Punjab News - Quami Ekta Punjabi Newspaper (ਕੌਮੀ ਏਕਤਾ) » ਡਾ. ਗੁਰਭਜਨ ਸਿੰਘ ਗਿੱਲ

ਮੈਨੂੰ ਇਉਂ ਨਾ ਮਨੋਂ ਵਿਸਾਰ, ਵੇ ਮੈਂ ਤੇਰੀ ਮਾਂ ਦੀ ਬੋਲੀ ਆਂ
ਯੂਨੈਸਕੋ ਦੀ ਰਿਪੋਰਟ ਦੇ ਹਵਾਲੇ ਨਾਲ ਸਮੁੱਚੇ ਵਿਸ਼ਵ ਵਿੱਚ ਇਹ ਚਰਚਾ ਆਮ ਹੋ ਗਈ ਹੈ ਕਿ ਆਉਦੇ 50 ਵਰ੍ਹਿਆਂ ਵਿੱਚ ਪੰਜਾਬੀ ਭਾਸ਼ਾ ਦਾ ਵਜੂਦ ਖਤਮ ਹੋਣ ਦੀਆਂ ਸੰਭਾਵਨਾਵਾਂ ਹਨ। ਕੁਲਦੀਪ ਨਈਅਰ ਨੇ ਜਦੋਂ ਇਹ ਟਿੱਪਣੀ ਕੁਝ ਵਰ੍ਹੇ ਪਹਿਲਾਂ ਇਸ ਰਿਪੋਰਟ ਦੇ ਹਵਾਲੇ ਨਾਲ ਕੀਤੀ ਸੀ ਤਾਂ ਸਾਡੇ ਬਹੁਤੇ ਵਿਦਵਾਨਾਂ ਨੇ ਇਸ ਨੂੰ ਸੱਚ ਕਰ ਜਾਣਿਆ ਅਤੇ ਰਾਤੋ ਰਾਤ ਫਿਕਰਮੰਦੀ ਦੇ ਮਤੇ ਪਾਸ ਕਰਨ ਲੱਗ ਪਏ। ਘਰ ਘਰ ਫੂਹੜੀਆਂ ਵਿਛਾ ਕੇ ਬੈਠ ਗਏ। ਅੰਤਿਮ ਸੰਸਕਾਰ ਵਾਲੀ ਮਾਨਸਿਕਤਾ ਨਾਲ ਅਸੀਂ ਆਪਣੀ ਜ਼ੁਬਾਨ ਨਾਲ ਕੋਝਾ ਵਿਹਾਰ ਕਰਨ ਲੱਗੇ। ਕੁਝ ਸਿਆਣਿਆਂ ਨੇ ਰਿਪੋਰਟਾਂ ਫੋਲੀਆਂ ਤਾਂ ਗੱਲ ਵਿਚੋਂ ਇਹ ਨਿਕਲੀ ਕਿ ਜਿਹੜੀਆਂ ਭਾਸ਼ਾਵਾਂ ਖਤਰੇ ਅਧੀਨ ਹਨ ਉਨ੍ਹਾਂ ਵਿੱਚ ਪੰਜਾਬੀ ਦਾ ਵੀ ਨਾਂ ਬੋਲਦਾ ਹੈ। ਇਸ ਗੱਲ ਲਈ ਸਾਨੂੰ ਕਿਸੇ ਬਾਹਰਲੀ ਏਜੰਸੀ ਪਾਸੋਂ ਤਸਦੀਕ ਕਰਵਾਉਣ ਦੀ ਲੋੜ ਨਹੀਂ ਹੈ ਸਗੋਂ ਹਕੀਕਤ ਇਹ ਹੈ ਕਿ ਅਸੀਂ ਆਪਣੇ ਘਰਾਂ, ਪਰਿਵਾਰਾਂ, ਵਪਾਰਾਂ ਅਤੇ ਪਿਆਰਾਂ ਵਿੱਚੋਂ ਪੰਜਾਬੀ ਨੂੰ ਨਿਕਾਲਾ ਦੇ ਦਿੱਤਾ ਹੈ। ਤੁਸੀਂ ਦਿਨ ਚੜ੍ਹਨ ਤੋਂ ਸੂਰਜ ਅਸਤਣ ਤੀਕ ਆਪਣੀ ਜ਼ਿੰਦਗੀ ਨੂੰ ਖੁਦ ਵੇਖੋ। ਆਪਣੇ ਘਰ ਤੋਂ ਰੁਜ਼ਗਾਰ ਤੀਕ ਦੇ ਸਫਰ ਦੌਰਾਨ ਤੁਰਦੇ ਫਿਰਦੇ ਨਜ਼ਰ ਮਾਰੋ ਕਿ ਪੰਜਾਬੀ ਕਿਥੇ ਹੈ?

ਤੁਹਾਡੇ ਹੱਥ ਵਿੱਚ ਫੜਿਆ ਤੁਹਾਡਾ ਹੀ ਪਛਾਣ ਪੱਤਰ ਜਿਸ ਨੂੰ ਵਿਜ਼ਟਿੰਗ ਕਾਰਡ ਕਹਿੰਦੇ ਹੋ ਉਹ ਕਿਹੜੀ ਭਾਸ਼ਾ ਵਿੱਚ ਹੈ? ਤੁਹਾਡੇ ਘਰ ਦੀ ਨੰਬਰ ਪਲੇਟ ਅਤੇ ਨਾਮ ਕਿਸ ਭਾਸ਼ਾ ਵਿੱਚ ਹੈ?  ਤੁਹਾਡੇ ਬੱਚਿਆਂ ਦੇ ਸਕੂਲ ਵਿੱਚ ਕਿਹੜੀ ਭਾਸ਼ਾ ਦੀ ਸਰਦਾਰੀ ਹੈ ?  ਤੁਹਾਡਾ ਬੱਚਾ ਟੀ ਵੀ ਚੈਨਲ ਤੇ ਕਿਸ ਭਾਸ਼ਾ ਦੇ ਪ੍ਰੋਗਰਾਮ ਦੇਖਦਾ ਹੈ   ਜੇਕਰ ਉਸ ਦਾ ਵੱਸ ਚੱਲੇ ਤਾਂ ਉਹ ਕਿਹੜੇ ਗੀਤਾਂ ਨੂੰ ਟੀ ਵੀ ਜਾਂ ਇੰਟਰੈਨੈੱਟ ਤੋਂ ਸੁਣਦਾ ਹੈ ?  ਤੁਸੀਂ ਆਪਣੇ ਤੋਂ ਲੈ ਕੇ ਬੱਚਿਆਂ ਤੀਕ ਦੇ ਪਹਿਰਾਵੇ, ਲੀੜੇ ਕੱਪੜਿਆਂ ਦੇ  ਨਾਂ ਸੋਚੋ, ਬਹੁਤੇ ਪੰਜਾਬੀ ਵਿੱਚ ਨਹੀਂ ਹਨ। ਅੰਗਰੇਜ਼ੀ ਜਾਂ ਕਿਸੇ ਹੋਰ ਜ਼ੁਬਾਨ ਤੋਂ ਆਏ ਹਨ। ਬੱਚਿਆਂ ਦੇ ਆਪਸੀ ਵਾਰਤਾਲਾਪ ਨੂੰ ਕਦੀ ਸੁਣਿਓ, ਓਹਲੇ ਬੈਠ ਕੇ। ਉਹ ਤੁਹਾਡੀ ਮਾਂ ਬੋਲੀ ਨੂੰ ਟਿੱਚ ਜਾਣਦੇ ਹਨ। ਉਨ੍ਹਾਂ ਕੋਲ ਆਪਣਾ ਅਨੁਭਵ ਹੈ ਅਤੇ ਉਸ ਅਨੁਭਵ ਦੀ ਭਾਸ਼ਾ ਹਿੰਦੀ ਜਾਂ ਅੰਗਰੇਜ਼ੀ ਬਣਾ ਦਿੱਤੀ ਗਈ ਹੈ। ਪੁੱਤਰ ਧੀਆਂ ਨੂੰ ਵਧੇਰੇ ਕਮਾਊ ਬਣਾਉਣ ਦੀ ਪ੍ਰਵਿਰਤੀ ਨੇ ਉਨ੍ਹਾਂ ਕੁਲੀਨ ਵਰਗ ਦੇ ਵਿਦਿਅਕ ਅਦਾਰਿਆਂ ਵਿੱਚ ਪੜ੍ਹਨ ਦੀ ਹੋੜ ਲਾ ਦਿੱਤੀ ਹੈ ਜਿਥੇ ਮਾਂ ਬੋਲੀ ਦਾ ਰੁਤਬਾ ਕਿਸੇ ਨੌਕਰਾਣੀ ਜਾਂ ਗੋਲੀ ਤੋਂ ਵੱਧ ਨਹੀਂ । ਹਕੀਕਤ ਇਹ ਹੈ ਕਿ ਬੱਚਾ ਜੰਮਣ ਸਾਰ ਮਾਪਿਆਂ ਦੀ ਇੱਛਾ ਵਿੱਚ ਇਹ ਗੱਲ ਬੁਰੀ ਤਰ੍ਹਾਂ ਘਰ ਕਰ ਜਾਂਦੀ ਹੈ ਕਿ ਬੱਚੇ ਨੂੰ ਕੀ ਬਣਾਉਣਾ ਹੈ। ਅੱਜਕਲ੍ਹ ਹਰ ਮਾਂ ਡਾਕਟਰ, ਇੰਜੀਨੀਅਰ ਜਾਂ ਬਹੁ ਕੌਮੀ ਕੰਪਨੀ ਦਾ ਮੈਨੇਜਰ ਜੰਮਦੀ ਹੈ ਜਿਸ ਦੀ ਤਨਖਾਹ ਪਹਿਲੀ ਨਿਯੁਕਤੀ ਤੇ ਹੀ ਘੱਟੋ ਘੱਟ ਲੱਖਾਂ ਰੁਪਏ ਹੋਵੇ। ਮਾਂਵਾਂ ਪੁੱਤਰ ਧੀਆਂ ਨਹੀਂ ਜੰਮਦੀਆਂ ਕਮਾਊ ਸੰਦ ਜੰਮਦੀਆਂ ਹਨ ਜਿਹੜੇ ਉਨ੍ਹਾਂ ਦੇ ਬੁਢਾਪੇ ਵੇਲੇ ਵੱਧ ਧਨ ਪ੍ਰਾਪਤੀ ਨਾਲ ਪਰਿਵਾਰਕ ਖੁਸ਼ਹਾਲੀ ਨੂੰ ਯਕੀਨੀ ਬਣਾ ਸਕਣ। ਇਥੋਂ ਹੀ ਭਾਸ਼ਾ ਦਾ ਘਾਣ ਸ਼ੁਰੂ ਹੁੰਦਾ ਹੈ।

ਵਿਰਸੇ ਦੀ ਮਮਤਾ ਪਾਲਣ ਵਾਲੇ ਲੋਕ ਇਹ ਗੱਲ ਜਾਣਦੇ ਹਨ ਕਿ ਪੰਘੂੜੇ ਤੋਂ ਲੈ ਕੇ ਮਾਂ ਬੋਲੀ ਹਰ ਪੈਰ ਤੇ ਤੁਹਾਡੇ ਅੰਗ ਸੰਗ ਰਹਿੰਦੀ ਹੈ ਪਰ ਇਹ ਰਿਸ਼ਤਾ ਤਾਂ ਹੀ ਨਿਭਦਾ ਹੈ ਜੇਕਰ ਮਾਪਿਆਂ ਨੇ ਆਪਣੇ ਜੀਵਨ ਵਿਹਾਰ ਵਿੱਚ ਆਪਣੀ ਮਾਂ ਬੋਲੀ ਲਈ ਸਤਿਕਾਰਯੋਗ ਥਾਂ ਰੱਖੀ ਹੋਈ ਹੈ। ਜੇਕਰ ਮਾਂ ਬੋਲੀ ਬੋਲਦੇ ਬੱਚੇ ਨੂੰ ਸਮਾਜਿਕ ਨਿਜ਼ਾਮ ਨੇ ਉਜੱਡ ਹੀ ਸਮਝਣਾ ਹੈ ਜਾਂ ਬੱਚੇ ਨੂੰ ਕੁਲੀਨ ਵਰਗ ਦੀ ਭਾਸ਼ਾ ਸਿਖਾਉਣ ਲਈ ਤੁਸੀਂ ਆਪਣੀ ਮਾਂ ਬੋਲੀ ਦੀ ਬਲੀ ਦੇਣੀ ਹੈ ਤਾਂ ਬਾਲ ਮਨ ਦੇ ਵਿਕਾਸ ਦੇ ਸਾਰੇ ਮੌਕੇ ਹੀ ਉਸ ਤੋਂ ਖੁੱਸ ਜਾਣੇ ਹਨ। ਮੁੱਢਲੀ ਗੱਲ ਇਹੀ ਹੈ ਕਿ ਜਦ ਤਕ ਬੱਚਾ ਅੱਖ਼ਰ ਗਿਆਨ ਦੇ ਲੜ ਨਹੀਂ ਲੱਗਦਾ ਓਨਾ ਚਿਰ ਉਸ ਦੀ ਕੋਰੀ ਤਖਤੀ ਤੇ ਹੋਰ ਭਾਸ਼ਾਵਾਂ ਦੇ ਘੁੱਗੂ ਘੋੜੇ ਨਾ ਵਾਹੋ। ਕੋਰੀ ਤਖਤੀ ਤੇ ਮਨਚਾਹੇ ਅੱਖ਼ਰ ਲਿਖਿਆ ਝਰੀਟਾਂ ਪੈਂਦੀਆਂ ਹਨ। ਪਰਿਵਾਰਕ ਮਾਹੌਲ ਵਿੱਚ ਹੀ ਮਾਂ ਬੋਲੀ ਦਾ ਸਤਿਕਾਰ ਬਣਾਈ ਰੱਖੋ। ਅੱਖਰਾਂ ਵੇਲੇ ਉਸ ਨੂੰ ਮਾਂ ਬੋਲੀ ਪੰਜਾਬੀ ਲਈ ਸਮਰੱਥ ਲਿੱਪੀ ਗੁਰਮੁਖੀ ਨਾਲ ਸ਼ਬਦ ਸਾਂਝ ਪੁਆਓ। ਪਿਆਰ ਦੀ ਭਾਸ਼ਾ ਮਾਂ ਬੋਲੀ ਹੀ ਹੁੰਦੀ ਹੈ ਜੇਕਰ ਤੁਸੀਂ ਪਿਆਰ ਦੀ ਭਾਸ਼ਾ ਸਿੱਖ ਜਾਓਗੇ ਤਾਂ ਰੁਜ਼ਗਾਰ ਦੀ ਕੋਈ ਵੀ ਭਾਸ਼ਾ ਸਿੱਖਣੀ ਤੁਹਾਡੇ ਲਈ ਹੋਰ ਵੀ ਆਸਾਨ ਹੋ ਜਾਵੇਗੀ। ਪਿਆਰ ਦੀ ਭਾਸ਼ਾ ਸਿੱਖਣ  ਲਈ ਪੰਜਾਬ ਸਰਕਾਰ ਦੇ ਕਿਸੇ ਵੀ ਵਿਸੇਸ਼ ਨੋਟੀਫਿਕੇਸ਼ਨ ਦੀ ਲੋੜ ਨਹੀਂ ਨਾ ਹੀ ਜ਼ਿਲ੍ਹਾ ਪੱਧਰ ਦੀਆਂ ਕਮੇਟੀਆਂ ਬਣਾਉਣ ਦੀ ਲੋੜ ਹੈ? ਤੁਸੀਂ ਆਪ ਦੱਸੋ ਕਿ ਆਪਣੇ ਹੀ ਪੰਜਾਬ ਦੇ ਧੀਆਂ ਪੁੱਤਰਾਂ ਨੂੰ ਇਹ ਕਹਿਣਾ ਪਵੇ ਕਿ ਆਪਣੀ ਮਾਂ ਬੋਲੀ ਵਿੱਚ ਕੰਮ ਕਾਰ ਕਰਿਆ ਕਰੋ ਤਾਂ ਇਸ ਤੋਂ ਵੱਡੀ ਸਿਤਮ ਵਾਲੀ ਗੱਲ ਕਿਹੜੀ ਹੋਵੇਗੀ। ਅੱਗੋਂ ਪੁੱਤਰ ਧੀਆਂ ਇਹ ਆਖਣ ਕਿ ਪਹਿਲਾਂ ਸਾਡੇ ਲਈ ਸਖਤ ਕਾਨੂੰਨ ਬਣਾਓ, ਭਾਸ਼ਾ ਟ੍ਰਿਬਿਊਨਲ ਬਣਾਓ ਫਿਰ ਅਸੀਂ ਮਾਂ ਬੋਲੀ ਵਿੱਚ ਕੰਮ ਕਾਜ ਕਰਾਂਗੇ ਤਾਂ ਇਸ ਤੋਂ ਵੱਡੀ ਹਾਰ ਕੀ ਹੋਵੇਗੀ।

ਮੇਰੀ ਧਰਤੀ ਦੇ ਲੋਕਾਂ ਨੂੰ ਇਹ ਗੱਲ ਗੁਰੂ ਨਾਨਕ ਦੇਵ ਜੀ ਨੇ 500  ਸਾਲ ਪਹਿਲਾਂ ਆਖੀ ਸੀ ਕਿ ਰਾਜ ਕਰਨ ਵਾਲੇ ਲੋਕਾਂ ਅਤੇ ਪ੍ਰਮਾਰਥ ਵੇਚਣ ਵਾਲੇ ਲੋਕਾਂ ਨੇ ਹਮੇਸ਼ਾਂ ਭਾਸ਼ਾ ਦਾ ਓਹਲਾ ਰੱਖ ਕੇ ਹੀ ਸਧਾਰਣ ਬੰਦਿਆਂ ਨੂੰ ਲੁੱਟਿਆ ਹੈ। ਇਸੇ ਕਰਕੇ ਉਨ੍ਹਾਂ ਨੇ ਪ੍ਰਮਾਰਥ ਦੀ ਭਾਸ਼ਾ ਵੀ ਪੰਜਾਬੀ ਲੋਕ ਭਾਸ਼ਾ ਬਣਾ ਵਿਖਾਈ। ਗੁਰਬਾਣੀ ਵਿੱਚ ਪਵਿੱਤਰ ਸ਼ਬਦ ਆਮ ਸਧਾਰਣ ਆਦਮੀ ਲਈ ਕਲਿਆਣਕਾਰੀ ਵੀ ਇਸੇ ਕਰਕੇ ਹਨ ਕਿ ਇਨ੍ਹਾਂ ਵਿੱਚ ਕੋਈ ਓਹਲਾ ਨਹੀਂ। ਜੇਕਰ ਅਸੀਂ ਅੱਜ ਵੀ ਓਹਲੇ ਦੀ ਓਪਰੀ ਭਾਸ਼ਾ ਤਿਆਗ ਕੇ ਹਸਪਤਾਲਾਂ, ਕਚਿਹਰੀਆਂ, ਮਾਲ ਮਹਿਕਮੇ ਦੇ ਦਸਤਾਵੇਜਾਂ, ਆਮ ਕਾਰੋਬਾਰੀ ਅਦਾਰਿਆਂ ਅਤੇ ਵਰਤੋਂ ਵਿਹਾਰ ਵਿੱਚ ਪੰਜਾਬੀ ਦੀ ਖੁੱਲੀ ਡੁੱਲੀ ਵਰਤੋਂ ਕਰਨੀ ਸ਼ੁਰੂ ਕਰ ਦੇਈਏ ਤਾਂ ਯੂਨੈਸਕੋ ਦੀ ਰਿਪੋਰਟ ਨੂੰ ਝੁਠਲਾ ਸਕਦੇ  ਹਾਂ। ਤੁਸੀਂ ਆਪ ਸੋਚੋ ਕਿ ਤੁਹਾਡੇ ਪੁੱਤਰਾਂ ਧੀਆਂ ਦੇ ਵਿਆਹਾਂ ਸ਼ਾਦੀਆਂ ਦੇ ਕਾਰਡ ਗਲਤ ਅੰਗਰੇਜ਼ੀ ਵਿੱਚ ਛਾਪਣੇ ਸਹੀ ਹਨ ਜਾਂ ਸਹੀ ਪੰਜਾਬੀ ਵਿੱਚ। ਪੰਜਾਬੀਆਂ ਦੀਆਂ ਰਿਸ਼ਤੇਦਾਰੀਆਂ ਦਾ ਤਾਣਾ ਬਾਣਾ ਪੰਜਾਬ ਵਿੱਚ ਹੀ ਤਾਂ ਹੈ। ਕਾਰਡ ਦਾ ਮਕਸਦ ਵੀ ਸਹੀ ਸੂਚਨਾ ਦੇਣਾ ਹੁੰਦਾ ਹੈ। ਜੇਕਰ ਅਸੀਂ ਆਪਣੇ ਨਾਨਕਿਆਂ ਦਾਦਕਿਆਂ ਭੂਆ ਮਾਸੀਆਂ ਅਤੇ ਹੋਰ ਰਿਸ਼ਤੇਦਾਰਾਂ ਨੂੰ ਆਪਣੀ ਜ਼ੁਬਾਨ ਵਿੱਚ ਹੀ ਸੁਨੇਹਾ ਨਹੀਂ ਦੇਵਾਂਗੇ ਤਾਂ ਹੋਰ ਕੌਣ ਦੇਵੇਗਾ? ਭਾਸ਼ਾ ਦਾ ਸਵੈ-ਮਾਣ ਹੀ ਤੁਹਾਨੂੰ ਸਹੀ ਪੰਜਾਬੀ ਪੁੱਤਰ ਬਣਾ ਸਕੇਗਾ। ਪੰਜਾਬੀ ਹੀ ਨਹੀਂ ਕਿਸੇ ਵੀ ਖਿੱਤੇ ਦੀ ਮਾਂ ਬੋਲੀ ਵਿੱਚ ਇਹ ਸਮੱਰਥਾ ਹਮੇਸ਼ਾਂ ਹੀ ਰਹਿੰਦੀ ਹੈ ਕਿ ਉਹ ਤੁਹਾਡੇ ਸਰਬਪੱਖੀ ਵਿਕਾਸ ਲਈ ਨਾਲੋਂ ਨਾਲ ਤੁਰੇ। ਤੁਹਾਡੇ ਹਓਕਿਆਂ ਦੀ ਜ਼ੁਬਾਨ ਬਣੇ। ਤੁਹਾਡੇ ਫਿਕਰਾਂ ਨੂੰ ਖੁਸ਼ੀਆਂ ਨੂੰ ਮਨ ਦੇ ਚਾਵਾਂ ਅਤੇ ਹੁਲਾਰਿਆਂ ਨੂੰ ਮਾਂ ਬੋਲੀ ਹੀ ਖੰਭ  ਲਾ ਸਕਦੀ ਹੈ। ਵਿਸ਼ਵ ਵਿੱਚ ਮਾਂ ਬੋਲੀ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਲਗਪਗ 13 ਕਰੋੜ ਗਿਣੀ ਜਾਂਦੀ ਹੈ ਜਿਨ੍ਹਾਂ ਵਿਚੋਂ ਭਾਵੇਂ ਗੁਰਮੁਖੀ ਅੱਖ਼ਰ ਜਾਨਣ ਵਾਲੇ ਵੀ ਤਿੰਨ ਕਰੋੜ ਦੇ ਨੇੜੇ ਤੇੜੇ ਹਨ ਪਰ ਪੰਜਾਬੀ ਭਾਸ਼ਾ ਵਿੱਚ ਕਿਸੇ ਵੀ ਕਿਤਾਬ ਦੀ ਛਪਣ ਸੰਖਿਆਂ 1100 ਤੋਂ ਵੱਧ ਨਹੀਂ। ਪੁਸਤਕ ਸਭਿਆਚਾਰ ਨਾਲ ਹੀ ਅਸੀਂ ਸ਼ਬਦ ਦੀ ਸਲਾਮਤੀ ਕਾਇਮ ਕਰ ਸਕਦੇ ਹਾਂ। ਭਾਸ਼ਾ ਉਦੋਂ ਮਰਦੀ ਹੈ ਜਦੋਂ ਉਸ ਦੇ ਪੁੱਤਰਾਂ ਧੀਆਂ ਦੀ ਸ਼ਬਦ ਨਾਲੋਂ ਸਾਂਝ ਟੁੱਟ ਜਾਵੇ। ਨਾਮਧਾਰੀ ਸਮਾਜ ਦੇ ਬਾਨੀ ਸਤਿਗੁਰ ਰਾਮ ਸਿੰਘ ਜੀ ਨੇ ਗੁਰਮੁਖੀ ਅੱਖਰ ਪੜ੍ਹਨੇ ਤੇ ਪੜ੍ਹਾਵਨੇ ਦਾ ਹੁਕਮਨਾਮਾ ਜਾਰੀ ਕੀਤਾ ਸੀ ਪਰ ਅੱਜ ਇਸ ਸਮਾਜ ਵਿੱਚ ਵੀ ਪੰਜਾਬੀ ਅਤੇ ਗੁਰਮੁਖੀ ਲਈ ਮੁਹੱਬਤ ਨੂੰ ਖੋਰਾ ਲੱਗ ਰਿਹਾ ਹੈ। ਭਾਸ਼ਾ ਕਿਸੇ ਧਰਮ ਜਾਤ ਜਾਂ ਗੋਤ ਦੀ ਮਲਕੀਅਤ ਨਹੀਂ ਹੁੰਦੀ ਸਗੋਂ ਖਿੱਤਾ ਵਿਸੇਸ਼ ਦੇ ਲੋਕਾਂ ਦੀ ਸਾਂਝੀ ਪੂੰਜੀ ਹੁੰਦੀ ਹੈ। ਪੰਜਾਬੀ ਨੂੰ ਸਿਰਫ ਸਿੱਖਾਂ ਦੀ ਭਾਸ਼ਾਂ ਕਹਿ ਕੇ ਤਿਆਗਣ ਵਾਲਿਆਂ ਨੂੰ ਇਹ ਗੱਲ ਕਦੇ ਵੀ ਨਹੀਂ ਵਿਸਾਰਨੀ ਚਾਹੀਦੀ ਕਿ ਪੰਜਾਬੀ ਭਾਸ਼ਾ ਦੇ ਮੁੱਢਲੇ ਲੇਖਕਾਂ ਵਿੱਚ ਈਸ਼ਵਰ ਚੰਦਰ ਨੰਦਾ, ਲਾਲਾ ਕਿਰਪਾ ਸਾਗਰ, ਬਿਹਾਰੀ ਲਾਲ ਪੁਰੀ, ਸ਼ਰਧਾ ਰਾਮ ਫਿਲੌਰੀ, ਧਨੀ ਰਾਮ ਚਾਤ੍ਰਿਕ, ਪ੍ਰੋ: ਬ੍ਰਿਜ ਲਾਲ ਸਾਸ਼ਤਰੀ, ਡਾ: ਵਿਦਿਆ ਭਾਸਕਰ ਅਰੁਣ, ਬਲਵੰਤ ਗਾਰਗੀ, ਦੇਵਿੰਦਰ ਸਤਿਆਰਥੀ ਵਰਗੇ ਮਹਾਨ ਵਿਅਕਤੀ ਕਿਸ ਪਿਛੋਕੜ ਵਿੱਚੋਂ ਆਏ ਸਨ। ਸ਼ਿਵ ਕੁਮਾਰ ਬਟਾਲਵੀ, ਮੋਹਨ ਭੰਡਾਰੀ, ਰਾਮ ਸਰੂਪ ਅਣਖੀ, ਓਮ ਪ੍ਰਕਾਸ਼ ਗਾਸੋ, ਕੇਵਲ ਸੂਦ, ਭੂਸ਼ਣ ਧਿਆਨਪੁਰੀ, ਕੇ ਐਲ ਗਰਗ, ਡਾ: ਲੋਕ ਨਾਥ ਆਦਿ ਵਰਗੇ ਸਿਰਜਣਹਾਰਿਆਂ ਨੇ ਆਪਣੀ ਧਰਤੀ ਦੀ ਜ਼ੁਬਾਨ ਨੂੰ ਕਿਵੇਂ ਸਿਖ਼ਰਾਂ ਤੇ ਪਹੁੰਚਾਇਆ ਹੈ। ਵੰਡੀਆਂ ਨਾਲ ਸ਼ਕਤੀ ਕਮਜ਼ੋਰ ਪੈਂਦੀ ਹੈ ਅਤੇ ਏਕੇ ਨਾਲ ਸਵਾਈ ਹੁੰਦੀ ਹੈ। ਆਓ ਆਪਣੀ ਮਾਂ ਬੋਲੀ ਪੰਜਾਬੀ ਦੇ ਵਿਕਾਸ ਲਈ ਸ਼ਬਦ ਸਭਿਆਚਾਰ ਦੀ ਉਸਾਰੀ ਹਿਤ ਪਿੰਡਾਂ ਵਿੱਚ ਲਾਇਬ੍ਰੇਰੀਆਂ ਦਾ ਢਾਂਚਾ ਉਸਾਰੀਏ। ਸਾਡੇ ਕੋਲ ਧਰਮਸਾਲ ਦਾ ਮਾਡਲ ਪਹਿਲਾਂ ਹੀ  ਹਾਜ਼ਰ ਹੈ। ਧਰਮਸਾਲ ਓਨਾ ਚਿਰ ਸੰਪੂਰਨ ਨਹੀਂ ਜਿੰਨਾਂ ਚਿਰ ਉਸ ਵਿੱਚ ਪਾਠਸਾਲ, ਚਕਿਤਸਾਲ ਅਤੇ ਪੁਸਤਕਸਾਲ ਨਹੀਂ ਹੈ। ਧਰਮਸਾਲ ਅੱਜ ਦਾ ਗੁਰਦੁਆਰਾ, ਮੰਦਰ, ਗਿਰਜਾਘਰ ਜਾਂ ਮਸੀਤ ਹੈ। ਪਾਠਸਾਲ ਸਕੂਲ ਹੈ, ਚਕਿਤਸਾਲ ਹਸਪਤਾਲ ਹੈ ਅਤੇ ਪੁਸਤਕਸਾਲ ਲਾਇਬ੍ਰੇਰੀ ਹੈ। ਇਨ੍ਹਾਂ ਚਾਰ ਪਾਵਿਆਂ ਤੇ ਹੀ ਸਾਡਾ ਵਿਕਾਸ ਮਾਡਲ ਖੜ੍ਹਾ ਹੈ। ਇਨ੍ਹਾਂ ਵਿੱਚ ਸੁਮੇਲ ਕਰਨਾ ਪਵੇਗਾ ਫਿਰ ਕਿਸੇ ਅੰਤਰ ਰਾਸ਼ਟਰੀ ਏਜੰਸੀ ਨੂੰ ਇਹ ਕਹਿਣ ਦਾ ਮੌਕਾ ਨਹੀਂ ਮਿਲੇਗਾ ਕਿ ਪੰਜਾਬੀ ਭਾਸ਼ਾ ਮਰ ਰਹੀ ਹੈ। ਪੰਜਾਬੀ ਦੇ ਸ਼ਬਦ ਭੰਡਾਰ ਵਿੱਚ ਵਾਧੇ ਅਤੇ ਵਿਕਾਸ ਲਈ ਭਾਸ਼ਾ ਦੀ ਵਰਤੋਂ ਯੋਗਤਾ ਵਧਾਉਣੀ ਪਵੇਗੀ। ਨਿਰੰਤਰ ਮੋਹ  ਅਤੇ ਮੁਹੱਬਤ ਦਾ ਰਿਸ਼ਤਾ ਸੁਰਜੀਤ ਕਰਕੇ ਹੀ ਅਸੀਂ ਆਪਣੀ ਮਾਂ ਬੋਲੀ ਸਮਰੱਥਾਵਾਨ ਸੁਆਣੀ ਬਣਾ ਸਕਾਂਗੇ। ਭਾਸ਼ਾ ਕੋਈ ਉਦਯੋਗਿਕ ਇਕਾਈ ਅੰਦਰ ਵਿਗਸਣ ਵਾਲੀ ਵਸਤੂ ਨਹੀਂ ਹੈ, ਇਸ ਦਾ ਉਤਪਾਦਨ ਨਹੀਂ ਹੁੰਦਾ। ਸ਼ਬਦਕੋਸ਼ ਜਿਉਂਦੀਆਂ ਭਾਸ਼ਾਵਾਂ ਦਾ ਖਜ਼ਾਨਾ ਤਾਂ ਹੁੰਦੇ ਹਨ ਪਰ ਇਨ੍ਹਾਂ ਨੂੰ ਕਬਰਾਂ ਨਾ ਬਣਾਈਏ। ਇਹ ਪੂੰਜੀ ਲਗਾਤਾਰ ਵਰਤਣ ਵਾਸਤੇ ਹੈ, ਸਿਰਫ ਸੰਭਾਲਣ ਵਾਸਤੇ ਨਹੀਂ। ਕਤਰੇ ਕਤਰੇ ਨਾਲ ਹੀ ਸਮੁੰਦਰ ਭਰਦਾ ਹੈ। ਆਓ ਪ੍ਰਣ ਕਰੀਏ ਕਿ ਮਾਂ ਬੋਲੀ ਪੰਜਾਬੀ ਦੇ ਵਿਕਾਸ ਲਈ ਕਿਸੇ ਹੋਰ ਧਿਰ ਦਾ ਸਾਥ ਲੱਭਣ ਦੀ ਥਾਂ ਖੁਦ ਹਿੰਮਤ ਕਰੀਏ। ਪੰਜਾਬੀ ਦੇ ਨਾਮਵਰ ਕਹਾਣੀਕਾਰ ਵਰਿਆਮ ਸਿੰਘ ਸੰਧੂ ਨੇ ਮੁੱਢਲੇ ਸਫਰ ਦੌਰਾਨ ਕੁਝ ਕਵਿਤਾਵਾਂ ਵੀ ਲਿਖੀਆਂ ਸਨ। ਉਨ੍ਹਾਂ ਦੀ ਇਕ ਕਵਿਤਾ ਦੇ ਬੋਲਾਂ ਨਾਲ ਮੈਂ ਆਪਣੀ ਗੱਲ ਮੁਕਾਉਂਦਾ ਹਾਂ:-

ਕਿਸ ਨੂੰ ਉਡੀਕਦੇ ਹੋ,

ਗੋਬਿੰਦ ਨੇ ਹੁਣ ਪਟਨੇ ਚੋਂ ਨਹੀਂ ਆਉਣਾ।

ਮਸਤਕ ਤੋਂ ਹੱਥ ਤਕ ਸਿੱਧਾ ਰਸਤਾ

ਕੇਸਗੜ੍ਹ ਦੇ ਮੈਦਾਨ ਨੂੰ ਜਾਂਦਾ ਹੈ।

ਭਾਸ਼ਾ ਦੇ ਵਾਂਗ ਹੀ ਸਭਿਆਚਾਰ ਵੀ ਕਿਸੇ ਖਿੱਤਾ ਵਿਸੇਸ਼ ਦੀ ਪਛਾਣ ਅਤੇ ਸ਼ਕਤੀ ਹੁੰਦੀ ਹੈ ਪਰ ਭਾਸ਼ਾ ਜਿਥੇ ਨਿਸ਼ਚਿਤ ਸਰੂਪ ਦੀ ਧਾਰਨੀ ਹੁੰਦੀ ਹੈ ਉਥੇ ਸਭਿਆਚਾਰ ਕੋਈ ਸਥੂਲ ਵਸਤੂ ਦਾ ਨਾਮ ਨਹੀਂ ਹੈ। ਇਹ ਤਾਂ ਵਗਦੇ ਦਰਿਆ ਦੀ ਰਵਾਨੀ ਵਾਂਗ ਹੁੰਦਾ ਹੈ ਜਿਸ ਵਿੱਚ ਤਰਲਤਾ ਵੀ ਹੈ, ਲਹਿਰਾਂ ਵੀ, ਮਿੱਟੀ ਵੀ, ਅੱਥਰੂਆਂ, ਖੁਸ਼ੀਆਂ ਅਤੇ ਚਾਵਾਂ ਤੇ ਉਤਸ਼ਾਹਾਂ ਦਾ ਸੁਮੇਲ। ਸਭਿਆਚਾਰ ਵਰ੍ਹਿਆਂ ਦਾ ਗੁਲਾਮ ਨਹੀਂ ਹੁੰਦਾ ਅਤੇ ਨਾ ਹੀ ਸਮਾਕਾਲ ਦਾ ਮੁਣਸ਼ੀ ਹੁੰਦਾ ਹੈ। ਰੋਜ਼ਨਾਮਚਾ ਨਹੀਂ ਹੁੰਦਾ ਸਭਿਆਚਾਰ, ਇਹ ਤਾਂ ਕਿਸੇ ਵੀ ਧਰਤੀ ਤੇ ਲੋਕਾਂ ਦੀ ਜੀਵਨ ਧੜਕਣ ਦੀ ਮਹਿਕ ਹੁੰਦੀ ਹੈ। ਖਿੱਤਾ ਵਿਸ਼ੇਸ਼ ਦੀ ਸ਼ਕਤੀ, ਵਿਸੇਸ਼ ਧਰਤੀ ਤੇ ਵਸਦੇ ਲੋਕਾਂ ਦਾ ਸੰਘਰਸ਼ ਥੁੜਾਂ, ਤੰਗੀਆਂ-ਤੁਰਸ਼ੀਆਂ ਅਤੇ ਨਿਰੰਤਰ ਤੁਰਨ ਦਾ ਅੰਦਾਜ਼। ਪੰਜਾਬੀ ਲੋਕਾਂ ਨੂੰ ਆਪਣੇ ਸਭਿਆਚਾਰ ਤੇ ਮਾਣ ਤਾਂ ਹੈ ਪਰ ਇਸ ਬਾਰੇ ਚੇਤਨਾ ਗੈਰ ਹਾਜ਼ਰ ਹੈ।

ਬਹੁਤੇ ਲੋਕ ਨੱਚਣ ਗਾਉਣ ਅਤੇ ਰੰਗ ਬਰੰਗੇ ਪਹਿਰਾਵਿਆਂ ਤੀਕ ਹੀ ਸਭਿਆਚਾਰ ਨੂੰ ਸੀਮਤ ਕਰ ਲੈਂਦੇ ਹਨ। ਇਹ ਤਾਂ ਫੁਲਕਾਰੀ ਦੇ ਨਮੂਨਿਆਂ ਵਿਚੋਂ ਇਕ ਰੰਗ ਦਾ ਧਾਗਾ ਹੋ ਸਕਦਾ ਹੈ ਪਰ ਸਮੁੱਚੀ ਫੁਲਕਾਰੀ ਤਾਂ ਸਾਰੇ ਰੰਗਾਂ ਦੇ ਸੁਮੇਲ ਨਾਲ ਹੀ ਬਣਦੀ ਹੈ। ਪੰਜਾਬੀ ਸਭਿਆਚਾਰ ਦੀ ਸ਼ਕਤੀ ਸ਼ਬਦ ਵਿੱਚ ਹੈ। ਸ਼ਬਦ ਸਾਡਾ ਗੁਰੂ ਹੈ। ਰਿਗਵੇਦ ਤੋਂ ਲੈ ਕੇ ਅੱਜ ਦੇ ਸਿਰਜਕਾਂ ਤੀਕ ਸ਼ਬਦ ਦੀ ਸਰਦਾਰੀ ਸਾਡੇ ਸਾਹਾਂ ਸਵਾਸਾਂ ਵਿੱਚ ਵਸਦੀ ਹੈ। ਇਹ ਗੱਲ ਵੱਖਰੀ ਹੈ ਕਿ ਟੈਲੀਵੀਜ਼ਨ ਅਤੇ ਫਿਲਮਾਂ ਰਾਹੀਂ ਸੌਖੀ ਹਜ਼ਮ ਹੋਣ ਵਾਲੀ ਤਕਨਾਲੋਜੀ ਕਾਰਨ ਪੁਸਤਕ ਸਭਿਆਚਾਰ ਹੌਲੀ ਹੌਲੀ ਦਮ ਤੋੜ ਰਿਹਾ ਹੈ ਪਰ ਇਹ ਗੱਲ ਕਦੇ ਨਾ ਭੁਲਾਇਓ ਕਿ ਹਰ ਗਿਆਨ ਅਤੇ ਟੈਕਨਾਲੋਜੀ ਦੀ ਮਾਂ ਪੁਸਤਕ ਹੀ ਹੈ।

ਬਾਲ ਨੂੰ ਮਾਂ ਵੱਲੋਂ ਦਿੱਤੀ ਲੋਰੀ ਤੋਂ ਲੈ ਕੇ ਉਸ ਦੇ ਹੱਥ ਵਿੱਚ ਡੰਗੋਰੀ ਫੜਨ ਤੀਕ ਸਾਰਾ ਸਫ਼ਰ ਵੇਖੋ। ਗੋਦੀ ਵਿੱਚ ਪਾ ਕੇ ਬੱਚੇ ਨੂੰ ਮਾਂ ਥਾਪੜਦੀ ਹੈ, ਇਹ ਤਾਲ ਹੈ ਜੋ ਮੂੰਹ ਨਾਲ ਅਲਾਪਦੀ ਹੈ ਉਸ ਸੁਰ ਹੈ। ਸਾਡੀਆਂ ਮਾਵਾਂ ਨੇ ਕਿਸੇ ਉਸਤਾਦ ਸੰਗੀਤਕਾਰ ਤੋਂ ਇਹਦੀ ਸਿਖਲਾਈ ਨਹੀਂ ਲਈ ਹੁੰਦੀ ਸਗੋਂ ਸਹਿਜ ਸੁਭਾਅ ਸੰਗੀਤ ਸਾਡੇ ਸਾਹਾਂ ਵਿੱਚ ਨਿਵਾਸ ਕਰਦਾ ਹੈ। ਓਹੀ ਅੱਗੇ ਤੁਰ ਕੇ ਬੱਚੇ ਵਿੱਚ ਪ੍ਰਵੇਸ਼ ਕਰ ਜਾਂਦਾ ਹੈ। ਅੱਜ ਦੀ ਮਸ਼ੀਨੀ ਦੌੜ ਨੇ ਮਾਵਾਂ ਕੋਲੋਂ ਇਹ ਮੌਕੇ ਖੋਹ ਲਏ ਹਨ। ਜਿਹੜੀਆਂ ਮਾਵਾਂ ਬੱਚੇ ਨੂੰ ਗੋਦੀ ਪਾ ਕੇ ਨੀਂਦਰ ਰਾਣੀ ਲਿਆਉਣ ਲਈ ਇਹ ਵਿਧੀ ਅੱਜ ਨਹੀਂ ਵਰਤਦੀਆਂ ਉਨ੍ਹਾਂ ਦੇ ਬਾਲਾਂ ਦੀ ਮਾਨਸਿਕਤਾ ਵਿੱਚ ਤਰਲਤਾ ਦੀ ਗੈਰ ਹਾਜ਼ਰੀ ਯਕੀਨੀ ਹੈ। ਨੌਕਰਾਂ ਚਾਕਰਾਂ ਕੋਲ ਪਲੇ ਬਾਲ ਫਿਰ ਸਕੂਲਾਂ ਦੇ ਹੋਸਟਲਾਂ ਵਿੱਚ ਗੱਭਰੂ ਹੋਏ ਬੱਚੇ ਤੋਂ ਜਵਾਨ ਬਣੇ ਵਿਅਕਤੀ ਕੋਲੋਂ ਤੁਸੀਂ ਹੱਥਾਂ ਦੀਆਂ ਤਲੀਆਂ ਵਿੱਚ ਗਿੱਧੇ ਅਤੇ ਪੈਰਾਂ ਵਿੱਚ ਭੰਗੜੇ ਦੀ ਆਸ ਨਹੀਂ ਰੱਖ ਸਕਦੇ। ਅਮਜ਼ਦ ਅਲੀ ਖਾਨ ਦਾ ਸਰੋਦਵਾਦਨ ਹੋਵੇ ਜਾਂ ਉਸਤਾਦ ਵਿਲਾਇਤ ਖਾਂ ਸਾਹਿਬ ਦਾ ਸਿਤਾਰ ਵਾਦਨ ਉਸ ਲਈ ਕਾਲਾ ਅੱਖਰ ਮੱਝ ਬਰਾਬਰ ਹੀ ਰਹੇਗਾ। ਪਰਿਵਾਰ ਵਿੱਚ ਸਭਿਆਚਾਰ ਦੀ ਗੁੜ੍ਹਤੀ ਸਾਨੂੰ ਸਿਰਫ ਕਿਤਾਬਾਂ ਦੇ ਸਬਕ ਨਹੀਂ ਦਿੰਦੇ ਸਗੋਂ ਬਹੁਤ ਕੁਝ ਅਸੀਂ ਆਪਣੇ ਵਿਹਾਰ ਰਾਹੀਂ ਅਗਲੀ ਪੀੜ੍ਹੀ ਨੂੰ ਸੌਂਪਣਾ ਹੁੰਦਾ ਹੈ। ਬੱਚੇ ਨੂੰ ਬੱਚਾ ਨਾ ਸਮਝੋ, ਉਸ ਦੀਆਂ ਦੋ ਅੱਖਾਂ ਨੂੰ ਅੱਖਾਂ ਨਾ ਸਮਝੋ । ਉਹ ਦੋ ਕੈਮਰੇ ਲਈ ਫਿਰਦਾ ਹੈ ਜੋ ਤੁਹਾਡੇ ਹਰ ਹਰਕਤ ਨੂੰ ਆਪਣੇ ਮਨ ਦੀ ਹਾਰਡ ਡਿਸਕ ਵਿੱਚ ਜਮ੍ਹਾਂ ਕਰੀ ਜਾਂਦਾ ਹੈ। ਇਸ ਡਿਸਕ ਵਿੱਚ ਕਦੇ ਵਾਇਰਸ ਨਹੀਂ ਆਉਂਦਾ। ਚੇਤ ਅਚੇਤ ਇਹ ਸਮਾਂ ਪੈਣ ਤੇ ਹਾਜ਼ਰ ਨਾਜ਼ਰ ਹੋ ਜਾਂਦਾ ਹੈ ਜਿਸ ਨੂੰ ਅਸੀਂ ਆਮ ਭਾਸ਼ਾ ਵਿੱਚ ਮਾਂ ਪਰ ਪੂਤ ਪਿਤਾ ਪਰ ਘੋੜਾ, ਬਹੁਤਾ ਨਹੀਂ ਤੇ ਥੋੜ੍ਹਾ ਥੋੜ੍ਹਾ ਆਖਦੇ ਹਾਂ। ਉਹ ਇਹੀ ਵਿਹਾਰ ਹੈ ਜੋ ਬੱਚਾ ਮਾਂ-ਬਾਪ ਤੋਂ ਹਾਸਲ ਕਰਦਾ ਹੈ ਅਤੇ ਅਗਲੀ ਪੁਸ਼ਤ ਤੀਕ ਲੈ ਕੇ ਜਾਂਦਾ ਹੈ।

ਆਮ ਲੋਕ ਇਸ ਗੱਲ ਵਿੱਚ ਫਖਰ ਮਹਿਸੂਸ ਕਰਦੇ ਹਨ ਕਿ ਮੈਂ ਹੱਥੀਂ ਕੋਈ ਕੰਮ ਨਹੀਂ ਕਰਦਾ। ਕਿਰਤ ਸਭਿਆਚਾਰ ਸਾਡੀ ਸ਼ਕਤੀ ਨਾ ਹੁੰਦੀ ਤਾਂ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਦੇ ਖੇਤਾਂ ਵਿੱਚ ਵਾਹੀ ਨਹੀਂ ਸੀ ਕਰਨੀ। ਉਨ੍ਹਾਂ ਨੇ ਕਿਰਤ ਦਾ ਸਬਕ ਪੜ੍ਹਾਉਣ ਲਈ ਕਰਤਾਰਪੁਰ ਨੂੰ ਹੀ ਕਿਤਾਬ ਬਣਾ ਦਿੱਤਾ। ਪੰਜ ਸਦੀਆਂ ਤੋਂ ਵਧ ਸਮਾਂ ਬੀਤ ਚੁੱਕਾ ਹੈ । ਅਸੀਂ ਇਸ ਕਿਤਾਬ ਨੂੰ ਜਿੰਨਾ ਜਿੰਨਾ ਪੜ੍ਹਿਆ ਹੈ ਉਨਾ ਉਨਾ ਹੀ ਸੁਖ ਪਾਇਆ ਹੈ। ਜਿਸ ਥਾਂ ਤੇ ਗੁਰੂ ਨਾਨਕ ਦੇਵ ਜੀ ਨੇ ੳਂੁਕਾਰ ਨੂੰ ਇਕ ਕਿਹਾ ਸੀ ਉਸ ਥਾਂ ਤੇ ਜਾਓ। ਸੁਲਤਾਨਪੁਰੀ ਲੋਧੀ ਦੀ ਧਰਤੀ ਉਪਰੋਂ ਵਹਿੰਦੀ ਕਾਲੀ ਬੇਈਂ ਸਾਡੀਆਂ ਕਾਲੀਆਂ ਕਰਤੂਤਾਂ ਦਾ ਕੱਚਾ ਚਿੱਠਾ ਬੋਲ ਬੋਲ ਕੇ ਸੁਣਾਉਂਦੀ ਹੈ। ਕਿਵੇਂ ਵਿਰਸੇ ਨਾਲ ਖਿਲਵਾੜ ਕੀਤਾ ਹੈ ਅਸੀਂ। ਗੰਦਾ ਨਾਲਾ ਬਣਾ ਧਰਿਆ ਹੈ ਅਸਾਂ ਨਿਰਮਲ ਨੀਰ ਦਾ  ਅਲੌਕਿਕ ਸੋਮਾ। ਧਰਮ ਦੇ ਨਾਂ ਤੇ ਬਣੀਆਂ ਸੰਸਥਾਵਾਂ ਅਤੇ ਅਦਾਰਿਆਂ ਦਾ ਮਲ ਮੂਤਰ ਵੀ ਜੇ ਇਸੇ ਪਵਿੱਤਰ ਸੋਮੇ ਵਿੱਚ ਪੈਣੋਂ ਰੋਕਣ ਲਈ ਕਿਸੇ ਬਲਬੀਰ ਸਿੰਘ ਸੀਚੇਵਾਲ ਵਰਗੇ ਮਹਾਂਪੁਰਸ਼ ਨੂੰ ਸੰਘਰਸ਼ ਕਰਨਾ ਪਵੇ ਤਾਂ ਇਸ ਤੋਂ ਵੱਧ ਨਮੋਸ਼ੀ ਵਾਲੀ ਗੱਲ ਕੀ ਹੋਵੇਗੀ। ਅਸੀਂ ਸਭਿਆਚਾਰ ਨੂੰ ਸਿਰਫ ਮੰਚ ਪੇਸ਼ਕਾਰੀਆਂ ਤੀਕ ਸੀਮਤ ਕਰ ਲਿਆ ਹੈ ਜਦ ਕਿ ਸਾਡਾ ਸਭਿਆਚਾਰ ਪੌਣ ਨੂੰ ਗੁਰੂ ਮੰਨਣਾ ਹੈ, ਪਾਣੀ ਨੂੰ ਪਿਤਾ ਮੰਨਣਾ ਹੈ, ਧਰਤੀ ਨੂੰ ਮਾਤਾ ਮੰਨਣਾ ਹੈ । ਜਿਸ ਨੂੰ ਦਿਨ ਤੇ ਰਾਤ ਦੋ ਖਿਡਾਵੀ ਖਿਡਾਵੇ ਬਣ ਕੇ ਸਾਨੂੰ ਸਭ ਨੂੰ ਖਿਡਾਉਂਦੇ ਹਨ। ਅਸੀਂ ਸ਼ਬਦ  ਤਾਂ ਪੜ੍ਹਦੇ ਹਾਂ ਪਰ ਉਸ ਨੂੰ ਜੀਵਨ ਧਾਰਾ ਵਿੱਚ ਲਾਗੂ ਨਹੀਂ ਕਰਦੇ।

ਗਰੀਬ ਦਾ ਮੂੰਹ ਗੁਰੂ ਦੀ ਗੋਲਕ ਬਹੁਤ ਵਾਰ ਸੁਣਿਆ ਹੈ ਪਰ ਇਸ ਤੇ ਅਮਲ ਕਰਨ ਵਾਲੇ ਵਿਰਲੇ ਹਨ। ਭਗਤ ਪੂਰਨ ਸਿੰਘ ਹੋਵੇ ਜਾਂ ਇਸ ਤੋਂ ਪਹਿਲਾਂ ਭਾਈ ਘਨੱਈਆ, ਗੁਰੂ ਦੇ ਇਨ੍ਹਾਂ ਸਿੰਘਾਂ ਨੇ ਆਪਣੇ ਇਸ਼ਟ ਦੀ ਹੁਕਮ ਪਾਲਣਾ ਇਸ ਅੰਦਾਜ਼ ਨਾਲ ਹੀ ਕੀਤੀ ਹੈ। ਜੰਗ ਵਿੱਚ ਜ਼ਖ਼ਮੀ ਨੂੰ ਪਾਣੀ ਦੇਣ ਵੇਲੇ ਧਰਮ ਦਾ ਨਿਸ਼ਾਨ ਵੇਖਣ ਵਾਲਾ ਗੁਰੂ ਦਾ ਸਿੱਖ ਨਹੀਂ ਹੁੰਦਾ। ਭਾਈ ਘਨੱਈਆ ਇਸੇ ਕਰਕੇ ਸਾਡੇ ਸਭਿਆਚਾਰ ਦੀ ਸ਼ਕਤੀ ਵਜੋਂ ਉੱਭਰਦਾ ਹੈ। ਭਗਤ ਪੂਰਨ ਸਿੰਘ ਵਰਗੇ ਨਿਰਛਲ, ਨਿਰਕਪਟ ਅਤੇ ਨਿਰਵਿਕਾਰ ਵਿਅਕਤੀ ਮਾਵਾਂ ਰੋਜ਼ ਨਹੀਂ ਜੰਮਦੀਆਂ। ਧਰਤੀ ਦੇ ਇਨ੍ਹਾਂ ਸੁਲੱਗ ਪੁੱਤਰਾਂ ਕਾਰਨ ਹੀ ਪੰਜਾਬ ਦੀ ਦਸਤਾਰ ਦਾ ਸ਼ਮਲਾ ਪੂਰੇ ਵਿਸ਼ਵ ਵਿੱਚ ਦੂਰੋਂ ਦਿਸਦਾ ਹੈ। ਸਰਮਾਇਆ ਬੜੇ ਲੋਕਾਂ ਕੋਲ ਹੈ ਪਰ ਦਿਲਾਂ ਵਿੱਚ ਗਰੀਬੀ ਵੀ ਕਮਾਲ ਦੀ। ਆਪਣੇ ਘਰਾਂ ਦੇ ਅੰਦਰ ਅੰਦਰ ਹੀ ਉਹ ਸਭਿਆਚਾਰ ਦੇ ਰਾਖੇ ਹਨ ਪਰ ਘਰ ਦੀ ਬਾਹਰਲੀ ਦੀਵਾਰ ਦੇ ਨਾਲ ਹੀ ਕੂੜੇ ਦੇ ਢੇਰ ਉਨ੍ਹਾਂ ਕੀ ਅਸਲੀਅਤ ਦਾ ਪਾਜ਼ ਉਘਾੜਦੇ ਹਨ। ਧਰਤੀ ਮਾਤਾ ਮੰਨਣ ਵਾਲੀ ਕੌਮ ਦੇ ਵਾਰਸਾਂ ਸਾਹਮਣੇ ਵਾਤਾਵਰਨ ਬਹੁਤ ਵੱਡਾ ਸੁਆਲ ਬਣ ਕੇ ਖੜ੍ਹਾ ਹੈ। ਬਿਰਖਾਂ ਦੀ ਹਰਿਆਵਲੀ ਧਰਤੀ ਅੱਜ ਘੋਨਮੋਨ ਹੋ ਚੱਲੀ ਹੈ। ਅਨਾਜ ਉਗਾਉਣ ਦੇ ਲਾਲਚਵਸ ਕਿਸੇ ਖੇਤ ਦੇ ਵੱਟਾਂ ਬੰਨੇ ਛੱਤਰੀਦਾਰ ਬਿਰਖ ਨਹੀਂ, ਨਾ ਹੀ ਬਿਰਖਾਂ ਵਰਗੇ ਬਾਬੇ ਹਨ। ਧਰਤੀ ਦੀ ਇਹ ਖੂਬਸੂਰਤ ਰਵਾਇਤ ਰਹੀ ਹੈ ਕਿ ਬਿਰਖਾਂ ਵਰਗੇ ਬਾਬੇ ਅਤੇ ਪਿੱਪਲ ਬੋਹੜ ਸਾਡੀ ਸਾਂਝੀ ਜੀਵਨ ਤੋਰ ਦੇ ਗਵਾਹ ਰਹੇ ਹਨ। ਅਸੀਂ ਇਨ੍ਹਾਂ ਰੁਖਾਂ ਹੇਠ ਇਕੱਠਿਆਂ ਜੀਣ ਮਰਨ ਦੇ ਅਹਿਸਾਸ ਨੂੰ ਮਾਣਦੇ ਰਹੇ ਹਾਂ। ਸਾਡਾ ਸਭਿਆਚਾਰ ਧਰਤ ਮੁਖੀ ਹੈ। ਸਾਰਾ ਕੁਝ ਧਰਤੀ ਵੱਲ ਵੇਖ ਕੇ ਅੱਗੇ ਤੁਰਦਾ ਹੈ। ਪੰਜਾਬੀ ਸਭਿਆਚਾਰ ਫੈਲਵਾਂ ਹੈ ਪਰ ਅੱਜ ਸਫੈਦਿਆਂ ਦੇ ਯੁਗ ਵਿੱਚ ਅਸੀਂ ਅਕਾਸ਼ ਮੁਖੀ ਹੋ ਗਏ ਹਾਂ। ਸਾਡਾ ਆਸ ਪਾਸ ਵੀਰਾਨ ਹੈ, ਸੁੰਨਾ ਹੈ। ਵਿਅਕਤੀਗਤ ਵਿਕਾਸ ਨੂੰ ਪ੍ਰਾਪਤੀ ਮੰਨਣਾ ਪੰਜਾਬੀ ਸਭਿਆਚਾਰ ਨਹੀਂ। ਪੰਜਾਬੀ ਸਭਿਆਚਾਰ ਤਾਂ ਜੀਓ ਅਤੇ ਜਿਊਣ ਦਿਓ ਤੋਂ ਅੱਗੇ ਤੁਰ ਕੇ ਸਾਂਝੀ ਧੜਕਣ ਦਾ ਵਿਸਵਾਸ਼ੀ ਹੈ।

ਹਰ ਪੰਜਾਬੀ ਦੇ ਸਭਿਆਚਾਰ ਵਿੱਚ ਤਿੰਨ ਮਾਵਾਂ ਦਾ ਯੋਗਦਾਨ ਪ੍ਰਮੁਖ ਰਿਹਾ ਹੈ। ਪਹਿਲਾਂ ਮਾਂ ਜਣਨਹਾਰੀ ਹੈ ਜਿਸ ਨੇ ਆਪਣੀ ਕੁੱਖ ਵਿੱਚ ਸਾਨੂੰ ਵਿਕਸਤ ਕੀਤਾ। ਉਸ ਦੀ ਕੁਖ ਨੂੰ ਅੱਜ ਅਸੀਂ ਮਸ਼ੀਨਾਂ ਹਵਾਲੇ ਕਰ ਚੁਕੇ ਹਾਂ। ਦੂਸਰੀ ਮਾਂ ਬੋਲੀ ਹੈ ਜਿਸ ਦਾ ਹਸ਼ਰ ਤੁਹਾਨੂੰ ਸਭ ਨੂੰ ਮੈਂ ਕੱਲ੍ਹ ਹੀ ਦਸ ਚੁੱਕਾ ਹਾਂ। ਆਪਣੀ ਮਾਂ ਬੋਲੀ ਬੋਲਣ ਲੱਗਿਆਂ ਜੇਕਰ ਪੁੱਤਰਾਂ ਧੀਆਂ ਨੂੰ ਹੀ ਸੰਗ ਆਉਣ ਲੱਗ ਜਾਵੇ ਤਾਂ ਉਹ ਮਾਂ ਕਿਧਰ ਜਾਵੇ। ਮਾਂ ਧਰਤੀ ਦਾ ਹਾਲ ਵੀ ਕਿਸੇ ਤੋਂ ਲੁਕਿਆ ਛੁਪਿਆ ਨਹੀਂ। ਵੰਨ ਸੁਵੰਨੀਆਂ ਜ਼ਹਿਰਾਂ ਛਿੜਕ ਛਿੜਕ ਕੇ ਅਸੀਂ ਆਪਣੀਆਂ ਹਵਾਵਾਂ ਵਿੱਚ ਜ਼ਹਿਰ ਘੋਲ ਲਿਆ ਹੈ। ਰਸਾਇਣਕ ਖਾਦਾਂ, ਨਦੀਨ ਨਾਸ਼ਕ ਜ਼ਹਿਰਾਂ ਅਤੇ ਉੱਲੀ ਨਾਸ਼ਕ ਜ਼ਹਿਰਾਂ ਦੇ ਅਸਰ ਕਾਰਨ ਧਰਤੀ ਦੀ ਹਾਲਤ ਨਿਘਾਰ ਵੱਲ ਚੱਲ ਰਹੀ ਹੈ। ਜਲ ਸੋਮਿਆਂ ਦੀ ਬੇਹਿਸਾਬ ਵਰਤੋਂ ਨਾਲ ਖੂਹਾਂ ਦੇ ਪਾਣੀ ਲੱਭਦੇ ਨਹੀਂ। ਮੱਛੀ ਮੋਟਰਾਂ ਲਾ ਕੇ ਧਰਤੀ ਹੇਠੋਂ ਪਾਣੀ ਖਿੱਚਣ ਲੱਗਿਆਂ ਸਾਨੂੰ ਇਹ ਗੱਲ ਕਦੇ ਨਹੀਂ ਵਿਸਾਰਨੀ ਚਾਹੀਦੀ ਕਿ ਇਹ ਸੀਮਤ ਸਰਮਾਇਆ ਹੈ ਜੋ ਕਦੇ ਵੀ ਮੁੱਕ ਸਕਦਾ ਹੈ। ਇਸ ਧਰਤੀ ਤੇ ਜੇਕਰ ਕਦੇ ਤੀਸਰਾ ਵਿਸ਼ਵ ਯੁਧ ਹੋਇਆ ਤਾਂ ਉਸ ਦਾ ਮੁੱਦਾ ਪਾਣੀ ਹੋਵੇਗਾ ਜਿਸ ਨੂੰ ਅਸੀਂ ਬੇਰਹਿਮੀ ਨਾਲ ਖਰਚ ਰਹੇ ਹਾਂ। ਆਪਣੇ ਕੁਦਰਤੀ ਸੋਮਿਆਂ ਨੂੰ ਸੰਭਾਲਣ ਦਾ ਵੀ ਸਾਡਾ ਸਭਿਆਚਾਰ ਹੈ।

ਗੀਤ ਸੰਗੀਤ ਵਿੱਚ ਰਿਸ਼ਤਿਆਂ ਦੀ ਪਵਿੱਤਰਤਾ ਕਾਇਮ ਰੱਖਣ ਦੀ ਜ਼ਿੰਮੇਂਵਾਰੀ ਅਸੀਂ ਸਰਕਾਰਾਂ ਤੇ ਕਿਉਂ ਸੁੱਟੀਏ । ਸਾਡੀਆਂ ਸਰਕਾਰਾਂ ਨੂੰ ਹੋਰ ਪੰਜਾਹ ਕੰਮਾਂ ਤੋਂ ਵਿਹਲ ਨਹੀਂ ਨਾਲੇ ਸਰਕਾਰਾਂ ਕਿਉਂ ਚਾਹੁੰਣਗੀਆਂ ਕਿ ਤੁਹਾਡਾ ਸੁਹਜ ਸੁਆਦ ਨਾ ਵਿਗੜੇ। ਆਪਣੇ ਘਰ ਦੀ ਰਾਖੀ ਸਾਨੂੰ ਖੁਦ ਹੀ ਕਰਨੀ ਪੈਣੀ ਹੈ। ਸ਼ੋਰ ਅਤੇ ਸੰਗੀਤ ਵਿਚਕਾਰਲੀ ਲਕੀਰ ਵਾਹੁੰਣੀ ਪੈਣੀ ਹੈ। ਤੁਸੀਂ ਆਪ ਦੱਸੋ ਕਿ ਕਿਸੇ ਵੀ ਵਿਆਹ ਸ਼ਾਦੀ ਤੇ ਜਾ ਕੇ ਤੁਸੀਂ ਕਦੇ ਕਿਸੇ ਗਵੱਈਏ ਦਾ ਇਕ ਵੀ ਬੋਲ ਸੁਣ ਸਕੇ ਹੋ, ਸਾਜਾਂ ਦਾ ਲਾਠੀਚਾਰਜ ਤੁਹਾਨੂੰ ਸ਼ੋਰ ਵਿੱਚ ਗਲਤਾਨ ਕਰ ਦਿੰਦਾ ਹੈ । ਤੁਸੀਂ ਆਪਣੇ ਆਪ ਨੂੰ ਉਸ ਪਲ ਵੇਖੋ ਜਦੋਂ ਇਹ ਸ਼ੋਰ ਬੰਦ ਹੁੰਦਾ ਹੈ। ਕੰਨਾਂ ਨੂੰ ਸਾਹ ਜਿਹਾ ਆ ਜਾਂਦਾ ਹੈ। ਕੀ ਸਮੁੱਚੀ ਪ੍ਰਕਿਰਤੀ ਇਸ ਸ਼ੋਰ ਨੂੰ ਨਾ ਪਸੰਦ ਨਹੀਂ ਕਰਦੀ ਹੋਵੇਗੀ? ਸੰਗੀਤ ਤਾਂ ਬਿਰਤੀਆਂ ਨੂੰ ਇਕਾਗਰਚਿਤ ਕਰਨ ਦਾ ਢੰਗ ਹੈ ਨਾ ਕਿ ਵਿਸਫੋਟ ਕਰਨ ਦਾ । ਸ਼ੋਰ ਵਿਸਫੋਟ ਕਰਦਾ ਹੈ ਇਹ ਸਾਡਾ ਸਭਿਆਚਾਰ ਨਹੀਂ। ਅਸੀਂ ਰੰਗਾਂ, ਖੁਸ਼ਬੂਆਂ ਅਤੇ  ਸਹਿਜ ਤੋਰ ਦੇ ਸਹਿਯਾਤਰੀ ਹਾਂ। ਸਾਡੀ ਧਰਤੀ ਉੱਪਰ ਮਹਿਕਦੇ ਖਿੜਦੇ ਫੁੱਲ ਬਗੀਚੇ, ਫ਼ਸਲਾਂ ਵਾੜੀਆਂ ਕਦੇ ਧਿਆਨ ਨਾਲ ਵੇਖੋ। ਸਾਰਾ ਕੁਝ ਹੀ ਇਕ ਵਿਸੇਸ਼ ਅੰਦਾਜ਼ ਦੀ ਸਹਿਜ ਤੋਰ ਦਾ ਝਲਕਾਰਾ ਦਿੰਦਾ ਹੈ। ਜ਼ਿੰਦਗੀ ਨੂੰ ਸਭਿਆਚਾਰ ਦੇ ਸੀਮਤ ਅਰਥਾਂ ਵਾਲੀ ਐਨਕ ਨਾਲ ਨਾ ਵੇਖੋ। ਨੰਗੀ ਅੱਖ ਨਾਲ ਵੇਖਿਆਂ ਹੀ ਜ਼ਿੰਦਗੀ ਦੇ ਸਭ ਅੰਦਾਜ਼ ਤੁਹਾਨੂੰ ਸਮਝ ਪੈਣਗੇ।

ਔਰਤ ਪ੍ਰਤੀ ਮਰਦ ਦੀ ਖਿੱਚ ਸੁਭਾਵਿਕ ਹੈ। ਉਸ ਦੀ ਸ਼ਲਾਘਾ ਕਰਨ ਦਾ ਵੀ ਅੰਦਾਜ਼ ਹੈ। ਉਸ ਨਾਲ ਤੁਰਨ ਦਾ ਵੀ ਨਿਸ਼ਚਿਤ ਸਲੀਕਾ ਹੈ ਪਰ ਸਰਮਾਏ ਦੀ ਤੇਜ਼ ਹਨੇਰੀ ਨੇ ਸਾਨੂੰ ਔਰਤ ਦਾ ਮਾਂ, ਧੀ ਅਤੇ ਭੈਣ ਵਾਲਾ ਰਿਸ਼ਤਾ ਭੁਲਾ ਦਿੱਤਾ ਹੈ। ਹੁਣ ਸਿਰਫ ਉਹ ਮਾਨਣ ਅਤੇ ਭੋਗਣ ਦੀ ਵਸਤੂ ਤੋਂ ਵੱਧ ਕੁਝ ਵੀ ਨਹੀਂ। ਸਵੇਰ ਸਾਰ ਟੈਲੀਵੀਜ਼ਨ ਤੋਂ ਲੈ ਕੇ ਅਖ਼ਬਾਰਾਂ, ਰੇਡੀਓ ਅਤੇ ਹੋਰ ਸੰਚਾਰ ਮਾਧਿਅਮ ਔਰਤ ਦੇ ਹੀ ਸਾਰੇ ਅੰਗਾਂ ਦੀ ਮਹਿਮਾ ਵਿੱਚ ਲੱਗੇ ਹੋਏ ਹਨ। ਰਿਸ਼ਤਿਆਂ ਦੀ ਇਹ ਪਰਿਭਾਸ਼ਾ ਨਵੀਂ ਵਿਕਸਤ ਹੋਈ ਹੈ ਕਿ ਔਰਤ ਨੂੰ ਸਿਰਫ ਧੌਣ ਤੋਂ ਹੇਠਾਂ ਹੇਠਾਂ ਹੀ ਗਿਣੋ, ਧੌਣ ਤੋਂ ਉੱਪਰ ਜਿਥੇ ਸੋਚਣ ਵਾਲੀ ਮਸ਼ੀਨ ਪਈ ਹੈ ਉਸ ਦਾ ਅਹਿਸਾਸ ਔਰਤ ਨੂੰ ਹੋਣ  ਹੀ ਨਾ ਦਿਓ। ਇਹ ਸਾਡੀ ਸਭਿਆਚਾਰਕ ਗਿਰਾਵਟ ਦਾ ਹੀ ਪ੍ਰਮਾਣ ਕਹੀ ਜਾ ਸਕਦੀ ਹੈ, ਸ਼ਕਤੀ ਨਹੀ।  ਅਸੀਂ ਤਾਂ ਦੇਵੀ ਪੂਜਕ ਹਾਂ, ਧਨ ਦੀ ਦੇਵੀ ਲੱਛਮੀ, ਗਿਆਨ ਦੀ ਦੇਵੀ ਸਰਸਵਤੀ, ਸ਼ਕਤੀ ਦੀ ਦੇਵੀ ਦੁਰਗਾ ਅਤੇ ਹੋਰ ਅਨੇਕਾਂ ਦੇਵੀਆਂ ਸਦੀਆਂ ਤੋਂ ਸਾਡੇ ਅੰਗ ਸੰਗ ਹਨ। ਅਸੀਂ ਉਸ ਪਾਸੋਂ ਸ਼ਕਤੀ ਲੈਣੀ ਵੀ ਹੈ ਅਤੇ ਦੇਣੀ ਵੀ ਹੈ। ਜ਼ਿੰਦਗੀ ਦੀ ਸਮਤੋਲ ਤੋਰ ਵਿੱਚ ਇਹੀ ਸੁਮੇਲ ਸ਼ਕਤੀ ਬਣ ਕੇ ਸਾਨੂੰ ਸਭਿਅਕ ਇਨਸਾਨ ਬਣਨ ਦੇ ਰਾਹ ਤੋਰ ਸਕਦਾ ਹੈ।

ਸਾਡੀ ਮੁਹੱਬਤ ਵਿੱਚ ਜਿਸਮ ਸ਼ਾਮਿਲ ਨਹੀਂ । ਸਾਡਾ ਰਾਂਝਾ ਸਿਦਕੀ ਹੈ, 14 ਸਾਲ ਮੱਝੀਆਂ ਚਾਰਨ ਵਾਲਾ, ਫਰਹਾਦ ਆਪਣੀ ਸ਼ੀਰੀਂ ਲਈ ਪਰਬਤ ਚੀਰਦਾ ਹੈ, ਮਹੀਂਵਾਲ ਆਪਣੀ ਸੋਹਣੀ ਲਈ ਪੱਟ ਦਾ ਮਾਸ ਖੁਆਉਂਦਾ ਹੈ। ਇੰਦਰ ਬਾਣੀਆਂ ਆਪਣੀ ਬੇਗੋਨਾਰ ਲਈ ਪੂਰੀ ਹੱਟੀ ਨੂੰ ਅਗਨ ਭੇਂਟ ਕਰ ਦਿੰਦਾ ਹੈ। ਸਿਰਫ ਮਿਰਜ਼ੇ ਨੂੰ ਹੀ ਤਨ ਭੋਗੀ ਕਹਿ ਸਕਦੇ ਹਾਂ ਬਾਕੀ ਸਾਰੇ ਰੂਹਾਂ ਦੇ ਵਣਜਾਰੇ ਸੱਜਣ ਪਿਆਰੇ ਸਨ। ਸਾਡੇ ਸਭਿਆਚਾਰ ਦੀ ਸ਼ਕਤੀ ਇਨ੍ਹਾਂ ਮੁਹੱਬਤੀ ਰੂਹਾਂ ਸਦਕਾ ਹੋਰ ਵੀ ਬਲਵਾਨ ਹੋ ਕੇ ਨਿਖਰਦੀ ਹੈ।

ਆਪਣੀ ਧਰਤੀ ਦੀ ਵਿਰਾਸਤ ਵਿੱਚ ਸੂਰਮਿਆਂ ਦਾ ਬਹੁਤ ਉਚੇਰਾ ਸਥਾਨ ਹੈ। ਤੱਤੀ ਤਵੀ ਤੇ ਬੈਠੇ ਗੁਰੂ ਅਰਜਨ ਦੇਵ ਜੀ ਤੋਂ ਲੈ ਕੇ ਸ਼ਹੀਦਾਂ ਮੁਰੀਦਾਂ ਦੀ ¦ਮੀ ਕਤਾਰ ਵੇਖਦਿਆਂ ਹੀ ਇਸ ਧਰਤੀ ਦੇ ਲੋਕਾਂ ਦੀ ਜਾਂਬਾਜ਼ ਵਿਰਾਸਤ ਦਾ ਪਤਾ ਲੱਗਦਾ ਹੈ। ਮੁਗਲਾਂ ਦੇ ਟਾਕਰੇ ਤੋਂ ਲੈ ਕੇ ਫਰੰਗੀਆਂ ਨਾਲ ਮੁਕਾਬਲੇ ਤੋਂ ਬਾਅਦ ਹਰ ਸੰਕਟ ਦੀ ਘੜੀ ਪੰਜਾਬੀਆਂ ਦਾ ਸਿੱਧੇ ਖੜੇ ਹੋ ਕੇ ਸੰਘਰਸ਼ ਕਰਨਾ ਵੀ ਸਾਡਾ ਸਭਿਆਚਾਰ ਹੈ। ਪੈਸੇ ਦੇ ਪੁੱਤ ਬਣਨ ਦੀ ਹੋੜ ਨੇ ਸਾਨੂੰ ਹੌਲੀ ਹੌਲੀ  ਬੰਦੇ ਦਾ ਪੁੱਤ ਨਹੀਂ ਰਹਿਣ ਦਿੱਤਾ। ਬੰਦਾ ਬੰਦਗੀ ਨਾਲ ਬਣਦਾ ਹੈ ਅਤੇ ਬੰਦਗੀ ਸਾਡੇ ਵਿਚੋਂ ਗੈਰ ਹਾਜ਼ਰ ਹੋ ਰਹੀ ਹੈ। ਸਭਿਆਚਾਰ ਦੀ ਅਸਲ ਸੂਰਤ ਪਛਾਣੋ, ਤੁਹਾਨੂੰ ਕਣ ਕਣ ਵਿਚੋਂ ਕਾਇਨਾਤ ਦਿਸੇਗੀ।

ਲੋਕ ਸੰਗੀਤ ਦਾ ਉੱਚਾ ਬੁਰਜ – ਅਮਰਜੀਤ ਗੁਰਦਾਸਪੁਰੀ
ਪੰਜਾਬ ਆਰਟਸ ਕੌਂਸਲ ਵੱਲੋਂ 13 ਮਈ ਨੂੰ ਸ਼ਿਵ ਆਡੀਟੋਰੀਅਮ ਬਟਾਲਾ ਵਿੱਚ ਸ਼ਿਵ ਕੁਮਾਰ ਬਾਰੇ ਰਾਜ ਪੱਧਰੀ ਸਮਾਗਮ ਵਿੱਚ ਸ਼ਿਵ ਦੇ ਨੇੜਲੇ ਬੇਲੀ ਅਮਰਜੀਤ ਗੁਰਦਾਸਪੁਰੀ ਨੂੰ ਸਨਮਾਨਿਤ ਕਰ ਰਹੀ ਹੈ। ਆਰਟਸ ਕੌਂਸਲ ਦੀ ਚੇਅਰ ਪਰਸਨ ਸਤਿੰਦਰ ਸੱਤੀ, ਵਾਈਸ ਚੇਅਰਮੈਨ ਸੁਰਿੰਦਰ ਸਿੰਘ ਵਿਰਦੀ ਦੋਵੇਂ ਬਟਾਲਵੀ ਨੇ। ਸਕੱਤਰ ਜਨਰਲ ਸ਼ਾਇਰ ਮੀਰ ਲਖਵਿੰਦਰ ਜੌਹਲ ਹੈ। ਇਸ ਤਿਕੋਨ ਦਾ ਫੈਸਲਾ ਕਿ ਸ਼ਿਵ ਦੇ ਉਸ ਬੇਲੀ ਨੂੰ ਬਟਾਲੇ ਵਿੱਚ ਸਨਮਾਨਿਤ ਕੀਤਾ ਜਾਵੇ ਜਿਸ ਦੀ ਬੰਬੀ ਤੇ ਬਹਿ ਕੇ ਸ਼ਿਵ ਨੇ ਅਨੇਕਾਂ ਗੀਤ ਲਿਖੇ।

ਅਮਰਜੀਤ ਗੁਰਦਾਸਪੁਰੀ ਪੰਜਾਬੀ ਲੋਕ ਸੰਗੀਤ ਵਿਰਸੇ ਦੀ ਉਹ ਸੁਰੀਲੀ ਤੰਦ ਹੈ ਜਿਸ ਦੀ ਟੁਣਕਾਰ ਉਮਰ ਦੇ 82ਵੇਂ ਵਰ੍ਹੇ ਵਿਚ ਦਾਖ਼ਲ ਹੋ ਕੇ ਵੀ ਅਜੇ ਟੱਲੀ ਵਾਂਗ ਟੁਣਕਦੀ ਹੈ । ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਉਦੋਵਾਲੀ ਕਲਾਂ ਦਾ ਜੰਮਿਆ ਜਾਇਆ ਜ਼ੈਲਦਾਰਾਂ ਦਾ ਪੁੱਤਰ ਕਮਿਉਨਿਸਟ ਪਾਰਟੀ ਦੇ ਸਭਿਆਚਾਰਕ ਵਿੰਗ ਦਾ ਸ਼ਕਤੀਸ਼ਾਲੀ ਕਾਰਕੁੰਨ ਬਣਿਆ ਤਾਂ ਲੋਕਾਂ ਨੇ ਗੱਲਾਂ ਕੀਤੀਆਂ, ਅਖੇ ! ਰੇਸ਼ਮੀ ਗਦੇਲਿਆਂ ਤੇ ਸੌਣ ਵਾਲਾ ਇਹ ਅਲੂੰਆਂ ਮੁੰਡਾ ਕਿਵੇਂ ਕੱਚਿਆਂ ਧੂੜ ਲਪੇਟੇ ਰਾਹਾਂ ਤੇ ਤੁਰੇਗਾ ? ਅਮਰਜੀਤ ਨੇ ਇਹ ਗੱਲ ਸੱਚ ਕਰ ਵਿਖਾਈ ਕਿ ਵਿਸ਼ਵਾਸ ਦੀ ਸ਼ਕਤੀ ਨਾਲ ਹਰ ਮੁਸੀਬਤ ਨੂੰ ਹੱਸ ਕੇ ਜ਼ਰਿਆ ਜਾ ਸਕਦਾ ਹੈ । ਤੇਰਾ ਸਿੰਘ ਚੰਨ, ਜਸਵੰਤ ਸਿੰਘ ਰਾਹੀ ਅਤੇ ਜੁਗਿੰਦਰ ਬਾਹਰਲਾ ਦਾ ਸਾਥੀ ਬਣ ਕੇ ਉਸਨੇ ਕਲਕੱਤੇ ਤੀਕ ਪੰਜਾਬੀ ਲੋਕ ਸੁਰਾਂ ਵਿਚ ਲਪੇਟੇ ਇਨਕਲਾਬੀ ਗੀਤਾਂ ਦੀ ਛਹਿਬਰ ਲਾਈ। ਉਸਦੀ ਸਹਿ ਗਾਇਕਾ ਵਜੋਂ ਇਸ ਇਨਕਲਾਬੀ ਸਫ਼ਰ ਦੌਰਾਨ ਪੰਜਾਬ ਦੀ ਕੋਇਲ ਵਜੋਂ ਜਾਣੀ ਜਾਂਦੀ ਪੰਜਾਬੀ ਸੰਗੀਤ ਦੀ ਦੇਵੀ ਸੁਰਿੰਦਰ ਕੌਰ ਨੇ ਵੀ  ਉਸਦੀ ਸਹਿ ਗਾਇਕਾ ਵਜੋਂ ਇਪਟਾ ਦੀਆਂ ਸਟੇਜਾਂ ਤੇ ਸਾਥ ਨਿਭਾਇਆ। ਤੇਰਾ ਸਿੰਘ ਚੰਨ ਦੇ ਲਿਖੇ ਸੰਗੀਤ ਨਾਟਕ ਪੰਜਾਬ ਦੀ ਆਵਾਜ਼, ਨੀਲ ਦੀ ਸ਼ਹਿਜ਼ਾਦੀ ਅਤੇ ਲੱਕੜ ਦੀ ਲੱਤ ਵਿਚ ਵਿਸ਼ਵ ਅਮਨ ਲਹਿਰ ਨੂੰ ਸਮਰਪਿਤ ਗੀਤਾਂ ਦਾ ਪਰਾਗਾ ਅਮਰਜੀਤ ਗੁਰਦਾਸਪੁਰੀ ਦੇ ਕੰਠ ਨੂੰ ਛੋਹ ਕੇ ਹੀ ਪੌਣਾਂ ਵਿਚ ਘੁਲਿਆ ।

ਰਸ ਭਰਪੂਰ ਵਾਰਤਕ ਦੇ ਲਿਖਾਰੀ ਅਤੇ ਉਸਤਾਦ ਲਾਲ ਚੰਦ ਯਮਲਾ ਜੱਟ ਦੇ ਸ਼ਾਗਿਰਦ ਨਿੰਦਰ ਘੁਗਿਆਣਵੀ ਨੇ ਅਮਰਜੀਤ ਗੁਰਦਾਸਪੁਰੀ ਦੇ ਜੀਵਨ ਦੇ ਆਧਾਰਿਤ ਇਕ ਟੈਲੀ ਫਿਲਮ ਬਣਾਈ ਹੈ ਜਿਸ ਵਿੱਚ ਉਸ ਦੀਆਂ ਜੀਵਨ ਯਾਦਾਂ ਅਤੇ ਲੋਕ ਗਾਇਕੀ ਦੇ ਕੁੱਝ ਨਮੂਨੇ ਵੀ ਅੰਕਿਤ ਕੀਤੇ ਹਨ।  ਇਸ ਫਿਲਮ ਵਿੱਚ ਅਮਰਜੀਤ ਗੁਰਦਾਸਪੁਰੀ ਦਾ ਜੀਵਨ ਭਰ ਕੀਤਾ ਸੰਘਰਸ਼ ਭਾਂਵੇ ਕਿਨਕਾ ਮਾਤਰ ਹੀ ਅੰਕਿਤ ਹੋ ਸਕਿਆ ਹੈ ਪਰ ਖੂਬਸੂਰਤ ਯਤਨ ਲਈ ਮੈਂ ਉਸ ਦਾ ਰਹਿੰਦੀ ਉਮਰ ਤੀਕ ਰਿਣੀ ਰਹਾਂਗਾ। ਇਹ ਫਿਲਮ ਲੁਧਿਆਣਾ ਜਿਲ੍ਹੇ ਦੇ ਦੋ  ਹਿੰਮਤੀ ਨੌਜਵਾਨਾਂ ਰਜਿੰਦਰ ਅਤੇ ਦੇਵਿੰਦਰ ਨਾਂ ਵਾਲੇ ਝਾਂਡੇ ਬਰਦਰਜ਼ ਨੇ ਆਪਣੀ ਕੰਪਨੀ ਵਲੋਂ ਰਿਲੀਜ਼ ਕੀਤਾ ਹੈ।  ਇਹ ਫਿਲਮ ਆਮ ਬੰਦਿਆਂ ਲਈ ਭਾਂਵੇ ਬਹੁਤੀ ਦਿਲਚਸਪੀ ਦਾ ਵਸੀਲਾ ਨਾਂ ਬਣ ਸਕੇ ਪਰ ਇਤਹਾਸ ਦੇ ਵਾਕਫਕਾਰਾਂ ਲਈ ਸੰਭਾਲਣਯੋਗ ਤੋਹਫਾ ਹੋਵੇਗਾ। ਗੁਰਪ੍ਰੀਤ ਸਿੰਘ ਤੂਰ ਨੇ ਇਸ ਫਿਲਮ ਦੇ ਤਿਆਰੀ ਅਤੇ ਪਿਰਥੀਪਾਲ ਸਿੰਘ ਬਟਾਲਾ ਨੇ ਇਸਦੇ ਪਸਾਰ ਦੀ ਜ਼ਿੰਮੇਵਾਰੀ ਨਿਭਾਈ ਹੈ। ਬਾਬਾਣੀਆਂ ਕਹਾਣੀਆਂ, ਪੁੱਤ ਸਪੁੱਤ ਕਰੇਨਿ।  ਰਾਤੀ ਹੀ ਮੈਂ ਸ਼ਬਦੀਸ਼ ਅਤੇ ਅਨੀਤਾ ਵਲੋਂ ਸ. ਗੁਰਸ਼ਰਨ ਸਿੰਘ ਬਾਰੇ ਬਣਾਈ ਦਸਤਾਵੇਜੀ ਫਿਲਮ ਵੇਖ ਰਿਹਾ ਸਾਂ।  ਇਪਟਾ ਦੇ ਜ਼ਿਕਰ ਵੇਲੇ ਅਮਰਜੀਤ ਗੁਰਦਾਸਪੁਰੀ ਦੀ ਤਸਵੀਰ ਵੇਖੀ, ਪੰਜਾਬ ਦੀ ਕੋਇਲ ਸੁਰਿੰਦਰ ਕੌਰ ਨਾਲ ਮਿਰਜ਼ਾ ਸਹਿਬਾ ਗਾਉਂਦਿਆਂ।  ਇੰਝ ਲੱਗਾ ਜਿਵੇਂ ਅਮਰਜੀਤ ਗੁਰਦਾਸਪੁਰੀ ਨੁੰ ਢਿੱਡੋਂ ਪਿਆਰ ਕਰਨ ਵਾਲਾ ਗੁਰਸ਼ਰਨ ਸਿੰਘ ਤਾਂ ਚਲਾ ਗਿਆ ਹੈ। ਨਵੀਂ ਪੀੜ੍ਹੀ ਨੂੰ ਉਸ ਦੇ ਗੁਣਾ ਬਾਰੇ ਦੱਸਣ ਦੀ ਜ਼ਿਮੇਵਾਰੀ ਹੁਣ ਸਾਡੀ ਹੈ।

ਜ਼ਿਲ੍ਹਾ ਗੁਰਦਾਸਪੁਰ ਦੀ ਡੇਰਾ ਬਾਬਾ ਨਾਨਕ ਤਹਿਸੀਲ ਦੇ ਪਿੰਡ ਉਦੋਵਾਲੀ ਕਲਾਂ ਨੂੰ ਮਹੱਤਵਪੂਰਨ ਪਿੰਡ ਬਣਾਉਣ ਵਿਚ ਅਮਰਜੀਤ ਗੁਰਦਾਸਪੁਰੀ ਦਾ ਬਹੁਤ ਵੱਡਾ ਯੋਗਦਾਨ ਹੈ। ਪਹਿਲਾਂ ਇਹ ਪਿੰਡ ਸਿਰਫ਼ ਉਸਦੇ ਦਾਦਾ ਜੀ ਜ਼ੈਲਦਾਰ ਹਰਨਾਮ ਸਿੰਘ ਜਾਂ ਪਿੰਡ ਦੇ ਅਕਾਲੀ ਆਗੂ ਜਥੇਦਾਰ ਗੁਰਦਿੱਤ ਸਿੰਘ ਕਰਕੇ ਜ਼ਿਲ੍ਹੇ ਵਿਚ ਜਾਣਿਆ ਜਾਂਦਾ ਸੀ ਪਰ ਅਮਰਜੀਤ ਦੀ ਆਵਾਜ਼ ਨੇ ਤਾਂ ਇਸ ਪਿੰਡ ਨੂੰ ਦੇਸ਼ ਦੇਸ਼ਾਂਤਰ ਵਿਚ ਪ੍ਰਸਿੱਧ ਕਰ ਦਿੱਤਾ ਹੈ। ਪੂਰੀ ਦੁਨੀਆਂ ਵਿਚ ਸ਼ਾਇਦ ਹੀ ਕੋਈ ਜਿਊਂਦਾ ਜਾਗਦਾ ਕਲਾਪ੍ਰਸਤ ਹੋਵੇ ਜਿਸ ਨੂੰ ਗੁਰਦਾਸਪੁਰੀ ਦੀ ਮਹਿਕ ਭਿੱਜੀ ਅਵਾਜ਼ ਸਦਕਾ ਉਦੋਵਾਲੀ ਕਲਾਂ ਦਾ ਪਤਾ ਨਾ ਹੋਵੇ । 1933 ਵਿਚ ਅਮਰਜੀਤ ਨੇ ਸਰਦਾਰ ਰਛਪਾਲ ਸਿੰਘ ਰੰਧਾਵਾ ਦੇ ਘਰ ਜਨਮ ਲਿਆ। ਸਿਰਫ਼ 32 ਸਾਲ ਦੀ ਉਮਰ ਹੰਢਾ ਕੇ ਉਸਦੇ ਪਿਤਾ ਜੀ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ।

ਅਮਰਜੀਤ ਗੁਰਦਾਸਪੁਰੀ ਦੇ ਪਿੰਡ ਵਿਚ ਰਹਿੰਦਾ ਇਕ ਨੌਜੁਆਨ ਬਾਬਾ ਦਰਸ਼ੋ ਅਕਸਰ ਗਲੀਆਂ ਵਿਚ ਵਾਰਸ ਦੀ ’ਹੀਰ’, ਪੀਲੂ ਦਾ ’ਮਿਰਜ਼ਾ’ ਅਤੇ ਕਾਦਰ ਯਾਰ ਦਾ ’ਪੂਰਨ ਭਗਤ’ ਗਾਉਂਦਾ ਫਿਰਦਾ । ਪਿੰਡ ਦੇ ਮੁੰਡੇ ਅਕਸਰ ਉਸਦੀ ਆਵਾਜ਼ ਨਾਲ ਸੁਰ ਮਿਲਾਉਂਦੇ । ਅਮਰਜੀਤ ਵੀ ਉਨ੍ਹਾਂ ਮੁੰਡਿਆਂ ਵਿਚੋਂ ਇਕ ਹੁੰਦਾ। ਉਸਨੂੰ ਇਸ ਗੱਲ ਦਾ ਇਲਮ ਹੀ ਨਹੀਂ ਸੀ ਕਿ ਇਹੀ ਸ਼ੌਂਕ ਉਸ ਲਈ ਜ਼ਿੰਦਗੀ ਦਾ ਗਹਿਣਾ ਬਣ ਜਾਵੇਗਾ। ਬਾਬਾ ਦਰਸ਼ੋ ਰਵਾਇਤੀ ਮਿਰਜ਼ਾ ਸਹਿਬਾਂ ਦੀ ਥਾਂ ਲੋਕ ਅੰਗ ਵਿਚ ਲਿਖੇ ਮਿਰਜ਼ੇ ਦੇ ਬੋਲ ਅਲਾਪਦਾ ।

ਨੀਂ ਦਿੱਲੀਏ ਕਾਗਾਂ ਹਾਰੀਏ, ਨੀ ਤੇਰਾ ਸੂਹਾ ਨੀ ਚੰਦਰੀਏ ਬਾਣਾ …….

ਇਸ ਵਿਚ ਉਹ 360 ਬਲਦ ਲੱਦ ਕੇ ਲੂਣ ਦਾ ਵਪਾਰ ਕਰਨ ਵਾਲੇ ਲੁਬਾਣੇ ਦਾ ਵੀ ਜ਼ਿਕਰ ਕਰਦਾ, ਜਿਸ ਵਿਚ ਉਸ ਦੀ ਲੁਬਾਣੀ ਦੀ ਮੌਤ ਦਾ ਵੀ ਜ਼ਿਕਰ ਹੁੰਦਾ। ਮਿਰਜ਼ੇ ਦੀ ਸਾਹਿਬਾਂ ਨੂੰ ਉਹ ਲੁਬਾਣਾ ਆਪਣੇ ਨਾਲ ਵਿਆਹ ਕਰਵਾਉਣ ਦੀ ਗੱਲ ਕਰਦਾ ਪਰ ਸਾਹਿਬਾਂ ਆਪਣੇ ਮਿਰਜ਼ੇ ਦੀ ਮੌਤ ਦਾ ਵੇਰਵਾ ਕਰਦੀ। ਇਸ ਵਿਚ ਅੰਤਲਾ ਬੰਦ ਇਹੀ ਹੁੰਦਾ ਕਿ ਸਾਹਿਬਾਂ ਆਪਣੇ ਮਹਿਬੂਬ ਮਿਰਜ਼ੇ ਦੀ ਮੌਤ ਨੂੰ ਦਸਦੀ-ਦਸਦੀ ਆਪਣੇ ਆਪ ਨੂੰ ਵੀ ਸਰਵਾਹੀ ਭਾਵ ਤਲਵਾਰ ਨਾਲ ਖਤਮ ਕਰ ਲੈਂਦੀ ਹੈ । ਇਸ ਵਿਚਲਾ ਦਰਦ ਜਦੋਂ ਅਮਰਜੀਤ ਗੁਰਦਾਸਪੁਰੀ ਦੀ ਆਵਾਜ਼ ਵਿਚ ਘੁਲ ਕੇ ਅੱਜ ਪੇਸ਼ ਹੁੰਦਾ ਹੈ ਤਾਂ ਉਹ ਦ੍ਰਿਸ਼ ਜਾਗਦਿਆਂ ਤਾਂ ਕੀ ਸੁੱਤਿਆਂ ਸੁੱਤਿਆਂ ਵੀ ਅੱਖਾਂ ਅੱਗੋਂ ਨਹੀਂ ਜਾਂਦਾ। ਇਹ ਪਹਿਲਾ ਗੀਤ ਸੀ ਜਿਸ ਨੇ ਅਮਰਜੀਤ ਨੂੰ ਗਾਇਕੀ ਦੇ ਰਾਹ ਤੋਰਿਆ ।

ਫ਼ਜ਼ਲਾਬਾਦ (ਗੁਰਦਾਸਪੁਰ) ਦੇ ਕਾਮਰੇਡ ਬਲਜੀਤ ਸਿੰਘ ਫ਼ਜ਼ਲਾਬਾਦ ਨਾਲ ਅਮਰਜੀਤ ਦੀ ਦੋਸਤੀ ਨੇ ਅਜਿਹਾ ਸੂਹਾ ਰੰਗ ਚਾੜ੍ਹਿਆ ਕਿ ਉਹ ਆਪ ਇਸ ਰਸਤੇ ਦਾ ਮੁਸਾਫ਼ਿਰ ਬਣ ਗਿਆ। 1952 ਵਿਚ ਉਸਨੇ ਫ਼ਜ਼ਲਾਬਾਦ ਵਿਖੇ ਹੋਈ ਕਿਸਾਨ ਕਾਨਫਰੰਸ ਵਿਚ ਪਹਿਲੀ ਵਾਰ ਮੰਚ ਤੇ ਖਲੋ ਕੇ ਇਹ ਗੀਤ ਗਾਇਆ

ਅੱਗੇ ਨਾਲੋਂ ਵੱਧ ਗਈਆਂ ਹੋਰ ਮਜ਼ਬੂਰੀਆਂ ।

ਹੁਣ ਨਹੀਉਂ ਹੁੰਦੀਆਂ, ਸਬਰ ਸਬੂਰੀਆਂ ।

ਇਹ ਗੀਤ ਗਾਉਣ ਤੋਂ ਪਹਿਲਾਂ ਉਹ ਸਿਰਫ਼ ਪਿੰਡ ਦਾ ਜਵਾਈ-ਭਾਈ ਸੀ ਜਿਸਨੂੰ ਉਸਦੇ ਰਿਸ਼ਤੇਦਾਰ ਮੁੰਡਿਆਂ ਨੇ ਇਹ ਕਹਿ ਕੇ ਸਟੇਜ ਤੇ ਚਾੜ੍ਹ ਦਿੱਤਾ ਸੀ ਕਿ ਸਾਡਾ ਪਰਾਹੁਣਾ ਵੀ ਗਾਉਂਦੈ, ਇਹਨੂੰ ਸੁਣੋ । ਇਸ ਤੋਂ ਬਾਅਦ ਅਮਰਜੀਤ ਗੁਰਦਾਸਪੁਰੀ ਵਿਸ਼ਾਲ ਲੋਕ ਸਮੂੰਹ ਦਾ ਚਹੇਤਾ ਗਵਈਆ ਬਣ ਗਿਆ । ਇਲਾਕੇ ਦੇ ਸ਼ਾਇਰ ਜਸਵੰਤ ਸਿੰਘ ਰਾਹੀ, ਮਹੈਣ ਸਿੰਘ ਅਨਪੜ ਅਤੇ ਅਜਿਹੇ ਕਈ ਹੋਰ ਲੋਕ ਉਸਨੂੰ ਆਪਣੇ ਗੀਤ ਦੇਣ ਲੱਗੇ । ਮਿੱਠੀ ਆਵਾਜ਼ ਨਾਲ ਉਮਰਾਂ ਦੀ ਸਾਂਝ ਪਾਉਣ ਲਈ । ਇਨ੍ਹਾਂ ਹੀ ਸਮਿਆਂ ਵਿਚ ਉਸਨੇ ਡੇਰਾ ਬਾਬਾ ਨਾਨਕ ਲਾਗਲੇ ਪਿੰਡ ਜੌੜੀਆਂ ਦੇ ਜੰਮੇ ਜਾਏ ਪੰਜਾਬੀ ਸ਼ਾਇਰ ਅਮਰ ਚਿੱਤਰਕਾਰ ਦਾ ਗੀਤ

ਜਿਉਂਦੇ ਜੀ ਆ ਸੋਹਣਿਆ, ਤੈਨੁੰ ਸੁਰਗ ਵਿਖਾਵਾਂ ।

ਲੱਗੀਆਂ ਹੋਈਆਂ ਰੌਣਕਾਂ, ਪਿਪਲਾਂ ਦੀਆਂ ਛਾਵਾਂ ।

ਇਹ ਵਕਤ ਲੋਕ ਉਭਾਰ ਦਾ ਵਕਤ ਸੀ । ਆਜ਼ਾਦੀ ਮਗਰੋਂ ਕਮਿਊਨਿਸਟ ਆਗੂ ਇਸ ਆਜ਼ਾਦੀ ਨੂੰ ਅਸਲੀ ਆਜ਼ਾਦੀ ਨਹੀਂ ਸਨ ਮੰਨਦੇ । ਉਹ ਇਸਨੂੰ ਨਕਲੀ ਆਜ਼ਾਦੀ ਆਖਦੇ । ਜਸਵੰਤ ਸਿੰਘ ਰਾਹੀ ਵਰਗੇ ਸ਼ਾਇਰ ਸਰਕਾਰੀ ਨੀਤੀਆਂ ਦਾ ਨੰਗ ਬੇ-ਪਰਦ ਕਰਦੇ ਤੇ ਲਿਖਦੇ

ਗੌਰਮਿੰਟ ਨੇ ਝੱਗਾ ਦਿੱਤਾ, ਪਾ ਲਓ ਲੋਕੋ ਪਾ ਲਓ ।

ਅੱਗਾ ਪਿੱਛਾ ਹੈ ਨਹੀ ਜੇ ਤੇ, ਬਾਹਵਾਂ ਆਪ ਲੁਆ ਲਓ ।

ਅਮਰਜੀਤ ਗੁਰਦਾਸਪੁਰੀ ਆਪਣੇ ਸਾਥੀ ਦਲੀਪ ਸਿੰਘ ਸ਼ਿਕਾਰ ਨਾਲ ਮਿਲ ਕੇ ਇਹੋ ਜਿਹੇ ਗੀਤਾਂ ਨੂੰ ਗਾਉਂਦੇ। ਲੋਕਾਂ ਵਿਚ ਚਾਨਣ-ਚੇਤਨਾ ਦਾ ਬੀਜ ਬੀਜਦੇ। ਹੌਲੀ-ਹੌਲੀ ਉਹ ਇੰਡੀਅਨ ਪੀਪਲ ਥੀਏਟਰ ਐਸੋਸੀਏਸ਼ਨ (ਇਪਟਾ) ਦੀ ਗੁਰਦਾਸਪੁਰ ਇਕਾਈ ਦਾ ਕਲਾਕਾਰ ਬਣ ਗਿਆ। ਉਸਦੀ ਕੀਰਤੀ ਸੂਬੇ ਵਿਚ ਪਹੁੰਚੀ ਤਾਂ ਇਪਟਾ ਦੇ ਮੋਹਰੀ ਆਗੂਆਂ ਤੇਰਾ ਸਿੰਘ ਚੰਨ ਅਤੇ ਜੁਗਿੰਦਰ ਬਾਹਰਲਾ ਨੇ ਉਸਨੂੰ ਸੂਬੇ ਦੇ ਕਲਾਕਾਰਾਂ ਵਿਚ ਲੈ ਲਿਆ। ਨਰਿੰਦਰ ਦੋਸਾਂਝ, ਹੁਕਮ ਚੰਦ ਖਲੀਲੀ, ਜਗਦੀਸ਼ ਫਰਿਆਦੀ, ਪ੍ਰੋਫ਼ੈਸਰ ਨਿਰੰਜਨ ਸਿੰਘ ਮਾਨ, ਗਾਇਕਾ ਸੁਰਿੰਦਰ ਕੌਰ, ਉਸਦੇ ਪਤੀ ਪ੍ਰੋਫ਼ੈਸਰ ਜੋਗਿੰਦਰ ਸਿੰਘ ਸੋਢੀ, ਨਵਤੇਜ ਸਿੰਘ ਪ੍ਰੀਤਲੜੀ, ਉਨ੍ਹਾਂ ਦੀ ਪਤਨੀ ਬੀਬੀ ਮਹਿੰਦਰ ਕੌਰ ਵੀ ਉਨ੍ਹਾਂ ਦੇ ਨਾਲ ਹੀ ਇਸ ਸਭਿਆਚਾਰ ਕਾਫ਼ਲੇ ਵਿਚ ਸ਼ਾਮਿਲ ਸਨ ।

ਅਮਰਜੀਤ ਗੁਰਦਾਸਪੁਰੀ ਇਪਟਾ ਅਤੇ ਕਮਿਊਨਿਸਟ ਲਹਿਰ ਵਿਚ ਗੁਜ਼ਾਰੇ ਪਲਾਂ ਦਾ ਜ਼ਿਕਰ ਕਰਦਿਆਂ ਆਖਦਾ ਹੈ ਕਿ ਉਹ ਉਤਸ਼ਾਹ ਦੀ ਭਰਪੂਰਤਾ ਦੇ ਦਿਨ ਸਨ । ਉਸਨੂੰ ਉਹ ਦਿਨ ਵੀ ਅੱਜ ਯਾਦ ਆਉਂਦਾ ਹੈ ਜਦ ਆਪਣੇ ਮਿੱਤਰ ਅਤੇ ਸਹਿਯੋਗੀ ਕਲਾਕਾਰ ਦਲੀਪ ਸਿੰਘ ਸ਼ਿਕਾਰ ਨੂੰ ਸਾਇਕਲ ਤੇ ਬਿਠਾ ਕੇ ਉਹ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਜੋਗਿੰਦਰ ਬਾਹਰਲਾ ਦੇ ਪਿੰਡ ਚਬੇਵਾਲ ਜਿਆਣ ਪਹੁੰਚੇ। ਜਾਣ ਸਾਰ ਉਨ੍ਹਾਂ ਨੂੰ ਕਮਿਊਨਿਸਟ ਆਗੂ ਡਾ. ਭਾਗ ਸਿੰਘ ਜੀ ਨੇ ਸਟੇਜ ਤੇ ਚੜ੍ਹਾ ਦਿੱਤਾ ਤੇ ਉਹ ਸਾਰੀ ਰਾਤ ਹੀ ਗਾਉਂਦੇ ਰਹੇ। ਇਨਕਲਾਬੀ ਗੀਤਾਂ ਦੇ ਵਜ਼ਦ ਕਾਰਨ ਥਕੇਵਾਂ ਤੇ ਅਕੇਵਾਂ ਉਨ੍ਹਾਂ ਦੇ ਨੇੜੇ ਨਹੀਂ ਸੀ ਆਉਂਦਾ । ਪਰ ਇਕ ਗੱਲ ਦਾ ਕੰਡਾ ਅੱਜ ਵੀ ਉਸ ਦੇ ਮਨ ਮਸਤਕ ਵਿਚ ਰੜਕਦਾ ਹੈ, ਸਾਡੇ ਆਗੂਆਂ ਨੇ ਇਪਟਾ ਜਾਂ ਕਲਚਰਲ ਸਕੁਆਡ ਦੇ ਕਲਾਕਾਰਾਂ ਨੂੰ ਕਦੇ ਸਾਥੀ ਨਹੀਂ ਸੀ ਸਮਝਿਆ ਸਿਰਫ਼ ਭੀੜ ਇਕੱਠੀ ਕਰਨ ਵਾਲੇ ਸੰਦ ਸਮਝ ਕੇ ਹੀ ਵਰਤਦੇ ਰਹੇ। ਇਸਦਾ ਇਕ ਹਵਾਲਾ ਉਹ ਧੁਆਣ ਦਮੋਦਰ (ਗੁਰਦਾਸਪੁਰ) ਦੀ ਕਾਨਫਰੰਸ ਦਾ ਦੇ ਕੇ ਦਸਦਾ ਹੈ ਕਿ ਕਿਵੇਂ ਇਕ ਸਿਆਲੀ ਰਾਤ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਕਿਸੇ ਦੇ ਘਰ ਆਪਣੇ ਸੌਣ ਲਈ ਬਿਸਤਰੇ ਵਿਛਾਏ। ਪਰ ਜਦ ਅੱਧੀ ਰਾਤ ਨੂੰ ਪ੍ਰੋਗਰਾਮ ਨੂੰ ਪੇਸ਼ ਕਰਕੇ ਪਰਤੇ ਤਾਂ ਉਨ੍ਹਾਂ ਬਿਸਤਰਿਆਂ ਤੇ ਸੀਨੀਅਰ ਕਾਮਰੇਡ ਸੁੱਤੇ ਪਏ ਸਨ। ਨਾ ਬਿਸਤਰਾ, ਨਾ ਰੋਟੀ, ਨਾ ਪਾਣੀ । ਠਰੀਆਂ ਤੇ ਆਕੜੀਆਂ ਰੋਟੀਆਂ ਨੂੰ ਜਦ ਗਰਮ ਕਰਨ ਲਈ ਆਖਿਆ ਤਾਂ ਇਕ ਸੀਨੀਅਰ ਕਾਮਰੇਡ ਖੰਘੂਰਾ ਮਾਰ ਕੇ ਬੋਲਿਆ,  ਤੁਸੀਂ ਇਨਕਲਾਬ ਕੀ ਲਿਆਓਗੇ, ਜਿਹੜੇ ਤੱਤੀਆਂ ਰੋਟੀਆਂ ਮੰਗਦੇ ਓ। ਅਮਰਜੀਤ ਵੱਲ ਇਸ਼ਾਰਾ ਕਰਕੇ ਘੂਰਦਿਆਂ ਬੋਲਿਆ, ਤੇਰੇ ਵਿਚੋਂ ਜ਼ੈਲਦਾਰੀ ਨਹੀਂ ਗਈ। ਉਸ ਰਾਤ ਮੈਂ ਬੇਹੱਦ ਉਦਾਸ ਹੋਇਆ। ਕਮਿਊਨਿਸਟ ਪਾਰਟੀ ਤੇ ਪਾਬੰਦੀ ਲੱਗਣ ਵੇਲੇ ਉਹ ਵੀ ਰੂਪੋਸ਼ ਹੋ ਗਿਆ ਅਤੇ ਮੋਗਾ, ਫ਼ਰੀਦਕੋਟ, ਢੂਡੀਕੇ, ਨਿਹਾਲਸਿੰਘਵਾਲਾ ਇਲਾਕੇ ਦੇ ਲੋਕ ਜੰਗਲ ਵਿਚ ਲੁਕਿਆ ਰਿਹਾ। ਜਸਵੰਤ ਸਿੰਘ ਕੰਵਲ, ਕਾਮਰੇਡ ਲਖਬੰਸ, ਕੁਲਭੂਸ਼ਨ ਬੱਧਣਵੀ, ਸੁਰਜੀਤ ਗਿੱਲ ਨਾਲ ਦੋਸਤੀ ਉਨ੍ਹਾਂ ਵਰ੍ਹਿਆਂ ਵਿਚ ਹੀ ਪਈ ।

ਅਮਰਜੀਤ ਗੁਰਦਾਸਪੁਰੀ ਨੇ ਮਾਝੇ ਦੀ ਗਾਇਕੀ ਦੀ ਉਸ ਰਵਾਇਤ ਨੂੰ ਉਸ ਵੇਲੇ ਸਿਖ਼ਰਾਂ ਤੇ ਪਹੁੰਚਾ ਦਿੱਤਾ ਜਦ ਗੋਲ ਬਾਗ ਅੰਮ੍ਰਿਤਸਰ ਵਿਖੇ ਹੋਈ ਅਮਨ ਕਾਨਫਰੰਸ ਵਿਚ ਉਸਨੇ ਤੇਰਾ ਸਿੰਘ ਚੰਨ ਦਾ ਲਿਖਿਆ ਗੀਤ ’ਕਾਗ ਸਮੇਂ ਦਾ ਬੋਲਿਆ ਨੀ ਅਮਨਾਂ ਦੀ ਬੋਲੀ’ ਗਾਇਆ। ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ ਦਸਦੇ ਨੇ ਕਿ ਉਸ ਕਾਨਫਰੰਸ ਵਿਚ ਹਾਜ਼ਰੀ ਇਕ ਲੱਖ ਤੋਂ ਵੱਧ ਲੋਕਾਂ ਦੀ ਸੀ ਅਤੇ ਉਨ੍ਹਾਂ ਹਾਜ਼ਰ ਲੋਕਾਂ ਵਿਚੋਂ ਹਰ ਕਿਸੇ ਨੇ ਇਸ ਗੀਤ ਨੂੰ ਸਾਹ-ਸੁਆਸ ਰੋਕ ਕੇ ਸਿਰਫ਼ ਸੁਣਿਆ ਹੀ ਨਾ ਸਗੋਂ ਦੁਬਾਰਾ ਸੁਣਾਉਣ ਲਈ ਵੀ ਆਖਿਆ। ਇਹ ਗੀਤ ਵਿਸ਼ਵ ਅਮਨ ਲਹਿਰ ਵਿਚ ਪੰਜਾਬ ਦਾ ਨਿੱਗਰ ਹਿੱਸਾ ਬਣਿਆ । ਕੁੱਝ ਵਰ੍ਹੇ ਪਹਿਲਾਂ ਜਦੋਂ ਪੰਜਾਬ ਵਿਚ ਅੱਤਵਾਦ ਸਿਖ਼ਰਾਂ ਤੇ ਸੀ ਤੇ ਪੰਜਾਬ ਵਿਚੋਂ ਵੀ ਗੁਰਦਾਸਪੁਰ ਦਾ ਸਰਹੱਦੀ ਇਲਾਕਾ ਸਭ ਤੋਂ ਵੱਧ ਬਲਦੀ ਦੇ ਬੁੱਥੇ ਸੀ ਤਾਂ ਅਮਰਜੀਤ ਮੇਰਾ ਲਿਖਿਆ ਗੀਤ

ਸਾਨੂੰ ਮੋੜ ਦਿਓ ਰੰਗਲਾ ਪੰਜਾਬ, ਅਸੀਂ ਨਹੀਂ ਕੁਝ ਹੋਰ ਮੰਗਦੇ ।

ਸਾਨੂੰ ਮੋੜ ਦਿਓ ਖਿੜਿਆ ਗੁਲਾਬ, ਅਸੀਂ ਨਹੀਂ ਕੁਝ ਹੋਰ ਮੰਗਦੇ ।

ਆਪਣੀ ਮਿੱਠੀ ਆਵਾਜ਼ ਵਿਚ ਗਾ ਕੇ ਪਿੰਡ-ਪਿੰਡ ਗਿਆ। ਉਸਦੀ ਤੂੰਬੀ ਦੀ ਤਾਰ ਇਹ ਵੀ ਅਲਾਪਦੀ ਰਹੀ, ਨੀ ਘੁਗੀਏ ਉਡਦੀ ਰਹੀਂ, ਤੇਰੇ ਲੱਗੇ ਭਾਵੇਂ ਮਗਰ ਸ਼ਿਕਾਰੀ। ਇਹ ਗੀਤ ਉਸ ਤਪਦੀ ਧਰਤੀ ਤੇ ਠੰਢੀਆਂ ਕਣੀਆਂ ਵਰਗਾ ਅਹਿਸਾਸ ਸਿਰਜਦੇ। 1986 ਵਿਚ ਇਪਟਾ ਨੇ ਪੰਜਾਬੀ ਭਵਨ ਲੁਧਿਆਣਾ ਵਿਚ ਪ੍ਰਸਿੱਧ ਉਰਦੂ ਸ਼ਾਇਰ ਕੈਫੀ ਆਜ਼ਮੀ ਸਾਹਿਬ ਦੀ ਸਦਾਰਤ ਅਧੀਨ ਇਪਟਾ ਦੀ ਗੋਲਡਨ ਜੁਬਲੀ ਮਨਾਉਣ ਲਈ ਸਮਾਗਮ ਰਚਿਆ। ਉਸ ਵਿਚ ਹੋਰ ਕਲਾਕਾਰਾਂ ਤੋਂ ਇਲਾਵਾ ਅਮਰਜੀਤ ਗੁਰਦਾਸਪੁਰੀ ਨੂੰ ਵੀ ਸਨਮਾਨਿਤ ਕੀਤਾ ਗਿਆ। ਇਹ ਉਹ ਸਮਾਂ ਸੀ ਜਦ ਪੰਜਾਬ ਦੇ ਹਿੰਦੂ ਇਸ ਸੂਬੇ ਨੂੰ ਛੱਡ ਕੇ ਹਰਿਆਣਾ, ਦਿੱਲੀ ਅਤੇ ਹੋਰ ਸੂਬਿਆਂ ਵਿਚ ਵਸਣ ਲਈ ਜਾ ਰਹੇ ਸਨ। ਮਾਝਾ ਇਲਾਕਾ ਇਸ ਦਰਦ ਨੂੰ ਸਭ ਤੋਂ ਵੱਧ ਸਹਿ ਰਿਹਾ ਸੀ। ਇਸ ਪੀੜ ਨੂੰ ਗੁਰਦਾਸਪੁਰੀ ਨੇ ਪੰਜਾਬੀ ਭਵਨ ਦੇ ਮੰਚ ਤੇ ਵਾਰਸ ਸ਼ਾਹ ਦੀ ਹੀਰ ਦੇ ਹਵਾਲੇ ਨਾਲ ਇਉਂ ਪੇਸ਼ ਕੀਤਾ

ਵੀਰਾ ਅੰਮੜੀ ਜਾਇਆ ਜਾਹ ਨਾਹੀ, ਸਾਨੂੰ ਨਾਲ ਫਿਰਾਕ ਦੇ ਮਾਰ ਨਾਹੀ ।

ਭਾਈ ਮਰਨ ਤੇ ਪੌਦੀਆਂ ਭ¤ਜ ਬਾਹਾਂ, ਭਾਈ ਗਿਆਂ ਜੇਡੀ ਕਾਈ ਹਾਰ ਨਾਹੀ ।

ਦਰਦ ਭਿੱਜੇ ਇਨ੍ਹਾਂ ਬੋਲਾਂ ਨੂੰ ਦਸ ਹਜ਼ਾਰ ਤੋਂ ਵੱਧ ਸੁਰੋਤਿਆਂ ਨੇ ਸਾਹ ਰੋਕ ਕੇ ਸੁਣਿਆ। ਇਹ ਗੀਤ ਮੁੱਕਣਸਾਰ ਕੈਫੀ ਆਜ਼ਮੀ ਦੀ ਜੀਵਨ ਸਾਥਣ ਅਤੇ ਇਪਟਾ ਲਹਿਰ ਦੀ ਮਜ਼ਬੂਤ ਥੰਮ ਰਹੀ ਕਲਾਕਾਰ ਸ਼ੌਕਤ ਆਜ਼ਮੀ ਇਕ ਦਮ ਮੰਚ ਤੇ ਆਈ ਤੇ ਬੋਲੀ,

ਐ ਪੰਜਾਬ ਵਾਲੋ ! ਇਤਨਾ ਕੀਮਤੀ ਹੀਰਾ ਛੁਪਾਈ ਬੈਠੇ ਹੋ, ਮੇਰਾ ਸਾਰਾ ਕੁਝ ਲੇ ਲੋ, ਮੁਝੇ ਅਮਰਜੀਤ ਗੁਰਦਾਸਪੁਰੀ ਦੇ ਦੋ । ਇਸਨੇ ਜੋ ਪੰਜਾਬ ਕਾ ਦਰਦ ਗਾਇਆ ਹੈ, ਕਾਸ਼ ਵੋਹ ਮੇਰਾ ਹਿੱਸਾ ਬਨ ਜਾਏ ਔਰ ਵੋਹ ਦਿਨ ਕਭੀ ਨਾ ਆਏ ਜਬ ਹਿੰਦੂ ਭਾਈਓਂ ਕੇ ਜਾਨੇ ਕਾ ਰੁਦਨ ਅਮਰਜੀਤ ਗੁਰਦਾਸਪੁਰੀ ਜੈਸੇ ਕਲਾਕਾਰੋਂ ਕੋ ਫਿਰ ਕਰਨਾ ਪੜੇ ।

ਸ. ਜਗਦੇਵ ਸਿੰਘ ਜਸੋਵਾਲ ਅਤੇ ਪੰਜਾਬੀ ਨਾਵਲਕਾਰ ਰਾਮ ਸਰੂਪ ਅਣਖੀ ਇਸ ਗੱਲ ਦੀ ਗਵਾਹੀ ਦੇ ਸਕਦੇ ਹਨ ਕਿਉਂਕਿ ਉਸ ਰਾਤ ਸਾਡਾ ਸਾਰਿਆ ਦਾ ਟਿਕਾਣਾ ਜਸੋਵਾਲ ਸਾਹਿਬ ਦਾ ਚੁਬਾਰਾ ਹੀ ਸੀ । ਇਥੇ ਹੀ ਅਮਰਜੀਤ ਗੁਰਦਾਸਪੁਰੀ ਨੇ ਆਪਣੇ ਗੀਤਾਂ ਨਾਲ ਰਾਮ ਸਰੂਪ ਅਣਖੀ ਨੂੰ ਕੀਲਿਆ।

ਅਮਰਜੀਤ ਗੁਰਦਾਸਪੁਰੀ ਸਾਹਿਤ ਸਿਰਜਣਾ ਦੇ ਸਮਾਂਨਅੰਤਰ ਤੁਰਦਾ ਉਹ ਉਹ ਕਲਾਕਾਰ ਹੈ ਜਿਸਨੇ ਸ਼ਿਵ ਕੁਮਾਰ ਬਟਾਲਵੀ ਤੋਂ ਲੈ ਕੇ ਮੇਰੇ ਵਰਗੇ ਅਨੇਕਾਂ ਲੋਕਾਂ ਨੂੰ ਸਾਹਿਤ ਸਿਰਜਣਾ ਲਈ ਥਾਪੜਾ ਦਿੱਤਾ। ਸ਼ਿਵ ਕੁਮਾਰ ਨੇ ਆਪ ਕਿਤੇ ਲਿਖਿਆ ਹੈ ਕਿ ‘ਕਾਲੀ ਦਾਤਰੀ ਚੰਨਣ ਦਾ ਦਸਤਾ, ਲੱਛੀ ਕੁੜੀ ਵਾਢੀਆਂ ਕਰੇ’  ਨੂੰ ਮੈਂ ਅਮਰਜੀਤ ਗੁਰਦਾਸਪੁਰੀ ਦੀ ਬੰਬੀ ਤੇ ਬਹਿ ਕੇ ਲਿਖਿਆ ਸੀ । ਸ਼ਿਵ ਕੁਮਾਰ ਨੂੰ ਅੰਮ੍ਰਿਤਸਰ ਦੀਆਂ ਸਾਹਿਤਕ ਮਹਿਫ਼ਲਾਂ ਵਿਚ ਪਹਿਲੀ ਵਾਰ ਗੁਰਦਾਸਪੁਰੀ ਹੀ ਲੈ ਕੇ ਗਿਆ। ਜਿਸ ਦਾ ਵੇਰਵਾ ਪ੍ਰੋਫ਼ੈਸਰ ਹਰਬੰਸ ਲਾਲ ਅਗਨੀਹੋਤਰੀ ਆਪਣੀ ਜੀਵਨ ਗਾਥਾ ਵਿਚ ਬੜੇ ਮਾਣ ਨਾਲ ਕਰਦੇ ਹਨ ਕਿ ਕਿਵੇਂ ਸ਼ਿਵ ਕੁਮਾਰ ਨੂੰ ਪਹਿਲੀ ਵਾਰ ਅਮਰਜੀਤ ਗੁਰਦਾਸਪੁਰੀ ਹੀ ਅੰਮ੍ਰਿਤਸਰ ਦੇ ਹਾਲ ਬਜ਼ਾਰ ਸਥਿੱਤ ਤੇਜ ਪ੍ਰਿੰਟਿੰਗ ਪ੍ਰੈਸ ਤੇ ਲੈ ਕੇ ਆਇਆ ਜੋ ਉਨ੍ਹੀ ਦਿਨੀਂ ਸਾਹਿਤਕ ਸਭਿਆਚਾਰਕ ਸਰਗਰਮੀਆਂ ਦਾ ਮੁੱਖ ਕੇਂਦਰ ਸੀ ।

ਸ਼ਿਵ ਕੁਮਾਰ ਬਟਾਲਵੀ ਦੀ ਕਰਤਾਰ ਸਿੰਘ ਬਲੱਗਣ ਨਾਲ ਮੁਲਾਕਾਤ ਵੀ ਅਮਰਜੀਤ ਗੁਰਦਾਸਪੁਰੀ ਨੇ ਹੀ ਕਰਵਾਈ ਜੋ ਉਸ ਵੇਲੇ ਮਾਸਕ ਪੱਤਰ ਕਵਿਤਾ ਦੇ ਸੰਪਾਦਕ ਸਨ । ਸ਼ਿਵ ਕੁਮਾਰ ਬਟਾਲਵੀ ਤੋਂ ਪਹਿਲਾਂ ਦੀ ਕਾਵਿ ਪ੍ਰੰਪਰਾ ਵਿਚ ਸਭ ਤੋਂ ਸੁਰੀਲਾ ਨਾਮ ਕਰਤਾਰ ਸਿੰਘ ਬਲੱਗਣ ਦਾ ਸੀ, ਜਿਸਨੇ ਅਮਰਜੀਤ ਗੁਰਦਾਸਪੁਰੀ ਦੀ ਆਵਾਜ਼ ਲਈ ਕਈ ਵਿਸ਼ੇਸ਼ ਗੀਤ ਲਿਖੇ, ਉਨ੍ਹਾਂ ਵਿਚੋਂ ਕੁਝ ਗੀਤ ਤਾਂ ਸਿਰਫ਼ ਅਮਰਜੀਤ ਨੇ ਹੀ ਗਾਏ ਹਨ । ਮਿਸਾਲ ਦੇ ਤੌਰ ਤੇ

ਚਿੱਟੀ-ਚਿੱਟੀ ਪਗੜੀ ਤੇ ਘੁਟ-ਘੁੱਟ ਬੰਨ,

ਭਲਾ ਵੇ ਮੈਨੂੰ ਤੇਰੀ ਸਹੁੰ ਈ,

ਵਿਚ ਵੇ ਗੁਲਾਬੀ ਫੁੱਲ ਟੰਗਿਆ ਕਰ ।

ਠੰਡੇ ਬੁਰਜ ਵਿਚੋਂ ਇਕ ਦਿਨ ਦਾਦੀ ਮਾਤਾ,

ਪਈ ਹੱਸ-ਹੱਸ ਬੱਚਿਆਂ ਨੂੰ ਤੋਰੇ ।

ਸਿੰਘਾ ਜੇ ਚੱਲਿਆ ਚਮਕੌਰ, ਉਥੇ ਸੁੱਤੇ ਨੀ ਦੋ ਭੌਰ ।

ਧਰਤੀ ਚੁੰਮੀਂ ਕਰਕੇ ਗੌਰ, ਕਲਗੀਧਰ ਦੀਆਂ ਪਾਈਏ ਬਾਤਾਂ ।

ਜੀਹਨੇ ਦੇ ਪੁੱਤਰਾਂ ਦੀਆਂ ਦਾਤਾਂ, ਦੇਸ਼ ਚੋਂ ਕੱਢੀਆਂ ਨੇਰੀਆਂ ਰਾਤਾਂ ।

ਮਹਿੰਗੇ ਮੁੱਲ ਲਈਆਂ ਪ੍ਰਭਾਤਾਂ ।

ਵੇ ਮੁੜ ਆ ਲਾਮਾਂ ਤੋਂ, ਸਾਨੂੰ ਘਰੇ ਬੜਾ ਰੁਜ਼ਗਾਰ ।

ਕਣਕਾਂ ਨਿਸਰ ਪਈਆਂ, ਵੇ ਤੂੰ ਆ ਕੇ ਝਾਤੀ ਮਾਰ ।

ਅਮਰਜੀਤ ਗੁਰਦਾਸਪੁਰੀ ਨੇ ਪੰਜਾਬੀ ਸਾਹਿਤ ਸਭਾ ਧਿਆਨ ਪੁਰ ਦੇ ਬਾਨੀ ਪ੍ਰਧਾਨ ਵਜੋਂ ਜ਼ਿਲ੍ਹਾ ਗੁਰਦਾਸਪੁਰ ਦੀ ਸਾਹਿਤਕ ਲਹਿਰ ਨੂੰ ਵੀ ਲੰਮਾ ਸਮਾਂ ਦਿਸ਼ਾ ਨਿਰਦੇਸ਼ ਦਿੱਤਾ। ਉਸ ਦੀ ਅਗਵਾਈ ਕਰਕੇ ਹੀ ਇਸ ਇਲਾਕੇ ਵਿਚ ਪ੍ਰਿੰਸੀਪਲ ਸੁਜਾਨ ਸਿੰਘ, ਮੋਹਣ ਕਾਹਲੋਂ, ਵਰਿਆਮ ਸਿੰਘ ਸੰਧੂ, ਜਸਵੰਤ ਸਿੰਘ ਰਾਹੀ, ਸ਼ਮਸ਼ੇਰ ਸਿੰਘ ਸੰਧੂ ਵਰਗੇ ਲਿਖਾਰੀ ਇਸ ਸਭਾ ਦੇ ਸਮਾਗਮ ਵਿਚ ਅਕਸਰ ਆਉਂਦੇ ਰਹੇ ।

ਮੈਨੂੰ ਉਹ ਦਿਨ ਵੀ ਯਾਦ ਹੈ ਜਦ ਅਜੇ ਦੂਰਦਰਸ਼ਨ ਕੇਂਦਰ ਜਲੰਧਰ ਨਹੀਂ ਸੀ ਜੰਮਿਆ। ਪੰਜਾਬ ਵਿਚ ਸਿਰਫ਼ ਉਦੋਂ ਅੰਮ੍ਰਿਤਸਰ ਤੋਂ ਹੀ ਖ਼ਬਰਾਂ ਦਾ ਬੁਲਿਟਨ ਤਿਆਰ ਹੁੰਦਾ ਸੀ। ਇਕ ਸ਼ਾਮ ਅਮਰਜੀਤ ਗੁਰਦਾਸਪੁਰੀ ਦੇ ਅੰਗ-ਸੰਗ ਮੈਂ ਦੂਰਦਰਸ਼ਨ ਦੇ ਨਿੱਕੇ ਜਿਹੇ ਕੋਠੀ ਨੁਮਾ ਦਫ਼ਤਰ ਵਿਚ ਅੰਮ੍ਰਿਤਸਰ ਗਿਆ। ਜਿੱਥੇ ਗੋਵਰਧਨ ਸ਼ਰਮਾ ਖ਼ਬਰ ਵਾਚਕ ਸੀ, ਕਰਮਜੀਤ ਸਿੰਘ ਖ਼ਬਰਾਂ ਦਾ ਸਕਰਿਪਟ ਰਾਈਟਰ ਸੀ ਤੇ ਹਰਜੀਤ ਸਿੰਘ ਪਾਰਟ ਟਾਈਮ ਗ੍ਰਾਫਿਕ ਕਲਾਕਾਰ ਸੀ। ਚਾਹ ਦਾ ਪਿਆਲਾ ਸਾਰਿਆਂ ਨੇ ਯੋਜਨਾ ਬਣਾਈ ਕਿ ਅਮਰਜੀਤ ਗੁਰਦਾਸਪੁਰੀ ਨੂੰ ਟੈਲੀਵੀਜ਼ਨ ਲਈ ਦਿੱਲੀ ਵਾਲਿਆਂ ਨੂੰ ਆਖ ਕੇ ਰਿਕਾਰਡ ਕਰਵਾਈਏ। ਲਗਪਗ 32 ਵਰ੍ਹੇ ਬੀਤਣ ਮਗਰੋਂ ਅੱਜ ਜਦੋਂ ਉਹੀ ਗੋਵਰਧਨ ਸ਼ਰਮਾ ਦੂਰਦਰਸ਼ਨ ਕੇਂਦਰ ਦਾ ਸਟੇਸ਼ਨ ਡਾਇਰੈਕਟਰ ਹੈ, ਕਰਮਜੀਤ ਸਿੰਘ ਪੰਜਾਬੀ ਟਰਬਿਊਨ ਦੇ ਸਹਾਇਕ ਸੰਪਾਦਨ ਵਜੋਂ ਸੇਵਾ ਮੁਕਤ ਹੋ ਚੁੱਕਾ ਹੈ। ਹਰਜੀਤ ਸਿੰਘ ਵੀ ਦੂਰਦਰਸ਼ਨ ਦੀ ਉਚੇਰੀ ਕੁਰਸੀ ਨੂੰ ਉਮਰੋਂ ਪਹਿਲਾਂ ਤਿਆਗ ਕੇ ਜਲੰਧਰ ਵਿਚ ਟੈਲੀਵੀਜ਼ਨ ਇੰਸਟੀਚਿਊਟ ਚਲਾ ਰਿਹਾ ਹੈ ਪਰ ਅਮਰਜੀਤ ਗੁਰਦਾਸਪੁਰੀ ਅਜੇ ਵੀ ਦੂਰਦਰਸ਼ਨ ਦਾ ਸਕਰੀਨ ਹਿੱਸਾ ਨਹੀਂ ਬਣ ਸਕਿਆ। ਹਾਂ ਇੱਕ ਵਾਰ ਗਲਤੀ ਨਾਲ ਕਿਸੇ ਮਿੱਤਰ ਨੇ ਉਸਨੂੰ ਬੁਲਾ ਲਿਆ ਪਰ ਨਾਲ ਹੀ ਸਾਜਿੰਦੇ ਨਾ ਲਿਆਉਣ ਕਾਰਨ ਤਲਖ਼ਕਲਾਮੀ ਕੀਤੀ, ਜਿਸਦੇ ਵਿਰੋਧ ਵਜੋਂ ਅਮਰਜੀਤ ਨੇ ਰਿਕਾਰਡਿੰਗ ਕਰਵਾਉਣ ਤੋਂ ਇਨਕਾਰ ਕਰ ਦਿੱਤਾ ।

ਸਵੈਮਾਣ ਅਤੇ ਆਪਣੇ ਆਦਰਸ਼ ਤੇ ਪਹਿਰੇਦਾਰੀ ਦੇ ਰਿਹਾ ਅਮਰਜੀਤ ਗੁਰਦਾਸਪੁਰੀ ਆਪ 1962 ਤੋਂ ਲਗਾਤਾਰ ਅਕਾਸ਼ ਬਾਣੀ ਜਲੰਧਰ ਦਾ ਏ ਗਰੇਡ ਕਲਾਕਾਰ ਰਿਹਾ ਹੈ। ਉਸਦੇ ਗਾਏ ਗੀਤਾਂ ਨੂੰ ਅਕਾਸ਼ ਬਾਣੀ ਤੋਂ ਬਿਨਾਂ ਹੋਰ ਕਿਤਿਓਂ ਨਹੀਂ ਸੁਣਿਆ ਜਾ ਸਕਦਾ ਕਿਉਂਕਿ ਵਪਾਰਕ ਕੰਪਨੀਆਂ ਨਾਲ ਸਮਝੌਤਾ ਉਸਨੇ ਕੀਤਾ ਨਹੀਂ ਅਤੇ ਦੂਰਦਰਸ਼ਨ ਦੀ ਲਾਲ ਫੀਤਾਸ਼ਾਹੀ ਨੂੰ ਉਸਨੇ ਕਦੇ ਪੱਠੇ ਨਹੀਂ ਪਾਏ। ਉਸਦੇ ਯਤਨਾਂ ਸਦਕਾ ਹੀ ਇਸ ਇਲਾਕੇ ਵਿਚ ਸੰਗੀਤ ਨੂੰ ਵੀ ਅਜਿਹੇ ਸੁਰੀਲੇ ਲੋਕ ਮਿਲੇ ਜਿੰਨ੍ਹਾਂ ਨੇ ਕਦੇ ਅਸ਼ਲੀਲ ਬੋਲਾਂ ਨਾਲ ਆਪਣੇ ਕੰਠ ਤੇ ਨਹੀਂ ਲਿਆਂਦਾ। ਮਿਸਾਲ ਦੇਣੀ ਹੋਵੇ ਤਾਂ ਅਕਾਸ਼ ਬਾਣੀ ਜਲੰਧਰ ਤੋਂ ਲੋਕ ਗੀਤ ਗਾਉਣ ਵਾਲੇ ਇਸ ਇਲਾਕੇ ਦੇ ਕਲਾਕਾਰਾਂ ਜਗੀਰ ਸਿੰਘ ਤਾਲਬ, ਅਮਰੀਕ ਸਿੰਘ ਦੱਤ, ਹਰਦੇਵ ਸਿੰਘ ਖੁਸ਼ਦਿਲ, ਕਸ਼ਮੀਰ ਸਿੰਘ ਸ਼ੰਭੂ, ਹਰਭਜਨ ਸਿੰਘ ਮਲਕਪੁਰੀ ਦਾ ਹਵਾਲਾ ਦਿੱਤਾ ਜਾ ਸਕਦਾ ਹੈ ।

ਮੈਂ ਇਹ ਗੱਲ ਹਮੇਸ਼ਾਂ ਚੇਤੇ ਕਰਕੇ ਆਪਣੇ ਆਪ ਨੂੰ ਵਡਿਆ ਲੈਂਦਾ ਹਾਂ ਕਿ ਮੇਰਾ ਇਕ ਪੁਰਖਾ ਅਮਰਜੀਤ ਗੁਰਦਾਸਪੁਰੀ ਹੈ ਜਿਸਦੇ ਗੀਤਾਂ ਨੂੰ ਬਚਪਨ ਤੋਂ ਸੁਣਦਿਆਂ-ਸੁਣਦਿਆਂ ਆਪਣੇ ਅੰਦਰ ਉਹ ਨਿਜ਼ਾਮ ਉਸਾਰ ਲਿਆ ਹੈ ਜਿਸਨੂੰ ਲੋਕ ਸੰਗੀਤ ਸੂਝ ਆਖਦੇ ਨੇ । ਮੈਂ ਇਕੱਲਾ ਨਹੀਂ ਮੇਰੇ ਨਾਲ ਤੁਰਦੇ ਕਾਫ਼ਲੇ ਵਿਚ ਸ਼ਮਸ਼ੇਰ ਸਿੰਘ ਸੰਧੂ ਵੀ ਹੈ, ਜਗਦੇਵ ਸਿੰਘ ਜਸੋਵਾਲ ਵੀ , ਜਿਨ੍ਹਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਉਨ੍ਹਾਂ ਨੇ ਅਮਰਜੀਤ ਗੁਰਦਾਸਪੁਰੀ ਨੂੰ ਲਗਾਤਾਰ ਸੁਣਿਆ ਹੈ ।

ਰਾਵੀ ਦਰਿਆ ਦਾ ਲਾਡਲਾ ਪੁੱਤਰ : ਸ਼ਿਵ ਕੁਮਾਰ ਬਟਾਲਵੀ
ਸ਼ਿਵ ਕੁਮਾਰ ਬਟਾਲਵੀ ਪੰਜਾਬੀ ਸ਼ਾਇਰੀ ਦਾ ਉਹ ਉੱਚ ਦੁਮਾਲੜਾ ਨਿਸ਼ਾਨ ਹੈ ਜਿਸ ਨੇ ਬਹੁਤ ਥੋੜ੍ਹੇ ਵਰ੍ਹਿਆਂ ਵਿਚ ਜ਼ਿੰਦਗੀ ਅਤੇ ਸਾਹਿਤ ਵਿਚ ਉਹ ਕੁਝ ਕਰ ਵਿਖਾਇਆ ਜੋ ਵਿਰਲਿਆਂ ਨੂੰ ਨਸੀਬ ਹੁੰਦਾ ਹੈ। ਉਮਰ ਦੇ ਕੁਲ 37 ਸਾਲ ਹੰਢਾ ਕੇ ਉਸ ਨੇ ਸਾਨੂੰ ਪੰਜਾਬੀ ਸ਼ਾਇਰੀ ਵਿਚ ਦੀਆਂ ਉਹ ਖੂਬਸੂਰਤੀਆਂ ਸਿਰਜ ਦਿੱਤੀਆਂ ਜਿਨ੍ਹਾਂ ਨੂੰ ਉਸ ਤੋਂ ਸੈਂਕੜੇ ਵਰ੍ਹੇ ਪਹਿਲਾਂ ਹੋਏ ਕਿੱਸਾ ਕਵੀਆਂ ਜਾਂ ਸੂਫੀ ਸ਼ਾਇਰਾਂ ਦੀ ਸ਼ਾਇਰੀ ਵਿਚੋਂ ਲੱਭਣਾ ਪੈਂਦਾ ਸੀ। ਉਹ ਰਾਵੀ ਕੰਢੇ ਜੰਮਿਆਂ। ਬਟਾਲੇ ਵੱਡਾ ਹੋਇਆ, ਕਾਦੀਆਂ ਅਤੇ ਨਾਭਾ ਵਿਚ ਕੁਝ ਅਰਸਾ ਪੜ੍ਹਿਆ। ਅਰਲੀ ਭੰਨ (ਗੁਰਦਾਸਪੁਰ) ਵਿਖੇ ਪਟਵਾਰ, ਪ੍ਰੇਮ ਨਗਰ ਬਟਾਲਾ ਅਤੇ ਚੰਡੀਗੜ੍ਹ ਦੀ ਸਟੇਟ ਬੈਂਕ ਆਫ ਇੰਡੀਆ ਬਰਾਂਚ ਦੀ ਕਲਰਕੀ ਉਸ ਦਾ ਜੀਵਨ ਵਿਹਾਰ ਕਦੇ ਨਾ ਬਣ ਸਕੀ। ਉਹ ਅਜਿਹਾ ਅਣ ਐਲਾਨਿਆ ਸ਼ਹਿਨਸ਼ਾਹ ਸੀ ਜਿਸ ਦੀ ਸਲਤਨਤ ਉਸ ਦੇ ਜਿਉਂਦੇ ਜੀਅ ਤਾਂ ਅੰਤਰ ਰਾਸ਼ਟਰੀ ਸੀਮਾਵਾਂ ਤੋਂ ਪਾਰ ਹੈ ਹੀ ਸੀ ਪਰ ਮੌਤ ਮਗਰੋਂ ਹੋਰ ਵੀ ਫੈਲ ਗਈ। ਧਰਤੀ ਦਾ ਕੋਈ ਵੀ ਬੰਧੇਜ ਉਸ ਦੇ ਪੈਰਾਂ ਨੂੰ ਆਪਣੀ ਬੇੜੀ ਵਿਚ ਨਾ ਨੂੜ ਸਕਿਆ। ਉਸ ਦੇ ਸਹਿਪਾਠੀ ਸ: ਭੁਪਿੰਦਰ ਸਿੰਘ ਮਾਨ ਅਤੇ ਡਾ: ਮ. ਸ. ਬਾਜਵਾ ਦੱਸਦੇ ਨੇ ਕਿ ਸ਼ਿਵ ਕੁਮਾਰ ਦੀ ਜ਼ਿੰਦਗੀ ਦਾ ਹਰ ਵਰਕਾ ਰਵਾਇਤੀ ਬੰਧਨਾਂ ਤੋਂ ਮੁਕਤ ਸੀ। ਉਹ ਰਿਸ਼ਤਿਆਂ ਨਾਤਿਆਂ ਅਤੇ ਸੰਬੰਧਾਂ ਦੀ ਪਾਕੀਜ਼ਗੀ ਤੋਂ ਵਾਕਿਫ ਹੁੰਦਾ ਹੋਇਆ ਵੀ ਸਾਰੇ ਬੰਧਨ ਤੋੜ ਦਿੰਦਾ। ਰਾਵੀ ਦਾ ਪੁੱਤਰ ਸੀ ਨਾ। ਉਸ ਨੂੰ ਦਰਿਆ ਦੇ ਅੱਥਰੇ ਵੇਗ ਦੀ ਗੁੜ੍ਹਤੀ ਸੀ ।

ਆਪਣੇ ਗਿਰਦਾਵਰ ਬਾਪ ਗੋਪਾਲ ਕ੍ਰਿਸ਼ਨ ਦੀਆਂ ਰੀਝਾਂ ਮੁਤਾਬਕ ਉਹ ਪਟਵਾਰੀ ਤਾਂ ਭਰਤੀ ਹੋ ਗਿਆ ਪਰ ਉਸ ਦੀ ਨਿਯੁਕਤੀ ਵਾਲਾ ਪਹਿਲਾ ਪਿੰਡ ਅਰਲੀ ਭੰਨ (ਨੇੜੇ ਕਲਾਨੌਰ) ਉਸ ਦੇ ਸੁਭਾਅ ਨੂੰ ਹੋਰ ਨਿਖਾਰ ਦੇ ਗਿਆ। ਅਨੁਸ਼ਾਸ਼ਨ ਦੀ ਪੰਜਾਲੀ ਵਿਚ ਉਸ ਨੇ ਧੌਣ ਤਾਂ ਦੇ ਦਿੱਤੀ ਪਰ ਅਰਲੀ ਭੰਨ ਕੇ ਉਹ ਕਾਵਿ ਦੇਸ਼ ਦੀਆਂ ਉੱਚ ਉਡਾਰੀਆਂ ਦਾ ਪਰਿੰਦਾ ਬਣ ਗਿਆ। ਉਸ ਦੀ ਕਵਿਤਾ ਨੂੰ ਦੁਨਿਆਵੀ ਅੰਬਰ ਬਹੁਤ ਛੋਟਾ ਲਗਦਾ। ਉਸ ਦੀਆਂ ਕੱਚੀ ਉਮਰ ਦੀਆਂ ਦੋਸਤੀਆਂ ਦੇ ਵਾਕਿਫਕਾਰ ਗੁਰਬਚਨ ਸਿੰਘ ਰਮਜ਼ੀ ਅਤੇ ਹੋਰ ਨਿਕਟਵਰਤੀ ਸੱਜਣ ਪਿਆਰੇ ਦੱਸਦੇ ਰਹੇ ਹਨ ਕਿ ਸ਼ਿਵ ਦੀ ਰੂਹ ਵਿਚ ਇਤਿਹਾਸਕ ਸ਼ਿਵ ਜੀ ਦੇਵਤੇ ਦਾ ਵੀ ਨਿਵਾਸ ਸੀ। ਉਹ ਵਿਸ਼ ਪੀਣ ਤੋਂ ਗੁਰੇਜ਼ ਨਾ ਕਰਦਾ। ਹਰ ਕਿਸੇ ਲਈ ਕਲਿਆਣਕਾਰੀ ਵਤੀਰਾ ਧਾਰਦਾ। ਮੋਮਬੱਤੀ ਵਾਂਗ ਆਪਣਾ ਆਪ ਤਾਂ ਪਿਘਲਾ ਦਿੰਦਾ ਪਰ ਕਿਸੇ ਨੂੰ ਹਨੇਰੇ ਰਾਹਾਂ ਵਿੱਚ ਨਾ ਭਟਕਣ ਦਿੰਦਾ। ਕੁਝ ਇਹੋ ਜਿਹੀ ਗਵਾਹੀ ਸਿਆਟਲ (ਅਮਰੀਕਾ) ਵੱਸਦੇ ਉਸ ਦੇ ਇਕ ਚੇਲੇ ਪ੍ਰੇਮ ਕੁਮਾਰ ਨੇ ਦਿੱਤੀ ਹੈ। ਉਸੇ ਪ੍ਰੇਮ ਕੁਮਾਰ ਨੇ ਜਿਸ ਨੇ ਜਵਾਨ ਉਮਰੇ ਸ਼ਿਵ ਕੁਮਾਰ ਦੀਆਂ ਆਵਾਰਗੀਆਂ ਨੂੰ ਬਹੁਤ ਨੇੜਿਉਂ ਵੇਖਿਆ ਤੇ ਮਾਣਿਆ।

ਸ਼ਿਵ ਕੁਮਾਰ ਪੰਜਾਬੀ ਜ਼ੁਬਾਨ ਦਾ ਮਹਿਬੂਬ ਸ਼ਾਇਰ ਸੀ। ਕਿਸੇ ਧੜੇ, ਧਰਮ, ਸਿਆਸਤ ਜਾਂ ਗੁੱਟ ਤੋਂ ਬਹੁਤ ਉਚੇਰਾ। ਉਸ ਦਾ ਪਹਿਲਾ ਕਾਵਿ ਧਰਮ ਸ਼ਾਇਰੀ ਸੀ, ਨਾਅਰਾ ਨਹੀਂ। ਉਸ ਦੀ ਚੀਖ ਬਾਬਾ ਬੂਝਾ ਸਿੰਘ ਦੇ ਕਤਲ ਵੇਲੇ ਕਵਿਤਾ ਦੇ ਰੂਪ ਵਿਚ ਉੱਭਰਦੀ ਹੈ ਅਤੇ ਬਿਰਖਾਂ ਦੀ ਹੋਂਦ ਉਸ ਨੂੰ ਧੀਆਂ, ਪੁੱਤਰਾਂ, ਭੈਣਾਂ, ਭਰਾਵਾਂ ਵਾਲਾ ਟੱਬਰਦਾਰ ਬਣਾਉਦੀ ਹੈ। ਉਹ ਪਾਰਦਰਸ਼ੀ ਹਸਤੀ ਦਾ ਸੁਆਮੀ ਸੀ ਆਪਣੀ ਸ਼ਾਇਰੀ ਵਾਂਗ। ਪਾਰਖੂ ਸੱਜਣ ਪਿਆਰੇ ਉਸ ਨੂੰ ਪਹਿਲੇ ਦਿਨੋਂ ਹੀ ਮੁਹੱਬਤ ਕਰਨ ਲੱਗ ਪਏ। ਪ੍ਰਿੰਸੀਪਲ ਸੰਤ ਸਿੰਘ ਸੇਖੋਂ, ਸੰਤੋਖ ਸਿੰਘ ਧੀਰ, ਮੋਹਨ ਕਾਹਲੋਂ, ਡਾ: ਜੋਗਿੰਦਰ ਸਿੰਘ ਰਾਹੀ,  ਅਮਰਜੀਤ ਗੁਰਦਾਸਪੁਰੀ ਵਰਗੇ ਅਨੇਕਾਂ ਚਿਹਰੇ ਉਸ ਨੂੰ ਅੱਜ ਵੀ ਚੇਤਿਆਂ ਵਿਚ ਸਮਾਈ ਬੈਠੇ ਹਨ। ਭ੍ਵਸ਼ਨ ਧਿਆਨਪੁਰੀ ਤਾਂ ਅੱਜ ਵੀ ਉਸ ਦੀ ਆਰਤੀ ਉਤਾਰਦਾ ਹੈ। ਫੌਜੀਆਂ ਦੇ ਮਾਰਫਤ 56 ਏ ਪੀ ਓ  ਸਿਰਨਾਵੇਂ ਵਾਂਗ ਭੂਸ਼ਨ ਦੀ ਪਛਾਣ ਨਾਲ ਸ਼ਿਵ ਕੁਮਾਰ ਦਾ ਸਿਰਨਾਵਾਂ ਨਾਲ ਨੱਥੀ ਹੈ।

ਸ਼ਿਵ ਕੁਮਾਰ ਬਟਾਲਵੀ ਨੇ ਆਪਣੀ ਕਿਸੇ ਵੀ ਕਿਤਾਬ ਤੇ ਆਪਣੇ ਆਪ ਨੂੰ ਬਟਾਲਵੀ ਨਹੀਂ ਲਿਖਿਆ। ਦੋ ਤਿੰਨ ਹੱਥ ਲਿਖਤ ਕਵਿਤਾਵਾਂ ਤੋਂ ਹੀ ਸ਼ਿਵ ਬਟਾਲਵੀ ਦੇ ਰੂਪ ’ਚ ਦਸਤਖਤ ਮਿਲਦੇ ਹਨ। ਪਰ ਹਾਲਾਤ ਦੀ ਸਿਤਮਜ਼ਰੀਫੀ ਵੇਖੋ ! ਸ਼ਿਵ ਕੁਮਾਰ ਦੇ ਨਾਂ ਨਾਲ ਬਟਾਲਵੀ ਪੱਕੇ ਤੌਰ ਤੇ ਜੁੜ ਗਿਆ ਹੈ। ਹੁਣ ਤਾਂ ਕੋਈ ਹੋਰ ਵੀ ਸ਼ਿਵ ਕੁਮਾਰ ਹੋਵੇ ਤਾਂ ਲੋਕ ਉਸ ਦੀ ਛੇੜ ਬਟਾਲਵੀ ਪਾ ਲੈਂਦੇ ਹਨ। ਇਹ ਰੁਤਬਾ ਜਣੇ ਖਣੇ ਨੂੰ ਨਸੀਬ ਨਹੀਂ ਹੁੰਦਾ। ਸ਼ਿਵ ਕੁਮਾਰ ਬਟਾਲਵੀ ਰਾਵੀ ਦੇ ਕੰਢੇ ਵਸਦੇ ਸ਼ੱਕਰਗੜ੍ਹ ਤਹਿਸੀਲ ਦੇ ਪਿੰਡ ਬੜਾ ਪਿੰਡ ਲੋਹਟੀਆਂ ਵਿਚ ਜੰਮਿਆ। ਆਜ਼ਾਦੀ ਤੋਂ ਕੁਝ ਵਰ੍ਹੇ ਪਹਿਲਾਂ ਉਹ ਸਿਆਲਕੋਟੀਆ ਰਿਹਾ ਅਤੇ 1947 ਤੋਂ ਬਾਅਦ ਪਰਿਵਾਰ ਦੇ ਬਟਾਲੇ ਆ ਜਾਣ ਕਰਕੇ ਬਾਕੀ ਦੀ ਜ਼ਿੰਦਗੀ ਬਟਾਲਵੀ ਬਣ ਗਿਆ। ਗਾਂਧੀ ਚੌਂਕ ਬਟਾਲੇ ਤੋਂ ਡੇਰਾ ਬਾਬਾ ਨਾਨਕ ਵੱਲ ਜਾਂਦਿਆਂ ਖੱਬੇ ਪਾਸੇ ਪ੍ਰੇਮ ਨਗਰ ਮੁਹੱਲੇ ਵਿਚ ਉਸ ਦਾ ਨਿਵਾਸ ਅੱਜ ਵੀ ਸਾਨੂੰ ਸੱਭ ਨੂੰ ਉਸ ਦੇ ਉਥੇ ਹੋਣ ਦਾ ਭੁਲੇਖਾ ਪਾਉਂਦਾ ਹੈ।

ਸ਼ਿਵ ਕੁਮਾਰ ਦੀ ਪਹਿਲੀ ਕਿਤਾਬ ‘ਪੀੜਾਂ ਦਾ ਪਰਾਗਾ’ ਦੇ ਪ੍ਰਕਾਸ਼ਨ ਨਾਲ ਹੀ ਉਸ ਨੂੰ ਲੋਕ ਪ੍ਰਵਾਨਗੀ ਹਾਸਿਲ ਨਹੀਂ ਸੀ ਹੋਈ ਸਗੋਂ ਮਕਬੂਲੀਅਤ ਤਾਂ ਉਸ ਦੇ ਮੱਥੇ ਨੂੰ ਬਹੁਤ ਪਹਿਲਾਂ ਚੁੰਮ ਚੁੱਕੀ ਸੀ। ਬਾਲ ਉਮਰੇ ਹੀ ਉਹ ਬਰਕਤ ਰਾਮ ਯੁਮਨ, ਗੋਪਾਲ ਦਾਸ ਗੋਪਾਲ, ਮੇਲਾ ਰਾਮ ਤਾਇਰ, ਨੰਦ ਲਾਲ ਨੂਰਪੁਰੀ, ਰਾਮ ਨਰਾਇਣ ਸਿੰਘ ਦਰਦੀ, ਗੁਰਦੇਵ ਸਿੰਘ ਮਾਨ, ਜਸਵੰਤ ਰਾਏ ‘ਰਾਏ’, ਜਸਵੰਤ ਸਿੰਘ ਵੰਤਾ, ਜਸਵੰਤ ਸਿੰਘ ਰਾਹੀ, ਦੀਵਾਨ ਸਿੰਘ ਮਹਿਰਮ, ਕਰਤਾਰ ਸਿੰਘ ਬਲੱਗਣ ਅਤੇ ਸਟੇਜ ਦੇ ਧਨੀ ਹੋਰ ਸ਼ਾਇਰਾਂ ਨਾਲ ਬਰ ਮੇਚਣ ਲੱਗ ਪਿਆ ਸੀ। ਇਪਟਾ ਲਹਿਰ ਦੇ ਸਿਰਕੱਢ ਕਲਾਕਾਰ ਅਤੇ ਲੋਕ ਗਾਇਕ ਅਮਰਜੀਤ ਗੁਰਦਾਸਪੁਰੀ ਦੱਸਦੇ ਹਨ ਕਿ ਸ਼ਿਵ ਕੁਮਾਰ ਬਟਾਲਵੀ ਨੇ ਓਨੀਆਂ ਰਾਤਾਂ ਸ਼ਾਇਦ ਆਪਣੇ ਬਾਪ ਦੇ ਘਰ ਬਟਾਲੇ ਵਿਚ ਨਹੀਂ ਕੱਟੀਆਂ ਹੋਣੀਆਂ ਜਿੰਨੀਆਂ ਉਸ ਨੇ ਆਪਣੇ ਮਿੱਤਰ ਪਿਆਰਿਆਂ ਦੇ ਅੰਗ ਸੰਗ ਗੁਜ਼ਾਰੀਆਂ। ਸ਼ਿਵ ਕੁਮਾਰ ਨੂੰ ਖੇਤ ਪਿਆਰੇ ਸਨ ਪੱਕੀਆਂ ਸੜਕਾਂ ਨਹੀਂ। ਸ਼ਾਇਦ ਇਸੇ ਕਰਕੇ ਉਹ ਜਦੋਂ ਕਦੇ ਉਹ ਦਸੂਹਾ ਇਲਾਕੇ ਵਿਚ ਰਾਵਲ ਸਿੰਘ ਧੂਤ ਦੇ ਪਿੰਡ ਜਾਂਦਾ ਤਾਂ ਲਿਖਦਾ :

ਜਿਥੇ ਇਤਰਾਂ ਦੇ ਵਗਦੇ ਨੇ ਚੋਅ,

ਉਥੇ ਮੇਰਾ ਯਾਰ  ਵੱਸਦਾ।

ਜਿਥੇ ਚਾਨਣੀ ’ਚ ਨਾਵ੍ਹੇ ਖੁਸ਼ਬੋ,

ਉਥੇ ਮੇਰਾ ਯਾਰ ਵੱਸਦਾ।

ਭੁੱਖੇ ਭਾਣੇ ਸੌਣ ਜਿਥੇ ਖੇਤਾਂ ਦੇ ਰਾਣੇ,

ਸੱਜਣਾਂ ਦੇ ਰੰਗ ਜਹੇ ਕਣਕਾਂ ਦੇ ਦਾਣੇ।

ਜਿਥੇ ਦੰਮਾਂ ਵਾਲੇ ਲੈਂਦੇ ਨੇ ਲੁਕੋ,

ਉਥੇ ਮੇਰਾ ਯਾਰ ਵੱਸਦਾ।

ਜਦੋਂ ਉਹ ਨਖਾਸੂ ਕੰਢੇ ਉਦੋਵਾਲੀ ’ਚ ਅਮਰਜੀਤ ਗੁਰਦਾਸਪੁਰੀ ਦੇ ਟਿਊਬਵੈੱਲ ਤੇ ਸਿਰ ਵਿਚ ਪਾਣੀ ਪਾ ਕੇ ਵਾਢੀਆਂ ਦੀ ਰੁੱਤੇ ਸਿਰੀ ਬਾਹਰ ਕੱਢਦਾ ਤਾਂ ਵਾਢੀ ਕਰਦੀਆਂ ਮੁਟਿਆਰਾਂ ਨੂੰ ਗੀਤ ਦੇ ਰੂਪ ਵਿਚ ਚਿਤਵਦਾ।

ਕਾਲੀ ਦਾਤਰੀ ਚੰਨਣ ਦਾ ਦਸਤਾ,

ਕਿ ਲੱਛੀ ਕੁੜੀ ਵਾਢੀਆਂ ਕਰੇ।

ਓਹਦੇ ਨੈਣਾਂ ਵਿਚ ਲੱਪ–ਲੱਪ ਸੁਰਮਾ

ਕਿ ਕੰਨਾਂ ਵਿਚ ਕੋਕਲੇ ਹਰੇ।

ਸ਼ਿਵ ਕੁਮਾਰ ਨ੍ਵੰ ਥੁੜੇ ਟੁੱਟੇ ਘਰਾਂ ਵਿਚ ਸਿਰ–ਸਿਰ ਚੜ੍ਹੀ ਗਰੀਬੀ ਦਾ ਅਹਿਸਾਸ ਵੀ ਇਨ੍ਹਾਂ ਪਿੰਡਾਂ ਵਿਚ ਫਿਰਦਿਆਂ ਤੁਰਦਿਆਂ ਹੀ ਹੋਇਆ। ਮੁੱਢਲੇ ਸਫਰ ਦੌਰਾਨ ਉਸ ਦੇ ਸਾਥੀ ਕਾਮਰੇਡ ਬਲਜੀਤ ਸਿੰਘ ਫਜ਼ਲਾਬਾਦ ਅਤੇ ਅਗਾਂਹਵਧੂ ਸੋਚ ਦੇ ਧਾਰਨੀ ਲੋਕ ਦਸਦੇ ਹੁੰਦੇ ਸਨ ਕਿ ਸ਼ਿਵ ਕੁਮਾਰ ਚਿੱਤੋਂ ਬੜਾ ਨਰਮ ਸੀ। ਉਹ ਪਲਾਂ ਵਿਚ ਪਸੀਜ ਜਾਂਦਾ। ਉਸ ਦੀ ਨਜ਼ਮ ‘ਸ਼ੀਸ਼ੋ’ ਪੜ੍ਹਨ ਵਾਲੇ ਜਾਣਦੇ ਹਨ ਕਿ ਉਹ ਅੰਦਰੋਂ ਕਿੰਨਾ ਨਰਮ ਸੀ। ਇਹੀ ਸੰਵੇਦਨਾ ਉਸ ਦੀ ਕਲਮ ਹੱਥੋਂ ਇਹ ਬੋਲ ਲਿਖਵਾ ਗਈ :

ਸ਼ਾਲਾ ਓਸ ਗਿਰਾਂ ਦੇ ਸੱਭੇ

ਹੋ ਜਾਣ ਬੁਰਦ ਮੁਰੱਬੇ।

ਜਿਸ ਗਿਰਾਂ ’ਚੋਂ ਜ਼ਿੰਦਗੀ ਨਾਲੋਂ,

ਮੱਢਲ ਮਹਿੰਗੀ ਲੱਭੇ।

ਇਹ ਸਤਰਾਂ ਸ਼ਾਇਦ ਅੱਜ ਦੇ ਪਾਠਕਾਂ ਨੂੰ ਸਮਝ ਹੀ ਨਾ ਲੱਗਣ। ਉਹ ਪੁੱਛਣਗੇ ਇਹ ਬੁਰਦ ਕੀ ਹੁੰਦਾ ਹੈ, ਮੁਰੱਬੇ ਕੀ ਹੁੰਦੇ ਨੇ, ਮੱਢਲ ਕੀ ਹੁੰਦੀ ਹੈ? ਸੁਣੋ ਮੈਂ ਦੱਸਦਾ ਹਾਂ ਕਿਉਂਕਿ ਮੈਂ ਸ਼ਿਵ ਕੁਮਾਰ ਦਾ ਗਿਰਾਈਂ ਹਾਂ। ਸਾਡੇ ਪਿੰਡਾਂ ਵੱਲ ਬਹੁਤ ਸ਼ੀਸ਼ੋ ਰਹਿੰਦੇ ਸਨ । ਥੁੜੇ ਟੁੱਟੇ ਲਿੱਸੇ ਕਮਜ਼ੋਰ ਤੇ ਨਿਤਾਣੇ ਘਰਾਂ ਦੇ ਵਾਸੀ। ਮੱਢਲ ਖਾਣ ਵਾਲੇ । ਸ਼ਿਵ ਉਨ੍ਹਾਂ ਲਈ ਹੀ ਤਾਂ ਲਿਖਦਿਆਂ ਆਖ ਰਿਹਾ ਹੈ ਕਿ ਉਸ ਪਿੰਡ ਦੇ ਰੱਬ ਕਰਕੇ ਸਾਰੇ ਹੀ ਮੁਰੱਬੇ ਭਾਵ ਜ਼ਮੀਨਾਂ ਦਰਿਆ ਵਿਚ ਰੁੜ੍ਹ ਜਾਣ, ਬੁਰਦ ਹੋਣ ਜਾਣ ਜਿਸ ਪਿੰਡ ਵਿਚ ਮੱਢਲ ਵਰਗੇ ਸਸਤੇ ਅਨਾਜ ਨਾਲੋਂ ਵੀ ਜ਼ਿੰਦਗੀ ਸਵੱਲੀ ਹੈ, ਸਸਤੀ ਹੈ। ਇਕ ਹਾਓਕੇ ਦੀ ਜੂਨ ਵਿਚ ਪਏ ਬਗੈਰ ਇਹ ਸਤਰਾਂ ਲਿਖਣੀਆਂ ਮੁਹਾਲ ਹਨ। ਮੈਨੂੰ ਅਜਿਹੇ ਅਨੇਕਾਂ ਸ਼ੀਸ਼ੋਆਂ ਦਾ ਬਚਪਨ ਚੇਤੇ ਆਉਂਦਾ ਹੈ । ਸਿਆਲਾਂ ਵਿਚ ਜਦ ਕਣਕ ਮੁੱਕ ਜਾਣੀ ਤਾਂ ਮੱਕੀ ਦੇ ਆਟੇ ਨੇ ਬਹੁੜਨਾ। ਮੱਕੀ ਮੁੱਕਣੀ ਤਾਂ ਚੌਲਾਂ ਨਾਲ ਮੱਥਾ ਮਾਰਨਾ, ਚੌਲ ਮੁਕਣੇ ਤਾਂ ਮੱਢਲ ਨਾਲ ਗੁਜ਼ਾਰਾ ਕਰਨਾ। ਇਹ ਬਾਰੀਕ ਬੀਨੀ ਵਾਲੀ ਪੇਸ਼ਕਾਰੀ ਸ਼ਿਵ ਕੁਮਾਰ ਤੋਂ ਬਗੈਰ ਹੋਰ ਕਿਸੇ ਸ਼ਾਇਰ ਦੇ ਹਿੱਸੇ ਨਹੀਂ ਆਈ।

ਸ਼ਿਵ ਕੁਮਾਰ ਬਟਾਲਵੀ ਚਮਤਕਾਰੀ ਸਿਰਜਣਾਤਮਕ ਪ੍ਰਤਿਭਾ ਦਾ ਸੁਆਮੀ ਸ਼ਾਇਰ ਸੀ। ਇਸ ਗੱਲ ਨੂੰ ਸੰਤ ਸਿੰਘ ਸੇਖੋਂ ਨੇ ਵੀ ਮੰਨਿਆ, ਮੋਹਨ ਸਿੰਘ ਨੇ ਅਤੇ ਅੰਮ੍ਰਿਤਾ ਪ੍ਰੀਤਮ ਨੇ ਵੀ ਅਤੇ ਉਸ ਤੋਂ ਮਗਰੋਂ ਸਮੁੱਚੇ ਪੰਜਾਬੀ ਜਗਤ ਨੇ ਵੀ ਪ੍ਰਵਾਨਿਆ। ਉਸ ਨੂੰ ਆਪਣੀ ਪੀੜ ਲੋਕ ਪੀੜ ਬਣਾਉਣ ਦੀ ਜਾਚ ਨਹੀਂ ਸੀ ਆਉਂਦੀ ਪਰ ਲੋਕ ਪੀੜ ਨੂੰ ਆਪਣੀ ਪੀੜ ਵਾਂਗ ਪੇਸ਼ ਕਰਨ ਦਾ ਉਹ ਉਸਤਾਦ ਸੀ। ਉਸ ਨੇ ਇਸ ਕਲਾ ਨੂੰ ‘ਲੂਣਾ’ ਵਿਚ ਬੜੇ ਵਧੀਆ ਢੰਗ ਨਾਲ ਵਰਤਿਆ। ਚੜ੍ਹਦੀ ਜਵਾਨੀ ਵੇਲੇ ‘ਲੂਣਾ’ ਪੜ੍ਹਦਿਆਂ ਮੇਰੇ ਮਨ ਵਿਚ ਇਹ ਗੱਲ ਘਰ ਕਰ ਗਈ ਸੀ ਕਿ ਪੂਰਨ ਕੋਈ ਹੋਰ ਨਹੀਂ ਸ਼ਿਵ ਕੁਮਾਰ ਆਪ ਹੀ ਹੈ ਜਿਸ ਨੂੰ ਦੁਨੀਆਂ ਦੇ ਰਸ ਕਸ ਆਪਣੀ ਸੇਜ ਤੇ ਲਗਾਤਾਰ ਬੁਲਾਉਂਦੇ ਹਨ। ਸਲਵਾਨ ਹੋਰ ਕੋਈ ਨਹੀਂ ਸਮੇਂ ਦੀ ਮਰਿਆਦਾ ਹੈ ਜੋ ਉਸ ਤੇ ਕਰ ਪੈਰਾਂ ਨੂੰ ਕੱਟਦੀ ਹੈ। ਇਹ ਜੱਲਾਦੀ ਵਰਤਾਰਾ ਸ਼ਿਵ ਕੁਮਾਰ ਨਾਲ ਵਰਤਦਾ ਮੈਂ ਬਹੁਤ ਵਾਰ ਨਿਹਾਰਿਆ ਹੈ। ਕਾਦਰ ਯਾਰ ਦਾ ਪੂਰਨ ਸ਼ਿਵ ਦੀ ਲੂਣਾ ਵਾਲਾ ਪੂਰਨ ਨਹੀਂ ਨਾ ਹੀ ਕਾਦਰ ਯਾਰ ਵਾਲੀ ਲੂਣਾ ਸ਼ਿਵ ਦੀ ਲੂਣਾ ਹੈ। ਜ਼ਿੰਦਗੀ ਦੇ ਸਫਰ ਦੌਰਾਨ ਮੈਂ ਬਹੁਤ ਸਾਰੀਆਂ ਅਜਿਹੀਆਂ ਔਰਤਾਂ ਨੂੰ ਮਿਲਿਆ ਹਾਂ ਜਿੰਨ੍ਹਾਂ ਦੇ ਕਿੱਸੇ ਕਹਾਣੀਆਂ ਸ਼ਿਵ ਕੁਮਾਰ ਬਟਾਲਵੀ ਦੀ ਦੋਸਤੀ ਤੋਂ ਸ਼ੁਰੂ ਹੋ ਕੇ ਉਸ ਤੇ ਹੀ ਖਤਮ ਹੋ ਜਾਂਦੇ ਹਨ। ਸ਼ਿਵ ਕੁਮਾਰ ਦੀ ਮੌਤ ਤੋਂ ਤਿੰਨ ਦਹਾਕੇ ਬਾਅਦ ਵੀ ਅੱਜ ਉਹ ਸੁਲਗਦੀਆਂ ਔਰਤਾਂ ਉਸੇ ਅੰਦਾਜ਼ ਵਿਚ ਹੀ ਉਸ ਨੂੰ ਚੇਤੇ ਕਰਦਿਆਂ ਬੁੱਢੇ ਵਾਰੇ ਵੀ ਸੁਰਖ ਗੁਲਾਬੀ ਹੋ ਜਾਂਦੀਆਂ ਹਨ। ਇਹ ਸ਼ਿਵ ਦੀ ਮੁਹੱਬਤ ਨਹੀਂ ਉਸ ਦੇ ਸਾਥ ਦਾ ਸੇਕ ਹੀ ਉਨ੍ਹਾਂ ਨੂੰ ਅੱਜ ਵੀ ਭਖਾ ਦਿੰਦਾ ਹੈ। ਇਨ੍ਹਾਂ ਵਿਚੋਂ ਹੀ ਕਿਸੇ ਮੁਟਿਆਰ ਦੇ ਵੇਦਨਾ ਨੂੰ ਸ਼ਬਦ ਰੂਪ ਵਿਚ ਅੰਕਿਤ ਕਰਦਿਆਂ ਉਹ ਲਿਖਦਾ ਹੈ :

ਸਈਓ ਨੀ ਮੈਂ ਅੱਗ ਤੁਰੀ ਪ੍ਰਦੇਸ।

ਇਕ ਛਾਤੀ ਮੇਰੀ ਹਾੜ੍ਹ ਤਪੰਦਾ,

ਦੂਜੀ ਤਪਦਾ ਜੇਠ।

ਨੀ ਮੈਂ ਅੱਗ ਤੁਰੀ ਪ੍ਰਦੇਸ।

ਸ਼ਿਵ ਕੁਮਾਰ ਬਟਾਲਵੀ ਨੇ ਲੂਣਾ ਨੂੰ ਲਿੱਸੇ ਕਮਜੋਰ ਘਰ ਦੀ ਧੀ ਪੇਸ਼ ਕਰਨ ਲੱਗਿਆਂ ਇਸ ਗੱਲ ਨੂੰ ਕਦੇ ਨਹੀਂ ਵਿਸਾਰਿਆ ਕਿ ਹੁਸਨ ਦੀ ਪੈਦਾਇਸ਼ ਸਿਰਫ ਮਹਿਲਾਂ ਵਿਚ ਹੀ ਨਹੀਂ । ਰਾਜੇ ਦੇ ਮੋਤੀਆਂ ਭਰੇ ਥਾਲ ਉਸ ਦੀ ਜੀਵਨ ਲੋਚਾ ਦੇ ਹਾਣੀ ਨਹੀਂ ਹੋ ਸਕਦੇ ਕਿਉਂਕਿ ਬਾਪ ਦੀ ਉਮਰ ਦੇ ਸਹੇੜ ਨੂੰ ਉਹ ਆਪਣਾ ਜੀਵਨ ਸਾਥੀ ਕਿਵੇਂ ਮੰਨੇ ? ਆਪਣੀ ਸ਼ਾਇਰੀ ਦੇ ਸਿਖਰ ਸਰੂਪ ਵਿਚ ਸ਼ਿਵ ਨੂੰ ਮਿਲੋ ਜਿਥੇ ਉਹ ਲੂਣਾ ਦੀ ਵੇਦਨਾ ਇਨ੍ਹਾਂ ਸ਼ਬਦਾਂ ਰਾਹੀਂ ਬਿਆਨਦਾ ਹੈ:

ਪਿਤਾ ਜੇ ਧੀ ਦਾ ਰੂਪ ਹੰਢਾਵੇ,

ਲੋਕਾ ਵੇ ਤੈਨੂੰ ਲਾਜ ਨਾ ਆਵੇ।

ਜੇ ਲੂਣਾ ਪੂਰਨ ਨੂੰ ਚਾਹਵੇ,

ਚਰਿੱਤਰਹੀਣ ਕਵ੍ਹੇ ਕਿਉਂ ਜੀਭ ਜਹਾਨ ਦੀ।

ਲੂਣਾ ਹੋਵੇ ਤਾਂ ਅਪਰਾਧਣ,

ਜੇਕਰ ਅੰਦਰੋਂ ਹੋਵੇ ਸੁਹਾਗਣ।

ਮਹਿਕ ਓਹਦੀ ਜੇ ਹੋਵੇ ਦਾਗਣ

ਮਹਿਕ ਮੇਰੀ ਤਾਂ ਕੰਜਕ

ਮੈਂ ਹੀ ਜਾਣਦੀ।

ਮੈਂ ਉਸ ਤੋਂ ਇਕ ਚੁੰਮਣ ਵੱਡੀ।

ਕੀਂਕਣ ਓਹਦੀ ਮਾਂ ਮੈਂ ਲੱਗੀ।

ਓਹ ਮੇਰੀ ਗਰਭ ਜੂਨ ਨਾ ਆਇਆ,

ਸਈਏ ਨੀ ਮੈਂ ਧੀ ਵਰਗੀ ਸਲਵਾਨ ਦੀ।

ਸ਼ਿਵ ਕੁਮਾਰ ਬਟਾਲਵੀ ਆਪਣੇ ਬਾਪ ਦੀ ਉਮਰ ਦੇ ਵਰ ਸਲਵਾਨ ਨੂੰ ਸਰਬ ਸਮਿਆਂ ਦੀ ਮਰਦ ਸਰਦਾਰੀ ਦੇ ਰੂਪ ਵਿਚ ਵੇਖਦਾ ਹੈ। ਸਦੀਆਂ ਦੀ ਦੱਬੀ ਔਰਤ ਵਾਂਗ ਨਹੀਂ। ਉਹ ਭਾਰ ਹੇਠੋਂ ਨਹੀਂ ਬੋਲ ਰਹੀ ਸਗੋਂ ਨਿਰਛਲ, ਨਿਰਕਪਟ, ਨਿਰਵਿਕਾਰ, ਪਾਰਦਰਸ਼ੀ, ਮਨ ਦੇ ਰੂ–ਬਰੂ ਨਿਰਵਸਤਰ ਖੜ੍ਹੀ ਹੈ। ਇੰਨੀ ਜ਼ੁਅਰਤਮੰਦੀ ਪੰਜਾਬੀ ਕਵਿਤਾ ਦੇ ਇਤਿਹਾਸ ਵਿਚ ਕਿਸੇ ਵੀ ਸ਼ਾਇਰ ਨੇ ਸ਼ਿਵ ਕੁਮਾਰ ਤੋਂ ਪਹਿਲਾਂ ਕਿਸੇ ਵੀ ਔਰਤ ਨਾਇਕਾ ਨੂੰ ਨਹੀਂ ਦਿੱਤੀ।

ਸ਼ਿਵ ਕੁਮਾਰ ਦੀ ਇੱਛਰਾਂ ਵੀ ਸਿਰਫ ਰੋਣ ਧੋਣ ਵਾਲੀ ਬੇਵੱਸ ਮਾਂ ਨਹੀਂ, ਉਹ ਆਪਣੇ ਰੁਦਨ ਵਿਚੋਂ ਵੀ ਸਮਾਜਿਕ ਟਿੱਪਣੀਆਂ ਕਰਦੀ ਹੈ। ਉਹ ਸਲਵਾਨ ਨੂੰ ਪਤੀ ਪ੍ਰਮੇਸ਼ਵਰ ਦੇ ਰੂਪ ਵਿਚ ਪ੍ਰਵਾਨ ਕਰਦੀ–ਕਰਦੀ ਜਦ ਉਸ ਦੀਆਂ ਕਰਤੂਤਾਂ ਤੋਂ ਵਾਕਿਫ ਹੁੰਦੀ ਹੈ ਤਾਂ ਉਹ ਵੀ ਆਪਣੀ ਜੀਭ ਨੂੰ ਬੋਲਣ ਦੀ ਸ਼ਕਤੀ ਦੇ ਕੇ ਸਮਾਜਿਕ ਨਿਯਮਾਂ ਦੇ ਬੇਰਹਿਮ ਪਰਦੇ ਤਾਰੋ–ਤਾਰ ਕਰ ਦਿੰਦੀ ਹੈ। ਉਸ ਦੇ ਬੋਲ ਤੁਹਾਨੂੰ ਇਸ ਹਕੀਕਤ ਤੋਂ ਵਾਕਿਫ ਕਰਵਾਉਣਗੇ:

ਕਿਹੜੇ ਦੇਸ਼ ਦਿੱਤੀ ਧੀ ਬਾਬਲਾ ਵੇ,

ਜਿਥੇ ਲੋਕਾਂ ਨੂੰ ਦੁੱਖਾਂ ਦੀ ਸਾਰ ਕੋਈ ਨਾ।

ਜਿਹੜੇ ਦੇਸ਼ ’ਚ ਚੰਦਰੇ ਸੂਰਜਾਂ ਦਾ,

ਧੁੱਪ ਆਪਣੀ ਨਾਲ ਪਿਆਰ ਕੋਈ ਨਾ।

ਆਦਮਖੋਰ ਜੰਗਲ ਗੋਰੇ ਪਿੰਡਿਆਂ ਦੇ,

ਡਾਲੀ ਪੱਤ ਨਾ ਫੁੱਲ ਫਲਹਾਰ ਕੋਈ ਨਾ।

ਪਿੰਡੇ ਵੇਚਣੇ ਤੇ ਪਿੰਡੇ ਮੁੱਲ ਲੈਣੇ ,

ਹੱਡ ਮਾਸ ਤੋਂ ਬਿਨਾ ਵਪਾਰ ਕੋਈ ਨਾ।

ਉਹ ਇਥੇ ਹੀ ਬੱਸ ਨਹੀਂ ਕਰਦੀ ਸਗੋਂ ਇਤਿਹਾਸ ਤੋਂ ਅੱਗੇ ਜਾ ਕੇ ਮਿਥਿਹਾਸ ਦੇ ਕਿਰਦਾਰਾਂ ਨੂੰ ਵਰਤ ਕੇ ਵੀ ਸਾਨੂੰ ਸਮਕਾਲ ਦੀਆਂ ਹਕੀਕਤਾਂ ਦੇ ਰੂ–ਬਰੂ ਖੜ੍ਹਾ ਕਰ ਦਿੰਦੀ ਹੈ:

ਸਰਮਾ ਪਰੀ ਸੀ ਇੰਦਰ ਦੇ ਦਰਾਂ ਉੱਤੇ,

ਅਸੀਂ ਮਰਦਾਂ ਦੇ ਦਰਾਂ ਤੇ ਕੁੱਤੀਆਂ ਹਾਂ।

ਟੁੱਕਰ ਡੰਗ ਦਾ ਖਾਹ ਅਸੀਸ ਦੇਈਏ,

ਛਾਵੇਂ ਕੰਧਾਂ ਦੀ ਧੁਰਾਂ ਤੋਂ ਸੁੱਤੀਆਂ ਹਾਂ।

ਕੁਝ ਮੇਚ ਤੇ ਨਾ ਕੁਝ ਮੇਚ ਆਈਆਂ,

ਅਸੀਂ ਮਰਦਾਂ ਦੇ ਪੈਰਾਂ ’ਚ ਜੁੱਤੀਆਂ ਹਾਂ।

ਸ਼ਿਵ ਕੁਮਾਰ ਬਟਾਲਵੀ ਇੰਦਰ ਦੇਵਤੇ ਦੀ ਹਕੀਕਤ ਨੂੰ ਵੀ ਨੰਗਾ ਕਰਦਾ ਹੈ ਅਤੇ ਅੱਜ ਦੇ ਮਰਦ ਪ੍ਰਧਾਨ ਸਮਾਜ ਦੀ ਵੀ ਖੁੰਭ ਠੱਪਦਾ ਹੈ। ਆਪਣੀ ਸ਼ਾਇਰੀ ਵਿਚ ਉਹ ਇੱਛਰਾਂ ਦੀ ਮਨੋਵੇਦਨਾ ਦੱਸਦਿਆਂ ਭਾਵੇਂ ਔਰਤ ਨੂੰ ਮਰਦ ਦੇ ਪੈਰਾਂ ਦੀ ਜੁੱਤੀ ਕਹਿ ਰਿਹਾ ਹੈ ਪਰ ਹਕੀਕਤ ਵਿਚ ਇਹ ਉਹ ਜੁੱਤੀ ਹੈ ਜੋ ਸਮੁੱਚੇ ਮਰਦ ਪ੍ਰਧਾਨ ਸਮਾਜ ਦੇ ਸਿਰ ਵਿਚ ਵੱਜ ਰਹੀ ਹੈ ਜਿਸ ਨੂੰ ਮਰਿਆਦਾ, ਰਿਸ਼ਤਿਆਂ ਦੀ ਪਾਕੀਜ਼ਗੀ, ਨੇਮ ਅਤੇ ਸਮਾਜਿਕ ਵਿਧਾਨ ਨੂੰ ਨਿਭਾਉਣ ਦੀ ਜਾਚ ਭੁੱਲ ਗਈ ਹੈ ਅਤੇ ਜਿਸ ਵਾਸਤੇ ਜਿਸਮ ਕੇਵਲ ਮਾਨਣ ਦੀ ਵਸਤੂ ਹੈ ਪਰ ਮਨ ਤੀਕ ਪਹੁੰਚਣ ਦਾ ਸਫਰ ਉਸ ਨੂੰ ਚੇਤੇ ਹੀ ਨਹੀਂ ।

ਸ਼ਿਵ ਕੁਮਾਰ ਬਟਾਲਵੀ ਨੂੰ ਲੋਕ ਬਿਰਹਾ ਦਾ ਸ਼ਾਇਰ ਆਖਦੇ ਹਨ ਕਿਉਂਕਿ ਉਸ ਨੇ ਬਿਰਹਾ ਦਾ ਜ਼ਿਕਰ ਵਾਰ–ਵਾਰ ਕੀਤਾ ਹੈ। ਇਹ ਬਿਰਹਾ ਉਸ ਦਾ ਤਨ ਅਤੇ ਮਨ ਤੋਂ ਵਿਛੁੰਨੇ ਵਿਅਕਤੀ ਦਾ ਰੁਦਨਮਈ ਬਿਰਹਾ ਹੈ ਜਿਸ ਨੂੰ ਉਹ ਸੌ ਮੱਕਿਆ ਦੇ ਹੱਜ ਬਰਾਬਰ ਗਿਣਦਾ ਹੈ। ਉਸ ਨੂੰ ਵਸਲ ਦੀਆਂ ਘੜੀਆਂ ਤੋਂ ਸਕੂਨ ਨਹੀਂ ਮਿਲਦਾ ਸਗੋਂ ਹਿਜ਼ਰ ਹੀ ਉਸ ਦੇ ਸਿਰਜਣਾਤਮਕ ਆਪੇ ਨੂੰ ਕਰਮਸ਼ੀਲ ਕਰਦਾ ਹੈ:

ਲੋਕੀ ਪੂਜਣ ਰੱਬ,

ਮੈਂ ਤੇਰਾ ਬਿਰਹੜਾ।

ਸਾਨੂੰ ਸੌ ਮੱਕਿਆ ਦਾ ਹੱਜ

ਵੇ ਤੇਰਾ ਬਿਰਹੜਾ।

ਸ਼ਿਵ ਕੁਮਾਰ ਬਟਾਲਵੀ ਦੇ ਕਦਰਦਾਨਾਂ ਵਿਚੋਂ ਪ੍ਰਮੁੱਖ ਅਮਰੀਕਾ ਦੇ ਸ਼ਹਿਰ ਸਟਾਕਟਨ ਵੱਸਦੇ ਕੁਲਦੀਪ ਤੱਖਰ ਨੇ ਮੈਨੂੰ ਆਪ ਦੱਸਿਆ ਕਿ ਮੈਂ ਸ਼ਿਵ ਕੁਮਾਰ ਜਿੰਨਾ ਮੁਹੱਬਤੀ ਬੰਦਾ ਆਪਣੀ ਜ਼ਿੰਦਗੀ ਵਿਚ ਨਹੀਂ ਵੇਖਿਆ। ਉਸ ਨੂੰ ਇਸ ਗੱਲ ਦਾ ਪਤਾ ਲੱਗਣਾ ਚਾਹੀਦਾ ਸੀ ਕਿ ਉਹ ਸ਼ਿਵ ਕੁਮਾਰ ਨੂੰ ਚਿੱਤੋਂ ਪਿਆਰ ਕਰਦਾ ਹੈ। ਫਿਰ ਤਾਂ ਉਹ ਉਸ ਦੇ ਅੱਗੇ ਵਿਛ ਜਾਂਦਾ ਸੀ। ਆਪਣੇ ਸਟਾਕਟਨ (ਅਮਰੀਕਾ) ਵਾਲੇ ਘਰ ਵਿਚ ਉਸ ਨੇ ਮੈਨੂੰ ਸ਼ਿਵ ਕੁਮਾਰ ਵੱਲੋਂ ਦਿੱਤੇ ਤੋਹਫਿਆਂ ਦੇ ਦਰਸ਼ਨ ਕਰਵਾਉਂਦਿਆਂ ਵਜ਼ਦ ਵਿਚ ਖੀਵੇ ਹੁੰਦਿਆਂ ਦੱਸਿਆ ਕਿ ਆਹ ਸ਼ਿਵ ਕੁਮਾਰ ਦੀ ਲੂਣਾ ਦਾ ਫਾਈਨਲ ਖਰੜਾ ਹੈ ਪਰ ਇਸ ਵਿਚ ਕੁਝ ਉਹ ਹਿੱਸਾ ਵੀ ਸ਼ਾਮਿਲ ਹੈ ਜੋ ਛਪੀ ਹੋਈ ਕਿਤਾਬ ਵਿਚ ਵੀ ਨਹੀਂ। ਹਾਸ਼ੀਏ ਤੇ ਦਿੱਤੇ ਪ੍ਰਕਾਸ਼ਨ ਸੰਕੇਤ ਵੀ ਵੇਖ। ਆਹ ਸ਼ਿਵ ਦੀ ਮੈਂ ਤੇ ਮੈਂ ਦਾ ਮਸੌਦਾ ਹੈ। ਇਸ ਨੂੰ ਵੀ ਧਿਆਨ ਨਾਲ ਵੇਖ। ਇਸ ਵਿਚ ਵੀ ਬਹੁਤ ਕੁਝ ਛਪੀ ਕਿਤਾਬ ਨਾਲੋਂ ਵੱਖਰਾ ਹੈ। ਗੱਲ ਹੀ ਛੱਡਦੇ, ਸ਼ਿਵ ਕੁਮਾਰ ਕਿਤਾਬ ਦੇ ਛੱਪਣ ਤੀਕ ਆਪਣੇ ਖਰੜੇ ਨੂੰ ਸੋਧਦਾ ਤੇ ਸੰਵਾਰਦਾ ਰਹਿੰਦਾ ਸੀ। ਤੇ ਆਹ ਉਹ ਗਲਾਸੀ ਹੈ, ਚਾਂਦੀ ਦੀ, ਜਿਸ ਵਿਚ ਉਹ ਇੰਗਲੈਂਡ ਫੇਰੀ ਦੌਰਾਨ ਸ਼ਰਾਬ ਪਾ–ਪਾ ਕੇ ਪੀਂਦਾ ਰਿਹਾ। ਇਹ ਉਸ ਨੇ ਫਰਾਂਸ ਤੋਂ ਖਰੀਦੀ ਸੀ। ਜਾਣ ਲੱਗਾ ਨਿਸ਼ਾਨੀ ਦੇ ਤੌਰ ਤੇ ਮੈਨੂੰ ਦੇ ਗਿਆ। ਕੁਲਦੀਪ ਤੱਖਰ, ਬੋਲੀ ਗਿਆ, ਬੋਲੀ ਗਿਆ ਪੂਰੇ ਵੇਗ ਵਿਚ । ਆਖਣ ਲੱਗਾ ਮੈਂ ਇਨ੍ਹਾਂ ਖਰੜਿਆਂ ਨੂੰ ਲੈਮੀਨੇਟ ਕਰਵਾ ਦਿੱਤਾ ਹੈ ਇਕੱਲੇ ਇਕੱਲੇ ਸਫੇ ਨੂੰ। ਦੋਹਾਂ ਖਰੜਿਆਂ ਦਾ ਹੁਣ ਪੰਜ ਕਿਲੋ ਤੋਂ ਵੱਧ ਭਾਰ ਬਣ ਗਿਆ ਹੈ। ਜਦੋਂ ਕਦੇ ਮੈਂ ਪੰਜਾਬ ਆਇਆ ਤਾਂ ਤੁਹਾਡੀ ਲੁਧਿਆਣੇ ਵਾਲੀ ਪੰਜਾਬੀ ਸਾਹਿਤ ਅਕਾਡਮੀ ਨੂੰ ਤੋਹਫੇ ਦੇ ਤੌਰ ਤੇ ਦੇ ਦਿਆਂਗਾ। ਆਪਣੀ ਜ਼ਿੰਦਗੀ ਤੀਕ ਤਾਂ ਮੈਂ ਇਸ ਦੀ ਕਦਰਦਾਨੀ ਕਰ ਲਈ, ਅਗਲੇ ਪੋਚ ਦਾ ਕੀ ਪਤਾ? ਸ਼ਿਵ ਦੀ ਮੁਹੱਬਤ ਵਿਚ ਗੜੂੰਦ ਹੋਏ ਕੁਲਦੀਪ ਤੱਖਰ ਦੀਆਂ ਅੱਖਾਂ ਵਿਚ ਅਜੀਬ ਨਮੀ ਸੀ। ਫਿਰ ਉਸ ਨੇ ਮੈਨੂੰ ਸ਼ਿਵ ਦੀ ਆਵਾਜ਼ ਵਿਚ ਕਈ ਗੀਤ ਸੁਣਾਏ। ਨਾਲੇ ਦੱਸਿਆ ਕਿ ਤੁਹਾਡੇ ਪੰਜਾਬ ਵਿਚ ਜਿੰਨੀ ਕੁ ਰਿਕਾਰਡਿੰਗ ਪਹੁੰਚੀ ਹੈ, ਉਹ ਵੀ ਕਿਸੇ ਵੇਲੇ ਬੀ ਬੀ ਸੀ ਵਾਲਿਆਂ ਨੇ ਮੇਰੇ ਤੋਂ ਹੀ ਲਈ ਸੀ।

ਸ਼ਿਵ ਕੁਮਾਰ ਨੂੰ 27 ਸਾਲ ਦੀ ਉਮਰ ਵਿਚ ਹੀ ਭਾਰਤੀ ਸਾਹਿਤ ਅਕਾਡਮੀ ਪੁਰਸਕਾਰ ਲੂਣਾ ਲਿਖਣ ਬਦਲੇ ਮਿਲਿਆ। ਉਸ ਜਿੰਨੀ ਉਮਰ ਦੇ ਕਿਸੇ ਵੀ ਲਿਖਾਰੀ ਨੂੰ ਹੁਣ ਤੀਕ ਇਹ ਸਨਮਾਨ ਹਾਸਿਲ ਨਹੀਂ ਹੋਇਆ। ਬਹੁਤ ਥੋੜ੍ਹੇ ਲੋਕ ਜਾਣਦੇ ਹਨ ਕਿ ਸ਼ਿਵ ਕੁਮਾਰ ਨੇ ਨਕਸਲਵਾੜੀ ਲਹਿਰ ਦੇ ਪ੍ਰਭਾਵ ਹੇਠ ਵੀ ਕੁਝ ਨਜ਼ਮਾਂ ਲਿਖੀਆਂ ਸਨ ਅਤੇ ਉਹ ਨਜ਼ਮਾਂ ਲਿਖਣ ਦਾ ਕਾਰਨ ਉਸ ਨੂੰ ਸਰੋਤਿਆਂ ਵੱਲੋਂ ਪ੍ਰੇਮ ਮੁੱਖੀ ਕਵਿਤਾਵਾਂ ਸੁਣਾਉਣ ਵੇਲੇ ਹਾਸਿਲ ਹੁੰਦੀ ਨਮੋਸ਼ੀ ਸੀ। ਇਸ ਨਮੋਸ਼ੀ ਨੂੰ ਧੋਣ ਲਈ ਉਸ ਨੇ ਆਤਮ ਚਿੰਤਨ ਕਰਦੀ ਇਕ ਨਜ਼ਮ ਗੱਦਾਰ ਲਿਖੀ। ਬਲਵੰਤ ਗਾਰਗੀ ਦੇ ਨਾਟਕ ਗਗਨ ਮਹਿ ਥਾਲ ਦੇ ਗੀਤ ਵੀ ਉਸ ਨੇ ਗੁਰੂ ਨਾਨਕ ਸ਼ਤਾਬਦੀ ਮੌਕੇ ਲਿਖੇ। ਕੁਝ ਫਿਲਮਾਂ ਵਾਲਿਆਂ ਨੇ ਵੀ ਉਸ ਨੂੰ ਆਪਣੇ ਵੱਲ ਖਿੱਚਿਆ। ਮੌਤ ਉਸ ਦੇ ਆਲੇ ਦੁਆਲੇ ਹਰ ਸਮੇਂ ਮੰਡਰਾਉਂਦੀ ਰਹੀ। ਉਸ ਦੇ ਜਾਣ ਮਗਰੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਮੋਹਨ ਕਾਹਲੋਂ ਪਾਸੋਂ ਅਲਵਿਦਾ ਨਾਮ ਹੇਠ ਸ਼ਿਵ ਦੀ ਸ਼ਾਇਰੀ ਇਕੱਠੀ ਕਰਵਾਈ। ਮੁੱਖ ਬੰਦ ਵੀ ਲਿਖਵਾ ਲਿਆ ਪਰ ਅਣਚਾਹੇ ਕਾਰਨਾਂ ਸਦਕਾ ਕਿਤਾਬ ਛਪਣ ਵੇਲੇ ਸੰਪਾਦਕ ਡਾ: ਪਿਆਰ ਸਿੰਘ ਅਤੇ ਨਰਜੀਤ ਖਹਿਰਾ ਸਨ। ਇਸ ਵਿਚ ਪਰਿਵਾਰ ਦੀ ਸਹਿਮਤੀ ਦਾ ਵੀ ਜ਼ਿਕਰ ਆਉਂਦਾ ਹੈ ਅਤੇ ਸ਼ਿਵ ਬਾਰੇ ਲਿਖੇ ਕਾਹਲੋਂ ਦੇ ਨਾਵਲ ਗੋਰੀ ਨਦੀ ਦਾ ਗੀਤ ਵੀ ਕਾਰਨ ਦੱਸੀਦਾ ਹੈ।

ਸ਼ਿਵ ਕੁਮਾਰ ਦੇ ਨੇੜਲੇ ਲੋਕ ਦੱਸਦੇ ਨੇ ਕਿ ਲੂਣਾ ਦਾ ਮੁੱਖ ਬੰਦ ਵੀ ਮੋਹਨ ਕਾਹਲੋਂ ਨੇ ਹੀ ਲਿਖਿਆ ਸੀ ਪਰ ਛੱਪਿਆ ਸ਼ਿਵ ਕੁਮਾਰ ਦੇ ਨਾਂ ਹੇਠ । ਇਸ ਨੂੰ ਕਿਤਾਬੀ ਰੂਪ ਵਿਚ ਤੇਜ ਪ੍ਰਿੰਟਿੰਗ ਪ੍ਰੈਸ ਅੰਮ੍ਰਿਤਸਰ ਵਾਲੇ ਸ: ਤੇਜਾ ਸਿੰਘ ਸੇਠੀ ਨੇ ਬੜੀ ਰੀਝ ਨਾਲ ਛਾਪਿਆ। ਵੱਡਾ ਆਕਾਰ, ਦਲੀਪ ਚਿਤਰਕਾਰ ਦੇ ਲਕੀਰੀ ਚਿੱਤਰ। ਕੱਪੜੇ ਦੀ ਜ਼ਿਲਦ ਉੱਪਰ ਚਾਰ ਰੰਗਾ ਇਕ ਚਿੱਤਰ ਚਿਪਕਾਇਆ ਗਿਆ ਸੀ। ਉਨ੍ਹਾਂ ਵਕਤਾਂ ਵਿਚ 16 ਰੁਪਏ ਕੀਮਤ ਸੁਣ ਕੇ ਲੋਕ ਠਠੰਬਰ ਗਏ ਸਨ। ਕਹਿੰਦੇ ਨੇ ਤੇਜ ਪ੍ਰੈਸ ਦਾ ਛਪਾਈ ਬਿੱਲ ਬੜਾ ਵੱਡਾ ਸੀ ਤੇ ਏਨੇ ਰੁਪਏ ਸ਼ਿਵ ਕੁਮਾਰ ਅਤੇ ਉਸ ਦੇ ਮਿੱਤਰਾਂ ਦੀ ਜੇਬ ਵਿਚ ਨਹੀਂ ਸਨ। ਇਕ ਫਿਲਮ ਨਿਰਮਾਤਾ ਕੰਪਨੀ  ਸਿੰਘ ਸੰਨਜ਼ ਪ੍ਰੋਡਕਸ਼ਨ ਜਲੰਧਰ ਵਾਲਿਆਂ ਨੇ ਇਸ ਦੀ ਰਕਮ ਅਦਾ ਕਰਕੇ ਲੂਣਾ ਦਾ ਪਹਿਲਾ ਅੰਕ ਰਿਹਾਅ ਕਰਵਾਉਣ ਵਿਚ ਮਦਦ ਕੀਤੀ। ਪੰਜਾਬੀ ਦੀ ਪਹਿਲੀ ਮਹਿੰਗੀ ਕਿਤਾਬ। ਭਲਾ ਹੋਵੇ ਡਾ: ਮਹਿੰਦਰ ਸਿੰਘ ਰੰਧਾਵਾ ਦਾ ਜਿਸ ਨੇ ਇਸ ਨੂੰ ਪੇਂਡੂ ਲਾਇਬ੍ਰੇਰੀਆਂ ਲਈ ਖਰੀਦ ਕੇ ਸਾਡੇ ਪਿੰਡ ਬਸੰਤ ਕੋਟ ਦੀ ਲਾਇਬ੍ਰੇਰੀ ਤੀਕ ਵੀ ਪਹੁੰਚਾਇਆ। ਆਮ ਲੋਕਾਂ ਲਈ ਲੂਣਾ ਨੂੰ ਸ: ਕਰਤਾਰ ਸਿੰਘ ਬਲੱਗਣ ਨੇ ਆਪਣੇ ਮਾਸਕ ਪੱਤਰ ਕਵਿਤਾ ਵਿਚ ਇਕੱਠਿਆਂ ਛਾਪ ਦਿੱਤਾ। ਕੀਮਤ ਕੁੱਲ ਇੱਕ ਰੁਪਿਆ ਸੀ। ਲੋਕਾਂ ਨੇ ਰਾਤੋ ਰਾਤ ਸਟਾਲਾਂ ਤੋਂ ਇਹ ਅੰਕ ਖਰੀਦ ਲਿਆ ।

ਸ਼ਿਵ ਕੁਮਾਰ ਬਟਾਲਵੀ ਨੂੰ ਮੈਂ ਆਪਣੇ ਕੰਨਾਂ ਨਾਲ ਸਿਰਫ ਚਾਰ ਵਾਰ ਹੀ ਸੁਣਿਆ। ਰੇਡੀਓ ਤੋਂ ਤਾਂ ਉਸ ਦੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਮੌਤ ਵੇਲੇ ਲਿਖੀ ਨਜ਼ਮ ਮੈਨੂੰ ਅੱਜ ਵੀ ਉਸੇ ਅੰਦਾਜ਼ ਵਿਚ ਚੇਤੇ ਹੈ। ਜਦ ਉਸ ਨੇ ਕਿਹਾ ਸੀ ‘ਅੱਜ ਅਮਨਾਂ ਦਾ ਬਾਬਲ ਮੋਇਆ, ਸਾਰੀ ਧਰਤ ਨੜੋਏ ਆਈ’ । ਸ਼ਿਵ ਕੁਮਾਰ ਨੂੰ ਆਖਰੀ ਵਾਰ ਆਪਣੇ ਜੀ ਜੀ ਐਨ ਖਾਲਸਾ ਕਾਲਜ, ਲੁਧਿਆਣਾ ਵਿਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਮੌਕੇ ਸੁਣਿਆ । ਉਸੇ ਦੀਵਾਨ ਵਿਚ ਹੀ ਭਾਈ ਸਮੁੰਦ ਸਿੰਘ ਰਾਗੀ ਨੇ ਕੀਰਤਨ ਕੀਤਾ ਸੀ ਤੰਤੀ ਸਾਜ਼ਾਂ ਨਾਲ । ਗਿਆਨੀ ਰਾਮ ਨਰਾਇਣ ਸਿੰਘ ਦਰਦੀ ਨੇ ਨਜ਼ਮ ਸੁਣਾਈ ਸੀ। ਸ਼ਿਵ ਦੇ ਬੋਲ ਆਰਤੀ ਰੂਪ ਵਿਚ ਸਨ। ਆਰਤੀ ਦਸ਼ਮੇਸ਼ ਪਿਤਾ ਦੀ ਜਿਸ ਵਿਚ ਆਪਣੀ ਕਮਜ਼ੋਰੀ ਦਾ ਵਾਸਤਾ ਸੀ, ਕ੍ਰਿਪਾਨ ਤੋਂ ਬਲ ਮੰਗਿਆ ਸੀ ਪੁਰਸੋਜ਼ ਆਵਾਜ਼ ਵਿਚ ਸ਼ਿਵ ਕੁਮਾਰ ਨੇ। ਮੇਰੇ ਗੁਰੂਦੇਵ ਡਾ: ਐਸ ਪੀ ਸਿੰਘ ਦੇ ਬੁਲਾਵੇ ਤੇ ਆਏ ਸ਼ਿਵ ਕੁਮਾਰ ਦੀ ਸ਼ਾਇਦ ਉਹ ਭਾਰਤ ਵਿਚ ਆਖਰੀ ਪੇਸ਼ਕਾਰੀ ਸੀ। ਕੁਝ ਦਿਨਾਂ ਬਾਅਦ ਉਹ ਵਲਾਇਤ ਚਲਾ ਗਿਆ। ਵਲਾਇਤ ਦੀ ਸੇਵਾ ਨੇ ਉਸ ਦੀ ਜਿੰਦ ਪਿੰਜ ਦਿੱਤੀ। ਉਹ ਤੰਦਰੁਸਤ ਨਾ ਰਹਿ ਸਕਿਆ ਤੇ ਅਖੀਰ ਫੁੱਲ ਜਾਂ ਤਾਰਾ ਬਣਨ ਦੀ ਰੀਝ ਲੈ ਕੇ ਜੋਬਨ ਰੁੱਤੇ ਸਾਨੂੰ ਅਲਵਿਦਾ ਕਹਿ ਗਿਆ।

ਉਸ ਦੀ ਯਾਦ ਵਿਚ ਬਟਾਲਾ ਵਿਖੇ ਹੋਏ ਪਹਿਲੇ ਸ਼ਰਧਾਂਜਲੀ ਸਮਾਰੋਹ ਦਾ ਵੀ ਮੈਨੂੰ ਚੇਤਾ ਹੈ। ਬਟਾਲਾ ਵੱਸਦੇ ਉਸ ਦੇ ਸ਼ੁਭਚਿੰਤਕਾਂ ਨੇ ਡਾ: ਸਾਧੂ ਸਿੰਘ ਹਮਦਰਦ, ਅਮਰ ਸਿੰਘ ਦੁਸਾਂਝ, ਗਿਆਨੀ ਸ਼ਾਦੀ ਸਿੰਘ, ਭਰਪੂਰ ਸਿੰਘ ਬਲਬੀਰ ਵਰਗੇ ਸਿਰਕੱਢ ਪੱਤਰਕਾਰਾਂ ਅਤੇ ਸ: ਸੂਬਾ ਸਿੰਘ ਵਰਗੇ ਸ਼ਾਇਰਾਂ ਅਤੇ ਉਸ ਵੇਲੇ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਦੇ ਪ੍ਰੈਸ ਸਕੱਤਰ ਨੂੰ ਵੀ ਇਸ ਸੰਗਤ ਵਿਚ ਬੁਲਾਇਆ ਸੀ। ਖਾਲਸਾ ਹਾਈ ਸਕੂਲ ਦੇ ਵਿਹੜੇ ਵਿਚ ਕਈ ਇਕਰਾਰ ਹੋਏ। ਸ਼ਿਵ ਕੁਮਾਰ ਦੀ ਪਤਨੀ ਅਰੁਣਾ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਨਿਯੁਕਤੀ ਦਾ ਐਲਾਨ ਵੀ ਸ: ਸੂਬਾ ਸਿੰਘ ਨੇ ਇਥੇ ਹੀ ਕੀਤਾ ਸੀ। ਫਿਰ ਦੂਜੀ ਬਰਸੀ ਵੇਲੇ ਸਾਡੇ ਮਿੱਤਰ ਹਰਭਜਨ ਸਿੰਘ ਬਾਜਵਾ ਦੀ ਹਿੰਮਤ ਸਦਕਾ ਗੁਰੂ ਨਾਨਕ ਕਾਲਜ ਬਟਾਲਾ ਵਿਚ ਪੂਰਾ ਪੰਜਾਬ ਪਹੁੰਚਿਆ। ਸ਼ਿਵ ਕੁਮਾਰ ਦੇ ਮਾਤਾ ਜੀ ਨੂੰ ਸਨਮਾਨਿਤ ਕੀਤਾ ਗਿਆ। ਸ: ਜਸਵੰਤ ਸਿੰਘ ਕੰਵਲ, ਕਪੂਰ ਸਿੰਘ ਘੁੰਮਣ, ਪ੍ਰੇਮ ਗੋਰਖੀ, ਮੁਖਤਾਰ ਗਿੱਲ, ਪ੍ਰਮਿੰਦਰਜੀਤ, ਖੁਰਸ਼ੀਦ ਅਤੇ ਮੇਰੇ ਵਰਗੇ ਕਈ ਹੋਰ ਸਾਰੀ ਰਾਤ ਸ਼ਿਵ ਦਾ ਕਲਾਮ ਸੁਣਦੇ ਰਹੇ। ਕਦੇ ਜਗਜੀਤ ਜ਼ੀਰਵੀ ਕੋਲੋਂ ਅਤੇ ਕਦੇ ਹਾਕਮ ਸੂਫੀ ਕੋਲੋਂ। ਹਾਕਮ ਸੂਫੀ ਉਦੋਂ ਅਜੇ ਨਾਭੇ ਹੀ ਪੜ੍ਹਦਾ ਸੀ ਪਰ ਆਵਾਜ਼ ਵਿਚ ਸ਼ਿਵ ਦੇ ਕਲਾਮ ਨੂੰ ਗਾਉਣ ਯੋਗ ਦਰਦ ਤੇ ਸੰਵੇਦਨਾ ਹਾਜ਼ਰ ਸੀ।

ਸ਼ਿਵ ਕੁਮਾਰ ਦੀ ਵਾਰਤਕ ਨੂੰ ਕਿਸੇ ਸੰਗ੍ਰਿਹ ਵਿਚ ਹੁਣ ਤਕ ਕਿਸੇ ਨੇ ਨਹੀਂ ਸੰਭਾਲਿਆ। ਉਸ ਵੱਲੋਂ ਲਿਖੇ ਕੁਝ ਲਿਖਾਰੀਆਂ ਦੇ ਰੇਖਾ ਚਿੱਤਰਾਂ ਨੂੰ ਮਾਸਕ ਪੱਤਰ ਹੇਮ ਜਯੋਤੀ ਵਿਚ ਪੜ੍ਹਨ ਦਾ ਮੈਨੂੰ ਵੀ ਮੌਕਾ ਮਿਲਿਆ ਹੈ। ਕੁਝ ਵਿਚ ਉਹ ਬੇਲਾਗ ਹੈ ਅਤੇ ਕੁਝ ਵਿਚ ਬਦਲਾਖੋਰ। ਮਿਸਾਲ ਦੇ ਤੌਰ ਤੇ  ਸ. ਸ. ਮੀਸ਼ਾ ਨੂੰ ਚਿਤਰਦਿਆਂ ਉਸ ਦੇ ਮੁਹਾਂਦਰੇ ਨੂੰ ਮੀਸਣੀ ਮੁਸਕਾਨ ਦਾ ਨਾਂ ਦਿੰਦਾ ਹੈ, ਅਜੀਤ ਕੌਰ ਨੂੰ ਉਦਾਸ ਲਾਲਟੈਣ ਦੱਸਦਾ ਹੈ ਅਤੇ ਮੋਹਨ ਭੰਡਾਰੀ ਨੂੰ ਕਿਸੇ ਗੁੱਸੇ ਗਿੱਲੇ ਦਾ ਸ਼ਿਕਾਰ ਹੋ ਕੇ ਬਹੁਤਾ ਗਰੀਬੜਾ ਜਿਹਾ ਪੇਸ਼ ਕਰਦਿਆਂ ਉਸ ਨੂੰ ਫੁੱਲਬਹਿਰੀ ਵਾਲੇ ਹੱਥ ਆਖਦਾ ਹੈ। ਸੱਜਣ ਦੱਸਦੇ ਨੇ ਕਿ ਸ਼ਿਵ ਕੁਮਾਰ ਨੂੰ ਭੰਡਾਰੀ ਵਾਲੇ ਰੇਖਾ ਚਿੱਤਰ ਬਾਰੇ ਆਖਰੀ ਵੇਲੇ ਤੀਕ ਪਛਤਾਵਾ ਰਿਹਾ ਕਿ ਮੈਂ ਉਸ ਨਾਲ ਧੱਕਾ ਕੀਤਾ ਹੈ। ਉਸ ਦੇ ਗੀਤ ਸਿਰਜਣ ਪ੍ਰਕ੍ਰਿਆ ਸਬੰਧੀ ਕੁਝ ਲੇਖ ਵੀ ਮੈਨੂੰ ਧੁੰਦਲੇ–ਧੁੰਦਲੇ ਚੇਤੇ ਆ ਰਹੇ ਹਨ। ਆਪਣੇ ਨਾਲ–ਨਾਲ ਤੋਰਦਾ ਸੀ ਆਪਣੀ ਵਾਰਤਕ ਵਿਚ ।

ਸ਼ਿਵ ਕੁਮਾਰ ਬਟਾਲਵੀ ਰਾਵੀ ਦਰਿਆ ਦਾ ਉਹ ਲਾਡਲਾ ਪੁੱਤਰ ਸੀ ਜਿਸ ਨੇ ਰਾਵੀ ਦੇ ਉਰਵਾਰ ਪਾਰ ਵੱਸਦੇ ਲੋਕਾਂ ਦੇ ਗੁਆਚਦੇ ਜਾ ਰਹੇ ਸ਼ਬਦਾਂ ਨੂੰ ਆਪਣੀ ਸ਼ਾਇਰੀ ਵਿਚ ਸੰਭਾਲਿਆ। ਉਸ ਦੇ ਬੋਲਾਂ ਵਿਚੋਂ ਸਿਰਫ ਪੰਜਾਬ ਨਹੀਂ ਸਗੋਂ ਸਮੁੱਚੀ ਕਾਇਨਾਤ ਦੇ ਦਰਸ਼ਨ ਕਰ ਸਕਦੇ ਹੋ। ਸ਼ਿਵ ਦੀ ਸਰੀਰਕ ਮੌਤ ਹੋਇਆਂ ਭਾਵੇਂ ਤਿੰਨ ਦਹਾਕਿਆਂ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਉਸ ਦੀ ਸ਼ਾਇਰੀ ਦੀ ਜਵਾਨੀ ਸਿੱਖਰਾਂ ਵੱਲ ਜਾ ਰਹੀ ਹੈ। ਸਮਾਂ ਪੈਣ ਨਾਲ ਉਸ ਦੇ ਐਬਾਂ ਦੀਆਂ ਧੂੜਾਂ ਉਡਾਉਣ ਵਾਲੇ ਮੱਧਮ ਪੈ ਰਹੇ ਹਨ ਅਤੇ ਗੁਣ ਜਾਨਣ ਹਾਰੇ ਵਧ ਰਹੇ ਹਨ। ਸਾਡਾ ਦੁਖਾਂਤ ਹੀ ਇਹ ਹੈ ਕਿ ਅਸੀਂ ਸਿਰਜਣਾ ਦੀ ਥਾਂ ਸਿਰਜਕ ਨੂੰ ਵਧ ਪੜ੍ਹਦੇ ਹਾਂ ਅਤੇ ਪੜ੍ਹਦੇ ਵੀ ਉਸ ਐਨਕ ਨਾਲ ਹਾਂ ਜੋ ਸਾਨੂੰ ਪੁੱਗਦੀ ਹੋਵੇ। ਸ਼ਿਵ ਕੁਮਾਰ ਸਾਡਾ ਅਤੀਤ ਵੀ ਚੇਤੇ ਕਰਾਉਂਦਾ ਹੈ, ਵਰਤਮਾਨ ਨੂੰ ਵੀ ਨਾਲ–ਨਾਲ ਤੋਰਦਾ ਹੈ ਅਤੇ ਭਵਿੱਖ ਲਈ ਸੰਭਾਲਣ ਯੋਗ ਵਿਰਸੇ ਦੀ ਨਿਸ਼ਾਨਦੇਹੀ ਵੀ ਕਰਕੇ ਦਿੰਦਾ ਹੈ। ਉਸ ਦੀ ਸ਼ਾਇਰੀ ਦੇ ਰੂ–ਬਰੁ ਹੋ ਕੇ ਹਰ ਵਾਰ ਮੈਂ ਸੱਜਰੇ ਅਤੇ ਤਰੋਤਾਜ਼ਾ ਸੰਸਾਰ ਵਿਚ ਪਹੁੰਚਦਾ ਹਾਂ। ਜੋਬਨ ਰੁੱਤੇ ਤੁਰ ਗਏ ਇਸ ਸ਼ਾਇਰ ਦੀ ਹੋਣੀ ਭਾਵੇਂ ਫੁੱਲ ਬਣੀ ਜਾਂ ਤਾਰਾ, ਸਾਡੇ ਲਈ ਤਾਂ ਅੱਜ ਵੀ ਉਹ ਮਹਿਕਦਾ ਗੁਲਜ਼ਾਰ ਹੈ ਜਿਸ ਦੀ ਪਰਿਕਰਮਾ ਕਰਦਿਆਂ ਸਾਨੂੰ ਜੋਬਨਵੰਤੇ ਛੈਲ ਛਬੀਲੇ ਥੱਬਾਂ ਕੁ ਜੁਲਫਾਂ ਵਾਲੇ ਸ਼ਾਇਰ ਦੇ ਦਰਸ਼ਨ ਹੁੰਦੇ ਹਨ।

ਪੱਕੀ ਕਣਕ ਵਿਸਾਖੀ ਆਈ
ਪੰਜਾਬ ਮੇਲਿਆਂ ਦੀ ਧਰਤੀ ਹੈ। ਇਥੇ ਮੌਸਮਾਂ ਦੀ ਤਬਦੀਲੀ ਨਾਲ ਆਉਣ ਵਾਲੇ ਮੇਲਿਆਂ ਅਤੇ ਤਿਉਹਾਰਾਂ ਵਿਚੋਂ ਵਿਸਾਖੀ ਅਤੇ ਲੋਹੜੀ ਦੀ ਸਰਦਾਰੀ ਸਿਖ਼ਰਾਂ ਤੇ ਹੈ। ਵਿਸਾਖੀ ਵਿਸਾਖ ਮਹੀਨੇ ਦਾ ਪਹਿਲਾ ਦਿਨ ਹੁੰਦਾ ਹੈ। ਇਹੀ ਮੌਸਮ ਕਣਕਾਂ ਦੀ ਹਰਿਆਵਲੀ ਸੂਰਤ ਦਾ ਸੋਨੇ ਰੰਗੇ ਸਰੂਪ ਵਿੱਚ ਬਦਲਣ ਦਾ ਹੈ। ਸੋਨੇ ਰੰਗੀਆਂ ਕਣਕਾਂ ਦੀ ਵਾਢੀ ਪੈਣ ਨਾਲ ਸਰੂਰਿਆ ਕਿਸਾਨ ਆਪਣੇ ਸਰੀਰ ਨੂੰ ਵਜਦ ਵਿੱਚ ਲਿਆ ਕੇ ਨੱਚਦਾ, ਗਾਉਂਦਾ ਅਤੇ ਭੰਗੜੇ ਪਾਉਂਦਾ ਸਾਨੂੰ ਇਤਿਹਾਸ ਨੇ ਹੀ ਦੱਸਿਆ ਹੈ। ਮੌਸਮੀ ਤਬਦੀਲੀਆਂ ਦੇ ਵਾਪਰਨ ਕਾਰਨ ਹੁਣ ਵਾਢੀਆਂ ਪਹਿਲਾਂ ਵਾਂਗ ਵਿਸਾਖੀ ਨੇੜੇ ਨਹੀਂ ਪੈਂਦੀਆਂ ਸਗੋਂ ਕੰਬਾਈਨ ਹਾਰਵੈਸਟਰ ਪਹਿਲਾਂ ਹੀ ਖੇਤਾਂ ਵਿੱਚ ਫ਼ਸਲਾਂ ਨੂੰ ਦਾਣਿਆਂ ਵਿੱਚ ਤਬਦੀਲ ਕਰ ਦਿੰਦੇ ਹਨ। ਮਹੀਨਿਆਂ ਬੱਧੀ ਹੋਣ ਵਾਲਾ ਕਾਰਜ ਹੁਣ ਦਿਨਾਂ ਵਿੱਚ ਮੁਕ ਮੁਕਾ ਜਾਂਦਾ ਹੈ।

ਵਿਸਾਖੀ ਪੰਜਾਬ ਦਾ ਮੌਸਮੀ ਤਿਉਹਾਰ ਹੈ। ਗੁਰਬਾਣੀ ਵਿੱਚ ਵੀ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਨਾਨਕ ਦੇਵ ਜੀ ਨੇ ਆਪੋ ਆਪਣੇ ਅੰਦਾਜ਼ ਵਿੱਚ ਬਾਰਾਂਮਾਂਹ ਲਿਖਦਿਆਂ ਵਿਸਾਖੀ ਦੇ ਪੁਰਬ ਦਾ ਸੁਆਗਤ ਕਰਦਿਆਂ ਸਾਨੂੰ ਕਿਹਾ ਹੈ ਕਿ ਵਿਸਾਖ ਮਹੀਨੇ ਪੱਕੀਆਂ ਫ਼ਸਲਾਂ ਨੂੰ ਵਾਢੀ ਪੈ ਗਈ ਹੈ। ਛੇਤੀ ਛੇਤੀ ਪੱਕੀਆਂ ਫ਼ਸਲਾਂ ਸਾਂਭਣ ਦੀ ਕਾਹਲ ਹੈ। ਫ਼ਸਲ ਪੱਕੀ ਹੈ, ਫ਼ਸਲ ਵੱਲ ਧਿਆਨ ਹੈ ਪਰ ਅਸੀਂ ਦੇਵਣਹਾਰ ਦਾਤੇ ਵੱਲ ਬੇਪ੍ਰਵਾਹੀ ਵਰਤ ਰਹੇ ਹਾਂ। ਅਸੀਂ ਮਿਹਨਤ ਅਤੇ ਕਰਮ ਦਾ ਫ਼ਲ ਮਿਲਣ ਤੇ ਖੁਸ਼ ਤਾਂ ਹੁੰਦੇ ਹਾਂ ਪਰ ਜਦੋਂ ਆਸਾਂ ਨੂੰ ਪੂਰਾ ਫ਼ਲ ਨਹੀਂ ਪੈਂਦਾ ਤਾਂ ਰੋਂਦੇ ਕੁਰਲਾਉਂਦੇ ਹਾਂ। ਜੇ ਕੀਤੇ ਕਰਮ ਦਾ ਫ਼ਲ ਦਾਤੇ ਦੇ ਦਾਤ ਮੰਨ ਲਈਏ ਤਾਂ ਪਛਤਾਵਾ ਹੱਥ ਨਹੀਂ ਲੱਗਦਾ। ਇਸ ਪੱਕੀ ਫ਼ਸਲ ਵਾਲੇ ਮੌਸਮ ਵਿੱਚ ਪ੍ਰਭੂ ਦੇ ਰੰਗ ਵਿੱਚ ਅਭੇਦ ਹੋ ਜਾਓ, ਕਸ਼ਟ ਕਲੇਸ਼ ਮੁੱਕ ਜਾਣਗੇ ਅਤੇ ਧਰਤ ਸੁਹਾਵੀ ਤੁਹਾਨੂੰ ਖੁਸ਼ੀਆਂ ਖੇੜੇ ਬਖਸ਼ ਦੇਵੇਗੀ।

ਖਾਲਸਾ ਪੰਥ ਦੀ ਸਾਜਨਾ ਦਾ ਵੀ ਵਿਸਾਖੀ ਨਾਲ ਬਹੁਤ ਨੇੜਲਾ ਸੰਬੰਧ ਹੈ। 1699 ਦੀ ਵਿਸਾਖੀ ਵਾਲੇ ਦਿਨ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵਿਸ਼ਵ ਭਰ ਦੇ ਨਿਤਾਣਿਆਂ ਨੂੰ ਜ਼ੁਲਮ ਦੇ ਖਿਲਾਫ ਲੜਨ ਲਈ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ। ਖਾਲਸੇ ਦੀ ਸਿਰਜਣ ਭੂਮੀ  ਸ਼੍ਰੀ ਅਨੰਦਪੁਰ ਸਾਹਿਬ ਵਿਖੇ ਆਲੌਕਿਕ ਦਰਬਾਰ ਸੱਜਣ ਦੀ ਕਹਾਣੀ ਇਤਿਹਾਸ ਦੀਆਂ ਪੁਸਤਕਾਂ ਸਾਨੂੰ 300 ਸਾਲ ਤੋਂ ਦੱਸ ਰਹੀਆਂ ਹਨ। ਸਿੱਖ ਧਰਮ ਨੂੰ ਸਰੂਪ ਪ੍ਰਦਾਨ ਕਰਨ ਵਿੱਚ ਵਿਸਾਖੀ ਦਾ ਬਹੁਤ ਵੱਡਾ ਯੋਗਦਾਨ ਹੈ। ਵਿਸਾਖੀ ਵਾਲੇ ਦਿਨ ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੇ ਧਾਰਮਿਕ, ਸਮਾਜਿਕ ਰੰਗਣ ਵਾਲੇ ਸਮਾਗਮਾਂ ਵਿੱਚ ਵਿਸਾਖੀ ਦਾ ਮਹਾਤਮ ਚੇਤੇ ਕੀਤਾ ਜਾਂਦਾ ਹੈ। ਪੰਜਾਬ ਅਤੇ ਹਰਿਆਣਾ ਦੇ ਪਿੰਡਾਂ ਵਿੱਚ ਵਿਸਾਖੀ ਵਾਲੇ ਦਿਨ ਕਣਕਾਂ ਦੀ ਮੁੱਕ ਗਈ ਰਾਖੀ, ਜੱਟਾ ਆਈ ਵਿਸਾਖੀ ਦੀਆਂ ਸੱਦਾਂ ਗੂੰਜਦੀਆਂ ਹਨ। ਹੁਣ ਤਾਂ ਸਮਾਂ ਹੀ ਬੇਰਹਿਮ ਹੋ ਗਿਆ ਹੈ । ਹਰ ਬੰਦਾ ਵਕਤ ਨੂੰ ਆਪਣੇ ਉੱਪਰ ਸਵਾਰ ਕਰੀ ਬੈਠਾ ਹੈ ਪਰ ਜਦ ਕਦੇ ਪੰਜਾਬੀ ਸਹਿਜ ਅਤੇ ਸੁਹਜ ਨਾਲ ਜਿਉਂਦੇ ਸਨ ਤਾਂ ਵਿਸਾਖੀ ਵਾਲੇ ਦਿਨ ਭੰਗੜਾ ਪਾਉਣ ਲਈ ਮਹੀਨਾ ਮਹੀਨਾ ਪਹਿਲਾਂ ਹੀ ਢੋਲੀ ਨੂੰ ਸਾਈ ਦੇ ਕੇ ਆਪਣੇ ਪਿੰਡਾਂ ਵਿੱਚ ਭੰਗੜੇ ਦੀ ਰਿਹਰਸਲ ਕਰਿਆ ਕਰਦੇ ਸਨ। ਮੈਨੂੰ ਆਪਣੇ ਬਚਪਨ ਦੇ ਸਾਲ ਚੇਤੇ ਹਨ ਜਦ ਬਾਜ਼ੀਗਰਾਂ ਦੇ ਡੇਰੇ ਤੋਂ ਗਰੀਬੂ ਢੋਲੀ ਹਰ ਵਰ੍ਹੇ ਸਾਡੇ ਪਿੰਡ ਆਉਂਦਾ । ਪਿੰਡ ਦੇ ਗੱਭਰੂਆਂ ਨੂੰ ਆਪਣੇ ਢੋਲ ਦੀ ਤਾਲ ਤੇ ਅੱਧੀ ਅੱਧੀ ਰਾਤ ਤੀਕ ਨਚਾਉਂਦਾ । ਇਹੀ ਹਾਲ ਨੇੜਲੇ ਪਿੰਡਾਂ ਵਿੱਚ ਹੁੰਦਾ ਸੀ। ਟਿਕੀ ਹੋਈ ਰਾਤ ਢੋਲ ਤੇ ਪੈਂਦੀ ਕੜਕੁੱਟ ਰਾਤ ਦੀ ਚੁੱਪ ਨੂੰ ਤੋੜਦੀ ਸੀ। ਨਾ ਕੋਈ ਨਸ਼ਾ, ਨਾ ਦਾਰੂ। ਦੁੱਧ ਮੱਖਣਾਂ ਦੇ ਪਾਲੇ ਸਹੀ ਸੁਲੱਗ ਪੰਜਾਬੀ ਪੁੱਤਰ ਅੱਧੀ ਰਾਤ ਤੀਕ ਭੰਗੜਾ ਪਾਉਂਦੇ ਅਤੇ ਸਵੇਰੇ ਸਵੇਰੇ ਕਣਕ ਦੀਆਂ ਭਰੀਆਂ ਬੰਨਣ ਲਈ ਪਰਾਲੀ ਦੇ ਬੇੜ ਵੱਟਦੇ । ਕੋਈ ਦਾਤਰੀਆਂ ਨੂੰ ਦੰਦੇ ਕਢਵਾਉਂਦਾ ਅਤੇ ਕੋਈ ਫਲਿਆਂ ਲਈ ਫਲਾਹੀ ਦੀਆਂ ਕੰਡੇਦਾਰ ਝਾੜੀਆਂ ਲੱਭਦਾ ਫਿਰਦਾ। ਜ਼ਿੰਦਗੀ ਭਰਪੂਰ ਅਰਥਾਂ ਵਾਲੀ ਸੀ। ਅੱਜ ਵਾਂਗ ਸਾਰਾ ਕੁਝ ਹੀ ਰਾਤੋ ਰਾਤ ਨਹੀਂ ਸੀ ਨਿਪਟ ਜਾਂਦਾ। ਚਾਵਾਂ ਲਈ ਜ਼ਿੰਦਗੀ ਕੋਲ ਵਕਤ ਵੀ ਸੀ ਅਤੇ ਸਹਿਜ ਸਮਰਥਾ ਵੀ।

ਵਿਸਾਖੀ 13 ਅਪ੍ਰੈਲ ਨੂੰ ਮਨਾਈ ਜਾਂਦੀ ਹੈ ਪਰ ਹਰ ਛੱਤੀ ਸਾਲਾਂ ਬਾਅਦ ਇਹ ਦਿਨ ਬਦਲ ਕੇ 14 ਅਪ੍ਰੈਲ ਹੋ ਜਾਂਦਾ ਹੈ। ਵੱਖ-ਵੱਖ ਸੂਬਿਆਂ ਵਿੱਚ ਇਸ ਤਿਉਹਾਰ ਨੂੰ ਵੱਖ-ਵੱਖ ਨਾਵਾਂ ਤੇ ਜਾਣਿਆਂ ਤੇ ਮਾਣਿਆਂ ਜਾਂਦਾ ਹੈ। ਅਸਾਮ ਵਿੱਚ ਇਸ ਨੂੰ ਰੋਂਗਾਲੀ ਵਿਹੂ ਆਖਦੇ ਹਨ ਅਤੇ ਪੱਛਮੀ ਬੰਗਾਲ ਵਿੱਚ ਇਹ ਨਾਬਾ ਬਰਸ਼ਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਬਿਹਾਰੀਏ ਇਸ ਨੂੰ ਸੂਰਜ ਦੇਵਤੇ ਲਈ ਸੁਆਗਤੀ ਤਿਉਹਾਰ ਗਿਣ ਕੇ ਵੈਸ਼ਾਖਾ ਨਾਮ ਨਾਲ ਮਨਾਉਂਦੇ ਹਨ ਜਦ ਕਿ ਕੇਰਲਾ ਵਾਲੇ ਇਸ ਨੂੰ ਵਿਸ਼ੂ ਆਖਦੇ ਹਨ। ਤਾਮਿਲਨਾਡ ਵਿੱਚ ਇਹੀ ਤਿਉਹਾਰ ਪੁਥਾਂਦੂ ਦੇ ਨਾਮ ਨਾਲ ਮਨਾਇਆ ਜਾਂਦਾ ਹੈ। ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿੱਚ ਹਿੰਦੂ ਭਰਾ ਮੰਦਰਾਂ ਵਿੱਚ ਆਰਤੀਆਂ ਉਤਾਰਦੇ ਹਨ, ਨੇੜੇ ਵਗਦੇ ਜਲ ਸੋਮਿਆਂ ਵਿੱਚ ਚੁੱਭੀ ਲਾਉਦੇ ਹਨ। ਹਿਮਾਚਲ ਵਾਲੇ ਤਾਂ ਜਵਾਲਾ ਮੁਖੀ ਮੰਦਰ ਜਾ ਕੇ ਉਥੇ ਦੇ ਗਰਮ ਚਸ਼ਮਿਆਂ ਵਿੱਚ ਇਸ਼ਨਾਨ ਨੂੰ ਪੁੰਨ ਦਾ ਕੰਮ ਮੰਨਦੇ ਹਨ।

ਪੰਜਾਬ ਵਿੱਚ ਵਿਸਾਖੀ ਰਾਵੀ ਤੋਂ ਪਾਰ ਹੋਰ ਤਰ੍ਹਾਂ ਮਨਾਈ ਜਾਂਦੀ ਹੈ ਅਤੇ ਇਧਰ ਹੋਰ ਤਰ੍ਹਾਂ। ਉਧਰ ਵਿਸਾਖੀ ਖਾਣ ਪੀਣ, ਨੱਚਣ ਗਾਉਣ ਅਤੇ ਗੀਤ ਸੰਗੀਤ ਨੂੰ ਸਾਹਾਂ ਸਵਾਸਾਂ ਵਿੱਚ ਵਸਾਉਣ ਦਾ ਨਾਮ ਹੈ ਜਦ ਕਿ ਇਧਰਲੇ ਪੰਜਾਬ ਵਿੱਚ ਬਹੁਤੇ ਲੋਕ ਵਗਦੇ ਦਰਿਆਵਾਂ ਕੰਢੇ ਜਾ ਬੈਠਦੇ ਹਨ। ਮੈਨੂੰ ਬਚਪਨ ਵਿੱਚ ਆਪਣੇ ਨੇੜਲੇ ਪਿੰਡ ਧਿਆਨਪੁਰ ਦੀ ਵਿਸਾਖੀ ਯਾਦ ਆ ਰਹੀ ਹੈ। ਸਾਡੇ ਪਿੰਡ ਬਸੰਤਕੋਟ ਤੋਂ ਭੰਗੜੇ ਦੀ ਟੀਮ ਜਦ ਧਿਆਨਪੁਰ ਅੱਪੜਦੀ ਤਾਂ ਚੰਦੂ ਸੂਜੇ ਵਾਲੇ ਪਾਸਿਉਂ ਗਿੱਲਾਂ ਵਾਲੀਏ ਢੋਲ ਵਜਾਉਂਦੇ ਤੁਰੇ ਆਉਂਦੇ ਦਿਸਦੇ। ਇਕ ਪਾਸੇ ਕੋਟਲੀ ਵਾਲੇ ਆਪਣੇ ਲਾਮ ਲਸ਼ਕਰ ਨਾਲ ਤੁਰੇ ਆਉਂਦੇ। ਵੱਖ-ਵੱਖ ਪਿੰਡਾਂ ਤੋਂ ਅਨੇਕਾਂ ਭੰਗੜਾ ਟੀਮਾਂ ਇਕ ਥਾਂ ਇਕੱਠੀਆਂ ਹੁੰਦੀਆਂ । ਗੋਲ ਦਾਇਰੇ ਵਿੱਚ ਨੱਚ ਟੱਪ ਕੇ ਹਾਰ ਹੰਭ ਜਾਂਦੀਆਂ । ਸਿਆਲਕੋਟੀ ਭੰਗੜੇ ਵਾਲੀਆਂ ਚਾਲਾਂ ਦੀ ਸਰਦਾਰੀ ਹੁੰਦੀ। ਬਾਅਦ ਵਿੱਚ ਪਤਾ ਲੱਗਾ ਹੈ ਕਿ ਇਸ ਦਾ ਕਾਰਨ ਰਾਵੀ ਪਾਰੋਂ ਉੱਜੜ ਕੇ ਆਏ ਬਹੁਤੇ ਸਿਆਲਕੋਟੀਏ ਇਸੇ ਇਲਾਕੇ ਵਿੱਚ ਵੱਸੇ ਹੋਣ ਕਾਰਨ ਭੰਗੜੇ ਦਾ ਸੁਭਾਅ ਵੀ ਉਨ੍ਹਾਂ ਮੁਤਾਬਕ ਹੀ ਬਣ ਗਿਆ। ਉਦੋਂ ਅਜੇ ਸਟੇਜਾਂ ਵਾਲੇ ਭੰਗੜੇ ਨਹੀਂ ਸਨ ਸ਼ੁਰੂ ਹੋਏ। ਇਨ੍ਹਾਂ ਟੀਮਾਂ ਵਿੱਚ ਅਣਦਾੜੀਏ ਮੁੰਡੇ ਹੀ ਮੁਟਿਆਰਾਂ ਦੇ ਵੇਸ ਵਿੱਚ ਹੁੰਦੇ। ਭੰਗੜੇ ਵਾਲਿਆਂ ਦੇ ਵਸਤਰ ਵੀ ਵਰਦੀ ਵਰਗੇ ਨਹੀਂ ਸਨ ਹੁੰਦੇ। ਪੈਰਾਂ ਵਿੱਚ ਮੋਟੇ ਮੋਟੇ ਘੁੰਗਰੂ, ਉਹ ਵੀ ਬਲਦਾਂ ਦੇ ਗਲੋਂ ਉਤਾਰੇ ਹੁੰਦੇ। ਸ਼ੀਸ਼ਾ ਮੋਚਨਾ ਤੇ ਹੋਰ ਨਿਕ ਸੁਕ ਚੁੱਕੀ ਫਿਰਦੇ। ਹੱਥਾਂ ਵਿੱਚ ਹੁਣ ਦੇ ਫੁਕਰਿਆਂ ਵਾਂਗ ਬੰਦੂਕਾਂ ਨਹੀਂ, ਡਾਂਗ ਸੋਟਾ ਹੀ ਹੁੰਦਾ ਪਰ ਇਹ ਮਾਰਨ ਲਈ ਨਹੀਂ ਸਿਰਫ ਦਿਖਾਉਣ ਲਈ। ਹਜ਼ਾਰਾਂ ਦੀ ਗਿਣਤੀ ਵਾਲੇ ਮੇਲੇ ਵਿੱਚ ਕੋਈ ਇਕ ਅੱਧਾ ਹੀ ਸ਼ਰਾਬੀ ਹੁੰਦਾ ਜਿਸ ਨੂੰ ਡੇਰਾ ਬਾਬਾ ਨਾਨਕ ਤੋਂ ਆਏ ਠਾਣੇ ਵਾਲੇ ਖੂਬ ਥਾਪੜਦੇ ਅਤੇ ਉੱਚੀ ਥਾਂ ਤੇ ਉਸ ਨੂੰ ਆਪਣੇ ਮੂੰਹ ਤੇ ਆਪੇ ਹੀ ਚਪੇੜਾਂ ਮਾਰਨ ਦਾ ਆਦੇਸ਼ ਦਿੰਦੇ। ਮੇਰੇ ਮਨ ਅੰਦਰ ਸ਼ਰਾਬੀਆਂ ਪ੍ਰਤੀ ਬੈਠੀ ਨਫਰਤ ਬਚਪਨ ਵੇਲੇ ਵੇਖੀ ਇਸ ਝਾਕੀ ਕਾਰਨ ਅੱਜ ਵੀ ਜਿਉਂਦੀ ਜਾਗਦੀ ਹੈ।

ਬਹੁਤ ਥੋੜ੍ਹੇ ਲੋਕ ਜਾਣਦੇ ਹਨ ਕਿ ਗੁਰਦਾਸਪੁਰ ਜ਼ਿਲ੍ਹੇ ਵਿੱਚ ਵਿਸਾਖੀ ਦਾ ਤਿਉਹਾਰ ਡੇਰਾ ਬਾਬਾ ਨਾਨਕ ਵਿਖੇ 13 ਅਪ੍ਰੈਲ ਨੂੰ ਨਹੀਂ ਸਗੋਂ ਅਗਲੇ ਦਿਨ ਮਨਾਇਆ ਜਾਂਦਾ ਹੈ। ਇਸ ਦਾ ਰੂਪ ਸਰੂਪ ਵੀ ਵੱਖਰਾ ਅਤੇ ਨਿਵੇਕਲਾ ਹੈ। ਇਥੇ ਵਿਸਾਖੀ ਵਾਲੇ ਦਿਨ ਭਾਵ 14 ਅਪ੍ਰੈਲ ਨੂੰ ਉਨ੍ਹਾਂ ਸਾਰੇ ਪਿੰਡਾਂ ਤੋਂ ਭੰਗੜੇ ਵਾਲੇ ਆਉਂਦੇ ਸਨ ਜਿਹੜੇ 13 ਅਪ੍ਰੈਲ ਨੂੰ ਆਪੋ ਆਪਣੇ ਨੇੜਲੇ ਪਿੰਡਾਂ ਵਿੱਚ ਆਪਣੀ ਪੇਸ਼ਕਾਰੀ ਕਰ ਚੁੱਕੇ ਹੁੰਦੇ। ਇਸ ਮੇਲੇ ਵਿੱਚ ਸ਼ਾਮਿਲ ਵਿਅਕਤੀ ਵਾਪਸ ਪਰਤਣ ਵੇਲੇ ਮੇਲੇ ਵਿਚੋਂ ਮਿੱਟੀ ਦਾ ਇੱਕ ਭਾਂਡਾ ਜ਼ਰੂਰ ਖਰੀਦਦੇ ਅਤੇ ਇਸ ਲੋਕ ਵਿਸ਼ਵਾਸ਼ ਨੂੰ ਪੂਰਾ ਕਰਨ ਲਈ 15 ਅਪ੍ਰੈਲ ਵਾਲੇ ਦਿਨ ਤੀਕ ਮਿੱਟੀ ਦੇ ਭਾਂਡਿਆਂ ਨੂੰ ਵੇਚਣ ਵਾਲੇ ਘੁਮਿਆਰ ਤਿੰਨ ਦਿਨ ਡੇਰਾ ਬਾਬਾ ਨਾਨਕ ਹੀ ਬੈਠੇ ਰਹਿੰਦੇ, ਖੂਬ ਕਮਾਈ ਕਰਦੇ।

ਰਾਵੀ ਕੰਢੇ ਵੱਸੇ ਡੇਰਾ ਬਾਬਾ ਨਾਨਕ ਦੇ ਲੋਕ ਦਸਦੇ ਹੁੰਦੇ ਸਨ ਕਿ 1947 ਤੋਂ ਪਹਿਲਾਂ ਇਹ ਮੇਲਾ 13 ਅਪ੍ਰੈਲ ਨੂੰ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਲੱਗਦਾ ਹੁੰਦਾ ਸੀ। ਕਰਤਾਰਪੁਰ ਸਾਹਿਬ ਗੁਰੂ ਨਾਨਕ ਦੇਵ ਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ। ਉਸ ਤੋਂ ਅਗਲੇ ਦਿਨ 14 ਅਪ੍ਰੈਲ ਨੂੰ ਇਹੀ ਵਿਸਾਖੀ ਡੇਰਾ ਬਾਬਾ ਨਾਨਕ ਵਿਖੇ ਮਨਾਈ ਜਾਂਦੀ । ਇਸੇ ਦਿਨ ਸੰਗਤਾਂ ਧਰਮਕੋਟ ਰੰਧਾਵਾ ਪੱਤਣ ਤੇ ਜਾ ਕੇ ਰਾਵੀ ਦਰਿਆ ਵਿੱਚ ਅੰਮ੍ਰਿਤ ਵੇਲੇ ਤੋਂ ਲੈ ਕੇ ਤਾਰਿਆਂ ਦੀ ਖਿੱਤੀ ਚੜਨ ਤੀਕ ਇਸ਼ਨਾਨ ਕਰੀ ਜਾਂਦੇ। ਪੁਰਾਣੇ ਵਕਤਾਂ ਵਿੱਚ ਇਕ ਲੱਖ ਤੋਂ ਵੀ ਵੱਧ ਲੋਕ ਡੇਰਾ ਬਾਬਾ ਨਾਨਕ ਦੇ ਵਿਸਾਖੀ ਵਿੱਚ ਸ਼ਾਮਿਲ ਹੁੰਦੇ ਸਨ ਪਰ ਹੁਣ ਉਹ ਵਕਤ ਨਹੀਂ ਰਹੇ।

ਡੇਰਾ ਬਾਬਾ ਨਾਨਕ ਦੇ ਗੁਰਦੁਆਰਾ ਡੇਰਾ ਸਾਹਿਬ ਦੀ ਸਰਾਂ ਵਿੱਚ ਦੀਵਾਨ ਸਜਦਾ। ਗਿਆਨੀ ਸੋਹਣ ਸਿੰਘ ਸੀਤਲ, ਜਸਵੰਤ ਸਿੰਘ ਚਾੜਭੱਟੀ ਵਰਗੇ ਢਾਡੀ, ਦੀਵਾਨ ਸਿੰਘ ਮਹਿਰਮ ਅਤੇ ਜਸਵੰਤ ਸਿੰਘ ਰਾਹੀ ਵਰਗੇ ਸ਼ਾਇਰਾਂ ਨੂੰ ਇਸੇ ਦੀਵਾਨ ਅਸਥਾਨ ਤੇ ਮੈਂ ਪਹਿਲੀ ਵਾਰ ਸੁਣਿਆ। ਹੁਣ ਇਹ ਥਾਂ ਕੀਰਤਨੀ ਜਥਿਆਂ ਨੇ ਮੱਲ ਲਈ ਹੈ।

ਇਤਿਹਾਸ ਦਾ ਇਕ ਕੌੜਾ ਵਰਕਾ ਵਿਸਾਖੀ ਨਾਲ ਸਬੰਧਿਤ ਅੰਮ੍ਰਿਤਸਰ ਵਿਖੇ ਵੀ ਪ੍ਰਕਾਸ਼ਮਾਨ ਹੈ। ਜਲ੍ਹਿਆਂ ਵਾਲਾ ਬਾਗ ਉਹ ਵਰਕਾ ਹੈ ਜਿਸ ਵਿਚੋਂ ਅੱਜ ਵੀ ਲਾਟਾਂ ਨਿਕਲਦੀ ਹਨ। ਸਾਹਿਤ ਵਿੱਚ ਸਆਦਤ ਹਸਨ ਮੰਟੋ ਨੇ ਅੰਮ੍ਰਿਤਸਰ ਦੀ ਵਿਸਾਖੀ –1919 ਬਾਰੇ ਜਿਹੜੀ ਕਹਾਣੀ ਲਿਖੀ ਹੈ ਸ਼ਾਇਦ ਇਸ ਭਿਆਨਕ ਖੂਨੀ ਦੁਖਾਂਤ ਬਾਰੇ ਉਹ ਕਿਸੇ ਵੀ ਜ਼ੁਬਾਨ ਵਿੱਚ ਲਿਖੀ ਗਈ ਪਹਿਲੀ ਕਹਾਣੀ ਹੈ। ਜਲ੍ਹਿਆਂ ਵਾਲੇ ਬਾਗ ਵਿੱਚ ਵਿਸਾਖੀ ਵਾਲੇ ਦਿਨ ਹੋਏ ਸਮਾਜਿਕ ਇਕੱਠ ਨੂੰ ਸਿਆਸੀ ਰੰਗਤ ਦੇ ਕੇ ਉਸ ਵੇਲੇ ਦੇ ਫਰੰਗੀ ਹਾਕਮਾਂ ਨੇ ਜ਼ੁਲਮ ਦੀ ਇੰਤਹਾ ਕਰ ਦਿੱਤੀ । ਜਲ੍ਹਿਆਂ ਵਾਲੇ ਬਾਗ ਦਾ ਇਕੋ ਇਕ ਰਸਤਾ ਬੰਦ ਕਰਕੇ ਹਜ਼ਾਰਾਂ ਪੰਜਾਬੀ ਮੱਕੀ ਦੇ ਦਾਣਿਆਂ ਵਾਂਗ ਭੁੰਨ ਸੁੱਟੇ। ਬਾਗ ਵਿਚਲਾ ਖੂਹ ਲਾਸ਼ਾਂ ਨਾਲ ਭਰ ਗਿਆ ਤੇ ਕੰਧਾਂ ਗੋਲੀਆਂ ਨਾਲ ਛਾਨਣੀ ਹੋ ਗਈਆਂ। ਮੌਸਮੀ ਤਿਉਹਾਰ ਖੂਨੀ ਤਿਉਹਾਰ ਵਿੱਚ ਤਬਦੀਲ ਹੋ ਗਿਆ। ਖੁਸ਼ੀ ਵਿੱਚ ਖੀਵੇ ਹੋਏ ਕਿਸਾਨ ਰੁਦਨ ਹਵਾਲੇ ਹੋ ਗਏ। ਘਰ ਘਰ ਵੈਣ ਪਏ। ਹਜ਼ਾਰਾਂ ਭੈਣਾਂ ਨੂੰ ਗੁੱਟਾਂ ਤੇ ਰੱਖੜੀ ਬੰਨਣ ਲਈ ਹੱਥ ਨਾ ਲੱਭੇ। ਜਨਰਲ ਡਾਇਰ ਦੀਆਂ ਗੋਲੀਆਂ ਅੱਜ ਵੀ ਵਿਸਾਖੀ ਵਾਲੇ ਦਿਨ ਸਮੂਹ ਪੰਜਾਬੀਆਂ ਦੀ ਹਿੱਕ ਵਿੱਚ ਠਾਹ ਠਾਹ ਵੱਜਦੀਆਂ ਸੁਣ ਸਕਦੇ ਹੋ। ਦੇਸ਼ ਭਗਤਾਂ ਨੂੰ ਇਹ ਇਨਾਮ ਦੇਣ ਵਾਲੇ ਫਰੰਗੀ ਨੂੰ ਸ਼ਹੀਦ ਊਧਮ ਸਿੰਘ ਨੇ ਬਦਲਾ ਪਰਤਾਉਣ ਦੀ ਕਸਮ ਇਸੇ ਸਥਾਨ ਤੇ ਹੀ ਖਾਧੀ ਸੀ। ਇਸੇ ਵਿਸਾਖੀ ਦਾ ਰੱਤੜਾ ਨਿਸ਼ਾਨ ਸ਼ਹੀਦ ਭਗਤ ਸਿੰਘ ਨੇ 12 ਸਾਲ ਦੀ ਉਮਰ ਵਿੱਚ ਲਾਹੌਰੋਂ ਆ ਕੇ ਲਹੂ ਭਿੱਜੀ ਮਿੱਟੀ ਨੂੰ ਸ਼ੀਸ਼ੀ ਵਿੱਚ ਸੰਭਾਲ ਕੇ ਰੱਖਿਆ। ਇਹ ਲਹੂ ਭਿੱਜੀ ਮਿੱਟੀ ਅੱਜ ਵੀ ਖਟਕੜ ਕਲਾਂ ਦੇ ਅਜਾਇਬ ਘਰ ਵਿੱਚ ਸੁਰੱਖਿਅਤ ਪਈ ਵੇਖ ਸਕਦੇ ਹੋ।

ਵਿਸਾਖੀ ਸਿਰਫ ਰੀਝਾਂ ਦਾ ਤਿਉਹਾਰ ਨਹੀਂ। ਆਪਣੇ ਆਪ ਨੂੰ ਨਿਰਖਣ ਪਰਖਣ ਅਤੇ ਆਪਣੀਆਂ ਸ਼ਕਤੀਆਂ ਨੂੰ ਜਾਚਣ ਦਾ ਤਿਉਹਾਰ ਹੈ ਕਿਉਂਕਿ ਸਿਆਲ ਦੀ ਆਲਸੀ ਜ਼ਿੰਦਗੀ ਨੇ ਨਵੇਂ ਫੁਟਾਰੇ ਨਾਲ ਨਵੇਂ ਸੁਪਨਿਆਂ ਨੂੰ ਮਾਨਣਾ ਹੁੰਦਾ ਹੈ। ਪਹਿਲਾਂ ਬੀਜੇ ਨੂੰ ਵੱਢਣਾ ਅਤੇ ਨਵੇਂ ਨੂੰ ਬੀਜਣਾ। ਇਸ ਤਿਉਹਾਰ ਦੇ ਦੋ ਸਿਰੇ ਹਨ। ਹਾੜ੍ਹੀ ਦੀਆਂ ਫ਼ਸਲਾਂ ਵਿੱਚ ਕਣਕ ਦੀ ਸਰਦਾਰੀ ਕਾਰਨ ਵਿਸਾਖੀ ਨਾਲ ਸਬੰਧਿਤ ਬਹੁਤੇ ਗੀਤ ਕਣਕ ਦੇ ਦੁਆਲੇ ਘੁੰਮਦੇ ਹਨ। ਕਣਕ ਨੂੰ ਸੰਸਕ੍ਰਿਤ ਵਿੱਚ ਸੋਨਾ ਵੀ ਆਖਦੇ ਹਨ ਅਤੇ ਵਿਸਾਖੀ ਨੂੰ ਸੋਨੇ ਦੀ ਵਾਢੀ ਦਾ  ਤਿਉਹਾਰ। ਅਸੀਂ ਵਿਸਾਖੀ ਵਾਲੇ ਦਿਨ ਹੀ ਪੰਜਾਬ ਵਿੱਚ ਸੇਹ ਦਾ ਤੱਕਲਾ ਗੱਡਿਆ ਜਾਂਦਾ ਵੇਖਿਆ ਸੀ। 1978 ਦੀ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਸ਼ਹਿਰ ਵਿੱਚ ਸਿੱਖ ਨਿਰੰਕਾਰੀ ਟਕਰਾਓ ਤੋਂ ਬਾਅਦ ਪੰਜਾਬ ਪੂਰੇ ਪੰਦਰਾਂ ਵਰ੍ਹੇ  ਖੱਜਲ ਖਵਾਰ ਹੋਇਆ। ਭਾਰਤ ਵਾਲਿਆਂ ਨੇ ਇਸ ਨੂੰ ਅੱਤਵਾਦ ਕਿਹਾ ਪਰ 25 ਹਜ਼ਾਰ ਪੰਜਾਬੀਆਂ ਦੇ ਬਲਦੇ ਸਿਵੇ ਸਾਨੂੰ ਅੱਜ ਵੀ ਸੁਆਲ ਕਰਦੇ ਹਨ ਕਿ ਵਿਸਾਖੀ ਮਨਾਉਣ ਵਾਲਿਓ ਸਾਨੂੰ ਨਾ ਵਿਸਾਰਿਓ । ਅਸੀਂ ਆਪਣੀ ਜ਼ਾਤ ਲਈ ਜਾਨਾਂ ਨਹੀਂ ਗੁਆਈਆਂ। ਇਸ ਵਿਸ਼ਵਾਸ਼ ਲਈ ਗੁਆਈਆਂ ਸਨ ਕਿ ਪੰਜਾਬ ਹੱਸਦਾ ਤੇ ਵੱਸਦਾ ਰਹੇ। ਸਾਡੇ ਜਾਣ ਮਗਰੋਂ ਇਸ ਨੂੰ ਨਵੇਂ ਰਸਾਇਣਕ ਅੱਤਵਾਦ ਦੇ ਹਵਾਲੇ ਨਾ ਹੋਣਾ ਦੇਣਾ । ਨਸ਼ਿਆਂ ਦਾ ਛੇਵਾਂ ਦਰਿਆ ਪੰਜਾਬ ਵਿੱਚ ਠਾਠਾਂ ਮਾਰਦਾ ਫਿਰ ਰਿਹਾ ਹੈ। ਕੁਖਾਂ ਵਿੱਚ ਧੀਆਂ ਸਲਾਮਤ ਨਹੀਂ। ਰੁੱਖਾਂ ਨੂੰ ਆਰੀਆਂ ਵਾਲੇ ਢਾਹੀ ਬੈਠੇ ਹਨ। ਵਣਜਾਰੇ ਦਨਦਨਾਉਂਦੇ ਫਿਰਦੇ ਹਨ। ਵਿਗਿਆਨੀਆਂ ਦੀ ਖੋਜ ਨੂੰ ਬਾਬੂ ਲੋਕ ਦਫ਼ਤਰਾਂ ’ਚ ਬੈਠੇ ਹੀ ਨਿੰਦ ਰਹੇ ਹਨ। ਦੇਸ਼ ਨੂੰ ਵਧਦੀ ਆਬਾਦੀ ਦਾ ਢਿੱਡ ਭਰਨ ਲਈ 2025 ਵਿੱਚ ਹੁਣ ਨਾਲੋਂ ਡਿਉਢੇ ਅਨਾਜ ਦੀ ਲੋੜ ਹੈ। ਇਨ੍ਹਾਂ ਫਿਕਰਾਂ ਦੇ ਰੂ ਬਰੂ ਵਿਸਾਖੀ ਦਾ ਸਰੂਪ ਤੁਹਾਨੂੰ ਕਿਹੋ ਜਿਹਾ ਦਿਸੇਗਾ। ਨਸ਼ਾ ਮੁਕਤ ਪੰਜਾਬ ਦੀ ਉਸਾਰੀ ਲਈ ਰੁਖਾਂ ਤੇ ਕੁਖਾਂ ਦੀ ਸਲਾਮਤੀ ਲਈ ਵਿਗਿਆਨ ਦੀ ਸਰਦਾਰੀ ਨਾਲ ਮਿਹਨਤ ਦਾ ਸੁਮੇਲ ਕਰਕੇ ਹੀ ਪੰਜਾਬ ਨੂੰ ਤੁਸੀਂ ਫਿਰ ਸੋਨੇ ਦੀ ਧਰਤੀ ਬਣਾ ਸਕਦੇ ਹੋ। ਪੰਜਾਬੀਓ , ਦਸਮੇਸ਼ ਪਿਤਾ ਨੇ ਨਿਤਾਣਿਆਂ, ਨਿਮਾਣਿਆਂ ਨੂੰ ਜਰਵਾਣਿਆਂ ਦੇ ਖਿਲਾਫ ਲੜਨ ਦਾ ਉਪਦੇਸ਼ ਇਸੇ ਦਿਨ ਦਿੱਤਾ ਸੀ, ਕਿਤੇ ਉਹ ਸਬਕ ਭੁੱਲ ਕੇ ਜੀਭ ਦੇ ਸੁਆਦਾਂ ਅਤੇ ਨਸ਼ਿਆਂ ਦੇ ਹਵਾਲੇ ਨਾ ਕਰ ਦੇਣਾ। ਜੇਕਰ ਤੁਸੀਂ ਵਿਸਾਖੀ ਦੇ ਅਸਲ ਅਰਥਾਂ ਨੂੰ ਵਿਸਾਰ ਕੇ ਸੁਆਦਾਂ ਦੇ ਗੁਲਾਮ ਹੋ ਗਏ ਤਾਂ ਵਕਤ ਤੁਹਾਨੂੰ ਅਜਿਹੀ ਮਾਰ ਮਾਰੇਗਾ ਜਿਸ ਦੀ ਸੱਟ ਝੱਲਣੀ ਤੁਹਾਡੇ ਵੱਸ ਨਹੀਂ ਹੋਵੇਗੀ।

ਅਕਾਡਮੀ ਦਾ ਸਰਵ ਉੱਚ ਸਨਮਾਨ : ਫ਼ੈਲੋਸ਼ਿਪ
ਉੱਘੇ ਸਿੱਖਿਆ-ਸ਼ਾਸਤਰੀ, ਸਾਹਿਤਕਾਰ, ਖੋਜੀ ਅਤੇ ਕੁਸ਼ਲ ਪ੍ਰਬੰਧਕ : ਪ੍ਰਿੰ. ਪ੍ਰੇਮ ਸਿੰਘ ਬਜਾਜ

ਪ੍ਰਿੰ. ਪ੍ਰੇਮ ਸਿੰਘ ਬਜਾਜ ਉੱਘੇ ਸਿੱਖਿਆ-ਸ਼ਾਸਤਰੀ, ਸਾਹਿਤਕਾਰ, ਖੋਜੀ ਅਤੇ ਕੁਸ਼ਲ ਪ੍ਰਬੰਧਕ ਹਨ। ਉਨ੍ਹਾਂ ਨੇ ਲੰਮਾ ਅਰਸਾ ਸਾਹਿਤ ਦੇ ਅਧਿਆਪਨ ਉਪਰੰਤ ਲਾਲਾ ਲਾਜਪਤ ਰਾਏ ਡੀ.ਏ.ਵੀ. ਕਾਲਜ, ਜਗਰਾਓਂ ਜਿਹੀ ਉੱਘੀ ਸਿੱਖਿਆ ਸੰਸਥਾ ਨੂੰ 13 ਸਾਲ ਪ੍ਰਿੰਸੀਪਲ ਵਜੋਂ ਅਗਵਾਈ ਦਿੱਤੀ। ਪੰਜਾਬੀ ਸਾਹਿਤ ਅਤੇ ਖੋਜ ਦੇ ਖੇਤਰ ਵਿਚ ਉਨ੍ਹਾਂ ਦਾ ਯੋਗਦਾਨ ਅਦੁੱਤੀ ਹੈ।

ਉਨ੍ਹਾਂ ਦਾ ਜਨਮ 13 ਫ਼ਰਵਰੀ 1931 ਨੂੰ ਪਿੰਡ ਬਾਰਨ, ਤਹਿਸੀਲ ਸ਼ਾਹਪੁਰ, ਜ਼ਿਲ੍ਹਾ ਸਰਗੋਧਾ (ਹੁਣ ਪਾਕਿਸਤਾਨ) ਵਿਚ ਹੋਇਆ। ਉਨ੍ਹਾਂ ਨੇ ਮੌਲਿਕ ਲੇਖਨ ਦੇ ਨਾਲ-ਨਾਲ ਪਾਕਿਸਤਾਨੀ ਪੰਜਾਬੀ ਸਾਹਿਤ ਦੇ ਲਿੱਪੀਅੰਤਰ, ਅੰਗਰੇਜ਼ੀ, ਹਿੰਦੀ ਆਦਿ ਭਾਸ਼ਾਵਾਂ ਤੋਂ ਅਨੁਵਾਦ ਅਤੇ ਪੰਜਾਬੀ ਦੀ ਸਾਹਿਤ ਖੋਜ ਦੇ ਖੇਤਰ ਵਿਚ ਅਮਿੱਟ ਛਾਪ ਛੱਡੀ ਹੈ। ਪਾਕਿਸਤਾਨੀ ਬਾਲ ਪੁਸਤਕ ‘ਬਾਲ ਬਲੂੰਗੇ’ ਦਾ ਗੁਰਮੁਖੀ ਵਿਚ ਲਿੱਪੀਅੰਤਰਨ ਤੇ ‘ਦੋ ਪੈੜਾਂ ਇਤਿਹਾਸ ਦੀਆਂ’ ਉਨ੍ਹਾਂ ਦੀ ਅਜਿਹੀ ਨਾਯਾਬ ਰਚਨਾ ਹੈ ਜਿਸ ਨੇ ਪੰਜਾਬ ਦੀਆਂ ਦੋ ਸਿਰਮੌਰ ਸ਼ਖ਼ਸੀਅਤਾਂ ਅਤੇ ਉ¤ਘੇ ਸੁਤੰਤਰਤਾ ਸੰਗਰਾਮੀਆਂ ਦੀਆਂ ਯਾਦਾਂ ਨੂੰ ਹਮੇਸ਼ਾ ਲਈ ਪੰਜਾਬੀ ਜ਼ਬਾਨ ਤੇ ਸਾਹਿਤ ਦਾ ਸਰਮਾਇਆ ਬਣਾ ਦਿੱਤਾ ਹੈ। ਪੁਸਤਕ ਲੇਖਨ ਦੇ ਨਾਲ-ਨਾਲ ਉਨ੍ਹਾਂ ਸਾਨੂੰ ਪੁਸਤਕਾਂ ਨੂੰ ਸਾਂਭਣ ਅਤੇ ਪਿਆਰਣ ਦੀ ਜਾਚ ਵੀ ਸਿਖਾਈ ਹੈ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀ ਰੈਫ਼ਰੈਂਸ ਲਾਇਬ੍ਰੇਰੀ ਦੇ ਡਾਇਰੈਕਟਰ ਵਜੋਂ ਪਿਛਲੇ ਦੋ ਦਹਾਕਿਆਂ ਤੋਂ ਉਨ੍ਹਾਂ ਨੇ ਜੋ ਨਿਰਸਵਾਰਥ ਸੇਵਾ ਨਿਭਾਈ ਹੈ, ਉਸ ਦੀ ਮਿਸਾਲ ਵਿਰਲੀ-ਟਾਂਵੀਂ ਹੀ ਮਿਲਦੀ ਹੈ। ਉਪਭੋਗਤਾ ਅਤੇ ਨਿੱਜਵਾਦ ਦੇ ਮੌਜੂਦਾ ਦੌਰ ਵਿਚ ਉਨ੍ਹਾਂ ਦਾ ਤਿਆਗ, ਸੰਜਮ ਅਤੇ ਹਲੀਮੀ ਸਾਡੇ ਲਈ ਰਾਹ ਦਸੇਰੇ ਵਾਲੀ ਭੂਮਿਕਾ ਅਦਾ ਕਰ ਰਹੇ ਹਨ। ਜਿੱਥੇ ਹਜ਼ਾਰਾਂ ਖੋਜਾਰਥੀ ਇਸ ਲਾਇਬ੍ਰੇਰੀ ਦਾ ਲਾਭ ਉਠਾ ਰਹੇ ਹਨ।

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਪ੍ਰਿੰ. ਪ੍ਰੇਮ ਸਿੰਘ ਬਜਾਜ ਨੂੰ ਉਨ੍ਹਾਂ ਦੀ ਨਰੋਈ ਸਿਹਤ ਤੇ ਦੀਰਘ ਆਯੂ ਦੀ ਕਾਮਨਾ ਕਰਦੀ ਹੋਈ ਅਕਾਡਮੀ ਦਾ ਸਰਵ-ਉ¤ਚ ਸਨਮਾਨ ਫ਼ੈਲੋਸ਼ਿਪ ਪ੍ਰਦਾਨ ਕੀਤਾ ਜਾ ਰਿਹਾ ਹੈ।

ਮਾਨਵਵਾਦੀ ਚੇਤਨਾ ਦਾ ਸ਼ਾਇਰ : ਪ੍ਰੋ. ਕੁਲਵੰਤ ਜਗਰਾਓਂ

ਮਾਨਵਵਾਦੀ ਚੇਤਨਾ ਦੇ ਸ਼ਾਇਰ ਪ੍ਰੋ. ਕੁਲਵੰਤ ਜਗਰਾਓਂ ਨੇ ਪੰਜਾਬੀ ਸ਼ਾਇਰੀ ਵਿਚ ਜ਼ਿਕਰਯੋਗ ਯੋਗਦਾਨ ਪਾਇਆ ਹੈ। ਕੁਲਵੰਤ ਜਗਰਾਓਂ ਦਾ ਜਨਮ 7 ਜਨਵਰੀ 1939 ਨੂੰ ਹੋਇਆ। ਗੁਰਬਤ ਭਰੀ ਜ਼ਿੰਦਗੀ ਜਿਉਂਦਿਆਂ ਉਨ੍ਹਾਂ ਉਚੇਰੀ ਸਿੱਖਿਆ ਹਾਸਲ ਕੀਤੀ ਤੇ ਉਹ ਸਿੱਖਿਆ ਖੇਤਰ ਵਿਚ ¦ਮਾ ਸਮਾਂ ਕਾਰਜਸ਼ੀਲ ਰਹੇ।  ਉਨ੍ਹਾਂ ਦੀਆਂ ਮੌਲਿਕ ਪੁਸਤਕਾਂ ‘ਸਮੇਂ ਦੇ ਬੋਲ’, ਸੁਲਘਦੇ ਪਲ’, ‘ਕੌਣ ਦਿਲਾਂ ਦੀਆਂ ਜਾਣ’, ‘ਅਧੂਰੇ ਬੋਲ’ ਹਨ। ਜਿਨ੍ਹਾਂ ਦਾ ਸਮੁੱਚਾ ਸੰਗ੍ਰਹਿ ‘ਸੂਹਾ ਗੁਲਾਬ’ ਨਾਂ ਹੇਠ ਪ੍ਰਕਾਸ਼ਿਤ ਹੋਇਆ। ਕੁਲਵੰਤ ਜਗਰਾਓਂ ਨਾ-ਮੁਰਾਦ ਬਿਮਾਰੀ ਕੈਂਸਰ ਤੋਂ ਪੀੜਤ ਰਹੇ ਪਰ ਉਨ੍ਹਾਂ ਦੀ ਸਿਰਜਨਾ ਵਿਚ ਕੋਈ ਰੁਕਾਵਟ ਨਾ ਆਈ। ਮੌਤ ਨਾਲ ਦਸਤਪੰਜਾ ਲੈਂਦਿਆਂ ਉਨ੍ਹਾਂ ਕਲਮ ਦੇ ਰਾਹੀਂ ਜ਼ਿੰਦਗੀ ਤੇ ਮੌਤ ਵਿਚਲੇ ਫ਼ਾਸਲੇ ਨੂੰ ਕਾਵਿਕ ਰੂਪ ਦਿੱਤਾ, ਜਿਹੜਾ ਪੁਸਤਕ ‘ਸੱਚ ਦੇ ਸਨਮੁਖ’ ਰਾਹੀਂ ਸਾਡੇ ਸਾਹਮਣੇ ਆਇਆ।

ਅਕਸਰ ਹੀ ਵੱਡੇ ਲੇਖਕਾਂ ਦੇ ਪਰਿਵਾਰ ਆਪਣੇ ਪਿਤਾ ਦੀ ਸਾਹਿਤਕ ਦੇਣ ਨੂੰ ਭੁੱਲ ਜਾਂਦੇ ਹਨ, ਪਰ ਕੁਲਵੰਤ ਜਗਰਾਓਂ ਤੇ ਉਨ੍ਹਾਂ ਦੇ ਬੇਟੇ ਸ. ਨਵਜੋਤ ਸਿੰਘ ਨੇ ਉਨ੍ਹਾਂ ਦੀ ਯਾਦ ਨੂੰ ਸਦੀਵੀ ਬਣਾਉਣ ਲਈ ‘ਕੁਲਵੰਤ ਜਗਰਾਓਂ ਯਾਦਗਾਰੀ ਪੁਰਸਕਾਰ’ ਸ਼ੁਰੂ ਕਰਕੇ ਪ੍ਰਤਿਭਾਸ਼ੀਲ ਸ਼ਾਇਰਾਂ ਨੂੰ ਸਨਮਾਨਤ ਕਰਨ ਦਾ ਬੀੜਾ ਚੁੱਕਿਆ ਹੈ।

ਪ੍ਰੋ. ਕੁਲਵੰਤ ਜਗਰਾਓਂ ਯਾਦਗਾਰੀ ਪੁਰਸਕਾਰ : ਪ੍ਰੋ. ਕਮਲਪ੍ਰੀਤ ਕੌਰ ਸਿੱਧੂ

ਪ੍ਰਤਿਭਾਸ਼ੀਲ ਸ਼ਾਇਰਾ ਕਮਲਪ੍ਰੀਤ ਕੌਰ ਸਿੱਧੂ ਦਾ ਜਨਮ ਮਿਤੀ 07.07.1977 ਨੂੰ ਪਿਤਾ ਸ. ਪਰਮਪਾਲ ਸਿੰਘ ਸਿੱਧੂ ਤੇ ਮਾਤਾ ਸ੍ਰੀਮਤੀ ਸ਼ਿੰਦਰਪਾਲ ਕੌਰ ਸਿੱਧੂ ਦੇ ਘਰ ਪਿੰਡ ਸੰਗੂਧੌਣ, ਜ਼ਿਲ੍ਹਾ ਮੁਕਤਸਰ ਵਿਖੇ ਕਿਸਾਨ ਪਰਿਵਾਰ ਵਿਚ ਹੋਇਆ। ਕਿਸਾਨੀ ਜੀਵਨ ਦਾ ਅਨੁਭਵ ਅਤੇ ਪੇਂਡੂ ਜੀਵਨ ਦੇ ਦੁੱਖ ਤੇ ਦੁਸ਼ਵਾਰੀਆਂ ਨਾਲ ਉਸ ਦੇ ਨੇੜੇ ਦੇ ਵਾਹ ਸਦਕਾ ਉਹ ਪੰਜਾਬੀ ਸਮਾਜ ਅਤੇ ਸਭਿਆਚਾਰ ਨੂੰ ਨੇੜਿਓ ਸਮਝਣ ਦੇ ਕਾਬਲ ਹੋਈ। ਪੰਜਾਬੀ ਔਰਤ ਦੀ ਹੋਂਦ ਅਤੇ ਹੋਣੀ ਦਾ ਪਹਿਲਾ ਸਬਕ ਉਸ ਨੇ ਆਪਣੇ ਚੁਫ਼ੇਰੇ ’ਚੋਂ ਸ਼ਿੱਦਤ ਨਾਲ ਪੜ੍ਹਿਆ। ਇਸ ਨੂੰ ਸਮਝਣ ਅਤੇ ਜਾਨਣ ਲਈ ਉਸ ਨੇ ਭਾਸ਼ਾ ਅਤੇ ਸਾਹਿਤ ਦਾ ਮਾਧਿਅਮ ਚੁਣਕੇ ਪੰਜਾਬੀ ਸਾਹਿਤ ਵਿਚ ਐਮ.ਏ. ਅਤੇ ਐਮ.ਫ਼ਿਲ ਦੀਆਂ ਉ¤ਚ ਡਿਗਰੀਆਂ ਪ੍ਰਾਪਤ ਕੀਤੀਆਂ। ਅੱਜ ਕੱਲ ਉਹ ਪੰਜਾਬੀ ਵਿਚ ਪੀ-ਐ¤ਚ.ਡੀ. ਕਰ ਰਹੀ ਹੈ ਅਤੇ ਕਾਲਜ ਪੱਧਰ ’ਤੇ ਪੰਜਾਬੀ ਸਾਹਿਤ ਨੂੰ ਪੜ੍ਹਾ ਵੀ ਰਹੀ ਹੈ। ਕਮਲਪ੍ਰੀਤ ਸਿੱਧੂ ਦੀਆਂ ਦੋ ਪੁਸਤਕਾਂ ‘ਉਨੀਂਦਰੇ ਚਿਰਾਗ਼’ (ਕਵਿਤਾ) ਅਤੇ ‘ਸੁਰਜੀਤ ਪਾਤਰ ਦੀ ਕਾਵਿ ਸੰਵੇਦਨਾ’ (ਆਲੋਚਨਾ) ਛਪ ਚੁੱਕੀਆਂ ਹਨ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਅੱਜ ਇਹ ਪੁਰਸਕਾਰ ਪ੍ਰੋ. ਕਮਲਪ੍ਰੀਤ ਕੌਰ ਸਿੱਧੂ ਦੀ ਪੁਸਤਕ ‘ਉਨੀਂਦਰੇ ਚਿਰਾਗ਼’ ਨੂੰ ਦਿੱਤਾ ਜਾ ਰਿਹਾ ਹੈ।

ਵਿਸ਼ੇਸ਼ ਸਾਹਿਤਕ ਸਨਮਾਨ : ਰਘਬੀਰ ਸਿੰਘ ‘ਭਰਤ’

ਸਿੱਖਿਆ ਸ਼ਾਸਤਰੀ, ਵਿਦਵਾਨ ਆਲੋਚਕ, ਸਿਰੜੀ, ਪ੍ਰਤਿਬੱਧ ਲੇਖਕ ਤੇ ਅਨੁਵਾਦਕ ਰਘਬੀਰ ਸਿੰਘ ‘ਭਰਤ’ ਪੰਜਾਬੀ ਸਾਹਿਤ ਦੀ ਜਾਣੀ-ਪਹਿਚਾਣੀ ਸ਼ਖ਼ਸੀਅਤ ਹੈ। ਉਨ੍ਹਾਂ ਦਾ ਜਨਮ 8 ਜਨਵਰੀ, 1939 ਨੂੰ ਪਿੰਡ ਸਧਨੌਲੀ, ਜ਼ਿਲ੍ਹਾ ਪਟਿਆਲਾ ਵਿਚ ਹੋਇਆ। ਅੱਜ ਕੱਲ ਉਹ ਮਾਛੀਵਾੜਾ ਵਿਖੇ ਰਹਿ ਰਹੇ ਹਨ। ਉਨ੍ਹਾਂ ਸਕੂਲ ਦੀ ਵਿੱਦਿਆ ਤੋਂ ਬਾਅਦ ਜੇ.ਬੀ.ਟੀ., ਐਮ.ਏ. ਕਰਕੇ ¦ਮਾ ਸਮਾਂ ਅਧਿਆਪਕ ਵਜੋਂ ਕਾਰਜਸ਼ੀਲ ਰਹੇ। ਉਨ੍ਹਾਂ ਦੀਆਂ ਮੌਲਿਕ ਪੁਸਤਕਾਂ ‘ਢੋਲ ਸਿਪਾਹੀ’, ‘ਸਰਵੇਖਣ : ਮਾਛੀਵਾੜਾ ਸਾਹਿਬ’, ‘ਪੰਜਾਬੀ ਕਵਿਤਾ ਦਾ ਵਿਕਾਸ’, ‘ਸਮਕਾਲੀ ਪੰਜਾਬੀ ਕਵਿਤਾ’, ‘ਗੁਰਮਤਿ ਦਰਪਣ’, ‘ਭਗਤ ਨਾਮਦੇਵ ਜੀ : ਚਿੰਤਨ ਤੇ ਅਨੁਭਵ’, ‘ਪਾਕਿਸਤਾਨੀ ਪੰਜਾਬੀ ਇਕਾਂਗੀ ਨਾਟਕ’ ਦਾ ਆਲੋਚਨਾਤਮਿਕ ਅਧਿਐਨ’ ਅਤੇ ‘ਮੇਰਾ ਜੀਵਨ ਸਫ਼ਰ’ ਹਨ,  ਅਨੁਵਾਦਕ ਪੁਸਤਕਾਂ ‘ਮਿਰਜ਼ਾ ਸਾਹਿਬਾਂ : ਮੀਆਂ ਮੁਹੰਮਦ ਦੀਨ ਕਾਦਰੀ’ ਤੇ ‘ਪੰਜਾਬੀ ਸ਼ਾਇਰਾਂ ਦਾ ਤਜ਼ਕਰਾ’ ਹਨ ਤੇ ਸੰਪਾਦਨ ਪੁਸਤਕ ‘ਰੌਸ਼ਨੀ ਦਾ ਸਫ਼ਰ’ ਹਨ। ਮੌਲਾ ਬਖ਼ਸ਼ ਕੁਸ਼ਤਾ ਦੀ ਵੱਡ-ਆਕਾਰੀ ਪੁਸਤਕ ‘ਪੰਜਾਬੀ ਸ਼ਾਇਰਾਂ ਦਾ ਤਜ਼ਕਰਾ’ ਉਨ੍ਹਾਂ ਦੀ ਕਈ ਵਰ੍ਹਿਆਂ ਦੀ ਮਿਹਨਤ ਦਾ ਸਿੱਟਾ ਹੈ ਜਿਸ ਨੂੰ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਨੇ ਪ੍ਰਕਾਸ਼ਿਤ ਕੀਤਾ ਹੈ। ਇਹ ਪੁਸਤਕ ਪੰਜਾਬੀ ਆਲੋਚਨਾ ਦੀ ਉਨ੍ਹਾਂ ਪੁਸਤਕਾਂ ਵਿਚੋਂ ਇਕ ਹੈ ਜਿਨ੍ਹਾਂ ਨੇ ਪੰਜਾਬੀ ਆਲੋਚਨਾ ਦਾ ਮੁੱਢ ਬੰਨਿਆ ਹੈ। ਇਹ ਪੁਸਤਕ ਖੋਜਾਰਥੀਆਂ ਲਈ ਲਾਹੇਵੰਦ ਹੋਵੇਗੀ।

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਜਨਾਬ ਮੌਲਾ ਬਖ਼ਸ਼ ਕੁਸ਼ਤਾ ਜੀ ਦੀ ਪੁਸਤਕ ‘ਪੰਜਾਬੀ ਸ਼ਾਇਰਾਂ ਦਾ ਤਜ਼ਕਰਾ’ ਦਾ ਗੁਰਮੁੱਖੀ ਵਿਚ ਲਿੱਪੀਅੰਤਰਨ ਕਰਨ ’ਤੇ ਉਨ੍ਹਾਂ ਨੂੰ ਵਿਸ਼ੇਸ਼ ਸਾਹਿਤਕ ਸਨਮਾਨ ਦਿੱਤਾ ਜਾ ਰਿਹਾ ਹੈ।

ਪੰਜਾਬੀ ਸ਼ਾਇਰਾਂ ਦਾ ਤਜ਼ਕਰਾ : ਪੰਜਾਬੀ ਪਿਆਰਿਆਂ ਲਈ ਖੂਬਸੂਰਤ ਤੋਹਫ਼ਾ
ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਪੜ੍ਹਦਿਆਂ ਹਮੇਸ਼ਾ ਜਨਾਬ ਮੌਲਾ ਬਖ਼ਸ਼ ਕੁਸ਼ਤਾ ਅੰਮ੍ਰਿਤਸਰੀ ਦੀ ਪੁਸਤਕ ‘ਪੰਜਾਬੀ ਸ਼ਾਇਰਾਂ ਦਾ ਤਜ਼ਕਰਾ’ ਦਾ ਹਵਾਲਾ ਤਾਂ ਮਿਲਦਾ ਰਿਹਾ ਪਰ ਪੁਸਤਕ ਕਦੇ ਨਸੀਬ ਨਾ ਹੋਈ। ਬਹੁਤ ਮਗਰੋਂ ਜਾ ਕੇ ਪਤਾ ਲੱਗਾ ਕਿ ਇਹ ਪੁਸਤਕ ਤਾਂ ਦੇਸ਼ ਦੀ ਵੰਡ ਤੋਂ ਕਾਫ਼ੀ ਚਿਰ ਪਹਿਲਾਂ ਲਿਖੀ ਜਾਣੀ ਸ਼ੁਰੂ ਹੋਈ ਸੀ ਅਤੇ 1955 ਵਿਚ ਜਨਾਬ ਕੁਸ਼ਤਾ ਜੀ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਬੇਟੇ ਦੀ ਹਿੰਮਤ ਨਾਲ ਇਸ ਨੂੰ ਸ਼ਾਹਮੁਖੀ ਅੱਖਰਾਂ ਵਿਚ ਪੁਸਤਕ ਜਾਮਾ 1960 ਵਿਚ ਨਸੀਬ ਹੋਇਆ। ਪਾਕਿਸਤਾਨ  ਵਿਚ ਛਪੀ ਇਸ ਪੁਸਤਕ ਦੇ ਇਤਿਹਾਸਕ ਮੁਲ ਨੂੰ ਪਛਾਣਦੇ ਹੋਏ ਸਾਡੇ ਪੰਜਾਬੀ ਲਿਖਾਰੀ ਅਤੇ ਆਲੋਚਕਾਂ ਨੇ ਰੁਦਨ ਤਾਂ ਬਥੇਰਾ ਕੀਤਾ, ਪ੍ਰੰਤੂ ਕਿਸੇ ਨੇ ਵੀ ਇਸ ਨੂੰ ਗੁਰਮੁਖੀ ਅੱਖਰਾਂ ਵਿਚ ਢਾਲਣ ਦੀ ਕੋਸ਼ਿਸ਼ ਨਾ ਕੀਤੀ। ਸਾਡਾ ਧੰਨਭਾਗ ਹੈ ਕਿ ਇਹ ਕਾਰਜ ਬਜ਼ੁਰਗ ਪੰਜਾਬੀ ਲੇਖਕ ਸ. ਰਘਬੀਰ ਸਿੰਘ ਭਰਤ ਨੇ ਆਪਣੇ ਜ਼ਿੰਮੇਂ ਲਿਆ ਅਤੇ ਬੜੀ ਕਾਮਯਾਬੀ ਦੇ ਨਾਲ ਇਸ ਨੂੰ ਸੰਪੂਰਨ ਕੀਤਾ।

ਮੌਲਾ ਬਖ਼ਸ਼ ਕੁਸ਼ਤਾ ਪੰਜਾਬੀ ਦੇ ਉਨ੍ਹਾਂ ਮੁਢਲੇ ਖੋਜੀਆਂ ਵਿਚੋਂ ਹੈ, ਜਿਨ੍ਹਾਂ ਨੇ ਫ਼ਿਰਕੂ ਤੁਅੱਸਬ ਤੋਂ ਮੁਕਤ ਹੋ ਕੇ ਮਾਂ ਬੋਲੀ ਦਾ ਕਰਜ਼ ਚੁਕਾਇਆ ਹੈ। ਉਹ ਪੰਜਾਬੀ ਗ਼ਜ਼ਲ ਦੇ ਨੈਣ ਨਕਸ਼ ਸੁਆਰਣ ਅਤੇ ਪੰਜਾਬੀ ਵਿਚ ਸਾਹਿਤ ਖੋਜ ਅਤੇ ਆਲੋਚਨਾ ਦਾ ਪਿੜ ਬੰਨਣ ਵਾਲੇ ਵਿਦਵਾਨਾਂ ਵਿਚੋਂ ਵੀ। ਉਸ ਨੇ ਪੰਜਾਬੀ ਗ਼ਜ਼ਲ ਨੂੰ ਠੇਠ ਦੇਸੀ ਮੁਹਾਵਰਾ ਤੇ ਪੰਜਾਬੀ ਪੁੱਠ ਦਿੱਤੀ। ਉਸ ਦੀ ਗ਼ਜ਼ਲ ਦੇ ਰੁਮਾਨੀ ਤੇ ਰਿੰਦਾਨਾ ਜੁੱਸੇ ਵਿਚ ਤਿੱਖੀ ਸਿਆਸੀ ਚੇਤਨਾ ਵਾਲੇ ਸ਼ਿਅਰਾਂ ਦੀ ਲਿਸ਼ਕ ਵੀ ਵੇਖਣ ਵਾਲੀ ਹੈ। ਜਦੋਂ ਉਸ ਨੇ ਕਲਮ ਸੰਭਾਲੀ ਉਦੋਂ ਬਰਤਾਨਵੀ ਬਸਤੀਵਾਦ ਸਾਡੇ ਕੌਮੀ ਸੁਤੰਤਰਤਾ ਸੰਗਰਾਮ ਦੇ ਜਲੌਅ ਨੂੰ ਮੱਠਾ ਕਰਨ ਖਾਤਰ ਪੰਜਾਬੀ ਭਾਈਚਾਰੇ ਨੂੰ ਵੰਡਣ ਦੀ ਫ਼ਿਰਕੂ ਖੇਡ ਖੇਡ ਰਿਹਾ ਸੀ। ਕੁਝ ਪੰਜਾਬੀ ਵਿਦਵਾਨ ਅਚੇਤ ਹੀ ਇਸ ਸ਼ਤਰੰਜੀ ਚਾਲ ਦੇ ਸ਼ਿਕਾਰ ਹੋ ਕੇ ਸਾਂਝੇ ਪੰਜਾਬੀ ਸਭਿਆਚਾਰਕ ਵਿਰਸੇ ਨੂੰ ਪਛਾਨਣ ਤੋਂ ਟਪਲਾ ਖਾ ਰਹੇ ਸਨ। ਮੌਲਾ ਬਖ਼ਸ਼ ਕੁਸ਼ਤਾ ਨੇ ਇਸ ਰਾਜਸੀ ਛੜ-ਯੰਤਰ ਨੂੰ ਬੇਨਕਾਬ ਕਰਦਿਆਂ ਇਸ ਸਥਾਪਿਤ ਕੀਤਾ ਕਿ ਪੰਜਾਬੀ ਕਿਸੇ ਇਕ ਵਿਸ਼ੇਸ਼ ਫ਼ਿਰਕੇ ਦੀ ਜ਼ਬਾਨ ਨਹੀਂ ਸਗੋਂ ਸਮੂਹ ਪੰਜਾਬੀਆਂ ਦੀ ਵਡਮੁੱਲੀ ਅਮਰ ਵਿਰਾਸਤ ਹੈ।

ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਤੇ ਤਜ਼ਕਰਾ ਨਿਗਾਰੀ ਕਰਦੇ ਸਮੇਂ ਉਨ੍ਹਾਂ ਨੇ ਪੰਜਾਬੀ ’ਚ ਲਿਖਣ ਵਾਲੇ ਸਾਰੇ ਸਾਹਿਤਕਾਰਾਂ ਨੂੰ ਸਨਮਾਨ-ਪੂਰਵਕ ਬਣਦੀ ਥਾਂ ਦਿੱਤੀ। 20ਵੀਂ ਸਦੀ ਦੇ ਤੀਜੇ ਦਹਾਕੇ ਵਿਚ ਪੰਜਾਬੀ ਦੀ ਲਹਿਰ ਉਸਾਰਨ ਲਈ ਜਿਹੜਾ ਮੁਹਾਜ ਸਿਰਜਿਆ ਗਿਆ, ਉਹ ਉਹਦੀਆਂ ਮੂਹਰਲੀਆਂ ਸਫ਼ਾਂ ਵਿਚ ਪੇਸ਼-ਪੇਸ਼ ਰਹੇ। ‘ਪੰਜਾਬੀ ਸ਼ਾਇਰਾਂ ਦਾ ਤਜ਼ਕਰਾ’ ਕੁਸ਼ਤਾ ਦਾ ਇਤਿਹਾਸਕ ਤੇ ਕੌਮੀ ਮਹੱਤਤਾ ਵਾਲਾ ਨਾਯਾਬ ਗ੍ਰੰਥ ਹੈ। ਇਸ ਵਿਚ ਲਗਪਗ 242 ਸ਼ਾਇਰਾਂ ਦੀ ਸਿਰਜਨਾ ਅਤੇ 1955 ਤੱਕ ਦੇ ਕਾਵਿ ਸਫ਼ਰ ਦਾ ਹਵਾਲਾ ਮਿਲਦਾ ਹੈ। ਪੰਜਾਬੀ ਸਾਹਿਤ ਦੀ ਖੋਜਕਾਰੀ ਅਤੇ ਆਲੋਚਨਾ ’ਚ ਸਰੋਤ ਗ੍ਰੰਥ ਦਾ ਰੁਤਬਾ ਰੱਖਣ ਵਾਲੀ ਇਹ ਰਚਨਾ ਉਸ ਦੇ ‘ਲੱਜਾਪਾਲ ਪੁੱਤਰ’ ਦੇ ਸਹਿਯੋਗ ਤੇ ਉ¤ਦਮ ਨਾਲ ਨੇਪਰੇ ਚੜ੍ਹੀ। ਸ਼ਾਹਮੁਖੀ ਲਿੱਪੀ ਵਿਚ ਹੋਣ ਕਰਕੇ ਇਹ ਰਚਨਾ ਹੁਣ ਤੀਕ ਨਵੀਂ ਪੀੜ੍ਹੀ ਦੀ ਪਹੁੰਚ ਤੋਂ ਬਾਹਰ ਸੀ।

ਪਾਕਿਸਤਾਨ ਤੁਰ ਗਏ ਆਪਣੇ ਪੁਰਖ਼ਿਆਂ ਦੇ ਕੰਮ ਨੂੰ ਚੇਤੇ ਕਰਨ ਦੀ ਲੜੀ ਵਿਚ ਹੀ ਅਕਾਡਮੀ ਵਲੋਂ ਫ਼ੈਜ਼ ਅਹਿਮਦ ਫ਼ੈਜ਼ ਬਾਰੇ ਵਿਸ਼ੇਸ਼ ਪੁਸਤਕ ਸ. ਹਰਭਜਨ ਸਿੰਘ ਹੁੰਦਲ ਜੀ ਤੋਂ ਲਿਖਵਾ ਕੇ ਪ੍ਰਕਾਸ਼ਿਤ ਕੀਤੀ ਹੈ। ਉਰਦੂ ਕਵੀ ਹਬੀਬ ਜਾਲਿਬ ਜੀ ਦਾ ਪੰਜਾਬੀ ਕਲਾਮ ਵੀ ਸ. ਹਰਭਜਨ ਸਿੰਘ ਹੁੰਦਲ ਜੀ ਨੇ ਲਿੱਪੀਅੰਤਰ ਕੀਤਾ ਹੈ। ਇਸ ਸਭ ਕੁਝ ਲਈ ਜਿਥੇ ਪ੍ਰਬੁੱਧ ਪੰਜਾਬੀ ਲੇਖਕ ਮੁਹੱਬਤੀ ਸਹਿਯੋਗ ਲਈ ਧੰਨਵਾਦ ਦੇ ਹੱਕਦਾਰ ਹਨ ਉਥੇ ਅਕਾਡਮੀ ਦੇ ਸਮੂਹ ਅਹੁਦੇਦਾਰ ਵੀ ਮੁਬਾਰਕ ਯੋਗ ਹਨ ਜਿਨ੍ਹਾਂ ਨੇ ਹਰ ਸ਼ੁਭ ਕਾਰਜ ਵਿਚ ਇਕ ਦੂਜੇ ਨਾਲੋਂ ਅੱਗੇ ਹੋ ਕੇ ਇਨ੍ਹਾਂ ਪੁਸਤਕਾਂ ਦੇ ਪ੍ਰਕਾਸ਼ਨ ਲਈ ਤਨ-ਮਨ ਅਤੇ ਧਨ ਲਗਾਇਆ।

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਬਣਨ ਸਾਰ ਮੇਰੇ ਮਨ ਵਿਚ ਇਸ ਗਲ ਬਾਰੇ ਬੜੀ ਸਪੱਸ਼ਟਤਾ ਸੀ ਕਿ ਅਕਾਡਮੀ ਨੂੰ ਵੱਧ ਤੋਂ ਵੱਧ ਅਕਾਦਮਿਕ ਕੰਮਾਂ ਕਾਰਾਂ ਵਿਚ ਅੱਗੇ ਵਧਾਇਆ ਜਾਵੇ। ਸ੍ਰੀ ਰਵਿੰਦਰ ਨਾਥ ਟੈਗੋਰ ਦੀਆਂ ਬਾਰਾਂ ਪੁਸਤਕਾਂ ਦਾ ਸੈ¤ਟ ਭਾਰਤੀ ਸਾਹਿਤ ਅਕਾਦੇਮੀ ਦੇ ਸਹਿਯੋਗ ਨਾਲ ਪ੍ਰਕਾਸ਼ਿਤ ਕਰਵਾ ਕੇ ਉਸ ਨੂੰ ਸ਼ਾਂਤੀ ਨਿਕੇਤਨ ਕੋਲਕਾਤਾ ਵਿਖੇ ਲੋਕ ਅਰਪਣ ਕਰਵਾਉਣਾ ਇਸੇ ਦਿਸ਼ਾ ਵਿਚ ਪੱਕਾ ਪਕੇਰਾ ਕਦਮ ਸੀ। ਹੁਣ ਮੌਲਾ ਬਖ਼ਸ਼ ਕੁਸ਼ਤਾ ਜੀ ਦੀ ਇਸ ਪੁਸਤਕ ਨੂੰ ਪੰਜਾਬੀ ਪਿਆਰਿਆਂ ਦੇ ਹਵਾਲੇ ਕਰਦਿਆਂ ਮੈਨੂੰ ਅਤੇ ਮੇਰੇ ਸਾਥੀਆਂ ਨੂੰ ਖ਼ੁਸ਼ੀ ਹੀ ਨਹੀਂ ਹੋ ਰਹੀ ਸਗੋਂ ਜ਼ਿੰਮੇਂਵਾਰੀ ਨਿਭਾਉਣ ਦਾ ਅਹਿਸਾਸ ਵੀ ਹੋ ਰਿਹਾ ਹੈ। ਇਹ ਪੁਸਤਕ ਨਾਲ ਨਵੇਂ ਖੋਜਕਾਰਾਂ ਲਈ ਨਵੇਂ ਗਿਆਨ ਦਾ ਪ੍ਰਕਾਸ਼ ਹੋਵੇਗਾ। ਜਿਹੜੇ ਨੌਜਵਾਨ ਖੋਜਕਾਰ ਸਿਰਫ਼ ਗੁਰਮੁਖੀ ਅੱਖਰ ਜਾਣਦੇ ਹਨ ਉਨ੍ਹਾਂ ਲਈ ਇਸ ਪੁਸਤਕ ਵਿਚਲੀ ਜਾਣਕਾਰੀ ਯਕੀਨਨ ਲਾਹੇਵੰਦ ਬਣੇਗੀ।

ਗੁਰੂ ਕਾਸ਼ੀ ਯੂਨੀਵਰਸਿਟੀ : ਸੰਕਲਪ ਤੇ ਸਿਰਜਣਾ
ਇਹ ਹੈ ਪ੍ਰਗਟ ਹਮਾਰੀ ਕਾਸ਼ੀ, ਪੜ੍ਹ ਹੈ ਇਹਾਂ ਢੋਰ ਮਤਿ ਰਾਸੀ।

ਲੇਖਕ ਗਨੀ ਕਵਿੰਦ ਗਿਆਨੀ, ਬੁਧਿ ਸਿਧੂੰ ਹ੍ਵੌ ਹੈ ਇਤ ਆਨੀ।

It is our evident seat of learning, where numerous will study to become ocean

of wisdom and will rise up as great authors, learned poets and scholars.

ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਮੁਖਾਰਬਿੰਦ ਤੋਂ ਜਦੋਂ ਇਹ ਬਚਨ ਉਚਾਰੇ ਹੋਣਗੇ ਤਾਂ ਇਸ ਧਰਤੀ ਨੂੰ ਚਿਤ ਚੇਤਾ ਵੀ ਨਹੀਂ ਹੋਣਾ ਕਿ ਉਸ ਦੇ ਭਾਗ ਜਾਗਣ ਵਾਲੇ ਹਨ। ਗਿਆਨ ਦੀ ਅਸੀਸ ਹਾਸਿਲ ਇਸ ਧਰਤੀ ਵਿੱਚ ਕਦੇ ਸਚਮੁੱਚ ਗਿਆਨ ਗੰਗਾ ਵਹੇਗੀ, ਇਸ ਨੂੰ ਅੱਜ ਸੱਚ ਹੋਇਆ ਵੇਖ ਕੇ ਵੀ ਕਈ ਵਿਅਕਤੀਆਂ ਦਾ ਮਨ ਨਹੀਂ ਮੰਨਦਾ। ਗਿਆਨ ਦੇ ਵੱਖ ਵੱਖ ਸੋਮਿਆਂ ਦੇ ਅਧਿਐਨ ਲਈ ਤਲਵੰਡੀ ਸਾਬੋ ਜਿਸ ਨੂੰ ਇਤਿਹਾਸ ਵਿੱਚ ਦਮਦਮਾ ਸਾਹਿਬ ਦੇ ਨਾਮ ਨਾਲ ਸਤਿਕਾਰ ਪ੍ਰਾਪਤ ਹੈ, ਉਸ ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਦਾ ਸਥਾਪਿਤ ਹੋਣਾ ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਚਨਾਂ ਦਾ ਹੀ ਪ੍ਰਤਾਪ ਕਿਹਾ ਜਾ ਸਕਦਾ ਹੈ। ਇਸ ਯੂਨੀਵਰਸਿਟੀ ਦੇ ਹੋਂਦ ਵਿੱਚ ਆਉਣ ਬਾਰੇ ਇਸ ਦੇ ਸੰਸਥਾਪਕ ਡਾ: ਜੇ ਐਸ ਧਾਲੀਵਾਲ ਅਤੇ ਚੇਅਰਮੈਨ ਸ: ਗੁਰਲਾਭ ਸਿੰਘ ਸਿੱਧੂ ਦੱਸਦੇ ਹਨ ਕਿ ਇਹ ਸਭ ਕਾਰਜ ਗੁਰੂ ਮਹਾਰਾਜ ਨੇ ਆਪ ਹੀ ਸੰਪੂਰਨ ਕਰਾਏ ਹਨ। ਪੰਜਾਬ ਸਰਕਾਰ ਨੇ ਵਿਧਾਨ ਸਭਾ ਵਿੱਚ ਐਕਟ ਪਾਸ ਕਰਕੇ ਇਸ ਯੂਨੀਵਰਸਿਟੀ ਨੂੰ 2011 ਵਿੱਚ ਸਥਾਪਤ ਕਰਨ ਦੀ ਪ੍ਰਵਾਨਗੀ ਦਿੱਤੀ। ਗੁਰੂ ਕਾਸ਼ੀ ਯੂਨੀਵਰਸਿਟੀ ਐਕਟ (ਪੰਜਾਬ ਐਕਟ ਨੰ:37 : 2011) ਰਾਹੀਂ ਇਸ ਯੂਨੀਵਰਸਿਟੀ ਨੂੰ ਹਰ ਤਰ੍ਹਾਂ ਦੀ ਪੇਸ਼ਾਵਾਰਾਨਾ ਮੁਹਾਰਤ ਵਾਲੇ ਕੋਰਸਾਂ ਤੋਂ ਇਲਾਵਾ ਮੈਡੀਕਲ, ਟੈਕਨੀਕਲ ਅਤੇ ਆਮ ਸਿੱਖਿਆ ਦੇ ਉਚੇਰੇ ਸਿੱਖਿਆ ਪ੍ਰਬੰਧ  ਦੀ ਪ੍ਰਵਾਨਗੀ ਹਾਸਿਲ ਹੋਈ। ਇਸ ਵਿੱਚ ਸ: ਪਰਕਾਸ਼ ਸਿੰਘ ਬਾਦਲ, ਮੁੱਖ ਮੰਤਰੀ, ਪੰਜਾਬ, ਸ: ਸੁਖਬੀਰ ਸਿੰਘ ਬਾਦਲ, ਉਪ-ਮੁੱਖ ਮੰਤਰੀ, ਪੰਜਾਬ ਅਤੇ ਪੰਜਾਬ ਦੇ ਪੇਂਡੂ ਖੇਤਰ ਨੂੰ ਵਿਕਾਸ ਦੀਆਂ ਲੀਹਾਂ ਤੇ ਤੇਜ਼ ਰਫਤਾਰੀ ਨਾਲ ਤੋਰਨ ਦਾ ਸੁਪਨਾ ਲੈਣ ਵਾਲੀ ਸਾਡੀ ਸਦਾਜੀਵੀ ਬੀਬੀ ਸਰਦਾਰਨੀ ਸੁਰਿੰਦਰ ਕੌਰ ਬਾਦਲ ਦੇ ਯੋਗਦਾਨ ਨੂੰ ਇਤਿਹਾਸ ਚੇਤੇ ਰੱਖੇਗਾ।

ਇੱਥੇ ਇਹ ਦੱਸਣਾ ਵੀ ਜਰੂਰੀ ਹੈ ਕਿ 1997 ਵਿੱਚ ਜਦ ਡਾ: ਜੇਐਸ ਧਾਲੀਵਾਲ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਦਰਸ਼ਨ ਕਰਨ ਲਈ ਪਹੁੰਚੇ ਤਾਂ ਉਦੋਂ ਦੇ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਜੀ ਨੇ ਪਹਿਲੀ ਵਾਰ ਇਸ ਨਗਰ ਵਿੱਚ ਉਹਨਾਂ ਨੂੰ ਉਚੇਰੀ ਸਿੱਖਿਆ ਦੇ ਅਦਾਰੇ ਸਥਾਪਤ ਕਰਨ ਲਈ ਪ੍ਰੇਰਨਾ ਦਿੱਤੀ। ਇਸੇ ਪ੍ਰੇਰਨਾ ਸਦਕਾ ਹੀ ਬਾਲਾ ਜੀ ਐਜੂਕੇਸ਼ਨ ਟਰੱਸਟ (ਰਜਿ:) ਦੀ ਸਥਾਪਨਾ ਕਰਕੇ ਪਹਿਲਾਂ ਪਾਲੀਟੈਕਨੀਕ, ਫਿਰ ਸ਼੍ਰੀ ਗੁਰੂ ਗੋਬਿੰਦ ਸਿੰਘ ਇੰਜਨੀਅਰਿੰਗ ਕਾਲਜ ਅਤੇ ਇਸ ਤੋਂ ਅੱਗੇ ਪੰਜ ਹੋਰ ਕਾਲਜ ਸਥਾਪਤ ਕੀਤੇ।

ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਫੁਰਮਾਨ ਨੂੰ ਹਕੀਕਤ ਵਿੱਚ ਤਬਦੀਲ ਕਰਨ ਲਈ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਜੀ ਤੋਂ ਤਖ਼ਤ ਸਾਹਿਬ ਵਿਖੇ ਅਰਦਾਸ ਕਰਵਾਈ ਗਈ। ਅਰਦਾਸ ਦੀ ਸ਼ਕਤੀ ਦਾ ਹੀ ਪ੍ਰਤਾਪ ਹੈ ਕਿ ਅੱਜ ਅਸੀਂ ਗੁਰੂ ਕਾਸ਼ੀ ਯੂਨੀਵਰਸਿਟੀ ਵਿ¤ਚ ਸਥਾਪਨਾ ਦਿਵਸ ਮਨਾ ਰਹੇ ਹਾਂ। ਇਥੇ ਇਹ ਦੱਸਣਾ ਵੀ ਵਾਜਬ ਹੋਵੇਗਾ ਕਿ ਡਾ: ਜੇਐਸ ਧਾਲੀਵਾਲ ਅਤੇ ਸ ਗੁਰਲਾਭ ਸਿੰਘ ਜੀ ਦਾ ਇਹ ਸੁਪਨਾ ਸੀ ਕਿ ਯੂਨੀਵਰਸਿਟੀ ਦੀ ਸਥਾਪਨਾ ਉਪਰੰਤ ਉਦਘਾਟਨ ਵੀ ਸ ਪਰਕਾਸ਼ ਸਿੰਘ ਬਾਦਲ ਹੀ ਕਰਨ ਅਤੇ ਬੀਬੀ ਸੁਰਿੰਦਰ ਕੌਰ ਬਾਦਲ ਵੀ ਉਸ ਮੌਕੇ ਸੰਗ ਸਾਥ ਹੋਣ। ਬੀਬੀ ਸੁਰਿੰਦਰ ਕੌਰ ਬਾਦਲ ਜੀ ਵੱਲੋਂ ਦਿੱਤੀ ਹੱਲਾਸ਼ੇਰੀ ਅਤੇ ਆਸ਼ੀਰਵਾਦ ਦਾ ਹੀ ਪ੍ਰਤਾਪ ਹੈ ਕਿ ਅੱਜ ਅਸੀਂ ਇਸ ਯੂਨੀਵਰਸਿਟੀ ਦਾ ਸਥਾਪਨਾ ਦਿਵਸ ਮਨਾ ਰਹੇ ਹਾਂ। ਭਾਵੇਂ ਬੀਬੀ ਜੀ ਇਸ ਸਮਾਗਮ ਵਿੱਚ ਸਰੀਰਕ ਤੌਰ ਤੇ ਹਾਜਰ ਨਹੀਂ ਹਨ ਪਰ ਉਹਨਾਂ ਦੀ ਹੋਂਦ ਸਾਡੇ ਆਸ-ਪਾਸ ਹੈ। ਮਾਨਯੋਗ ਮੁੱਖ ਮੰਤਰੀ ਪੰਜਾਬ ਸ ਪ੍ਰਕਾਸ਼ ਸਿੰਘ ਬਾਦਲ ਦੀ ਇਸ ਯੂਨੀਵਰਸਿਟੀ ਵਿੱਚ ਆਪਣੀ ਪਹਿਲੀ ਫੇਰੀ ਨੂੰ ਸਦੀਵਤਾ ਦੇਣ ਲਈ ਯੂਨੀਵਰਸਟੀ ਸਮਾਰਕ ਦਾ ਉਦਘਾਟਨ ਕਰ ਰਹੇ ਹਨ।

ਇਹ ਸਮਾਰਕ ਸਤਿਕਾਰਯੋਗ ਬੀਬੀ ਸੁਰਿੰਦਰ ਕੌਰ ਬਾਦਲ ਜੀ ਦੀ ਸਦਾਜੀਵੀ ਯਾਦ ਨੂੰ ਹੀ ਸਮਰਪਿਤ ਕੀਤਾ ਗਿਆ ਹੈ। ਡਾ: ਧਾਲੀਵਾਲ ਜੀ ਦੱਸਦੇ ਹਨ ਕਿ ਮੁੱਖ ਮੰਤਰੀ ਨਿਵਾਸ ਦੇ ਪਿਛਲੇ ਵਿਹੜੇ ਬੈਠਿਆਂ ਸਾਨੂੰ ਬੀਬੀ ਸੁਰਿੰਦਰ ਕੌਰ ਬਾਦਲ ਜੀ ਨੇ ਤਕੜੇ ਹੋ ਕੇ ਯੂਨੀਵਰਸਿਟੀ ਉਸਾਰਨ ਦੀ ਪ੍ਰੇਰਨਾ ਦਿੱਤੀ। ਇਸ ਤੋਂ ਕੁਝ ਦਿਨਾ ਬਾਅਦ ਹੀ ਉਹ ਬਿਮਾਰ ਹੋਣ ਕਾਰਨ ਪੀਜੀਆਈ ਚੰਡੀਗੜ੍ਹ ਵਿ¤ਚ ਦਾਖਲ ਹੋ ਗਏ। ਜਦ ਉਹ ਪੀਜੀਆਈ ਵਿੱਚ ਦਾਖਲ ਸਨ ਤਾਂ ਖਬਰਸਾਰ ਲੈਣ ਗਏ ਡਾ: ਧਾਲੀਵਾਲ ਨੂੰ ਮਾਣਯੋਗ ਮੁੱਖ ਮੰਤਰੀ ਜੀ ਨੇ ਵੇਖਦਿਆਂ ਸਾਰ ਕੋਲ ਬੁਲਾ ਕੇ ਯੂਨੀਵਰਸਿਟੀ ਸਥਾਪਤ ਕਰਨ ਦੀ ਪ੍ਰਵਾਨਗੀ ਸੂਚਨਾ ਦਿੱਤੀ। ਮੈਂ ਇਸ ਘਟਨਾ ਨੂੰ ਰੂਹਾਨੀਅਤ ਨਾਲ ਜੋੜ ਕੇ ਵੇਖਦਾ ਹਾਂ ਕਿਉਂਕਿ ਇਹ ਯੂਨੀਵਰਸਿਟੀ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼ ਹੈ ਉਥੇ ਬੀਬੀ ਜੀ ਵੱਲੋਂ ਸਾਡੇ ਰਾਹੀਂ ਮਾਲਵਾ ਖੇਤਰ ਨੂੰ ਇਹ ਅਨਮੋਲ ਭੇਂਟ ਹੈ। ਡਾ: ਧਾਲੀਵਾਲ ਨੇ ਦੱਸਿਆ ਕਿ ਇਸੇ ਸ਼ਾਮ ਅਸੀਂ ਗੁਰਦੁਆਰਾ ਨਾਢਾ ਸਾਹਿਬ ਵਿਖੇ ਮੱਥਾ ਟੇਕਿਆ। ਸ ਪਰਕਾਸ਼ ਸਿੰਘ ਬਾਦਲ ਜੀ ਨੂੰ ਜਦ ਧੰਨਵਾਦ ਕਰਨ ਲਈ ਅਸੀਂ ਮਿਲੇ ਤਾਂ ਮੇਰੀਆਂ ਅੱਖਾਂ ਵਿੱਚ ਦੋ ਕਿਸਮ ਦੇ ਅੱਥਰੂ ਸਨ। ਇੱਕ ਤਾਂ ਅਣਕਿਆਸੇ ਸੁਪਨੇ ਦੀ ਪ੍ਰਾਪਤੀ ਅਤੇ ਉਸ ਲਈ ਬੀਬੀ ਜੀ ਰਾਹੀਂ ਗੁਰੂ ਮਹਾਰਾਜ ਦੀ ਬਖਸ਼ਿਸ਼ ਦਾ ਅਹਿਸਾਸ ਸੀ। ਦੂਸਰਾ ਅੱਥਰੂ ਬੀਬੀ ਜੀ ਦੇ ਰੋਗ ਕਾਰਨ ਬੁਝ ਰਹੀ ਜੀਵਨ ਜੋਤ ਦਾ ਵੀ ਅਹਿਸਾਸ ਸੀ। ਫਿਰ ਵੀ ਮਨ ਵਿੱਚ ਬਾਰ-ਬਾਰ ਇਹੀ ਅਰਦਾਸ ਕਰ ਰਹੇ ਸਾਂ ਕਿ ਬੀਬੀ ਜੀ ਜਲਦੀ ਤੰਦਰੁਸਤ ਹੋਣ ਅਤੇ ਯੂਨੀਵਰਸਿਟੀ ਦਾ ਉਦਘਾਟਨ ਸਮੇ ਸਾਨੂੰ ਆਸ਼ੀਰਵਾਦ ਦੇਣ। ਇੱਕ ਜੀਵਨ ਜੋਤ ਬੁਝ ਰਹੀ ਸੀ ਪਰ ਦੂਸਰੇ ਪਾਸੇ ਗਿਆਨ ਦੀ ਅਣਬੁੱਝ ਜੋਤ ਤਲਵੰਡੀ ਸਾਬੋ ਦੀ ਧਰਤੀ ਉਪਰ ਜਗਣ ਦੀ ਤਿਆਰੀ ਸੀ। ਸ ਬਾਦਲ ਦੇ ਸਨਮੁਖ ਬੈਠਿਆਂ ਭਾਵਨਾ ਗ੍ਰਸਤ ਮੇਰੇ ਸ਼ਬਦ ਹਾਰ ਰਹੇ ਸਨ। ਸ਼ੁਕਰਾਨਾ ਲਫ਼ਜ਼ ਨਿੱਕਾ ਲੱਗ ਰਿਹਾ ਸੀ। ਸ ਧਾਲੀਵਾਲ ਨੇ ਦੱਸਿਆ।ਹੁਣ ਅਸੀਂ ਜਿੱਥੇ ਸਰਦਾਰਨੀ ਸੁਰਿੰਦਰ ਕੌਰ ਬਾਦਲ ਜੀ ਦੇ ਸੁਪਨੇ ਨੂੰ ਹਕੀਕਤ ਵਿ¤ਚ ਤਬਦੀਲ ਕਰਨ ਵਿੱਚ ਯਤਨਸ਼ੀਲ ਹਾਂ ਉਥੇ ਸਰਦਾਰਨੀ ਹਰਸਿਮਰਤ ਕੌਰ ਬਾਦਲ ਵ¤ਲੋਂ ਸਮਾਜਿਕ ਕੁਰੀਤੀਆਂ ਦੇ ਖਿਲਾਫ ਪਿਛਲੇ ਦਸ ਸਾਲਾਂ ਤੋਂ ਨੰਨ੍ਹੀ ਛਾਂ ਪ੍ਰੋਜੈਕਟ ਅਧੀਨ ਆਰੰਭ ਕੀਤੇ ਕਾਰਜਾਂ ਨੂੰ ਅ¤ਗੇ ਵਧਾਉਣ ਲਈ ਵੀ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਪ੍ਰਬੰਧਕ ਅਤੇ ਵਰਤਮਾਨ ਅਧਿਕਾਰੀ ਸਮਰਪਿਤ ਹਨ। ਅੱਜ ਦੇ ਇਸ ਸਮਾਗਮ ਵਿੱਚ ਹੀ ਅਸੀਂ ਨਸ਼ਾ ਮੁਕਤੀ ਲਈ ਲੋਕ ਚੇਤਨਾ ਸਾਹਿਤ ਦਾ ਪਹਿਲਾ ਸੈਟ ਜਾਰੀ ਕਰ ਰਹੇ ਹਾਂ। ਕੈਲਗਿਰੀ (ਕੈਨੇਡਾ) ਦੀ ਸੰਸਥਾ ਡਰੱਗ ਅਵੇਅਰਨੈਸ ਫਾਊਂਡੇਸ਼ਨ ਵੱਲੋਂ ਲੰਬੀ ਮਿਹਨਤ ਬਾਅਦ ਤਿਆਰ ਕੀਤੇ ਇਸ ਸਾਹਿਤ ਨੂੰ ਅਸੀਂ ਪਿੰਡ ਪਿੰਡ ਪਹੁੰਚਾਵਾਂਗੇ। ਕੈਂਸਰ ਰੋਗ ਤੋਂ ਮੁਕਤੀ ਅਤੇ ਇਲਾਜ ਪ੍ਰਬੰਧ ਜੁਗਤੀ ਬਾਰੇ ਵੀ ਕੁਝ ਕਿਤਾਬਚੇ ਤਿਆਰ ਕਰਵਾਕੇ ਲੋਕਾਂ ਤੀਕ ਪਹੁੰਚਾਵਾਂਗੇ। ਇੰਗਲੈਂਡ ਦੀ ਸੰਸਥਾ ਰੋਕੋ ਕੈਂਸਰ ਨਾਲ ਵੀ ਗੁਰੂ ਕਾਸ਼ੀ ਯੂਨੀਵਰਸਿਟੀ ਦਾ ਅਹਿਦਨਾਮਾ ਹੋ ਚੁੱਕਾ ਹੈ ਅਤੇ ਜਲਦੀ ਹੀ ਇਹ ਸੰਸਥਾ ਵੱਲੋਂ ਮੈਮੋਗ੍ਰਾਫੀ ਮਸ਼ੀਨ ਅਤੇ ਹੋਰ ਢਾਂਚਾ ਇਸ ਯੂਨੀਵਰਸਿਟੀ ਵਿਖੇ ਸਥਾਪਤ ਕੀਤਾ ਜਾਵੇਗਾ ਜਿਸ ਤੋਂ ਇਲਾਕਾ ਨਿਵਾਸੀ ਲਾਭ ਉਠਾ ਸਕਣਗੇ। ਭਰੂਣ ਹੱਤਿਆ ਅਤੇ ਵਾਤਾਵਰਣ ਵਿਗਾੜ ਨੂੰ ਰੋਕਣ ਲਈ ਵੀ ਸਾਡੇ ਐਨਐਸਐਸ ਵਲੰਟੀਅਰ ਸਾਥ ਦੇਣਗੇ।

ਗੁਰੂ ਕਾਸ਼ੀ ਯੂਨੀਵਰਸਿਟੀ ਦੀ ਸਥਾਪਨਾ ਦਾ ਮਨੋਰਥ ਗਿਆਨ ਵਿਗਿਆਨ ਦੇ ਪਸਾਰ ਰਾਹੀਂ ਪੰਜਾਬ ਦੇ ਮਾਲਵਾ ਖੇਤਰ ਦੇ ਨੌਜਵਾਨਾਂ ਨੂੰ ਸਮਾਜ ਦੇ ਵਿਕਾਸ ਲਈ ਸੁਯੋਗ ਵਿਅਕਤੀ ਵਜੋਂ ਵਿਕਸਤ ਕਰਨਾ ਸੀ। ਇਸ ਕਾਰਜ ਲਈ ਯੂਨੀਵਰਸਿਟੀ ਦੇ ਪ੍ਰਬੰਧਕਾਂ ਨੇ ਸਰਵੋਤਮ ਵਿਦਿਅਕ ਢਾਂਚਾ ਸਹੂਲਤਾਂ, ਉਚ ਯੋਗਤਾ ਪ੍ਰਾਪਤ ਵਿਗਿਆਨ, ਇੰਜੀਨੀਅਰ, ਪ੍ਰਬੰਧਕ ਅਤੇ ਤਜ਼ਰਬੇਕਾਰ ਅਧਿਆਪਕ ਸਾਹਿਬਾਨ ਦੀਆਂ ਸੇਵਾਵਾਂ ਹਾਸਿਲ ਕੀਤੀਆਂ ਹੋਈਆਂ ਹਨ। ਗੁਰੂ ਕਾਸ਼ੀ ਯੂਨੀਵਰਸਿਟੀ 50 ਏਕੜ ਰਕਬੇ ਵਿੱਚ ਹਰਿਆਵਲਾ ਕੈਂਪਸ ਹੈ ਜਿਸ ਵਿੱਚ ਗਿਆਨ ਪ੍ਰਾਪਤੀ ਲਈ ਵੱਖ ਵੱਖ ਸਿੱਖਿਆ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ। ਉਦਯੋਗ, ਖੇਤੀਬਾੜੀ ਅਤੇ ਇਲਾਕੇ ਦੀਆਂ ਤਤਕਾਲੀ ਅਤੇ ਦੂਰਵਰਤੀ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਿੱਖਿਆ ਪ੍ਰੋਗਰਾਮ ਉਲੀਕੇ ਗਏ ਹਨ।

ਗੁਰੂ ਕਾਸ਼ੀ ਯੂਨੀਵਰਸਿਟੀ ਵਿੱਚ ਇੰਜੀਨੀਅਰਿੰਗ ਪ੍ਰੋਗਰਾਮ ਵਿੱਚ ਡਿਪਲੋਮਾ ਪ¤ਧਰ ਦੀ ਪੜ੍ਹਾਈ ਤੋਂ ਲੈ ਕੇ ਬੀ ਟੈਕ, ਐਮ ਟੈਕ ਅਤੇ ਪੀ ਐਚ ਡੀ ਪੱਧਰ ਦੀ ਸਿੱਖਿਆ ਦਾ ਸੁਯੋਗ ਪ੍ਰਬੰਧ ਹੈ। ਵਣਜ ਪ੍ਰਬੰਧ ਅਤੇ ਕੰਪਿਊਟਰ ਸਿੱਖਿਆ ਵਿੱਚ ਬੀ ਬੀ ਏ, ਬੀ ਕਾਮ, ਬੀ ਸੀ ਏ, ਐਮ ਸੀ ਏ, ਐਮ ਬੀ ਏ, ਐਮ ਫਿਲ ਅਤੇ ਪੀ ਐਚ ਡੀ ਪੱਧਰ ਦਾ ਸਿੱਖਿਆ ਢਾਂਚਾ ਉਸਾਰਿਆ ਗਿਆ ਹੈ। ਇਸੇ ਤਰ੍ਹਾਂ ਬੀ ਏ, ਐਮ ਏ, ਐਮ ਫਿਲ ਅਤੇ ਪੀ ਐਚ ਡੀ ਪੱਧਰ ਦੀ ਪੜ੍ਹਾਈ ਲਈ ਸਿੱਖਿਆ, ਅੰਗਰੇਜ਼ੀ, ਪੰਜਾਬੀ, ਇਤਿਹਾਸ, ਅਰਥ ਸਾਸ਼ਤਰ ਅਤੇ ਰਾਜਨੀਤੀ ਸਾਸ਼ਤਰ ਦੀ ਪੜ੍ਹਾਈ ਕਰਵਾਈ ਜਾਂਦੀ ਹੈ। ਐਮ ਏ ਪੰਜਾਬੀ, ਇਤਿਹਾਸ ਅਤੇ ਰਾਜਨੀਤੀ ਸਾਸ਼ਤਰ ਵਿੱਚ ਸਿਖਰਲੇ ਪੱਧਰ ਤੀਕ ਦੀ ਸਿੱਖਿਆ ਲਈ ਆਧਾਰ ਢਾਂਚਾ ਮੌਜੂਦ ਹੈ।

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਲੰਮਾ ਸਮਾਂ ਪਲਾਂਟ ਬ੍ਰੀਡਿੰਗ ਵਿਭਾਗ ਦੇ ਮੁੱਖੀ ਅਤੇ ਬਾਅਦ ਵਿੱਚ ਨਿਰਦੇਸ਼ਕ ਪਸਾਰ ਸਿੱਖਿਆ ਰਹੇ ਕੌਮਾਂਤਰੀ ਪ੍ਰਸਿਧੀ ਪ੍ਰਾਪਤ ਵਿਗਿਆਨੀ ਡਾ: ਨਛੱਤਰ ਸਿੰਘ ਮੱਲ੍ਹੀ ਜੀ ਨੇ ਵਾਈਸ ਚਾਂਸਲਰ ਵਜੋਂ 15 ਜੁਲਾਈ 2013 ਨੂੰ ਅਹੁਦਾ ਸੰਭਾਲ ਕੇ ਖੇਤੀਬਾੜੀ ਦੀ ਪੜ੍ਹਾਈ ਨੂੰ ਮਾਲਵੇ ਦੇ ਇਸ ਖਿੱਤੇ ਦੇ ਸਰਵੋਤਮ ਕੇਂਦਰ ਵਜੋਂ ਉਸਾਰਨ ਦਾ ਯਤਨ ਆਰੰਭਿਆ ਹੈ। ਖੇਤੀਬਾੜੀ ਦੀ ਪੜ੍ਹਾਈ ਲਈ ਸਾਡੇ ਕੋਲ ਬੀ ਐਸ ਸੀ ਚਾਰ ਸਾਲਾ ਪ੍ਰੋਗਰਾਮ ਅਤੇ ਇੰਟੈਗਰੇਟਿਡ ਬੀ ਐ¤ਸ ਸੀ ਐਗਰੀਕਲਚਰ (ਛੇ ਸਾਲਾ ਪ੍ਰੋਗਰਾਮ), ਬੀ ਐਸ ਸੀ ਐਗਰੀਕਲਚਰ (ਆਨਰਜ) ਅਤੇ ਐਗਰੋਨੌਮੀ ਤੋਂ ਇਲਾਵਾ ਬਾਗਬਾਨੀ ਵਿੱਚ ਐਮ ਐਸ ਸੀ ਪੱਧਰ ਦੀ ਪੜ੍ਹਾਈ ਕਰਵਾਈ ਜਾ ਰਹੀ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਤੋਂ ਆਏ ਵਿਗਿਆਨੀ ਡਾ: ਸ਼ਾਮ ਸਿੰਘ ਢਿੱਲੋਂ, ਸੇਵਾ ਮੁਕਤ ਡਾਇਰੈਕਟਰ ਖੇਤਰੀ ਖੋਜ ਕੇਂਦਰ, ਬਠਿੰਡਾ, ਡਾ: ਬਿੱਕਰ ਸਿੰਘ ਸਿੱਧੂ ਸਾਬਕਾ ਪ੍ਰੋਫੈਸਰ ਭੂਮੀ ਵਿਗਿਆਨ, ਪੀ ਏ ਯੂ, ਡਾ: ਦਲਜੀਤ ਸਿੰਘ ਸਾਬਕਾ ਪ੍ਰੋਫੈਸਰ ਸਬਜ਼ੀਆਂ ਵਿਭਾਗ, ਪੀ ਏ ਯੂ, ਡਾ: ਜਗਦੇਵ ਸਿੰਘ ਬਰਾੜ ਸਾਬਕਾ ਪ੍ਰੋਫੈਸਰ ਅਤੇ ਡਾਇਰੈਕਟਰ ਖੇਤਰੀ ਕੇਂਦਰ ਫਰੀਦਕੋਟ ਨੇ ਵੀ ਇਸ ਯੂਨੀਵਰਸਿਟੀ ਨੂੰ ਆਪਣੀਆਂ ਸੇਵਾਵਾਂ ਅਰਪਿਤ ਕਰ ਦਿੱਤੀਆਂ ਹਨ। ਪੰਜਾਬੀ ਸਾਹਿਤ ਅਕੈਡਮੀ, ਲੁਧਿਆਣਾ ਦੇ ਪ੍ਰਧਾਨ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿ¤ਚ ਸੀਨੀਅਰ ਸੰਪਾਦਕ ਵਜੋਂ ਲੰਮਾ ਸਮਾਂ ਕਾਰਜਸ਼ੀਲ ਰਹੇ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਵੀ ਇਸ ਯੂਨੀਵਰਸਿਟੀ ਦੇ ਡਾਇਰੈਕਟਰ ਯੋਜਨਾ ਅਤੇ ਵਿਕਾਸ ਵਜੋਂ 15 ਜੁਲਾਈ ਨੂੰ ਅਹੁਦਾ ਸੰਭਾਲ ਲਿਆ ਸੀ।

ਇਸ ਯੂਨੀਵਰਸਿਟੀ ਦਾ ਮੂਲ ਮਨੋਰਥ ਮਾਲਵਾ ਖੇਤਰ ਦੇ ਇਨ੍ਹਾਂ ਜ਼ਿਲ੍ਹਿਆਂ ਦੇ ਨੌਜਵਾਨਾਂ ਨੂੰ ਵਿਸ਼ਵ ਪੱਧਰੀ ਗਿਆਨ ਉਨ੍ਹਾਂ ਦੇ ਪਿੰਡਾਂ ਵਿੱਚ ਆ ਕੇ ਪ੍ਰਦਾਨ ਕਰਨਾ ਹੀ ਹੈ। ਮਿਆਰੀ ਸਿੱਖਿਆ ਲਈ ਸੁਯੋਗ ਨੀਤੀਆਂ ਅਤੇ ਸਪਸ਼ਟ ਨੀਯਤ ਨਾਲ ਗਿਆਨ, ਯੋਗਤਾ ਅਤੇ ਮੁਕਾਬਲੇ ਦੀ ਭਾਵਨਾ ਪ੍ਰਚੰਡ  ਕਰਨ  ਲਈ  ਇਸ ਯੂਨੀਵਰਸਿਟੀ ਦੇ ਵਿਗਿਆਨੀ ਅਤੇ ਮਾਹਿਰ ਅਧਿਆਪਕ ਦਿਨ ਰਾਤ ਲੱਗੇ ਹੋਏ ਹਨ ਤਾਂ ਜੋ ਇਸ ਖੇਤਰ ਦੇ ਆਰਥਿਕ, ਸਮਾਜਿਕ ਅਤੇ ਵਿਦਿਅਕ ਵਿਕਾਸ ਨਾਲ ਪੰਜਾਬ ਨੂੰ ਸ: ਪਰਕਾਸ਼ ਸਿੰਘ ਬਾਦਲ ਜੀ ਦੇ ਸੁਪਨਿਆਂ ਅਨੁਕੂਲ ਅੱਗੇ ਤੋਰਿਆ ਜਾ ਸਕੇ। ਸਰਵਪੱਖੀ ਵਿਕਾਸ ਲਈ ਜਿਥੇ ਇਸ ਯੂਨੀਵਰਸਿਟੀ ਕੋਲ ਵਧੀਆ ਸਹੂਲਤਾਂ ਵਾਲੇ ਕਲਾਸ ਰੂਮ ਹਨ ਉਥੇ ਲੜਕੇ ਅਤੇ ਲੜਕੀਆਂ ਦੇ ਰਹਿਣ ਲਈ ਸਾਫ ਸੁਥਰੇ, ਆਧੁਨਿਕ ਸਹੂਲਤਾਂ ਵਾਲੇ ਹੋਸਟਲ ਅਤੇ ਆਧੁਨਿਕ ਤਕਨੀਕਾਂ ਨਾਲ ਭਰਪੂਰ ਖੇਡ ਢਾਂਚਾ ਹੈ। ਮੈਡੀਕਲ ਸਹੂਲਤਾਂ ਲਈ ਕੈਂਪਸ ਵਿੱਚ ਹੀ ਐਂਬੂਲੈਂਸ ਅਤੇ ਡਾਕਟਰੀ ਸੇਵਾਵਾਂ ਹਾਜ਼ਰ ਹਨ। ਲਗਪਗ 40 ਬ¤ਸਾਂ ਦੀ ਸਹੂਲਤਾਂ ਨਾਲ ਤਲਵੰਡੀ ਸਾਬੋ ਤੋਂ 70 ਮੀਲ ਘੇਰੇ ਦੇ ਵਿਦਿਆਰਥੀ ਇਥੇ ਸਿੱਖਿਆ ਗ੍ਰਹਿਣ ਕਰਨ ਆਉਂਦੇ ਹਨ।

ਗੁਰੂ ਕਾਸ਼ੀ ਯੂਨੀਵਰਸਿਟੀ ਨੂੰ ਇਹ ਸਨਮਾਨ ਪ੍ਰਾਪਤ ਹੈ ਕਿ ਆਪਣੇ ਤੀਸਰੇ ਸਾਲ ਵਿੱਚ ਪੈਰ ਧਰਦਿਆਂ ਹੀ ਇਥੇ ਸਿਰਫ ਗੁਆਂਢੀ ਰਾਜ ਹਰਿਆਣਾ ਅਤੇ ਰਾਜਸਥਾਨ ਦੇ ਵਿਦਿਆਰਥੀ ਹੀ ਪੜ੍ਹਨ ਲਈ ਨਹੀਂ ਆ ਰਹੇ ਸਗੋਂ ਪੂਰਬੀ ਰਾਜਾਂ ਅਤੇ ਦ¤ਖਣੀ ਰਾਜਾਂ ਦੇ ਵਿਦਿਆਰਥੀ ਵੀ ਉਚੇਰੀ ਸਿੱਖਿਆ ਹਾਸਿਲ ਕਰਨ ਲਈ ਵੱਡੀ ਗਿਣਤੀ ਵਿੱਚ ਪਹੁੰਚ ਚੁੱਕੇ ਹਨ। ਵਿਦਿਆਰਥੀਆਂ ਲਈ ਇਸ ਯੂਨੀਵਰਸਿਟੀ ਦਾ ਇੰਜੀਨੀਅਰਿੰਗ ਸਿੱਖਿਆ ਢਾਂਚਾ ਸਨਮਾਨਯੋਗ ਹੈ।

ਯੂਨੀਵਰਸਿਠੀ ਦਾ ਸਪਸ਼ਟ ਮਨੋਰਥ ਹੈ ਕਿ ਵ¤ਡੇ ਉਦਯੋਗਾਂ ਦੀ ਬਠਿੰਡਾ ਇਲਾਕੇ ਵਿੱਚ ਸਥਾਪਨਾ ਨੂੰ ਧਿਆਨ ਵਿੱਚ ਰ¤ਖਦਿਆਂ ਅਜਿਹੇ ਡਿਪਲੋਮਾ ਡਿਗਰੀ ਕੋਰਸ ਸ਼ੁਰੂ ਕੀਤੇ ਜਾਣ ਜਿਸ ਨਾਲ ਇਸ ਇਲਾਕੇ ਦੇ ਜਵਾਨ ਲੜਕੇ ਲੜਕੀਆਂ ਨੂੰ ਰੋਜਗਾਰ ਮਿਲੇ ਸ: ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਬਠਿੰਡਾ ਖੇਤਰ ਵਿ¤ਚ ਲਿਆਂਦੀ ਗਈ ਰਿਫਾਈਨਰੀ ਅਤੇ ਥਰਮਲ ਪਾਵਰ ਸਟੇਸ਼ਨ ਇਸ ਇਲਾਕੇ ਦੇ ਨੌਜਵਾਨਾਂ ਲਈ ਰੁਜਗਾਰ ਦਾ ਵਿਸ਼ੇਸ਼ ਕੇਂਦਰ ਬਣ ਸਕਦੇ ਹਨ। ਇਨ੍ਹਾਂ ਲੋੜਾਂ ਨੂੰ ਧਿਆਨ ਵਿ¤ਚ ਰੱਖਦੇ ਹੋਏ ਭਾਵੇਂ ਪਹਿਲਾਂ ਵੀ ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਡਿਪਲੋਮਾ ਪੱਧਰ ਦੇ ਕੁਝ ਕੋਰਸ ਸ਼ੁਰੂ ਕੀਤੇ ਗਏ ਹਨ ਅਤੇ ਨੇੜ ਭਵਿੱਖ ਵਿੱਚ ਇਨ੍ਹਾਂ ਨੂੰ ਡਿਗਰੀ ਪ੍ਰੋਗਰਾਮ ਵਿ¤ਚ ਤਬਦੀਲ ਕਰਨ ਦੀ ਯੋਜਨਾ ਹੈ। ਹੁਣ ਇਸ ਤੋਂ ਅੱਗੇ ਤੁਰਨਾ ਹੈ। ਇਸ ਇਲਾਕੇ ਵਿੱਚ ਬਾਗਬਾਨੀ ਅਧੀਨ ਰਕਬਾ ਲਗਾਤਾਰ ਵਧ ਰਿਹਾ ਹੈ। ਉਨ੍ਹਾਂ ਬਾਗ-ਬਗੀਚਿਆਂ ਨੂੰ ਵਿਗਿਆਨਿਕ ਢੰਗ ਨਾਲ ਸੰਭਾਲਣ ਲਈ ਬਾਗਬਾਨੀ ਸੁਪਰਵਾਈਜ਼ਰ ਕੋਰਸ ਵੀ ਯੂਨੀਵਰਸਿਟੀ ਵੱਲੋਂ ਕੌਮੀ ਬਾਗਬਾਨੀ ਮਿਸ਼ਨ ਨਾਲ ਸੰਪਰਕ ਕਰਕੇ ਸ਼ੁਰੂ ਕੀਤਾ ਜਾ ਰਿਹਾ ਹੈ। ਬੀਐਸਸੀ ਖੇਤੀਬਾੜੀ ਦੇ ਵਿਦਿਆਰਥੀਆਂ ਦੇ ਆਖਰੀ ਸਾਲ ਦੀ ਪੜ੍ਹਾਈ ਵੇਲੇ ਵਿਹਾਰਿਕ ਸਿਖਲਾਈ ਦੇਣ ਲਈ ਕੌਮੀ ਬੀਜ ਫਾਰਮਾਂ ਨਾਲ ਅਹਿਦਨਾਮੇ ਕੀਤਾ ਜਾ ਰਹੇ ਹਨ। ਇਸ ਨਾਲ ਪੰਜਾਬ ਬੀਜ ਉਦਯੋਗ ਵਿੱਚ ਸਿਖਿਅਤ ਤਕਨਾਲੋਜਿਸਟ ਪੈਦਾ ਕਰ ਕੇ ਰੋਜ਼ਗਾਰ ਦੇ ਨਵੇਂ ਰਾਹ ਵਿਖਾ ਸਕੇਗਾ।

ਯੂਨੀਵਰਸਿਟੀ ਵਿੱਚ ਵਿਸ਼ੇਸ਼ ਮੁਹਾਰਤ ਵਾਲੇ ਕੋਰਸ ਆਰੰਭ ਕਰਨ ਦਾ ਮਨੋਰਥ ਇਹੀ ਹੈ ਕਿ ਇਸ ਇਲਾਕੇ ਦਾ ਸਮਾਜਿਕ ਆਰਥਿਕ ਅਤੇ ਸੱਭਿਆਚਾਰਕ ਵਿਕਾਸ ਯਕੀਨੀ ਬਣਾਇਆ ਜਾਵੇ। ਗਿਆਨ ਦੀ ਜੋਤ ਨਾਲ ਹੀ ਰੋਜਗਾਰ ਯੋਗਤਾ ਵਧੇਗੀ ਅਤੇ ਇਸ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਯੂਨੀਵਰਸਿਟੀ ਦਾ ਪ੍ਰਬੰਧਕੀ ਢਾਂਚਾ ਕੋਈ ਕਸਰ ਬਾਕੀ ਨਹੀਂ ਛੱਡੇਗਾ। ਸਾਡਾ ਮਨੋਰਥ ਕੋਈ ਲੁਕਵਾਂ ਛਿਪਵਾਂ ਨਹੀਂ ਹੈ ਸਗੋਂ ਪਾਰਦਰਸ਼ੀ ਹੈ। ਗੁਰੂ ਗੋਬਿੰਦ ਸਿੰਘ ਜੀ ਵੱਲੋਂ ਗੁਰੂ ਕੀ ਕਾਸ਼ੀ ਦੇ ਨਾਲ ਨਾਲ ਵਰੋਸਾਈ ਧਰਤੀ ਤਲਵੰਡੀ ਸਾਬੋ ਵਿੱਚ ਹੋਰ ਵੀ ਅਨੇਕਾਂ ਸੰਸਥਾਵਾਂ ਕਾਰਜ਼ਸ਼ੀਲ ਹਨ। ਹੋਰ ਵੀ ਉਚੇਰੀਆਂ ਸੰਸਥਾਵਾਂ ਉਸਰਨਗੀਆਂ ਪਰ ਗੁਰੂ ਕਾਸ਼ੀ ਯੂਨੀਵਰਸਿਟੀ ਬਣਨ ਦਾ ਮਾਣ ਗੁਰੂ ਮਹਾਰਾਜ ਨੇ ਆਪਣੇ ਇਨ੍ਹਾਂ ਨਿਮਾਣੇ ਅਧੀਨ ਸਿੱਖਾਂ ਨੂੰ ਹੀ ਬਖਸ਼ਿਆ ਹੈ।

ਰਾਵੀ ਦਰਿਆ ਦਾ ਲਾਡਲਾ ਪੁੱਤਰ : ਸ਼ਿਵ ਕੁਮਾਰ ਬਟਾਲਵੀ
ਸ਼ਿਵ ਕੁਮਾਰ ਬਟਾਲਵੀ ਪੰਜਾਬੀ ਸ਼ਾਇਰੀ ਦਾ ਉਹ ਉੱਚ ਦੁਮਾਲੜਾ ਸਿਖ਼ਰ ਹੈ ਜਿਸ ਨੇ ਬਹੁਤ ਥੋੜ੍ਹੇ ਵਰ੍ਹਿਆਂ ਵਿਚ ਜ਼ਿੰਦਗੀ ਅਤੇ ਸਾਹਿਤ ਵਿਚ ਉਹ ਕੁਝ ਕਰ ਵਿਖਾਇਆ ਜੋ ਵਿਰਲਿਆਂ ਨੂੰ ਨਸੀਬ ਹੁੰਦਾ ਹੈ। ਉਮਰ ਦੇ ਕੁਲ 37 ਸਾਲ ਹੰਢਾ ਕੇ ਉਸ ਨੇ ਸਾਨੂੰ ਪੰਜਾਬੀ ਸ਼ਾਇਰੀ ਵਿਚ ਦੀਆਂ ਉਹ ਖੂਬਸੂਰਤੀਆਂ ਸਿਰਜ ਦਿੱਤੀਆਂ ਜਿਨ੍ਹਾਂ ਨੂੰ ਉਸ ਤੋਂ ਸੈਂਕੜੇ ਵਰ੍ਹੇ ਪਹਿਲਾਂ ਹੋਏ ਕਿੱਸਾ ਕਵੀਆਂ ਜਾਂ ਸੂਫੀ ਸ਼ਾਇਰਾਂ ਦੀ ਸ਼ਾਇਰੀ ਵਿਚੋਂ ਲੱਭਣਾ ਪੈਂਦਾ ਸੀ। ਉਹ ਰਾਵੀ ਕੰਢੇ ਜੰਮਿਆਂ। ਬਟਾਲੇ ਵੱਡਾ ਹੋਇਆ, ਕਾਦੀਆਂ ਅਤੇ ਨਾਭਾ ਵਿਚ ਕੁਝ ਅਰਸਾ ਪੜ੍ਹਿਆ। ਅਰਲੀ ਭੰਨ (ਗੁਰਦਾਸਪੁਰ) ਵਿਖੇ ਪਟਵਾਰ, ਪ੍ਰੇਮ ਨਗਰ ਬਟਾਲਾ ਅਤੇ ਚੰਡੀਗੜ੍ਹ ਦੀ ਸਟੇਟ ਬੈਂਕ ਆਫ ਇੰਡੀਆ ਬਰਾਂਚ ਦੀ ਕਲਰਕੀ ਉਸ ਦਾ ਜੀਵਨ ਵਿਹਾਰ ਕਦੇ ਨਾ ਬਣ ਸਕੀ। ਉਹ ਅਜਿਹਾ ਅਣ ਐਲਾਨਿਆ ਸ਼ਹਿਨਸ਼ਾਹ ਸੀ ਜਿਸ ਦੀ ਸਲਤਨਤ ਉਸ ਦੇ ਜਿਉਂਦੇ ਜੀਅ ਤਾਂ ਅੰਤਰ ਰਾਸ਼ਟਰੀ ਸੀਮਾਵਾਂ ਤੋਂ ਪਾਰ ਹੈ ਹੀ ਸੀ ਪਰ ਮੌਤ ਮਗਰੋਂ ਹੋਰ ਵੀ ਫੈਲ ਗਈ। ਧਰਤੀ ਦਾ ਕੋਈ ਵੀ ਬੰਧੇਜ ਉਸ ਦੇ ਪੈਰਾਂ ਨੂੰ ਆਪਣੀ ਬੇੜੀ ਵਿਚ ਨਾ ਨੂੜ ਸਕਿਆ। ਉਸ ਦੇ ਸਹਿਪਾਠੀ ਸ: ਭੁਪਿੰਦਰ ਸਿੰਘ ਮਾਨ ਅਤੇ ਡਾ: ਮ ਸ ਬਾਜਵਾ ਦੱਸਦੇ ਨੇ ਕਿ ਸ਼ਿਵ ਕੁਮਾਰ ਦੀ ਜ਼ਿੰਦਗੀ ਦਾ ਹਰ ਵਰਕਾ ਰਵਾਇਤੀ ਬੰਧਨਾਂ ਤੋਂ ਮੁਕਤ ਸੀ। ਉਹ ਰਿਸ਼ਤਿਆਂ ਨਾਤਿਆਂ ਅਤੇ ਸੰਬੰਧਾਂ ਦੀ ਪਾਕੀਜ਼ਗੀ ਤੋਂ ਵਾਕਿਫ ਹੁੰਦਾ ਹੋਇਆ ਵੀ ਸਾਰੇ ਬੰਧਨ ਤੋੜ ਦਿੰਦਾ। ਰਾਵੀ ਦਾ ਪੁੱਤਰ ਸੀ ਨਾ। ਉਸ ਨੂੰ ਦਰਿਆ ਦੇ ਅੱਥਰੇ ਵੇਗ ਦੀ ਗੁੜ੍ਹਤੀ ਸੀ ।

ਆਪਣੇ ਗਿਰਦਾਵਰ ਬਾਪ ਗੋਪਾਲ ਕ੍ਰਿਸ਼ਨ ਦੀਆਂ ਰੀਝਾਂ ਮੁਤਾਬਕ ਉਹ ਪਟਵਾਰੀ ਤਾਂ ਭਰਤੀ ਹੋ ਗਿਆ ਪਰ ਉਸ ਦੀ ਨਿਯੁਕਤੀ ਵਾਲਾ ਪਹਿਲਾ ਪਿੰਡ ਅਰਲੀ ਭੰਨ (ਨੇੜੇ ਕਲਾਨੌਰ) ਉਸ ਦੇ ਸੁਭਾਅ ਨੂੰ ਹੋਰ ਨਿਖਾਰ ਦੇ ਗਿਆ। ਅਨੁਸ਼ਾਸ਼ਨ ਦੀ ਪੰਜਾਲੀ ਵਿਚ ਉਸ ਨੇ ਧੌਣ ਤਾਂ ਦੇ ਦਿੱਤੀ ਪਰ ਅਰਲੀ ਭੰਨ ਕੇ ਉਹ ਕਾਵਿ ਦੇਸ਼ ਦੀਆਂ ਉੱਚ ਉਡਾਰੀਆਂ ਦਾ ਪਰਿੰਦਾ ਬਣ ਗਿਆ। ਉਸ ਦੀ ਕਵਿਤਾ ਨੂੰ ਦੁਨਿਆਵੀ ਅੰਬਰ ਬਹੁਤ ਛੋਟਾ ਲਗਦਾ। ਉਸ ਦੀਆਂ ਕੱਚੀ ਉਮਰ ਦੀਆਂ ਦੋਸਤੀਆਂ ਦੇ ਵਾਕਿਫਕਾਰ ਗੁਰਬਚਨ ਸਿੰਘ ਰਮਜ਼ੀ ਅਤੇ ਹੋਰ ਨਿਕਟਵਰਤੀ ਸੱਜਣ ਪਿਆਰੇ ਦੱਸਦੇ ਰਹੇ ਹਨ ਕਿ ਸ਼ਿਵ ਦੀ ਰੂਹ ਵਿਚ ਇਤਿਹਾਸਕ ਸ਼ਿਵ ਜੀ ਦੇਵਤੇ ਦਾ ਵੀ ਨਿਵਾਸ ਸੀ। ਉਹ ਵਿਸ਼ ਪੀਣ ਤੋਂ ਗੁਰੇਜ਼ ਨਾ ਕਰਦਾ। ਹਰ ਕਿਸੇ ਲਈ ਕਲਿਆਣਕਾਰੀ ਵਤੀਰਾ ਧਾਰਦਾ। ਮੋਮਬੱਤੀ ਵਾਂਗ ਆਪਣਾ ਆਪ ਤਾਂ ਪਿਘਲਾ ਦਿੰਦਾ ਪਰ ਕਿਸੇ ਨੂੰ ਹਨੇਰੇ ਰਾਹਾਂ ਵਿਚ ਨਾ ਭਟਕਣ ਦਿੰਦਾ।

ਸ਼ਿਵ ਕੁਮਾਰ ਪੰਜਾਬੀ ਜ਼ੁਬਾਨ ਦਾ ਮਹਿਬੂਬ ਸ਼ਾਇਰ ਸੀ । ਕਿਸੇ ਧੜੇ, ਧਰਮ, ਸਿਆਸਤ ਜਾਂ ਗੁੱਟ ਤੋਂ ਬਹੁਤ ਉਚੇਰਾ । ਉਸ ਦਾ ਪਹਿਲਾ ਕਾਵਿ ਧਰਮ ਸ਼ਾਇਰੀ ਸੀ, ਨਾਅਰਾ ਨਹੀਂ। ਉਸ ਦੀ ਚੀਖ ਬਾਬਾ ਬੂਝਾ ਸਿੰਘ ਦੇ ਕਤਲ ਵੇਲੇ ਕਵਿਤਾ ਦੇ ਰੂਪ ਵਿਚ ਉੱਭਰਦੀ ਹੈ ਅਤੇ ਬਿਰਖਾਂ ਦੀ ਹੋਂਦ ਉਸ ਨੂੰ ਧੀਆਂ, ਪੁੱਤਰਾਂ, ਭੈਣਾਂ, ਭਰਾਵਾਂ ਵਾਲਾ ਟੱਬਰਦਾਰ ਬਣਾਉਦੀ ਹੈ। ਉਹ ਪਾਰਦਰਸ਼ੀ ਹਸਤੀ ਦਾ ਸੁਆਮੀ ਸੀ ਆਪਣੀ ਸ਼ਾਇਰੀ ਵਾਂਗ। ਪਾਰਖੂ ਸੱਜਣ ਪਿਆਰੇ ਉਸ ਨੂੰ ਪਹਿਲੇ ਦਿਨੋਂ ਹੀ ਮੁਹੱਬਤ ਕਰਨ ਲੱਗ ਪਏ।

ਸ਼ਿਵ ਕੁਮਾਰ ਬਟਾਲਵੀ ਨੇ ਆਪਣੀ ਕਿਸੇ ਵੀ ਕਿਤਾਬ ਤੇ ਆਪਣੇ ਆਪ ਨੂੰ ਬਟਾਲਵੀ ਨਹੀਂ ਲਿਖਿਆ। ਦੋ ਤਿੰਨ ਹੱਥ ਲਿਖਤ ਕਵਿਤਾਵਾਂ ਤੋਂ ਹੀ ਸ਼ਿਵ ਬਟਾਲਵੀ ਦੇ ਰੂਪ ’ਚ ਦਸਤਖਤ ਮਿਲਦੇ ਹਨ । ਪਰ ਹਾਲਾਤ ਦੀ ਸਿਤਮਜ਼ਰੀਫੀ ਵੇਖੋ ! ਸ਼ਿਵ ਕੁਮਾਰ ਦੇ ਨਾਂ ਨਾਲ ਬਟਾਲਵੀ ਪਕੇ ਤੌਰ ਤੇ ਜੁੜ ਗਿਆ ਹੈ। ਹੁਣ ਤਾਂ ਕੋਈ ਹੋਰ ਵੀ ਸ਼ਿਵ ਕੁਮਾਰ ਹੋਵੇ ਤਾਂ ਲੋਕ ਉਸ ਦੀ ਛੇੜ ਬਟਾਲਵੀ ਪਾ ਲੈਂਦੇ ਹਨ। ਇਹ ਰੁਤਬਾ ਜਣੇ ਖਣੇ ਨੂੰ ਨਸੀਬ ਨਹੀਂ ਹੁੰਦਾ। ਸ਼ਿਵ ਕੁਮਾਰ ਬਟਾਲਵੀ ਰਾਵੀ ਦੇ ਕੰਢੇ ਗੁਰਦਾਸਪੁਰ ਜ਼ਿਲ੍ਹੇ ਦੀ ਪਾਕਿਸਤਾਨ ਰਹਿ ਗਈ ਤਹਿਸੀਲ ਸ਼ੱਕਰਗੜ੍ਹ ਦੇ ਪਿੰਡ ਬੜਾ ਪਿੰਡ ਲੋਹਟੀਆਂ ਵਿਚ ਜੰਮਿਆ।

ਸ਼ਿਵ ਕੁਮਾਰ ਦੀ ਪਹਿਲੀ ਕਿਤਾਬ ‘ਪੀੜਾਂ ਦਾ ਪਰਾਗਾ’ ਦੇ ਪ੍ਰਕਾਸ਼ਨ ਨਾਲ ਹੀ ਉਸ ਨੂੰ ਲੋਕ ਪ੍ਰਵਾਨਗੀ ਹਾਸਿਲ ਨਹੀਂ ਸੀ ਹੋਈ ਸਗੋਂ ਮਕਬੂਲੀਅਤ ਤਾਂ ਉਸ ਦੇ ਮੱਥੇ ਨੂੰ ਬਹੁਤ ਪਹਿਲਾਂ ਚੁੰਮ ਚੁੱਕੀ ਸੀ। ਬਾਲ ਉਮਰੇ ਹੀ ਉਹ ਬਰਕਤ ਰਾਮ ਯੁਮਨ, ਗੋਪਾਲ ਦਾਸ ਗੋਪਾਲ, ਮੇਲਾ ਰਾਮ ਤਾਇਰ, ਨੰਦ ਲਾਲ ਨੂਰਪੁਰੀ, ਰਾਮ ਨਰਾਇਣ ਸਿੰਘ ਦਰਦੀ, ਚਮਨ ਹਰਗੋਬਿੰਦਪੁਰੀ, ਗੁਰਦੇਵ ਸਿੰਘ ਮਾਨ, ਜਸਵੰਤ ਰਾਏ ‘ਰਾਏ’, ਜਸਵੰਤ ਸਿੰਘ ਵੰਤਾ, ਜਸਵੰਤ ਸਿੰਘ ਰਾਹੀ, ਦੀਵਾਨ ਸਿੰਘ ਮਹਿਰਮ, ਕਰਤਾਰ ਸਿੰਘ ਬਲੱਗਣ ਅਤੇ ਸਟੇਜ ਦੇ ਧਨੀ ਹੋਰ ਸ਼ਾਇਰਾਂ ਨਾਲ ਬਰ ਮੇਚਣ ਲੱਗ ਪਿਆ ਸੀ। ਇਪਟਾ ਲਹਿਰ ਦੇ ਸਿਰਕੱਢ ਕਲਾਕਾਰ ਅਤੇ ਲੋਕ ਗਾਇਕ ਅਮਰਜੀਤ ਗੁਰਦਾਸਪੁਰੀ ਦੱਸਦੇ ਹਨ ਕਿ ਸ਼ਿਵ ਕੁਮਾਰ ਬਟਾਲਵੀ ਨੇ ਓਨੀਆਂ ਰਾਤਾਂ ਸ਼ਾਇਦ ਆਪਣੇ ਬਾਪ ਦੇ ਘਰ ਬਟਾਲੇ ਵਿਚ ਨਹੀਂ ਕੱਟੀਆਂ ਹੋਣੀਆਂ ਜਿੰਨੀਆਂ ਉਸ ਨੇ ਆਪਣੇ ਮਿੱਤਰ ਪਿਆਰਿਆਂ ਦੇ ਅੰਗ ਸੰਗ ਗੁਜ਼ਾਰੀਆਂ । ਸ਼ਿਵ ਕੁਮਾਰ ਨੂੰ ਖੇਤ ਪਿਆਰੇ ਸਨ ਪੱਕੀਆਂ ਸੜਕਾਂ ਨਹੀਂ । ਸ਼ਾਇਦ ਇਸੇ ਕਰਕੇ ਉਹ ਜਦੋਂ ਕਦੇ ਉਹ ਦਸੂਹਾ ਇਲਾਕੇ ਵਿਚ ਰਾਵਲ ਸਿੰਘ ਧੂਤ ਦੇ ਪਿੰਡ ਜਾਂਦਾ ਤਾਂ ਲਿਖਦਾ :

ਜਿਥੇ ਇਤਰਾਂ ਦੇ ਵਗਦੇ ਨੇ ਚੋਅ,

ਉਥੇ ਮੇਰਾ ਯਾਰ  ਵੱਸਦਾ।

ਜਿਥੇ ਚਾਨਣੀ ’ਚ ਨਾਵ੍ਹੇ ਖੁਸ਼ਬੋ,

ਉਥੇ ਮੇਰਾ ਯਾਰ ਵੱਸਦਾ।

ਭੁੱਖੇ ਭਾਣੇ ਸੌਣ ਜਿਥੇ ਖੇਤਾਂ ਦੇ ਰਾਣੇ,

ਸੱਜਣਾਂ ਦੇ ਰੰਗ ਜਹੇ ਕਣਕਾਂ ਦੇ ਦਾਣੇ।

ਜਿਥੇ ਦੰਮਾਂ ਵਾਲੇ ਲੈਂਦੇ ਨੇ ਲੁਕੋ,

ਉਥੇ ਮੇਰਾ ਯਾਰ ਵੱਸਦਾ।

ਜਦੋਂ ਉਹ ਨਖਾਸੂ ਕੰਢੇ ਉਦੋਵਾਲੀ ’ਚ ਅਮਰਜੀਤ ਗੁਰਦਾਸਪੁਰੀ ਦੀ ਬੰਬੀ ਤੇ ਸਿਰ ਵਿਚ ਪਾਣੀ ਪਾ ਕੇ ਵਾਢੀਆਂ ਦੀ ਰੁੱਤੇ ਸਿਰੀ ਬਾਹਰ ਕੱਢਦਾ ਤਾਂ ਵਾਢੀ ਕਰਦੀਆਂ ਮੁਟਿਆਰਾਂ ਨੂੰ ਗੀਤ ਦੇ ਰੂਪ ਵਿਚ ਚਿਤਵਦਾ।

ਕਾਲੀ ਦਾਤਰੀ ਚੰਨਣ ਦਾ ਦਸਤਾ,

ਕਿ ਲੱਛੀ ਕੁੜੀ ਵਾਢੀਆਂ ਕਰੇ।

ਓਹਦੇ ਨੈਣਾਂ ਵਿਚ ਲੱਪ–ਲੱਪ ਸੁਰਮਾ

ਕਿ ਕੰਨਾਂ ਵਿਚ ਕੋਕਲੇ ਹਰੇ।

ਸ਼ਿਵ ਕੁਮਾਰ ਨ੍ਵੰ ਥੁੜੇ ਟੁੱਟੇ ਘਰਾਂ ਵਿਚ ਸਿਰ–ਸਿਰ ਚੜ੍ਹੀ ਗਰੀਬੀ ਦਾ ਅਹਿਸਾਸ ਵੀ ਇਨ੍ਹਾਂ ਪਿੰਡਾਂ ਵਿਚ ਫਿਰਦਿਆਂ ਤੁਰਦਿਆਂ ਹੀ ਹੋਇਆ। ਸ਼ਿਵ ਕੁਮਾਰ ਚਿੱਤੋਂ ਬੜਾ ਨਰਮ ਸੀ। ਉਹ ਪਲਾਂ ਵਿਚ ਪਸੀਜ ਜਾਂਦਾ । ਉਸ ਦੀ ਨਜ਼ਮ ‘ਸ਼ੀਸ਼ੋ’ ਪੜ੍ਹਨ ਵਾਲੇ ਜਾਣਦੇ ਹਨ ਕਿ ਉਹ ਅੰਦਰੋਂ ਕਿੰਨਾ ਨਰਮ ਸੀ। ਇਹੀ ਸੰਵੇਦਨਾ ਉਸ ਦੀ ਕਲਮ ਹੱਥੋਂ ਇਹ ਬੋਲ ਲਿਖਵਾ ਗਈ :

ਸ਼ਾਲਾ ਓਸ ਗਿਰਾਂ ਦੇ ਸੱਭੇ

ਹੋ ਜਾਣ ਬੁਰਦ ਮੁਰੱਬੇ।

ਜਿਸ ਗਿਰਾਂ ’ਚੋਂ ਜ਼ਿੰਦਗੀ ਨਾਲੋਂ,

ਮੱਢਲ ਮਹਿੰਗੀ ਲੱਭੇ।

ਇਹ ਸਤਰਾਂ ਸ਼ਾਇਦ ਅੱਜ ਦੇ ਪਾਠਕਾਂ ਨੂੰ ਸਮਝ ਹੀ ਨਾ ਲੱਗਣ। ਉਹ ਪੁੱਛਣਗੇ ਇਹ ਬੁਰਦ ਕੀ ਹੁੰਦਾ ਹੈ, ਮੁਰੱਬੇ ਕੀ ਹੁੰਦੇ ਨੇ, ਮੱਢਲ ਕੀ ਹੁੰਦੀ ਹੈ? ਸੁਣੋ ਮੈਂ ਦੱਸਦਾ ਹਾਂ ਕਿਉਂਕਿ ਮੈਂ ਸ਼ਿਵ ਕੁਮਾਰ ਦਾ ਗਿਰਾਈਂ ਹਾਂ। ਸਾਡੇ ਪਿੰਡਾਂ ਵੱਲ ਬਹੁਤ ਸ਼ੀਸ਼ੋ ਰਹਿੰਦੇ ਸਨ । ਥੁੜੇ ਟੁੱਟੇ ਲਿੱਸੇ ਕਮਜ਼ੋਰ ਤੇ ਨਿਤਾਣੇ ਘਰਾਂ ਦੇ ਵਾਸੀ। ਮੱਢਲ ਖਾਣ ਵਾਲੇ । ਸ਼ਿਵ ਉਨ੍ਹਾਂ ਲਈ ਹੀ ਤਾਂ ਲਿਖਦਿਆਂ ਆਖ ਰਿਹਾ ਹੈ ਕਿ ਉਸ ਪਿੰਡ ਦੇ ਰੱਬ ਕਰਕੇ ਸਾਰੇ ਹੀ ਮੁਰੱਬੇ ਭਾਵ ਜ਼ਮੀਨਾਂ ਦਰਿਆ ਵਿਚ ਰੁੜ੍ਹ ਜਾਣ, ਬੁਰਦ ਹੋਣ ਜਾਣ ਜਿਸ ਪਿੰਡ ਵਿਚ ਮੱਢਲ ਵਰਗੇ ਸਸਤੇ ਅਨਾਜ ਨਾਲੋਂ ਵੀ ਜ਼ਿੰਦਗੀ ਸਵੱਲੀ ਹੈ, ਸਸਤੀ ਹੈ। ਇਕ ਹਾਓਕੇ ਦੀ ਜੂਨ ਵਿਚ ਪਏ ਬਗੈਰ ਇਹ ਸਤਰਾਂ ਲਿਖਣੀਆਂ ਮੁਹਾਲ ਹਨ। ਮੈਨੂੰ ਅਜਿਹੇ ਅਨੇਕਾਂ ਸ਼ੀਸ਼ੋਆਂ ਦਾ ਬਚਪਨ ਚੇਤੇ ਆਉਂਦਾ ਹੈ । ਸਿਆਲਾਂ ਵਿਚ ਜਦ ਕਣਕ ਮੁੱਕ ਜਾਣੀ ਤਾਂ ਮੱਕੀ ਦੇ ਆਟੇ ਨੇ ਬਹੁੜਨਾ। ਮੱਕੀ ਮੁੱਕਣੀ ਤਾਂ ਚੌਲਾਂ ਨਾਲ ਮੱਥਾ ਮਾਰਨਾ, ਚੌਲ ਮੁਕਣੇ ਤਾਂ ਮੱਢਲ ਨਾਲ ਗੁਜ਼ਾਰਾ ਕਰਨਾ। ਇਹ ਬਾਰੀਕ ਬੀਨੀ ਵਾਲੀ ਪੇਸ਼ਕਾਰੀ ਸ਼ਿਵ ਕੁਮਾਰ ਤੋਂ ਬਗੈਰ ਹੋਰ ਕਿਸੇ ਸ਼ਾਇਰ ਦੇ ਹਿੱਸੇ ਨਹੀਂ ਆਈ।

ਬਾਬਾ ਬੂਝਾ ਸਿੰਘ ਨਕਸਲਬਾੜੀ ਲਹਿਰ ’ਚ ਸ਼ਾਮਿਲ ਹੋਣ ਤੋਂ ਪਹਿਲਾਂ  ਗਦਰੀ ਬਾਬਾ ਸੀ। ਵੇਲੇ ਦੀ ਹਕੂਮਤ ਨੇ ਬਾਬਾ ਬੂਝਾ ਸਿੰਘ ਨੂੰ ਜਦੋਂ ਝੂਠੇ ਪੁਲਸ ਮੁਕਾਬਲੇ  ’ਚ ਮਾਰ ਮੁਕਾਇਆ ਤਾਂ ਸ਼ਿਵ ਕੁਮਾਰ ਬਟਾਲਵੀ ਨੇ ਉਸ ਕਤਲ ਬਾਰੇ ਕਵਿਤਾ ‘‘ਰੁੱਖ ਨੂੰ ਫਾਂਸੀ’’ ਲਿਖੀ। ਇਸ ਸੂਰਮੇ ਬਾਰੇ ਲਿਖੀ ਇਹ ਪਹਿਲੀ ਕਵਿਤਾ ਸੀ ਜੋ ਦਸਤਾਵੇਜ ਬਣੀ।

ਸ਼ਿਵ ਕੁਮਾਰ ਬਟਾਲਵੀ ਚਮਤਕਾਰੀ ਸਿਰਜਣਾਤਮਕ ਪ੍ਰਤਿਭਾ ਦਾ ਸੁਆਮੀ ਸ਼ਾਇਰ ਸੀ। ਇਸ ਗੱਲ ਨੂੰ ਸੰਤ ਸਿੰਘ ਸੇਖੋਂ ਨੇ ਵੀ ਮੰਨਿਆ, ਮੋਹਨ ਸਿੰਘ ਨੇ ਅਤੇ ਅੰਮ੍ਰਿਤਾ ਪ੍ਰੀਤਮ ਨੇ ਵੀ ਅਤੇ ਉਸ ਤੋਂ ਮਗਰੋਂ ਸਮੁੱਚੇ ਪੰਜਾਬੀ ਜਗਤ ਨੇ ਵੀ ਪ੍ਰਵਾਨਿਆ । ਉਸ ਨੂੰ ਆਪਣੀ ਪੀੜ ਲੋਕ ਪੀੜ ਬਣਾਉਣ ਦੀ ਜਾਚ ਨਹੀਂ ਸੀ ਆਉਂਦੀ ਪਰ ਲੋਕ ਪੀੜ ਨੂੰ ਆਪਣੀ ਪੀੜ ਵਾਂਗ ਪੇਸ਼ ਕਰਨ ਦਾ ਉਹ ਉਸਤਾਦ ਸੀ। ਉਸ ਨੇ ਇਸ ਕਲਾ ਨੂੰ ‘ਲੂਣਾ’ ਵਿਚ ਬੜੇ ਵਧੀਆ ਢੰਗ ਨਾਲ ਵਰਤਿਆ। ਚੜ੍ਹਦੀ ਜਵਾਨੀ ਵੇਲੇ ‘ਲੂਣਾ’ ਪੜ੍ਹਦਿਆਂ ਮੇਰੇ ਮਨ ਵਿਚ ਇਹ ਗੱਲ ਘਰ ਕਰ ਗਈ ਸੀ ਕਿ ਪੂਰਨ ਕੋਈ ਹੋਰ ਨਹੀਂ ਸ਼ਿਵ ਕੁਮਾਰ ਆਪ ਹੀ ਹੈ ਜਿਸ ਨੂੰ ਦੁਨੀਆਂ ਦੇ ਰਸ ਕਸ ਆਪਣੀ ਸੇਜ ਤੇ ਲਗਾਤਾਰ ਬੁਲਾਉਂਦੇ ਹਨ। ਸਲਵਾਨ ਹੋਰ ਕੋਈ ਨਹੀਂ ਸਮੇਂ ਦੀ ਮਰਿਆਦਾ ਹੈ ਜੋ ਉਸ ਤੇ ਕਰ ਪੈਰਾਂ ਨੂੰ ਕੱਟਦੀ ਹੈ। ਇਹ ਜੱਲਾਦੀ ਵਰਤਾਰਾ ਸ਼ਿਵ ਕੁਮਾਰ ਨਾਲ ਵਰਤਦਾ ਮੈਂ ਬਹੁਤ ਵਾਰ ਨਿਹਾਰਿਆ ਹੈ। ਕਾਦਰ ਯਾਰ ਦਾ ਪੂਰਨ ਸ਼ਿਵ ਦੀ ਲੂਣਾ ਵਾਲਾ ਪੂਰਨ ਨਹੀਂ ਨਾ ਹੀ ਕਾਦਰ ਯਾਰ ਵਾਲੀ ਲੂਣਾ ਸ਼ਿਵ ਦੀ ਲੂਣਾ ਹੈ। ਜ਼ਿੰਦਗੀ ਦੇ ਸਫਰ ਦੌਰਾਨ ਮੈਂ ਬਹੁਤ ਸਾਰੀਆਂ ਅਜਿਹੀਆਂ ਔਰਤਾਂ ਨੂੰ ਮਿਲਿਆ ਹਾਂ ਜਿੰਨ੍ਹਾ ਦੇ ਕਿੱਸੇ ਕਹਾਣੀਆਂ ਸ਼ਿਵ ਕੁਮਾਰ ਬਟਾਲਵੀ ਦੀ ਦੋਸਤੀ ਤੋਂ ਸ਼ੁਰੂ ਹੋ ਕੇ ਉਸ ਤੇ ਹੀ ਖਤਮ ਹੋ ਜਾਂਦੇ ਹਨ। ਸ਼ਿਵ ਕੁਮਾਰ ਦੀ ਮੌਤ ਤੋਂ ਤਿੰਨ ਦਹਾਕੇ ਬਾਅਦ ਵੀ ਅੱਜ ਉਹ ਸੁਲਗਦੀਆਂ ਔਰਤਾਂ ਉਸੇ ਅੰਦਾਜ਼ ਵਿਚ ਹੀ ਉਸ ਨੂੰ ਚੇਤੇ ਕਰਦਿਆਂ ਬੁੱਢੇ ਵਾਰੇ ਵੀ ਸੁਰਖ ਗੁਲਾਬੀ ਹੋ ਜਾਂਦੀਆਂ ਹਨ । ਇਹ ਸ਼ਿਵ ਦੀ ਮੁਹੱਬਤ ਨਹੀਂ ਉਸ ਦੇ ਸਾਥ ਦਾ ਸੇਕ ਹੀ ਉਨ੍ਹਾਂ ਨੂੰ ਅੱਜ ਵੀ ਭਖਾ ਦਿੰਦਾ ਹੈ। ਇਨ੍ਹਾਂ ਵਿਚੋਂ ਹੀ ਕਿਸੇ ਮੁਟਿਆਰ ਦੇ ਵੇਦਨਾ ਨੂੰ ਸ਼ਬਦ ਰੂਪ ਵਿਚ ਅੰਕਿਤ ਕਰਦਿਆਂ ਉਹ ਲਿਖਦਾ ਹੈ :

ਸਈਓ ਨੀ ਮੈਂ ਅੱਗ ਤੁਰੀ ਪ੍ਰਦੇਸ।

ਇਕ ਛਾਤੀ ਮੇਰੀ ਹਾੜ੍ਹ ਤਪੰਦਾ,

ਦੂਜੀ ਤਪਦਾ ਜੇਠ।

ਨੀ ਮੈਂ ਅੱਗ ਤੁਰੀ ਪ੍ਰਦੇਸ।

ਸ਼ਿਵ ਕੁਮਾਰ ਬਟਾਲਵੀ ਨੇ ਲੂਣਾ ਨੂੰ ਲਿੱਸੇ ਕਮਜ਼ੋਰ ਘਰ ਦੀ ਧੀ ਪੇਸ਼ ਕਰਨ ਲੱਗਿਆਂ ਇਸ ਗੱਲ ਨੂੰ ਕਦੇ ਨਹੀਂ ਵਿਸਾਰਿਆ ਕਿ ਹੁਸਨ ਦੀ ਪੈਦਾਇਸ਼ ਸਿਰਫ ਮਹਿਲਾਂ ਵਿਚ ਹੀ ਨਹੀਂ । ਰਾਜੇ ਦੇ ਮੋਤੀਆਂ ਭਰੇ ਥਾਲ ਉਸ ਦੀ ਜੀਵਨ ਲੋਚਾ ਦੇ ਹਾਣੀ ਨਹੀਂ ਹੋ ਸਕਦੇ ਕਿਉਂਕਿ ਬਾਪ ਦੀ ਉਮਰ ਦੇ ਸਹੇੜ ਨੂੰ ਉਹ ਆਪਣਾ ਜੀਵਨ ਸਾਥੀ ਕਿਵੇਂ ਮੰਨੇ ? ਆਪਣੀ ਸ਼ਾਇਰੀ ਦੇ ਸਿਖਰ ਸਰੂਪ ਵਿਚ ਸ਼ਿਵ ਨੂੰ ਮਿਲੋ ਜਿਥੇ ਉਹ ਲੂਣਾ ਦੀ ਵੇਦਨਾ ਇਨ੍ਹਾਂ ਸ਼ਬਦਾਂ ਰਾਹੀਂ ਬਿਆਨਦਾ ਹੈ:

ਪਿਤਾ ਜੇ ਧੀ ਦਾ ਰੂਪ ਹੰਢਾਵੇ,

ਲੋਕਾ ਵੇ ਤੈਨੂੰ ਲਾਜ ਨਾ ਆਵੇ।

ਜੇ ਲੂਣਾ ਪੂਰਨ ਨੂੰ ਚਾਹਵੇ,

ਚਰਿੱਤਰਹੀਣ ਕਵ੍ਹੇ ਕਿਉਂ ਜੀਭ ਜਹਾਨ ਦੀ।

ਲੂਣਾ ਹੋਵੇ ਤਾਂ ਅਪਰਾਧਣ,

ਜੇਕਰ ਅੰਦਰੋਂ ਹੋਵੇ ਸੁਹਾਗਣ।

ਮਹਿਕ ਓਹਦੀ ਜੇ ਹੋਵੇ ਦਾਗਣ

ਮਹਿਕ ਮੇਰੀ ਤਾਂ ਕੰਜਕ

ਮੈਂ ਹੀ ਜਾਣਦੀ।

ਮੈਂ ਉਸ ਤੋਂ ਇਕ ਚੁੰਮਣ ਵੱਡੀ।

ਕੀਂਕਣ ਓਹਦੀ ਮਾਂ ਮੈਂ ਲੱਗੀ।

ਓਹ ਮੇਰੀ ਗਰਭ ਜੂਨ ਨਾ ਆਇਆ,

ਸਈਏ ਨੀ ਮੈਂ ਧੀ ਵਰਗੀ ਸਲਵਾਨ ਦੀ।

ਸ਼ਿਵ ਕੁਮਾਰ ਬਟਾਲਵੀ ਆਪਣੇ ਬਾਪ ਦੀ ਉਮਰ ਦੇ ਵਰ ਸਲਵਾਨ ਨੂੰ ਸਰਬ ਸਮਿਆਂ ਦੀ ਮਰਦ ਸਰਦਾਰੀ ਦੇ ਰੂਪ ਵਿਚ ਵੇਖਦਾ ਹੈ । ਸਦੀਆਂ ਦੀ ਦ¤ਬੀ ਔਰਤ ਵਾਂਗ ਨਹੀਂ। ਉਹ ਭਾਰ ਹੇਠੋਂ ਨਹੀਂ ਬੋਲ ਰਹੀ ਸਗੋਂ ਨਿਰਛਲ, ਨਿਰਕਪਟ, ਨਿਰਵਿਕਾਰ, ਪਾਰਦਰਸ਼ੀ, ਮਨ ਦੇ ਰੂ–ਬਰੂ ਨਿਰਵਸਤਰ ਖੜ੍ਹੀ ਹੈ। ਇੰਨੀ ਜ਼ੁਅਰਤਮੰਦੀ ਪੰਜਾਬੀ ਕਵਿਤਾ ਦੇ ਇਤਿਹਾਸ ਵਿਚ ਕਿਸੇ ਵੀ ਸ਼ਾਇਰ ਨੇ ਸ਼ਿਵ ਕੁਮਾਰ ਤੋਂ ਪਹਿਲਾਂ ਕਿਸੇ ਵੀ ਔਰਤ ਨਾਇਕਾ ਨੂੰ ਨਹੀਂ ਦਿੱਤੀ।

ਸ਼ਿਵ ਕੁਮਾਰ ਦੀ ਇ¤ਛਰਾਂ ਵੀ ਸਿਰਫ ਰੋਣ ਧੋਣ ਵਾਲੀ ਬੇਵੱਸ ਮਾਂ ਨਹੀਂ, ਉਹ ਆਪਣੇ ਰੁਦਨ ਵਿਚੋਂ ਵੀ ਸਮਾਜਿਕ ਟਿੱਪਣੀਆਂ ਕਰਦੀ ਹੈ। ਉਹ ਸਲਵਾਨ ਨੂੰ ਪਤੀ ਪ੍ਰਮੇਸ਼ਵਰ ਦੇ ਰੂਪ ਵਿਚ ਪ੍ਰਵਾਨ ਕਰਦੀ–ਕਰਦੀ ਜਦ ਉਸ ਦੀਆਂ ਕਰਤੂਤਾਂ ਤੋਂ ਵਾਕਿਫ ਹੁੰਦੀ ਹੈ ਤਾਂ ਉਹ ਵੀ ਆਪਣੀ ਜੀਭ ਨੂੰ ਬੋਲਣ ਦੀ ਸ਼ਕਤੀ ਦੇ ਕੇ ਸਮਾਜਿਕ ਨਿਯਮਾਂ ਦੇ ਬੇਰਹਿਮ ਪਰਦੇ ਤਾਰੋ–ਤਾਰ ਕਰ ਦਿੰਦੀ ਹੈ। ਉਸ ਦੇ ਬੋਲ ਤੁਹਾਨੂੰ ਇਸ ਹਕੀਕਤ ਤੋਂ ਵਾਕਿਫ ਕਰਵਾਉਣਗੇ:

ਕਿਹੜੇ ਦੇਸ਼ ਦਿੱਤੀ ਧੀ ਬਾਬਲਾ ਵੇ,

ਜਿਥੇ ਲੋਕਾਂ ਨੂੰ ਦੁੱਖਾਂ ਦੀ ਸਾਰ ਕੋਈ ਨਾ।

ਜਿਹੜੇ ਦੇਸ਼ ’ਚ ਚੰਦਰੇ ਸੂਰਜਾਂ ਦਾ,

ਧੁੱਪ ਆਪਣੀ ਨਾਲ ਪਿਆਰ ਕੋਈ ਨਾ।

ਆਦਮਖੋਰ ਜੰਗਲ ਗੋਰੇ ਪਿੰਡਿਆਂ ਦੇ,

ਡਾਲੀ ਪੱਤ ਨਾ ਫੁੱਲ ਫਲਹਾਰ ਕੋਈ ਨਾ।

ਪਿੰਡੇ ਵੇਚਣੇ ਤੇ ਪਿੰਡੇ ਮੁੱਲ ਲੈਣੇ ,

ਹ¤ਡ ਮਾਸ ਤੋਂ ਬਿਨਾ ਵਪਾਰ ਕੋਈ ਨਾ।

ਉਹ ਇਥੇ ਹੀ ਬੱਸ ਨਹੀਂ ਕਰਦੀ ਸਗੋਂ ਇਤਿਹਾਸ ਤੋਂ ਅ¤ਗੇ ਜਾ ਕੇ ਮਿਥਿਹਾਸ ਦੇ ਕਿਰਦਾਰਾਂ ਨੂੰ ਵਰਤ ਕੇ ਵੀ ਸਾਨੂੰ ਸਮਕਾਲ ਦੀਆਂ ਹਕੀਕਤਾਂ ਦੇ ਰੂ–ਬਰੂ ਖੜ੍ਹਾ ਕਰ ਦਿੰਦੀ ਹੈ:

ਸਰਮਾ ਪਰੀ ਸੀ ਇੰਦਰ ਦੇ ਦਰਾਂ ਉੱਤੇ,

ਅਸੀਂ ਮਰਦਾਂ ਦੇ ਦਰਾਂ ਤੇ ਕੁੱਤੀਆਂ ਹਾਂ।

ਟੁੱਕਰ ਡੰਗ ਦਾ ਖਾਹ ਅਸੀਸ ਦੇਈਏ,

ਛਾਵੇਂ ਕੰਧਾਂ ਦੀ ਧੁਰਾਂ ਤੋਂ ਸੁੱਤੀਆਂ ਹਾਂ।

ਕੁਝ ਮੇਚ ਤੇ ਨਾ ਕੁਝ ਮੇਚ ਆਈਆਂ,

ਅਸੀਂ ਮਰਦਾਂ ਦੇ ਪੈਰਾਂ ’ਚ ਜੁੱਤੀਆਂ ਹਾਂ।

ਸ਼ਿਵ ਕੁਮਾਰ ਬਟਾਲਵੀ ਇੰਦਰ ਦੇਵਤੇ ਦੀ ਹਕੀਕਤ ਨੂੰ ਵੀ ਨੰਗਾ ਕਰਦਾ ਹੈ ਅਤੇ ਅੱਜ ਦੇ ਮਰਦ ਪ੍ਰਧਾਨ ਸਮਾਜ ਦੀ ਵੀ ਖੁੰਭ ਠੱਪਦਾ ਹੈ। ਆਪਣੀ ਸ਼ਾਇਰੀ ਵਿਚ ਉਹ ਇੱਛਰਾਂ ਦੀ ਮਨੋਵੇਦਨਾ ਦੱਸਦਿਆਂ ਭਾਵੇਂ ਔਰਤ ਨੂੰ ਮਰਦ ਦੇ ਪੈਰਾਂ ਦੀ ਜੁੱਤੀ ਕਹਿ ਰਿਹਾ ਹੈ ਪਰ ਹਕੀਕਤ ਵਿਚ ਇਹ ਉਹ ਜੁੱਤੀ ਹੈ ਜੋ ਸਮੁੱਚੇ ਮਰਦ ਪ੍ਰਧਾਨ ਸਮਾਜ ਦੇ ਸਿਰ ਵਿਚ ਵੱਜ ਰਹੀ ਹੈ ਜਿਸ ਨੂੰ ਮਰਿਆਦਾ, ਰਿਸ਼ਤਿਆਂ ਦੀ ਪਾਕੀਜ਼ਗੀ, ਨੇਮ ਅਤੇ ਸਮਾਜਿਕ ਵਿਧਾਨ ਨੂੰ ਨਿਭਾਉਣ ਦੀ ਜਾਚ ਭੁੱਲ ਗਈ ਹੈ ਅਤੇ ਜਿਸ ਵਾਸਤੇ ਜਿਸਮ ਕੇਵਲ ਮਾਨਣ ਦੀ ਵਸਤੂ ਹੈ ਪਰ ਮਨ ਤੀਕ ਪਹੁੰਚਣ ਦਾ ਸਫਰ ਉਸ ਨੂੰ ਚੇਤੇ ਹੀ ਨਹੀਂ ।

ਸ਼ਿਵ ਕੁਮਾਰ ਬਟਾਲਵੀ ਨੂੰ ਲੋਕ ਬਿਰਹਾ ਦਾ ਸ਼ਾਇਰ ਆਖਦੇ ਹਨ ਕਿਉਂਕਿ ਉਸ ਨੇ ਬਿਰਹਾ ਦਾ ਜ਼ਿਕਰ ਵਾਰ–ਵਾਰ ਕੀਤਾ ਹੈ। ਇਹ ਬਿਰਹਾ ਉਸ ਦਾ ਤਨ ਅਤੇ ਮਨ ਤੋਂ ਵਿਛੁੰਨੇ ਵਿਅਕਤੀ ਦਾ ਰੁਦਨਮਈ ਬਿਰਹਾ ਹੈ ਜਿਸ ਨੂੰ ਉਹ ਸੌ ਮੱਕਿਆ ਦੇ ਹੱਜ ਬਰਾਬਰ ਗਿਣਦਾ ਹੈ। ਉਸ ਨੂੰ ਵਸਲ ਦੀਆਂ ਘੜੀਆਂ ਤੋਂ ਸਕੂਨ ਨਹੀਂ ਮਿਲਦਾ ਸਗੋਂ ਹਿਜ਼ਰ ਹੀ ਉਸ ਦੇ ਸਿਰਜਣਾਤਮਕ ਆਪੇ ਨੂੰ ਕਰਮਸ਼ੀਲ ਕਰਦਾ ਹੈ:

ਲੋਕੀ ਪੂਜਣ ਰੱਬ,

ਮੈਂ ਤੇਰਾ ਬਿਰਹੜਾ।

ਸਾਨੂੰ ਸੌ ਮੱਕਿਆ ਦਾ ਹੱਜ

ਵੇ ਤੇਰਾ ਬਿਰਹੜਾ।

ਸ਼ਿਵ ਕੁਮਾਰ ਨੂੰ 27 ਸਾਲ ਦੀ ਉਮਰ ਵਿਚ ਹੀ ਭਾਰਤੀ ਸਾਹਿਤ ਅਕਾਡਮੀ ਪੁਰਸਕਾਰ ਲੂਣਾ ਲਿਖਣ ਬਦਲੇ ਮਿਲਿਆ । ਉਸ ਜਿੰਨੀ ਉਮਰ ਦੇ ਕਿਸੇ ਵੀ ਲਿਖਾਰੀ ਨੂੰ ਹੁਣ ਤੀਕ ਇਹ ਸਨਮਾਨ ਹਾਸਿਲ ਨਹੀਂ ਹੋਇਆ। ਬਹੁਤ ਥੋੜ੍ਹੇ ਲੋਕ ਜਾਣਦੇ ਹਨ ਕਿ ਸ਼ਿਵ ਕੁਮਾਰ ਨੇ ਨਕਸਲਵਾੜੀ ਲਹਿਰ ਦੇ ਪ੍ਰਭਾਵ ਹੇਠ ਵੀ ਕੁਝ ਨਜ਼ਮਾਂ ਲਿਖੀਆਂ ਸਨ ਅਤੇ ਉਹ ਨਜ਼ਮਾਂ ਲਿਖਣ ਦਾ ਕਾਰਨ ਉਸ ਨੂੰ ਸਰੋਤਿਆਂ ਵੱਲੋਂ ਪ੍ਰੇਮ ਮੁਖੀ ਕਵਿਤਾਵਾਂ ਸੁਣਾਉਣ ਵੇਲੇ ਹਾਸਿਲ ਹੁੰਦੀ ਨਮੋਸ਼ੀ ਸੀ। ਇਸ ਨਮੋਸ਼ੀ ਨੂੰ ਧੋਣ ਲਈ ਉਸ ਨੇ ਆਤਮ ਚਿੰਤਨ ਕਰਦੀ ਇਕ ਨਜ਼ਮ ਗੱਦਾਰ ਲਿਖੀ। ਬਲਵੰਤ ਗਾਰਗੀ ਦੇ ਨਾਟਕ ਗਗਨ ਮਹਿ ਥਾਲ ਦੇ ਗੀਤ ਵੀ ਉਸ ਨੇ ਗੁਰੂ ਨਾਨਕ ਸ਼ਤਾਬਦੀ ਮੌਕੇ ਲਿਖੇ। ਕੁਝ ਫਿਲਮਾਂ ਵਾਲਿਆਂ ਨੇ ਵੀ ਉਸ ਨੂੰ ਆਪਣੇ ਵੱਲ ਖਿੱਚਿਆ।

ਸ਼ਿਵ ਕੁਮਾਰ ਦੇ ਨੇੜਲੇ ਲੋਕ ਦੱਸਦੇ ਨੇ ਕਿ ਲੂਣਾ ਦਾ ਮੁੱਖ ਬੰਦ ਵੀ ਮੋਹਨ ਕਾਹਲੋਂ ਨੇ ਹੀ ਲਿਖਿਆ ਸੀ ਪਰ ਛਪਿਆ ਸ਼ਿਵ ਕੁਮਾਰ ਦੇ ਨਾਂ ਹੇਠ । ਇਸ ਨੂੰ ਕਿਤਾਬੀ ਰੂਪ ਵਿਚ ਤੇਜ ਪ੍ਰਿੰਟਿੰਗ ਪ੍ਰੈਸ ਅੰਮ੍ਰਿਤਸਰ ਵਾਲੇ ਸ: ਤੇਜਾ ਸਿੰਘ ਸੇਠੀ ਨੇ ਬੜੀ ਰੀਝ ਨਾਲ ਛਾਪਿਆ। ਵੱਡਾ ਆਕਾਰ, ਦਲੀਪ ਚਿਤਰਕਾਰ ਦੇ ਲਕੀਰੀ ਚਿੱਤਰ। ਕੱਪੜੇ ਦੀ ਜ਼ਿਲਦ ਉੱਪਰ ਚਾਰ ਰੰਗਾ ਇਕ ਚਿਤਰ ਚਿਪਕਾਇਆ ਗਿਆ ਸੀ। ਉਨ੍ਹਾਂ ਵਕਤਾਂ ਵਿਚ 16 ਰੁਪਏ ਕੀਮਤ ਸੁਣ ਕੇ ਲੋਕ ਠਠੰਬਰ ਗਏ ਸਨ। ਕਹਿੰਦੇ ਨੇ ਤੇਜ ਪ੍ਰੈਸ ਦਾ ਛਪਾਈ ਬਿੱਲ ਬੜਾ ਵੱਡਾ ਸੀ ਤੇ ਏਨੇ ਰੁਪਏ ਸ਼ਿਵ ਕੁਮਾਰ ਅਤੇ ਉਸ ਦੇ ਮਿੱਤਰਾਂ ਦੀ ਜੇਬ ਵਿਚ ਨਹੀਂ ਸਨ। ਇਕ ਫਿਲਮ ਨਿਰਮਾਤਾ ਕੰਪਨੀ  ਸਿੰਘ ਸੰਨਜ਼ ਪ੍ਰੋਡਕਸ਼ਨ ਜਲੰਧਰ ਵਾਲਿਆਂ ਨੇ ਇਸ ਦੀ ਰਕਮ ਅਦਾ ਕਰਕੇ ਲੂਣਾ ਦਾ ਪਹਿਲਾ ਅੰਕ ਰਿਹਾਅ ਕਰਵਾਉਣ ਵਿਚ ਮਦਦ ਕੀਤੀ। ਪੰਜਾਬੀ ਦੀ ਪਹਿਲੀ ਮਹਿੰਗੀ ਕਿਤਾਬ। ਭਲਾ ਹੋਵੇ ਡਾ: ਮਹਿੰਦਰ ਸਿੰਘ ਰੰਧਾਵਾ ਦਾ ਜਿਸ ਨੇ ਇਸ ਨੂੰ ਪੇਂਡੂ ਲਾਇਬ੍ਰੇਰੀਆਂ ਲਈ ਖਰੀਦ ਕੇ ਸਾਡੇ ਪਿੰਡ ਬਸੰਤ ਕੋਟ ਦੀ ਲਾਇਬ੍ਰੇਰੀ ਤੀਕ ਵੀ ਪਹੁੰਚਾਇਆ। ਆਮ ਲੋਕਾਂ ਲਈ ਲੂਣਾ ਨੂੰ ਸ: ਕਰਤਾਰ ਸਿੰਘ ਬਲੱਗਣ ਨੇ ਆਪਣੇ ਮਾਸਕ ਪੱਤਰ ਕਵਿਤਾ ਵਿਚ ਇਕੱਠਿਆਂ ਛਾਪ ਦਿੱਤਾ। ਕੀਮਤ ਕੁੱਲ ਇਕ ਰੁਪਿਆ ਸੀ। ਲੋਕਾਂ ਨੇ ਰਾਤੋ ਰਾਤ ਸਟਾਲਾਂ ਤੋਂ ਇਹ ਅੰਕ ਖਰੀਦ ਲਿਆ ।

ਸ਼ਿਵ ਕੁਮਾਰ ਬਟਾਲਵੀ ਨੂੰ ਮੈਂ ਆਪਣੇ ਕੰਨਾਂ ਨਾਲ ਸਿਰਫ ਚਾਰ ਵਾਰ ਹੀ ਸੁਣਿਆ। ਰੇਡੀਓ ਤੋਂ ਤਾਂ ਉਸ ਦੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਮੌਤ ਵੇਲੇ ਲਿਖੀ ਨਜ਼ਮ ਮੈਨੂੰ ਅੱਜ ਵੀ ਉਸੇ ਅੰਦਾਜ਼ ਵਿਚ ਚੇਤੇ ਹੈ । ਜਦ ਉਸ ਨੇ ਕਿਹਾ ਸੀ ‘ਅੱਜ ਅਮਨਾਂ ਦਾ ਬਾਬਲ ਮੋਇਆ, ਸਾਰੀ ਧਰਤ ਨੜੋਏ ਆਈ’ । ਸ਼ਿਵ ਕੁਮਾਰ ਨੂੰ ਆਖਰੀ ਵਾਰ ਆਪਣੇ ਜੀ ਜੀ ਐਨ ਖਾਲਸਾ ਕਾਲਜ, ਲੁਧਿਆਣਾ ਵਿਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਮੌਕੇ ਸੁਣਿਆ । ਉਸੇ ਦੀਵਾਨ ਵਿਚ ਹੀ ਭਾਈ ਸਮੁੰਦ ਸਿੰਘ ਰਾਗੀ ਨੇ ਕੀਰਤਨ ਕੀਤਾ ਸੀ ਤੰਤੀ ਸਾਜ਼ਾਂ ਨਾਲ । ਗਿਆਨੀ ਰਾਮ ਨਰਾਇਣ ਸਿੰਘ ਦਰਦੀ ਨੇ ਨਜ਼ਮ ਸੁਣਾਈ ਸੀ। ਸ਼ਿਵ ਦੇ ਬੋਲ ਆਰਤੀ ਰੂਪ ਵਿਚ ਸਨ । ਆਰਤੀ ਦਸ਼ਮੇਸ਼ ਪਿਤਾ ਦੀ ਜਿਸ ਵਿਚ ਆਪਣੀ ਕਮਜ਼ੋਰੀ ਦਾ ਵਾਸਤਾ ਸੀ, ਕ੍ਰਿਪਾਨ ਤੋਂ ਬਲ ਮੰਗਿਆ ਸੀ ਪੁਰਸੋਜ਼ ਆਵਾਜ਼ ਵਿਚ ਸ਼ਿਵ ਕੁਮਾਰ ਨੇ। ਮੇਰੇ ਗੁਰੂਦੇਵ ਡਾ: ਐਸ ਪੀ ਸਿੰਘ ਦੇ ਬੁਲਾਵੇ ਤੇ ਆਏ ਸ਼ਿਵ ਕੁਮਾਰ ਦੀ ਸ਼ਾਇਦ ਉਹ ਭਾਰਤ ਵਿਚ ਆਖਰੀ ਪੇਸ਼ਕਾਰੀ ਸੀ । ਕੁਝ ਦਿਨਾਂ ਬਾਅਦ ਉਹ ਵਲਾਇਤ ਚਲਾ ਗਿਆ। ਵਲਾਇਤ ਦੀ ਸੇਵਾ ਨੇ ਉਸ ਦੀ ਜਿੰਦ ਪਿੰਜ ਦਿੱਤੀ। ਉਹ ਤੰਦਰੁਸਤ ਨਾ ਰਹਿ ਸਕਿਆ ਤੇ ਅਖੀਰ ਫੁੱਲ ਜਾਂ ਤਾਰਾ ਬਣਨ ਦੀ ਰੀਝ ਲੈ ਕੇ ਜੋਬਨ ਰੁੱਤੇ ਸਾਨੂੰ ਅਲਵਿਦਾ ਕਹਿ ਗਿਆ।

ਸ਼ਿਵ ਕੁਮਾਰ ਦੀ ਵਾਰਤਕ ਨੂੰ ਕਿਸੇ ਸੰਗ੍ਰਿਹ ਵਿਚ ਹੁਣ ਤਕ ਕਿਸੇ ਨੇ ਨਹੀਂ ਸੰਭਾਲਿਆ। ਉਸ ਵੱਲੋਂ ਲਿਖੇ ਕੁਝ ਲਿਖਾਰੀਆਂ ਦੇ ਰੇਖਾ ਚਿੱਤਰਾਂ ਨੂੰ ਮਾਸਕ ਪੱਤਰ ਹੇਮ ਜਯੋਤੀ ਵਿਚ ਪੜ੍ਹਨ ਦਾ ਮੈਨੂੰ ਵੀ ਮੌਕਾ ਮਿਲਿਆ ਹੈ। ਕੁਝ ਵਿਚ ਉਹ ਬੇਲਾਗ ਹੈ ਅਤੇ ਕੁਝ ਵਿਚ ਬਦਲਾਖੋਰ । ਮਿਸਾਲ ਦੇ ਤੌਰ ਤੇ  ਸ ਸ ਮੀਸ਼ਾ ਨੂੰ ਚਿਤਰਦਿਆਂ ਉਸ ਦੇ ਮੁਹਾਂਦਰੇ ਨੂੰ ਮੀਸਣੀ ਮੁਸਕਾਨ ਦਾ ਨਾਂ ਦਿੰਦਾ ਹੈ, ਅਜੀਤ ਕੌਰ ਨੂੰ ਉਦਾਸ ਲਾਲਟੈਣ ਦੱਸਦਾ ਹੈ ਅਤੇ ਮੋਹਨ ਭੰਡਾਰੀ ਨੂੰ ਕਿਸੇ ਗੁੱਸੇ ਗਿਲੇ ਦਾ ਸ਼ਿਕਾਰ ਹੋ ਕੇ ਬਹੁਤਾ ਗਰੀਬੜਾ ਜਿਹਾ ਪੇਸ਼ ਕਰਦਿਆਂ ਉਸ ਨੂੰ ਫੁੱਲਬਹਿਰੀ ਵਾਲੇ ਹੱਥ ਆਖਦਾ ਹੈ। ਸੱਜਣ ਦੱਸਦੇ ਨੇ ਕਿ ਸ਼ਿਵ ਕੁਮਾਰ ਨੂੰ ਭੰਡਾਰੀ ਵਾਲੇ ਰੇਖਾ ਚਿੱਤਰ ਬਾਰੇ ਆਖਰੀ ਵੇਲੇ ਤੀਕ ਪਛਤਾਵਾ ਰਿਹਾ ਕਿ ਮੈਂ ਉਸ ਨਾਲ ਧੱਕਾ ਕੀਤਾ ਹੈ। ਉਸ ਦੇ ਗੀਤ ਸਿਰਜਣ ਪ੍ਰਕ੍ਰਿਆ ਸੰਬੰਧੀ ਕੁਝ ਲੇਖ ਵੀ ਮੈਨੂੰ ਧੁੰਦਲੇ–ਧੁੰਦਲੇ ਚੇਤੇ ਆ ਰਹੇ ਹਨ। ਆਪਣੇ ਨਾਲ–ਨਾਲ ਤੋਰਦਾ ਸੀ ਆਪਣੀ ਵਾਰਤਕ ਵਿਚ ।

ਸ਼ਿਵ ਕੁਮਾਰ ਬਟਾਲਵੀ ਰਾਵੀ ਦਰਿਆ ਦਾ ਉਹ ਲਾਡਲਾ ਪੁੱਤਰ ਸੀ ਜਿਸ ਨੇ ਰਾਵੀ ਦੇ ਉਰਵਾਰ ਪਾਰ ਵਸਦੇ ਲੋਕਾਂ ਦੇ ਗੁਆਚਦੇ ਜਾ ਰਹੇ ਸ਼ਬਦਾਂ ਨੂੰ ਆਪਣੀ ਸ਼ਾਇਰੀ ਵਿਚ ਸੰਭਾਲਿਆ। ਉਸ ਦੇ ਬੋਲਾਂ ਵਿਚੋਂ ਸਿਰਫ ਪੰਜਾਬ ਨਹੀਂ ਸਗੋਂ ਸਮੁੱਚੇ ਕਾਇਨਾਤ ਦੇ ਦਰਸ਼ਨ ਕਰ ਸਕਦੇ ਹੋ। ਸ਼ਿਵ ਦੀ ਸਰੀਰਕ ਮੌਤ ਹੋਇਆਂ ਭਾਵੇਂ ਤਿੰਨ ਦਹਾਕਿਆਂ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਉਸ ਦੀ ਸ਼ਾਇਰੀ ਦੀ ਜਵਾਨੀ ਸਿਖਰਾਂ ਵੱਲ ਜਾ ਰਹੀ ਹੈ। ਸਮਾਂ ਪੈਣ ਨਾਲ ਉਸ ਦੇ ਐਬਾਂ ਦੀਆਂ ਧੂੜਾ ਉਡਾਉਣ ਵਾਲੇ ਮੱਧਮ ਪੈ ਰਹੇ ਹਨ ਅਤੇ ਗੁਣ ਜਾਨਣ ਹਾਰੇ ਵਧ ਰਹੇ ਹਨ। ਸਾਡਾ ਦੁਖਾਂਤ ਹੀ ਇਹ ਹੈ ਕਿ ਅਸੀਂ ਸਿਰਜਣਾ ਦੀ ਥਾਂ ਸਿਰਜਕ ਨੂੰ ਵਧ ਪੜ੍ਹਦੇ ਹਾਂ ਅਤੇ ਪੜ੍ਹਦੇ ਵੀ ਉਸ ਐਨਕ ਨਾਲ ਹਾਂ ਜੋ ਸਾਨੂੰ ਪੁੱਗਦੀ ਹੋਵੇ। ਸ਼ਿਵ ਕੁਮਾਰ ਸਾਡਾ ਅਤੀਤ ਵੀ ਚੇਤੇ ਕਰਾਉਂਦਾ ਹੈ, ਵਰਤਮਾਨ ਨੂੰ ਵੀ ਨਾਲ–ਨਾਲ ਤੋਰਦਾ ਹੈ ਅਤੇ ਭਵਿੱਖ ਲਈ ਸੰਭਾਲਣ ਯੋਗ ਵਿਰਸੇ ਦੀ ਨਿਸ਼ਾਨਦੇਹੀ ਵੀ ਕਰਕੇ ਦਿੰਦਾ ਹੈ। ਉਸ ਦੀ ਸ਼ਾਇਰੀ ਦੇ ਰੂ–ਬਰੁ ਹੋ ਕੇ ਹਰ ਵਾਰ ਮੈਂ ਸੱਜਰੇ ਅਤੇ ਤਰੋਤਾਜ਼ਾ ਸੰਸਾਰ ਵਿਚ ਪਹੁੰਚਦਾ ਹਾਂ। ਜੋਬਨ ਰੁੱਤੇ ਤੁਰ ਗਏ ਇਸ ਸ਼ਾਇਰ ਦੀ ਹੋਣੀ ਭਾਵੇਂ ਫੁੱਲ ਬਣੀ ਜਾਂ ਤਾਰਾ, ਸਾਡੇ ਲਈ ਤਾਂ ਅੱਜ ਵੀ ਉਹ ਮਹਿਕਦਾ ਗੁਲਜ਼ਾਰ ਹੈ ਜਿਸ ਦੀ ਪਰਿਕਰਮਾ ਕਰਦਿਆਂ ਸਾਨੂੰ ਜੋਬਨਵੰਤੇ ਛੈਲ ਛਬੀਲੇ ਥੱਬਾਂ ਕੁ ਜੁਲਫਾਂ ਵਾਲੇ ਸ਼ਾਇਰ ਦੇ ਦਰਸ਼ਨ ਹੁੰਦੇ ਹਨ।

ਪੱਕੀ ਕਣਕ ਵਿਸਾਖੀ ਆਈ
ਪੰਜਾਬ ਮੇਲਿਆਂ ਦੀ ਧਰਤੀ ਹੈ। ਇਥੇ ਮੌਸਮਾਂ ਦੀ ਤਬਦੀਲੀ ਨਾਲ ਆਉਣ ਵਾਲੇ ਮੇਲਿਆਂ ਅਤੇ ਤਿਉਹਾਰਾਂ ਵਿਚੋਂ ਵਿਸਾਖੀ ਅਤੇ ਲੋਹੜੀ ਦੀ ਸਰਦਾਰੀ ਸਿਖ਼ਰਾਂ ਤੇ ਹੈ। ਵਿਸਾਖੀ ਵਿਸਾਖ ਮਹੀਨੇ ਦਾ ਪਹਿਲਾ ਦਿਨ ਹੁੰਦਾ ਹੈ। ਇਹੀ ਮੌਸਮ ਕਣਕਾਂ ਦੀ ਹਰਿਆਵਲੀ ਸੂਰਤ ਦਾ ਸੋਨੇ ਰੰਗੇ ਸਰੂਪ ਵਿੱਚ ਬਦਲਣ ਦਾ ਹੈ। ਸੋਨੇ ਰੰਗੀਆਂ ਕਣਕਾਂ ਦੀ ਵਾਢੀ ਪੈਣ ਨਾਲ ਸਰੂਰਿਆ ਕਿਸਾਨ ਆਪਣੇ ਸਰੀਰ ਨੂੰ ਵਜਦ ਵਿੱਚ ਲਿਆ ਕੇ ਨੱਚਦਾ, ਗਾਉਂਦਾ ਅਤੇ ਭੰਗੜੇ ਪਾਉਂਦਾ ਸਾਨੂੰ ਇਤਿਹਾਸ ਨੇ ਹੀ ਦੱਸਿਆ ਹੈ। ਮੌਸਮੀ ਤਬਦੀਲੀਆਂ ਦੇ ਵਾਪਰਨ ਕਾਰਨ ਹੁਣ ਵਾਢੀਆਂ ਪਹਿਲਾਂ ਵਾਂਗ ਵਿਸਾਖੀ ਨੇੜੇ ਨਹੀਂ ਪੈਂਦੀਆਂ ਸਗੋਂ ਕੰਬਾਈਨ ਹਾਰਵੈਸਟਰ ਪਹਿਲਾਂ ਹੀ ਖੇਤਾਂ ਵਿੱਚ ਫ਼ਸਲਾਂ ਨੂੰ ਦਾਣਿਆਂ ਵਿੱਚ ਤਬਦੀਲ ਕਰ ਦਿੰਦੇ ਹਨ। ਮਹੀਨਿਆਂ ਬੱਧੀ ਹੋਣ ਵਾਲਾ ਕਾਰਜ ਹੁਣ ਦਿਨਾਂ ਵਿੱਚ ਮੁਕ ਮੁਕਾ ਜਾਂਦਾ ਹੈ।

ਵਿਸਾਖੀ ਪੰਜਾਬ ਦਾ ਮੌਸਮੀ ਤਿਉਹਾਰ ਹੈ। ਗੁਰਬਾਣੀ ਵਿੱਚ ਵੀ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਨਾਨਕ ਦੇਵ ਜੀ ਨੇ ਆਪੋ ਆਪਣੇ ਅੰਦਾਜ਼ ਵਿੱਚ ਬਾਰਾਂਮਾਂਹ ਲਿਖਦਿਆਂ ਵਿਸਾਖੀ ਦੇ ਪੁਰਬ ਦਾ ਸੁਆਗਤ ਕਰਦਿਆਂ ਸਾਨੂੰ ਕਿਹਾ ਹੈ ਕਿ ਵਿਸਾਖ ਮਹੀਨੇ ਪੱਕੀਆਂ ਫ਼ਸਲਾਂ ਨੂੰ ਵਾਢੀ ਪੈ ਗਈ ਹੈ। ਛੇਤੀ ਛੇਤੀ ਪੱਕੀਆਂ ਫ਼ਸਲਾਂ ਸਾਂਭਣ ਦੀ ਕਾਹਲ ਹੈ। ਫ਼ਸਲ ਪੱਕੀ ਹੈ, ਫ਼ਸਲ ਵੱਲ ਧਿਆਨ ਹੈ ਪਰ ਅਸੀਂ ਦੇਵਣਹਾਰ ਦਾਤੇ ਵੱਲ ਬੇਪ੍ਰਵਾਹੀ ਵਰਤ ਰਹੇ ਹਾਂ। ਅਸੀਂ ਮਿਹਨਤ ਅਤੇ ਕਰਮ ਦਾ ਫ਼ਲ ਮਿਲਣ ਤੇ ਖੁਸ਼ ਤਾਂ ਹੁੰਦੇ ਹਾਂ ਪਰ ਜਦੋਂ ਆਸਾਂ ਨੂੰ ਪੂਰਾ ਫ਼ਲ ਨਹੀਂ ਪੈਂਦਾ ਤਾਂ ਰੋਂਦੇ ਕੁਰਲਾਉਂਦੇ ਹਾਂ। ਜੇ ਕੀਤੇ ਕਰਮ ਦਾ ਫ਼ਲ ਦਾਤੇ ਦੇ ਦਾਤ ਮੰਨ ਲਈਏ ਤਾਂ ਪਛਤਾਵਾ ਹੱਥ ਨਹੀਂ ਲੱਗਦਾ। ਇਸ ਪੱਕੀ ਫ਼ਸਲ ਵਾਲੇ ਮੌਸਮ ਵਿੱਚ ਪ੍ਰਭੂ ਦੇ ਰੰਗ ਵਿੱਚ ਅਭੇਦ ਹੋ ਜਾਓ, ਕਸ਼ਟ ਕਲੇਸ਼ ਮੁੱਕ ਜਾਣਗੇ ਅਤੇ ਧਰਤ ਸੁਹਾਵੀ ਤੁਹਾਨੂੰ ਖੁਸ਼ੀਆਂ ਖੇੜੇ ਬਖਸ਼ ਦੇਵੇਗੀ।

ਖਾਲਸਾ ਪੰਥ ਦੀ ਸਾਜਨਾ ਦਾ ਵੀ ਵਿਸਾਖੀ ਨਾਲ ਬਹੁਤ ਨੇੜਲਾ ਸੰਬੰਧ ਹੈ। 1699 ਦੀ ਵਿਸਾਖੀ ਵਾਲੇ ਦਿਨ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵਿਸ਼ਵ ਭਰ ਦੇ ਨਿਤਾਣਿਆਂ ਨੂੰ ਜ਼ੁਲਮ ਦੇ ਖਿਲਾਫ ਲੜਨ ਲਈ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ। ਖਾਲਸੇ ਦੀ ਸਿਰਜਣ ਭੂਮੀ  ਸ਼੍ਰੀ ਅਨੰਦਪੁਰ ਸਾਹਿਬ ਵਿਖੇ ਆਲੌਕਿਕ ਦਰਬਾਰ ਸੱਜਣ ਦੀ ਕਹਾਣੀ ਇਤਿਹਾਸ ਦੀਆਂ ਪੁਸਤਕਾਂ ਸਾਨੂੰ 300 ਸਾਲ ਤੋਂ ਦੱਸ ਰਹੀਆਂ ਹਨ। ਸਿੱਖ ਧਰਮ ਨੂੰ ਸਰੂਪ ਪ੍ਰਦਾਨ ਕਰਨ ਵਿੱਚ ਵਿਸਾਖੀ ਦਾ ਬਹੁਤ ਵੱਡਾ ਯੋਗਦਾਨ ਹੈ। ਵਿਸਾਖੀ ਵਾਲੇ ਦਿਨ ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੇ ਧਾਰਮਿਕ, ਸਮਾਜਿਕ ਰੰਗਣ ਵਾਲੇ ਸਮਾਗਮਾਂ ਵਿੱਚ ਵਿਸਾਖੀ ਦਾ ਮਹਾਤਮ ਚੇਤੇ ਕੀਤਾ ਜਾਂਦਾ ਹੈ। ਪੰਜਾਬ ਅਤੇ ਹਰਿਆਣਾ ਦੇ ਪਿੰਡਾਂ ਵਿੱਚ ਵਿਸਾਖੀ ਵਾਲੇ ਦਿਨ ਕਣਕਾਂ ਦੀ ਮੁੱਕ ਗਈ ਰਾਖੀ, ਜੱਟਾ ਆਈ ਵਿਸਾਖੀ ਦੀਆਂ ਸੱਦਾਂ ਗੂੰਜਦੀਆਂ ਹਨ। ਹੁਣ ਤਾਂ ਸਮਾਂ ਹੀ ਬੇਰਹਿਮ ਹੋ ਗਿਆ ਹੈ । ਹਰ ਬੰਦਾ ਵਕਤ ਨੂੰ ਆਪਣੇ ਉੱਪਰ ਸਵਾਰ ਕਰੀ ਬੈਠਾ ਹੈ ਪਰ ਜਦ ਕਦੇ ਪੰਜਾਬੀ ਸਹਿਜ ਅਤੇ ਸੁਹਜ ਨਾਲ ਜਿਉਂਦੇ ਸਨ ਤਾਂ ਵਿਸਾਖੀ ਵਾਲੇ ਦਿਨ ਭੰਗੜਾ ਪਾਉਣ ਲਈ ਮਹੀਨਾ ਮਹੀਨਾ ਪਹਿਲਾਂ ਹੀ ਢੋਲੀ ਨੂੰ ਸਾਈ ਦੇ ਕੇ ਆਪਣੇ ਪਿੰਡਾਂ ਵਿੱਚ ਭੰਗੜੇ ਦੀ ਰਿਹਰਸਲ ਕਰਿਆ ਕਰਦੇ ਸਨ। ਮੈਨੂੰ ਆਪਣੇ ਬਚਪਨ ਦੇ ਸਾਲ ਚੇਤੇ ਹਨ ਜਦ ਬਾਜ਼ੀਗਰਾਂ ਦੇ ਡੇਰੇ ਤੋਂ ਗਰੀਬੂ ਢੋਲੀ ਹਰ ਵਰ੍ਹੇ ਸਾਡੇ ਪਿੰਡ ਆਉਂਦਾ । ਪਿੰਡ ਦੇ ਗੱਭਰੂਆਂ ਨੂੰ ਆਪਣੇ ਢੋਲ ਦੀ ਤਾਲ ਤੇ ਅੱਧੀ ਅੱਧੀ ਰਾਤ ਤੀਕ ਨਚਾਉਂਦਾ । ਇਹੀ ਹਾਲ ਨੇੜਲੇ ਪਿੰਡਾਂ ਵਿੱਚ ਹੁੰਦਾ ਸੀ। ਟਿਕੀ ਹੋਈ ਰਾਤ ਢੋਲ ਤੇ ਪੈਂਦੀ ਕੜਕੁੱਟ ਰਾਤ ਦੀ ਚੁੱਪ ਨੂੰ ਤੋੜਦੀ ਸੀ। ਨਾ ਕੋਈ ਨਸ਼ਾ, ਨਾ ਦਾਰੂ। ਦੁੱਧ ਮੱਖਣਾਂ ਦੇ ਪਾਲੇ ਸਹੀ ਸੁਲੱਗ ਪੰਜਾਬੀ ਪੁੱਤਰ ਅੱਧੀ ਰਾਤ ਤੀਕ ਭੰਗੜਾ ਪਾਉਂਦੇ ਅਤੇ ਸਵੇਰੇ ਸਵੇਰੇ ਕਣਕ ਦੀਆਂ ਭਰੀਆਂ ਬੰਨਣ ਲਈ ਪਰਾਲੀ ਦੇ ਬੇੜ ਵੱਟਦੇ । ਕੋਈ ਦਾਤਰੀਆਂ ਨੂੰ ਦੰਦੇ ਕਢਵਾਉਂਦਾ ਅਤੇ ਕੋਈ ਫਲਿਆਂ ਲਈ ਫਲਾਹੀ ਦੀਆਂ ਕੰਡੇਦਾਰ ਝਾੜੀਆਂ ਲੱਭਦਾ ਫਿਰਦਾ। ਜ਼ਿੰਦਗੀ ਭਰਪੂਰ ਅਰਥਾਂ ਵਾਲੀ ਸੀ। ਅੱਜ ਵਾਂਗ ਸਾਰਾ ਕੁਝ ਹੀ ਰਾਤੋ ਰਾਤ ਨਹੀਂ ਸੀ ਨਿਪਟ ਜਾਂਦਾ। ਚਾਵਾਂ ਲਈ ਜ਼ਿੰਦਗੀ ਕੋਲ ਵਕਤ ਵੀ ਸੀ ਅਤੇ ਸਹਿਜ ਸਮਰਥਾ ਵੀ।

ਵਿਸਾਖੀ 13 ਅਪ੍ਰੈਲ ਨੂੰ ਮਨਾਈ ਜਾਂਦੀ ਹੈ ਪਰ ਹਰ ਛੱਤੀ ਸਾਲਾਂ ਬਾਅਦ ਇਹ ਦਿਨ ਬਦਲ ਕੇ 14 ਅਪ੍ਰੈਲ ਹੋ ਜਾਂਦਾ ਹੈ। ਵੱਖ-ਵੱਖ ਸੂਬਿਆਂ ਵਿੱਚ ਇਸ ਤਿਉਹਾਰ ਨੂੰ ਵੱਖ-ਵੱਖ ਨਾਵਾਂ ਤੇ ਜਾਣਿਆਂ ਤੇ ਮਾਣਿਆਂ ਜਾਂਦਾ ਹੈ। ਅਸਾਮ ਵਿੱਚ ਇਸ ਨੂੰ ਰੋਂਗਾਲੀ ਵਿਹੂ ਆਖਦੇ ਹਨ ਅਤੇ ਪੱਛਮੀ ਬੰਗਾਲ ਵਿੱਚ ਇਹ ਨਾਬਾ ਬਰਸ਼ਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਬਿਹਾਰੀਏ ਇਸ ਨੂੰ ਸੂਰਜ ਦੇਵਤੇ ਲਈ ਸੁਆਗਤੀ ਤਿਉਹਾਰ ਗਿਣ ਕੇ ਵੈਸ਼ਾਖਾ ਨਾਮ ਨਾਲ ਮਨਾਉਂਦੇ ਹਨ ਜਦ ਕਿ ਕੇਰਲਾ ਵਾਲੇ ਇਸ ਨੂੰ ਵਿਸ਼ੂ ਆਖਦੇ ਹਨ। ਤਾਮਿਲਨਾਡ ਵਿੱਚ ਇਹੀ ਤਿਉਹਾਰ ਪੁਥਾਂਦੂ ਦੇ ਨਾਮ ਨਾਲ ਮਨਾਇਆ ਜਾਂਦਾ ਹੈ। ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿੱਚ ਹਿੰਦੂ ਭਰਾ ਮੰਦਰਾਂ ਵਿੱਚ ਆਰਤੀਆਂ ਉਤਾਰਦੇ ਹਨ, ਨੇੜੇ ਵਗਦੇ ਜਲ ਸੋਮਿਆਂ ਵਿੱਚ ਚੁੱਭੀ ਲਾਉਦੇ ਹਨ। ਹਿਮਾਚਲ ਵਾਲੇ ਤਾਂ ਜਵਾਲਾ ਮੁਖੀ ਮੰਦਰ ਜਾ ਕੇ ਉਥੇ ਦੇ ਗਰਮ ਚਸ਼ਮਿਆਂ ਵਿੱਚ ਇਸ਼ਨਾਨ ਨੂੰ ਪੁੰਨ ਦਾ ਕੰਮ ਮੰਨਦੇ ਹਨ।

ਪੰਜਾਬ ਵਿੱਚ ਵਿਸਾਖੀ ਰਾਵੀ ਤੋਂ ਪਾਰ ਹੋਰ ਤਰ੍ਹਾਂ ਮਨਾਈ ਜਾਂਦੀ ਹੈ ਅਤੇ ਇਧਰ ਹੋਰ ਤਰ੍ਹਾਂ। ਉਧਰ ਵਿਸਾਖੀ ਖਾਣ ਪੀਣ, ਨੱਚਣ ਗਾਉਣ ਅਤੇ ਗੀਤ ਸੰਗੀਤ ਨੂੰ ਸਾਹਾਂ ਸਵਾਸਾਂ ਵਿੱਚ ਵਸਾਉਣ ਦਾ ਨਾਮ ਹੈ ਜਦ ਕਿ ਇਧਰਲੇ ਪੰਜਾਬ ਵਿੱਚ ਬਹੁਤੇ ਲੋਕ ਵਗਦੇ ਦਰਿਆਵਾਂ ਕੰਢੇ ਜਾ ਬੈਠਦੇ ਹਨ। ਮੈਨੂੰ ਬਚਪਨ ਵਿੱਚ ਆਪਣੇ ਨੇੜਲੇ ਪਿੰਡ ਧਿਆਨਪੁਰ ਦੀ ਵਿਸਾਖੀ ਯਾਦ ਆ ਰਹੀ ਹੈ। ਸਾਡੇ ਪਿੰਡ ਬਸੰਤਕੋਟ ਤੋਂ ਭੰਗੜੇ ਦੀ ਟੀਮ ਜਦ ਧਿਆਨਪੁਰ ਅੱਪੜਦੀ ਤਾਂ ਚੰਦੂ ਸੂਜੇ ਵਾਲੇ ਪਾਸਿਉਂ ਗਿੱਲਾਂ ਵਾਲੀਏ ਢੋਲ ਵਜਾਉਂਦੇ ਤੁਰੇ ਆਉਂਦੇ ਦਿਸਦੇ। ਇਕ ਪਾਸੇ ਕੋਟਲੀ ਵਾਲੇ ਆਪਣੇ ਲਾਮ ਲਸ਼ਕਰ ਨਾਲ ਤੁਰੇ ਆਉਂਦੇ। ਵੱਖ-ਵੱਖ ਪਿੰਡਾਂ ਤੋਂ ਅਨੇਕਾਂ ਭੰਗੜਾ ਟੀਮਾਂ ਇਕ ਥਾਂ ਇਕੱਠੀਆਂ ਹੁੰਦੀਆਂ । ਗੋਲ ਦਾਇਰੇ ਵਿੱਚ ਨੱਚ ਟੱਪ ਕੇ ਹਾਰ ਹੰਭ ਜਾਂਦੀਆਂ । ਸਿਆਲਕੋਟੀ ਭੰਗੜੇ ਵਾਲੀਆਂ ਚਾਲਾਂ ਦੀ ਸਰਦਾਰੀ ਹੁੰਦੀ। ਬਾਅਦ ਵਿੱਚ ਪਤਾ ਲੱਗਾ ਹੈ ਕਿ ਇਸ ਦਾ ਕਾਰਨ ਰਾਵੀ ਪਾਰੋਂ ਉੱਜੜ ਕੇ ਆਏ ਬਹੁਤੇ ਸਿਆਲਕੋਟੀਏ ਇਸੇ ਇਲਾਕੇ ਵਿੱਚ ਵੱਸੇ ਹੋਣ ਕਾਰਨ ਭੰਗੜੇ ਦਾ ਸੁਭਾਅ ਵੀ ਉਨ੍ਹਾਂ ਮੁਤਾਬਕ ਹੀ ਬਣ ਗਿਆ। ਉਦੋਂ ਅਜੇ ਸਟੇਜਾਂ ਵਾਲੇ ਭੰਗੜੇ ਨਹੀਂ ਸਨ ਸ਼ੁਰੂ ਹੋਏ। ਇਨ੍ਹਾਂ ਟੀਮਾਂ ਵਿੱਚ ਅਣਦਾੜੀਏ ਮੁੰਡੇ ਹੀ ਮੁਟਿਆਰਾਂ ਦੇ ਵੇਸ ਵਿੱਚ ਹੁੰਦੇ। ਭੰਗੜੇ ਵਾਲਿਆਂ ਦੇ ਵਸਤਰ ਵੀ ਵਰਦੀ ਵਰਗੇ ਨਹੀਂ ਸਨ ਹੁੰਦੇ। ਪੈਰਾਂ ਵਿੱਚ ਮੋਟੇ ਮੋਟੇ ਘੁੰਗਰੂ, ਉਹ ਵੀ ਬਲਦਾਂ ਦੇ ਗਲੋਂ ਉਤਾਰੇ ਹੁੰਦੇ। ਸ਼ੀਸ਼ਾ ਮੋਚਨਾ ਤੇ ਹੋਰ ਨਿਕ ਸੁਕ ਚੁੱਕੀ ਫਿਰਦੇ। ਹੱਥਾਂ ਵਿੱਚ ਹੁਣ ਦੇ ਫੁਕਰਿਆਂ ਵਾਂਗ ਬੰਦੂਕਾਂ ਨਹੀਂ, ਡਾਂਗ ਸੋਟਾ ਹੀ ਹੁੰਦਾ ਪਰ ਇਹ ਮਾਰਨ ਲਈ ਨਹੀਂ ਸਿਰਫ ਦਿਖਾਉਣ ਲਈ। ਹਜ਼ਾਰਾਂ ਦੀ ਗਿਣਤੀ ਵਾਲੇ ਮੇਲੇ ਵਿੱਚ ਕੋਈ ਇਕ ਅੱਧਾ ਹੀ ਸ਼ਰਾਬੀ ਹੁੰਦਾ ਜਿਸ ਨੂੰ ਡੇਰਾ ਬਾਬਾ ਨਾਨਕ ਤੋਂ ਆਏ ਠਾਣੇ ਵਾਲੇ ਖੂਬ ਥਾਪੜਦੇ ਅਤੇ ਉੱਚੀ ਥਾਂ ਤੇ ਉਸ ਨੂੰ ਆਪਣੇ ਮੂੰਹ ਤੇ ਆਪੇ ਹੀ ਚਪੇੜਾਂ ਮਾਰਨ ਦਾ ਆਦੇਸ਼ ਦਿੰਦੇ। ਮੇਰੇ ਮਨ ਅੰਦਰ ਸ਼ਰਾਬੀਆਂ ਪ੍ਰਤੀ ਬੈਠੀ ਨਫਰਤ ਬਚਪਨ ਵੇਲੇ ਵੇਖੀ ਇਸ ਝਾਕੀ ਕਾਰਨ ਅੱਜ ਵੀ ਜਿਉਂਦੀ ਜਾਗਦੀ ਹੈ।

ਬਹੁਤ ਥੋੜ੍ਹੇ ਲੋਕ ਜਾਣਦੇ ਹਨ ਕਿ ਗੁਰਦਾਸਪੁਰ ਜ਼ਿਲ੍ਹੇ ਵਿੱਚ ਵਿਸਾਖੀ ਦਾ ਤਿਉਹਾਰ ਡੇਰਾ ਬਾਬਾ ਨਾਨਕ ਵਿਖੇ 13 ਅਪ੍ਰੈਲ ਨੂੰ ਨਹੀਂ ਸਗੋਂ ਅਗਲੇ ਦਿਨ ਮਨਾਇਆ ਜਾਂਦਾ ਹੈ। ਇਸ ਦਾ ਰੂਪ ਸਰੂਪ ਵੀ ਵੱਖਰਾ ਅਤੇ ਨਿਵੇਕਲਾ ਹੈ। ਇਥੇ ਵਿਸਾਖੀ ਵਾਲੇ ਦਿਨ ਭਾਵ 14 ਅਪ੍ਰੈਲ ਨੂੰ ਉਨ੍ਹਾਂ ਸਾਰੇ ਪਿੰਡਾਂ ਤੋਂ ਭੰਗੜੇ ਵਾਲੇ ਆਉਂਦੇ ਸਨ ਜਿਹੜੇ 13 ਅਪ੍ਰੈਲ ਨੂੰ ਆਪੋ ਆਪਣੇ ਨੇੜਲੇ ਪਿੰਡਾਂ ਵਿੱਚ ਆਪਣੀ ਪੇਸ਼ਕਾਰੀ ਕਰ ਚੁੱਕੇ ਹੁੰਦੇ। ਇਸ ਮੇਲੇ ਵਿੱਚ ਸ਼ਾਮਿਲ ਵਿਅਕਤੀ ਵਾਪਸ ਪਰਤਣ ਵੇਲੇ ਮੇਲੇ ਵਿਚੋਂ ਮਿੱਟੀ ਦਾ ਇੱਕ ਭਾਂਡਾ ਜ਼ਰੂਰ ਖਰੀਦਦੇ ਅਤੇ ਇਸ ਲੋਕ ਵਿਸ਼ਵਾਸ਼ ਨੂੰ ਪੂਰਾ ਕਰਨ ਲਈ 15 ਅਪ੍ਰੈਲ ਵਾਲੇ ਦਿਨ ਤੀਕ ਮਿੱਟੀ ਦੇ ਭਾਂਡਿਆਂ ਨੂੰ ਵੇਚਣ ਵਾਲੇ ਘੁਮਿਆਰ ਤਿੰਨ ਦਿਨ ਡੇਰਾ ਬਾਬਾ ਨਾਨਕ ਹੀ ਬੈਠੇ ਰਹਿੰਦੇ, ਖੂਬ ਕਮਾਈ ਕਰਦੇ।

ਰਾਵੀ ਕੰਢੇ ਵੱਸੇ ਡੇਰਾ ਬਾਬਾ ਨਾਨਕ ਦੇ ਲੋਕ ਦਸਦੇ ਹੁੰਦੇ ਸਨ ਕਿ 1947 ਤੋਂ ਪਹਿਲਾਂ ਇਹ ਮੇਲਾ 13 ਅਪ੍ਰੈਲ ਨੂੰ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਲੱਗਦਾ ਹੁੰਦਾ ਸੀ। ਕਰਤਾਰਪੁਰ ਸਾਹਿਬ ਗੁਰੂ ਨਾਨਕ ਦੇਵ ਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ। ਉਸ ਤੋਂ ਅਗਲੇ ਦਿਨ 14 ਅਪ੍ਰੈਲ ਨੂੰ ਇਹੀ ਵਿਸਾਖੀ ਡੇਰਾ ਬਾਬਾ ਨਾਨਕ ਵਿਖੇ ਮਨਾਈ ਜਾਂਦੀ । ਇਸੇ ਦਿਨ ਸੰਗਤਾਂ ਧਰਮਕੋਟ ਰੰਧਾਵਾ ਪੱਤਣ ਤੇ ਜਾ ਕੇ ਰਾਵੀ ਦਰਿਆ ਵਿੱਚ ਅੰਮ੍ਰਿਤ ਵੇਲੇ ਤੋਂ ਲੈ ਕੇ ਤਾਰਿਆਂ ਦੀ ਖਿੱਤੀ ਚੜਨ ਤੀਕ ਇਸ਼ਨਾਨ ਕਰੀ ਜਾਂਦੇ। ਪੁਰਾਣੇ ਵਕਤਾਂ ਵਿੱਚ ਇਕ ਲੱਖ ਤੋਂ ਵੀ ਵੱਧ ਲੋਕ ਡੇਰਾ ਬਾਬਾ ਨਾਨਕ ਦੇ ਵਿਸਾਖੀ ਵਿੱਚ ਸ਼ਾਮਿਲ ਹੁੰਦੇ ਸਨ ਪਰ ਹੁਣ ਉਹ ਵਕਤ ਨਹੀਂ ਰਹੇ।

ਡੇਰਾ ਬਾਬਾ ਨਾਨਕ ਦੇ ਗੁਰਦੁਆਰਾ ਡੇਰਾ ਸਾਹਿਬ ਦੀ ਸਰਾਂ ਵਿੱਚ ਦੀਵਾਨ ਸਜਦਾ। ਗਿਆਨੀ ਸੋਹਣ ਸਿੰਘ ਸੀਤਲ, ਜਸਵੰਤ ਸਿੰਘ ਚਾੜਭੱਟੀ ਵਰਗੇ ਢਾਡੀ, ਦੀਵਾਨ ਸਿੰਘ ਮਹਿਰਮ ਅਤੇ ਜਸਵੰਤ ਸਿੰਘ ਰਾਹੀ ਵਰਗੇ ਸ਼ਾਇਰਾਂ ਨੂੰ ਇਸੇ ਦੀਵਾਨ ਅਸਥਾਨ ਤੇ ਮੈਂ ਪਹਿਲੀ ਵਾਰ ਸੁਣਿਆ। ਹੁਣ ਇਹ ਥਾਂ ਕੀਰਤਨੀ ਜਥਿਆਂ ਨੇ ਮੱਲ ਲਈ ਹੈ।

ਇਤਿਹਾਸ ਦਾ ਇਕ ਕੌੜਾ ਵਰਕਾ ਵਿਸਾਖੀ ਨਾਲ ਸਬੰਧਿਤ ਅੰਮ੍ਰਿਤਸਰ ਵਿਖੇ ਵੀ ਪ੍ਰਕਾਸ਼ਮਾਨ ਹੈ। ਜਲ੍ਹਿਆਂ ਵਾਲਾ ਬਾਗ ਉਹ ਵਰਕਾ ਹੈ ਜਿਸ ਵਿਚੋਂ ਅੱਜ ਵੀ ਲਾਟਾਂ ਨਿਕਲਦੀ ਹਨ। ਸਾਹਿਤ ਵਿੱਚ ਸਆਦਤ ਹਸਨ ਮੰਟੋ ਨੇ ਅੰਮ੍ਰਿਤਸਰ ਦੀ ਵਿਸਾਖੀ –1919 ਬਾਰੇ ਜਿਹੜੀ ਕਹਾਣੀ ਲਿਖੀ ਹੈ ਸ਼ਾਇਦ ਇਸ ਭਿਆਨਕ ਖੂਨੀ ਦੁਖਾਂਤ ਬਾਰੇ ਉਹ ਕਿਸੇ ਵੀ ਜ਼ੁਬਾਨ ਵਿੱਚ ਲਿਖੀ ਗਈ ਪਹਿਲੀ ਕਹਾਣੀ ਹੈ। ਜਲ੍ਹਿਆਂ ਵਾਲੇ ਬਾਗ ਵਿੱਚ ਵਿਸਾਖੀ ਵਾਲੇ ਦਿਨ ਹੋਏ ਸਮਾਜਿਕ ਇਕੱਠ ਨੂੰ ਸਿਆਸੀ ਰੰਗਤ ਦੇ ਕੇ ਉਸ ਵੇਲੇ ਦੇ ਫਰੰਗੀ ਹਾਕਮਾਂ ਨੇ ਜ਼ੁਲਮ ਦੀ ਇੰਤਹਾ ਕਰ ਦਿੱਤੀ । ਜਲ੍ਹਿਆਂ ਵਾਲੇ ਬਾਗ ਦਾ ਇਕੋ ਇਕ ਰਸਤਾ ਬੰਦ ਕਰਕੇ ਹਜ਼ਾਰਾਂ ਪੰਜਾਬੀ ਮੱਕੀ ਦੇ ਦਾਣਿਆਂ ਵਾਂਗ ਭੁੰਨ ਸੁੱਟੇ। ਬਾਗ ਵਿਚਲਾ ਖੂਹ ਲਾਸ਼ਾਂ ਨਾਲ ਭਰ ਗਿਆ ਤੇ ਕੰਧਾਂ ਗੋਲੀਆਂ ਨਾਲ ਛਾਨਣੀ ਹੋ ਗਈਆਂ। ਮੌਸਮੀ ਤਿਉਹਾਰ ਖੂਨੀ ਤਿਉਹਾਰ ਵਿੱਚ ਤਬਦੀਲ ਹੋ ਗਿਆ। ਖੁਸ਼ੀ ਵਿੱਚ ਖੀਵੇ ਹੋਏ ਕਿਸਾਨ ਰੁਦਨ ਹਵਾਲੇ ਹੋ ਗਏ। ਘਰ ਘਰ ਵੈਣ ਪਏ। ਹਜ਼ਾਰਾਂ ਭੈਣਾਂ ਨੂੰ ਗੁੱਟਾਂ ਤੇ ਰੱਖੜੀ ਬੰਨਣ ਲਈ ਹੱਥ ਨਾ ਲੱਭੇ। ਜਨਰਲ ਡਾਇਰ ਦੀਆਂ ਗੋਲੀਆਂ ਅੱਜ ਵੀ ਵਿਸਾਖੀ ਵਾਲੇ ਦਿਨ ਸਮੂਹ ਪੰਜਾਬੀਆਂ ਦੀ ਹਿੱਕ ਵਿੱਚ ਠਾਹ ਠਾਹ ਵੱਜਦੀਆਂ ਸੁਣ ਸਕਦੇ ਹੋ। ਦੇਸ਼ ਭਗਤਾਂ ਨੂੰ ਇਹ ਇਨਾਮ ਦੇਣ ਵਾਲੇ ਫਰੰਗੀ ਨੂੰ ਸ਼ਹੀਦ ਊਧਮ ਸਿੰਘ ਨੇ ਬਦਲਾ ਪਰਤਾਉਣ ਦੀ ਕਸਮ ਇਸੇ ਸਥਾਨ ਤੇ ਹੀ ਖਾਧੀ ਸੀ। ਇਸੇ ਵਿਸਾਖੀ ਦਾ ਰੱਤੜਾ ਨਿਸ਼ਾਨ ਸ਼ਹੀਦ ਭਗਤ ਸਿੰਘ ਨੇ 12 ਸਾਲ ਦੀ ਉਮਰ ਵਿੱਚ ਲਾਹੌਰੋਂ ਆ ਕੇ ਲਹੂ ਭਿੱਜੀ ਮਿੱਟੀ ਨੂੰ ਸ਼ੀਸ਼ੀ ਵਿੱਚ ਸੰਭਾਲ ਕੇ ਰੱਖਿਆ। ਇਹ ਲਹੂ ਭਿੱਜੀ ਮਿੱਟੀ ਅੱਜ ਵੀ ਖਟਕੜ ਕਲਾਂ ਦੇ ਅਜਾਇਬ ਘਰ ਵਿੱਚ ਸੁਰੱਖਿਅਤ ਪਈ ਵੇਖ ਸਕਦੇ ਹੋ।

ਵਿਸਾਖੀ ਸਿਰਫ ਰੀਝਾਂ ਦਾ ਤਿਉਹਾਰ ਨਹੀਂ। ਆਪਣੇ ਆਪ ਨੂੰ ਨਿਰਖਣ ਪਰਖਣ ਅਤੇ ਆਪਣੀਆਂ ਸ਼ਕਤੀਆਂ ਨੂੰ ਜਾਚਣ ਦਾ ਤਿਉਹਾਰ ਹੈ ਕਿਉਂਕਿ ਸਿਆਲ ਦੀ ਆਲਸੀ ਜ਼ਿੰਦਗੀ ਨੇ ਨਵੇਂ ਫੁਟਾਰੇ ਨਾਲ ਨਵੇਂ ਸੁਪਨਿਆਂ ਨੂੰ ਮਾਨਣਾ ਹੁੰਦਾ ਹੈ। ਪਹਿਲਾਂ ਬੀਜੇ ਨੂੰ ਵੱਢਣਾ ਅਤੇ ਨਵੇਂ ਨੂੰ ਬੀਜਣਾ। ਇਸ ਤਿਉਹਾਰ ਦੇ ਦੋ ਸਿਰੇ ਹਨ। ਹਾੜ੍ਹੀ ਦੀਆਂ ਫ਼ਸਲਾਂ ਵਿੱਚ ਕਣਕ ਦੀ ਸਰਦਾਰੀ ਕਾਰਨ ਵਿਸਾਖੀ ਨਾਲ ਸਬੰਧਿਤ ਬਹੁਤੇ ਗੀਤ ਕਣਕ ਦੇ ਦੁਆਲੇ ਘੁੰਮਦੇ ਹਨ। ਕਣਕ ਨੂੰ ਸੰਸਕ੍ਰਿਤ ਵਿੱਚ ਸੋਨਾ ਵੀ ਆਖਦੇ ਹਨ ਅਤੇ ਵਿਸਾਖੀ ਨੂੰ ਸੋਨੇ ਦੀ ਵਾਢੀ ਦਾ  ਤਿਉਹਾਰ। ਅਸੀਂ ਵਿਸਾਖੀ ਵਾਲੇ ਦਿਨ ਹੀ ਪੰਜਾਬ ਵਿੱਚ ਸੇਹ ਦਾ ਤੱਕਲਾ ਗੱਡਿਆ ਜਾਂਦਾ ਵੇਖਿਆ ਸੀ। 1978 ਦੀ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਸ਼ਹਿਰ ਵਿੱਚ ਸਿੱਖ ਨਿਰੰਕਾਰੀ ਟਕਰਾਓ ਤੋਂ ਬਾਅਦ ਪੰਜਾਬ ਪੂਰੇ ਪੰਦਰਾਂ ਵਰ੍ਹੇ  ਖੱਜਲ ਖਵਾਰ ਹੋਇਆ। ਭਾਰਤ ਵਾਲਿਆਂ ਨੇ ਇਸ ਨੂੰ ਅੱਤਵਾਦ ਕਿਹਾ ਪਰ 25 ਹਜ਼ਾਰ ਪੰਜਾਬੀਆਂ ਦੇ ਬਲਦੇ ਸਿਵੇ ਸਾਨੂੰ ਅੱਜ ਵੀ ਸੁਆਲ ਕਰਦੇ ਹਨ ਕਿ ਵਿਸਾਖੀ ਮਨਾਉਣ ਵਾਲਿਓ ਸਾਨੂੰ ਨਾ ਵਿਸਾਰਿਓ । ਅਸੀਂ ਆਪਣੀ ਜ਼ਾਤ ਲਈ ਜਾਨਾਂ ਨਹੀਂ ਗੁਆਈਆਂ। ਇਸ ਵਿਸ਼ਵਾਸ਼ ਲਈ ਗੁਆਈਆਂ ਸਨ ਕਿ ਪੰਜਾਬ ਹੱਸਦਾ ਤੇ ਵੱਸਦਾ ਰਹੇ। ਸਾਡੇ ਜਾਣ ਮਗਰੋਂ ਇਸ ਨੂੰ ਨਵੇਂ ਰਸਾਇਣਕ ਅੱਤਵਾਦ ਦੇ ਹਵਾਲੇ ਨਾ ਹੋਣਾ ਦੇਣਾ । ਨਸ਼ਿਆਂ ਦਾ ਛੇਵਾਂ ਦਰਿਆ ਪੰਜਾਬ ਵਿੱਚ ਠਾਠਾਂ ਮਾਰਦਾ ਫਿਰ ਰਿਹਾ ਹੈ। ਕੁਖਾਂ ਵਿੱਚ ਧੀਆਂ ਸਲਾਮਤ ਨਹੀਂ। ਰੁੱਖਾਂ ਨੂੰ ਆਰੀਆਂ ਵਾਲੇ ਢਾਹੀ ਬੈਠੇ ਹਨ। ਵਣਜਾਰੇ ਦਨਦਨਾਉਂਦੇ ਫਿਰਦੇ ਹਨ। ਵਿਗਿਆਨੀਆਂ ਦੀ ਖੋਜ ਨੂੰ ਬਾਬੂ ਲੋਕ ਦਫ਼ਤਰਾਂ ’ਚ ਬੈਠੇ ਹੀ ਨਿੰਦ ਰਹੇ ਹਨ। ਦੇਸ਼ ਨੂੰ ਵਧਦੀ ਆਬਾਦੀ ਦਾ ਢਿੱਡ ਭਰਨ ਲਈ 2025 ਵਿੱਚ ਹੁਣ ਨਾਲੋਂ ਡਿਉਢੇ ਅਨਾਜ ਦੀ ਲੋੜ ਹੈ। ਇਨ੍ਹਾਂ ਫਿਕਰਾਂ ਦੇ ਰੂ ਬਰੂ ਵਿਸਾਖੀ ਦਾ ਸਰੂਪ ਤੁਹਾਨੂੰ ਕਿਹੋ ਜਿਹਾ ਦਿਸੇਗਾ। ਨਸ਼ਾ ਮੁਕਤ ਪੰਜਾਬ ਦੀ ਉਸਾਰੀ ਲਈ ਰੁਖਾਂ ਤੇ ਕੁਖਾਂ ਦੀ ਸਲਾਮਤੀ ਲਈ ਵਿਗਿਆਨ ਦੀ ਸਰਦਾਰੀ ਨਾਲ ਮਿਹਨਤ ਦਾ ਸੁਮੇਲ ਕਰਕੇ ਹੀ ਪੰਜਾਬ ਨੂੰ ਤੁਸੀਂ ਫਿਰ ਸੋਨੇ ਦੀ ਧਰਤੀ ਬਣਾ ਸਕਦੇ ਹੋ। ਪੰਜਾਬੀਓ , ਦਸਮੇਸ਼ ਪਿਤਾ ਨੇ ਨਿਤਾਣਿਆਂ, ਨਿਮਾਣਿਆਂ ਨੂੰ ਜਰਵਾਣਿਆਂ ਦੇ ਖਿਲਾਫ ਲੜਨ ਦਾ ਉਪਦੇਸ਼ ਇਸੇ ਦਿਨ ਦਿੱਤਾ ਸੀ, ਕਿਤੇ ਉਹ ਸਬਕ ਭੁੱਲ ਕੇ ਜੀਭ ਦੇ ਸੁਆਦਾਂ ਅਤੇ ਨਸ਼ਿਆਂ ਦੇ ਹਵਾਲੇ ਨਾ ਕਰ ਦੇਣਾ। ਜੇਕਰ ਤੁਸੀਂ ਵਿਸਾਖੀ ਦੇ ਅਸਲ ਅਰਥਾਂ ਨੂੰ ਵਿਸਾਰ ਕੇ ਸੁਆਦਾਂ ਦੇ ਗੁਲਾਮ ਹੋ ਗਏ ਤਾਂ ਵਕਤ ਤੁਹਾਨੂੰ ਅਜਿਹੀ ਮਾਰ ਮਾਰੇਗਾ ਜਿਸ ਦੀ ਸੱਟ ਝੱਲਣੀ ਤੁਹਾਡੇ ਵੱਸ ਨਹੀਂ ਹੋਵੇਗੀ।

ਮੈਨੂੰ ਇਉਂ ਨਾ ਮਨੋਂ ਵਿਸਾਰ, ਵੇ ਮੈਂ ਤੇਰੀ ਮਾਂ ਦੀ ਬੋਲੀ ਆਂ
ਯੂਨੈਸਕੋ ਦੀ ਰਿਪੋਰਟ ਦੇ ਹਵਾਲੇ ਨਾਲ ਸਮੁੱਚੇ ਵਿਸ਼ਵ ਵਿੱਚ ਇਹ ਚਰਚਾ ਆਮ ਹੋ ਗਈ ਹੈ ਕਿ ਆਉਦੇ 50 ਵਰ੍ਹਿਆਂ ਵਿੱਚ ਪੰਜਾਬੀ ਭਾਸ਼ਾ ਦਾ ਵਜੂਦ ਖਤਮ ਹੋਣ ਦੀਆਂ ਸੰਭਾਵਨਾਵਾਂ ਹਨ। ਕੁਲਦੀਪ ਨਈਅਰ ਨੇ ਜਦੋਂ ਇਹ ਟਿੱਪਣੀ ਕੁਝ ਵਰ੍ਹੇ ਪਹਿਲਾਂ ਇਸ ਰਿਪੋਰਟ ਦੇ ਹਵਾਲੇ ਨਾਲ ਕੀਤੀ ਸੀ ਤਾਂ ਸਾਡੇ ਬਹੁਤੇ ਵਿਦਵਾਨਾਂ ਨੇ ਇਸ ਨੂੰ ਸੱਚ ਕਰ ਜਾਣਿਆ ਅਤੇ ਰਾਤੋ ਰਾਤ ਫਿਕਰਮੰਦੀ ਦੇ ਮਤੇ ਪਾਸ ਕਰਨ ਲੱਗ ਪਏ। ਘਰ ਘਰ ਫੂਹੜੀਆਂ ਵਿਛਾ ਕੇ ਬੈਠ ਗਏ। ਅੰਤਿਮ ਸੰਸਕਾਰ ਵਾਲੀ ਮਾਨਸਿਕਤਾ ਨਾਲ ਅਸੀਂ ਆਪਣੀ ਜ਼ੁਬਾਨ ਨਾਲ ਕੋਝਾ ਵਿਹਾਰ ਕਰਨ ਲੱਗੇ। ਕੁਝ ਸਿਆਣਿਆਂ ਨੇ ਰਿਪੋਰਟਾਂ ਫੋਲੀਆਂ ਤਾਂ ਗੱਲ ਵਿਚੋਂ ਇਹ ਨਿਕਲੀ ਕਿ ਜਿਹੜੀਆਂ ਭਾਸ਼ਾਵਾਂ ਖਤਰੇ ਅਧੀਨ ਹਨ ਉਨ੍ਹਾਂ ਵਿੱਚ ਪੰਜਾਬੀ ਦਾ ਵੀ ਨਾਂ ਬੋਲਦਾ ਹੈ। ਇਸ ਗੱਲ ਲਈ ਸਾਨੂੰ ਕਿਸੇ ਬਾਹਰਲੀ ਏਜੰਸੀ ਪਾਸੋਂ ਤਸਦੀਕ ਕਰਵਾਉਣ ਦੀ ਲੋੜ ਨਹੀਂ ਹੈ ਸਗੋਂ ਹਕੀਕਤ ਇਹ ਹੈ ਕਿ ਅਸੀਂ ਆਪਣੇ ਘਰਾਂ, ਪਰਿਵਾਰਾਂ, ਵਪਾਰਾਂ ਅਤੇ ਪਿਆਰਾਂ ਵਿੱਚੋਂ ਪੰਜਾਬੀ ਨੂੰ ਨਿਕਾਲਾ ਦੇ ਦਿੱਤਾ ਹੈ। ਤੁਸੀਂ ਦਿਨ ਚੜ੍ਹਨ ਤੋਂ ਸੂਰਜ ਅਸਤਣ ਤੀਕ ਆਪਣੀ ਜ਼ਿੰਦਗੀ ਨੂੰ ਖੁਦ ਵੇਖੋ। ਆਪਣੇ ਘਰ ਤੋਂ ਰੁਜ਼ਗਾਰ ਤੀਕ ਦੇ ਸਫਰ ਦੌਰਾਨ ਤੁਰਦੇ ਫਿਰਦੇ ਨਜ਼ਰ ਮਾਰੋ ਕਿ ਪੰਜਾਬੀ ਕਿਥੇ ਹੈ?

ਤੁਹਾਡੇ ਹੱਥ ਵਿੱਚ ਫੜਿਆ ਤੁਹਾਡਾ ਹੀ ਪਛਾਣ ਪੱਤਰ ਜਿਸ ਨੂੰ ਵਿਜ਼ਟਿੰਗ ਕਾਰਡ ਕਹਿੰਦੇ ਹੋ ਉਹ ਕਿਹੜੀ ਭਾਸ਼ਾ ਵਿੱਚ ਹੈ? ਤੁਹਾਡੇ ਘਰ ਦੀ ਨੰਬਰ ਪਲੇਟ ਅਤੇ ਨਾਮ ਕਿਸ ਭਾਸ਼ਾ ਵਿੱਚ ਹੈ?  ਤੁਹਾਡੇ ਬੱਚਿਆਂ ਦੇ ਸਕੂਲ ਵਿੱਚ ਕਿਹੜੀ ਭਾਸ਼ਾ ਦੀ ਸਰਦਾਰੀ ਹੈ ?  ਤੁਹਾਡਾ ਬੱਚਾ ਟੀ ਵੀ ਚੈਨਲ ਤੇ ਕਿਸ ਭਾਸ਼ਾ ਦੇ ਪ੍ਰੋਗਰਾਮ ਦੇਖਦਾ ਹੈ   ਜੇਕਰ ਉਸ ਦਾ ਵੱਸ ਚੱਲੇ ਤਾਂ ਉਹ ਕਿਹੜੇ ਗੀਤਾਂ ਨੂੰ ਟੀ ਵੀ ਜਾਂ ਇੰਟਰੈਨੈੱਟ ਤੋਂ ਸੁਣਦਾ ਹੈ ?  ਤੁਸੀਂ ਆਪਣੇ ਤੋਂ ਲੈ ਕੇ ਬੱਚਿਆਂ ਤੀਕ ਦੇ ਪਹਿਰਾਵੇ, ਲੀੜੇ ਕੱਪੜਿਆਂ ਦੇ  ਨਾਂ ਸੋਚੋ, ਬਹੁਤੇ ਪੰਜਾਬੀ ਵਿੱਚ ਨਹੀਂ ਹਨ। ਅੰਗਰੇਜ਼ੀ ਜਾਂ ਕਿਸੇ ਹੋਰ ਜ਼ੁਬਾਨ ਤੋਂ ਆਏ ਹਨ। ਬੱਚਿਆਂ ਦੇ ਆਪਸੀ ਵਾਰਤਾਲਾਪ ਨੂੰ ਕਦੀ ਸੁਣਿਓ, ਓਹਲੇ ਬੈਠ ਕੇ। ਉਹ ਤੁਹਾਡੀ ਮਾਂ ਬੋਲੀ ਨੂੰ ਟਿੱਚ ਜਾਣਦੇ ਹਨ। ਉਨ੍ਹਾਂ ਕੋਲ ਆਪਣਾ ਅਨੁਭਵ ਹੈ ਅਤੇ ਉਸ ਅਨੁਭਵ ਦੀ ਭਾਸ਼ਾ ਹਿੰਦੀ ਜਾਂ ਅੰਗਰੇਜ਼ੀ ਬਣਾ ਦਿੱਤੀ ਗਈ ਹੈ। ਪੁੱਤਰ ਧੀਆਂ ਨੂੰ ਵਧੇਰੇ ਕਮਾਊ ਬਣਾਉਣ ਦੀ ਪ੍ਰਵਿਰਤੀ ਨੇ ਉਨ੍ਹਾਂ ਕੁਲੀਨ ਵਰਗ ਦੇ ਵਿਦਿਅਕ ਅਦਾਰਿਆਂ ਵਿੱਚ ਪੜ੍ਹਨ ਦੀ ਹੋੜ ਲਾ ਦਿੱਤੀ ਹੈ ਜਿਥੇ ਮਾਂ ਬੋਲੀ ਦਾ ਰੁਤਬਾ ਕਿਸੇ ਨੌਕਰਾਣੀ ਜਾਂ ਗੋਲੀ ਤੋਂ ਵੱਧ ਨਹੀਂ । ਹਕੀਕਤ ਇਹ ਹੈ ਕਿ ਬੱਚਾ ਜੰਮਣ ਸਾਰ ਮਾਪਿਆਂ ਦੀ ਇੱਛਾ ਵਿੱਚ ਇਹ ਗੱਲ ਬੁਰੀ ਤਰ੍ਹਾਂ ਘਰ ਕਰ ਜਾਂਦੀ ਹੈ ਕਿ ਬੱਚੇ ਨੂੰ ਕੀ ਬਣਾਉਣਾ ਹੈ। ਅੱਜਕਲ੍ਹ ਹਰ ਮਾਂ ਡਾਕਟਰ, ਇੰਜੀਨੀਅਰ ਜਾਂ ਬਹੁ ਕੌਮੀ ਕੰਪਨੀ ਦਾ ਮੈਨੇਜਰ ਜੰਮਦੀ ਹੈ ਜਿਸ ਦੀ ਤਨਖਾਹ ਪਹਿਲੀ ਨਿਯੁਕਤੀ ਤੇ ਹੀ ਘੱਟੋ ਘੱਟ ਲੱਖਾਂ ਰੁਪਏ ਹੋਵੇ। ਮਾਂਵਾਂ ਪੁੱਤਰ ਧੀਆਂ ਨਹੀਂ ਜੰਮਦੀਆਂ ਕਮਾਊ ਸੰਦ ਜੰਮਦੀਆਂ ਹਨ ਜਿਹੜੇ ਉਨ੍ਹਾਂ ਦੇ ਬੁਢਾਪੇ ਵੇਲੇ ਵੱਧ ਧਨ ਪ੍ਰਾਪਤੀ ਨਾਲ ਪਰਿਵਾਰਕ ਖੁਸ਼ਹਾਲੀ ਨੂੰ ਯਕੀਨੀ ਬਣਾ ਸਕਣ। ਇਥੋਂ ਹੀ ਭਾਸ਼ਾ ਦਾ ਘਾਣ ਸ਼ੁਰੂ ਹੁੰਦਾ ਹੈ।

ਵਿਰਸੇ ਦੀ ਮਮਤਾ ਪਾਲਣ ਵਾਲੇ ਲੋਕ ਇਹ ਗੱਲ ਜਾਣਦੇ ਹਨ ਕਿ ਪੰਘੂੜੇ ਤੋਂ ਲੈ ਕੇ ਮਾਂ ਬੋਲੀ ਹਰ ਪੈਰ ਤੇ ਤੁਹਾਡੇ ਅੰਗ ਸੰਗ ਰਹਿੰਦੀ ਹੈ ਪਰ ਇਹ ਰਿਸ਼ਤਾ ਤਾਂ ਹੀ ਨਿਭਦਾ ਹੈ ਜੇਕਰ ਮਾਪਿਆਂ ਨੇ ਆਪਣੇ ਜੀਵਨ ਵਿਹਾਰ ਵਿੱਚ ਆਪਣੀ ਮਾਂ ਬੋਲੀ ਲਈ ਸਤਿਕਾਰਯੋਗ ਥਾਂ ਰੱਖੀ ਹੋਈ ਹੈ। ਜੇਕਰ ਮਾਂ ਬੋਲੀ ਬੋਲਦੇ ਬੱਚੇ ਨੂੰ ਸਮਾਜਿਕ ਨਿਜ਼ਾਮ ਨੇ ਉਜੱਡ ਹੀ ਸਮਝਣਾ ਹੈ ਜਾਂ ਬੱਚੇ ਨੂੰ ਕੁਲੀਨ ਵਰਗ ਦੀ ਭਾਸ਼ਾ ਸਿਖਾਉਣ ਲਈ ਤੁਸੀਂ ਆਪਣੀ ਮਾਂ ਬੋਲੀ ਦੀ ਬਲੀ ਦੇਣੀ ਹੈ ਤਾਂ ਬਾਲ ਮਨ ਦੇ ਵਿਕਾਸ ਦੇ ਸਾਰੇ ਮੌਕੇ ਹੀ ਉਸ ਤੋਂ ਖੁੱਸ ਜਾਣੇ ਹਨ। ਮੁੱਢਲੀ ਗੱਲ ਇਹੀ ਹੈ ਕਿ ਜਦ ਤਕ ਬੱਚਾ ਅੱਖ਼ਰ ਗਿਆਨ ਦੇ ਲੜ ਨਹੀਂ ਲੱਗਦਾ ਓਨਾ ਚਿਰ ਉਸ ਦੀ ਕੋਰੀ ਤਖਤੀ ਤੇ ਹੋਰ ਭਾਸ਼ਾਵਾਂ ਦੇ ਘੁੱਗੂ ਘੋੜੇ ਨਾ ਵਾਹੋ। ਕੋਰੀ ਤਖਤੀ ਤੇ ਮਨਚਾਹੇ ਅੱਖ਼ਰ ਲਿਖਿਆ ਝਰੀਟਾਂ ਪੈਂਦੀਆਂ ਹਨ। ਪਰਿਵਾਰਕ ਮਾਹੌਲ ਵਿੱਚ ਹੀ ਮਾਂ ਬੋਲੀ ਦਾ ਸਤਿਕਾਰ ਬਣਾਈ ਰੱਖੋ। ਅੱਖਰਾਂ ਵੇਲੇ ਉਸ ਨੂੰ ਮਾਂ ਬੋਲੀ ਪੰਜਾਬੀ ਲਈ ਸਮਰੱਥ ਲਿੱਪੀ ਗੁਰਮੁਖੀ ਨਾਲ ਸ਼ਬਦ ਸਾਂਝ ਪੁਆਓ। ਪਿਆਰ ਦੀ ਭਾਸ਼ਾ ਮਾਂ ਬੋਲੀ ਹੀ ਹੁੰਦੀ ਹੈ ਜੇਕਰ ਤੁਸੀਂ ਪਿਆਰ ਦੀ ਭਾਸ਼ਾ ਸਿੱਖ ਜਾਓਗੇ ਤਾਂ ਰੁਜ਼ਗਾਰ ਦੀ ਕੋਈ ਵੀ ਭਾਸ਼ਾ ਸਿੱਖਣੀ ਤੁਹਾਡੇ ਲਈ ਹੋਰ ਵੀ ਆਸਾਨ ਹੋ ਜਾਵੇਗੀ। ਪਿਆਰ ਦੀ ਭਾਸ਼ਾ ਸਿੱਖਣ  ਲਈ ਪੰਜਾਬ ਸਰਕਾਰ ਦੇ ਕਿਸੇ ਵੀ ਵਿਸੇਸ਼ ਨੋਟੀਫਿਕੇਸ਼ਨ ਦੀ ਲੋੜ ਨਹੀਂ ਨਾ ਹੀ ਜ਼ਿਲ੍ਹਾ ਪੱਧਰ ਦੀਆਂ ਕਮੇਟੀਆਂ ਬਣਾਉਣ ਦੀ ਲੋੜ ਹੈ? ਤੁਸੀਂ ਆਪ ਦੱਸੋ ਕਿ ਆਪਣੇ ਹੀ ਪੰਜਾਬ ਦੇ ਧੀਆਂ ਪੁੱਤਰਾਂ ਨੂੰ ਇਹ ਕਹਿਣਾ ਪਵੇ ਕਿ ਆਪਣੀ ਮਾਂ ਬੋਲੀ ਵਿੱਚ ਕੰਮ ਕਾਰ ਕਰਿਆ ਕਰੋ ਤਾਂ ਇਸ ਤੋਂ ਵੱਡੀ ਸਿਤਮ ਵਾਲੀ ਗੱਲ ਕਿਹੜੀ ਹੋਵੇਗੀ। ਅੱਗੋਂ ਪੁੱਤਰ ਧੀਆਂ ਇਹ ਆਖਣ ਕਿ ਪਹਿਲਾਂ ਸਾਡੇ ਲਈ ਸਖਤ ਕਾਨੂੰਨ ਬਣਾਓ, ਭਾਸ਼ਾ ਟ੍ਰਿਬਿਊਨਲ ਬਣਾਓ ਫਿਰ ਅਸੀਂ ਮਾਂ ਬੋਲੀ ਵਿੱਚ ਕੰਮ ਕਾਜ ਕਰਾਂਗੇ ਤਾਂ ਇਸ ਤੋਂ ਵੱਡੀ ਹਾਰ ਕੀ ਹੋਵੇਗੀ।

ਮੇਰੀ ਧਰਤੀ ਦੇ ਲੋਕਾਂ ਨੂੰ ਇਹ ਗੱਲ ਗੁਰੂ ਨਾਨਕ ਦੇਵ ਜੀ ਨੇ 500  ਸਾਲ ਪਹਿਲਾਂ ਆਖੀ ਸੀ ਕਿ ਰਾਜ ਕਰਨ ਵਾਲੇ ਲੋਕਾਂ ਅਤੇ ਪ੍ਰਮਾਰਥ ਵੇਚਣ ਵਾਲੇ ਲੋਕਾਂ ਨੇ ਹਮੇਸ਼ਾਂ ਭਾਸ਼ਾ ਦਾ ਓਹਲਾ ਰੱਖ ਕੇ ਹੀ ਸਧਾਰਣ ਬੰਦਿਆਂ ਨੂੰ ਲੁੱਟਿਆ ਹੈ। ਇਸੇ ਕਰਕੇ ਉਨ੍ਹਾਂ ਨੇ ਪ੍ਰਮਾਰਥ ਦੀ ਭਾਸ਼ਾ ਵੀ ਪੰਜਾਬੀ ਲੋਕ ਭਾਸ਼ਾ ਬਣਾ ਵਿਖਾਈ। ਗੁਰਬਾਣੀ ਵਿੱਚ ਪਵਿੱਤਰ ਸ਼ਬਦ ਆਮ ਸਧਾਰਣ ਆਦਮੀ ਲਈ ਕਲਿਆਣਕਾਰੀ ਵੀ ਇਸੇ ਕਰਕੇ ਹਨ ਕਿ ਇਨ੍ਹਾਂ ਵਿੱਚ ਕੋਈ ਓਹਲਾ ਨਹੀਂ। ਜੇਕਰ ਅਸੀਂ ਅੱਜ ਵੀ ਓਹਲੇ ਦੀ ਓਪਰੀ ਭਾਸ਼ਾ ਤਿਆਗ ਕੇ ਹਸਪਤਾਲਾਂ, ਕਚਿਹਰੀਆਂ, ਮਾਲ ਮਹਿਕਮੇ ਦੇ ਦਸਤਾਵੇਜਾਂ, ਆਮ ਕਾਰੋਬਾਰੀ ਅਦਾਰਿਆਂ ਅਤੇ ਵਰਤੋਂ ਵਿਹਾਰ ਵਿੱਚ ਪੰਜਾਬੀ ਦੀ ਖੁੱਲੀ ਡੁੱਲੀ ਵਰਤੋਂ ਕਰਨੀ ਸ਼ੁਰੂ ਕਰ ਦੇਈਏ ਤਾਂ ਯੂਨੈਸਕੋ ਦੀ ਰਿਪੋਰਟ ਨੂੰ ਝੁਠਲਾ ਸਕਦੇ  ਹਾਂ। ਤੁਸੀਂ ਆਪ ਸੋਚੋ ਕਿ ਤੁਹਾਡੇ ਪੁੱਤਰਾਂ ਧੀਆਂ ਦੇ ਵਿਆਹਾਂ ਸ਼ਾਦੀਆਂ ਦੇ ਕਾਰਡ ਗਲਤ ਅੰਗਰੇਜ਼ੀ ਵਿੱਚ ਛਾਪਣੇ ਸਹੀ ਹਨ ਜਾਂ ਸਹੀ ਪੰਜਾਬੀ ਵਿੱਚ। ਪੰਜਾਬੀਆਂ ਦੀਆਂ ਰਿਸ਼ਤੇਦਾਰੀਆਂ ਦਾ ਤਾਣਾ ਬਾਣਾ ਪੰਜਾਬ ਵਿੱਚ ਹੀ ਤਾਂ ਹੈ। ਕਾਰਡ ਦਾ ਮਕਸਦ ਵੀ ਸਹੀ ਸੂਚਨਾ ਦੇਣਾ ਹੁੰਦਾ ਹੈ। ਜੇਕਰ ਅਸੀਂ ਆਪਣੇ ਨਾਨਕਿਆਂ ਦਾਦਕਿਆਂ ਭੂਆ ਮਾਸੀਆਂ ਅਤੇ ਹੋਰ ਰਿਸ਼ਤੇਦਾਰਾਂ ਨੂੰ ਆਪਣੀ ਜ਼ੁਬਾਨ ਵਿੱਚ ਹੀ ਸੁਨੇਹਾ ਨਹੀਂ ਦੇਵਾਂਗੇ ਤਾਂ ਹੋਰ ਕੌਣ ਦੇਵੇਗਾ? ਭਾਸ਼ਾ ਦਾ ਸਵੈ-ਮਾਣ ਹੀ ਤੁਹਾਨੂੰ ਸਹੀ ਪੰਜਾਬੀ ਪੁੱਤਰ ਬਣਾ ਸਕੇਗਾ। ਪੰਜਾਬੀ ਹੀ ਨਹੀਂ ਕਿਸੇ ਵੀ ਖਿੱਤੇ ਦੀ ਮਾਂ ਬੋਲੀ ਵਿੱਚ ਇਹ ਸਮੱਰਥਾ ਹਮੇਸ਼ਾਂ ਹੀ ਰਹਿੰਦੀ ਹੈ ਕਿ ਉਹ ਤੁਹਾਡੇ ਸਰਬਪੱਖੀ ਵਿਕਾਸ ਲਈ ਨਾਲੋਂ ਨਾਲ ਤੁਰੇ। ਤੁਹਾਡੇ ਹਓਕਿਆਂ ਦੀ ਜ਼ੁਬਾਨ ਬਣੇ। ਤੁਹਾਡੇ ਫਿਕਰਾਂ ਨੂੰ ਖੁਸ਼ੀਆਂ ਨੂੰ ਮਨ ਦੇ ਚਾਵਾਂ ਅਤੇ ਹੁਲਾਰਿਆਂ ਨੂੰ ਮਾਂ ਬੋਲੀ ਹੀ ਖੰਭ  ਲਾ ਸਕਦੀ ਹੈ। ਵਿਸ਼ਵ ਵਿੱਚ ਮਾਂ ਬੋਲੀ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਲਗਪਗ 13 ਕਰੋੜ ਗਿਣੀ ਜਾਂਦੀ ਹੈ ਜਿਨ੍ਹਾਂ ਵਿਚੋਂ ਭਾਵੇਂ ਗੁਰਮੁਖੀ ਅੱਖ਼ਰ ਜਾਨਣ ਵਾਲੇ ਵੀ ਤਿੰਨ ਕਰੋੜ ਦੇ ਨੇੜੇ ਤੇੜੇ ਹਨ ਪਰ ਪੰਜਾਬੀ ਭਾਸ਼ਾ ਵਿੱਚ ਕਿਸੇ ਵੀ ਕਿਤਾਬ ਦੀ ਛਪਣ ਸੰਖਿਆਂ 1100 ਤੋਂ ਵੱਧ ਨਹੀਂ। ਪੁਸਤਕ ਸਭਿਆਚਾਰ ਨਾਲ ਹੀ ਅਸੀਂ ਸ਼ਬਦ ਦੀ ਸਲਾਮਤੀ ਕਾਇਮ ਕਰ ਸਕਦੇ ਹਾਂ। ਭਾਸ਼ਾ ਉਦੋਂ ਮਰਦੀ ਹੈ ਜਦੋਂ ਉਸ ਦੇ ਪੁੱਤਰਾਂ ਧੀਆਂ ਦੀ ਸ਼ਬਦ ਨਾਲੋਂ ਸਾਂਝ ਟੁੱਟ ਜਾਵੇ। ਨਾਮਧਾਰੀ ਸਮਾਜ ਦੇ ਬਾਨੀ ਸਤਿਗੁਰ ਰਾਮ ਸਿੰਘ ਜੀ ਨੇ ਗੁਰਮੁਖੀ ਅੱਖਰ ਪੜ੍ਹਨੇ ਤੇ ਪੜ੍ਹਾਵਨੇ ਦਾ ਹੁਕਮਨਾਮਾ ਜਾਰੀ ਕੀਤਾ ਸੀ ਪਰ ਅੱਜ ਇਸ ਸਮਾਜ ਵਿੱਚ ਵੀ ਪੰਜਾਬੀ ਅਤੇ ਗੁਰਮੁਖੀ ਲਈ ਮੁਹੱਬਤ ਨੂੰ ਖੋਰਾ ਲੱਗ ਰਿਹਾ ਹੈ। ਭਾਸ਼ਾ ਕਿਸੇ ਧਰਮ ਜਾਤ ਜਾਂ ਗੋਤ ਦੀ ਮਲਕੀਅਤ ਨਹੀਂ ਹੁੰਦੀ ਸਗੋਂ ਖਿੱਤਾ ਵਿਸੇਸ਼ ਦੇ ਲੋਕਾਂ ਦੀ ਸਾਂਝੀ ਪੂੰਜੀ ਹੁੰਦੀ ਹੈ। ਪੰਜਾਬੀ ਨੂੰ ਸਿਰਫ ਸਿੱਖਾਂ ਦੀ ਭਾਸ਼ਾਂ ਕਹਿ ਕੇ ਤਿਆਗਣ ਵਾਲਿਆਂ ਨੂੰ ਇਹ ਗੱਲ ਕਦੇ ਵੀ ਨਹੀਂ ਵਿਸਾਰਨੀ ਚਾਹੀਦੀ ਕਿ ਪੰਜਾਬੀ ਭਾਸ਼ਾ ਦੇ ਮੁੱਢਲੇ ਲੇਖਕਾਂ ਵਿੱਚ ਈਸ਼ਵਰ ਚੰਦਰ ਨੰਦਾ, ਲਾਲਾ ਕਿਰਪਾ ਸਾਗਰ, ਬਿਹਾਰੀ ਲਾਲ ਪੁਰੀ, ਸ਼ਰਧਾ ਰਾਮ ਫਿਲੌਰੀ, ਧਨੀ ਰਾਮ ਚਾਤ੍ਰਿਕ, ਪ੍ਰੋ: ਬ੍ਰਿਜ ਲਾਲ ਸਾਸ਼ਤਰੀ, ਡਾ: ਵਿਦਿਆ ਭਾਸਕਰ ਅਰੁਣ, ਬਲਵੰਤ ਗਾਰਗੀ, ਦੇਵਿੰਦਰ ਸਤਿਆਰਥੀ ਵਰਗੇ ਮਹਾਨ ਵਿਅਕਤੀ ਕਿਸ ਪਿਛੋਕੜ ਵਿੱਚੋਂ ਆਏ ਸਨ। ਸ਼ਿਵ ਕੁਮਾਰ ਬਟਾਲਵੀ, ਮੋਹਨ ਭੰਡਾਰੀ, ਰਾਮ ਸਰੂਪ ਅਣਖੀ, ਓਮ ਪ੍ਰਕਾਸ਼ ਗਾਸੋ, ਕੇਵਲ ਸੂਦ, ਭੂਸ਼ਣ ਧਿਆਨਪੁਰੀ, ਕੇ ਐਲ ਗਰਗ, ਡਾ: ਲੋਕ ਨਾਥ ਆਦਿ ਵਰਗੇ ਸਿਰਜਣਹਾਰਿਆਂ ਨੇ ਆਪਣੀ ਧਰਤੀ ਦੀ ਜ਼ੁਬਾਨ ਨੂੰ ਕਿਵੇਂ ਸਿਖ਼ਰਾਂ ਤੇ ਪਹੁੰਚਾਇਆ ਹੈ। ਵੰਡੀਆਂ ਨਾਲ ਸ਼ਕਤੀ ਕਮਜ਼ੋਰ ਪੈਂਦੀ ਹੈ ਅਤੇ ਏਕੇ ਨਾਲ ਸਵਾਈ ਹੁੰਦੀ ਹੈ। ਆਓ ਆਪਣੀ ਮਾਂ ਬੋਲੀ ਪੰਜਾਬੀ ਦੇ ਵਿਕਾਸ ਲਈ ਸ਼ਬਦ ਸਭਿਆਚਾਰ ਦੀ ਉਸਾਰੀ ਹਿਤ ਪਿੰਡਾਂ ਵਿੱਚ ਲਾਇਬ੍ਰੇਰੀਆਂ ਦਾ ਢਾਂਚਾ ਉਸਾਰੀਏ। ਸਾਡੇ ਕੋਲ ਧਰਮਸਾਲ ਦਾ ਮਾਡਲ ਪਹਿਲਾਂ ਹੀ  ਹਾਜ਼ਰ ਹੈ। ਧਰਮਸਾਲ ਓਨਾ ਚਿਰ ਸੰਪੂਰਨ ਨਹੀਂ ਜਿੰਨਾਂ ਚਿਰ ਉਸ ਵਿੱਚ ਪਾਠਸਾਲ, ਚਕਿਤਸਾਲ ਅਤੇ ਪੁਸਤਕਸਾਲ ਨਹੀਂ ਹੈ। ਧਰਮਸਾਲ ਅੱਜ ਦਾ ਗੁਰਦੁਆਰਾ, ਮੰਦਰ, ਗਿਰਜਾਘਰ ਜਾਂ ਮਸੀਤ ਹੈ। ਪਾਠਸਾਲ ਸਕੂਲ ਹੈ, ਚਕਿਤਸਾਲ ਹਸਪਤਾਲ ਹੈ ਅਤੇ ਪੁਸਤਕਸਾਲ ਲਾਇਬ੍ਰੇਰੀ ਹੈ। ਇਨ੍ਹਾਂ ਚਾਰ ਪਾਵਿਆਂ ਤੇ ਹੀ ਸਾਡਾ ਵਿਕਾਸ ਮਾਡਲ ਖੜ੍ਹਾ ਹੈ। ਇਨ੍ਹਾਂ ਵਿੱਚ ਸੁਮੇਲ ਕਰਨਾ ਪਵੇਗਾ ਫਿਰ ਕਿਸੇ ਅੰਤਰ ਰਾਸ਼ਟਰੀ ਏਜੰਸੀ ਨੂੰ ਇਹ ਕਹਿਣ ਦਾ ਮੌਕਾ ਨਹੀਂ ਮਿਲੇਗਾ ਕਿ ਪੰਜਾਬੀ ਭਾਸ਼ਾ ਮਰ ਰਹੀ ਹੈ। ਪੰਜਾਬੀ ਦੇ ਸ਼ਬਦ ਭੰਡਾਰ ਵਿੱਚ ਵਾਧੇ ਅਤੇ ਵਿਕਾਸ ਲਈ ਭਾਸ਼ਾ ਦੀ ਵਰਤੋਂ ਯੋਗਤਾ ਵਧਾਉਣੀ ਪਵੇਗੀ। ਨਿਰੰਤਰ ਮੋਹ  ਅਤੇ ਮੁਹੱਬਤ ਦਾ ਰਿਸ਼ਤਾ ਸੁਰਜੀਤ ਕਰਕੇ ਹੀ ਅਸੀਂ ਆਪਣੀ ਮਾਂ ਬੋਲੀ ਸਮਰੱਥਾਵਾਨ ਸੁਆਣੀ ਬਣਾ ਸਕਾਂਗੇ। ਭਾਸ਼ਾ ਕੋਈ ਉਦਯੋਗਿਕ ਇਕਾਈ ਅੰਦਰ ਵਿਗਸਣ ਵਾਲੀ ਵਸਤੂ ਨਹੀਂ ਹੈ, ਇਸ ਦਾ ਉਤਪਾਦਨ ਨਹੀਂ ਹੁੰਦਾ। ਸ਼ਬਦਕੋਸ਼ ਜਿਉਂਦੀਆਂ ਭਾਸ਼ਾਵਾਂ ਦਾ ਖਜ਼ਾਨਾ ਤਾਂ ਹੁੰਦੇ ਹਨ ਪਰ ਇਨ੍ਹਾਂ ਨੂੰ ਕਬਰਾਂ ਨਾ ਬਣਾਈਏ। ਇਹ ਪੂੰਜੀ ਲਗਾਤਾਰ ਵਰਤਣ ਵਾਸਤੇ ਹੈ, ਸਿਰਫ ਸੰਭਾਲਣ ਵਾਸਤੇ ਨਹੀਂ। ਕਤਰੇ ਕਤਰੇ ਨਾਲ ਹੀ ਸਮੁੰਦਰ ਭਰਦਾ ਹੈ। ਆਓ ਪ੍ਰਣ ਕਰੀਏ ਕਿ ਮਾਂ ਬੋਲੀ ਪੰਜਾਬੀ ਦੇ ਵਿਕਾਸ ਲਈ ਕਿਸੇ ਹੋਰ ਧਿਰ ਦਾ ਸਾਥ ਲੱਭਣ ਦੀ ਥਾਂ ਖੁਦ ਹਿੰਮਤ ਕਰੀਏ। ਪੰਜਾਬੀ ਦੇ ਨਾਮਵਰ ਕਹਾਣੀਕਾਰ ਵਰਿਆਮ ਸਿੰਘ ਸੰਧੂ ਨੇ ਮੁੱਢਲੇ ਸਫਰ ਦੌਰਾਨ ਕੁਝ ਕਵਿਤਾਵਾਂ ਵੀ ਲਿਖੀਆਂ ਸਨ। ਉਨ੍ਹਾਂ ਦੀ ਇਕ ਕਵਿਤਾ ਦੇ ਬੋਲਾਂ ਨਾਲ ਮੈਂ ਆਪਣੀ ਗੱਲ ਮੁਕਾਉਂਦਾ ਹਾਂ:-

ਕਿਸ ਨੂੰ ਉਡੀਕਦੇ ਹੋ,

ਗੋਬਿੰਦ ਨੇ ਹੁਣ ਪਟਨੇ ਚੋਂ ਨਹੀਂ ਆਉਣਾ।

ਮਸਤਕ ਤੋਂ ਹੱਥ ਤਕ ਸਿੱਧਾ ਰਸਤਾ

ਕੇਸਗੜ੍ਹ ਦੇ ਮੈਦਾਨ ਨੂੰ ਜਾਂਦਾ ਹੈ।

ਭਾਸ਼ਾ ਦੇ ਵਾਂਗ ਹੀ ਸਭਿਆਚਾਰ ਵੀ ਕਿਸੇ ਖਿੱਤਾ ਵਿਸੇਸ਼ ਦੀ ਪਛਾਣ ਅਤੇ ਸ਼ਕਤੀ ਹੁੰਦੀ ਹੈ ਪਰ ਭਾਸ਼ਾ ਜਿਥੇ ਨਿਸ਼ਚਿਤ ਸਰੂਪ ਦੀ ਧਾਰਨੀ ਹੁੰਦੀ ਹੈ ਉਥੇ ਸਭਿਆਚਾਰ ਕੋਈ ਸਥੂਲ ਵਸਤੂ ਦਾ ਨਾਮ ਨਹੀਂ ਹੈ। ਇਹ ਤਾਂ ਵਗਦੇ ਦਰਿਆ ਦੀ ਰਵਾਨੀ ਵਾਂਗ ਹੁੰਦਾ ਹੈ ਜਿਸ ਵਿੱਚ ਤਰਲਤਾ ਵੀ ਹੈ, ਲਹਿਰਾਂ ਵੀ, ਮਿੱਟੀ ਵੀ, ਅੱਥਰੂਆਂ, ਖੁਸ਼ੀਆਂ ਅਤੇ ਚਾਵਾਂ ਤੇ ਉਤਸ਼ਾਹਾਂ ਦਾ ਸੁਮੇਲ। ਸਭਿਆਚਾਰ ਵਰ੍ਹਿਆਂ ਦਾ ਗੁਲਾਮ ਨਹੀਂ ਹੁੰਦਾ ਅਤੇ ਨਾ ਹੀ ਸਮਾਕਾਲ ਦਾ ਮੁਣਸ਼ੀ ਹੁੰਦਾ ਹੈ। ਰੋਜ਼ਨਾਮਚਾ ਨਹੀਂ ਹੁੰਦਾ ਸਭਿਆਚਾਰ, ਇਹ ਤਾਂ ਕਿਸੇ ਵੀ ਧਰਤੀ ਤੇ ਲੋਕਾਂ ਦੀ ਜੀਵਨ ਧੜਕਣ ਦੀ ਮਹਿਕ ਹੁੰਦੀ ਹੈ। ਖਿੱਤਾ ਵਿਸ਼ੇਸ਼ ਦੀ ਸ਼ਕਤੀ, ਵਿਸੇਸ਼ ਧਰਤੀ ਤੇ ਵਸਦੇ ਲੋਕਾਂ ਦਾ ਸੰਘਰਸ਼ ਥੁੜਾਂ, ਤੰਗੀਆਂ-ਤੁਰਸ਼ੀਆਂ ਅਤੇ ਨਿਰੰਤਰ ਤੁਰਨ ਦਾ ਅੰਦਾਜ਼। ਪੰਜਾਬੀ ਲੋਕਾਂ ਨੂੰ ਆਪਣੇ ਸਭਿਆਚਾਰ ਤੇ ਮਾਣ ਤਾਂ ਹੈ ਪਰ ਇਸ ਬਾਰੇ ਚੇਤਨਾ ਗੈਰ ਹਾਜ਼ਰ ਹੈ।

ਬਹੁਤੇ ਲੋਕ ਨੱਚਣ ਗਾਉਣ ਅਤੇ ਰੰਗ ਬਰੰਗੇ ਪਹਿਰਾਵਿਆਂ ਤੀਕ ਹੀ ਸਭਿਆਚਾਰ ਨੂੰ ਸੀਮਤ ਕਰ ਲੈਂਦੇ ਹਨ। ਇਹ ਤਾਂ ਫੁਲਕਾਰੀ ਦੇ ਨਮੂਨਿਆਂ ਵਿਚੋਂ ਇਕ ਰੰਗ ਦਾ ਧਾਗਾ ਹੋ ਸਕਦਾ ਹੈ ਪਰ ਸਮੁੱਚੀ ਫੁਲਕਾਰੀ ਤਾਂ ਸਾਰੇ ਰੰਗਾਂ ਦੇ ਸੁਮੇਲ ਨਾਲ ਹੀ ਬਣਦੀ ਹੈ। ਪੰਜਾਬੀ ਸਭਿਆਚਾਰ ਦੀ ਸ਼ਕਤੀ ਸ਼ਬਦ ਵਿੱਚ ਹੈ। ਸ਼ਬਦ ਸਾਡਾ ਗੁਰੂ ਹੈ। ਰਿਗਵੇਦ ਤੋਂ ਲੈ ਕੇ ਅੱਜ ਦੇ ਸਿਰਜਕਾਂ ਤੀਕ ਸ਼ਬਦ ਦੀ ਸਰਦਾਰੀ ਸਾਡੇ ਸਾਹਾਂ ਸਵਾਸਾਂ ਵਿੱਚ ਵਸਦੀ ਹੈ। ਇਹ ਗੱਲ ਵੱਖਰੀ ਹੈ ਕਿ ਟੈਲੀਵੀਜ਼ਨ ਅਤੇ ਫਿਲਮਾਂ ਰਾਹੀਂ ਸੌਖੀ ਹਜ਼ਮ ਹੋਣ ਵਾਲੀ ਤਕਨਾਲੋਜੀ ਕਾਰਨ ਪੁਸਤਕ ਸਭਿਆਚਾਰ ਹੌਲੀ ਹੌਲੀ ਦਮ ਤੋੜ ਰਿਹਾ ਹੈ ਪਰ ਇਹ ਗੱਲ ਕਦੇ ਨਾ ਭੁਲਾਇਓ ਕਿ ਹਰ ਗਿਆਨ ਅਤੇ ਟੈਕਨਾਲੋਜੀ ਦੀ ਮਾਂ ਪੁਸਤਕ ਹੀ ਹੈ।

ਬਾਲ ਨੂੰ ਮਾਂ ਵੱਲੋਂ ਦਿੱਤੀ ਲੋਰੀ ਤੋਂ ਲੈ ਕੇ ਉਸ ਦੇ ਹੱਥ ਵਿੱਚ ਡੰਗੋਰੀ ਫੜਨ ਤੀਕ ਸਾਰਾ ਸਫ਼ਰ ਵੇਖੋ। ਗੋਦੀ ਵਿੱਚ ਪਾ ਕੇ ਬੱਚੇ ਨੂੰ ਮਾਂ ਥਾਪੜਦੀ ਹੈ, ਇਹ ਤਾਲ ਹੈ ਜੋ ਮੂੰਹ ਨਾਲ ਅਲਾਪਦੀ ਹੈ ਉਸ ਸੁਰ ਹੈ। ਸਾਡੀਆਂ ਮਾਵਾਂ ਨੇ ਕਿਸੇ ਉਸਤਾਦ ਸੰਗੀਤਕਾਰ ਤੋਂ ਇਹਦੀ ਸਿਖਲਾਈ ਨਹੀਂ ਲਈ ਹੁੰਦੀ ਸਗੋਂ ਸਹਿਜ ਸੁਭਾਅ ਸੰਗੀਤ ਸਾਡੇ ਸਾਹਾਂ ਵਿੱਚ ਨਿਵਾਸ ਕਰਦਾ ਹੈ। ਓਹੀ ਅੱਗੇ ਤੁਰ ਕੇ ਬੱਚੇ ਵਿੱਚ ਪ੍ਰਵੇਸ਼ ਕਰ ਜਾਂਦਾ ਹੈ। ਅੱਜ ਦੀ ਮਸ਼ੀਨੀ ਦੌੜ ਨੇ ਮਾਵਾਂ ਕੋਲੋਂ ਇਹ ਮੌਕੇ ਖੋਹ ਲਏ ਹਨ। ਜਿਹੜੀਆਂ ਮਾਵਾਂ ਬੱਚੇ ਨੂੰ ਗੋਦੀ ਪਾ ਕੇ ਨੀਂਦਰ ਰਾਣੀ ਲਿਆਉਣ ਲਈ ਇਹ ਵਿਧੀ ਅੱਜ ਨਹੀਂ ਵਰਤਦੀਆਂ ਉਨ੍ਹਾਂ ਦੇ ਬਾਲਾਂ ਦੀ ਮਾਨਸਿਕਤਾ ਵਿੱਚ ਤਰਲਤਾ ਦੀ ਗੈਰ ਹਾਜ਼ਰੀ ਯਕੀਨੀ ਹੈ। ਨੌਕਰਾਂ ਚਾਕਰਾਂ ਕੋਲ ਪਲੇ ਬਾਲ ਫਿਰ ਸਕੂਲਾਂ ਦੇ ਹੋਸਟਲਾਂ ਵਿੱਚ ਗੱਭਰੂ ਹੋਏ ਬੱਚੇ ਤੋਂ ਜਵਾਨ ਬਣੇ ਵਿਅਕਤੀ ਕੋਲੋਂ ਤੁਸੀਂ ਹੱਥਾਂ ਦੀਆਂ ਤਲੀਆਂ ਵਿੱਚ ਗਿੱਧੇ ਅਤੇ ਪੈਰਾਂ ਵਿੱਚ ਭੰਗੜੇ ਦੀ ਆਸ ਨਹੀਂ ਰੱਖ ਸਕਦੇ। ਅਮਜ਼ਦ ਅਲੀ ਖਾਨ ਦਾ ਸਰੋਦਵਾਦਨ ਹੋਵੇ ਜਾਂ ਉਸਤਾਦ ਵਿਲਾਇਤ ਖਾਂ ਸਾਹਿਬ ਦਾ ਸਿਤਾਰ ਵਾਦਨ ਉਸ ਲਈ ਕਾਲਾ ਅੱਖਰ ਮੱਝ ਬਰਾਬਰ ਹੀ ਰਹੇਗਾ। ਪਰਿਵਾਰ ਵਿੱਚ ਸਭਿਆਚਾਰ ਦੀ ਗੁੜ੍ਹਤੀ ਸਾਨੂੰ ਸਿਰਫ ਕਿਤਾਬਾਂ ਦੇ ਸਬਕ ਨਹੀਂ ਦਿੰਦੇ ਸਗੋਂ ਬਹੁਤ ਕੁਝ ਅਸੀਂ ਆਪਣੇ ਵਿਹਾਰ ਰਾਹੀਂ ਅਗਲੀ ਪੀੜ੍ਹੀ ਨੂੰ ਸੌਂਪਣਾ ਹੁੰਦਾ ਹੈ। ਬੱਚੇ ਨੂੰ ਬੱਚਾ ਨਾ ਸਮਝੋ, ਉਸ ਦੀਆਂ ਦੋ ਅੱਖਾਂ ਨੂੰ ਅੱਖਾਂ ਨਾ ਸਮਝੋ । ਉਹ ਦੋ ਕੈਮਰੇ ਲਈ ਫਿਰਦਾ ਹੈ ਜੋ ਤੁਹਾਡੇ ਹਰ ਹਰਕਤ ਨੂੰ ਆਪਣੇ ਮਨ ਦੀ ਹਾਰਡ ਡਿਸਕ ਵਿੱਚ ਜਮ੍ਹਾਂ ਕਰੀ ਜਾਂਦਾ ਹੈ। ਇਸ ਡਿਸਕ ਵਿੱਚ ਕਦੇ ਵਾਇਰਸ ਨਹੀਂ ਆਉਂਦਾ । ਚੇਤ ਅਚੇਤ ਇਹ ਸਮਾਂ ਪੈਣ ਤੇ ਹਾਜ਼ਰ ਨਾਜ਼ਰ ਹੋ ਜਾਂਦਾ ਹੈ ਜਿਸ ਨੂੰ ਅਸੀਂ ਆਮ ਭਾਸ਼ਾ ਵਿੱਚ ਮਾਂ ਪਰ ਪੂਤ ਪਿਤਾ ਪਰ ਘੋੜਾ, ਬਹੁਤਾ ਨਹੀਂ ਤੇ ਥੋੜ੍ਹਾ ਥੋੜ੍ਹਾ ਆਖਦੇ ਹਾਂ। ਉਹ ਇਹੀ ਵਿਹਾਰ ਹੈ ਜੋ ਬੱਚਾ ਮਾਂ-ਬਾਪ ਤੋਂ ਹਾਸਲ ਕਰਦਾ ਹੈ ਅਤੇ ਅਗਲੀ ਪੁਸ਼ਤ ਤੀਕ ਲੈ ਕੇ ਜਾਂਦਾ ਹੈ।

ਆਮ ਲੋਕ ਇਸ ਗੱਲ ਵਿੱਚ ਫਖਰ ਮਹਿਸੂਸ ਕਰਦੇ ਹਨ ਕਿ ਮੈਂ ਹੱਥੀਂ ਕੋਈ ਕੰਮ ਨਹੀਂ ਕਰਦਾ। ਕਿਰਤ ਸਭਿਆਚਾਰ ਸਾਡੀ ਸ਼ਕਤੀ ਨਾ ਹੁੰਦੀ ਤਾਂ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਦੇ ਖੇਤਾਂ ਵਿੱਚ ਵਾਹੀ ਨਹੀਂ ਸੀ ਕਰਨੀ। ਉਨ੍ਹਾਂ ਨੇ ਕਿਰਤ ਦਾ ਸਬਕ ਪੜ੍ਹਾਉਣ ਲਈ ਕਰਤਾਰਪੁਰ ਨੂੰ ਹੀ ਕਿਤਾਬ ਬਣਾ ਦਿੱਤਾ। ਪੰਜ ਸਦੀਆਂ ਤੋਂ ਵਧ ਸਮਾਂ ਬੀਤ ਚੁੱਕਾ ਹੈ । ਅਸੀਂ ਇਸ ਕਿਤਾਬ ਨੂੰ ਜਿੰਨਾ ਜਿੰਨਾ ਪੜ੍ਹਿਆ ਹੈ ਉਨਾ ਉਨਾ ਹੀ ਸੁਖ ਪਾਇਆ ਹੈ। ਜਿਸ ਥਾਂ ਤੇ ਗੁਰੂ ਨਾਨਕ ਦੇਵ ਜੀ ਨੇ ੳਂੁਕਾਰ ਨੂੰ ਇਕ ਕਿਹਾ ਸੀ ਉਸ ਥਾਂ ਤੇ ਜਾਓ। ਸੁਲਤਾਨਪੁਰੀ ਲੋਧੀ ਦੀ ਧਰਤੀ ਉਪਰੋਂ ਵਹਿੰਦੀ ਕਾਲੀ ਬੇਈਂ ਸਾਡੀਆਂ ਕਾਲੀਆਂ ਕਰਤੂਤਾਂ ਦਾ ਕੱਚਾ ਚਿੱਠਾ ਬੋਲ ਬੋਲ ਕੇ ਸੁਣਾਉਂਦੀ ਹੈ। ਕਿਵੇਂ ਵਿਰਸੇ ਨਾਲ ਖਿਲਵਾੜ ਕੀਤਾ ਹੈ ਅਸੀਂ। ਗੰਦਾ ਨਾਲਾ ਬਣਾ ਧਰਿਆ ਹੈ ਅਸਾਂ ਨਿਰਮਲ ਨੀਰ ਦਾ  ਅਲੌਕਿਕ ਸੋਮਾ। ਧਰਮ ਦੇ ਨਾਂ ਤੇ ਬਣੀਆਂ ਸੰਸਥਾਵਾਂ ਅਤੇ ਅਦਾਰਿਆਂ ਦਾ ਮਲ ਮੂਤਰ ਵੀ ਜੇ ਇਸੇ ਪਵਿੱਤਰ ਸੋਮੇ ਵਿੱਚ ਪੈਣੋਂ ਰੋਕਣ ਲਈ ਕਿਸੇ ਬਲਬੀਰ ਸਿੰਘ ਸੀਚੇਵਾਲ ਵਰਗੇ ਮਹਾਂਪੁਰਸ਼ ਨੂੰ ਸੰਘਰਸ਼ ਕਰਨਾ ਪਵੇ ਤਾਂ ਇਸ ਤੋਂ ਵੱਧ ਨਮੋਸ਼ੀ ਵਾਲੀ ਗੱਲ ਕੀ ਹੋਵੇਗੀ। ਅਸੀਂ ਸਭਿਆਚਾਰ ਨੂੰ ਸਿਰਫ ਮੰਚ ਪੇਸ਼ਕਾਰੀਆਂ ਤੀਕ ਸੀਮਤ ਕਰ ਲਿਆ ਹੈ ਜਦ ਕਿ ਸਾਡਾ ਸਭਿਆਚਾਰ ਪੌਣ ਨੂੰ ਗੁਰੂ ਮੰਨਣਾ ਹੈ, ਪਾਣੀ ਨੂੰ ਪਿਤਾ ਮੰਨਣਾ ਹੈ, ਧਰਤੀ ਨੂੰ ਮਾਤਾ ਮੰਨਣਾ ਹੈ । ਜਿਸ ਨੂੰ ਦਿਨ ਤੇ ਰਾਤ ਦੋ ਖਿਡਾਵੀ ਖਿਡਾਵੇ ਬਣ ਕੇ ਸਾਨੂੰ ਸਭ ਨੂੰ ਖਿਡਾਉਂਦੇ ਹਨ। ਅਸੀਂ ਸ਼ਬਦ  ਤਾਂ ਪੜ੍ਹਦੇ ਹਾਂ ਪਰ ਉਸ ਨੂੰ ਜੀਵਨ ਧਾਰਾ ਵਿੱਚ ਲਾਗੂ ਨਹੀਂ ਕਰਦੇ।

ਗਰੀਬ ਦਾ ਮੂੰਹ ਗੁਰੂ ਦੀ ਗੋਲਕ ਬਹੁਤ ਵਾਰ ਸੁਣਿਆ ਹੈ ਪਰ ਇਸ ਤੇ ਅਮਲ ਕਰਨ ਵਾਲੇ ਵਿਰਲੇ ਹਨ। ਭਗਤ ਪੂਰਨ ਸਿੰਘ ਹੋਵੇ ਜਾਂ ਇਸ ਤੋਂ ਪਹਿਲਾਂ ਭਾਈ ਘਨੱਈਆ, ਗੁਰੂ ਦੇ ਇਨ੍ਹਾਂ ਸਿੰਘਾਂ ਨੇ ਆਪਣੇ ਇਸ਼ਟ ਦੀ ਹੁਕਮ ਪਾਲਣਾ ਇਸ ਅੰਦਾਜ਼ ਨਾਲ ਹੀ ਕੀਤੀ ਹੈ। ਜੰਗ ਵਿੱਚ ਜ਼ਖ਼ਮੀ ਨੂੰ ਪਾਣੀ ਦੇਣ ਵੇਲੇ ਧਰਮ ਦਾ ਨਿਸ਼ਾਨ ਵੇਖਣ ਵਾਲਾ ਗੁਰੂ ਦਾ ਸਿੱਖ ਨਹੀਂ ਹੁੰਦਾ। ਭਾਈ ਘਨੱਈਆ ਇਸੇ ਕਰਕੇ ਸਾਡੇ ਸਭਿਆਚਾਰ ਦੀ ਸ਼ਕਤੀ ਵਜੋਂ ਉੱਭਰਦਾ ਹੈ। ਭਗਤ ਪੂਰਨ ਸਿੰਘ ਵਰਗੇ ਨਿਰਛਲ, ਨਿਰਕਪਟ ਅਤੇ ਨਿਰਵਿਕਾਰ ਵਿਅਕਤੀ ਮਾਵਾਂ ਰੋਜ਼ ਨਹੀਂ ਜੰਮਦੀਆਂ। ਧਰਤੀ ਦੇ ਇਨ੍ਹਾਂ ਸੁਲੱਗ ਪੁੱਤਰਾਂ ਕਾਰਨ ਹੀ ਪੰਜਾਬ ਦੀ ਦਸਤਾਰ ਦਾ ਸ਼ਮਲਾ ਪੂਰੇ ਵਿਸ਼ਵ ਵਿੱਚ ਦੂਰੋਂ ਦਿਸਦਾ ਹੈ। ਸਰਮਾਇਆ ਬੜੇ ਲੋਕਾਂ ਕੋਲ ਹੈ ਪਰ ਦਿਲਾਂ ਵਿੱਚ ਗਰੀਬੀ ਵੀ ਕਮਾਲ ਦੀ। ਆਪਣੇ ਘਰਾਂ ਦੇ ਅੰਦਰ ਅੰਦਰ ਹੀ ਉਹ ਸਭਿਆਚਾਰ ਦੇ ਰਾਖੇ ਹਨ ਪਰ ਘਰ ਦੀ ਬਾਹਰਲੀ ਦੀਵਾਰ ਦੇ ਨਾਲ ਹੀ ਕੂੜੇ ਦੇ ਢੇਰ ਉਨ੍ਹਾਂ ਕੀ ਅਸਲੀਅਤ ਦਾ ਪਾਜ਼ ਉਘਾੜਦੇ ਹਨ। ਧਰਤੀ ਮਾਤਾ ਮੰਨਣ ਵਾਲੀ ਕੌਮ ਦੇ ਵਾਰਸਾਂ ਸਾਹਮਣੇ ਵਾਤਾਵਰਨ ਬਹੁਤ ਵੱਡਾ ਸੁਆਲ ਬਣ ਕੇ ਖੜ੍ਹਾ ਹੈ। ਬਿਰਖਾਂ ਦੀ ਹਰਿਆਵਲੀ ਧਰਤੀ ਅੱਜ ਘੋਨਮੋਨ ਹੋ ਚੱਲੀ ਹੈ। ਅਨਾਜ ਉਗਾਉਣ ਦੇ ਲਾਲਚਵਸ ਕਿਸੇ ਖੇਤ ਦੇ ਵੱਟਾਂ ਬੰਨੇ ਛੱਤਰੀਦਾਰ ਬਿਰਖ ਨਹੀਂ, ਨਾ ਹੀ ਬਿਰਖਾਂ ਵਰਗੇ ਬਾਬੇ ਹਨ। ਧਰਤੀ ਦੀ ਇਹ ਖੂਬਸੂਰਤ ਰਵਾਇਤ ਰਹੀ ਹੈ ਕਿ ਬਿਰਖਾਂ ਵਰਗੇ ਬਾਬੇ ਅਤੇ ਪਿੱਪਲ ਬੋਹੜ ਸਾਡੀ ਸਾਂਝੀ ਜੀਵਨ ਤੋਰ ਦੇ ਗਵਾਹ ਰਹੇ ਹਨ। ਅਸੀਂ ਇਨ੍ਹਾਂ ਰੁਖਾਂ ਹੇਠ ਇਕੱਠਿਆਂ ਜੀਣ ਮਰਨ ਦੇ ਅਹਿਸਾਸ ਨੂੰ ਮਾਣਦੇ ਰਹੇ ਹਾਂ। ਸਾਡਾ ਸਭਿਆਚਾਰ ਧਰਤ ਮੁਖੀ ਹੈ। ਸਾਰਾ ਕੁਝ ਧਰਤੀ ਵੱਲ ਵੇਖ ਕੇ ਅੱਗੇ ਤੁਰਦਾ ਹੈ। ਪੰਜਾਬੀ ਸਭਿਆਚਾਰ ਫੈਲਵਾਂ ਹੈ ਪਰ ਅੱਜ ਸਫੈਦਿਆਂ ਦੇ ਯੁਗ ਵਿੱਚ ਅਸੀਂ ਅਕਾਸ਼ ਮੁਖੀ ਹੋ ਗਏ ਹਾਂ। ਸਾਡਾ ਆਸ ਪਾਸ ਵੀਰਾਨ ਹੈ, ਸੁੰਨਾ ਹੈ। ਵਿਅਕਤੀਗਤ ਵਿਕਾਸ ਨੂੰ ਪ੍ਰਾਪਤੀ ਮੰਨਣਾ ਪੰਜਾਬੀ ਸਭਿਆਚਾਰ ਨਹੀਂ। ਪੰਜਾਬੀ ਸਭਿਆਚਾਰ ਤਾਂ ਜੀਓ ਅਤੇ ਜਿਊਣ ਦਿਓ ਤੋਂ ਅੱਗੇ ਤੁਰ ਕੇ ਸਾਂਝੀ ਧੜਕਣ ਦਾ ਵਿਸਵਾਸ਼ੀ ਹੈ।

ਹਰ ਪੰਜਾਬੀ ਦੇ ਸਭਿਆਚਾਰ ਵਿੱਚ ਤਿੰਨ ਮਾਵਾਂ ਦਾ ਯੋਗਦਾਨ ਪ੍ਰਮੁਖ ਰਿਹਾ ਹੈ। ਪਹਿਲਾਂ ਮਾਂ ਜਣਨਹਾਰੀ ਹੈ ਜਿਸ ਨੇ ਆਪਣੀ ਕੁੱਖ ਵਿੱਚ ਸਾਨੂੰ ਵਿਕਸਤ ਕੀਤਾ। ਉਸ ਦੀ ਕੁਖ ਨੂੰ ਅੱਜ ਅਸੀਂ ਮਸ਼ੀਨਾਂ ਹਵਾਲੇ ਕਰ ਚੁਕੇ ਹਾਂ। ਦੂਸਰੀ ਮਾਂ ਬੋਲੀ ਹੈ ਜਿਸ ਦਾ ਹਸ਼ਰ ਤੁਹਾਨੂੰ ਸਭ ਨੂੰ ਮੈਂ ਕੱਲ੍ਹ ਹੀ ਦਸ ਚੁੱਕਾ ਹਾਂ। ਆਪਣੀ ਮਾਂ ਬੋਲੀ ਬੋਲਣ ਲੱਗਿਆਂ ਜੇਕਰ ਪੁੱਤਰਾਂ ਧੀਆਂ ਨੂੰ ਹੀ ਸੰਗ ਆਉਣ ਲੱਗ ਜਾਵੇ ਤਾਂ ਉਹ ਮਾਂ ਕਿਧਰ ਜਾਵੇ। ਮਾਂ ਧਰਤੀ ਦਾ ਹਾਲ ਵੀ ਕਿਸੇ ਤੋਂ ਲੁਕਿਆ ਛੁਪਿਆ ਨਹੀਂ। ਵੰਨ ਸੁਵੰਨੀਆਂ ਜ਼ਹਿਰਾਂ ਛਿੜਕ ਛਿੜਕ ਕੇ ਅਸੀਂ ਆਪਣੀਆਂ ਹਵਾਵਾਂ ਵਿੱਚ ਜ਼ਹਿਰ ਘੋਲ ਲਿਆ ਹੈ। ਰਸਾਇਣਕ ਖਾਦਾਂ, ਨਦੀਨ ਨਾਸ਼ਕ ਜ਼ਹਿਰਾਂ ਅਤੇ ਉੱਲੀ ਨਾਸ਼ਕ ਜ਼ਹਿਰਾਂ ਦੇ ਅਸਰ ਕਾਰਨ ਧਰਤੀ ਦੀ ਹਾਲਤ ਨਿਘਾਰ ਵੱਲ ਚੱਲ ਰਹੀ ਹੈ। ਜਲ ਸੋਮਿਆਂ ਦੀ ਬੇਹਿਸਾਬ ਵਰਤੋਂ ਨਾਲ ਖੂਹਾਂ ਦੇ ਪਾਣੀ ਲੱਭਦੇ ਨਹੀਂ। ਮੱਛੀ ਮੋਟਰਾਂ ਲਾ ਕੇ ਧਰਤੀ ਹੇਠੋਂ ਪਾਣੀ ਖਿੱਚਣ ਲੱਗਿਆਂ ਸਾਨੂੰ ਇਹ ਗੱਲ ਕਦੇ ਨਹੀਂ ਵਿਸਾਰਨੀ ਚਾਹੀਦੀ ਕਿ ਇਹ ਸੀਮਤ ਸਰਮਾਇਆ ਹੈ ਜੋ ਕਦੇ ਵੀ ਮੁੱਕ ਸਕਦਾ ਹੈ। ਇਸ ਧਰਤੀ ਤੇ ਜੇਕਰ ਕਦੇ ਤੀਸਰਾ ਵਿਸ਼ਵ ਯੁਧ ਹੋਇਆ ਤਾਂ ਉਸ ਦਾ ਮੁੱਦਾ ਪਾਣੀ ਹੋਵੇਗਾ ਜਿਸ ਨੂੰ ਅਸੀਂ ਬੇਰਹਿਮੀ ਨਾਲ ਖਰਚ ਰਹੇ ਹਾਂ। ਆਪਣੇ ਕੁਦਰਤੀ ਸੋਮਿਆਂ ਨੂੰ ਸੰਭਾਲਣ ਦਾ ਵੀ ਸਾਡਾ ਸਭਿਆਚਾਰ ਹੈ।

ਗੀਤ ਸੰਗੀਤ ਵਿੱਚ ਰਿਸ਼ਤਿਆਂ ਦੀ ਪਵਿੱਤਰਤਾ ਕਾਇਮ ਰੱਖਣ ਦੀ ਜ਼ਿੰਮੇਂਵਾਰੀ ਅਸੀਂ ਸਰਕਾਰਾਂ ਤੇ ਕਿਉਂ ਸੁੱਟੀਏ । ਸਾਡੀਆਂ ਸਰਕਾਰਾਂ ਨੂੰ ਹੋਰ ਪੰਜਾਹ ਕੰਮਾਂ ਤੋਂ ਵਿਹਲ ਨਹੀਂ ਨਾਲੇ ਸਰਕਾਰਾਂ ਕਿਉਂ ਚਾਹੁੰਣਗੀਆਂ ਕਿ ਤੁਹਾਡਾ ਸੁਹਜ ਸੁਆਦ ਨਾ ਵਿਗੜੇ। ਆਪਣੇ ਘਰ ਦੀ ਰਾਖੀ ਸਾਨੂੰ ਖੁਦ ਹੀ ਕਰਨੀ ਪੈਣੀ ਹੈ। ਸ਼ੋਰ ਅਤੇ ਸੰਗੀਤ ਵਿਚਕਾਰਲੀ ਲਕੀਰ ਵਾਹੁੰਣੀ ਪੈਣੀ ਹੈ। ਤੁਸੀਂ ਆਪ ਦੱਸੋ ਕਿ ਕਿਸੇ ਵੀ ਵਿਆਹ ਸ਼ਾਦੀ ਤੇ ਜਾ ਕੇ ਤੁਸੀਂ ਕਦੇ ਕਿਸੇ ਗਵੱਈਏ ਦਾ ਇਕ ਵੀ ਬੋਲ ਸੁਣ ਸਕੇ ਹੋ, ਸਾਜਾਂ ਦਾ ਲਾਠੀਚਾਰਜ ਤੁਹਾਨੂੰ ਸ਼ੋਰ ਵਿੱਚ ਗਲਤਾਨ ਕਰ ਦਿੰਦਾ ਹੈ । ਤੁਸੀਂ ਆਪਣੇ ਆਪ ਨੂੰ ਉਸ ਪਲ ਵੇਖੋ ਜਦੋਂ ਇਹ ਸ਼ੋਰ ਬੰਦ ਹੁੰਦਾ ਹੈ। ਕੰਨਾਂ ਨੂੰ ਸਾਹ ਜਿਹਾ ਆ ਜਾਂਦਾ ਹੈ। ਕੀ ਸਮੁੱਚੀ ਪ੍ਰਕਿਰਤੀ ਇਸ ਸ਼ੋਰ ਨੂੰ ਨਾ ਪਸੰਦ ਨਹੀਂ ਕਰਦੀ ਹੋਵੇਗੀ? ਸੰਗੀਤ ਤਾਂ ਬਿਰਤੀਆਂ ਨੂੰ ਇਕਾਗਰਚਿਤ ਕਰਨ ਦਾ ਢੰਗ ਹੈ ਨਾ ਕਿ ਵਿਸਫੋਟ ਕਰਨ ਦਾ । ਸ਼ੋਰ ਵਿਸਫੋਟ ਕਰਦਾ ਹੈ ਇਹ ਸਾਡਾ ਸਭਿਆਚਾਰ ਨਹੀਂ। ਅਸੀਂ ਰੰਗਾਂ, ਖੁਸ਼ਬੂਆਂ ਅਤੇ  ਸਹਿਜ ਤੋਰ ਦੇ ਸਹਿਯਾਤਰੀ ਹਾਂ। ਸਾਡੀ ਧਰਤੀ ਉੱਪਰ ਮਹਿਕਦੇ ਖਿੜਦੇ ਫੁੱਲ ਬਗੀਚੇ, ਫ਼ਸਲਾਂ ਵਾੜੀਆਂ ਕਦੇ ਧਿਆਨ ਨਾਲ ਵੇਖੋ। ਸਾਰਾ ਕੁਝ ਹੀ ਇਕ ਵਿਸੇਸ਼ ਅੰਦਾਜ਼ ਦੀ ਸਹਿਜ ਤੋਰ ਦਾ ਝਲਕਾਰਾ ਦਿੰਦਾ ਹੈ। ਜ਼ਿੰਦਗੀ ਨੂੰ ਸਭਿਆਚਾਰ ਦੇ ਸੀਮਤ ਅਰਥਾਂ ਵਾਲੀ ਐਨਕ ਨਾਲ ਨਾ ਵੇਖੋ। ਨੰਗੀ ਅੱਖ ਨਾਲ ਵੇਖਿਆਂ ਹੀ ਜ਼ਿੰਦਗੀ ਦੇ ਸਭ ਅੰਦਾਜ਼ ਤੁਹਾਨੂੰ ਸਮਝ ਪੈਣਗੇ।

ਔਰਤ ਪ੍ਰਤੀ ਮਰਦ ਦੀ ਖਿੱਚ ਸੁਭਾਵਿਕ ਹੈ। ਉਸ ਦੀ ਸ਼ਲਾਘਾ ਕਰਨ ਦਾ ਵੀ ਅੰਦਾਜ਼ ਹੈ। ਉਸ ਨਾਲ ਤੁਰਨ ਦਾ ਵੀ ਨਿਸ਼ਚਿਤ ਸਲੀਕਾ ਹੈ ਪਰ ਸਰਮਾਏ ਦੀ ਤੇਜ਼ ਹਨੇਰੀ ਨੇ ਸਾਨੂੰ ਔਰਤ ਦਾ ਮਾਂ, ਧੀ ਅਤੇ ਭੈਣ ਵਾਲਾ ਰਿਸ਼ਤਾ ਭੁਲਾ ਦਿੱਤਾ ਹੈ। ਹੁਣ ਸਿਰਫ ਉਹ ਮਾਨਣ ਅਤੇ ਭੋਗਣ ਦੀ ਵਸਤੂ ਤੋਂ ਵੱਧ ਕੁਝ ਵੀ ਨਹੀਂ। ਸਵੇਰ ਸਾਰ ਟੈਲੀਵੀਜ਼ਨ ਤੋਂ ਲੈ ਕੇ ਅਖ਼ਬਾਰਾਂ, ਰੇਡੀਓ ਅਤੇ ਹੋਰ ਸੰਚਾਰ ਮਾਧਿਅਮ ਔਰਤ ਦੇ ਹੀ ਸਾਰੇ ਅੰਗਾਂ ਦੀ ਮਹਿਮਾ ਵਿੱਚ ਲੱਗੇ ਹੋਏ ਹਨ। ਰਿਸ਼ਤਿਆਂ ਦੀ ਇਹ ਪਰਿਭਾਸ਼ਾ ਨਵੀਂ ਵਿਕਸਤ ਹੋਈ ਹੈ ਕਿ ਔਰਤ ਨੂੰ ਸਿਰਫ ਧੌਣ ਤੋਂ ਹੇਠਾਂ ਹੇਠਾਂ ਹੀ ਗਿਣੋ, ਧੌਣ ਤੋਂ ਉੱਪਰ ਜਿਥੇ ਸੋਚਣ ਵਾਲੀ ਮਸ਼ੀਨ ਪਈ ਹੈ ਉਸ ਦਾ ਅਹਿਸਾਸ ਔਰਤ ਨੂੰ ਹੋਣ  ਹੀ ਨਾ ਦਿਓ। ਇਹ ਸਾਡੀ ਸਭਿਆਚਾਰਕ ਗਿਰਾਵਟ ਦਾ ਹੀ ਪ੍ਰਮਾਣ ਕਹੀ ਜਾ ਸਕਦੀ ਹੈ, ਸ਼ਕਤੀ ਨਹੀ।  ਅਸੀਂ ਤਾਂ ਦੇਵੀ ਪੂਜਕ ਹਾਂ, ਧਨ ਦੀ ਦੇਵੀ ਲੱਛਮੀ, ਗਿਆਨ ਦੀ ਦੇਵੀ ਸਰਸਵਤੀ, ਸ਼ਕਤੀ ਦੀ ਦੇਵੀ ਦੁਰਗਾ ਅਤੇ ਹੋਰ ਅਨੇਕਾਂ ਦੇਵੀਆਂ ਸਦੀਆਂ ਤੋਂ ਸਾਡੇ ਅੰਗ ਸੰਗ ਹਨ। ਅਸੀਂ ਉਸ ਪਾਸੋਂ ਸ਼ਕਤੀ ਲੈਣੀ ਵੀ ਹੈ ਅਤੇ ਦੇਣੀ ਵੀ ਹੈ। ਜ਼ਿੰਦਗੀ ਦੀ ਸਮਤੋਲ ਤੋਰ ਵਿੱਚ ਇਹੀ ਸੁਮੇਲ ਸ਼ਕਤੀ ਬਣ ਕੇ ਸਾਨੂੰ ਸਭਿਅਕ ਇਨਸਾਨ ਬਣਨ ਦੇ ਰਾਹ ਤੋਰ ਸਕਦਾ ਹੈ।

ਸਾਡੀ ਮੁਹੱਬਤ ਵਿੱਚ ਜਿਸਮ ਸ਼ਾਮਿਲ ਨਹੀਂ । ਸਾਡਾ ਰਾਂਝਾ ਸਿਦਕੀ ਹੈ, 14 ਸਾਲ ਮੱਝੀਆਂ ਚਾਰਨ ਵਾਲਾ, ਫਰਹਾਦ ਆਪਣੀ ਸ਼ੀਰੀਂ ਲਈ ਪਰਬਤ ਚੀਰਦਾ ਹੈ, ਮਹੀਂਵਾਲ ਆਪਣੀ ਸੋਹਣੀ ਲਈ ਪੱਟ ਦਾ ਮਾਸ ਖੁਆਉਂਦਾ ਹੈ। ਇੰਦਰ ਬਾਣੀਆਂ ਆਪਣੀ ਬੇਗੋਨਾਰ ਲਈ ਪੂਰੀ ਹੱਟੀ ਨੂੰ ਅਗਨ ਭੇਂਟ ਕਰ ਦਿੰਦਾ ਹੈ। ਸਿਰਫ ਮਿਰਜ਼ੇ ਨੂੰ ਹੀ ਤਨ ਭੋਗੀ ਕਹਿ ਸਕਦੇ ਹਾਂ ਬਾਕੀ ਸਾਰੇ ਰੂਹਾਂ ਦੇ ਵਣਜਾਰੇ ਸੱਜਣ ਪਿਆਰੇ ਸਨ। ਸਾਡੇ ਸਭਿਆਚਾਰ ਦੀ ਸ਼ਕਤੀ ਇਨ੍ਹਾਂ ਮੁਹੱਬਤੀ ਰੂਹਾਂ ਸਦਕਾ ਹੋਰ ਵੀ ਬਲਵਾਨ ਹੋ ਕੇ ਨਿਖਰਦੀ ਹੈ।

ਆਪਣੀ ਧਰਤੀ ਦੀ ਵਿਰਾਸਤ ਵਿੱਚ ਸੂਰਮਿਆਂ ਦਾ ਬਹੁਤ ਉਚੇਰਾ ਸਥਾਨ ਹੈ। ਤੱਤੀ ਤਵੀ ਤੇ ਬੈਠੇ ਗੁਰੂ ਅਰਜਨ ਦੇਵ ਜੀ ਤੋਂ ਲੈ ਕੇ ਸ਼ਹੀਦਾਂ ਮੁਰੀਦਾਂ ਦੀ ਲੰਮੀ ਕਤਾਰ ਵੇਖਦਿਆਂ ਹੀ ਇਸ ਧਰਤੀ ਦੇ ਲੋਕਾਂ ਦੀ ਜਾਂਬਾਜ਼ ਵਿਰਾਸਤ ਦਾ ਪਤਾ ਲੱਗਦਾ ਹੈ। ਮੁਗਲਾਂ ਦੇ ਟਾਕਰੇ ਤੋਂ ਲੈ ਕੇ ਫਰੰਗੀਆਂ ਨਾਲ ਮੁਕਾਬਲੇ ਤੋਂ ਬਾਅਦ ਹਰ ਸੰਕਟ ਦੀ ਘੜੀ ਪੰਜਾਬੀਆਂ ਦਾ ਸਿੱਧੇ ਖੜੇ ਹੋ ਕੇ ਸੰਘਰਸ਼ ਕਰਨਾ ਵੀ ਸਾਡਾ ਸਭਿਆਚਾਰ ਹੈ। ਪੈਸੇ ਦੇ ਪੁੱਤ ਬਣਨ ਦੀ ਹੋੜ ਨੇ ਸਾਨੂੰ ਹੌਲੀ ਹੌਲੀ  ਬੰਦੇ ਦਾ ਪੁੱਤ ਨਹੀਂ ਰਹਿਣ ਦਿੱਤਾ। ਬੰਦਾ ਬੰਦਗੀ ਨਾਲ ਬਣਦਾ ਹੈ ਅਤੇ ਬੰਦਗੀ ਸਾਡੇ ਵਿਚੋਂ ਗੈਰ ਹਾਜ਼ਰ ਹੋ ਰਹੀ ਹੈ। ਸਭਿਆਚਾਰ ਦੀ ਅਸਲ ਸੂਰਤ ਪਛਾਣੋ, ਤੁਹਾਨੂੰ ਕਣ ਕਣ ਵਿਚੋਂ ਕਾਇਨਾਤ ਦਿਸੇਗੀ।