ਖਾਮੋਸ਼ ਮੁਹੱਬਤ ਦੀ ਇਬਾਦਤ (ਹੱਡਬੀਤੀ)

ਮੁਹੱਬਤ ਦਾ ਕੋਈ ਧਰਮ ਨਹੀਂ ਹੁੰਦਾ ਅਤੇ ਨਾ ਹੀ ਜੀਵ-ਜੰਤੂਆਂ ਦਾ ਹੀ ਕੋਈ ਮਜ੍ਹਬ ਹੁੰਦਾ ਹੈ। ਜੇ ਮਾਨੁੱਖ ਵੰਡੀਆਂ ਪਾਉਣ ਦੀ ਬਿਰਤੀ ਦਾ ਨਾ ਹੁੰਦਾ, ਤਾਂ ਅੱਜ ਸਾਰੀ ਸਰਿਸ਼ਟੀ ਸ਼ਾਂਤ ਵਸਦੀ ਹੁੰਦੀ। ਜਿੱਤ ਹਾਰ ਦੇ ਚੱਕਰ ਵਿੱਚ ਬੰਦਾ ਅਜਿਹਾ ਉਲਝਿਆ, ਕਿ ਨਾ ਤਾਂ ਇਹ ਆਪ ਸ਼ਾਂਤੀ ਨਾਲ ਜੀਅ ਸਕਿਆ ਅਤੇ ਨਾ ਇਸ ਨੇ ਕਿਸੇ ਨੂੰ ਸ਼ਾਂਤ ਰਹਿਣ ਹੀ ਦਿੱਤਾ। ਮੇਰੀ ਨਜ਼ਰ ਵਿੱਚ ਚੁਰਾਸੀ ਲੱਖ ਜੂਨਾਂ ਦੇ “ਸਰਦਾਰ” ਬੰਦੇ ਨਾਲੋਂ ਹਰ ਜੀਵ ਜੰਤੂ ਸੁਖਾਲਾ ਹੈ। ਕੋਈ ਦੱਸਣ ਦੀ ਕਿਰਪਾਲਤਾ ਕਰੇਗਾ ਕਿ ਚੰਦਰਮਾਂ ਕਿਸ ਧਰਮ ਨਾਲ ਸਬੰਧਿਤ ਹੈ? ਉਸ ਨੂੰ ਕੁਝ ਲੋਕ “ਈਦ ਦਾ ਚੰਦ” ਅਤੇ ਕਈ “ਪੁੰਨਿਆਂ ਦਾ ਚੰਦ” ਆਖ ਪੁਕਾਰਦੇ, ਸਤਿਕਾਰ ਦਿੰਦੇ ਹਨ। ਪਰ ਚੰਦਰਮਾਂ ਨੂੰ ਕੋਈ ਫ਼ਰਕ ਨਹੀਂ, ਕਿਉਂ….?? ਕਿਉਂਕਿ ਉਸ ਵਿੱਚ “ਤੇਰ-ਮੇਰ” ਨਹੀਂ ਅਤੇ ਨਾ ਹੀ ਉਹ ਕਿਸੇ “ਵੰਡ” ਦਾ ਪ੍ਰਤੀਕ ਹੈ। ਜਾਨਵਰ ਚਾਹੇ ਕਿਸੇ ਧਰਮ ਦੇ ਠੇਕੇਦਾਰ ਦੇ ਘਰ ਚਲਿਆ ਜਾਵੇ, ਉਹ ਨਿਰਲੇਪ ਅਤੇ ਨਿਰਮਲ ਹੀ ਰਹਿੰਦਾ ਹੈ। ਸਾਡੇ ਗੁਰੁ ਸਾਹਿਬ ਜੀ ਨੇ “ਸਾਚ ਕਹੂੰ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ।।” ਸ਼ਬਦ ਦਾ ਫ਼ੁਰਮਾਨ ਕਰ ਕੇ ਕਿਸੇ ਵਿਅਕਤੀ ਵਿਸ਼ੇਸ਼ ਦਾ ਜ਼ਿਕਰ ਨਹੀਂ ਕੀਤਾ, ਉਹਨਾਂ ਨੇ ਸਿਰਫ਼ “ਜਿਨ ਪ੍ਰੇਮ ਕੀਓ” ਬਚਨ ਦਾ ਫ਼ੁਰਮਾਨ ਕੀਤਾ। ਅੱਜ ਮੈਂ ਇੱਕ ਜਾਨਵਰ ਦੀ ਓਸ ਪਾਕ-ਪਵਿੱਤਰ ਅਤੇ ਨਿਰ-ਸੁਆਰਥ ਮੁਹੱਬਤ ਦੀ ਗੱਲ ਕਰਨ ਜਾ ਰਹੀ ਹਾਂ, ਜਿਸ ਨੂੰ ਮੈਂ ਖ਼ੁਦ ਜੀਵਿਆ। ਪੌਣੇ ਦੋ ਸਾਲਾਂ ਵਿੱਚ ਉਸ ਨੇ ਨਾ ਕਦੇ ਕੋਈ ਸ਼ਿਕਵਾ ਕੀਤਾ ਅਤੇ ਨਾ ਤਾਹਨਾਂ ਦਿੱਤਾ। ਜਿੰਨੀ ਦੇਰ ਸਾਡੇ ਘਰ ਰਿਹਾ, ਮੁਹੱਬਤਾਂ ਦੇ ਪੁਸ਼ਪ ਹੀ ਬਿਖ਼ੇਰਦਾ ਰਿਹਾ। ਬੰਦੇ ਨੂੰ ਜੇ ਕੁਝ ਹੋਰ ਨਾ ਸੁੱਝੇ, ਤਾਂ ਦਾਲ-ਸਬਜ਼ੀ ਵਿੱਚ ਲੂਣ ਘੱਟ ਜਾਂ ਵੱਧ ਹੋਣ ਦੇ ਸ਼ਿਕਵੇ ਹੀ ਦਿਖਾਈ ਜਾਂਦਾ ਰਹਿੰਦਾ ਹੈ।
“ਰਾਓ” ਸਾਡੇ ਕੁੱਤੇ ਦਾ ਨਾਮ ਹੈ । ਜਿਸ ਦੀ ਉਮਰ ਤਕਰੀਬਨ ਪੌਣੇ ਕੁ ਦੋ ਸਾਲ ਦੀ ਹੈ । ਨਸਲ ਵੱਲੋਂ ਸਾਇਬੇਰੀਅਨ ਹੱਸਕੀ, ਨੀਲੀਆਂ ਬਲਾਉਰੀ ਅੱਖਾਂ, ਚਿੱਟੇ ਰੰਗ ਦੇ ਫ਼ਰ ਵਿੱਚ ਕਿਤੇ-ਕਿਤੇ ਹਲਕਾ ਭੂਰੇ ਅਤੇ ਖਾਕੀ ਰੰਗ ਦਾ ਚਟਾਕ ਬਹੁਤ ਹੀ ਮਨ-ਲੁਭਾਊ ਲੱਗਦਾ ਹੈ। ਮੱਥੇ ‘ਤੇ ਤ੍ਰਿਸੂਲ-ਨੁਮਾਂ ਕੱਟ ਬਣਿਆ ਹੋਇਆ ਹੈ। ਉਚੇ ਕੱਦ ਦਾ ਮਾਲਕ, ਖੜ੍ਹੇ ਕੰਨ, ਲੰਬੀ ਪੂਛ ਵਾਲਾ ਬੇਹੱਦ ਖੂਬਸੁਰਤ ਕੁੱਤਾ। ਇਸ ਦਾ ਆਕਰਸ਼ਣ ਕਿਸੇ ਨੂੰ ਵੀ ਮੋਹਿਤ ਕਰ ਸਕਦਾ ਹੈ। ਰਾਓ ਨੂੰ ਅਸੀਂ ਕਿਸੇ ਬੱਚੇ ਵਾਂਗ ਪਾਲ਼ਿਆ। ਕਰੀਬ ਦੋ ਸਾਲ ਸਾਡੇ ਘਰ ਵਫ਼ਾਦਾਰ ਬੱਚਾ ਬਣ ਕੇ ਸਾਡੇ ਘਰ ਰਿਹਾ, ਅਖੀਰ ਜਦ ਰਾਓ ਦੇ ਜਾਣ ਦਾ ਵੇਲਾ ਆਇਆ ਤਾਂ ਸਾਰੇ ਟੱਬਰ ਦਾ ਕੀ ਹਾਲ ਹੋਇਆ, ਬਿਆਨ ਕਰਨ ਤੋਂ ਕਿਤੇ ਬਾਹਰ ਹੈ! ਨਹੁੰਆਂ ਨਾਲੋਂ ਮਾਸ ਟੁੱਟਣ ਦਾ ਮੁਹਾਵਰਾ ਸੁਣਿਆਂ ਹੋਇਆ ਸੀ, ਪਰ ਜਦ ਰਾਓ ਨੇ ਸਾਡਾ ਘਰ ਛੱਡਿਆ ਤਾਂ ਮਹਿਸੂਸ ਕੀਤਾ ਕਿ ਨਹੁੰਆਂ ਨਾਲੋਂ ਮਾਸ ਵੱਖ ਹੋਣਾ ਸ਼ਾਇਦ ਇਸੇ ਨੂੰ ਹੀ ਆਖਦੇ ਹੋਣਗੇ? ਨਹੁੰਆਂ ਨਾਲੋਂ ਮਾਸ ਵੱਖ ਹੋਣ ‘ਤੇ ਸ਼ਾਇਦ ਬਹੁਤ ਜਿਸਮਾਨੀ ਪੀੜ ਹੁੰਦੀ ਹੋਵੇ, ਪਰ ਰਾਓ ਦੇ ਵਿਛੋੜੇ ਨੇ ਸਾਨੂੰ ਸਭ ਨੂੰ ਧੁਰ ਤੱਕ ਝੰਜੋੜ ਛੱਡਿਆ ਹੈ। ਸੰਯੋਗ ਅਤੇ ਵਿਯੋਗ ਦੇ ਕਿੱਸੇ ਅਸੀਂ ਸੁਣਦੇ ਪੜ੍ਹਦੇ ਆਏ ਹਾਂ, ਪਰ ਪਤਾ ਓਦੋਂ ਲੱਗਦਾ ਹੈ, ਜਦ ਕਿਸੇ ਦਾ ਵਿਛੋੜਾ ਖ਼ੁਦ ਸਰੀਰ ਉਪਰ ਹੰਢਾਉਣਾ ਪੈਂਦਾ ਹੈ। ਉਹ ਵੀ ਉਸ ਵਫ਼ਾਦਾਰ ਜਾਨਵਰ ਦਾ ਵਿਛੋੜਾ, ਜਿਸ ਉਪਰ ਇੱਕ ਰਤੀ ਮਾਤਰ ਵੀ ਸ਼ਿਕਾਇਤ ਨਾ ਹੋਵੇ!
ਮੇਰਾ ਛੋਟਾ ਬੇਟਾ ਜਸ਼ਨ ਰਾਓ ਨੂੰ “ਰੀਹੋਮ” (ਕੁੱਤੇ ਵਾਸਤੇ ਨਵਾਂ ਘਰ ਲੱਭਣਾ) ਕਰਨ ਵਾਸਤੇ “ਡੌਗ ਟਰੱਸਟ” ਵਾਲਿਆਂ ਨਾਲ ਸਮਾਂ ਬਣਾ ਰਿਹਾ ਸੀ। ਉਸ ਦੀ ਅਵਾਜ਼ ਜਿਵੇਂ ਮੇਰੇ ਕੰਨਾਂ ਨੂੰ ਬਰਦਾਸ਼ਤ ਨਹੀਂ ਹੋ ਰਹੀ ਸੀ। ਰਾਓ ਦੇ ਵਿਛੋੜੇ ਦਾ ਅਹਿਸਾਸ ਕਰ ਕੇ ਮੇਰੇ ਦਿਲ ਵਿੱਚ ਹੌਲ ਪਈ ਜਾ ਰਹੇ ਸਨ। ਮੈਂ ਛੇਤੀ ਨਾਲ ਰਾਓ ਨੂੰ ਜੱਫ਼ੀ ਪਾ ਲਈ ਅਤੇ ਪਲੋਸਣ ਲੱਗ ਪਈ। ਮੇਰੀਆਂ ਅੱਖਾਂ ‘ਚੋਂ ਹੰਝੂ “ਤਰਿੱਪ-ਤਰਿੱਪ” ਡਿੱਗ ਰਹੇ ਸਨ। ਰਾਓ ਆਪਣੀ ਜੀਭ ਮੇਰੇ ਹੱਥ ‘ਤੇ ਮਾਰ ਕੇ ਜਿਵੇਂ ਮੇਰੇ ਰੋਣ ਦਾ ਕਾਰਨ ਪੁੱਛ ਰਿਹਾ ਸੀ ਅਤੇ ਮੈਂ ਮੂੰਹੋਂ ਕੁਝ ਨਾ ਬੋਲ ਕੇ ਉਸ ਦੀਆਂ ਨੀਲੀਆਂ ਅੱਖਾਂ ਵਿੱਚ ਝਾਤੀ ਮਾਰਦੇ ਹੋਏ ਅਤੀਤ ਵਿੱਚ ਚਲੀ ਗਈ।  …..ਮੇਰੀਆਂ ਅੱਖਾਂ ਵਿੱਚ ਹੰਝੂ ….. ਅਤੇ ਕੰਨਾਂ ਵਿੱਚ ਫ਼ੋਨ ਦੀ ਉਹ “ਟਰਨ-ਟਰਨ” ਘੰਟੀ ਵੱਜਣ ਲੱਗ ਪਈ, ਜਦ ਮੇਰੇ ਬੇਟੇ ਜਸ਼ਨ ਨੇ ਰਾਓ ਨੂੰ “ਅਡੌਪਟ” ਕਰਨ ਲਈ ਮੈਨੂੰ ਫੋਨ ਕੀਤਾ ਸੀ।…..
ਫ਼ੋਨ ਦੀ ਘੰਟੀ ਵੱਜੀ, ਮੈਂ ਡਿਊਟੀ ‘ਤੇ ਸੀ।
ਬੇਟੇ ਦਾ ਨੰਬਰ ਦੇਖ ਕੇ ਮੈਂ ਫ਼ੋਨ ਚੁੱਕ ਲਿਆ ਅਤੇ “ਹੈਲੋ” ਆਖੀ।
“ਮੰਮ, ਅਸੀ ਇੱਕ ਕੁੱਤਾ ਪਸੰਦ ਕੀਤਾ ਹੈ, ਪਲੀਜ਼ ਤੁਸੀ ਕੁੱਤਾ ਘਰ ਲਿਆਉਣ ਵਾਸਤੇ ਹਾਂ ਕਹਿ ਦੇਵੋ, ਸਾਨੂੰ ਤੁਹਾਡੀ ਇਜਾਜ਼ਤ ਚਾਹੀਦੀ ਹੈ।” ਜਸ਼ਨ ਨੇ ਜਿਵੇਂ ਤਰਲਾ ਪਾ ਰਿਹਾ ਸੀ।
“……………….।” ਮੈਂ ਨਿਰੁੱਤਰ ਸੀ। ਪਰ ਮੈਨੂੰ ਪਤਾ ਸੀ ਕਿ ਫ਼ਲੈਟਨੁਮਾਂ ਛੋਟੇ ਘਰ ਵਿਚ ਕੁੱਤਾ ਰੱਖਣਾ ਬਹੁਤ ਔਖਾ ਹੈ। ਜਸ਼ਨ ਦੇ ਨਾਲ ਬੈਠੇ ਵੱਡੇ ਬੇਟੇ ਅਮਨ ਨੇ ਵੀ ਕੁੱਤਾ ਲੈਣ ਵਾਸਤੇ ਜ਼ੋਰ ਪਾਉਣਾ ਸ਼ੁਰੂ ਕਰ ਦਿੱਤਾ।
“ਤੁਸੀ ਸਮਝਣ ਦੀ ਕੋਸ਼ਿਸ਼ ਕਰੋ ਬੇਟੇ, ਕੁੱਤਾ ਪਾਲਣਾ ਬਹੁਤ ਹੀ ਜਿੰਮੇਵਾਰੀ ਦਾ ਕੰਮ ਹੈ, ਇੱਥੇ ਇੰਡੀਆ ਵਾਲਾ ਕੰਮ ਤਾਂ ਹੈਨ੍ਹੀ, ਆਪਾਂ ਸਾਰੇ ਹੀ ਜੌਬ ਕਰਦੇ ਹਾਂ, ਜਾਨਵਰ ਦੀ ਸਾਂਭ ਸੰਭਾਲ ਵਾਸਤੇ ਟਾਇਮ ਕੱਢਣਾ ਮੁਸ਼ਕਿਲ ਹੈ, ਦੂਜਾ ਆਪਣੇ ਘਰ ਥਾਂ ਬਹੁਤ ਥੋੜ੍ਹੀ ਹੈ। ਮੇਰੇ ਵੱਲੋਂ ਕੋਰੀ ਨਾਂਹ ਹੈ!” ਕਹਿ ਕੇ ਮੈਂ ਥੋੜੀ ਪ੍ਰੇਸ਼ਾਨ ਹੋ ਗਈ। ਪਰੰਤੁ ਬਹੁਤ ਸਾਰੇ ਵਾਇਦੇ, ਇੱਕਰਾਰ ਅਤੇ ਜ਼ਿਦ ਕਰਕੇ ਬੇਟੇ ਕੁੱਤਾ ਲਿਆਉਣ ਵਿੱਚ ਕਾਮਯਾਬ ਹੋ ਗਏ। ਇੰਟਰਨੈੱਟ ਤੋਂ ਪਸੰਦ, ਉਹ ਪਹਿਲਾਂ ਹੀ ਕਰ ਚੁੱਕੇ ਸੀ।
ਸ਼ਨੀਵਾਰ ਦਾ ਦਿਨ ਪੱਕਾ ਕਰਕੇ ਦੋਵੇਂ ਬੇਟੇ ਨਾਲ ਅਮਨ ਦੀ ਦੋਸਤ ਕੁੜੀ ਆਂਦਰਿਆ ਨੂੰ ਨਾਲ ਲੈ ਕੇ ਚਲੇ ਗਏ। ਇੱਕ ਹੋਰ ਜੀਅ ਘਰ ਵਿਚ ਜੋੜਨ ਲਈ। ਸ਼ਾਮ ਨੂੰ ਆਂਦਰਿਆ ਦੀ ਗੋਦ ਵਿੱਚ, ਤੌਲੀਏ ਵਿੱਚ ਲਿਪਟਿਆ ਇੱਕ ਨਿੱਕਾ ਜਿਹਾ ਜੀਅ ਆਪਣੀ ਮਾਂ ਦੇ ਘਰ ਤੋਂ ਮੇਰੇ ਘਰ ਦਾ ਸਫ਼ਰ ਸ਼ੁਰੂ ਕਰ ਚੁੱਕਾ ਸੀ। ਕਰੀਬ ਅੱਠ ਘੰਟੇ ਦਾ ਸ਼ਫਰ ਤਹਿ ਕਰ ਕੇ, ਲਗਾਤਾਰ ਸਫ਼ਰ ਕਰਨ ਤੋਂ ਬਾਅਦ, ਰਾਤ ਦੇ ਢਾਈ ਵਜੇ ਵਾਪਿਸ ਆ ਚੁੱਪ-ਚਾਪ ਮੇਰੇ ਬੈੱਡ ਤੇ ਨਿੱਕੇ ਜਿਹੇ ਕਤੂਰੇ ਨੂੰ ਰੱਖ ਦਿੱਤਾ। ਉਹ “ਚੂੰ-ਚੂੰ” ਕਰਦਾ ਮੇਰੇ ਵਿੱਚ ਆਸਰਾ ਜਿਹਾ ਲੱਭਣ ਲੱਗ ਪਿਆ।
“ਵੇ ਆਹ ਤਾਂ ਬਹੁਤਾ ਈ ਨਿੱਕਾ ਜਿਆ ਹੈ।” ਮੈਨੂੰ ਦੇਖ ਕੇ ਤਰਸ ਜਿਹਾ ਆਇਆ।
“ਸਿਰਫ਼ ਸੱਤ ਹਫ਼ਤਿਆਂ ਦਾ ਹੈ, ਮਾਂ।” ਬੇਟੇ ਨੇ ਉੱਤਰ ਦਿੱਤਾ । ਮੇਰੇ ਹਿਰਦੇ ਵਿੱਚ ਦੀ ਮਾਂ ਵਾਲੀ ਮਮਤਾ ਜਾਗ ਉਠੀ ਅਤੇ ਮੈਂ ਉਸ ਨੂੰ ਚੁੱਕ ਕੇ ਕਲੇਜੇ ਨਾਲ ਲਾ ਲਿਆ। ਜਦ ਕਤੂਰੇ ਨੇ ਵੀ ਮੇਰੀ ਮਮਤਾ ਸਮਝਦਿਆਂ “ਚੂੰ-ਚੂੰ” ਜਿਹੀ ਕੀਤੀ ਤਾਂ ਮੇਰੇ ਅੰਦਰ ਵੀ ਕੋਈ ਨਿੱਘ ਜਿਹਾ ਫ਼ੈਲ ਗਿਆ ਅਤੇ ਮੈਂ ਉਸ ਨੂੰ ਘੁੱਟ ਕੇ ਬੈਠ ਗਈ।
“ਇਹ ਛੇ ਭੈਣਾਂ ਭਰਾਂਵਾਂ ਵਿੱਚੋਂ ਇੱਕ ਭਰਾ ਸੀ।” ਬੇਟੇ ਨੇ ਦੱਸਿਆ।
“ਤਾਂ ਹੀ ਮੋਹ ਕਰਦਾ ਹੈ!”
ਰਾਓ ਦੀਆਂ ਅੱਖਾਂ ਆਪਣੇ ਆਰ-ਪਰਿਵਾਰ ਨੂੰ ਲੱਭ ਰਹੀਆਂ ਸਨ। ਬੈੱਡ ‘ਤੇ ਗੇੜੀ ਜਿਹੀ ਦੇ ਕੇ ਉਹ ਘੜੀ ਮੁੜੀ ਮੇਰੀ ਗੋਦ ਵਿੱਚ ਆ ਜਾਂਦਾ। ਸ਼ਾਇਦ ਆਪਣਾ ਪਰਿਵਾਰ ਨਾ ਦਿਸਦਾ ਕਰ ਕੇ ਉਸ ਨੂੰ ਕੁਝ ਬੈਚੇਨੀ ਹੋ ਰਹੀ ਸੀ? ਪਰ ਬੇਟੇ ਨੇ ਉਸ ਦੀ “ਅਸਲ” ਬੇਚੈਨੀ ਨੂੰ ਭਾਂਪ ਲਿਆ ਅਤੇ ਇੱਕ “ਪੂ-ਪੈਡ” (ਕੁੱਤੀਆਂ ਦੀ ਟੌਇਲਟ ਦੀ ਟਰੇਨਿੰਗ ਦਾ ਪੈਡ) ਖੋਲ੍ਹ ਕੇ ਬੈਡ ‘ਤੇ ਹੀ ਰੱਖ ਦਿੱਤਾ। ਕਤੂਰੇ ਨੇ ਪੈਡ ‘ਤੇ ਜਾ ਕੇ ਪਿਸ਼ਾਬ ਕਰ ਦਿੱਤਾ । ਮੇਰੀ ਹੈਰਾਨੀ ਦੀ ਕੋਈ ਸੀਮਾਂ ਨਹੀਂ ਸੀ , ਸਿਰਫ਼ ਪੌਣੇ ਦੋ ਮਹੀਨੇ ਦੇ ਬੱਚੇ ਨੂੰ ਆਪਣੀ ਕਿਰਿਆ ਸੋਧਣ ਦੀ ਜਾਂਚ ਵੀ ਹੈ?? ਮੈਨੂੰ ਜਿਵੇਂ ਯਕੀਨ ਨਹੀਂ ਸੀ ਹੋ ਰਿਹਾ । ਆਪਣੇ ਮਨ ਦੀ ਸ਼ੰਕਾ ਨੂੰ ਦੂਰ ਕਰਨ ਲਈ ਮੈਂ “ਪੂ-ਪੈਡ” ਚੁੱਕ ਦਿੱਤਾ। ਕੁਝ ਦੇਰ ਬਾਅਦ ਕਤੂਰੇ ਨੇ ਫੇਰ ਕੁਝ ਕਰਨਾ ਚਾਹਿਆ, ਪਰ ਉਸ ਦਾ ÷ਪੈਡ÷ ਓਥੇ ਨਹੀਂ ਸੀ, ਪਰ ਉਹ “ਚੂੰ-ਚੂੰ” ਕਰਦਾ ਸੁੰਘ-ਸੁੰਘ ਕੇ ਲੱਭਣ ਲੱਗ ਪਿਆ । ਮੈਂ “ਪੈਡ” ਦੀ ਜਗਾਹ ਬਦਲ ਦਿੱਤੀ ਸੀ, ਪਰ ਉਸ ਨੇ ਲੱਭ ਕੇ ਉਸ ਉਪਰ ਜਾ ਕੇ ਟੁਆਇਲਟ ਕਰ ਦਿੱਤੀ। ਖ਼ੈਰ, ਇੱਕ ਗੱਲੋਂ ਮੈਂ ਬੇਫ਼ਿਕਰ ਹੋ ਗਈ ਕਿ ਘੱਟੋ-ਘੱਟ ਘਰ ਵਿੱਚ ਗੰਦ ਨਹੀਂ ਪਾਵੇਗਾ।
ਉਹ ਲਗਾਤਾਰ “ਬਿਲਕ-ਬਿਲਕ” ਕੇ ਆਪਣੇ ਦੁੱਖ ਜਿਹੇ ਦੱਸ ਰਿਹਾ ਸੀ, ਪਰ ਸਾਨੂੰ ਸਮਝ ਨਹੀ ਸੀ ਆ ਰਿਹਾ। ਸ਼ਾਇਦ ਮਾਂ ਦੇ ਦੁੱਧ ਨੂੰ ਲੱਭ ਰਿਹਾ ਸੀ ਜਾਂ ਆਪਣੇ ਭੈਣ ਭਰਾਵਾਂ ਨੂੰ?
“ਸ਼ਾਇਦਥ ਇਸ ਨੂੰ ਭੁੱਖ ਲੱਗੀ ਹੋਣੀ ਹੈ।” ਬੇਟੇ ਨੇ ਅੰਦਾਜ਼ਾ ਲਾਇਆ ਅਤੇ ਨਾਲ਼ ਹੀ ਇੱਕ ਵੱਡੇ ਬੈਗ ਵਿੱਚੋਂ ਕਈ ਕੁਝ ਕੱਢ ਕੇ ਮੇਰੇ ਅੱਗੇ ਰੱਖ ਦਿੱਤਾ, “ਆਹ ਸਾਰਾ ਇਸ ਦਾ ਸਮਾਨ ਹੈ। ਇਸ ਦਾ ਬਿਸਤਰ, ਕੰਬਲ, ਪਾਣੀ ਦਾ ਬਾਊਲ, ਖਾਣੇ ਦਾ ਕਟੋਰਾ, ਛੋਟਾ ਤੌਲੀਆ, ਮੈਟ, ਪੂ-ਪੈਡਸ, ਖਾਣਾ, ਅਤੇ ਖਿਡੌਣੇ!” ਮੇਰੇ ਲਈ ਸਭ ਕੁਝ ਜਿਵੇਂ ਬਹੁਤ ਹੈਰਾਨ ਕਰ ਦੇਣ ਵਾਲਾ ਸੀ। ਇਸ ਦੇ ÷ਦਾਜ÷ ਨੇ ਬਦੋਬਦੀ ਮੈਨੂੰ ਮੇਰੇ ਪਹਿਲੇ ਕੁੱਤੇ ਲੱਕੀ ਦੀ ਯਾਦ ਕਰਵਾ ਦਿੱਤੀ।…….
……..ਮੈਨੂੰ ਚੰਗੀ ਤਰ੍ਹਾਂ ਯਾਦ ਹੈ ਆਪਣੇ ਪਹਿਲੇ ਕੁੱਤੇ ਬਾਰੇ, ਜੋ ਇੰਡੀਆ ਮੇਰੇ ਕੋਲ ਸੀ।  ਚਾਰ ਕੁ ਮਹੀਨੇ ਦਾ ਕਤੂਰਾ, ਮੇਰੇ ਬੇਟੇ ਅਮਨ ਨੂੰ ਜਨਮ ਦਿਨ ਦੇ ਤੋਹਫ਼ੇ ਵਿੱਚ ਮਿਲਿਆ ਸੀ । ਜਨਮ ਦਿਨ ਦਾ ਤੋਹਫ਼ਾ ਕਰਕੇ ਇਸ ਦਾ ਨਾਮ “ਲੱਕੀ” ਰੱਖਿਆ ਗਿਆ ।  ਚਮਕਦੇ ਚਿੱਟੇ ਰੰਗ ਦਾ ਸਮੌਇਡ ਡੌਗ।  ਲੱਕੀ ਬਹੁਤ ਹੀ ਖੂਬਸੂਰਤ ਸੀ ਕਿ ਹਰ ਕਿਸੇ ਦਾ ਦਿਲ ਉਸ ਨੂੰ ਚੁੱਕਣ ਨੂੰ ਕਰਦਾ। ਪੰਜਾਬ ਦਾ ਖੁੱਲ੍ਹਾ ਮਾਹੌਲ ਹੁੰਦਾ ਹੈ। ਦਰਵਾਜਾ ਖੁੱਲ੍ਹਾ ਰੱਖਣਾ, ਗਲੀ ਮੁਹੱਲੇ ਦਾ ਲੰਘਦਾ ਟੱਪਦਾ ਹਾਲ ਚਾਲ ਪੁੱਛਣ ਘਰ ਆ ਜਾਂਦਾ। ਲੱਕੀ ਆਪਣੇ ਸੁਹੱਪਣ ਕਰ ਕੇ ਹਰ ਕਿਸੇ ਨੂੰ ਮੋਹ ਲੈਂਦਾ ਅਤੇ ਬਹੁਤ ਜਲਦੀ ਘੁਲ-ਮਿਲ ਕੇ ਖੇਡਣ ਲੱਗ ਪੈਦਾ । ਇੱਕ ਪੁਰਾਣਾ ਜਿਹਾ ਕੌਲਾ ਲੱਭਿਆ ਅਤੇ ਉਸ ਵਿੱਚ ਉਸ ਨੂੰ ਦੁੱਧ ਪਾ ਦੇਣਾਂ। ਅਜੇ ਉਹ ਰੋਟੀ ਨਹੀਂ ਸੀ ਖਾਂਦਾ। ਸ਼ਾਇਦ ਮੈਨੂੰ ਕੁੱਤਾ ਪਾਲਣ ਦੀ ਅਕਲ ਘੱਟ ਸੀ, ਜਾਂ ਇੰਡੀਆ ਵਿਚ ਬੱਚੇ ਅਤੇ ਕੁੱਤੇ ਜ਼ਿਆਦਾਤਰ ਕੁੱਟ ਮਾਰ ਕੇ ਹੀ ਸਿਖਾਏ ਜਾਂਦੇ ਨੇ। ਲੱਕੀ ਖੁੱਲ੍ਹੇ ਵਿਹੜੇ ਵਿੱਚ ਦੌੜਦਾ, ਖੇਡਦਾ ਰਹਿੰਦਾ। ਕਮਰੇ, ਬੈਠਕ, ਵਿਹੜੇ ਅਤੇ ਬੂਟਿਆਂ ਵਾਲੀ ਕਿਆਰੀ ਵਿੱਚ, ਜਿੱਥੇ ਦਿੱਲ ਕਰਦਾ “ਪੂ” ਅਤੇ “ਪੀ” ਕਰ ਦਿੰਦਾ। ਮੈਨੂੰ ਨਿਰੰਤਰ ਅਜਿਹੀਆਂ ਹੀ ਆਵਾਜ਼ਾਂ ਆਉਂਦੀਆਂ ਰਹਿੰਦੀਆਂ, “ਆਈਂ ਜ਼ਰਾ, ਇੱਥੇ ਹੱਗ ਗਿਆ, ਸਾਫ਼ ਕਰੀਂ, ਜਾਂਈਂ ਔਥੇ ਗੰਦ ਪਾ ਗਿਆ…..!”
ਕੁਝ ਦਿਨਾਂ ਵਿੱਚ ਹੀ ਮੇਰਾ ਸ਼ੌਕ ਖ਼ਤਮ ਹੋ ਗਿਆ। ਸਾਫ਼ ਸੁਥਰੇ ਘਰ ਵਿੱਚ ਸਮਝ ਨਹੀ ਸੀ ਲੱਗਦੀ ਕਿ ਕਦੋਂ ਪੈਰ ਲਿੱਬੜ ਜਾਣਾਂ? ਬੇਟੇ ਦੇ ਕਰਕੇ ਲੱਕੀ ਰੱਖਣਾ ਵੀ ਜ਼ਰੂਰੀ ਸੀ । ਲਗਾਤਾਰ ਇੱਕ ਮਹੀਨਾਂ ਬਹੁਤ ਕੋਸ਼ਿਸ਼ ਕੀਤੀ, ਪਰ ਗੱਲ ਨਹੀ ਬਣੀ, ਲੱਕੀ ਨੂੰ ਅਕਲ ਨਾ ਆਈ। ਫੇਰ ਯਾਦ ਆਇਆ ਮੇਰੇ ਭਰਾ ਨੂੰ ਹਿੰਦੀ ਪੜ੍ਹਾਉਣ ਵਾਲਾ ਮਾਸਟਰ ਕਹਿੰਦਾ ਸੀ, “ਮਾਰ ਕੇ ਡਰ ਸੇ ਪਾਠ ਯਾਦ ਰਹਿਤਾ ਹੈ!” ਮੈਨੂੰ ਵੀ ਆਹੀ ਤਰੀਕਾ ਅਖੀਰੀ “ਉਪਾਅ” ਲੱਗਿਆ । ਜਦ ਵੀ ਉਸ ਦਾ ਗੰਦ ਚੁੱਕਣਾ ਤੇ ਉਸਨੂੰ ਵਿਖਾ-ਵਿਖਾ ਕੇ ਇੱਕ-ਦੋ ਧਰ ਦੇਣੀਆਂ, ਵਾਕਿਆ ਹੀ ਕੁੱਟ-ਮਾਰ ਵਾਲ਼ੀ ਯੋਜਨਾ ਕੰਮ ਕਰ ਗਈ ਅਤੇ ਲੱਕੀ ਸਬਕ ਸਿੱਖ ਕੇ ਆਪਣੀ ਲੋੜ ਮੁਤਾਬਿਕ ਘਰੋਂ ਬਾਹਰ ਜਾਣ ਲੱਗ ਪਿਆ। ਮੈਂ ਇੱਕ ਵਾਰੀ ਫੇਰ ਉਲਝ ਗਈ, ਜਦ ਰਾਤ ਨੂੰ ਵੱਡਾ ਗੇਟ ਬੰਦ ਹੋ ਜਾਂਦਾ ਅਤੇ ਲੱਕੀ ਕੋਲ ਹੋਰ ਕੋਈ ਰਾਹ ਨਾ ਹੁੰਦਾ, ਤੇ ਸਵੇਰੇ ਮੈਨੂੰ ਨਿਤਨੇਮ ਤੋਂ ਪਹਿਲਾਂ ਸਫ਼ਾਈ ਕਰਨੀ ਪੈਦੀਂ ਅਤੇ ਮੈਂ ਅਵਾਜ਼ਾਰ ਹੋ ਜਾਂਦੀ।
ਕੁਝ ਦਿਨਾਂ ਦੀ ਜੱਦੋਜਹਿਦ ਬਾਦ ਮੈਂ ਇਕ ਹੋਰ ਤਰਕੀਬ ਕੱਢੀ। ਲੱਕੀ ਨੂੰ ਛੱਤ ‘ਤੇ ਜਾਣ ਵਾਲੀਆਂ ਪੌੜੀਆਂ ‘ਤੇ ਇੱਕ ਲੰਬੀ ਰੱਸੀ ਨਾਲ ਇੰਜ ਸਾਰੀ ਰਾਤ ਬੰਨ੍ਹੀ ਰੱਖਿਆ ਕਿ ਉਹ ਉਪਰ ਤਾਂ ਜਾ ਸਕਦਾ ਸੀ, ਪਰ ਥੱਲੇ ਵਿਹੜੇ ਵਿੱਚ ਨਹੀਂ ਸੀ ਆ ਸਕਦਾ। ਉਹ ਸਮਝ ਗਿਆ ਕਿ ਇੰਜ ਕਿਉਂ ਬੰਨ੍ਹਿਆਂ ਹੈ ਅਤੇ ਅਗਲੀ ਰਾਤ ਤੋਂ ਉਸ ਨੇ ਛੱਤ ਨੇ ਆਪਣਾ “ਕਿਰਿਆ ਕਰਮ” ਕਰਨਾ ਸ਼ੁਰੂ ਕਰ ਦਿੱਤਾ। ਅਗਲੇ ਦਿਨ ਮੈਂ ਖੁਸ਼ ਸੀ ਕਿ ਸਵੇਰੇ-ਸਵੇਰੇ ਮੂਡ ਖ਼ਰਾਬ ਨਹੀ ਸੀ ਹੋਇਆ। ਲੱਕੀ ਨੂੰ ਵੀ ਖੁਸ਼ੀ ਸੀ ਕਿ ਸਵੇਰੇ-ਸਵੇਰੇ ਕੁੱਟ ਨਹੀ ਸੀ ਪਈ। ਹੁਣ ਉਹ ਸਿੱਖ ਗਿਆ ਸੀ ਕਿ ਮਾਰ ਤੋਂ ਕਿਵੇਂ ਬਚਿਆ ਜਾ ਸਕਦਾ ਹੈ। ਉਸ ਦਿਨ ਤੋਂ ਬਾਅਦ ਮੇਰਾ ਉਸ ਨਾਲ ਮੋਹ ਵਧ ਗਿਆ। ਥੋੜ੍ਹਾ ਵੱਡਾ ਹੋਇਆ ਤਾਂ ਜ਼ਿਆਦਥਾ ਭੱਜਣ ਦੌੜਨ ਲੱਗ ਪਿਆ। ਦੁੱਧ ਦੀ ਥਾਂ ਹੁਣ ਰੋਟੀ ਖਾਣ ਲੱਗ ਪਿਆ ਸੀ, ਰੋਜ਼ ਦੀ ਰੋਟੀ ਉਸ ਵਾਸਤੇ ਵੀ ਪੱਕਣ ਲੱਗ ਪਈ ਅਤੇ ਕਈ ਵਾਰੀ ਇੱਕ ਟਾਇਮ ਦੀ ਬਚੀ ਰੋਟੀ ਤੋੜ ਕੇ ਪੌੜੀਆਂ ‘ਤੇ ਲੱਕੀ ਵਾਸਤੇ ਰੱਖ ਦੇਣੀਂ। ਜਿਸ ਦਿਨ ਮੀਟ ਬਣਦਾ ਉਸ ਨੂੰ ਵੀ ਹੱਡੀਆਂ ਦੀ ਆਸ ਹੋ ਜਾਂਦੀ ਅਤੇ ਸੁੰਘਦਾ ਦੌੜਦਾ ਆਪਣੀ ਖੁਸ਼ੀ ਜ਼ਾਹਿਰ ਕਰਦਾ। ਜਦ ਪੇਟ ਭਰ ਜਾਣਾ, ਫੇਰ ਵੀ ਲਾਲਚ ਹੋਣਾ ਕਿ ਬਾਕੀ ਦੀਆਂ ਹੱਡੀਆਂ ਕਿਤੇ ਕੂੜੇ ਵਿੱਚ ਨਾ ਸੁੱਟ ਜਾਣ। ਇਸ ਲਈ ਉਹ ਬਾਕੀ ਦੀਆਂ ਹੱਡੀਆਂ ਨੂੰ ਸਵੇਰ ਵਾਸਤੇ ਕਿਆਰੀ ਵਿਚ ਦੱਬ ਆਉਂਦਾ। ਕਮਰਿਆਂ ‘ਤੇ ਜਾਲੀ ਵਾਲੇ ਬੂਹੇ ਲੱਗੇ ਹੋਏ ਸੀ, ਇਸ ਲਈ ਉਹ ਸਦਾ ਵਿਹੜੇ ਵਿੱਚ ਹੀ ਰਹਿੰਦਾ। ਜਦ ਕਦੇ ਅਸੀਂ ਵਿਹੜੇ ਵਿੱਚ ਬੈਠਦੇ ਤਾਂ ਪੈਰਾਂ ਨੂੰ ਚੱਟਣ ਲੱਗ ਪੈਂਦਾ, ਜਿਵੇਂ ਜੋ ਕੁਝ ਵੀ ਅਸੀਂ ਉਸ ਨੂੰ ਦੇ ਰਹੇ ਸੀ, ਉਸ ਦਾ ਸੁਥਕਰਾਨਾ ਕਰਦਾ ਹੋਵੇ। ਜੂਨ ਦੀ ਭਖ਼ਦੀ ਗਰਮੀ ਵਿੱਚ ਮੋਟਰ ਕੋਲ ਜਾਂ ਗੁਸਲਖਾਨੇ ਵਿੱਚ ਬੈਠਾ ਹਫ਼ਦਾ ਰਹਿੰਦਾ। ਜਦ ਅਸੀਂ ਕੂਲਰ ਅੱਗੇ ਬੈਠਦੇ ਅਤੇ ਫਰਿੱਜ ਦਾ ਠੰਢਾ ਪਾਣੀ ਪੀਂਦੇ, ਲੱਕੀ ਟੂਟੀ ਦਾ ਪਾਣੀ ਪੀਂਦਾ। ਸਰਦੀ ਵਿਚ ਮੈਂ ਉਸ ਨੂੰ ਕਮਰੇ ਵਿੱਚ ਵਾੜ ਲਿਆ ਅਤੇ ਪਤੀਦੇਵ ਆਖਦੇ, “ਕੁੱਤਾ ਰਾਖੀ ਵਾਸਤੇ ਹੁੰਦਾਂ, ਨਾ ਕਿ ਕਮਰੇ ਵਿਚ ਲਕੋਣ ਲਈ!”
ਅਗਲੇ ਦਿਨ ਤੋਂ ਮੈਂ ਵਰਾਂਡੇ ਦੇ ਇੱਕ ਕੋਨੇ ਵਿੱਚ ਬੋਰੀ ਪਾ ਕੇ ਉਸ ਦੇ ਸੌਣ ਦਾ ਇੰਤਜ਼ਾਮ ਕਰ ਦਿੱਤਾ। ਥੋੜ੍ਹਾ ਜਵਾਨ ਹੋਇਆ ਤਾਂ ਘਰ ਆਉਣ ਵਾਲਿਆਂ ‘ਤੇ ਭੌਂਕ ਕੇ ਰਖਵਾਲੀ ਦਾ ਹੱਕ ਜਤਾਉਣ ਲੱਗ ਪਿਆ। ਹੁਣ ਉਸ ਨੂੰ ਲੋਹੇ ਦੀ ਸੰਗਲੀ ਨਾਲ ਬੰਨ੍ਹਣਾ ਵੀ ਪੈਂਦਾ ਸੀ, ਕਿਉਂਕਿ ਲੋਕ ਡਰਨ ਲੱਗ ਪਏ ਸਨ ਕਿ ਕਿਤੇ ਦੰਦ ਨਾ ਮਾਰ ਜਾਵੇ?  ਸਾਡੇ ਵਿਤਕਰੇ ਭਰੇ ਰਵੱਈਏ ਦੇ ਬਾਵਜੂਦ ਲੱਕੀ ਦੀ ਵਫ਼ਾਦਾਰੀ ਅਤੇ ਪਿਆਰ ‘ਚ ਰਤੀ ਮਾਤਰ ਸ਼ੱਕ ਨਹੀ ਕੀਤਾ ਜਾ ਸਕਦਾ ਸੀ। ਸਾਰੀ ਰਾਤ ਹਰ ਖੜਕੇ ‘ਤੇ ਭੌਂਕਦਾ ਅਤੇ ਛੱਤ ‘ਤੇ ਦੌੜ ਕੇ ਜਾਂਦਾ। ਬੱਚਿਆਂ ਨਾਲ ਦੌੜਦਾ ਫ਼ਿਰਦਾ ਘਰ ਤੋਂ ਬਹੁਤ ਦੂਰ ਨਿਕਲ ਜਾਂਦਾ। ਹੁਣ ਮੁਹੱਲੇ ਵਿੱਚ ਦੂਰ ਦੂਰ ਤੱਕ ਲੋਕ ਉਸ ਨੂੰ ਨਾਮ ਲੈ ਕੇ ਬੁਲਾਉਣ ਲੱਗ ਪਏ ਸਨ। ਉਸ ਦੀ ਸੁੰਘਣ ਅਤੇ ਸੁਣਨ ਦੀ ਕਮਾਲ ਦੀ ਸ਼ਕਤੀ ਸੀ। ਬਹੁਤ ਦੂਰੋਂ ਹੀ ਪਤਾ ਨਹੀ ਕਿਵੇਂ ਉਸ ਨੂੰ ਕਾਰ ਆਉਣ ਦਾ ਪਤਾ ਲੱਗ ਜਾਂਦਾ ਸੀ, ਕਿ ਉਸ ਦੀ ਦੌੜ ਤੋਂ ਸਾਨੂੰ ਅੰਦਾਜ਼ਾ ਲੱਗ ਜਾਂਦਾ ਸੀ ਕਿ ਕਾਰ ਆ ਰਹੀ ਹੈ। ਭੌਂਕ-ਭੌਂਕ ਕੇ ਆਪਣੇ ਉਤਸ਼ਾਹ ਅਤੇ ਪਿਆਰ ਨਾਲ ਸੁਆਗਤ ਕਰਦਾ। ਜਦ ਕਦੇ ਮੈਂ ਗਰਮੀਆਂ ਦੀਆਂ ਛੁੱਟੀਆਂ ਪੇਕੇ ਚਲੀ ਜਾਂਦੀ, ਵਾਪਿਸ ਆਉਣ ‘ਤੇ ਛਾਲਾਂ ਮਾਰ-ਮਾਰ ਮੈਨੂੰ ਡੇਗ ਦਿੰਦਾ ਜਿਵੇਂ ਰੋਸਾ ਕਰਦਾ ਹੋਵੇ ਕਿ ਮੈਨੂੰ ਨਾਲ ਕਿਉਂ ਨਹੀ ਲੈ ਗਈ??
……..ਜ਼ਿੰਦਗੀ ਅਤੇ ਅੰਨ-ਜਲ ਨੇ ਕਰਵਟ ਮਾਰੀ, ਅਤੇ ਮੈਨੂੰ ਆਪਣੇ ਬੱਚੇ ਲੈ ਕੇ ਵਿਦੇਸ਼ ਆਉਣਾ ਪਿਆ। ਮੈਂ ਜ਼ਰੂਰੀ ਸਮਾਨ ਬੰਨ੍ਹ ਕੇ ਇੰਡੀਆ ਨੂੰ ÷ਅਲਵਿਦਾ÷ ਕਹਿ ਕੇ ਵਿਦੇਸ਼ ਦੀ ਧਰਤੀ ‘ਤੇ ਆ ਕੇ ਵਸ ਗਈ। ਆਉਣ ਤੋਂ ਪਹਿਲਾਂ ਪੇਕੇ ਸਭ ਨੂੰ ਮਿਲਣ ਗਈ। ਆਪਣੇ ਘਰ ਆਖੰਡ ਪਾਠ ਪ੍ਰਕਾਸ਼ ਕਰਵਾਇਆ। ਸਾਰੇ ਮੁਹੱਲੇ ਨੂੰ ਸੱਦਾ ਦਿੱਤਾ। ਸੌਹਰੇ ਘਰ ਸਭ ਨੂੰ ਮਿਲੀ, ਕਿ ਪਤਾ ਨਹੀ ਫੇਰ ਕਦ ਮਿਲਾਪ ਹੋਣਾ? ਮੈਨੂੰ ਇਸ ਗੱਲ ਦਾ ਸਦਾ ਅਫ਼ਸੋਸ ਰਹੇਗਾ ਕਿ ਮੈਂ ਲੱਕੀ ਨੂੰ ਪਲੋਸ ਕੇ ਵੀ ਨਹੀਂ ਸੀ ਆਈ। ਪਹਿਲੀ ਵਾਰ ਵਿਦੇਸ਼ ਜਾਣਾ ਇੱਕ ਨਵੇ ਸੰਘਰਸ਼ ਵਾਸਤੇ। ਬੱਚਿਆਂ ਦੀ ਜ਼ਿੰਮੇਂਵਾਰੀ ਹੁਣ ਮੇਰੇ ਮੋਢਿਆਂ ‘ਤੇ ਸੀ। ਮੈਨੂੰ ਕੁਝ ਵੀ ਸੁੱਝ ਵੀ ਨਹੀ ਸੀ ਰਿਹਾ, ਫੇਰ ਲੱਕੀ ਦਾ ਖ਼ਿਆਲ ਕਿੰਜ ਆ ਸਕਦਾ ਸੀ?
ਦਿੱਲੀ ਤੋਂ ਜਹਾਜ ਉਡਿਆ ਅਤੇ ਵਿਦੇਸ਼ ਦੀ ਧਰਤੀ ‘ਤੇ ਆ ਉਤਰਿਆ। ਨਵੀਆਂ ਚੁਣੌਤੀਆਂ ਦਾ ਪਹਾੜ ਇਤਨਾ ਕੁ ਵਿਸ਼ਾਲ ਅਤੇ ਮਾਰੂ ਸੀ, ਕਿ ਮੈਂ ਕਈ ਸਾਲ ਇਸ ਹੇਠ ਦੱਬੀ ਰਹੀ। ਕਦੇ-ਕਦੇ ਫ਼ੋਨ ‘ਤੇ ਇੰਡੀਆ ਗੱਲ ਹੋ ਜਾਂਦੀ ਸੀ । ਕਦੇ-ਕਦੇ ਜਿਠਾਣੀ ਜੀ ਲੱਕੀ ਬਾਰੇ ਕੁਝ ਗੱਲਾਂ ਦੱਸ ਦਿੰਦੀ ਸੀ। ਸਮੇਂ ਦੇ ਸੰਗ ਹੌਲੀ-ਹੌਲੀ ਮੈਂ ਇੰਨੀ ਮਸ਼ਰੂਫ਼ ਰਹਿਣ ਲੱਗ ਪਈ ਕਿ ਭੁੱਲ ਹੀ ਗਈ ਕਿ ਲੱਕੀ ਵੀ ਮੇਰੇ ਪਰਿਵਾਰ ਦਾ ਇੱਕ ਹਿੱਸਾ ਹੈ। ਉਸ ਦੇ ਬਾਰੇ ਗੱਲ ਕਰਨੀ ਵੀ ਛੱਡ ਦਿੱਤੀ ਸੀ। ਪਰ ਜਿਵੇਂ ਕਿ ਕਿਹਾ ਜਾਂਦਾ ਹੈ ਕਿ ਕੁੱਤਾ ਆਪਣੇ ਮਾਲਿਕ ਦਾ ਬਹੁਤ ਵਫ਼ਾਦਾਰ ਹੁੰਦਾ ਹੈ । ਪਵਿੱਤਰ ਗੁਰਬਾਣੀ ਦਾ ਵੀ ਫੁਰਮਾਨ ਹੈ; ਸੁਆਮੀ ਕੋ ਗ੍ਰਿਹੁ ਜਿਉ ਸਦਾ ਸੁਆਨ ਤਜਤ ਨਹੀ ਨਿਤ।। ਨਾਨਕ ਇਹ ਬਿਧਿ ਹਰਿ ਭਜਉ ਇਕ ਮਨਿ ਹੁਇ ਇਕ ਚਿਤਿ।। ਪਤਾ ਨਹੀ ਲੱਕੀ ਨੇ ਕਿੰਨ੍ਹਾਂ ਕੁ ਸਾਨੂੰ ਯਾਦ ਕੀਤਾ ਹੋਣਾ? ਪਤਾ ਨਹੀਂ ਸਾਡੀ ਕਮੀ ਨੂੰ ਕਿੰਨਾਂ ਮਹਿਸੂਸ ਕੀਤਾ ਹੋਣਾ?? ਉਹ ਬੋਲ ਨਹੀ ਸੀ ਸਕਦਾ, ਪਰ ਪਿਆਰ ਦੇ ਜਜ਼ਬਾਤਾਂ ਨਾਲ ਲਬਾ-ਲਬ ਭਰਿਆ ਹੋਇਆ ਸੀ। ਇੱਕ ਬੱਚਾ ਬਣ ਮੇਰੇ ਪਰਿਵਾਰ ਦਾ ਹਿੱਸਾ ਬਣ ਆਇਆ ਸੀ।
ਉਸ ਦੀ ਖ਼ਾਮੋਸ਼ੀ ਅਤੇ ਪੀੜ ਨੂੰ ਮੈਂ ਓਦੋਂ ਸਮਝੀ, ਜਦ ਕਈ ਸਾਲ ਬਾਦ ਆਪਣੇ ਵਤਨ ਗਈ। ਸੌਹਰੇ ਘਰ ਸਭ ਨੂੰ ਮਿਲ ਕੇ ਅਰਾਮ ਨਾਲ਼ ਬੈਠ ਗਈ। ਫੇਰ ਅਚਾਨਕ ਹੀ ਲੱਕੀ ਬਾਰੇ ਪੁੱਛਿਆ। ਮੈਨੂੰ ਉਮੀਦ ਸੀ ਕਿ ਦੌੜ ਕੇ ਆ, ਮੇਰੇ ‘ਤੇ ਛਾਲ ਮਾਰ ਫੇਰ ਪੁੱਛੇਗਾ, ਕਿ ਮੈਨੂੰ ਕਿਉਂ ਨਹੀਂ ਨਾਲ ਲੈ ਕੇ ਗਈ? ਪਰ ਭਾਬੀ ਨੇ ਦੱਸਿਆ ਕਿ ਲੱਕੀ ਤਾਂ ਕਾਫੀ ਚਿਰ ਤੋਂ ਬਿਮਾਰ ਚੱਲ ਰਿਹਾ ਹੈ। ਹੁਣ ਤਾਂ ਉਠਦਾ ਵੀ ਨਹੀਂ, ਬੱਸ ਪਏ ਦੇ ਹੀ ਸਾਹ ਚੱਲਦੇ ਨੇ ਅਤੇ ਮਾੜੀਆਂ ਜਿਹੀਆਂ ਅੱਖਾਂ ਹੀ ਖੋਲ੍ਹਦਾ ਹੈ। ਬਾਹਰ ਗਲੀ ਵਾਲੇ ਕੂਲਰ ਹੇਠ ਪਿਆ ਹੋਇਆ ਹੈ। ਇੰਨੀ ਗੱਲ ਸੁਣ ਮੈਂ ਬਾਹਰ ਨੂੰ ਭੱਜੀ। ਮੇਰੇ ਨਾਲ ਦੋਵੇਂ ਬੇਟੇ ਵੀ ਸਨ। ਮੈਂ ਉਸ ਦੀ ਨਿਰਬਲ ਹਾਲਤ ਵੇਖ ਕੇ ਸਤੰਭ ਰਹਿ ਗਈ। ਬਹੁਤ ਹੀ ਪਤਲੀ ਹਾਲਤ ਸੀ, ਨਿਢਾਲ ਤੇ ਕਮਜ਼ੋਰ ਸਰੀਰ, ਬੰਦ ਅੱਖਾਂ, ਧੀਮੀ ਗਤੀ ਨਾਲ਼ ਚੱਲਦੇ ਸਾਹ। ਮੈਂ ਕੋਲ ਜਾ ਅਵਾਜ਼ ਮਾਰੀ, “ਲੱਕੀ…..!” ਮੇਰੇ ਮਗਰ ਹੀ ਮੇਰੇ ਬੇਟੇ ਉਸ ਦਾ ਨਾਮ ਪੁਕਾਰਣ ਲੱਗ ਪਏ। ਰੱਬ ਗਵਾਹ ਹੈ ਕਿ ਪਤਾ ਨਹੀਂ ਉਸ ਨੇ ਅਗਲੀ ਪਿਛਲੀ ਆਪਣੀ ਸਾਰੀ ਸ਼ਕਤੀ ਲਾ ਕੇ ਆਪਣੀਆਂ ਅੱਖਾਂ ਖੋਲ੍ਹ ਕੇ ਦੇਖਿਆ ਅਤੇ ਜੋਰ ਮਾਰ ਕੇ ਆਪਣੇ ਆਪ ਨੂੰ ਖੜ੍ਹਾ ਕਰ ਲਿਆ, ਪਰ ਕਦਮ ਨਹੀ ਸੀ ਪੁੱਟ ਸਕਿਆ। ਲੜਖੜਾ ਕੇ ਡਿੱਗ ਪਿਆ। ਧਰਤੀ ‘ਤੇ ਸਪਾਲ਼ ਪਿਆ ਅੱਧ ਖੁੱਲ੍ਹੀਆਂ ਅੱਖਾਂ ਨਾਲ ਮੇਰੇ ਵੱਲ ਟਿਕਟਿਕੀ ਲਾ ਕੇ ਦੇਖ ਰਿਹਾ ਸੀ। ਮੈਂ ਚੁੱਪ-ਚਾਪ ਉਸ ਦੇ ਕੋਲ਼ ਬੈਠ ਗਈ। ਮੇਰੇ ਦੇਖਦੇ-ਦੇਖਦੇ ਉਸ ਦੀਆਂ ਅੱਖਾਂ ਫੇਰ ਕਦੇ ਨਾ ਖੁੱਲ੍ਹਣ ਲਈ ਸਦੀਵੀ ਬੰਦ ਹੋ ਗਈਆਂ। ਸ਼ਾਇਦ ਮੈਨੂੰ ਵੇਖ ਆਪਣੀ ਵਫ਼ਾਦਾਰੀ ਦਾ ਸਬੂਤ ਦੇ ਕੇ ਕਹਿ ਰਿਹਾ ਹੋਵੇ, “ਤੇਰੀ ਦੀਦ ਖਾਤਰ ਮੈਂ ਆਪਣੇ ਸਾਹਾਂ ਨੂੰ ਚੱਲਦਾ ਰੱਖਿਆ, ਪ੍ਰਾਣ ਰੋਕੀ ਰੱਖੇ ਅਤੇ ਆਪਣੀ ਜਾਨ ਨੂੰ ਨਿਕਲਣ ਨਹੀਂ ਦਿੱਤਾ, ਕਿਉਂਕਿ ਤੂੰ ਮੈਨੂੰ ਆਪਣਾ ਘਰ ਮੇਰੀ ਰਾਖੀ ‘ਤੇ ਛੱਡ ਗਈ ਸੀ, ਲੈ ਅੱਜ ਮੇਰੀ ਜ਼ਿੰਮੇਵਾਰੀ ਪੂਰੀ ਹੋਈ….।” ਉਸ ਦੀ ਬੇਜ਼ੁਬਾਨ ਮੁਹੱਬਤ ਸਵਾਲ ਕਰ ਰਹੀ ਸੀ ਕਿ ਜਦ ਤੂੰ ਇੰਡੀਆ ਛੱਡਿਆ, ਤਾਂ ਮੈਨੂੰ ਮਿਲ ਕੇ, ਜਾਂ ਵੇਖ ਕੇ ਵੀ ਨਹੀ ਗਈ ਸੀ, ਪਰ ਮੈਂ ਤੇਰੇ ਆਖਰੀ ਦਰਸ਼ਨ ਕਰ ਕੇ ਹੀ ਅੱਖਾਂ ਮੀਟੀਆਂ ਹਨ। ਇੰਜ ਜਾਪਦਾ ਸੀ ਜਿਵੇਂ ਲੱਕੀ ਕਦੋਂ ਦਾ ਸੁੱਤਾ ਪਿਆ ਸੀ। ਪਰ ਉਹ ਤਾਂ ਇੱਕ ਸਦੀਵੀ ਨੀਂਦਰ ਦੀ ਅਗੋਸ਼ ਵਿੱਚ ਗੁੰਮ ਹੋ ਗਿਆ ਸੀ!! ਪਤਾ ਨਹੀਂ ਹੱਸਦਾ ਖੇਡਦਾ ਲੱਕੀ ਮੁੜ ਕਦੇ ਨਾ ਦਿਸਣ ਲਈ “ਕਿਹੜੀ” ਦੁਨਿਆ ਵਿੱਚ ਅਲੋਪ ਹੋ ਗਿਆ?……..
ਇਨਸਾਨ ਅਤੇ ਜਾਨਵਰ ਦੀ ਵਫ਼ਾ ਦਾ ਫ਼ਰਕ ਸਾਫ਼ ਸਮਝ ਆ ਰਿਹਾ ਸੀ। ਮੇਰੇ ਮਾਣਸ ਹਿਰਦੇ ‘ਤੇ ਇਹ ਘਟਨਾ ਸਦਾ ਲਈ ਲਿਖੀ ਗਈ ਸੀ। ਲੱਕੀ ਮੇਰੀ ਜ਼ਿੰਦਗੀ ਦੇ ਵਫ਼ਾਦਾਰ ਰਿਸ਼ਤਿਆਂ ਦੀ ਲਿਸਟ ਵਿੱਚ ਸਭ ਤੋਂ ਉਪਰ ਹੈ। ਆਪਣੀ ਸੰਕਰੀ ਸੋਚ ਕਰਕੇ, ਲੱਕੀ ਨੂੰ ਮੈਂ ਜਿਸ ਵੀ ਤਰ੍ਹਾਂ ਰੱਖਿਆ ਸੀ, ਪਰੰਤੂ ਰਾਓ ਨੇ ਮੇਰੇ ਨਜ਼ਰੀਏ ਨੂੰ ਬਿਲਕੁਲ ਹੀ ਬਦਲ ਦਿੱਤਾ ਸੀ। ਅਸਲ ਵਿੱਚ ਮੈਂ ਕੁੱਤਾ ਰੱਖਣ ਦੀ ਸਮਝ ਮੈਨੂੰ ਹੁਣ ਆਈ ਹੈ।
…….ਮੇਰੇ ਬੇਟੇ ਅਮਨ ਨੇ ਬੜੇ ਉਤਸ਼ਾਹ ਨਾਲ ਮੈਨੂੰ ਦੱਸਣਾ ਸੁਰੂ ਕੀਤਾ ਕਿ ਇਸ ਨਿੱਕੇ ਜਿਹੇ ਕਤੂਰੇ ਨੂੰ ਕਿਵੇਂ ਖਾਣਾ ਖੁਆਉਣਾ ਤੇ ਕਿਸ ਤਰ੍ਹਾਂ ਰੱਖਣਾ ਹੈ। ਆਪਣੇ ਪਹਿਲੇ ਕੁੱਤੇ ਦਾ ਨਾਮ ਲੱਕੀ ਸੀ, ਇਸ ਦਾ ਕੀ ਰੱਖੀਏ? ਨਾਮਕਰਣ ਦੀ ਬਹਿਸ ਤੋਂ ਬਾਅਦ ਆਂਦਰਿਆ ਦੀ ਪਸੰਦ ‘ਤੇ ਘਰ ਦੇ ਨਵੇਂ ਜੀਅ ਦਾ ਨਾਮ “ਰਾਓ” ਰੱਖਿਆ ਗਿਆ। ਇਹਨੀਂ ਦਿਨੀਂ ਹਿੰਦੀ ਇਤਿਹਾਸਕ ਫ਼ਿਲਮ “ਬਾਜ਼ੀਗਰ ਰਾਓ ਮਸਤਾਨੀ” ਬਹੁਤ ਹਿੱਟ ਚੱਲ ਰਹੀ ਸੀ। ਰਾਓ ਨਾਮ ਉਸ ਫ਼ਿਲਮ ਦੀ ਹੀ ਕਾਢ ਸੀ।
ਹੂਣ ਘਰ ਵਿੱਚ ਰਾਓ ਸਭ ਦੀ ਖਿੱਚ ਦਾ ਕੇਂਦਰ ਬਣ ਗਿਆ ਸੀ। ਹਫ਼ਤੇ ਭਰ ਬੱਚਿਆਂ ਦੇ ਦੋਸਤਾਂ ਨੇ ਰਾਓ ਕਰਕੇ ਰੌਣਕਾਂ ਲਾਈ ਰੱਖੀਆਂ। ਘਰ ਵਿੱਚ ਕੰਮ ਵਧ ਗਿਆ ਸੀ। ਰਾਓ ਬਹੁਤ ਛੋਟਾ ਹੋਣ ਕਰ ਕੇ, ਜਦ ਅਸੀਂ ਸਾਰੇ ਕੰਮ ‘ਤੇ ਜਾਂਦੇ ਤਾਂ ਸਾਰਾ ਦਿਨ ਉਚੀ-ਉਚੀ ਰੋਂਦਾ-ਚੂਕਦਾ ਰਹਿੰਦਾ। ਜਿਸ ਕਰ ਕੇ ਫ਼ਲੈਟ ਦੇ ਦੂਜੇ ਕਮਰਿਆਂ ਤੋਂ ਲੋਕਾਂ ਦੀਆਂ ਸ਼ਿਕਾਇਤਾਂ ਆਉਣ ਲੱਗ ਪਈਆਂ ਸਨ। ਦਸ ਘੰਟੇ ਦੇ ਲੰਮੇ ਸਮੇਂ ਕਰਕੇ ਉਹ ਘਰ ਵਿਚ ਗੰਦ ਪਾਉਣ ਲੱਗ ਪਿਆ। ਉਸ ਦੇ “ਪੂ-ਪੈਡ” ਬਦਲਣ ਦੀ ਲੋੜ ਹੁੰਦੀ ਸੀ, ਪਰ ਕੋਈ ਘਰ ਵੀ ਹੁੰਦਾ ਨਹੀਂ ਸੀ। ਮੀਟਿੰਗ ਵਿੱਚ ਤੈਅ ਹੋਇਆ ਕਿ ਕੁਝ ਮਹੀਨੇ ਇਸ ਦੇ ਕੋਲ ਕੋਈ ਰਹਿਣਾ ਚਾਹੀਦਾ ਹੈ। ਟਾਈਮ ਸੈੱਟ ਕਰਕੇ ਘਰ ਦੀਆਂ ਪੰਜ ਚਾਬੀਆਂ ਬਣਵਾ ਕੇ ਕੁਝ ਬੱਚਿਆਂ ਦੇ ਦੋਸਤਾਂ ਨੂੰ ਦਿੱਤੀਆ ਗਈਆਂ ਅਤੇ ਲੋੜ ਮੁਤਾਬਿਕ ਸਭ ਆਪਣੀ ਡਿਉਟੀ ਦੇਣ ਲੱਗ ਪਏ। ਵਕਤ ਦੇ ਨਾਲ-ਨਾਲ ਰਾਓ ਵੱਡਾ ਹੋਣ ਲੱਗ ਪਿਆ ਅਤੇ ਮੇਰੇ ਵਾਸਤੇ ਕੁੱਤਿਆਂ ਸਬੰਧੀ ਪੜ੍ਹਾਈ ਵਧਣ ਲੱਗ ਪਈ।
ਅਚਾਨਕ ਬਦਲ ਕੇ ਦਿੱਤਾ ਖਾਣਾ ਉਸ ਨੂੰ ਮਾਫ਼ਕ ਨਹੀ ਆਇਆ ਤੇ ਰਾਓ ਬਿਮਾਰ ਹੋ ਗਿਆ। ਮੈਂ ਆਂਦਰਿਆ ਦੇ ਨਾਲ ਟੈਕਸੀ ਕਰ ਕੇ ਡਾਕਟਰ ਦੇ ਲੈ ਗਈ। ਓਥੇ ਕੁਝ ਕੁੱਤੇ ਹੋਰ ਵੀ ਸਨ। ਗੋਰਿਆਂ ਨੇ ਰਾਓ ਨੂੰ ਖੂਬ ਸਲਾਹਿਆ। ਪਹਿਲੀ ਵਾਰ ਮੈਨੂੰ ਪਤਾ ਚੱਲਿਆ ਕਿ ਜਾਨਵਰਾਂ ਦਾ, ਖ਼ਾਸ ਕਰ ਕੁੱਤਿਆਂ ਦਾ ਇਲਾਜ਼ ਬਹੁਤ ਹੀ ਮਹਿੰਗਾ ਹੈ। ਰਾਓ ਦੇ ਪਹਿਲੇ ਇਲਾਜ਼ ਉਪਰ ਅੱਸੀ ਪੌਂਡ ਲੱਗੇ। ਮੈਨੂੰ ਇਹ ਗੱਲ ਸਮਝ ਆਉਣ ਲੱਗ ਪਈ ਕਿ ਬੱਚਾ ਭਾਵੇਂ ਜਾਨਵਰ ਦਾ ਹੀ ਕਿਉਂ ਨਾ  ਹੋਵੇ, ਉਸ ਨੂੰ ਬਹੁਤ ਧਿਆਨ ਦੀ ਲੋੜ ਹੁੰਦੀ ਹੈ।  ਦੋ ਹਫ਼ਤੇ ਬਾਦ ਰਾਓ ਜਦ ਫ਼ਿਰ ਬਿਮਾਰ ਪੈ ਗਿਆ,  ਤਾਂ ਬੇਟੇ ਨੇ ਰਾਓ ਦਾ (ਹੈਲਥ) ਬੀਮਾਂ ਕਰਵਾ ਦਿੱਤਾ। ਮੈਂ ਦਿਮਾਗ ‘ਤੇ ਜੋਰ ਮਾਰਦੀ ਰਹੀ ਕਿ ਲੱਕੀ ਸਾਰੀ ਉਮਰ ਵਿੱਚ ਕਦ ਬਿਮਾਰ ਹੋਇਆ ਸੀ। ਨਹੀਂ, ਮੈਂ ਉਸ ਦੇ ਇਲਾਜ਼ ‘ਤੇ ਕਦੇ ਦੋ ਪੈਸੇ ਖ਼ਰਚ ਨਹੀਂ ਕੀਤੇ ਹੋਣੇ। ਮੈਨੂੰ ਕਮਲੀ ਨੂੰ ਉਸ ਨੇ ਪਤਾ ਹੀ ਨਹੀਂ ਸੀ ਲੱਗਣ ਦਿਤਾ ਕਿ ਕਦ ਬਿਮਾਰ ਹੋਇਆ ਜਾਂ ਨਹੀਂ? ਜਦ ਮੈਨੂੰ ਉਸ ਦੇ ਬਿਮਾਰ ਹੋਣ ਦਾ “ਪਹਿਲੀ ਵਾਰ” ਪਤਾ ਚੱਲਿਆ, ਓਦੋਂ ਲੱਕੀ ਨੇ ਆਪਣੇ “ਆਖਰੀ” ਸਾਹ ਤਿਆਗ ਦਿੱਤੇ। ਮੇਰੇ “ਪੌਂਡਾਂ” ਦੀ ਕਮਾਈ ਦਾ ਹਿੱਸੇਦਾਰ ਨਾ ਬਣਿਆ। ਸ਼ਾਇਦ ਉਸ ਦੀਆਂ ਅੱਧ ਖੁੱਲ੍ਹੀਆਂ ਅੱਖਾਂ ਮੈਨੂੰ ਬਹੁਤ ਕੁਝ ਕਹਿ ਗਈਆਂ ਸਨ।
ਹਰ ਕੋਈ ਰਾਓ ਵਾਸਤੇ ਖੂਬ “ਟਰੀਟਸ” ਲੈ ਕੇ ਆਉਣ ਲੱਗ ਪਿਆ। ਮੈਂ ਓਦੋਂ ਭੁਚੱਕੀ ਰਹਿ ਗਈ, ਜਦ ਜਸ਼ਨ ਨੇ ਦੱਸਿਆ, “ਮਾਂ, ਅਗਲੇ ਹਫ਼ਤੇ ਤੋਂ ਰਾਓ ਸਾਹਿਬ ਪੜ੍ਹਨ ਜਾਣਗੇ, ਮੈਂ ਇਸ ਦੀਆਂ ਸੋਸ਼ਲ ਕਲਾਸਾਂ ਬੁੱਕ ਕਰਵਾ ਦਿੱਤੀਆ ਹਨ।”
“ਸੱਚੀ?” ਮੇਰੇ ਮੂੰਹੋਂ ਸਿਰਫ਼ ਇੰਨਾ ਹੀ ਨਿਕਲਿਆ।
“ਹਾਂ ਜੀ, ਕੁੱਤਿਆਂ ਨੂੰ ਸੋਸ਼ਲ ਹੋਣਾ ਸਿਖਾਇਆ ਜਾਣਾ ਜਰੂਰੀ ਹੈ। ਅਗਰ ਕਿਸੇ ਨੂੰ ਕੁੱਤਾ ਵੱਢ ਲਵੇ, ਤਾਂ ਮੋਟਾ  ਜੁਰਮਾਨਾ ਭਰਨਾ ਪੈਂਦਾ ਹੈ, ਬਲਕਿ ਜੇ ਕਰ ਘਰ ਕੁੱਤਾ ਹੋਵੇ, ਤੇ ਮੁੱਖ ਦਰਵਾਜੇ ‘ਤੇ ਉਸ ਦੀ ਫ਼ੋਟੋ ਨਾਲ “ਵਾਰਨਿੰਗ” ਵੀ ਲਾਉਣੀ ਪੈਂਦੀ ਹੈ, ਨਹੀਂ ਇਸ ਦਾ ਜੁਰਮਾਨਾ ਵੱਖ ਹੈ।” ਅਮਨ ਨੇ ਸਾਰੀ ਗੱਲ ਖੋਲ੍ਹ ਕੇ ਦੱਸ ਦਿੱਤੀ। ਹਰ ਐਤਵਾਰ ਨੂੰ ਰਾਓ ਦਾ ਸਕੂਲ ਸ਼ੁਰੂ ਹੋ ਗਿਆ। ਰਾਓ ਵੱਡਾ ਹੋਣ ਲੱਗ ਪਿਆ ਤੇ ਉਸ ਨੂੰ ਨਿੱਤ ਕਰਮ ਵਾਸਤੇ ਬਾਹਰ ਲੈ ਕੇ ਜਾਣ ਦੀ ਯੋਜਨਾ ਬਣੀ। ਦੋ ਟਾਇਮ ਬੰਨ੍ਹ ਦਿੱਤੇ। ਸ਼ਾਮ ਦੀ ਡਿਊਟੀ ਮੇਰੇ ਹਿੱਸੇ ਆਈ। ਦਸ ਘੰਟੇ ਬਾਅਦ ਘਰ ਆਉਣਾ ਤੇ ਚਾਹ ਪੀਂਦਿਆਂ ਹੀ ਰਾਓ ਨੂੰ ਪਾਰਕ ਲੈ ਜਾਣਾ। ਘਰ ਆ ਕੇ ਬਾਕੀ ਘਰ ਦੇ ਕੰਮ ਕਰਨੇ ਅਤੇ ਥੱਕ ਕੇ ਚੂਰ ਹੋ ਬਿਸਤਰੇ ਵਿੱਚ ਜਾ ਡਿੱਗਣਾ। ਮੇਰੀਆਂ ਦੋ ਛੁੱਟੀਆਂ ਵੀ ਰਾਓ ਦੇ ਲੇਖੇ ਲੱਗ ਜਾਂਦੀਆਂ ਸਨ । ਪਾਰਕ ਵਿਚ ਰਾਓ ਕੁੱਤੀਆਂ ਦੇ ਮਗਰ ਦੌੜਨ ਲੱਗ ਪਿਆ ਅਤੇ ਪਤਾ ਚੱਲਿਆ ਕਿ ਇਸ ਦੀ “ਨਸਬੰਦੀ” ਕਰਵਾਉਣੀ ਜ਼ਰੂਰੀ ਹੈ।
ਡਾਕਟਰ ਨਾਲ ਸਮਾਂ ਬਣਾ ਕੇ ਉਸ ਦਾ ਆਪਰੇਸ਼ਨ ਕਰਵਾ ਦਿੱਤਾ। ਪੰਦਰਾਂ ਕੁ ਦਿਨ ਰਾਓ ਬਹੁਤ ਔਖਾ ਰਿਹਾ। ਜ਼ਖ਼ਮ ਨੂੰ ਖੁਰਕਣ ਦੇ ਬਚਾਅ ਲਈ ਸਿਰ ‘ਤੇ “ਕੋਨ” ਲੱਗਿਆ ਹੋਇਆ ਸੀ, ਜੋ ਘਰ ਵਿੱਚ ਜਗਾਹ ਥੋੜ੍ਹੀ ਹੋਣ ਕਰਕੇ ਉਲਝਦਾ ਰਹਿੰਦਾ ਸੀ। ਦੋ ਵਾਰ ਉਸ ਨੇ ਖੁਰਕ ਕੇ ਆਪਣੇ ਟਾਂਕੇ ਖਿੱਚ ਲਏ ਅਤੇ ਉਸ ਨੂੰ ਐਮਰਜੈਂਸੀ ਲੈ ਜਾਣਾ ਪਿਆ। ਕਰੀਬ ਤਿੰਨ ਸੌ ਪੌਂਡ ਦਾ ਖਰਚ ਆਇਆ। ਉਮਰ ਦੇ ਨਾਲ-ਨਾਲ ਰਾਓ ਬਹੁਤ ਸਮਝਦਾਰ ਹੋ ਰਿਹਾ ਸੀ। ਕਈ ਵਾਰ ਉਸ ਨੂੰ ਜੰਗਲ-ਪਾਣੀ ਦੀ ਤਾਂਘ ਜੋਰ ਮਾਰਦੀ ਤਾਂ ਉਹ ਬੇਚੈਨੀ ਵਿਖਾਉਂਦਾ, ਪਰ ਕੰਟਰੋਲ ਕਰੀ ਰੱਖਦਾ। ਬਾਹਰ ਜਾਣ ਵੇਲੇ ਪਾਰਕ ਵੱਲ ਬੇਹਤਾਸ਼ਾ ਦੌੜਦਾ। ਪਰ ਦੂਜੇ ਪਾਸੇ ਜਦ ਅਸੀਂ ਕਿਤੇ ਬਾਹਰ ਚਲੇ ਜਾਂਦੇ ਅਤੇ ਰਾਓ ਨੂੰ ਇਕੱਲਾ ਘਰੇ ਛੱਡ ਜਾਂਦੇ, ਤਾਂ ਆਪਣਾ ਰੋਸ ਦਿਖਾਉਣ ਲਈ ਬੈੱਡ ‘ਤੇ ਹੀ ਟੌਇਲਟ ਕਰ ਦਿੰਦਾ। ਫੇਰ ਬੈੱਡ ਨੂੰ ਪਲਾਸਟਿਕ ਨਾਲ ਕਵਰ ਕਰਨ ਦੀ ਯੋਜਨਾ ਬਣਾਈ ਗਈ।  ਰਾਓ ਦਾ ਮਨ ਪਸੰਦ ਥਾਂ ਸਾਡੇ ਬੈੱਡ ਦੇ ਸਿਰਹਾਣੇ ਵਾਲੀ ਖਿੜਕੀ ਸੀ, ਜਿਸ ਵਿੱਚੋਂ ਮੂੰਹ ਕੱਢੀ ਉਹ ਤੁਰਦੀ ਫ਼ਿਰਦੀ ਦੁਨੀਆਂ ਨੂੰ ਵੇਖਦਾ ਰਹਿੰਦਾ। ਰਾਓ ਦੀ ਆਹ ਟੌਹਰ ਵੇਖ ਕੇ, ਲੱਕੀ ਨੂੰ ਦਿੱਤੀ ਬੋਰੀ ਮੈਨੂੰ ਗੁਨਾਂਹਗਾਰ ਜਿਹਾ ਕਰਾਰ ਦਿੰਦੀ ਰਹਿੰਦੀ। ਹਾਲਾਂ ਕਿ ਇੱਥੇ ਇਤਨੀ ਗਰਮੀ ਨਹੀਂ ਹੁੰਦੀ। ਪਰ “ਹੱਸਕੀ ਬਰੀਡ” ਵਾਸਤੇ ਆਹ ਗਰਮੀ ਵੀ ਜ਼ਿਆਦਾ ਸੀ। ਰਾਓ ਦੀ ਸੁਖ ਸਹੂਲਤ ਵਾਸਤੇ ਰੂਮ ਕੂਲਰ ਅਤੇ ਕੋਲਡ ਸ਼ੀਟ ਲਿਆਂਦੀਆਂ ਗਈਆਂ। ਉਸ ਦੇ ਪਾਣੀ ਵਿੱਚ ਬਰਫ਼ ਪਾਉਣੀ ਪੈਦੀਂ, ਜਿਸ ਨਾਲ ਉਹ ਬਹੁਤ ਖੁਸ਼ ਹੋ ਖੇਡਦਾ ਅਤੇ ਬਰਫ਼ ਚੱਬਣ ਲੱਗ ਪੈਂਦਾ।
ਇਹ ਬਿਲਕੁਲ ਸੱਚ ਹੈ ਕਿ ਇਨਸਾਨ ਸਾਰੀ ਜ਼ਿੰਦਗੀ ਕੁਝ ਨਾ ਕੁਝ ਨਵਾਂ ਸਿੱਖਦਾ ਰਹਿੰਦਾ ਹੈ। ਭਾਵੇਂ ਕੁੱਤਾ ਰੱਖਣਾ ਆਮ ਜਿਹੀ ਗੱਲ ਹੈ, ਪਰ ਰਾਓ ਨੂੰ ਰੱਖ ਕੇ ਮੈਨੂੰ ਕੁੱਤਾ ਰੱਖਣ ਦੀ ਜਾਂਚ ਆਈ। ਘਰ ਵਿੱਚ ਕੁੱਤਿਆਂ ‘ਤੇ ਬਣੀਆਂ ਇੰਟਰਨੈਸ਼ਨਲ ਫ਼ਿਲਮਾਂ ਨੈੱਟ ‘ਤੇ ਵੇਖੀਆਂ ਜਾਣ ਲੱਗੀਆਂ। ਕੁੱਤਿਆਂ ਦੀ ਟਰੇਨਿੰਗ ਦੇ ਵੀਡੀਓ ਦੇਖ ਕੇ ਇੰਨ੍ਹਾਂ ਦੇ ਸੁਭਾਅ ਬਾਰੇ ਸਮਝਣਾ ਸ਼ੁਰੂ ਕੀਤਾ ਗਿਆ। ਆਂਦਰਿਆ ਨੂੰ ਰਾਓ ਬਹੁਤ ਜ਼ਿਆਦਾ ਮੋਹ ਕਰਦਾ ਸੀ ਅਤੇ ਉਹ ਵੀ ਹਰ ਛੁੱਟੀ ਰਾਓ ਨਾਲ ਹੀ ਬਿਤਾਉਣ ਲਈ ਆਪਣੇ ਘਰ ਤੋਂ ਘੰਟੇ ਦਾ ਸਫ਼ਰ ਤਹਿ ਕਰ ਕੇ ਆਉਂਦੀ। ਕਈ ਘੰਟੇ ਪਾਰਕ ਲਿਜਾ ਕੇ, ਦੌੜਾ-ਦੌੜਾ ਕੇ ਰਾਓ ਦੀ ਖੂਬ ਵਰਜਿਸ਼ ਕਰਾਉਂਦੀ। ਖੂਬ ਖਿਡਾਉਣੇ ਅਤੇ ਟਰੀਟਸ ਲਿਆ ਕੇ ਦਿੰਦੀ। ਜਦ ਆਂਦਰਿਆ ਘਰ ਹੁੰਦੀ, ਉਸ ਵਕਤ ਰਾਓ ਕਿਸੇ ਹੋਰ ਦੀ ਘੱਟ ਹੀ ਸੁਣਦਾ ਸੀ। ਸ਼ਾਇਦ ਉਹ ਪਹਿਲੀ ਵਾਰ ਰਾਓ ਨੂੰ ਅਪਣੀ ਗੋਦ ਵਿੱਚ ਬਿਠਾ ਕੇ ਲੈ ਕੇ ਆਈ ਸੀ, ਜਾਂ ਖੂਬ ਟਰੀਟਸ, ਖਿਡਾਉਣੇ ਦਿੰਦੀ ਸੀ, ਜਾਂ ਫੇਰ ਹਰ ਛੁੱਟੀ ਰਾਓ ਦੇ ਲੇਖੇ ਲਾਉਂਦੀ ਤਾਂ ਕਰਕੇ?? ਜਾਂ ਫੇਰ ਇੰਜ ਵੀ ਕਿਹਾ ਜਾਂਦਾ ਹੈ ਕਿ ਕੁੱਤਿਆਂ ਨੂੰ “ਡੌਗ ਲਵਰ” ਦੀ “ਸਮੈਲ” ਆ ਜਾਂਦੀ ਹੈ, ਕਿ ਅੰਦਰੋਂ ਕੌਣ ਸੱਚਾ ਪਿਆਰ ਕਰਦਾ ਹੈ? ਕੁਦਰਤ ਨੇ ਚੰਗਾ ਹੀ ਕੀਤਾ ਕਿ ਇੰਜ ਦਾ ਕੋਈ ਗੁਣ ਇਨਸਾਨ ਨੂੰ ਨਹੀ ਦਿੱਤਾ।
“ਮੰਮ, ਮੈਂ ਅਗਲੇ ਹਫ਼ਤੇ ਦੀ ਰਾਓ ਵਾਸਤੇ ‘ਗਰੂਮਿੰਗ’ ਦੀ ਬੁਕਿੰਗ ਕਰ ਦਿੱਤੀ ਹੈ, ਮੰਗਲਵਾਰ ਮੇਰੀ ਛੁੱਟੀ ਹੈ। ਤੁਸੀਂ ਬੇਫ਼ਿਕਰ ਰਹੋ, ਮੈਂ ਆਪੇ ਹੀ ਲੈ ਜਾਊਂਗੀ।” ਆਂਦਰਿਆ ਨੇ ਕਿਹਾ।
“ਉਹ ਕਿਉਂ?” ਮੈਂ ਖਰਚੇ ਵੱਲੋਂ ਪ੍ਰੇਸ਼ਾਨ ਹੁੰਦਿਆਂ ਕਿਹਾ।
“ਇੰਨ੍ਹਾਂ ਦੇ ਸਰੀਰ ਦੀ ਪੂਰੀ ਸਫ਼ਾਈ ਜਰੂਰੀ ਹੁੰਦੀ ਹੈ, ਵਾਧੂ ਵਾਲ ਨਿਕਲ ਜਾਂਦੇ ਹਨ।”
ਮੰਗਲਵਾਰ ਜਦ ਅਸੀਂ ਕੰਮ ਤੋਂ ਘਰ ਆਏ ਤਾਂ ਦੇਖਿਆ ਵਾਕਿਆ ਹੀ ਰਾਓ ਲਿਸ਼ਕਾਂ ਮਾਰ ਰਿਹਾ ਸੀ ।
ਅਗਲੇ ਹਫ਼ਤੇ ਹੀ ਇੱਕ ਵੱਡੀ ਸਾਰੀ ਗਰੂਮਿੰਗ ਕਿੱਟ ਆਰਡਰ ਕਰ ਕੇ ਘਰ ਮੰਗਵਾ ਲਈ। ਇੱਕ ਛੋਟਾ ਹੂਵਰ ਵਾਲ ਇਕੱਠੇ ਕਰਨ ਲਈ ਅਤੇ ਇੱਕ ਵੱਡਾ ਹੇਅਰ ਡਰਾਇਰ ਵਾਲ ਸੁਕਾਉਣ ਲਈ ਰਾਓ ਲਈ ਆ ਗਿਆ। ਹਫ਼ਤੇ ਵਿੱਚ ਦੋ ਵਾਰ ਨਹਾਉਣਾ, ਸੁਕਾਉਣਾ ਅਤੇ ਚਾਰ ਮਹੀਨੇ ਮਗਰੋਂ ‘ਗਰੂਮਿੰਗ’ ਬੁੱਕ ਕਰਵਾਉਣੀ ਸ਼ੁਰੂ ਹੋ ਗਈ।
ਛੁੱਟੀਆਂ ਵਿੱਚ ਆਸਟਰੀਆ ਤੋਂ ਮੇਰੀ ਭਤੀਜੀ ਆਪਣੇ ਪੰਜ ਸਾਲ ਦੇ ਬੇਟੇ ਨਾਲ ਮੇਰੇ ਕੋਲ ਰਹਿਣ ਆਈ। ਦੋ ਕੁ ਦਿਨ ਬਾਅਦ ਸਾਨੂੰ ਲੱਗਿਆ ਕਿ ਘਰ ਵਿਚ ਥਾਂ ਘੱਟ ਹੈ। ਇਸ ਲਈ ਰਾਓ ਨੂੰ ਡੌਗ ਟਰੇਨਿੰਗ ਕਲਾਸਾਂ ‘ਚ ਪਾਉਣ ਦਾ ਫੈਸਲਾ ਕੀਤਾ। ਦੋ ਹਫ਼ਤੇ ਵਾਸਤੇ ਉਸ ਨੂੰ ਟਰੇਨਿੰਗ ‘ਤੇ ਭੇਜ ਦਿੱਤਾ। ਪਹਿਲੀ ਵਾਰ ਮੈਨੂੰ ਇਹ ਸਿੱਖਣ ਦਾ ਮੌਕਾ ਮਿਲਿਆ ਕਿ ਕੁੱਤੇ ਨੂੰ ਕਿੰਜ ਸਿਖਲਾਈ ਦਿੱਤੀ ਜਾਂਦੀ ਹੈ। ਹਰ ਟਰੇਨਿੰਗ ‘ਤੇ ਖੂਬ ਸਾਰੀ ਟਰੀਟਸ ਦਿੱਤੀ ਜਾਂਦੀ ਹੈ, ਨਾ ਕਿ ਕੁੱਟਿਆ ਜਾਂਦਾ ਹੈ, ਜੋ ਕਿ ਮੈਂ ਸਬਕ ਸਿਖਾਉਣ ਲਈ ਲੱਕੀ ਨਾਲ ਕੀਤਾ ਸੀ। ਮੈਂ ਉਸ ਨੂੰ ਸਿਰਫ਼ ਟੌਇਲਟ ਜਾਣਾ ਹੀ ਸਿਖਾਇਆ ਸੀ, ਜੋ ਕਿ ਆਪਣੀ ਜਾਨ ਸੌਖੀ ਕਰਨ ਲਈ ਕੁੱਟ ਮਾਰ ਕੇ ਸਿਖਾ ਦਿੱਤਾ ਸੀ। ਬਾਕੀ ਮੈਨੂੰ ਹੋਰ ਕੁਝ ਸਿਖਾਉਣ ਦੀ ਜ਼ਰੂਰਤ ਹੀ ਨਹੀ ਮਹਿਸੂਸ ਹੋਈ ਸੀ। ਪਰ ਰਾਓ ਨੂੰ ਬਹੁਤਾ ਕੁਝ ਘਰ ਹੀ ਬੈਠਿਆਂ ਨੇ ਸਿਖਾ ਦਿੱਤਾ ਸੀ। ‘ਨ੍ਹੋ ਰਾਓ’, ‘ਯੈੱਸ ਬੇਬੀ’, ਗੁੱਡ ਬੋਆਏ’, ‘ਗਿਵ ਮੀ ਪੌਅ’, ‘ਇਨ ਯੂਅਰ ਬੈੱਡ’, ‘ਇੱਟਸ ਯੋਅਰ’, ‘ਬੈਡ ਬੋਆਏ’, ‘ਕਮ ਔਨ’, ‘ਡਾਊਨ’, ‘ਅੱਪ’, ਇਸ ਤੋਂ ਵੀ ਜ਼ਿਆਦਾ ਉਸ ਨੂੰ ਕਾਫ਼ੀ ਕੁਝ ਸਿਖਾ ਦਿੱਤਾ ਸੀ।
ਰਾਓ ਦੇ ਟਰੇਨਿੰਗ ‘ਤੇ ਜਾਣ ਬਾਅਦ ਘਰ ਵਿੱਚ ਹਰ ਰੋਜ਼ ਉਸ ਦਾ ਜ਼ਿਕਰ ਹੋ ਜਾਂਦਾ ਸੀ। ਉਸ ਨੇ ਵੀ ਸਾਨੂੰ ਇੰਨਾਂ ਹੀ ÷ਮਿੱਸ÷ ਕੀਤਾ ਸੀ। ਜਿਸ ਦਿਨ ਉਸ ਨੂੰ ਲੈਣ ਗਏ ਤਾਂ ਉਸ ਨੇ ਲਿਪਟ-ਲਿਪਟ ਕੇ ਬਹੁਤ ਬੈਚੇਨੀ ਵਿਖਾਈ। ਨਿੱਕੀਆਂ-ਨਿੱਕੀਆਂ ਦੰਦੀਆਂ ਮਾਰ ਕੇ ਰੋਸਾ ਵੀ ਵਿਖਾਇਆ ਕਿ ਘਰੋਂ ਦੂਰ ਕਿਉਂ ਕੀਤਾ ਸੀ? ਭਤੀਜੀ ਚਲੀ ਗਈ ਤੇ ਰਾਓ ਘਰ ਆ ਗਿਆ। ਮੈਨੂੰ ਯਾਦ ਹੈ ਸ਼ਾਇਦ ਇਤਨੇ ਖਿਡਾਉਣੇ ਮੈਂ ਬਚਪਨ ਵਿੱਚ ਆਪਣੇ ਬੱਚਿਆਂ ਨੂੰ ਨਹੀਂ ਸੀ ਲਿਆ ਕੇ ਦਿੱਤੇ ਹੋਣੇ, ਜਿੰਨੇ ਰਾਓ ਵਾਸਤੇ ਆਉਂਦੇ ਸੀ । ਰਾਓ ਨੂੰ ਵੀ ਜਿਵੇਂ ਆਪਣੇ ਖਿਡਾਉਣੇ ਪਤਾ ਸੀ। ਘਰ ਵਿੱਚ ਹੋਰ ਵੀ ਬਹੁਤ ਕੁਝ ਸੀ, ਪਰ ਉਹ ਆਪਣੇ ਹੀ ਖਿਡਾਉਣੇ ਟੋਕਰੀ ਵਿੱਚੋਂ ਕੱਢਦਾ ਅਤੇ ਕਿਸੇ ਖਰੂਦੀ ਬੱਚੇ ਵਾਂਗ ਪਾੜ, ਖੇਡ ਕੇ ਖਿਲਾਰ ਦਿੰਦਾ। ਜਦ ਮੈਂ ਬੇਟੇ ਨੂੰ ਕਿਹਾ ਕਿ ਕੁੱਤੇ ਨੇ ਤੇ ਖਿਡਾਉਣੇ ਪਾੜ ਕੇ ਲੀਰੋ-ਲੀਰ ਹੀ ਕਰ ਦੇਣੇ ਹਨ, ਫੇਰ ਕਿਉਂ ਲਿਆਉਂਦੇ ਹੋ? ਵਾਧੂ ਦਾ ਖਿਲਾਰਾ ਹੀ ਪੈਂਦਾ ਹੈ।
“ਮੰਮ, ਕੁੱਤੇ ਵੀ ਖੇਡ ਕੇ ਆਨੰਦ ਲੈਂਦੇ ਨੇ, ਇਹਨਾਂ ਦੇ ਵਿਕਾਸ ਲਈ ਜ਼ਰੂਰੀ ਹੈ, ਨਹੀਂ ਤੇ ਘਰ ਵਿੱਚ ਕੁਝ ਹੋਰ ਪਾੜ-ਝੀੜ ਕਰੂਗਾ!” ਬੇਟੇ ਨੇ ਮੇਰੇ ਸਵਾਲ ਦਾ ਸਪੱਸ਼ਟੀਕਰਣ ਦਿੱਤਾ। ਲੱਕੀ ਦੀ ਇੱਕ ਪੁਰਾਣੀ ਘਟਨਾ ਦੀ ਘੰਟੀ ਜਿਵੇਂ ਦਿਮਾਗ ਵਿੱਚ ਵੱਜ ਗਈ, “ਆਹ ਕੀ ਕੀਤਾ….?” ਕਹਿੰਦੇ ਹੋਏ ਮੈਂ ਦੋ-ਚਾਰ ਲੱਕੀ ਦੇ ਛੱਡਦੇ ਹੋਏ ਜੁਰਾਬ ਉਸ ਦੇ ਮੂੰਹ ‘ਚੋਂ ਖਿੱਚਣ ਲੱਗ ਪਈ। ਉਸ ਦਾ ਤਕਰੀਬਨ ਰੋਜ਼ ਦਾ ਹੀ ਕੰਮ ਹੋ ਗਿਆ ਸੀ ਕੱਪੜੇ ਪਾੜਨਾ, ਜੋ ਮੈਂ ਧੋ ਕੇ ਸੁਕਾਉਣ ਲਈ ਛੱਤ ‘ਤੇ ਪਾ ਕੇ ਆਉਂਦੀ ਸੀ। ਉਸ ਦੀਆਂ ਅਜਿਹੀਆਂ ਗਲਤੀਆਂ ਕਾਰਨ ਉਸ ਨੂੰ ਰੋਜ਼ ਹੀ ਮਾਰ ਪੈਦੀਂ। ਮੈਨੂੰ ਤਾਂ ਸਮਝ ਨਹੀਂ ਆਈ, ਪਰ ਲੱਕੀ ਮਾਰ ਤੋਂ ਬਚਣ ਵਾਸਤੇ ਸਮਝ ਗਿਆ ਸੀ ਕਿ ਹੁਣ ਘਰ ਦੇ ਕੱਪੜੇ ਨਹੀ ਪਾੜਨੇ। ਉਹ ਨਾਲ ਲੱਗਦਿਆਂ ਘਰਾਂ ਤੋਂ ਕੱਪੜੇ ਚੁੱਕ ਦੰਦੀਆਂ ਨਾਲ ਪਾੜ ਦਿੰਦਾ। ਪਰੰਤੂ ਥੋੜ੍ਹਾ ਸਿਆਣਾ ਹੋਣ ‘ਤੇ ਸਭ ਨੁਕਸਾਨ ਕਰਨੇ ਛੱਡ ਗਿਆ ਸੀ। ……ਪਰ ਇਤਨੀ ਪੁਰਾਣੀ ਘਟਨਾ ਨੂੰ ਰਾਓ ਦੀਆਂ ਆਦਤਾਂ ਨੇ ਜੀਵਤ ਕਰ ਦਿੱਤਾ। ਰਾਓ ਨੂੰ ਪਾਲਦੇ ਹੋਏ ਮੈਂ ਬਹੁਤ ਵਾਰੀ ਲੱਕੀ ਵਾਸਤੇ ਕਿਤੇ ਆਪਣੇ ਵਿਵਹਾਰ ਵਾਸਤੇ ਸ਼ਰਮਿੰਦਾ ਹੋਈ ਅਤੇ ਉਸ ਪਾਕਿ ਰੂਹ ਤੋਂ ਹੱਥ ਜੋੜ ਮੁਆਫ਼ੀ ਵੀ ਮੰਗੀ, ਅਤੇ ਆਪਣੇ ਮਨ ਵਿੱਚ ਪ੍ਰਣ ਵੀ ਕੀਤਾ ਕਿ ਰਾਓ ਨੂੰ ਪੂਰਾ ਪਿਆਰ ਦੇ ਕੇ ਪਾਛਚਾਤਾਪ ਕਰੂੰਗੀ।
ਘਰ ਛੋਟਾ ਹੋਣ ਕਰਕੇ ਜਿੰਨੀਆਂ ਮੁਸ਼ਕਲਾਂ ਕੁੱਤੇ ਕਰਕੇ ਸਾਨੂੰ ਹੋ ਰਹੀਆਂ ਸੀ, ਸ਼ਾਇਦ ਉਸ ਨੂੰ ਵੀ ਓਨਾਂ ਹੀ ਔਖਾ ਹੁੰਦਾ ਸੀ । ਉਸ ਦੇ ਤੁਰਨ ਫ਼ਿਰਨ ਅਤੇ ਖੇਡਣ ਕੁੱਦਣ ਵਾਸਤੇ ਥਾਂ ਬਹੁਤ ਘੱਟ ਸੀ। ਪਰ ਰੱਬ ਕਿਤੇ ਸਾਡੀ ਪਰੇਸ਼ਾਨੀ ਨੂੰ ਸਮਝ ਰਿਹਾ ਸੀ। ਇੱਕ ਸਾਲ ਵਿੱਚ ਅਸੀਂ ਆਪਣਾ ਵੱਡਾ ਘਰ ਲੈ ਲਿਆ। ਰਾਓ ਦਾ ਜਨਮ ਦਿਨ ਨਵੇਂ ਘਰ ਵਿੱਚ ਕੇਕ ਕੱਟ ਕੇ ਮਨਾਇਆ ਗਿਆ। ਦੋਸਤ ਬੁਲਾਏ ਗਏ ਤੇ ਪਾਰਟੀ ਦਿੱਤੀ ਗਈ। ਹੁਣ ਰਾਓ ਕੋਲ ਖੇਡਣ ਵਾਸਤੇ ਖੁੱਲ੍ਹੀ ਡੁੱਲ੍ਹੀ ਥਾਂ ਸੀ। ਗਾਰਡਨ ਸੀ, ਇਸ ਲਈ ÷ਨਿੱਤ ਕਰਮ÷ ਵਾਸਤੇ ਹੁਣ ਉਸ ਨੂੰ ਕੁਝ ਕੰਟਰੋਲ ਨਹੀਂ ਸੀ ਕਰਨਾ ਪੈਂਦਾ। ਦਿਨ ਵਿੱਚ ਕਈ ਵਾਰ ਗਾਰਡਨ ਵਿੱਚ ਜਾਂਦਾ। ਘਰ ਦੇ ਕੋਲ ਬਹੁਤ ਵੱਡੇ ਵਿਸ਼ਾਲ ਪਾਰਕ ਸਨ, ਓਥੇ ਦੌੜ ਲੁਆਉਣ ਲੈ ਜਾਂਦੇ। ਰਾਓ ਦੀ ਚੜ੍ਹਦੀ ਉਮਰ ਕਰਕੇ ਉਸ ਨੂੰ ਵਿਸ਼ੇਸ਼ ਖੁਰਾਕ ਵਿੱਚ ਅੰਡੇ ਅਤੇ ਮੀਟ ਉਬਾਲ ਕੇ ਦਿੱਤਾ ਜਾਂਦਾ।
“ਰਾਓ ਨੂੰ ਹੱਡੀਆਂ ਨਹੀਂ ਦੇਣੀਆਂ!” ਮੈਨੂੰ ਬੇਟੇ ਤੋਂ ਨਿਰਦੇਸ਼ ਮਿਲਿਆ ਅਤੇ ਨਾਲ ਹੀ ਮੀਟ ਦੀਆਂ ਚੰਗੀ ਤਰ੍ਹਾਂ ਚੂਸੀਆਂ ਹੱਡੀਆਂ ਨੂੰ ਵੀ ਲੱਕੀ ਬਹੁਤ ਲਲਚਾਈਆਂ ਅੱਖਾਂ ਨਾਲ ਵੇਖ ਉਸ ਨੂੰ ਪਾਉਣ ਦਾ ਬੇਸਬਰੀ ਨਾਲ ਇੰਤਜ਼ਾਰ ਕਰਦਾ, ਮੈਨੂੰ ਰਾਓ ਦਾ ਯੋਜਨਾ-ਬੱਧੀ ਖਾਣਾ ਬਣਾਉਂਦਿਆਂ ਲੱਕੀ ਦੀ ਮਾਸੂਮੀਅਤ ਯਾਦ ਆ ਗਈ।
ਇਸੇ ਸਾਲ ਸਾਰੇ ਪਰਿਵਾਰ ਨੂੰ ਇੰਡੀਆ ਜਾਣਾ ਪੈ ਗਿਆ।
ਰਾਓ ਜੀ ਵਾਸਤੇ ਜਹਾਜ ਦੀ ਟਿਕਟ ਬੁੱਕ ਕਰਨ ਵਾਸਤੇ ਪੁੱਛਿਆ ਤਾਂ ਪਤਾ ਚੱਲਿਆ ਕਿ ਇੰਡੀਆ ਦਾ ਵਾਤਾਵਰਣ ਗਰਮ ਹੋਣ ਕਰਕੇ ‘ਸਾਇਬੇਰਿਅਨ ਹੱਸਕੀ’ ਨੂੰ ਲੈ ਜਾਣ ਦੀ ਇਜਾਜ਼ਤ ਨਹੀਂ ਹੈ, ਜਾਂ ਫ਼ਿਰ  ਇੱਕ ਲੰਬੀ ਪ੍ਰਗਤੀ ਅਤੇ ਪ੍ਰਕਿਰਿਆ ਵਿੱਚ ਦੀ ਗੁਜ਼ਰਨਾ ਪੈਣਾ ਹੈ। ਖ਼ੈਰ, ਰਾਓ ਵਾਸਤੇ ਇੱਕ ਹੋਰ ਟਰੇਨਿੰਗ ਦੀ ਬੁੱਕਿੰਗ ਹੋ ਗਈ। ਇਸ ਵਾਰ ਦੀ ਬੁੱਕਿੰਗ ਬਹੁਤ ਮਹਿੰਗੀ ਸੀ। ਕੰਪਨੀ ਨੇ ਬਹੁਤ ਸਾਰੇ ਵੀਡੀਓ ਵਿਖਾ ਕੇ ਬਹੁਤ ਕੁਝ ਸਿਖਾਉਣ ਦਾ ਵਾਅਦਾ ਕੀਤਾ। ਸਾਨੂੰ ਵੀ ਲੱਗਿਆ ਕਿ ਇਸ ਟਰੇਨਿੰਗ ਤੋਂ ਬਾਅਦ ਰਾਓ ਜਿਵੇਂ ਕੋਈ “ਬੁੱਧੀਜੀਵੀ” ਹੀ ਬਣ ਜਾਵੇਗਾ।
ਪਰੰਤੂ ਹੋਰ ਕੋਈ ਚਾਰਾ ਨਹੀ ਸੀ ।
ਰਾਓ ਟਰੇਨਿੰਗ ਉਪਰ ਗਿਆ ਅਤੇ ਅਸੀਂ ਇੰਡੀਆ ਚਲੇ ਗਏ।
ਇੱਕ ਮਹੀਨੇ ਬਾਦ ਰਾਓ ਨੂੰ ਵਾਪਿਸ ਲਿਆਂਦਾ ਗਿਆ। ਪਰ ਉਸ ਵਿੱਚ ਕੁਝ ਵੀ ਤਬਦੀਲੀ ਨਹੀਂ ਸੀ। ਸ਼ਾਇਦ ਰਾਓ ਜ਼ਿਆਦਾ ਹੀ ਸਮਝਦਾਰ ਸੀ ਅਤੇ ਸਮਝ ਗਿਆ ਸੀ ਕਿ ਟਰੇਨਿੰਗ ‘ਤੇ ਕੁਝ ਨਾ ਸਿਖਣ ਵਿੱਚ ਹੀ ਫ਼ਾਇਦਾ ਹੈ, ਨਹੀਂ ਤਾਂ ਵਾਰ-ਵਾਰ ਘਰੋਂ ਦੂਰ ਰਹਿਣਾ ਪਵੇਗਾ। ਸ਼ਾਇਦ ਉਹਨਾਂ ਨੇ ਉਸ ਨੂੰ ਪਿੰਜਰੇ-ਨੁਮਾਂ ਕੈਦ ਵਿੱਚ ਰੱਖਿਆ ਸੀ, ਅਤੇ ਅਜ਼ਾਦ ਹੋਣ ਦੇ ਮਕਸਦ ਨਾਲ ਪਿੰਜਰਾ ਟੁੱਕਦੇ ਦਾ ਉਸ ਦਾ ਇੱਕ ਦੰਦ ਅੱਧਾ ਟੁੱਟ ਗਿਆ ਸੀ। ਜਿਸ ਦਾ ਸਾਨੂੰ ਬਹੁਤ ਅਫ਼ਸੋਸ ਰਹੇਗਾ।
ਮੈਂ ਇੰਡੀਆ ਇੱਕ ਮਹੀਨਾ ਜ਼ਿਆਦਾ ਰਹੀ। ਪਿੱਛੋਂ ਬੱਚਿਆਂ ਨੂੰ ਰਾਓ ਰੱਖਣਾ ਬਹੁਤ ਔਖਾ ਹੋ ਗਿਆ ਸੀ। ਮੇਰੇ ਵਾਪਿਸ ਆਉਣ ‘ਤੇ ਬੱਚਿਆਂ ਨੇ ਸੁਖ ਦਾ ਸਾਹ ਲਿਆ। ਮੈਂ ਨਵੀਂ ਜੌਬ ਲੱਭ ਰਹੀ ਸੀ। ਘਰ ਵੱਡਾ ਹੋਣ ਕਰਕੇ ਕੰਮ ਜ਼ਿਆਦਾ ਹੋ ਗਿਆ ਅਤੇ ਜੌਬ ਨਾ ਹੋਣ ਕਰਕੇ ਰਾਓ ਦੀ ਹਰ ਰੋਜ਼ ਦੇ ਸਾਰੇ ਕੰਮਾਂ ਦੇ ਨਾਲ-ਨਾਲ ਉਸ ਦੀ ਦੀ ਸੈਰ, ਸੈਂਪੂ, ਕੰਘੀ ਮੇਰੇ ਹਿੱਸੇ ਆ ਗਈ।
ਜਸ਼ਨ ਦੇ ਘਰ ਆਉਂਦਿਆਂ ਹੀ ਰਾਓ ਨੂੰ ਕਹਿੰਦਾ, “ਆਈ ਕਾਂਟ ਸੀ ਮਾਈ ਰਾਓ…..!” ਜਵਾਬ ਵਿਚ ਰਾਓ ਲੰਬਾ ਜਿਹਾ ਭੌਂਕ ਕੇ ਹੁੰਗਾਰਾ ਭਰਨ ਲੱਗ ਪੈਂਦਾ। ਅਮਨ ਕੋਲ ਰੱਸੀ ਚੁੱਕ ਕੇ ਲੈ ਕੇ ਆਉਂਦਾ ਅਤੇ ਆਪਣੇ ਨਾਲ ਖੇਡਣ ਲਈ ਖਿੱਚਦਾ। ਰਾਓ ਆਪਣੀ ਮੌਜੂਦਗੀ ਦਾ ਪ੍ਰਮਾਣ ਉਹਨਾਂ ਨੂੰ ਦਿੰਦਾ ਸੀ। ਮੈਂ ਤੇ ਰਾਓ ਜ਼ਿਆਦਾ ਸਮਾਂ ਇਕੱਠੇ ਰਹਿਣ ਕਰਕੇ ਇੱਕ ਦੂਜੇ ਦਾ ਜ਼ਿਆਦਾ ਮੋਹ ਕਰਨ ਲੱਗ ਪਏ ਸੀ। ਮੈਂ ਰਸੋਈ, ਗਾਰਡਨ ਜਾਂ ਕਿਤੇ ਵੀ ਹੋਣਾ, ਰਾਓ ਨੇ ਮੇਰੇ ਨਜ਼ਦੀਕ ਬੈਠ ਜਾਣਾ। ਮੈਨੂੰ ਸਮਝ ਆ ਗਿਆ ਕਿ ਪਿਆਰ ਨੂੰ ਭਾਸ਼ਾ ਦੀ ਕੋਈ ਲੋੜ ਨਹੀਂ ਹੁੰਦੀ। ਮੋਹ ਮਮਤਾ ਦੇ ਧਾਗੇ ਸਾਨੂੰ ਦੋਹਾਂ ਨੂੰ ਬੰਨ੍ਹੀ ਬੈਠੇ ਸਨ।
ਅਚਾਨਕ ਜ਼ਿੰਦਗੀ ਨੇ ਇੱਕ ਹੋਰ ਪਲਟਾ ਮਾਰਿਆ। ਜਸ਼ਨ ਨੂੰ ਕੁੱਤੇ ਦੇ ਵਾਲਾਂ ਤੋਂ ਕੁਝ “ਐਲਰਜੀ” ਹੋ ਗਈ। ਉਹ ਹੁਣ ਰਾਓ ਨੂੰ ਬਹੁਤ ਘੱਟ ਟਾਈਮ ਦਿੰਦਾ। ਅਮਨ ਵੀ ਲੰਮੀਆਂ ਸ਼ਿਫਟਾਂ ਕਰਕੇ ਕੰਮ ਤੋਂ ਬਹੁਤ ਥੱਕਿਆ ਮਹਿਸੂਸ ਕਰਦਾ। ਮੈਂ ਤਿੰਨ ਦਿਨ ਰਾਓ ਨਾਲ ਸੈਰ ‘ਤੇ ਜਾਂਦੀ। ਬਾਕੀ ਦਿਨਾਂ ਵਿੱਚ ਬੱਚਿਆਂ ਤੋਂ ਉਮੀਦ ਕਰਦੀ। ਪਰ ਗੱਲ ਬਣ ਨਹੀ ਸੀ ਰਹੀ। ਬੱਚਿਆਂ ਨੇ ਜ਼ਿਦ ਕਰਕੇ ਰਾਓ ਲੈ ਤਾਂ ਜ਼ਰੂਰ ਲਿਆ ਸੀ, ਪਰ ਕਿੰਨੀਆਂ ਜਿੰਥਮੇਵਾਰੀਆਂ ਹੋਰ ਵੀ ਉਸ ਨਾਲ ਜੁੜ ਜਾਣਗੀਆਂ, ਉਸ ਦਾ ਅਹਿਸਾਸ ਰਾਓ ਦੇ ਆਉਣ ਤੋਂ ਬਾਅਦ ਹੋਇਆ। ਮੈਂ ਵੀ ਜੌਬ ਕਰਨ ਨੂੰ ਕਾਹਲੀ ਪੈ ਰਹੀ ਸੀ, ਜਾਂ ਸ਼ਾਇਦ ਘਰ ਵਿਹਲੀ ਰਹਿ ਕੇ ਅੱਕ ਗਈ ਸੀ।
ਮੇਰੀ ਮਾਨਸਿਕ ਹਾਲਤ ਓਦੋਂ ਹੋਰ ਖਰਾਬ ਹੋ ਗਈ, ਜਦੋਂ ਪਤਾ ਲੱਗਿਆ ਕਿ ਮੇਰੀ ਬਿਰਧ ਮਾਂ ਕੈਂਸਰ ਗ੍ਰਸਤ ਹੋ ਗਈ ਹੈ। ਮੈਂ ਇੰਡੀਆ ਜਾਣ ਬਾਰੇ ਸੋਚਣ ਲੱਗ ਪਈ। ਮਾਂ-ਪਿਉ ਦੇ ਜਿਉਂਦੇ ਜੀਅ ਉਹਨਾਂ ਦੇ ਪਿਆਰ ਨੂੰ ਜਿੰਨਾਂ ਮਾਣਿਆ ਜਾਏ, ਤਾਂ ਜ਼ਰੂਰ ਮਾਨਣਾ ਚਾਹੀਦਾ। ਮਜਬੂਰੀਆਂ ਤਾਂ ਜ਼ਿੰਦਗੀ  ਦੇ ਹਰ ਮੋੜ ‘ਤੇ ਕਿਸੇ ਨਾ ਕਿਸੇ ਰੂਪ ਵਿੱਚ ਮੀਲ ਪੱਥਰ ਵਾਂਗ ਖੜ੍ਹੀਆਂ ਹੀ ਰਹਿੰਦੀਆਂ ਹਨ। ਮੇਰੇ ਪਾਪਾ ਜਦ ਇਸ ਦੁਨੀਆਂ ਤੋਂ ਰੁਖ਼ਸਤ ਹੋਏ ਸੀ, ਉਸ ਵੇਲੇ ਮੈਂ ਵਿਦੇਸ਼ ਵਿੱਚ ਪੱਕੀ ਨਹੀਂ ਸੀ ਹੋਈ ਅਤੇ ਮੈਨੂੰ ਆਪਣੇ ਦੋ ਬੇਟਿਆਂ ਦੇ ਭਵਿੱਖ ਦਾ ਵੀ ਬਹੁਤ ਫ਼ਿਕਰ ਸੀ, ਇਸ ਲਈ ਪਿਤਾ ਜੀ ਦੇ ਆਖਰੀ ਦਰਸ਼ਣ ਨਹੀਂ ਸੀ ਕਰ ਸਕੀਂ, ਜਿਸ ਦਾ ਮਲਾਲ ਅੱਜ ਵੀ ਹੁੰਦਾ ਹੈ। ਕਈ ਵਾਰ ਸਾਡੀਆਂ ਮਜਬੂਰੀਆਂ ਸਾਡੇ ਫ਼ਰਜ਼ ਤੋਂ ਜ਼ਿਆਦਾ ਵੱਡੀਆਂ ਹੋ ਜਾਂਦੀਆਂ ਹਨ। ਪਰ ਮੈਂ ਮਾਂ ਨੂੰ ਗਲਵਕੜੀ ਵਿੱਚ ਲੈ ਲੈਣਾ ਚਾਹੁੰਦੀ ਸੀ, ਜਿਵੇਂ ਮੇਰੇ ਬਿਮਾਰ ਹੋਣ ‘ਤੇ ਮਾਂ ਮੈਨੂੰ ਗੋਦ ਵਿੱਚ ਲੈ ਕੇ ਰਾਤਾਂ ਨੂੰ ਜਾਗਦੀ ਰਹਿੰਦੀ ਸੀ। ਸੋਚ ਵਿਚਾਰ ਤੋਂ ਬਾਅਦ ਮੈਂ ਤਿੰਨ ਮਹੀਨੇ ਦੀ ਟਿਕਟ ਬੁੱਕ ਕਰਵਾ ਲਈ।
ਹੁਣ ਰਾਓ ਇੱਕ ਸਵਾਲ ਬਣ ਰਿਹਾ ਸੀ।
ਅਣਮੰਨੇ ਮਨ ਨਾਲ ਰਾਓ ਨੂੰ ÷ਰੀਹੋਮ÷ ਕਰਵਾਉਣ ਲਈ ਕਾਰਵਾਈ ਸ਼ੁਰੂ ਹੋ ਗਈ। “ਡੌਗ ਟਰੱਸਟ” ਵਾਲਿਆਂ ਨਾਲ ਵਿਚਾਰ ਵਟਾਂਦਰਾ ਸ਼ੁਰੂ ਹੋ ਗਿਆ ਅਤੇ ਇੱਕ ਸਥਾਨਕ “ਡੌਗ ਟਰੱਸਟ” ਨਾਲ ਗੱਲ ਨਿਬੜ ਗਈ।
……ਫ਼ੋਨ ਤੋਂ ਫ਼ਾਰਿਗ ਹੋ ਕੇ ਜਸ਼ਨ ਨੇ ਦੱਸਿਆ ਕਿ ਦੋ ਹਫ਼ਤੇ ਬਾਅਦ ਰਾਓ ਚਲਿਆ ਜਾਵੇਗਾ। ਮੇਰੇ ਕੋਲ ਕੋਈ ਉੱਤਰ ਜਾਂ ਇਸ ਦਾ ਕੋਈ ਬਦਲ ਨਹੀਂ ਸੀ। ਮੈਂ ਰਾਓ ਨੂੰ ਜੱਫ਼ੀ ਵਿੱਚ ਲੈ ਲਿਆ ਅਤੇ ਹੰਝੂਆਂ ਦਾ ਹੜ੍ਹ ਖੁੱਲ੍ਹ ਗਿਆ। ਉਸ ਦੇ ਅਗਲੇ ਪੌਂਚਿਆਂ ਨੂੰ ਹੱਥਾਂ ‘ਚ ਫ਼ੜੀ, ਮੈਂ ਕਮਲੀ ਹੋਈ, ਮੁਆਫ਼ੀਆਂ ਮੰਗੀ ਜਾ ਰਹੀ ਸੀ। ਹੱਥੀਂ ਪਾਲੇ ਰਾਓ ਦੇ ਮੈਂ ਇੱਕ ਤਰ੍ਹਾਂ ਨਾਲ ਪੈਰੀਂ ਡਿੱਗੀ ਹੋਈ ਸੀ। ਇਨਸਾਨ ਕਿੰਨੀਆਂ ਮਜਬੂਰੀਆਂ ਤੇ ਬੰਧਨਾਂ ਵਾਲਾ ਜੀਵਨ ਜਿਉਂਦਾ ਹੈ। ਰਾਓ ਮੈਨੂੰ ਮੁਆਫ਼ ਕਰ ਦੇਈਂ, ਮੈਂ ਬੇਵੱਸ ਹਾਂ……! ਮੈਨੂੰ ਮੁਆਫ਼ ਕਰੀਂ ਮੇਰੇ ਬੱਚੇ, ਮੈਂ ਮਜਬੂਰ ਹਾਂ….! ਅੰਦਰੋਂ ਕੁਰਲਾਉਂਦੀ ਹੋਈ ਕਦੇ ਮੈਂ ਉਸ ਦੇ ਪੌਂਚੇ ਫ਼ੜ ਕੇ ਮੁਆਫ਼ੀ ਲਈ ਅਰਜੋਈਆਂ ਕਰਦੀ ਹੋਈ, ਕਿਤੇ ਨਾ ਕਿਤੇ ਲੱਕੀ ਨਾਲ ਹੋਏ ਵਿਵਹਾਰ ‘ਤੇ ਸ਼ਰਮਿੰਦਾ ਸੀ, ਇਸ ਲਈ ਕਦੇ ਬੇਚੈਨ ਹੋ ਉਸ ਨੂੰ ਗਲਵਕੜੀ ਪਾਉਂਦੀ।  ਸ਼ਾਇਦ ਰਾਓ ਪੈਣ ਵਾਲੇ ਇਸ ਵਿਛੋੜੇ ਤੋਂ ਬਿਲਕੁਲ ਅਣਜਾਣ ਸੀ।
ਮੇਰੇ ਮਨ ਵਿੱਚ ਆਇਆ ਕਿ ਆਂਦਰਿਆ ਵੀ ਰਾਓ ਨੂੰ ਮਿਲ ਲਵੇ, ਇਸ ਲਈ ਬੇਟੇ ਨੂੰ ਪੁੱਛਿਆ ਕਿ ਕਿੰਨੇ ਦਿਨਾਂ ਤੋਂ ਆਂਦਰਿਆ ਨਹੀ ਆਈ, ਉਸ ਨੂੰ ਵੀ ਦੱਸ ਦਿਓ ਕਿ ਰਾਓ ਜਾ ਰਿਹਾ ਹੈ, ਆ ਕੇ ਮਿਲ ਲਵੇ? ਅਮਨ ਨੇ ਦੱਸਿਆ ਕਿ ਜਦ ਆਂਦਰਿਆ ਨੂੰ ਦੱਸਿਆ ਕਿ ਰਾਓ ਨੂੰ “ਰੀਹੋਮ” ਕਰਵਾਉਣ ਦੀ ਸੋਚ ਰਹੇ ਹਾਂ ਤਾਂ ਉਹ ਬੋਲੀ, “ਤੁਸੀ ਉਸ ਨੂੰ ਕਿਵੇਂ ਛੱਡ ਸਕਦੇ ਹੋ, ਉਹ ਤੁਹਾਡਾ ਬੱਚਾ ਹੈ, ਪਰਿਵਾਰ ਦਾ ਹਿੱਸਾ ਹੈ, ਕੀ ਤੁਸੀਂ ਆਪਣਾ ਬੱਚਾ ਛੱਡ ਸਕਦੇ ਹੋ??  ਮੈਂ ਝੋਲੀ ਅੱਡ ਕੇ ਉਹਦੇ ਲਈ ਭੀਖ ਮੰਗਦੀ ਹਾਂ, ਪਲੀਜ਼ ਇੰਜ ਨਾ ਕਰਿਓ, ਵਰਨਾ ਮੈਂ ਮੁੜ ਓਸ ਘਰ ‘ਚ ਨਹੀਂ ਆਉਣਾ, ਜਿੱਥੇ ਰਾਓ ਨਾਲ ਖੇਡਦੀ ਰਹੀ ਹਾਂ, ਉਸ ਦੀ ਜ਼ੁਦਾਈ ਮੈਂ ਸਹਿ ਨਹੀ ਸਕਾਂਗੀਂ।” ਇਸ ਤੋਂ ਇਲਾਵਾ ਉਸ ਨੇ ਹੋਰ ਵੀ ਬਹੁਤ ਕੁਝ ਕਿਹਾ। ਅਰਜੋਈ ਵੀ ਕੀਤੀ, ਖੂਬ ਰੋਈ ਵੀ, ਵਿਛੋੜੇ ਦਾ ਅਹਿਸਾਸ ਕਰ ਕੇ ਕੁਰਲਾਈ ਵੀ, ਅਤੇ ਫ਼ੇਰ ਮੁੜ ਕੇ ਕਦੇ ਸਾਡੇ ਘਰ ਨਹੀ ਆਈ। ਹੁਣ ਮੈਨੂੰ ਕੁੱਤਿਆਂ ਦਾ ਆਹ ਗੁਣ ਯਾਦ ਆ ਗਿਆ ਕਿ ਕੁੱਤੇ ਸੁੰਘ ਕੇ ਇਨਸਾਨ ਨੂੰ ਪਛਾਣ ਲੈਂਦੇ ਹਨ। ਰਾਓ ਦਾ ਇਸ ਕੁੜੀ ਨਾਲ ਇਤਨੇ ਜ਼ਿਆਦਾ ਪਿਆਰ ਦਾ ਕਾਰਣ ਵੀ ਸਮਝ ਆ ਰਿਹਾ ਸੀ।
ਹੁਣ ਮੈਂ ਕੁਝ ਵੀ ਕਰਦੀ ਦਾ ਦਿਮਾਗ ਰਾਓ ਵਿੱਚ ਹੀ ਲੱਗਿਆ ਰਹਿੰਦਾ ਹੈ।
ਆਖਰ ਉਹ ਦਿਨ ਵੀ ਆ ਗਿਆ, ਜਦ ਜਸ਼ਨ ਨੇ ਕਿਹਾ, “ਮੰਮ, ਦੋ ਘੰਟੇ ਤੱਕ ਜਾਣਾ ਹੈ, ਰਾਓ ਦਾ ਸਮਾਨ ਪੈਕ ਕਰ ਦਿਓ!” ਅਮਨ ਕੰਮ ‘ਤੇ ਸੀ। ਪਰ ਸਾਡੇ ਨਾਲ ਲਗਾਤਾਰ ਫ਼ੋਨ ‘ਤੇ ਸੀ। ਉਸ ਦਾ ਕੰਮ ‘ਤੇ ਉਕਾ ਹੀ ਮਨ ਨਹੀਂ ਸੀ ਲੱਗ ਰਿਹਾ। ਸਵੇਰੇ ਰਾਓ ਨਾਲ ਲਿਪਟ ਕੇ, ਰੋ ਕੇ ਗਿਆ ਸੀ। ਮੈਂ ਭਾਰੀ ਮਨ ਨਾਲ ਰਾਓ ਦਾ ਸਾਰਾ ਸਮਾਨ ਬੰਨ੍ਹਣ ਲੱਗ ਪਈ। ਹਿਰਦੇ ਅੰਦਰੋਂ ਹੰਝੂਆਂ ਦੇ ਦਰਿਆ ਚੱਲ ਪਏ ਸਨ।
“ਪੰਜ ਵੱਡੇ ਡੱਬੇ ਪੈਕ ਕਰ ਦਿੱਤੇ ਰਾਓ ਦੇ ਦਾਜ ਦੇ!” ਮੈਂ ਆਖਿਆ ਅਤੇ ਆਖਰੀ ਵਾਰ ਰਾਓ ਨੂੰ ਪਾਰਕ ਲੈ ਗਈ। ਘੜ੍ਹੀ ਮੁੜੀ ਮੈਂ ਉਸ ਨੂੰ ਕੁਝ ਨਾ ਕੁਝ ਖਾਣ ਨੂੰ ਦੇ ਰਹੀ ਸੀ, ਪਤਾ ਨਹੀਂ ਸ਼ਾਇਦ ਮਨ ਨੂੰ ਸਮਝਾ ਰਹੀ ਸੀ।  ਉਸ ਨੂੰ ਦੇਖ-ਦੇਖ ਮੈਂ ਲਗਾਤਾਰ ਜਾਰੋ-ਜਾਰ ਰੋ ਰਹੀ ਸੀ। ਪਰ ਰਾਓ ਹਰ ਪਾਸਿਓਂ ਬੇਖ਼ਬਰ ਸੀ। ਉਹ ਆਮ ਵਾਂਗ ਹੀ ਨੱਚ-ਟੱਪ ਰਿਹਾ ਸੀ। ਉੁਸ ਮਾਸੂਮ ਨੂੰ ਕੀ ਪਤਾ ਸੀ ਕਿ ਵਿਛੜਨ ਦੀਆਂ ਘੜ੍ਹੀਆਂ ਦੁਸ਼ਮਣ ਦੀ ਫ਼ੌਜ ਵਾਂਗ ਮਾਰੋ-ਮਾਰ ਕਰਦੀਆਂ ਚੜ੍ਹੀਆਂ ਆ ਰਹੀਆਂ ਸਨ।
ਉਸ ਦਿਨ ਨਾ ਘਰ ਵਿੱਚ ਖਾਣਾ ਬਣਿਆਂ ਅਤੇ ਨਾ ਸਫ਼ਾਈ ਹੋਈ। ਇੱਕ ਆਖਰੀ ਵਾਰ ਰਾਓ ਨੂੰ ਖੇਡਣ ਲਈ ਮੈਂ ਇੱਕ ਨਵੀਂ ਗੇਂਦ ਦਿੱਤੀ ਅਤੇ ਉਸ ਨੂੰ ਕਿਹਾ, “ਲੈ ਬੇਟਾ, ਆਖਰੀ ਵਾਰ ਮੇਰੇ ਵਿਹੜ੍ਹੇ ਵਿੱਚ ਖੇਡ ਜਾ।” ਰਾਓ ਨੇ ਦੋਵੇਂ ਪੰਜਿਆਂ ਵਿੱਚ ਲੈ ਕੇ ਗੇਂਦ ਪਾੜਨੀ ਸ਼ੁਰੂ ਕਰ ਦਿੱਤੀ ਅਤੇ ਮੈਂ ਉਸ ਦੀ ਆਖਰੀ ਵੀਡੀਓ ਬਣਾ ਲਈ।
ਜਸ਼ਨ ਨੂੰ ਪੌੜੀਆਂ ਤੋਂ ਉਤਰਦੇ ਦੇਖ ਕੇ ਮੇਰਾ ਹੌਸਲਾ ਟੁੱਟਣ ਅਤੇ ਦਿਲ ਖੁੱਸਣ ਲੱਗ ਪਿਆ। ਰਾਓ ਨੂੰ ਜਿਵੇਂ ਹੀ ਗਲੇ ਦਾ ਪਟਾ ਪਾਇਆ, ਤਾਂ ਉਹ ਖੁਸ਼ੀ ਨਾਲ ਮਚਲਣ ਲੱਗ ਪਿਆ ਕਿ ਬਾਹਰ ਘੁੰਮਣ ਜਾਣਾ ਹੈ।  ਉਸ ਭੋਲ਼ੇ ਜੀਵ ਨੂੰ ਕੀ ਪਤਾ ਸੀ ਕਿ ਉਹ ਇਸ ਘਰ ਤੋਂ ਸਦਾ ਲਈ ਵਿੱਛੜ ਕੇ ਜਾ ਰਿਹਾ ਹੈ? ਇਹ ਘਰ ਉਸ ਲਈ ਸਦਾ ਲਈ ਪਰਾਇਆ ਹੋ ਰਿਹਾ ਹੈ? ਵੱਡਾ ਬੇਟਾ ਅਮਨ ਲਗਾਤਾਰ “ਵੀਡੀਓ ਕਾਲ” ‘ਤੇ ਸੀ। ਰਾਓ ਨੂੰ ਵਿਦਾਅ ਹੁੰਦੇ ਦੇਖਣਾ ਚਾਹੁੰਦਾ ਸੀ। ਮੈਂ ਰਾਓ ਦੀ ਨਵੀਂ ਖੁਸ਼ਹਾਲ ਜਿੰਦਗੀ ਅਤੇ ਉਜਲੇ ਭਵਿੱਖ ਵਾਸਤੇ ਦੁਆਵਾਂ ਮੰਗ ਰਹੀ ਸੀ।
ਰਾਓ ਖਾਮੋਸ਼ ਜਿਹਾ ਕਾਰ ਵਿਚ ਛਾਲ ਮਾਰ ਚੜ੍ਹ ਗਿਆ। ਅਗਰ ਕੋਈ ਇਨਸਾਨ ਦਾ ਬੱਚਾ ਹੁੰਦਾ, ਤਾਂ ਸੌ ਸੁਆਲ ਮੱਥੇ ਵਿੱਚ ਮਾਰਦਾ, “ਮੈਨੂੰ ਛੱਡਣਾ ਹੀ ਸੀ ਤਾਂ ਮੇਰੀ ਮਾਂ ਤੋਂ ਦੂਰ ਲਿਆਂਦਾ ਹੀ ਕਿਉਂ ਸੀ? ਕਿਉਂ ਐਨਾਂ ਪਿਆਰ ਪਾਇਆ ਸੀ? “ਅਡੌਪਟ” ਦਾ ਮਤਲਬ ਕੀ ਹੁੰਦਾ ਹੈ?? ਕਿਸੇ ਨੂੰ ਆਪਣੀ ਜ਼ਿੰਦਗੀ ਵਿੱਚ ਸ਼ਾਮਿਲ ਕਰਨਾ ਤੇ ਅੱਜ ਤੁਸੀਂ ਕਿਸ ਹੱਕ ਨਾਲ ਮੈਨੂੰ ਘਰੋਂ ਕੱਢ ਰਹੇ ਹੋ? ਇਨਸਾਨ ਦਾ ਬੱਚਾ ਹੁੰਦਾ ਤਾਂ ਬੁਰਾ ਭਲਾ ਵੀ ਆਖਦਾ ਅਤੇ ਚੀਕ ਚਿਹਾੜ੍ਹਾ ਵੀ ਪਾਉਂਦਾ। ਪਰੰਤੂ ਰਾਓ ਆਪਣੀ ਵਫ਼ਾਦਾਰੀ ਵਿੱਚ ਜ਼ਿਆਦਾ “ਸੱਚਾ” ਨਿਕਲਿਆ ਅਤੇ ਸਾਨੂੰ ਵਾਅਦਾ ਫ਼ਿਰੋਸ਼ੀ ਵਿੱਚ “ਝੂਠਾ” ਜਿਹਾ ਪਾਉਂਦਾ ਹੋਇਆ ਬੱਸ ਜਾਂਦੀ ਵਾਰ ਮੇਰੀ ਪਾਈ ਹੋਈ ਗਲਵਕੜੀ ਵੇਲੇ ਮੇਰੇ ਹੱਥ-ਪੈਰ ਚੱਟਦਾ ਰਿਹਾ। ਮੈਨੂੰ ਲੱਗ ਰਿਹਾ ਸੀ ਜਿਵੇਂ ਉਸ ਨੂੰ ਸਾਡੀਆਂ ਬੇਮਤਲਬ ਅਤੇ ਬੇਹੂਦੀਆਂ ਘੜ੍ਹੀਆਂ ਮਜਬੂਰੀਆਂ ਦੀ ਸਮਝ ਆ ਰਹੀ ਸੀ, ਪਰ ਉਸ ਨੇ ਕੁਝ ਵੀ ਜਤਾਉਣਾ ਨਹੀ ਚਾਹਿਆ, ਸ਼ਾਇਦ ਪੌਣੇ ਦੋ ਸਾਲ ਦੀ ਸੇਵਾ ਦਾ ਅਹਿਸਾਨ ਮੰਨ ਕੇ ਖਾਮੋਸ਼ੀ ਨਾਲ ਕਾਰ ‘ਚ ਬੈਠ ਗਿਆ। ਸਾਡਾ ਭਾਣਾ ਜਿਹਾ ਮੰਨ ਕੇ!
ਹਜ਼ਾਰਾਂ ਜਵਾਬਾਂ ਤੋਂ ਬਿਹਤਰ ਹੁੰਦੀ ਹੈ, ਖ਼ਾਮੋਸ਼ੀ! ਨਾ ਜਾਣੇ ਕਿੰਨੇ ਸੁਆਲਾਂ ਦੀ ਇੱਜ਼ਤ ਰੱਖਦੀ ਹੈ? ਰਾਓ ਦੀ ਖ਼ਾਮੋਸ਼ੀ ਹੀ ਮੇਰੇ ਦੁੱਖ ਅਤੇ ਉਦਾਸੀ ਦਾ ਸਭ ਤੋਂ ਵੱਡਾ ਕਾਰਨ ਹੈ! ਕਾਰ ਹੌਲੀ-ਹੌਲੀ ਰਿੜ੍ਹਨੀ ਸ਼ੁਰੂ ਹੋ ਗਈ ਅਤੇ ਵੇਖਦੇ-ਵੇਖਦੇ ਰਾਓ ਅੱਖਾਂ ਤੋਂ ਓਝਲ ਹੋ ਗਿਆ। ਬੇਵੱਸ ਅਤੇ ਨਿਹੱਥੀ ਹੋਈ ਮੈਂ ਭੱਜ ਕੇ ਪਾਠ-ਪੂਜਾ ਵਾਲੇ ਸਥਾਨ ‘ਤੇ ਆ ਡਿੱਗੀ ਅਤੇ ਭੁੱਬਾਂ ਮਾਰ ਕੇ ਰੋਂਦਿਆਂ ਹੋਇਆਂ ਝੋਲੀ ਅੱਡ ਕੇ ਅਰਦਾਸ ਕੀਤੀ, “ਹੇ ਮੇਰੇ ਪਰਮਾਤਮਾ! ਮੇਰੇ ਰਾਓ ਨੂੰ ਬਹੁਤ ਚੰਗਾ ਪਰਿਵਾਰ ਅਡੌਪਟ ਕਰੇ। ਉਸ ਦੀਆਂ ਤਮਾਮ ਸਧਰਾਂ ਪੂਰੀਆ ਹੋਣ, ਖੂਬ ਪਿਆਰ ਮਿਲੇ, ਜਲਦੀ ਹੀ ਸਾਨੂੰ ਭੁੱਲ ਜਾਏ।” ਰਾਓ ਦੇ ਜਾਣ ਬਾਅਦ ਘਰ ਵਿਚ ਘੋਰ ਉਦਾਸੀ ਛਾਈ ਹੋਈ ਸੀ। ਘਰ ਦੀ ਹਰ ਸ਼ੈਅ ਖ਼ਾਮੋਸ਼ ਸੀ।
ਸਾਰੀ ਰਾਤ ਅਸੀਂ ਤਿੰਨੋ ਮਾਂ-ਪੁੱਤ ਸੌਂ ਨਹੀ ਸਕੇ।
ਸਵੇਰੇ ਉਠੀ ਤਾਂ ਰਾਓ ਦੀ ਅਣਹੋਂਦ ਦਾ ਅਹਿਸਾਸ ਘਰ ਵਿੱਚ ਹੋ ਰਿਹਾ ਸੀ। ਪਾਠ ਕਰਦਿਆਂ ਅੱਖਾਂ ‘ਚੋਂ ਝੜ੍ਹੀ ਲੱਗੀ ਹੀ ਰਹੀ। ਨਿਰੰਤਰ ਵਗਦੇ ਅੱਥਰੂ ਰੁਕਣ ਦਾ ਨਾਮ ਨਹੀਂ ਲੈ ਰਹੇ ਸਨ। ਆਪਣੀ ਪਾਠ ਡਾਇਰੀ ਵਿੱਚ “ਸਹਿਜ ਪਾਠ” ਸੁੱਖ ਲਿਆ ਰਾਓ ਅਤੇ ਉਸ ਦੇ ਨਵੇਂ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ। ਮਨ ਨੂੰ ਸਾਰਾ ਦਿਨ ਸਮਝਾਉਂਦੀ ਰਹੀ। ਫ਼ਿਰ ਵੀ ਰਾਓ ਦੇ ਭੁਲੇਖੇ ਪੈਂਦੇ ਰਹੇ। ਦੋਨੋਂ ਬੇਟੇ ਵੀ ਖੂਬ ਰੋਂਦੇ ਰਹੇ ਅਤੇ ਉਦਾਸ ਰਹੇ। ਕੁਝ ਦਿਨ ਹੋ ਗਏ ਸੀ, ਪਰ ਸਾਡੇ ਕਿਸੇ ਤੋਂ ਵੀ ਉਸ ਦਾ ਮਾਸੂਮ ਜਿਹਾ ਚਿਹਰਾ ਭੁਲਾਇਆ ਨਹੀਂ ਸੀ ਜਾ ਰਿਹਾ। ਮੈਂ ਅੱਜ ਫ਼ੈਸਲਾ ਕੀਤਾ ਕਿ “ਡੌਗ ਟਰੱਸਟ” ਵਾਲੀ ਥਾਂ ‘ਤੇ ਜਾ ਕੇ ਰਾਓ ਨੂੰ ਵੇਖ ਲਵਾਂ। ਖੂਬ ਸਾਰੀਆਂ “ਟਰੀਰਸ” ਲੈ ਕੇ ਮੈਂ ਮਨ ਕਰੜਾ ਕਰ ਕੇ ਚੱਲ ਪਈ। ਪਰ ਅਰਦਾਸ ਕਰ ਰਹੀ ਸੀ ਕਿ ਰਾਓ ਮੈਨੂੰ ਓਥੇ ਨਾ ਮਿਲੇ, ਉਸ ਨੂੰ ਕਿਸੇ ਨੇ “ਅਡੌਪਟ” ਕਰ ਲਿਆ ਹੋਵੇ, ਉਸ ਨੂੰ ਨਵਾਂ ਪਰਿਵਾਰ ਮਿਲ ਗਿਆ ਹੋਵੇ। ਸ਼ਾਇਦ ਉਸ ਨੂੰ ਦੁਬਾਰਾ ਵੇਖਣ ਦੀ ਮੇਰੇ ਵਿੱਚ ਹਿੰਮਤ ਨਹੀ ਸੀ। ਜੇ ਰਾਓ ਮੇਰੇ ਸਾਹਮਣੇ ਆ ਗਿਆ ਤਾਂ ਉਸ ਬੇਜ਼ੁਬਾਨ ਨੂੰ ਕੀ ਸਪੱਸ਼ਟੀਕਰਣ ਦਿਆਂਗੀ? ਮੈਂ ਹੋਰ ਵੀ ਸੋਚ ਰਹੀ ਸੀ ਕਿ ਜੇ ਰਾਓ ਓਥੇ ਹੋਇਆ, ਉਸ ਨੇ ਤਾਂ ਮੈਨੂੰ ਦੇਖ ਕੇ ਤੂਫ਼ਾਨ ਖੜ੍ਹਾ ਕਰ ਦੇਣਾ ਹੈ ਅਤੇ ਉਸ ਤੋਂ ਬਾਅਦ, ਉਹਨੀ ਪੈਰੀਂ ਵਾਪਸ ਮੇਰੇ ਤੋਂ ਵੀ ਮੁੜਿਆ ਨਹੀਂ ਜਾਣਾ।
ਮੇਰੀ ਅਰਦਾਸ ਪੂਰੀ ਹੋਈ, ਰਾਓ ਆਪਣੇ ਨਵੇਂ ਪਰਿਵਾਰ ਵਿੱਚ ਜਾ ਚੁੱਕਿਆ ਸੀ। ਇਹ ਖ਼ਬਰ ਸੁਣ ਮੇਰਾ ਮਨ ਸ਼ਾਂਤ ਹੋ ਗਿਆ। ਪਰ ਹੋਰ ਦੂਜੇ ਕੁੱਤਿਆਂ ਨੂੰ ਵੇਖ ਕੇ ਲੱਗਿਆ ਕਿ ਆਪਣੇ ਮਾਲਕਾਂ ਤੋਂ ਵਿੱਛੜ ਕੇ ਕਿੰਨ੍ਹੇ ਉਦਾਸ ਅਤੇ ਅਵਾਜ਼ਾਰ ਨੇ ਇਹ। ਇਹਨਾਂ ਨੂੰ ਖਾਣੇ ਦੀ, ਦਵਾ ਦੀ ਅਤੇ ਸਾਰ ਸੰਭਾਲ ਦੀ ਵੀ ਲੋੜ ਹੁੰਦੀ ਹੋਣੀ ਹੈ? ਇਹਨਾਂ ਦਾ ਕੌਣ ਵਾਰਿਸ ਹੈ? ਮੇਰੇ ਬੇਸਬਰੇ ਅਤੇ ਵੈਰਾਗ ਦੇ ਹੰਝੂ ਰੁਕਣ ਦਾ ਨਾਮ ਨਹੀ ਸੀ ਲੈ ਰਹੇ। ਰਿਸ਼ੈਪਸ਼ਨ ‘ਤੇ ਗਈ ਅਤੇ ਪੁੱਛਿਆ ਕਿ ਮੈਂ ਇਹਨਾਂ ਕੁੱਤਿਆਂ ਵਾਸਤੇ “ਵਲੰਟੀਅਰ ਜੌਬ” (ਨਿਸ਼ਕਾਮ ਕਾਰਜ) ਕਰਨਾ ਚਾਹੁੰਦੀ ਹਾਂ ਅਤੇ ਇਹਨਾਂ ਵਾਸਤੇ ਚੈਰਿਟੀ ਕਰਨਾ ਚਾਹੁੰਦੀ ਹਾਂ। ਉਹਨਾਂ ਇੱਕ ਫ਼ਾਰਮ ਮੈਨੂੰ ਦੇ ਦਿੱਤਾ ਅਤੇ ਮੈਂ ਫ਼ਾਰਮ ਭਰ ਕੇ ਰਾਓ ਦਾ ਸ਼ੁਕਰਾਨਾ ਕਰਦੇ ਹੋਏ ਵਾਪਿਸ ਮੁੜ ਪਈ। ਮੈਨੂੰ ਅਜੇ ਵੀ ਭੁਲੇਖਾ ਪੈਂਦਾ ਸੀ ਕਿ ਰਾਓ ਮੇਰੇ ਨਾਲ-ਨਾਲ ਚੱਲ ਰਿਹਾ ਸੀ। ਸਰੀਰਕ ਤੌਰ ‘ਤੇ ਤਾਂ ਜੀਵ ਓਪਰੇ, ਪਰਾਏ ਜਾਂ ਅੱਖੋਂ ਓਹਲੇ ਹੋ ਜਾਂਦੇ ਨੇ, ਪਰ ਰੂਹ ਵਿੱਚ ਵਸਿਆਂ ਨੂੰ ਕੋਈ ਕਿਵੇਂ ਕੱਢੇ? ਨਿਰ-ਸੁਆਰਥ ਅਤੇ ਮੋਹ ਦੀ ਮੂਰਤ ਰਾਓ ਮੇਰੇ ਦਿਲ ਅਤੇ ਰੂਹ ਵਿੱਚ ਕਿਸੇ ਸੂਲ ਵਾਂਗ ਖੁੱਭਿਆ ਪਿਆ ਸੀ। ਪ੍ਰਮਾਤਮਾਂ ਕਰੇ, ਜਿੱਥੇ ਵੀ ਰਹੇ, ਪੂਰਾ ਖ਼ੁਸ਼ ਅਤੇ ਬੁਲੰਦੀਆਂ ‘ਚ ਰਹੇ।
ਇੱਕ ਵਾਰ ਲੱਕੀ ਤੋਂ ਬਾਅਦ ਫ਼ਿਰ, ਮੇਰੇ ਰਾਓ ਦੀ ਖਾਮੋਸ਼ ਮੁਹੱਬਤ ਬੰਦੇ ਦੇ ਬੋਲਦੇ ਪਿਆਰ ਨਾਲੋਂ ਜ਼ਿਆਦਾ ਮਹਿਕ ਖ਼ਿਲਾਰ ਗਈ ਅਤੇ ਜਾਂਦੇ-ਜਾਂਦੇ ਜਾਨਵਰਾਂ ਦੇ ਪ੍ਰਤੀ ਮੇਰਾ ਨਜ਼ਰੀਆ ਬਦਲ ਗਈ। ਇੱਕ ਸਬਕ ਮੈਂ ਇਹ ਵੀ ਸਿੱਖਿਆ ਹੈ ਕਿ ਜਬਰ-ਜ਼ੁਲਮ, ਧੱਕੇਸ਼ਾਹੀ ਜਾਂ ਕਰੂਰਤਾ ਨਾਲੋਂ, ਮੁਹੱਬਤ ਰਾਤੋ-ਰਾਤ ਤੁਹਾਡੀ ਕਾਇਆ ਪਲਟਣ ਦੀ ਸਮਰੱਥਾ ਰੱਖਦੀ ਹੈ……

This entry was posted in ਕਹਾਣੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>