
ਰਿਚਮੰਡ(ਬੀ.ਸੀ) –ਪੰਜਾਬ ਦੇ ਸ਼ਹਿਰ ਮੌਹਾਲੀ ਤੋਂ ਕੈਨੇਡਾ ਦੇ ਟੂਰ ‘ਤੇ ਆਏ ਹੋਏ ਸ਼ਾਇਰ ਡਾ. ਗੁਰਮਿੰਦਰ ਕੌਰ ਸਿੱਧੂ ਅਤੇ ਉਨ੍ਹਾਂ ਦੇ ਪਤੀ ਕਹਾਣੀਕਾਰ ਡਾ. ਬਲਦੇਵ ਸਿੰਘ ਖਹਿਰਾ ਨਾਲ ਲੋਕ ਲਿਖਾਰੀ ਸਭਾ ਸਰੀ ਵਲੋਂ ਕਹਾਣੀਕਾਰਾਂ ਅਨਮੋਲ ਕੌਰ ਦੇ ਗ੍ਰਹਿ ਰਿਚਮੰਡ ਵਿਖੇ 10 ਨਵੰਬਰ,2008 ਨੂੰ ਇੱਕ ਸਾਹਿਤਕ ਮਿਲਣੀ ਹੋਈ।ਇਸ ਮੌਕੇ ਸਭਾ ਦੇ ਡਾਇਰੈਕਟਰ ਸੁਖਵਿੰਦਰ ਕੌਰ ਅਤੇ ਮਾਸਟਰ ਮਨਜੀਤ ਸਿੰਘ ਦਿਉਲ ਤੋਂ ਇਲਾਵਾ ਹੋਰ ਮੈਂਬਰਾਂ ਅਤੇ ਸਰੋਤਿਆਂ ਨੇ ਵੀ ਹਾਜ਼ਰੀ ਭਰੀ।ਲੇਖਕਾਂ ਨੇ ਆਪਣੀਆਂ ਪੁਸਤਕਾਂ ਇੱਕ ਦੂਸਰੇ ਨੂੰ ਭੇਂਟ ਕੀਤੀਆਂ।ਡਾ. ਗੁਰਮਿੰਦਰ ਕੌਰ ਸਿੱਧੂ ਦੀ ‘ਨਾ ਮੰਮੀ ਨਾ’ ਪੁਸਤਕ ਬਾਰੇ ਸੁਖਵਿੰਦਰ ਕੌਰ ਨੇ ਆਖਿਆ ਕਿ ਇਸ ਪੁਸਤਕ ਨੇ ਅਣਜੰਮੀਆਂ ਧੀਆਂ ਦੇ ਸਿਰ ‘ਤੇ ਲਟਕਦੀ ਮੌਤ ਦੀ ਤਲਵਾਰ ਮੂਹਰੇ ਢਾਲ ਦਾ ਕੰਮ ਕੀਤਾ ਹੈ। ਚਾਹ ਪਾਣੀ ਅਤੇ ਖਾਣੇ ਦੇ ਦੌਰਾਨ ਸਾਹਿਤਕ ਵਿਚਾਰ ਵਟਾਂਦਰੇ ਅਤੇ ਰਚਨਾਵਾਂ ਪੇਸ਼ ਕਰਨ ਦਾ ਦੌਰ ਚਲਦਾ ਰਿਹਾ। ਡਾ. ਬਲਦੇਵ ਸਿੰਘ ਖਹਿਰਾ ਅਤੇ ਅਨਮੋਲ ਕੌਰ ਨੇ ਆਪਣੀਆਂ ਪੁਸਤਕਾਂ ਵਿਚੋਂ ਕਹਾਣੀਆਂ ਪੇਸ਼ ਕੀਤੀਆਂ। ਮਾਸਟਰ ਮਨਜੀਤ ਸਿੰਘ ਅਤੇ ਸੁਖਵਿੰਦਰ ਕੌਰ, ਇਕਬਾਲ ਸਿੰਘ,ਗੁਰਸਿਮਰਨ ਸਿੰਘ ਅਤੇ ਡਾ.ਗੁਰਮਿੰਦਰ ਕੌਰ ਨੇ ਦਿਲ ਟੁੰਬਵੇ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ। ਬਹੁਤ ਹੀ ਖੁਸ਼ਗਵਾਰ ਮਾਹੌਲ ਵਿਚ ਫਿਰ ਮਿਲਣ ਦੇ ਵਾਅਦਿਆਂ ਨਾਲ ਮਿਲਣੀ ਸਮਾਪਤ ਹੋਈ।
