ਕੂੰਜਾਂ ਦਾ ਕਾਫ਼ਲਾ

ਰੇਡੀਓ ‘ਤੇ ਚੱਲ ਰਹੇ ਇੱਕ ਗੀਤ ਦੇ ਬੋਲਾਂ ਨੇ ਮੇਰੀਆਂ ਪੁਰਾਣੀਆਂ ਯਾਦਾਂ ਦੇ ਖੰਭਾਂ ਨੂੰ ਬਲ ਦਿੱਤਾ ਅਤੇ ਮੈਂ ਦੂਰ ਅਸਮਾਨ ਦੇ ਖਲਾਅ ਵਿੱਚ ਪ੍ਰਵਾਜ਼ ਭਰਦੀ ਪਿੱਛੇ ਕਾਲਜ ਦੀਆਂ ਸਹੇਲੀਆਂ ਦੀਆਂ ਯਾਦਾਂ ਦੇ ਅਤੀਤ ਨਾਲ਼ ਜਾ ਜੁੜੀ। ਯਾਦਾਂ ਪੀਡੀਆਂ ਦਰ ਪੀਡੀਆਂ ਹੁੰਦੀਆਂ ਗਈਆਂ ਅਤੇ ਮੇਰੇ ਜ਼ਿਹਨ ਵਿੱਚ ਇੱਕ ਘੜ੍ਹੀ ਚੱਲ ਪਈ। “ਟਿੱਕ-ਟਿੱਕ” ਘੜ੍ਹੀ ਦੀ ਅਵਾਜ਼ “ਸਮੇਂ” ਦੇ ਅੱਗੇ ਵਧਣ ਦਾ ਅਤੇ ਪਿੱਛੇ ਛੁੱਟਣ ਦਾ ਪ੍ਰਮਾਣ ਦੇ ਰਹੀ ਸੀ। ਰਾਤ ਦੇ ਬਾਰ੍ਹਾਂ ਵੱਜ ਰਹੇ ਸੀ। ਲੱਗਭਗ ਅਗਲਾ ਦਿਨ ਲੱਗ ਹੀ ਰਿਹਾ ਸੀ, ਪਰ ਮੇਰੀ ਅਤੇ ਮੇਰੀ ਬਹੁਤ ਨਜ਼ਦੀਕੀ ਸਹੇਲੀ ਵੰਦਨਾ ਦੀਆਂ ਅੱਖਾਂ ਵਿੱਚ ਨੀਂਦ ਦਾ ਨਾਮੋਂ-ਨਿਸ਼ਾਨ ਨਹੀਂ ਸੀ। ਸਾਰਾ ਦਿਨ ਦੋਹਾਂ ਨੇ ਖੂਬ ਗੱਲਾਂ ਕੀਤੀਆਂ। ਸਕੂਲ, ਕਾਲਜ ਅਤੇ ਬਚਪਨ ਦੀਆਂ ਗੱਲਾਂ…। ਹਾਲਾਂ ਕਿ ਕਈ ਸਾਲ ਬਾਅਦ ਜਦ ਵੀ ਮੈਨੂੰ ਭਾਰਤ ਜਾਣ ਦਾ ਮੌਕਾ ਮਿਲਦਾ ਤਾਂ ਵੰਦਨਾ ਨਾਲ ਮੁਲਾਕਾਤ ਹੋ ਹੀ ਜਾਂਦੀ ਸੀ। ਬੱਸ ਫ਼ੇਰ ਸਿਲਸਿਲਾ ਸ਼ੁਰੂ ਹੋ ਜਾਂਦਾ ਸੀ ਪੁਰਾਣੀਆਂ ਯਾਦਾਂ ਅਤੇ ਨਵੇਂ ਸਵਾਲਾਂ ਦਾ…! ਮੇਰੇ ਭਾਰਤ ਛੱਡਣ ਤੋਂ ਲੈ ਕੇ ਲੰਡਨ ਵਿੱਚ ਵਸਣ ਤੱਕ ਦੇ ਸਫ਼ਰ ਦੀ ਇੱਕ-ਇੱਕ ਗੱਲ ਉਹ ਬਹੁਤ ਚਾਅ ਨਾਲ ਸੁਣ ਰਹੀ ਸੀ। ਮੇਰੀ ਜ਼ਿੰਦਗੀ ਦੇ ਉਤਰਾ-ਚੜ੍ਹਾਅ ਦੇ ਸਫ਼ਰ ਦੀ ਉਹ ਪੂਰੀ ਜਾਣਕਾਰ ਹੈ। ਗਿਆਰਵੀਂ ਕਲਾਸ ਵਿੱਚ ਮੇਰੇ ਨਾਲ ਦੋਸਤੀ ਹੋਈ ਅਤੇ ਅੱਜ ਤੱਕ ਨਿਭ ਰਹੀ ਹੈ। ਵੰਦਨਾ ਸੁਰੂ ਤੋਂ ਹੀ ਥੋੜ੍ਹੀ ਮੋਟੀ ਸੀ। ਇਸ ਕਰਕੇ ਦੂਜੀਆਂ ਕੁੜੀਆਂ ਇਸ ਦਾ ਮਜ਼ਾਕ ਬਣਾਉਂਦੀਆਂ ਸਨ। ਇਸ ਲਈ ਉਹ ਚੁੱਪ-ਚਾਪ ਕਲਾਸ ਵਿੱਚ ਪਿਛਲੀ ਸੀਟ ‘ਤੇ ਬੈਠ ਜਾਂਦੀ ਸੀ। ਮੈਂ ਕਲਾਸ ਦੀ “ਮੌਨੀਟਰ” ਹੋਣ ਕਰਕੇ ਉਸ ਨੂੰ ਪੂਰੀ ਤਵੱਜੋਂ ਦਿੰਦੀ ਸੀ। ਇਸ ਲਈ ਉਸ ਦੇ ਮਨ ਵਿੱਚ ਮੇਰੇ ਲਈ ਇੱਕ ਖ਼ਾਸ ਜਗਾਹ ਬਣ ਗਈ ਸੀ।
“ਤੈਨੂੰ ਕੁਝ ਵੀ ਮੱਦਦ ਦੀ ਲੋੜ ਹੋਵੇ ਤਾਂ ਮੈਨੂੰ ਪੁੱਛ ਲਿਆ ਕਰ…!” ਮੈਂ ਆਪਣੇ ਮੌਨੀਟਰ ਹੋਣ ਦਾ ਫ਼ਰਜ਼ ਨਿਭਾਇਆ। ਉਸ ਨੂੰ ਥੋੜ੍ਹੇ-ਬਹੁਤੇ ਅੰਗਰੇਜ਼ੀ ਗਾਣੇ ਆਉਂਦੇ ਸੀ ਅਤੇ ਮੈਂ ਕਦੇ-ਕਦੇ ਆਪਣੀ ਪੱਕੀਆਂ ਛੇ ਸਹੇਲੀਆਂ ਨੂੰ ਬੁਲਾ ਕੇ ਵੰਦਨਾਂ ਤੋਂ ਗਾਣੇ ਸੁਣਦੀ ਸੀ। ਗੱਲਾਂ-ਗੱਲਾਂ ‘ਚ ਪਤਾ ਲੱਗਿਆ ਕਿ ਵੰਦਨਾ ਮੇਰੇ ਮੁਹੱਲੇ ਵਿੱਚ ਹੀ ਰਹਿੰਦੀ ਹੈ। ਫੇਰ ਕੀ ਸੀ…? ਰੋਜ਼ ਦਾ ਸਾਥ ਬਣ ਗਿਆ। ਪੜ੍ਹਨਾ-ਲਿਖਣਾ, ਜਾਣਾ-ਆਉਣਾ, ਛੁੱਟੀ-ਸਕੂਲ, ਹਰ ਕੰਮ ਇਕੱਠੇ ਹੋਣ ਲੱਗ ਪਿਆ ਅਤੇ ਨਾਲ ਹੀ ਦੋਸਤੀ ਨੂੰ ਰੰਗ ਚੜ੍ਹਣ ਲੱਗ ਪਿਆ। ਵਿਆਹ ਤੋਂ ਬਾਅਦ ਮੈਂ ਵਿਦੇਸ਼ ਚਲੀ ਗਈ। ਪਰ ਦੂਰੀ ਸਾਡੇ ਪਿਆਰ ਨੂੰ ਘਟਾ ਨਹੀਂ ਸਕੀ। ਅੱਜ ਵੰਦਨਾ ਇੱਕ ਸਫ਼ਲ ਅੰਗਰੇਜ਼ੀ ਅਧਾਅਪਕਾ ਅਤੇ ਇੱਕ ਜਿੰਮੇਂਵਾਰ ਪਤਨੀ ਅਤੇ ਦੋ ਬੇਟਿਆਂ ਦੀ ਪਿਆਰੀ ਮਾਂ ਹੈ।
“ਵੰਦਨਾਂ, ਤੈਨੂੰ ਬਾਕੀ ਆਪਣੇ ਗਰੁਪ ਦੀਆਂ ਦੂਜੀਆਂ ਛੇ ਸਹੇਲਿਆਂ ਕਦੇ ਮਿਲ਼ੀਐਂ?” ਲੰਡਨ ਤੋਂ ਗਈ ਨੇ ਮੈਂ ਇੱਕ ਦਿਨ ਵੰਦਨਾਂ ਨੂੰ ਸੁਆਲ ਕੀਤਾ।
“ਨਹੀਂ…! ਵਿਆਹ ਤੋਂ ਬਾਅਦ ਕਿਸੇ ਨਾਲ ਮਿਲਣ ਦਾ ਮੌਕਾ ਹੀ ਨਹੀਂ ਬਣਿਆਂ!”
“ਕੋਈ ਅਤਾ-ਪਤਾ, ਜਾਂ ਖ਼ਬਰਸਾਰ ਹੈ ਕਿ ਓਹ ਸਭ ਕਿੱਥੇ ਨੇ?” ਮੇਰੇ ਅੰਦਰ ਜਿਵੇਂ ਪੁਰਾਣੀ ਬਚਪਨ ਦੀ ਸਕੂਲ ਵਾਲੀ ਕੁੜੀ, ਸਹੇਲੀਆਂ ਨੂੰ ਮਿਲਣ ਲਈ ਤੜਫ਼ ਗਈ ਸੀ।
“ਹਾਂ, ਐਨਾਂ ਤਾਂ ਪਤਾ ਹੈ ਕਿ ਤਿੰਨ ਤਾਂ ਆਗਰਾ ਸ਼ਹਿਰ ਵਿੱਚ ਹੀ ਵਿਆਹੀਆਂ ਨੇ!” ਕੁਝ ਕੱਚੀ-ਪੱਕੀ ਜਿਹੀ ਜਾਣਕਾਰੀ ਵੰਦਨਾ ਨੇ ਦਿੱਤੀ।
“ਸੱਚੀ…!!!” ਮੈਂ ਛਾਲ ਮਾਰ ਕੇ ਉਠ ਕੇ ਬੈਠ ਗਈ।
“ਤੂੰ ਕੋਈ ਕੋਸ਼ਿਸ਼ ਕੀਤੀ, ਕਦੀ ਰਾਬਤਾ ਕਰਨ ਦੀ…?”
“ਨਹੀਂ, ਮੈਂ ਆਪਣੇ ਸਹੁਰੇ ਪਰਿਵਾਰ ਵਿੱਚ, ਬੱਚਿਆਂ ਅਤੇ ਪਤੀ ਵਿੱਚ ਬਹੁਤ ਬਿਜ਼ੀ ਸੀ!” ਮੈਂ ਵੰਦਨਾ ਦੀ ਇਸ ਸਥਿਤੀ ਨੂੰ ਸਮਝ ਸਕਦੀ ਸੀ। ਮੇਰੇ ਤੋਂ ਅੱਠ ਸਾਲ ਬਾਦ ਉਸ ਦਾ ਵਿਆਹ ਹੋਇਆ ਸੀ। ਪਹਿਲੇ ਹੀ ਸਾਲ ਜੁੜਵਾਂ ਬੇਟਿਆਂ ਨੂੰ ਜਨਮ ਦਿੱਤਾ। ਜੌੜੇ ਬੱਚਿਆਂ ਨੂੰ ਪਾਲਣਾ ਵਾਕਈ ਮੁਸ਼ਕਿਲ ਰਿਹਾ ਹੋਵੇਗਾ।
“ਚੱਲ, ਕੋਸ਼ਿਸ਼ ਕਰਕੇ ਦੇਖੀਏ, ਸ਼ਾਇਦ਼ ਕੋਈ ਮਿਲ ਹੀ ਜਾਵੇ?”
“ਦੱਸ, ਕੀ ਕਰੀਏ?”
“ਤੂੰ ਆਪਣਾ ਫ਼ੇਸਬੁੱਕ ਖੋਲ੍ਹ ਤੇ ਓਹਨਾਂ ਦੇ ਨਾਂਮ ਲਿਖ ਕੇ ਦੇਖਦੇ ਹਾਂ!”
“ਪਰ ਇਹਨਾਂ ਤੀਹ ਸਾਲਾਂ ਵਿੱਚ ਤੇ ਸ਼ਕਲਾਂ ਵੀ ਬਦਲ ਗਈਆਂ ਹੋਣਗੀਆਂ? ਸ਼ਕਲ ‘ਤੇ ਤਾਂ ਦਸ ਸਾਲ ਬਾਅਦ ਬਾਰ੍ਹਾਂ ਵੱਜ ਜਾਂਦੇ ਐ…!” ਉਹ ਹੱਸਦੀ ਬੋਲੀ। ਗੱਲ ਤਾਂ ਵੰਦਨਾ ਦੀ ਸੌ ਪ੍ਰਤੀਸ਼ਤ ਸਹੀ ਸੀ। ਅਸੀ ਵੀ ਦੇਖਣ ਵਿੱਚ ਕਿੰਨੀਆਂ ਬਦਲ ਗਈਆਂ ਸੀ। ਪਰ ਅੱਜ ਪੁਰਾਣੀਆਂ ਸਹੇਲੀਆਂ ਨੂੰ ਮਿਲਾਉਣ ਵਿਚ ਜਿਵੇਂ ਕੁਦਰਤ ਵੀ ਰਾਜ਼ੀ ਸੀ।
“ਦੇਖਦੇ ਹਾਂ, ਕੋਸ਼ਿਸ਼ ਤੇ ਕਰੀਏ!”
ਵੰਦਨਾਂ ਦੀ ਫ਼ੇਸਬੁੱਕ ‘ਤੇ ਮੈਂ ਹਰ ਸਹੇਲੀ ਦਾ ਨਾਮ ਲਿਖ-ਲਿਖ ਕੇ ਬੜੀ ਨੀਝ ਨਾਲ ਉਹਨਾਂ ਦੇ ਚਿਹਰਿਆਂ ਨੂੰ ਨਿਰਖਦੇ ਹੋਏ ਜਿਵੇਂ ਪਹਿਚਾਨਣ ਦੀ ਕੋਸ਼ਿਸ਼ ਕਰ ਰਹੀ ਸੀ। ਪਰ ਨਾਮ ਮੁਤਾਬਿਕ ਕੋਈ ਮਿਲੀ ਨਹੀਂ। ਫੇਰ ਅਚਾਨਕ ਇੱਕ ਚਿਹਰੇ ਨੂੰ ਵੇਖ ਕੇ ਮੈਂ ਖੁਸ਼ੀ ਨਾਲ ਉਛਲ਼ ਪਈ।
“ਅਰੇ, ਵੇਖ ਵੰਦਨਾ, ਆਹ ਅਪਰਨਾ ਦੇ ਨਾਮ ‘ਤੇ ਲੇਡੀ ਕੁਝ-ਕੁਝ ਓਸ ਦੇ ਵਰਗੀ ਹੀ ਲੱਗ ਰਰੀ ਹੈ?”
“ਹਾਂ ਸ਼ਾਇਦ, ਓਹੀ ਹੈ!! ਕਿੰਨੀ ਮੋਟੀ ਹੋ ਗਈ ਹੈ? ਪੂਰੀ ਘਰੇਲੂ ਔਰਤ ਲੱਗ ਰਹੀ ਹੈ!”
ਹੌਂਸਲਾ ਕਰ ਕੇ ‘ਹੈਲੋ” ਦਾ ਮੈਸਿਜ਼ ਲਿਖ ਦਿੱਤਾ ਅਤੇ ਨਾਲੋ ਨਾਲ ਹੀ ਸਾਡਾ ਸਾਰਾ ਵੇਰਵਾ ਲਿਖ ਦਿੱਤਾ। ਵਕਤ ਸਾਡੇ ਹੱਕ ਵਿੱਚ ਸੀ ਅਤੇ ਅਰਪਨਾ ਨੇ ਮੈਸਿਜ਼ ਵੇਖ ਕੇ ਦੇਰ ਰਾਤ ਹੀ ਸਹੀ, ਪਰ ਜਵਾਬ ਦੇ ਦਿੱਤਾ। ਉਸ ਨੇ ਨੰਬਰ ਭੇਜਿਆ ਅਤੇ ਮੈਂ ਨਾਲ ਹੀ ਵੀਡੀਓ ਕਾਲ ਕਰ  ਲਿਆ।
“ਵੇਖਿਆ ਤੈਨੂੰ ਲੱਭ ਹੀ ਲ਼ਿ…।”  ਮੇਰੀ ਜ਼ੁਬਾਨ ਨੂੰ ਜਿਵੇਂ ਲਕਵਾ ਮਾਰ ਗਿਆ। ਕੁਝ ਬੋਲਿਆ ਹੀ ਨਹੀਂ ਗਿਆ, ਤੀਹ ਸਾਲ ਬਾਦ ਅਪਰਨਾ ਨੂੰ ਵੇਖ ਕੇ ਅੱਖਾਂ ਜਾਰੋ- ਜ਼ਾਰ ਰੋ ਰਹੀਆਂ ਸਨ । ਭਾਵਨਾ ਵਿੱਰ ਰੁੜ੍ਹੀਆਂ ਅਸੀਂ ਤਿੰਨੋਂ ਹੀ ਰੋ ਰਹੀਆਂ ਸੀ। ਸਦੀਆਂ ਬਾਅਦ ਵੀ ਜਿਵੇਂ ਸ਼ਬਦਾਂ ਦਾ ਕਾਲ਼ ਪੈ ਗਿਆ ਸੀ ਅਤੇ ਹੰਝੂਆਂ ਦਾ ਹੜ੍ਹ ਆ ਗਿਆ ਸੀ। ਮਨ ਹੌਲ਼ਾ ਹੋਣ ਤੋਂ ਬਾਅਦ ਪਰਿਵਾਰ ਦਾ ਹਾਲ ਪੁੱਛਿਆ। ਅਪਰਨਾ ਨੇ ਦੱਸਿਆ ਕਿ ਓਹ ਕਲੱਕਤੇ ਵਿੱਚ ਵਸ ਰਹੀ ਸੀ।
“ਹੋਰ ਸੁਣਾ…? ਲੱਗਦਾ ਹੈ ਜੀਜੂ ਨੇ ਬੜੇ ਪਿਆਰ ਨਾਲ ਰੱਖਿਆ ਲੱਗਦੈ, ਤਾਂ ਹੀ ਤੇ ਤੈਨੂੰ ਖੁਆ-ਖੁਆ ਕੇ ਦਸ ਗੁਣਾ ਬਣਾ ਦਿੱਤਾ ਹੈ!” ਮਾਹੌਲ ਬਦਲਣ ਦੇ ਲਈ ਮੈਂ ਕਿਹਾ। ਪਰ ਫੇਰ ਜੋ ਸੈਲਾਬ ਉਮੜਿਆ, ਅੱਖਾਂ ਵਿੱਚੋਂ ਸਾਨੂੰ ਸੰਭਾਲਣਾ ਹੀ ਔਖਾ ਹੋ ਗਿਆ।
“ਸਤਨਾਮ, ਤੈਨੂੰ ਅੱਜ ਮੇਰੀ ਯਾਦ ਆਈ, ਮੇਰੀ ਤਾਂ ਦੁਨੀਆਂ ਉਜੜੀ ਨੂੰ ਵੀ ਬਾਰਾਂ ਸਾਲ ਹੋ ਗਏ, ਦੋ ਧੀਆਂ ਮੇਰੀ ਝੋਲੀ ਪਾ ਕੇ ਆਪ ਅਗਲੇ ਜਹਾਨ ਟੁਰ ਗਿਆ, ਮੈਂ ਤਾਂ ਕਦੇ ਘਰੋਂ ਵੀ ਬਾਹਰ ਨਹੀਂ ਨਿਕਲੀ, ਕੋਹਾਂ ਦੂਰ ਪੇਕੇ…।” ਅਪਰਨਾ ਫੁੱਟ-ਫੁੱਟ ਕੇ ਰੋਂਦੀ ਬਾਂਵਰਿਆਂ ਵਾਂਗ ਬੋਲੀ ਜਾ ਰਹੀ ਸੀ। ਉਸ ਦੇ ਦੁਖਾਂਤ ਨੇ ਜਿਵੇਂ ਮੈਨੂੰ ਪੱਥਰ ਕਰ ਦਿੱਤਾ ਸੀ। ਮੈਂ ਅਵਾਕ ਜਿਹੀ ਅਰਪਨਾ ਨੂੰ ਤੱਕੀ ਜਾ ਰਹੀ ਸੀ।
“ਮੁਆਫ਼ ਕਰਨਾ ਅਪਰਨਾ, ਅਸੀਂ ਤੇ ਸੋਚਿਆ ਵੀ ਨਹੀਂ ਸੀ ਕਿ ਤੂੰ ਸਾਨੂੰ ਇਸ ਰੂਪ ਵਿਚ ਮਿਲੇਂਗੀ…? ਬਹੁਤ ਦੁੱਖ ਹੋਇਆ ਹੈ, ਸੱਚੀ!” ਵੰਦਨਾ ਨੇ ਗੱਲ ਅੱਗੇ ਤੋਰੀ। “ਵਾਹ ਨੀ ਕੁਦਰਤੇ” ਮਿਲਣ ਦੀ ਖੁਸ਼ੀ ਇੱਕ ਝਟਕੇ ਨਾਲ਼ ਦੁੱਖ ਵਿੱਚ ਬਦਲ ਜਾਏਗੀ, ਕਦੇ ਸੁਪਨੇ ਵਿੱਚ ਵੀ ਸੋਚਿਆ ਨਹੀਂ ਸੀ। ਬਹੁਤ ਸਾਰੇ ਹੌਂਸਲੇ, ਤਸੱਲੀਆਂ ਦੇ ਕੇ ਜਲਦੀ ਫ਼ੋਨ ਕਰਾਂਗੇ ਕਹਿ ਕੇ ਫ਼ੋਨ ਬੰਦ ਦਿੱਤਾ। …ਜਾਂ ਫੇਰ ਹੋਰ ਕੁਝ ਕਹਿਣ ਨੂੰ ਮਨ ਨੇ ਗਵਾਹੀ ਨਹੀਂ ਦਿੱਤੀ। ਕੁਝ ਮਿੰਟਾਂ ਦੀ ਮੁਲਾਕਾਤ ਨੇ ਮੁੜ ਸਾਰੀ ਰਾਤ ਸਾਨੂੰ ਸੌਣ ਨਹੀਂ ਦਿੱਤਾ। ਅਰਪਨਾ ਦਾ ਅੱਲ੍ਹੜ ਉਮਰ ਦਾ ਚਿਹਰਾ ਦਿਮਾਗ ਤੇ ਹਾਵੀ ਹੋ ਗਿਆ। ਚਿੱਟੇ ਰੰਗ ਦਾ ਸਲਵਾਰ ਕਮੀਜ਼ ਉਤੇ ਪੱਟੀ ਬਣਾ ਕੇ ਚਿਪਕਾਈ ਹੋਈ ਚੁੰਨੀ, ਸਿਰ ਵਾਹ ਕੇ ਗੁੰਦੀਆਂ ਦੋ ਗੁੱਤਾਂ, ਮੁਸਕੁਰਾਉਂਦਾ ਚਿਹਰਾ, ਉਸ ਦਾ ਗਾਣਾ, ਗੱਲਾਂ ਸਭ ਕੁਝ ਜਿਵੇਂ ਕੱਲ੍ਹ ਦੀ ਹੀ ਗੱਲ ਲੱਗ ਰਹੀਆ ਸਨ।
“ਜੋ ਮੈਂ ਸੋਚ ਰਹੀ ਹਾਂ, ਕੀ ਤੂੰ ਵੀ ਓਹੀ ਸੋਚ ਰਹੀ ਹੈਂ?” ਮੇਰੀਆ ਅੱਖਾਂ ਦੀ ਸ਼ਿਸ਼ਤ ਛੱਤ ਵੱਲ ਲੱਗੀ ਵੇਖ ਕੇ ਵੰਦਨਾ ਨੇ ਕਿਹਾ।
“ਹੂੰ…।!” ਮੈਂ ਭੁੱਬਾਂ ਮਾਰ ਰੋ ਪਈ, “ਨਹੀਂ ਸੀ ਪਤਾ ਕਿ ਉਸ ਨੂੰ ਸੁਹਾਗਣ ਨਹੀਂ ਵੇਖ ਸਕਾਂਗੀ, ਕੁਵਾਰੀ ਤੋਂ ਵਿਧਵਾ ਦਾ ਸਫ਼ਰ ਕਿੰਨਾ ਦਰਦਮਈ ਰਿਹਾ ਹੋਣੈਂ?” ਅਸੀਂ ਦੋਵੇਂ ਸਾਰੀ ਰਾਤ ਯਾਦਾਂ ਦੀ ਦੁਨੀਆਂ ਵਿੱਚੋਂ ਨਹੀਂ ਸੀ ਨਿਕਲ ਸਕੀਆਂ। ਰਾਤ ਆਪਣਾ ਸਫ਼ਰ ਤੈਅ ਕਰਦੀ ਰਹੀ। ਸੂਰਜ ਸਿਰ ‘ਤੇ ਚੜ੍ਹ ਆਇਆ। ਅਜੇ ਸਵੇਰੇ ਦੀ ਚਾਹ ਪੀਤੀ ਹੀ ਸੀ ਕਿ ਇੱਕ ਅਣਜਾਣ ਜਿਹੇ ਨੰਬਰ ਤੋਂ ਵੰਦਨਾ ਨੂੰ ਫ਼ੋਨ ਆਇਆ। ਉਸ ਨੇ ਸੁਆਲੀਆ ਜਿਹੀਆਂ ਨਜ਼ਰਾਂ ਨਾਲ਼ “ਹੈਲੋ” ਆਖੀ।
“ਵੰਦਨਾ, ਮੈਂ ਬਬੀਤਾ ਬੋਲ ਰਹੀ ਹਾਂ, ਤੇਰੀ ਕੇ ਐੱਨ ਐੱਸ ਕਾਲਜ’ ਵਾਲੀ ਸਹੇਲੀ, ਥੋੜ੍ਹੀ ਦੇਰ ਪਹਿਲਾਂ ਹੀ ਅਪਰਨਾ ਨੇ ਤੇਰਾ ਨੰਬਰ ਦੇ ਕੇ ਕਿਹਾ ਕਿ ਸਤਨਾਮ ਵੀ ਤੇਰੇ ਕੋਲ ਆਈ ਹੋਈ ਹੈ ਤੇ ਗੱਲ ਕਰ ਲੈ!” ਬਿਨਾ ਕਿਸੇ ਭੁਮਿਕਾ ਬੰਨ੍ਹੇ, ਦੂਜੇ ਪਾਸੇ ਤੋਂ ਬਬੀਤਾ ਨੇ ਮਸ਼ੀਨਗੰਨ ਵਾਂਗ ਸਾਰਾ ਕੁਝ ਇੱਕੋ ਸਾਹ ਬੋਲ ਦਿੱਤਾ। ਇੱਕ ਸਹੇਲੀ ਨਾਲ ਦੂਜੀ ਵੀ ਮਿਲ ਗਈ। ਵੰਦਨਾ ਦਾ ਮੂੰਹ ਉਤੇਜਨਾ ਨਾਲ ਖੁੱਲ੍ਹਾ ਹੀ ਰਹਿ ਗਿਆ। ਫ਼ੋਨ ਵੰਦਨਾ ਨੇ ਵੀਡੀਓ ਕਾਲ ‘ਤੇ ਕਰ ਲਿਆ। ਮੇਰੀ ਹੈਰਾਨਗੀ ਦਾ ਵੀ ਕੋਈ ਠਿਕਾਣਾ ਨਹੀਂ ਰਿਹਾ। ਖੂਬ ਸਾਰੀਆਂ ਗੱਲਾਂ ਕੀਤੀਆਂ। ਬਬੀਤਾ ਪੰਜਾਬ ਵਿੱਚ ਵਸ ਰਹੀ ਹੈ।
“ਬਬੀਤਾ, ਤੂੰ ਵੀ ਬਹੁਤ ਫ਼ੈਲ ਗਈ ਹੈਂ, ਜੇਕਰ ਸੜਕ ‘ਤੇ ਮਿਲੀ ਹੁੰਦੀ, ਤਾਂ ਅਸੀਂ ਨਹੀਂ ਪਛਾਣ ਸਕਦੀਆਂ ਸੀ।” ਓਹ ਸਾਨੂੰ ਅਤੇ ਅਸੀਂ ਉਸ ਨੂੰ ਤੱਕੀ ਜਾ ਰਹੀਆਂ ਸੀ। ਜਿਵੇਂ ਤੀਹ ਸਾਲ ਬਾਅਦ ਆਪਣੇ ਆਪ ਨੂੰ ਯਕੀਨ ਦਿਵਾ ਰਹੀਆਂ ਸੀ ਕਿ ਅਸਲ ਵਿੱਚ ਅਸੀਂ ਸੱਚਮੁੱਚ ਹੀ ਇੱਕ ਦੂਜੇ ਨੂੰ ਦੇਖ ਰਹੇ ਸਾਂ। ਸ਼ਾਇਦ ਬਬੀਤਾ ਆਪਣੇ ਆਪ ਨੂੰ ਬਹੁਤ ਦੇਰ ਤੱਕ ਸਹਿਜ ਵਿੱਚ ਨਹੀਂ ਰੱਖ ਸਕੀ ਅਤੇ ਜਵਾਲਾਮੁਖੀ ਵਾਂਗ ਫੁੱਟ ਪਈ।
“ਸਤਨਾਮ, ਤੂੰ ਬਹੁਤ ਦੇਰ ਬਾਅਦ ਮਿਲੀ ਹੈਂ, ਇੱਥੋਂ ਤੱਕ ਕਿ ਮੇਰੀ ਦੁਨੀਆਂ ਵਸ ਕੇ ਉਜੜ ਵੀ ਚੁੱਕੀ ਹੈ!” ਉਸ ਨੇ ਇੱਕ ਬੰਬ ਸਾਡੇ ਸਿਰ ਵਿੱਚ ਸੁੱਟਿਆ ਅਤੇ ਭੁੱਬਾਂ ਮਾਰ ਕੇ ਰੋ ਪਈ।
“ਕੀ…।।??” ਮੇਰੀ ਵੀ ਚੀਖ਼ ਨਿਕਲ਼ ਗਈ।
“ਅੱਠ ਸਾਲ ਹੋ ਗਏ ਨੇ, ਓਦੋਂ ਸਹੁਰਾ ਸਾਅਬ ਤੇ ਸੱਸ ਜਿਉਂਦੇ ਸਨ, ਇੱਕ-ਇੱਕ ਕਰ ਕੇ ਸਭ ਚਲੇ ਗਏ…।।! ਦੋ ਧੀਆਂ ਉਹਨਾਂ ਦੀ ਮੌਤ ਪਿੱਛੋਂ ਛੇਤੀ ਹੀ ਵਿਆਹ ਦਿੱਤੀਆਂ ਸੀ। ਪੁੱਤ ਦੂਜੇ ਸ਼ਹਿਰ ਵਿੱਚ ਬਾਪ ਵਾਲ਼ਾ ਕੰਮ ਸੰਭਾਲਦਾ ਹੈ।” ਆਪਣੀ ਵੈਰਾਨੀ ਨੂੰ ਉਸ ਨੇ ਸੰਖੇਪ ਵਿੱਚ ਸੁਣਾ ਦਿੱਤਾ। ਅਸੀਂ ਤਿੰਨੋਂ ਗਹਿਰੇ ਦੁੱਖ ਵਿੱਚ ਡੁੱਬ ਗਈਆਂ। ਮਨ ‘ਚ ਸੋਚਾਂ ਦਾ ਜਿਵੇਂ ਭੂਚਾਲ ਆ ਗਿਆ ਸੀ। ਆਪਣੀਆਂ ਬਚਪਨ ਦੀਆਂ ਸਹੇਲੀਆਂ ਦੀ ਉਜੜੀ ਦਾਸਤਾਨ ਸੁਣ ਕੇ ਸਮਝ ਨਹੀਂ ਸੀ ਆ ਰਹੀ ਕਿ ਖੁਸ਼ੀ  ਦਾ ਇਜ਼ਹਾਰ ਕਰੀਏ, ਕਿ ਉਹਨਾਂ ਦੇ ਅੁਜਾੜੇ ‘ਤੇ ਅਫ਼ਸੋਸ ਜਤਾਈਏ…।? ਦੁਪਹਿਰ ਦੇ ਖਾਣੇ ‘ਤੇ ਵੰਦਨਾ ਨੇ ਬਬੀਤਾ ਦੀਆਂ ਪੁਰਾਣੀਆਂ ਯਾਦਾਂ ਛੇੜ ਲਈਆਂ।…।
“ਸਤਨਾਮ, ਤੈਨੂੰ ਯਾਦ ਹੈ? ਬਬੀਤਾ ਤੇਰੇ ‘ਤੇ ਬੜਾ ਤਵਾ ਲਾਉਂਦੀ ਸੀ?”
“ਬਿਲਕੁਲ ਯਾਦ ਹੈ, ਆਖਦੀ ਸੀ; ਜੇਕਰ ਮੈਂ ਮੁੰਡਾ ਹੁੰਦੀ, ਤੇ ਤੈਨੂੰ ਤੇ ਪੱਕਾ ਉੜਾ ਕੇ ਲੈ ਜਾਣਾ ਸੀ!” ਬੋਲ ਕੇ ਮੈਨੂੰ ਜੱਫ਼ੀ ਪਾ ਲੈਂਦੀ ਸੀ।
ਜਦ ਵੀ ਬਬੀਤਾ ਆਉਂਦੀ ਨੂੰ ਦੂਜੀਆਂ ਸਹੇਲੀਆਂ ਦੇਖਦੀਆਂ, ਤਾਂ ਸ਼ਰਾਰਤ ਨਾਲ ਕਹਿੰਦੀਆਂ, ‘ਤੇਰੀ ਲੇਡੀ ਆਸ਼ਿਕ ਆ ਰਹੀ ਹੈ!”
ਗੋਰਾ ਰੰਗ, ਘੁੰਗਰਾਲੇ ਵਾਲ, ਗੋਲ ਮਟੋਲ ਸਰੀਰ। ਗਿਆਰਵੀਂ ਵਿੱਚ ਹੀ ਦੋਸਤੀ ਹੋਈ ਸੀ। ਅਚਾਨਕ ਬਾਰ੍ਹਵੀਂ ਤੋਂ ਬਾਅਦ ਪਤਾ ਚੱਲਿਆ ਕਿ ਉਸ ਦਾ ਵਿਆਹ ਹੋ ਗਿਆ ਹੈ। ਉਸ ਨੇ ਸਾਨੂੰ ਕਿਸੇ ਨੂੰ ਨਹੀਂ ਸੀ ਬੁਲਾਇਆ ਵਿਆਹ ‘ਚ। ਬਾਅਦ ਵਿੱਚ ਪਤਾ ਲੱਗਿਆ ਕਿ ਪੰਜਾਬ ਜਾ ਕੇ ਵਿਆਹੀ ਸੀ। ਓਦੋਂ ਦੀ ਵਿੱਛੜੀ, ਤੇ ਅੱਜ ਜਾ ਕੇ ਫ਼ੋਨ ਤੇ ਉਸ ਦੀ ਸ਼ਕਲ ਵੇਖੀ ਅਤੇ ਅਵਾਜ਼ ਸੁਣੀਂ। ਜਿਵੇਂ ਸਦੀਆਂ ਹੀ ਬੀਤ ਗਈਆਂ ਸਨ। ਅੱਜ ਕਿੰਨੀ ਜ਼ਿੰਮੇਵਾਰ ਜਿਹੀ ਹੋ ਕੇ ਬਜੁਰਗਾ ਵਾਂਗ ਗੱਲ ਕਰ ਰਹੀ ਸੀ। ਦੋ ਸਹੇਲੀਆਂ ਮਿਲਣ ਕਰਕੇ ਦੂਜੀਆਂ ਨੂੰ ਮਿਲਣ ਦੀ ਚਾਹਨਾ ਹੋਰ ਵੀ ਵੱਧ ਗਈ। ਬਾਕੀਆਂ ਦਾ ਕੀ ਹਾਲ ਹੋਊ…? ਬਚਪਨ ਤੋਂ ਜਵਾਨੀ ਤੱਕ ਦੇ ਸਫ਼ਰ ਦੀਆਂ ਰਾਹਗੀਰ ਰਹੀਆਂ ਸਾਂ, ਉਸ ਨਾਤੇ ਦੀ ਵੀ ਇੱਕ ਵਾਰ ਭਾਲ ਕਰਨਾ ਤੇ ਸਾਡਾ ਫ਼ਰਜ਼ ਵੀ ਬਣਦਾ ਸੀ।
“ਵੰਦਨਾਂ, ਸਾਰੀਆਂ ਭਾਵੇਂ ਜਿੱਥੇ ਮਰਜ਼ੀ ਵਿਆਹੀਆਂ ਹੋਣ, ਪਰ ਉਹਨਾਂ ਦੇ ਪੇਕੇ ਤਾਂ ਉਹਨਾਂ ਘਰਾਂ ਵਿੱਚ ਹੋਣਗੇ! ਤੇ ਕਿਉਂ ਨਾ ਆਪਾਂ ਇੱਕ ਗੇੜਾ ਸਾਰੀਆਂ ਦੇ ਘਰਾਂ ਦਾ ਲਾ ਲਈਏ…?” ਮੈਨੂੰ ਆਹੀ ਰਸਤਾ ਆਖਰੀ ਲੱਗਿਆ।
“ਤੀਹ ਸਾਲ ਬਹੁਤ ਲੰਬਾ ਸਮਾਂ ਹੁੰਦਾ ਹੈ, ਪਤਾ ਨਹੀਂ ਕੌਣ ਹੋਊ ਉਹਨਾਂ ਦੇ ਘਰਾਂ ਵਿੱਚ ਹੁਣ? ਫੇਰ ਵੀ ਤੇਰੀ ਖੁਸ਼ੀ ਲਈ ਚੱਲਦੇ ਹਾਂ, ਮੁੜ ਫੇਰ ਕੀ ਪਤਾ ਕਦੋਂ ਤੂੰ ਭਾਰਤ ਆਉਣਾ ਹੈ?” ਹਮੇਸ਼ਾਂ ਦੀ ਤਰ੍ਹਾਂ ਮੇਰਾ ਸਾਥ ਨਿਭਾਉਣ ਲਈ ਵੰਦਨਾ ਤਿਆਰ ਹੋ ਗਈ। ਉਸ ਦਿਨ ਧੁੱਪ ਬਹੁਤ ਤੇਜ਼ ਸੀ। ਸ਼ਾਮ ਨੂੰ ਵੰਦਨਾ ਦੇ ਘਰ ਆਪਣੇ ਕੰਮ ਕਾਜ ਹੋਣ ਕਰਕੇ ਅਸੀਂ ਦੁਪਹਿਰ ਹੀ ਜਾਣ ਦਾ ਫ਼ੈਸਲਾ ਕੀਤਾ। ਉਸ ਨੇ ਆਪਣੀ ਸਕੂਟੀ ਕੱਢੀ ਅਤੇ ਕਿੱਕ ਮਾਰ ਮੈਨੂੰ ਬਿਠਾ ਉਡ ਚੱਲੀ ਵਿੱਛੜੀਆਂ ਸਹੇਲੀਆਂ ਦੀ ਖੋਜ ਵੱਲ!
“ਮਧੂ ਦੇ ਘਰ ਦਾ ਨਕਸ਼ਾ ਹੀ ਬਦਲ ਗਿਆ ਹੈ, ਪਤਾ ਨਹੀਂ ਕਈ ਹੋਰ ਨਾ ਰਹਿੰਦੇ ਹੋਣ?” ਵੰਦਨਾ ਨੇ ਸਕੂਟੀ ਮਧੂ ਦੇ ਘਰ ਅੱਗੇ ਖੜ੍ਹੀ ਕਰਦਿਆਂ ਕਿਹਾ।
“ਚੱਲ, ਪੁੱਛਦੀ ਹਾਂ!” ਕਿਸੇ ਆਸ ਨਾਲ ਮੈਂ ਇਕ ਦਫ਼ਤਰ ਦੇ ਦਰਵਾਜੇ ਤੇ ‘ਟਿੱਕ-ਟਿੱਕ’ ਕੀਤੀ। ਇੱਕ ਬਜ਼ੁਰਗ ਬਾਹਰ ਆਇਆ। ਮੈਂ ਬੜੇ ਅਦਬ ਨਾਲ ਨਮਸ਼ਕਾਰ ਕੀਤੀ ਅਤੇ ਨਾਲ ਹੀ ਆਪਣੇ ਮਨ ਦੀ ਵਿਆਕੁਲਤਾ ਦੱਸ ਦਿੱਤੀ।
“ਮੈਂ ਇੰਗਲੈਂਡ ਤੋਂ ਆਈ ਹਾਂ, ਕਰੀਬ ਤੀਹ ਸਾਲ ਪਹਿਲਾਂ ਮੇਰੀ ਸਹੇਲੀ ਦਾ ਘਰ ਇੱਥੇ ਸੀ, ਮੈਂ ਉਸ ਨੂੰ ਮਿਲਣਾ ਚਾਹੁੰਦੀ ਹਾਂ!” ਮੈਂ ਹੱਥ ਜੋੜ ਕੇ ਕਿਹਾ, “ਪਲੀਜ਼ ਅੰਕਲ!”
“ਬੋਲੋ ਮੈਂ ਕੀ ਮੱਦਦ ਕਰ ਸਕਦਾ ਹਾਂ…?” ਬਜ਼ੁਰਗ ਦਾ ਦਿਲ ਮੇਰੀ ਬੇਨਤੀ ਨਾਲ ਨਰਮ ਹੋ ਗਿਆ ਸੀ ਸ਼ਾਇਦ?
“ਤੁਹਾਡੀ ਬਹੁਤ ਮੇਹਰਬਾਨੀ ਹੋਵੇਗੀ, ਅਗਰ ਸਾਨੂੰ ਪਤਾ ਲੱਗ ਜਾਏ ਕਿ ਜੋ ਘਰ ਇੱਥੇ ਸੀ, ਓਹ ਪਰਿਵਾਰ ਹੁਣ ਕਿੱਥੇ ਹੈ…?”
“ਓਹ ਤਾਂ ਮੈਨੂੰ ਨਹੀਂ ਪਤ,ਾ ਪਰ ਇੱਥੇ ਇੱਕ ਪਰਿਵਾਰ ਹੈ, ਉਹਨਾਂ ਨਾਲ ਮਿਲਵਾ ਸਕਦਾ ਹਾਂ, ਸ਼ਾਇਦ ਕੁਝ ਮੱਦਦ ਹੋ ਸਕੇ?” ਆਪਣਾ ਹਿੱਸਾ ਪਾਇਆ ਬਜ਼ੁਰਗ ਨੇ ਮੇਰੀ ਖੋਜ ਵਿੱਚ। ਇੱਕ ਬਹੁਤ ਹੀ ਪੁਰਾਣੇ ਡਿਜ਼ਾਇਨ ਵਾਲਾ ਘਰ, ਜਿਸ ਦੀਆਂ ਪੌੜੀਆਂ ਬਹੁਤ ਡੂੰਘੀਆਂ ਜਿਹੀਆਂ ਸੀ। ਮੈਨੂੰ ਉਪਰ ਜਾਣ ਦਾ ਇਸ਼ਾਰਾ ਕਰਕੇ ਅੰਕਲ ਵਾਪਿਸ ਮੁੜ ਗਿਆ। ਡਰਦੇ ਡਰਦੇ ਅਸੀਂ ਆਪਣੀ ਸਹੇਲੀ ਨੂੰ ਲੱਭਣ ਦੇ ਜਨੂੰਨ ਵਿੱਚ ਅਜ਼ੀਬ ਜਿਹੇ ਘਰ ਵਿੱਚ ਚਲੇ ਗਏ। ‘ਖੱਟ-ਖੱਟ’ ਦਰਵਾਜ਼ਾ ਖੜਕਾਇਆ। ਦੋ ਔਰਤਾਂ ਮੂਹਰੇ ਆ ਗਈਆਂ ਅਤੇ ਕੁਝ ਸਵਾਲੀਆ ਜਿਹੀਆ ਨਜ਼ਰਾਂ ਨਾਲ ਸਾਨੂੰ ਦੇਖਣ ਲੱਗ ਪਈਆਂ। ਮੈਂ ਹੱਥ ਜੋੜ ਬੇਨਤੀ ਕੀਤੀ ਅਤੇ ਸਾਰੀ ਕਹਾਣੀ ਸੁਣਾ ਦਿੱਤੀ। ਉਹਨਾਂ ਇਸ਼ਾਰਾ ਕਰ ਇੰਤਜਾਰ ਕਰਨ ਨੂੰ ਕਿਹਾ ਅਤੇ ਅੰਦਰ ਅਵਾਜ਼ ਮਾਰੀ।
“ਮਧੂ, ਬਾਹਰ ਆਓ…।! ਕੋਈ ਤੁਹਾਨੂੰ ਮਿਲਣ ਆਇਆ ਹੈ!” ਇੱਕ ਅਵਾਜ਼ ਨਾਲ ਹੀ ਇੱਕ ਅਧੇੜ ਉਮਰ ਦੀ ਔਰਤ ਹਿੰਦੂ ਸਟਾਇਲ ਦੀ ਧੋਤੀ ਪਾਈ ਹੋਈ ਬਾਹਰ ਆਈ। ਵੰਦਨਾ ਮੇਰੇ ਵੱਲ ਅਤੇ ਮੈਂ ਵੰਦਨਾ ਵੱਲ ਦੇਖਣ ਲੱਗ ਪਈ ਕਿ ਮਧੂ ਇੰਨੀ ਵੀ ਨਹੀਂ ਬਦਲ ਸਕਦੀ? ਦੋ ਗੱਲਾਂ ਤੋਂ ਬਾਅਦ ਉਸ ਔਰਤ ਨੇ ਸਾਨੂੰ ਪਛਾਨਣ ਤੋਂ ਇਨਕਾਰ ਕਰ ਦਿੱਤਾ। ਅਸੀਂ ਮੁਆਫ਼ੀ ਮੰਗ ਕੇ ਵਾਪਿਸ ਆ ਗਏ। ਵੰਦਨਾ ਨੇ ਦੱਸਿਆ ਕਿ ਉਹ ਮਧੂ ਦੇ ਇੱਕ ਰਿਸ਼ਤੇਦਾਰ ਨੂੰ ਜਾਣਦੀ ਹੈ, ਕੋਸ਼ਿਸ਼ ਕਰਦੇ ਹਾਂ ਉਸ ਨੂੰ ਪੁੱਛਣ ਦੀ। ਸਾਡੀ ਕੋਸ਼ਿਸ਼ ਨੇ ਸਾਡਾ ਸਾਥ ਦਿੱਤਾ। ਮਧੂ ਦੇ ਰਿਸ਼ਤੇਦਾਰ ਕੋਲੋਂ ਮਧੂ ਦਾ ਨੰਬਰ ਮਿਲ ਗਿਆ। ਬਿਨਾ ਇੱਕ ਪਲ ਦੇਰ ਕੀਤੇ ਫ਼ੋਨ ਮਿਲਾਇਆ, ਦੂਜੇ ਪਸੇ ਤੋਂ ਮਧੂ ਹੀ ਬੋਲੀ। ਆਪਣੀ ਕਾਮਯਾਬੀ ‘ਤੇ ਸਾਡੇ ਦੋਹਾਂ ਦੀਆਂ ਅੱਖਾਂ ਭਰ ਆਈਆਂ। ਮਧੂ ਵੀ ਇੰਨੇ ਅਰਸੇ ਬਾਦ ਸਾਡੀ ਅਵਾਜ਼ ਸੁਣ ਕੇ ਭਾਵੁਕ ਹੋ ਗਈ। ਮਧੂ ਮੇਰੇ ਨਾਲ ਸੱਤਵੀ ਕਲਾਸ ਤੋਂ ਪੜ੍ਹਦੀ ਸੀ। ਇਸ ਦੀ ਮਾਂ ਨਾ ਹੋਣ ਕਰਕੇ ਸਿਰਫ਼ ਬਾਹਰਵੀਂ ਤੱਕ ਹੀ ਪੜ੍ਹੀ ਸੀ। ਸ਼ੁਰੂ ਤੋਂ ਹੀ ਸੰਜੀਦੀਗੀ ਵਾਲੀ ਜ਼ਿੰਮੇਵਾਰ ਜਿਹੀ ਕੁੜੀ ਸੀ।
“ਮੈਂ ਆਗਰਾ ਵਿੱਚ ਹੀ ਹਾਂ, ਆਪਣੇ ਸਹੁਰੇ ਘਰ!” ਮਧੂ ਕੋਲੋਂ ਇਤਨਾ ਸੁਣ ਅਸੀ ਸੁਖ ਦਾ ਸਾਹ ਲਿਆ ਕਿ ਚਲੋ ਕਿਸੇ ਦਿਨ ਵੀ ਮਿਲ ਸਕਦੇ ਹਾਂ। ਮਧੂ ਵੱਲੋਂ ਸਾਰੀ ਖੁਸ਼ਹਾਲੀ ਦੀਆਂ ਹੀ ਗੱਲਾਂ ਸਨ। ਪਤੀ ਦਾ ਕਾਰੋਬਾਰ ਹੈ, ਆਪਣਾ ਘਰ, ਦੋ ਬੱਚੇ, ਸਭ ਚੰਗਾ ਚੱਲ ਰਿਹਾ ਸੀ। ਮੈਂ ਹੱਥ ਜੋੜ ਉਪਰ ਵਾਲੇ ਦਾ ਸ਼ੁਕਰ ਕੀਤਾ। ਮਿਲਣ ਦੀ ਬਾਤ ਪਾ ਕੇ ਅਸੀ “ਖੋਜ ਦੇ ਸਫ਼ਰ” ਨੂੰ ਜਾਰੀ ਰੱਖਿਆ।
“ਤੈਨੂੰ ਕਿਸੇ ਹੋਰ ਸਹੇਲੀ ਬਾਰੇ ਪਤਾ ਹੈ?” ਮੈਂ ਮਧੂ ਕੋਲਂੋ ਪੁੱਛਿਆ।
“ਮੇਰੇ ਕੋਲ ਸਿਰਫ਼ ਅੰਜਨਾ ਦਾ ਨੰਬਰ ਹੈ, ਉਹ ਮੇਰੀ ਕਿੱਟੀ ਪਾਰਟੀ ਦੀ ਮੈਂਬਰ ਹੈ, ਹੋਰ ਕਿਸੇ ਦਾ ਨਹੀ ਪਤਾ!” ਮਧੂ ਦੀ ਇੰਨੀ ਸਹਾਇਤਾ ਹੀ ਬਹੁਤ ਸੀ। ਅੰਜਨਾ ਨੂੰ ਫ਼ੋਨ ਕੀਤਾ ਤਾਂ ਉਹ ਫ਼ੋਨ ਵਿੱਚੋਂ ਹੀ ਖੁਸ਼ੀ ਨਾਲ ਛਾਲ ਕੇ ਮਾਰ ਬਾਹਰ ਨਿਕਲਣ ਵਾਲੀ ਹੋ ਗਈ ਸੀ। ਹਰ ਇੱਕ ਗੱਲ ਤੋਂ ਬਾਅਦ ਕਹਿ ਰਹੀ ਸੀ, “ਵਾਕਈ ਮੈਂ ਤੇਰੇ ਨਾਲ ਗੱਲ ਕਰ ਰਹੀ ਹਾਂ…? ਮੈਨੂੰ ਅਜੇ ਵੀ ਯਕੀਨ ਨਹੀਂ ਆ ਰਿਹਾ, ਤੀਹ ਸਾਲ ਤੋਂ ਵੀ ਜ਼ਿਆਦਾ ਸਮਾਂ ਹੋ ਗਿਆ ਭੈਣ ਮੇਰੀਏ…!”
“ਯਕੀਨ ਕਰਨਾ ਹੈ ਤਾ ਮਿਲ ਲੈਂਦੇ ਹਾਂ, ਕਿੱਥੇ ਹੈਂ ਅੱਜ ਕੱਲ੍ਹ?” ਵੰਦਨਾ ਨੇ ਪੁੱਛਿਆ।
“ਮੈਂ ਆਗਰੇ ਵਿੱਚ ਹੀ ਵਿਆਹੀ ਹਾਂ, ਬੋਲ ਕਦ ਮਿਲਣਾ ਹੈ?” ਅੰਜਨਾ ਦੀ ਬੇਤਾਬੀ ਸਮਝ ਆ ਰਹੀ ਸੀ। ਮੇਰੇ ਨਾਲ ਗਿਆਰ੍ਹਵੀਂ ਕਲਾਸ ਤੋਂ ਜੁੜੀ ਸੀ। ਬਹੁਤ ਹੱਸਮੁਖ, ਸ਼ਰਾਰਤੀ, ਜਿੰਦਾ ਦਿਲ ਕੁੜੀ!  ਅੰਜਨਾਂ ਦੇ ਵਾਲਾਂ ਦੀ “ਗਰੋਥ” ਘੱਟ ਸੀ ਅਤੇ ਮਜ਼ਾਕ ਕਰਦੀ ਆਖਦੀ ਹੁੰਦੀ ਸੀ, “ਮੈਂ ਭਾਰਤੀ ਪ੍ਰੰਪਰਾ ਨੂੰ ਪੂਰਾ ਨਿਭਾਉਣਾਂ ਹੈ, ਵਿਆਹ ਤੋਂ ਬਾਦ ਕਦੇ ਸਿਰ ਤੋਂ ਪੱਲਾ ਨਹੀਂ ਲਾਹੁੰਣਾਂ…!” ਤੇ ਫੇਰ ਜੋਰ ਦੀ ਹੱਸ ਪੈਂਦੀ ਕਿ ਹੋਰ ਕੋਈ ਚਾਰਾ ਵੀ ਨਹੀਂ ਹੈ। ਇਸ ਨੂੰ ਮਿਲ ਕੇ ਮੈਂ ਦੇਖਣਾਂ ਚਾਹੁੰਦੀ ਸੀ ਕਿ ਅੱਜ ਵੀ ਓਦਾਂ ਦੀ ਹੀ ਮਸਤ ਹੈ ਜਾਂ ਵਿਆਹ ਦੇ ਫੇਰਿਆਂ ਨੇ ਬਦਲ ਦਿੱਤਾ? ਪਰ ਅੰਜਨਾ ਦੇ ਦੱਸੇ ਮੁਤਾਬਿਕ, ਦੋ ਬੱਚਿਆਂ ਦੀ ਮਾਂ ਦੇ ਇਸ਼ਾਰਿਆ ‘ਤੇ ਨੱਚਣ ਵਾਲੇ ਪਤੀ ਦੀ “ਚਹੇਤੀ ਪਤਨੀ” ਹੈ, ਅਸੀਂ ਵੀ ਜਾਣ ਕੇ ਖੁਸ਼ ਹੋ ਗਏ। ਗਰਮ ਦਿਨ ਹੋਣ ਕਰ ਕੇ ਮੇਰਾ ਤੇ ਵੰਦਨਾ ਦਾ ਪਸੀਨੇ ਨਾਲ ਬੁਰਾ ਹਾਲ ਸੀ, ਪਰ ਉਤਸ਼ਾਹ ਵਿਚ ਕਮੀ ਨਹੀਂ ਸੀ। “ਘੁਰਰਰ” ਕਰਕੇ ਵੰਦਨਾ ਨੇ ਸਕੂਟੀ ਅੰਜੂ ਦੀ ਖੋਜ ਵੱਲ ਮੋੜੀ। ਅੰਜੂ ਦਾ ਘਰ ਦੂਰ ਸੀ, ਅਤੇ ਅਸੀਂ ਫੈ਼ਸਲਾ ਕੀਤਾ ਕਿ ਉਸ ਦੇ ਭਰਾ ਦੀ ਦੁਕਾਨ ‘ਤੇ ਚੱਲਦੇ ਹਾਂ। ਅੰਜੂ ਦੇ ਭਰਾ ਦੀ ਦੁਕਾਨ ਦੇ ਠੀਕ ਸਾਹਮਣੇ ਸਕੂਟੀ ਖੜ੍ਹੀ ਹੋਈ, ਅਤੇ ਮੈਂ ਦੁਕਾਨ ਦੇ ਅੰਦਰ ਚਲੀ ਗਈ। ਦੁਕਾਨ ਹਾਰਡ ਸਪੇਅਰ ਦੀ ਸੀ ਅਤੇ ਮੈਂ “ਵੈਸਟਰਨ ਡਰੈੱਸ” ਪਾਈ ਹੋਈ ਸੀ। ਅੰਜੂ ਦੇ ਭਰਾ ਨੇ ਥੋੜੀ ਅਜੀਬ ਜਿਹੀਆਂ ਨਜ਼ਰਾਂ ਨਾਲ ਦੇਖਿਆ ਅਤੇ ਮੈਨੂੰ ਕੋਈ ਗਾਹਕ ਸਮਝ ਕੇ ਮੁਖਾਬਿਤ ਹੋਇਆ।
“ਜੀ, ਮੈਂ ਅੰਜੂ ਦੀ ਸਹੇਲੀ ਹਾਂ, ਓਹ ਮੇਰੇ ਨਾਲ ਕੇ ਐੱਨ ਐੱਸ ਕਾਲਜ ਵਿੱਚ ਪੜ੍ਹਦੀ ਸੀ!” ਇਸਦੇ ਨਾਲ ਹੀ ਮੈਂ ਸਾਰੀਆ ਗੱਲਾਂ, ਜੋ ਮੈਨੂੰ ਉਸ ਦੇ ਪ੍ਰੀਵਾਰ ਬਾਰੇ ਪਤਾ ਸੀ, ਸਬੂਤ ਦੇ ਰੂਪ ਵਿਚ ਦੱਸ ਦਿੱਤੀਆਂ।
“ਅੰਜੂ ਦਿੱਲੀ ਵਿਆਹੀ ਹੈ!” ਇਤਨਾ ਦੱਸ ਉਸ ਨੇ ਮੇਰੀ ਸਹੇਲੀ ਅੰਜੂ ਦਾ ਨੰਬਰ ਦੇਣ ਤੋਂ ਇਨਕਾਰ ਕਰ ਦਿੱਤਾ। ਮੈਂ ਹੱਥ ਜੋੜ ਕੇ “ਪਲੀਜ਼-ਪਲੀਜ਼” ਕਰ ਬੇਨਤੀ ਕੀਤੀ। ਆਲੇ ਦੁਆਲੇ ਖੜ੍ਹੇ ਲੋਕਾਂ ਨੂੰ ਵੀ ਮੇਰੇ ਨਾਲ ਹਮਦਰਦੀ ਜਿਹੀ ਹੋ ਰਹੀ ਸੀ ਕਿ ਕੋਈ ਤੀਹ ਸਾਲ ਬਾਅਦ ਵੀ ਨਾਲ਼ ਪੜ੍ਹਦੀ ਸਹੇਲੀ ਲਈ ਇਤਨਾਂ ਬੇਚੈਨ ਹੋ ਸਕਦਾ ਹੈ?
“ਤੁਸੀ ਮੇਰਾ ਨੰਬਰ ਲੈ ਲਵੋ, ਪਲੀਜ਼ ਉਸ ਨੂੰ ਦੇ ਦੇਵੋ, ਜੇ ਹੋ ਸਕਦਾ ਹੈ ਉਹ ਆਪ ਫ਼ੋਨ ਕਰ ਲਵੇ!” ਇਤਨਾ ਕਹਿ ਵੰਦਨਾ ਨੇ ਆਪਣਾ ਫ਼ੋਨ ਨੰਬਰ ਦੇ ਦਿੱਤਾ। ਅਗਲੇ ਦਿਨ ਸ਼ਾਮ ਨੂੰ ਅੰਜੂ ਦਾ ਵੀ ਫ਼ੋਨ ਆ ਗਿਆ ਸੀ। ਉਸ ਦੀ ਅਵਾਜ਼ ਬਹੁਤ ਬਦਲ ਗਈ ਸੀ। ਉਤੇਜਨਾ ਕਰਕੇ ਅਨੂੰ ਕੋਲੋਂ ਬੋਲਿਆ ਨਹੀ ਸੀ ਜਾ ਰਿਹਾ। ਅਨੂੰ ਨੇ ਵਾਟਸਅੱਪ ‘ਤੇ ਸਾਰੇ ਪਰਿਵਾਰ ਦੀਆਂ ਫ਼ੋਟੋ ਤੁਰੰਤ ਭੇਜ ਦਿੱਤੀਆਂ। ਇੱਕ ਪਿਆਰ ਕਰਨ ਵਾਲਾ ਪਤੀ ਤੇ ਦੋ ਜਵਾਨ ਬੇਟੀਆਂ ਦੀ ਮਾਂ ਹੈ। ਅਨੂੰ ਨੇ ਨਾਲ ਦੀ ਨਾਲ ਹੀ ਆਪਣੇ ਪਤੀ ਤੇ ਬੇਟੀਆਂ ਨਾਲ ਵੀ ਗੱਲ ਕਰਵਾ ਦਿੱਤੀ।
“ਤੁਹਾਡਾ ਸਿਰਫ਼ ਨਾਮ ਹੀ ਕਾਫ਼ੀ ਹੈ ਸਤਨਾਮ ਜੀ, ਅੰਜੂ ਨੇ ਤੁਹਾਡੀ ਦੋਸਤੀ ਬਾਰੇ ਬਹੁਤ ਸਾਰੀਆਂ ਗੱਲਾਂ ਪਰਿਵਾਰ ਨੂੰ ਦੱਸੀਆਂ ਹੋਈਆਂ ਹਨ!” ਉਸ ਦੇ ਪਤੀ ਨੇ ਸਾਡੀ ਦੋਸਤੀ ਨੂੰ ਪ੍ਰਮਾਣ ਦਿੱਤਾ। ਮੈਨੂੰ ਵੀ ਯਕੀਨ ਸੀ ਕਿ ਉਹ ਵੀ ਮੈਨੂੰ ਯਾਦ ਕਰਦੀ ਹੋਣੀ ਹੈ, ਕਿਉਂਕਿ ਅਨੂੰ ਮੇਰੇ ਨਾਲ ਸੱਤਵੀਂ ਕਲਾਸ ਤੋਂ ਪੜ੍ਹ ਰਹੀ ਸੀ। ਬਚਪਨ ਤੋਂ ਜਵਾਨ ਹੋਣ ਤੱਕ ਅਸੀਂ ਕਈ ਮੌਸਮ ਇਕੱਠੇ ਵੇਖੇ ਸੀ। ਫ਼ੋਨ ਬੰਦ ਹੋਣ ਤੋਂ ਪਹਿਲਾਂ ਮੈਂ ਅੰਜੂ ਨੂੰ ਪੁੱਛਿਆ ਕਿ ਉਸ ਨੂੰ ਉਹ ਗਾਣਾ ਯਾਦ ਹੈ, ਜੋ ਕਿ ਸਕੂਲ ਵਿੱਚ ਸਾਡੀ ਫ਼ਰਮਾਇਸ਼ ਹੋਣ ‘ਤੇ ਸੁਣਾਉਂਦੀ ਸੀ? ਹਰ ਵਾਰ ਇੱਕੋ ਹੀ ਗੀਤ!
“ਤੂੰ ਇਸ ਤਰ੍ਹਾਂ ਸੇ ਮੇਰੀ ਜ਼ਿੰਦਗੀ ਮੇਂ ਸ਼ਾਮਿਲ ਹੈਂ, ਜਹਾਂ ਭੀ ਜਾਊਂ, ਯੇ ਲਗਤਾ ਹੈ ਤੇਰੀ ਮਹਿਫ਼ਲ ਹੈ…।!” ਇੱਕ ਮਿੰਟ ਦੀ ਦੇਰ ਲਾਏ ਬਿਨਾ ਹੀ ਅੰਜੂ ਨੇ ਗਾਣੇ ਦੀਆਂ ਚੰਦ ਲਾਈਨਾਂ ਸੁਣਾ ਦਿੱਤੀਆਂ। ਭਾਵੇਂ ਉਸ ਵੇਲੇ ਇਹ ਗੀਤ ਕਿਸੇ ਹੋਰ ਭਾਵਨਾ ਨਾਲ ਗਾਉਂਦੀ ਹੋਵੇਗੀ, ਪਰ ਅੱਜ ਮੈਨੂੰ ਲੱਗ ਰਿਹਾ ਸੀ ਕਿ ਮੇਰੇ ਲਈ ਗਾ ਰਹੀ ਸੀ। ਮੈਂ ਭਰੇ ਜਹੇ ਮਨ ਨਾਲ ਫੇਰ ਫ਼ੋਨ ਕਰਨ ਦਾ ਕਹਿ ਕੇ ਫ਼ੋਨ ਬੰਦ ਕਰ ਦਿੱਤਾ। …। ਮੈਨੂੰ ਅੱਜ ਵੀ ਯਾਦ ਹੈ; ਅੰਜੂ ਬਹੁਤ ਹੀ ਸ਼ਰਮੀਲੀ ਅਤੇ ਘੱਟ ਬੋਲਣ ਵਾਲੀ ਕੁੜੀ ਸੀ। ਮੈਨੂੰ ਅੱਲ੍ਹੜ ਉਮਰ ਦੀ ਇੱਕ ਘਟਨਾ ਯਾਦ ਆ ਗਈ। ਹਰ ਕੁੜੀ ਨੂੰ ਉਮਰ ਦੇ ਕਿਸੇ ਸਾਲ “ਪੀਰੀਅਡ” ਸ਼ੁਰੂ ਹੋਣੇ ਹੀ ਹੁੰਦੇ ਹਨ। ਅੰਜੂ ਸ਼ਰਮੀਲੇ ਸੁਭਾਅ ਕਰਕੇ ਇਸ ਵਿਸ਼ੇ ਤੋਂ ਅਣਜਾਣ ਸੀ। ਸਕੂਲ ਟਾਈਮ ਵਿੱਚ ਉਸ ਨੂੰ ਇਸਦਾ ਸਾਹਮਣਾ ਕਰਣਾ ਪੈ ਗਿਆ। ਆਪਣੇ ਕੱਪੜਿਆਂ ‘ਤੇ ਖੂਨ ਲੱਗਿਆ ਦੇਖ ਕੇ ਡਰ ਗਈ ਅਤੇ ਰੋਣ ਲੱਗ ਪਈ। ਮੈਂ ਉਸ ਨੂੰ ਆਪਣੀ ਅਕਲ ਅਨੁਸਾਰ ਸਮਝਾਇਆ, ਬਹੁਤ ਦੇਰ ਬਾਅਦ ਉਹ ਸੁਖ਼ਾਲ਼ੀ ਜਿਹੀ ਹੋਈ। ਛੁੱਟੀ ਦਿਵਾ ਕੇ ਘਰ ਭੇਜ ਦਿੱਤਾ। ਅਗਲੇ ਪੰਜ ਦਿਨ ਬਾਅਦ ਜਦ ਅਨੂੰ ਸਕੂਲ ਆਈ ਤਾਂ ਬਹੁਤ ਖ਼ਾਮੋਸ਼ ਜਿਹੀ ਸੀ। ਇਸ ਵਾਕਿਆ ਨੂੰ ਵੀ ਮੈਂ ਮਿਲਣ ‘ਤੇ ਯਾਦ ਕਰਵਾਇਆ ਅਤੇ ਅਸੀਂ ਸਾਰੇ ਬਹੁਤ ਹੱਸੇ। ਹੁਣ ਤਲਾਸ਼ ਰਹਿ ਗਈ ਸੀ ਸਿਰਫ਼ ਵਿਨੀਤਾ ਦੀ, ਜੋ ਇਸ ਗਰੁੱਪ ਵਿੱਚ ਮੇਰੀ ਸਭ ਤੋਂ ਪੁਰਾਣੀ ਸਹੇਲੀ ਸੀ। ਮੇਰੇ ਨਾਲ ਕਲਾਸ ਚੌਥੀ ਤੋਂ ਪੜ੍ਹੀ ਸੀ। ਇਸ ਦੇ ਘਰ ਗਏ ਪਰ ਸਾਨੂੰ ਕਿਸੇ ਨੇ ਬਾਂਹ ਪੱਲਾ ਨਹੀਂ ਫ਼ੜਾਇਆ। ਬਹੁਤ ਨਿਰਾਸ਼ ਹੋ ਗਏ ਮੈਂ ਅਤੇ ਵੰਦਨਾ। ਪਰ ਕਿਤੇ ਕੁਦਰਤ ਨੇ ਮੱਦਦ ਕੀਤੀ, ਕਿਸੇ ਕੋਲੋਂ ਵਿਨੀਤਾ ਦਾ ਨੰਬਰ ਮਿਲ ਗਿਆ। ਮੈਂ ਦੇਖਣਾ ਚਾਹੁੰਦੀ ਸੀ ਕਿ ਉਸ ਨੇ ਵੀ ਕਦੇ ਮੈਨੂੰ “ਮਿੱਸ” ਕੀਤਾ ਸੀ ਜਾਂ ਨਹੀਂ? ਮੈਂ ਆਪਣਾ ਨਾਮ ਬਦਲ ਕੇ ਵਿਨੀਤਾ ਨੂੰ ਫ਼ੋਨ ਮਿਲਾਇਆ ਅਤੇ ਕੁਝ ਗੱਲਾਂ ਤੋਂ ਬਾਦ ਆਪਣੀ ਜਗਿਆਸਾ ਮਿਟਾਉਣ ਲਈ ਕਿਹਾ, “ਜੇਕਰ ਵਿਨੀਤਾ ਤੈਨੂੰ ਸੱਤ ਸਹੇਲੀਆਂ ਵਿੱਚੋਂ ਕਿਸੇ ਨੂੰ ਮਿਲਣ ਵਾਸਤੇ ਕਿਹਾ ਜਾਏ, ਤੇ ਕਿਸ ਨੂੰ ਮਿਲਣਾ ਚਾਹੇਂਗੀ…?”
“ਮੈਂ ਸਤਨਾਮ ਨੂੰ ਬਹੁਤ ਜ਼ਿਆਦਾ ਮਿੱਸ ਕਰਦੀ ਹਾਂ, ਪਰ ਉਸ ਨੂੰ ਕਦੇ ਮਿਲ ਨਹੀਂ ਸਕਦੀ, ਉਹ ਵਿਦੇਸ਼ ਵਿੱਚ ਕਿਤੇ ਹੈ? ਸਾਡੇ ਕੋਲ ਕੋਈ ਜ਼ਰੀਆ ਨਹੀਂ ਓਸ ਤੱਕ ਪਹੁੰਚਣ ਦਾ, ਪਤਾ ਨਹੀਂ ਉਹ ਕਦੇ ਮੁੜ ਭਾਰਤ ਆਈ ਵੀ ਹੈ ਕਿ ਨਹੀਂ…?” ਬਿਨ ਬਰੇਕ ਤੋਂ ਵਿਨੀਤਾ ਨੇ ਬੋਲਣਾ ਸ਼ੁਰੂ ਕੀਤਾ, ਜਿਵੇਂ ਤਰਲਾ ਪਾ ਰਹੀ ਹੋਵੇ। ਦੂਜੇ ਪਾਸੇ ਮੈਨੂੰ ਹਾਸੇ ਨਾਲ ਉਸ ‘ਤੇ ਪਿਆਰ ਵੀ ਆ ਰਿਹਾ ਸੀ। ਵਿਨੀਤਾ ਗੁੱਡੀਆਂ ਤੋਂ ਲੈ ਕੇ ਕਿੱਕਲੀ ਤੱਕ ਦੀ ਮੇਰੀ ਹਮਸਫ਼ਰ ਰਹੀ ਹੈ। ਅਸੀਂ ਦੋਵੇਂ ਇੱਕ ਹੀ ਸੀਟ ‘ਤੇ ਬੈਠਦੇ ਸੀ। ਉਮਰ ਦੇ ਵਧਣ ਨਾਲ ਸਾਡੇ ਸੁਭਾਅ ਅਤੇ ਸਰੀਰ ਚਾਹੇ ਬਦਲੇ, ਇਮਲੀ ਤੋਂ ਸਮੋਸੇ ਦੇ ਸਵਾਦ ਬਦਲੇ। ਅਸੀਂ ਜਵਾਨੀ ਤੱਕ ਦੇ ਕਈ ਸਾਵਣ ਇਕੱਠੇ ਦੇਖੇ ਸੀ। ਵਿਧਵਾ ਮਾਂ ਦੀ ਛੇ ਔਲ਼ਾਦਾਂ ਵਿੱਚੋਂ ਸਭ ਤੋਂ ਛੋਟੀ ਸੀ ਵਿਨੀਤਾ।
“ਜੇਕਰ ਤੈਨੂੰ ਸਤਨਾਮ ਮਿਲਾ ਦਵਾਂ ਤੇ ਦੱਸ ਕੀ ਦੇਵੇਂਗੀ ਮੈਨੂੰ?”
“ਮੇਰੀ ਸਤਨਾਮ ਨੂੰ ਜ਼ਿੰਦਗੀ ‘ਚ ਦੁਬਾਰਾ ਦੇਖਣ ਦੀ ਬਹੁਤ ਜ਼ਿਆਦਾ ਇੱਛਾ ਹੈ, ਰੱਬ ਕਦੇ ਇੰਜ ਕਰ ਦੇਵੇ ਤਾਂ ਸਹੀ, ਤੈਨੂੰ ਪਾਰਟੀ ਦਿਊਂਗੀ ਪੱਕਾ!” ਵਿਨੀਤਾ ਦੀ ਖੁਸ਼ੀ ਸ਼ਬਦਾਂ ਵਿਚ ਝਲਕ ਰਹੀ ਸੀ।
“ਕਰ ਫੇਰ ਪਾਰਟੀ ਤਿਆਰ, ਮੈਂ ਸਤਨਾਮ ਹੀ ਬੋਲ ਰਹੀ ਹਾਂ!” ਮੇਰੇ ਕੋਲੋਂ ਉਸ ਦੀ ਬੇਚੈਨੀ ਜਰੀ ਨਹੀਂ ਸੀ ਜਾ ਰਹੀ। ਬਹੁਤ ਸਾਰੇ ਸਵਾਲਾਂ ਜਵਾਬਾਂ ਬਾਅਦ ਉਸ ਨੂੰ ਯਕੀਨ ਦਿਵਾਇਆ ਕਿ ਤੇਰੀ ਮੁਰਾਦ ਪੂਰੀ ਹੋ ਗਈ ਹੈ। ਸੁਣਦਿਆਂ ਹੀ ਵਿਨੀਤਾ ਮਿਲਣ ਲਈ ਉਤਸ਼ਾਹਤ ਹੋ ਗਈ ਤੇ ਬੋਲੀ, “ਰਬ ਕਿਤੇ ਤੇ ਜ਼ਰੂਰ ਹੈ, ਮੈਂ ਤੇ ਸੋਚਿਆ ਸੀ ਕਿ ਤੇਰੇ ਵਿਦੇਸ਼ ਜਾਣ ਨਾਲ ਹੀ ਦੋਸਤੀ ਦਾ ਅੰਤ ਹੋ ਗਿਆ ਹੈ…!” ਵਿਨੀਤਾ ਬਹੁਤ ਭਾਵੁਕ ਹੋ ਗਈ ਤੇ ਮੈਂ ਵੀ। ਵਿਨੀਤਾ ਆਗਰੇ ਹੀ ਵਿਆਹੀ ਹੈ ਅਤੇ ਇੱਕ ਬੇਟੀ ਦੀ ਮਾਂ ਅਤੇ ਬਹੁਤ ਹੀ ਸਹਿਯੋਗੀ ਪਤੀ ਦੀ ਸੰਗਨੀ ਹੈ।
ਦੋ ਦਿਨਾਂ ਦੀ ਮੁਸ਼ੱਕਤ ਤੋਂ ਬਾਅਦ ਸਾਰੀਆਂ ਸਹੇਲੀਆਂ ਜ਼ਿੰਦਗੀ ਵਿੱਚ ਮੁੜ ਮਿਲੀਆਂ ਸਾਂ। ਸਭ ਨੂੰ ਫ਼ੋਨ ਮਿਲਾ ਕੇ ਇੱਕ ਅਪ੍ਰੈਲ ਦੀ ਤਰੀਕ ਪੱਕੀ ਕੀਤੀ ਗਈ, ਇੱਕ ਜਗਾਹ ‘ਤੇ ਮਿਲਣ ਲਈ। ਆਹ ਇੰਤਜਾਰ ਦੇ ਕੁਝ ਦਿਨ ਜਿਵੇਂ ਸਾਲਾਂ ਦਾ ਪੈਂਡਾ ਲੱਗ ਰਹੇ ਸੀ। ਮੈਂ ਆਪਣੇ ਪੇਕੇ ਘਰ ਸਭ ਨੂੰ ਬੁਲਾਇਆ ਅਤੇ ਮੇਰੇ ਪਰਿਵਾਰ ਨੇ ਵੀ ਪੂਰਾ ਉਤਸ਼ਾਹ ਦਿਖਾਇਆ। ਸ਼ੱਮੋਂ ਬਾਬੀ ਅਤੇ ਕਮਲ ਨੇ ਕਈ ਤਰ੍ਹਾਂ ਦੇ ਖਾਣੇਂ ਬਣਾਏ। ਮਾਂ ਨੇ “ਵੈੱਲਕਮ ਕੇਕ” ਮੰਗਵਾਇਆ। ਸੌਣ ਬੈਠਣ ਦਾ ਪੂਰਾ ਪ੍ਰਬੰਧ ਕੀਤਾ ਗਿਆ। ਤੇ ਹੁਣ ਸਮਾਂ ਸੀ ਮੁੜ ਪੁਰਾਣੀਆਂ ਸਹੇਲੀਆਂ ਨੂੰ ਗਲ਼ਵਕੜੀ ਵਿੱਚ ਲੈਣ ਦਾ। ਇਸ ਮਿਲਣੀ ਦਾ ਬ੍ਰਿਤਾਂਤ ਗੂੰਗੇ ਦੇ ਗੁੜ ਖਾਣ ਵਾਂਗ ਬਿਆਨ ਤੋਂ ਪਰ੍ਹੇ ਹੈ! ਦੱਸ ਪਾਉਣਾ ਕਿ ਤੀਹ ਸਾਲ ਬਾਅਦ ਕਿਸੇ ਹੋਰ ਸ਼ਕਲ ਵਿੱਚ ਆਪਣਾ ਬਚਪਨ ਸਾਹਮਣੇ ਦੇਖ ਕੇ ਸਾਰੀਆਂ ਦੀ ਅੱਖਾਂ ਵਿੱਚ ਕਿਹੜੀ “ਸੁਨਾਮੀ” ਆਈ ਸੀ? ਮੇਰੀ ਮਾਂ ਨੇ ਵੀ ਆਪਣੀਆਂ ਬਿਰਧ ਹੋਈਆਂ ਅੱਖਾਂ ਨਾਲ ਪੂਰੀ ਕੋਸ਼ਿਸ਼ ਕੀਤੀ ਮੇਰੀਆਂ ਸਹੇਲੀਆਂ ਨੂੰ ਪਛਾਨਣ ਦੀ, ਅਤੇ ਫੇਰ ਪਿਆਰ ਅਤੇ ਸ਼ਗਨ ਦਿੱਤਾ। ਇੱਕ ਐਸਾ ਸਮਾਂ ਬੰਨ੍ਹਿਆ ਕਿ ਸਭ ਦੀਆਂ ਅੱਖਾਂ ਵਿੱਚੋਂ ਗੰਗਾ-ਜਮਨਾਂ ਦਾ ਭਾਵਨਾਤਮਿਕ ਵਹਿਣ ਚੱਲ ਰਿਹਾ ਸੀ।  ਸਭ ਦੀ ਇੱਕ ਗੱਲ ਤਾਂ ਸਾਂਝੀ ਸੀ ਕਿ ਸਾਰੇ ਇੱਕ-ਦੂਜੇ ਨੂੰ ਯਾਦ ਕਰਦੇ ਹੋਏ ਜ਼ਿੰਦਗੀ ਵਿੱਚ ਕਦੇ ਫੇਰ ਮਿਲਣ ਦੀ ਆਸ ਰੱਖਦੇ ਹੋਏ ਅਰਦਾਸ ਕਰਦੇ ਸੀ। ਅਸੀ ਸਾਰੀ ਰਾਤ ਜਾਗੇ ਅਤੇ ਆਪਣੀ-ਆਪਣੀ ਜ਼ਿੰਦਗੀ ਦੇ ਬੀਤੇ ਇਹਨਾਂ ਵਰ੍ਹਿਆਂ ਨੂੰ ਮੁੜ ਪੁਰਾਣੀ ਕਿਤਾਬ ਵਾਂਗ ਫ਼ਰੋਲ਼ਿਆ। ਬਚਪਨ ਦੀ ਯਾਦਾਂ ਨੂੰ ਤਾਜ਼ਾ ਕੀਤਾ ਅਤੇ ਅੱਜ ਦੀ ਹਰ ਯਾਦ ਦੀ ਵੀਡੀਓ ਬਣਾਈ। ਇੱਕ ਸੁਰ ਹੋ ਕੇ ਗਾਣਾ ਗਾਇਆ …।”ਯਾਰੋ, ਯਹੀ ਤੋ ਦੋਸਤੀ ਹੈ, ਯੇ ਨਾ ਹੋ ਤੋ ਬੋਲੋ, ਫ਼ਿਰ ਕਿਯਾ ਯੇ ਜ਼ਿੰਦਗੀ ਹੈ…।।” ਆਪਣੀ ਇਸ ਕੋਸ਼ਿਸ਼ ‘ਤੇ ਮੈਨੂੰ ਸ਼ਾਹਰੁਖ ਖਾਨ ਦਾ ਇੱਕ ਬਹੁਤ ਮਸ਼ਹੂਰ ਸੰਵਾਦ ਯਾਦ ਆ ਰਿਹਾ…।
“ਅਗਰ ਕਿਸੀ ਕੋ ਸ਼ਿੱਦਤ ਸੇ ਚਾਹੋ, ਤੋ ਕਾਇਨਾਤ ਭੀ ਉਸੇ ਮਿਲਾਨੇ ਮੈਂ ਜੁਟ ਜਾਤੀ ਹੈ…!”
ਬਚਪਨ ਦੀਆਂ ਸਹੇਲੀਆਂ ਨੂੰ ਮਿਲਣ ਦੀ ਖ਼ਾਹਿਸ਼ ਨੂੰ ਹਕੀਕਤ ਵਿੱਚ ਬਦਲਿਆ ਦੇਖ ਮੈਂ ਸੋਚ ਰਹੀ ਸੀ ਕਿ ਅਸੀਂ ਜਦ ਜ਼ਿੰਦਗੀ ਦਾ ਅਗਲਾ ਸਫ਼ਰ ਤੈਅ ਕਰ ਰਹੇ ਹੁੰਦੇ ਹਾਂ, ਤਾਂ ਪੁਰਾਣੇ ਰਿਸ਼ਤਿਆਂ ਨੂੰ ਕਿਤੇ ਭੁੱਲ ਹੀ ਜਾਂਦੇ ਹਾਂ, ਪਰ ਜ਼ਿੰਦਗੀ ਦੇ ਚੱਲਦੇ ਸਫ਼ਰ ਵਿੱਚ ਕਿਤੇ ਕੁਝ ਗੁੰਮ ਹੋ ਜਾਣ ਦਾ ਮਲਾਲ ਜ਼ਰੂਰ ਹੁੱਝਾਂ ਮਾਰਦਾ ਰਹਿੰਦਾ ਹੈ। ਮੈਨੂੰ ਲੱਗਿਆ ਕਿ ਅਗਰ ਕਿਸੇ ਤੋਂ ਦੂਰ ਹੋਵੋਂ, ਤਾਂ ਇੱਕ ਵਾਰ ਮਿਲਣ ਦੀ ਕੋਸ਼ਿਸ਼ ਜਰੂਰ ਕਰਨੀ ਚਾਹੀਦੀ ਹੈ। ਕੀ ਪਤਾ ਜਿਉਂਦੇ ਜੀਅ ਅਗਲਾ ਮਿਲਣ ਦੀ ਆਸ ਨਾਲ ਸਾਡਾ ਰਾਹ ਤੱਕਦਾ ਹੋਵੇ਼? ਅਸੀਂ ਸਭ ਸਹੇਲੀਆਂ ਹੁਣ ਮਾਂਵਾਂ ਵੀ ਹਾਂ, ਇਸ ਲਈ ਆਪਣੇ-ਆਪਣੇ ਆਲ੍ਹਣੇ ‘ਚ ਮੁੜਨ ਦਾ ਸਮਾਂ ਆ ਗਿਆ ਸੀ। ਅਸੀਂ ਵਾਰੀ-ਵਾਰੀ ਇੱਕ-ਦੂਜੀ ਨੂੰ ਨਿੱਘੀ ਗਲਵਕੜੀ ਵਿੱਚ ਲਿਆ, ਮੁੜ ਜਿਉਂਦੇ ਜੀਅ ਫ਼ੇਰ ਕਦੇ ਨਾ ਵਿਛੜਨ ਲਈ! ਮੁੜ ਮਿਲਣ ਦੇ ਵਾਅਦੇ ਨਾਲ਼ ਸਭ ਦੀਆਂ ਪਲਕਾਂ ਉਪਰ ਹੰਝੂ ਅਟਕੇ ਹੋਏ ਸਨ…।।! “ਅਲਵਿਦਾ” ਵਿੱਚ ਮੁੜ ਮਿਲਣ ਦੀ ਆਸ ਜਗਮਗਾ ਰਹੀ ਸੀ ਅਤੇ ਜ਼ਿੰਦਗੀ ਆਪਣੀ ਤੋਰ ਖ਼ੁਦ ਤੁਰੀ ਜਾ ਰਹੀ ਸੀ…!

This entry was posted in ਕਹਾਣੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>