ਰਾਵੀ ਦਰਿਆ ਦਾ ਲਾਡਲਾ ਪੁੱਤਰ : ਸ਼ਿਵ ਕੁਮਾਰ ਬਟਾਲਵੀ

ਸ਼ਿਵ ਕੁਮਾਰ ਬਟਾਲਵੀ ਪੰਜਾਬੀ ਸ਼ਾਇਰੀ ਦਾ ਉਹ ਉੱਚ ਦੁਮਾਲੜਾ ਨਿਸ਼ਾਨ ਹੈ ਜਿਸ ਨੇ ਬਹੁਤ ਥੋੜ੍ਹੇ ਵਰ੍ਹਿਆਂ ਵਿਚ ਜ਼ਿੰਦਗੀ ਅਤੇ ਸਾਹਿਤ ਵਿਚ ਉਹ ਕੁਝ ਕਰ ਵਿਖਾਇਆ ਜੋ ਵਿਰਲਿਆਂ ਨੂੰ ਨਸੀਬ ਹੁੰਦਾ ਹੈ। ਉਮਰ ਦੇ ਕੁਲ 37 ਸਾਲ ਹੰਢਾ ਕੇ ਉਸ ਨੇ ਸਾਨੂੰ ਪੰਜਾਬੀ ਸ਼ਾਇਰੀ ਵਿਚ ਦੀਆਂ ਉਹ ਖੂਬਸੂਰਤੀਆਂ ਸਿਰਜ ਦਿੱਤੀਆਂ ਜਿਨ੍ਹਾਂ ਨੂੰ ਉਸ ਤੋਂ ਸੈਂਕੜੇ ਵਰ੍ਹੇ ਪਹਿਲਾਂ ਹੋਏ ਕਿੱਸਾ ਕਵੀਆਂ ਜਾਂ ਸੂਫੀ ਸ਼ਾਇਰਾਂ ਦੀ ਸ਼ਾਇਰੀ ਵਿਚੋਂ ਲੱਭਣਾ ਪੈਂਦਾ ਸੀ। ਉਹ ਰਾਵੀ ਕੰਢੇ ਜੰਮਿਆਂ। ਬਟਾਲੇ ਵੱਡਾ ਹੋਇਆ, ਕਾਦੀਆਂ ਅਤੇ ਨਾਭਾ ਵਿਚ ਕੁਝ ਅਰਸਾ ਪੜ੍ਹਿਆ। ਅਰਲੀ ਭੰਨ (ਗੁਰਦਾਸਪੁਰ) ਵਿਖੇ ਪਟਵਾਰ, ਪ੍ਰੇਮ ਨਗਰ ਬਟਾਲਾ ਅਤੇ ਚੰਡੀਗੜ੍ਹ ਦੀ ਸਟੇਟ ਬੈਂਕ ਆਫ ਇੰਡੀਆ ਬਰਾਂਚ ਦੀ ਕਲਰਕੀ ਉਸ ਦਾ ਜੀਵਨ ਵਿਹਾਰ ਕਦੇ ਨਾ ਬਣ ਸਕੀ। ਉਹ ਅਜਿਹਾ ਅਣ ਐਲਾਨਿਆ ਸ਼ਹਿਨਸ਼ਾਹ ਸੀ ਜਿਸ ਦੀ ਸਲਤਨਤ ਉਸ ਦੇ ਜਿਉਂਦੇ ਜੀਅ ਤਾਂ ਅੰਤਰ ਰਾਸ਼ਟਰੀ ਸੀਮਾਵਾਂ ਤੋਂ ਪਾਰ ਹੈ ਹੀ ਸੀ ਪਰ ਮੌਤ ਮਗਰੋਂ ਹੋਰ ਵੀ ਫੈਲ ਗਈ। ਧਰਤੀ ਦਾ ਕੋਈ ਵੀ ਬੰਧੇਜ ਉਸ ਦੇ ਪੈਰਾਂ ਨੂੰ ਆਪਣੀ ਬੇੜੀ ਵਿਚ ਨਾ ਨੂੜ ਸਕਿਆ। ਉਸ ਦੇ ਸਹਿਪਾਠੀ ਸ: ਭੁਪਿੰਦਰ ਸਿੰਘ ਮਾਨ ਅਤੇ ਡਾ: ਮ. ਸ. ਬਾਜਵਾ ਦੱਸਦੇ ਨੇ ਕਿ ਸ਼ਿਵ ਕੁਮਾਰ ਦੀ ਜ਼ਿੰਦਗੀ ਦਾ ਹਰ ਵਰਕਾ ਰਵਾਇਤੀ ਬੰਧਨਾਂ ਤੋਂ ਮੁਕਤ ਸੀ। ਉਹ ਰਿਸ਼ਤਿਆਂ ਨਾਤਿਆਂ ਅਤੇ ਸੰਬੰਧਾਂ ਦੀ ਪਾਕੀਜ਼ਗੀ ਤੋਂ ਵਾਕਿਫ ਹੁੰਦਾ ਹੋਇਆ ਵੀ ਸਾਰੇ ਬੰਧਨ ਤੋੜ ਦਿੰਦਾ। ਰਾਵੀ ਦਾ ਪੁੱਤਰ ਸੀ ਨਾ। ਉਸ ਨੂੰ ਦਰਿਆ ਦੇ ਅੱਥਰੇ ਵੇਗ ਦੀ ਗੁੜ੍ਹਤੀ ਸੀ ।

ਆਪਣੇ ਗਿਰਦਾਵਰ ਬਾਪ ਗੋਪਾਲ ਕ੍ਰਿਸ਼ਨ ਦੀਆਂ ਰੀਝਾਂ ਮੁਤਾਬਕ ਉਹ ਪਟਵਾਰੀ ਤਾਂ ਭਰਤੀ ਹੋ ਗਿਆ ਪਰ ਉਸ ਦੀ ਨਿਯੁਕਤੀ ਵਾਲਾ ਪਹਿਲਾ ਪਿੰਡ ਅਰਲੀ ਭੰਨ (ਨੇੜੇ ਕਲਾਨੌਰ) ਉਸ ਦੇ ਸੁਭਾਅ ਨੂੰ ਹੋਰ ਨਿਖਾਰ ਦੇ ਗਿਆ। ਅਨੁਸ਼ਾਸ਼ਨ ਦੀ ਪੰਜਾਲੀ ਵਿਚ ਉਸ ਨੇ ਧੌਣ ਤਾਂ ਦੇ ਦਿੱਤੀ ਪਰ ਅਰਲੀ ਭੰਨ ਕੇ ਉਹ ਕਾਵਿ ਦੇਸ਼ ਦੀਆਂ ਉੱਚ ਉਡਾਰੀਆਂ ਦਾ ਪਰਿੰਦਾ ਬਣ ਗਿਆ। ਉਸ ਦੀ ਕਵਿਤਾ ਨੂੰ ਦੁਨਿਆਵੀ ਅੰਬਰ ਬਹੁਤ ਛੋਟਾ ਲਗਦਾ। ਉਸ ਦੀਆਂ ਕੱਚੀ ਉਮਰ ਦੀਆਂ ਦੋਸਤੀਆਂ ਦੇ ਵਾਕਿਫਕਾਰ ਗੁਰਬਚਨ ਸਿੰਘ ਰਮਜ਼ੀ ਅਤੇ ਹੋਰ ਨਿਕਟਵਰਤੀ ਸੱਜਣ ਪਿਆਰੇ ਦੱਸਦੇ ਰਹੇ ਹਨ ਕਿ ਸ਼ਿਵ ਦੀ ਰੂਹ ਵਿਚ ਇਤਿਹਾਸਕ ਸ਼ਿਵ ਜੀ ਦੇਵਤੇ ਦਾ ਵੀ ਨਿਵਾਸ ਸੀ। ਉਹ ਵਿਸ਼ ਪੀਣ ਤੋਂ ਗੁਰੇਜ਼ ਨਾ ਕਰਦਾ। ਹਰ ਕਿਸੇ ਲਈ ਕਲਿਆਣਕਾਰੀ ਵਤੀਰਾ ਧਾਰਦਾ। ਮੋਮਬੱਤੀ ਵਾਂਗ ਆਪਣਾ ਆਪ ਤਾਂ ਪਿਘਲਾ ਦਿੰਦਾ ਪਰ ਕਿਸੇ ਨੂੰ ਹਨੇਰੇ ਰਾਹਾਂ ਵਿੱਚ ਨਾ ਭਟਕਣ ਦਿੰਦਾ। ਕੁਝ ਇਹੋ ਜਿਹੀ ਗਵਾਹੀ ਸਿਆਟਲ (ਅਮਰੀਕਾ) ਵੱਸਦੇ ਉਸ ਦੇ ਇਕ ਚੇਲੇ ਪ੍ਰੇਮ ਕੁਮਾਰ ਨੇ ਦਿੱਤੀ ਹੈ। ਉਸੇ ਪ੍ਰੇਮ ਕੁਮਾਰ ਨੇ ਜਿਸ ਨੇ ਜਵਾਨ ਉਮਰੇ ਸ਼ਿਵ ਕੁਮਾਰ ਦੀਆਂ ਆਵਾਰਗੀਆਂ ਨੂੰ ਬਹੁਤ ਨੇੜਿਉਂ ਵੇਖਿਆ ਤੇ ਮਾਣਿਆ।

ਸ਼ਿਵ ਕੁਮਾਰ ਪੰਜਾਬੀ ਜ਼ੁਬਾਨ ਦਾ ਮਹਿਬੂਬ ਸ਼ਾਇਰ ਸੀ। ਕਿਸੇ ਧੜੇ, ਧਰਮ, ਸਿਆਸਤ ਜਾਂ ਗੁੱਟ ਤੋਂ ਬਹੁਤ ਉਚੇਰਾ। ਉਸ ਦਾ ਪਹਿਲਾ ਕਾਵਿ ਧਰਮ ਸ਼ਾਇਰੀ ਸੀ, ਨਾਅਰਾ ਨਹੀਂ। ਉਸ ਦੀ ਚੀਖ ਬਾਬਾ ਬੂਝਾ ਸਿੰਘ ਦੇ ਕਤਲ ਵੇਲੇ ਕਵਿਤਾ ਦੇ ਰੂਪ ਵਿਚ ਉੱਭਰਦੀ ਹੈ ਅਤੇ ਬਿਰਖਾਂ ਦੀ ਹੋਂਦ ਉਸ ਨੂੰ ਧੀਆਂ, ਪੁੱਤਰਾਂ, ਭੈਣਾਂ, ਭਰਾਵਾਂ ਵਾਲਾ ਟੱਬਰਦਾਰ ਬਣਾਉਦੀ ਹੈ। ਉਹ ਪਾਰਦਰਸ਼ੀ ਹਸਤੀ ਦਾ ਸੁਆਮੀ ਸੀ ਆਪਣੀ ਸ਼ਾਇਰੀ ਵਾਂਗ। ਪਾਰਖੂ ਸੱਜਣ ਪਿਆਰੇ ਉਸ ਨੂੰ ਪਹਿਲੇ ਦਿਨੋਂ ਹੀ ਮੁਹੱਬਤ ਕਰਨ ਲੱਗ ਪਏ। ਪ੍ਰਿੰਸੀਪਲ ਸੰਤ ਸਿੰਘ ਸੇਖੋਂ, ਸੰਤੋਖ ਸਿੰਘ ਧੀਰ, ਮੋਹਨ ਕਾਹਲੋਂ, ਡਾ: ਜੋਗਿੰਦਰ ਸਿੰਘ ਰਾਹੀ,  ਅਮਰਜੀਤ ਗੁਰਦਾਸਪੁਰੀ ਵਰਗੇ ਅਨੇਕਾਂ ਚਿਹਰੇ ਉਸ ਨੂੰ ਅੱਜ ਵੀ ਚੇਤਿਆਂ ਵਿਚ ਸਮਾਈ ਬੈਠੇ ਹਨ। ਭ੍ਵਸ਼ਨ ਧਿਆਨਪੁਰੀ ਤਾਂ ਅੱਜ ਵੀ ਉਸ ਦੀ ਆਰਤੀ ਉਤਾਰਦਾ ਹੈ। ਫੌਜੀਆਂ ਦੇ ਮਾਰਫਤ 56 ਏ ਪੀ ਓ  ਸਿਰਨਾਵੇਂ ਵਾਂਗ ਭੂਸ਼ਨ ਦੀ ਪਛਾਣ ਨਾਲ ਸ਼ਿਵ ਕੁਮਾਰ ਦਾ ਸਿਰਨਾਵਾਂ ਨਾਲ ਨੱਥੀ ਹੈ।

ਸ਼ਿਵ ਕੁਮਾਰ ਬਟਾਲਵੀ ਨੇ ਆਪਣੀ ਕਿਸੇ ਵੀ ਕਿਤਾਬ ਤੇ ਆਪਣੇ ਆਪ ਨੂੰ ਬਟਾਲਵੀ ਨਹੀਂ ਲਿਖਿਆ। ਦੋ ਤਿੰਨ ਹੱਥ ਲਿਖਤ ਕਵਿਤਾਵਾਂ ਤੋਂ ਹੀ ਸ਼ਿਵ ਬਟਾਲਵੀ ਦੇ ਰੂਪ ’ਚ ਦਸਤਖਤ ਮਿਲਦੇ ਹਨ। ਪਰ ਹਾਲਾਤ ਦੀ ਸਿਤਮਜ਼ਰੀਫੀ ਵੇਖੋ ! ਸ਼ਿਵ ਕੁਮਾਰ ਦੇ ਨਾਂ ਨਾਲ ਬਟਾਲਵੀ ਪੱਕੇ ਤੌਰ ਤੇ ਜੁੜ ਗਿਆ ਹੈ। ਹੁਣ ਤਾਂ ਕੋਈ ਹੋਰ ਵੀ ਸ਼ਿਵ ਕੁਮਾਰ ਹੋਵੇ ਤਾਂ ਲੋਕ ਉਸ ਦੀ ਛੇੜ ਬਟਾਲਵੀ ਪਾ ਲੈਂਦੇ ਹਨ। ਇਹ ਰੁਤਬਾ ਜਣੇ ਖਣੇ ਨੂੰ ਨਸੀਬ ਨਹੀਂ ਹੁੰਦਾ। ਸ਼ਿਵ ਕੁਮਾਰ ਬਟਾਲਵੀ ਰਾਵੀ ਦੇ ਕੰਢੇ ਵਸਦੇ ਸ਼ੱਕਰਗੜ੍ਹ ਤਹਿਸੀਲ ਦੇ ਪਿੰਡ ਬੜਾ ਪਿੰਡ ਲੋਹਟੀਆਂ ਵਿਚ ਜੰਮਿਆ। ਆਜ਼ਾਦੀ ਤੋਂ ਕੁਝ ਵਰ੍ਹੇ ਪਹਿਲਾਂ ਉਹ ਸਿਆਲਕੋਟੀਆ ਰਿਹਾ ਅਤੇ 1947 ਤੋਂ ਬਾਅਦ ਪਰਿਵਾਰ ਦੇ ਬਟਾਲੇ ਆ ਜਾਣ ਕਰਕੇ ਬਾਕੀ ਦੀ ਜ਼ਿੰਦਗੀ ਬਟਾਲਵੀ ਬਣ ਗਿਆ। ਗਾਂਧੀ ਚੌਂਕ ਬਟਾਲੇ ਤੋਂ ਡੇਰਾ ਬਾਬਾ ਨਾਨਕ ਵੱਲ ਜਾਂਦਿਆਂ ਖੱਬੇ ਪਾਸੇ ਪ੍ਰੇਮ ਨਗਰ ਮੁਹੱਲੇ ਵਿਚ ਉਸ ਦਾ ਨਿਵਾਸ ਅੱਜ ਵੀ ਸਾਨੂੰ ਸੱਭ ਨੂੰ ਉਸ ਦੇ ਉਥੇ ਹੋਣ ਦਾ ਭੁਲੇਖਾ ਪਾਉਂਦਾ ਹੈ।

ਸ਼ਿਵ ਕੁਮਾਰ ਦੀ ਪਹਿਲੀ ਕਿਤਾਬ ‘ਪੀੜਾਂ ਦਾ ਪਰਾਗਾ’ ਦੇ ਪ੍ਰਕਾਸ਼ਨ ਨਾਲ ਹੀ ਉਸ ਨੂੰ ਲੋਕ ਪ੍ਰਵਾਨਗੀ ਹਾਸਿਲ ਨਹੀਂ ਸੀ ਹੋਈ ਸਗੋਂ ਮਕਬੂਲੀਅਤ ਤਾਂ ਉਸ ਦੇ ਮੱਥੇ ਨੂੰ ਬਹੁਤ ਪਹਿਲਾਂ ਚੁੰਮ ਚੁੱਕੀ ਸੀ। ਬਾਲ ਉਮਰੇ ਹੀ ਉਹ ਬਰਕਤ ਰਾਮ ਯੁਮਨ, ਗੋਪਾਲ ਦਾਸ ਗੋਪਾਲ, ਮੇਲਾ ਰਾਮ ਤਾਇਰ, ਨੰਦ ਲਾਲ ਨੂਰਪੁਰੀ, ਰਾਮ ਨਰਾਇਣ ਸਿੰਘ ਦਰਦੀ, ਗੁਰਦੇਵ ਸਿੰਘ ਮਾਨ, ਜਸਵੰਤ ਰਾਏ ‘ਰਾਏ’, ਜਸਵੰਤ ਸਿੰਘ ਵੰਤਾ, ਜਸਵੰਤ ਸਿੰਘ ਰਾਹੀ, ਦੀਵਾਨ ਸਿੰਘ ਮਹਿਰਮ, ਕਰਤਾਰ ਸਿੰਘ ਬਲੱਗਣ ਅਤੇ ਸਟੇਜ ਦੇ ਧਨੀ ਹੋਰ ਸ਼ਾਇਰਾਂ ਨਾਲ ਬਰ ਮੇਚਣ ਲੱਗ ਪਿਆ ਸੀ। ਇਪਟਾ ਲਹਿਰ ਦੇ ਸਿਰਕੱਢ ਕਲਾਕਾਰ ਅਤੇ ਲੋਕ ਗਾਇਕ ਅਮਰਜੀਤ ਗੁਰਦਾਸਪੁਰੀ ਦੱਸਦੇ ਹਨ ਕਿ ਸ਼ਿਵ ਕੁਮਾਰ ਬਟਾਲਵੀ ਨੇ ਓਨੀਆਂ ਰਾਤਾਂ ਸ਼ਾਇਦ ਆਪਣੇ ਬਾਪ ਦੇ ਘਰ ਬਟਾਲੇ ਵਿਚ ਨਹੀਂ ਕੱਟੀਆਂ ਹੋਣੀਆਂ ਜਿੰਨੀਆਂ ਉਸ ਨੇ ਆਪਣੇ ਮਿੱਤਰ ਪਿਆਰਿਆਂ ਦੇ ਅੰਗ ਸੰਗ ਗੁਜ਼ਾਰੀਆਂ। ਸ਼ਿਵ ਕੁਮਾਰ ਨੂੰ ਖੇਤ ਪਿਆਰੇ ਸਨ ਪੱਕੀਆਂ ਸੜਕਾਂ ਨਹੀਂ। ਸ਼ਾਇਦ ਇਸੇ ਕਰਕੇ ਉਹ ਜਦੋਂ ਕਦੇ ਉਹ ਦਸੂਹਾ ਇਲਾਕੇ ਵਿਚ ਰਾਵਲ ਸਿੰਘ ਧੂਤ ਦੇ ਪਿੰਡ ਜਾਂਦਾ ਤਾਂ ਲਿਖਦਾ :

ਜਿਥੇ ਇਤਰਾਂ ਦੇ ਵਗਦੇ ਨੇ ਚੋਅ,
ਉਥੇ ਮੇਰਾ ਯਾਰ  ਵੱਸਦਾ।
ਜਿਥੇ ਚਾਨਣੀ ’ਚ ਨਾਵ੍ਹੇ ਖੁਸ਼ਬੋ,
ਉਥੇ ਮੇਰਾ ਯਾਰ ਵੱਸਦਾ।

ਭੁੱਖੇ ਭਾਣੇ ਸੌਣ ਜਿਥੇ ਖੇਤਾਂ ਦੇ ਰਾਣੇ,
ਸੱਜਣਾਂ ਦੇ ਰੰਗ ਜਹੇ ਕਣਕਾਂ ਦੇ ਦਾਣੇ।
ਜਿਥੇ ਦੰਮਾਂ ਵਾਲੇ ਲੈਂਦੇ ਨੇ ਲੁਕੋ,
ਉਥੇ ਮੇਰਾ ਯਾਰ ਵੱਸਦਾ।

ਜਦੋਂ ਉਹ ਨਖਾਸੂ ਕੰਢੇ ਉਦੋਵਾਲੀ ’ਚ ਅਮਰਜੀਤ ਗੁਰਦਾਸਪੁਰੀ ਦੇ ਟਿਊਬਵੈੱਲ ਤੇ ਸਿਰ ਵਿਚ ਪਾਣੀ ਪਾ ਕੇ ਵਾਢੀਆਂ ਦੀ ਰੁੱਤੇ ਸਿਰੀ ਬਾਹਰ ਕੱਢਦਾ ਤਾਂ ਵਾਢੀ ਕਰਦੀਆਂ ਮੁਟਿਆਰਾਂ ਨੂੰ ਗੀਤ ਦੇ ਰੂਪ ਵਿਚ ਚਿਤਵਦਾ।

ਕਾਲੀ ਦਾਤਰੀ ਚੰਨਣ ਦਾ ਦਸਤਾ,
ਕਿ ਲੱਛੀ ਕੁੜੀ ਵਾਢੀਆਂ ਕਰੇ।
ਓਹਦੇ ਨੈਣਾਂ ਵਿਚ ਲੱਪ–ਲੱਪ ਸੁਰਮਾ
ਕਿ ਕੰਨਾਂ ਵਿਚ ਕੋਕਲੇ ਹਰੇ।

ਸ਼ਿਵ ਕੁਮਾਰ ਨ੍ਵੰ ਥੁੜੇ ਟੁੱਟੇ ਘਰਾਂ ਵਿਚ ਸਿਰ–ਸਿਰ ਚੜ੍ਹੀ ਗਰੀਬੀ ਦਾ ਅਹਿਸਾਸ ਵੀ ਇਨ੍ਹਾਂ ਪਿੰਡਾਂ ਵਿਚ ਫਿਰਦਿਆਂ ਤੁਰਦਿਆਂ ਹੀ ਹੋਇਆ। ਮੁੱਢਲੇ ਸਫਰ ਦੌਰਾਨ ਉਸ ਦੇ ਸਾਥੀ ਕਾਮਰੇਡ ਬਲਜੀਤ ਸਿੰਘ ਫਜ਼ਲਾਬਾਦ ਅਤੇ ਅਗਾਂਹਵਧੂ ਸੋਚ ਦੇ ਧਾਰਨੀ ਲੋਕ ਦਸਦੇ ਹੁੰਦੇ ਸਨ ਕਿ ਸ਼ਿਵ ਕੁਮਾਰ ਚਿੱਤੋਂ ਬੜਾ ਨਰਮ ਸੀ। ਉਹ ਪਲਾਂ ਵਿਚ ਪਸੀਜ ਜਾਂਦਾ। ਉਸ ਦੀ ਨਜ਼ਮ ‘ਸ਼ੀਸ਼ੋ’ ਪੜ੍ਹਨ ਵਾਲੇ ਜਾਣਦੇ ਹਨ ਕਿ ਉਹ ਅੰਦਰੋਂ ਕਿੰਨਾ ਨਰਮ ਸੀ। ਇਹੀ ਸੰਵੇਦਨਾ ਉਸ ਦੀ ਕਲਮ ਹੱਥੋਂ ਇਹ ਬੋਲ ਲਿਖਵਾ ਗਈ :

ਸ਼ਾਲਾ ਓਸ ਗਿਰਾਂ ਦੇ ਸੱਭੇ
ਹੋ ਜਾਣ ਬੁਰਦ ਮੁਰੱਬੇ।
ਜਿਸ ਗਿਰਾਂ ’ਚੋਂ ਜ਼ਿੰਦਗੀ ਨਾਲੋਂ,
ਮੱਢਲ ਮਹਿੰਗੀ ਲੱਭੇ।

ਇਹ ਸਤਰਾਂ ਸ਼ਾਇਦ ਅੱਜ ਦੇ ਪਾਠਕਾਂ ਨੂੰ ਸਮਝ ਹੀ ਨਾ ਲੱਗਣ। ਉਹ ਪੁੱਛਣਗੇ ਇਹ ਬੁਰਦ ਕੀ ਹੁੰਦਾ ਹੈ, ਮੁਰੱਬੇ ਕੀ ਹੁੰਦੇ ਨੇ, ਮੱਢਲ ਕੀ ਹੁੰਦੀ ਹੈ? ਸੁਣੋ ਮੈਂ ਦੱਸਦਾ ਹਾਂ ਕਿਉਂਕਿ ਮੈਂ ਸ਼ਿਵ ਕੁਮਾਰ ਦਾ ਗਿਰਾਈਂ ਹਾਂ। ਸਾਡੇ ਪਿੰਡਾਂ ਵੱਲ ਬਹੁਤ ਸ਼ੀਸ਼ੋ ਰਹਿੰਦੇ ਸਨ । ਥੁੜੇ ਟੁੱਟੇ ਲਿੱਸੇ ਕਮਜ਼ੋਰ ਤੇ ਨਿਤਾਣੇ ਘਰਾਂ ਦੇ ਵਾਸੀ। ਮੱਢਲ ਖਾਣ ਵਾਲੇ । ਸ਼ਿਵ ਉਨ੍ਹਾਂ ਲਈ ਹੀ ਤਾਂ ਲਿਖਦਿਆਂ ਆਖ ਰਿਹਾ ਹੈ ਕਿ ਉਸ ਪਿੰਡ ਦੇ ਰੱਬ ਕਰਕੇ ਸਾਰੇ ਹੀ ਮੁਰੱਬੇ ਭਾਵ ਜ਼ਮੀਨਾਂ ਦਰਿਆ ਵਿਚ ਰੁੜ੍ਹ ਜਾਣ, ਬੁਰਦ ਹੋਣ ਜਾਣ ਜਿਸ ਪਿੰਡ ਵਿਚ ਮੱਢਲ ਵਰਗੇ ਸਸਤੇ ਅਨਾਜ ਨਾਲੋਂ ਵੀ ਜ਼ਿੰਦਗੀ ਸਵੱਲੀ ਹੈ, ਸਸਤੀ ਹੈ। ਇਕ ਹਾਓਕੇ ਦੀ ਜੂਨ ਵਿਚ ਪਏ ਬਗੈਰ ਇਹ ਸਤਰਾਂ ਲਿਖਣੀਆਂ ਮੁਹਾਲ ਹਨ। ਮੈਨੂੰ ਅਜਿਹੇ ਅਨੇਕਾਂ ਸ਼ੀਸ਼ੋਆਂ ਦਾ ਬਚਪਨ ਚੇਤੇ ਆਉਂਦਾ ਹੈ । ਸਿਆਲਾਂ ਵਿਚ ਜਦ ਕਣਕ ਮੁੱਕ ਜਾਣੀ ਤਾਂ ਮੱਕੀ ਦੇ ਆਟੇ ਨੇ ਬਹੁੜਨਾ। ਮੱਕੀ ਮੁੱਕਣੀ ਤਾਂ ਚੌਲਾਂ ਨਾਲ ਮੱਥਾ ਮਾਰਨਾ, ਚੌਲ ਮੁਕਣੇ ਤਾਂ ਮੱਢਲ ਨਾਲ ਗੁਜ਼ਾਰਾ ਕਰਨਾ। ਇਹ ਬਾਰੀਕ ਬੀਨੀ ਵਾਲੀ ਪੇਸ਼ਕਾਰੀ ਸ਼ਿਵ ਕੁਮਾਰ ਤੋਂ ਬਗੈਰ ਹੋਰ ਕਿਸੇ ਸ਼ਾਇਰ ਦੇ ਹਿੱਸੇ ਨਹੀਂ ਆਈ।
ਸ਼ਿਵ ਕੁਮਾਰ ਬਟਾਲਵੀ ਚਮਤਕਾਰੀ ਸਿਰਜਣਾਤਮਕ ਪ੍ਰਤਿਭਾ ਦਾ ਸੁਆਮੀ ਸ਼ਾਇਰ ਸੀ। ਇਸ ਗੱਲ ਨੂੰ ਸੰਤ ਸਿੰਘ ਸੇਖੋਂ ਨੇ ਵੀ ਮੰਨਿਆ, ਮੋਹਨ ਸਿੰਘ ਨੇ ਅਤੇ ਅੰਮ੍ਰਿਤਾ ਪ੍ਰੀਤਮ ਨੇ ਵੀ ਅਤੇ ਉਸ ਤੋਂ ਮਗਰੋਂ ਸਮੁੱਚੇ ਪੰਜਾਬੀ ਜਗਤ ਨੇ ਵੀ ਪ੍ਰਵਾਨਿਆ। ਉਸ ਨੂੰ ਆਪਣੀ ਪੀੜ ਲੋਕ ਪੀੜ ਬਣਾਉਣ ਦੀ ਜਾਚ ਨਹੀਂ ਸੀ ਆਉਂਦੀ ਪਰ ਲੋਕ ਪੀੜ ਨੂੰ ਆਪਣੀ ਪੀੜ ਵਾਂਗ ਪੇਸ਼ ਕਰਨ ਦਾ ਉਹ ਉਸਤਾਦ ਸੀ। ਉਸ ਨੇ ਇਸ ਕਲਾ ਨੂੰ ‘ਲੂਣਾ’ ਵਿਚ ਬੜੇ ਵਧੀਆ ਢੰਗ ਨਾਲ ਵਰਤਿਆ। ਚੜ੍ਹਦੀ ਜਵਾਨੀ ਵੇਲੇ ‘ਲੂਣਾ’ ਪੜ੍ਹਦਿਆਂ ਮੇਰੇ ਮਨ ਵਿਚ ਇਹ ਗੱਲ ਘਰ ਕਰ ਗਈ ਸੀ ਕਿ ਪੂਰਨ ਕੋਈ ਹੋਰ ਨਹੀਂ ਸ਼ਿਵ ਕੁਮਾਰ ਆਪ ਹੀ ਹੈ ਜਿਸ ਨੂੰ ਦੁਨੀਆਂ ਦੇ ਰਸ ਕਸ ਆਪਣੀ ਸੇਜ ਤੇ ਲਗਾਤਾਰ ਬੁਲਾਉਂਦੇ ਹਨ। ਸਲਵਾਨ ਹੋਰ ਕੋਈ ਨਹੀਂ ਸਮੇਂ ਦੀ ਮਰਿਆਦਾ ਹੈ ਜੋ ਉਸ ਤੇ ਕਰ ਪੈਰਾਂ ਨੂੰ ਕੱਟਦੀ ਹੈ। ਇਹ ਜੱਲਾਦੀ ਵਰਤਾਰਾ ਸ਼ਿਵ ਕੁਮਾਰ ਨਾਲ ਵਰਤਦਾ ਮੈਂ ਬਹੁਤ ਵਾਰ ਨਿਹਾਰਿਆ ਹੈ। ਕਾਦਰ ਯਾਰ ਦਾ ਪੂਰਨ ਸ਼ਿਵ ਦੀ ਲੂਣਾ ਵਾਲਾ ਪੂਰਨ ਨਹੀਂ ਨਾ ਹੀ ਕਾਦਰ ਯਾਰ ਵਾਲੀ ਲੂਣਾ ਸ਼ਿਵ ਦੀ ਲੂਣਾ ਹੈ। ਜ਼ਿੰਦਗੀ ਦੇ ਸਫਰ ਦੌਰਾਨ ਮੈਂ ਬਹੁਤ ਸਾਰੀਆਂ ਅਜਿਹੀਆਂ ਔਰਤਾਂ ਨੂੰ ਮਿਲਿਆ ਹਾਂ ਜਿੰਨ੍ਹਾਂ ਦੇ ਕਿੱਸੇ ਕਹਾਣੀਆਂ ਸ਼ਿਵ ਕੁਮਾਰ ਬਟਾਲਵੀ ਦੀ ਦੋਸਤੀ ਤੋਂ ਸ਼ੁਰੂ ਹੋ ਕੇ ਉਸ ਤੇ ਹੀ ਖਤਮ ਹੋ ਜਾਂਦੇ ਹਨ। ਸ਼ਿਵ ਕੁਮਾਰ ਦੀ ਮੌਤ ਤੋਂ ਤਿੰਨ ਦਹਾਕੇ ਬਾਅਦ ਵੀ ਅੱਜ ਉਹ ਸੁਲਗਦੀਆਂ ਔਰਤਾਂ ਉਸੇ ਅੰਦਾਜ਼ ਵਿਚ ਹੀ ਉਸ ਨੂੰ ਚੇਤੇ ਕਰਦਿਆਂ ਬੁੱਢੇ ਵਾਰੇ ਵੀ ਸੁਰਖ ਗੁਲਾਬੀ ਹੋ ਜਾਂਦੀਆਂ ਹਨ। ਇਹ ਸ਼ਿਵ ਦੀ ਮੁਹੱਬਤ ਨਹੀਂ ਉਸ ਦੇ ਸਾਥ ਦਾ ਸੇਕ ਹੀ ਉਨ੍ਹਾਂ ਨੂੰ ਅੱਜ ਵੀ ਭਖਾ ਦਿੰਦਾ ਹੈ। ਇਨ੍ਹਾਂ ਵਿਚੋਂ ਹੀ ਕਿਸੇ ਮੁਟਿਆਰ ਦੇ ਵੇਦਨਾ ਨੂੰ ਸ਼ਬਦ ਰੂਪ ਵਿਚ ਅੰਕਿਤ ਕਰਦਿਆਂ ਉਹ ਲਿਖਦਾ ਹੈ :

ਸਈਓ ਨੀ ਮੈਂ ਅੱਗ ਤੁਰੀ ਪ੍ਰਦੇਸ।
ਇਕ ਛਾਤੀ ਮੇਰੀ ਹਾੜ੍ਹ ਤਪੰਦਾ,
ਦੂਜੀ ਤਪਦਾ ਜੇਠ।
ਨੀ ਮੈਂ ਅੱਗ ਤੁਰੀ ਪ੍ਰਦੇਸ।

ਸ਼ਿਵ ਕੁਮਾਰ ਬਟਾਲਵੀ ਨੇ ਲੂਣਾ ਨੂੰ ਲਿੱਸੇ ਕਮਜੋਰ ਘਰ ਦੀ ਧੀ ਪੇਸ਼ ਕਰਨ ਲੱਗਿਆਂ ਇਸ ਗੱਲ ਨੂੰ ਕਦੇ ਨਹੀਂ ਵਿਸਾਰਿਆ ਕਿ ਹੁਸਨ ਦੀ ਪੈਦਾਇਸ਼ ਸਿਰਫ ਮਹਿਲਾਂ ਵਿਚ ਹੀ ਨਹੀਂ । ਰਾਜੇ ਦੇ ਮੋਤੀਆਂ ਭਰੇ ਥਾਲ ਉਸ ਦੀ ਜੀਵਨ ਲੋਚਾ ਦੇ ਹਾਣੀ ਨਹੀਂ ਹੋ ਸਕਦੇ ਕਿਉਂਕਿ ਬਾਪ ਦੀ ਉਮਰ ਦੇ ਸਹੇੜ ਨੂੰ ਉਹ ਆਪਣਾ ਜੀਵਨ ਸਾਥੀ ਕਿਵੇਂ ਮੰਨੇ ? ਆਪਣੀ ਸ਼ਾਇਰੀ ਦੇ ਸਿਖਰ ਸਰੂਪ ਵਿਚ ਸ਼ਿਵ ਨੂੰ ਮਿਲੋ ਜਿਥੇ ਉਹ ਲੂਣਾ ਦੀ ਵੇਦਨਾ ਇਨ੍ਹਾਂ ਸ਼ਬਦਾਂ ਰਾਹੀਂ ਬਿਆਨਦਾ ਹੈ:

ਪਿਤਾ ਜੇ ਧੀ ਦਾ ਰੂਪ ਹੰਢਾਵੇ,
ਲੋਕਾ ਵੇ ਤੈਨੂੰ ਲਾਜ ਨਾ ਆਵੇ।
ਜੇ ਲੂਣਾ ਪੂਰਨ ਨੂੰ ਚਾਹਵੇ,
ਚਰਿੱਤਰਹੀਣ ਕਵ੍ਹੇ ਕਿਉਂ ਜੀਭ ਜਹਾਨ ਦੀ।

ਲੂਣਾ ਹੋਵੇ ਤਾਂ ਅਪਰਾਧਣ,
ਜੇਕਰ ਅੰਦਰੋਂ ਹੋਵੇ ਸੁਹਾਗਣ।
ਮਹਿਕ ਓਹਦੀ ਜੇ ਹੋਵੇ ਦਾਗਣ
ਮਹਿਕ ਮੇਰੀ ਤਾਂ ਕੰਜਕ
ਮੈਂ ਹੀ ਜਾਣਦੀ।

ਮੈਂ ਉਸ ਤੋਂ ਇਕ ਚੁੰਮਣ ਵੱਡੀ।
ਕੀਂਕਣ ਓਹਦੀ ਮਾਂ ਮੈਂ ਲੱਗੀ।
ਓਹ ਮੇਰੀ ਗਰਭ ਜੂਨ ਨਾ ਆਇਆ,
ਸਈਏ ਨੀ ਮੈਂ ਧੀ ਵਰਗੀ ਸਲਵਾਨ ਦੀ।

ਸ਼ਿਵ ਕੁਮਾਰ ਬਟਾਲਵੀ ਆਪਣੇ ਬਾਪ ਦੀ ਉਮਰ ਦੇ ਵਰ ਸਲਵਾਨ ਨੂੰ ਸਰਬ ਸਮਿਆਂ ਦੀ ਮਰਦ ਸਰਦਾਰੀ ਦੇ ਰੂਪ ਵਿਚ ਵੇਖਦਾ ਹੈ। ਸਦੀਆਂ ਦੀ ਦੱਬੀ ਔਰਤ ਵਾਂਗ ਨਹੀਂ। ਉਹ ਭਾਰ ਹੇਠੋਂ ਨਹੀਂ ਬੋਲ ਰਹੀ ਸਗੋਂ ਨਿਰਛਲ, ਨਿਰਕਪਟ, ਨਿਰਵਿਕਾਰ, ਪਾਰਦਰਸ਼ੀ, ਮਨ ਦੇ ਰੂ–ਬਰੂ ਨਿਰਵਸਤਰ ਖੜ੍ਹੀ ਹੈ। ਇੰਨੀ ਜ਼ੁਅਰਤਮੰਦੀ ਪੰਜਾਬੀ ਕਵਿਤਾ ਦੇ ਇਤਿਹਾਸ ਵਿਚ ਕਿਸੇ ਵੀ ਸ਼ਾਇਰ ਨੇ ਸ਼ਿਵ ਕੁਮਾਰ ਤੋਂ ਪਹਿਲਾਂ ਕਿਸੇ ਵੀ ਔਰਤ ਨਾਇਕਾ ਨੂੰ ਨਹੀਂ ਦਿੱਤੀ।

ਸ਼ਿਵ ਕੁਮਾਰ ਦੀ ਇੱਛਰਾਂ ਵੀ ਸਿਰਫ ਰੋਣ ਧੋਣ ਵਾਲੀ ਬੇਵੱਸ ਮਾਂ ਨਹੀਂ, ਉਹ ਆਪਣੇ ਰੁਦਨ ਵਿਚੋਂ ਵੀ ਸਮਾਜਿਕ ਟਿੱਪਣੀਆਂ ਕਰਦੀ ਹੈ। ਉਹ ਸਲਵਾਨ ਨੂੰ ਪਤੀ ਪ੍ਰਮੇਸ਼ਵਰ ਦੇ ਰੂਪ ਵਿਚ ਪ੍ਰਵਾਨ ਕਰਦੀ–ਕਰਦੀ ਜਦ ਉਸ ਦੀਆਂ ਕਰਤੂਤਾਂ ਤੋਂ ਵਾਕਿਫ ਹੁੰਦੀ ਹੈ ਤਾਂ ਉਹ ਵੀ ਆਪਣੀ ਜੀਭ ਨੂੰ ਬੋਲਣ ਦੀ ਸ਼ਕਤੀ ਦੇ ਕੇ ਸਮਾਜਿਕ ਨਿਯਮਾਂ ਦੇ ਬੇਰਹਿਮ ਪਰਦੇ ਤਾਰੋ–ਤਾਰ ਕਰ ਦਿੰਦੀ ਹੈ। ਉਸ ਦੇ ਬੋਲ ਤੁਹਾਨੂੰ ਇਸ ਹਕੀਕਤ ਤੋਂ ਵਾਕਿਫ ਕਰਵਾਉਣਗੇ:

ਕਿਹੜੇ ਦੇਸ਼ ਦਿੱਤੀ ਧੀ ਬਾਬਲਾ ਵੇ,
ਜਿਥੇ ਲੋਕਾਂ ਨੂੰ ਦੁੱਖਾਂ ਦੀ ਸਾਰ ਕੋਈ ਨਾ।
ਜਿਹੜੇ ਦੇਸ਼ ’ਚ ਚੰਦਰੇ ਸੂਰਜਾਂ ਦਾ,
ਧੁੱਪ ਆਪਣੀ ਨਾਲ ਪਿਆਰ ਕੋਈ ਨਾ।
ਆਦਮਖੋਰ ਜੰਗਲ ਗੋਰੇ ਪਿੰਡਿਆਂ ਦੇ,
ਡਾਲੀ ਪੱਤ ਨਾ ਫੁੱਲ ਫਲਹਾਰ ਕੋਈ ਨਾ।
ਪਿੰਡੇ ਵੇਚਣੇ ਤੇ ਪਿੰਡੇ ਮੁੱਲ ਲੈਣੇ ,
ਹੱਡ ਮਾਸ ਤੋਂ ਬਿਨਾ ਵਪਾਰ ਕੋਈ ਨਾ।

ਉਹ ਇਥੇ ਹੀ ਬੱਸ ਨਹੀਂ ਕਰਦੀ ਸਗੋਂ ਇਤਿਹਾਸ ਤੋਂ ਅੱਗੇ ਜਾ ਕੇ ਮਿਥਿਹਾਸ ਦੇ ਕਿਰਦਾਰਾਂ ਨੂੰ ਵਰਤ ਕੇ ਵੀ ਸਾਨੂੰ ਸਮਕਾਲ ਦੀਆਂ ਹਕੀਕਤਾਂ ਦੇ ਰੂ–ਬਰੂ ਖੜ੍ਹਾ ਕਰ ਦਿੰਦੀ ਹੈ:

ਸਰਮਾ ਪਰੀ ਸੀ ਇੰਦਰ ਦੇ ਦਰਾਂ ਉੱਤੇ,
ਅਸੀਂ ਮਰਦਾਂ ਦੇ ਦਰਾਂ ਤੇ ਕੁੱਤੀਆਂ ਹਾਂ।
ਟੁੱਕਰ ਡੰਗ ਦਾ ਖਾਹ ਅਸੀਸ ਦੇਈਏ,
ਛਾਵੇਂ ਕੰਧਾਂ ਦੀ ਧੁਰਾਂ ਤੋਂ ਸੁੱਤੀਆਂ ਹਾਂ।
ਕੁਝ ਮੇਚ ਤੇ ਨਾ ਕੁਝ ਮੇਚ ਆਈਆਂ,
ਅਸੀਂ ਮਰਦਾਂ ਦੇ ਪੈਰਾਂ ’ਚ ਜੁੱਤੀਆਂ ਹਾਂ।

ਸ਼ਿਵ ਕੁਮਾਰ ਬਟਾਲਵੀ ਇੰਦਰ ਦੇਵਤੇ ਦੀ ਹਕੀਕਤ ਨੂੰ ਵੀ ਨੰਗਾ ਕਰਦਾ ਹੈ ਅਤੇ ਅੱਜ ਦੇ ਮਰਦ ਪ੍ਰਧਾਨ ਸਮਾਜ ਦੀ ਵੀ ਖੁੰਭ ਠੱਪਦਾ ਹੈ। ਆਪਣੀ ਸ਼ਾਇਰੀ ਵਿਚ ਉਹ ਇੱਛਰਾਂ ਦੀ ਮਨੋਵੇਦਨਾ ਦੱਸਦਿਆਂ ਭਾਵੇਂ ਔਰਤ ਨੂੰ ਮਰਦ ਦੇ ਪੈਰਾਂ ਦੀ ਜੁੱਤੀ ਕਹਿ ਰਿਹਾ ਹੈ ਪਰ ਹਕੀਕਤ ਵਿਚ ਇਹ ਉਹ ਜੁੱਤੀ ਹੈ ਜੋ ਸਮੁੱਚੇ ਮਰਦ ਪ੍ਰਧਾਨ ਸਮਾਜ ਦੇ ਸਿਰ ਵਿਚ ਵੱਜ ਰਹੀ ਹੈ ਜਿਸ ਨੂੰ ਮਰਿਆਦਾ, ਰਿਸ਼ਤਿਆਂ ਦੀ ਪਾਕੀਜ਼ਗੀ, ਨੇਮ ਅਤੇ ਸਮਾਜਿਕ ਵਿਧਾਨ ਨੂੰ ਨਿਭਾਉਣ ਦੀ ਜਾਚ ਭੁੱਲ ਗਈ ਹੈ ਅਤੇ ਜਿਸ ਵਾਸਤੇ ਜਿਸਮ ਕੇਵਲ ਮਾਨਣ ਦੀ ਵਸਤੂ ਹੈ ਪਰ ਮਨ ਤੀਕ ਪਹੁੰਚਣ ਦਾ ਸਫਰ ਉਸ ਨੂੰ ਚੇਤੇ ਹੀ ਨਹੀਂ ।

ਸ਼ਿਵ ਕੁਮਾਰ ਬਟਾਲਵੀ ਨੂੰ ਲੋਕ ਬਿਰਹਾ ਦਾ ਸ਼ਾਇਰ ਆਖਦੇ ਹਨ ਕਿਉਂਕਿ ਉਸ ਨੇ ਬਿਰਹਾ ਦਾ ਜ਼ਿਕਰ ਵਾਰ–ਵਾਰ ਕੀਤਾ ਹੈ। ਇਹ ਬਿਰਹਾ ਉਸ ਦਾ ਤਨ ਅਤੇ ਮਨ ਤੋਂ ਵਿਛੁੰਨੇ ਵਿਅਕਤੀ ਦਾ ਰੁਦਨਮਈ ਬਿਰਹਾ ਹੈ ਜਿਸ ਨੂੰ ਉਹ ਸੌ ਮੱਕਿਆ ਦੇ ਹੱਜ ਬਰਾਬਰ ਗਿਣਦਾ ਹੈ। ਉਸ ਨੂੰ ਵਸਲ ਦੀਆਂ ਘੜੀਆਂ ਤੋਂ ਸਕੂਨ ਨਹੀਂ ਮਿਲਦਾ ਸਗੋਂ ਹਿਜ਼ਰ ਹੀ ਉਸ ਦੇ ਸਿਰਜਣਾਤਮਕ ਆਪੇ ਨੂੰ ਕਰਮਸ਼ੀਲ ਕਰਦਾ ਹੈ:

ਲੋਕੀ ਪੂਜਣ ਰੱਬ,
ਮੈਂ ਤੇਰਾ ਬਿਰਹੜਾ।
ਸਾਨੂੰ ਸੌ ਮੱਕਿਆ ਦਾ ਹੱਜ
ਵੇ ਤੇਰਾ ਬਿਰਹੜਾ।

ਸ਼ਿਵ ਕੁਮਾਰ ਬਟਾਲਵੀ ਦੇ ਕਦਰਦਾਨਾਂ ਵਿਚੋਂ ਪ੍ਰਮੁੱਖ ਅਮਰੀਕਾ ਦੇ ਸ਼ਹਿਰ ਸਟਾਕਟਨ ਵੱਸਦੇ ਕੁਲਦੀਪ ਤੱਖਰ ਨੇ ਮੈਨੂੰ ਆਪ ਦੱਸਿਆ ਕਿ ਮੈਂ ਸ਼ਿਵ ਕੁਮਾਰ ਜਿੰਨਾ ਮੁਹੱਬਤੀ ਬੰਦਾ ਆਪਣੀ ਜ਼ਿੰਦਗੀ ਵਿਚ ਨਹੀਂ ਵੇਖਿਆ। ਉਸ ਨੂੰ ਇਸ ਗੱਲ ਦਾ ਪਤਾ ਲੱਗਣਾ ਚਾਹੀਦਾ ਸੀ ਕਿ ਉਹ ਸ਼ਿਵ ਕੁਮਾਰ ਨੂੰ ਚਿੱਤੋਂ ਪਿਆਰ ਕਰਦਾ ਹੈ। ਫਿਰ ਤਾਂ ਉਹ ਉਸ ਦੇ ਅੱਗੇ ਵਿਛ ਜਾਂਦਾ ਸੀ। ਆਪਣੇ ਸਟਾਕਟਨ (ਅਮਰੀਕਾ) ਵਾਲੇ ਘਰ ਵਿਚ ਉਸ ਨੇ ਮੈਨੂੰ ਸ਼ਿਵ ਕੁਮਾਰ ਵੱਲੋਂ ਦਿੱਤੇ ਤੋਹਫਿਆਂ ਦੇ ਦਰਸ਼ਨ ਕਰਵਾਉਂਦਿਆਂ ਵਜ਼ਦ ਵਿਚ ਖੀਵੇ ਹੁੰਦਿਆਂ ਦੱਸਿਆ ਕਿ ਆਹ ਸ਼ਿਵ ਕੁਮਾਰ ਦੀ ਲੂਣਾ ਦਾ ਫਾਈਨਲ ਖਰੜਾ ਹੈ ਪਰ ਇਸ ਵਿਚ ਕੁਝ ਉਹ ਹਿੱਸਾ ਵੀ ਸ਼ਾਮਿਲ ਹੈ ਜੋ ਛਪੀ ਹੋਈ ਕਿਤਾਬ ਵਿਚ ਵੀ ਨਹੀਂ। ਹਾਸ਼ੀਏ ਤੇ ਦਿੱਤੇ ਪ੍ਰਕਾਸ਼ਨ ਸੰਕੇਤ ਵੀ ਵੇਖ। ਆਹ ਸ਼ਿਵ ਦੀ ਮੈਂ ਤੇ ਮੈਂ ਦਾ ਮਸੌਦਾ ਹੈ। ਇਸ ਨੂੰ ਵੀ ਧਿਆਨ ਨਾਲ ਵੇਖ। ਇਸ ਵਿਚ ਵੀ ਬਹੁਤ ਕੁਝ ਛਪੀ ਕਿਤਾਬ ਨਾਲੋਂ ਵੱਖਰਾ ਹੈ। ਗੱਲ ਹੀ ਛੱਡਦੇ, ਸ਼ਿਵ ਕੁਮਾਰ ਕਿਤਾਬ ਦੇ ਛੱਪਣ ਤੀਕ ਆਪਣੇ ਖਰੜੇ ਨੂੰ ਸੋਧਦਾ ਤੇ ਸੰਵਾਰਦਾ ਰਹਿੰਦਾ ਸੀ। ਤੇ ਆਹ ਉਹ ਗਲਾਸੀ ਹੈ, ਚਾਂਦੀ ਦੀ, ਜਿਸ ਵਿਚ ਉਹ ਇੰਗਲੈਂਡ ਫੇਰੀ ਦੌਰਾਨ ਸ਼ਰਾਬ ਪਾ–ਪਾ ਕੇ ਪੀਂਦਾ ਰਿਹਾ। ਇਹ ਉਸ ਨੇ ਫਰਾਂਸ ਤੋਂ ਖਰੀਦੀ ਸੀ। ਜਾਣ ਲੱਗਾ ਨਿਸ਼ਾਨੀ ਦੇ ਤੌਰ ਤੇ ਮੈਨੂੰ ਦੇ ਗਿਆ। ਕੁਲਦੀਪ ਤੱਖਰ, ਬੋਲੀ ਗਿਆ, ਬੋਲੀ ਗਿਆ ਪੂਰੇ ਵੇਗ ਵਿਚ । ਆਖਣ ਲੱਗਾ ਮੈਂ ਇਨ੍ਹਾਂ ਖਰੜਿਆਂ ਨੂੰ ਲੈਮੀਨੇਟ ਕਰਵਾ ਦਿੱਤਾ ਹੈ ਇਕੱਲੇ ਇਕੱਲੇ ਸਫੇ ਨੂੰ। ਦੋਹਾਂ ਖਰੜਿਆਂ ਦਾ ਹੁਣ ਪੰਜ ਕਿਲੋ ਤੋਂ ਵੱਧ ਭਾਰ ਬਣ ਗਿਆ ਹੈ। ਜਦੋਂ ਕਦੇ ਮੈਂ ਪੰਜਾਬ ਆਇਆ ਤਾਂ ਤੁਹਾਡੀ ਲੁਧਿਆਣੇ ਵਾਲੀ ਪੰਜਾਬੀ ਸਾਹਿਤ ਅਕਾਡਮੀ ਨੂੰ ਤੋਹਫੇ ਦੇ ਤੌਰ ਤੇ ਦੇ ਦਿਆਂਗਾ। ਆਪਣੀ ਜ਼ਿੰਦਗੀ ਤੀਕ ਤਾਂ ਮੈਂ ਇਸ ਦੀ ਕਦਰਦਾਨੀ ਕਰ ਲਈ, ਅਗਲੇ ਪੋਚ ਦਾ ਕੀ ਪਤਾ? ਸ਼ਿਵ ਦੀ ਮੁਹੱਬਤ ਵਿਚ ਗੜੂੰਦ ਹੋਏ ਕੁਲਦੀਪ ਤੱਖਰ ਦੀਆਂ ਅੱਖਾਂ ਵਿਚ ਅਜੀਬ ਨਮੀ ਸੀ। ਫਿਰ ਉਸ ਨੇ ਮੈਨੂੰ ਸ਼ਿਵ ਦੀ ਆਵਾਜ਼ ਵਿਚ ਕਈ ਗੀਤ ਸੁਣਾਏ। ਨਾਲੇ ਦੱਸਿਆ ਕਿ ਤੁਹਾਡੇ ਪੰਜਾਬ ਵਿਚ ਜਿੰਨੀ ਕੁ ਰਿਕਾਰਡਿੰਗ ਪਹੁੰਚੀ ਹੈ, ਉਹ ਵੀ ਕਿਸੇ ਵੇਲੇ ਬੀ ਬੀ ਸੀ ਵਾਲਿਆਂ ਨੇ ਮੇਰੇ ਤੋਂ ਹੀ ਲਈ ਸੀ।

ਸ਼ਿਵ ਕੁਮਾਰ ਨੂੰ 27 ਸਾਲ ਦੀ ਉਮਰ ਵਿਚ ਹੀ ਭਾਰਤੀ ਸਾਹਿਤ ਅਕਾਡਮੀ ਪੁਰਸਕਾਰ ਲੂਣਾ ਲਿਖਣ ਬਦਲੇ ਮਿਲਿਆ। ਉਸ ਜਿੰਨੀ ਉਮਰ ਦੇ ਕਿਸੇ ਵੀ ਲਿਖਾਰੀ ਨੂੰ ਹੁਣ ਤੀਕ ਇਹ ਸਨਮਾਨ ਹਾਸਿਲ ਨਹੀਂ ਹੋਇਆ। ਬਹੁਤ ਥੋੜ੍ਹੇ ਲੋਕ ਜਾਣਦੇ ਹਨ ਕਿ ਸ਼ਿਵ ਕੁਮਾਰ ਨੇ ਨਕਸਲਵਾੜੀ ਲਹਿਰ ਦੇ ਪ੍ਰਭਾਵ ਹੇਠ ਵੀ ਕੁਝ ਨਜ਼ਮਾਂ ਲਿਖੀਆਂ ਸਨ ਅਤੇ ਉਹ ਨਜ਼ਮਾਂ ਲਿਖਣ ਦਾ ਕਾਰਨ ਉਸ ਨੂੰ ਸਰੋਤਿਆਂ ਵੱਲੋਂ ਪ੍ਰੇਮ ਮੁੱਖੀ ਕਵਿਤਾਵਾਂ ਸੁਣਾਉਣ ਵੇਲੇ ਹਾਸਿਲ ਹੁੰਦੀ ਨਮੋਸ਼ੀ ਸੀ। ਇਸ ਨਮੋਸ਼ੀ ਨੂੰ ਧੋਣ ਲਈ ਉਸ ਨੇ ਆਤਮ ਚਿੰਤਨ ਕਰਦੀ ਇਕ ਨਜ਼ਮ ਗੱਦਾਰ ਲਿਖੀ। ਬਲਵੰਤ ਗਾਰਗੀ ਦੇ ਨਾਟਕ ਗਗਨ ਮਹਿ ਥਾਲ ਦੇ ਗੀਤ ਵੀ ਉਸ ਨੇ ਗੁਰੂ ਨਾਨਕ ਸ਼ਤਾਬਦੀ ਮੌਕੇ ਲਿਖੇ। ਕੁਝ ਫਿਲਮਾਂ ਵਾਲਿਆਂ ਨੇ ਵੀ ਉਸ ਨੂੰ ਆਪਣੇ ਵੱਲ ਖਿੱਚਿਆ। ਮੌਤ ਉਸ ਦੇ ਆਲੇ ਦੁਆਲੇ ਹਰ ਸਮੇਂ ਮੰਡਰਾਉਂਦੀ ਰਹੀ। ਉਸ ਦੇ ਜਾਣ ਮਗਰੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਮੋਹਨ ਕਾਹਲੋਂ ਪਾਸੋਂ ਅਲਵਿਦਾ ਨਾਮ ਹੇਠ ਸ਼ਿਵ ਦੀ ਸ਼ਾਇਰੀ ਇਕੱਠੀ ਕਰਵਾਈ। ਮੁੱਖ ਬੰਦ ਵੀ ਲਿਖਵਾ ਲਿਆ ਪਰ ਅਣਚਾਹੇ ਕਾਰਨਾਂ ਸਦਕਾ ਕਿਤਾਬ ਛਪਣ ਵੇਲੇ ਸੰਪਾਦਕ ਡਾ: ਪਿਆਰ ਸਿੰਘ ਅਤੇ ਨਰਜੀਤ ਖਹਿਰਾ ਸਨ। ਇਸ ਵਿਚ ਪਰਿਵਾਰ ਦੀ ਸਹਿਮਤੀ ਦਾ ਵੀ ਜ਼ਿਕਰ ਆਉਂਦਾ ਹੈ ਅਤੇ ਸ਼ਿਵ ਬਾਰੇ ਲਿਖੇ ਕਾਹਲੋਂ ਦੇ ਨਾਵਲ ਗੋਰੀ ਨਦੀ ਦਾ ਗੀਤ ਵੀ ਕਾਰਨ ਦੱਸੀਦਾ ਹੈ।

ਸ਼ਿਵ ਕੁਮਾਰ ਦੇ ਨੇੜਲੇ ਲੋਕ ਦੱਸਦੇ ਨੇ ਕਿ ਲੂਣਾ ਦਾ ਮੁੱਖ ਬੰਦ ਵੀ ਮੋਹਨ ਕਾਹਲੋਂ ਨੇ ਹੀ ਲਿਖਿਆ ਸੀ ਪਰ ਛੱਪਿਆ ਸ਼ਿਵ ਕੁਮਾਰ ਦੇ ਨਾਂ ਹੇਠ । ਇਸ ਨੂੰ ਕਿਤਾਬੀ ਰੂਪ ਵਿਚ ਤੇਜ ਪ੍ਰਿੰਟਿੰਗ ਪ੍ਰੈਸ ਅੰਮ੍ਰਿਤਸਰ ਵਾਲੇ ਸ: ਤੇਜਾ ਸਿੰਘ ਸੇਠੀ ਨੇ ਬੜੀ ਰੀਝ ਨਾਲ ਛਾਪਿਆ। ਵੱਡਾ ਆਕਾਰ, ਦਲੀਪ ਚਿਤਰਕਾਰ ਦੇ ਲਕੀਰੀ ਚਿੱਤਰ। ਕੱਪੜੇ ਦੀ ਜ਼ਿਲਦ ਉੱਪਰ ਚਾਰ ਰੰਗਾ ਇਕ ਚਿੱਤਰ ਚਿਪਕਾਇਆ ਗਿਆ ਸੀ। ਉਨ੍ਹਾਂ ਵਕਤਾਂ ਵਿਚ 16 ਰੁਪਏ ਕੀਮਤ ਸੁਣ ਕੇ ਲੋਕ ਠਠੰਬਰ ਗਏ ਸਨ। ਕਹਿੰਦੇ ਨੇ ਤੇਜ ਪ੍ਰੈਸ ਦਾ ਛਪਾਈ ਬਿੱਲ ਬੜਾ ਵੱਡਾ ਸੀ ਤੇ ਏਨੇ ਰੁਪਏ ਸ਼ਿਵ ਕੁਮਾਰ ਅਤੇ ਉਸ ਦੇ ਮਿੱਤਰਾਂ ਦੀ ਜੇਬ ਵਿਚ ਨਹੀਂ ਸਨ। ਇਕ ਫਿਲਮ ਨਿਰਮਾਤਾ ਕੰਪਨੀ  ਸਿੰਘ ਸੰਨਜ਼ ਪ੍ਰੋਡਕਸ਼ਨ ਜਲੰਧਰ ਵਾਲਿਆਂ ਨੇ ਇਸ ਦੀ ਰਕਮ ਅਦਾ ਕਰਕੇ ਲੂਣਾ ਦਾ ਪਹਿਲਾ ਅੰਕ ਰਿਹਾਅ ਕਰਵਾਉਣ ਵਿਚ ਮਦਦ ਕੀਤੀ। ਪੰਜਾਬੀ ਦੀ ਪਹਿਲੀ ਮਹਿੰਗੀ ਕਿਤਾਬ। ਭਲਾ ਹੋਵੇ ਡਾ: ਮਹਿੰਦਰ ਸਿੰਘ ਰੰਧਾਵਾ ਦਾ ਜਿਸ ਨੇ ਇਸ ਨੂੰ ਪੇਂਡੂ ਲਾਇਬ੍ਰੇਰੀਆਂ ਲਈ ਖਰੀਦ ਕੇ ਸਾਡੇ ਪਿੰਡ ਬਸੰਤ ਕੋਟ ਦੀ ਲਾਇਬ੍ਰੇਰੀ ਤੀਕ ਵੀ ਪਹੁੰਚਾਇਆ। ਆਮ ਲੋਕਾਂ ਲਈ ਲੂਣਾ ਨੂੰ ਸ: ਕਰਤਾਰ ਸਿੰਘ ਬਲੱਗਣ ਨੇ ਆਪਣੇ ਮਾਸਕ ਪੱਤਰ ਕਵਿਤਾ ਵਿਚ ਇਕੱਠਿਆਂ ਛਾਪ ਦਿੱਤਾ। ਕੀਮਤ ਕੁੱਲ ਇੱਕ ਰੁਪਿਆ ਸੀ। ਲੋਕਾਂ ਨੇ ਰਾਤੋ ਰਾਤ ਸਟਾਲਾਂ ਤੋਂ ਇਹ ਅੰਕ ਖਰੀਦ ਲਿਆ ।

ਸ਼ਿਵ ਕੁਮਾਰ ਬਟਾਲਵੀ ਨੂੰ ਮੈਂ ਆਪਣੇ ਕੰਨਾਂ ਨਾਲ ਸਿਰਫ ਚਾਰ ਵਾਰ ਹੀ ਸੁਣਿਆ। ਰੇਡੀਓ ਤੋਂ ਤਾਂ ਉਸ ਦੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਮੌਤ ਵੇਲੇ ਲਿਖੀ ਨਜ਼ਮ ਮੈਨੂੰ ਅੱਜ ਵੀ ਉਸੇ ਅੰਦਾਜ਼ ਵਿਚ ਚੇਤੇ ਹੈ। ਜਦ ਉਸ ਨੇ ਕਿਹਾ ਸੀ ‘ਅੱਜ ਅਮਨਾਂ ਦਾ ਬਾਬਲ ਮੋਇਆ, ਸਾਰੀ ਧਰਤ ਨੜੋਏ ਆਈ’ । ਸ਼ਿਵ ਕੁਮਾਰ ਨੂੰ ਆਖਰੀ ਵਾਰ ਆਪਣੇ ਜੀ ਜੀ ਐਨ ਖਾਲਸਾ ਕਾਲਜ, ਲੁਧਿਆਣਾ ਵਿਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਮੌਕੇ ਸੁਣਿਆ । ਉਸੇ ਦੀਵਾਨ ਵਿਚ ਹੀ ਭਾਈ ਸਮੁੰਦ ਸਿੰਘ ਰਾਗੀ ਨੇ ਕੀਰਤਨ ਕੀਤਾ ਸੀ ਤੰਤੀ ਸਾਜ਼ਾਂ ਨਾਲ । ਗਿਆਨੀ ਰਾਮ ਨਰਾਇਣ ਸਿੰਘ ਦਰਦੀ ਨੇ ਨਜ਼ਮ ਸੁਣਾਈ ਸੀ। ਸ਼ਿਵ ਦੇ ਬੋਲ ਆਰਤੀ ਰੂਪ ਵਿਚ ਸਨ। ਆਰਤੀ ਦਸ਼ਮੇਸ਼ ਪਿਤਾ ਦੀ ਜਿਸ ਵਿਚ ਆਪਣੀ ਕਮਜ਼ੋਰੀ ਦਾ ਵਾਸਤਾ ਸੀ, ਕ੍ਰਿਪਾਨ ਤੋਂ ਬਲ ਮੰਗਿਆ ਸੀ ਪੁਰਸੋਜ਼ ਆਵਾਜ਼ ਵਿਚ ਸ਼ਿਵ ਕੁਮਾਰ ਨੇ। ਮੇਰੇ ਗੁਰੂਦੇਵ ਡਾ: ਐਸ ਪੀ ਸਿੰਘ ਦੇ ਬੁਲਾਵੇ ਤੇ ਆਏ ਸ਼ਿਵ ਕੁਮਾਰ ਦੀ ਸ਼ਾਇਦ ਉਹ ਭਾਰਤ ਵਿਚ ਆਖਰੀ ਪੇਸ਼ਕਾਰੀ ਸੀ। ਕੁਝ ਦਿਨਾਂ ਬਾਅਦ ਉਹ ਵਲਾਇਤ ਚਲਾ ਗਿਆ। ਵਲਾਇਤ ਦੀ ਸੇਵਾ ਨੇ ਉਸ ਦੀ ਜਿੰਦ ਪਿੰਜ ਦਿੱਤੀ। ਉਹ ਤੰਦਰੁਸਤ ਨਾ ਰਹਿ ਸਕਿਆ ਤੇ ਅਖੀਰ ਫੁੱਲ ਜਾਂ ਤਾਰਾ ਬਣਨ ਦੀ ਰੀਝ ਲੈ ਕੇ ਜੋਬਨ ਰੁੱਤੇ ਸਾਨੂੰ ਅਲਵਿਦਾ ਕਹਿ ਗਿਆ।

ਉਸ ਦੀ ਯਾਦ ਵਿਚ ਬਟਾਲਾ ਵਿਖੇ ਹੋਏ ਪਹਿਲੇ ਸ਼ਰਧਾਂਜਲੀ ਸਮਾਰੋਹ ਦਾ ਵੀ ਮੈਨੂੰ ਚੇਤਾ ਹੈ। ਬਟਾਲਾ ਵੱਸਦੇ ਉਸ ਦੇ ਸ਼ੁਭਚਿੰਤਕਾਂ ਨੇ ਡਾ: ਸਾਧੂ ਸਿੰਘ ਹਮਦਰਦ, ਅਮਰ ਸਿੰਘ ਦੁਸਾਂਝ, ਗਿਆਨੀ ਸ਼ਾਦੀ ਸਿੰਘ, ਭਰਪੂਰ ਸਿੰਘ ਬਲਬੀਰ ਵਰਗੇ ਸਿਰਕੱਢ ਪੱਤਰਕਾਰਾਂ ਅਤੇ ਸ: ਸੂਬਾ ਸਿੰਘ ਵਰਗੇ ਸ਼ਾਇਰਾਂ ਅਤੇ ਉਸ ਵੇਲੇ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਦੇ ਪ੍ਰੈਸ ਸਕੱਤਰ ਨੂੰ ਵੀ ਇਸ ਸੰਗਤ ਵਿਚ ਬੁਲਾਇਆ ਸੀ। ਖਾਲਸਾ ਹਾਈ ਸਕੂਲ ਦੇ ਵਿਹੜੇ ਵਿਚ ਕਈ ਇਕਰਾਰ ਹੋਏ। ਸ਼ਿਵ ਕੁਮਾਰ ਦੀ ਪਤਨੀ ਅਰੁਣਾ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਨਿਯੁਕਤੀ ਦਾ ਐਲਾਨ ਵੀ ਸ: ਸੂਬਾ ਸਿੰਘ ਨੇ ਇਥੇ ਹੀ ਕੀਤਾ ਸੀ। ਫਿਰ ਦੂਜੀ ਬਰਸੀ ਵੇਲੇ ਸਾਡੇ ਮਿੱਤਰ ਹਰਭਜਨ ਸਿੰਘ ਬਾਜਵਾ ਦੀ ਹਿੰਮਤ ਸਦਕਾ ਗੁਰੂ ਨਾਨਕ ਕਾਲਜ ਬਟਾਲਾ ਵਿਚ ਪੂਰਾ ਪੰਜਾਬ ਪਹੁੰਚਿਆ। ਸ਼ਿਵ ਕੁਮਾਰ ਦੇ ਮਾਤਾ ਜੀ ਨੂੰ ਸਨਮਾਨਿਤ ਕੀਤਾ ਗਿਆ। ਸ: ਜਸਵੰਤ ਸਿੰਘ ਕੰਵਲ, ਕਪੂਰ ਸਿੰਘ ਘੁੰਮਣ, ਪ੍ਰੇਮ ਗੋਰਖੀ, ਮੁਖਤਾਰ ਗਿੱਲ, ਪ੍ਰਮਿੰਦਰਜੀਤ, ਖੁਰਸ਼ੀਦ ਅਤੇ ਮੇਰੇ ਵਰਗੇ ਕਈ ਹੋਰ ਸਾਰੀ ਰਾਤ ਸ਼ਿਵ ਦਾ ਕਲਾਮ ਸੁਣਦੇ ਰਹੇ। ਕਦੇ ਜਗਜੀਤ ਜ਼ੀਰਵੀ ਕੋਲੋਂ ਅਤੇ ਕਦੇ ਹਾਕਮ ਸੂਫੀ ਕੋਲੋਂ। ਹਾਕਮ ਸੂਫੀ ਉਦੋਂ ਅਜੇ ਨਾਭੇ ਹੀ ਪੜ੍ਹਦਾ ਸੀ ਪਰ ਆਵਾਜ਼ ਵਿਚ ਸ਼ਿਵ ਦੇ ਕਲਾਮ ਨੂੰ ਗਾਉਣ ਯੋਗ ਦਰਦ ਤੇ ਸੰਵੇਦਨਾ ਹਾਜ਼ਰ ਸੀ।

ਸ਼ਿਵ ਕੁਮਾਰ ਦੀ ਵਾਰਤਕ ਨੂੰ ਕਿਸੇ ਸੰਗ੍ਰਿਹ ਵਿਚ ਹੁਣ ਤਕ ਕਿਸੇ ਨੇ ਨਹੀਂ ਸੰਭਾਲਿਆ। ਉਸ ਵੱਲੋਂ ਲਿਖੇ ਕੁਝ ਲਿਖਾਰੀਆਂ ਦੇ ਰੇਖਾ ਚਿੱਤਰਾਂ ਨੂੰ ਮਾਸਕ ਪੱਤਰ ਹੇਮ ਜਯੋਤੀ ਵਿਚ ਪੜ੍ਹਨ ਦਾ ਮੈਨੂੰ ਵੀ ਮੌਕਾ ਮਿਲਿਆ ਹੈ। ਕੁਝ ਵਿਚ ਉਹ ਬੇਲਾਗ ਹੈ ਅਤੇ ਕੁਝ ਵਿਚ ਬਦਲਾਖੋਰ। ਮਿਸਾਲ ਦੇ ਤੌਰ ਤੇ  ਸ. ਸ. ਮੀਸ਼ਾ ਨੂੰ ਚਿਤਰਦਿਆਂ ਉਸ ਦੇ ਮੁਹਾਂਦਰੇ ਨੂੰ ਮੀਸਣੀ ਮੁਸਕਾਨ ਦਾ ਨਾਂ ਦਿੰਦਾ ਹੈ, ਅਜੀਤ ਕੌਰ ਨੂੰ ਉਦਾਸ ਲਾਲਟੈਣ ਦੱਸਦਾ ਹੈ ਅਤੇ ਮੋਹਨ ਭੰਡਾਰੀ ਨੂੰ ਕਿਸੇ ਗੁੱਸੇ ਗਿੱਲੇ ਦਾ ਸ਼ਿਕਾਰ ਹੋ ਕੇ ਬਹੁਤਾ ਗਰੀਬੜਾ ਜਿਹਾ ਪੇਸ਼ ਕਰਦਿਆਂ ਉਸ ਨੂੰ ਫੁੱਲਬਹਿਰੀ ਵਾਲੇ ਹੱਥ ਆਖਦਾ ਹੈ। ਸੱਜਣ ਦੱਸਦੇ ਨੇ ਕਿ ਸ਼ਿਵ ਕੁਮਾਰ ਨੂੰ ਭੰਡਾਰੀ ਵਾਲੇ ਰੇਖਾ ਚਿੱਤਰ ਬਾਰੇ ਆਖਰੀ ਵੇਲੇ ਤੀਕ ਪਛਤਾਵਾ ਰਿਹਾ ਕਿ ਮੈਂ ਉਸ ਨਾਲ ਧੱਕਾ ਕੀਤਾ ਹੈ। ਉਸ ਦੇ ਗੀਤ ਸਿਰਜਣ ਪ੍ਰਕ੍ਰਿਆ ਸਬੰਧੀ ਕੁਝ ਲੇਖ ਵੀ ਮੈਨੂੰ ਧੁੰਦਲੇ–ਧੁੰਦਲੇ ਚੇਤੇ ਆ ਰਹੇ ਹਨ। ਆਪਣੇ ਨਾਲ–ਨਾਲ ਤੋਰਦਾ ਸੀ ਆਪਣੀ ਵਾਰਤਕ ਵਿਚ ।

ਸ਼ਿਵ ਕੁਮਾਰ ਬਟਾਲਵੀ ਰਾਵੀ ਦਰਿਆ ਦਾ ਉਹ ਲਾਡਲਾ ਪੁੱਤਰ ਸੀ ਜਿਸ ਨੇ ਰਾਵੀ ਦੇ ਉਰਵਾਰ ਪਾਰ ਵੱਸਦੇ ਲੋਕਾਂ ਦੇ ਗੁਆਚਦੇ ਜਾ ਰਹੇ ਸ਼ਬਦਾਂ ਨੂੰ ਆਪਣੀ ਸ਼ਾਇਰੀ ਵਿਚ ਸੰਭਾਲਿਆ। ਉਸ ਦੇ ਬੋਲਾਂ ਵਿਚੋਂ ਸਿਰਫ ਪੰਜਾਬ ਨਹੀਂ ਸਗੋਂ ਸਮੁੱਚੀ ਕਾਇਨਾਤ ਦੇ ਦਰਸ਼ਨ ਕਰ ਸਕਦੇ ਹੋ। ਸ਼ਿਵ ਦੀ ਸਰੀਰਕ ਮੌਤ ਹੋਇਆਂ ਭਾਵੇਂ ਤਿੰਨ ਦਹਾਕਿਆਂ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਉਸ ਦੀ ਸ਼ਾਇਰੀ ਦੀ ਜਵਾਨੀ ਸਿੱਖਰਾਂ ਵੱਲ ਜਾ ਰਹੀ ਹੈ। ਸਮਾਂ ਪੈਣ ਨਾਲ ਉਸ ਦੇ ਐਬਾਂ ਦੀਆਂ ਧੂੜਾਂ ਉਡਾਉਣ ਵਾਲੇ ਮੱਧਮ ਪੈ ਰਹੇ ਹਨ ਅਤੇ ਗੁਣ ਜਾਨਣ ਹਾਰੇ ਵਧ ਰਹੇ ਹਨ। ਸਾਡਾ ਦੁਖਾਂਤ ਹੀ ਇਹ ਹੈ ਕਿ ਅਸੀਂ ਸਿਰਜਣਾ ਦੀ ਥਾਂ ਸਿਰਜਕ ਨੂੰ ਵਧ ਪੜ੍ਹਦੇ ਹਾਂ ਅਤੇ ਪੜ੍ਹਦੇ ਵੀ ਉਸ ਐਨਕ ਨਾਲ ਹਾਂ ਜੋ ਸਾਨੂੰ ਪੁੱਗਦੀ ਹੋਵੇ। ਸ਼ਿਵ ਕੁਮਾਰ ਸਾਡਾ ਅਤੀਤ ਵੀ ਚੇਤੇ ਕਰਾਉਂਦਾ ਹੈ, ਵਰਤਮਾਨ ਨੂੰ ਵੀ ਨਾਲ–ਨਾਲ ਤੋਰਦਾ ਹੈ ਅਤੇ ਭਵਿੱਖ ਲਈ ਸੰਭਾਲਣ ਯੋਗ ਵਿਰਸੇ ਦੀ ਨਿਸ਼ਾਨਦੇਹੀ ਵੀ ਕਰਕੇ ਦਿੰਦਾ ਹੈ। ਉਸ ਦੀ ਸ਼ਾਇਰੀ ਦੇ ਰੂ–ਬਰੁ ਹੋ ਕੇ ਹਰ ਵਾਰ ਮੈਂ ਸੱਜਰੇ ਅਤੇ ਤਰੋਤਾਜ਼ਾ ਸੰਸਾਰ ਵਿਚ ਪਹੁੰਚਦਾ ਹਾਂ। ਜੋਬਨ ਰੁੱਤੇ ਤੁਰ ਗਏ ਇਸ ਸ਼ਾਇਰ ਦੀ ਹੋਣੀ ਭਾਵੇਂ ਫੁੱਲ ਬਣੀ ਜਾਂ ਤਾਰਾ, ਸਾਡੇ ਲਈ ਤਾਂ ਅੱਜ ਵੀ ਉਹ ਮਹਿਕਦਾ ਗੁਲਜ਼ਾਰ ਹੈ ਜਿਸ ਦੀ ਪਰਿਕਰਮਾ ਕਰਦਿਆਂ ਸਾਨੂੰ ਜੋਬਨਵੰਤੇ ਛੈਲ ਛਬੀਲੇ ਥੱਬਾਂ ਕੁ ਜੁਲਫਾਂ ਵਾਲੇ ਸ਼ਾਇਰ ਦੇ ਦਰਸ਼ਨ ਹੁੰਦੇ ਹਨ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>