ਸਟਾਕਟਨ (ਬਲਵਿੰਦਰਪਾਲ ਸਿੰਘ ਖਾਲਸਾ ਅਤੇ ਗੁਰਜੀਤ ਸਿੰਘ ਝਾਮਪੁਰ) – ਪੈਗ਼ੰਬਰਾਂ ਦੇ ਸ਼ਹਿਨਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਜੇ ਖ਼ਾਲਸੇ ਦੀਆਂ ਪਿਆਰੀਆਂ ਯਾਦਾਂ ਤੇ ਇਤਿਹਾਸਕ ਸਚਾਈਆਂ ਨੂੰ ਹਿਰਦੇ ਵਿਚ ਜ਼ਿੰਦਾ ਕਰਨ ਅਤੇ ਨਿਆਰੇ ਖ਼ਾਲਸੇ ਦੀ ਅਜ਼ਾਦ ਹਸਤੀ ਦੇ ਪ੍ਰਗਟਾਵੇ ਨੂੰ ਜ਼ਾਹਰ ਕਰਨ ਲਈ ਗਦਰੀ ਬਾਬਿਆਂ ਦੀ ਯਾਦ ਵਿਚ ਬਣੇ ਗੁਰਦੁਆਰਾ ਸਾਹਿਬ ਸਟਾਕਟਨ ਵਿਖੇ ਇਲਾਕੇ ਦੀਆਂ ਸਿੱਖ ਸੰਗਤਾਂ, ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਖ਼ਾਲਸਾ ਕੌਮ ਦੇ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜਾਂ ਸਿੰਘਾਂ ਦੀ ਅਗਵਾਈ ਵਿਚ ਗਿਆਰਵਾਂ ਨਗਰ ਕੀਰਤਨ ਸਜਾਇਆ ਗਿਆ ਜਿਸ ਦੀ ਰੌਣਕ ਤੇ ਸ਼ੋਭਾ ਵੇਖਣ ਦੇ ਕਾਬਲ ਸੀ। ਇਸ ਨਗਰ ਕੀਰਤਨ ਵਿਚ ਪੰਜਾਬ ਦੀ ਧਰਤੀ ਤੋਂ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗਰੰਥੀ ਸਿੰਘ ਸਾਹਿਬ, ਭਾਈ ਜਸਵਿੰਦਰ ਸਿੰਘ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਹ ਪੂਰੇ ਨਗਰ ਕੀਰਤਨ ਦੌਰਾਨ ਮਹਾਰਾਜ ਦੀ ਤਾਬਿਆ ਬੈਠੇ। ਕੈਲੇਫ਼ੋਰਨੀਆ ਗਤਕਾ ਦਲ ਦੇ ਜਥੇਦਾਰਾਂ, ਜਿਨ੍ਹਾਂ ਵਿਚ ਜਸਪ੍ਰੀਤ ਸਿੰਘ ਲਵਲਾ, ਬਲਜੀਤ ਸਿੰਘ, ਹਰਪ੍ਰੀਤ ਸਿੰਘ, ਅੰਮ੍ਰਿਤ ਸਿੰਘ, ਸਨਮਿਤ ਸਿੰਘ ਵਾਸ਼ਿੰਗਟਨ ਡੀ.ਸੀ. , ਰਾਜ ਸਿੰਘ ਤੇ ਢੋਲ ਸੇਵਾਦਾਰ ਨਛੱਤਰ ਸਿੰਘ ਢੋਟੀਆਂ ਆਦਿ ਵੱਲੋਂ ਵਿਖਾਏ ਗਤਕੇ ਦੇ ਜੌਹਰ ਲਗਾਤਾਰ ਸੰਗਤਾਂ ਦੀ ਖਿੱਚ ਦਾ ਕੇਂਦਰ ਰਹੇ। ਯੂਨੀਵਰਸਿਟੀਆਂ, ਕਾਲਜਾਂ ਤੇ ਸਕੂਲਾਂ ਦੇ ਸਿੰਘਾਂ-ਸਿੰਘਣੀਆਂ ਨੇ ਗਤਕੇ ਵਿਚ ਇਤਿਹਾਸਕ ਸਿੱਖ ਫ਼ੌਜਾਂ ਦੇ ਜੰਗੀ ਦਰਿਸ਼ ਜ਼ਿੰਦਾ ਕਰਕੇ ਵਿਖਾਏ। ਸ੍ਰੀ ਗਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਵਿਚ ਸੰਗਤਾਂ ਗੁਰਬਾਣੀ ਜਾਪ ਕਰਦੀਆਂ ਰਹੀਆਂ, ਇਲਾਹੀ ਕੀਰਤਨ ਹੁੰਦਾ ਰਿਹਾ, ਰਾਜ ਕਰੇਗਾ ਖ਼ਾਲਸਾ ਤੇ ਖ਼ਾਲਿਸਤਾਨ ਜ਼ਿੰਦਾਬਾਦ ਜ਼ਿੰਦਾਬਾਦ ਦੇ ਨਾਹਰੇ ਗੂੰਜਦੇ ਰਹੇ। ਖ਼ਾਲਿਸਤਾਨ ਦੇ ਗੀਤ ਵੱਜਦੇ ਰਹੇ। ਬੰਸਤਰੀ, ਕੇਸਰੀ, ਸ਼ਾਹੀ ਨੀਲੇ ਰੰਗ ਦੀਆਂ ਦਸਤਾਰਾਂ ਤੇ ਚੁੰਨੀਆਂ ਨੇ ਅਜੀਬ ਰੰਗ ਬੰਨੀ ਰਖਿਆ। ਸੇਵਾ ਪੱਖੋਂ ਸੰਗਤਾਂ ਵੱਲੋਂ, ਕਾਰੋਬਾਰੀ ਅਦਾਰਿਆਂ ਵੱਲੋਂ ਲੰਗਰਾਂ ਦੀ ਸੇਵਾ ਦਾ ਕਮਾਲ ਵੀ ਵੇਖਣ ਨੂੰ ਮਿਲਿਆ। ਭਾਰੀ ਗਰਮੀ ਹੋਣ ਕਰਕੇ ਲੱਸੀ, ਰੂਹ ਅਫ਼ਜ਼ਾ ਤੇ ਗੰਨੇ ਦੇ ਠੰਡੇ ਮਿਠੇ ਰੱਸ ਨੇ ਸੰਗਤਾਂ ਦੀ ਪਿਆਸ ਦੂਰ ਕੀਤੀ। ਪਕੌੜੇ, ਪੀਜ਼ੇ, ਛੋਲੇ-ਭਠੂਰੇ, ਚਾਹ-ਪਾਣੀ ਦੀ ਸੇਵਾ ਲਗਾਤਾਰ ਹੁੰਦੀ ਰਹੀ। ਸਿੱਖ ਇਤਿਹਾਸਕ ਕਿਤਾਬਾਂ ਤੇ ਗੁਰਬਾਣੀ ਸੀਡੀ ਮਿਲਦੀਆਂ ਰਹੀਆਂ। ਸਿੱਖ ਬਜ਼ਾਰ ਭਰਿਆ ਰਿਹਾ।

