ਮੈਨੂੰ ਇਉਂ ਨਾ ਮਨੋਂ ਵਿਸਾਰ, ਵੇ ਮੈਂ ਤੇਰੀ ਮਾਂ ਦੀ ਬੋਲੀ ਆਂ

ਯੂਨੈਸਕੋ ਦੀ ਰਿਪੋਰਟ ਦੇ ਹਵਾਲੇ ਨਾਲ ਸਮੁੱਚੇ ਵਿਸ਼ਵ ਵਿੱਚ ਇਹ ਚਰਚਾ ਆਮ ਹੋ ਗਈ ਹੈ ਕਿ ਆਉਦੇ 50 ਵਰ੍ਹਿਆਂ ਵਿੱਚ ਪੰਜਾਬੀ ਭਾਸ਼ਾ ਦਾ ਵਜੂਦ ਖਤਮ ਹੋਣ ਦੀਆਂ ਸੰਭਾਵਨਾਵਾਂ ਹਨ। ਕੁਲਦੀਪ ਨਈਅਰ ਨੇ ਜਦੋਂ ਇਹ ਟਿੱਪਣੀ ਕੁਝ ਵਰ੍ਹੇ ਪਹਿਲਾਂ ਇਸ ਰਿਪੋਰਟ ਦੇ ਹਵਾਲੇ ਨਾਲ ਕੀਤੀ ਸੀ ਤਾਂ ਸਾਡੇ ਬਹੁਤੇ ਵਿਦਵਾਨਾਂ ਨੇ ਇਸ ਨੂੰ ਸੱਚ ਕਰ ਜਾਣਿਆ ਅਤੇ ਰਾਤੋ ਰਾਤ ਫਿਕਰਮੰਦੀ ਦੇ ਮਤੇ ਪਾਸ ਕਰਨ ਲੱਗ ਪਏ। ਘਰ ਘਰ ਫੂਹੜੀਆਂ ਵਿਛਾ ਕੇ ਬੈਠ ਗਏ। ਅੰਤਿਮ ਸੰਸਕਾਰ ਵਾਲੀ ਮਾਨਸਿਕਤਾ ਨਾਲ ਅਸੀਂ ਆਪਣੀ ਜ਼ੁਬਾਨ ਨਾਲ ਕੋਝਾ ਵਿਹਾਰ ਕਰਨ ਲੱਗੇ। ਕੁਝ ਸਿਆਣਿਆਂ ਨੇ ਰਿਪੋਰਟਾਂ ਫੋਲੀਆਂ ਤਾਂ ਗੱਲ ਵਿਚੋਂ ਇਹ ਨਿਕਲੀ ਕਿ ਜਿਹੜੀਆਂ ਭਾਸ਼ਾਵਾਂ ਖਤਰੇ ਅਧੀਨ ਹਨ ਉਨ੍ਹਾਂ ਵਿੱਚ ਪੰਜਾਬੀ ਦਾ ਵੀ ਨਾਂ ਬੋਲਦਾ ਹੈ। ਇਸ ਗੱਲ ਲਈ ਸਾਨੂੰ ਕਿਸੇ ਬਾਹਰਲੀ ਏਜੰਸੀ ਪਾਸੋਂ ਤਸਦੀਕ ਕਰਵਾਉਣ ਦੀ ਲੋੜ ਨਹੀਂ ਹੈ ਸਗੋਂ ਹਕੀਕਤ ਇਹ ਹੈ ਕਿ ਅਸੀਂ ਆਪਣੇ ਘਰਾਂ, ਪਰਿਵਾਰਾਂ, ਵਪਾਰਾਂ ਅਤੇ ਪਿਆਰਾਂ ਵਿੱਚੋਂ ਪੰਜਾਬੀ ਨੂੰ ਨਿਕਾਲਾ ਦੇ ਦਿੱਤਾ ਹੈ। ਤੁਸੀਂ ਦਿਨ ਚੜ੍ਹਨ ਤੋਂ ਸੂਰਜ ਅਸਤਣ ਤੀਕ ਆਪਣੀ ਜ਼ਿੰਦਗੀ ਨੂੰ ਖੁਦ ਵੇਖੋ। ਆਪਣੇ ਘਰ ਤੋਂ ਰੁਜ਼ਗਾਰ ਤੀਕ ਦੇ ਸਫਰ ਦੌਰਾਨ ਤੁਰਦੇ ਫਿਰਦੇ ਨਜ਼ਰ ਮਾਰੋ ਕਿ ਪੰਜਾਬੀ ਕਿਥੇ ਹੈ?
ਤੁਹਾਡੇ ਹੱਥ ਵਿੱਚ ਫੜਿਆ ਤੁਹਾਡਾ ਹੀ ਪਛਾਣ ਪੱਤਰ ਜਿਸ ਨੂੰ ਵਿਜ਼ਟਿੰਗ ਕਾਰਡ ਕਹਿੰਦੇ ਹੋ ਉਹ ਕਿਹੜੀ ਭਾਸ਼ਾ ਵਿੱਚ ਹੈ? ਤੁਹਾਡੇ ਘਰ ਦੀ ਨੰਬਰ ਪਲੇਟ ਅਤੇ ਨਾਮ ਕਿਸ ਭਾਸ਼ਾ ਵਿੱਚ ਹੈ?  ਤੁਹਾਡੇ ਬੱਚਿਆਂ ਦੇ ਸਕੂਲ ਵਿੱਚ ਕਿਹੜੀ ਭਾਸ਼ਾ ਦੀ ਸਰਦਾਰੀ ਹੈ ?  ਤੁਹਾਡਾ ਬੱਚਾ ਟੀ ਵੀ ਚੈਨਲ ਤੇ ਕਿਸ ਭਾਸ਼ਾ ਦੇ ਪ੍ਰੋਗਰਾਮ ਦੇਖਦਾ ਹੈ   ਜੇਕਰ ਉਸ ਦਾ ਵੱਸ ਚੱਲੇ ਤਾਂ ਉਹ ਕਿਹੜੇ ਗੀਤਾਂ ਨੂੰ ਟੀ ਵੀ ਜਾਂ ਇੰਟਰੈਨੈੱਟ ਤੋਂ ਸੁਣਦਾ ਹੈ ?  ਤੁਸੀਂ ਆਪਣੇ ਤੋਂ ਲੈ ਕੇ ਬੱਚਿਆਂ ਤੀਕ ਦੇ ਪਹਿਰਾਵੇ, ਲੀੜੇ ਕੱਪੜਿਆਂ ਦੇ  ਨਾਂ ਸੋਚੋ, ਬਹੁਤੇ ਪੰਜਾਬੀ ਵਿੱਚ ਨਹੀਂ ਹਨ। ਅੰਗਰੇਜ਼ੀ ਜਾਂ ਕਿਸੇ ਹੋਰ ਜ਼ੁਬਾਨ ਤੋਂ ਆਏ ਹਨ। ਬੱਚਿਆਂ ਦੇ ਆਪਸੀ ਵਾਰਤਾਲਾਪ ਨੂੰ ਕਦੀ ਸੁਣਿਓ, ਓਹਲੇ ਬੈਠ ਕੇ। ਉਹ ਤੁਹਾਡੀ ਮਾਂ ਬੋਲੀ ਨੂੰ ਟਿੱਚ ਜਾਣਦੇ ਹਨ। ਉਨ੍ਹਾਂ ਕੋਲ ਆਪਣਾ ਅਨੁਭਵ ਹੈ ਅਤੇ ਉਸ ਅਨੁਭਵ ਦੀ ਭਾਸ਼ਾ ਹਿੰਦੀ ਜਾਂ ਅੰਗਰੇਜ਼ੀ ਬਣਾ ਦਿੱਤੀ ਗਈ ਹੈ। ਪੁੱਤਰ ਧੀਆਂ ਨੂੰ ਵਧੇਰੇ ਕਮਾਊ ਬਣਾਉਣ ਦੀ ਪ੍ਰਵਿਰਤੀ ਨੇ ਉਨ੍ਹਾਂ ਕੁਲੀਨ ਵਰਗ ਦੇ ਵਿਦਿਅਕ ਅਦਾਰਿਆਂ ਵਿੱਚ ਪੜ੍ਹਨ ਦੀ ਹੋੜ ਲਾ ਦਿੱਤੀ ਹੈ ਜਿਥੇ ਮਾਂ ਬੋਲੀ ਦਾ ਰੁਤਬਾ ਕਿਸੇ ਨੌਕਰਾਣੀ ਜਾਂ ਗੋਲੀ ਤੋਂ ਵੱਧ ਨਹੀਂ । ਹਕੀਕਤ ਇਹ ਹੈ ਕਿ ਬੱਚਾ ਜੰਮਣ ਸਾਰ ਮਾਪਿਆਂ ਦੀ ਇੱਛਾ ਵਿੱਚ ਇਹ ਗੱਲ ਬੁਰੀ ਤਰ੍ਹਾਂ ਘਰ ਕਰ ਜਾਂਦੀ ਹੈ ਕਿ ਬੱਚੇ ਨੂੰ ਕੀ ਬਣਾਉਣਾ ਹੈ। ਅੱਜਕਲ੍ਹ ਹਰ ਮਾਂ ਡਾਕਟਰ, ਇੰਜੀਨੀਅਰ ਜਾਂ ਬਹੁ ਕੌਮੀ ਕੰਪਨੀ ਦਾ ਮੈਨੇਜਰ ਜੰਮਦੀ ਹੈ ਜਿਸ ਦੀ ਤਨਖਾਹ ਪਹਿਲੀ ਨਿਯੁਕਤੀ ਤੇ ਹੀ ਘੱਟੋ ਘੱਟ ਲੱਖਾਂ ਰੁਪਏ ਹੋਵੇ। ਮਾਂਵਾਂ ਪੁੱਤਰ ਧੀਆਂ ਨਹੀਂ ਜੰਮਦੀਆਂ ਕਮਾਊ ਸੰਦ ਜੰਮਦੀਆਂ ਹਨ ਜਿਹੜੇ ਉਨ੍ਹਾਂ ਦੇ ਬੁਢਾਪੇ ਵੇਲੇ ਵੱਧ ਧਨ ਪ੍ਰਾਪਤੀ ਨਾਲ ਪਰਿਵਾਰਕ ਖੁਸ਼ਹਾਲੀ ਨੂੰ ਯਕੀਨੀ ਬਣਾ ਸਕਣ। ਇਥੋਂ ਹੀ ਭਾਸ਼ਾ ਦਾ ਘਾਣ ਸ਼ੁਰੂ ਹੁੰਦਾ ਹੈ।
ਵਿਰਸੇ ਦੀ ਮਮਤਾ ਪਾਲਣ ਵਾਲੇ ਲੋਕ ਇਹ ਗੱਲ ਜਾਣਦੇ ਹਨ ਕਿ ਪੰਘੂੜੇ ਤੋਂ ਲੈ ਕੇ ਮਾਂ ਬੋਲੀ ਹਰ ਪੈਰ ਤੇ ਤੁਹਾਡੇ ਅੰਗ ਸੰਗ ਰਹਿੰਦੀ ਹੈ ਪਰ ਇਹ ਰਿਸ਼ਤਾ ਤਾਂ ਹੀ ਨਿਭਦਾ ਹੈ ਜੇਕਰ ਮਾਪਿਆਂ ਨੇ ਆਪਣੇ ਜੀਵਨ ਵਿਹਾਰ ਵਿੱਚ ਆਪਣੀ ਮਾਂ ਬੋਲੀ ਲਈ ਸਤਿਕਾਰਯੋਗ ਥਾਂ ਰੱਖੀ ਹੋਈ ਹੈ। ਜੇਕਰ ਮਾਂ ਬੋਲੀ ਬੋਲਦੇ ਬੱਚੇ ਨੂੰ ਸਮਾਜਿਕ ਨਿਜ਼ਾਮ ਨੇ ਉਜੱਡ ਹੀ ਸਮਝਣਾ ਹੈ ਜਾਂ ਬੱਚੇ ਨੂੰ ਕੁਲੀਨ ਵਰਗ ਦੀ ਭਾਸ਼ਾ ਸਿਖਾਉਣ ਲਈ ਤੁਸੀਂ ਆਪਣੀ ਮਾਂ ਬੋਲੀ ਦੀ ਬਲੀ ਦੇਣੀ ਹੈ ਤਾਂ ਬਾਲ ਮਨ ਦੇ ਵਿਕਾਸ ਦੇ ਸਾਰੇ ਮੌਕੇ ਹੀ ਉਸ ਤੋਂ ਖੁੱਸ ਜਾਣੇ ਹਨ। ਮੁੱਢਲੀ ਗੱਲ ਇਹੀ ਹੈ ਕਿ ਜਦ ਤਕ ਬੱਚਾ ਅੱਖ਼ਰ ਗਿਆਨ ਦੇ ਲੜ ਨਹੀਂ ਲੱਗਦਾ ਓਨਾ ਚਿਰ ਉਸ ਦੀ ਕੋਰੀ ਤਖਤੀ ਤੇ ਹੋਰ ਭਾਸ਼ਾਵਾਂ ਦੇ ਘੁੱਗੂ ਘੋੜੇ ਨਾ ਵਾਹੋ। ਕੋਰੀ ਤਖਤੀ ਤੇ ਮਨਚਾਹੇ ਅੱਖ਼ਰ ਲਿਖਿਆ ਝਰੀਟਾਂ ਪੈਂਦੀਆਂ ਹਨ। ਪਰਿਵਾਰਕ ਮਾਹੌਲ ਵਿੱਚ ਹੀ ਮਾਂ ਬੋਲੀ ਦਾ ਸਤਿਕਾਰ ਬਣਾਈ ਰੱਖੋ। ਅੱਖਰਾਂ ਵੇਲੇ ਉਸ ਨੂੰ ਮਾਂ ਬੋਲੀ ਪੰਜਾਬੀ ਲਈ ਸਮਰੱਥ ਲਿੱਪੀ ਗੁਰਮੁਖੀ ਨਾਲ ਸ਼ਬਦ ਸਾਂਝ ਪੁਆਓ। ਪਿਆਰ ਦੀ ਭਾਸ਼ਾ ਮਾਂ ਬੋਲੀ ਹੀ ਹੁੰਦੀ ਹੈ ਜੇਕਰ ਤੁਸੀਂ ਪਿਆਰ ਦੀ ਭਾਸ਼ਾ ਸਿੱਖ ਜਾਓਗੇ ਤਾਂ ਰੁਜ਼ਗਾਰ ਦੀ ਕੋਈ ਵੀ ਭਾਸ਼ਾ ਸਿੱਖਣੀ ਤੁਹਾਡੇ ਲਈ ਹੋਰ ਵੀ ਆਸਾਨ ਹੋ ਜਾਵੇਗੀ। ਪਿਆਰ ਦੀ ਭਾਸ਼ਾ ਸਿੱਖਣ  ਲਈ ਪੰਜਾਬ ਸਰਕਾਰ ਦੇ ਕਿਸੇ ਵੀ ਵਿਸੇਸ਼ ਨੋਟੀਫਿਕੇਸ਼ਨ ਦੀ ਲੋੜ ਨਹੀਂ ਨਾ ਹੀ ਜ਼ਿਲ੍ਹਾ ਪੱਧਰ ਦੀਆਂ ਕਮੇਟੀਆਂ ਬਣਾਉਣ ਦੀ ਲੋੜ ਹੈ? ਤੁਸੀਂ ਆਪ ਦੱਸੋ ਕਿ ਆਪਣੇ ਹੀ ਪੰਜਾਬ ਦੇ ਧੀਆਂ ਪੁੱਤਰਾਂ ਨੂੰ ਇਹ ਕਹਿਣਾ ਪਵੇ ਕਿ ਆਪਣੀ ਮਾਂ ਬੋਲੀ ਵਿੱਚ ਕੰਮ ਕਾਰ ਕਰਿਆ ਕਰੋ ਤਾਂ ਇਸ ਤੋਂ ਵੱਡੀ ਸਿਤਮ ਵਾਲੀ ਗੱਲ ਕਿਹੜੀ ਹੋਵੇਗੀ। ਅੱਗੋਂ ਪੁੱਤਰ ਧੀਆਂ ਇਹ ਆਖਣ ਕਿ ਪਹਿਲਾਂ ਸਾਡੇ ਲਈ ਸਖਤ ਕਾਨੂੰਨ ਬਣਾਓ, ਭਾਸ਼ਾ ਟ੍ਰਿਬਿਊਨਲ ਬਣਾਓ ਫਿਰ ਅਸੀਂ ਮਾਂ ਬੋਲੀ ਵਿੱਚ ਕੰਮ ਕਾਜ ਕਰਾਂਗੇ ਤਾਂ ਇਸ ਤੋਂ ਵੱਡੀ ਹਾਰ ਕੀ ਹੋਵੇਗੀ।
ਮੇਰੀ ਧਰਤੀ ਦੇ ਲੋਕਾਂ ਨੂੰ ਇਹ ਗੱਲ ਗੁਰੂ ਨਾਨਕ ਦੇਵ ਜੀ ਨੇ 500  ਸਾਲ ਪਹਿਲਾਂ ਆਖੀ ਸੀ ਕਿ ਰਾਜ ਕਰਨ ਵਾਲੇ ਲੋਕਾਂ ਅਤੇ ਪ੍ਰਮਾਰਥ ਵੇਚਣ ਵਾਲੇ ਲੋਕਾਂ ਨੇ ਹਮੇਸ਼ਾਂ ਭਾਸ਼ਾ ਦਾ ਓਹਲਾ ਰੱਖ ਕੇ ਹੀ ਸਧਾਰਣ ਬੰਦਿਆਂ ਨੂੰ ਲੁੱਟਿਆ ਹੈ। ਇਸੇ ਕਰਕੇ ਉਨ੍ਹਾਂ ਨੇ ਪ੍ਰਮਾਰਥ ਦੀ ਭਾਸ਼ਾ ਵੀ ਪੰਜਾਬੀ ਲੋਕ ਭਾਸ਼ਾ ਬਣਾ ਵਿਖਾਈ। ਗੁਰਬਾਣੀ ਵਿੱਚ ਪਵਿੱਤਰ ਸ਼ਬਦ ਆਮ ਸਧਾਰਣ ਆਦਮੀ ਲਈ ਕਲਿਆਣਕਾਰੀ ਵੀ ਇਸੇ ਕਰਕੇ ਹਨ ਕਿ ਇਨ੍ਹਾਂ ਵਿੱਚ ਕੋਈ ਓਹਲਾ ਨਹੀਂ। ਜੇਕਰ ਅਸੀਂ ਅੱਜ ਵੀ ਓਹਲੇ ਦੀ ਓਪਰੀ ਭਾਸ਼ਾ ਤਿਆਗ ਕੇ ਹਸਪਤਾਲਾਂ, ਕਚਿਹਰੀਆਂ, ਮਾਲ ਮਹਿਕਮੇ ਦੇ ਦਸਤਾਵੇਜਾਂ, ਆਮ ਕਾਰੋਬਾਰੀ ਅਦਾਰਿਆਂ ਅਤੇ ਵਰਤੋਂ ਵਿਹਾਰ ਵਿੱਚ ਪੰਜਾਬੀ ਦੀ ਖੁੱਲੀ ਡੁੱਲੀ ਵਰਤੋਂ ਕਰਨੀ ਸ਼ੁਰੂ ਕਰ ਦੇਈਏ ਤਾਂ ਯੂਨੈਸਕੋ ਦੀ ਰਿਪੋਰਟ ਨੂੰ ਝੁਠਲਾ ਸਕਦੇ  ਹਾਂ। ਤੁਸੀਂ ਆਪ ਸੋਚੋ ਕਿ ਤੁਹਾਡੇ ਪੁੱਤਰਾਂ ਧੀਆਂ ਦੇ ਵਿਆਹਾਂ ਸ਼ਾਦੀਆਂ ਦੇ ਕਾਰਡ ਗਲਤ ਅੰਗਰੇਜ਼ੀ ਵਿੱਚ ਛਾਪਣੇ ਸਹੀ ਹਨ ਜਾਂ ਸਹੀ ਪੰਜਾਬੀ ਵਿੱਚ। ਪੰਜਾਬੀਆਂ ਦੀਆਂ ਰਿਸ਼ਤੇਦਾਰੀਆਂ ਦਾ ਤਾਣਾ ਬਾਣਾ ਪੰਜਾਬ ਵਿੱਚ ਹੀ ਤਾਂ ਹੈ। ਕਾਰਡ ਦਾ ਮਕਸਦ ਵੀ ਸਹੀ ਸੂਚਨਾ ਦੇਣਾ ਹੁੰਦਾ ਹੈ। ਜੇਕਰ ਅਸੀਂ ਆਪਣੇ ਨਾਨਕਿਆਂ ਦਾਦਕਿਆਂ ਭੂਆ ਮਾਸੀਆਂ ਅਤੇ ਹੋਰ ਰਿਸ਼ਤੇਦਾਰਾਂ ਨੂੰ ਆਪਣੀ ਜ਼ੁਬਾਨ ਵਿੱਚ ਹੀ ਸੁਨੇਹਾ ਨਹੀਂ ਦੇਵਾਂਗੇ ਤਾਂ ਹੋਰ ਕੌਣ ਦੇਵੇਗਾ? ਭਾਸ਼ਾ ਦਾ ਸਵੈ-ਮਾਣ ਹੀ ਤੁਹਾਨੂੰ ਸਹੀ ਪੰਜਾਬੀ ਪੁੱਤਰ ਬਣਾ ਸਕੇਗਾ। ਪੰਜਾਬੀ ਹੀ ਨਹੀਂ ਕਿਸੇ ਵੀ ਖਿੱਤੇ ਦੀ ਮਾਂ ਬੋਲੀ ਵਿੱਚ ਇਹ ਸਮੱਰਥਾ ਹਮੇਸ਼ਾਂ ਹੀ ਰਹਿੰਦੀ ਹੈ ਕਿ ਉਹ ਤੁਹਾਡੇ ਸਰਬਪੱਖੀ ਵਿਕਾਸ ਲਈ ਨਾਲੋਂ ਨਾਲ ਤੁਰੇ। ਤੁਹਾਡੇ ਹਓਕਿਆਂ ਦੀ ਜ਼ੁਬਾਨ ਬਣੇ। ਤੁਹਾਡੇ ਫਿਕਰਾਂ ਨੂੰ ਖੁਸ਼ੀਆਂ ਨੂੰ ਮਨ ਦੇ ਚਾਵਾਂ ਅਤੇ ਹੁਲਾਰਿਆਂ ਨੂੰ ਮਾਂ ਬੋਲੀ ਹੀ ਖੰਭ  ਲਾ ਸਕਦੀ ਹੈ। ਵਿਸ਼ਵ ਵਿੱਚ ਮਾਂ ਬੋਲੀ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਲਗਪਗ 13 ਕਰੋੜ ਗਿਣੀ ਜਾਂਦੀ ਹੈ ਜਿਨ੍ਹਾਂ ਵਿਚੋਂ ਭਾਵੇਂ ਗੁਰਮੁਖੀ ਅੱਖ਼ਰ ਜਾਨਣ ਵਾਲੇ ਵੀ ਤਿੰਨ ਕਰੋੜ ਦੇ ਨੇੜੇ ਤੇੜੇ ਹਨ ਪਰ ਪੰਜਾਬੀ ਭਾਸ਼ਾ ਵਿੱਚ ਕਿਸੇ ਵੀ ਕਿਤਾਬ ਦੀ ਛਪਣ ਸੰਖਿਆਂ 1100 ਤੋਂ ਵੱਧ ਨਹੀਂ। ਪੁਸਤਕ ਸਭਿਆਚਾਰ ਨਾਲ ਹੀ ਅਸੀਂ ਸ਼ਬਦ ਦੀ ਸਲਾਮਤੀ ਕਾਇਮ ਕਰ ਸਕਦੇ ਹਾਂ। ਭਾਸ਼ਾ ਉਦੋਂ ਮਰਦੀ ਹੈ ਜਦੋਂ ਉਸ ਦੇ ਪੁੱਤਰਾਂ ਧੀਆਂ ਦੀ ਸ਼ਬਦ ਨਾਲੋਂ ਸਾਂਝ ਟੁੱਟ ਜਾਵੇ। ਨਾਮਧਾਰੀ ਸਮਾਜ ਦੇ ਬਾਨੀ ਸਤਿਗੁਰ ਰਾਮ ਸਿੰਘ ਜੀ ਨੇ ਗੁਰਮੁਖੀ ਅੱਖਰ ਪੜ੍ਹਨੇ ਤੇ ਪੜ੍ਹਾਵਨੇ ਦਾ ਹੁਕਮਨਾਮਾ ਜਾਰੀ ਕੀਤਾ ਸੀ ਪਰ ਅੱਜ ਇਸ ਸਮਾਜ ਵਿੱਚ ਵੀ ਪੰਜਾਬੀ ਅਤੇ ਗੁਰਮੁਖੀ ਲਈ ਮੁਹੱਬਤ ਨੂੰ ਖੋਰਾ ਲੱਗ ਰਿਹਾ ਹੈ। ਭਾਸ਼ਾ ਕਿਸੇ ਧਰਮ ਜਾਤ ਜਾਂ ਗੋਤ ਦੀ ਮਲਕੀਅਤ ਨਹੀਂ ਹੁੰਦੀ ਸਗੋਂ ਖਿੱਤਾ ਵਿਸੇਸ਼ ਦੇ ਲੋਕਾਂ ਦੀ ਸਾਂਝੀ ਪੂੰਜੀ ਹੁੰਦੀ ਹੈ। ਪੰਜਾਬੀ ਨੂੰ ਸਿਰਫ ਸਿੱਖਾਂ ਦੀ ਭਾਸ਼ਾਂ ਕਹਿ ਕੇ ਤਿਆਗਣ ਵਾਲਿਆਂ ਨੂੰ ਇਹ ਗੱਲ ਕਦੇ ਵੀ ਨਹੀਂ ਵਿਸਾਰਨੀ ਚਾਹੀਦੀ ਕਿ ਪੰਜਾਬੀ ਭਾਸ਼ਾ ਦੇ ਮੁੱਢਲੇ ਲੇਖਕਾਂ ਵਿੱਚ ਈਸ਼ਵਰ ਚੰਦਰ ਨੰਦਾ, ਲਾਲਾ ਕਿਰਪਾ ਸਾਗਰ, ਬਿਹਾਰੀ ਲਾਲ ਪੁਰੀ, ਸ਼ਰਧਾ ਰਾਮ ਫਿਲੌਰੀ, ਧਨੀ ਰਾਮ ਚਾਤ੍ਰਿਕ, ਪ੍ਰੋ: ਬ੍ਰਿਜ ਲਾਲ ਸਾਸ਼ਤਰੀ, ਡਾ: ਵਿਦਿਆ ਭਾਸਕਰ ਅਰੁਣ, ਬਲਵੰਤ ਗਾਰਗੀ, ਦੇਵਿੰਦਰ ਸਤਿਆਰਥੀ ਵਰਗੇ ਮਹਾਨ ਵਿਅਕਤੀ ਕਿਸ ਪਿਛੋਕੜ ਵਿੱਚੋਂ ਆਏ ਸਨ। ਸ਼ਿਵ ਕੁਮਾਰ ਬਟਾਲਵੀ, ਮੋਹਨ ਭੰਡਾਰੀ, ਰਾਮ ਸਰੂਪ ਅਣਖੀ, ਓਮ ਪ੍ਰਕਾਸ਼ ਗਾਸੋ, ਕੇਵਲ ਸੂਦ, ਭੂਸ਼ਣ ਧਿਆਨਪੁਰੀ, ਕੇ ਐਲ ਗਰਗ, ਡਾ: ਲੋਕ ਨਾਥ ਆਦਿ ਵਰਗੇ ਸਿਰਜਣਹਾਰਿਆਂ ਨੇ ਆਪਣੀ ਧਰਤੀ ਦੀ ਜ਼ੁਬਾਨ ਨੂੰ ਕਿਵੇਂ ਸਿਖ਼ਰਾਂ ਤੇ ਪਹੁੰਚਾਇਆ ਹੈ। ਵੰਡੀਆਂ ਨਾਲ ਸ਼ਕਤੀ ਕਮਜ਼ੋਰ ਪੈਂਦੀ ਹੈ ਅਤੇ ਏਕੇ ਨਾਲ ਸਵਾਈ ਹੁੰਦੀ ਹੈ। ਆਓ ਆਪਣੀ ਮਾਂ ਬੋਲੀ ਪੰਜਾਬੀ ਦੇ ਵਿਕਾਸ ਲਈ ਸ਼ਬਦ ਸਭਿਆਚਾਰ ਦੀ ਉਸਾਰੀ ਹਿਤ ਪਿੰਡਾਂ ਵਿੱਚ ਲਾਇਬ੍ਰੇਰੀਆਂ ਦਾ ਢਾਂਚਾ ਉਸਾਰੀਏ। ਸਾਡੇ ਕੋਲ ਧਰਮਸਾਲ ਦਾ ਮਾਡਲ ਪਹਿਲਾਂ ਹੀ  ਹਾਜ਼ਰ ਹੈ। ਧਰਮਸਾਲ ਓਨਾ ਚਿਰ ਸੰਪੂਰਨ ਨਹੀਂ ਜਿੰਨਾਂ ਚਿਰ ਉਸ ਵਿੱਚ ਪਾਠਸਾਲ, ਚਕਿਤਸਾਲ ਅਤੇ ਪੁਸਤਕਸਾਲ ਨਹੀਂ ਹੈ। ਧਰਮਸਾਲ ਅੱਜ ਦਾ ਗੁਰਦੁਆਰਾ, ਮੰਦਰ, ਗਿਰਜਾਘਰ ਜਾਂ ਮਸੀਤ ਹੈ। ਪਾਠਸਾਲ ਸਕੂਲ ਹੈ, ਚਕਿਤਸਾਲ ਹਸਪਤਾਲ ਹੈ ਅਤੇ ਪੁਸਤਕਸਾਲ ਲਾਇਬ੍ਰੇਰੀ ਹੈ। ਇਨ੍ਹਾਂ ਚਾਰ ਪਾਵਿਆਂ ਤੇ ਹੀ ਸਾਡਾ ਵਿਕਾਸ ਮਾਡਲ ਖੜ੍ਹਾ ਹੈ। ਇਨ੍ਹਾਂ ਵਿੱਚ ਸੁਮੇਲ ਕਰਨਾ ਪਵੇਗਾ ਫਿਰ ਕਿਸੇ ਅੰਤਰ ਰਾਸ਼ਟਰੀ ਏਜੰਸੀ ਨੂੰ ਇਹ ਕਹਿਣ ਦਾ ਮੌਕਾ ਨਹੀਂ ਮਿਲੇਗਾ ਕਿ ਪੰਜਾਬੀ ਭਾਸ਼ਾ ਮਰ ਰਹੀ ਹੈ। ਪੰਜਾਬੀ ਦੇ ਸ਼ਬਦ ਭੰਡਾਰ ਵਿੱਚ ਵਾਧੇ ਅਤੇ ਵਿਕਾਸ ਲਈ ਭਾਸ਼ਾ ਦੀ ਵਰਤੋਂ ਯੋਗਤਾ ਵਧਾਉਣੀ ਪਵੇਗੀ। ਨਿਰੰਤਰ ਮੋਹ  ਅਤੇ ਮੁਹੱਬਤ ਦਾ ਰਿਸ਼ਤਾ ਸੁਰਜੀਤ ਕਰਕੇ ਹੀ ਅਸੀਂ ਆਪਣੀ ਮਾਂ ਬੋਲੀ ਸਮਰੱਥਾਵਾਨ ਸੁਆਣੀ ਬਣਾ ਸਕਾਂਗੇ। ਭਾਸ਼ਾ ਕੋਈ ਉਦਯੋਗਿਕ ਇਕਾਈ ਅੰਦਰ ਵਿਗਸਣ ਵਾਲੀ ਵਸਤੂ ਨਹੀਂ ਹੈ, ਇਸ ਦਾ ਉਤਪਾਦਨ ਨਹੀਂ ਹੁੰਦਾ। ਸ਼ਬਦਕੋਸ਼ ਜਿਉਂਦੀਆਂ ਭਾਸ਼ਾਵਾਂ ਦਾ ਖਜ਼ਾਨਾ ਤਾਂ ਹੁੰਦੇ ਹਨ ਪਰ ਇਨ੍ਹਾਂ ਨੂੰ ਕਬਰਾਂ ਨਾ ਬਣਾਈਏ। ਇਹ ਪੂੰਜੀ ਲਗਾਤਾਰ ਵਰਤਣ ਵਾਸਤੇ ਹੈ, ਸਿਰਫ ਸੰਭਾਲਣ ਵਾਸਤੇ ਨਹੀਂ। ਕਤਰੇ ਕਤਰੇ ਨਾਲ ਹੀ ਸਮੁੰਦਰ ਭਰਦਾ ਹੈ। ਆਓ ਪ੍ਰਣ ਕਰੀਏ ਕਿ ਮਾਂ ਬੋਲੀ ਪੰਜਾਬੀ ਦੇ ਵਿਕਾਸ ਲਈ ਕਿਸੇ ਹੋਰ ਧਿਰ ਦਾ ਸਾਥ ਲੱਭਣ ਦੀ ਥਾਂ ਖੁਦ ਹਿੰਮਤ ਕਰੀਏ। ਪੰਜਾਬੀ ਦੇ ਨਾਮਵਰ ਕਹਾਣੀਕਾਰ ਵਰਿਆਮ ਸਿੰਘ ਸੰਧੂ ਨੇ ਮੁੱਢਲੇ ਸਫਰ ਦੌਰਾਨ ਕੁਝ ਕਵਿਤਾਵਾਂ ਵੀ ਲਿਖੀਆਂ ਸਨ। ਉਨ੍ਹਾਂ ਦੀ ਇਕ ਕਵਿਤਾ ਦੇ ਬੋਲਾਂ ਨਾਲ ਮੈਂ ਆਪਣੀ ਗੱਲ ਮੁਕਾਉਂਦਾ ਹਾਂ:-
ਕਿਸ ਨੂੰ ਉਡੀਕਦੇ ਹੋ,
ਗੋਬਿੰਦ ਨੇ ਹੁਣ ਪਟਨੇ ਚੋਂ ਨਹੀਂ ਆਉਣਾ।
ਮਸਤਕ ਤੋਂ ਹੱਥ ਤਕ ਸਿੱਧਾ ਰਸਤਾ
ਕੇਸਗੜ੍ਹ ਦੇ ਮੈਦਾਨ ਨੂੰ ਜਾਂਦਾ ਹੈ।

ਭਾਸ਼ਾ ਦੇ ਵਾਂਗ ਹੀ ਸਭਿਆਚਾਰ ਵੀ ਕਿਸੇ ਖਿੱਤਾ ਵਿਸੇਸ਼ ਦੀ ਪਛਾਣ ਅਤੇ ਸ਼ਕਤੀ ਹੁੰਦੀ ਹੈ ਪਰ ਭਾਸ਼ਾ ਜਿਥੇ ਨਿਸ਼ਚਿਤ ਸਰੂਪ ਦੀ ਧਾਰਨੀ ਹੁੰਦੀ ਹੈ ਉਥੇ ਸਭਿਆਚਾਰ ਕੋਈ ਸਥੂਲ ਵਸਤੂ ਦਾ ਨਾਮ ਨਹੀਂ ਹੈ। ਇਹ ਤਾਂ ਵਗਦੇ ਦਰਿਆ ਦੀ ਰਵਾਨੀ ਵਾਂਗ ਹੁੰਦਾ ਹੈ ਜਿਸ ਵਿੱਚ ਤਰਲਤਾ ਵੀ ਹੈ, ਲਹਿਰਾਂ ਵੀ, ਮਿੱਟੀ ਵੀ, ਅੱਥਰੂਆਂ, ਖੁਸ਼ੀਆਂ ਅਤੇ ਚਾਵਾਂ ਤੇ ਉਤਸ਼ਾਹਾਂ ਦਾ ਸੁਮੇਲ। ਸਭਿਆਚਾਰ ਵਰ੍ਹਿਆਂ ਦਾ ਗੁਲਾਮ ਨਹੀਂ ਹੁੰਦਾ ਅਤੇ ਨਾ ਹੀ ਸਮਾਕਾਲ ਦਾ ਮੁਣਸ਼ੀ ਹੁੰਦਾ ਹੈ। ਰੋਜ਼ਨਾਮਚਾ ਨਹੀਂ ਹੁੰਦਾ ਸਭਿਆਚਾਰ, ਇਹ ਤਾਂ ਕਿਸੇ ਵੀ ਧਰਤੀ ਤੇ ਲੋਕਾਂ ਦੀ ਜੀਵਨ ਧੜਕਣ ਦੀ ਮਹਿਕ ਹੁੰਦੀ ਹੈ। ਖਿੱਤਾ ਵਿਸ਼ੇਸ਼ ਦੀ ਸ਼ਕਤੀ, ਵਿਸੇਸ਼ ਧਰਤੀ ਤੇ ਵਸਦੇ ਲੋਕਾਂ ਦਾ ਸੰਘਰਸ਼ ਥੁੜਾਂ, ਤੰਗੀਆਂ-ਤੁਰਸ਼ੀਆਂ ਅਤੇ ਨਿਰੰਤਰ ਤੁਰਨ ਦਾ ਅੰਦਾਜ਼। ਪੰਜਾਬੀ ਲੋਕਾਂ ਨੂੰ ਆਪਣੇ ਸਭਿਆਚਾਰ ਤੇ ਮਾਣ ਤਾਂ ਹੈ ਪਰ ਇਸ ਬਾਰੇ ਚੇਤਨਾ ਗੈਰ ਹਾਜ਼ਰ ਹੈ।
ਬਹੁਤੇ ਲੋਕ ਨੱਚਣ ਗਾਉਣ ਅਤੇ ਰੰਗ ਬਰੰਗੇ ਪਹਿਰਾਵਿਆਂ ਤੀਕ ਹੀ ਸਭਿਆਚਾਰ ਨੂੰ ਸੀਮਤ ਕਰ ਲੈਂਦੇ ਹਨ। ਇਹ ਤਾਂ ਫੁਲਕਾਰੀ ਦੇ ਨਮੂਨਿਆਂ ਵਿਚੋਂ ਇਕ ਰੰਗ ਦਾ ਧਾਗਾ ਹੋ ਸਕਦਾ ਹੈ ਪਰ ਸਮੁੱਚੀ ਫੁਲਕਾਰੀ ਤਾਂ ਸਾਰੇ ਰੰਗਾਂ ਦੇ ਸੁਮੇਲ ਨਾਲ ਹੀ ਬਣਦੀ ਹੈ। ਪੰਜਾਬੀ ਸਭਿਆਚਾਰ ਦੀ ਸ਼ਕਤੀ ਸ਼ਬਦ ਵਿੱਚ ਹੈ। ਸ਼ਬਦ ਸਾਡਾ ਗੁਰੂ ਹੈ। ਰਿਗਵੇਦ ਤੋਂ ਲੈ ਕੇ ਅੱਜ ਦੇ ਸਿਰਜਕਾਂ ਤੀਕ ਸ਼ਬਦ ਦੀ ਸਰਦਾਰੀ ਸਾਡੇ ਸਾਹਾਂ ਸਵਾਸਾਂ ਵਿੱਚ ਵਸਦੀ ਹੈ। ਇਹ ਗੱਲ ਵੱਖਰੀ ਹੈ ਕਿ ਟੈਲੀਵੀਜ਼ਨ ਅਤੇ ਫਿਲਮਾਂ ਰਾਹੀਂ ਸੌਖੀ ਹਜ਼ਮ ਹੋਣ ਵਾਲੀ ਤਕਨਾਲੋਜੀ ਕਾਰਨ ਪੁਸਤਕ ਸਭਿਆਚਾਰ ਹੌਲੀ ਹੌਲੀ ਦਮ ਤੋੜ ਰਿਹਾ ਹੈ ਪਰ ਇਹ ਗੱਲ ਕਦੇ ਨਾ ਭੁਲਾਇਓ ਕਿ ਹਰ ਗਿਆਨ ਅਤੇ ਟੈਕਨਾਲੋਜੀ ਦੀ ਮਾਂ ਪੁਸਤਕ ਹੀ ਹੈ।
ਬਾਲ ਨੂੰ ਮਾਂ ਵੱਲੋਂ ਦਿੱਤੀ ਲੋਰੀ ਤੋਂ ਲੈ ਕੇ ਉਸ ਦੇ ਹੱਥ ਵਿੱਚ ਡੰਗੋਰੀ ਫੜਨ ਤੀਕ ਸਾਰਾ ਸਫ਼ਰ ਵੇਖੋ। ਗੋਦੀ ਵਿੱਚ ਪਾ ਕੇ ਬੱਚੇ ਨੂੰ ਮਾਂ ਥਾਪੜਦੀ ਹੈ, ਇਹ ਤਾਲ ਹੈ ਜੋ ਮੂੰਹ ਨਾਲ ਅਲਾਪਦੀ ਹੈ ਉਸ ਸੁਰ ਹੈ। ਸਾਡੀਆਂ ਮਾਵਾਂ ਨੇ ਕਿਸੇ ਉਸਤਾਦ ਸੰਗੀਤਕਾਰ ਤੋਂ ਇਹਦੀ ਸਿਖਲਾਈ ਨਹੀਂ ਲਈ ਹੁੰਦੀ ਸਗੋਂ ਸਹਿਜ ਸੁਭਾਅ ਸੰਗੀਤ ਸਾਡੇ ਸਾਹਾਂ ਵਿੱਚ ਨਿਵਾਸ ਕਰਦਾ ਹੈ। ਓਹੀ ਅੱਗੇ ਤੁਰ ਕੇ ਬੱਚੇ ਵਿੱਚ ਪ੍ਰਵੇਸ਼ ਕਰ ਜਾਂਦਾ ਹੈ। ਅੱਜ ਦੀ ਮਸ਼ੀਨੀ ਦੌੜ ਨੇ ਮਾਵਾਂ ਕੋਲੋਂ ਇਹ ਮੌਕੇ ਖੋਹ ਲਏ ਹਨ। ਜਿਹੜੀਆਂ ਮਾਵਾਂ ਬੱਚੇ ਨੂੰ ਗੋਦੀ ਪਾ ਕੇ ਨੀਂਦਰ ਰਾਣੀ ਲਿਆਉਣ ਲਈ ਇਹ ਵਿਧੀ ਅੱਜ ਨਹੀਂ ਵਰਤਦੀਆਂ ਉਨ੍ਹਾਂ ਦੇ ਬਾਲਾਂ ਦੀ ਮਾਨਸਿਕਤਾ ਵਿੱਚ ਤਰਲਤਾ ਦੀ ਗੈਰ ਹਾਜ਼ਰੀ ਯਕੀਨੀ ਹੈ। ਨੌਕਰਾਂ ਚਾਕਰਾਂ ਕੋਲ ਪਲੇ ਬਾਲ ਫਿਰ ਸਕੂਲਾਂ ਦੇ ਹੋਸਟਲਾਂ ਵਿੱਚ ਗੱਭਰੂ ਹੋਏ ਬੱਚੇ ਤੋਂ ਜਵਾਨ ਬਣੇ ਵਿਅਕਤੀ ਕੋਲੋਂ ਤੁਸੀਂ ਹੱਥਾਂ ਦੀਆਂ ਤਲੀਆਂ ਵਿੱਚ ਗਿੱਧੇ ਅਤੇ ਪੈਰਾਂ ਵਿੱਚ ਭੰਗੜੇ ਦੀ ਆਸ ਨਹੀਂ ਰੱਖ ਸਕਦੇ। ਅਮਜ਼ਦ ਅਲੀ ਖਾਨ ਦਾ ਸਰੋਦਵਾਦਨ ਹੋਵੇ ਜਾਂ ਉਸਤਾਦ ਵਿਲਾਇਤ ਖਾਂ ਸਾਹਿਬ ਦਾ ਸਿਤਾਰ ਵਾਦਨ ਉਸ ਲਈ ਕਾਲਾ ਅੱਖਰ ਮੱਝ ਬਰਾਬਰ ਹੀ ਰਹੇਗਾ। ਪਰਿਵਾਰ ਵਿੱਚ ਸਭਿਆਚਾਰ ਦੀ ਗੁੜ੍ਹਤੀ ਸਾਨੂੰ ਸਿਰਫ ਕਿਤਾਬਾਂ ਦੇ ਸਬਕ ਨਹੀਂ ਦਿੰਦੇ ਸਗੋਂ ਬਹੁਤ ਕੁਝ ਅਸੀਂ ਆਪਣੇ ਵਿਹਾਰ ਰਾਹੀਂ ਅਗਲੀ ਪੀੜ੍ਹੀ ਨੂੰ ਸੌਂਪਣਾ ਹੁੰਦਾ ਹੈ। ਬੱਚੇ ਨੂੰ ਬੱਚਾ ਨਾ ਸਮਝੋ, ਉਸ ਦੀਆਂ ਦੋ ਅੱਖਾਂ ਨੂੰ ਅੱਖਾਂ ਨਾ ਸਮਝੋ । ਉਹ ਦੋ ਕੈਮਰੇ ਲਈ ਫਿਰਦਾ ਹੈ ਜੋ ਤੁਹਾਡੇ ਹਰ ਹਰਕਤ ਨੂੰ ਆਪਣੇ ਮਨ ਦੀ ਹਾਰਡ ਡਿਸਕ ਵਿੱਚ ਜਮ੍ਹਾਂ ਕਰੀ ਜਾਂਦਾ ਹੈ। ਇਸ ਡਿਸਕ ਵਿੱਚ ਕਦੇ ਵਾਇਰਸ ਨਹੀਂ ਆਉਂਦਾ । ਚੇਤ ਅਚੇਤ ਇਹ ਸਮਾਂ ਪੈਣ ਤੇ ਹਾਜ਼ਰ ਨਾਜ਼ਰ ਹੋ ਜਾਂਦਾ ਹੈ ਜਿਸ ਨੂੰ ਅਸੀਂ ਆਮ ਭਾਸ਼ਾ ਵਿੱਚ ਮਾਂ ਪਰ ਪੂਤ ਪਿਤਾ ਪਰ ਘੋੜਾ, ਬਹੁਤਾ ਨਹੀਂ ਤੇ ਥੋੜ੍ਹਾ ਥੋੜ੍ਹਾ ਆਖਦੇ ਹਾਂ। ਉਹ ਇਹੀ ਵਿਹਾਰ ਹੈ ਜੋ ਬੱਚਾ ਮਾਂ-ਬਾਪ ਤੋਂ ਹਾਸਲ ਕਰਦਾ ਹੈ ਅਤੇ ਅਗਲੀ ਪੁਸ਼ਤ ਤੀਕ ਲੈ ਕੇ ਜਾਂਦਾ ਹੈ।
ਆਮ ਲੋਕ ਇਸ ਗੱਲ ਵਿੱਚ ਫਖਰ ਮਹਿਸੂਸ ਕਰਦੇ ਹਨ ਕਿ ਮੈਂ ਹੱਥੀਂ ਕੋਈ ਕੰਮ ਨਹੀਂ ਕਰਦਾ। ਕਿਰਤ ਸਭਿਆਚਾਰ ਸਾਡੀ ਸ਼ਕਤੀ ਨਾ ਹੁੰਦੀ ਤਾਂ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਦੇ ਖੇਤਾਂ ਵਿੱਚ ਵਾਹੀ ਨਹੀਂ ਸੀ ਕਰਨੀ। ਉਨ੍ਹਾਂ ਨੇ ਕਿਰਤ ਦਾ ਸਬਕ ਪੜ੍ਹਾਉਣ ਲਈ ਕਰਤਾਰਪੁਰ ਨੂੰ ਹੀ ਕਿਤਾਬ ਬਣਾ ਦਿੱਤਾ। ਪੰਜ ਸਦੀਆਂ ਤੋਂ ਵਧ ਸਮਾਂ ਬੀਤ ਚੁੱਕਾ ਹੈ । ਅਸੀਂ ਇਸ ਕਿਤਾਬ ਨੂੰ ਜਿੰਨਾ ਜਿੰਨਾ ਪੜ੍ਹਿਆ ਹੈ ਉਨਾ ਉਨਾ ਹੀ ਸੁਖ ਪਾਇਆ ਹੈ। ਜਿਸ ਥਾਂ ਤੇ ਗੁਰੂ ਨਾਨਕ ਦੇਵ ਜੀ ਨੇ ੳਂੁਕਾਰ ਨੂੰ ਇਕ ਕਿਹਾ ਸੀ ਉਸ ਥਾਂ ਤੇ ਜਾਓ। ਸੁਲਤਾਨਪੁਰੀ ਲੋਧੀ ਦੀ ਧਰਤੀ ਉਪਰੋਂ ਵਹਿੰਦੀ ਕਾਲੀ ਬੇਈਂ ਸਾਡੀਆਂ ਕਾਲੀਆਂ ਕਰਤੂਤਾਂ ਦਾ ਕੱਚਾ ਚਿੱਠਾ ਬੋਲ ਬੋਲ ਕੇ ਸੁਣਾਉਂਦੀ ਹੈ। ਕਿਵੇਂ ਵਿਰਸੇ ਨਾਲ ਖਿਲਵਾੜ ਕੀਤਾ ਹੈ ਅਸੀਂ। ਗੰਦਾ ਨਾਲਾ ਬਣਾ ਧਰਿਆ ਹੈ ਅਸਾਂ ਨਿਰਮਲ ਨੀਰ ਦਾ  ਅਲੌਕਿਕ ਸੋਮਾ। ਧਰਮ ਦੇ ਨਾਂ ਤੇ ਬਣੀਆਂ ਸੰਸਥਾਵਾਂ ਅਤੇ ਅਦਾਰਿਆਂ ਦਾ ਮਲ ਮੂਤਰ ਵੀ ਜੇ ਇਸੇ ਪਵਿੱਤਰ ਸੋਮੇ ਵਿੱਚ ਪੈਣੋਂ ਰੋਕਣ ਲਈ ਕਿਸੇ ਬਲਬੀਰ ਸਿੰਘ ਸੀਚੇਵਾਲ ਵਰਗੇ ਮਹਾਂਪੁਰਸ਼ ਨੂੰ ਸੰਘਰਸ਼ ਕਰਨਾ ਪਵੇ ਤਾਂ ਇਸ ਤੋਂ ਵੱਧ ਨਮੋਸ਼ੀ ਵਾਲੀ ਗੱਲ ਕੀ ਹੋਵੇਗੀ। ਅਸੀਂ ਸਭਿਆਚਾਰ ਨੂੰ ਸਿਰਫ ਮੰਚ ਪੇਸ਼ਕਾਰੀਆਂ ਤੀਕ ਸੀਮਤ ਕਰ ਲਿਆ ਹੈ ਜਦ ਕਿ ਸਾਡਾ ਸਭਿਆਚਾਰ ਪੌਣ ਨੂੰ ਗੁਰੂ ਮੰਨਣਾ ਹੈ, ਪਾਣੀ ਨੂੰ ਪਿਤਾ ਮੰਨਣਾ ਹੈ, ਧਰਤੀ ਨੂੰ ਮਾਤਾ ਮੰਨਣਾ ਹੈ । ਜਿਸ ਨੂੰ ਦਿਨ ਤੇ ਰਾਤ ਦੋ ਖਿਡਾਵੀ ਖਿਡਾਵੇ ਬਣ ਕੇ ਸਾਨੂੰ ਸਭ ਨੂੰ ਖਿਡਾਉਂਦੇ ਹਨ। ਅਸੀਂ ਸ਼ਬਦ  ਤਾਂ ਪੜ੍ਹਦੇ ਹਾਂ ਪਰ ਉਸ ਨੂੰ ਜੀਵਨ ਧਾਰਾ ਵਿੱਚ ਲਾਗੂ ਨਹੀਂ ਕਰਦੇ।
ਗਰੀਬ ਦਾ ਮੂੰਹ ਗੁਰੂ ਦੀ ਗੋਲਕ ਬਹੁਤ ਵਾਰ ਸੁਣਿਆ ਹੈ ਪਰ ਇਸ ਤੇ ਅਮਲ ਕਰਨ ਵਾਲੇ ਵਿਰਲੇ ਹਨ। ਭਗਤ ਪੂਰਨ ਸਿੰਘ ਹੋਵੇ ਜਾਂ ਇਸ ਤੋਂ ਪਹਿਲਾਂ ਭਾਈ ਘਨੱਈਆ, ਗੁਰੂ ਦੇ ਇਨ੍ਹਾਂ ਸਿੰਘਾਂ ਨੇ ਆਪਣੇ ਇਸ਼ਟ ਦੀ ਹੁਕਮ ਪਾਲਣਾ ਇਸ ਅੰਦਾਜ਼ ਨਾਲ ਹੀ ਕੀਤੀ ਹੈ। ਜੰਗ ਵਿੱਚ ਜ਼ਖ਼ਮੀ ਨੂੰ ਪਾਣੀ ਦੇਣ ਵੇਲੇ ਧਰਮ ਦਾ ਨਿਸ਼ਾਨ ਵੇਖਣ ਵਾਲਾ ਗੁਰੂ ਦਾ ਸਿੱਖ ਨਹੀਂ ਹੁੰਦਾ। ਭਾਈ ਘਨੱਈਆ ਇਸੇ ਕਰਕੇ ਸਾਡੇ ਸਭਿਆਚਾਰ ਦੀ ਸ਼ਕਤੀ ਵਜੋਂ ਉੱਭਰਦਾ ਹੈ। ਭਗਤ ਪੂਰਨ ਸਿੰਘ ਵਰਗੇ ਨਿਰਛਲ, ਨਿਰਕਪਟ ਅਤੇ ਨਿਰਵਿਕਾਰ ਵਿਅਕਤੀ ਮਾਵਾਂ ਰੋਜ਼ ਨਹੀਂ ਜੰਮਦੀਆਂ। ਧਰਤੀ ਦੇ ਇਨ੍ਹਾਂ ਸੁਲੱਗ ਪੁੱਤਰਾਂ ਕਾਰਨ ਹੀ ਪੰਜਾਬ ਦੀ ਦਸਤਾਰ ਦਾ ਸ਼ਮਲਾ ਪੂਰੇ ਵਿਸ਼ਵ ਵਿੱਚ ਦੂਰੋਂ ਦਿਸਦਾ ਹੈ। ਸਰਮਾਇਆ ਬੜੇ ਲੋਕਾਂ ਕੋਲ ਹੈ ਪਰ ਦਿਲਾਂ ਵਿੱਚ ਗਰੀਬੀ ਵੀ ਕਮਾਲ ਦੀ। ਆਪਣੇ ਘਰਾਂ ਦੇ ਅੰਦਰ ਅੰਦਰ ਹੀ ਉਹ ਸਭਿਆਚਾਰ ਦੇ ਰਾਖੇ ਹਨ ਪਰ ਘਰ ਦੀ ਬਾਹਰਲੀ ਦੀਵਾਰ ਦੇ ਨਾਲ ਹੀ ਕੂੜੇ ਦੇ ਢੇਰ ਉਨ੍ਹਾਂ ਕੀ ਅਸਲੀਅਤ ਦਾ ਪਾਜ਼ ਉਘਾੜਦੇ ਹਨ। ਧਰਤੀ ਮਾਤਾ ਮੰਨਣ ਵਾਲੀ ਕੌਮ ਦੇ ਵਾਰਸਾਂ ਸਾਹਮਣੇ ਵਾਤਾਵਰਨ ਬਹੁਤ ਵੱਡਾ ਸੁਆਲ ਬਣ ਕੇ ਖੜ੍ਹਾ ਹੈ। ਬਿਰਖਾਂ ਦੀ ਹਰਿਆਵਲੀ ਧਰਤੀ ਅੱਜ ਘੋਨਮੋਨ ਹੋ ਚੱਲੀ ਹੈ। ਅਨਾਜ ਉਗਾਉਣ ਦੇ ਲਾਲਚਵਸ ਕਿਸੇ ਖੇਤ ਦੇ ਵੱਟਾਂ ਬੰਨੇ ਛੱਤਰੀਦਾਰ ਬਿਰਖ ਨਹੀਂ, ਨਾ ਹੀ ਬਿਰਖਾਂ ਵਰਗੇ ਬਾਬੇ ਹਨ। ਧਰਤੀ ਦੀ ਇਹ ਖੂਬਸੂਰਤ ਰਵਾਇਤ ਰਹੀ ਹੈ ਕਿ ਬਿਰਖਾਂ ਵਰਗੇ ਬਾਬੇ ਅਤੇ ਪਿੱਪਲ ਬੋਹੜ ਸਾਡੀ ਸਾਂਝੀ ਜੀਵਨ ਤੋਰ ਦੇ ਗਵਾਹ ਰਹੇ ਹਨ। ਅਸੀਂ ਇਨ੍ਹਾਂ ਰੁਖਾਂ ਹੇਠ ਇਕੱਠਿਆਂ ਜੀਣ ਮਰਨ ਦੇ ਅਹਿਸਾਸ ਨੂੰ ਮਾਣਦੇ ਰਹੇ ਹਾਂ। ਸਾਡਾ ਸਭਿਆਚਾਰ ਧਰਤ ਮੁਖੀ ਹੈ। ਸਾਰਾ ਕੁਝ ਧਰਤੀ ਵੱਲ ਵੇਖ ਕੇ ਅੱਗੇ ਤੁਰਦਾ ਹੈ। ਪੰਜਾਬੀ ਸਭਿਆਚਾਰ ਫੈਲਵਾਂ ਹੈ ਪਰ ਅੱਜ ਸਫੈਦਿਆਂ ਦੇ ਯੁਗ ਵਿੱਚ ਅਸੀਂ ਅਕਾਸ਼ ਮੁਖੀ ਹੋ ਗਏ ਹਾਂ। ਸਾਡਾ ਆਸ ਪਾਸ ਵੀਰਾਨ ਹੈ, ਸੁੰਨਾ ਹੈ। ਵਿਅਕਤੀਗਤ ਵਿਕਾਸ ਨੂੰ ਪ੍ਰਾਪਤੀ ਮੰਨਣਾ ਪੰਜਾਬੀ ਸਭਿਆਚਾਰ ਨਹੀਂ। ਪੰਜਾਬੀ ਸਭਿਆਚਾਰ ਤਾਂ ਜੀਓ ਅਤੇ ਜਿਊਣ ਦਿਓ ਤੋਂ ਅੱਗੇ ਤੁਰ ਕੇ ਸਾਂਝੀ ਧੜਕਣ ਦਾ ਵਿਸਵਾਸ਼ੀ ਹੈ।
ਹਰ ਪੰਜਾਬੀ ਦੇ ਸਭਿਆਚਾਰ ਵਿੱਚ ਤਿੰਨ ਮਾਵਾਂ ਦਾ ਯੋਗਦਾਨ ਪ੍ਰਮੁਖ ਰਿਹਾ ਹੈ। ਪਹਿਲਾਂ ਮਾਂ ਜਣਨਹਾਰੀ ਹੈ ਜਿਸ ਨੇ ਆਪਣੀ ਕੁੱਖ ਵਿੱਚ ਸਾਨੂੰ ਵਿਕਸਤ ਕੀਤਾ। ਉਸ ਦੀ ਕੁਖ ਨੂੰ ਅੱਜ ਅਸੀਂ ਮਸ਼ੀਨਾਂ ਹਵਾਲੇ ਕਰ ਚੁਕੇ ਹਾਂ। ਦੂਸਰੀ ਮਾਂ ਬੋਲੀ ਹੈ ਜਿਸ ਦਾ ਹਸ਼ਰ ਤੁਹਾਨੂੰ ਸਭ ਨੂੰ ਮੈਂ ਕੱਲ੍ਹ ਹੀ ਦਸ ਚੁੱਕਾ ਹਾਂ। ਆਪਣੀ ਮਾਂ ਬੋਲੀ ਬੋਲਣ ਲੱਗਿਆਂ ਜੇਕਰ ਪੁੱਤਰਾਂ ਧੀਆਂ ਨੂੰ ਹੀ ਸੰਗ ਆਉਣ ਲੱਗ ਜਾਵੇ ਤਾਂ ਉਹ ਮਾਂ ਕਿਧਰ ਜਾਵੇ। ਮਾਂ ਧਰਤੀ ਦਾ ਹਾਲ ਵੀ ਕਿਸੇ ਤੋਂ ਲੁਕਿਆ ਛੁਪਿਆ ਨਹੀਂ। ਵੰਨ ਸੁਵੰਨੀਆਂ ਜ਼ਹਿਰਾਂ ਛਿੜਕ ਛਿੜਕ ਕੇ ਅਸੀਂ ਆਪਣੀਆਂ ਹਵਾਵਾਂ ਵਿੱਚ ਜ਼ਹਿਰ ਘੋਲ ਲਿਆ ਹੈ। ਰਸਾਇਣਕ ਖਾਦਾਂ, ਨਦੀਨ ਨਾਸ਼ਕ ਜ਼ਹਿਰਾਂ ਅਤੇ ਉੱਲੀ ਨਾਸ਼ਕ ਜ਼ਹਿਰਾਂ ਦੇ ਅਸਰ ਕਾਰਨ ਧਰਤੀ ਦੀ ਹਾਲਤ ਨਿਘਾਰ ਵੱਲ ਚੱਲ ਰਹੀ ਹੈ। ਜਲ ਸੋਮਿਆਂ ਦੀ ਬੇਹਿਸਾਬ ਵਰਤੋਂ ਨਾਲ ਖੂਹਾਂ ਦੇ ਪਾਣੀ ਲੱਭਦੇ ਨਹੀਂ। ਮੱਛੀ ਮੋਟਰਾਂ ਲਾ ਕੇ ਧਰਤੀ ਹੇਠੋਂ ਪਾਣੀ ਖਿੱਚਣ ਲੱਗਿਆਂ ਸਾਨੂੰ ਇਹ ਗੱਲ ਕਦੇ ਨਹੀਂ ਵਿਸਾਰਨੀ ਚਾਹੀਦੀ ਕਿ ਇਹ ਸੀਮਤ ਸਰਮਾਇਆ ਹੈ ਜੋ ਕਦੇ ਵੀ ਮੁੱਕ ਸਕਦਾ ਹੈ। ਇਸ ਧਰਤੀ ਤੇ ਜੇਕਰ ਕਦੇ ਤੀਸਰਾ ਵਿਸ਼ਵ ਯੁਧ ਹੋਇਆ ਤਾਂ ਉਸ ਦਾ ਮੁੱਦਾ ਪਾਣੀ ਹੋਵੇਗਾ ਜਿਸ ਨੂੰ ਅਸੀਂ ਬੇਰਹਿਮੀ ਨਾਲ ਖਰਚ ਰਹੇ ਹਾਂ। ਆਪਣੇ ਕੁਦਰਤੀ ਸੋਮਿਆਂ ਨੂੰ ਸੰਭਾਲਣ ਦਾ ਵੀ ਸਾਡਾ ਸਭਿਆਚਾਰ ਹੈ।
ਗੀਤ ਸੰਗੀਤ ਵਿੱਚ ਰਿਸ਼ਤਿਆਂ ਦੀ ਪਵਿੱਤਰਤਾ ਕਾਇਮ ਰੱਖਣ ਦੀ ਜ਼ਿੰਮੇਂਵਾਰੀ ਅਸੀਂ ਸਰਕਾਰਾਂ ਤੇ ਕਿਉਂ ਸੁੱਟੀਏ । ਸਾਡੀਆਂ ਸਰਕਾਰਾਂ ਨੂੰ ਹੋਰ ਪੰਜਾਹ ਕੰਮਾਂ ਤੋਂ ਵਿਹਲ ਨਹੀਂ ਨਾਲੇ ਸਰਕਾਰਾਂ ਕਿਉਂ ਚਾਹੁੰਣਗੀਆਂ ਕਿ ਤੁਹਾਡਾ ਸੁਹਜ ਸੁਆਦ ਨਾ ਵਿਗੜੇ। ਆਪਣੇ ਘਰ ਦੀ ਰਾਖੀ ਸਾਨੂੰ ਖੁਦ ਹੀ ਕਰਨੀ ਪੈਣੀ ਹੈ। ਸ਼ੋਰ ਅਤੇ ਸੰਗੀਤ ਵਿਚਕਾਰਲੀ ਲਕੀਰ ਵਾਹੁੰਣੀ ਪੈਣੀ ਹੈ। ਤੁਸੀਂ ਆਪ ਦੱਸੋ ਕਿ ਕਿਸੇ ਵੀ ਵਿਆਹ ਸ਼ਾਦੀ ਤੇ ਜਾ ਕੇ ਤੁਸੀਂ ਕਦੇ ਕਿਸੇ ਗਵੱਈਏ ਦਾ ਇਕ ਵੀ ਬੋਲ ਸੁਣ ਸਕੇ ਹੋ, ਸਾਜਾਂ ਦਾ ਲਾਠੀਚਾਰਜ ਤੁਹਾਨੂੰ ਸ਼ੋਰ ਵਿੱਚ ਗਲਤਾਨ ਕਰ ਦਿੰਦਾ ਹੈ । ਤੁਸੀਂ ਆਪਣੇ ਆਪ ਨੂੰ ਉਸ ਪਲ ਵੇਖੋ ਜਦੋਂ ਇਹ ਸ਼ੋਰ ਬੰਦ ਹੁੰਦਾ ਹੈ। ਕੰਨਾਂ ਨੂੰ ਸਾਹ ਜਿਹਾ ਆ ਜਾਂਦਾ ਹੈ। ਕੀ ਸਮੁੱਚੀ ਪ੍ਰਕਿਰਤੀ ਇਸ ਸ਼ੋਰ ਨੂੰ ਨਾ ਪਸੰਦ ਨਹੀਂ ਕਰਦੀ ਹੋਵੇਗੀ? ਸੰਗੀਤ ਤਾਂ ਬਿਰਤੀਆਂ ਨੂੰ ਇਕਾਗਰਚਿਤ ਕਰਨ ਦਾ ਢੰਗ ਹੈ ਨਾ ਕਿ ਵਿਸਫੋਟ ਕਰਨ ਦਾ । ਸ਼ੋਰ ਵਿਸਫੋਟ ਕਰਦਾ ਹੈ ਇਹ ਸਾਡਾ ਸਭਿਆਚਾਰ ਨਹੀਂ। ਅਸੀਂ ਰੰਗਾਂ, ਖੁਸ਼ਬੂਆਂ ਅਤੇ  ਸਹਿਜ ਤੋਰ ਦੇ ਸਹਿਯਾਤਰੀ ਹਾਂ। ਸਾਡੀ ਧਰਤੀ ਉੱਪਰ ਮਹਿਕਦੇ ਖਿੜਦੇ ਫੁੱਲ ਬਗੀਚੇ, ਫ਼ਸਲਾਂ ਵਾੜੀਆਂ ਕਦੇ ਧਿਆਨ ਨਾਲ ਵੇਖੋ। ਸਾਰਾ ਕੁਝ ਹੀ ਇਕ ਵਿਸੇਸ਼ ਅੰਦਾਜ਼ ਦੀ ਸਹਿਜ ਤੋਰ ਦਾ ਝਲਕਾਰਾ ਦਿੰਦਾ ਹੈ। ਜ਼ਿੰਦਗੀ ਨੂੰ ਸਭਿਆਚਾਰ ਦੇ ਸੀਮਤ ਅਰਥਾਂ ਵਾਲੀ ਐਨਕ ਨਾਲ ਨਾ ਵੇਖੋ। ਨੰਗੀ ਅੱਖ ਨਾਲ ਵੇਖਿਆਂ ਹੀ ਜ਼ਿੰਦਗੀ ਦੇ ਸਭ ਅੰਦਾਜ਼ ਤੁਹਾਨੂੰ ਸਮਝ ਪੈਣਗੇ।
ਔਰਤ ਪ੍ਰਤੀ ਮਰਦ ਦੀ ਖਿੱਚ ਸੁਭਾਵਿਕ ਹੈ। ਉਸ ਦੀ ਸ਼ਲਾਘਾ ਕਰਨ ਦਾ ਵੀ ਅੰਦਾਜ਼ ਹੈ। ਉਸ ਨਾਲ ਤੁਰਨ ਦਾ ਵੀ ਨਿਸ਼ਚਿਤ ਸਲੀਕਾ ਹੈ ਪਰ ਸਰਮਾਏ ਦੀ ਤੇਜ਼ ਹਨੇਰੀ ਨੇ ਸਾਨੂੰ ਔਰਤ ਦਾ ਮਾਂ, ਧੀ ਅਤੇ ਭੈਣ ਵਾਲਾ ਰਿਸ਼ਤਾ ਭੁਲਾ ਦਿੱਤਾ ਹੈ। ਹੁਣ ਸਿਰਫ ਉਹ ਮਾਨਣ ਅਤੇ ਭੋਗਣ ਦੀ ਵਸਤੂ ਤੋਂ ਵੱਧ ਕੁਝ ਵੀ ਨਹੀਂ। ਸਵੇਰ ਸਾਰ ਟੈਲੀਵੀਜ਼ਨ ਤੋਂ ਲੈ ਕੇ ਅਖ਼ਬਾਰਾਂ, ਰੇਡੀਓ ਅਤੇ ਹੋਰ ਸੰਚਾਰ ਮਾਧਿਅਮ ਔਰਤ ਦੇ ਹੀ ਸਾਰੇ ਅੰਗਾਂ ਦੀ ਮਹਿਮਾ ਵਿੱਚ ਲੱਗੇ ਹੋਏ ਹਨ। ਰਿਸ਼ਤਿਆਂ ਦੀ ਇਹ ਪਰਿਭਾਸ਼ਾ ਨਵੀਂ ਵਿਕਸਤ ਹੋਈ ਹੈ ਕਿ ਔਰਤ ਨੂੰ ਸਿਰਫ ਧੌਣ ਤੋਂ ਹੇਠਾਂ ਹੇਠਾਂ ਹੀ ਗਿਣੋ, ਧੌਣ ਤੋਂ ਉੱਪਰ ਜਿਥੇ ਸੋਚਣ ਵਾਲੀ ਮਸ਼ੀਨ ਪਈ ਹੈ ਉਸ ਦਾ ਅਹਿਸਾਸ ਔਰਤ ਨੂੰ ਹੋਣ  ਹੀ ਨਾ ਦਿਓ। ਇਹ ਸਾਡੀ ਸਭਿਆਚਾਰਕ ਗਿਰਾਵਟ ਦਾ ਹੀ ਪ੍ਰਮਾਣ ਕਹੀ ਜਾ ਸਕਦੀ ਹੈ, ਸ਼ਕਤੀ ਨਹੀ।  ਅਸੀਂ ਤਾਂ ਦੇਵੀ ਪੂਜਕ ਹਾਂ, ਧਨ ਦੀ ਦੇਵੀ ਲੱਛਮੀ, ਗਿਆਨ ਦੀ ਦੇਵੀ ਸਰਸਵਤੀ, ਸ਼ਕਤੀ ਦੀ ਦੇਵੀ ਦੁਰਗਾ ਅਤੇ ਹੋਰ ਅਨੇਕਾਂ ਦੇਵੀਆਂ ਸਦੀਆਂ ਤੋਂ ਸਾਡੇ ਅੰਗ ਸੰਗ ਹਨ। ਅਸੀਂ ਉਸ ਪਾਸੋਂ ਸ਼ਕਤੀ ਲੈਣੀ ਵੀ ਹੈ ਅਤੇ ਦੇਣੀ ਵੀ ਹੈ। ਜ਼ਿੰਦਗੀ ਦੀ ਸਮਤੋਲ ਤੋਰ ਵਿੱਚ ਇਹੀ ਸੁਮੇਲ ਸ਼ਕਤੀ ਬਣ ਕੇ ਸਾਨੂੰ ਸਭਿਅਕ ਇਨਸਾਨ ਬਣਨ ਦੇ ਰਾਹ ਤੋਰ ਸਕਦਾ ਹੈ।
ਸਾਡੀ ਮੁਹੱਬਤ ਵਿੱਚ ਜਿਸਮ ਸ਼ਾਮਿਲ ਨਹੀਂ । ਸਾਡਾ ਰਾਂਝਾ ਸਿਦਕੀ ਹੈ, 14 ਸਾਲ ਮੱਝੀਆਂ ਚਾਰਨ ਵਾਲਾ, ਫਰਹਾਦ ਆਪਣੀ ਸ਼ੀਰੀਂ ਲਈ ਪਰਬਤ ਚੀਰਦਾ ਹੈ, ਮਹੀਂਵਾਲ ਆਪਣੀ ਸੋਹਣੀ ਲਈ ਪੱਟ ਦਾ ਮਾਸ ਖੁਆਉਂਦਾ ਹੈ। ਇੰਦਰ ਬਾਣੀਆਂ ਆਪਣੀ ਬੇਗੋਨਾਰ ਲਈ ਪੂਰੀ ਹੱਟੀ ਨੂੰ ਅਗਨ ਭੇਂਟ ਕਰ ਦਿੰਦਾ ਹੈ। ਸਿਰਫ ਮਿਰਜ਼ੇ ਨੂੰ ਹੀ ਤਨ ਭੋਗੀ ਕਹਿ ਸਕਦੇ ਹਾਂ ਬਾਕੀ ਸਾਰੇ ਰੂਹਾਂ ਦੇ ਵਣਜਾਰੇ ਸੱਜਣ ਪਿਆਰੇ ਸਨ। ਸਾਡੇ ਸਭਿਆਚਾਰ ਦੀ ਸ਼ਕਤੀ ਇਨ੍ਹਾਂ ਮੁਹੱਬਤੀ ਰੂਹਾਂ ਸਦਕਾ ਹੋਰ ਵੀ ਬਲਵਾਨ ਹੋ ਕੇ ਨਿਖਰਦੀ ਹੈ।
ਆਪਣੀ ਧਰਤੀ ਦੀ ਵਿਰਾਸਤ ਵਿੱਚ ਸੂਰਮਿਆਂ ਦਾ ਬਹੁਤ ਉਚੇਰਾ ਸਥਾਨ ਹੈ। ਤੱਤੀ ਤਵੀ ਤੇ ਬੈਠੇ ਗੁਰੂ ਅਰਜਨ ਦੇਵ ਜੀ ਤੋਂ ਲੈ ਕੇ ਸ਼ਹੀਦਾਂ ਮੁਰੀਦਾਂ ਦੀ ਲੰਮੀ ਕਤਾਰ ਵੇਖਦਿਆਂ ਹੀ ਇਸ ਧਰਤੀ ਦੇ ਲੋਕਾਂ ਦੀ ਜਾਂਬਾਜ਼ ਵਿਰਾਸਤ ਦਾ ਪਤਾ ਲੱਗਦਾ ਹੈ। ਮੁਗਲਾਂ ਦੇ ਟਾਕਰੇ ਤੋਂ ਲੈ ਕੇ ਫਰੰਗੀਆਂ ਨਾਲ ਮੁਕਾਬਲੇ ਤੋਂ ਬਾਅਦ ਹਰ ਸੰਕਟ ਦੀ ਘੜੀ ਪੰਜਾਬੀਆਂ ਦਾ ਸਿੱਧੇ ਖੜੇ ਹੋ ਕੇ ਸੰਘਰਸ਼ ਕਰਨਾ ਵੀ ਸਾਡਾ ਸਭਿਆਚਾਰ ਹੈ। ਪੈਸੇ ਦੇ ਪੁੱਤ ਬਣਨ ਦੀ ਹੋੜ ਨੇ ਸਾਨੂੰ ਹੌਲੀ ਹੌਲੀ  ਬੰਦੇ ਦਾ ਪੁੱਤ ਨਹੀਂ ਰਹਿਣ ਦਿੱਤਾ। ਬੰਦਾ ਬੰਦਗੀ ਨਾਲ ਬਣਦਾ ਹੈ ਅਤੇ ਬੰਦਗੀ ਸਾਡੇ ਵਿਚੋਂ ਗੈਰ ਹਾਜ਼ਰ ਹੋ ਰਹੀ ਹੈ। ਸਭਿਆਚਾਰ ਦੀ ਅਸਲ ਸੂਰਤ ਪਛਾਣੋ, ਤੁਹਾਨੂੰ ਕਣ ਕਣ ਵਿਚੋਂ ਕਾਇਨਾਤ ਦਿਸੇਗੀ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>