ਪੱਕੀ ਕਣਕ ਵਿਸਾਖੀ ਆਈ

ਪੰਜਾਬ ਮੇਲਿਆਂ ਦੀ ਧਰਤੀ ਹੈ। ਇਥੇ ਮੌਸਮਾਂ ਦੀ ਤਬਦੀਲੀ ਨਾਲ ਆਉਣ ਵਾਲੇ ਮੇਲਿਆਂ ਅਤੇ ਤਿਉਹਾਰਾਂ ਵਿਚੋਂ ਵਿਸਾਖੀ ਅਤੇ ਲੋਹੜੀ ਦੀ ਸਰਦਾਰੀ ਸਿਖ਼ਰਾਂ ਤੇ ਹੈ। ਵਿਸਾਖੀ ਵਿਸਾਖ ਮਹੀਨੇ ਦਾ ਪਹਿਲਾ ਦਿਨ ਹੁੰਦਾ ਹੈ। ਇਹੀ ਮੌਸਮ ਕਣਕਾਂ ਦੀ ਹਰਿਆਵਲੀ ਸੂਰਤ ਦਾ ਸੋਨੇ ਰੰਗੇ ਸਰੂਪ ਵਿੱਚ ਬਦਲਣ ਦਾ ਹੈ। ਸੋਨੇ ਰੰਗੀਆਂ ਕਣਕਾਂ ਦੀ ਵਾਢੀ ਪੈਣ ਨਾਲ ਸਰੂਰਿਆ ਕਿਸਾਨ ਆਪਣੇ ਸਰੀਰ ਨੂੰ ਵਜਦ ਵਿੱਚ ਲਿਆ ਕੇ ਨੱਚਦਾ, ਗਾਉਂਦਾ ਅਤੇ ਭੰਗੜੇ ਪਾਉਂਦਾ ਸਾਨੂੰ ਇਤਿਹਾਸ ਨੇ ਹੀ ਦੱਸਿਆ ਹੈ। ਮੌਸਮੀ ਤਬਦੀਲੀਆਂ ਦੇ ਵਾਪਰਨ ਕਾਰਨ ਹੁਣ ਵਾਢੀਆਂ ਪਹਿਲਾਂ ਵਾਂਗ ਵਿਸਾਖੀ ਨੇੜੇ ਨਹੀਂ ਪੈਂਦੀਆਂ ਸਗੋਂ ਕੰਬਾਈਨ ਹਾਰਵੈਸਟਰ ਪਹਿਲਾਂ ਹੀ ਖੇਤਾਂ ਵਿੱਚ ਫ਼ਸਲਾਂ ਨੂੰ ਦਾਣਿਆਂ ਵਿੱਚ ਤਬਦੀਲ ਕਰ ਦਿੰਦੇ ਹਨ। ਮਹੀਨਿਆਂ ਬੱਧੀ ਹੋਣ ਵਾਲਾ ਕਾਰਜ ਹੁਣ ਦਿਨਾਂ ਵਿੱਚ ਮੁਕ ਮੁਕਾ ਜਾਂਦਾ ਹੈ।

ਵਿਸਾਖੀ ਪੰਜਾਬ ਦਾ ਮੌਸਮੀ ਤਿਉਹਾਰ ਹੈ। ਗੁਰਬਾਣੀ ਵਿੱਚ ਵੀ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਨਾਨਕ ਦੇਵ ਜੀ ਨੇ ਆਪੋ ਆਪਣੇ ਅੰਦਾਜ਼ ਵਿੱਚ ਬਾਰਾਂਮਾਂਹ ਲਿਖਦਿਆਂ ਵਿਸਾਖੀ ਦੇ ਪੁਰਬ ਦਾ ਸੁਆਗਤ ਕਰਦਿਆਂ ਸਾਨੂੰ ਕਿਹਾ ਹੈ ਕਿ ਵਿਸਾਖ ਮਹੀਨੇ ਪੱਕੀਆਂ ਫ਼ਸਲਾਂ ਨੂੰ ਵਾਢੀ ਪੈ ਗਈ ਹੈ। ਛੇਤੀ ਛੇਤੀ ਪੱਕੀਆਂ ਫ਼ਸਲਾਂ ਸਾਂਭਣ ਦੀ ਕਾਹਲ ਹੈ। ਫ਼ਸਲ ਪੱਕੀ ਹੈ, ਫ਼ਸਲ ਵੱਲ ਧਿਆਨ ਹੈ ਪਰ ਅਸੀਂ ਦੇਵਣਹਾਰ ਦਾਤੇ ਵੱਲ ਬੇਪ੍ਰਵਾਹੀ ਵਰਤ ਰਹੇ ਹਾਂ। ਅਸੀਂ ਮਿਹਨਤ ਅਤੇ ਕਰਮ ਦਾ ਫ਼ਲ ਮਿਲਣ ਤੇ ਖੁਸ਼ ਤਾਂ ਹੁੰਦੇ ਹਾਂ ਪਰ ਜਦੋਂ ਆਸਾਂ ਨੂੰ ਪੂਰਾ ਫ਼ਲ ਨਹੀਂ ਪੈਂਦਾ ਤਾਂ ਰੋਂਦੇ ਕੁਰਲਾਉਂਦੇ ਹਾਂ। ਜੇ ਕੀਤੇ ਕਰਮ ਦਾ ਫ਼ਲ ਦਾਤੇ ਦੇ ਦਾਤ ਮੰਨ ਲਈਏ ਤਾਂ ਪਛਤਾਵਾ ਹੱਥ ਨਹੀਂ ਲੱਗਦਾ। ਇਸ ਪੱਕੀ ਫ਼ਸਲ ਵਾਲੇ ਮੌਸਮ ਵਿੱਚ ਪ੍ਰਭੂ ਦੇ ਰੰਗ ਵਿੱਚ ਅਭੇਦ ਹੋ ਜਾਓ, ਕਸ਼ਟ ਕਲੇਸ਼ ਮੁੱਕ ਜਾਣਗੇ ਅਤੇ ਧਰਤ ਸੁਹਾਵੀ ਤੁਹਾਨੂੰ ਖੁਸ਼ੀਆਂ ਖੇੜੇ ਬਖਸ਼ ਦੇਵੇਗੀ।

ਖਾਲਸਾ ਪੰਥ ਦੀ ਸਾਜਨਾ ਦਾ ਵੀ ਵਿਸਾਖੀ ਨਾਲ ਬਹੁਤ ਨੇੜਲਾ ਸੰਬੰਧ ਹੈ। 1699 ਦੀ ਵਿਸਾਖੀ ਵਾਲੇ ਦਿਨ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵਿਸ਼ਵ ਭਰ ਦੇ ਨਿਤਾਣਿਆਂ ਨੂੰ ਜ਼ੁਲਮ ਦੇ ਖਿਲਾਫ ਲੜਨ ਲਈ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ। ਖਾਲਸੇ ਦੀ ਸਿਰਜਣ ਭੂਮੀ  ਸ਼੍ਰੀ ਅਨੰਦਪੁਰ ਸਾਹਿਬ ਵਿਖੇ ਆਲੌਕਿਕ ਦਰਬਾਰ ਸੱਜਣ ਦੀ ਕਹਾਣੀ ਇਤਿਹਾਸ ਦੀਆਂ ਪੁਸਤਕਾਂ ਸਾਨੂੰ 300 ਸਾਲ ਤੋਂ ਦੱਸ ਰਹੀਆਂ ਹਨ। ਸਿੱਖ ਧਰਮ ਨੂੰ ਸਰੂਪ ਪ੍ਰਦਾਨ ਕਰਨ ਵਿੱਚ ਵਿਸਾਖੀ ਦਾ ਬਹੁਤ ਵੱਡਾ ਯੋਗਦਾਨ ਹੈ। ਵਿਸਾਖੀ ਵਾਲੇ ਦਿਨ ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੇ ਧਾਰਮਿਕ, ਸਮਾਜਿਕ ਰੰਗਣ ਵਾਲੇ ਸਮਾਗਮਾਂ ਵਿੱਚ ਵਿਸਾਖੀ ਦਾ ਮਹਾਤਮ ਚੇਤੇ ਕੀਤਾ ਜਾਂਦਾ ਹੈ। ਪੰਜਾਬ ਅਤੇ ਹਰਿਆਣਾ ਦੇ ਪਿੰਡਾਂ ਵਿੱਚ ਵਿਸਾਖੀ ਵਾਲੇ ਦਿਨ ਕਣਕਾਂ ਦੀ ਮੁੱਕ ਗਈ ਰਾਖੀ, ਜੱਟਾ ਆਈ ਵਿਸਾਖੀ ਦੀਆਂ ਸੱਦਾਂ ਗੂੰਜਦੀਆਂ ਹਨ। ਹੁਣ ਤਾਂ ਸਮਾਂ ਹੀ ਬੇਰਹਿਮ ਹੋ ਗਿਆ ਹੈ । ਹਰ ਬੰਦਾ ਵਕਤ ਨੂੰ ਆਪਣੇ ਉੱਪਰ ਸਵਾਰ ਕਰੀ ਬੈਠਾ ਹੈ ਪਰ ਜਦ ਕਦੇ ਪੰਜਾਬੀ ਸਹਿਜ ਅਤੇ ਸੁਹਜ ਨਾਲ ਜਿਉਂਦੇ ਸਨ ਤਾਂ ਵਿਸਾਖੀ ਵਾਲੇ ਦਿਨ ਭੰਗੜਾ ਪਾਉਣ ਲਈ ਮਹੀਨਾ ਮਹੀਨਾ ਪਹਿਲਾਂ ਹੀ ਢੋਲੀ ਨੂੰ ਸਾਈ ਦੇ ਕੇ ਆਪਣੇ ਪਿੰਡਾਂ ਵਿੱਚ ਭੰਗੜੇ ਦੀ ਰਿਹਰਸਲ ਕਰਿਆ ਕਰਦੇ ਸਨ। ਮੈਨੂੰ ਆਪਣੇ ਬਚਪਨ ਦੇ ਸਾਲ ਚੇਤੇ ਹਨ ਜਦ ਬਾਜ਼ੀਗਰਾਂ ਦੇ ਡੇਰੇ ਤੋਂ ਗਰੀਬੂ ਢੋਲੀ ਹਰ ਵਰ੍ਹੇ ਸਾਡੇ ਪਿੰਡ ਆਉਂਦਾ । ਪਿੰਡ ਦੇ ਗੱਭਰੂਆਂ ਨੂੰ ਆਪਣੇ ਢੋਲ ਦੀ ਤਾਲ ਤੇ ਅੱਧੀ ਅੱਧੀ ਰਾਤ ਤੀਕ ਨਚਾਉਂਦਾ । ਇਹੀ ਹਾਲ ਨੇੜਲੇ ਪਿੰਡਾਂ ਵਿੱਚ ਹੁੰਦਾ ਸੀ। ਟਿਕੀ ਹੋਈ ਰਾਤ ਢੋਲ ਤੇ ਪੈਂਦੀ ਕੜਕੁੱਟ ਰਾਤ ਦੀ ਚੁੱਪ ਨੂੰ ਤੋੜਦੀ ਸੀ। ਨਾ ਕੋਈ ਨਸ਼ਾ, ਨਾ ਦਾਰੂ। ਦੁੱਧ ਮੱਖਣਾਂ ਦੇ ਪਾਲੇ ਸਹੀ ਸੁਲੱਗ ਪੰਜਾਬੀ ਪੁੱਤਰ ਅੱਧੀ ਰਾਤ ਤੀਕ ਭੰਗੜਾ ਪਾਉਂਦੇ ਅਤੇ ਸਵੇਰੇ ਸਵੇਰੇ ਕਣਕ ਦੀਆਂ ਭਰੀਆਂ ਬੰਨਣ ਲਈ ਪਰਾਲੀ ਦੇ ਬੇੜ ਵੱਟਦੇ । ਕੋਈ ਦਾਤਰੀਆਂ ਨੂੰ ਦੰਦੇ ਕਢਵਾਉਂਦਾ ਅਤੇ ਕੋਈ ਫਲਿਆਂ ਲਈ ਫਲਾਹੀ ਦੀਆਂ ਕੰਡੇਦਾਰ ਝਾੜੀਆਂ ਲੱਭਦਾ ਫਿਰਦਾ। ਜ਼ਿੰਦਗੀ ਭਰਪੂਰ ਅਰਥਾਂ ਵਾਲੀ ਸੀ। ਅੱਜ ਵਾਂਗ ਸਾਰਾ ਕੁਝ ਹੀ ਰਾਤੋ ਰਾਤ ਨਹੀਂ ਸੀ ਨਿਪਟ ਜਾਂਦਾ। ਚਾਵਾਂ ਲਈ ਜ਼ਿੰਦਗੀ ਕੋਲ ਵਕਤ ਵੀ ਸੀ ਅਤੇ ਸਹਿਜ ਸਮਰਥਾ ਵੀ।

ਵਿਸਾਖੀ 13 ਅਪ੍ਰੈਲ ਨੂੰ ਮਨਾਈ ਜਾਂਦੀ ਹੈ ਪਰ ਹਰ ਛੱਤੀ ਸਾਲਾਂ ਬਾਅਦ ਇਹ ਦਿਨ ਬਦਲ ਕੇ 14 ਅਪ੍ਰੈਲ ਹੋ ਜਾਂਦਾ ਹੈ। ਵੱਖ-ਵੱਖ ਸੂਬਿਆਂ ਵਿੱਚ ਇਸ ਤਿਉਹਾਰ ਨੂੰ ਵੱਖ-ਵੱਖ ਨਾਵਾਂ ਤੇ ਜਾਣਿਆਂ ਤੇ ਮਾਣਿਆਂ ਜਾਂਦਾ ਹੈ। ਅਸਾਮ ਵਿੱਚ ਇਸ ਨੂੰ ਰੋਂਗਾਲੀ ਵਿਹੂ ਆਖਦੇ ਹਨ ਅਤੇ ਪੱਛਮੀ ਬੰਗਾਲ ਵਿੱਚ ਇਹ ਨਾਬਾ ਬਰਸ਼ਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਬਿਹਾਰੀਏ ਇਸ ਨੂੰ ਸੂਰਜ ਦੇਵਤੇ ਲਈ ਸੁਆਗਤੀ ਤਿਉਹਾਰ ਗਿਣ ਕੇ ਵੈਸ਼ਾਖਾ ਨਾਮ ਨਾਲ ਮਨਾਉਂਦੇ ਹਨ ਜਦ ਕਿ ਕੇਰਲਾ ਵਾਲੇ ਇਸ ਨੂੰ ਵਿਸ਼ੂ ਆਖਦੇ ਹਨ। ਤਾਮਿਲਨਾਡ ਵਿੱਚ ਇਹੀ ਤਿਉਹਾਰ ਪੁਥਾਂਦੂ ਦੇ ਨਾਮ ਨਾਲ ਮਨਾਇਆ ਜਾਂਦਾ ਹੈ। ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿੱਚ ਹਿੰਦੂ ਭਰਾ ਮੰਦਰਾਂ ਵਿੱਚ ਆਰਤੀਆਂ ਉਤਾਰਦੇ ਹਨ, ਨੇੜੇ ਵਗਦੇ ਜਲ ਸੋਮਿਆਂ ਵਿੱਚ ਚੁੱਭੀ ਲਾਉਦੇ ਹਨ। ਹਿਮਾਚਲ ਵਾਲੇ ਤਾਂ ਜਵਾਲਾ ਮੁਖੀ ਮੰਦਰ ਜਾ ਕੇ ਉਥੇ ਦੇ ਗਰਮ ਚਸ਼ਮਿਆਂ ਵਿੱਚ ਇਸ਼ਨਾਨ ਨੂੰ ਪੁੰਨ ਦਾ ਕੰਮ ਮੰਨਦੇ ਹਨ।

ਪੰਜਾਬ ਵਿੱਚ ਵਿਸਾਖੀ ਰਾਵੀ ਤੋਂ ਪਾਰ ਹੋਰ ਤਰ੍ਹਾਂ ਮਨਾਈ ਜਾਂਦੀ ਹੈ ਅਤੇ ਇਧਰ ਹੋਰ ਤਰ੍ਹਾਂ। ਉਧਰ ਵਿਸਾਖੀ ਖਾਣ ਪੀਣ, ਨੱਚਣ ਗਾਉਣ ਅਤੇ ਗੀਤ ਸੰਗੀਤ ਨੂੰ ਸਾਹਾਂ ਸਵਾਸਾਂ ਵਿੱਚ ਵਸਾਉਣ ਦਾ ਨਾਮ ਹੈ ਜਦ ਕਿ ਇਧਰਲੇ ਪੰਜਾਬ ਵਿੱਚ ਬਹੁਤੇ ਲੋਕ ਵਗਦੇ ਦਰਿਆਵਾਂ ਕੰਢੇ ਜਾ ਬੈਠਦੇ ਹਨ। ਮੈਨੂੰ ਬਚਪਨ ਵਿੱਚ ਆਪਣੇ ਨੇੜਲੇ ਪਿੰਡ ਧਿਆਨਪੁਰ ਦੀ ਵਿਸਾਖੀ ਯਾਦ ਆ ਰਹੀ ਹੈ। ਸਾਡੇ ਪਿੰਡ ਬਸੰਤਕੋਟ ਤੋਂ ਭੰਗੜੇ ਦੀ ਟੀਮ ਜਦ ਧਿਆਨਪੁਰ ਅੱਪੜਦੀ ਤਾਂ ਚੰਦੂ ਸੂਜੇ ਵਾਲੇ ਪਾਸਿਉਂ ਗਿੱਲਾਂ ਵਾਲੀਏ ਢੋਲ ਵਜਾਉਂਦੇ ਤੁਰੇ ਆਉਂਦੇ ਦਿਸਦੇ। ਇਕ ਪਾਸੇ ਕੋਟਲੀ ਵਾਲੇ ਆਪਣੇ ਲਾਮ ਲਸ਼ਕਰ ਨਾਲ ਤੁਰੇ ਆਉਂਦੇ। ਵੱਖ-ਵੱਖ ਪਿੰਡਾਂ ਤੋਂ ਅਨੇਕਾਂ ਭੰਗੜਾ ਟੀਮਾਂ ਇਕ ਥਾਂ ਇਕੱਠੀਆਂ ਹੁੰਦੀਆਂ । ਗੋਲ ਦਾਇਰੇ ਵਿੱਚ ਨੱਚ ਟੱਪ ਕੇ ਹਾਰ ਹੰਭ ਜਾਂਦੀਆਂ । ਸਿਆਲਕੋਟੀ ਭੰਗੜੇ ਵਾਲੀਆਂ ਚਾਲਾਂ ਦੀ ਸਰਦਾਰੀ ਹੁੰਦੀ। ਬਾਅਦ ਵਿੱਚ ਪਤਾ ਲੱਗਾ ਹੈ ਕਿ ਇਸ ਦਾ ਕਾਰਨ ਰਾਵੀ ਪਾਰੋਂ ਉੱਜੜ ਕੇ ਆਏ ਬਹੁਤੇ ਸਿਆਲਕੋਟੀਏ ਇਸੇ ਇਲਾਕੇ ਵਿੱਚ ਵੱਸੇ ਹੋਣ ਕਾਰਨ ਭੰਗੜੇ ਦਾ ਸੁਭਾਅ ਵੀ ਉਨ੍ਹਾਂ ਮੁਤਾਬਕ ਹੀ ਬਣ ਗਿਆ। ਉਦੋਂ ਅਜੇ ਸਟੇਜਾਂ ਵਾਲੇ ਭੰਗੜੇ ਨਹੀਂ ਸਨ ਸ਼ੁਰੂ ਹੋਏ। ਇਨ੍ਹਾਂ ਟੀਮਾਂ ਵਿੱਚ ਅਣਦਾੜੀਏ ਮੁੰਡੇ ਹੀ ਮੁਟਿਆਰਾਂ ਦੇ ਵੇਸ ਵਿੱਚ ਹੁੰਦੇ। ਭੰਗੜੇ ਵਾਲਿਆਂ ਦੇ ਵਸਤਰ ਵੀ ਵਰਦੀ ਵਰਗੇ ਨਹੀਂ ਸਨ ਹੁੰਦੇ। ਪੈਰਾਂ ਵਿੱਚ ਮੋਟੇ ਮੋਟੇ ਘੁੰਗਰੂ, ਉਹ ਵੀ ਬਲਦਾਂ ਦੇ ਗਲੋਂ ਉਤਾਰੇ ਹੁੰਦੇ। ਸ਼ੀਸ਼ਾ ਮੋਚਨਾ ਤੇ ਹੋਰ ਨਿਕ ਸੁਕ ਚੁੱਕੀ ਫਿਰਦੇ। ਹੱਥਾਂ ਵਿੱਚ ਹੁਣ ਦੇ ਫੁਕਰਿਆਂ ਵਾਂਗ ਬੰਦੂਕਾਂ ਨਹੀਂ, ਡਾਂਗ ਸੋਟਾ ਹੀ ਹੁੰਦਾ ਪਰ ਇਹ ਮਾਰਨ ਲਈ ਨਹੀਂ ਸਿਰਫ ਦਿਖਾਉਣ ਲਈ। ਹਜ਼ਾਰਾਂ ਦੀ ਗਿਣਤੀ ਵਾਲੇ ਮੇਲੇ ਵਿੱਚ ਕੋਈ ਇਕ ਅੱਧਾ ਹੀ ਸ਼ਰਾਬੀ ਹੁੰਦਾ ਜਿਸ ਨੂੰ ਡੇਰਾ ਬਾਬਾ ਨਾਨਕ ਤੋਂ ਆਏ ਠਾਣੇ ਵਾਲੇ ਖੂਬ ਥਾਪੜਦੇ ਅਤੇ ਉੱਚੀ ਥਾਂ ਤੇ ਉਸ ਨੂੰ ਆਪਣੇ ਮੂੰਹ ਤੇ ਆਪੇ ਹੀ ਚਪੇੜਾਂ ਮਾਰਨ ਦਾ ਆਦੇਸ਼ ਦਿੰਦੇ। ਮੇਰੇ ਮਨ ਅੰਦਰ ਸ਼ਰਾਬੀਆਂ ਪ੍ਰਤੀ ਬੈਠੀ ਨਫਰਤ ਬਚਪਨ ਵੇਲੇ ਵੇਖੀ ਇਸ ਝਾਕੀ ਕਾਰਨ ਅੱਜ ਵੀ ਜਿਉਂਦੀ ਜਾਗਦੀ ਹੈ।

ਬਹੁਤ ਥੋੜ੍ਹੇ ਲੋਕ ਜਾਣਦੇ ਹਨ ਕਿ ਗੁਰਦਾਸਪੁਰ ਜ਼ਿਲ੍ਹੇ ਵਿੱਚ ਵਿਸਾਖੀ ਦਾ ਤਿਉਹਾਰ ਡੇਰਾ ਬਾਬਾ ਨਾਨਕ ਵਿਖੇ 13 ਅਪ੍ਰੈਲ ਨੂੰ ਨਹੀਂ ਸਗੋਂ ਅਗਲੇ ਦਿਨ ਮਨਾਇਆ ਜਾਂਦਾ ਹੈ। ਇਸ ਦਾ ਰੂਪ ਸਰੂਪ ਵੀ ਵੱਖਰਾ ਅਤੇ ਨਿਵੇਕਲਾ ਹੈ। ਇਥੇ ਵਿਸਾਖੀ ਵਾਲੇ ਦਿਨ ਭਾਵ 14 ਅਪ੍ਰੈਲ ਨੂੰ ਉਨ੍ਹਾਂ ਸਾਰੇ ਪਿੰਡਾਂ ਤੋਂ ਭੰਗੜੇ ਵਾਲੇ ਆਉਂਦੇ ਸਨ ਜਿਹੜੇ 13 ਅਪ੍ਰੈਲ ਨੂੰ ਆਪੋ ਆਪਣੇ ਨੇੜਲੇ ਪਿੰਡਾਂ ਵਿੱਚ ਆਪਣੀ ਪੇਸ਼ਕਾਰੀ ਕਰ ਚੁੱਕੇ ਹੁੰਦੇ। ਇਸ ਮੇਲੇ ਵਿੱਚ ਸ਼ਾਮਿਲ ਵਿਅਕਤੀ ਵਾਪਸ ਪਰਤਣ ਵੇਲੇ ਮੇਲੇ ਵਿਚੋਂ ਮਿੱਟੀ ਦਾ ਇੱਕ ਭਾਂਡਾ ਜ਼ਰੂਰ ਖਰੀਦਦੇ ਅਤੇ ਇਸ ਲੋਕ ਵਿਸ਼ਵਾਸ਼ ਨੂੰ ਪੂਰਾ ਕਰਨ ਲਈ 15 ਅਪ੍ਰੈਲ ਵਾਲੇ ਦਿਨ ਤੀਕ ਮਿੱਟੀ ਦੇ ਭਾਂਡਿਆਂ ਨੂੰ ਵੇਚਣ ਵਾਲੇ ਘੁਮਿਆਰ ਤਿੰਨ ਦਿਨ ਡੇਰਾ ਬਾਬਾ ਨਾਨਕ ਹੀ ਬੈਠੇ ਰਹਿੰਦੇ, ਖੂਬ ਕਮਾਈ ਕਰਦੇ।

ਰਾਵੀ ਕੰਢੇ ਵੱਸੇ ਡੇਰਾ ਬਾਬਾ ਨਾਨਕ ਦੇ ਲੋਕ ਦਸਦੇ ਹੁੰਦੇ ਸਨ ਕਿ 1947 ਤੋਂ ਪਹਿਲਾਂ ਇਹ ਮੇਲਾ 13 ਅਪ੍ਰੈਲ ਨੂੰ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਲੱਗਦਾ ਹੁੰਦਾ ਸੀ। ਕਰਤਾਰਪੁਰ ਸਾਹਿਬ ਗੁਰੂ ਨਾਨਕ ਦੇਵ ਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ। ਉਸ ਤੋਂ ਅਗਲੇ ਦਿਨ 14 ਅਪ੍ਰੈਲ ਨੂੰ ਇਹੀ ਵਿਸਾਖੀ ਡੇਰਾ ਬਾਬਾ ਨਾਨਕ ਵਿਖੇ ਮਨਾਈ ਜਾਂਦੀ । ਇਸੇ ਦਿਨ ਸੰਗਤਾਂ ਧਰਮਕੋਟ ਰੰਧਾਵਾ ਪੱਤਣ ਤੇ ਜਾ ਕੇ ਰਾਵੀ ਦਰਿਆ ਵਿੱਚ ਅੰਮ੍ਰਿਤ ਵੇਲੇ ਤੋਂ ਲੈ ਕੇ ਤਾਰਿਆਂ ਦੀ ਖਿੱਤੀ ਚੜਨ ਤੀਕ ਇਸ਼ਨਾਨ ਕਰੀ ਜਾਂਦੇ। ਪੁਰਾਣੇ ਵਕਤਾਂ ਵਿੱਚ ਇਕ ਲੱਖ ਤੋਂ ਵੀ ਵੱਧ ਲੋਕ ਡੇਰਾ ਬਾਬਾ ਨਾਨਕ ਦੇ ਵਿਸਾਖੀ ਵਿੱਚ ਸ਼ਾਮਿਲ ਹੁੰਦੇ ਸਨ ਪਰ ਹੁਣ ਉਹ ਵਕਤ ਨਹੀਂ ਰਹੇ।

ਡੇਰਾ ਬਾਬਾ ਨਾਨਕ ਦੇ ਗੁਰਦੁਆਰਾ ਡੇਰਾ ਸਾਹਿਬ ਦੀ ਸਰਾਂ ਵਿੱਚ ਦੀਵਾਨ ਸਜਦਾ। ਗਿਆਨੀ ਸੋਹਣ ਸਿੰਘ ਸੀਤਲ, ਜਸਵੰਤ ਸਿੰਘ ਚਾੜਭੱਟੀ ਵਰਗੇ ਢਾਡੀ, ਦੀਵਾਨ ਸਿੰਘ ਮਹਿਰਮ ਅਤੇ ਜਸਵੰਤ ਸਿੰਘ ਰਾਹੀ ਵਰਗੇ ਸ਼ਾਇਰਾਂ ਨੂੰ ਇਸੇ ਦੀਵਾਨ ਅਸਥਾਨ ਤੇ ਮੈਂ ਪਹਿਲੀ ਵਾਰ ਸੁਣਿਆ। ਹੁਣ ਇਹ ਥਾਂ ਕੀਰਤਨੀ ਜਥਿਆਂ ਨੇ ਮੱਲ ਲਈ ਹੈ।

ਇਤਿਹਾਸ ਦਾ ਇਕ ਕੌੜਾ ਵਰਕਾ ਵਿਸਾਖੀ ਨਾਲ ਸਬੰਧਿਤ ਅੰਮ੍ਰਿਤਸਰ ਵਿਖੇ ਵੀ ਪ੍ਰਕਾਸ਼ਮਾਨ ਹੈ। ਜਲ੍ਹਿਆਂ ਵਾਲਾ ਬਾਗ ਉਹ ਵਰਕਾ ਹੈ ਜਿਸ ਵਿਚੋਂ ਅੱਜ ਵੀ ਲਾਟਾਂ ਨਿਕਲਦੀ ਹਨ। ਸਾਹਿਤ ਵਿੱਚ ਸਆਦਤ ਹਸਨ ਮੰਟੋ ਨੇ ਅੰਮ੍ਰਿਤਸਰ ਦੀ ਵਿਸਾਖੀ –1919 ਬਾਰੇ ਜਿਹੜੀ ਕਹਾਣੀ ਲਿਖੀ ਹੈ ਸ਼ਾਇਦ ਇਸ ਭਿਆਨਕ ਖੂਨੀ ਦੁਖਾਂਤ ਬਾਰੇ ਉਹ ਕਿਸੇ ਵੀ ਜ਼ੁਬਾਨ ਵਿੱਚ ਲਿਖੀ ਗਈ ਪਹਿਲੀ ਕਹਾਣੀ ਹੈ। ਜਲ੍ਹਿਆਂ ਵਾਲੇ ਬਾਗ ਵਿੱਚ ਵਿਸਾਖੀ ਵਾਲੇ ਦਿਨ ਹੋਏ ਸਮਾਜਿਕ ਇਕੱਠ ਨੂੰ ਸਿਆਸੀ ਰੰਗਤ ਦੇ ਕੇ ਉਸ ਵੇਲੇ ਦੇ ਫਰੰਗੀ ਹਾਕਮਾਂ ਨੇ ਜ਼ੁਲਮ ਦੀ ਇੰਤਹਾ ਕਰ ਦਿੱਤੀ । ਜਲ੍ਹਿਆਂ ਵਾਲੇ ਬਾਗ ਦਾ ਇਕੋ ਇਕ ਰਸਤਾ ਬੰਦ ਕਰਕੇ ਹਜ਼ਾਰਾਂ ਪੰਜਾਬੀ ਮੱਕੀ ਦੇ ਦਾਣਿਆਂ ਵਾਂਗ ਭੁੰਨ ਸੁੱਟੇ। ਬਾਗ ਵਿਚਲਾ ਖੂਹ ਲਾਸ਼ਾਂ ਨਾਲ ਭਰ ਗਿਆ ਤੇ ਕੰਧਾਂ ਗੋਲੀਆਂ ਨਾਲ ਛਾਨਣੀ ਹੋ ਗਈਆਂ। ਮੌਸਮੀ ਤਿਉਹਾਰ ਖੂਨੀ ਤਿਉਹਾਰ ਵਿੱਚ ਤਬਦੀਲ ਹੋ ਗਿਆ। ਖੁਸ਼ੀ ਵਿੱਚ ਖੀਵੇ ਹੋਏ ਕਿਸਾਨ ਰੁਦਨ ਹਵਾਲੇ ਹੋ ਗਏ। ਘਰ ਘਰ ਵੈਣ ਪਏ। ਹਜ਼ਾਰਾਂ ਭੈਣਾਂ ਨੂੰ ਗੁੱਟਾਂ ਤੇ ਰੱਖੜੀ ਬੰਨਣ ਲਈ ਹੱਥ ਨਾ ਲੱਭੇ। ਜਨਰਲ ਡਾਇਰ ਦੀਆਂ ਗੋਲੀਆਂ ਅੱਜ ਵੀ ਵਿਸਾਖੀ ਵਾਲੇ ਦਿਨ ਸਮੂਹ ਪੰਜਾਬੀਆਂ ਦੀ ਹਿੱਕ ਵਿੱਚ ਠਾਹ ਠਾਹ ਵੱਜਦੀਆਂ ਸੁਣ ਸਕਦੇ ਹੋ। ਦੇਸ਼ ਭਗਤਾਂ ਨੂੰ ਇਹ ਇਨਾਮ ਦੇਣ ਵਾਲੇ ਫਰੰਗੀ ਨੂੰ ਸ਼ਹੀਦ ਊਧਮ ਸਿੰਘ ਨੇ ਬਦਲਾ ਪਰਤਾਉਣ ਦੀ ਕਸਮ ਇਸੇ ਸਥਾਨ ਤੇ ਹੀ ਖਾਧੀ ਸੀ। ਇਸੇ ਵਿਸਾਖੀ ਦਾ ਰੱਤੜਾ ਨਿਸ਼ਾਨ ਸ਼ਹੀਦ ਭਗਤ ਸਿੰਘ ਨੇ 12 ਸਾਲ ਦੀ ਉਮਰ ਵਿੱਚ ਲਾਹੌਰੋਂ ਆ ਕੇ ਲਹੂ ਭਿੱਜੀ ਮਿੱਟੀ ਨੂੰ ਸ਼ੀਸ਼ੀ ਵਿੱਚ ਸੰਭਾਲ ਕੇ ਰੱਖਿਆ। ਇਹ ਲਹੂ ਭਿੱਜੀ ਮਿੱਟੀ ਅੱਜ ਵੀ ਖਟਕੜ ਕਲਾਂ ਦੇ ਅਜਾਇਬ ਘਰ ਵਿੱਚ ਸੁਰੱਖਿਅਤ ਪਈ ਵੇਖ ਸਕਦੇ ਹੋ।

ਵਿਸਾਖੀ ਸਿਰਫ ਰੀਝਾਂ ਦਾ ਤਿਉਹਾਰ ਨਹੀਂ। ਆਪਣੇ ਆਪ ਨੂੰ ਨਿਰਖਣ ਪਰਖਣ ਅਤੇ ਆਪਣੀਆਂ ਸ਼ਕਤੀਆਂ ਨੂੰ ਜਾਚਣ ਦਾ ਤਿਉਹਾਰ ਹੈ ਕਿਉਂਕਿ ਸਿਆਲ ਦੀ ਆਲਸੀ ਜ਼ਿੰਦਗੀ ਨੇ ਨਵੇਂ ਫੁਟਾਰੇ ਨਾਲ ਨਵੇਂ ਸੁਪਨਿਆਂ ਨੂੰ ਮਾਨਣਾ ਹੁੰਦਾ ਹੈ। ਪਹਿਲਾਂ ਬੀਜੇ ਨੂੰ ਵੱਢਣਾ ਅਤੇ ਨਵੇਂ ਨੂੰ ਬੀਜਣਾ। ਇਸ ਤਿਉਹਾਰ ਦੇ ਦੋ ਸਿਰੇ ਹਨ। ਹਾੜ੍ਹੀ ਦੀਆਂ ਫ਼ਸਲਾਂ ਵਿੱਚ ਕਣਕ ਦੀ ਸਰਦਾਰੀ ਕਾਰਨ ਵਿਸਾਖੀ ਨਾਲ ਸਬੰਧਿਤ ਬਹੁਤੇ ਗੀਤ ਕਣਕ ਦੇ ਦੁਆਲੇ ਘੁੰਮਦੇ ਹਨ। ਕਣਕ ਨੂੰ ਸੰਸਕ੍ਰਿਤ ਵਿੱਚ ਸੋਨਾ ਵੀ ਆਖਦੇ ਹਨ ਅਤੇ ਵਿਸਾਖੀ ਨੂੰ ਸੋਨੇ ਦੀ ਵਾਢੀ ਦਾ  ਤਿਉਹਾਰ। ਅਸੀਂ ਵਿਸਾਖੀ ਵਾਲੇ ਦਿਨ ਹੀ ਪੰਜਾਬ ਵਿੱਚ ਸੇਹ ਦਾ ਤੱਕਲਾ ਗੱਡਿਆ ਜਾਂਦਾ ਵੇਖਿਆ ਸੀ। 1978 ਦੀ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਸ਼ਹਿਰ ਵਿੱਚ ਸਿੱਖ ਨਿਰੰਕਾਰੀ ਟਕਰਾਓ ਤੋਂ ਬਾਅਦ ਪੰਜਾਬ ਪੂਰੇ ਪੰਦਰਾਂ ਵਰ੍ਹੇ  ਖੱਜਲ ਖਵਾਰ ਹੋਇਆ। ਭਾਰਤ ਵਾਲਿਆਂ ਨੇ ਇਸ ਨੂੰ ਅੱਤਵਾਦ ਕਿਹਾ ਪਰ 25 ਹਜ਼ਾਰ ਪੰਜਾਬੀਆਂ ਦੇ ਬਲਦੇ ਸਿਵੇ ਸਾਨੂੰ ਅੱਜ ਵੀ ਸੁਆਲ ਕਰਦੇ ਹਨ ਕਿ ਵਿਸਾਖੀ ਮਨਾਉਣ ਵਾਲਿਓ ਸਾਨੂੰ ਨਾ ਵਿਸਾਰਿਓ । ਅਸੀਂ ਆਪਣੀ ਜ਼ਾਤ ਲਈ ਜਾਨਾਂ ਨਹੀਂ ਗੁਆਈਆਂ। ਇਸ ਵਿਸ਼ਵਾਸ਼ ਲਈ ਗੁਆਈਆਂ ਸਨ ਕਿ ਪੰਜਾਬ ਹੱਸਦਾ ਤੇ ਵੱਸਦਾ ਰਹੇ। ਸਾਡੇ ਜਾਣ ਮਗਰੋਂ ਇਸ ਨੂੰ ਨਵੇਂ ਰਸਾਇਣਕ ਅੱਤਵਾਦ ਦੇ ਹਵਾਲੇ ਨਾ ਹੋਣਾ ਦੇਣਾ । ਨਸ਼ਿਆਂ ਦਾ ਛੇਵਾਂ ਦਰਿਆ ਪੰਜਾਬ ਵਿੱਚ ਠਾਠਾਂ ਮਾਰਦਾ ਫਿਰ ਰਿਹਾ ਹੈ। ਕੁਖਾਂ ਵਿੱਚ ਧੀਆਂ ਸਲਾਮਤ ਨਹੀਂ। ਰੁੱਖਾਂ ਨੂੰ ਆਰੀਆਂ ਵਾਲੇ ਢਾਹੀ ਬੈਠੇ ਹਨ। ਵਣਜਾਰੇ ਦਨਦਨਾਉਂਦੇ ਫਿਰਦੇ ਹਨ। ਵਿਗਿਆਨੀਆਂ ਦੀ ਖੋਜ ਨੂੰ ਬਾਬੂ ਲੋਕ ਦਫ਼ਤਰਾਂ ’ਚ ਬੈਠੇ ਹੀ ਨਿੰਦ ਰਹੇ ਹਨ। ਦੇਸ਼ ਨੂੰ ਵਧਦੀ ਆਬਾਦੀ ਦਾ ਢਿੱਡ ਭਰਨ ਲਈ 2025 ਵਿੱਚ ਹੁਣ ਨਾਲੋਂ ਡਿਉਢੇ ਅਨਾਜ ਦੀ ਲੋੜ ਹੈ। ਇਨ੍ਹਾਂ ਫਿਕਰਾਂ ਦੇ ਰੂ ਬਰੂ ਵਿਸਾਖੀ ਦਾ ਸਰੂਪ ਤੁਹਾਨੂੰ ਕਿਹੋ ਜਿਹਾ ਦਿਸੇਗਾ। ਨਸ਼ਾ ਮੁਕਤ ਪੰਜਾਬ ਦੀ ਉਸਾਰੀ ਲਈ ਰੁਖਾਂ ਤੇ ਕੁਖਾਂ ਦੀ ਸਲਾਮਤੀ ਲਈ ਵਿਗਿਆਨ ਦੀ ਸਰਦਾਰੀ ਨਾਲ ਮਿਹਨਤ ਦਾ ਸੁਮੇਲ ਕਰਕੇ ਹੀ ਪੰਜਾਬ ਨੂੰ ਤੁਸੀਂ ਫਿਰ ਸੋਨੇ ਦੀ ਧਰਤੀ ਬਣਾ ਸਕਦੇ ਹੋ। ਪੰਜਾਬੀਓ , ਦਸਮੇਸ਼ ਪਿਤਾ ਨੇ ਨਿਤਾਣਿਆਂ, ਨਿਮਾਣਿਆਂ ਨੂੰ ਜਰਵਾਣਿਆਂ ਦੇ ਖਿਲਾਫ ਲੜਨ ਦਾ ਉਪਦੇਸ਼ ਇਸੇ ਦਿਨ ਦਿੱਤਾ ਸੀ, ਕਿਤੇ ਉਹ ਸਬਕ ਭੁੱਲ ਕੇ ਜੀਭ ਦੇ ਸੁਆਦਾਂ ਅਤੇ ਨਸ਼ਿਆਂ ਦੇ ਹਵਾਲੇ ਨਾ ਕਰ ਦੇਣਾ। ਜੇਕਰ ਤੁਸੀਂ ਵਿਸਾਖੀ ਦੇ ਅਸਲ ਅਰਥਾਂ ਨੂੰ ਵਿਸਾਰ ਕੇ ਸੁਆਦਾਂ ਦੇ ਗੁਲਾਮ ਹੋ ਗਏ ਤਾਂ ਵਕਤ ਤੁਹਾਨੂੰ ਅਜਿਹੀ ਮਾਰ ਮਾਰੇਗਾ ਜਿਸ ਦੀ ਸੱਟ ਝੱਲਣੀ ਤੁਹਾਡੇ ਵੱਸ ਨਹੀਂ ਹੋਵੇਗੀ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>