ਦਿੱਲੀ ਕਮੇਟੀ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ

ਨਵੀਂ ਦਿੱਲੀ : ਸ਼ਹੀਦਾ ਦੇ ਸਿਰਤਾਜ ਪੰਚਮ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜੀ ਸ਼ਰਧਾ ਅਤੇ ਭਾਵਨਾ ਨਾਲ ਗੁਰਦੁਆਰਾ ਰਕਾਬਗੰਜ ਸਾਹਿਬ ਵਿੱਖੇ ਮਨਾਇਆ ਗਿਆ। ਭਾਈ ਲੱਖੀਸ਼ਾਹ ਵਣਜਾਰਾ ਹਾਲ ਵਿਖੇ ਅੰਮ੍ਰਿਤ ਵੇਲੇ ਤੋਂ ਦੇਰ ਰਾਤ ਤਕ ਸਜਾਏ ਗਏ ਸਮਾਗਮਾਂ ਦੌਰਾਨ ਪੰਥ ਪ੍ਰਸਿੱਧ ਰਾਗੀ ਜਥਿਆਂ ਨੇ ਕੀਰਤਨ, ਢਾਡੀ ਜਥੀਆਂ ਨੇ ਢਾਡੀ ਪ੍ਰਸੰਗ ਅਤੇ ਕਵੀ ਸਾਹਿਬਾਨਾਂ ਨੇ ਆਪਣੀ ਕਵਿਤਾਵਾਂ ਰਾਹੀਂ ਗੁਰੂ ਸਾਹਿਬ ਜੀ ਦੀ ਸ਼ਹੀਦੀ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ।

ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਪੰਥਕ ਵਿਚਾਰਾ ਦੌਰਾਨ ਤਕਰੀਰ ਕਰਦੇ ਹੋਏ ਸੰਗਤਾਂ ਨੂੰ ਗੁਰੂ ਸਾਹਿਬ ਦੇ ਜੀਵਨ ਤੋਂ ਜਾਣੂ ਕਰਵਾਉਣ ਦੇ ਨਾਲ ਹੀ ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜ਼ੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿੱਤ ਕਮੇਟੀ ਵੱਲੋਂ ਉਲੀਕੇ ਜਾ ਰਹੇ ਪ੍ਰੋਗਰਾਮਾਂ ਦੀ ਵੀ ਜਾਣਕਾਰੀ ਦਿੱਤੀ। ਜੀ.ਕੇ. ਨੇ ਕਿਹਾ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨਾਲ ਸ਼੍ਰੀ ਅਕਾਲ ਤਖਤ ਸਾਹਿਬ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਨਾਲ ਖਾਲਸਾ ਪੰਥ ਅਤੇ ਛੋਟੇ ਸਾਹਿਬਜਾਦਿਆਂ ਦੀ ਸ਼ਹੀਦੀ ਉਪਰੰਤ ਖਾਲਸਾ ਰਾਜ ਦੀ ਨੀਂਹ ਰੱਖੀ ਗਈ ਸੀ। ਜੀ.ਕੇ. ਨੇ ਗੁਰੂ ਸਾਹਿਬਾਨਾਂ, ਸਾਹਿਬਜਾਦਿਆਂ, ਜਰਨੈਲਾਂ ਅਤੇ ਸਿੰਘਾਂ ਦੀਆਂ ਸ਼ਹੀਦੀਆਂ ਨੂੰ ਕੌਮ ਦੀ ਅਨਮੋਲ ਵਿਰਾਸਤ ਦੱਸਦੇ ਹੋਏ ਸੰਗਤਾਂ ਨੂੰ ਇਨ੍ਹਾਂ ਸ਼ਹਾਦਤਾਂ ਤੇ ਮਾਣ ਕਰਨ ਦੀ ਵੀ ਬੇਨਤੀ ਕੀਤੀ।

ਬਾਬਾ ਬੰਦਾ ਸਿੰਘ ਬਹਾਦਰ ਸ਼ਹੀਦੀ ਦੀ ਤੀਜ਼ੀ ਸ਼ਤਾਬਦੀ ਮੌਕੇ ਬੀਤੇ ਦਿਨੀਂ ਗੜ੍ਹੀ ਗੁਰਦਾਸ ਨੰਗਲ ਤੋਂ ਸ਼੍ਰੋਮਣੀ ਕਮੇਟੀ ਵੱਲੋਂ ਮਹਿਰੌਲੀ ਤਕ ਸਜਾਏ ਗਏ ਨਗਰ ਕੀਰਤਨ ਦਾ ਹਵਾਲਾ ਦਿੰਦੇ ਹੋਏ ਜੀ.ਕੇ. ਨੇ 9 ਜੂਨ ਨੂੰ ਬਾਬਾ ਜੀ ਦੇ ਜਨਮ ਸਥਾਨ ਰਿਆਸੀ ਤੋਂ ਆ ਰਹੇ ਨਗਰ ਕੀਰਤਨ ਦੇ ਬਦਰਪੁਰ ਬਾਰਡਰ ਤੇ ਪੁੱਜਣ ਦੀ ਵੀ ਜਾਣਕਾਰੀ ਦਿੱਤੀ। ਜੀ.ਕੇ. ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੇਸ਼ ਦੇ ਪਹਿਲੇ ਸਿੱਖ ਬਾਦਸ਼ਾਹ ਸਨ ਜਿਨ੍ਹਾਂ ਨੇ 900 ਈ. ਤੋਂ ਗੁਲਾਮੀ ਦੀ ਜੰਜੀਰਾਂ ਵਿਚ ਕੈਦ ਭਾਰਤੀਆਂ ਨੂੰ ਮੁਗਲਾਂ ਤੋਂ ਸਰਹਿੰਦ ਫ਼ਤਹਿ ਰਾਹੀਂ ਅਜਾਦੀ ਦੀ ਹਵਾ ਦਾ ਅਹਿਸਾਸ ਕਰਵਾਇਆ ਸੀ।

ਭਾਰਤੀ ਇਤਿਹਾਸ ਵਿਚ 1857 ਨੂੰ ਆਜਾਦੀ ਦੀ ਪਹਿਲੀ ਲੜਾਈ ਦੱਸੇ ਜਾਣ ਨੂੰ ਹਾਸੋਹੀਣਾ ਕਰਾਰ ਦਿੰਦੇ ਹੋਏ ਜੀ.ਕੇ. ਨੇ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਮੁਗਲਾਂ ਨੂੰ ਹਰਾਉਣ ਨੂੰ ਆਜ਼ਾਦੀ ਦੀ ਪਹਿਲੀ ਲੜਾਈ ਦੱਸਿਆ। ਜੀ.ਕੇ. ਨੇ ਹੈਰਾਨੀ ਜਤਾਈ ਕਿ ਅਸੀਂ ਅੰਗਰੇਜਾਂ ਦੀ ਗੁਲਾਮੀ ਨੂੰ ਤਾਂ ਕਬੂਲ ਕਰਦੇ ਹਾਂ ਪਰ ਲੋਦੀ, ਮੰਗੋਲ, ਹੂਣ ਅਤੇ ਮੁਗਲਾਂ ਦੀ ਗੁਲਾਮੀ ਨੂੰ ਭੁੱਲ ਜਾਂਦੇ ਹਾਂ।ਜੀ.ਕੇ. ਨੇ ਖਾਲਸਾ ਕਾੱਲੇਜਾਂ ਵਿਚ ਦਾਖਿਲਾ ਲੈਣ ਦੇ ਇੱਛੁਕ ਸਿੱਖ ਵਿਦਿਆਰਥੀਆਂ ਨੂੰ ਦਿੱਲੀ ਯੂਨੀਵਰਸਿਟੀ ਦਾ ਦਾਖਲਾ ਫਾਰਮ ਭਰਨ ਵੇਲੇ ਵੱਧ ਤੋਂ ਵੱਧ ਆਪਣੀ ਰੁਚੀ ਦੇ ਕੋਰਸਾ ਨੂੰ ਭਰਨ ਦੀ ਸਲਾਹ ਦਿੰਦੇ ਹੋਏ ਕਮੇਟੀ ਕਾੱਲੇਜਾਂ ਵਿਚ 50 ਫੀਸਦੀ ਸੀਟਾਂ ਇਸ ਸਾਲ ਤੋਂ ਸਿੱਖ ਬੱਚਿਆਂ ਲਈ ਅਲ੍ਹੀਗੜ੍ਹ ਮੁਸਲਿਮ ਯੂਨੀਵਰਸਿਟੀ, ਸੈਂਟ ਸਟੀਫ਼ੰਸ ਕਾੱਲੇਜ ਦੀ ਤਰਜ਼ ਤੇ ਘਟਗਿਣਤੀ ਵਿੱਦਿਅਕ ਅਦਾਰੇ ਵੱਜੋਂ ਰਾਖਵੀਆਂ ਰੱਖਣ ਦੀ ਵੀ ਜਾਣਕਾਰੀ ਦਿੱਤੀ।

ਜੀ.ਕੇ. ਨੇ ਕਮੇਟੀ ਵੱਲੋਂ ਉਲੀਕੇ ਜਾ ਰਹੇ ਪ੍ਰੋਗਰਾਮਾਂ ਦੀ ਜਾਣਕਾਰੀ ਵੀ ਦਿੱਤੀ। ਜਿਸ ਵਿਚ 12 ਜੂਨ ਨੂੰ ਪੰਜਾਬੀ ਬਾਗ ਗੁ: ਟਿਕਾਣਾ ਸਾਹਿਬ ਦੇ ਸਾਹਮਣੇ ਪਾਰਕ ’ਚ ਨਿਹੰਗ ਸਿੰਘਾਂ ਦੀ ਖਾਲਸਾਈ ਖੇਡਾਂ, 17 ਜੂਨ ਨੂੰ ਕਨਾਟ ਪਲੇਸ ਦੇ ਸੈਂਟ੍ਰਲ ਪਾਰਕ ਵਿਚ ‘‘ਦਾਸਤਾਨੇ ਬਾਬਾ ਬੰਦਾ ਸਿੰਘ ਬਹਾਦਰ’’ ਲਾਈਟ ਐਂਡ ਸਾਉਂਡ ਸ਼ੋਅ ਤੇ ਗੱਤਕੇ ਦਾ ਪ੍ਰਦਰਸ਼ਨ, 19 ਜੂਨ ਨੂੰ ਇਸੇ ਥਾਂ ਤੇ ‘‘ਕਾਮਾਗਾਟਾ ਮਾਰੂ’’ ਲਾਈਟ ਐਂਡ ਸਾਉਂਡ ਸ਼ੋਅ ਤੇ ਗੱਤਕੇ ਦਾ ਪ੍ਰਦਰਸ਼ਨ, 18 ਜੂਨ ਨੂੰ ਤਖਤ ਸ਼੍ਰੀ ਹਜੂਰ ਸਾਹਿਬ ਤੋਂ ਰੇਲਗੱਡੀ ਰਾਹੀਂ 1800 ਸੰਗਤਾਂ ਦਾ ਆ ਰਹੇ ਨਗਰ ਕੀਰਤਨ ਦਾ ਸੁਆਗਤ, 21 ਜੂਨ ਨੂੰ ਭਾਰਤ ਸਰਕਾਰ ਵੱਲੋਂ ਬਾਬਾ ਜੀ ਦੇ ਨਾਂ ਦਾ ਪੋਸਟਲ ਕਵਰ ਜਾਰੀ ਕਰਨਾ, 22 ਜੂਨ ਨੂੰ ਐਮ.ਐਮ.ਟੀ.ਸੀ. ਵੱਲੋਂ ਪਹਿਲੇ ਖਾਲਸਾ ਰਾਜ ਦੀ ਨਿਸ਼ਾਨੀ ਦੇ ਪ੍ਰਤੀਕ ਨਾਨਕਸ਼ਾਹੀ ਸਿੱਕੇ ਜਾਰੀ ਕਰਨਾ, 24 ਜੂਨ ਨੂੰ ਕੁੱਤੁਬ ਮੀਨਾਰ ਪਾਰਕ ਵਿਚ ਗੁਰਮਤਿ ਸਮਾਗਮ ਅਤੇ 26 ਜੂਨ ਇੰਡੀਆ ਗੇਟ ਤੇ ਮੈਰਾਥਨ ਦਾ ਪ੍ਰੋਗਰਾਮ ਸ਼ਾਮਿਲ ਹੈ।

ਇਸ ਮੌਕੇ ਉੱਘੇ ਲੇਖਕ ਹਰਬੰਸ ਸਿੰਘ ਚਾਵਲਾ ਦੀਆਂ ਬਾਬਾ ਬੰਦਾ ਸਿੰਘ ਬਹਾਦਰ ਅਤੇ ਗੁਰੂ ਮਹਿਲਾ ਬਾਰੇ ਲਿਖਿਆ ਗਈਆਂ ਪੁਸਤਕਾਂ ਵੀ ਜੀ.ਕੇ. ਨੇ ਜਾਰੀ ਕੀਤੀਆਂ। ਗੜ੍ਹੀ ਗੁਰਦਾਸ ਨੰਗਲ ਤੋਂ ਨਗਰ ਕੀਰਤਨ ਦੇ ਨਾਲ ਆਏ ਪੰਜ ਪਿਆਰੇ, ਪੰਜ ਨਿਸ਼ਾਨਚੀ ਸਿੰਘ ਅਤੇ ਸ਼੍ਰ੍ਰੋਮਣੀ ਕਮੇਟੀ ਸਟਾਫ਼ ਜੋ ਕਿ ਇਸ ਵੇਲੇ ਦਿੱਲੀ ਕਮੇਟੀ ਵੱਲੋਂ ਦਿੱਲੀ ਦੀਆਂ ਸੰਗਤਾਂ ਨੂੰ ਇਤਿਹਾਸਿਕ ਸ਼ਸਤਰਾਂ ਦੇ ਦਰਸ਼ਨ ਕਰਾਉਣ ਵਾਸਤੇ ਚਲਾਈ ਜਾ ਰਹੀ ਦੇਗੋ-ਤੇਗੋ ਫ਼ਤਹਿ ਮਾਰਚ ਯਾਤਰਾ ਵਿਚ ਸੇਵਾ ਨਿਭਾ ਰਹੇ ਦਾ ਵੀ ਦਿੱਲੀ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ।

ਸਿੱਖ ਚੇਤਨਾ ਮਿਸ਼ਨ ਵੱਲੋਂ ਬੱਚਿਆਂ ਨੂੰ ਗੁਰਮਤਿ ਨਾਲ ਜੋੜਨ ਵਾਸਤੇ ਕਰਵਾਈ ਗਈ ਧਾਰਮਿਕ ਪ੍ਰੀਖਿਆ ਦੇ ਜੇਤੂਆਂ ਦਾ ਵੀ ਸਨਮਾਨ ਕੀਤਾ ਗਿਆ। ਜਿਸ ਵਿਚ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹਰਿਗੋਬਿੰਦ ਐਨਕਲੇਵ ਦੇ ਵਿਦਿਆਰਥੀ ਤਰਨਪ੍ਰੀਤ ਕੌਰ, ਧਾਰਮਿਕ ਅਧਿਆਪਿਕਾ ਪਰਮਿੰਦਰ ਕੌਰ ਅਤੇ ਗੁਰੂ ਨਾਨਕ ਪਬਲਿਕ ਸਕੂਲ ਰਾਜੌਰੀ ਗਾਰਡਨ ਦੇ ਵਿਦਿਆਰਥੀ ਭਵਦੀਪ ਸਿੰਘ ਅਤੇ ਅਧਿਆਪਕ ਕਵਲਜੀਤ ਸਿੰਘ ਖਾਲਸਾ ਨੂੰ ਨਗਦ ਰਾਸ਼ੀ ਦਿੱਤੀ ਗਈ। ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰਪਾਲ ਸਿੰਘ ਚੱਢਾ, ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ, ਸਾਬਕਾ ਰਾਜਸਭਾ ਮੈਂਬਰ ਤ੍ਰਿਲੋਚਨ ਸਿੰਘ, ਦਿੱਲੀ ਕਮੇਟੀ ਮੈਂਬਰ ਕੁਲਮੋਹਨ ਸਿੰਘ, ਗੁਰਮੀਤ ਸਿੰਘ ਮੀਤਾ, ਜਤਿੰਦਰ ਪਾਲ ਸਿੰਘ ਗੋਲਡੀ, ਹਰਦੇਵ ਸਿੰਘ ਧਨੋਆ, ਪਰਮਜੀਤ ਸਿੰਘ ਚੰਢੋਕ, ਕੈਪਟਨ ਇੰਦਰਪ੍ਰੀਤ ਸਿੰਘ, ਬੀਬੀ ਧੀਰਜ ਕੌਰ, ਗੁਰਮੀਤ ਸਿੰਘ ਲੁਬਾਣਾ, ਅਕਾਲੀ ਆਗੂ ਵਿਕਰਮ ਸਿੰਘ ਅਤੇ ਜਗਜੀਤ ਸਿੰਘ ਕਮਾਂਡਰ ਇਸ ਮੌਕੇ ਮੌਜੂਦ ਸਨ।

This entry was posted in ਭਾਰਤ.

Comments are closed.