿਰ ਚੁੱਕਣ ਲੱਗ ਪਿਆ। ਪੂਰਨ ਅਤੇ ਕਨੇਰ ਦੋਵਂੇ ਪਤੀ ਪਤਨੀ ਬਹੁਤ ਸਹਿਮੇ ਹੋਏ ਸੀ ਕਿ ਹਸਪਤਾਲ ਵਿੱਚ ਬੱਚੇ ਨਹੀਂ ਮਿਲੇ ਤੇ ਕਿਤੇ….? ਕਿਸੇ ਵੀ ਮਾਂ ਪਿਓ ਲਈ ਮੁਰਦੇ ਦੀ ਸ਼ਨਾਖ਼ਤ ਕਰਨਾ ਆਪਣੇ ਆਪ ਨੂੰ ਮੁਰਦਾ ਗਰਦਾਨਣ ਨਾਲੋਂ ਘੱਟ ਨਹੀਂ ਹੁੰਦਾ। ਅੱਠ ਵਜੇ ਦਰਵਾਜ਼ਾ ਖੁੱਲ੍ਹਦੇ ਹੀ ਪੂਰਨ ਨੇ ਕਲੇਜਾ ਫੜ ਅੰਦਰ ਕਦਮ ਰੱਖਿਆ ਅਤੇ ਨਾਲ-ਨਾਲ ਡਰੀ ਜਿਹੀ ਕਨੇਰ ਵੀ ਅਰਦਾਸ ਕਰਦੀ ਟੁਰ ਪਈ। ਸ਼ਨਾਖ਼ਤ ਕਰਦੇ ਹੋਏ ਦੋਹਾਂ ਦੇ ਕਲੇਜੇ ਮੂੰਹ ਨੂੰ ਆ ਰਹੇ ਸਨ। ਜਿਵੇਂ-ਜਿਵੇਂ ਬਕਸਿਆਂ ਕੋਲ ਲੈ ਜਾ ਕੇ ਲਾਸ਼ ਦੀ ਸ਼ਕਲ ਵਿਖਾਈ ਜਾਂਦੀ, ਪੂਰਨ ਅਤੇ ਕਨੇਰ ਦੇ ਸਾਹ ਰੁਕਣ ਵਰਗੇ ਹੋ ਜਾਂਦੇ। ਫ਼ੇਰ ਇੱਕ ….

“ਨਹੀਂ!!!!! ਨਹੀਂ!!!!! ਹਾਏ ਓਏ ਰੱਬਾ….! ਇਹ ਕੀ ਭਾਣਾ ਵਰਤਾ ਦਿੱਤਾ ਤੂੰ…?” ਆਪਣੇ ਛੋਟੇ ਪੁੱਤ ਦੀ ਲਾਸ਼ ਨੂੰ ਬਕਸੇ ਵਿੱਚ ਰੱਖਿਆ ਵੇਖ ਪੂਰਨ ਨੇ ਚੀਕ ਮਾਰੀ। ਕਨੇਰ ਭੁੱਬਾਂ ਮਾਰ ਪਿੱਟਣ ਲੱਗ ਪਈ।

“ਤੁਸੀ ਸ਼ਨਾਖ਼ਤ ਦੀ ਕਾਰਵਾਈ ਪੂਰੀ ਕਰੋ, ਸਬਰ ਰੱਖੋ।” ਕਰਮਚਾਰੀ ਨੇ ਹਮਦਰਦੀ ਨਾਲ ਪੂਰਨ ਦੇ ਮੋਢੇ ‘ਤੇ ਹੱਥ ਰੱਖ ਕਿਹਾ। ਨਾਲ ਦੇ ਇੱਕ ਕਰਮਚਾਰੀ ਨੇ ਆਪਣੀ ਫਾਇਲ਼ ਵਿੱਚ ਕੁਝ ਲਿਖਣਾ ਸ਼ੁਰੂ ਕਰ ਦਿੱਤਾ। ਬਹੁਤੀ ਦੇਰ ਅੰਦਰ ਰੁਕਣ ਦਾ ਹੁਕਮ ਨਹੀ ਸੀ। ਇਸ ਲਈ ਸਾਰੇ ਅੱਗੇ ਵਧਣ ਲੱਗ ਪਏ। ਅਗਲੀ ਸ਼ਨਾਖ਼ਤ ਲਈ।

“ਆ….ਆਹ ਤਾਂ ਮੇਰੀ ਧੀ? ….ਮੇਰੀ ਧੀ… ਦੀ ਲ਼ਾਸ਼ ਹੈ? …. ਤੁਸੀ ਵੇਖੋ, ਮੇਰੇ ਤੋਂ ਆਹ ਸਿਆਣੀ ਹੀ ਨਹੀਂ ਜਾ ਰਹੀ…!” ਇਕ ਕੁੜੀ ਦੀ ਲ਼ਾਸ਼ ਦੀ ਖ਼ਰਾਬ ਹਾਲਤ ਵੇਖ ਕਨੇਰ ਆਪਣੇ ਪਤੀ ਪੂਰਨ ਦੇ ਕੁੜਤੇ ਨੂੰ ਘੁੱਟ ਕੇ ਫੜ ਹਿਲਾਉਂਦਿਆਂ ਕਹਿਣ ਲੱਗੀ।

“ਹਾਏ ਲਾਡਲੀਏ ਮੇਰੀਏ ਧੀਏ…! ਆਹ ਕੀ ਜੁਲਮ ਹੋ ਗਿਆ…।” ਪੂਰਨ ਦੇ ਜਿਵੇਂ ਕਿਸੇ ਨੇ ਕੁਹਾੜ੍ਹਾ ਮਾਰਿਆ ਹੋਵੇ। ਹੁਣ ਦੋਹਾਂ ਦੇ ਪੈਰ ਜੰਮ ਗਏ ਸੀ। ਅੱਗੇ ਲਾਸ਼ਾਂ ਦੀ ਸ਼ਨਾਖਤ ਕਰਨ ਦਾ ਹੀਆਂ ਨਹੀਂ ਸੀ ਪੈ ਰਿਹਾ।

“ਮੇਰੇ ਰੱਬਾ!! ਮੇਰੇ ਵੱਡੇ ਪੁੱਤ ਨੂੰ ਮੈਨੂੰ ਬਖਸ਼ੀ ਰੱਖੀਂ…।” ਘੁੱਟ ਕੇ ਕਲੇਜ਼ੇ ਨੂੰ ਫੜੀ ਕਨੇਰ ਵਰਾਂਡੇ ਵਿੱਚ ਤੇਜ਼ੀ ਨਾਲ ਨਜ਼ਰ ਦੌੜਾਂਦੀ ਅਰਦਾਸ ਕਰੀ ਜਾ ਰਹੀ ਸੀ। ਹਜੇ ਵੱਡੇ ਪੁੱਤ ਦੀ ਆਸ ਬਾਕੀ ਸੀ। ਸੰਕੋਚਵੇਂ ਕਦਮਾਂ ਨੂੰ ਘਸੀਟਦੇ ਹੋਏ ਦੋਵੇਂ ਪਤੀ-ਪਤਨੀ ਤਕਰੀਬਨ ਅਖੀਰਲੇ ਬਕਸੇ ਕੋਲ ਆ ਗਏ। ਚਿਹਰੇ ਤੋਂ ਚਾਦਰ ਹਟਾਉਂਦਿਆਂ ਹੀ ਪੂਰਨ ਚੀਕ ਮਾਰਕੇ ਡਿੱਗ ਪਿਆ ਅਤੇ ਕਨੇਰ ਸਿਰ ਪਿੱਟ ਕੇ ਫ਼ਰਸ਼ ‘ਤੇ ਬੈਠ, ਵੈਣ ਪਾਉਣ ਲੱਗ ਪਈ।

“ਲੱਗਦਾ ਆਹ ਇਹਨਾਂ ਦਾ ਵੱਡਾ ਬੇਟਾ ਹੈ, ਓਹ ਡਾਢਿਆ ਰੱਬਾ ਕੀ ਕਹਿਰ ਢਾਹ ਦਿੱਤਾ ਤੂੰ ਇਹਨਾਂ ਗਰੀਬਾਂ ‘ਤੇ?” ਕਰਮਚਾਰੀ ਨੇ ਨਾਲ ਦੇ ਨੂੰ ਆਪਣਾ ਸ਼ੱਕ ਪੁਖਤਾ ਕਰਦੇ ਹੋਏ ਕਿਹਾ।

“ਰਾਤ ਦੋ ਵਜੇ ਸ਼ਹਿਰ ‘ਤੇ ਅਟੈਕ ਹੋਇਆ ਸੀ, ਖਵਰੈ ਸੁੱਤੇ ਪਏ ਹੀ ਰਹਿ ਗਏ ਹੋਣੇ ਬਿਚਾਰਿਆਂ ਦੇ ਬੱਚੇ?” ਨਾਲ ਦੇ ਕਰਮਚਾਰੀ ਨੇ ਕਿਹਾ ਅਤੇ ਘੋਰ ਦੁੱਖ ਵਿੱਚ ਸਿਰ ਹਿਲਾਉਂਦੇ ਹੋਏ ਪੂਰਨ ਖੰਨਾ ਨੂੰ ਜੱਫੇ ‘ਚ ਭਰ ਕੇ ਫ਼ਰਸ਼ ਤੋਂ ਚੁੱਕਣ ਦੀ ਕੋਸ਼ਿਸ਼ ਕਰਨ ਲੱਗ ਪਿਆ। ਪੂਰਾ ਇਲਾਕਾ ਪੂਰਨ ਅਤੇ ਕਨੇਰ ਦੀਆਂ ਧਾਹਾਂ ਨਾਲ ਗਮਗੀਨ ਹੋ ਗਿਆ ਸੀ। ਤਿੰਨੋਂ ਬੱਚਿਆਂ ਦੀਆਂ ਲਾਸ਼ਾਂ ਨੂੰ ਪੂਰਨ ਨੂੰ ਸੌਂਪ ਦਿੱਤੀਆਂ ਗਈਆਂ। ਰੋ-ਰੋ ਦੋਵੇਂ ਪਤੀ-ਪਤਨੀ ਦੀਆਂ ਅੱਖਾਂ ਦਾ ਦਰਿਆ ਸੁੱਕ ਗਿਆ ਸੀ ਅਤੇ ਵੈਣ ਪਾ-ਪਾ ਗਲ ਬੈਠ ਗਿਆ ਸੀ। ਅਖੀਰਲੀਆਂ ਸਾਰੀਆਂ ਰਸਮਾਂ ਤਾਂ ਕਰਨੀਆ ਹੀ ਸੀ। ਪੂਰਨ ਅਤੇ ਕਨੇਰ ਆਪਣੇ ਤਿੰਨੋਂ ਬੱਚਿਆਂ ਦੀਆਂ ਲ਼ਾਸ਼ਾਂ ਨੂੰ ਢੋਂਹਦੇ ਹੋਏ ਆਪ ਹੀ ਲ਼ਾਸ਼ ਬਣ ਗਏ ਜਾਪਦੇ ਸੀ।

…..ਵਕਤ ਆਪਣੀ ਚਾਲ ਤੁਰਨ ਲੱਗ ਪਿਆ। ਹਾਲਾਤ ਕੁਝ ਠੰਡੇ ਹੋਏ ਅਤੇ ਪੂਰਨ ਦੇ ਘਰ ਦੀ ਮੁਰੰਮਤ ਕਰਕੇ ਪਤੀ-ਪਤਨੀ ਨੂੰ ਆਪਦੇ ਘਰ ਵਾਪਸ ਭੇਜ ਦਿਤਾ ਗਿਆ।

“ਕਨੇਰ, ਮੇਰਾ ਜਿਗਰਾ ਨਹੀਂ ਪੈਂਦਾ ਹੁਣ ਇਸ ਘਰ ਵਿੱਚ ਰਹਿਣ ਦਾ…।” ਅੱਖਾਂ ਦੇ ਹੜ੍ਹ ਨੂੰ ਪਰਨੇ ਨਾਲ ਪੂੰਝਦੇ ਹੋਏ ਪੂਰਨ ਨੇ ਆਪਣੀ ਘਰਵਾਲੀ ਨੂੰ ਕਿਹਾ, “ਇਹੀ ਘਰ ਹੁਣ ਖਾਣ ਆਇਆ ਕਰੂਗਾ!”

“ਕਿੱਥੇ ਜਾਵਾਂਗੇ ਇਸ ਉਮਰੇ? ਇੱਥੇ ਘੱਟੋ ਘੱਟ ਆਪਣੇ ਬੱਚਿਆਂ ਦੀਆਂ ਯਾਦਾਂ ਹੀ ਮੈਨੂੰ ਜਿਉਂਦਾ ਰੱਖ ਸਕਦੀਆਂ ਨੇ, ਇਸ ਵਿਹੜ੍ਹੇ ਵਿੱਚ ਮੇਰੇ ਲਾਲ ਇੱਕ-ਇੱਕ ਦਿਨ ਵੱਡੇ ਹੋਏ ਸੀ….।” ਆਖਦੇ ਹੋਏ ਕਨੇਰ ਬਿਰਹੋਂ ਵਿੱਚ ਭਿੱਜ ਕੇ ਆਪਣੇ ਸਿਰ ਨੂੰ ਗੋਡਿਆਂ ਵਿੱਚ ਰੱਖ ਸੁਬਕਣ ਲੱਗ ਪਈ।

“ਮੈਨੂੰ ਵੀ ‘ਮੇਰੇ ਸ਼ੇਰ’ ਇੱਧਰ ਉਧਰ ਦੌੜਦੇ ਦਿਖਦੇ ਨੇ!” ਦੁੱਖ ਨਾਲ ਖਿੱਲਰੀ ਕਨੇਰ ਨੂੰ ਪੂਰਨ ਨੇ ਹਿੱਕ ਨਾਲ ਲਾ ਲਿਆ। ਜਿਵੇਂ ਆਪਣੇ ਆਪ ਨੂੰ ਹੀ ਤਸੱਲੀ ਦੇ ਰਿਹਾ ਹੋਵੇ।

…..ਵਕਤ ਬੜਾ ਬਲਵਾਨ ਹੁੰਦਾ ਹੈ। ਵੱਡੇ ਤੋਂ ਵੱਡੇ ਜ਼ਖਮ ਨੂੰ ਭਰ ਦਿੰਦਾ ਹੈ। ਪਰ ਕੁਝ ਜ਼ਖਮ ਭਰਦੇ ਨਹੀਂ, ਪਰੰਤੂ ਖਰੀਂਢ ਬਣ ਢਕੇ ਜ਼ਰੂਰ ਜਾਂਦੇ ਹਨ। ਯਾਦਾਂ ਨੂੰ ਕਲੇਜੇ ਨਾਲ ਲਾਏ ਇੱਕ ਸਾਲ ਹੋ ਚੱਲਿਆ ਸੀ। ਪਰ ਅਜੇ ਵੀ ਕੱਲ੍ਹ ਹੀ ਵਾਪਰਿਆ ਹਾਦਸਾ ਲੱਗਦਾ ਸੀ। ਇੱਕ ਗੱਲ ਪੂਰਨ ਦੇ ਦਿਮਾਗ ‘ਤੇ ਬੁਰੀ ਤਰ੍ਹਾਂ ਘਰ ਕਰ ਗਈ ਸੀ ਕਿ ਮੁਸਲਮਾਨਾਂ ਕਰਕੇ ਮੇਰੇ ਬੱਚੇ ਮਰੇ ਹਨ। ਹੁਣ ਓਹ ਮੁਸਲਮਾਨਾਂ ਤੋ ਬਹੁਤ ਨਫ਼ਰਤ ਕਰਨ ਲੱਗ ਪਿਆ ਸੀ। ਉਹ ਗੱਲ-ਗੱਲ ‘ਤੇ ਨਸਲੀ ਗਾਲਾਂ ਕੱਢਦਾ ਅਤੇ ਖਿਝਦਾ।

“ਤੁਸੀ ਆਪਣੀ ਸੋਚ ਨੂੰ ਠੱਲ੍ਹ ਪਾਓ। ਓਹ ਪਾਕਿਸਤਾਨੀ ਲੋਕਾਂ ਦਾ ਹਮਲਾ ਸੀ। ਆਪਣੇ ਆਲੇ ਦੁਆਲੇ ਵੀ ਤੇ ਮੁਸਲਮਾਨ ਰਹਿੰਦੇ ਹਨ। ਸਾਰੇ ਚੰਗੇ ਲੋਕ …।” ਕਨੇਰ ਕਿਸੇ ਭਵਿੱਖੀ ਡਰ ਤੋਂ ਸ਼ੰਕਿਤ ਹੋ ਕੇ ਬੋਲ ਰਹੀ ਸੀ।

“ਤੂੰ ਚੁੱਪ ਕਰ….! ਪਾਕਿਸਤਾਨ ਮੁਸਲਿਮ ਦੇਸ਼ ਹੀ ਤੇ ਹੈ, ਜੇ ਮੈਂ ਅੱਜ ਲ਼ਾਸ਼ ਬਣਿਆਂ ਫਿਰਦਾ ਹਾਂ ਤਾਂ ਇਹਨਾਂ ਦੀ ਹੀ ਦੇਣ ਹੈ।” ਆਪਣੀ ਪਤਨੀ ਦੀ ਗੱਲ ਵਿੱਚੋਂ ਹੀ ਕੱਟਦੇ ਹੋਏ ਪੂਰਨ ਨੇ ਰੋਸਾ ਕੀਤਾ।

“ਨਫ਼ਰਤ ਪਾਲ ਕੇ ਗੁਜਰ ਨਹੀਂ ਹੁੰਦੀ …. ਤੁਸੀ ਹੁਣ  ਦੁਆ ਸਲਾਮ ਦਾ ਵੀ ਜਵਾਬ ਨਹੀਂ ਦਿੰਦੇ ਕਿਸੇ ਨੂੰ।” ਕਨੇਰ ਕੁਝ ਪ੍ਰੇਸ਼ਾਨ ਵੀ ਸੀ ਕਿਉਂਕਿ ਸਾਰੀ ਉਮਰ ਨਿਕਲ ਗਈ ਇਹਨਾਂ ਲੋਕਾਂ ਵਿੱਚ ਵਿਚਰਦੇ ਹੋਏ।

“ਮੇਰਾ ਵੱਸ ਚੱਲੇ ਤੇ ਇੱਕ-ਇੱਕ ਨੂੰ ਮੁਲਕੋਂ ਬਾਹਰ ਕੱਢ ਦਿਆਂ… ਮੇਰਾ ਵਿਹੜਾ ਸੁੰਨਮ ਸੁੰਨਾ ਕਰ ਕੇ ਕੀ ਮਿਲ ਗਿਆ ਇਹਨਾਂ ਨੂੰ? ਮਿਲ ਗਿਆ ਕਸ਼ਮੀਰ? ਹੋ ਗਿਆ ਅਜ਼ਾਦ?? ….ਹਾਏ ਓ… ਮੇਰੇ ਲਾਲ, ਮੇਰੇ ਸ਼ੇਰ, ਮੇਰੇ ਬੱਚੇ… ਮੈਨੂੰ ਮਾਰ ਦਿੰਦੇ ਬੰਬ ਜੋ ਮਾਰਨਾ ਸੀ… ਓਏ ਜ਼ਾਲਮੋਂ….!” ਪੂਰਨ ਖੰਨਾ ਧਾਹਾਂ ਮਾਰ ਉਚੀ-ਉਚੀ ਰੋਣ ਲੱਗ ਪਿਆ। ਕਨੇਰ ਨੂੰ ਪੂਰਨ ਦੇ ਅੰਦਰ ਦੱਬੇ ਗ਼ਮ ਦੇ ਫ਼ਟ ਜਾਣ ਦਾ ਪੂਰਾ ਯਕੀਨ ਸੀ।

“ਤੁਸੀਂ ਅੱਗੇ ਰੋਜ਼ ਗੁਰੁਦੁਆਰੇ ਜਾਂਦੇ ਸੀ, ਹੁਣ ਕਾਹਤੋਂ ਜਾਣਾ ਛੱਡ ਦਿੱਤਾ, ਗੁਰੂ ਘਰ ਜਾਇਆ ਕਰੋ, ਤੁਹਾਡਾ ਮਨ ਟਿਕੂਗਾ!” ਪਤਨੀ ਉਸ ਲਈ ਚਿੰਤਤ ਸੀ।

-”ਮੈਂ ਨੀ ਜਾਣਾ ਕਿਤੇ!” ਉਹ ਅੱਕਿਆ ਹੋਇਆ ਬੋਲਿਆ, “ਤੂੰ ਚੁੱਪ ਰਿਹਾ ਕਰ!”

“ਕੀ ਹੋ ਗਿਆ ਅੰਕਲ ਜੀ ਨੂੰ?” ਬੂਹਿਓਂ ਅੰਦਰ ਆਉਂਦੇ ਫ਼ਾਨੀ ਬਾਲਾ ਨੇ ਕਨੇਰ ਨੂੰ ਘਬਰਾ ਕੇ ਪੁੱਛਿਆ। ਫ਼ਾਨੀ ਬਾਲਾ ਨਾਲ ਦੇ ਘਰ ਵਿੱਚ ਰਹਿੰਦੀ ਉਹਨਾਂ ਦੀ ਗੁਆਂਢਣ ਸੀ। ਜਦ ਦਾ ਹਾਦਸਾ ਹੋਇਆ ਸੀ, ਅਕਸਰ ਹੀ ਉਹ ਹਮਦਰਦੀ ਜਤਾਉਣ ਆ ਜਾਂਦੀ।

“ਤੈਨੂੰ ਤੇ ਪਤਾ ਹੀ ਹੈ, ਤੇਰੇ ਅੰਕਲ ਦੀ ਦਿਮਾਗੀ ਹਾਲਤ ਠੀਕ ਨਹੀਂ ਰਹਿੰਦੀ ਹੁਣæææ ਮੈਂ ਇਹਨਾਂ ਦੀ ਚਿੰਤਾ ‘ਚ ਘੁਲੀ ਜਾ ਰਹੀ ਹਾਂ!” ਕਨੇਰ ਨੇ ਪਾਣੀ ਪੂਰਨ ਦੇ ਮੂੰਹ ਨੂੰ ਲਾਉਂਦੇ ਹੋਏ ਕਿਹਾ ਅਤੇ ਪੂਰਨ ਦੇ ਲੱਕ ਤੇ ਹੱਥ ਫੇਰਨ ਲੱਗ ਪਈ।

“ਕੱਲ੍ਹ ਤੁਸੀ ਦੋਵੇ ਮੇਰੇ ਨਾਲ ਚੱਲਿਓ, ਮੈਂ ਦਿਖਾਅੁਂਗੀ ਤੁਹਾਨੂੰ ਜ਼ਿੰਦਗੀ ਦਾ ਦੂਸਰਾ ਰੂਪ … ਨੌਂ ਵਜੇ ਮੈਂ ਤੁਹਾਨੂੰ ਲੈਣ ਆਉਗੀਂ!” ਫ਼ਾਨੀ ਬਾਲਾ ਉਹਨਾਂ ਦੀ ਮੱਦਦ ਕਰਨਾ ਚਾਹੁੰਦੀ ਸੀ। ਅਗਲੇ ਦਿਨ ਸਵੇਰੇ ਫ਼ਾਨੀ ਬਾਲਾ ਆ ਗਈ ਅਤੇ ਪੂਰਨ ਖੰਨਾ ਤੇ ਕਨੇਰ ਖੰਨਾ ਨੂੰ ਆਪਣੇ ਨਾਲ ਲੈ ਕੇ ਚਲੀ ਗਈ। ਇੱਕ ਅਨਾਥ ਆਸ਼ਰਮ ਵਿੱਚ ਜਿੱਥੇ ਉਹ ਕੰਮ ਕਰਦੀ ਸੀ।

“ਆਹ ਇੱਕ ਇੰਜ ਤਰ੍ਹਾਂ ਦੀ ਦੁਨੀਆਂ ਹੈ, ਜਿਸ ਦਾ ਹਿੱਸਾ ਸਭ ਨੂੰ ਬਣਨਾ ਚਾਹੀਦਾ ਹੈ, ਇੱਥੇ ਉਹ ਅਨਾਥ ਬੱਚੇ ਨੇ, ਜਿੰਨ੍ਹਾਂ ਨੂੰ ਮਾਂ-ਪਿਉ ਦੇ ਪਿਆਰ ਦੀ ਘਾਟ ਹੈ ਅਤੇ ਮੇਰੇ-ਤੁਹਾਡੇ ਵਰਗੇ ਆ ਕੇ ਪਿਆਰ ਦੀ ਮੱਲ੍ਹਮ ਲਾ ਇਹਨਾਂ ਦੇ ਜ਼ਖਮਾਂ ਨੂੰ ਭਰਨ ਦੀ ਕੋਸ਼ਿਸ਼ ਕਰਦੇ ਨੇ ਅਤੇ ਜੀਣ ਲਈ ਨਵੀਂ ਆਸ ਦੀ ਬਾਂਹ ਫੜਾਉਂਦੇ ਹਨ।” ਫ਼ਾਨੀ ਬਾਲਾ ਕੋਲ ਬਿਆਨ ਕਰਨ ਲਈ ਬਹੁਤ ਕੁਝ ਸੀ।

“ਹਾੜ੍ਹੇ ਵੇ ਮੇਰੇ ਡਾਢੇ ਰੱਬਾ, ਕਿਸੇ ਕੋਲੋਂ ਔਲਾਦ ਖੋਹ ਲਈ ਤੇ ਕਿਸੇ ਕੋਲੋ ਮਾਪੇ…?” ਕਨੇਰ ਦੀਆਂ ਅੱਖਾਂ ਭਰ ਆਈਆਂ। ਪੂਰਨ ਅਤੇ ਕਨੇਰ ਬੜੇ ਹੀ ਪਿਆਰ ਨਾਲ ਬੱਚਿਆਂ ਨੂੰ ਮਿਲ ਰਹੇ ਸਨ। ਕੁਝ ਬੱਚੇ ਇਹਨਾਂ ਦੀ ਉਂਗਲ਼ ਫੜ ਕਿਸੇ ਉਮੀਦ ਵਿੱਚ ਨਾਲ ਹੀ ਟਹਿਲਣ ਲੱਗ ਪਏ। ਪੂਰਨ ਅਤੇ ਕਨੇਰ ਹਰ ਮਿੰਟ ਬਾਦ ਆਪਣੀਆਂ ਅੱਖਾਂ ਦੇ ਹੰਝੂ ਪੂੰਝ ਲੈਂਦੇ ਸਨ, ਜਿਵੇਂ ਆਪਣੇ ਨਿਆਣਿਆਂ ਨੂੰ ਹੀ ਮਹਿਸੂਸ ਕਰ ਰਹੇ ਹੋਣ।

“ਫ਼ਾਨੀ ਪੁੱਤ, ਸਾਨੂੰ ਐਥੇ ਲਿਆ ਕੇ ਤੂੰ ਬੜਾ ਪੁੰਨ ਦਾ ਕੰਮ ਕੀਤਾ ਹੈ। ਦੁਨੀਆਂ ਵਿੱਚ ਕਿੰਨੇ ਲੋਕਾਂ ਨੂੰ ਇੱਕ ਦੂਜੇ ਦੇ ਸਹਾਰੇ ਦੀ ਲੋੜ ਹੈ।” ਪੂਰਨ ਨੇ ਫ਼ਾਨੀ ਬਾਲਾ ਦੇ ਸਿਰ ‘ਤੇ ਹੱਥ ਰੱਖਦੇ ਹੋਏ ਕਿਹਾ।

“ਹੁਣ ਅਸੀਂ ਜ਼ਰੂਰ ਆਇਆ ਕਰਨਾ ਹੈ ਇਹਨਾਂ ਦੇ ਨਾਲ ਸਮਾਂ ਬਿਤਾਉਣ ਲਈ। ਅਸੀਂ ਇਹਨਾਂ ਦੀ ਮੱਦਦ ਕਰ ਕੇ ਆਪਣੇ ਬੱਚਿਆਂ ਦੀ ਰੂਹ ਨੂੰ ਸਕੂਨ ਦੇ ਸਕਾਂਗੇ।” ਕੋਲ ਖੜ੍ਹੇ ਇੱਕ ਬੱਚੇ ਦੀ ਪਿੱਠ ਸਹਿਲਾਉਦਿਆਂ ਕਨੇਰ ਬੋਲੀ। ਇਹਨਾਂ ਪੂਰਨ ਅਤੇ ਕਨੇਰ ਦੀਆਂ ਮੋਹ ਭਰੀਆ ਗੱਲਾਂ ਸੁਣ ਕੇ ਨੂੰ ਫ਼ਾਨੀ ਬਾਲਾ ਦੀਆਂ ਅੱਖਾਂ ਭਰ ਆਈਆਂ।

“ਮੈਨੂੰ ਬਹੁਤ ਖੁਸ਼ੀ ਹੋਈ ਕਿ ਤੁਸੀਂ ਆਪਣਾ ਨਜ਼ਰੀਆ ਬਦਲਿਆ, ਆਪਣੇ ਦੁੱਖ ਵਿੱਚੋਂ ਨਿਕਲਣ ਲਈ…।” ਕਨੇਰ ਨੇ ਅੱਖਾਂ ਪੂੰਝਦੇ ਹੋਏ ਆਪਣੇ ਪਤੀ ਵੱਲ ਵੇਖ ਕੇ ਰਾਹਤ ਦਾ ਸਾਹ ਲਿਆ। ਬਿਲਕੁਲ ਸੱਚ ਹੈ ਅਗਰ ਤੁਸੀਂ ਆਪਣਾ ਰਾਹ ਬਦਲੋ ਤੇ ਬਹੁਤ ਸਾਰੇ ਹੋਰ ਰਾਹ ਤੁਹਾਡੇ ਲਈ ਖੁੱਲ੍ਹ ਜਾਂਦੇ ਹਨ। ਅਗਲੇ ਹੀ ਦਿਨ ਤੋਂ ਪੂਰਨ ਖੰਨਾ ਅਤੇ ਉਸ ਦੀ ਪਤਨੀ ਕਨੇਰ ਖੰਨਾ ਨਿਰੰਤਰ ਅਨਾਥ ਆਸ਼ਰਮ ਜਾਣ ਲੱਗ ਪਏ। ਯਥਾ ਸੰਭਵ ਆਪਣਾ ਸਮਾਂ ਬੱਚਿਆਂ ਨਾਲ ਬਿਤਾਉਣ ਲੱਗ ਪਏ। ਕਦੇ-ਕਦੇ ਟੋਫ਼ੀਆਂ, ਚਾਕਲੇਟ, ਬਿਸਕੁਟ ਅਤੇ ਖਿਡੌਣੇਂ ਲਿਆ ਬੱਚਿਆਂ ਵਿੱਚ ਵੰਡਦੇ ਸੀ। ਦੋਵੇ ਪਤੀ-ਪਤਨੀ ਔਲਾਦ ਦੀ ਕਮੀ ਕਰਕੇ ਮੋਹ, ਵੈਰਾਗ ਅਤੇ ਪਿਆਰ ਨਾਲ ਭਰੇ ਹੋਏ ਸਨ। ਇਸ ਲਈ ਉਹਨਾਂ ਦਾ ਪਿਆਰ ਕੁਦਰਤੀ ਤੌਰ ‘ਤੇ ਅਨਾਥ ਬੱਚਿਆਂ ‘ਤੇ ਉਮੜ ਪੈਂਦਾ ਸੀ। ਸ਼ਾਇਦ ਇੰਨੇ ਸੱਚੇ ਮੋਹ ਪਿਆਰ ਕਰਕੇ ਬੱਚੇ ਵੀ ਸਾਰਾ ਦਿਨ ਆਲੇ-ਦੁਆਲੇ ਖੇਡਦੇ, ਖਾਂਦੇ, ਮਿੱਠੀਆਂ-ਪਿਆਰੀਆਂ ਗੱਲਾਂ ਕਰਦੇ। ਪੂਰਨ ਅਤੇ ਕਨੇਰ ਦਾ ਮੰਨ ਪ੍ਰਚਾਅੁਂਦੇ ਰਹਿੰਦੇ ਸਨ।

…ਵਕਤ ਨੂੰ ਵੀ ਜਿਵੇਂ ਕਲੋਲਾਂ ਕਰਨ ਦੀ ਆਦਤ ਹੁੰਦੀ ਹੈ। ਇੱਕ ਦਿਨ ਘਰ ਮੁੜਦੇ ਹੋਏ ਸੜਕ ‘ਤੇ ਪੂਰਨ ਖੰਨਾ ਦੀਆਂ ਅੱਖਾਂ ਸਾਹਮਣੇ ਇੱਕ ਕਾਰ ਇੱਕ ਨੌਜਵਾਨ ਨੂੰ ਟੱਕਰ ਮਾਰ ਭੱਜ ਗਈ। ਪੂਰਨ ਨੇ ਬਥੇਰਾ ਰੌਲਾ ਪਾਇਆ, ਪਰ ਕਾਰ ਨਾ ਰੁਕੀ ਅਤੇ ਫੱਟੜ ਹੋਇਆ ਨੌਜਵਾਨ ਬੇਹੋਸ਼ ਹੋ ਗਿਆ। ਜ਼ਖਮੀਂ ਨੌਜਵਾਨ ਦੇ ਕੋਈ ਨਜ਼ਦੀਕ ਨਹੀਂ ਸੀ ਫਟਕ ਰਿਹਾ। ਪੂਰਨ ਨੂੰ ਉਸ ਨੌਜਵਾਨ ਵਿੱਚੋਂ ਜ਼ਖਮੀ ਹੋਇਆ ਆਪਣਾ ਪੁੱਤ ਪ੍ਰਤੱਖ ਦਿਸ ਰਿਹਾ ਸੀ। ਪੂਰਨ ਖੰਨਾ ਨੇ ਬੜੀ ਮੁਸ਼ਕਲ ਨਾਲ ਇੱਕ ਵੈਨ ਰੁਕਵਾਈ ਅਤੇ ਉਸ ਨੌਜਵਾਨ ਨੂੰ ਦੋ ਲੋਕਾਂ ਦੀ ਮੱਦਦ ਨਾਲ ਜੱਫੇ ਵਿੱਚ ਲੈ ਕੇ ਵੈਨ ਵਿੱਚ ਬੈਠ, ਹਸਪਤਾਲ ਵੱਲ ਟੁਰ ਪਿਆ….।

“ਤੁਸੀ ਲਵੋਗੇ ਇਸ ਕੇਸ ਦੀ ਜ਼ਿਮੇਵਾਰੀ?” ਰਿਸੈਪਸ਼ਨ ਤੋਂ ਇੱਕ ਬੀਬੀ ਬੋਲੀ।

“ਜਦ ਲੈ ਕੇ ਆਇਆ ਹਾਂ, ਤਾਂ ਹੁਣ ਮਰਨ ਲਈ ਤੇ ਨਹੀਂ ਛੱਡ ਸਕਦਾ, ਮੈਂ ਲਊਂਗਾ ਜਿੰਮੇਵਾਰੀ।” ਪੂਰਨ ਕਾਫ਼ੀ ਸਾਰੇ ਸਵਾਲਾਂ ਨੂੰ ਪੁੱਛੇ ਜਾਣ ‘ਤੇ ਖਿਝ ਗਿਆ ਸੀ।

ਸਾਰੀ ਕਾਰਵਾਰੀ ਪੂਰੀ ਹੋਣ ਬਾਅਦ ਨੌਜਵਾਨ ਓਪਰੇਸ਼ਨ ਥੀਏਟਰ ਵਿੱਚ ਲੈ ਜਾਇਆ ਗਿਆ।

ਕੁਝ ਘੰਟੇ ਦੀ ਜੱਦੋਜਹਿਦ ਬਾਅਦ ਪੂਰਨ ਨੂੰ ਖੂਨ ਦਾ ਇੰਤਜ਼ਾਮ ਕਰਨ ਲਈ ਇੱਕ ਨਰਸ ਨੇ ਆ ਕੇ ਕਿਹਾ।

“ਮੇਰਾ ਖੂਨ ਚੈਕ ਕਰੋ, ਸ਼ਾਇਦ ਮੈਚ ਹੋ ਜਾਏ?” ਪੂਰਨ ਨੇ ਉਸ ਅਣਜਾਣੇ ਨੌਜਵਾਨ ਦੀ ਜਾਨ ਬਚਾਉਣ ਦੀ ਜਿਵੇਂ ਸੌਂਹ ਖਾ ਲਈ ਸੀ। ਵਾਹ ਐ ਕੁਦਰਤ!! ਪੂਰਨ ਦਾ ਖੂਨ ਗਰੁੱਪ ਫੱਟੜ ਨੌਜਵਾਨ ਦੇ ਖੂਨ ਨਾਲ ਮੈਚ ਹੋ ਗਿਆ। ਪੂਰਨ ਖੰਨਾ ਨੂੰ ਲਿਟਾ ਦਿੱਤਾ ਗਿਆ। ਓਸ ਵੇਲੇ ਤੱਕ ਕਨੇਰ ਵੀ ਹਸਪਤਾਲ ਪਹੁੰਚ ਗਈ ਸੀ।

“ਮੈਂ ਪੂਰਨ ਖੰਨਾ ਦੀ… ਪਤਨੀ ਹਾਂ, ….ਮੇ… ਮੇਹਰਬਾਨੀ ਕਰ ਮੈਨੂੰ ਉਹਨਾਂ ਤਿਕ ਲੈ ਚੱਲੋ…।” ਕਨੇਰ ਦਾ ਘਬਰਾਹਟ ਕਰਕੇ ਸਾਹ ਠੀਕ ਨਹੀ ਸੀ ਚੱਲ ਰਿਹਾ। ….”ਆਹ ਲਵੋ ਇਸ ਕੇਸ ਦੇ ਪੈਸੇ…।” ਝੋਲੇ ਵਿੱਚੋ ਕੱਢ ਕੇ ਪੈਸੇ ਕਨੇਰ ਨੇ ਡੈਸਕ ਤੇ ਰੱਖ ਦਿੱਤੇ। ਪੰਜ ਕੁ ਮਿੰਟ ਬਾਅਦ ਨਰਸ ਕਨੇਰ ਖੰਨਾ ਨੂੰ ਨਾਲ ਲੈ ਟੁਰੀ ਅਤੇ ਇੱਕ ਕਮਰੇ ਦੇ ਬੂਹੇ ਅੱਗੇ ਰੁਕ ਗਈ।

ਆਹ ਕੀ ਦੇਖ ਰਹੀ ਸੀ ਕਨੇਰ…??

ਇੱਕ ਬੈੱਡ ‘ਤੇ ਉਸ ਦਾ ਪਤੀ ਪੂਰਨ ਪਿਆ ਸੀ ਅਤੇ ਦੂਜੇ ਬੈੱਡ ‘ਤੇ ਇੱਕ ਫੱਟੜ ਨੌਜਵਾਨ… ਅਤੇ…. ਅਤੇ ਉਹਨਾਂ ਦੋਹਾਂ ਨੂੰ ਖੂਨ ਦੀਆਂ ਨਾਲੀਆਂ ਨੇ ਜੋੜਿਆ ਹੋਇਆ ਸੀ। ਕਨੇਰ ਨੂੰ ਇੱਕ ਪਲ ਜਾਪਿਆ, ਜਿਵੇਂ ਉਹ ਨੌਜਵਾਨ ਉਸ ਦਾ ਆਪਣਾ ਪੁੱਤ ਹੀ ਹੈ, ਜਿਸ ਦੀਆਂ ਨਾੜਾਂ ਵਿੱਚ ਆਪਣੇ ਪਤੀ ਪੂਰਨ ਦਾ ਖੂਨ ਜਾਂਦਾ ਵੇਖ ਰਹੀ ਸੀ। ਕਨੇਰ ਭਰੀਆਂ ਅੱਖਾਂ ਨਾਲ ਨੌਜਵਾਨ ਦੇ ਕੋਲ ਗਈ ਅਤੇ ਸਿਰ ‘ਤੇ ਹੱਥ ਫੇਰ ਕੇ ਉਸ ਨੌਜਵਾਨ ਦੇ ਮੁੱਖ ਨੂੰ ਬੜੇ ਗੌਰ ਨਾਲ ਵੇਖਣ ਲੱਗ ਪਈ। ਕੁਝ ਪਲਾਂ ਬਾਅਦ ਆਪਣੇ ਪਤੀ ਪੂਰਨ ਕੋਲ ਸਟੂਲ ਲੈ ਕੇ ਬੈਠ ਗਈ।

“ਅਸੀ ਕਿਸ ਖੂਨ ਦੇ ਰਿਸ਼ਤੇ ਦੀਆਂ ਗੱਲਾਂ ਕਰਦੇ ਹਾਂ…? ਅੱਜ ਤੋਂ ਬਾਅਦ ਇਸ ਅਣਜਾਣੇ ਨੌਜਵਾਨ ਦੇ ਸਰੀਰ ਵਿੱਚ ਮੇਰੇ ਪਤੀ ਦਾ ਖੂਨ ਸਦਾ ਲਈ ਘੁਲ ਜਾਣਾਂ ਹੈ, ਭਾਵੇਂ ਮੈਂ ਇਸ ਨੂੰ ਜਨਮ ਨਹੀਂ ਦਿੱਤਾ ….ਸੰਸਾਰ ਵਿੱਚ ਖੂਨ ਦੇ ਰਿਸ਼ਤੇ…।” ਕਨੇਰ ਆਪਣੀ ਸੋਚ ਵਿੱਚ ਕਿਤੇ ਗਹਿਰੇ ਉਤਰ ਗਈ ਸੀ। ਪਤੀ ਦੀ ਕਰਾਹੁੰਣ ਨਾਲ ਸੋਚ ਦੇ ਖੂਹ ਵਿੱਚੋਂ ਬਾਹਰ ਆਈ।

“ਕੀ ਹੋਇਆ? ਮੈਂ ਨਰਸ ਬੁਲਾਵਾਂ?” ਕਨੇਰ ਨੇ ਪਤੀ ਨੂੰ ਪੁੱਛਿਆ।

“ਨਹੀਂ!! ਮੈਂ ਠੀਕ ਹਾਂ… ਆਹ ਤੇ ਮੇਰੇ ਅੰਦਰਲੇ ਜ਼ਖਮਾ ਦੀ ਪੀੜ ਹੈ।” ਆਪਣਾ ਹੌਸਲਾ ਬਰਕਰਾਰ ਰੱਖਦਿਆਂ ਪੂਰਨ ਨੇ ਕਿਹਾ। ਤੁਪਕਾ-ਤੁਪਕਾ ਕਰਕੇ ਸਾਰੀ ਖੂਨ ਦੀ ਬੋਤਲ ਪੂਰਨ ਖੰਨਾ ਦੀਆਂ ਨਾੜਾਂ ਵਿੱਚੋਂ ਇਸ ਫੱਟੜ ਨੌਜਵਾਨ ਦੀਆਂ ਨਾੜਾਂ ਵਿੱਚ ਜਾ ਇੱਕ-ਮਿੱਕ ਹੋ ਚੁੱਕੀ ਸੀ।

“ਸ਼ਾਮ ਨੂੰ ਤੁਸੀਂ ਆਪਣੇ ਘਰ ਜਾ ਸਕਦੇ ਹੋ, ਅਸੀ ਇਸ ਮਰੀਜ਼ ਦੇ ਹੋਸ਼ ਆਉਣ ‘ਤੇ ਇਸ ਦੇ ਪਰਿਵਾਰ ਨੂੰ ਬੁਲਾ ਲਵਾਂਗੇ, ਖੂਨ ਦੇਣ ਕਰਕੇ ਤੁਹਾਨੂੰ ਅਰਾਮ ਦੀ ਜ਼ਰੂਰਤ ਹੈ, ਰਿਸੈਪਸ਼ਨ ‘ਤੇ ਆਪਣਾ ਪੂਰਾ ਪਤਾ ਦੇ ਦਵੋ, ਜੇ ਲੋੜ ਹੋਈ ਤੇ ਤੁਹਾਨੂੰ ਬੁਲਾ ਸਕਦੇ ਹਾਂ।” ਹਸਪਤਾਲ ਦੀ ਕਾਰਵਾਈ ਨੂੰ ਜਾਰੀ ਰੱਖਦਿਆਂ ਨਰਸ ਨੇ ਕਿਹਾ।

ਕਨੇਰ ਨੂੰ ਪੂਰਨ ਦੀ ਸਿਹਤ ਦਾ ਫ਼ਿਕਰ ਸੀ। ਜਲਦੀ ਹੀ ਸਾਰੀ ਕਾਰਵਾਈ ਪੂਰੀ ਕਰ ਕਨੇਰ ਟੈਕਸੀ ਕਰ ਉਸ ਨੂੰ ਲੈ ਘਰ ਆ ਗਈ ਅਤੇ ਅਗਲੇ ਹੀ ਦਿਨ ਤੋਂ ਪੂਰਨ ਦੇ ਖਾਣ-ਪਾਣ ਦਾ ਖਿਆਲ਼ ਕਰਨ ਲੱਗ ਪਈ।

….ਕੁਝ ਦਿਨ ਦੇ ਇਲਾਜ਼ ਤੋਂ ਬਾਅਦ ਨੌਜਵਾਨ ਠੀਕ ਹੋ ਗਿਆ ਅਤੇ ਰਿਸੈਪਸ਼ਨ ਤੋਂ ਪੂਰਨ ਖੰਨਾ ਦੇ ਘਰ ਦਾ ਪਤਾ ਲੈ ਕੇ ਆਪਣੇ ਪਰਿਵਾਰ ਨਾਲ ਛੁੱਟੀ ਲੈ ਹਸਪਤਾਲ ਤੋਂ ਚਲਾ ਗਿਆ।

ਅੱਜ ਵੀਹ ਕੁ ਦਿਨ ਹੋ ਗਏ ਸੀ। ਕਨੇਰ ਆਪਣੇ ਪਤੀ ਪੂਰਨ ਨਾਲ ਉਸ ਨੌਜਵਾਨ ਦੀਆਂ ਗੱਲਾਂ ਕਰ ਰਹੀ ਸੀ ਕਿ ਅਚਾਨਕ ਦਰਵਾਜ਼ੇ ‘ਤੇ ਦਸਤਕ ਹੋਈ। ਇੱਕ ਨੌਜਵਾਨ ਇੱਕ ਬੁੱਢੇ ਨਾਲ, ਜਿਹੜਾ ਦੇਖਣ ਤੋਂ ਮੁਸਲਿਮ ਲੱਗਦਾ ਸੀ, ਨੇ ਅਵਾਜ਼ ਮਾਰੀ, “ਘਰ ਕੋਈ ਹੈ ?” ਅਵਾਜ਼ ਸੁਣ ਕੇ ਕਨੇਰ ਨੇ ਤੁਰੰਤ ਦਰਵਾਜਾ ਜਾ ਖੋਲ੍ਹਿਆ। ਦੇਖਣ ਸਾਰ ਕਨੇਰ ਪਹਿਚਾਣ ਗਈ ਇਹ ਤਾਂ ਹਸਪਤਾਲ ਵਾਲਾ ਓਹੀ ਫੱਟੜ ਨੌਜਵਾਨ ਹੈ।

“ਬੈਠੋ ਮੈਂ ਇਹਨਾਂ ਨੂੰ ਬੁਲਾਉਨੀ ਆਂ।” ਕਨੇਰ ਨੇ ਕੁਰਸੀ ਵੱਲ ਇਸ਼ਾਰਾ ਕਰਕੇ ਕਿਹਾ। ਦੂਜੇ ਕਮਰੇ ਵਿੱਚੋਂ ਪੂਰਨ ਆਪ ਹੀ ਬਾਹਰ ਨਿਕਲ ਡਰਾਇੰਗ ਰੂਮ ਵਿੱਚ ਆ ਗਿਆ। ਉਸ ਨੂੰ ਦੇਖ ਕੇ ਨੌਜਵਾਨ ਅਤੇ ਉਸ ਦਾ ਅੱਬੂ ਅਦਬ ਵਿੱਚ ਹੱਥ ਜੋੜ ਕੇ ਖੜ੍ਹੇ ਹੋ ਗਏ।

“ਸਲਾਮ ਅੰਕਲ, ਮੈਂ ਅੱਬਾਸ ਖ਼ਾਨ ਹਾਂ, ਜਿਸ ਦੀ ਤੁਸੀਂ ਜਾਨ ਬਚਾਈ ਸੀ।” ਸ਼ੁਕਰਾਨੇਂ ਵਜੋਂ ਅੱਬਾਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਉਸ ਨੇ ਝੁਕ ਕੇ ਪੂਰਨ ਦੇ ਪੈਰ ਛੂਹੇ ਅਤੇ ਹੱਥ ‘ਚ ਫੜਿਆ ਫੁੱਲਾਂ ਦਾ ਗੁਲਦਸਤਾ ਪੂਰਨ ਦੇ ਪੈਰਾਂ ‘ਤੇ ਰੱਖ ਦਿੱਤਾ। ਪਰ ਪੂਰਨ ਉਸ ਦਾ ਨਾਮ ਸੁਣ ਕੇ ਸੁੰਨ ਹੋ ਗਿਆ ਅਤੇ “ਆਸ਼ੀਰਵਾਦ” ਸ਼ਬਦ ਨਹੀਂ ਬੋਲ ਸਕਿਆ। ਉਸ ਦੇ ਦਿਮਾਗ ਵਿੱਚ ਬੰਬ ਚੱਲੀ ਜਾ ਰਹੇ ਸਨ….

“ਮੈਂ ….ਮੈਂ ਇੱਕ ਮੁਸਲਮਾਨ ਨੂੰ ਬਚਾਇਆ ਹੈ? ਇਸ ਨੂੰ ਆਪਣਾ ਖੂਨ ਦਿੱਤਾ ਹੈ? ਇਹਨਾਂ ਨੇ ਤਾਂ ਮੇਰਾ ਘਰ ਉਜਾੜਿਆ ਹੈ… ਪਤਾ ਹੁੰਦਾ ਤਾਂ ਸੜਕ ‘ਤੇ ਹੀ ਮਰਨ ਲਈ ਪਿਆ ਰਹਿਣ ਦਿੰਦਾ…।” ਪੂਰਨ ਨੇ ਪੈਰਾਂ ‘ਤੇ ਰੱਖੇ ਫ਼ੁੱਲਾਂ ਨੂੰ ਠੁੱਡ ਮਾਰ ਦੂਰ ਉਡਾ ਦਿੱਤਾ ਅਤੇ ਜਿਸ ਕਮਰੇ ਵਿੱਚੋਂ ਆਇਆ ਸੀ, ਅਵਾ-ਤਵਾ ਬੋਲਦਾ ਓਸੇ ਕਮਰੇ ਵਿੱਚ ਮੁੜ ਗਿਆ। ਅੱਬਾਸ ਨੂੰ ਕੁਝ ਸਮਝ ਨਹੀਂ ਆਇਆ ਸੀ। ਅੱਬਾਸ ਦੇ ਪਿਉ ਦੇ ਮੱਥੇ ਉਰ ਨਿਰਾਸ਼ਾ ਫ਼ੈਲ ਗਈ। ਰੋਂਦੀ ਕਨੇਰ ਦੇ ਕੋਲ ਜਾ ਕੇ ਅੱਬਾਸ ਨੇ ਹੱਥ ਜੋੜੇ ਅਤੇ ਆਪਣੀ ਗਲਤੀ ਪੁੱਛੀ। ਕਨੇਰ ਨੇ ਲੰਬੀ ਕਹਾਣੀ ਨੂੰ ਛੋਟਾ ਕਰ ਪੂਰਨ ਖੰਨਾ ਦੀ ਨਫ਼ਰਤ ਦਾ ਅਸਲ ਕਾਰਣ ਦੱਸਿਆ। ਆਪਣੀ ਦੁੱਖਦੀ ਰਗ ਨੂੰ ਛੇੜ ਕੇ ਕਨੇਰ ਗਹਿਰੇ ਦੁੱਖ ਨਾਲ ਭਰ ਗਈ। ਅੱਬਾਸ ਸਾਰੀ ਕਹਾਣੀ ਸਮਝ ਗਿਆ ਅਤੇ ਪੂਰੀ ਹਮਦਰਦੀ ਨਾਲ ਭਰ ਵੀ ਗਿਆ ਸੀ। ਅੱਬਾਸ ਦਾ ਪਿਉ ਪੂਰਨ ਦੇ ਦੁੱਖ ਨੂੰ ਚੰਗੀ ਤਰ੍ਹਾਂ ਬੁੱਝ ਗਿਆ ਸੀ, ਇਸ ਲਈ ਉਸ ਨੇ ਅੱਬਾਸ ਦੇ ਮੋਢੇ ਨੂੰ ਘੁੱਟ ਕੇ ਅੱਗੇ ਵਧਣ ਦਾ ਇਸ਼ਾਰਾ ਕੀਤਾ।

“ਮੈਂ ਆਪ ਦੀ ਔਲਾਦ ਤਾਂ ਵਾਪਿਸ ਨਹੀਂ ਲਿਆ ਸਕਦਾ, ਪਰ ਮੇਰੇ ਸਿਰ ‘ਤੇ ਤੁਸੀਂ ਰਹਿਮਤ ਦਾ ਹੱਥ ਰੱਖੋ, ਤਾਂ ਮੈਂ ਪੁੱਤ ਹੋਣ ਦਾ ਫ਼ਰਜ਼ ਨਿਭਾਉਣਾ ਚਾਹੁੰਦਾ ਹਾਂ…।” ਕਨੇਰ ਦੀਆਂ ਅੱਖਾਂ ਤੋਂ ਹੰਝੂ ਪੂੰਝਦੇ ਹੋਏ ਅੱਬਾਸ ਨੇ ਕਿਹਾ। ਕਨੇਰ ਖ਼ਾਮੋਸ਼ੀ ਨਾਲ ਪੂਰਨ ਦੇ ਕਮਰੇ ਵੱਲ ਦੇਖਣ ਲੱਗ ਪਈ। ਅੱਬਾਸ ਪੂਰਨ ਖੰਨਾ ਦੇ ਕਮਰੇ ਵੱਲ ਟੁਰ ਪਿਆ।

“ਦਫ਼ਾ ਹੋ ਜਾ ਮੇਰੇ ਘਰੋਂ…।” ਪੂਰਨ ਨੇ ਦਹਾੜ ਮਾਰੀ ਤੇ ਅੱਬਾਸ ਆਪਣੇ ਗੋਡੇ ਟੇਕ ਕੇ ਜ਼ਮੀਨ ‘ਤੇ ਹੀ ਬੈਠ ਗਿਆ ਅਤੇ ਹੰਝੂ ਭਰ ਕੇ ਪੂਰਨ ਦੇ ਦੁੱਖ ਵਿੱਚ ਸਾਂਝ ਪਾਉਣ ਲੱਗਾ। ਪੂਰਨ ਨੇ ਕਾਫ਼ੀ ਬੋਲ-ਕੁਬੋਲ ਕਰ ਕੇ ਅੱਬਾਸ ਨੂੰ ਜ਼ਲੀਲ ਕੀਤਾ। ਅਖੀਰ ਜਦ ਪੂਰਨ ਖੰਨਾ ਦੇ ਸ਼ਾਂਤ ਹੋਣ ਤੋਂ ਬਾਦ ਅੱਬਾਸ ਨੇ ਬੋਲਣ ਲਈ ਆਪਣੀ ਜ਼ੁਬਾਨ ਖੋਲੀ, “ਤੁਸਾਂ ਮੇਰੇ ਅੰਕਲ ਨਹੀਂ, ਹੁਣ ਤੁਸਾਂ ਮੇਰੇ ਅੱਬੂ ਜਾਨ ਹੋ! ਮਾਂ ਆਪਣੇ ਖੂਨ ਨਾਲ ਬੱਚੇ ਨੂੰ ਸਿੰਜਦੀ ਹੈ ਤੇ “ਖੂਨ ਦਾ ਰਿਸ਼ਤਾ” ਬਣਦਾ ਹੈ, ਤੁਸਾਂ ਵੀ ਆਪਣਾਂ ਖੂਨ ਦੇ ਕੇ ਮੈਨੂੰ ਜੀਵਨ ਦਾਨ ਦਿੱਤਾ ਹੈ … ਆਪ ਦਾ ਖੂਨ ਮੇਰੀਆਂ ਰਗਾਂ ਵਿੱਚ ਹੈ, ਅਗਰ ਹੁਣ ਤੁਸਾਂ ਕੱਢ ਸਕਦੇ ਹੋ, ਤੇ ਕੱਢ ਲਵੋ…।” ਅੱਬਾਸ ਬਹੁਤ ਭਾਵੁਕ ਹੋ ਕੇ ਪੂਰਨ ਖੰਨਾ ਦੇ ਪੈਰਾਂ ‘ਤੇ ਡਿੱਗਿਆ ਵੈਰਾਗਮਈ ਬੋਲ ਰਿਹਾ ਸੀ।

“ਤੇਰੇ ਮਰਨ ਨਾਲ ਮੇਰਾ ਖੂਨ ਵਾਪਸ ਮਿਲ ਜਾਏਗਾ … ਸਮਝਿਆ ਤੂੰ?” ਪੂਰਨ ਨੂੰ ਅਜੇ ਵੀ ਆਪਣਾ ਖੂਨ ਮੁਸਲਮਾਨ ਨੂੰ ਦੇਣ ਦਾ ਦੁੱਖ ਸੀ।

“ਅਗਰ ਮੇਰੀ ਜਾਨ ਲੈਣ ਨਾਲ ਆਪ ਦੀ ਔਲਾਦ ਵਾਪਸ ਆਉਦੀਂ ਹੈ, ਤੇ ਜ਼ਰੂਰ ਲੈ ਲਵੋ… ਤੁਸਾਂ ਹੀ ਇਸ ਜਾਨ ਨੂੰ ਬਚਾਇਆ ਹੈ… ਤੁਸਾਂ ਮੇਰੇ ਅੱਬੂ ਜਾਨ ਹੋ ਹੁਣ…।” ਅੱਬਾਸ ਦੇ ਨਾਲ ਉਸ ਦੇ ਆਪਣੇ ਪਿਉ ਦੀਆਂ ਅੱਖਾਂ ਵੀ ਜਾਰੋ-ਜਾਰ ਰੋ ਰਹੀਆਂ ਸਨ। ਪੂਰਨ ਖੰਨਾ ਨੇ ਅੰਗਿਆਰ ਭਰੀਆਂ ਅੱਖਾਂ ਨਾਲ ਕਨੇਰ ਨੂੰ ਵੇਖਿਆ ਤੇ ਸ਼ਾਂਤ ਹੋ ਗਿਆ। ਜਿਵੇਂ ਕਿ ਕਨੇਰ ਦੀ ਅੱਖਾਂ ਦੇ ਪਾਣੀ ਨੇ ਅੰਗਿਆਰਾਂ ਨੂੰ ਠੰਡਾ ਕਰ ਦਿੱਤਾ ਸੀ। ਪੂਰਨ ਦੇ ਮਨ ਨੂੰ ਵੀ ਪਤਾ ਸੀ ਕਿ ਅੱਬਾਸ ਦੀ ਹਰ ਗੱਲ ਵਿੱਚ ਸੱਚਾਈ ਸੀ। ਪੂਰਨ ਖੰਨਾ ਦੀਆਂ ਨਾੜਾਂ ‘ਚੋਂ ਚੜ੍ਹਾਇਆ ਖੂਨ ਹੁਣ ਅੱਬਾਸ ਦੇ ਸਰੀਰ ‘ਚੋਂ ਨਿਕਲ ਨਹੀਂ ਸਕਦਾ ਸੀ, ਅਤੇ ਨਾ ਹੀ ਪੂਰਨ ਦੀ ਮਰੀ ਹੋਈ ਔਲਾਦ ਵਾਪਸ ਆ ਸਕਦੀ ਸੀ। ਆਪਣੀਆਂ ਮੀਟੀਆਂ ਹੋਈਆਂ ਮੁੱਠੀਆਂ ਪੂਰਨ ਨੇ ਸਹਿਜ ਨਾਲ ਖੋਲ੍ਹ ਲਈਆਂ ਅਤੇ ਅੱਖਾਂ ਬੰਦ ਕਰ ਲਈਆਂ। ਅੱਬਾਸ ਦੇ ਪਿਤਾ ਨੇ ਪੂਰਨ ਖੰਨਾ ਨੂੰ ਸਹਾਰਾ ਦੇ ਕੇ ਬਿਠਾਇਆ। ਸਹਾਨਭੂਤੀ ਪਾ ਕੇ ਇੱਕ ਵਾਰ ਫੇਰ ਪੂਰਨ ਨੇ ਖੂਨ ਵਿੱਚ ਦੱਬੇ ਗੁੱਸੇ ਨੂੰ ਅੱਖਾਂ ਦੇ ਪਾਣੀ ਰਾਹੀਂ ਛੱਲ-ਛੱਲ ਕਰ ਬਾਹਰ ਕੱਢ ਦਿੱਤਾ।

“ਨਹੀਂ ਅੱਬੂ, ਅੱਜ ਤੋਂ ਬਾਅਦ ਇਹਨਾਂ ਹੰਝੂਆਂ ਦਾ ਆਪ ਦੀਆਂ ਅੱਖਾਂ ‘ਚ ਕੋਈ ਕੰਮ ਨਹੀਂ। ਜਿੰਨੇ ਨਿਕਲਣੇ ਸੀ, ਅੱਜ ਤੱਕ ਨਿਕਲ ਗਏ…!” ਆਖਦੇ ਹੋਏ ਅੱਬਾਸ ਨੇ ਪੂਰਨ ਖੰਨਾ ਦੇ ਹੰਝੂ ਪੂੰਝ ਉਸ ਨੂੰ ਜੱਫ਼ੇ ਵਿੱਚ ਲੈ ਲਿਆ। ਪੂਰਨ ਖੰਨਾ ਨੂੰ ਇੱਕ ਪਲ ਭਰ ਨੂੰ ਲੱਗਿਆ ਕਿ ਜਿਵੇਂ ਉਸ ਦੇ ਆਪਣੇ ਪੁੱਤ ਨੇ ਹੀ ਆ ਕੇ ਜੱਫ਼ਾ ਭਰ ਲਿਆ ਸੀ। ਹੁਣ ਤੱਕ ਪੂਰਨ ਖੰਨਾ ਦਾ ਮਨ ਸੱਚਾਈ ਨੂੰ ਸਵੀਕਾਰ ਕਰ ਚੁੱਕਿਆ ਸੀ। ਕਨੇਰ ਖੰਨਾ ਸਾਰਿਆਂ ਲਈ ਪਾਣੀ ਲੈ ਕੇ ਆ ਗਈ। ਮਾਹੌਲ ਕਾਫ਼ੀ ਦੇਰ ਤੱਕ ਸ਼ਾਂਤ ਰਿਹਾ ਅਤੇ ਅੱਬਾਸ, ਪਿਤਾ ਰੂਪ ‘ਚ ਸਵੀਕਾਰ ਕਰ ਚੁੱਕੇ ਪੂਰਨ ਖੰਨਾ ਦੇ ਨਾਲ ਬਹੁਤ ਅਪਣੱਤ ਅਤੇ ਮੁਹੱਬਤ ਨਾਲ ਗੱਲਾਂ ਕਰਦਾ ਰਿਹਾ।

“ਮੇਰੇ ਭਾਗ ਚੰਗੇ ਸੀ ਕਿ ਇੱਕ ਹੋਰ ਪਿਉ ਦਾ ਹੱਥ ਮੇਰੇ ਸਿਰ ‘ਤੇ ਆ ਗਿਆ… ਹੁਣ ਮੈਂ ਹਮੇਸ਼ਾ ਆਪਦੇ ਕੋਲ ਹੀ ਹਾਂ।” ਅੱਬਾਸ ਨੇ ਭਰੋਸਾ ਦਿੱਤਾ।

“ਮੇਰੇ ਬੇਟੇ ਕਾ ਹਾਦਸਾ ਹੋਇਆ, ਤੇ ਆਪ ਨੇ ਮੇਰੇ ਬੇਟੇ ਨੂੰ ਇੱਕ ਨਵੀਂ ਜ਼ਿੰਦਗੀ ਬਖ਼ਸ਼ੀ, ਮਰਨੋਂ ਬਚਾਇਆ। ਸ਼ਾਇਦ ਇਹ ਅੱਲਾਹ ਪਾਕ ਦਾ ਹੀ ਤਾਣਾ ਬਾਣਾ ਸੀ, ਸ਼ਾਇਦ ਉਸ ਨੇ ਹੀ ਇਸ ਨਵੇਂ ਰਿਸ਼ਤੇ ਨੂੰ ਤਫ਼ਸੀਲ ਕਰਨਾ ਹੋਉਗਾ?” ਅੱਬਾਸ ਦੇ ਪਿਉ ਖ਼ਾਲਿਦ ਮੁਹੰਮਦ ਨੇ ਨਵੇਂ ਰਿਸ਼ਤੇ ਦੀ ਸਹਿਮਤੀ ਦਾ ਹੁੰਗਾਰਾ ਭਰਿਆ।

“……………।” ਪੂਰਨ ਖੰਨਾ ਚੁੱਪ ਸੀ।

“ਸਰਦਾਰ ਜੀ, ਗਲਤੀ ਇੱਕ ਇਨਸਾਨ ਕਰਦਾ ਹੈ ਅਤੇ ਦੋਸ਼ੀ ਸਾਰੀ ਕੌਮ, ਜਾਂ ਸਾਰਾ ਮੁਲਕ ਬਣ ਜਾਂਦਾ ਹੈ। ਹਰ ਬੰਦਾ ਔਰੰਗਜ਼ੇਬ ਨਹੀਂ ਹੁੰਦਾ, ਤੇ ਹਰ ਬੰਦਾ ਪੀਰ ਬੁੱਧੂ ਸ਼ਾਹ ਵੀ ਨਹੀਂ ਬਣ ਸਕਦਾ। ਜੇ ਕੌਮ ਵਿੱਚ ਗੰਗੂ ਵਰਗੇ ਦੁਸ਼ਟ ਸਨ, ਤਾਂ ਓਸੀ ਕੌਮ ਵਿੱਚ ਸਤਿਯੁਗੀ ਪੁਰਸ਼ ਦੀਵਾਨ ਕੌੜਾ ਮੱਲ ਵਰਗੇ ਵੀ ਜਿਉਂਦੇ ਜਾਗਦੇ ਸਨ। ਜੇ ਇੱਕ ਖ਼ਬੀਸ ਦੇ ਬੱਚੇ ਨੇ ਨਿਰਦੋਸ਼ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਤਾਂ ਅਸੀਂ ਦੋਸ਼ੀ ਥੋੜ੍ਹੋ ਹੋ ਗਏ?” ਅੱਬਾਸ ਦੇ ਅੱਬੂ ਖ਼ਾਲਿਦ ਮੁਹੰਮਦ ਨੇ ਆਪਣੇ ਦਿਲ ਦੀ ਗੱਲ ਆਖੀ ਤਾਂ ਪੂਰਨ ਖੰਨਾ ਨੇ ਧਾਹ ਮਾਰ ਕੇ ਖ਼ਾਲਿਦ ਨੂੰ ਜੱਫ਼ੀ ਪਾ ਲਈ, “ਮੈਨੂੰ ਮੁਆਫ਼ ਕਰ ਭਾਈ ਜਾਨ, ਮੈਨੂੰ ਮੁਆਫ਼ ਕਰ! ਸਦਮੇਂ ਵਿੱਚ ਆ ਕੇ ਮੈਂ ਸਾਡੀ ਮਰਿਆਦਾ ਦੇ ਸਿਧਾਂਤ ਭੁੱਲ ਚੱਲਿਆ ਸੀ, ਮੁਆਫ਼ ਕਰ ਮੈਨੂੰ!” ਉਸ ਦੀਆਂ ਅੱਖਾਂ ਵਿੱਚੋਂ ਹੰਝੂਆਂ ਦੇ ਛਰਾਟੇ ਪੈਣ ਲੱਗ ਪਏ। ਦੋ ਮਜ੍ਹਬਾਂ ਦੇ ਲੋਕ ਇੱਕ ਦੂਜੇ ਨੂੰ ਅਪਣੱਤ ਨਾਲ ਘੁੱਟੀ ਖੜ੍ਹੇ, ਰੋ ਰਹੇ ਸਨ। ਦਿਲਾਂ ਦਾ ਪਾੜਾ ਖਤਮ ਹੋ ਗਿਆ ਸੀ ਅਤੇ ਵੱਖੋ-ਵੱਖ ਮਾਵਾਂ ਦੇ ਜਾਏ ਇੱਕ-ਮਿੱਕ ਹੋਏ ਖੜ੍ਹੇ ਸਨ। ਖਾਰੇ ਹੰਝੂਆਂ ਨੇ ਵਿਤਕਰੇ ਅਤੇ ਈਰਖਾ ਵਾਲਾ ਕਲੰਕ ਧੋ ਮਾਰਿਆ ਸੀ। ਖ਼ਾਲਿਦ ਨਾਲੋਂ ਗਲਵਕੜੀ ਛੱਡ ਕੇ ਪੂਰਨ ਨੇ ਅੱਬਾਸ ਨੂੰ ਜੱਫ਼ੀ ਵਿੱਚ ਜਕੜ ਲਿਆ, “ਤੂੰ ਕਿਹੜਾ ਬਿਗਾਨਾ ਖ਼ੂਨ ਹੈਂ? ਮੇਰਾ ਹੀ ਤਾਂ ਲਹੂ ਹੈਂ! ਤੇਰੇ ਵਡੇਰਿਆਂ ਨੇ ਤਾਂ ਸਾਡੇ ਗੁਰੂ ਮਹਾਰਾਜ ਨੂੰ ਉਚ ਦਾ ਪੀਰ ਬਣਾ ਕੇ ਸਤਿਕਾਰ ਦਿੱਤਾ। ਬਾਬਾ ਮਰਦਾਨਾ ਸਾਰੀ ਉਮਰ ਗੁਰੂ ਨਾਨਕ ਪਾਤਿਸ਼ਾਹ ਜੀ ਦੇ ਨਾਲ ਰਿਹਾ। ਪਰ ਮੈਂ ਹੀ ਬੇਮੁੱਖ ਤੇ ਦਿਸ਼ਾਹੀਣ ਹੋ ਗਿਆ ਸੀ, ਪੁੱਤ! ਤੂੰ ਮੇਰਾ ਹੀ ਖ਼ੂਨ ਹੈਂ!” ਤੇ ਉਸ ਨੇ ਅੱਬਾਸ ਨੂੰ ਮੁੜ ਗਲਵਕੜੀ ਵਿੱਚ ਘੁੱਟ ਲਿਆ। ਸਭ ਦੀਆਂ ਅੱਖਾਂ ਨਮ ਸਨ। ਕਨੇਰ ਖੰਨਾ ਸਾਰਿਆਂ ਲਈ ਚਾਹ ਦੀ ਟਰੇਅ ਚੁੱਕੀ ਖੜ੍ਹੀ ਸੀ। ਉਸ ਦੀਆਂ ਅੱਖਾਂ ਵਿੱਚ ਵੀ ਵੈਰਾਗ ਦੇ ਅੱਥਰੂ ਕੰਬ ਰਹੇ ਸਨ।

ਬੋਲਦੇ ਅੱਥਰੂ
“ਹਾਏ…! ਆਹ ਕੀ…? ਮਾਂ ਤਾਂ ਜਿੰਦਾ ਹੈ…!” ਨੂੰਹ ਦੇ ਆਚੰਭਾ ਭਰੇ ਸ਼ਬਦਾਂ ਨਾਲ ਹੀ ਘਰ ਵਿੱਚ ਛਾ ਗਈ ਨਿਰਾਸ਼ਾ ਨੂੰ ਅਰਧ-ਬੇਹੋਸ਼ੀ ਦੀ ਹਾਲਤ ਵਿੱਚ ਪਈ ਸਵਿੰਦ ਕੌਰ ਬੰਦ ਅੱਖਾਂ ਵਿੱਚੋਂ ਵੀ ਸਾਫ਼ ਦੇਖ ਰਹੀ ਸੀ। ਬੱਚਿਆਂ ਨੂੰ ਮੇਰੀ ਜਿਉਂਦੀ ਦਾ ਇਤਨਾ ਦੁੱਖ ਕਿਉਂ ਹੈ…? ਕੀ ਇਹ ਮੈਨੂੰ ਮਰੀ  ਹੀ ਚਾਹੁੰਦੇ ਨੇ…? ਪਰ ਮੈਂ ਤਾਂ ਇਹਨਾਂ ਦਾ ਕਦੇ ਕੋਈ ਮਾੜਾ ਨਹੀਂ ਸੀ ਕੀਤਾ…! ਨਿੱਤ ਇਹਨਾਂ ਦੇ ਸੌ ਕੰਮ ਸੰਵਾਰਦੀ ਸੀ। ਕੀ ਹੋ ਗਿਆ ਹੁਣ ਮੈਂ ਬਿਰਧ ਹੋ ਗਈ…? ਜੇ ਕੁਝ ਹੋਰ ਨਹੀਂ ਕਰ ਸਕਦੀ, ਮੰਜੇ ‘ਤੇ ਬੈਠੀ ਇਹਨਾਂ ਲਈ ਅਰਦਾਸਾਂ ਤਾਂ ਕਰਦੀ ਹਾਂ ਨ੍ਹਾਂ…?

“ਜਾਨ ਛੁੱਟਦੀ, ਕੰਮ ਨਿਬੜਦਾ…! ਨਾਲ਼ੇ ਆਪ ਤੰਗ ਹੁੰਦੀ ਹੈ ਨਾਲ਼ੇ ਸਾਨੂੰ ਕਰਦੀ ਹੈ…!”

“ਮੈਂ ਤਾਂ ਲੱਕੜਾਂ ਲਈ ਵੀ ਆਖ ਆਇਆ ਸੀ…!” ਪੁੱਤ ਦੇ ਮੂੰਹੋਂ ਕੁਪੱਤੇ ਬੋਲ ਸੁਣ ਕੇ ਉਸ ਦੇ ਦਿਲ ਵਿੱਚੋਂ ਉਠੀ ਟੀਸ ਸਾਰੇ ਸਰੀਰ ਵਿੱਚ ਕੈਂਸਰ ਵਾਂਗ ਫ਼ੈਲ ਗਈ! ਆਪਣੀ ਜੰਮੀ ਔਲਾਦ ਨੂੰ ਮਾਂ ਤੋਂ ਬੇਹਤਰ ਕੌਣ ਜਾਣ ਸਕਦਾ ਹੈ?  ਜ਼ਰਾ ਅੱਖ ਫ਼ਰਕੀ ਅਤੇ ਅੱਖਾਂ ਹੰਝੂਆਂ ਨਾਲ ਭਰ ਗਈਆਂ । ਹੰਝੂਆਂ ਨਾਲ ਭਰੀਆਂ ਅੱਖਾਂ ਵਿੱਚੋਂ ਕੋਲ ਖੜ੍ਹਾ ਪਰਿਵਾਰ ਧੁੰਦਲ਼ਾ ਦਿਸਣ ਲੱਗ ਪਿਆ, ਪਰ ਅਤੀਤ ਸ਼ੀਸ਼ੇ ਵਾਂਗ ਸਾਫ਼, ਬਿਲਕੁਲ ਸਪੱਸ਼ਟ ਹੋ ਸਾਹਮਣੇ ਆ ਖੜ੍ਹਿਆ।…

“ਚੱਲ ! ਬੱਸ ਕਰ ਹੁਣ ਰੋਣਾਂ ਧੋਣਾਂ, ਅੱਜ ਤੂੰ ਡੋਲੀ ਚੜ੍ਹ ਮੇਰੇ ਘਰ ਆਈ ਹੈਂ ਤੇ ਹੁਣ ਆਪਾਂ ਮਿਲ ਕੇ ਇੱਕ ਨਵਾਂ ਜੀਵਨ ਸ਼ੁਰੂ ਕਰੀਏ!” ਮੋਹਣ ਸਿੰਘ, ਉਸ ਦਾ ਘਰਵਾਲਾ, ਜੋ ਅੱਜ ਹੀ ਡੋਲੀ ਲੈ ਸਵਿੰਦ ਨੂੰ “ਆਪਣੀ” ਬਣਾ ਕੇ ਆਪਦੇ ਘਰ ਲਿਆਇਆ ਸੀ, ਨੇ ਆਪਦਾ ਹੱਕ ਜਿਹਾ ਜਤਾਉਂਦੇ ਹੋਏ ਕਿਹਾ। ਅੱਖਾਂ ਦੀ ਬਰਸਾਤ ਜਿਵੇਂ ਖ਼ਤਮ ਹੀ ਨਹੀਂ ਸੀ ਹੋਣਾ ਚਾਹੁੰਦੀ। ਧੁੰਦਲ਼ਾ ਜਿਹਾ ਅੱਲ੍ਹੜ ਉਮਰ ਦਾ ਇੱਕ ਵਾਕਿਆ ਯਾਦ ਆ ਗਿਆ।….

“ਵੇਖ ਸਵਿੰਦ, ਹੁਣ ਤੂੰ ਸਿਆਣੀ ਹੋ ਰਹੀ ਹੈਂ, ਕੱਲ੍ਹ ਆਪਣੇ ਘਰ ਜਾਵੇਂਗੀ, ਸਾਡੀ ਜਿੰਮੇਵਾਰੀ ਤੇਰੇ ਵਿਆਹ ਤਿੱਕ ਹੀ ਹੈ, ਜਦੋਂ ਤੇਰੀ ਡੋਲੀ ਐਸ ਘਰ ਤੋਂ ਚਲੀ ਗਈ, ਤੇ ਮੁੜ ਕੋਈ ਸ਼ਿਕਾਇਤ ਨਾ ਆਵੇ, ਸਾਡੇ ਕੋਲ ਖੁਸ਼ ਹੋ ਕੇ ਹੀ ਮਿਲਣ ਗਿਲਣ ਆਈਂ। ਜਿਸ ਘਰ ਗਈ, ਓਥੋਂ ਤੇਰੀ ਅਰਥੀ ਹੀ ਨਿਕਲੇ!” ਜਵਾਨ ਹੁੰਦੀ ਸਵਿੰਦ ਨੂੰ ਮਾਂ ਦੀਆਂ ਸਾਰੀਆਂ ਗੱਲਾਂ ਓਸ ਵੇਲੇ ਸਮਝ ਨਹੀ ਸੀ ਆ ਰਹੀਆਂ। ਪਰ ਅੱਜ ਮੋਹਣ ਸਿੰਘ ਦੇ ਦੋ ਬੋਲਾਂ ਨਾਲ ਹੀ ਮਾਂ ਦੀ ਓਸ ਵੇਲੇ ਕਹੀਆਂ ਗਈਆਂ ਬੇਤੁਕੀਆਂ ਜਿਹੀਆਂ ਗੱਲਾਂ ਦਾ ਸਾਰਾ ਮਤਲਬ ਸਮਝ ਆ ਰਿਹਾ ਸੀ। ….ਮੇਰੇ ਮਾਪੇ, ਭੈਣ, ਭਰਾ, ਉਹ ਘਰ, ਸਭ ਮੇਰੇ ਨਹੀਂ ਸੀ… ਮੇਰਾ ਸਫ਼ਰ ਤਾਂ ਹੁਣ ਸ਼ੁਰੂ ਹੋ ਰਿਹਾ ਸੀ। ਭਾਵੇਂ ਅੱਖਾਂ ਵਿੱਚ ਹੰਝੂ ਸੀ, ਪਰ ਮਨ ਨੂੰ ਸਕੂਨ ਆ ਗਿਆ ਕਿ ਆਪਣਾ ਕਹਿਣ ਨੂੰ ਹੁਣ ਮੇਰਾ ਵੀ ਘਰ ਹੋਊਗਾ। ਹਾਲਾਂਕਿ ਕਿਸੇ ਵੀ ਧੀ ਲਈ ਇਹ ਗੱਲ ਬਹੁਤ ਹੀ ਪੀੜਾਦਾਇਕ ਹੁੰਦੀ ਹੈ ਕਿ ਕਿਵੇਂ ਪਿਛਲੇ ਸਾਰੇ ਰਿਸ਼ਤੇ ਚਾਰ “ਫ਼ੇਰਿਆਂ” ਨਾਲ ਹੀ ਆਪਣਾ ਹੱਕ ਬਦਲ ਲੈਂਦੇ ਹਨ। ਪਰ ਸਮਾਜਿਕ ਪ੍ਰੰਪਰਾਵਾਂ ਨੂੰ ਚਲਾਣ ਲਈ ਖਾਮੋਸ਼ੀ ਨਾਲ ਸਭ ਸਵੀਕਾਰਨਾ ਹੀ ਪੈਦਾ ਹੈ।

ਮੋਹਣ ਸਿੰਘ ਨੇ ਧੀਮੇ ਜਹੀ ਸਵਿੰਦ ਦਾ ਹੱਥ ਦੱਬਿਆ ….ਤੇ ਜਿਵੇਂ ਉਹ ਪੇਕਿਆਂ ਤੋਂ ਸਿੱਧੀ ਸਹੁਰੇ ਘਰ ਆ ਡਿੱਗੀ ਹੋਵੇ।ਵਿਆਹ ਦੇ ਢੋਲ-ਢਮੱਕੇ ਦੇ ਨਾਲ ਹੀ ਆਪਣੇ ਨਵੇਂ ਜੀਵਨ ਵਿੱਚ ਵੀ ਸੰਗੀਤ ਵੱਜਣ ਲੱਗ ਪਿਆ। ਇਸ ਸੰਗੀਤ ਵਿੱਚ ਕਦੋਂ ਕਿਲਕਾਰੀਆਂ ਅਤੇ ਲੋਰੀਆਂ ਦੇ ਸੁਰ ਰਲ ਗਏ, ਸਵਿੰਦ ਕੌਰ ਨੂੰ ਪਤਾ ਹੀ ਨਹੀਂ ਲੱਗਿਆ। ਉਹ ਤਾਂ ਹਜੇ ਆਪਣੇ ਆਪ ਨੂੰ ਵੀ ਬਾਲੜੀ ਜਿਹੀ ਹੀ ਮਹਿਸੂਸ ਕਰਦੀ ਸੀ। ਘਰ ਦੇ ਢੇਰ ਸਾਰੇ ਚੁੱਲ੍ਹੇ-ਚੌਂਕੇ ਦੇ ਕੰਮ ਨਾਲ ਨਾਲ ਵੱਡੇ ਪਰਿਵਾਰ ਦੀ ਸਾਰ ਸੰਭਾਲ, ਸਭ ਨੂੰ ਖੁਸ਼ ਰੱਖਣਾ, ਮੰਜੇ ‘ਤੇ ਪਏ ਦਾਦੇ ਸਹੁਰੇ ਦੀ ਦੇਖ-ਭਾਲ ਤਾਂ ਦਿਨ ਰਾਤ ਹੀ ਕਰਨੀ ਪੈਂਦੀ ਸੀ। ਸੁੱਖ ਨਾਲ ਆਪਦੇ ਵੀ ਚਾਰ ਜੁਆਕ ਹੋ ਗਏ ਸੀ। ਸਵਿੰਦ ਨੂੰ ਪਤਾ ਹੀ ਨਹੀਂ ਚੱਲਿਆ ਕਿ ਜ਼ਿੰਦਗੀ ਜੀਵੀਂ ਹੈ? ਯਾਂ ਕਿ ਬੀਤੀ ਹੈ?? ਆਪਦੇ ਨਿਆਣੇ ਪਾਲ਼ਦੇ-ਪਾਲ਼ਦੇ ਮੱਥੇ ਦੀ ਲੱਟ ਚਿੱਟੀ ਹੋ ਗਈ, ਜਿਸ ਨੂੰ ਅੱਜ ਸ਼ੀਸ਼ੇ ਵਿੱਚ ਵੇਖ ਕੇ ਉਸ ਨੇ ਇੱਕ ਠੰਢਾ ਜਿਹਾ ਸਾਹ ਭਰਿਆ ਅਤੇ ਹੱਥ ਜੋੜ ਕੇ ਕਿਹਾ ਕਿ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਨਿਆਣੇ ਹੁਣ ਸਿਆਣੇ ਹੋ ਚੱਲੇ ਹਨ। ਬੱਚਿਆਂ ਦੇ ਵਿਆਹਾਂ ਦੀਆਂ ਗੱਲਾਂ ਘਰ ਵਿੱਚ ਚੱਲ ਰਹੀਆਂ ਸਨ।

“ਸਵਿੰਦ, ਮੈਨੂੰ ਤੇ ਆਪਣੇ ਵੱਡੇ ਮੁੰਡੇ ਦਾ ਰਿਸ਼ਤਾ ਪਸੰਦ ਆਇਆ ਹੈ, ਤੂੰ ਕਿ ਕਹਿੰਦੀ ਹੈਂ?” ਪਤੀਦੇਵ ਨੇ ਹਾਮ੍ਹੀਂ ਭਰਵਾਉਣ ਦੇ ਮਕਸਦ ਨਾਲ ਗੁਰਦਿੱਤੇ ਪੁੱਤਰ ਦੇ ਆਏ ਰਿਸ਼ਤੇ ਦੀ ਗੱਲ ਸਾਂਝੀਂ ਕੀਤੀ।

“ਹਾਂਜੀਂ, ਰਿਸ਼ਤਾ ਉਹਨਾਂ ਨੇ ਆਪ ਹੀ ਮੰਗਿਆ ਹੈ, ਸਾਡੇ ਲਈ ਤੇ ਮਾਣ ਦੀ ਗੱਲ ਹੈ।” ਚਿਹਰੇ ‘ਤੇ ਚਮਕ ਜਿਹੀ ਆ ਗਈ। ਸਵਿੰਦ ਦੇ ਜਿਵੇਂ ਆਪਣੇ ਸੱਸ ਹੋਣ ਦੀ ਰਾਹ ਤੱਕ ਰਹੀ ਸੀ । ਜਲਦ ਹੀ ਘਰ ਦਾ ਮਾਹੌਲ ਸ਼ਹਿਨਾਈ ਵਿੱਚ ਬਦਲ ਗਿਆ। ਨੂੰਹ ਘਰ ਆਈ ਤੇ ਜਿਵੇਂ ਸਵਿੰਦ ਨੂੰ ਆਪਣੀ ਵਿਦਾਈ ਯਾਦ ਆ ਗਈ। ਨਾਲ ਹੀ ਨੂੰਹ ਵਾਸਤੇ ਮੋਹ ਨਾਲ ਮਨ ਭਰ ਆਇਆ। ਮੈਂ ਵੀ ਆਪਦੇ ਸਾਰੇ ਪਰਿਵਾਰ ਨੂੰ ਛੱਡ ਕੇ ਆਈ ਸੀ ਤੇ ਅੱਜ ਇਹ ਵੀ ਮੇਰੇ ਪੁੱਤ ਦਾ ਘਰ ਵਸਾਉਣ ਆ ਗਈ ਹੈ। ਬਹੁਤ ਖੁਸ਼ ਸੀ, ਉਡੀ ਫ਼ਿਰਦੀ ਸੀ ਆਪਣੇ ਪੁੱਤ ਦਾ ਘਰ ਵਸਾ ਕੇ!

“ਸੁਣਦੇ ਹੋ, ਮੇਰਾ ਜੋ ਸੋਨਾਂ ਹੈ, ਓਸ ਵਿੱਚੋਂ ਮੈਂ ਸੋਨੇ ਦੀ ਗਾਨੀ ਤੇ ਕਾਂਟੇ ਬਹੂ ਨੂੰ “ਮੱਥਾ ਟਿਕਾਈ” ਦੀ ਰਸਮ ਵਿੱਚ ਦੇ ਦਵਾਂ? ਬਾਕੀ ਦਾ ਦੂਜੇ ਬੱਚਿਆਂ ਵਿੱਚ ਵੰਡ-ਦੂੰਗੀ?” ਖੁਸ਼ੀ ਨਾਲ ਅੱਜ ਸਭ ਕੁਝ ਨਿਛਾਵਰ ਕਰਨ ਨੂੰ ਜਿਵੇਂ ਤਿਆਰ ਹੀ ਬੈਠੀ ਸੀ।

“ਕਮਲੀ ਨਾ ਬਣ…! ਬਹੂ ਦੇ ਨਿਵੇਤ ਦਾ ਸੋਨਾ ਉਹਨੂੰ ਪਾ ਦਿੱਤਾ ਹੈ, ਤੂੰ ਆਪਣਾ ਆਪਦੇ ਕੋਲ ਰੱਖ, ਤੇਰੇ ਔਖੇ ਵੇਲੇ ਕੰਮ ਆਉਗਾ”, ਮੋਹਣ ਸਿੰਘ ਜਿਵੇਂ ਕੁਝ ਇਸ਼ਾਰੇ ਵਿੱਚ ਸਮਝਾਉਣਾ ਚਾਹੁੰਦਾ ਸੀ ਕਿ ਨੂੰਹਾਂ ਨੂੰ ਕਾਬੂ ਰੱਖਣ ਦੇ ਵੀ ਕੁਝ ਅਸੂਲ ਹੁੰਦੇ ਹਨ। ਇਸ ਪਾਸਿਓਂ ਸਵਿੰਦ ਭੋਲ਼ੀ ਹੀ ਸੀ, “ਜੋ ਕੁਝ ਹੈ, ਇਹਨਾਂ ਦਾ ਹੀ ਤੇ ਹੈ! ਅੱਜ ਕੀ ਤੇ ਕੱਲ੍ਹ ਕੀ, ਮੈਨੂੰ ਰੀਝ ਆਉਂਦੀ ਹੈ!”

ਪਤੀਦੇਵ ਨੇ ਸੁਆਲੀਆ ਨਜ਼ਰਾਂ ਨਾਲ ਸਵਿੰਦ ਨੂੰ ਵੇਖਦੇ ਹੋਏ ਸਲਾਹ ਦਿੱਤੀ, “ਭਾਗਵਾਨੇ ਜੇ ਮੈਨੂੰ ਕੁਝ ਹੋ ਗਿਆ, ਤੇ ਐਸ ਸੋਨੇ ਨੇ ਹੀ ਤੇਰੀ ਕਦਰ ਪਵਾਉਣੀ ਹੈ ਘਰ ਵਿੱਚ!” ਸਵਿੰਦ ਨੇ ਮੂੰਹ ‘ਤੇ ਹੱਥ ਰੱਖ ਦਿੱਤਾ, “ਅੱਜ ਤੇ ਆਹ ਗੱਲ ਕਹਿ ਦਿੱਤੀ, ਅੱਗੋਂ ਕਦੇ ਨਾ ਕਿਹੋ, ਮੈਂ ਤੁਹਾਡੇ ਹੱਥੀਂ ਹੀ ਜਾਣਾ ਹੈ ਇਸ ਦੁਨੀਆਂ ਤੋਂ!” ਉਸ ਦੀਆਂ ਅੱਖਾਂ ਭਰ ਆਈਆਂ ਤੇ ਪਤੀ-ਪ੍ਰਮੇਸ਼ਰ ਦੇ ਮੋਢੇ ‘ਤੇ ਸਿਰ ਲਾ ਲਿਆ, “ਮੈਨੂੰ ਮੇਰੇ ਬੱਚਿਆਂ ਤੋਂ ਆਹ ਸੋਨਾ ਜ਼ਿਆਦਾ ਪਿਆਰਾ ਨਹੀਂ, ਹੱਥੀ ਦੇ ਦਿਊਂਗੀ ਤੇ ਖੁਸ਼ ਹੋਣਗੀਆਂ, ਪਿੱਛੋਂ ਕਿਸ ਨੇ ਦੇਖਿਆ ਹੈ?”

“ਚੱਲ ਬਾਬਾ, ਜਿਵੇਂ ਤੂੰ ਖੁਸ਼!” ਸਵਿੰਦ ਦੇ ਹੰਝੂ ਪੂੰਝਦੇ ਹੋਏ ਮੋਹਣ ਬੋਲਿਆ। ਜਦ ਬਹੂ ਨਿਰਮਲ ਕੌਰ ਮੱਥਾ ਟੇਕਣ ਆਈ, ਆਪਣੀ ਬੁੱਕਲ਼ ਵਿੱਚ ਲਕੋਏ ਸੋਨੇ ਦੇ ਗਹਿਣੇ ਬਹੂ ਦੀ ਝੋਲੀ ਵਿੱਚ ਪਾ ਦਿੱਤੇ ਅਤੇ ਅਸੀਸਾਂ ਅਤੇ ਦੁਆਵਾਂ ਦਾ ਹੜ੍ਹ ਲਿਆ ਦਿੱਤਾ। ਘਰ ਵਿੱਚ ਚਹਿਲ-ਪਹਿਲ ਵਧ ਗਈ ਸੀ। ਸਾਲ ਲਾਡ ਪਿਆਰ ਵਿੱਚ ਹੀ ਗੁਜ਼ਰ ਗਿਆ। ਲੱਗਦੇ ਸਾਲ ਨੂੰ ਨਿਰਮਲ ਦਾ ਪੈਰ ਭਾਰੀ ਹੋ ਗਿਆ। ਮੂਲ਼ ਨਾਲੋਂ ਵਿਆਜ਼ ਜ਼ਿਆਦਾ ਪਿਆਰਾ ਹੁੰਦਾ ਹੈ, ਅਤੇ ਹੁਣ ਸਵਿੰਦ ਦਾ ਸਾਰਾ ਸਮਾਂ ਬਹੂ ਦੇ ਇਰਦ- ਗਿਰਦ ਪ੍ਰਕਰਮਾਂ ਕਰਦਿਆਂ ਹੀ ਗੁਜਰਦਾ। ਕੀ ਖਾਣੈਂ? ਕਦੋਂ ਖਾਣੈਂ? ਸੌਣਾ, ਉਠਣਾ, ਬੈਠਣਾ, ਸਭ ਦਾ ਖਿਆਲ ਰੱਖਦੀ, ਜਿਵੇਂ ਨਵੇਂ ‘ਜੀਅ’ ਦੇ “ਸੁਆਗਤ” ਦੀ ਹਰ ਵੇਲੇ ਤਿਆਰੀ ਕਰ ਰਹੀ ਹੋਵੇ। ਭਾਗਾਂ ਭਰਿਆ ਦਿਨ ਆਇਆ, ਤੇ ਨੌਂ ਮਹੀਨੇ ਦੀ ਸੇਵਾ ਤੋਂ ਬਾਅਦ ਸਵਿੰਦ ਨੂੰ ਇੱਕ ਗੁਲਾਬੀ ਹੱਥਾਂ ਵਾਲੀ ਕੋਮਲ ਜਿਹੀ ਰਾਜਕੁਮਾਰੀ ਦੀ ਦਾਦੀ ਬਣਨ ਦਾ ਸੁਭਾਗ ਮਿਲਿਆ।

ਦਿਨ ਗੁਜ਼ਰਦਿਆਂ ਆਪਣਾ ਪਰਿਵਾਰ ਵਧਣ-ਫ਼ੁੱਲਣ ਲੱਗ ਪਿਆ। ਨਿੱਕੀ ਜਿਹੀ ਜੁਆਕੜੀ ਪੋਤੀ ਪਾਲ਼ਦੇ ਹੋਏ ਆਪਣੀ ਧੀ ਦੇ ਵਿਆਹ ਦਾ ਖ਼ਿਆਲ ਆਉਣ ਲੱਗ ਪਿਆ। ਤਿੰਨੋਂ ਪੁੱਤਰ ਆਪਣੇ-ਆਪਣੇ ਕੰਮ ਧੰਦੇ ਲੱਗੇ ਸੀ। ਪਰ ਕੋਮਲ ਵੀ ਪੜ੍ਹ ਰਹੀ ਸੀ। ਘਰ ਵਿਚ ਲਾਡਲੀ ਸੀ ਤੇ ਜ਼ਿਆਦਾ ਕੋਈ ਕੁਝ ਆਖਦਾ ਵੀ ਨਹੀਂ ਸੀ। ਪਰ ਸਵਿੰਦ ਸੋਚ ਕੇ ਬੈਠੀ ਸੀ ਕਿ ਇਸ ਵਾਰ ਕੋਮਲ ਨਾਲ ਵਿਆਹ ਦਾ ਜ਼ਿਕਰ ਜ਼ਰੂਰ ਕਰੇਗੀਙ ਦਿਵਾਲੀ ਦੀ ਛੁੱਟੀਆਂ ‘ਤੇ ਜਦ ਕੋਮਲ ਘਰ ਆਈ ਤਾਂ ਮਾਂ ਨੇ ਮੌਕਾ ਦੇਖ ਕੇ ਉਸ ਨੂੰ ਟੋਹਿਆ ।

“ਦੇਖ ਪੁੱਤ, ਹਰ ਕੰਮ ਆਪਦੇ ਸਮੇਂ ‘ਤੇ ਹੀ ਸੋਭਦੇ ਹਨ, ਤੇਰੇ ਹੱਥ ਪੀਲੇ ਕਰਣ ਦਾ ਵੀ ਸਮਾਂ ਆ ਗਿਆ ਹੈ, ਆਹੀ ਸਾਲ ਪੂਰਾ ਕਰ, ਤੇ ਅਸੀ ਵੀ ਸੁਰਖਰੂ ਹੋਈਏ!”

“ਕੀ ਮਤਲਬ ਹੈ ਤੇਰਾ ਮਾਂ…? ਮੇਰੇ ਵਿਆਹ ਬਾਰੇ ਤੇ ਸੋਚਿਓ ਜੇ ਵੀ ਨਾਂ…! ਮੇਰੀ ਡਿਗਰੀ ਪੂਰੀ ਹੋਣ ਤੋਂ ਬਾਅਦ ਮੈਂ ਪ੍ਰਰੈਕਟਿਸ ਕਰਕੇ ਕੈਰੀਅਰ ਬਣਾਉਣੈ, ਨਾ ਕਿ ਵਿਆਹ ਕਰਵਾ ਕੇ ਕਿਸੇ ਦੀ ਗੁਲਾਮ ਬਣਨਾ ਹੈ!” ਸਾਰਾ “ਫ਼ਿਊਚਰ ਪਲਾਨ” ਕੋਮਲ ਨੇ ਇੱਕ ਸਾਹ ਵਿਚ ਮਾਂ ਨੂੰ ਦੱਸ ਮਾਰਿਆ। ਆਪਣੀ ਧੀ ਦੇ ਜ਼ਿੱਦੀ ਸੁਭਾਅ ਨੂੰ ਉਹ ਚੰਗੀ ਤਰ੍ਹਾਂ ਜਾਣਦੀ ਸੀ। ਰਾਤ ਨੂੰ ਸਾਰੀ ਗੱਲ ਪਤੀਦੇਵ ਨੂੰ ਦੱਸੀ। ਸੁਣਕੇ ਮੋਹਣ ਸਿੰਘ ਉਦਾਸ ਹੋ ਗਿਆ ਸੀ। ਪਰ ਹਾਉਕਾ ਜਿਹਾ ਭਰ ਕੇ ਬੋਲਿਆ, “ਧੀ ਦਾ ਧਨ ਹੈ, ਘਰੋਂ ਧੱਕੇ ਨਾਲ ਤਾਂ ਨਹੀਂ ਕੱਢ ਸਕਦੇ? ਕਰ ਲੈਣ ਦੇ ਜੋ ਕਰਨਾ ਚਾਹੁੰਦੀ ਹੈ।” ਅੱਖਾਂ ਬੰਦ ਕਰ ਕੇ ਕਿਸੇ ਗਹਰੀ ਸੋਚ ਵਿੱਚ ਖੋਅ ਗਿਆ। ਪਰ ਕੋਲ ਪਈ ਸਵਿੰਦ ਟਿਕ-ਟਿਕੀ ਲਗਾਏ ਛੱਤ ਵੱਲ ਵੇਖਦੀ ਹੋਈ ਇੱਕ ਅਣਜਾਣ ਜਿਹੀ ਚਿੰਤਾ ਵਿੱਚ ਖੁੱਭ ਗਈ। ਪੋਤੀ ਦੋ ਸਾਲ ਦੀ ਹੋ ਗਈ ਸੀ। ਹੁਣ ਦੂਜੇ ਪੁੱਤਰ ਦੇ ਵਿਆਹ ਬਾਰੇ ਫ਼ਿਕਰ ਕਰਨ ਲੱਗ ਪਈ। ਭੂਆ ਸੱਸ ਆਈ ਨੂੰ ਵੇਖ ਕੇ ਸਵਿੰਦ ਨੂੰ ਲੱਗਿਆ ਜਿਵੇਂ ਮਨ ਦੀ ਮੁਰਾਦ ਪੂਰੀ ਹੋ ਗਈ। ਖਾਣੇਂ ਤੋਂ ਵਿਹਲੀ ਹੋ ਕੇ ਉਹ ਲੰਮੀ ਪਈ ਭੂਆ ਸੱਸ ਦੇ ਪੈਰਾਂ ਵੱਲ ਆ ਬੈਠ ਗਈ ਅਤੇ ਮੰਨ ਦੀ ਗੰਢ ਖੋਲ੍ਹ ਦਿੱਤੀ।

“ਤੂੰ ਫ਼ਿਕਰ ਕਾਹਦੀ ਕਰਦੀ ਏਂ? ਰਿਸ਼ਤਿਆਂ ਦਾ ਕਿਹੜਾ ਕਾਲ ਪਿਆ ਏ??”

“ਮੇਰੇ ਮਨ ਤੋਂ ਤਾਂ ਤੁਸਾਂ ਬੋਝ ਹੀ ਲਾਹ ਦਿੱਤਾ ਭੂਆ ਜੀ!”

“ਬੱਸ, ਤੂੰ ਤਿਆਰੀ ਖਿੱਚ ਕੁੜ੍ਹੇ!”

ਮਹੀਨੇ ਵਿੱਚ ਹੀ ਬਹੁਤ ਉਚੇ ਘਰ ਦਾ ਰਿਸ਼ਤਾ ਭੂਆ ਨੇ ਵਿਚੋਲਣ ਬਣ ਕਰਵਾ ਦਿੱਤਾ। ਭੁਆ ਦਾ ਪਰਤਾਪ ਸੀ, ਗੱਲ ਬਿਨਾ ਕਿਸੇ ਮੀਣ-ਮੇਖ ਤੋਂ ਸਿਰੇ ਲੱਗ ਗਈ। ਮੁੜ ਇੱਕ ਵਾਰ ਫੇਰ ਘਰ ਵਿੱਚ ਧੂੰਮ-ਧੜੱਕਾ ਮੱਚਿਆ ਅਤੇ ਵੱਡੇ ਘਰ ਦੀ ਕੁੜੀ ਨੂੰਹ ਬਣ ਆ ਗਈ। ਦੂਜੇ ਪੁੱਤ ਦਾ ਘਰ ਵਸਾਉਣ ਲਈ। ਸਵਿੰਦ ਨੇ ਬੜੇ ਚਾਅ ਨਾਲ ਬੁੱਕਲ਼ ਵਿੱਚ ਦੂਜੀ ਨੂੰਹ ਦੇ “ਮੱਥਾ ਟਿਕਾਈ” ਵਾਸਤੇ ਦੇਣ ਲਈ ਆਪਦੇ ਕੁਝ ਗਹਿਣੇ ਲਕੋਈ ਖੜ੍ਹੀ, ਬੜੀ ਬੇਤਾਬੀ ਨਾਲ ਨੂੰਹ ਦੀ ਰਾਹ ਦੇਖ ਰਹੀ ਸੀ। ਬੇਸਬਰੀ ਨਾਲ ਕਦੇ ਪਤੀਦੇਵ ਵੱਲ ਵੇਖ ਲੈਦੀਂ ਸੀ ਅਤੇ ਕਦੇ ਬੂਹੇ ਵੱਲਙ ਸੋਚ ਰਹੀ ਸੀ ਕਿ ਔਰਤ ਨੂੰ ਆਪਣੇ ਗਹਿਣੇ ਗੱਟੇ ਨਾਲ ਬਹੁਤ ਪਿਆਰ ਹੁੰਦਾ ਹੈ, ਪਰ ਔਲਾਦ ਦੇ ਸਾਹਮਣੇ ਉਸ ਦੀ ਵੀ ਚਮਕ ਘੱਟ ਜਾਂਦੀ ਹੈ। ਕਾਫ਼ੀ ਦੇਰ ਉਡੀਕਣ ਤੋਂ ਬਾਅਦ ਪੁੱਤ ਨੂੰ ਹਾਕ ਮਾਰੀ,”ਚੰਨਿਆਂ, ਵੇ ਤੇਰੀ ਬਹੂ ਕਿੱਥੇ ਆ? ਮੈਂ ਸ਼ਗਨ ਫੜੀ ਬੈਠੀ ਹਾਂ!”

“ਮਾਂ ਉਹ ਤਾਂ ਪੈਗੀ, ਥੱਕੀ ਪਈ ਸੀ!” ਮੁੰਡੇ ਨੇ ਮੀਸਣਾ ਜਿਹਾ ਬਣ ਕੇ ਉਤਰ ਦਿੱਤਾ।

ਮੋਹਣ ਸਿੰਘ ਦੇ ਕੁਝ ਬੋਲਣ ਤੋਂ ਪਹਿਲਾ ਹੀ ਬੋਲ ਪਈ।

“ਆਹੋ! ਬੰਦਾ ਥੱਕ ਤਾਂ ਜਾਂਦਾ ਹੀ ਹੈ, ਚਲ ਮੈਂ ਹੀ ਸ਼ਗਨ ਫੜਾ ਆਉਂਦੀ ਹਾਂ, ਆਖਰ ਮੇਰੀ ਨੂੰਹ ਹੈ!” ਆਖ ਕੇ ਉਹ ਨਵੀਂ ਨੂੰਹ ਸਵੀਟੀ ਦੇ ਕਮਰੇ ਵੱਲ ਟੁਰ ਪਈ ।

ਸਵੀਟੀ ਮੱਥੇ ‘ਤੇ ਹੱਥ ਰੱਖ ਲੇਟੀ ਜਿਵੇਂ ਸਿਰਫ਼ ਆਪਣੇ ਪਤੀ ਚੰਨਣ ਸਿੰਘ ਦਾ ਇੰਤਜਾਰ ਕਰ ਰਹੀ ਸੀ ।

“ਕੀ ਗੱਲ ਪੁੱਤ, ਥੱਕ ਗਈ ਲੱਗਦੀ ਹੈਂ?” ਸੱਸ ਦਾ ਚਾਅ ਅਤੇ ਮਮਤਾ ਉਬਲ਼ ਉਬਲ਼ ਪੈਂਦੀ ਸੀ।

“ਹੂੰ…!” ਬੱਸ ਇਤਨਾ ਹੀ ਜਵਾਬ ਮਿਲਿਆ ਸਵੀਟੀ ਤੋਂ!

“ਮੈਂ ਉਡੀਕਦੀ ਸੀ ਸ਼ਗਨ ਦੇਣ ਲਈ ਮੱਥਾ ਟੇਕ…!” ਸ਼ਬਦ ਸਵਿੰਦ ਦੇ ਗਲੇ ਵਿੱਚ ਅਟਕ ਗਏ। ਕਿਉਂਕਿ ਬਹੂ ਨੇ ਤੇ ਉਠ ਕੇ ਬੈਠਣ ਦੀ ਵੀ ਤਕਲੀਫ਼ ਨਹੀਂ ਸੀ ਕੀਤੀ।

“ਲੈ ਪੁੱਤ, ਮੇਰੀ ਪੂੰਜੀ ਵਿੱਚੋਂ ਤੇਰਾ ਹਿੱਸਾ!”

“ਤੁਸੀਂ ਮੈਨੂੰ ਸੈੱਟ ਪਾਅ ਤਾਂ ਦਿੱਤਾ ਸੀ? ਮੇਰੇ ਮਾਪਿਆਂ ਨੇ ਬਥੇਰਾ ਦੇ ਦਿੱਤਾ ਮੈਨੂੰ, ਤੁਸੀ ਆਪਣਾ ਆਪਣੇ ਕੋਲ਼ ਰੱਖੋ!”

“ਮੈਂ ਹੁਣ ਬੁੱਢੇ ਬਾਰੇ ਕਿਸ ਨੂੰ ਵਖਾਉਣੇ ਨੇ? ਥੋਡੀ ਤਾਂ ਉਮਰ ਹੈ।” ਆਖ ਕੇ ਗਹਿਣੇ ਬਹੂ ਦੇ ਅੱਗੇ ਰੱਖ ਕੇ ਕਮਰੇ ਤੋਂ ਬਾਹਰ ਆ ਗਈਙ ਮੋਹਣ ਸਿੰਘ ਨੇ ਕੁਝ ਸ਼ੱਕੀ ਨਜ਼ਰਾਂ ਨਾਲ ਵੇਖਿਆ, ਪਰ ਉਹ ਕੁਝ ਨਹੀਂ ਬੋਲੀ। ਪਰ ਉਸ ਦੀ ਖ਼ਾਮੋਸ਼ੀ ਨੇ ਸਭ ਬਿਆਨ ਕਰ ਦਿੱਤਾ ਸੀ।

ਵਕਤ ਜਿਵੇਂ ਖੰਭ ਲਾ ਕੇ ਉਡ ਰਿਹਾ ਸੀ।

ਤੀਜੇ ਪੁੱਤ ਦੇ ਵਿਆਹ ਦਾ ਖਿਆਲ ਆਇਆ ਤੇ ਸ਼ਾਮ ਦੇ ਵੇਲੇ ਜੀਵਨ ਸਿੰਘ ਕੋਲ ਬੈਠ ਕੇ ਵਿਆਹ ਲਈ ਟੋਹਿਆ ।

“ਹਾਂ ਮਾਂ ਮੈਂ ਵੀ ਸੋਚ ਹੀ ਰਿਹਾ ਸੀ ਕਿ ਤੇਰੇ ਨਾਲ ਗੱਲ ਕਰਾਂ? ਮੇਰੇ ਨਾਲ ਜੋ ਸ਼ਾਨੋ ਪੜ੍ਹਦੀ ਸੀ, ਮੇਰੀ ਤੇ ਓਸ ਦੀ ਦੋਸਤੀ ਹੈ, ਮੈਂ ਉਸ ਨਾਲ ਹੀ ਵਿਆਹ ਕਰਵਾਉਣਾ ਚਾਹੁੰਦਾ ਹਾਂ!” ਪੁੱਤ ਨੇ ਪਿਟਾਰੀ ਖੋਲ੍ਹ ਮਾਂ ਅੱਗੇ ਰੱਖ ਦਿੱਤੀ।

“ਤੂੰ ਤਾਂ ਮੈਨੂੰ ਬਾਹਲਾ ਹੀ ਸੁਖਾਲਾ ਕਰ ਦਿੱਤਾ ਪੁੱਤ! ਲੈ, ਮੈਂ ਕੱਲ੍ਹ ਹੀ ਤੇਰੇ ਬਾਪੂ ਨਾਲ ਗੱਲ ਕਰਦੀ ਹਾਂ।” ਆਖ ਕੇ ਉਸ ਨੇ ਸੁਖ ਦਾ ਸਾਹ ਲਿਆ ।

“ਕੁੜੀ ਵਾਲੇ ਪਹਿਲਾਂ ਹੀ ਤਿਆਰ ਨੇ, ਤੁਸੀ ਆਪਦਾ ਦੇਖ ਲਵੋ!” ਜੀਵਨ ਵੱਲੋਂ ਜਿਵੇਂ ਲੱਗਭੱਗ ਸਭ ਤੈਅ ਹੋਇਆ ਹੀ ਜਾਪਦਾ ਸੀ। ਪਤੀ ਦੀ ਤਬੀਅਤ ਜ਼ਿਆਦਾਤਰ ਖਰਾਬ ਹੀ ਰਹਿਣ ਕਰ ਕੇ ਸਭ ਨਿਆਣੇ ਜਲਦ ਹੀ ਵਿਆਹ ਕੇ ਫ਼ਾਰਗ ਹੋਣਾ ਚਾਹੁੰਦੀ ਸੀ। ਧੀ ਅਜੇ ਵੀ ਕੋਈ ਲੜ ਪੱਲਾ ਨਹੀ ਸੀ ਫੜਾ ਰਹੀ। ਉਸ ਦੀ ਵਿਆਹ ਵਿੱਚ ਕੋਈ ਰੁਚੀ ਨਹੀਂ ਲੱਗਦੀ ਸੀ। ਪਰ ਉਸ ਨੇ ਕਦੇ ਕੋਈ ਠੋਸ ਕਾਰਨ ਵੀ ਨਹੀ ਸੀ ਦੱਸਿਆ। ਤੀਜੇ ਪੁੱਤ ਦੇ ਵਿਆਹ ਦੀ ਤਿਆਰੀ ਜੋਰਾਂ ਸ਼ੋਰਾਂ ਨਾਲ ਚੱਲ ਰਹੀ ਸੀ। ਕਿੰਨੇ ਦਿਨਾਂ ਦੀ ਤਿਆਰੀ ਤੋਂ ਬਾਅਦ ਅੱਜ ਜੰਝ ਚੜ੍ਹਾਅਣ ਦਾ ਦਿਨ ਆਇਆ ਕਿ ਅਚਾਨਕ ਪਤੀ ਮੋਹਣ ਸਿੰਘ ਦੀ ਤਬੀਅਤ ਪਹਿਲਾਂ ਨਾਸਾਜ਼ ਹੋਈ ਅਤੇ ਫ਼ਿਰ ਜ਼ਿਆਦਾ ਹੀ ਵਿਗੜ ਗਈ।

“ਜਾਹ, ਤੂੰ ਪਹਿਲਾਂ ਡਾਕਟਰ ਬੁਲਾ ਲਿਆ, ਜੰਝ ਥੋੜ੍ਹੀ ਦੇਰ ਨਾਲ ਚੜ੍ਹ ਜਾਉਗੀ।” ਪਤੀਦੇਵ ਵੱਲ ਵੇਖ ਕੇ ਉਸ ਨੇ ਫ਼ਿਕਰ ਨਾਲ ਕਿਹਾ।

“ਹਾਂਜੀ, ਤੋਰ ਦਿੱਤਾ ਮੁੰਡਾ।”

ਮੋਹਣ ਸਿੰਘ ਨੂੰ ਕੁਝ ਲੋੜੀਂਦੀਆਂ ਦੁਆਈਆਂ ਦੇ ਕੇ ਪੁੱਤ ਦੇ ਵਿਆਹ ਦੀਆਂ ਬਾਕੀ ਰਸਮਾਂ ਪੂਰੀਆਂ ਕੀਤੀਆਂ ਗਈਆਂ। ਡੋਲੀ ਘਰ ਆ ਗਈ। ਪਰ ਅੱਜ ਨੂੰਹ ਨੂੰ “ਮੱਥਾ ਟਿਕਾਈ” ਦੇਣ ਵਿੱਚ ਸਵਿੰਦ ਦਾ ਕੁਝ ਖ਼ਾਸ ਉਤਸ਼ਾਹ ਨਹੀਂ ਸੀ।

“ਦਿੱਲ ਕਿਉਂ ਢਾਹੀ ਬੈਠੀ ਹੈਂ? ਚੱਲ, ਕਢ ਉਹ ਨੂੰਹ ਦੇ ਹਿੱਸੇ ਦੇ ਗਹਿਣੇ!” ਸਵਿੰਦ ਦੇ ਮਨ ਦਾ ਮਾਹੌਲ ਬਦਲਣ ਲਈ ਮੋਹਣ ਸਿੰਘ ਨੇ ਕਿਹਾ।

“ਹੂੰ…! ਪਰ ਅੱਜ ਮੇਰਾ ਚਿੱਤ ਕਰਦਾ ਹੈ ਕਿ ਤੁਹਾਡੇ ਹੱਥੋਂ ਸ਼ਗਨ ਦੁਵਾਊਂ।” ਸਵਿੰਦ ਕੌਰ ਬੋਲੀ।

“ਬੱਸ਼….???? ਚੱਲ, ਬੁਲਾ ਬਹੂ ਨੂੰ, ਮਾਰ ਵਾਜ!” ਮੋਹਣ ਸਿੰਘ ਉਸ ਦਾ ਉਦਾਸ ਚਿਹਰਾ ਨਹੀਂ ਸੀ ਵੇਖ ਸਕਦਾ।

ਸਭ ਕੁਝ ਨਿੱਬੜ ਗਿਆ। ਮਹਿਮਾਨ ਵਾਪਿਸ ਮੁੜ ਗਏਙ ਸਵਿੰਦ ਦਾ ਪਰਿਵਾਰ ਵੱਡਾ ਹੋ ਗਿਆ ਸੀ। ਬੱਚਿਆਂ ਦੇ ਫ਼ਿਕਰਾਂ ਵਿੱਚ ਸਮਾਂ ਤੇਜੀ ਨਾਲ ਭੱਜ ਰਿਹਾ ਸੀ। ਵੱਡੇ ਪੁੱਤ ਦੇ ਤਿੰਨ ਨਿਆਣੇ ਹੋ ਗਏ ਹਨ। ਵਿਚਲੇ ਦੇ ਦੋ ਅਤੇ ਨਿੱਕੇ ਦੇ ਵੀ ਤਿੰਨ ਨਿਆਣੇ ਸਨ। ਸਾਰਾ ਦਿਨ ਪੋਤੇ-ਪੋਤੀਆਂ ਦੇ ਕੰਮ ਤੋਂ ਵੇਹਲ ਹੀ ਨਹੀ ਸੀ ਮਿਲਦੀ।

“ਹਾਏ ਰੱਬਾ…..!! ਹਾਏ ਨੀ ਮੈਂ ਮਰ ਗਈ….!” ਅਚਾਨਕ ਇੱਕ ਚੀਖ ਜਿਹੀ ਆਈ ਬਹੂ ਦੇ ਕਮਰੇ ਵਿੱਚੋਂ!

“ਕੀ ਹੋਇਆ ਗੁੱਡੂ….?” ਸਵਿੰਦ ਦੀਆਂ ਅੱਖਾਂ ਡਰ ਨਾਲ਼ ਖੜ੍ਹ ਗਈਆਂ।

“ਜੀਵਨ ਜੀ ਦਾ ਐਕਸੀਡੈਂਟ ਹੋ ਗਿਆ, ਤੇ ਮੌਕੇ ਤੇ ਹੀ ਮੌਤ ਹੋ ਗਈ…! ਹਾਏ ਨੀ ਮੈਂ ਮਰ ਗਈ…!” ਗੁੱਡੂ ਨੇ ਬਿਨਾ ਕੋਈ ਭੂਮਿਕਾ ਬੰਨ੍ਹੇ ਕੀਰਨਿਆਂ ਦੇ ਪੱਥਰ ਵਗਾਹ ਮਾਰੇ।

“…………….।” ਸਾਰੇ ਘਰ ਵਿਚ ਭਾਜੜ ਪੈ ਗਈ। ਕੋਹਰਾਮ ਮੱਚ ਗਿਆ। ਪਰ ਮੋਏ ਹੋਏ ਨੂੰ ਕਿਸੇ ਨੇ ਕੀ ਬਚਾਣਾ ਸੀ?

“ਹਾਏ ਵੇ ਮੇਰੇ ਸ਼ੇਰਾ, ਆਹ ਕੀ ਹੋ ਗਿਆ…? ਮੇਰੀ ਜਾਨ ਕਿਉਂ ਨਾ ਚਲੀ ਗਈ…? ਮੈਂ ਕਿਉਂ ਨਾ ਮਰ ਗਿਆ ਓਏ ਮੇਰਿਆ ਰੱਬਾ…!” ਧਾਹਾਂ ਮਾਰਦੇ ਮੋਹਣ ਸਿੰਘ ਨੂੰ ਸਾਹ ਨਹੀਂ ਸੀ ਆ ਰਿਹਾ।

“ਵੇ ਮੇਰੇ ਜੀਵਣ ਜੋਗਿਆ, ਮੈਂ ਤੇ ਤੇਰਾ ਨਾਮ “ਜੀਵਨ” ਰੱਖਿਆ, ਤੇ ਤੂੰ ਓਹ ਵੀ ਨਹੀਂ ਨਿਭਾਇਆ…!” ਵਾਰੋ-ਵਾਰੀ ਦੋਵੇਂ ਮਾਂ ਬਾਪ ਨਿਹੱਥੇ ਜਿਹੇ ਹੋਏ ਤੜਫ਼ ਰਹੇ ਸਨ। ਘਰ ਦੀਆਂ ਕੰਧਾਂ ਵੀ ਕੁਰਲਾ ਰਹੀਆਂ ਸਨਙ ਖਿੱਲਰੇ ਵਾਲ਼, ਰੋ-ਰੋ ਨਿਢਾਲ ਹੋਈਆਂ ਅੱਖਾਂ, ਪੱਤਝੜ ਰੁੱਤ ਦੇ ਪੱਤੇ ਵਾਂਗ ਸੁੱਕੇ ਬੁੱਲ੍ਹ, ਬੇਹਾਲ ਜਿਹੀ ਹੋ ਕੇ ਡਿੱਗੀ ਪਈ ਸੀ ਸ਼ਾਨੋਙ ਜੀਵਨ ਬਿਨਾਂ ਹੁਣ ਕਾਹਦਾ ਜਿਉਣਾ?? ਭਵਿੱਖ ਦੇ ਖੌਫ਼ ਨਾਲ ਉਜੜੀਆਂ ਅੱਖਾਂ ਨਾਲ ਇੱਕ ਸਾਰ ਟਿਕਟਿਕੀ ਲਗਾ ਕੇ ਜਿਵੇਂ ਕੰਧ ਦੇ ਪਾਰ ਦੇਖਣਾ ਚਾਹੁੰਦੀ ਸੀ। ਗੋਦ ਲਈ ਬਾਲੜੀ ਨੂੰ ਤਾਂ ਆਹ ਵੀ ਨਹੀ ਸੀ ਪਤਾ ਕਿ ਓਸ ਦੇ ਬਾਪ ਨਾਲ ਕੀ ਭਾਣਾ ਵਾਪਰ ਗਿਆ ਸੀ?

ਵਿਗੜੇ ਹਾਲਾਤਾਂ ਦੇ ਕਸਾਅ ਕਾਰਨ ਪ੍ਰੇਮ ਦੀ ਤੰਦ ਟੁੱਟ ਗਈ।

ਅਗਲੇ ਦਿਨ ਜੀਵਨ ਦਾ ਸਸਕਾਰ ਕਰ ਦਿੱਤਾ ਗਿਆ।  ਘਰ ਦੇ ਬਨੇਰਿਆਂ ਉਪਰ ਕਹਿਰਾਂ ਦੀ ਮੌਤ ਕੂਕ ਰਹੀ ਸੀ।

ਪੁੱਤ ਦੀ ਮੌਤ ਤੋਂ ਬਾਅਦ ਮੋਹਣ ਸਿੰਘ ਢੇਰੀ ਢਾਹ ਗਿਆ ਸੀ। ਸਾਰਾ ਦਿਨ ਮੰਜੇ ਤੇ ਪਿਆ ਵਿਹੜ੍ਹੇ ਵਿਚ ਉਦਾਸ, ਨਿਰਾਸ਼ ਅੱਖਾਂ ਨਾਲ ਝਾਕਦਾ ਰਹਿੰਦਾ। ਪਰ ਸਵਿੰਦ ਕੌਰ ਕੋਲ਼ ਹੁਣ ਸਿਰ ਖੁਰਕਣ ਦੀ ਵੀ ਵੇਹਲ ਨਹੀਂ ਸੀ। ਸਵਿੰਦ ਨੂੰ ਸਾਰੀ ਉਮਰੇ ਅਰਾਮ ਦਾ ਸਾਹ ਨਹੀਂ ਮਿਲਿਆ। ਪਹਿਲਾਂ ਵੱਡੀ ਕਬੀਲਦਾਰੀ, ਫੇਰ ਆਪਦੇ ਨਿਆਣੇ, ਹੁਣ ਪੋਤੇ ਪੋਤੀਆਂ ਅਤੇ ਅੰਦਰ ਬਾਹਰ ਦੇ ਸੌ ਕੰਮ।

“ਸਵਿੰਦ, ਮੈਨੂੰ ਅੱਜ ਤੇਰੇ ਵੱਲ ਦੇਖ ਕੇ ਲੱਗਦਾ ਹੈ ਕਿ ਮੈਂ ਤੈਨੂੰ ਅਰਾਮ ਅਤੇ ਸੁਖ ਦੀਆਂ ਘੜ੍ਹੀਆਂ ਨਹੀਂ ਦੇ ਸਕਿਆ, ਮੈਨੂੰ ਮਾਫ਼ ਕਰ ਦੇਵੀ।” ਬੇਵੱਸ ਮੋਹਣ ਸਿੰਘ ਨੇ ਹੱਥ ਜਿਹੇ ਜੋੜ ਲਏ। ਅੱਜ ਪਹਿਲੀ ਵਾਰ ਆਪਣੀ ਘਰਵਾਲੀ ਅੱਗੇ ਉਸ ਨੇ ਤਰਲਾ ਜਿਹਾ ਕੀਤਾ ਸੀ।

ਪਤੀਦੇਵ ਦੇ ਦੋਵੇਂ ਹੱਥਾਂ ਨੂੰ ਫ਼ੜ ਉਸ ਨੇ ਘੁੱਟ ਕੇ ਆਪਣੇ ਕਲੇਜ਼ੇ ਨਾਲ਼ ਲਾ ਲਿਆ, “ਕੀ ਕਮਲ਼ੀਆਂ ਜਿਹੀਆਂ ਮਾਰੀ ਜਾਂਦੇ ਹੋ?” ਅੱਖਾਂ ਭਰ ਕੇ ਸਵਿੰਦ ਬੋਲੀ, “ਭਰਿਆ ਭਰਾਇਆ ਘਰ ਤੇ ਕਿੱਡਾ ਖਿੜਿਆ ਪਰਿਵਾਰ ਮੈਨੂੰ ਦਿੱਤਾ ਹੈ!” ਕਮਰੇ ਦੇ ਇੱਕ ਖੂੰਜੇ ਮੱਖੀ ਵਾਂਗ ਲੱਗਿਆ ਮੋਹਣ ਸਿੰਘ ਅੱਜ ਪੁਰਾਣੀਆਂ ਯਾਦਾਂ ਦੇ ਖੂਹ ਨੂੰ ਗੇੜ ਰਿਹਾ ਸੀ, ਜਿਵੇਂ ਇੱਕ ਵਾਰ ਫੇਰ ਸਵਿੰਦ ਨਾਲ ਬੀਤਿਆ ਵਕਤ ਯਾਦ ਕਰ ਮਨ ਨੂੰ ਸਮਝਾਉਣਾ ਚਾਹੁੰਦਾ ਹੋਵੇ?

ਸਵੇਰੇ ਜਦ ਪ੍ਰੀਵਾਰ ਉਠਿਆ ਤਾਂ ਮੋਹਣ ਸਿੰਘ ਦੇ ਜੁੜੇ ਹੋਏ ਹੱਥ ਛਾਤੀ ‘ਤੇ ਪਏ ਸਨ ਅਤੇ ਗਰਦਨ ਸਿਰਹਾਣੇ ਤੋਂ ਥੱਲੇ ਲੁੜਕ ਗਈ ਸੀ। ਆਪਣਾ ਬਿਸਤਰਾ ਛੱਡਣ ਤੋਂ ਪਹਿਲਾ ਸਵਿੰਦ ਨੇ ਇੱਕ ਨਜ਼ਰ ਪਤੀ ਵੱਲ ਮਾਰੀ ਅਤੇ ਨਾਲ ਹੀ ਉਸ ਦੀ ਚੀਖ਼ ਨਿਕਲ ਗਈ, “ਵੇ ਨਿਆਣਿਓਂ….! ਦੇਖੋ ਵੇ ਤੁਹਾਡੇ ਬਾਪੂ ਨੂੰ ਕੀ ਹੋ ਗਿਆ…! ਭੱਜ ਕੇ ਆਓ ਤੇ ਵੇਖੋ ਜ਼ਰਾ…!” ਅਵਾਜ਼ਾਂ ਮਾਰਦੀ ਸਵਿੰਦ ਦੇ ਸਾਹ ਨਾਲ਼ ਸਾਹ ਨਹੀਂ ਸੀ ਰਲ਼ਦੇ। ਸਾਰੇ ਹਜੇ ਘਰ ਹੀ ਸੀ। ਭਾਵੇਂ ਸਵਿੰਦ ਬਿਮਾਰ ਪਤੀ ਦੀ ਸੇਵਾ ਕਰਦੀ ਸੀ, ਪਰ ਮੰਜੇ ‘ਤੇ ਪਏ ਪਤੀ ਦਾ ਵੀ ਰੱਬ ਵਰਗਾ ਆਸਰਾ ਸੀ ਅਤੇ ਹੌਂਸਲੇ ਉਡਾਰੀ ਮਾਰਦੇ ਸੀ। ਪਰ ਅੱਜ ਜਿਵੇਂ ਕਿਸੇ ਨੇ ਖੰਭ ਕੱਟ ਕੇ ਅਸਮਾਨੋਂ ਜ਼ਮੀਨ ‘ਤੇ ਤੜਫ਼ਣ ਲਈ ਸੁੱਟ ਦਿੱਤਾ ਹੋਵੇ। ਸੱਚ ਹੀ ਤੇ ਹੈ, ਕਿ ਕਦੇ ਕੁਝ ਰੁਕਿਆ ਹੈ ਕਿਸੇ ਦੇ ਦੁਨੀਆਂ ਤੋਂ ਜਾਣ ਤੋਂ ਬਾਅਦ? “ਜੀਅ” ਤਾਂ ਜਹਾਨੋਂ ਚਲਿਆ ਗਿਆ, ਪਰ ਕਿੰਨੀਆਂ ਹੀ ਰਸਮਾਂ ਕਰਨੀਆਂ ਪੈਂਦੀਆਂ ਹਨ ਉਸ ਦੀ “ਆਖਰੀ” ਵਿਦਾਈ ਲਈ। ਸਭ ਕੁਝ ਹੌਲੀ-ਹੌਲੀ ਨਿਬੜ ਰਿਹਾ ਸੀ। ਰੋ-ਰੋ ਸੁੱਜੀਆਂ ਅੱਖਾਂ ਨਾਲ ਦੇਖਦੀ ਸਵਿੰਦ ਨਾ ਜਾਣੇ ਕਿਹੜੀਆਂ ਸੋਚਾਂ ਵਿੱਚ ਡੁੱਬੀ ਜਾ ਰਹੀ ਸੀ? ਪਰਿਵਾਰ ਭਾਵੇਂ ਭਰਪੂਰ ਸੀ, ਪਰ ਮੋਹਣ ਸਿੰਘ ਜਿਵੇਂ ਉਸ ਦਾ ਸਾਰਾ ਉਤਸਾਹ ਆਪਣੇ ਨਾਲ ਹੀ ਲੈ ਗਿਆਂ ਸੀ।ਇੱਕ ਦਿਨ !

“ਬੇਬੇ, ਮੈਂ ਨੌਕਰੀ ਕਰਨਾ ਚਾਹੁੰਨੀ ਹਾਂ, ਕੁਝ ਫ਼ਾਰਮ ਮੈਂ ਭਰੇ ਸੀ ਤੇ ਮੈਨੂੰ ਇੰਟਰਵਿਊ ਲਈ ਬੁਲਾਇਆ ਹੈ!” ਨੂੰਹ ਨੇ ਅਚਾਨਕ ਕੱਛ ਵਿੱਚੋਂ ਮੂੰਗਲ਼ੀ ਚਲਾਈ।

“ਜੇ ਤੂੰ ਫ਼ਾਰਮ ਭਰ ਕੇ ਪੁੱਛ ਰਹੀ ਹੈਂ, ਤੇ ਮਨ ਬਣਾ ਹੀ ਲਿਆ ਹੋਣਾ?” ਸਵਿੰਦ ਕੌਰ ਨੇ ਸੰਖੇਪ ਕਿਹਾ।

“ਹਾਂਜੀ, ਬੱਚਿਆਂ ਦੇ ਖਰਚੇ ਵਧ ਰਹੇ ਹਨ, ਮੈਂ ਚਾਰ ਦਿਵਾਰੀ ਵਿੱਚ ਵੀ ਰਹਿ ਕੇ ਅੱਕ ਗਈ ਹਾਂ। ਜਾਣ ਵਾਲੇ ਤੋਂ ਬਾਅਦ ਵੀ ਤੇ ਆਪਣੇ ਲਈ ਜਿਉਣਾਂ ਪੈਂਦਾ ਹੈ।”

“ਕਰੋ ਜੋ ਚੰਗਾ ਲੱਗਦਾ ਹੈ, ਪੁੱਤ!” ਆਪਣੀ ਬੇਬਸੀ ਨੂੰ ਸਵਿੰਦ ਜਾਣਦੀ ਸੀ।

ਅੱਜ ਤਿੰਨ ਦਿਨ ਤੋਂ ਸਿਰ ਵਾਹੁੰਣ ਦੀ ਵੇਹਲ ਨਹੀ ਮਿਲੀ ਸਵਿੰਦ ਕੌਰ ਨੂੰ। ਸ਼ਾਨੋ ਆਪਣੇ ਤਿੰਨੇ ਨਿਆਣੇ ਸੱਸ ਦੇ ਹਵਾਲੇ ਕਰ, ਨੌਕਰੀ ਨੂੰ ਖਿਸਕ ਜਾਂਦੀ ਸੀ। ਆਪਦੇ ਬੱਚੇ ਪਾਲ-ਪੋਸ ਕੇ ਸਿਰੇ ਲਾਏ ਤੇ ਹੁਣ ਨਵੇਂ ਸਿਰੇ ਤੋਂ ਫੇਰ ਜ਼ਿੰਮੇਵਾਰੀਆਂ ਵਿੱਚ ਪੈ ਗਈ ਸੀਙ ਕਿਸੇ ਨੂੰ ਸਕੂਲ ਲਈ ਤਿਆਰ ਕਰਨਾ, ਕਿਸੇ ਲਈ ਖਾਣ ਲਈ ਬਨਾਉਣਾ, ਨਹਾਉਣਾ, ਸੁਆਉਣਾ ਸੌ ਕੰਮ ਚੁੱਪ-ਚਾਪ ਕਰਦੀ ਰਹਿੰਦੀ। ਆਖਦੀ ਵੀ ਤੇ ਕਿਸ ਨੂੰ….?? ਕਿਸ ਨੂੰ ਉਲਾਂਭਾ ਦਿੰਦੀ…?? ਮੋਏ ਪੁੱਤ ਦੇ ਜੁਆਕ ਸਨ। ਇਹਨਾਂ ਵਿੱਚੋਂ ਹੀ ਉਹ ਆਪਣੇ ਦੁਨੀਆਂ ਤੋਂ ਗਏ ਪੁੱਤ ਦੇ ਪਿਆਰ ਦੇ ਨਿੱਘ ਨੂੰ ਮਾਣ ਲੈਂਦੀ। ਜੀਵਨ ਦੇ ਬੱਚਿਆਂ ਦੀ ਸਾਰ ਸੰਭਾਲ ਹੁੰਦੀ ਵੇਖ ਹੁਣ ਦੂਜੀਆਂ ਨੂੰਹਾਂ ਵੀ ਆਪਣੇ ਨਿਆਣੇ ਦਾਦੀ ਕੋਲ ਟੋਰ ਦਿੰਦੀਆਂ।

“ਮੈਂ ਜ਼ਰਾ ਲੱਕ ਸਿੱਧਾ ਕਰ ਲਵਾਂ, ਬਾਹਰ ਧੁੱਪ ਬਹੁਤ ਹੈ ਬੇਬੇ, ਆਪਣੇ ਕੋਲ ਹੀ ਖਿਡਾ-ਲੋ!”

“ਸਕੂਲ ਦੀ ਛੁੱਟੀ ਹੋ ਗਈ ਹੈ, ਬੇਬੇ ਜ਼ਰਾ ਨਿਆਣਿਆਂ ਨੂੰ ਲੈ ਆਓ!”

“ਰੋਟੀ ਨੂੰ ਦੇਰ ਹੋ ਰਿਹਾ ਹੈ, ਬੇਬੇ ਇਹਨਾਂ ਨੂੰ ਸਾਂਭੋ ਥੋੜੀ ਦੇਰ!”

“ਅਸੀ ਦੋਵੇਂ ਬਾਹਰ ਜਾ ਰਹੇ ਹਾਂ ਬੇਬੇ, ਨਿਆਣੇ ਤੁਹਾਡੇ ਕੋਲ ਹਨ, ਟੈਮ ਸਿਰ ਕੁਝ ਖਾਣ ਨੂੰ ਦੇ ਦਿਓ ਜੇ!” ….ਤੇ ਸੁਣਦੀ-ਸੁਣਦੀ ਬੇਬੇ ਊਰੀ ਵਾਂਗ ਘੁੰਮਦੀ ਰਹਿੰਦੀ। ਨੂੰਹਾਂ ਉਸ ਨੂੰ ਗੇਵੇ ਪਾਈ ਰੱਖਦੀਆਂ। ਕਦੇ ਬਜ਼ਾਰ, ਕਦੇ ਆਹ, ਤੇ ਕਦੇ ਉਹ! ਨੂੰਹਾਂ ਨੇ ਜਿਵੇਂ ਰੀਸ ਬੰਨ੍ਹੀ ਸੀ ਕਿ ਕਿਹੜੀ ਆਪਦੇ ਨਿਆਣੇ ਜ਼ਿਆਦਾ ਦਾਦੀ ਕੋਲ ਰੱਖੇਗੀ?

“ਮੇਰੇ ਸਰੀਰ ‘ਚ ਹੁਣ ਓਹ ਅਣਸ ਨਹੀਂ ਹੈ, ਆਪਦੇ ਨਿਆਣੇ ਆਪ ਸਾਂਭੋ ਭਾਈ!” ਆਪਣੇ ਬੁੱਢੇ ਹੁੰਦੇ ਸ਼ਰੀਰ ‘ਤੇ ਤਰਸ ਜਿਹਾ ਖਾ ਕੇ ਅੱਜ ਸਵਿੰਦ ਨੇ ਹੌਂਸਲਾ ਕਰ ਬੋਲ ਹੀ ਦਿੱਤਾ।

“ਸ਼ਾਨੋ ਦੇ ਨਿਆਣੇ ਤਾਂ ਬੜੀ ਰੀਝ ਨਾਲ ਕਲੇਜੇ ਨਾਲ ਲਾਈ ਰੱਖਦੀ ਹੈ, ਸਾਡੇ ਤੇ ਕੁਝ ਲੱਗਦੇ ਹੀ ਨਹੀਂ ਐ ਜਿਵੇਂ!” ਵੱਡੀ ਨੂੰਹ ਭਰੀ-ਪੀਤੀ ਹੀ ਬੈਠੀ ਸੀ। ਵਿਚਲੀ ਨੂੰਹ ਨੇ ਵੀ ਆ ਹਾਜ਼ਰੀ ਲਾਈ, “ਆਹੋ, ਹੁਣ ਤੇਰੇ ਕੋਲ ਹੈ ਵੀ ਕੀ ਸਾਨੂੰ ਦੇਣ ਨੂੰ, ਇੱਕ ਨਿਆਣੇ ਹੀ ਤੇ ਸਾਂਭਣੇ ਹੁੰਦੇ ਨੇ!”

ਕੁਝ ਨਹੀਂ ਸੁੱਝਿਆ ਜਵਾਬ ਦੇਣ ਨੂੰ! ਬੱਸ ਚੇਤੇ ਆ ਗਿਆ ਆਪਣੇ ਸੋਹਣੇ ਸਰਦਾਰ ਦਾ ਚਿਹਰਾ! ਮੁਸਕੁਰਾ ਕੇ ਬੋਲਿਆ ਸੀ, “ਨਾ ਦੇਹ ਆਪਣੇ ਗਹਿਣੇ ਕਿਸੇ ਨੂੰਹ ਨੂੰ, ਉਹਨਾਂ ਦੇ ਕੋਲ ਆਪਦੇ ਹੈਗੇ ਨੇ…। ਸ਼ਾਇਦ ਨੂੰਹਾਂ ਕੋਲ ਕੀਮਤ ਪਾਉਣ ਲਈ ਸੱਸ ਕੋਲ ਕੁਝ ਹੋਣਾ ਹੀ ਚਾਹੀਦਾ ਹੈ…!”

ਪਰ ਚੱਲ ਕੋਈ ਨਾ, ਰੋਟੀ ਤੇ ਮਿਲੀ ਹੀ ਜਾਂਦੀ ਹੈ…। ਸੋਚ ਕੇ ਉਸ ਨੇ ਆਪਣੇ ਆਪ ਨੂੰ ਤਸੱਲੀ ਜਿਹੀ ਦੇ ਲਈ ਸੀ। ਆਪਦੀ ਸ਼ਕਤੀ ਤੋਂ ਜ਼ਿਆਦਾ ਕੰਮ ਕਰਕੇ ਨੂੰਹਾਂ ਨੂੰ ਖੁਸ਼ ਕਰਨ ਦੀ ਹਰ ਜੋਰ ਕੋਸ਼ਿਸ਼ ਕਰਦੀ ਕਿ ਮੇਰੇ ਦੁਨੀਆਂ ਤੋਂ ਜਾਣ ‘ਤੇ ਅਫ਼ਸੋਸ ਕਰਨਗੀਆਂ ਕਿ ਬੇਬੇ ਆਹ ਕਰਦੀ ਸੀ, ਬੇਬੇ ਓਹ ਕਰਦੀ ਸੀ। ਇੱਕ ਮਿੱਠੀ ਜਿਹੀ ਮੁਸਕੁਰਾਹਟ ਛਾ ਗਈ ਅਣਵੇਖੇ ਜਿਹੇ ਭਵਿੱਖ ਨੂੰ ਸੋਚ ਕੇ, ਕਿ ਮਰਨ ਤੋਂ ਬਾਦ ਮੇਰੀ ਫੋਟੋ ‘ਤੇ ਹਾਰ ਪਾ ਕੇ ਅਫ਼ਸੋਸ ਜ਼ਰੂਰ ਕਰਿਆ ਕਰਨਗੇ, ਕਿ ਮਾਂ ਸਾਡੇ ਕਿੰਨੇ ਕੰਮ ਸਵਾਰ ਦਿੰਦੀ ਸੀ।ਬੱਚੇ ਜੰਮੇ, ਪਾਲ਼ੇ, ਵਿਆਹੇ, ਫੇਰ ਸਾਰਾ ਕੁਝ ਵੀ ਦੇ ਦਿੱਤਾ, ਹਾਲੇ ਵੀ ਆਪਣੀ ਸਮਰੱਥਾ ਤੋਂ ਵੱਧ ਕੰਮ ਕਰਕੇ ਆਪਣਾ ਮੁੱਲ ਪਵਾਉਣ ਦੀ ਲੋੜ ਸੀ…?

ਇਸ ਸਵਾਲ ਦਾ ਜਵਾਬ ਮਿਲ ਗਿਆ ਸੀ ਸਵਿੰਦ ਨੂੰ! ਅੱਖਾਂ ਬੰਦ ਸੀ। ਪਰ ਹੰਝੂਆਂ ਨਾਲ ਭਰੀਆਂ ਸੀ। ਬੰਦ ਅੱਖਾਂ ਵਿੱਚੋਂ ਵੀ ਔਲਾਦ ਵਿੱਚ ਫੈਲੀ ਨਿਰਾਸ਼ਾ ਨੂੰ ਸਾਫ਼ ਦੇਖ ਪਾ ਰਹੀ ਸੀ। ਅੱਖਾਂ ਖੋਲ੍ਹਣ ਦੀ ਹਿੰਮਤ ਨਹੀ ਜੁਟਾ ਪਾਈ ਕਿ ਆਪਣੇ ਜਿਉਂਦੇ ਹੋਣ ਦੀ ਖੁਸ਼ੀ ਕਿਸ ਨੂੰ ਜ਼ਾਹਿਰ ਕਰੇ….??? ਬੱਸ …!! ਉਸ ਦੇ ਜਿਉਂਦੇ ਹੋਣ ਦੇ ਅਫ਼ਸੋਸ ਵਿੱਚ ਇੱਕ ਹੰਝੂ ਅੱਖ ਦੇ ਕੋਨੇ ਤੋਂ ਖ਼ਾਮੋਸ਼ ਜਿਹਾ ਬਾਹਰ ਨਿਕਲ ਕੇ ਝੁਰੜੀਆਂ ਵਿੱਚ ਨੂੰ ਵਗ ਤੁਰਿਆ।

ਕੂੰਜਾਂ ਦਾ ਕਾਫ਼ਲਾ
ਰੇਡੀਓ ‘ਤੇ ਚੱਲ ਰਹੇ ਇੱਕ ਗੀਤ ਦੇ ਬੋਲਾਂ ਨੇ ਮੇਰੀਆਂ ਪੁਰਾਣੀਆਂ ਯਾਦਾਂ ਦੇ ਖੰਭਾਂ ਨੂੰ ਬਲ ਦਿੱਤਾ ਅਤੇ ਮੈਂ ਦੂਰ ਅਸਮਾਨ ਦੇ ਖਲਾਅ ਵਿੱਚ ਪ੍ਰਵਾਜ਼ ਭਰਦੀ ਪਿੱਛੇ ਕਾਲਜ ਦੀਆਂ ਸਹੇਲੀਆਂ ਦੀਆਂ ਯਾਦਾਂ ਦੇ ਅਤੀਤ ਨਾਲ਼ ਜਾ ਜੁੜੀ। ਯਾਦਾਂ ਪੀਡੀਆਂ ਦਰ ਪੀਡੀਆਂ ਹੁੰਦੀਆਂ ਗਈਆਂ ਅਤੇ ਮੇਰੇ ਜ਼ਿਹਨ ਵਿੱਚ ਇੱਕ ਘੜ੍ਹੀ ਚੱਲ ਪਈ। “ਟਿੱਕ-ਟਿੱਕ” ਘੜ੍ਹੀ ਦੀ ਅਵਾਜ਼ “ਸਮੇਂ” ਦੇ ਅੱਗੇ ਵਧਣ ਦਾ ਅਤੇ ਪਿੱਛੇ ਛੁੱਟਣ ਦਾ ਪ੍ਰਮਾਣ ਦੇ ਰਹੀ ਸੀ। ਰਾਤ ਦੇ ਬਾਰ੍ਹਾਂ ਵੱਜ ਰਹੇ ਸੀ। ਲੱਗਭਗ ਅਗਲਾ ਦਿਨ ਲੱਗ ਹੀ ਰਿਹਾ ਸੀ, ਪਰ ਮੇਰੀ ਅਤੇ ਮੇਰੀ ਬਹੁਤ ਨਜ਼ਦੀਕੀ ਸਹੇਲੀ ਵੰਦਨਾ ਦੀਆਂ ਅੱਖਾਂ ਵਿੱਚ ਨੀਂਦ ਦਾ ਨਾਮੋਂ-ਨਿਸ਼ਾਨ ਨਹੀਂ ਸੀ। ਸਾਰਾ ਦਿਨ ਦੋਹਾਂ ਨੇ ਖੂਬ ਗੱਲਾਂ ਕੀਤੀਆਂ। ਸਕੂਲ, ਕਾਲਜ ਅਤੇ ਬਚਪਨ ਦੀਆਂ ਗੱਲਾਂ…। ਹਾਲਾਂ ਕਿ ਕਈ ਸਾਲ ਬਾਅਦ ਜਦ ਵੀ ਮੈਨੂੰ ਭਾਰਤ ਜਾਣ ਦਾ ਮੌਕਾ ਮਿਲਦਾ ਤਾਂ ਵੰਦਨਾ ਨਾਲ ਮੁਲਾਕਾਤ ਹੋ ਹੀ ਜਾਂਦੀ ਸੀ। ਬੱਸ ਫ਼ੇਰ ਸਿਲਸਿਲਾ ਸ਼ੁਰੂ ਹੋ ਜਾਂਦਾ ਸੀ ਪੁਰਾਣੀਆਂ ਯਾਦਾਂ ਅਤੇ ਨਵੇਂ ਸਵਾਲਾਂ ਦਾ…! ਮੇਰੇ ਭਾਰਤ ਛੱਡਣ ਤੋਂ ਲੈ ਕੇ ਲੰਡਨ ਵਿੱਚ ਵਸਣ ਤੱਕ ਦੇ ਸਫ਼ਰ ਦੀ ਇੱਕ-ਇੱਕ ਗੱਲ ਉਹ ਬਹੁਤ ਚਾਅ ਨਾਲ ਸੁਣ ਰਹੀ ਸੀ। ਮੇਰੀ ਜ਼ਿੰਦਗੀ ਦੇ ਉਤਰਾ-ਚੜ੍ਹਾਅ ਦੇ ਸਫ਼ਰ ਦੀ ਉਹ ਪੂਰੀ ਜਾਣਕਾਰ ਹੈ। ਗਿਆਰਵੀਂ ਕਲਾਸ ਵਿੱਚ ਮੇਰੇ ਨਾਲ ਦੋਸਤੀ ਹੋਈ ਅਤੇ ਅੱਜ ਤੱਕ ਨਿਭ ਰਹੀ ਹੈ। ਵੰਦਨਾ ਸੁਰੂ ਤੋਂ ਹੀ ਥੋੜ੍ਹੀ ਮੋਟੀ ਸੀ। ਇਸ ਕਰਕੇ ਦੂਜੀਆਂ ਕੁੜੀਆਂ ਇਸ ਦਾ ਮਜ਼ਾਕ ਬਣਾਉਂਦੀਆਂ ਸਨ। ਇਸ ਲਈ ਉਹ ਚੁੱਪ-ਚਾਪ ਕਲਾਸ ਵਿੱਚ ਪਿਛਲੀ ਸੀਟ ‘ਤੇ ਬੈਠ ਜਾਂਦੀ ਸੀ। ਮੈਂ ਕਲਾਸ ਦੀ “ਮੌਨੀਟਰ” ਹੋਣ ਕਰਕੇ ਉਸ ਨੂੰ ਪੂਰੀ ਤਵੱਜੋਂ ਦਿੰਦੀ ਸੀ। ਇਸ ਲਈ ਉਸ ਦੇ ਮਨ ਵਿੱਚ ਮੇਰੇ ਲਈ ਇੱਕ ਖ਼ਾਸ ਜਗਾਹ ਬਣ ਗਈ ਸੀ।

“ਤੈਨੂੰ ਕੁਝ ਵੀ ਮੱਦਦ ਦੀ ਲੋੜ ਹੋਵੇ ਤਾਂ ਮੈਨੂੰ ਪੁੱਛ ਲਿਆ ਕਰ…!” ਮੈਂ ਆਪਣੇ ਮੌਨੀਟਰ ਹੋਣ ਦਾ ਫ਼ਰਜ਼ ਨਿਭਾਇਆ। ਉਸ ਨੂੰ ਥੋੜ੍ਹੇ-ਬਹੁਤੇ ਅੰਗਰੇਜ਼ੀ ਗਾਣੇ ਆਉਂਦੇ ਸੀ ਅਤੇ ਮੈਂ ਕਦੇ-ਕਦੇ ਆਪਣੀ ਪੱਕੀਆਂ ਛੇ ਸਹੇਲੀਆਂ ਨੂੰ ਬੁਲਾ ਕੇ ਵੰਦਨਾਂ ਤੋਂ ਗਾਣੇ ਸੁਣਦੀ ਸੀ। ਗੱਲਾਂ-ਗੱਲਾਂ ‘ਚ ਪਤਾ ਲੱਗਿਆ ਕਿ ਵੰਦਨਾ ਮੇਰੇ ਮੁਹੱਲੇ ਵਿੱਚ ਹੀ ਰਹਿੰਦੀ ਹੈ। ਫੇਰ ਕੀ ਸੀ…? ਰੋਜ਼ ਦਾ ਸਾਥ ਬਣ ਗਿਆ। ਪੜ੍ਹਨਾ-ਲਿਖਣਾ, ਜਾਣਾ-ਆਉਣਾ, ਛੁੱਟੀ-ਸਕੂਲ, ਹਰ ਕੰਮ ਇਕੱਠੇ ਹੋਣ ਲੱਗ ਪਿਆ ਅਤੇ ਨਾਲ ਹੀ ਦੋਸਤੀ ਨੂੰ ਰੰਗ ਚੜ੍ਹਣ ਲੱਗ ਪਿਆ। ਵਿਆਹ ਤੋਂ ਬਾਅਦ ਮੈਂ ਵਿਦੇਸ਼ ਚਲੀ ਗਈ। ਪਰ ਦੂਰੀ ਸਾਡੇ ਪਿਆਰ ਨੂੰ ਘਟਾ ਨਹੀਂ ਸਕੀ। ਅੱਜ ਵੰਦਨਾ ਇੱਕ ਸਫ਼ਲ ਅੰਗਰੇਜ਼ੀ ਅਧਾਅਪਕਾ ਅਤੇ ਇੱਕ ਜਿੰਮੇਂਵਾਰ ਪਤਨੀ ਅਤੇ ਦੋ ਬੇਟਿਆਂ ਦੀ ਪਿਆਰੀ ਮਾਂ ਹੈ।

“ਵੰਦਨਾਂ, ਤੈਨੂੰ ਬਾਕੀ ਆਪਣੇ ਗਰੁਪ ਦੀਆਂ ਦੂਜੀਆਂ ਛੇ ਸਹੇਲਿਆਂ ਕਦੇ ਮਿਲ਼ੀਐਂ?” ਲੰਡਨ ਤੋਂ ਗਈ ਨੇ ਮੈਂ ਇੱਕ ਦਿਨ ਵੰਦਨਾਂ ਨੂੰ ਸੁਆਲ ਕੀਤਾ।

“ਨਹੀਂ…! ਵਿਆਹ ਤੋਂ ਬਾਅਦ ਕਿਸੇ ਨਾਲ ਮਿਲਣ ਦਾ ਮੌਕਾ ਹੀ ਨਹੀਂ ਬਣਿਆਂ!”

“ਕੋਈ ਅਤਾ-ਪਤਾ, ਜਾਂ ਖ਼ਬਰਸਾਰ ਹੈ ਕਿ ਓਹ ਸਭ ਕਿੱਥੇ ਨੇ?” ਮੇਰੇ ਅੰਦਰ ਜਿਵੇਂ ਪੁਰਾਣੀ ਬਚਪਨ ਦੀ ਸਕੂਲ ਵਾਲੀ ਕੁੜੀ, ਸਹੇਲੀਆਂ ਨੂੰ ਮਿਲਣ ਲਈ ਤੜਫ਼ ਗਈ ਸੀ।

“ਹਾਂ, ਐਨਾਂ ਤਾਂ ਪਤਾ ਹੈ ਕਿ ਤਿੰਨ ਤਾਂ ਆਗਰਾ ਸ਼ਹਿਰ ਵਿੱਚ ਹੀ ਵਿਆਹੀਆਂ ਨੇ!” ਕੁਝ ਕੱਚੀ-ਪੱਕੀ ਜਿਹੀ ਜਾਣਕਾਰੀ ਵੰਦਨਾ ਨੇ ਦਿੱਤੀ।

“ਸੱਚੀ…!!!” ਮੈਂ ਛਾਲ ਮਾਰ ਕੇ ਉਠ ਕੇ ਬੈਠ ਗਈ।

“ਤੂੰ ਕੋਈ ਕੋਸ਼ਿਸ਼ ਕੀਤੀ, ਕਦੀ ਰਾਬਤਾ ਕਰਨ ਦੀ…?”

“ਨਹੀਂ, ਮੈਂ ਆਪਣੇ ਸਹੁਰੇ ਪਰਿਵਾਰ ਵਿੱਚ, ਬੱਚਿਆਂ ਅਤੇ ਪਤੀ ਵਿੱਚ ਬਹੁਤ ਬਿਜ਼ੀ ਸੀ!” ਮੈਂ ਵੰਦਨਾ ਦੀ ਇਸ ਸਥਿਤੀ ਨੂੰ ਸਮਝ ਸਕਦੀ ਸੀ। ਮੇਰੇ ਤੋਂ ਅੱਠ ਸਾਲ ਬਾਦ ਉਸ ਦਾ ਵਿਆਹ ਹੋਇਆ ਸੀ। ਪਹਿਲੇ ਹੀ ਸਾਲ ਜੁੜਵਾਂ ਬੇਟਿਆਂ ਨੂੰ ਜਨਮ ਦਿੱਤਾ। ਜੌੜੇ ਬੱਚਿਆਂ ਨੂੰ ਪਾਲਣਾ ਵਾਕਈ ਮੁਸ਼ਕਿਲ ਰਿਹਾ ਹੋਵੇਗਾ।

“ਚੱਲ, ਕੋਸ਼ਿਸ਼ ਕਰਕੇ ਦੇਖੀਏ, ਸ਼ਾਇਦ਼ ਕੋਈ ਮਿਲ ਹੀ ਜਾਵੇ?”

“ਦੱਸ, ਕੀ ਕਰੀਏ?”

“ਤੂੰ ਆਪਣਾ ਫ਼ੇਸਬੁੱਕ ਖੋਲ੍ਹ ਤੇ ਓਹਨਾਂ ਦੇ ਨਾਂਮ ਲਿਖ ਕੇ ਦੇਖਦੇ ਹਾਂ!”

“ਪਰ ਇਹਨਾਂ ਤੀਹ ਸਾਲਾਂ ਵਿੱਚ ਤੇ ਸ਼ਕਲਾਂ ਵੀ ਬਦਲ ਗਈਆਂ ਹੋਣਗੀਆਂ? ਸ਼ਕਲ ‘ਤੇ ਤਾਂ ਦਸ ਸਾਲ ਬਾਅਦ ਬਾਰ੍ਹਾਂ ਵੱਜ ਜਾਂਦੇ ਐ…!” ਉਹ ਹੱਸਦੀ ਬੋਲੀ। ਗੱਲ ਤਾਂ ਵੰਦਨਾ ਦੀ ਸੌ ਪ੍ਰਤੀਸ਼ਤ ਸਹੀ ਸੀ। ਅਸੀ ਵੀ ਦੇਖਣ ਵਿੱਚ ਕਿੰਨੀਆਂ ਬਦਲ ਗਈਆਂ ਸੀ। ਪਰ ਅੱਜ ਪੁਰਾਣੀਆਂ ਸਹੇਲੀਆਂ ਨੂੰ ਮਿਲਾਉਣ ਵਿਚ ਜਿਵੇਂ ਕੁਦਰਤ ਵੀ ਰਾਜ਼ੀ ਸੀ।

“ਦੇਖਦੇ ਹਾਂ, ਕੋਸ਼ਿਸ਼ ਤੇ ਕਰੀਏ!”

ਵੰਦਨਾਂ ਦੀ ਫ਼ੇਸਬੁੱਕ ‘ਤੇ ਮੈਂ ਹਰ ਸਹੇਲੀ ਦਾ ਨਾਮ ਲਿਖ-ਲਿਖ ਕੇ ਬੜੀ ਨੀਝ ਨਾਲ ਉਹਨਾਂ ਦੇ ਚਿਹਰਿਆਂ ਨੂੰ ਨਿਰਖਦੇ ਹੋਏ ਜਿਵੇਂ ਪਹਿਚਾਨਣ ਦੀ ਕੋਸ਼ਿਸ਼ ਕਰ ਰਹੀ ਸੀ। ਪਰ ਨਾਮ ਮੁਤਾਬਿਕ ਕੋਈ ਮਿਲੀ ਨਹੀਂ। ਫੇਰ ਅਚਾਨਕ ਇੱਕ ਚਿਹਰੇ ਨੂੰ ਵੇਖ ਕੇ ਮੈਂ ਖੁਸ਼ੀ ਨਾਲ ਉਛਲ਼ ਪਈ।

“ਅਰੇ, ਵੇਖ ਵੰਦਨਾ, ਆਹ ਅਪਰਨਾ ਦੇ ਨਾਮ ‘ਤੇ ਲੇਡੀ ਕੁਝ-ਕੁਝ ਓਸ ਦੇ ਵਰਗੀ ਹੀ ਲੱਗ ਰਰੀ ਹੈ?”

“ਹਾਂ ਸ਼ਾਇਦ, ਓਹੀ ਹੈ!! ਕਿੰਨੀ ਮੋਟੀ ਹੋ ਗਈ ਹੈ? ਪੂਰੀ ਘਰੇਲੂ ਔਰਤ ਲੱਗ ਰਹੀ ਹੈ!”

ਹੌਂਸਲਾ ਕਰ ਕੇ ‘ਹੈਲੋ” ਦਾ ਮੈਸਿਜ਼ ਲਿਖ ਦਿੱਤਾ ਅਤੇ ਨਾਲੋ ਨਾਲ ਹੀ ਸਾਡਾ ਸਾਰਾ ਵੇਰਵਾ ਲਿਖ ਦਿੱਤਾ। ਵਕਤ ਸਾਡੇ ਹੱਕ ਵਿੱਚ ਸੀ ਅਤੇ ਅਰਪਨਾ ਨੇ ਮੈਸਿਜ਼ ਵੇਖ ਕੇ ਦੇਰ ਰਾਤ ਹੀ ਸਹੀ, ਪਰ ਜਵਾਬ ਦੇ ਦਿੱਤਾ। ਉਸ ਨੇ ਨੰਬਰ ਭੇਜਿਆ ਅਤੇ ਮੈਂ ਨਾਲ ਹੀ ਵੀਡੀਓ ਕਾਲ ਕਰ  ਲਿਆ।

“ਵੇਖਿਆ ਤੈਨੂੰ ਲੱਭ ਹੀ ਲ਼ਿ…।”  ਮੇਰੀ ਜ਼ੁਬਾਨ ਨੂੰ ਜਿਵੇਂ ਲਕਵਾ ਮਾਰ ਗਿਆ। ਕੁਝ ਬੋਲਿਆ ਹੀ ਨਹੀਂ ਗਿਆ, ਤੀਹ ਸਾਲ ਬਾਦ ਅਪਰਨਾ ਨੂੰ ਵੇਖ ਕੇ ਅੱਖਾਂ ਜਾਰੋ- ਜ਼ਾਰ ਰੋ ਰਹੀਆਂ ਸਨ । ਭਾਵਨਾ ਵਿੱਰ ਰੁੜ੍ਹੀਆਂ ਅਸੀਂ ਤਿੰਨੋਂ ਹੀ ਰੋ ਰਹੀਆਂ ਸੀ। ਸਦੀਆਂ ਬਾਅਦ ਵੀ ਜਿਵੇਂ ਸ਼ਬਦਾਂ ਦਾ ਕਾਲ਼ ਪੈ ਗਿਆ ਸੀ ਅਤੇ ਹੰਝੂਆਂ ਦਾ ਹੜ੍ਹ ਆ ਗਿਆ ਸੀ। ਮਨ ਹੌਲ਼ਾ ਹੋਣ ਤੋਂ ਬਾਅਦ ਪਰਿਵਾਰ ਦਾ ਹਾਲ ਪੁੱਛਿਆ। ਅਪਰਨਾ ਨੇ ਦੱਸਿਆ ਕਿ ਓਹ ਕਲੱਕਤੇ ਵਿੱਚ ਵਸ ਰਹੀ ਸੀ।

“ਹੋਰ ਸੁਣਾ…? ਲੱਗਦਾ ਹੈ ਜੀਜੂ ਨੇ ਬੜੇ ਪਿਆਰ ਨਾਲ ਰੱਖਿਆ ਲੱਗਦੈ, ਤਾਂ ਹੀ ਤੇ ਤੈਨੂੰ ਖੁਆ-ਖੁਆ ਕੇ ਦਸ ਗੁਣਾ ਬਣਾ ਦਿੱਤਾ ਹੈ!” ਮਾਹੌਲ ਬਦਲਣ ਦੇ ਲਈ ਮੈਂ ਕਿਹਾ। ਪਰ ਫੇਰ ਜੋ ਸੈਲਾਬ ਉਮੜਿਆ, ਅੱਖਾਂ ਵਿੱਚੋਂ ਸਾਨੂੰ ਸੰਭਾਲਣਾ ਹੀ ਔਖਾ ਹੋ ਗਿਆ।

“ਸਤਨਾਮ, ਤੈਨੂੰ ਅੱਜ ਮੇਰੀ ਯਾਦ ਆਈ, ਮੇਰੀ ਤਾਂ ਦੁਨੀਆਂ ਉਜੜੀ ਨੂੰ ਵੀ ਬਾਰਾਂ ਸਾਲ ਹੋ ਗਏ, ਦੋ ਧੀਆਂ ਮੇਰੀ ਝੋਲੀ ਪਾ ਕੇ ਆਪ ਅਗਲੇ ਜਹਾਨ ਟੁਰ ਗਿਆ, ਮੈਂ ਤਾਂ ਕਦੇ ਘਰੋਂ ਵੀ ਬਾਹਰ ਨਹੀਂ ਨਿਕਲੀ, ਕੋਹਾਂ ਦੂਰ ਪੇਕੇ…।” ਅਪਰਨਾ ਫੁੱਟ-ਫੁੱਟ ਕੇ ਰੋਂਦੀ ਬਾਂਵਰਿਆਂ ਵਾਂਗ ਬੋਲੀ ਜਾ ਰਹੀ ਸੀ। ਉਸ ਦੇ ਦੁਖਾਂਤ ਨੇ ਜਿਵੇਂ ਮੈਨੂੰ ਪੱਥਰ ਕਰ ਦਿੱਤਾ ਸੀ। ਮੈਂ ਅਵਾਕ ਜਿਹੀ ਅਰਪਨਾ ਨੂੰ ਤੱਕੀ ਜਾ ਰਹੀ ਸੀ।

“ਮੁਆਫ਼ ਕਰਨਾ ਅਪਰਨਾ, ਅਸੀਂ ਤੇ ਸੋਚਿਆ ਵੀ ਨਹੀਂ ਸੀ ਕਿ ਤੂੰ ਸਾਨੂੰ ਇਸ ਰੂਪ ਵਿਚ ਮਿਲੇਂਗੀ…? ਬਹੁਤ ਦੁੱਖ ਹੋਇਆ ਹੈ, ਸੱਚੀ!” ਵੰਦਨਾ ਨੇ ਗੱਲ ਅੱਗੇ ਤੋਰੀ। “ਵਾਹ ਨੀ ਕੁਦਰਤੇ” ਮਿਲਣ ਦੀ ਖੁਸ਼ੀ ਇੱਕ ਝਟਕੇ ਨਾਲ਼ ਦੁੱਖ ਵਿੱਚ ਬਦਲ ਜਾਏਗੀ, ਕਦੇ ਸੁਪਨੇ ਵਿੱਚ ਵੀ ਸੋਚਿਆ ਨਹੀਂ ਸੀ। ਬਹੁਤ ਸਾਰੇ ਹੌਂਸਲੇ, ਤਸੱਲੀਆਂ ਦੇ ਕੇ ਜਲਦੀ ਫ਼ੋਨ ਕਰਾਂਗੇ ਕਹਿ ਕੇ ਫ਼ੋਨ ਬੰਦ ਦਿੱਤਾ। …ਜਾਂ ਫੇਰ ਹੋਰ ਕੁਝ ਕਹਿਣ ਨੂੰ ਮਨ ਨੇ ਗਵਾਹੀ ਨਹੀਂ ਦਿੱਤੀ। ਕੁਝ ਮਿੰਟਾਂ ਦੀ ਮੁਲਾਕਾਤ ਨੇ ਮੁੜ ਸਾਰੀ ਰਾਤ ਸਾਨੂੰ ਸੌਣ ਨਹੀਂ ਦਿੱਤਾ। ਅਰਪਨਾ ਦਾ ਅੱਲ੍ਹੜ ਉਮਰ ਦਾ ਚਿਹਰਾ ਦਿਮਾਗ ਤੇ ਹਾਵੀ ਹੋ ਗਿਆ। ਚਿੱਟੇ ਰੰਗ ਦਾ ਸਲਵਾਰ ਕਮੀਜ਼ ਉਤੇ ਪੱਟੀ ਬਣਾ ਕੇ ਚਿਪਕਾਈ ਹੋਈ ਚੁੰਨੀ, ਸਿਰ ਵਾਹ ਕੇ ਗੁੰਦੀਆਂ ਦੋ ਗੁੱਤਾਂ, ਮੁਸਕੁਰਾਉਂਦਾ ਚਿਹਰਾ, ਉਸ ਦਾ ਗਾਣਾ, ਗੱਲਾਂ ਸਭ ਕੁਝ ਜਿਵੇਂ ਕੱਲ੍ਹ ਦੀ ਹੀ ਗੱਲ ਲੱਗ ਰਹੀਆ ਸਨ।

“ਜੋ ਮੈਂ ਸੋਚ ਰਹੀ ਹਾਂ, ਕੀ ਤੂੰ ਵੀ ਓਹੀ ਸੋਚ ਰਹੀ ਹੈਂ?” ਮੇਰੀਆ ਅੱਖਾਂ ਦੀ ਸ਼ਿਸ਼ਤ ਛੱਤ ਵੱਲ ਲੱਗੀ ਵੇਖ ਕੇ ਵੰਦਨਾ ਨੇ ਕਿਹਾ।

“ਹੂੰ…।!” ਮੈਂ ਭੁੱਬਾਂ ਮਾਰ ਰੋ ਪਈ, “ਨਹੀਂ ਸੀ ਪਤਾ ਕਿ ਉਸ ਨੂੰ ਸੁਹਾਗਣ ਨਹੀਂ ਵੇਖ ਸਕਾਂਗੀ, ਕੁਵਾਰੀ ਤੋਂ ਵਿਧਵਾ ਦਾ ਸਫ਼ਰ ਕਿੰਨਾ ਦਰਦਮਈ ਰਿਹਾ ਹੋਣੈਂ?” ਅਸੀਂ ਦੋਵੇਂ ਸਾਰੀ ਰਾਤ ਯਾਦਾਂ ਦੀ ਦੁਨੀਆਂ ਵਿੱਚੋਂ ਨਹੀਂ ਸੀ ਨਿਕਲ ਸਕੀਆਂ। ਰਾਤ ਆਪਣਾ ਸਫ਼ਰ ਤੈਅ ਕਰਦੀ ਰਹੀ। ਸੂਰਜ ਸਿਰ ‘ਤੇ ਚੜ੍ਹ ਆਇਆ। ਅਜੇ ਸਵੇਰੇ ਦੀ ਚਾਹ ਪੀਤੀ ਹੀ ਸੀ ਕਿ ਇੱਕ ਅਣਜਾਣ ਜਿਹੇ ਨੰਬਰ ਤੋਂ ਵੰਦਨਾ ਨੂੰ ਫ਼ੋਨ ਆਇਆ। ਉਸ ਨੇ ਸੁਆਲੀਆ ਜਿਹੀਆਂ ਨਜ਼ਰਾਂ ਨਾਲ਼ “ਹੈਲੋ” ਆਖੀ।

“ਵੰਦਨਾ, ਮੈਂ ਬਬੀਤਾ ਬੋਲ ਰਹੀ ਹਾਂ, ਤੇਰੀ ਕੇ ਐੱਨ ਐੱਸ ਕਾਲਜ’ ਵਾਲੀ ਸਹੇਲੀ, ਥੋੜ੍ਹੀ ਦੇਰ ਪਹਿਲਾਂ ਹੀ ਅਪਰਨਾ ਨੇ ਤੇਰਾ ਨੰਬਰ ਦੇ ਕੇ ਕਿਹਾ ਕਿ ਸਤਨਾਮ ਵੀ ਤੇਰੇ ਕੋਲ ਆਈ ਹੋਈ ਹੈ ਤੇ ਗੱਲ ਕਰ ਲੈ!” ਬਿਨਾ ਕਿਸੇ ਭੁਮਿਕਾ ਬੰਨ੍ਹੇ, ਦੂਜੇ ਪਾਸੇ ਤੋਂ ਬਬੀਤਾ ਨੇ ਮਸ਼ੀਨਗੰਨ ਵਾਂਗ ਸਾਰਾ ਕੁਝ ਇੱਕੋ ਸਾਹ ਬੋਲ ਦਿੱਤਾ। ਇੱਕ ਸਹੇਲੀ ਨਾਲ ਦੂਜੀ ਵੀ ਮਿਲ ਗਈ। ਵੰਦਨਾ ਦਾ ਮੂੰਹ ਉਤੇਜਨਾ ਨਾਲ ਖੁੱਲ੍ਹਾ ਹੀ ਰਹਿ ਗਿਆ। ਫ਼ੋਨ ਵੰਦਨਾ ਨੇ ਵੀਡੀਓ ਕਾਲ ‘ਤੇ ਕਰ ਲਿਆ। ਮੇਰੀ ਹੈਰਾਨਗੀ ਦਾ ਵੀ ਕੋਈ ਠਿਕਾਣਾ ਨਹੀਂ ਰਿਹਾ। ਖੂਬ ਸਾਰੀਆਂ ਗੱਲਾਂ ਕੀਤੀਆਂ। ਬਬੀਤਾ ਪੰਜਾਬ ਵਿੱਚ ਵਸ ਰਹੀ ਹੈ।

“ਬਬੀਤਾ, ਤੂੰ ਵੀ ਬਹੁਤ ਫ਼ੈਲ ਗਈ ਹੈਂ, ਜੇਕਰ ਸੜਕ ‘ਤੇ ਮਿਲੀ ਹੁੰਦੀ, ਤਾਂ ਅਸੀਂ ਨਹੀਂ ਪਛਾਣ ਸਕਦੀਆਂ ਸੀ।” ਓਹ ਸਾਨੂੰ ਅਤੇ ਅਸੀਂ ਉਸ ਨੂੰ ਤੱਕੀ ਜਾ ਰਹੀਆਂ ਸੀ। ਜਿਵੇਂ ਤੀਹ ਸਾਲ ਬਾਅਦ ਆਪਣੇ ਆਪ ਨੂੰ ਯਕੀਨ ਦਿਵਾ ਰਹੀਆਂ ਸੀ ਕਿ ਅਸਲ ਵਿੱਚ ਅਸੀਂ ਸੱਚਮੁੱਚ ਹੀ ਇੱਕ ਦੂਜੇ ਨੂੰ ਦੇਖ ਰਹੇ ਸਾਂ। ਸ਼ਾਇਦ ਬਬੀਤਾ ਆਪਣੇ ਆਪ ਨੂੰ ਬਹੁਤ ਦੇਰ ਤੱਕ ਸਹਿਜ ਵਿੱਚ ਨਹੀਂ ਰੱਖ ਸਕੀ ਅਤੇ ਜਵਾਲਾਮੁਖੀ ਵਾਂਗ ਫੁੱਟ ਪਈ।

“ਸਤਨਾਮ, ਤੂੰ ਬਹੁਤ ਦੇਰ ਬਾਅਦ ਮਿਲੀ ਹੈਂ, ਇੱਥੋਂ ਤੱਕ ਕਿ ਮੇਰੀ ਦੁਨੀਆਂ ਵਸ ਕੇ ਉਜੜ ਵੀ ਚੁੱਕੀ ਹੈ!” ਉਸ ਨੇ ਇੱਕ ਬੰਬ ਸਾਡੇ ਸਿਰ ਵਿੱਚ ਸੁੱਟਿਆ ਅਤੇ ਭੁੱਬਾਂ ਮਾਰ ਕੇ ਰੋ ਪਈ।

“ਕੀ…।।??” ਮੇਰੀ ਵੀ ਚੀਖ਼ ਨਿਕਲ਼ ਗਈ।

“ਅੱਠ ਸਾਲ ਹੋ ਗਏ ਨੇ, ਓਦੋਂ ਸਹੁਰਾ ਸਾਅਬ ਤੇ ਸੱਸ ਜਿਉਂਦੇ ਸਨ, ਇੱਕ-ਇੱਕ ਕਰ ਕੇ ਸਭ ਚਲੇ ਗਏ…।।! ਦੋ ਧੀਆਂ ਉਹਨਾਂ ਦੀ ਮੌਤ ਪਿੱਛੋਂ ਛੇਤੀ ਹੀ ਵਿਆਹ ਦਿੱਤੀਆਂ ਸੀ। ਪੁੱਤ ਦੂਜੇ ਸ਼ਹਿਰ ਵਿੱਚ ਬਾਪ ਵਾਲ਼ਾ ਕੰਮ ਸੰਭਾਲਦਾ ਹੈ।” ਆਪਣੀ ਵੈਰਾਨੀ ਨੂੰ ਉਸ ਨੇ ਸੰਖੇਪ ਵਿੱਚ ਸੁਣਾ ਦਿੱਤਾ। ਅਸੀਂ ਤਿੰਨੋਂ ਗਹਿਰੇ ਦੁੱਖ ਵਿੱਚ ਡੁੱਬ ਗਈਆਂ। ਮਨ ‘ਚ ਸੋਚਾਂ ਦਾ ਜਿਵੇਂ ਭੂਚਾਲ ਆ ਗਿਆ ਸੀ। ਆਪਣੀਆਂ ਬਚਪਨ ਦੀਆਂ ਸਹੇਲੀਆਂ ਦੀ ਉਜੜੀ ਦਾਸਤਾਨ ਸੁਣ ਕੇ ਸਮਝ ਨਹੀਂ ਸੀ ਆ ਰਹੀ ਕਿ ਖੁਸ਼ੀ  ਦਾ ਇਜ਼ਹਾਰ ਕਰੀਏ, ਕਿ ਉਹਨਾਂ ਦੇ ਅੁਜਾੜੇ ‘ਤੇ ਅਫ਼ਸੋਸ ਜਤਾਈਏ…।? ਦੁਪਹਿਰ ਦੇ ਖਾਣੇ ‘ਤੇ ਵੰਦਨਾ ਨੇ ਬਬੀਤਾ ਦੀਆਂ ਪੁਰਾਣੀਆਂ ਯਾਦਾਂ ਛੇੜ ਲਈਆਂ।…।

“ਸਤਨਾਮ, ਤੈਨੂੰ ਯਾਦ ਹੈ? ਬਬੀਤਾ ਤੇਰੇ ‘ਤੇ ਬੜਾ ਤਵਾ ਲਾਉਂਦੀ ਸੀ?”

“ਬਿਲਕੁਲ ਯਾਦ ਹੈ, ਆਖਦੀ ਸੀ; ਜੇਕਰ ਮੈਂ ਮੁੰਡਾ ਹੁੰਦੀ, ਤੇ ਤੈਨੂੰ ਤੇ ਪੱਕਾ ਉੜਾ ਕੇ ਲੈ ਜਾਣਾ ਸੀ!” ਬੋਲ ਕੇ ਮੈਨੂੰ ਜੱਫ਼ੀ ਪਾ ਲੈਂਦੀ ਸੀ।

ਜਦ ਵੀ ਬਬੀਤਾ ਆਉਂਦੀ ਨੂੰ ਦੂਜੀਆਂ ਸਹੇਲੀਆਂ ਦੇਖਦੀਆਂ, ਤਾਂ ਸ਼ਰਾਰਤ ਨਾਲ ਕਹਿੰਦੀਆਂ, ‘ਤੇਰੀ ਲੇਡੀ ਆਸ਼ਿਕ ਆ ਰਹੀ ਹੈ!”

ਗੋਰਾ ਰੰਗ, ਘੁੰਗਰਾਲੇ ਵਾਲ, ਗੋਲ ਮਟੋਲ ਸਰੀਰ। ਗਿਆਰਵੀਂ ਵਿੱਚ ਹੀ ਦੋਸਤੀ ਹੋਈ ਸੀ। ਅਚਾਨਕ ਬਾਰ੍ਹਵੀਂ ਤੋਂ ਬਾਅਦ ਪਤਾ ਚੱਲਿਆ ਕਿ ਉਸ ਦਾ ਵਿਆਹ ਹੋ ਗਿਆ ਹੈ। ਉਸ ਨੇ ਸਾਨੂੰ ਕਿਸੇ ਨੂੰ ਨਹੀਂ ਸੀ ਬੁਲਾਇਆ ਵਿਆਹ ‘ਚ। ਬਾਅਦ ਵਿੱਚ ਪਤਾ ਲੱਗਿਆ ਕਿ ਪੰਜਾਬ ਜਾ ਕੇ ਵਿਆਹੀ ਸੀ। ਓਦੋਂ ਦੀ ਵਿੱਛੜੀ, ਤੇ ਅੱਜ ਜਾ ਕੇ ਫ਼ੋਨ ਤੇ ਉਸ ਦੀ ਸ਼ਕਲ ਵੇਖੀ ਅਤੇ ਅਵਾਜ਼ ਸੁਣੀਂ। ਜਿਵੇਂ ਸਦੀਆਂ ਹੀ ਬੀਤ ਗਈਆਂ ਸਨ। ਅੱਜ ਕਿੰਨੀ ਜ਼ਿੰਮੇਵਾਰ ਜਿਹੀ ਹੋ ਕੇ ਬਜੁਰਗਾ ਵਾਂਗ ਗੱਲ ਕਰ ਰਹੀ ਸੀ। ਦੋ ਸਹੇਲੀਆਂ ਮਿਲਣ ਕਰਕੇ ਦੂਜੀਆਂ ਨੂੰ ਮਿਲਣ ਦੀ ਚਾਹਨਾ ਹੋਰ ਵੀ ਵੱਧ ਗਈ। ਬਾਕੀਆਂ ਦਾ ਕੀ ਹਾਲ ਹੋਊ…? ਬਚਪਨ ਤੋਂ ਜਵਾਨੀ ਤੱਕ ਦੇ ਸਫ਼ਰ ਦੀਆਂ ਰਾਹਗੀਰ ਰਹੀਆਂ ਸਾਂ, ਉਸ ਨਾਤੇ ਦੀ ਵੀ ਇੱਕ ਵਾਰ ਭਾਲ ਕਰਨਾ ਤੇ ਸਾਡਾ ਫ਼ਰਜ਼ ਵੀ ਬਣਦਾ ਸੀ।

“ਵੰਦਨਾਂ, ਸਾਰੀਆਂ ਭਾਵੇਂ ਜਿੱਥੇ ਮਰਜ਼ੀ ਵਿਆਹੀਆਂ ਹੋਣ, ਪਰ ਉਹਨਾਂ ਦੇ ਪੇਕੇ ਤਾਂ ਉਹਨਾਂ ਘਰਾਂ ਵਿੱਚ ਹੋਣਗੇ! ਤੇ ਕਿਉਂ ਨਾ ਆਪਾਂ ਇੱਕ ਗੇੜਾ ਸਾਰੀਆਂ ਦੇ ਘਰਾਂ ਦਾ ਲਾ ਲਈਏ…?” ਮੈਨੂੰ ਆਹੀ ਰਸਤਾ ਆਖਰੀ ਲੱਗਿਆ।

“ਤੀਹ ਸਾਲ ਬਹੁਤ ਲੰਬਾ ਸਮਾਂ ਹੁੰਦਾ ਹੈ, ਪਤਾ ਨਹੀਂ ਕੌਣ ਹੋਊ ਉਹਨਾਂ ਦੇ ਘਰਾਂ ਵਿੱਚ ਹੁਣ? ਫੇਰ ਵੀ ਤੇਰੀ ਖੁਸ਼ੀ ਲਈ ਚੱਲਦੇ ਹਾਂ, ਮੁੜ ਫੇਰ ਕੀ ਪਤਾ ਕਦੋਂ ਤੂੰ ਭਾਰਤ ਆਉਣਾ ਹੈ?” ਹਮੇਸ਼ਾਂ ਦੀ ਤਰ੍ਹਾਂ ਮੇਰਾ ਸਾਥ ਨਿਭਾਉਣ ਲਈ ਵੰਦਨਾ ਤਿਆਰ ਹੋ ਗਈ। ਉਸ ਦਿਨ ਧੁੱਪ ਬਹੁਤ ਤੇਜ਼ ਸੀ। ਸ਼ਾਮ ਨੂੰ ਵੰਦਨਾ ਦੇ ਘਰ ਆਪਣੇ ਕੰਮ ਕਾਜ ਹੋਣ ਕਰਕੇ ਅਸੀਂ ਦੁਪਹਿਰ ਹੀ ਜਾਣ ਦਾ ਫ਼ੈਸਲਾ ਕੀਤਾ। ਉਸ ਨੇ ਆਪਣੀ ਸਕੂਟੀ ਕੱਢੀ ਅਤੇ ਕਿੱਕ ਮਾਰ ਮੈਨੂੰ ਬਿਠਾ ਉਡ ਚੱਲੀ ਵਿੱਛੜੀਆਂ ਸਹੇਲੀਆਂ ਦੀ ਖੋਜ ਵੱਲ!

“ਮਧੂ ਦੇ ਘਰ ਦਾ ਨਕਸ਼ਾ ਹੀ ਬਦਲ ਗਿਆ ਹੈ, ਪਤਾ ਨਹੀਂ ਕਈ ਹੋਰ ਨਾ ਰਹਿੰਦੇ ਹੋਣ?” ਵੰਦਨਾ ਨੇ ਸਕੂਟੀ ਮਧੂ ਦੇ ਘਰ ਅੱਗੇ ਖੜ੍ਹੀ ਕਰਦਿਆਂ ਕਿਹਾ।

“ਚੱਲ, ਪੁੱਛਦੀ ਹਾਂ!” ਕਿਸੇ ਆਸ ਨਾਲ ਮੈਂ ਇਕ ਦਫ਼ਤਰ ਦੇ ਦਰਵਾਜੇ ਤੇ ‘ਟਿੱਕ-ਟਿੱਕ’ ਕੀਤੀ। ਇੱਕ ਬਜ਼ੁਰਗ ਬਾਹਰ ਆਇਆ। ਮੈਂ ਬੜੇ ਅਦਬ ਨਾਲ ਨਮਸ਼ਕਾਰ ਕੀਤੀ ਅਤੇ ਨਾਲ ਹੀ ਆਪਣੇ ਮਨ ਦੀ ਵਿਆਕੁਲਤਾ ਦੱਸ ਦਿੱਤੀ।

“ਮੈਂ ਇੰਗਲੈਂਡ ਤੋਂ ਆਈ ਹਾਂ, ਕਰੀਬ ਤੀਹ ਸਾਲ ਪਹਿਲਾਂ ਮੇਰੀ ਸਹੇਲੀ ਦਾ ਘਰ ਇੱਥੇ ਸੀ, ਮੈਂ ਉਸ ਨੂੰ ਮਿਲਣਾ ਚਾਹੁੰਦੀ ਹਾਂ!” ਮੈਂ ਹੱਥ ਜੋੜ ਕੇ ਕਿਹਾ, “ਪਲੀਜ਼ ਅੰਕਲ!”

“ਬੋਲੋ ਮੈਂ ਕੀ ਮੱਦਦ ਕਰ ਸਕਦਾ ਹਾਂ…?” ਬਜ਼ੁਰਗ ਦਾ ਦਿਲ ਮੇਰੀ ਬੇਨਤੀ ਨਾਲ ਨਰਮ ਹੋ ਗਿਆ ਸੀ ਸ਼ਾਇਦ?

“ਤੁਹਾਡੀ ਬਹੁਤ ਮੇਹਰਬਾਨੀ ਹੋਵੇਗੀ, ਅਗਰ ਸਾਨੂੰ ਪਤਾ ਲੱਗ ਜਾਏ ਕਿ ਜੋ ਘਰ ਇੱਥੇ ਸੀ, ਓਹ ਪਰਿਵਾਰ ਹੁਣ ਕਿੱਥੇ ਹੈ…?”

“ਓਹ ਤਾਂ ਮੈਨੂੰ ਨਹੀਂ ਪਤ,ਾ ਪਰ ਇੱਥੇ ਇੱਕ ਪਰਿਵਾਰ ਹੈ, ਉਹਨਾਂ ਨਾਲ ਮਿਲਵਾ ਸਕਦਾ ਹਾਂ, ਸ਼ਾਇਦ ਕੁਝ ਮੱਦਦ ਹੋ ਸਕੇ?” ਆਪਣਾ ਹਿੱਸਾ ਪਾਇਆ ਬਜ਼ੁਰਗ ਨੇ ਮੇਰੀ ਖੋਜ ਵਿੱਚ। ਇੱਕ ਬਹੁਤ ਹੀ ਪੁਰਾਣੇ ਡਿਜ਼ਾਇਨ ਵਾਲਾ ਘਰ, ਜਿਸ ਦੀਆਂ ਪੌੜੀਆਂ ਬਹੁਤ ਡੂੰਘੀਆਂ ਜਿਹੀਆਂ ਸੀ। ਮੈਨੂੰ ਉਪਰ ਜਾਣ ਦਾ ਇਸ਼ਾਰਾ ਕਰਕੇ ਅੰਕਲ ਵਾਪਿਸ ਮੁੜ ਗਿਆ। ਡਰਦੇ ਡਰਦੇ ਅਸੀਂ ਆਪਣੀ ਸਹੇਲੀ ਨੂੰ ਲੱਭਣ ਦੇ ਜਨੂੰਨ ਵਿੱਚ ਅਜ਼ੀਬ ਜਿਹੇ ਘਰ ਵਿੱਚ ਚਲੇ ਗਏ। ‘ਖੱਟ-ਖੱਟ’ ਦਰਵਾਜ਼ਾ ਖੜਕਾਇਆ। ਦੋ ਔਰਤਾਂ ਮੂਹਰੇ ਆ ਗਈਆਂ ਅਤੇ ਕੁਝ ਸਵਾਲੀਆ ਜਿਹੀਆ ਨਜ਼ਰਾਂ ਨਾਲ ਸਾਨੂੰ ਦੇਖਣ ਲੱਗ ਪਈਆਂ। ਮੈਂ ਹੱਥ ਜੋੜ ਬੇਨਤੀ ਕੀਤੀ ਅਤੇ ਸਾਰੀ ਕਹਾਣੀ ਸੁਣਾ ਦਿੱਤੀ। ਉਹਨਾਂ ਇਸ਼ਾਰਾ ਕਰ ਇੰਤਜਾਰ ਕਰਨ ਨੂੰ ਕਿਹਾ ਅਤੇ ਅੰਦਰ ਅਵਾਜ਼ ਮਾਰੀ।

“ਮਧੂ, ਬਾਹਰ ਆਓ…।! ਕੋਈ ਤੁਹਾਨੂੰ ਮਿਲਣ ਆਇਆ ਹੈ!” ਇੱਕ ਅਵਾਜ਼ ਨਾਲ ਹੀ ਇੱਕ ਅਧੇੜ ਉਮਰ ਦੀ ਔਰਤ ਹਿੰਦੂ ਸਟਾਇਲ ਦੀ ਧੋਤੀ ਪਾਈ ਹੋਈ ਬਾਹਰ ਆਈ। ਵੰਦਨਾ ਮੇਰੇ ਵੱਲ ਅਤੇ ਮੈਂ ਵੰਦਨਾ ਵੱਲ ਦੇਖਣ ਲੱਗ ਪਈ ਕਿ ਮਧੂ ਇੰਨੀ ਵੀ ਨਹੀਂ ਬਦਲ ਸਕਦੀ? ਦੋ ਗੱਲਾਂ ਤੋਂ ਬਾਅਦ ਉਸ ਔਰਤ ਨੇ ਸਾਨੂੰ ਪਛਾਨਣ ਤੋਂ ਇਨਕਾਰ ਕਰ ਦਿੱਤਾ। ਅਸੀਂ ਮੁਆਫ਼ੀ ਮੰਗ ਕੇ ਵਾਪਿਸ ਆ ਗਏ। ਵੰਦਨਾ ਨੇ ਦੱਸਿਆ ਕਿ ਉਹ ਮਧੂ ਦੇ ਇੱਕ ਰਿਸ਼ਤੇਦਾਰ ਨੂੰ ਜਾਣਦੀ ਹੈ, ਕੋਸ਼ਿਸ਼ ਕਰਦੇ ਹਾਂ ਉਸ ਨੂੰ ਪੁੱਛਣ ਦੀ। ਸਾਡੀ ਕੋਸ਼ਿਸ਼ ਨੇ ਸਾਡਾ ਸਾਥ ਦਿੱਤਾ। ਮਧੂ ਦੇ ਰਿਸ਼ਤੇਦਾਰ ਕੋਲੋਂ ਮਧੂ ਦਾ ਨੰਬਰ ਮਿਲ ਗਿਆ। ਬਿਨਾ ਇੱਕ ਪਲ ਦੇਰ ਕੀਤੇ ਫ਼ੋਨ ਮਿਲਾਇਆ, ਦੂਜੇ ਪਸੇ ਤੋਂ ਮਧੂ ਹੀ ਬੋਲੀ। ਆਪਣੀ ਕਾਮਯਾਬੀ ‘ਤੇ ਸਾਡੇ ਦੋਹਾਂ ਦੀਆਂ ਅੱਖਾਂ ਭਰ ਆਈਆਂ। ਮਧੂ ਵੀ ਇੰਨੇ ਅਰਸੇ ਬਾਦ ਸਾਡੀ ਅਵਾਜ਼ ਸੁਣ ਕੇ ਭਾਵੁਕ ਹੋ ਗਈ। ਮਧੂ ਮੇਰੇ ਨਾਲ ਸੱਤਵੀ ਕਲਾਸ ਤੋਂ ਪੜ੍ਹਦੀ ਸੀ। ਇਸ ਦੀ ਮਾਂ ਨਾ ਹੋਣ ਕਰਕੇ ਸਿਰਫ਼ ਬਾਹਰਵੀਂ ਤੱਕ ਹੀ ਪੜ੍ਹੀ ਸੀ। ਸ਼ੁਰੂ ਤੋਂ ਹੀ ਸੰਜੀਦੀਗੀ ਵਾਲੀ ਜ਼ਿੰਮੇਵਾਰ ਜਿਹੀ ਕੁੜੀ ਸੀ।

“ਮੈਂ ਆਗਰਾ ਵਿੱਚ ਹੀ ਹਾਂ, ਆਪਣੇ ਸਹੁਰੇ ਘਰ!” ਮਧੂ ਕੋਲੋਂ ਇਤਨਾ ਸੁਣ ਅਸੀ ਸੁਖ ਦਾ ਸਾਹ ਲਿਆ ਕਿ ਚਲੋ ਕਿਸੇ ਦਿਨ ਵੀ ਮਿਲ ਸਕਦੇ ਹਾਂ। ਮਧੂ ਵੱਲੋਂ ਸਾਰੀ ਖੁਸ਼ਹਾਲੀ ਦੀਆਂ ਹੀ ਗੱਲਾਂ ਸਨ। ਪਤੀ ਦਾ ਕਾਰੋਬਾਰ ਹੈ, ਆਪਣਾ ਘਰ, ਦੋ ਬੱਚੇ, ਸਭ ਚੰਗਾ ਚੱਲ ਰਿਹਾ ਸੀ। ਮੈਂ ਹੱਥ ਜੋੜ ਉਪਰ ਵਾਲੇ ਦਾ ਸ਼ੁਕਰ ਕੀਤਾ। ਮਿਲਣ ਦੀ ਬਾਤ ਪਾ ਕੇ ਅਸੀ “ਖੋਜ ਦੇ ਸਫ਼ਰ” ਨੂੰ ਜਾਰੀ ਰੱਖਿਆ।

“ਤੈਨੂੰ ਕਿਸੇ ਹੋਰ ਸਹੇਲੀ ਬਾਰੇ ਪਤਾ ਹੈ?” ਮੈਂ ਮਧੂ ਕੋਲਂੋ ਪੁੱਛਿਆ।

“ਮੇਰੇ ਕੋਲ ਸਿਰਫ਼ ਅੰਜਨਾ ਦਾ ਨੰਬਰ ਹੈ, ਉਹ ਮੇਰੀ ਕਿੱਟੀ ਪਾਰਟੀ ਦੀ ਮੈਂਬਰ ਹੈ, ਹੋਰ ਕਿਸੇ ਦਾ ਨਹੀ ਪਤਾ!” ਮਧੂ ਦੀ ਇੰਨੀ ਸਹਾਇਤਾ ਹੀ ਬਹੁਤ ਸੀ। ਅੰਜਨਾ ਨੂੰ ਫ਼ੋਨ ਕੀਤਾ ਤਾਂ ਉਹ ਫ਼ੋਨ ਵਿੱਚੋਂ ਹੀ ਖੁਸ਼ੀ ਨਾਲ ਛਾਲ ਕੇ ਮਾਰ ਬਾਹਰ ਨਿਕਲਣ ਵਾਲੀ ਹੋ ਗਈ ਸੀ। ਹਰ ਇੱਕ ਗੱਲ ਤੋਂ ਬਾਅਦ ਕਹਿ ਰਹੀ ਸੀ, “ਵਾਕਈ ਮੈਂ ਤੇਰੇ ਨਾਲ ਗੱਲ ਕਰ ਰਹੀ ਹਾਂ…? ਮੈਨੂੰ ਅਜੇ ਵੀ ਯਕੀਨ ਨਹੀਂ ਆ ਰਿਹਾ, ਤੀਹ ਸਾਲ ਤੋਂ ਵੀ ਜ਼ਿਆਦਾ ਸਮਾਂ ਹੋ ਗਿਆ ਭੈਣ ਮੇਰੀਏ…!”

“ਯਕੀਨ ਕਰਨਾ ਹੈ ਤਾ ਮਿਲ ਲੈਂਦੇ ਹਾਂ, ਕਿੱਥੇ ਹੈਂ ਅੱਜ ਕੱਲ੍ਹ?” ਵੰਦਨਾ ਨੇ ਪੁੱਛਿਆ।

“ਮੈਂ ਆਗਰੇ ਵਿੱਚ ਹੀ ਵਿਆਹੀ ਹਾਂ, ਬੋਲ ਕਦ ਮਿਲਣਾ ਹੈ?” ਅੰਜਨਾ ਦੀ ਬੇਤਾਬੀ ਸਮਝ ਆ ਰਹੀ ਸੀ। ਮੇਰੇ ਨਾਲ ਗਿਆਰ੍ਹਵੀਂ ਕਲਾਸ ਤੋਂ ਜੁੜੀ ਸੀ। ਬਹੁਤ ਹੱਸਮੁਖ, ਸ਼ਰਾਰਤੀ, ਜਿੰਦਾ ਦਿਲ ਕੁੜੀ!  ਅੰਜਨਾਂ ਦੇ ਵਾਲਾਂ ਦੀ “ਗਰੋਥ” ਘੱਟ ਸੀ ਅਤੇ ਮਜ਼ਾਕ ਕਰਦੀ ਆਖਦੀ ਹੁੰਦੀ ਸੀ, “ਮੈਂ ਭਾਰਤੀ ਪ੍ਰੰਪਰਾ ਨੂੰ ਪੂਰਾ ਨਿਭਾਉਣਾਂ ਹੈ, ਵਿਆਹ ਤੋਂ ਬਾਦ ਕਦੇ ਸਿਰ ਤੋਂ ਪੱਲਾ ਨਹੀਂ ਲਾਹੁੰਣਾਂ…!” ਤੇ ਫੇਰ ਜੋਰ ਦੀ ਹੱਸ ਪੈਂਦੀ ਕਿ ਹੋਰ ਕੋਈ ਚਾਰਾ ਵੀ ਨਹੀਂ ਹੈ। ਇਸ ਨੂੰ ਮਿਲ ਕੇ ਮੈਂ ਦੇਖਣਾਂ ਚਾਹੁੰਦੀ ਸੀ ਕਿ ਅੱਜ ਵੀ ਓਦਾਂ ਦੀ ਹੀ ਮਸਤ ਹੈ ਜਾਂ ਵਿਆਹ ਦੇ ਫੇਰਿਆਂ ਨੇ ਬਦਲ ਦਿੱਤਾ? ਪਰ ਅੰਜਨਾ ਦੇ ਦੱਸੇ ਮੁਤਾਬਿਕ, ਦੋ ਬੱਚਿਆਂ ਦੀ ਮਾਂ ਦੇ ਇਸ਼ਾਰਿਆ ‘ਤੇ ਨੱਚਣ ਵਾਲੇ ਪਤੀ ਦੀ “ਚਹੇਤੀ ਪਤਨੀ” ਹੈ, ਅਸੀਂ ਵੀ ਜਾਣ ਕੇ ਖੁਸ਼ ਹੋ ਗਏ। ਗਰਮ ਦਿਨ ਹੋਣ ਕਰ ਕੇ ਮੇਰਾ ਤੇ ਵੰਦਨਾ ਦਾ ਪਸੀਨੇ ਨਾਲ ਬੁਰਾ ਹਾਲ ਸੀ, ਪਰ ਉਤਸ਼ਾਹ ਵਿਚ ਕਮੀ ਨਹੀਂ ਸੀ। “ਘੁਰਰਰ” ਕਰਕੇ ਵੰਦਨਾ ਨੇ ਸਕੂਟੀ ਅੰਜੂ ਦੀ ਖੋਜ ਵੱਲ ਮੋੜੀ। ਅੰਜੂ ਦਾ ਘਰ ਦੂਰ ਸੀ, ਅਤੇ ਅਸੀਂ ਫੈ਼ਸਲਾ ਕੀਤਾ ਕਿ ਉਸ ਦੇ ਭਰਾ ਦੀ ਦੁਕਾਨ ‘ਤੇ ਚੱਲਦੇ ਹਾਂ। ਅੰਜੂ ਦੇ ਭਰਾ ਦੀ ਦੁਕਾਨ ਦੇ ਠੀਕ ਸਾਹਮਣੇ ਸਕੂਟੀ ਖੜ੍ਹੀ ਹੋਈ, ਅਤੇ ਮੈਂ ਦੁਕਾਨ ਦੇ ਅੰਦਰ ਚਲੀ ਗਈ। ਦੁਕਾਨ ਹਾਰਡ ਸਪੇਅਰ ਦੀ ਸੀ ਅਤੇ ਮੈਂ “ਵੈਸਟਰਨ ਡਰੈੱਸ” ਪਾਈ ਹੋਈ ਸੀ। ਅੰਜੂ ਦੇ ਭਰਾ ਨੇ ਥੋੜੀ ਅਜੀਬ ਜਿਹੀਆਂ ਨਜ਼ਰਾਂ ਨਾਲ ਦੇਖਿਆ ਅਤੇ ਮੈਨੂੰ ਕੋਈ ਗਾਹਕ ਸਮਝ ਕੇ ਮੁਖਾਬਿਤ ਹੋਇਆ।

“ਜੀ, ਮੈਂ ਅੰਜੂ ਦੀ ਸਹੇਲੀ ਹਾਂ, ਓਹ ਮੇਰੇ ਨਾਲ ਕੇ ਐੱਨ ਐੱਸ ਕਾਲਜ ਵਿੱਚ ਪੜ੍ਹਦੀ ਸੀ!” ਇਸਦੇ ਨਾਲ ਹੀ ਮੈਂ ਸਾਰੀਆ ਗੱਲਾਂ, ਜੋ ਮੈਨੂੰ ਉਸ ਦੇ ਪ੍ਰੀਵਾਰ ਬਾਰੇ ਪਤਾ ਸੀ, ਸਬੂਤ ਦੇ ਰੂਪ ਵਿਚ ਦੱਸ ਦਿੱਤੀਆਂ।

“ਅੰਜੂ ਦਿੱਲੀ ਵਿਆਹੀ ਹੈ!” ਇਤਨਾ ਦੱਸ ਉਸ ਨੇ ਮੇਰੀ ਸਹੇਲੀ ਅੰਜੂ ਦਾ ਨੰਬਰ ਦੇਣ ਤੋਂ ਇਨਕਾਰ ਕਰ ਦਿੱਤਾ। ਮੈਂ ਹੱਥ ਜੋੜ ਕੇ “ਪਲੀਜ਼-ਪਲੀਜ਼” ਕਰ ਬੇਨਤੀ ਕੀਤੀ। ਆਲੇ ਦੁਆਲੇ ਖੜ੍ਹੇ ਲੋਕਾਂ ਨੂੰ ਵੀ ਮੇਰੇ ਨਾਲ ਹਮਦਰਦੀ ਜਿਹੀ ਹੋ ਰਹੀ ਸੀ ਕਿ ਕੋਈ ਤੀਹ ਸਾਲ ਬਾਅਦ ਵੀ ਨਾਲ਼ ਪੜ੍ਹਦੀ ਸਹੇਲੀ ਲਈ ਇਤਨਾਂ ਬੇਚੈਨ ਹੋ ਸਕਦਾ ਹੈ?

“ਤੁਸੀ ਮੇਰਾ ਨੰਬਰ ਲੈ ਲਵੋ, ਪਲੀਜ਼ ਉਸ ਨੂੰ ਦੇ ਦੇਵੋ, ਜੇ ਹੋ ਸਕਦਾ ਹੈ ਉਹ ਆਪ ਫ਼ੋਨ ਕਰ ਲਵੇ!” ਇਤਨਾ ਕਹਿ ਵੰਦਨਾ ਨੇ ਆਪਣਾ ਫ਼ੋਨ ਨੰਬਰ ਦੇ ਦਿੱਤਾ। ਅਗਲੇ ਦਿਨ ਸ਼ਾਮ ਨੂੰ ਅੰਜੂ ਦਾ ਵੀ ਫ਼ੋਨ ਆ ਗਿਆ ਸੀ। ਉਸ ਦੀ ਅਵਾਜ਼ ਬਹੁਤ ਬਦਲ ਗਈ ਸੀ। ਉਤੇਜਨਾ ਕਰਕੇ ਅਨੂੰ ਕੋਲੋਂ ਬੋਲਿਆ ਨਹੀ ਸੀ ਜਾ ਰਿਹਾ। ਅਨੂੰ ਨੇ ਵਾਟਸਅੱਪ ‘ਤੇ ਸਾਰੇ ਪਰਿਵਾਰ ਦੀਆਂ ਫ਼ੋਟੋ ਤੁਰੰਤ ਭੇਜ ਦਿੱਤੀਆਂ। ਇੱਕ ਪਿਆਰ ਕਰਨ ਵਾਲਾ ਪਤੀ ਤੇ ਦੋ ਜਵਾਨ ਬੇਟੀਆਂ ਦੀ ਮਾਂ ਹੈ। ਅਨੂੰ ਨੇ ਨਾਲ ਦੀ ਨਾਲ ਹੀ ਆਪਣੇ ਪਤੀ ਤੇ ਬੇਟੀਆਂ ਨਾਲ ਵੀ ਗੱਲ ਕਰਵਾ ਦਿੱਤੀ।

“ਤੁਹਾਡਾ ਸਿਰਫ਼ ਨਾਮ ਹੀ ਕਾਫ਼ੀ ਹੈ ਸਤਨਾਮ ਜੀ, ਅੰਜੂ ਨੇ ਤੁਹਾਡੀ ਦੋਸਤੀ ਬਾਰੇ ਬਹੁਤ ਸਾਰੀਆਂ ਗੱਲਾਂ ਪਰਿਵਾਰ ਨੂੰ ਦੱਸੀਆਂ ਹੋਈਆਂ ਹਨ!” ਉਸ ਦੇ ਪਤੀ ਨੇ ਸਾਡੀ ਦੋਸਤੀ ਨੂੰ ਪ੍ਰਮਾਣ ਦਿੱਤਾ। ਮੈਨੂੰ ਵੀ ਯਕੀਨ ਸੀ ਕਿ ਉਹ ਵੀ ਮੈਨੂੰ ਯਾਦ ਕਰਦੀ ਹੋਣੀ ਹੈ, ਕਿਉਂਕਿ ਅਨੂੰ ਮੇਰੇ ਨਾਲ ਸੱਤਵੀਂ ਕਲਾਸ ਤੋਂ ਪੜ੍ਹ ਰਹੀ ਸੀ। ਬਚਪਨ ਤੋਂ ਜਵਾਨ ਹੋਣ ਤੱਕ ਅਸੀਂ ਕਈ ਮੌਸਮ ਇਕੱਠੇ ਵੇਖੇ ਸੀ। ਫ਼ੋਨ ਬੰਦ ਹੋਣ ਤੋਂ ਪਹਿਲਾਂ ਮੈਂ ਅੰਜੂ ਨੂੰ ਪੁੱਛਿਆ ਕਿ ਉਸ ਨੂੰ ਉਹ ਗਾਣਾ ਯਾਦ ਹੈ, ਜੋ ਕਿ ਸਕੂਲ ਵਿੱਚ ਸਾਡੀ ਫ਼ਰਮਾਇਸ਼ ਹੋਣ ‘ਤੇ ਸੁਣਾਉਂਦੀ ਸੀ? ਹਰ ਵਾਰ ਇੱਕੋ ਹੀ ਗੀਤ!

“ਤੂੰ ਇਸ ਤਰ੍ਹਾਂ ਸੇ ਮੇਰੀ ਜ਼ਿੰਦਗੀ ਮੇਂ ਸ਼ਾਮਿਲ ਹੈਂ, ਜਹਾਂ ਭੀ ਜਾਊਂ, ਯੇ ਲਗਤਾ ਹੈ ਤੇਰੀ ਮਹਿਫ਼ਲ ਹੈ…।!” ਇੱਕ ਮਿੰਟ ਦੀ ਦੇਰ ਲਾਏ ਬਿਨਾ ਹੀ ਅੰਜੂ ਨੇ ਗਾਣੇ ਦੀਆਂ ਚੰਦ ਲਾਈਨਾਂ ਸੁਣਾ ਦਿੱਤੀਆਂ। ਭਾਵੇਂ ਉਸ ਵੇਲੇ ਇਹ ਗੀਤ ਕਿਸੇ ਹੋਰ ਭਾਵਨਾ ਨਾਲ ਗਾਉਂਦੀ ਹੋਵੇਗੀ, ਪਰ ਅੱਜ ਮੈਨੂੰ ਲੱਗ ਰਿਹਾ ਸੀ ਕਿ ਮੇਰੇ ਲਈ ਗਾ ਰਹੀ ਸੀ। ਮੈਂ ਭਰੇ ਜਹੇ ਮਨ ਨਾਲ ਫੇਰ ਫ਼ੋਨ ਕਰਨ ਦਾ ਕਹਿ ਕੇ ਫ਼ੋਨ ਬੰਦ ਕਰ ਦਿੱਤਾ। …। ਮੈਨੂੰ ਅੱਜ ਵੀ ਯਾਦ ਹੈ; ਅੰਜੂ ਬਹੁਤ ਹੀ ਸ਼ਰਮੀਲੀ ਅਤੇ ਘੱਟ ਬੋਲਣ ਵਾਲੀ ਕੁੜੀ ਸੀ। ਮੈਨੂੰ ਅੱਲ੍ਹੜ ਉਮਰ ਦੀ ਇੱਕ ਘਟਨਾ ਯਾਦ ਆ ਗਈ। ਹਰ ਕੁੜੀ ਨੂੰ ਉਮਰ ਦੇ ਕਿਸੇ ਸਾਲ “ਪੀਰੀਅਡ” ਸ਼ੁਰੂ ਹੋਣੇ ਹੀ ਹੁੰਦੇ ਹਨ। ਅੰਜੂ ਸ਼ਰਮੀਲੇ ਸੁਭਾਅ ਕਰਕੇ ਇਸ ਵਿਸ਼ੇ ਤੋਂ ਅਣਜਾਣ ਸੀ। ਸਕੂਲ ਟਾਈਮ ਵਿੱਚ ਉਸ ਨੂੰ ਇਸਦਾ ਸਾਹਮਣਾ ਕਰਣਾ ਪੈ ਗਿਆ। ਆਪਣੇ ਕੱਪੜਿਆਂ ‘ਤੇ ਖੂਨ ਲੱਗਿਆ ਦੇਖ ਕੇ ਡਰ ਗਈ ਅਤੇ ਰੋਣ ਲੱਗ ਪਈ। ਮੈਂ ਉਸ ਨੂੰ ਆਪਣੀ ਅਕਲ ਅਨੁਸਾਰ ਸਮਝਾਇਆ, ਬਹੁਤ ਦੇਰ ਬਾਅਦ ਉਹ ਸੁਖ਼ਾਲ਼ੀ ਜਿਹੀ ਹੋਈ। ਛੁੱਟੀ ਦਿਵਾ ਕੇ ਘਰ ਭੇਜ ਦਿੱਤਾ। ਅਗਲੇ ਪੰਜ ਦਿਨ ਬਾਅਦ ਜਦ ਅਨੂੰ ਸਕੂਲ ਆਈ ਤਾਂ ਬਹੁਤ ਖ਼ਾਮੋਸ਼ ਜਿਹੀ ਸੀ। ਇਸ ਵਾਕਿਆ ਨੂੰ ਵੀ ਮੈਂ ਮਿਲਣ ‘ਤੇ ਯਾਦ ਕਰਵਾਇਆ ਅਤੇ ਅਸੀਂ ਸਾਰੇ ਬਹੁਤ ਹੱਸੇ। ਹੁਣ ਤਲਾਸ਼ ਰਹਿ ਗਈ ਸੀ ਸਿਰਫ਼ ਵਿਨੀਤਾ ਦੀ, ਜੋ ਇਸ ਗਰੁੱਪ ਵਿੱਚ ਮੇਰੀ ਸਭ ਤੋਂ ਪੁਰਾਣੀ ਸਹੇਲੀ ਸੀ। ਮੇਰੇ ਨਾਲ ਕਲਾਸ ਚੌਥੀ ਤੋਂ ਪੜ੍ਹੀ ਸੀ। ਇਸ ਦੇ ਘਰ ਗਏ ਪਰ ਸਾਨੂੰ ਕਿਸੇ ਨੇ ਬਾਂਹ ਪੱਲਾ ਨਹੀਂ ਫ਼ੜਾਇਆ। ਬਹੁਤ ਨਿਰਾਸ਼ ਹੋ ਗਏ ਮੈਂ ਅਤੇ ਵੰਦਨਾ। ਪਰ ਕਿਤੇ ਕੁਦਰਤ ਨੇ ਮੱਦਦ ਕੀਤੀ, ਕਿਸੇ ਕੋਲੋਂ ਵਿਨੀਤਾ ਦਾ ਨੰਬਰ ਮਿਲ ਗਿਆ। ਮੈਂ ਦੇਖਣਾ ਚਾਹੁੰਦੀ ਸੀ ਕਿ ਉਸ ਨੇ ਵੀ ਕਦੇ ਮੈਨੂੰ “ਮਿੱਸ” ਕੀਤਾ ਸੀ ਜਾਂ ਨਹੀਂ? ਮੈਂ ਆਪਣਾ ਨਾਮ ਬਦਲ ਕੇ ਵਿਨੀਤਾ ਨੂੰ ਫ਼ੋਨ ਮਿਲਾਇਆ ਅਤੇ ਕੁਝ ਗੱਲਾਂ ਤੋਂ ਬਾਦ ਆਪਣੀ ਜਗਿਆਸਾ ਮਿਟਾਉਣ ਲਈ ਕਿਹਾ, “ਜੇਕਰ ਵਿਨੀਤਾ ਤੈਨੂੰ ਸੱਤ ਸਹੇਲੀਆਂ ਵਿੱਚੋਂ ਕਿਸੇ ਨੂੰ ਮਿਲਣ ਵਾਸਤੇ ਕਿਹਾ ਜਾਏ, ਤੇ ਕਿਸ ਨੂੰ ਮਿਲਣਾ ਚਾਹੇਂਗੀ…?”

“ਮੈਂ ਸਤਨਾਮ ਨੂੰ ਬਹੁਤ ਜ਼ਿਆਦਾ ਮਿੱਸ ਕਰਦੀ ਹਾਂ, ਪਰ ਉਸ ਨੂੰ ਕਦੇ ਮਿਲ ਨਹੀਂ ਸਕਦੀ, ਉਹ ਵਿਦੇਸ਼ ਵਿੱਚ ਕਿਤੇ ਹੈ? ਸਾਡੇ ਕੋਲ ਕੋਈ ਜ਼ਰੀਆ ਨਹੀਂ ਓਸ ਤੱਕ ਪਹੁੰਚਣ ਦਾ, ਪਤਾ ਨਹੀਂ ਉਹ ਕਦੇ ਮੁੜ ਭਾਰਤ ਆਈ ਵੀ ਹੈ ਕਿ ਨਹੀਂ…?” ਬਿਨ ਬਰੇਕ ਤੋਂ ਵਿਨੀਤਾ ਨੇ ਬੋਲਣਾ ਸ਼ੁਰੂ ਕੀਤਾ, ਜਿਵੇਂ ਤਰਲਾ ਪਾ ਰਹੀ ਹੋਵੇ। ਦੂਜੇ ਪਾਸੇ ਮੈਨੂੰ ਹਾਸੇ ਨਾਲ ਉਸ ‘ਤੇ ਪਿਆਰ ਵੀ ਆ ਰਿਹਾ ਸੀ। ਵਿਨੀਤਾ ਗੁੱਡੀਆਂ ਤੋਂ ਲੈ ਕੇ ਕਿੱਕਲੀ ਤੱਕ ਦੀ ਮੇਰੀ ਹਮਸਫ਼ਰ ਰਹੀ ਹੈ। ਅਸੀਂ ਦੋਵੇਂ ਇੱਕ ਹੀ ਸੀਟ ‘ਤੇ ਬੈਠਦੇ ਸੀ। ਉਮਰ ਦੇ ਵਧਣ ਨਾਲ ਸਾਡੇ ਸੁਭਾਅ ਅਤੇ ਸਰੀਰ ਚਾਹੇ ਬਦਲੇ, ਇਮਲੀ ਤੋਂ ਸਮੋਸੇ ਦੇ ਸਵਾਦ ਬਦਲੇ। ਅਸੀਂ ਜਵਾਨੀ ਤੱਕ ਦੇ ਕਈ ਸਾਵਣ ਇਕੱਠੇ ਦੇਖੇ ਸੀ। ਵਿਧਵਾ ਮਾਂ ਦੀ ਛੇ ਔਲ਼ਾਦਾਂ ਵਿੱਚੋਂ ਸਭ ਤੋਂ ਛੋਟੀ ਸੀ ਵਿਨੀਤਾ।

“ਜੇਕਰ ਤੈਨੂੰ ਸਤਨਾਮ ਮਿਲਾ ਦਵਾਂ ਤੇ ਦੱਸ ਕੀ ਦੇਵੇਂਗੀ ਮੈਨੂੰ?”

“ਮੇਰੀ ਸਤਨਾਮ ਨੂੰ ਜ਼ਿੰਦਗੀ ‘ਚ ਦੁਬਾਰਾ ਦੇਖਣ ਦੀ ਬਹੁਤ ਜ਼ਿਆਦਾ ਇੱਛਾ ਹੈ, ਰੱਬ ਕਦੇ ਇੰਜ ਕਰ ਦੇਵੇ ਤਾਂ ਸਹੀ, ਤੈਨੂੰ ਪਾਰਟੀ ਦਿਊਂਗੀ ਪੱਕਾ!” ਵਿਨੀਤਾ ਦੀ ਖੁਸ਼ੀ ਸ਼ਬਦਾਂ ਵਿਚ ਝਲਕ ਰਹੀ ਸੀ।

“ਕਰ ਫੇਰ ਪਾਰਟੀ ਤਿਆਰ, ਮੈਂ ਸਤਨਾਮ ਹੀ ਬੋਲ ਰਹੀ ਹਾਂ!” ਮੇਰੇ ਕੋਲੋਂ ਉਸ ਦੀ ਬੇਚੈਨੀ ਜਰੀ ਨਹੀਂ ਸੀ ਜਾ ਰਹੀ। ਬਹੁਤ ਸਾਰੇ ਸਵਾਲਾਂ ਜਵਾਬਾਂ ਬਾਅਦ ਉਸ ਨੂੰ ਯਕੀਨ ਦਿਵਾਇਆ ਕਿ ਤੇਰੀ ਮੁਰਾਦ ਪੂਰੀ ਹੋ ਗਈ ਹੈ। ਸੁਣਦਿਆਂ ਹੀ ਵਿਨੀਤਾ ਮਿਲਣ ਲਈ ਉਤਸ਼ਾਹਤ ਹੋ ਗਈ ਤੇ ਬੋਲੀ, “ਰਬ ਕਿਤੇ ਤੇ ਜ਼ਰੂਰ ਹੈ, ਮੈਂ ਤੇ ਸੋਚਿਆ ਸੀ ਕਿ ਤੇਰੇ ਵਿਦੇਸ਼ ਜਾਣ ਨਾਲ ਹੀ ਦੋਸਤੀ ਦਾ ਅੰਤ ਹੋ ਗਿਆ ਹੈ…!” ਵਿਨੀਤਾ ਬਹੁਤ ਭਾਵੁਕ ਹੋ ਗਈ ਤੇ ਮੈਂ ਵੀ। ਵਿਨੀਤਾ ਆਗਰੇ ਹੀ ਵਿਆਹੀ ਹੈ ਅਤੇ ਇੱਕ ਬੇਟੀ ਦੀ ਮਾਂ ਅਤੇ ਬਹੁਤ ਹੀ ਸਹਿਯੋਗੀ ਪਤੀ ਦੀ ਸੰਗਨੀ ਹੈ।

ਦੋ ਦਿਨਾਂ ਦੀ ਮੁਸ਼ੱਕਤ ਤੋਂ ਬਾਅਦ ਸਾਰੀਆਂ ਸਹੇਲੀਆਂ ਜ਼ਿੰਦਗੀ ਵਿੱਚ ਮੁੜ ਮਿਲੀਆਂ ਸਾਂ। ਸਭ ਨੂੰ ਫ਼ੋਨ ਮਿਲਾ ਕੇ ਇੱਕ ਅਪ੍ਰੈਲ ਦੀ ਤਰੀਕ ਪੱਕੀ ਕੀਤੀ ਗਈ, ਇੱਕ ਜਗਾਹ ‘ਤੇ ਮਿਲਣ ਲਈ। ਆਹ ਇੰਤਜਾਰ ਦੇ ਕੁਝ ਦਿਨ ਜਿਵੇਂ ਸਾਲਾਂ ਦਾ ਪੈਂਡਾ ਲੱਗ ਰਹੇ ਸੀ। ਮੈਂ ਆਪਣੇ ਪੇਕੇ ਘਰ ਸਭ ਨੂੰ ਬੁਲਾਇਆ ਅਤੇ ਮੇਰੇ ਪਰਿਵਾਰ ਨੇ ਵੀ ਪੂਰਾ ਉਤਸ਼ਾਹ ਦਿਖਾਇਆ। ਸ਼ੱਮੋਂ ਬਾਬੀ ਅਤੇ ਕਮਲ ਨੇ ਕਈ ਤਰ੍ਹਾਂ ਦੇ ਖਾਣੇਂ ਬਣਾਏ। ਮਾਂ ਨੇ “ਵੈੱਲਕਮ ਕੇਕ” ਮੰਗਵਾਇਆ। ਸੌਣ ਬੈਠਣ ਦਾ ਪੂਰਾ ਪ੍ਰਬੰਧ ਕੀਤਾ ਗਿਆ। ਤੇ ਹੁਣ ਸਮਾਂ ਸੀ ਮੁੜ ਪੁਰਾਣੀਆਂ ਸਹੇਲੀਆਂ ਨੂੰ ਗਲ਼ਵਕੜੀ ਵਿੱਚ ਲੈਣ ਦਾ। ਇਸ ਮਿਲਣੀ ਦਾ ਬ੍ਰਿਤਾਂਤ ਗੂੰਗੇ ਦੇ ਗੁੜ ਖਾਣ ਵਾਂਗ ਬਿਆਨ ਤੋਂ ਪਰ੍ਹੇ ਹੈ! ਦੱਸ ਪਾਉਣਾ ਕਿ ਤੀਹ ਸਾਲ ਬਾਅਦ ਕਿਸੇ ਹੋਰ ਸ਼ਕਲ ਵਿੱਚ ਆਪਣਾ ਬਚਪਨ ਸਾਹਮਣੇ ਦੇਖ ਕੇ ਸਾਰੀਆਂ ਦੀ ਅੱਖਾਂ ਵਿੱਚ ਕਿਹੜੀ “ਸੁਨਾਮੀ” ਆਈ ਸੀ? ਮੇਰੀ ਮਾਂ ਨੇ ਵੀ ਆਪਣੀਆਂ ਬਿਰਧ ਹੋਈਆਂ ਅੱਖਾਂ ਨਾਲ ਪੂਰੀ ਕੋਸ਼ਿਸ਼ ਕੀਤੀ ਮੇਰੀਆਂ ਸਹੇਲੀਆਂ ਨੂੰ ਪਛਾਨਣ ਦੀ, ਅਤੇ ਫੇਰ ਪਿਆਰ ਅਤੇ ਸ਼ਗਨ ਦਿੱਤਾ। ਇੱਕ ਐਸਾ ਸਮਾਂ ਬੰਨ੍ਹਿਆ ਕਿ ਸਭ ਦੀਆਂ ਅੱਖਾਂ ਵਿੱਚੋਂ ਗੰਗਾ-ਜਮਨਾਂ ਦਾ ਭਾਵਨਾਤਮਿਕ ਵਹਿਣ ਚੱਲ ਰਿਹਾ ਸੀ।  ਸਭ ਦੀ ਇੱਕ ਗੱਲ ਤਾਂ ਸਾਂਝੀ ਸੀ ਕਿ ਸਾਰੇ ਇੱਕ-ਦੂਜੇ ਨੂੰ ਯਾਦ ਕਰਦੇ ਹੋਏ ਜ਼ਿੰਦਗੀ ਵਿੱਚ ਕਦੇ ਫੇਰ ਮਿਲਣ ਦੀ ਆਸ ਰੱਖਦੇ ਹੋਏ ਅਰਦਾਸ ਕਰਦੇ ਸੀ। ਅਸੀ ਸਾਰੀ ਰਾਤ ਜਾਗੇ ਅਤੇ ਆਪਣੀ-ਆਪਣੀ ਜ਼ਿੰਦਗੀ ਦੇ ਬੀਤੇ ਇਹਨਾਂ ਵਰ੍ਹਿਆਂ ਨੂੰ ਮੁੜ ਪੁਰਾਣੀ ਕਿਤਾਬ ਵਾਂਗ ਫ਼ਰੋਲ਼ਿਆ। ਬਚਪਨ ਦੀ ਯਾਦਾਂ ਨੂੰ ਤਾਜ਼ਾ ਕੀਤਾ ਅਤੇ ਅੱਜ ਦੀ ਹਰ ਯਾਦ ਦੀ ਵੀਡੀਓ ਬਣਾਈ। ਇੱਕ ਸੁਰ ਹੋ ਕੇ ਗਾਣਾ ਗਾਇਆ …।”ਯਾਰੋ, ਯਹੀ ਤੋ ਦੋਸਤੀ ਹੈ, ਯੇ ਨਾ ਹੋ ਤੋ ਬੋਲੋ, ਫ਼ਿਰ ਕਿਯਾ ਯੇ ਜ਼ਿੰਦਗੀ ਹੈ…।।” ਆਪਣੀ ਇਸ ਕੋਸ਼ਿਸ਼ ‘ਤੇ ਮੈਨੂੰ ਸ਼ਾਹਰੁਖ ਖਾਨ ਦਾ ਇੱਕ ਬਹੁਤ ਮਸ਼ਹੂਰ ਸੰਵਾਦ ਯਾਦ ਆ ਰਿਹਾ…।

“ਅਗਰ ਕਿਸੀ ਕੋ ਸ਼ਿੱਦਤ ਸੇ ਚਾਹੋ, ਤੋ ਕਾਇਨਾਤ ਭੀ ਉਸੇ ਮਿਲਾਨੇ ਮੈਂ ਜੁਟ ਜਾਤੀ ਹੈ…!”

ਬਚਪਨ ਦੀਆਂ ਸਹੇਲੀਆਂ ਨੂੰ ਮਿਲਣ ਦੀ ਖ਼ਾਹਿਸ਼ ਨੂੰ ਹਕੀਕਤ ਵਿੱਚ ਬਦਲਿਆ ਦੇਖ ਮੈਂ ਸੋਚ ਰਹੀ ਸੀ ਕਿ ਅਸੀਂ ਜਦ ਜ਼ਿੰਦਗੀ ਦਾ ਅਗਲਾ ਸਫ਼ਰ ਤੈਅ ਕਰ ਰਹੇ ਹੁੰਦੇ ਹਾਂ, ਤਾਂ ਪੁਰਾਣੇ ਰਿਸ਼ਤਿਆਂ ਨੂੰ ਕਿਤੇ ਭੁੱਲ ਹੀ ਜਾਂਦੇ ਹਾਂ, ਪਰ ਜ਼ਿੰਦਗੀ ਦੇ ਚੱਲਦੇ ਸਫ਼ਰ ਵਿੱਚ ਕਿਤੇ ਕੁਝ ਗੁੰਮ ਹੋ ਜਾਣ ਦਾ ਮਲਾਲ ਜ਼ਰੂਰ ਹੁੱਝਾਂ ਮਾਰਦਾ ਰਹਿੰਦਾ ਹੈ। ਮੈਨੂੰ ਲੱਗਿਆ ਕਿ ਅਗਰ ਕਿਸੇ ਤੋਂ ਦੂਰ ਹੋਵੋਂ, ਤਾਂ ਇੱਕ ਵਾਰ ਮਿਲਣ ਦੀ ਕੋਸ਼ਿਸ਼ ਜਰੂਰ ਕਰਨੀ ਚਾਹੀਦੀ ਹੈ। ਕੀ ਪਤਾ ਜਿਉਂਦੇ ਜੀਅ ਅਗਲਾ ਮਿਲਣ ਦੀ ਆਸ ਨਾਲ ਸਾਡਾ ਰਾਹ ਤੱਕਦਾ ਹੋਵੇ਼? ਅਸੀਂ ਸਭ ਸਹੇਲੀਆਂ ਹੁਣ ਮਾਂਵਾਂ ਵੀ ਹਾਂ, ਇਸ ਲਈ ਆਪਣੇ-ਆਪਣੇ ਆਲ੍ਹਣੇ ‘ਚ ਮੁੜਨ ਦਾ ਸਮਾਂ ਆ ਗਿਆ ਸੀ। ਅਸੀਂ ਵਾਰੀ-ਵਾਰੀ ਇੱਕ-ਦੂਜੀ ਨੂੰ ਨਿੱਘੀ ਗਲਵਕੜੀ ਵਿੱਚ ਲਿਆ, ਮੁੜ ਜਿਉਂਦੇ ਜੀਅ ਫ਼ੇਰ ਕਦੇ ਨਾ ਵਿਛੜਨ ਲਈ! ਮੁੜ ਮਿਲਣ ਦੇ ਵਾਅਦੇ ਨਾਲ਼ ਸਭ ਦੀਆਂ ਪਲਕਾਂ ਉਪਰ ਹੰਝੂ ਅਟਕੇ ਹੋਏ ਸਨ…।।! “ਅਲਵਿਦਾ” ਵਿੱਚ ਮੁੜ ਮਿਲਣ ਦੀ ਆਸ ਜਗਮਗਾ ਰਹੀ ਸੀ ਅਤੇ ਜ਼ਿੰਦਗੀ ਆਪਣੀ ਤੋਰ ਖ਼ੁਦ ਤੁਰੀ ਜਾ ਰਹੀ ਸੀ…!

ਖਾਮੋਸ਼ ਮੁਹੱਬਤ ਦੀ ਇਬਾਦਤ (ਹੱਡਬੀਤੀ)
ਮੁਹੱਬਤ ਦਾ ਕੋਈ ਧਰਮ ਨਹੀਂ ਹੁੰਦਾ ਅਤੇ ਨਾ ਹੀ ਜੀਵ-ਜੰਤੂਆਂ ਦਾ ਹੀ ਕੋਈ ਮਜ੍ਹਬ ਹੁੰਦਾ ਹੈ। ਜੇ ਮਾਨੁੱਖ ਵੰਡੀਆਂ ਪਾਉਣ ਦੀ ਬਿਰਤੀ ਦਾ ਨਾ ਹੁੰਦਾ, ਤਾਂ ਅੱਜ ਸਾਰੀ ਸਰਿਸ਼ਟੀ ਸ਼ਾਂਤ ਵਸਦੀ ਹੁੰਦੀ। ਜਿੱਤ ਹਾਰ ਦੇ ਚੱਕਰ ਵਿੱਚ ਬੰਦਾ ਅਜਿਹਾ ਉਲਝਿਆ, ਕਿ ਨਾ ਤਾਂ ਇਹ ਆਪ ਸ਼ਾਂਤੀ ਨਾਲ ਜੀਅ ਸਕਿਆ ਅਤੇ ਨਾ ਇਸ ਨੇ ਕਿਸੇ ਨੂੰ ਸ਼ਾਂਤ ਰਹਿਣ ਹੀ ਦਿੱਤਾ। ਮੇਰੀ ਨਜ਼ਰ ਵਿੱਚ ਚੁਰਾਸੀ ਲੱਖ ਜੂਨਾਂ ਦੇ “ਸਰਦਾਰ” ਬੰਦੇ ਨਾਲੋਂ ਹਰ ਜੀਵ ਜੰਤੂ ਸੁਖਾਲਾ ਹੈ। ਕੋਈ ਦੱਸਣ ਦੀ ਕਿਰਪਾਲਤਾ ਕਰੇਗਾ ਕਿ ਚੰਦਰਮਾਂ ਕਿਸ ਧਰਮ ਨਾਲ ਸਬੰਧਿਤ ਹੈ? ਉਸ ਨੂੰ ਕੁਝ ਲੋਕ “ਈਦ ਦਾ ਚੰਦ” ਅਤੇ ਕਈ “ਪੁੰਨਿਆਂ ਦਾ ਚੰਦ” ਆਖ ਪੁਕਾਰਦੇ, ਸਤਿਕਾਰ ਦਿੰਦੇ ਹਨ। ਪਰ ਚੰਦਰਮਾਂ ਨੂੰ ਕੋਈ ਫ਼ਰਕ ਨਹੀਂ, ਕਿਉਂ….?? ਕਿਉਂਕਿ ਉਸ ਵਿੱਚ “ਤੇਰ-ਮੇਰ” ਨਹੀਂ ਅਤੇ ਨਾ ਹੀ ਉਹ ਕਿਸੇ “ਵੰਡ” ਦਾ ਪ੍ਰਤੀਕ ਹੈ। ਜਾਨਵਰ ਚਾਹੇ ਕਿਸੇ ਧਰਮ ਦੇ ਠੇਕੇਦਾਰ ਦੇ ਘਰ ਚਲਿਆ ਜਾਵੇ, ਉਹ ਨਿਰਲੇਪ ਅਤੇ ਨਿਰਮਲ ਹੀ ਰਹਿੰਦਾ ਹੈ। ਸਾਡੇ ਗੁਰੁ ਸਾਹਿਬ ਜੀ ਨੇ “ਸਾਚ ਕਹੂੰ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ।।” ਸ਼ਬਦ ਦਾ ਫ਼ੁਰਮਾਨ ਕਰ ਕੇ ਕਿਸੇ ਵਿਅਕਤੀ ਵਿਸ਼ੇਸ਼ ਦਾ ਜ਼ਿਕਰ ਨਹੀਂ ਕੀਤਾ, ਉਹਨਾਂ ਨੇ ਸਿਰਫ਼ “ਜਿਨ ਪ੍ਰੇਮ ਕੀਓ” ਬਚਨ ਦਾ ਫ਼ੁਰਮਾਨ ਕੀਤਾ। ਅੱਜ ਮੈਂ ਇੱਕ ਜਾਨਵਰ ਦੀ ਓਸ ਪਾਕ-ਪਵਿੱਤਰ ਅਤੇ ਨਿਰ-ਸੁਆਰਥ ਮੁਹੱਬਤ ਦੀ ਗੱਲ ਕਰਨ ਜਾ ਰਹੀ ਹਾਂ, ਜਿਸ ਨੂੰ ਮੈਂ ਖ਼ੁਦ ਜੀਵਿਆ। ਪੌਣੇ ਦੋ ਸਾਲਾਂ ਵਿੱਚ ਉਸ ਨੇ ਨਾ ਕਦੇ ਕੋਈ ਸ਼ਿਕਵਾ ਕੀਤਾ ਅਤੇ ਨਾ ਤਾਹਨਾਂ ਦਿੱਤਾ। ਜਿੰਨੀ ਦੇਰ ਸਾਡੇ ਘਰ ਰਿਹਾ, ਮੁਹੱਬਤਾਂ ਦੇ ਪੁਸ਼ਪ ਹੀ ਬਿਖ਼ੇਰਦਾ ਰਿਹਾ। ਬੰਦੇ ਨੂੰ ਜੇ ਕੁਝ ਹੋਰ ਨਾ ਸੁੱਝੇ, ਤਾਂ ਦਾਲ-ਸਬਜ਼ੀ ਵਿੱਚ ਲੂਣ ਘੱਟ ਜਾਂ ਵੱਧ ਹੋਣ ਦੇ ਸ਼ਿਕਵੇ ਹੀ ਦਿਖਾਈ ਜਾਂਦਾ ਰਹਿੰਦਾ ਹੈ।

“ਰਾਓ” ਸਾਡੇ ਕੁੱਤੇ ਦਾ ਨਾਮ ਹੈ । ਜਿਸ ਦੀ ਉਮਰ ਤਕਰੀਬਨ ਪੌਣੇ ਕੁ ਦੋ ਸਾਲ ਦੀ ਹੈ । ਨਸਲ ਵੱਲੋਂ ਸਾਇਬੇਰੀਅਨ ਹੱਸਕੀ, ਨੀਲੀਆਂ ਬਲਾਉਰੀ ਅੱਖਾਂ, ਚਿੱਟੇ ਰੰਗ ਦੇ ਫ਼ਰ ਵਿੱਚ ਕਿਤੇ-ਕਿਤੇ ਹਲਕਾ ਭੂਰੇ ਅਤੇ ਖਾਕੀ ਰੰਗ ਦਾ ਚਟਾਕ ਬਹੁਤ ਹੀ ਮਨ-ਲੁਭਾਊ ਲੱਗਦਾ ਹੈ। ਮੱਥੇ ‘ਤੇ ਤ੍ਰਿਸੂਲ-ਨੁਮਾਂ ਕੱਟ ਬਣਿਆ ਹੋਇਆ ਹੈ। ਉਚੇ ਕੱਦ ਦਾ ਮਾਲਕ, ਖੜ੍ਹੇ ਕੰਨ, ਲੰਬੀ ਪੂਛ ਵਾਲਾ ਬੇਹੱਦ ਖੂਬਸੁਰਤ ਕੁੱਤਾ। ਇਸ ਦਾ ਆਕਰਸ਼ਣ ਕਿਸੇ ਨੂੰ ਵੀ ਮੋਹਿਤ ਕਰ ਸਕਦਾ ਹੈ। ਰਾਓ ਨੂੰ ਅਸੀਂ ਕਿਸੇ ਬੱਚੇ ਵਾਂਗ ਪਾਲ਼ਿਆ। ਕਰੀਬ ਦੋ ਸਾਲ ਸਾਡੇ ਘਰ ਵਫ਼ਾਦਾਰ ਬੱਚਾ ਬਣ ਕੇ ਸਾਡੇ ਘਰ ਰਿਹਾ, ਅਖੀਰ ਜਦ ਰਾਓ ਦੇ ਜਾਣ ਦਾ ਵੇਲਾ ਆਇਆ ਤਾਂ ਸਾਰੇ ਟੱਬਰ ਦਾ ਕੀ ਹਾਲ ਹੋਇਆ, ਬਿਆਨ ਕਰਨ ਤੋਂ ਕਿਤੇ ਬਾਹਰ ਹੈ! ਨਹੁੰਆਂ ਨਾਲੋਂ ਮਾਸ ਟੁੱਟਣ ਦਾ ਮੁਹਾਵਰਾ ਸੁਣਿਆਂ ਹੋਇਆ ਸੀ, ਪਰ ਜਦ ਰਾਓ ਨੇ ਸਾਡਾ ਘਰ ਛੱਡਿਆ ਤਾਂ ਮਹਿਸੂਸ ਕੀਤਾ ਕਿ ਨਹੁੰਆਂ ਨਾਲੋਂ ਮਾਸ ਵੱਖ ਹੋਣਾ ਸ਼ਾਇਦ ਇਸੇ ਨੂੰ ਹੀ ਆਖਦੇ ਹੋਣਗੇ? ਨਹੁੰਆਂ ਨਾਲੋਂ ਮਾਸ ਵੱਖ ਹੋਣ ‘ਤੇ ਸ਼ਾਇਦ ਬਹੁਤ ਜਿਸਮਾਨੀ ਪੀੜ ਹੁੰਦੀ ਹੋਵੇ, ਪਰ ਰਾਓ ਦੇ ਵਿਛੋੜੇ ਨੇ ਸਾਨੂੰ ਸਭ ਨੂੰ ਧੁਰ ਤੱਕ ਝੰਜੋੜ ਛੱਡਿਆ ਹੈ। ਸੰਯੋਗ ਅਤੇ ਵਿਯੋਗ ਦੇ ਕਿੱਸੇ ਅਸੀਂ ਸੁਣਦੇ ਪੜ੍ਹਦੇ ਆਏ ਹਾਂ, ਪਰ ਪਤਾ ਓਦੋਂ ਲੱਗਦਾ ਹੈ, ਜਦ ਕਿਸੇ ਦਾ ਵਿਛੋੜਾ ਖ਼ੁਦ ਸਰੀਰ ਉਪਰ ਹੰਢਾਉਣਾ ਪੈਂਦਾ ਹੈ। ਉਹ ਵੀ ਉਸ ਵਫ਼ਾਦਾਰ ਜਾਨਵਰ ਦਾ ਵਿਛੋੜਾ, ਜਿਸ ਉਪਰ ਇੱਕ ਰਤੀ ਮਾਤਰ ਵੀ ਸ਼ਿਕਾਇਤ ਨਾ ਹੋਵੇ!

ਮੇਰਾ ਛੋਟਾ ਬੇਟਾ ਜਸ਼ਨ ਰਾਓ ਨੂੰ “ਰੀਹੋਮ” (ਕੁੱਤੇ ਵਾਸਤੇ ਨਵਾਂ ਘਰ ਲੱਭਣਾ) ਕਰਨ ਵਾਸਤੇ “ਡੌਗ ਟਰੱਸਟ” ਵਾਲਿਆਂ ਨਾਲ ਸਮਾਂ ਬਣਾ ਰਿਹਾ ਸੀ। ਉਸ ਦੀ ਅਵਾਜ਼ ਜਿਵੇਂ ਮੇਰੇ ਕੰਨਾਂ ਨੂੰ ਬਰਦਾਸ਼ਤ ਨਹੀਂ ਹੋ ਰਹੀ ਸੀ। ਰਾਓ ਦੇ ਵਿਛੋੜੇ ਦਾ ਅਹਿਸਾਸ ਕਰ ਕੇ ਮੇਰੇ ਦਿਲ ਵਿੱਚ ਹੌਲ ਪਈ ਜਾ ਰਹੇ ਸਨ। ਮੈਂ ਛੇਤੀ ਨਾਲ ਰਾਓ ਨੂੰ ਜੱਫ਼ੀ ਪਾ ਲਈ ਅਤੇ ਪਲੋਸਣ ਲੱਗ ਪਈ। ਮੇਰੀਆਂ ਅੱਖਾਂ ‘ਚੋਂ ਹੰਝੂ “ਤਰਿੱਪ-ਤਰਿੱਪ” ਡਿੱਗ ਰਹੇ ਸਨ। ਰਾਓ ਆਪਣੀ ਜੀਭ ਮੇਰੇ ਹੱਥ ‘ਤੇ ਮਾਰ ਕੇ ਜਿਵੇਂ ਮੇਰੇ ਰੋਣ ਦਾ ਕਾਰਨ ਪੁੱਛ ਰਿਹਾ ਸੀ ਅਤੇ ਮੈਂ ਮੂੰਹੋਂ ਕੁਝ ਨਾ ਬੋਲ ਕੇ ਉਸ ਦੀਆਂ ਨੀਲੀਆਂ ਅੱਖਾਂ ਵਿੱਚ ਝਾਤੀ ਮਾਰਦੇ ਹੋਏ ਅਤੀਤ ਵਿੱਚ ਚਲੀ ਗਈ।  …..ਮੇਰੀਆਂ ਅੱਖਾਂ ਵਿੱਚ ਹੰਝੂ ….. ਅਤੇ ਕੰਨਾਂ ਵਿੱਚ ਫ਼ੋਨ ਦੀ ਉਹ “ਟਰਨ-ਟਰਨ” ਘੰਟੀ ਵੱਜਣ ਲੱਗ ਪਈ, ਜਦ ਮੇਰੇ ਬੇਟੇ ਜਸ਼ਨ ਨੇ ਰਾਓ ਨੂੰ “ਅਡੌਪਟ” ਕਰਨ ਲਈ ਮੈਨੂੰ ਫੋਨ ਕੀਤਾ ਸੀ।…..

ਫ਼ੋਨ ਦੀ ਘੰਟੀ ਵੱਜੀ, ਮੈਂ ਡਿਊਟੀ ‘ਤੇ ਸੀ।

ਬੇਟੇ ਦਾ ਨੰਬਰ ਦੇਖ ਕੇ ਮੈਂ ਫ਼ੋਨ ਚੁੱਕ ਲਿਆ ਅਤੇ “ਹੈਲੋ” ਆਖੀ।

“ਮੰਮ, ਅਸੀ ਇੱਕ ਕੁੱਤਾ ਪਸੰਦ ਕੀਤਾ ਹੈ, ਪਲੀਜ਼ ਤੁਸੀ ਕੁੱਤਾ ਘਰ ਲਿਆਉਣ ਵਾਸਤੇ ਹਾਂ ਕਹਿ ਦੇਵੋ, ਸਾਨੂੰ ਤੁਹਾਡੀ ਇਜਾਜ਼ਤ ਚਾਹੀਦੀ ਹੈ।” ਜਸ਼ਨ ਨੇ ਜਿਵੇਂ ਤਰਲਾ ਪਾ ਰਿਹਾ ਸੀ।

“……………….।” ਮੈਂ ਨਿਰੁੱਤਰ ਸੀ। ਪਰ ਮੈਨੂੰ ਪਤਾ ਸੀ ਕਿ ਫ਼ਲੈਟਨੁਮਾਂ ਛੋਟੇ ਘਰ ਵਿਚ ਕੁੱਤਾ ਰੱਖਣਾ ਬਹੁਤ ਔਖਾ ਹੈ। ਜਸ਼ਨ ਦੇ ਨਾਲ ਬੈਠੇ ਵੱਡੇ ਬੇਟੇ ਅਮਨ ਨੇ ਵੀ ਕੁੱਤਾ ਲੈਣ ਵਾਸਤੇ ਜ਼ੋਰ ਪਾਉਣਾ ਸ਼ੁਰੂ ਕਰ ਦਿੱਤਾ।

“ਤੁਸੀ ਸਮਝਣ ਦੀ ਕੋਸ਼ਿਸ਼ ਕਰੋ ਬੇਟੇ, ਕੁੱਤਾ ਪਾਲਣਾ ਬਹੁਤ ਹੀ ਜਿੰਮੇਵਾਰੀ ਦਾ ਕੰਮ ਹੈ, ਇੱਥੇ ਇੰਡੀਆ ਵਾਲਾ ਕੰਮ ਤਾਂ ਹੈਨ੍ਹੀ, ਆਪਾਂ ਸਾਰੇ ਹੀ ਜੌਬ ਕਰਦੇ ਹਾਂ, ਜਾਨਵਰ ਦੀ ਸਾਂਭ ਸੰਭਾਲ ਵਾਸਤੇ ਟਾਇਮ ਕੱਢਣਾ ਮੁਸ਼ਕਿਲ ਹੈ, ਦੂਜਾ ਆਪਣੇ ਘਰ ਥਾਂ ਬਹੁਤ ਥੋੜ੍ਹੀ ਹੈ। ਮੇਰੇ ਵੱਲੋਂ ਕੋਰੀ ਨਾਂਹ ਹੈ!” ਕਹਿ ਕੇ ਮੈਂ ਥੋੜੀ ਪ੍ਰੇਸ਼ਾਨ ਹੋ ਗਈ। ਪਰੰਤੁ ਬਹੁਤ ਸਾਰੇ ਵਾਇਦੇ, ਇੱਕਰਾਰ ਅਤੇ ਜ਼ਿਦ ਕਰਕੇ ਬੇਟੇ ਕੁੱਤਾ ਲਿਆਉਣ ਵਿੱਚ ਕਾਮਯਾਬ ਹੋ ਗਏ। ਇੰਟਰਨੈੱਟ ਤੋਂ ਪਸੰਦ, ਉਹ ਪਹਿਲਾਂ ਹੀ ਕਰ ਚੁੱਕੇ ਸੀ।

ਸ਼ਨੀਵਾਰ ਦਾ ਦਿਨ ਪੱਕਾ ਕਰਕੇ ਦੋਵੇਂ ਬੇਟੇ ਨਾਲ ਅਮਨ ਦੀ ਦੋਸਤ ਕੁੜੀ ਆਂਦਰਿਆ ਨੂੰ ਨਾਲ ਲੈ ਕੇ ਚਲੇ ਗਏ। ਇੱਕ ਹੋਰ ਜੀਅ ਘਰ ਵਿਚ ਜੋੜਨ ਲਈ। ਸ਼ਾਮ ਨੂੰ ਆਂਦਰਿਆ ਦੀ ਗੋਦ ਵਿੱਚ, ਤੌਲੀਏ ਵਿੱਚ ਲਿਪਟਿਆ ਇੱਕ ਨਿੱਕਾ ਜਿਹਾ ਜੀਅ ਆਪਣੀ ਮਾਂ ਦੇ ਘਰ ਤੋਂ ਮੇਰੇ ਘਰ ਦਾ ਸਫ਼ਰ ਸ਼ੁਰੂ ਕਰ ਚੁੱਕਾ ਸੀ। ਕਰੀਬ ਅੱਠ ਘੰਟੇ ਦਾ ਸ਼ਫਰ ਤਹਿ ਕਰ ਕੇ, ਲਗਾਤਾਰ ਸਫ਼ਰ ਕਰਨ ਤੋਂ ਬਾਅਦ, ਰਾਤ ਦੇ ਢਾਈ ਵਜੇ ਵਾਪਿਸ ਆ ਚੁੱਪ-ਚਾਪ ਮੇਰੇ ਬੈੱਡ ਤੇ ਨਿੱਕੇ ਜਿਹੇ ਕਤੂਰੇ ਨੂੰ ਰੱਖ ਦਿੱਤਾ। ਉਹ “ਚੂੰ-ਚੂੰ” ਕਰਦਾ ਮੇਰੇ ਵਿੱਚ ਆਸਰਾ ਜਿਹਾ ਲੱਭਣ ਲੱਗ ਪਿਆ।

“ਵੇ ਆਹ ਤਾਂ ਬਹੁਤਾ ਈ ਨਿੱਕਾ ਜਿਆ ਹੈ।” ਮੈਨੂੰ ਦੇਖ ਕੇ ਤਰਸ ਜਿਹਾ ਆਇਆ।

“ਸਿਰਫ਼ ਸੱਤ ਹਫ਼ਤਿਆਂ ਦਾ ਹੈ, ਮਾਂ।” ਬੇਟੇ ਨੇ ਉੱਤਰ ਦਿੱਤਾ । ਮੇਰੇ ਹਿਰਦੇ ਵਿੱਚ ਦੀ ਮਾਂ ਵਾਲੀ ਮਮਤਾ ਜਾਗ ਉਠੀ ਅਤੇ ਮੈਂ ਉਸ ਨੂੰ ਚੁੱਕ ਕੇ ਕਲੇਜੇ ਨਾਲ ਲਾ ਲਿਆ। ਜਦ ਕਤੂਰੇ ਨੇ ਵੀ ਮੇਰੀ ਮਮਤਾ ਸਮਝਦਿਆਂ “ਚੂੰ-ਚੂੰ” ਜਿਹੀ ਕੀਤੀ ਤਾਂ ਮੇਰੇ ਅੰਦਰ ਵੀ ਕੋਈ ਨਿੱਘ ਜਿਹਾ ਫ਼ੈਲ ਗਿਆ ਅਤੇ ਮੈਂ ਉਸ ਨੂੰ ਘੁੱਟ ਕੇ ਬੈਠ ਗਈ।

“ਇਹ ਛੇ ਭੈਣਾਂ ਭਰਾਂਵਾਂ ਵਿੱਚੋਂ ਇੱਕ ਭਰਾ ਸੀ।” ਬੇਟੇ ਨੇ ਦੱਸਿਆ।

“ਤਾਂ ਹੀ ਮੋਹ ਕਰਦਾ ਹੈ!”

ਰਾਓ ਦੀਆਂ ਅੱਖਾਂ ਆਪਣੇ ਆਰ-ਪਰਿਵਾਰ ਨੂੰ ਲੱਭ ਰਹੀਆਂ ਸਨ। ਬੈੱਡ ‘ਤੇ ਗੇੜੀ ਜਿਹੀ ਦੇ ਕੇ ਉਹ ਘੜੀ ਮੁੜੀ ਮੇਰੀ ਗੋਦ ਵਿੱਚ ਆ ਜਾਂਦਾ। ਸ਼ਾਇਦ ਆਪਣਾ ਪਰਿਵਾਰ ਨਾ ਦਿਸਦਾ ਕਰ ਕੇ ਉਸ ਨੂੰ ਕੁਝ ਬੈਚੇਨੀ ਹੋ ਰਹੀ ਸੀ? ਪਰ ਬੇਟੇ ਨੇ ਉਸ ਦੀ “ਅਸਲ” ਬੇਚੈਨੀ ਨੂੰ ਭਾਂਪ ਲਿਆ ਅਤੇ ਇੱਕ “ਪੂ-ਪੈਡ” (ਕੁੱਤੀਆਂ ਦੀ ਟੌਇਲਟ ਦੀ ਟਰੇਨਿੰਗ ਦਾ ਪੈਡ) ਖੋਲ੍ਹ ਕੇ ਬੈਡ ‘ਤੇ ਹੀ ਰੱਖ ਦਿੱਤਾ। ਕਤੂਰੇ ਨੇ ਪੈਡ ‘ਤੇ ਜਾ ਕੇ ਪਿਸ਼ਾਬ ਕਰ ਦਿੱਤਾ । ਮੇਰੀ ਹੈਰਾਨੀ ਦੀ ਕੋਈ ਸੀਮਾਂ ਨਹੀਂ ਸੀ , ਸਿਰਫ਼ ਪੌਣੇ ਦੋ ਮਹੀਨੇ ਦੇ ਬੱਚੇ ਨੂੰ ਆਪਣੀ ਕਿਰਿਆ ਸੋਧਣ ਦੀ ਜਾਂਚ ਵੀ ਹੈ?? ਮੈਨੂੰ ਜਿਵੇਂ ਯਕੀਨ ਨਹੀਂ ਸੀ ਹੋ ਰਿਹਾ । ਆਪਣੇ ਮਨ ਦੀ ਸ਼ੰਕਾ ਨੂੰ ਦੂਰ ਕਰਨ ਲਈ ਮੈਂ “ਪੂ-ਪੈਡ” ਚੁੱਕ ਦਿੱਤਾ। ਕੁਝ ਦੇਰ ਬਾਅਦ ਕਤੂਰੇ ਨੇ ਫੇਰ ਕੁਝ ਕਰਨਾ ਚਾਹਿਆ, ਪਰ ਉਸ ਦਾ ÷ਪੈਡ÷ ਓਥੇ ਨਹੀਂ ਸੀ, ਪਰ ਉਹ “ਚੂੰ-ਚੂੰ” ਕਰਦਾ ਸੁੰਘ-ਸੁੰਘ ਕੇ ਲੱਭਣ ਲੱਗ ਪਿਆ । ਮੈਂ “ਪੈਡ” ਦੀ ਜਗਾਹ ਬਦਲ ਦਿੱਤੀ ਸੀ, ਪਰ ਉਸ ਨੇ ਲੱਭ ਕੇ ਉਸ ਉਪਰ ਜਾ ਕੇ ਟੁਆਇਲਟ ਕਰ ਦਿੱਤੀ। ਖ਼ੈਰ, ਇੱਕ ਗੱਲੋਂ ਮੈਂ ਬੇਫ਼ਿਕਰ ਹੋ ਗਈ ਕਿ ਘੱਟੋ-ਘੱਟ ਘਰ ਵਿੱਚ ਗੰਦ ਨਹੀਂ ਪਾਵੇਗਾ।

ਉਹ ਲਗਾਤਾਰ “ਬਿਲਕ-ਬਿਲਕ” ਕੇ ਆਪਣੇ ਦੁੱਖ ਜਿਹੇ ਦੱਸ ਰਿਹਾ ਸੀ, ਪਰ ਸਾਨੂੰ ਸਮਝ ਨਹੀ ਸੀ ਆ ਰਿਹਾ। ਸ਼ਾਇਦ ਮਾਂ ਦੇ ਦੁੱਧ ਨੂੰ ਲੱਭ ਰਿਹਾ ਸੀ ਜਾਂ ਆਪਣੇ ਭੈਣ ਭਰਾਵਾਂ ਨੂੰ?

“ਸ਼ਾਇਦਥ ਇਸ ਨੂੰ ਭੁੱਖ ਲੱਗੀ ਹੋਣੀ ਹੈ।” ਬੇਟੇ ਨੇ ਅੰਦਾਜ਼ਾ ਲਾਇਆ ਅਤੇ ਨਾਲ਼ ਹੀ ਇੱਕ ਵੱਡੇ ਬੈਗ ਵਿੱਚੋਂ ਕਈ ਕੁਝ ਕੱਢ ਕੇ ਮੇਰੇ ਅੱਗੇ ਰੱਖ ਦਿੱਤਾ, “ਆਹ ਸਾਰਾ ਇਸ ਦਾ ਸਮਾਨ ਹੈ। ਇਸ ਦਾ ਬਿਸਤਰ, ਕੰਬਲ, ਪਾਣੀ ਦਾ ਬਾਊਲ, ਖਾਣੇ ਦਾ ਕਟੋਰਾ, ਛੋਟਾ ਤੌਲੀਆ, ਮੈਟ, ਪੂ-ਪੈਡਸ, ਖਾਣਾ, ਅਤੇ ਖਿਡੌਣੇ!” ਮੇਰੇ ਲਈ ਸਭ ਕੁਝ ਜਿਵੇਂ ਬਹੁਤ ਹੈਰਾਨ ਕਰ ਦੇਣ ਵਾਲਾ ਸੀ। ਇਸ ਦੇ ÷ਦਾਜ÷ ਨੇ ਬਦੋਬਦੀ ਮੈਨੂੰ ਮੇਰੇ ਪਹਿਲੇ ਕੁੱਤੇ ਲੱਕੀ ਦੀ ਯਾਦ ਕਰਵਾ ਦਿੱਤੀ।…….

……..ਮੈਨੂੰ ਚੰਗੀ ਤਰ੍ਹਾਂ ਯਾਦ ਹੈ ਆਪਣੇ ਪਹਿਲੇ ਕੁੱਤੇ ਬਾਰੇ, ਜੋ ਇੰਡੀਆ ਮੇਰੇ ਕੋਲ ਸੀ।  ਚਾਰ ਕੁ ਮਹੀਨੇ ਦਾ ਕਤੂਰਾ, ਮੇਰੇ ਬੇਟੇ ਅਮਨ ਨੂੰ ਜਨਮ ਦਿਨ ਦੇ ਤੋਹਫ਼ੇ ਵਿੱਚ ਮਿਲਿਆ ਸੀ । ਜਨਮ ਦਿਨ ਦਾ ਤੋਹਫ਼ਾ ਕਰਕੇ ਇਸ ਦਾ ਨਾਮ “ਲੱਕੀ” ਰੱਖਿਆ ਗਿਆ ।  ਚਮਕਦੇ ਚਿੱਟੇ ਰੰਗ ਦਾ ਸਮੌਇਡ ਡੌਗ।  ਲੱਕੀ ਬਹੁਤ ਹੀ ਖੂਬਸੂਰਤ ਸੀ ਕਿ ਹਰ ਕਿਸੇ ਦਾ ਦਿਲ ਉਸ ਨੂੰ ਚੁੱਕਣ ਨੂੰ ਕਰਦਾ। ਪੰਜਾਬ ਦਾ ਖੁੱਲ੍ਹਾ ਮਾਹੌਲ ਹੁੰਦਾ ਹੈ। ਦਰਵਾਜਾ ਖੁੱਲ੍ਹਾ ਰੱਖਣਾ, ਗਲੀ ਮੁਹੱਲੇ ਦਾ ਲੰਘਦਾ ਟੱਪਦਾ ਹਾਲ ਚਾਲ ਪੁੱਛਣ ਘਰ ਆ ਜਾਂਦਾ। ਲੱਕੀ ਆਪਣੇ ਸੁਹੱਪਣ ਕਰ ਕੇ ਹਰ ਕਿਸੇ ਨੂੰ ਮੋਹ ਲੈਂਦਾ ਅਤੇ ਬਹੁਤ ਜਲਦੀ ਘੁਲ-ਮਿਲ ਕੇ ਖੇਡਣ ਲੱਗ ਪੈਦਾ । ਇੱਕ ਪੁਰਾਣਾ ਜਿਹਾ ਕੌਲਾ ਲੱਭਿਆ ਅਤੇ ਉਸ ਵਿੱਚ ਉਸ ਨੂੰ ਦੁੱਧ ਪਾ ਦੇਣਾਂ। ਅਜੇ ਉਹ ਰੋਟੀ ਨਹੀਂ ਸੀ ਖਾਂਦਾ। ਸ਼ਾਇਦ ਮੈਨੂੰ ਕੁੱਤਾ ਪਾਲਣ ਦੀ ਅਕਲ ਘੱਟ ਸੀ, ਜਾਂ ਇੰਡੀਆ ਵਿਚ ਬੱਚੇ ਅਤੇ ਕੁੱਤੇ ਜ਼ਿਆਦਾਤਰ ਕੁੱਟ ਮਾਰ ਕੇ ਹੀ ਸਿਖਾਏ ਜਾਂਦੇ ਨੇ। ਲੱਕੀ ਖੁੱਲ੍ਹੇ ਵਿਹੜੇ ਵਿੱਚ ਦੌੜਦਾ, ਖੇਡਦਾ ਰਹਿੰਦਾ। ਕਮਰੇ, ਬੈਠਕ, ਵਿਹੜੇ ਅਤੇ ਬੂਟਿਆਂ ਵਾਲੀ ਕਿਆਰੀ ਵਿੱਚ, ਜਿੱਥੇ ਦਿੱਲ ਕਰਦਾ “ਪੂ” ਅਤੇ “ਪੀ” ਕਰ ਦਿੰਦਾ। ਮੈਨੂੰ ਨਿਰੰਤਰ ਅਜਿਹੀਆਂ ਹੀ ਆਵਾਜ਼ਾਂ ਆਉਂਦੀਆਂ ਰਹਿੰਦੀਆਂ, “ਆਈਂ ਜ਼ਰਾ, ਇੱਥੇ ਹੱਗ ਗਿਆ, ਸਾਫ਼ ਕਰੀਂ, ਜਾਂਈਂ ਔਥੇ ਗੰਦ ਪਾ ਗਿਆ…..!”

ਕੁਝ ਦਿਨਾਂ ਵਿੱਚ ਹੀ ਮੇਰਾ ਸ਼ੌਕ ਖ਼ਤਮ ਹੋ ਗਿਆ। ਸਾਫ਼ ਸੁਥਰੇ ਘਰ ਵਿੱਚ ਸਮਝ ਨਹੀ ਸੀ ਲੱਗਦੀ ਕਿ ਕਦੋਂ ਪੈਰ ਲਿੱਬੜ ਜਾਣਾਂ? ਬੇਟੇ ਦੇ ਕਰਕੇ ਲੱਕੀ ਰੱਖਣਾ ਵੀ ਜ਼ਰੂਰੀ ਸੀ । ਲਗਾਤਾਰ ਇੱਕ ਮਹੀਨਾਂ ਬਹੁਤ ਕੋਸ਼ਿਸ਼ ਕੀਤੀ, ਪਰ ਗੱਲ ਨਹੀ ਬਣੀ, ਲੱਕੀ ਨੂੰ ਅਕਲ ਨਾ ਆਈ। ਫੇਰ ਯਾਦ ਆਇਆ ਮੇਰੇ ਭਰਾ ਨੂੰ ਹਿੰਦੀ ਪੜ੍ਹਾਉਣ ਵਾਲਾ ਮਾਸਟਰ ਕਹਿੰਦਾ ਸੀ, “ਮਾਰ ਕੇ ਡਰ ਸੇ ਪਾਠ ਯਾਦ ਰਹਿਤਾ ਹੈ!” ਮੈਨੂੰ ਵੀ ਆਹੀ ਤਰੀਕਾ ਅਖੀਰੀ “ਉਪਾਅ” ਲੱਗਿਆ । ਜਦ ਵੀ ਉਸ ਦਾ ਗੰਦ ਚੁੱਕਣਾ ਤੇ ਉਸਨੂੰ ਵਿਖਾ-ਵਿਖਾ ਕੇ ਇੱਕ-ਦੋ ਧਰ ਦੇਣੀਆਂ, ਵਾਕਿਆ ਹੀ ਕੁੱਟ-ਮਾਰ ਵਾਲ਼ੀ ਯੋਜਨਾ ਕੰਮ ਕਰ ਗਈ ਅਤੇ ਲੱਕੀ ਸਬਕ ਸਿੱਖ ਕੇ ਆਪਣੀ ਲੋੜ ਮੁਤਾਬਿਕ ਘਰੋਂ ਬਾਹਰ ਜਾਣ ਲੱਗ ਪਿਆ। ਮੈਂ ਇੱਕ ਵਾਰੀ ਫੇਰ ਉਲਝ ਗਈ, ਜਦ ਰਾਤ ਨੂੰ ਵੱਡਾ ਗੇਟ ਬੰਦ ਹੋ ਜਾਂਦਾ ਅਤੇ ਲੱਕੀ ਕੋਲ ਹੋਰ ਕੋਈ ਰਾਹ ਨਾ ਹੁੰਦਾ, ਤੇ ਸਵੇਰੇ ਮੈਨੂੰ ਨਿਤਨੇਮ ਤੋਂ ਪਹਿਲਾਂ ਸਫ਼ਾਈ ਕਰਨੀ ਪੈਦੀਂ ਅਤੇ ਮੈਂ ਅਵਾਜ਼ਾਰ ਹੋ ਜਾਂਦੀ।

ਕੁਝ ਦਿਨਾਂ ਦੀ ਜੱਦੋਜਹਿਦ ਬਾਦ ਮੈਂ ਇਕ ਹੋਰ ਤਰਕੀਬ ਕੱਢੀ। ਲੱਕੀ ਨੂੰ ਛੱਤ ‘ਤੇ ਜਾਣ ਵਾਲੀਆਂ ਪੌੜੀਆਂ ‘ਤੇ ਇੱਕ ਲੰਬੀ ਰੱਸੀ ਨਾਲ ਇੰਜ ਸਾਰੀ ਰਾਤ ਬੰਨ੍ਹੀ ਰੱਖਿਆ ਕਿ ਉਹ ਉਪਰ ਤਾਂ ਜਾ ਸਕਦਾ ਸੀ, ਪਰ ਥੱਲੇ ਵਿਹੜੇ ਵਿੱਚ ਨਹੀਂ ਸੀ ਆ ਸਕਦਾ। ਉਹ ਸਮਝ ਗਿਆ ਕਿ ਇੰਜ ਕਿਉਂ ਬੰਨ੍ਹਿਆਂ ਹੈ ਅਤੇ ਅਗਲੀ ਰਾਤ ਤੋਂ ਉਸ ਨੇ ਛੱਤ ਨੇ ਆਪਣਾ “ਕਿਰਿਆ ਕਰਮ” ਕਰਨਾ ਸ਼ੁਰੂ ਕਰ ਦਿੱਤਾ। ਅਗਲੇ ਦਿਨ ਮੈਂ ਖੁਸ਼ ਸੀ ਕਿ ਸਵੇਰੇ-ਸਵੇਰੇ ਮੂਡ ਖ਼ਰਾਬ ਨਹੀ ਸੀ ਹੋਇਆ। ਲੱਕੀ ਨੂੰ ਵੀ ਖੁਸ਼ੀ ਸੀ ਕਿ ਸਵੇਰੇ-ਸਵੇਰੇ ਕੁੱਟ ਨਹੀ ਸੀ ਪਈ। ਹੁਣ ਉਹ ਸਿੱਖ ਗਿਆ ਸੀ ਕਿ ਮਾਰ ਤੋਂ ਕਿਵੇਂ ਬਚਿਆ ਜਾ ਸਕਦਾ ਹੈ। ਉਸ ਦਿਨ ਤੋਂ ਬਾਅਦ ਮੇਰਾ ਉਸ ਨਾਲ ਮੋਹ ਵਧ ਗਿਆ। ਥੋੜ੍ਹਾ ਵੱਡਾ ਹੋਇਆ ਤਾਂ ਜ਼ਿਆਦਥਾ ਭੱਜਣ ਦੌੜਨ ਲੱਗ ਪਿਆ। ਦੁੱਧ ਦੀ ਥਾਂ ਹੁਣ ਰੋਟੀ ਖਾਣ ਲੱਗ ਪਿਆ ਸੀ, ਰੋਜ਼ ਦੀ ਰੋਟੀ ਉਸ ਵਾਸਤੇ ਵੀ ਪੱਕਣ ਲੱਗ ਪਈ ਅਤੇ ਕਈ ਵਾਰੀ ਇੱਕ ਟਾਇਮ ਦੀ ਬਚੀ ਰੋਟੀ ਤੋੜ ਕੇ ਪੌੜੀਆਂ ‘ਤੇ ਲੱਕੀ ਵਾਸਤੇ ਰੱਖ ਦੇਣੀਂ। ਜਿਸ ਦਿਨ ਮੀਟ ਬਣਦਾ ਉਸ ਨੂੰ ਵੀ ਹੱਡੀਆਂ ਦੀ ਆਸ ਹੋ ਜਾਂਦੀ ਅਤੇ ਸੁੰਘਦਾ ਦੌੜਦਾ ਆਪਣੀ ਖੁਸ਼ੀ ਜ਼ਾਹਿਰ ਕਰਦਾ। ਜਦ ਪੇਟ ਭਰ ਜਾਣਾ, ਫੇਰ ਵੀ ਲਾਲਚ ਹੋਣਾ ਕਿ ਬਾਕੀ ਦੀਆਂ ਹੱਡੀਆਂ ਕਿਤੇ ਕੂੜੇ ਵਿੱਚ ਨਾ ਸੁੱਟ ਜਾਣ। ਇਸ ਲਈ ਉਹ ਬਾਕੀ ਦੀਆਂ ਹੱਡੀਆਂ ਨੂੰ ਸਵੇਰ ਵਾਸਤੇ ਕਿਆਰੀ ਵਿਚ ਦੱਬ ਆਉਂਦਾ। ਕਮਰਿਆਂ ‘ਤੇ ਜਾਲੀ ਵਾਲੇ ਬੂਹੇ ਲੱਗੇ ਹੋਏ ਸੀ, ਇਸ ਲਈ ਉਹ ਸਦਾ ਵਿਹੜੇ ਵਿੱਚ ਹੀ ਰਹਿੰਦਾ। ਜਦ ਕਦੇ ਅਸੀਂ ਵਿਹੜੇ ਵਿੱਚ ਬੈਠਦੇ ਤਾਂ ਪੈਰਾਂ ਨੂੰ ਚੱਟਣ ਲੱਗ ਪੈਂਦਾ, ਜਿਵੇਂ ਜੋ ਕੁਝ ਵੀ ਅਸੀਂ ਉਸ ਨੂੰ ਦੇ ਰਹੇ ਸੀ, ਉਸ ਦਾ ਸੁਥਕਰਾਨਾ ਕਰਦਾ ਹੋਵੇ। ਜੂਨ ਦੀ ਭਖ਼ਦੀ ਗਰਮੀ ਵਿੱਚ ਮੋਟਰ ਕੋਲ ਜਾਂ ਗੁਸਲਖਾਨੇ ਵਿੱਚ ਬੈਠਾ ਹਫ਼ਦਾ ਰਹਿੰਦਾ। ਜਦ ਅਸੀਂ ਕੂਲਰ ਅੱਗੇ ਬੈਠਦੇ ਅਤੇ ਫਰਿੱਜ ਦਾ ਠੰਢਾ ਪਾਣੀ ਪੀਂਦੇ, ਲੱਕੀ ਟੂਟੀ ਦਾ ਪਾਣੀ ਪੀਂਦਾ। ਸਰਦੀ ਵਿਚ ਮੈਂ ਉਸ ਨੂੰ ਕਮਰੇ ਵਿੱਚ ਵਾੜ ਲਿਆ ਅਤੇ ਪਤੀਦੇਵ ਆਖਦੇ, “ਕੁੱਤਾ ਰਾਖੀ ਵਾਸਤੇ ਹੁੰਦਾਂ, ਨਾ ਕਿ ਕਮਰੇ ਵਿਚ ਲਕੋਣ ਲਈ!”

ਅਗਲੇ ਦਿਨ ਤੋਂ ਮੈਂ ਵਰਾਂਡੇ ਦੇ ਇੱਕ ਕੋਨੇ ਵਿੱਚ ਬੋਰੀ ਪਾ ਕੇ ਉਸ ਦੇ ਸੌਣ ਦਾ ਇੰਤਜ਼ਾਮ ਕਰ ਦਿੱਤਾ। ਥੋੜ੍ਹਾ ਜਵਾਨ ਹੋਇਆ ਤਾਂ ਘਰ ਆਉਣ ਵਾਲਿਆਂ ‘ਤੇ ਭੌਂਕ ਕੇ ਰਖਵਾਲੀ ਦਾ ਹੱਕ ਜਤਾਉਣ ਲੱਗ ਪਿਆ। ਹੁਣ ਉਸ ਨੂੰ ਲੋਹੇ ਦੀ ਸੰਗਲੀ ਨਾਲ ਬੰਨ੍ਹਣਾ ਵੀ ਪੈਂਦਾ ਸੀ, ਕਿਉਂਕਿ ਲੋਕ ਡਰਨ ਲੱਗ ਪਏ ਸਨ ਕਿ ਕਿਤੇ ਦੰਦ ਨਾ ਮਾਰ ਜਾਵੇ?  ਸਾਡੇ ਵਿਤਕਰੇ ਭਰੇ ਰਵੱਈਏ ਦੇ ਬਾਵਜੂਦ ਲੱਕੀ ਦੀ ਵਫ਼ਾਦਾਰੀ ਅਤੇ ਪਿਆਰ ‘ਚ ਰਤੀ ਮਾਤਰ ਸ਼ੱਕ ਨਹੀ ਕੀਤਾ ਜਾ ਸਕਦਾ ਸੀ। ਸਾਰੀ ਰਾਤ ਹਰ ਖੜਕੇ ‘ਤੇ ਭੌਂਕਦਾ ਅਤੇ ਛੱਤ ‘ਤੇ ਦੌੜ ਕੇ ਜਾਂਦਾ। ਬੱਚਿਆਂ ਨਾਲ ਦੌੜਦਾ ਫ਼ਿਰਦਾ ਘਰ ਤੋਂ ਬਹੁਤ ਦੂਰ ਨਿਕਲ ਜਾਂਦਾ। ਹੁਣ ਮੁਹੱਲੇ ਵਿੱਚ ਦੂਰ ਦੂਰ ਤੱਕ ਲੋਕ ਉਸ ਨੂੰ ਨਾਮ ਲੈ ਕੇ ਬੁਲਾਉਣ ਲੱਗ ਪਏ ਸਨ। ਉਸ ਦੀ ਸੁੰਘਣ ਅਤੇ ਸੁਣਨ ਦੀ ਕਮਾਲ ਦੀ ਸ਼ਕਤੀ ਸੀ। ਬਹੁਤ ਦੂਰੋਂ ਹੀ ਪਤਾ ਨਹੀ ਕਿਵੇਂ ਉਸ ਨੂੰ ਕਾਰ ਆਉਣ ਦਾ ਪਤਾ ਲੱਗ ਜਾਂਦਾ ਸੀ, ਕਿ ਉਸ ਦੀ ਦੌੜ ਤੋਂ ਸਾਨੂੰ ਅੰਦਾਜ਼ਾ ਲੱਗ ਜਾਂਦਾ ਸੀ ਕਿ ਕਾਰ ਆ ਰਹੀ ਹੈ। ਭੌਂਕ-ਭੌਂਕ ਕੇ ਆਪਣੇ ਉਤਸ਼ਾਹ ਅਤੇ ਪਿਆਰ ਨਾਲ ਸੁਆਗਤ ਕਰਦਾ। ਜਦ ਕਦੇ ਮੈਂ ਗਰਮੀਆਂ ਦੀਆਂ ਛੁੱਟੀਆਂ ਪੇਕੇ ਚਲੀ ਜਾਂਦੀ, ਵਾਪਿਸ ਆਉਣ ‘ਤੇ ਛਾਲਾਂ ਮਾਰ-ਮਾਰ ਮੈਨੂੰ ਡੇਗ ਦਿੰਦਾ ਜਿਵੇਂ ਰੋਸਾ ਕਰਦਾ ਹੋਵੇ ਕਿ ਮੈਨੂੰ ਨਾਲ ਕਿਉਂ ਨਹੀ ਲੈ ਗਈ??

……..ਜ਼ਿੰਦਗੀ ਅਤੇ ਅੰਨ-ਜਲ ਨੇ ਕਰਵਟ ਮਾਰੀ, ਅਤੇ ਮੈਨੂੰ ਆਪਣੇ ਬੱਚੇ ਲੈ ਕੇ ਵਿਦੇਸ਼ ਆਉਣਾ ਪਿਆ। ਮੈਂ ਜ਼ਰੂਰੀ ਸਮਾਨ ਬੰਨ੍ਹ ਕੇ ਇੰਡੀਆ ਨੂੰ ÷ਅਲਵਿਦਾ÷ ਕਹਿ ਕੇ ਵਿਦੇਸ਼ ਦੀ ਧਰਤੀ ‘ਤੇ ਆ ਕੇ ਵਸ ਗਈ। ਆਉਣ ਤੋਂ ਪਹਿਲਾਂ ਪੇਕੇ ਸਭ ਨੂੰ ਮਿਲਣ ਗਈ। ਆਪਣੇ ਘਰ ਆਖੰਡ ਪਾਠ ਪ੍ਰਕਾਸ਼ ਕਰਵਾਇਆ। ਸਾਰੇ ਮੁਹੱਲੇ ਨੂੰ ਸੱਦਾ ਦਿੱਤਾ। ਸੌਹਰੇ ਘਰ ਸਭ ਨੂੰ ਮਿਲੀ, ਕਿ ਪਤਾ ਨਹੀ ਫੇਰ ਕਦ ਮਿਲਾਪ ਹੋਣਾ? ਮੈਨੂੰ ਇਸ ਗੱਲ ਦਾ ਸਦਾ ਅਫ਼ਸੋਸ ਰਹੇਗਾ ਕਿ ਮੈਂ ਲੱਕੀ ਨੂੰ ਪਲੋਸ ਕੇ ਵੀ ਨਹੀਂ ਸੀ ਆਈ। ਪਹਿਲੀ ਵਾਰ ਵਿਦੇਸ਼ ਜਾਣਾ ਇੱਕ ਨਵੇ ਸੰਘਰਸ਼ ਵਾਸਤੇ। ਬੱਚਿਆਂ ਦੀ ਜ਼ਿੰਮੇਂਵਾਰੀ ਹੁਣ ਮੇਰੇ ਮੋਢਿਆਂ ‘ਤੇ ਸੀ। ਮੈਨੂੰ ਕੁਝ ਵੀ ਸੁੱਝ ਵੀ ਨਹੀ ਸੀ ਰਿਹਾ, ਫੇਰ ਲੱਕੀ ਦਾ ਖ਼ਿਆਲ ਕਿੰਜ ਆ ਸਕਦਾ ਸੀ?

ਦਿੱਲੀ ਤੋਂ ਜਹਾਜ ਉਡਿਆ ਅਤੇ ਵਿਦੇਸ਼ ਦੀ ਧਰਤੀ ‘ਤੇ ਆ ਉਤਰਿਆ। ਨਵੀਆਂ ਚੁਣੌਤੀਆਂ ਦਾ ਪਹਾੜ ਇਤਨਾ ਕੁ ਵਿਸ਼ਾਲ ਅਤੇ ਮਾਰੂ ਸੀ, ਕਿ ਮੈਂ ਕਈ ਸਾਲ ਇਸ ਹੇਠ ਦੱਬੀ ਰਹੀ। ਕਦੇ-ਕਦੇ ਫ਼ੋਨ ‘ਤੇ ਇੰਡੀਆ ਗੱਲ ਹੋ ਜਾਂਦੀ ਸੀ । ਕਦੇ-ਕਦੇ ਜਿਠਾਣੀ ਜੀ ਲੱਕੀ ਬਾਰੇ ਕੁਝ ਗੱਲਾਂ ਦੱਸ ਦਿੰਦੀ ਸੀ। ਸਮੇਂ ਦੇ ਸੰਗ ਹੌਲੀ-ਹੌਲੀ ਮੈਂ ਇੰਨੀ ਮਸ਼ਰੂਫ਼ ਰਹਿਣ ਲੱਗ ਪਈ ਕਿ ਭੁੱਲ ਹੀ ਗਈ ਕਿ ਲੱਕੀ ਵੀ ਮੇਰੇ ਪਰਿਵਾਰ ਦਾ ਇੱਕ ਹਿੱਸਾ ਹੈ। ਉਸ ਦੇ ਬਾਰੇ ਗੱਲ ਕਰਨੀ ਵੀ ਛੱਡ ਦਿੱਤੀ ਸੀ। ਪਰ ਜਿਵੇਂ ਕਿ ਕਿਹਾ ਜਾਂਦਾ ਹੈ ਕਿ ਕੁੱਤਾ ਆਪਣੇ ਮਾਲਿਕ ਦਾ ਬਹੁਤ ਵਫ਼ਾਦਾਰ ਹੁੰਦਾ ਹੈ । ਪਵਿੱਤਰ ਗੁਰਬਾਣੀ ਦਾ ਵੀ ਫੁਰਮਾਨ ਹੈ; ਸੁਆਮੀ ਕੋ ਗ੍ਰਿਹੁ ਜਿਉ ਸਦਾ ਸੁਆਨ ਤਜਤ ਨਹੀ ਨਿਤ।। ਨਾਨਕ ਇਹ ਬਿਧਿ ਹਰਿ ਭਜਉ ਇਕ ਮਨਿ ਹੁਇ ਇਕ ਚਿਤਿ।। ਪਤਾ ਨਹੀ ਲੱਕੀ ਨੇ ਕਿੰਨ੍ਹਾਂ ਕੁ ਸਾਨੂੰ ਯਾਦ ਕੀਤਾ ਹੋਣਾ? ਪਤਾ ਨਹੀਂ ਸਾਡੀ ਕਮੀ ਨੂੰ ਕਿੰਨਾਂ ਮਹਿਸੂਸ ਕੀਤਾ ਹੋਣਾ?? ਉਹ ਬੋਲ ਨਹੀ ਸੀ ਸਕਦਾ, ਪਰ ਪਿਆਰ ਦੇ ਜਜ਼ਬਾਤਾਂ ਨਾਲ ਲਬਾ-ਲਬ ਭਰਿਆ ਹੋਇਆ ਸੀ। ਇੱਕ ਬੱਚਾ ਬਣ ਮੇਰੇ ਪਰਿਵਾਰ ਦਾ ਹਿੱਸਾ ਬਣ ਆਇਆ ਸੀ।

ਉਸ ਦੀ ਖ਼ਾਮੋਸ਼ੀ ਅਤੇ ਪੀੜ ਨੂੰ ਮੈਂ ਓਦੋਂ ਸਮਝੀ, ਜਦ ਕਈ ਸਾਲ ਬਾਦ ਆਪਣੇ ਵਤਨ ਗਈ। ਸੌਹਰੇ ਘਰ ਸਭ ਨੂੰ ਮਿਲ ਕੇ ਅਰਾਮ ਨਾਲ਼ ਬੈਠ ਗਈ। ਫੇਰ ਅਚਾਨਕ ਹੀ ਲੱਕੀ ਬਾਰੇ ਪੁੱਛਿਆ। ਮੈਨੂੰ ਉਮੀਦ ਸੀ ਕਿ ਦੌੜ ਕੇ ਆ, ਮੇਰੇ ‘ਤੇ ਛਾਲ ਮਾਰ ਫੇਰ ਪੁੱਛੇਗਾ, ਕਿ ਮੈਨੂੰ ਕਿਉਂ ਨਹੀਂ ਨਾਲ ਲੈ ਕੇ ਗਈ? ਪਰ ਭਾਬੀ ਨੇ ਦੱਸਿਆ ਕਿ ਲੱਕੀ ਤਾਂ ਕਾਫੀ ਚਿਰ ਤੋਂ ਬਿਮਾਰ ਚੱਲ ਰਿਹਾ ਹੈ। ਹੁਣ ਤਾਂ ਉਠਦਾ ਵੀ ਨਹੀਂ, ਬੱਸ ਪਏ ਦੇ ਹੀ ਸਾਹ ਚੱਲਦੇ ਨੇ ਅਤੇ ਮਾੜੀਆਂ ਜਿਹੀਆਂ ਅੱਖਾਂ ਹੀ ਖੋਲ੍ਹਦਾ ਹੈ। ਬਾਹਰ ਗਲੀ ਵਾਲੇ ਕੂਲਰ ਹੇਠ ਪਿਆ ਹੋਇਆ ਹੈ। ਇੰਨੀ ਗੱਲ ਸੁਣ ਮੈਂ ਬਾਹਰ ਨੂੰ ਭੱਜੀ। ਮੇਰੇ ਨਾਲ ਦੋਵੇਂ ਬੇਟੇ ਵੀ ਸਨ। ਮੈਂ ਉਸ ਦੀ ਨਿਰਬਲ ਹਾਲਤ ਵੇਖ ਕੇ ਸਤੰਭ ਰਹਿ ਗਈ। ਬਹੁਤ ਹੀ ਪਤਲੀ ਹਾਲਤ ਸੀ, ਨਿਢਾਲ ਤੇ ਕਮਜ਼ੋਰ ਸਰੀਰ, ਬੰਦ ਅੱਖਾਂ, ਧੀਮੀ ਗਤੀ ਨਾਲ਼ ਚੱਲਦੇ ਸਾਹ। ਮੈਂ ਕੋਲ ਜਾ ਅਵਾਜ਼ ਮਾਰੀ, “ਲੱਕੀ…..!” ਮੇਰੇ ਮਗਰ ਹੀ ਮੇਰੇ ਬੇਟੇ ਉਸ ਦਾ ਨਾਮ ਪੁਕਾਰਣ ਲੱਗ ਪਏ। ਰੱਬ ਗਵਾਹ ਹੈ ਕਿ ਪਤਾ ਨਹੀਂ ਉਸ ਨੇ ਅਗਲੀ ਪਿਛਲੀ ਆਪਣੀ ਸਾਰੀ ਸ਼ਕਤੀ ਲਾ ਕੇ ਆਪਣੀਆਂ ਅੱਖਾਂ ਖੋਲ੍ਹ ਕੇ ਦੇਖਿਆ ਅਤੇ ਜੋਰ ਮਾਰ ਕੇ ਆਪਣੇ ਆਪ ਨੂੰ ਖੜ੍ਹਾ ਕਰ ਲਿਆ, ਪਰ ਕਦਮ ਨਹੀ ਸੀ ਪੁੱਟ ਸਕਿਆ। ਲੜਖੜਾ ਕੇ ਡਿੱਗ ਪਿਆ। ਧਰਤੀ ‘ਤੇ ਸਪਾਲ਼ ਪਿਆ ਅੱਧ ਖੁੱਲ੍ਹੀਆਂ ਅੱਖਾਂ ਨਾਲ ਮੇਰੇ ਵੱਲ ਟਿਕਟਿਕੀ ਲਾ ਕੇ ਦੇਖ ਰਿਹਾ ਸੀ। ਮੈਂ ਚੁੱਪ-ਚਾਪ ਉਸ ਦੇ ਕੋਲ਼ ਬੈਠ ਗਈ। ਮੇਰੇ ਦੇਖਦੇ-ਦੇਖਦੇ ਉਸ ਦੀਆਂ ਅੱਖਾਂ ਫੇਰ ਕਦੇ ਨਾ ਖੁੱਲ੍ਹਣ ਲਈ ਸਦੀਵੀ ਬੰਦ ਹੋ ਗਈਆਂ। ਸ਼ਾਇਦ ਮੈਨੂੰ ਵੇਖ ਆਪਣੀ ਵਫ਼ਾਦਾਰੀ ਦਾ ਸਬੂਤ ਦੇ ਕੇ ਕਹਿ ਰਿਹਾ ਹੋਵੇ, “ਤੇਰੀ ਦੀਦ ਖਾਤਰ ਮੈਂ ਆਪਣੇ ਸਾਹਾਂ ਨੂੰ ਚੱਲਦਾ ਰੱਖਿਆ, ਪ੍ਰਾਣ ਰੋਕੀ ਰੱਖੇ ਅਤੇ ਆਪਣੀ ਜਾਨ ਨੂੰ ਨਿਕਲਣ ਨਹੀਂ ਦਿੱਤਾ, ਕਿਉਂਕਿ ਤੂੰ ਮੈਨੂੰ ਆਪਣਾ ਘਰ ਮੇਰੀ ਰਾਖੀ ‘ਤੇ ਛੱਡ ਗਈ ਸੀ, ਲੈ ਅੱਜ ਮੇਰੀ ਜ਼ਿੰਮੇਵਾਰੀ ਪੂਰੀ ਹੋਈ….।” ਉਸ ਦੀ ਬੇਜ਼ੁਬਾਨ ਮੁਹੱਬਤ ਸਵਾਲ ਕਰ ਰਹੀ ਸੀ ਕਿ ਜਦ ਤੂੰ ਇੰਡੀਆ ਛੱਡਿਆ, ਤਾਂ ਮੈਨੂੰ ਮਿਲ ਕੇ, ਜਾਂ ਵੇਖ ਕੇ ਵੀ ਨਹੀ ਗਈ ਸੀ, ਪਰ ਮੈਂ ਤੇਰੇ ਆਖਰੀ ਦਰਸ਼ਨ ਕਰ ਕੇ ਹੀ ਅੱਖਾਂ ਮੀਟੀਆਂ ਹਨ। ਇੰਜ ਜਾਪਦਾ ਸੀ ਜਿਵੇਂ ਲੱਕੀ ਕਦੋਂ ਦਾ ਸੁੱਤਾ ਪਿਆ ਸੀ। ਪਰ ਉਹ ਤਾਂ ਇੱਕ ਸਦੀਵੀ ਨੀਂਦਰ ਦੀ ਅਗੋਸ਼ ਵਿੱਚ ਗੁੰਮ ਹੋ ਗਿਆ ਸੀ!! ਪਤਾ ਨਹੀਂ ਹੱਸਦਾ ਖੇਡਦਾ ਲੱਕੀ ਮੁੜ ਕਦੇ ਨਾ ਦਿਸਣ ਲਈ “ਕਿਹੜੀ” ਦੁਨਿਆ ਵਿੱਚ ਅਲੋਪ ਹੋ ਗਿਆ?……..

ਇਨਸਾਨ ਅਤੇ ਜਾਨਵਰ ਦੀ ਵਫ਼ਾ ਦਾ ਫ਼ਰਕ ਸਾਫ਼ ਸਮਝ ਆ ਰਿਹਾ ਸੀ। ਮੇਰੇ ਮਾਣਸ ਹਿਰਦੇ ‘ਤੇ ਇਹ ਘਟਨਾ ਸਦਾ ਲਈ ਲਿਖੀ ਗਈ ਸੀ। ਲੱਕੀ ਮੇਰੀ ਜ਼ਿੰਦਗੀ ਦੇ ਵਫ਼ਾਦਾਰ ਰਿਸ਼ਤਿਆਂ ਦੀ ਲਿਸਟ ਵਿੱਚ ਸਭ ਤੋਂ ਉਪਰ ਹੈ। ਆਪਣੀ ਸੰਕਰੀ ਸੋਚ ਕਰਕੇ, ਲੱਕੀ ਨੂੰ ਮੈਂ ਜਿਸ ਵੀ ਤਰ੍ਹਾਂ ਰੱਖਿਆ ਸੀ, ਪਰੰਤੂ ਰਾਓ ਨੇ ਮੇਰੇ ਨਜ਼ਰੀਏ ਨੂੰ ਬਿਲਕੁਲ ਹੀ ਬਦਲ ਦਿੱਤਾ ਸੀ। ਅਸਲ ਵਿੱਚ ਮੈਂ ਕੁੱਤਾ ਰੱਖਣ ਦੀ ਸਮਝ ਮੈਨੂੰ ਹੁਣ ਆਈ ਹੈ।

…….ਮੇਰੇ ਬੇਟੇ ਅਮਨ ਨੇ ਬੜੇ ਉਤਸ਼ਾਹ ਨਾਲ ਮੈਨੂੰ ਦੱਸਣਾ ਸੁਰੂ ਕੀਤਾ ਕਿ ਇਸ ਨਿੱਕੇ ਜਿਹੇ ਕਤੂਰੇ ਨੂੰ ਕਿਵੇਂ ਖਾਣਾ ਖੁਆਉਣਾ ਤੇ ਕਿਸ ਤਰ੍ਹਾਂ ਰੱਖਣਾ ਹੈ। ਆਪਣੇ ਪਹਿਲੇ ਕੁੱਤੇ ਦਾ ਨਾਮ ਲੱਕੀ ਸੀ, ਇਸ ਦਾ ਕੀ ਰੱਖੀਏ? ਨਾਮਕਰਣ ਦੀ ਬਹਿਸ ਤੋਂ ਬਾਅਦ ਆਂਦਰਿਆ ਦੀ ਪਸੰਦ ‘ਤੇ ਘਰ ਦੇ ਨਵੇਂ ਜੀਅ ਦਾ ਨਾਮ “ਰਾਓ” ਰੱਖਿਆ ਗਿਆ। ਇਹਨੀਂ ਦਿਨੀਂ ਹਿੰਦੀ ਇਤਿਹਾਸਕ ਫ਼ਿਲਮ “ਬਾਜ਼ੀਗਰ ਰਾਓ ਮਸਤਾਨੀ” ਬਹੁਤ ਹਿੱਟ ਚੱਲ ਰਹੀ ਸੀ। ਰਾਓ ਨਾਮ ਉਸ ਫ਼ਿਲਮ ਦੀ ਹੀ ਕਾਢ ਸੀ।

ਹੂਣ ਘਰ ਵਿੱਚ ਰਾਓ ਸਭ ਦੀ ਖਿੱਚ ਦਾ ਕੇਂਦਰ ਬਣ ਗਿਆ ਸੀ। ਹਫ਼ਤੇ ਭਰ ਬੱਚਿਆਂ ਦੇ ਦੋਸਤਾਂ ਨੇ ਰਾਓ ਕਰਕੇ ਰੌਣਕਾਂ ਲਾਈ ਰੱਖੀਆਂ। ਘਰ ਵਿੱਚ ਕੰਮ ਵਧ ਗਿਆ ਸੀ। ਰਾਓ ਬਹੁਤ ਛੋਟਾ ਹੋਣ ਕਰ ਕੇ, ਜਦ ਅਸੀਂ ਸਾਰੇ ਕੰਮ ‘ਤੇ ਜਾਂਦੇ ਤਾਂ ਸਾਰਾ ਦਿਨ ਉਚੀ-ਉਚੀ ਰੋਂਦਾ-ਚੂਕਦਾ ਰਹਿੰਦਾ। ਜਿਸ ਕਰ ਕੇ ਫ਼ਲੈਟ ਦੇ ਦੂਜੇ ਕਮਰਿਆਂ ਤੋਂ ਲੋਕਾਂ ਦੀਆਂ ਸ਼ਿਕਾਇਤਾਂ ਆਉਣ ਲੱਗ ਪਈਆਂ ਸਨ। ਦਸ ਘੰਟੇ ਦੇ ਲੰਮੇ ਸਮੇਂ ਕਰਕੇ ਉਹ ਘਰ ਵਿਚ ਗੰਦ ਪਾਉਣ ਲੱਗ ਪਿਆ। ਉਸ ਦੇ “ਪੂ-ਪੈਡ” ਬਦਲਣ ਦੀ ਲੋੜ ਹੁੰਦੀ ਸੀ, ਪਰ ਕੋਈ ਘਰ ਵੀ ਹੁੰਦਾ ਨਹੀਂ ਸੀ। ਮੀਟਿੰਗ ਵਿੱਚ ਤੈਅ ਹੋਇਆ ਕਿ ਕੁਝ ਮਹੀਨੇ ਇਸ ਦੇ ਕੋਲ ਕੋਈ ਰਹਿਣਾ ਚਾਹੀਦਾ ਹੈ। ਟਾਈਮ ਸੈੱਟ ਕਰਕੇ ਘਰ ਦੀਆਂ ਪੰਜ ਚਾਬੀਆਂ ਬਣਵਾ ਕੇ ਕੁਝ ਬੱਚਿਆਂ ਦੇ ਦੋਸਤਾਂ ਨੂੰ ਦਿੱਤੀਆ ਗਈਆਂ ਅਤੇ ਲੋੜ ਮੁਤਾਬਿਕ ਸਭ ਆਪਣੀ ਡਿਉਟੀ ਦੇਣ ਲੱਗ ਪਏ। ਵਕਤ ਦੇ ਨਾਲ-ਨਾਲ ਰਾਓ ਵੱਡਾ ਹੋਣ ਲੱਗ ਪਿਆ ਅਤੇ ਮੇਰੇ ਵਾਸਤੇ ਕੁੱਤਿਆਂ ਸਬੰਧੀ ਪੜ੍ਹਾਈ ਵਧਣ ਲੱਗ ਪਈ।

ਅਚਾਨਕ ਬਦਲ ਕੇ ਦਿੱਤਾ ਖਾਣਾ ਉਸ ਨੂੰ ਮਾਫ਼ਕ ਨਹੀ ਆਇਆ ਤੇ ਰਾਓ ਬਿਮਾਰ ਹੋ ਗਿਆ। ਮੈਂ ਆਂਦਰਿਆ ਦੇ ਨਾਲ ਟੈਕਸੀ ਕਰ ਕੇ ਡਾਕਟਰ ਦੇ ਲੈ ਗਈ। ਓਥੇ ਕੁਝ ਕੁੱਤੇ ਹੋਰ ਵੀ ਸਨ। ਗੋਰਿਆਂ ਨੇ ਰਾਓ ਨੂੰ ਖੂਬ ਸਲਾਹਿਆ। ਪਹਿਲੀ ਵਾਰ ਮੈਨੂੰ ਪਤਾ ਚੱਲਿਆ ਕਿ ਜਾਨਵਰਾਂ ਦਾ, ਖ਼ਾਸ ਕਰ ਕੁੱਤਿਆਂ ਦਾ ਇਲਾਜ਼ ਬਹੁਤ ਹੀ ਮਹਿੰਗਾ ਹੈ। ਰਾਓ ਦੇ ਪਹਿਲੇ ਇਲਾਜ਼ ਉਪਰ ਅੱਸੀ ਪੌਂਡ ਲੱਗੇ। ਮੈਨੂੰ ਇਹ ਗੱਲ ਸਮਝ ਆਉਣ ਲੱਗ ਪਈ ਕਿ ਬੱਚਾ ਭਾਵੇਂ ਜਾਨਵਰ ਦਾ ਹੀ ਕਿਉਂ ਨਾ  ਹੋਵੇ, ਉਸ ਨੂੰ ਬਹੁਤ ਧਿਆਨ ਦੀ ਲੋੜ ਹੁੰਦੀ ਹੈ।  ਦੋ ਹਫ਼ਤੇ ਬਾਦ ਰਾਓ ਜਦ ਫ਼ਿਰ ਬਿਮਾਰ ਪੈ ਗਿਆ,  ਤਾਂ ਬੇਟੇ ਨੇ ਰਾਓ ਦਾ (ਹੈਲਥ) ਬੀਮਾਂ ਕਰਵਾ ਦਿੱਤਾ। ਮੈਂ ਦਿਮਾਗ ‘ਤੇ ਜੋਰ ਮਾਰਦੀ ਰਹੀ ਕਿ ਲੱਕੀ ਸਾਰੀ ਉਮਰ ਵਿੱਚ ਕਦ ਬਿਮਾਰ ਹੋਇਆ ਸੀ। ਨਹੀਂ, ਮੈਂ ਉਸ ਦੇ ਇਲਾਜ਼ ‘ਤੇ ਕਦੇ ਦੋ ਪੈਸੇ ਖ਼ਰਚ ਨਹੀਂ ਕੀਤੇ ਹੋਣੇ। ਮੈਨੂੰ ਕਮਲੀ ਨੂੰ ਉਸ ਨੇ ਪਤਾ ਹੀ ਨਹੀਂ ਸੀ ਲੱਗਣ ਦਿਤਾ ਕਿ ਕਦ ਬਿਮਾਰ ਹੋਇਆ ਜਾਂ ਨਹੀਂ? ਜਦ ਮੈਨੂੰ ਉਸ ਦੇ ਬਿਮਾਰ ਹੋਣ ਦਾ “ਪਹਿਲੀ ਵਾਰ” ਪਤਾ ਚੱਲਿਆ, ਓਦੋਂ ਲੱਕੀ ਨੇ ਆਪਣੇ “ਆਖਰੀ” ਸਾਹ ਤਿਆਗ ਦਿੱਤੇ। ਮੇਰੇ “ਪੌਂਡਾਂ” ਦੀ ਕਮਾਈ ਦਾ ਹਿੱਸੇਦਾਰ ਨਾ ਬਣਿਆ। ਸ਼ਾਇਦ ਉਸ ਦੀਆਂ ਅੱਧ ਖੁੱਲ੍ਹੀਆਂ ਅੱਖਾਂ ਮੈਨੂੰ ਬਹੁਤ ਕੁਝ ਕਹਿ ਗਈਆਂ ਸਨ।

ਹਰ ਕੋਈ ਰਾਓ ਵਾਸਤੇ ਖੂਬ “ਟਰੀਟਸ” ਲੈ ਕੇ ਆਉਣ ਲੱਗ ਪਿਆ। ਮੈਂ ਓਦੋਂ ਭੁਚੱਕੀ ਰਹਿ ਗਈ, ਜਦ ਜਸ਼ਨ ਨੇ ਦੱਸਿਆ, “ਮਾਂ, ਅਗਲੇ ਹਫ਼ਤੇ ਤੋਂ ਰਾਓ ਸਾਹਿਬ ਪੜ੍ਹਨ ਜਾਣਗੇ, ਮੈਂ ਇਸ ਦੀਆਂ ਸੋਸ਼ਲ ਕਲਾਸਾਂ ਬੁੱਕ ਕਰਵਾ ਦਿੱਤੀਆ ਹਨ।”

“ਸੱਚੀ?” ਮੇਰੇ ਮੂੰਹੋਂ ਸਿਰਫ਼ ਇੰਨਾ ਹੀ ਨਿਕਲਿਆ।

“ਹਾਂ ਜੀ, ਕੁੱਤਿਆਂ ਨੂੰ ਸੋਸ਼ਲ ਹੋਣਾ ਸਿਖਾਇਆ ਜਾਣਾ ਜਰੂਰੀ ਹੈ। ਅਗਰ ਕਿਸੇ ਨੂੰ ਕੁੱਤਾ ਵੱਢ ਲਵੇ, ਤਾਂ ਮੋਟਾ  ਜੁਰਮਾਨਾ ਭਰਨਾ ਪੈਂਦਾ ਹੈ, ਬਲਕਿ ਜੇ ਕਰ ਘਰ ਕੁੱਤਾ ਹੋਵੇ, ਤੇ ਮੁੱਖ ਦਰਵਾਜੇ ‘ਤੇ ਉਸ ਦੀ ਫ਼ੋਟੋ ਨਾਲ “ਵਾਰਨਿੰਗ” ਵੀ ਲਾਉਣੀ ਪੈਂਦੀ ਹੈ, ਨਹੀਂ ਇਸ ਦਾ ਜੁਰਮਾਨਾ ਵੱਖ ਹੈ।” ਅਮਨ ਨੇ ਸਾਰੀ ਗੱਲ ਖੋਲ੍ਹ ਕੇ ਦੱਸ ਦਿੱਤੀ। ਹਰ ਐਤਵਾਰ ਨੂੰ ਰਾਓ ਦਾ ਸਕੂਲ ਸ਼ੁਰੂ ਹੋ ਗਿਆ। ਰਾਓ ਵੱਡਾ ਹੋਣ ਲੱਗ ਪਿਆ ਤੇ ਉਸ ਨੂੰ ਨਿੱਤ ਕਰਮ ਵਾਸਤੇ ਬਾਹਰ ਲੈ ਕੇ ਜਾਣ ਦੀ ਯੋਜਨਾ ਬਣੀ। ਦੋ ਟਾਇਮ ਬੰਨ੍ਹ ਦਿੱਤੇ। ਸ਼ਾਮ ਦੀ ਡਿਊਟੀ ਮੇਰੇ ਹਿੱਸੇ ਆਈ। ਦਸ ਘੰਟੇ ਬਾਅਦ ਘਰ ਆਉਣਾ ਤੇ ਚਾਹ ਪੀਂਦਿਆਂ ਹੀ ਰਾਓ ਨੂੰ ਪਾਰਕ ਲੈ ਜਾਣਾ। ਘਰ ਆ ਕੇ ਬਾਕੀ ਘਰ ਦੇ ਕੰਮ ਕਰਨੇ ਅਤੇ ਥੱਕ ਕੇ ਚੂਰ ਹੋ ਬਿਸਤਰੇ ਵਿੱਚ ਜਾ ਡਿੱਗਣਾ। ਮੇਰੀਆਂ ਦੋ ਛੁੱਟੀਆਂ ਵੀ ਰਾਓ ਦੇ ਲੇਖੇ ਲੱਗ ਜਾਂਦੀਆਂ ਸਨ । ਪਾਰਕ ਵਿਚ ਰਾਓ ਕੁੱਤੀਆਂ ਦੇ ਮਗਰ ਦੌੜਨ ਲੱਗ ਪਿਆ ਅਤੇ ਪਤਾ ਚੱਲਿਆ ਕਿ ਇਸ ਦੀ “ਨਸਬੰਦੀ” ਕਰਵਾਉਣੀ ਜ਼ਰੂਰੀ ਹੈ।

ਡਾਕਟਰ ਨਾਲ ਸਮਾਂ ਬਣਾ ਕੇ ਉਸ ਦਾ ਆਪਰੇਸ਼ਨ ਕਰਵਾ ਦਿੱਤਾ। ਪੰਦਰਾਂ ਕੁ ਦਿਨ ਰਾਓ ਬਹੁਤ ਔਖਾ ਰਿਹਾ। ਜ਼ਖ਼ਮ ਨੂੰ ਖੁਰਕਣ ਦੇ ਬਚਾਅ ਲਈ ਸਿਰ ‘ਤੇ “ਕੋਨ” ਲੱਗਿਆ ਹੋਇਆ ਸੀ, ਜੋ ਘਰ ਵਿੱਚ ਜਗਾਹ ਥੋੜ੍ਹੀ ਹੋਣ ਕਰਕੇ ਉਲਝਦਾ ਰਹਿੰਦਾ ਸੀ। ਦੋ ਵਾਰ ਉਸ ਨੇ ਖੁਰਕ ਕੇ ਆਪਣੇ ਟਾਂਕੇ ਖਿੱਚ ਲਏ ਅਤੇ ਉਸ ਨੂੰ ਐਮਰਜੈਂਸੀ ਲੈ ਜਾਣਾ ਪਿਆ। ਕਰੀਬ ਤਿੰਨ ਸੌ ਪੌਂਡ ਦਾ ਖਰਚ ਆਇਆ। ਉਮਰ ਦੇ ਨਾਲ-ਨਾਲ ਰਾਓ ਬਹੁਤ ਸਮਝਦਾਰ ਹੋ ਰਿਹਾ ਸੀ। ਕਈ ਵਾਰ ਉਸ ਨੂੰ ਜੰਗਲ-ਪਾਣੀ ਦੀ ਤਾਂਘ ਜੋਰ ਮਾਰਦੀ ਤਾਂ ਉਹ ਬੇਚੈਨੀ ਵਿਖਾਉਂਦਾ, ਪਰ ਕੰਟਰੋਲ ਕਰੀ ਰੱਖਦਾ। ਬਾਹਰ ਜਾਣ ਵੇਲੇ ਪਾਰਕ ਵੱਲ ਬੇਹਤਾਸ਼ਾ ਦੌੜਦਾ। ਪਰ ਦੂਜੇ ਪਾਸੇ ਜਦ ਅਸੀਂ ਕਿਤੇ ਬਾਹਰ ਚਲੇ ਜਾਂਦੇ ਅਤੇ ਰਾਓ ਨੂੰ ਇਕੱਲਾ ਘਰੇ ਛੱਡ ਜਾਂਦੇ, ਤਾਂ ਆਪਣਾ ਰੋਸ ਦਿਖਾਉਣ ਲਈ ਬੈੱਡ ‘ਤੇ ਹੀ ਟੌਇਲਟ ਕਰ ਦਿੰਦਾ। ਫੇਰ ਬੈੱਡ ਨੂੰ ਪਲਾਸਟਿਕ ਨਾਲ ਕਵਰ ਕਰਨ ਦੀ ਯੋਜਨਾ ਬਣਾਈ ਗਈ।  ਰਾਓ ਦਾ ਮਨ ਪਸੰਦ ਥਾਂ ਸਾਡੇ ਬੈੱਡ ਦੇ ਸਿਰਹਾਣੇ ਵਾਲੀ ਖਿੜਕੀ ਸੀ, ਜਿਸ ਵਿੱਚੋਂ ਮੂੰਹ ਕੱਢੀ ਉਹ ਤੁਰਦੀ ਫ਼ਿਰਦੀ ਦੁਨੀਆਂ ਨੂੰ ਵੇਖਦਾ ਰਹਿੰਦਾ। ਰਾਓ ਦੀ ਆਹ ਟੌਹਰ ਵੇਖ ਕੇ, ਲੱਕੀ ਨੂੰ ਦਿੱਤੀ ਬੋਰੀ ਮੈਨੂੰ ਗੁਨਾਂਹਗਾਰ ਜਿਹਾ ਕਰਾਰ ਦਿੰਦੀ ਰਹਿੰਦੀ। ਹਾਲਾਂ ਕਿ ਇੱਥੇ ਇਤਨੀ ਗਰਮੀ ਨਹੀਂ ਹੁੰਦੀ। ਪਰ “ਹੱਸਕੀ ਬਰੀਡ” ਵਾਸਤੇ ਆਹ ਗਰਮੀ ਵੀ ਜ਼ਿਆਦਾ ਸੀ। ਰਾਓ ਦੀ ਸੁਖ ਸਹੂਲਤ ਵਾਸਤੇ ਰੂਮ ਕੂਲਰ ਅਤੇ ਕੋਲਡ ਸ਼ੀਟ ਲਿਆਂਦੀਆਂ ਗਈਆਂ। ਉਸ ਦੇ ਪਾਣੀ ਵਿੱਚ ਬਰਫ਼ ਪਾਉਣੀ ਪੈਦੀਂ, ਜਿਸ ਨਾਲ ਉਹ ਬਹੁਤ ਖੁਸ਼ ਹੋ ਖੇਡਦਾ ਅਤੇ ਬਰਫ਼ ਚੱਬਣ ਲੱਗ ਪੈਂਦਾ।

ਇਹ ਬਿਲਕੁਲ ਸੱਚ ਹੈ ਕਿ ਇਨਸਾਨ ਸਾਰੀ ਜ਼ਿੰਦਗੀ ਕੁਝ ਨਾ ਕੁਝ ਨਵਾਂ ਸਿੱਖਦਾ ਰਹਿੰਦਾ ਹੈ। ਭਾਵੇਂ ਕੁੱਤਾ ਰੱਖਣਾ ਆਮ ਜਿਹੀ ਗੱਲ ਹੈ, ਪਰ ਰਾਓ ਨੂੰ ਰੱਖ ਕੇ ਮੈਨੂੰ ਕੁੱਤਾ ਰੱਖਣ ਦੀ ਜਾਂਚ ਆਈ। ਘਰ ਵਿੱਚ ਕੁੱਤਿਆਂ ‘ਤੇ ਬਣੀਆਂ ਇੰਟਰਨੈਸ਼ਨਲ ਫ਼ਿਲਮਾਂ ਨੈੱਟ ‘ਤੇ ਵੇਖੀਆਂ ਜਾਣ ਲੱਗੀਆਂ। ਕੁੱਤਿਆਂ ਦੀ ਟਰੇਨਿੰਗ ਦੇ ਵੀਡੀਓ ਦੇਖ ਕੇ ਇੰਨ੍ਹਾਂ ਦੇ ਸੁਭਾਅ ਬਾਰੇ ਸਮਝਣਾ ਸ਼ੁਰੂ ਕੀਤਾ ਗਿਆ। ਆਂਦਰਿਆ ਨੂੰ ਰਾਓ ਬਹੁਤ ਜ਼ਿਆਦਾ ਮੋਹ ਕਰਦਾ ਸੀ ਅਤੇ ਉਹ ਵੀ ਹਰ ਛੁੱਟੀ ਰਾਓ ਨਾਲ ਹੀ ਬਿਤਾਉਣ ਲਈ ਆਪਣੇ ਘਰ ਤੋਂ ਘੰਟੇ ਦਾ ਸਫ਼ਰ ਤਹਿ ਕਰ ਕੇ ਆਉਂਦੀ। ਕਈ ਘੰਟੇ ਪਾਰਕ ਲਿਜਾ ਕੇ, ਦੌੜਾ-ਦੌੜਾ ਕੇ ਰਾਓ ਦੀ ਖੂਬ ਵਰਜਿਸ਼ ਕਰਾਉਂਦੀ। ਖੂਬ ਖਿਡਾਉਣੇ ਅਤੇ ਟਰੀਟਸ ਲਿਆ ਕੇ ਦਿੰਦੀ। ਜਦ ਆਂਦਰਿਆ ਘਰ ਹੁੰਦੀ, ਉਸ ਵਕਤ ਰਾਓ ਕਿਸੇ ਹੋਰ ਦੀ ਘੱਟ ਹੀ ਸੁਣਦਾ ਸੀ। ਸ਼ਾਇਦ ਉਹ ਪਹਿਲੀ ਵਾਰ ਰਾਓ ਨੂੰ ਅਪਣੀ ਗੋਦ ਵਿੱਚ ਬਿਠਾ ਕੇ ਲੈ ਕੇ ਆਈ ਸੀ, ਜਾਂ ਖੂਬ ਟਰੀਟਸ, ਖਿਡਾਉਣੇ ਦਿੰਦੀ ਸੀ, ਜਾਂ ਫੇਰ ਹਰ ਛੁੱਟੀ ਰਾਓ ਦੇ ਲੇਖੇ ਲਾਉਂਦੀ ਤਾਂ ਕਰਕੇ?? ਜਾਂ ਫੇਰ ਇੰਜ ਵੀ ਕਿਹਾ ਜਾਂਦਾ ਹੈ ਕਿ ਕੁੱਤਿਆਂ ਨੂੰ “ਡੌਗ ਲਵਰ” ਦੀ “ਸਮੈਲ” ਆ ਜਾਂਦੀ ਹੈ, ਕਿ ਅੰਦਰੋਂ ਕੌਣ ਸੱਚਾ ਪਿਆਰ ਕਰਦਾ ਹੈ? ਕੁਦਰਤ ਨੇ ਚੰਗਾ ਹੀ ਕੀਤਾ ਕਿ ਇੰਜ ਦਾ ਕੋਈ ਗੁਣ ਇਨਸਾਨ ਨੂੰ ਨਹੀ ਦਿੱਤਾ।

“ਮੰਮ, ਮੈਂ ਅਗਲੇ ਹਫ਼ਤੇ ਦੀ ਰਾਓ ਵਾਸਤੇ ‘ਗਰੂਮਿੰਗ’ ਦੀ ਬੁਕਿੰਗ ਕਰ ਦਿੱਤੀ ਹੈ, ਮੰਗਲਵਾਰ ਮੇਰੀ ਛੁੱਟੀ ਹੈ। ਤੁਸੀਂ ਬੇਫ਼ਿਕਰ ਰਹੋ, ਮੈਂ ਆਪੇ ਹੀ ਲੈ ਜਾਊਂਗੀ।” ਆਂਦਰਿਆ ਨੇ ਕਿਹਾ।

“ਉਹ ਕਿਉਂ?” ਮੈਂ ਖਰਚੇ ਵੱਲੋਂ ਪ੍ਰੇਸ਼ਾਨ ਹੁੰਦਿਆਂ ਕਿਹਾ।

“ਇੰਨ੍ਹਾਂ ਦੇ ਸਰੀਰ ਦੀ ਪੂਰੀ ਸਫ਼ਾਈ ਜਰੂਰੀ ਹੁੰਦੀ ਹੈ, ਵਾਧੂ ਵਾਲ ਨਿਕਲ ਜਾਂਦੇ ਹਨ।”

ਮੰਗਲਵਾਰ ਜਦ ਅਸੀਂ ਕੰਮ ਤੋਂ ਘਰ ਆਏ ਤਾਂ ਦੇਖਿਆ ਵਾਕਿਆ ਹੀ ਰਾਓ ਲਿਸ਼ਕਾਂ ਮਾਰ ਰਿਹਾ ਸੀ ।

ਅਗਲੇ ਹਫ਼ਤੇ ਹੀ ਇੱਕ ਵੱਡੀ ਸਾਰੀ ਗਰੂਮਿੰਗ ਕਿੱਟ ਆਰਡਰ ਕਰ ਕੇ ਘਰ ਮੰਗਵਾ ਲਈ। ਇੱਕ ਛੋਟਾ ਹੂਵਰ ਵਾਲ ਇਕੱਠੇ ਕਰਨ ਲਈ ਅਤੇ ਇੱਕ ਵੱਡਾ ਹੇਅਰ ਡਰਾਇਰ ਵਾਲ ਸੁਕਾਉਣ ਲਈ ਰਾਓ ਲਈ ਆ ਗਿਆ। ਹਫ਼ਤੇ ਵਿੱਚ ਦੋ ਵਾਰ ਨਹਾਉਣਾ, ਸੁਕਾਉਣਾ ਅਤੇ ਚਾਰ ਮਹੀਨੇ ਮਗਰੋਂ ‘ਗਰੂਮਿੰਗ’ ਬੁੱਕ ਕਰਵਾਉਣੀ ਸ਼ੁਰੂ ਹੋ ਗਈ।

ਛੁੱਟੀਆਂ ਵਿੱਚ ਆਸਟਰੀਆ ਤੋਂ ਮੇਰੀ ਭਤੀਜੀ ਆਪਣੇ ਪੰਜ ਸਾਲ ਦੇ ਬੇਟੇ ਨਾਲ ਮੇਰੇ ਕੋਲ ਰਹਿਣ ਆਈ। ਦੋ ਕੁ ਦਿਨ ਬਾਅਦ ਸਾਨੂੰ ਲੱਗਿਆ ਕਿ ਘਰ ਵਿਚ ਥਾਂ ਘੱਟ ਹੈ। ਇਸ ਲਈ ਰਾਓ ਨੂੰ ਡੌਗ ਟਰੇਨਿੰਗ ਕਲਾਸਾਂ ‘ਚ ਪਾਉਣ ਦਾ ਫੈਸਲਾ ਕੀਤਾ। ਦੋ ਹਫ਼ਤੇ ਵਾਸਤੇ ਉਸ ਨੂੰ ਟਰੇਨਿੰਗ ‘ਤੇ ਭੇਜ ਦਿੱਤਾ। ਪਹਿਲੀ ਵਾਰ ਮੈਨੂੰ ਇਹ ਸਿੱਖਣ ਦਾ ਮੌਕਾ ਮਿਲਿਆ ਕਿ ਕੁੱਤੇ ਨੂੰ ਕਿੰਜ ਸਿਖਲਾਈ ਦਿੱਤੀ ਜਾਂਦੀ ਹੈ। ਹਰ ਟਰੇਨਿੰਗ ‘ਤੇ ਖੂਬ ਸਾਰੀ ਟਰੀਟਸ ਦਿੱਤੀ ਜਾਂਦੀ ਹੈ, ਨਾ ਕਿ ਕੁੱਟਿਆ ਜਾਂਦਾ ਹੈ, ਜੋ ਕਿ ਮੈਂ ਸਬਕ ਸਿਖਾਉਣ ਲਈ ਲੱਕੀ ਨਾਲ ਕੀਤਾ ਸੀ। ਮੈਂ ਉਸ ਨੂੰ ਸਿਰਫ਼ ਟੌਇਲਟ ਜਾਣਾ ਹੀ ਸਿਖਾਇਆ ਸੀ, ਜੋ ਕਿ ਆਪਣੀ ਜਾਨ ਸੌਖੀ ਕਰਨ ਲਈ ਕੁੱਟ ਮਾਰ ਕੇ ਸਿਖਾ ਦਿੱਤਾ ਸੀ। ਬਾਕੀ ਮੈਨੂੰ ਹੋਰ ਕੁਝ ਸਿਖਾਉਣ ਦੀ ਜ਼ਰੂਰਤ ਹੀ ਨਹੀ ਮਹਿਸੂਸ ਹੋਈ ਸੀ। ਪਰ ਰਾਓ ਨੂੰ ਬਹੁਤਾ ਕੁਝ ਘਰ ਹੀ ਬੈਠਿਆਂ ਨੇ ਸਿਖਾ ਦਿੱਤਾ ਸੀ। ‘ਨ੍ਹੋ ਰਾਓ’, ‘ਯੈੱਸ ਬੇਬੀ’, ਗੁੱਡ ਬੋਆਏ’, ‘ਗਿਵ ਮੀ ਪੌਅ’, ‘ਇਨ ਯੂਅਰ ਬੈੱਡ’, ‘ਇੱਟਸ ਯੋਅਰ’, ‘ਬੈਡ ਬੋਆਏ’, ‘ਕਮ ਔਨ’, ‘ਡਾਊਨ’, ‘ਅੱਪ’, ਇਸ ਤੋਂ ਵੀ ਜ਼ਿਆਦਾ ਉਸ ਨੂੰ ਕਾਫ਼ੀ ਕੁਝ ਸਿਖਾ ਦਿੱਤਾ ਸੀ।

ਰਾਓ ਦੇ ਟਰੇਨਿੰਗ ‘ਤੇ ਜਾਣ ਬਾਅਦ ਘਰ ਵਿੱਚ ਹਰ ਰੋਜ਼ ਉਸ ਦਾ ਜ਼ਿਕਰ ਹੋ ਜਾਂਦਾ ਸੀ। ਉਸ ਨੇ ਵੀ ਸਾਨੂੰ ਇੰਨਾਂ ਹੀ ÷ਮਿੱਸ÷ ਕੀਤਾ ਸੀ। ਜਿਸ ਦਿਨ ਉਸ ਨੂੰ ਲੈਣ ਗਏ ਤਾਂ ਉਸ ਨੇ ਲਿਪਟ-ਲਿਪਟ ਕੇ ਬਹੁਤ ਬੈਚੇਨੀ ਵਿਖਾਈ। ਨਿੱਕੀਆਂ-ਨਿੱਕੀਆਂ ਦੰਦੀਆਂ ਮਾਰ ਕੇ ਰੋਸਾ ਵੀ ਵਿਖਾਇਆ ਕਿ ਘਰੋਂ ਦੂਰ ਕਿਉਂ ਕੀਤਾ ਸੀ? ਭਤੀਜੀ ਚਲੀ ਗਈ ਤੇ ਰਾਓ ਘਰ ਆ ਗਿਆ। ਮੈਨੂੰ ਯਾਦ ਹੈ ਸ਼ਾਇਦ ਇਤਨੇ ਖਿਡਾਉਣੇ ਮੈਂ ਬਚਪਨ ਵਿੱਚ ਆਪਣੇ ਬੱਚਿਆਂ ਨੂੰ ਨਹੀਂ ਸੀ ਲਿਆ ਕੇ ਦਿੱਤੇ ਹੋਣੇ, ਜਿੰਨੇ ਰਾਓ ਵਾਸਤੇ ਆਉਂਦੇ ਸੀ । ਰਾਓ ਨੂੰ ਵੀ ਜਿਵੇਂ ਆਪਣੇ ਖਿਡਾਉਣੇ ਪਤਾ ਸੀ। ਘਰ ਵਿੱਚ ਹੋਰ ਵੀ ਬਹੁਤ ਕੁਝ ਸੀ, ਪਰ ਉਹ ਆਪਣੇ ਹੀ ਖਿਡਾਉਣੇ ਟੋਕਰੀ ਵਿੱਚੋਂ ਕੱਢਦਾ ਅਤੇ ਕਿਸੇ ਖਰੂਦੀ ਬੱਚੇ ਵਾਂਗ ਪਾੜ, ਖੇਡ ਕੇ ਖਿਲਾਰ ਦਿੰਦਾ। ਜਦ ਮੈਂ ਬੇਟੇ ਨੂੰ ਕਿਹਾ ਕਿ ਕੁੱਤੇ ਨੇ ਤੇ ਖਿਡਾਉਣੇ ਪਾੜ ਕੇ ਲੀਰੋ-ਲੀਰ ਹੀ ਕਰ ਦੇਣੇ ਹਨ, ਫੇਰ ਕਿਉਂ ਲਿਆਉਂਦੇ ਹੋ? ਵਾਧੂ ਦਾ ਖਿਲਾਰਾ ਹੀ ਪੈਂਦਾ ਹੈ।

“ਮੰਮ, ਕੁੱਤੇ ਵੀ ਖੇਡ ਕੇ ਆਨੰਦ ਲੈਂਦੇ ਨੇ, ਇਹਨਾਂ ਦੇ ਵਿਕਾਸ ਲਈ ਜ਼ਰੂਰੀ ਹੈ, ਨਹੀਂ ਤੇ ਘਰ ਵਿੱਚ ਕੁਝ ਹੋਰ ਪਾੜ-ਝੀੜ ਕਰੂਗਾ!” ਬੇਟੇ ਨੇ ਮੇਰੇ ਸਵਾਲ ਦਾ ਸਪੱਸ਼ਟੀਕਰਣ ਦਿੱਤਾ। ਲੱਕੀ ਦੀ ਇੱਕ ਪੁਰਾਣੀ ਘਟਨਾ ਦੀ ਘੰਟੀ ਜਿਵੇਂ ਦਿਮਾਗ ਵਿੱਚ ਵੱਜ ਗਈ, “ਆਹ ਕੀ ਕੀਤਾ….?” ਕਹਿੰਦੇ ਹੋਏ ਮੈਂ ਦੋ-ਚਾਰ ਲੱਕੀ ਦੇ ਛੱਡਦੇ ਹੋਏ ਜੁਰਾਬ ਉਸ ਦੇ ਮੂੰਹ ‘ਚੋਂ ਖਿੱਚਣ ਲੱਗ ਪਈ। ਉਸ ਦਾ ਤਕਰੀਬਨ ਰੋਜ਼ ਦਾ ਹੀ ਕੰਮ ਹੋ ਗਿਆ ਸੀ ਕੱਪੜੇ ਪਾੜਨਾ, ਜੋ ਮੈਂ ਧੋ ਕੇ ਸੁਕਾਉਣ ਲਈ ਛੱਤ ‘ਤੇ ਪਾ ਕੇ ਆਉਂਦੀ ਸੀ। ਉਸ ਦੀਆਂ ਅਜਿਹੀਆਂ ਗਲਤੀਆਂ ਕਾਰਨ ਉਸ ਨੂੰ ਰੋਜ਼ ਹੀ ਮਾਰ ਪੈਦੀਂ। ਮੈਨੂੰ ਤਾਂ ਸਮਝ ਨਹੀਂ ਆਈ, ਪਰ ਲੱਕੀ ਮਾਰ ਤੋਂ ਬਚਣ ਵਾਸਤੇ ਸਮਝ ਗਿਆ ਸੀ ਕਿ ਹੁਣ ਘਰ ਦੇ ਕੱਪੜੇ ਨਹੀ ਪਾੜਨੇ। ਉਹ ਨਾਲ ਲੱਗਦਿਆਂ ਘਰਾਂ ਤੋਂ ਕੱਪੜੇ ਚੁੱਕ ਦੰਦੀਆਂ ਨਾਲ ਪਾੜ ਦਿੰਦਾ। ਪਰੰਤੂ ਥੋੜ੍ਹਾ ਸਿਆਣਾ ਹੋਣ ‘ਤੇ ਸਭ ਨੁਕਸਾਨ ਕਰਨੇ ਛੱਡ ਗਿਆ ਸੀ। ……ਪਰ ਇਤਨੀ ਪੁਰਾਣੀ ਘਟਨਾ ਨੂੰ ਰਾਓ ਦੀਆਂ ਆਦਤਾਂ ਨੇ ਜੀਵਤ ਕਰ ਦਿੱਤਾ। ਰਾਓ ਨੂੰ ਪਾਲਦੇ ਹੋਏ ਮੈਂ ਬਹੁਤ ਵਾਰੀ ਲੱਕੀ ਵਾਸਤੇ ਕਿਤੇ ਆਪਣੇ ਵਿਵਹਾਰ ਵਾਸਤੇ ਸ਼ਰਮਿੰਦਾ ਹੋਈ ਅਤੇ ਉਸ ਪਾਕਿ ਰੂਹ ਤੋਂ ਹੱਥ ਜੋੜ ਮੁਆਫ਼ੀ ਵੀ ਮੰਗੀ, ਅਤੇ ਆਪਣੇ ਮਨ ਵਿੱਚ ਪ੍ਰਣ ਵੀ ਕੀਤਾ ਕਿ ਰਾਓ ਨੂੰ ਪੂਰਾ ਪਿਆਰ ਦੇ ਕੇ ਪਾਛਚਾਤਾਪ ਕਰੂੰਗੀ।

ਘਰ ਛੋਟਾ ਹੋਣ ਕਰਕੇ ਜਿੰਨੀਆਂ ਮੁਸ਼ਕਲਾਂ ਕੁੱਤੇ ਕਰਕੇ ਸਾਨੂੰ ਹੋ ਰਹੀਆਂ ਸੀ, ਸ਼ਾਇਦ ਉਸ ਨੂੰ ਵੀ ਓਨਾਂ ਹੀ ਔਖਾ ਹੁੰਦਾ ਸੀ । ਉਸ ਦੇ ਤੁਰਨ ਫ਼ਿਰਨ ਅਤੇ ਖੇਡਣ ਕੁੱਦਣ ਵਾਸਤੇ ਥਾਂ ਬਹੁਤ ਘੱਟ ਸੀ। ਪਰ ਰੱਬ ਕਿਤੇ ਸਾਡੀ ਪਰੇਸ਼ਾਨੀ ਨੂੰ ਸਮਝ ਰਿਹਾ ਸੀ। ਇੱਕ ਸਾਲ ਵਿੱਚ ਅਸੀਂ ਆਪਣਾ ਵੱਡਾ ਘਰ ਲੈ ਲਿਆ। ਰਾਓ ਦਾ ਜਨਮ ਦਿਨ ਨਵੇਂ ਘਰ ਵਿੱਚ ਕੇਕ ਕੱਟ ਕੇ ਮਨਾਇਆ ਗਿਆ। ਦੋਸਤ ਬੁਲਾਏ ਗਏ ਤੇ ਪਾਰਟੀ ਦਿੱਤੀ ਗਈ। ਹੁਣ ਰਾਓ ਕੋਲ ਖੇਡਣ ਵਾਸਤੇ ਖੁੱਲ੍ਹੀ ਡੁੱਲ੍ਹੀ ਥਾਂ ਸੀ। ਗਾਰਡਨ ਸੀ, ਇਸ ਲਈ ÷ਨਿੱਤ ਕਰਮ÷ ਵਾਸਤੇ ਹੁਣ ਉਸ ਨੂੰ ਕੁਝ ਕੰਟਰੋਲ ਨਹੀਂ ਸੀ ਕਰਨਾ ਪੈਂਦਾ। ਦਿਨ ਵਿੱਚ ਕਈ ਵਾਰ ਗਾਰਡਨ ਵਿੱਚ ਜਾਂਦਾ। ਘਰ ਦੇ ਕੋਲ ਬਹੁਤ ਵੱਡੇ ਵਿਸ਼ਾਲ ਪਾਰਕ ਸਨ, ਓਥੇ ਦੌੜ ਲੁਆਉਣ ਲੈ ਜਾਂਦੇ। ਰਾਓ ਦੀ ਚੜ੍ਹਦੀ ਉਮਰ ਕਰਕੇ ਉਸ ਨੂੰ ਵਿਸ਼ੇਸ਼ ਖੁਰਾਕ ਵਿੱਚ ਅੰਡੇ ਅਤੇ ਮੀਟ ਉਬਾਲ ਕੇ ਦਿੱਤਾ ਜਾਂਦਾ।

“ਰਾਓ ਨੂੰ ਹੱਡੀਆਂ ਨਹੀਂ ਦੇਣੀਆਂ!” ਮੈਨੂੰ ਬੇਟੇ ਤੋਂ ਨਿਰਦੇਸ਼ ਮਿਲਿਆ ਅਤੇ ਨਾਲ ਹੀ ਮੀਟ ਦੀਆਂ ਚੰਗੀ ਤਰ੍ਹਾਂ ਚੂਸੀਆਂ ਹੱਡੀਆਂ ਨੂੰ ਵੀ ਲੱਕੀ ਬਹੁਤ ਲਲਚਾਈਆਂ ਅੱਖਾਂ ਨਾਲ ਵੇਖ ਉਸ ਨੂੰ ਪਾਉਣ ਦਾ ਬੇਸਬਰੀ ਨਾਲ ਇੰਤਜ਼ਾਰ ਕਰਦਾ, ਮੈਨੂੰ ਰਾਓ ਦਾ ਯੋਜਨਾ-ਬੱਧੀ ਖਾਣਾ ਬਣਾਉਂਦਿਆਂ ਲੱਕੀ ਦੀ ਮਾਸੂਮੀਅਤ ਯਾਦ ਆ ਗਈ।

ਇਸੇ ਸਾਲ ਸਾਰੇ ਪਰਿਵਾਰ ਨੂੰ ਇੰਡੀਆ ਜਾਣਾ ਪੈ ਗਿਆ।

ਰਾਓ ਜੀ ਵਾਸਤੇ ਜਹਾਜ ਦੀ ਟਿਕਟ ਬੁੱਕ ਕਰਨ ਵਾਸਤੇ ਪੁੱਛਿਆ ਤਾਂ ਪਤਾ ਚੱਲਿਆ ਕਿ ਇੰਡੀਆ ਦਾ ਵਾਤਾਵਰਣ ਗਰਮ ਹੋਣ ਕਰਕੇ ‘ਸਾਇਬੇਰਿਅਨ ਹੱਸਕੀ’ ਨੂੰ ਲੈ ਜਾਣ ਦੀ ਇਜਾਜ਼ਤ ਨਹੀਂ ਹੈ, ਜਾਂ ਫ਼ਿਰ  ਇੱਕ ਲੰਬੀ ਪ੍ਰਗਤੀ ਅਤੇ ਪ੍ਰਕਿਰਿਆ ਵਿੱਚ ਦੀ ਗੁਜ਼ਰਨਾ ਪੈਣਾ ਹੈ। ਖ਼ੈਰ, ਰਾਓ ਵਾਸਤੇ ਇੱਕ ਹੋਰ ਟਰੇਨਿੰਗ ਦੀ ਬੁੱਕਿੰਗ ਹੋ ਗਈ। ਇਸ ਵਾਰ ਦੀ ਬੁੱਕਿੰਗ ਬਹੁਤ ਮਹਿੰਗੀ ਸੀ। ਕੰਪਨੀ ਨੇ ਬਹੁਤ ਸਾਰੇ ਵੀਡੀਓ ਵਿਖਾ ਕੇ ਬਹੁਤ ਕੁਝ ਸਿਖਾਉਣ ਦਾ ਵਾਅਦਾ ਕੀਤਾ। ਸਾਨੂੰ ਵੀ ਲੱਗਿਆ ਕਿ ਇਸ ਟਰੇਨਿੰਗ ਤੋਂ ਬਾਅਦ ਰਾਓ ਜਿਵੇਂ ਕੋਈ “ਬੁੱਧੀਜੀਵੀ” ਹੀ ਬਣ ਜਾਵੇਗਾ।

ਪਰੰਤੂ ਹੋਰ ਕੋਈ ਚਾਰਾ ਨਹੀ ਸੀ ।

ਰਾਓ ਟਰੇਨਿੰਗ ਉਪਰ ਗਿਆ ਅਤੇ ਅਸੀਂ ਇੰਡੀਆ ਚਲੇ ਗਏ।

ਇੱਕ ਮਹੀਨੇ ਬਾਦ ਰਾਓ ਨੂੰ ਵਾਪਿਸ ਲਿਆਂਦਾ ਗਿਆ। ਪਰ ਉਸ ਵਿੱਚ ਕੁਝ ਵੀ ਤਬਦੀਲੀ ਨਹੀਂ ਸੀ। ਸ਼ਾਇਦ ਰਾਓ ਜ਼ਿਆਦਾ ਹੀ ਸਮਝਦਾਰ ਸੀ ਅਤੇ ਸਮਝ ਗਿਆ ਸੀ ਕਿ ਟਰੇਨਿੰਗ ‘ਤੇ ਕੁਝ ਨਾ ਸਿਖਣ ਵਿੱਚ ਹੀ ਫ਼ਾਇਦਾ ਹੈ, ਨਹੀਂ ਤਾਂ ਵਾਰ-ਵਾਰ ਘਰੋਂ ਦੂਰ ਰਹਿਣਾ ਪਵੇਗਾ। ਸ਼ਾਇਦ ਉਹਨਾਂ ਨੇ ਉਸ ਨੂੰ ਪਿੰਜਰੇ-ਨੁਮਾਂ ਕੈਦ ਵਿੱਚ ਰੱਖਿਆ ਸੀ, ਅਤੇ ਅਜ਼ਾਦ ਹੋਣ ਦੇ ਮਕਸਦ ਨਾਲ ਪਿੰਜਰਾ ਟੁੱਕਦੇ ਦਾ ਉਸ ਦਾ ਇੱਕ ਦੰਦ ਅੱਧਾ ਟੁੱਟ ਗਿਆ ਸੀ। ਜਿਸ ਦਾ ਸਾਨੂੰ ਬਹੁਤ ਅਫ਼ਸੋਸ ਰਹੇਗਾ।

ਮੈਂ ਇੰਡੀਆ ਇੱਕ ਮਹੀਨਾ ਜ਼ਿਆਦਾ ਰਹੀ। ਪਿੱਛੋਂ ਬੱਚਿਆਂ ਨੂੰ ਰਾਓ ਰੱਖਣਾ ਬਹੁਤ ਔਖਾ ਹੋ ਗਿਆ ਸੀ। ਮੇਰੇ ਵਾਪਿਸ ਆਉਣ ‘ਤੇ ਬੱਚਿਆਂ ਨੇ ਸੁਖ ਦਾ ਸਾਹ ਲਿਆ। ਮੈਂ ਨਵੀਂ ਜੌਬ ਲੱਭ ਰਹੀ ਸੀ। ਘਰ ਵੱਡਾ ਹੋਣ ਕਰਕੇ ਕੰਮ ਜ਼ਿਆਦਾ ਹੋ ਗਿਆ ਅਤੇ ਜੌਬ ਨਾ ਹੋਣ ਕਰਕੇ ਰਾਓ ਦੀ ਹਰ ਰੋਜ਼ ਦੇ ਸਾਰੇ ਕੰਮਾਂ ਦੇ ਨਾਲ-ਨਾਲ ਉਸ ਦੀ ਦੀ ਸੈਰ, ਸੈਂਪੂ, ਕੰਘੀ ਮੇਰੇ ਹਿੱਸੇ ਆ ਗਈ।

ਜਸ਼ਨ ਦੇ ਘਰ ਆਉਂਦਿਆਂ ਹੀ ਰਾਓ ਨੂੰ ਕਹਿੰਦਾ, “ਆਈ ਕਾਂਟ ਸੀ ਮਾਈ ਰਾਓ…..!” ਜਵਾਬ ਵਿਚ ਰਾਓ ਲੰਬਾ ਜਿਹਾ ਭੌਂਕ ਕੇ ਹੁੰਗਾਰਾ ਭਰਨ ਲੱਗ ਪੈਂਦਾ। ਅਮਨ ਕੋਲ ਰੱਸੀ ਚੁੱਕ ਕੇ ਲੈ ਕੇ ਆਉਂਦਾ ਅਤੇ ਆਪਣੇ ਨਾਲ ਖੇਡਣ ਲਈ ਖਿੱਚਦਾ। ਰਾਓ ਆਪਣੀ ਮੌਜੂਦਗੀ ਦਾ ਪ੍ਰਮਾਣ ਉਹਨਾਂ ਨੂੰ ਦਿੰਦਾ ਸੀ। ਮੈਂ ਤੇ ਰਾਓ ਜ਼ਿਆਦਾ ਸਮਾਂ ਇਕੱਠੇ ਰਹਿਣ ਕਰਕੇ ਇੱਕ ਦੂਜੇ ਦਾ ਜ਼ਿਆਦਾ ਮੋਹ ਕਰਨ ਲੱਗ ਪਏ ਸੀ। ਮੈਂ ਰਸੋਈ, ਗਾਰਡਨ ਜਾਂ ਕਿਤੇ ਵੀ ਹੋਣਾ, ਰਾਓ ਨੇ ਮੇਰੇ ਨਜ਼ਦੀਕ ਬੈਠ ਜਾਣਾ। ਮੈਨੂੰ ਸਮਝ ਆ ਗਿਆ ਕਿ ਪਿਆਰ ਨੂੰ ਭਾਸ਼ਾ ਦੀ ਕੋਈ ਲੋੜ ਨਹੀਂ ਹੁੰਦੀ। ਮੋਹ ਮਮਤਾ ਦੇ ਧਾਗੇ ਸਾਨੂੰ ਦੋਹਾਂ ਨੂੰ ਬੰਨ੍ਹੀ ਬੈਠੇ ਸਨ।

ਅਚਾਨਕ ਜ਼ਿੰਦਗੀ ਨੇ ਇੱਕ ਹੋਰ ਪਲਟਾ ਮਾਰਿਆ। ਜਸ਼ਨ ਨੂੰ ਕੁੱਤੇ ਦੇ ਵਾਲਾਂ ਤੋਂ ਕੁਝ “ਐਲਰਜੀ” ਹੋ ਗਈ। ਉਹ ਹੁਣ ਰਾਓ ਨੂੰ ਬਹੁਤ ਘੱਟ ਟਾਈਮ ਦਿੰਦਾ। ਅਮਨ ਵੀ ਲੰਮੀਆਂ ਸ਼ਿਫਟਾਂ ਕਰਕੇ ਕੰਮ ਤੋਂ ਬਹੁਤ ਥੱਕਿਆ ਮਹਿਸੂਸ ਕਰਦਾ। ਮੈਂ ਤਿੰਨ ਦਿਨ ਰਾਓ ਨਾਲ ਸੈਰ ‘ਤੇ ਜਾਂਦੀ। ਬਾਕੀ ਦਿਨਾਂ ਵਿੱਚ ਬੱਚਿਆਂ ਤੋਂ ਉਮੀਦ ਕਰਦੀ। ਪਰ ਗੱਲ ਬਣ ਨਹੀ ਸੀ ਰਹੀ। ਬੱਚਿਆਂ ਨੇ ਜ਼ਿਦ ਕਰਕੇ ਰਾਓ ਲੈ ਤਾਂ ਜ਼ਰੂਰ ਲਿਆ ਸੀ, ਪਰ ਕਿੰਨੀਆਂ ਜਿੰਥਮੇਵਾਰੀਆਂ ਹੋਰ ਵੀ ਉਸ ਨਾਲ ਜੁੜ ਜਾਣਗੀਆਂ, ਉਸ ਦਾ ਅਹਿਸਾਸ ਰਾਓ ਦੇ ਆਉਣ ਤੋਂ ਬਾਅਦ ਹੋਇਆ। ਮੈਂ ਵੀ ਜੌਬ ਕਰਨ ਨੂੰ ਕਾਹਲੀ ਪੈ ਰਹੀ ਸੀ, ਜਾਂ ਸ਼ਾਇਦ ਘਰ ਵਿਹਲੀ ਰਹਿ ਕੇ ਅੱਕ ਗਈ ਸੀ।

ਮੇਰੀ ਮਾਨਸਿਕ ਹਾਲਤ ਓਦੋਂ ਹੋਰ ਖਰਾਬ ਹੋ ਗਈ, ਜਦੋਂ ਪਤਾ ਲੱਗਿਆ ਕਿ ਮੇਰੀ ਬਿਰਧ ਮਾਂ ਕੈਂਸਰ ਗ੍ਰਸਤ ਹੋ ਗਈ ਹੈ। ਮੈਂ ਇੰਡੀਆ ਜਾਣ ਬਾਰੇ ਸੋਚਣ ਲੱਗ ਪਈ। ਮਾਂ-ਪਿਉ ਦੇ ਜਿਉਂਦੇ ਜੀਅ ਉਹਨਾਂ ਦੇ ਪਿਆਰ ਨੂੰ ਜਿੰਨਾਂ ਮਾਣਿਆ ਜਾਏ, ਤਾਂ ਜ਼ਰੂਰ ਮਾਨਣਾ ਚਾਹੀਦਾ। ਮਜਬੂਰੀਆਂ ਤਾਂ ਜ਼ਿੰਦਗੀ  ਦੇ ਹਰ ਮੋੜ ‘ਤੇ ਕਿਸੇ ਨਾ ਕਿਸੇ ਰੂਪ ਵਿੱਚ ਮੀਲ ਪੱਥਰ ਵਾਂਗ ਖੜ੍ਹੀਆਂ ਹੀ ਰਹਿੰਦੀਆਂ ਹਨ। ਮੇਰੇ ਪਾਪਾ ਜਦ ਇਸ ਦੁਨੀਆਂ ਤੋਂ ਰੁਖ਼ਸਤ ਹੋਏ ਸੀ, ਉਸ ਵੇਲੇ ਮੈਂ ਵਿਦੇਸ਼ ਵਿੱਚ ਪੱਕੀ ਨਹੀਂ ਸੀ ਹੋਈ ਅਤੇ ਮੈਨੂੰ ਆਪਣੇ ਦੋ ਬੇਟਿਆਂ ਦੇ ਭਵਿੱਖ ਦਾ ਵੀ ਬਹੁਤ ਫ਼ਿਕਰ ਸੀ, ਇਸ ਲਈ ਪਿਤਾ ਜੀ ਦੇ ਆਖਰੀ ਦਰਸ਼ਣ ਨਹੀਂ ਸੀ ਕਰ ਸਕੀਂ, ਜਿਸ ਦਾ ਮਲਾਲ ਅੱਜ ਵੀ ਹੁੰਦਾ ਹੈ। ਕਈ ਵਾਰ ਸਾਡੀਆਂ ਮਜਬੂਰੀਆਂ ਸਾਡੇ ਫ਼ਰਜ਼ ਤੋਂ ਜ਼ਿਆਦਾ ਵੱਡੀਆਂ ਹੋ ਜਾਂਦੀਆਂ ਹਨ। ਪਰ ਮੈਂ ਮਾਂ ਨੂੰ ਗਲਵਕੜੀ ਵਿੱਚ ਲੈ ਲੈਣਾ ਚਾਹੁੰਦੀ ਸੀ, ਜਿਵੇਂ ਮੇਰੇ ਬਿਮਾਰ ਹੋਣ ‘ਤੇ ਮਾਂ ਮੈਨੂੰ ਗੋਦ ਵਿੱਚ ਲੈ ਕੇ ਰਾਤਾਂ ਨੂੰ ਜਾਗਦੀ ਰਹਿੰਦੀ ਸੀ। ਸੋਚ ਵਿਚਾਰ ਤੋਂ ਬਾਅਦ ਮੈਂ ਤਿੰਨ ਮਹੀਨੇ ਦੀ ਟਿਕਟ ਬੁੱਕ ਕਰਵਾ ਲਈ।

ਹੁਣ ਰਾਓ ਇੱਕ ਸਵਾਲ ਬਣ ਰਿਹਾ ਸੀ।

ਅਣਮੰਨੇ ਮਨ ਨਾਲ ਰਾਓ ਨੂੰ ÷ਰੀਹੋਮ÷ ਕਰਵਾਉਣ ਲਈ ਕਾਰਵਾਈ ਸ਼ੁਰੂ ਹੋ ਗਈ। “ਡੌਗ ਟਰੱਸਟ” ਵਾਲਿਆਂ ਨਾਲ ਵਿਚਾਰ ਵਟਾਂਦਰਾ ਸ਼ੁਰੂ ਹੋ ਗਿਆ ਅਤੇ ਇੱਕ ਸਥਾਨਕ “ਡੌਗ ਟਰੱਸਟ” ਨਾਲ ਗੱਲ ਨਿਬੜ ਗਈ।

……ਫ਼ੋਨ ਤੋਂ ਫ਼ਾਰਿਗ ਹੋ ਕੇ ਜਸ਼ਨ ਨੇ ਦੱਸਿਆ ਕਿ ਦੋ ਹਫ਼ਤੇ ਬਾਅਦ ਰਾਓ ਚਲਿਆ ਜਾਵੇਗਾ। ਮੇਰੇ ਕੋਲ ਕੋਈ ਉੱਤਰ ਜਾਂ ਇਸ ਦਾ ਕੋਈ ਬਦਲ ਨਹੀਂ ਸੀ। ਮੈਂ ਰਾਓ ਨੂੰ ਜੱਫ਼ੀ ਵਿੱਚ ਲੈ ਲਿਆ ਅਤੇ ਹੰਝੂਆਂ ਦਾ ਹੜ੍ਹ ਖੁੱਲ੍ਹ ਗਿਆ। ਉਸ ਦੇ ਅਗਲੇ ਪੌਂਚਿਆਂ ਨੂੰ ਹੱਥਾਂ ‘ਚ ਫ਼ੜੀ, ਮੈਂ ਕਮਲੀ ਹੋਈ, ਮੁਆਫ਼ੀਆਂ ਮੰਗੀ ਜਾ ਰਹੀ ਸੀ। ਹੱਥੀਂ ਪਾਲੇ ਰਾਓ ਦੇ ਮੈਂ ਇੱਕ ਤਰ੍ਹਾਂ ਨਾਲ ਪੈਰੀਂ ਡਿੱਗੀ ਹੋਈ ਸੀ। ਇਨਸਾਨ ਕਿੰਨੀਆਂ ਮਜਬੂਰੀਆਂ ਤੇ ਬੰਧਨਾਂ ਵਾਲਾ ਜੀਵਨ ਜਿਉਂਦਾ ਹੈ। ਰਾਓ ਮੈਨੂੰ ਮੁਆਫ਼ ਕਰ ਦੇਈਂ, ਮੈਂ ਬੇਵੱਸ ਹਾਂ……! ਮੈਨੂੰ ਮੁਆਫ਼ ਕਰੀਂ ਮੇਰੇ ਬੱਚੇ, ਮੈਂ ਮਜਬੂਰ ਹਾਂ….! ਅੰਦਰੋਂ ਕੁਰਲਾਉਂਦੀ ਹੋਈ ਕਦੇ ਮੈਂ ਉਸ ਦੇ ਪੌਂਚੇ ਫ਼ੜ ਕੇ ਮੁਆਫ਼ੀ ਲਈ ਅਰਜੋਈਆਂ ਕਰਦੀ ਹੋਈ, ਕਿਤੇ ਨਾ ਕਿਤੇ ਲੱਕੀ ਨਾਲ ਹੋਏ ਵਿਵਹਾਰ ‘ਤੇ ਸ਼ਰਮਿੰਦਾ ਸੀ, ਇਸ ਲਈ ਕਦੇ ਬੇਚੈਨ ਹੋ ਉਸ ਨੂੰ ਗਲਵਕੜੀ ਪਾਉਂਦੀ।  ਸ਼ਾਇਦ ਰਾਓ ਪੈਣ ਵਾਲੇ ਇਸ ਵਿਛੋੜੇ ਤੋਂ ਬਿਲਕੁਲ ਅਣਜਾਣ ਸੀ।

ਮੇਰੇ ਮਨ ਵਿੱਚ ਆਇਆ ਕਿ ਆਂਦਰਿਆ ਵੀ ਰਾਓ ਨੂੰ ਮਿਲ ਲਵੇ, ਇਸ ਲਈ ਬੇਟੇ ਨੂੰ ਪੁੱਛਿਆ ਕਿ ਕਿੰਨੇ ਦਿਨਾਂ ਤੋਂ ਆਂਦਰਿਆ ਨਹੀ ਆਈ, ਉਸ ਨੂੰ ਵੀ ਦੱਸ ਦਿਓ ਕਿ ਰਾਓ ਜਾ ਰਿਹਾ ਹੈ, ਆ ਕੇ ਮਿਲ ਲਵੇ? ਅਮਨ ਨੇ ਦੱਸਿਆ ਕਿ ਜਦ ਆਂਦਰਿਆ ਨੂੰ ਦੱਸਿਆ ਕਿ ਰਾਓ ਨੂੰ “ਰੀਹੋਮ” ਕਰਵਾਉਣ ਦੀ ਸੋਚ ਰਹੇ ਹਾਂ ਤਾਂ ਉਹ ਬੋਲੀ, “ਤੁਸੀ ਉਸ ਨੂੰ ਕਿਵੇਂ ਛੱਡ ਸਕਦੇ ਹੋ, ਉਹ ਤੁਹਾਡਾ ਬੱਚਾ ਹੈ, ਪਰਿਵਾਰ ਦਾ ਹਿੱਸਾ ਹੈ, ਕੀ ਤੁਸੀਂ ਆਪਣਾ ਬੱਚਾ ਛੱਡ ਸਕਦੇ ਹੋ??  ਮੈਂ ਝੋਲੀ ਅੱਡ ਕੇ ਉਹਦੇ ਲਈ ਭੀਖ ਮੰਗਦੀ ਹਾਂ, ਪਲੀਜ਼ ਇੰਜ ਨਾ ਕਰਿਓ, ਵਰਨਾ ਮੈਂ ਮੁੜ ਓਸ ਘਰ ‘ਚ ਨਹੀਂ ਆਉਣਾ, ਜਿੱਥੇ ਰਾਓ ਨਾਲ ਖੇਡਦੀ ਰਹੀ ਹਾਂ, ਉਸ ਦੀ ਜ਼ੁਦਾਈ ਮੈਂ ਸਹਿ ਨਹੀ ਸਕਾਂਗੀਂ।” ਇਸ ਤੋਂ ਇਲਾਵਾ ਉਸ ਨੇ ਹੋਰ ਵੀ ਬਹੁਤ ਕੁਝ ਕਿਹਾ। ਅਰਜੋਈ ਵੀ ਕੀਤੀ, ਖੂਬ ਰੋਈ ਵੀ, ਵਿਛੋੜੇ ਦਾ ਅਹਿਸਾਸ ਕਰ ਕੇ ਕੁਰਲਾਈ ਵੀ, ਅਤੇ ਫ਼ੇਰ ਮੁੜ ਕੇ ਕਦੇ ਸਾਡੇ ਘਰ ਨਹੀ ਆਈ। ਹੁਣ ਮੈਨੂੰ ਕੁੱਤਿਆਂ ਦਾ ਆਹ ਗੁਣ ਯਾਦ ਆ ਗਿਆ ਕਿ ਕੁੱਤੇ ਸੁੰਘ ਕੇ ਇਨਸਾਨ ਨੂੰ ਪਛਾਣ ਲੈਂਦੇ ਹਨ। ਰਾਓ ਦਾ ਇਸ ਕੁੜੀ ਨਾਲ ਇਤਨੇ ਜ਼ਿਆਦਾ ਪਿਆਰ ਦਾ ਕਾਰਣ ਵੀ ਸਮਝ ਆ ਰਿਹਾ ਸੀ।

ਹੁਣ ਮੈਂ ਕੁਝ ਵੀ ਕਰਦੀ ਦਾ ਦਿਮਾਗ ਰਾਓ ਵਿੱਚ ਹੀ ਲੱਗਿਆ ਰਹਿੰਦਾ ਹੈ।

ਆਖਰ ਉਹ ਦਿਨ ਵੀ ਆ ਗਿਆ, ਜਦ ਜਸ਼ਨ ਨੇ ਕਿਹਾ, “ਮੰਮ, ਦੋ ਘੰਟੇ ਤੱਕ ਜਾਣਾ ਹੈ, ਰਾਓ ਦਾ ਸਮਾਨ ਪੈਕ ਕਰ ਦਿਓ!” ਅਮਨ ਕੰਮ ‘ਤੇ ਸੀ। ਪਰ ਸਾਡੇ ਨਾਲ ਲਗਾਤਾਰ ਫ਼ੋਨ ‘ਤੇ ਸੀ। ਉਸ ਦਾ ਕੰਮ ‘ਤੇ ਉਕਾ ਹੀ ਮਨ ਨਹੀਂ ਸੀ ਲੱਗ ਰਿਹਾ। ਸਵੇਰੇ ਰਾਓ ਨਾਲ ਲਿਪਟ ਕੇ, ਰੋ ਕੇ ਗਿਆ ਸੀ। ਮੈਂ ਭਾਰੀ ਮਨ ਨਾਲ ਰਾਓ ਦਾ ਸਾਰਾ ਸਮਾਨ ਬੰਨ੍ਹਣ ਲੱਗ ਪਈ। ਹਿਰਦੇ ਅੰਦਰੋਂ ਹੰਝੂਆਂ ਦੇ ਦਰਿਆ ਚੱਲ ਪਏ ਸਨ।

“ਪੰਜ ਵੱਡੇ ਡੱਬੇ ਪੈਕ ਕਰ ਦਿੱਤੇ ਰਾਓ ਦੇ ਦਾਜ ਦੇ!” ਮੈਂ ਆਖਿਆ ਅਤੇ ਆਖਰੀ ਵਾਰ ਰਾਓ ਨੂੰ ਪਾਰਕ ਲੈ ਗਈ। ਘੜ੍ਹੀ ਮੁੜੀ ਮੈਂ ਉਸ ਨੂੰ ਕੁਝ ਨਾ ਕੁਝ ਖਾਣ ਨੂੰ ਦੇ ਰਹੀ ਸੀ, ਪਤਾ ਨਹੀਂ ਸ਼ਾਇਦ ਮਨ ਨੂੰ ਸਮਝਾ ਰਹੀ ਸੀ।  ਉਸ ਨੂੰ ਦੇਖ-ਦੇਖ ਮੈਂ ਲਗਾਤਾਰ ਜਾਰੋ-ਜਾਰ ਰੋ ਰਹੀ ਸੀ। ਪਰ ਰਾਓ ਹਰ ਪਾਸਿਓਂ ਬੇਖ਼ਬਰ ਸੀ। ਉਹ ਆਮ ਵਾਂਗ ਹੀ ਨੱਚ-ਟੱਪ ਰਿਹਾ ਸੀ। ਉੁਸ ਮਾਸੂਮ ਨੂੰ ਕੀ ਪਤਾ ਸੀ ਕਿ ਵਿਛੜਨ ਦੀਆਂ ਘੜ੍ਹੀਆਂ ਦੁਸ਼ਮਣ ਦੀ ਫ਼ੌਜ ਵਾਂਗ ਮਾਰੋ-ਮਾਰ ਕਰਦੀਆਂ ਚੜ੍ਹੀਆਂ ਆ ਰਹੀਆਂ ਸਨ।

ਉਸ ਦਿਨ ਨਾ ਘਰ ਵਿੱਚ ਖਾਣਾ ਬਣਿਆਂ ਅਤੇ ਨਾ ਸਫ਼ਾਈ ਹੋਈ। ਇੱਕ ਆਖਰੀ ਵਾਰ ਰਾਓ ਨੂੰ ਖੇਡਣ ਲਈ ਮੈਂ ਇੱਕ ਨਵੀਂ ਗੇਂਦ ਦਿੱਤੀ ਅਤੇ ਉਸ ਨੂੰ ਕਿਹਾ, “ਲੈ ਬੇਟਾ, ਆਖਰੀ ਵਾਰ ਮੇਰੇ ਵਿਹੜ੍ਹੇ ਵਿੱਚ ਖੇਡ ਜਾ।” ਰਾਓ ਨੇ ਦੋਵੇਂ ਪੰਜਿਆਂ ਵਿੱਚ ਲੈ ਕੇ ਗੇਂਦ ਪਾੜਨੀ ਸ਼ੁਰੂ ਕਰ ਦਿੱਤੀ ਅਤੇ ਮੈਂ ਉਸ ਦੀ ਆਖਰੀ ਵੀਡੀਓ ਬਣਾ ਲਈ।

ਜਸ਼ਨ ਨੂੰ ਪੌੜੀਆਂ ਤੋਂ ਉਤਰਦੇ ਦੇਖ ਕੇ ਮੇਰਾ ਹੌਸਲਾ ਟੁੱਟਣ ਅਤੇ ਦਿਲ ਖੁੱਸਣ ਲੱਗ ਪਿਆ। ਰਾਓ ਨੂੰ ਜਿਵੇਂ ਹੀ ਗਲੇ ਦਾ ਪਟਾ ਪਾਇਆ, ਤਾਂ ਉਹ ਖੁਸ਼ੀ ਨਾਲ ਮਚਲਣ ਲੱਗ ਪਿਆ ਕਿ ਬਾਹਰ ਘੁੰਮਣ ਜਾਣਾ ਹੈ।  ਉਸ ਭੋਲ਼ੇ ਜੀਵ ਨੂੰ ਕੀ ਪਤਾ ਸੀ ਕਿ ਉਹ ਇਸ ਘਰ ਤੋਂ ਸਦਾ ਲਈ ਵਿੱਛੜ ਕੇ ਜਾ ਰਿਹਾ ਹੈ? ਇਹ ਘਰ ਉਸ ਲਈ ਸਦਾ ਲਈ ਪਰਾਇਆ ਹੋ ਰਿਹਾ ਹੈ? ਵੱਡਾ ਬੇਟਾ ਅਮਨ ਲਗਾਤਾਰ “ਵੀਡੀਓ ਕਾਲ” ‘ਤੇ ਸੀ। ਰਾਓ ਨੂੰ ਵਿਦਾਅ ਹੁੰਦੇ ਦੇਖਣਾ ਚਾਹੁੰਦਾ ਸੀ। ਮੈਂ ਰਾਓ ਦੀ ਨਵੀਂ ਖੁਸ਼ਹਾਲ ਜਿੰਦਗੀ ਅਤੇ ਉਜਲੇ ਭਵਿੱਖ ਵਾਸਤੇ ਦੁਆਵਾਂ ਮੰਗ ਰਹੀ ਸੀ।

ਰਾਓ ਖਾਮੋਸ਼ ਜਿਹਾ ਕਾਰ ਵਿਚ ਛਾਲ ਮਾਰ ਚੜ੍ਹ ਗਿਆ। ਅਗਰ ਕੋਈ ਇਨਸਾਨ ਦਾ ਬੱਚਾ ਹੁੰਦਾ, ਤਾਂ ਸੌ ਸੁਆਲ ਮੱਥੇ ਵਿੱਚ ਮਾਰਦਾ, “ਮੈਨੂੰ ਛੱਡਣਾ ਹੀ ਸੀ ਤਾਂ ਮੇਰੀ ਮਾਂ ਤੋਂ ਦੂਰ ਲਿਆਂਦਾ ਹੀ ਕਿਉਂ ਸੀ? ਕਿਉਂ ਐਨਾਂ ਪਿਆਰ ਪਾਇਆ ਸੀ? “ਅਡੌਪਟ” ਦਾ ਮਤਲਬ ਕੀ ਹੁੰਦਾ ਹੈ?? ਕਿਸੇ ਨੂੰ ਆਪਣੀ ਜ਼ਿੰਦਗੀ ਵਿੱਚ ਸ਼ਾਮਿਲ ਕਰਨਾ ਤੇ ਅੱਜ ਤੁਸੀਂ ਕਿਸ ਹੱਕ ਨਾਲ ਮੈਨੂੰ ਘਰੋਂ ਕੱਢ ਰਹੇ ਹੋ? ਇਨਸਾਨ ਦਾ ਬੱਚਾ ਹੁੰਦਾ ਤਾਂ ਬੁਰਾ ਭਲਾ ਵੀ ਆਖਦਾ ਅਤੇ ਚੀਕ ਚਿਹਾੜ੍ਹਾ ਵੀ ਪਾਉਂਦਾ। ਪਰੰਤੂ ਰਾਓ ਆਪਣੀ ਵਫ਼ਾਦਾਰੀ ਵਿੱਚ ਜ਼ਿਆਦਾ “ਸੱਚਾ” ਨਿਕਲਿਆ ਅਤੇ ਸਾਨੂੰ ਵਾਅਦਾ ਫ਼ਿਰੋਸ਼ੀ ਵਿੱਚ “ਝੂਠਾ” ਜਿਹਾ ਪਾਉਂਦਾ ਹੋਇਆ ਬੱਸ ਜਾਂਦੀ ਵਾਰ ਮੇਰੀ ਪਾਈ ਹੋਈ ਗਲਵਕੜੀ ਵੇਲੇ ਮੇਰੇ ਹੱਥ-ਪੈਰ ਚੱਟਦਾ ਰਿਹਾ। ਮੈਨੂੰ ਲੱਗ ਰਿਹਾ ਸੀ ਜਿਵੇਂ ਉਸ ਨੂੰ ਸਾਡੀਆਂ ਬੇਮਤਲਬ ਅਤੇ ਬੇਹੂਦੀਆਂ ਘੜ੍ਹੀਆਂ ਮਜਬੂਰੀਆਂ ਦੀ ਸਮਝ ਆ ਰਹੀ ਸੀ, ਪਰ ਉਸ ਨੇ ਕੁਝ ਵੀ ਜਤਾਉਣਾ ਨਹੀ ਚਾਹਿਆ, ਸ਼ਾਇਦ ਪੌਣੇ ਦੋ ਸਾਲ ਦੀ ਸੇਵਾ ਦਾ ਅਹਿਸਾਨ ਮੰਨ ਕੇ ਖਾਮੋਸ਼ੀ ਨਾਲ ਕਾਰ ‘ਚ ਬੈਠ ਗਿਆ। ਸਾਡਾ ਭਾਣਾ ਜਿਹਾ ਮੰਨ ਕੇ!

ਹਜ਼ਾਰਾਂ ਜਵਾਬਾਂ ਤੋਂ ਬਿਹਤਰ ਹੁੰਦੀ ਹੈ, ਖ਼ਾਮੋਸ਼ੀ! ਨਾ ਜਾਣੇ ਕਿੰਨੇ ਸੁਆਲਾਂ ਦੀ ਇੱਜ਼ਤ ਰੱਖਦੀ ਹੈ? ਰਾਓ ਦੀ ਖ਼ਾਮੋਸ਼ੀ ਹੀ ਮੇਰੇ ਦੁੱਖ ਅਤੇ ਉਦਾਸੀ ਦਾ ਸਭ ਤੋਂ ਵੱਡਾ ਕਾਰਨ ਹੈ! ਕਾਰ ਹੌਲੀ-ਹੌਲੀ ਰਿੜ੍ਹਨੀ ਸ਼ੁਰੂ ਹੋ ਗਈ ਅਤੇ ਵੇਖਦੇ-ਵੇਖਦੇ ਰਾਓ ਅੱਖਾਂ ਤੋਂ ਓਝਲ ਹੋ ਗਿਆ। ਬੇਵੱਸ ਅਤੇ ਨਿਹੱਥੀ ਹੋਈ ਮੈਂ ਭੱਜ ਕੇ ਪਾਠ-ਪੂਜਾ ਵਾਲੇ ਸਥਾਨ ‘ਤੇ ਆ ਡਿੱਗੀ ਅਤੇ ਭੁੱਬਾਂ ਮਾਰ ਕੇ ਰੋਂਦਿਆਂ ਹੋਇਆਂ ਝੋਲੀ ਅੱਡ ਕੇ ਅਰਦਾਸ ਕੀਤੀ, “ਹੇ ਮੇਰੇ ਪਰਮਾਤਮਾ! ਮੇਰੇ ਰਾਓ ਨੂੰ ਬਹੁਤ ਚੰਗਾ ਪਰਿਵਾਰ ਅਡੌਪਟ ਕਰੇ। ਉਸ ਦੀਆਂ ਤਮਾਮ ਸਧਰਾਂ ਪੂਰੀਆ ਹੋਣ, ਖੂਬ ਪਿਆਰ ਮਿਲੇ, ਜਲਦੀ ਹੀ ਸਾਨੂੰ ਭੁੱਲ ਜਾਏ।” ਰਾਓ ਦੇ ਜਾਣ ਬਾਅਦ ਘਰ ਵਿਚ ਘੋਰ ਉਦਾਸੀ ਛਾਈ ਹੋਈ ਸੀ। ਘਰ ਦੀ ਹਰ ਸ਼ੈਅ ਖ਼ਾਮੋਸ਼ ਸੀ।

ਸਾਰੀ ਰਾਤ ਅਸੀਂ ਤਿੰਨੋ ਮਾਂ-ਪੁੱਤ ਸੌਂ ਨਹੀ ਸਕੇ।

ਸਵੇਰੇ ਉਠੀ ਤਾਂ ਰਾਓ ਦੀ ਅਣਹੋਂਦ ਦਾ ਅਹਿਸਾਸ ਘਰ ਵਿੱਚ ਹੋ ਰਿਹਾ ਸੀ। ਪਾਠ ਕਰਦਿਆਂ ਅੱਖਾਂ ‘ਚੋਂ ਝੜ੍ਹੀ ਲੱਗੀ ਹੀ ਰਹੀ। ਨਿਰੰਤਰ ਵਗਦੇ ਅੱਥਰੂ ਰੁਕਣ ਦਾ ਨਾਮ ਨਹੀਂ ਲੈ ਰਹੇ ਸਨ। ਆਪਣੀ ਪਾਠ ਡਾਇਰੀ ਵਿੱਚ “ਸਹਿਜ ਪਾਠ” ਸੁੱਖ ਲਿਆ ਰਾਓ ਅਤੇ ਉਸ ਦੇ ਨਵੇਂ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ। ਮਨ ਨੂੰ ਸਾਰਾ ਦਿਨ ਸਮਝਾਉਂਦੀ ਰਹੀ। ਫ਼ਿਰ ਵੀ ਰਾਓ ਦੇ ਭੁਲੇਖੇ ਪੈਂਦੇ ਰਹੇ। ਦੋਨੋਂ ਬੇਟੇ ਵੀ ਖੂਬ ਰੋਂਦੇ ਰਹੇ ਅਤੇ ਉਦਾਸ ਰਹੇ। ਕੁਝ ਦਿਨ ਹੋ ਗਏ ਸੀ, ਪਰ ਸਾਡੇ ਕਿਸੇ ਤੋਂ ਵੀ ਉਸ ਦਾ ਮਾਸੂਮ ਜਿਹਾ ਚਿਹਰਾ ਭੁਲਾਇਆ ਨਹੀਂ ਸੀ ਜਾ ਰਿਹਾ। ਮੈਂ ਅੱਜ ਫ਼ੈਸਲਾ ਕੀਤਾ ਕਿ “ਡੌਗ ਟਰੱਸਟ” ਵਾਲੀ ਥਾਂ ‘ਤੇ ਜਾ ਕੇ ਰਾਓ ਨੂੰ ਵੇਖ ਲਵਾਂ। ਖੂਬ ਸਾਰੀਆਂ “ਟਰੀਰਸ” ਲੈ ਕੇ ਮੈਂ ਮਨ ਕਰੜਾ ਕਰ ਕੇ ਚੱਲ ਪਈ। ਪਰ ਅਰਦਾਸ ਕਰ ਰਹੀ ਸੀ ਕਿ ਰਾਓ ਮੈਨੂੰ ਓਥੇ ਨਾ ਮਿਲੇ, ਉਸ ਨੂੰ ਕਿਸੇ ਨੇ “ਅਡੌਪਟ” ਕਰ ਲਿਆ ਹੋਵੇ, ਉਸ ਨੂੰ ਨਵਾਂ ਪਰਿਵਾਰ ਮਿਲ ਗਿਆ ਹੋਵੇ। ਸ਼ਾਇਦ ਉਸ ਨੂੰ ਦੁਬਾਰਾ ਵੇਖਣ ਦੀ ਮੇਰੇ ਵਿੱਚ ਹਿੰਮਤ ਨਹੀ ਸੀ। ਜੇ ਰਾਓ ਮੇਰੇ ਸਾਹਮਣੇ ਆ ਗਿਆ ਤਾਂ ਉਸ ਬੇਜ਼ੁਬਾਨ ਨੂੰ ਕੀ ਸਪੱਸ਼ਟੀਕਰਣ ਦਿਆਂਗੀ? ਮੈਂ ਹੋਰ ਵੀ ਸੋਚ ਰਹੀ ਸੀ ਕਿ ਜੇ ਰਾਓ ਓਥੇ ਹੋਇਆ, ਉਸ ਨੇ ਤਾਂ ਮੈਨੂੰ ਦੇਖ ਕੇ ਤੂਫ਼ਾਨ ਖੜ੍ਹਾ ਕਰ ਦੇਣਾ ਹੈ ਅਤੇ ਉਸ ਤੋਂ ਬਾਅਦ, ਉਹਨੀ ਪੈਰੀਂ ਵਾਪਸ ਮੇਰੇ ਤੋਂ ਵੀ ਮੁੜਿਆ ਨਹੀਂ ਜਾਣਾ।

ਮੇਰੀ ਅਰਦਾਸ ਪੂਰੀ ਹੋਈ, ਰਾਓ ਆਪਣੇ ਨਵੇਂ ਪਰਿਵਾਰ ਵਿੱਚ ਜਾ ਚੁੱਕਿਆ ਸੀ। ਇਹ ਖ਼ਬਰ ਸੁਣ ਮੇਰਾ ਮਨ ਸ਼ਾਂਤ ਹੋ ਗਿਆ। ਪਰ ਹੋਰ ਦੂਜੇ ਕੁੱਤਿਆਂ ਨੂੰ ਵੇਖ ਕੇ ਲੱਗਿਆ ਕਿ ਆਪਣੇ ਮਾਲਕਾਂ ਤੋਂ ਵਿੱਛੜ ਕੇ ਕਿੰਨ੍ਹੇ ਉਦਾਸ ਅਤੇ ਅਵਾਜ਼ਾਰ ਨੇ ਇਹ। ਇਹਨਾਂ ਨੂੰ ਖਾਣੇ ਦੀ, ਦਵਾ ਦੀ ਅਤੇ ਸਾਰ ਸੰਭਾਲ ਦੀ ਵੀ ਲੋੜ ਹੁੰਦੀ ਹੋਣੀ ਹੈ? ਇਹਨਾਂ ਦਾ ਕੌਣ ਵਾਰਿਸ ਹੈ? ਮੇਰੇ ਬੇਸਬਰੇ ਅਤੇ ਵੈਰਾਗ ਦੇ ਹੰਝੂ ਰੁਕਣ ਦਾ ਨਾਮ ਨਹੀ ਸੀ ਲੈ ਰਹੇ। ਰਿਸ਼ੈਪਸ਼ਨ ‘ਤੇ ਗਈ ਅਤੇ ਪੁੱਛਿਆ ਕਿ ਮੈਂ ਇਹਨਾਂ ਕੁੱਤਿਆਂ ਵਾਸਤੇ “ਵਲੰਟੀਅਰ ਜੌਬ” (ਨਿਸ਼ਕਾਮ ਕਾਰਜ) ਕਰਨਾ ਚਾਹੁੰਦੀ ਹਾਂ ਅਤੇ ਇਹਨਾਂ ਵਾਸਤੇ ਚੈਰਿਟੀ ਕਰਨਾ ਚਾਹੁੰਦੀ ਹਾਂ। ਉਹਨਾਂ ਇੱਕ ਫ਼ਾਰਮ ਮੈਨੂੰ ਦੇ ਦਿੱਤਾ ਅਤੇ ਮੈਂ ਫ਼ਾਰਮ ਭਰ ਕੇ ਰਾਓ ਦਾ ਸ਼ੁਕਰਾਨਾ ਕਰਦੇ ਹੋਏ ਵਾਪਿਸ ਮੁੜ ਪਈ। ਮੈਨੂੰ ਅਜੇ ਵੀ ਭੁਲੇਖਾ ਪੈਂਦਾ ਸੀ ਕਿ ਰਾਓ ਮੇਰੇ ਨਾਲ-ਨਾਲ ਚੱਲ ਰਿਹਾ ਸੀ। ਸਰੀਰਕ ਤੌਰ ‘ਤੇ ਤਾਂ ਜੀਵ ਓਪਰੇ, ਪਰਾਏ ਜਾਂ ਅੱਖੋਂ ਓਹਲੇ ਹੋ ਜਾਂਦੇ ਨੇ, ਪਰ ਰੂਹ ਵਿੱਚ ਵਸਿਆਂ ਨੂੰ ਕੋਈ ਕਿਵੇਂ ਕੱਢੇ? ਨਿਰ-ਸੁਆਰਥ ਅਤੇ ਮੋਹ ਦੀ ਮੂਰਤ ਰਾਓ ਮੇਰੇ ਦਿਲ ਅਤੇ ਰੂਹ ਵਿੱਚ ਕਿਸੇ ਸੂਲ ਵਾਂਗ ਖੁੱਭਿਆ ਪਿਆ ਸੀ। ਪ੍ਰਮਾਤਮਾਂ ਕਰੇ, ਜਿੱਥੇ ਵੀ ਰਹੇ, ਪੂਰਾ ਖ਼ੁਸ਼ ਅਤੇ ਬੁਲੰਦੀਆਂ ‘ਚ ਰਹੇ।

ਇੱਕ ਵਾਰ ਲੱਕੀ ਤੋਂ ਬਾਅਦ ਫ਼ਿਰ, ਮੇਰੇ ਰਾਓ ਦੀ ਖਾਮੋਸ਼ ਮੁਹੱਬਤ ਬੰਦੇ ਦੇ ਬੋਲਦੇ ਪਿਆਰ ਨਾਲੋਂ ਜ਼ਿਆਦਾ ਮਹਿਕ ਖ਼ਿਲਾਰ ਗਈ ਅਤੇ ਜਾਂਦੇ-ਜਾਂਦੇ ਜਾਨਵਰਾਂ ਦੇ ਪ੍ਰਤੀ ਮੇਰਾ ਨਜ਼ਰੀਆ ਬਦਲ ਗਈ। ਇੱਕ ਸਬਕ ਮੈਂ ਇਹ ਵੀ ਸਿੱਖਿਆ ਹੈ ਕਿ ਜਬਰ-ਜ਼ੁਲਮ, ਧੱਕੇਸ਼ਾਹੀ ਜਾਂ ਕਰੂਰਤਾ ਨਾਲੋਂ, ਮੁਹੱਬਤ ਰਾਤੋ-ਰਾਤ ਤੁਹਾਡੀ ਕਾਇਆ ਪਲਟਣ ਦੀ ਸਮਰੱਥਾ ਰੱਖਦੀ ਹੈ……

ਝੁਰੜੀਆਂ ਵਿੱਚੋਂ ਝਲਕਦੀ ਮਮਤਾ
ਬਾਨੋਂ ਅੱਜ ਕਾਫ਼ੀ ਉਦਾਸ ਸੀ।

ਭਾਵੇਂ ਉਸ ਦੀ ਰੇੜ੍ਹੀ ਦੇ ਫ਼ਲ ਜ਼ਿਆਦਾ ਵਿਕੇ ਸਨ। ਚੰਗੀ ਵੱਟਤ ਹੋਈ ਸੀ। ਪਰ ਹਰ ਰੋਜ਼ ਵਾਂਗ ਅੱਜ ਉਸ ਨੂੰ ਕਿਸੇ ਦੀ ਤਾਂਘ ਸੀ, ਜੋ ਉਸ ਦਾ ਧਿਆਨ ਰੱਖਦਾ ਅਤੇ ਫ਼ਿਕਰ ਕਰਦਾ ਸੀ। ਹਾਂ, ਸੱਚ ਹੀ ਤਾਂ ਹੈ, ਮੈਨੂੰ ਇੰਤਜ਼ਾਰ ਹੈ ਮੋਹਣ ਬਾਬੂ ਦੇ ਆਉਣ ਦਾ! ਮੇਰੇ ਬੇਟੇ ਜਿੰਨੀ ਹੀ ਉਮਰ ਹੋਣੀ ਹੈ ਉਸ ਦੀ। ਪਰ ਉਸ ਨਾਲ ਰਿਸ਼ਤਾ ਕੀ ਹੈ? ਬੱਸ, ਸ਼ਾਮ ਨੂੰ ਆ ਕੇ ਮੇਰੀ ਰੇੜ੍ਹੀ ‘ਤੇ ਫ਼ਲ ਲੈਣ ਦਾ? ਫ਼ਲ ਖਰੀਦਣ ਵਾਲੇ ਇੱਕ ਗਾਹਕ ਦਾ?? ਉਹ ਚੁੱਪ ਚਾਪ ਸੋਚ ਰਹੀ ਸੀ। ਸੋਚ ਦੌਰਾਨ ਉਸ ਦੇ ਜ਼ਿਹਨ ਵਿਚ ਆਪਣੇ ਪੁੱਤਰ ਵਿਨੋਦ ਦੇ ਕੁਰੱਖ਼ਤ ਬੋਲ ਗੂੰਜੇ, “ਮਾਂ ਤੂੰ ਤਾਂ ਜਾਣਦੀ ਹੈਂ ਕਿ ਉਸ ਦਾ ਸੁਭਾਅ ਹੀ ਕੌੜਾ ਹੈ, ਘਰ ਵਿਚ ਤੂੰ ਸ਼ਾਂਤੀ ਕਿਉਂ ਨੀ ਬਣਾ ਕੇ ਰੱਖਦੀ?” ਤੇ ਬਾਨੋਂ ਬੋਲੀ ਸੀ, “ਬੇਟੇ ਅੱਜ ਮੈਂ ਸਾਰਾ ਕੰਮ ਕੀਤਾ ਘਰ ਵਿਚ। ਮੈਨੂੰ ਆਪਣੀ ਤਬੀਅਤ ਠੀਕ ਨਹੀਂ ਲੱਗੀ, ਤਾਂਹੀਂ ਮਾੜੇ ਜਿਹੇ ਕੰਮ ਨੂੰ ਤੇਰੀ ਵਹੁਟੀ ਨੂੰ ਕਹਿ ਬੈਠੀ, ਬੱਸ….!” ਬਾਨੋਂ ਮਜਬੂਰੀ ਦੀ ਮੂਰਤ ਬਣੀ ਖੜ੍ਹੀ ਸੀ।

“ਤਬੀਅਤ ਨਹੀਂ ਠੀਕ ਤਾਂ ਇਹਨੂੰ ਕਹੋ ਕਿ ਹਸਪਤਾਲ ਜਾ ਕੇ ਪੈ ਜਾਵੇ! ਐਥੇ ਕੀ ਇਹ ਸੁਆਹ ਕਰਦੀ ਹੈ? ਘਰੇ ਬੈਠੀ ਰਹਿੰਦੀ ਐ ਰੋਟੀਆਂ ਦਾ ਖੌਅ, ਵਿਹਲੜ!” ਇੱਕ ਖੂੰਜਿਓਂ ਬਘਿਆੜ੍ਹੀ ਨੂੰਹ ਦੀ ਅਵਾਜ਼ ਬਾਨੋਂ ਦੇ ਕੰਨਾਂ ਨਾਲ ਟਕਰਾਈ, ਤਾਂ ਉਸ ਦੇ ਪੁੱਤਰ ਵਿਨੋਦ ਨੇ ਖਿਝ ਕੇ ਕਿਹਾ, “ਮਾਂ, ਤੂੰ