ਮਿੱਟੀ ਵਾਲਾ ਰਿਸ਼ਤਾ

(ਜਿੰਦਗੀ ਦੇ ਵਰਕਿਆਂ ਤੋਂ)

ਲੌਕਡਾਊਨ ਕਾਰਨ ਮੈਨੂੰ ਭਾਰਤ ਲੰਬਾ ਸਮਾਂ ਰਹਿਣਾ ਪੈ ਗਿਆ। ਮੈਨੂੰ ਇਸ ਮਹਾਂਮਾਰੀ ਦੇ ਸਮੇਂ ਵਿੱਚ ਰਿਸ਼ਤਿਆਂ ਨੂੰ ਬਹੁਤ ਨਜ਼ਦੀਕ ਤੋਂ ਵੇਖਣ ਦਾ ਮੌਕਾ ਮਿਲਿਆ!
ਗਲੀ ਦੇ ਚੌਥੇ ਘਰ ਦੇ ਬੂਹੇ ਮੂਹਰੇ ਬੁੱਢੀ ਰੱਜੋ ਅੰਮਾ ਆਪਣੀ ਸੋਟੀ ਨਾਲ ਹੌਲੀ-ਹੌਲੀ ਜ਼ਮੀਨ ਦੀ ਮਿੱਟੀ ਨੂੰ ਖੁਰਚ ਰਹੀ ਸੀ…ਬਹੁਤ ਖ਼ਾਮੋਸ਼…ਦੁਖੀ….ਇੱਕਲੀ!
ਕਰੋਨਾ ਟੀਮ ਨੇ ਆ ਕੇ ਘਰ ਵਿੱਚ ਭੜਥੂ ਪਾ ਦਿੱਤਾ, “ਮਰਨ ਵਾਲੇ ਦਾ ਨਾਮ ਨੰਦੂ ਹੈ?..ਕਿੱਥੇ ਹੈ ਲਾਸ਼?…ਵੇਰਵੇ ਦੇ ਕਾਗਜ਼ ਦੇਵੋ?…..ਪ੍ਰੀਵਾਰ ਦੇ ਸਾਰੇ ਲੋਕ ਮ੍ਰਿਤਕ ਨਾਲ ਨਹੀਂ ਜਾਣੇ…ਜਿਸ ਨੇ ‘ਲਾਂਬੂ’ ਲਾਣਾ, ਉਹ ਹੀ ਬਾਹਰ ਆਵੇ…ਦੋ ਹੋਰ ਜਣੇ ਨਾਲ ਜਾ ਸਕਦੇ ਨੇ, ਬੱਸ …!” ਕਰੋਨਾ ਟੀਮ ਵਾਲੇ ਆਪਣਾ ਕੰਮ ਪੂਰਾ ਕਰਦੇ ਹੋਏ ਅਵਾ-ਤਵਾ ਜ਼ਰੂਰੀ ਗੱਲਾਂ ਦੀ ਸੂਚਨਾ ਦੇ ਰਹੇ ਸਨ।
ਰੱਜੋ ਅੰਮਾ ਰੋ-ਰੋ ਬੇਹਾਲ ਹੋਈ, ਜ਼ਮੀਨ ਉੱਤੇ ਪਈ, ਵੇਹੜੇ ਵਿੱਚ ਬਣੇ ਕਮਰਿਆਂ ਦੇ ਬੂਹਿਆਂ ਵੱਲ ਬੜੀ ਆਸ ਨਾਲ ਤੱਕ ਰਹੀ ਸੀ….
ਰੱਜੋ ਅੰਮਾ ਦੇ ਦੋ ਪੁੱਤ ਨੰਦੂ ਅਤੇ ਬੰਟੀ ਸਨ। ਇੱਕ ਧੀ, ਜੋ ਵਿਆਹ ਕੇ ਆਪਣੇ ਘਰ ਚਲੀ ਗਈ ਸੀ। ਦੋਵੇਂ ਪੁੱਤ ਵੀ ਵਿਆਹੇ ਗਏ ਸਨ। ਦੋਹਾਂ ਦਾ ਭਰਿਆ-ਪੂਰਿਆ ਪ੍ਰੀਵਾਰ ਸੀ। ਇਸ ਵੇਹੜੇ ਵਿੱਚ ਆਪਣੀ-ਆਪਣੀ ਹੱਦ ਬਣਾ ਕੇ, ਅੰਮਾ ਦੇ ਦੋਵੇਂ ਪੁੱਤਾਂ ਦੇ ਪ੍ਰੀਵਾਰ ਆਪਣੀਆਂ-ਆਪਣੀਆਂ ਰੋਟੀਆਂ ਸੇਕ ਰਹੇ ਸਨ। ਰੱਜੋ ਦਾ ਪਤੀ ਸੂਰਜ ਮੱਲ ਵੇਹਲੜ ਸੁਭਾਅ ਦਾ ਸੀ ਅਤੇ ਆਪਣੀ ਜਿ਼ੰਮੇਵਾਰੀ ਨਹੀਂ ਸੀ ਸਮਝਦਾ। ਇਸ ਲਈ ਰੱਜੋ ਅੰਮਾ ਤਿੰਨੋ ਨਿਆਣਿਆਂ ਨੂੰ ਪਾਲਣ ਲਈ ਕੋਠੀਆਂ ਵਿੱਚ ਕੰਮ ਕਰ, ਜਵਾਨੀ ਵਿੱਚ ਆਪਣੀਆਂ ਹੱਡੀਆਂ ਨੂੰ ਰਗੜਦੀ ਰਹੀ। ਬੱਚੇ ਜਦੋਂ ਆਪਣੀ ਕਮਾਈਆਂ ਵਾਲੇ ਹੋ ਗਏ ਤਾਂ ਰੱਜੋ ਦੀਆਂ ਕਮਜ਼ੋਰ ਪੈ ਰਹੀਆਂ ਹੱਡੀਆਂ ਨੇ ਸੁੱਖ ਦਾ ਸਾਹ ਲਿਆ। ਸਾਲ 2020 ਵਿੱਚ ਆਏ ‘ਕਰੋਨਾ’ ਨੇ ਰੱਜੋ ਦੇ ਪਤੀ ਨੂੰ ਆਪਣੀ ਚਪੇਟ ਵਿੱਚ ਲੈ ਲਿਆ…!
“ਘਰ ਵਿੱਚ ਛੋਟੇ ਬੱਚੇ ਹਨ, ਅੰਮਾ..! ਇਸ ਨੂੰ ਕਹਿ ਕੇ ਸਰਕਾਰੀ ਹਸਪਤਾਲ ਜਾ ਕੇ ਟੈਸਟ ਕਰਵਾ ਲੈ…ਹਰ ਵੇਲੇ ਖਊ-ਖਊਂ ਕਰਦਾ ਰਹਿੰਦਾ ਹੈ…!” ਰੱਜੋ ਦੇ ਵੱਡੇ ਪੁੱਤਰ ਨੰਦੂ ਨੇ ਰੋਸ ਕੀਤਾ। ਕੱਲ੍ਹ ਹੀ ਹਜੇ ਛੋਟਾ ਬੇਟਾ ਬੰਟੀ ਪਿਉ ਨਾਲ ਉਲਝ ਕੇ ਹਟਿਆ ਸੀ। ਰੱਜੋ ਦਾ ਪਤੀ ਸੂਰਜ ਮੱਲ ਬਿਮਾਰ ਹੋ ਗਿਆ ਸੀ।
“…ਮੈਂ ਕੋਠੀ ਵਾਲਿਆਂ ਨੂੰ ਪੁੱਛ ਕੇ ਆਈ ਹਾਂ, ਤੂੰ ਜਾਹ ਸਰਕਾਰੀ ਹਸਪਤਾਲ..! ਉਥੇ ਕੀਰਤ ਸਿੰਘ ਕੰਮ ਕਰਦਾ ਹੈ, ਕੋਠੀ ਵਾਲੇ ਦਾ ਨਾਮ ਲੈ ਦੇਵੀਂ..ਆਪੇ ਤੇਰਾ ਦਾਖਲਾ ਹੋਜੂ…!” ਘਰ ਵਿੱਚ ਮੱਚਦੇ ਕਲੇਸ਼ ਨੂੰ ਠੱਲ੍ਹ ਪਾਣ ਲਈ, ਰੱਜੋ ਨੇ ਆਪ ਹੀ ਭੱਜ-ਨੱਠ ਕਰ ਕੇ ਬਿਮਾਰ ਪਤੀ ਸੂਰਜ ਮੱਲ ਨੂੰ ਹਸਪਤਾਲ ਭਰਤੀ ਕਰਵਾਉਣ ਲਈ ਲੋਕਾਂ ਦਾ ਮਿੰਨਤ-ਤਰਲਾ ਕਰ ਲਿਆ। ‘ਕਰੋਨਾ’ ਹੋਣ ਦੇ ਸ਼ੱਕ ਕਾਰਣ ਘਰੋਂ ਦੋਂਵੇ ਪੁੱਤਰ, ਆਪਣੇ ਪਿਉ ਸੂਰਜ ਮੱਲ ਨਾਲ ਹਸਪਤਾਲ ਲਈ ਨਾ ਟੁਰੇ। ‘ਪਤਨੀ ਧਰਮ’ ਨਿਭਾਉਂਣ ਲਈ ਰੱਜੋ ਨੇ ਪਤੀ ਨਾਲ ਜਾਣਾ ਹੀ ਆਪਣਾ ‘ਫ਼ਰਜ਼’ ਸਮਝਿਆ…..
“…ਹਾਏ ਵੇ! ਤੇਰੇ ਬਾਪੂ ਨੂੰ ‘ਕਰੋਨਾ’ ਹੋ ਗਿਆ…ਉਨ੍ਹਾਂ ਤੇਰੇ ਬਾਪੂ ਨੂੰ ਹਸਪਤਾਲ ਵਿੱਚ ਭਰਤੀ ਕਰ ਲਿਆ ਹੈ…!” ਘਰ ਦੇ ਬੂਹੇ ਤੋਂ ਹੀ ਹਾਕ ਜਹੀ ਮਾਰ ਕੇ ਰੱਜੋ ਅੰਮਾ ਨੇ ਪ੍ਰੀਵਾਰ ਨੂੰ ਸੂਚਨਾ ਦਿੱਤੀ।
“………ਤੇਰਾ ਦਿਮਾਗ ਖਰਾਬ ਹੋ ਗਿਆ ਹੈ..? ਜਦ ਪਤਾ ਸੀ ਕਿ ‘ਬੁੱਢਾ’ ਖੰਘ ਰਿਹਾ ਹੈ, ਤਾਂ ਨਾਲ ਜਾਣਾ ਕਿੰਨਾ ਕੁ ਜ਼ਰੂਰੀ ਸੀ? …ਇਹ ਘਾਤਕ ਮਹਾਂਮਾਰੀ ਹੈ, ਇਸ ਵਿੱਚ ਰਿਸ਼ਤਿਆਂ ਦਾ ਨਹੀਂ, ਆਪਣੀ ਜਾਨ ਦਾ ਫਿ਼ਕਰ ਕਰੋ.. ਅੰਮਾ..!” ਵੱਡੇ ਪੁੱਤ ਨੰਦੂ ਨੇ ਦਹਾੜ ਮਾਰੀ। ਜਦੋਂ ਮਾਂ ਕੋਲੋਂ ਪਤਾ ਚੱਲਿਆ ਕਿ ਬਾਪੂ ਹਸਪਤਾਲ ਦੀ ਰਿਪੋਰਟ ਵਿੱਚ ‘ਕਰੋਨਾ’ ਪੌਜ਼ੀਟਿਵ ਆਇਆ ਹੈ।
“…….!” ਰੱਜੋ ਅੰਮਾ ਦਾ ਸਰੀਰ ਕੰਬ ਗਿਆ ਅਤੇ ਅੱਖਾਂ ਛੱਲ-ਛੱਲ ਬਰਸ ਪਈਆਂ। ਰੱਜੋ ਸਹਾਨਭੂਤੀ ਦੀ ਆਸ ਕਰ ਰਹੀ ਸੀ। ਪ੍ਰੰਤੂ ਪਤੀ ਦਾ ਸਾਥ ਦੇਣ ਕਾਰਨ ਪੁੱਤਾਂ ਨੇ ਜਿਵੇਂ ਉਸ ਨੂੰ ਅਪਰਾਧੀ ਘੋਸਿ਼ਤ ਕਰ ਦਿੱਤਾ ਹੋਵੇ।
“ਘਰ ਵਿੱਚ ਸਾਡੇ ਬੱਚੇ ਨੇ…. ਅੰਮਾ ਤੂੰ ਹੁਣ ਦਸ ਦਿਨ ਆਪਣੇ ਕਮਰੇ ਵਿੱਚ ਹੀ ਰਹੀਂ, ਉਥੇ ਹੀ ਤੇਰੀ ਰੋਟੀ ਪਹੁੰਚ ਜਾਏਗੀ..!” ਛੋਟੇ ਪੁੱਤ ਬੰਟੀ ਨੇ ਵੱਡੇ ਭਰਾ ਦਾ ਸਾਥ ਦਿੱਤਾ। ਆਪਣੇ ਚੁੰਨੀ ਦੇ ਪੱਲੇ ਨੂੰ ਅੱਖਾਂ ‘ਤੇ ਰੱਖ ਰੱਜੋ ਚੁੱਪ ਚਾਪ ਭਾਰੀ ਕਦਮਾਂ ਨਾਲ ਆਪਣੇ ਕਮਰੇ ‘ਚ ਚਲੀ ਗਈ, ਬਿਮਾਰ ਪਤੀ ਦਾ ਸਾਥ ਦੇਣ ਦੀ ਸਜ਼ਾ ਭੁਗਤਣ ਲਈ!
ਹਰ ਦਿਨ ਆਪਣੇ ਪਤੀ ਸੂਰਜ ਮੱਲ ਦੀ ਚੰਗੀ ਸਿਹਤ ਦੀ ਅਰਦਾਸ ਕਰਦੀ, ਅਤੇ ਘਰ ਮੁੜ ਆਉਣ ਦੀਆਂ ਔਸੀਆਂ ਪਾ ਰਹੀ ਸੀ, ਪ੍ਰੰਤੂ ਦੋਵੇ ਪੁੱਤਰ ਨਿਸ਼ਚਿੰਤ ਜਿਹੇ ਹੋ ਗਏ ਸੀ, ਕਿ ਜੋ ਹੋਣਾ ਉਹ ਤਾਂ ਹਸਪਤਾਲ ਦੀ ਹੀ ਡਿਊਟੀ ਸੀ। ਚਾਰ ਕੁ ਦਿਨ ਬਾਅਦ ਹੀ ਹਸਪਤਾਲ ਤੋਂ ਸੂਚਨਾ ਆ ਗਈ ਕਿ ਸੂਰਜ ਮੱਲ ਕਰੋਨਾ ਦੀ ਬਿਮਾਰੀ ਕਾਰਨ ਮਰ ਗਿਆ ਹੈ। ਲਾਸ਼ ਘਰ ਨਹੀਂ ਆਉਣੀ ਸੀ ਅਤੇ ਘਰੋਂ ਹਸਪਤਾਲ ਕੋਈ ਗਿਆ ਨਹੀਂ ਸੀ, ਨਾਂ ਹੀ ਰੱਜੋ ਨੂੰ ਜਾਣ ਦਿੱਤਾ ਸੀ….“ਕੀ ਕਰਨਾ ਜਾ ਕੇ? ਉੱਥੇ ਕਿਹੜਾ ਮ੍ਰਿਤਕ ਦਾ ਮੂੰਹ ਵੇਖਣ ਦਿੰਦੇ ਨੇ, ਉਲਟਾ ਤੂੰ ਹੋਰ ਕੋਈ ਬਿਮਾਰੀ ਚਮੇੜ ਲਿਆਏਂਗੀ!”
…..ਰੱਜੋ ਦਿਨ ਵਿੱਚ ਕਈ ਵਾਰ ਆਪਣੇ ਪਤੀ ਨੂੰ ਯਾਦ ਕਰ ਰੋ ਲੈਂਦੀ। ਰੱਜੋ ਨੂੰ ਇਸ ਗੱਲ ਦਾ ਸੰਤੋਖ ਅਤੇ ਸੰਤੁਸ਼ਟੀ ਸੀ ਕਿ ਬਿਮਾਰ ਪਤੀ ਦੀ ਬਾਂਹ ਫ਼ੜ ਆਪ ਹਸਪਤਾਲ ਇਲਾਜ਼ ਲਈ ਲੈ ਗਈ ਸੀ। ਜਦੋਂ ਨਰਸ ਸੂਰਜ ਮੱਲ ਨੂੰ ਵੀਲ-ਚੇਅਰ ‘ਤੇ ਬਿਠਾ ਕੇ ਲਿਜਾਣ ਲੱਗੀ ਸੀ, ਤਾਂ ਬਿਮਾਰੀ ਨਾਲ ਨਿਰਬਲ ਪਤੀ ਨੇ ਰੱਜੋ ਦਾ ਹੱਥ ਫ਼ੜ ਲਿਆ….. ਸੂਰਜ ਮੱਲ ਦੀਆਂ ਹੰਝੂਆਂ ਨਾਲ ਭਰੀਆਂ ਅੱਖਾਂ ਉਸ ਦੇ ਮਨ ਦੇ ਦਰਦ ਨੂੰ ਪ੍ਰਗਟ ਕਰ ਰਹੀਆਂ ਸੀ.. “ਰੱਜੋ, ਜਵਾਨ ਪੱੁਤ ਘਰ ਹੋਣ ਦੇ ਬਾਵਜ਼ੂਦ ਤੇਰੇ ਬੁੱਢੇ ਸਰੀਰ ਨੇ ਹੀ ਮੇਰਾ ਸਾਥ ਦਿੱਤਾ… ਤੇਰੇ ‘ਪਤਨੀ-ਧਰਮ’ ਨੂੰ ਮੇਰਾ ਪ੍ਰਣਾਮ ਹੈ! ਠੀਕ ਹੋ ਕੇ ਜਦ ਵਾਪਸ ਘਰ ਮੁੜਿਆ, ਤਾਂ ਤੇਰੀ ਖੂਬ ਸੇਵਾ ਕਰੂੰਗਾ!!” ਸੂਰਜ ਮੱਲ ਦਾ ਹਿਰਦਾ ਪਾਰੇ ਵਾਂਗ ਪਿਘਲ ਰਿਹਾ ਸੀ। ਪਤੀ ਦਾ ਦਰਦ ਰੱਜੋ ਦੀਆਂ ਅੱਖਾਂ ‘ਚੋਂ ਚੋਅ ਰਿਹਾ ਸੀ। ਨਰਸ ਨੇ ਰੱਜੋ ਨੂੰ ਹੋਲ-ਰੂਮ ਤੋਂ ਅੱਗੇ ਜਾਣ ਤੋਂ ਮਨ੍ਹਾਂ ਕਰ ਦਿੱਤਾ। ਨਰਸ ਸੂਰਜ ਮੱਲ ਨੂੰ ਧੀਰੇ-ਧੀਰੇ ਹਸਪਤਾਲ ਦੇ ‘ਵਾਰਡ’ ਵਿੱਚ ਲੈ ਜਾ ਰਹੀ ਸੀ। ਦੇਖਦੇ-ਦੇਖਦਿਆਂ ਰੱਜੋ ਦਾ ਪਤੀ ਉਸ ਦੀਆਂ ਅੱਖਾਂ ‘ਤੋਂ ਓਝਲ ਹੋ ਗਿਆ ਅਤੇ ਚਾਰ ਦਿਨ ਬਾਅਦ ਇਸ ਦੁਨੀਆਂ ‘ਤੋਂ ਹੀ ਸਦਾ ਲਈ ਅਲੋਪ ਹੋ ਗਿਆ….
……ਖ਼ਬਰਾਂ ਨੇ ਘੜਮੱਸ ਪੱਟੀ ਹੋਈ ਸੀ ਕਿ ਇਹ ਬਿਮਾਰੀ ਕੁਝ ਮਹੀਨੇ ਹੋਰ ਰਹੇਗੀ, ਫ਼ੇਰ ਸਭ ਠੀਕ ਹੋ ਜਾਏਗਾ…. ਪ੍ਰੰਤੂ ਸਾਲ 2021 ਚੜ੍ਹ ਆਇਆ ਅਤੇ ‘ਕਰੋਨਾ’ ਦੀ ਦੂਸਰੀ ਲਹਿਰ ਨੇ ਹੋਰ ਵੀ ਭਿਆਨਕ ਰੂਪ ਧਾਰ ਲਿਆ। ਇਸ ਵਾਰ ਜਵਾਨ ਮੌਤਾਂ ‘ਕਾਲ਼’ ਦਾ ਰੂਪ ਧਰ ਨੱਚ ਰਹੀਆਂ ਸਨ। ਰੱਜੋ ਅੰਮਾ ਉੱਤੇ ਕੁਦਰਤ ਦਾ ਕਹਿਰ ਹਜੇ ਬਾਕੀ ਸੀ….
“…..ਅੰਮਾ…ਆਉ..ਦੇਖੋ ਇਹਨਾਂ ਦਾ ਬੁਖਾਰ ਤਾਂ ਸਿਰ ਨੂੰ ਚੜ੍ਹ ਗਿਆ ਲੱਗਦਾ..?” ਘਬਰਾਈ ਵੱਡੇ ਪੁੱਤ ਨੰਦੂ ਦੀ ਘਰਵਾਲੀ ਚੰਪਾ ਨੇ ਆਪਣੀ ਸੱਸ ਰੱਜੋ ਨੂੰ ਹਾਕ ਮਾਰੀ।
ਰੱਜੋ ਨੇ ਦੌੜ ਕੇ ਆਣ ਆਪਣੇ ਪੁੱਤ ਨੰਦੂ ਨੂੰ ਵੇਖਿਆ, ਜੋ ਬੁਖਾਰ ਨਾਲ ਬੇਸੁੱਧ ਹੋਇਆ ਪਿਆ ਸੀ। ਉਸ ਦੀ ਖੰਘ ਤਾਂ ਘਟ ਗਈ ਸੀ। ਪਰ ਬੁਖਾਰ ਨੇ ਢਾਹਿਆ ਹੋਇਆ ਸੀ। ‘ਕਰੋਨਾ’ ਦੇ ਚੱਲਦਿਆਂ ਨੰਦੂ ਨੂੰ ਵੱਖਰੇ ਕਮਰੇ ਵਿੱਚ ਪਾਇਆ ਹੋਇਆ ਸੀ। ਸਾਰਾ ਪ੍ਰੀਵਾਰ ਬਿਮਾਰ ਨੰਦੂ ਨੂੰ ਹਸਪਤਾਲ ਦਾਖਲ ਨਹੀਂ ਸੀ ਕਰਵਾਉਣਾ ਚਾਹੁੰਦਾ।
“….ਬਾਪੂ ਹਸਪਤਾਲ ਗਿਆ ਚਾਰ ਦਿਨਾਂ ਵਿੱਚ ਮਾਰ ਕੇ ਫੂਕ ਵੀ ਦਿੱਤਾ….ਨੰਦੂ ਦੀ ਘਰੇ ਹੀ ਖੰਘ ਅਤੇ ਬੁਖਾਰ ਦੀ ਦਵਾਈ ਲੈ ਆਉ… ਖੌਰੇ ਕੀ-ਕੀ ਕਰੀ ਜਾਂਦੇ ਨੇ ਹਸਪਤਾਲ ਵਾਲੇ..? ਸੁਣਿਆਂ ਅੰਗ ਕੱਢ ਕੇ ਵੇਚ ਰਹੇ ਨੇ..? ਨਕਲੀ ਟੀਕੇ ਲਾਈ ਜਾ ਰਹੇ ਨੇ…? ਬੁੱਢਿਆਂ ਨੂੰ ਬਿਨਾ ਇਲਾਜ਼ ਮਾਰੀ ਜਾ ਰਹੇ ਨੇ..?” ‘ਕਰੋਨਾ’ ਦੀ ਦਹਿਸ਼ਤ ਨੇ ਮਨੁੱਖਤਾ ਦੀ ਸੋਚਣ ਸ਼ਕਤੀ ਨੂੰ ਹੀ ਬੌਣੀ ਅਤੇ ਸ਼ੱਕੀ ਕੀਤਾ ਹੋਇਆ ਸੀ। ਜਿੰਨੇ ਲੋਕ ਉਤਨੀਆਂ ਖ਼ਬਰਾਂ। ਭਾਂਤ-ਭਾਂਤ ਦੇ ਕਿਆਫ਼ੇ।
….ਨੰਦੂ ਦਾ ਬਿਮਾਰ ਹੋਣਾ ਰੱਜੋ ਲਈ ਕਿਸੇ ਹੋਣੀ ਤੋਂ ਘੱਟ ਨਹੀਂ ਸੀ। ਅੰਮਾ ਦਾ ਛੋਟਾ ਪੁੱਤ ਬੰਟੀ ਆਪਣੇ ਬਿਮਾਰ ਵੱਡੇ ਭਰਾ ਨੰਦੂ ਦੇ ਨੇੜੇ ਨਹੀਂ ਸੀ ਲੱਗਦਾ। ਰੱਜੋ ਅੰਮਾ ਦੇ ਵੇਖਦੇ-ਵੇਖਦੇ ਹੀ ਨੰਦੂ ਦੀ ਬੇਹੋਸ਼ੀ ਗਹਿਰੀ ਹੋ ਗਈ ਅਤੇ ਅਚਾਨਕ ਇੱਕ ਹਾਉਕੇ ਜਹੇ ਨਾਲ ਸਾਹ ਥੰਮ੍ਹ ਗਏ।
“ਨ…ਨਹੀਂ..ਮੇਰੇ ਪੁੱਤ…ਇੰਜ ਨਾ ਜਾਈਂ..ਵੇ ਮੇਰੇ ਸ਼ੇਰਾ..!!” ਚੀਕਾਂ ਮਾਰਦੀ ਰੱਜੋ ਜ਼ਮੀਨ ਉੱਤੇ ਡਿੱਗ, ਪਿੱਟਣ ਲੱਗ ਪਈ। ਮ੍ਰਿਤਕ ਨੰਦੂ ਦੀ ਪਤਨੀ ਚੰਪਾ ਨੇ ਜਦੋਂ ਆਪਣੀ ਸੱਸ ਦਾ ਵਿਰਲਾਪ ਸੁਣਿਆਂ ਤਾਂ ਆਪਣੇ ਆਪ ਨੂੰ ਅਤੇ ਬੱਚਿਆਂ ਨੂੰ “ਸੈਨੇਟਾਇਜ਼” ਕਰ ਕਮਰੇ ਵਿੱਚ ਸਪਰੇਅ ਕਰ, ਬੂਹਾ ਮਾਰ ਲਿਆ….
…..‘ਕਰੋਨਾ ਟੀਮ’ ਨੂੰ ਮੌਤ ਦੀ ਸੂਚਨਾ ਦਿੱਤੀ ਗਈ। ਆ ਕੇ ਟੀਮ ਨੇ ਫ਼ੇਰ ਪੁੱਛਿਆ..“ਕੌਣ ਜਾਏਗਾ ਨਾਲ ਮੁਰਦਘਾਟ?”
ਰੱਜੋ ਅੰਮਾ ਨੇ ਵੇਖਿਆ ਖਿੜਕੀਆਂ ਵਿੱਚੋਂ ਕੁਝ ਅੱਖਾਂ ਝਾਕ ਰਹੀਆਂ ਸਨ। ਪਰ ਬੂਹਿਆਂ ‘ਤੇ ਕੋਈ ਹਲ-ਚਲ ਨਹੀਂ ਸੀ, ਬੂਹੇ ਅੰਦਰੋਂ ਬੰਦ ਸਨ….ਵਿਹੜੇ ਵਿੱਚ ਸੰਨਾਟਾ ਛਾ ਗਿਆ।
ਰੱਜੋ ਅੰਮਾ ਨੇ ਆਪਣੀ ਸੋਟੀ ਚੁੱਕੀ ਅਤੇ ਆਪਣੇ ਘਰਵਾਲੇ ਦੀਆਂ ‘ਚੱਪਲਾਂ’ ਆਪਣੇ ਪੈਰਾਂ ਵਿੱਚ ਪਾ, ਗੱਡਾ ਬਣੇ ਕਦਮਾਂ ਨੂੰ ਜ਼ੋਰ ਲਾ ਕੇ ਘਸੀਟਦੀ ਹੋਈ, ਘਰ ਦੇ ਬੂਹਿਉਂ ਬਾਹਰ ਤੁਰ ਪਈ। ਸਦੀਵੀ ਖ਼ਾਮੋਸ਼ ਪਏ ਮ੍ਰਿਤਕ ਪੁੱਤ ਨੰਦੂ ਦੇ ਕਹੇ ਬੋਲਾਂ ਨੇ ਰੱਜੋ ਦੇ ਦਿਮਾਗ ‘ਚ ਕਟਾਰ ਮਾਰੀ….“ਇਸ ਮਹਾਂਮਾਰੀ ਵਿੱਚ ਰਿਸ਼ਤੇ ਨਿਭਾਣ ਦਾ ਨਹੀਂ…ਆਪਣੇ-ਆਪ ਨੂੰ ਬਚਾਣ ਦਾ ਸਮਾਂ ਹੈ!!” ……..ਰੱਜੋ ਨੇ ਪਰਤ ਕੇ ਨਹੀਂ ਵੇਖਿਆ ਕਿ ਨੰਦੂ ਦੀ ਪਤਨੀ, ਬੱਚਿਆਂ ਜਾਂ ਭਰਾ ਵਿੱਚੋਂ ਕਿਸੇ ਰਿਸ਼ਤੇ ਨੇ ਨੰਦੂ ਦੀ ਆਖਰੀ ਯਾਤਰਾ ਵਿੱਚ ਸ਼ਾਮਲ ਹੋਣ ਦਾ ਹੁੰਗਾਰਾ ਭਰਿਆ ਜਾਂ ਨਹੀਂ। ਲੜਖੜਾਉਂਦੇ ਕਦਮ ਪੁੱਟਦੀ ਰੱਜੋ ਅੰਮਾ ਗਲੀ ਪਾਰ ਕਰ, ‘ਕਰੋਨਾ’ ਵਾਲਿਆਂ ਦੀ ਗੱਡੀ ਕੋਲ ਜਾ ਖੜੀ ਹੋਈ। ਰੱਜੋ ਅੰਮਾ ਦਾ ਅੰਦਰ ਨਿਸ਼ਬਦ ਚੀਖਾਂ ਮਾਰ ਚਿਤਕਾਰ ਕਰ ਰਿਹਾ ਸੀ….
…….ਮੈਂ ਮੂੰਹ ‘ਤੇ ‘ਮਾਸਕ’ ਲਾ, ਰੱਜੋ ਅੰਮਾ ਕੋਲ ਜਾ ਪੁੱਜੀ। ਰੱਜੋ ਨੇ ਆਪਣੀ ਸੋਟੀ ਨਾਲ ਮਿੱਟੀ ਖੁਰਚਣੀ ਰੋਕ ਕੇ ਕਿਹਾ….“ਆ ਧੀਏ,…ਦੋਸ਼ ਤੇ ਰੋਸ ਕਿਸੇ ‘ਤੇ ਨਹੀਂ ਹੈ…ਜਿਸ ‘ਮਿੱਟੀ’ ਨੂੰ ਮੈਂ ਆਪਣੀ ‘ਮਿੱਟੀ’ ਨਾਲ ਬਣਾਇਆ ਸੀ..ਉਸ ‘ਮਿੱਟੀ’ ਦੀ ਜਿ਼ੰਮੇਵਾਰ ਵੀ ਮੈਂ ਹੀ ਸੀ….!!”
ਰੱਜੋ ਅੰਮਾ ਸ਼ਾਇਦ ਮੋਏ ਪੁੱਤ ਦੀਆਂ ਕਹਾਣੀਆਂ ਨਹੀਂ ਸੀ ਪਾਉਣਾ ਚਾਹੁੰਦੀ, ਇਸ ਲਈ ਇੱਕ ਮਾਂ ਆਪਣੀਆਂ ਆਦਰਾਂ ਦੇ ਪ੍ਰਤੀ ਆਪਣਾ ਫ਼ਰਜ਼ ਸਿਰਫ਼ ਇੱਕ ਵਾਕ ਵਿੱਚ ਬਿਆਨ ਕਰ, ਸ਼ਾਂਤ ਹੋ ਗਈ। ਮੈਂ ਨਿਰੁੱਤਰ ਹੋ ਸੋਚ ਰਹੀ ਸੀ..“ਇਤਨੀ ਮਹਾਨ ਅਤੇ ਸਹਿਣਸ਼ੀਲ ਸਿਰਫ਼ ‘ਤੇ ਸਿਰਫ਼ ਇੱਕ ਮਾਂ ਹੀ ਹੋ ਸਕਦੀ ਹੈ!….ਦੁਨੀਆਂ ਵਿੱਚ ਹਰ ਰਿਸ਼ਤਾ ਆਪਣੀਂ ਹੋਂਦ ਬਦਲ ਸਕਦਾ ਹੈ, ਪ੍ਰੰਤੂ ‘ਮਿੱਟੀ’ ਦੇ ਰਿਸ਼ਤੇ ਦੀ ਪੈਰਵੀ ਮਾਂ ਦੇ ਹੱਥ ਹੋਣ ਕਾਰਣ ‘ਕੁੱਖ’ ਤੋਂ ਉਪਜ ਕੇ ਮਿੱਟੀ, ਮਰ-ਮੁੱਕ ਜਾਣ ਤੋਂ ਬਾਅਦ, ਧਰਤੀ ਮਾਂ ਦੀ ਆਗੋਸ਼ ਵਿੱਚ ਸਮਾਅ ਫੇਰ ਮਿੱਟੀ ਵਿੱਚ ਜਾ ਰਲਦੀ ਹੈ। ਇੱਕ ਮਾਂ ਆਪਣੀ ਮਿੱਟੀ ਨੂੰ, ਦੂਜੀ ਮਾਂ ਨੂੰ ਸੌਂਪ ਨਿਸ਼ਚਿੰਤ ਹੋ ਜਾਦੀਂ ਹੈ।

This entry was posted in ਕਹਾਣੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>