ਜਸਵਿੰਦਰ ਧਰਮਕੋਟ ਦਾ ‘ਮੈਲਾਨਿਨ’ ਕਹਾਣੀ ਸੰਗ੍ਰਹਿ ਸਮਾਜਿਕਤਾ ਤੇ ਮਾਨਸਿਕਤਾ ਦਾ ਸੁਮੇਲ : ਉਜਾਗਰ ਸਿੰਘ

IMG_4120.resizedਜਸਵਿੰਦਰ ਧਰਮਕੋਟ ਸੰਵੇਦਨਸ਼ੀਲ, ਆਸ਼ਾਵਾਦੀ, ਸਮਾਜਵਾਦੀ ਤੇ ਮਨੁੱਖੀ ਮਾਨਸਿਕਤਾ ਦਾ ਚਿਤੇਰਾ ਕਹਾਣੀਕਾਰ ਹੈ। ਉਸ ਦੀਆਂ ਦੋ ਪੁਸਤਕਾਂ ਇੱਕ ‘ਪਿਘਲਤਾ ਸੂਰਜ’ ਹਿੰਦੀ ਬਾਲ ਕਾਵਿ ਸ੍ਰੰਗ੍ਰਹਿ ਅਤੇ ਇੱਕ ਅਨੁਵਾਦ ਦੀ ਪੁਸਤਕ ‘ਰੁੱਖ ਕੀ ਹੈੈ’? ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਚਰਚਾ ਅਧੀਨ ਕਹਾਣੀ ਸੰਗ੍ਰਹਿ ‘ਮੈਲਾਨਿਨ’ ਉਸਦਾ ਪਲੇਠਾ ਕਹਾਣੀ ਸੰਗ੍ਰਹਿ ਹੈ। ਇਸ ਕਹਾਣੀ ਸੰਗ੍ਰਹਿ ਵਿੱਚ ਵੱਖੋ-ਵੱਖਰੇ ਰੰਗ ਵਿਖੇਰਦੀਆਂ 8 ਕਹਾਣੀਆਂ ਹਨ। ਕਹਾਣੀ ਸੰਗ੍ਰਹਿ ਦੇ ਸਿਰਲੇਖ ਵਾਲੀ ਅਤੇ ਬਾਕੀ 7 ਕਹਾਣੀਆਂ ਦੇ ਸਿਰਲੇਖ ਨਿਵੇਕਲੇ ਹਨ, ਜਿਸ ਕਰਕੇ ਪਾਠਕ ਦੇ ਮਨ ਵਿੱਚ ਇਸ ਕਹਾਣੀ ਸੰਗ੍ਰਹਿ ਨੂੰ ਪੜ੍ਹਨ ਦੀ ਉਤਸੁਕਤਾ ਪੈਦਾ ਹੋ ਜਾਂਦੀ ਹੈ। ਕਹਾਣੀਕਾਰ ਨੇ ਆਪਣਾ ਸਾਹਿਤਕ ਸਫ਼ਰ ਕਵਿਤਾ ਤੋਂ ਸ਼ੁਰੂ ਕੀਤਾ, ਇਸ ਲਈ ਉਸਦੀ ਵਾਰਤਕ ਰਵਾਨਗੀ ਵਾਲੀ,  ਕਾਵਿਮਈ, ਰਸਦਾਇਕ, ਸੁਗੰਧਤ ਤੇ ਦਿਲਚਸਪ ਹੈ। ਪਾਠਕ ਕਹਾਣੀ ਸ਼ੁਰੂ ਕਰਕੇ ਖ਼ਤਮ ਕੀਤੇ ਬਿਨਾ ਅੱਧ ਵਿਚਕਾਰ ਛੱਡ ਨਹੀਂ ਸਕਦਾ। ਉਸ ਦੀਆਂ ਲਗਪਗ ਸਾਰੀਆਂ ਕਹਾਣੀਆਂ ਹੀ ਪਾਤਰਾਂ ਦਾ ਮਨੋਵਿਸ਼ਲੇਸ਼ਣ ਕਰਦੀਆਂ ਹਨ। ਇਸ ਤੋਂ ਇਲਾਵਾ ਮਾਨਵਤਾ ਦੀ ਜ਼ਾਤ-ਪਾਤ, ਰੰਗ-ਰੂਪ, ਧਾਰਮਿਕ ਅਤੇ ਨਸਲੀ ਵਿਤਕਰਿਆਂ ਦੀ ਮਾਨਸਿਕਤਾ ਨੂੰ ਦਿ੍ਰਸ਼ਟਾਂਤਿਕ ਰੂਪ ਵਿੱਚ ਦਰਸਾਉਣ ਵਿੱਚ ਸਫ਼ਲ ਹੁੰਦੀਆਂ ਹਨ। ਅਧਿਆਪਨ ਦੇ ਕਿੱਤੇ ਵਿੱਚ ਹੋਣ ਕਰਕੇ ਉਸਦਾ ਤਜ਼ਰਬਾ ਵਿਸ਼ਾਲ ਹੈ, ਇਸ ਤਜ਼ਰਬੇ ਕਰਕੇ ਉਸ ਦੀਆਂ ਕਹਾਣੀਆਂ ਦੇ ਵਿਸ਼ੇ ਵੀ ਇਨਸਾਨ ਦੀ ਮਾਨਸਿਕਤਾ ਦੀ ਉਥਲ-ਪੁਥਲ ਨਾਲ ਸੰਬੰਧਤ ਹਨ। ਕਹਾਣੀ ਸੰਗ੍ਰਹਿ ਦੀ ਪਹਿਲੀ ਕਹਾਣੀ ‘ਸ਼ਾਲ’ ਵਿੱਚ ਇਨਸਾਨੀ ਰਿਸ਼ਤਿਆਂ ਦੇ  ਨਿੱਘ ਦੀ ਸੁਗੰਧ ਆਉਂਦੀ ਹੈ। ਜਾਤ-ਪਾਤ ਰਹਿਤ ਸਮਾਜ ਦੀ ਪ੍ਰਵਿਰਤੀ ਦਾ ਸੰਕਲਪ ਵਿਖਾਈ ਦਿੰਦਾ ਹੈ। ਇਸਦੇ ਨਾਲ ਹੀ ਪੰਜਾਬ ਅਤੇ ਜੰਮੂ ਕਸ਼ਮੀਰ ਦੇ ਹਾਲਾਤ ਵਿਗੜਨ ਨਾਲ ਰਿਸ਼ਤਿਆਂ ਵਿੱਚ ਤਣਾਓ ਅਤੇ ਨਫ਼ਰਤ ਦੇ ਬੀਜ ਉਗਮਣ ਲੱਗਦੇ ਹਨ। ਦੂਜੀ ਕਹਾਣੀ ਇਸ ਸੰਗ੍ਰਹਿ ਦੇ ਸਿਰਲੇਖ ‘ਮੈਲਾਨਿਨ’ ਹੈ, ਜਿਸ ਵਿੱਚ ਪੂਨਮ ਵਰਗੀਆਂ ਲੜਕੀਆਂ ਕਾਲੇ ਰੰਗ ਕਰਕੇ ਸਮਾਜ ਵੱਲੋਂ  ਅਣਡਿਠ ਕੀਤੀਆਂ ਜਾਂਦੀਆਂ ਹਨ, ਪ੍ਰੰਤੂ ਇਸ ਕਹਾਣੀ ਵਿੱਚ ਕਾਲੇ ਰੰਗ ਦਾ ਕਾਰਨ ਦਿਮਾਗ ਵਿੱਚ ਮੈਲਾਨਿਨ ਨਾਮ ਦੇ ਤਰਲ ਪਦਾਰਥ ਦੀ  ਵਧੇਰੇ ਮਾਤਰਾ ਦਾ ਹੋਣਾ ਹੁੰਦਾ ਦਰਸਾਇਆ ਗਿਆ ਹੈ। ਸਭਿਆ ਸਮਾਜ ਵਿੱਚ ਵੀ ਇਹ ਭੇਦ ਅਜੇ ਤੱਕ ਬਰਕਰਾਰ ਹੈ। ਪ੍ਰੰਤੂ ਵਿਕਸਤ  ਸ਼ਹਿਰਾਂ ਵਿੱਚ ਪੜ੍ਹੇ ਲਿਖੇ ਵਿਦਿਆਰਥੀਆਂ ਦੀ ਸੋਸਾਇਟੀ ਇਨ੍ਹਾਂ ਰੰਗਾਂ ਦੇ ਭੇਦ ਮਿਟਾ ਦਿੰਦੀ ਹੈ। ਜਿਵੇਂ ਪੂਨਮ ਆਪਣੇ ਦੋਸਤ ਪੈਂਗ ਦੀ ਜ਼ਿੰਦਗੀ ਆਪਣੀ ਕਿਡਨੀ ਦੇ ਕੇ ਬਚਾਉਂਦੀ ਹੈ ਅਤੇ  ਨਜ਼ੀਰ ਪੂਨਮ ਦਾ ਹੱਥ ਫੜ੍ਹਕੇ ਜ਼ਿੰਦਗੀ ਭਰ ਦਾ ਸਾਥੀ ਬਣ ਜਾਂਦਾ ਹੈ। ਇਥੇ ਰੰਗ ਤੇ ਜ਼ਾਤ-ਪਾਤ ਦੇ ਭੇਦ ਖ਼ਤਮ ਹੋ ਜਾਂਦੇ ਹਨ ਤੇ ਪੂਨਮ ਦੀ ਜ਼ਿੰਦਗੀ ਰੰਗੀਨ ਹੋ ਜਾਂਦੀ ਹੈ। IMG_4121.resizedਤੀਜੀ ਕਹਾਣੀ ‘ਪਲੇਟੀ’ ਹੈ, ਜਿਸ ਵਿੱਚ ਕਹਾਣੀਕਾਰ ਨੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਅਧੁਨਿਕਤਾ ਦੇ ਸਮੇਂ ਵਿੱਚ ਬਹੁਤੀ ਭੱਜ ਦੌੜ, ਝੂਠੇ ਵਿਖਾਵੇ, ਸ਼ੋਸ਼ਲ ਮੀਡੀਆ ਦੀ ਵਧੇਰੇ ਵਰਤੋਂ, ਅੰਗਰੇਜ਼ੀ ਮਾਧਿਅਮ ਵਾਲੇ ਸਕੂਲਾਂ ਵਿੱਚ ਪੰਜਾਬੀ ਤੋਂ ਪਿੱਠ ਮੋੜਨਾ, ਪੜ੍ਹਾਈ ਦਾ ਬੱਚਿਆਂ ਤੇ ਬੋਝ, ਪਾਸ ਹੋਣ ਦੀ  ਥਾਂ ਪੂਰੇ ਨੰਬਰ ਲੈਣ ਦੀ  ਹੋੜ, ਪ੍ਰਾਈਵੇਟ ਨੌਕਰੀਆਂ ਵਿੱਚ ਘੱਟ ਤਨਖ਼ਾਹਾਂ, ਅਣਗਹਿਲੀ ਦੀਆਂ ਘਟਨਾਵਾਂ ਅਤੇ ਨੌਕਰੀਆਂ ਵਿੱਚੋਂ ਕੱਢਣ ਦਾ ਡਰ ਆਦਿ ਮਹੱਤਵਪੂਰਨ ਗੱਲਾਂ/ਨੁਕਤਿਆਂ ਨੂੰ ਦਰਸਾਇਆ ਗਿਆ ਹੈ, ਜਿਨ੍ਹਾਂ ਦੇ ਬੋਝ ਕਰਕੇ ਇਨਸਾਨ ‘ਤੇ ਮਾਨਸਿਕ ਤਣਾਓ ਪੈਦਾ ਹੋ ਜਾਂਦਾ ਹੈ। ਇਸ ਕਹਾਣੀ ਵਿੱਚ ਰਵੀਸ਼ ਦੀ ਮਾਨਸਿਕਤਾ ਦਾ ਚਿਤਰਣ ਕੀਤਾ ਗਿਆ ਹੈ। ਅਜਿਹੇ  ਹਾਲਾਤ ਵਿੱਚ ਲੋਕ ਮਾਨਸਿਕ ਰੋਗੀ ਬਣ ਜਾਂਦੇ ਹਨ। ਚੌਥੀ ਕਹਾਣੀ ‘ਲੀਸੀਅਮ ਨਿਕੇਤਨ’ ਇਹ ਕਹਾਣੀ ਪਰਵਾਸ ਦੇ ਇੱਕ ਵਿਲੱਖਣ ਕਿਸਮ ਦੇ ਸਕੂਲ ਬਾਰੇ ਹੈ, ਜਿਥੇ ਲਾਵਾਰਿਸ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਹੈ। ਇਹ ਸਕੂਲ ਇੱਕ ਕਿਸਮ ਦਾ ਨਮੂਨੇ ਦਾ ਸਕੂਲ ਹੈ, ਜਿਸ ਵਿੱਚ ਵੱਖੋ -ਵੱਖਰੇ ਦੇਸ਼ਾਂ ਦੀਆਂ ਬੋਲੀਆਂ, ਸਭਿਆਚਾਰ, ਪਹਿਰਾਵੇ, ਧਰਮਾ ਬਾਰੇ ਪੜ੍ਹਾਇਆ ਜਾਂਦਾ ਹੈ, ਇਹ ਕਹਾਣੀ ਆਪਸੀ ਪਿਆਰ, ਸਹਿਹੋਂਦ, ਸਹਿਨਸ਼ੀਲਤਾ, ਧਰਮ ਨਿਪੇਖਤਾ, ਕੁਦਰਤ ਅਤੇ ਰੁੱਖਾਂ ਨਾਲ ਪਿਆਰ, ਭਾਈਚਾਰਾ ਅਤੇ ਸੰਕੀਰਨ ਸੋਚ ਤੋਂ ਕਿਨਾਰਾ ਕਰਨ ਦੀ ਸਿਖਿਆ ਦਿੰਦੀ ਹੈ। ਬਿਲਕੁਲ ਸ਼ਾਂਤੀ ਨਿਕੇਤਨ ਵਾਲੇ ਵਾਤਾਵਰਨ ਦਾ ਅਹਿਸਾਸ ਕਰਾਉਂਦੀ ਹੈ। ਇਹ ਕਹਾਣੀ ਅਧਿਆਪਕਾਂ, ਵਿਦਿਆਰਥੀਆਂ ਅਤੇ ਇਥੋਂ ਤੱਕ ਕਿ ਛੋਟੇ ਮੁਲਾਜ਼ਮਾ ਦੇ ਆਪਸੀ ਸਦਭਾਵਨਾ ਤੇ ਬਰਾਬਰਤਾ ਦੇ ਵਿਵਹਾਰ ਦਾ ਪ੍ਰਗਟਾਵਾ ਕਰਦੀ ਸਾਰਿਆਂ ਨੂੰ ਬਰਾਬਰ ਸਮਝਣ ਦੀ ਤਾਕੀਦ ਕਰਦੀ ਹੈ। ਪੰਜਵੀਂ ਕਹਾਣੀ ‘ਊਈ’ ਸਕੂਲਾਂ ਵਿੱਚ ਨਸ਼ਿਆਂ ਦੇ ਫੈਲੇ ਪ੍ਰਕੋਪ ਦੀ ਦਾਸਤਾਂ ਹੈ। ਕਿਸ ਪ੍ਰਕਾਰ ਨੌਜਵਾਨ ਕੁੜੀਆਂ ਵੀ ਗ਼ਲਤ ਸੰਗਤ ਵਿੱਚ ਪੈ ਕੇ ਕੁਰਾਹੇ ਪੈ ਜਾਂਦੀਆਂ ਹਨ। ਨੌਜਵਾਨ ਲੜਕੇ ਜਾਲ ਵਿਛਾਕੇ ਅੱਲ੍ਹੜ੍ਹ ਲੜਕੀਆਂ ਨੂੰ ਆਪਣੀ ਚੁੰਗਲ ਵਿੱਚ ਫਸਾ ਲੈਂਦੇ ਹਨ। ਸਕੂਲਾਂ ਦੇ ਲੜਕੇ ਲੜਕੀਆਂ ਆਪਣੇ ਮਾਪਿਆਂ ਨੂੰ ਵੀ ਧੋਖਾ ਦੇਣ ਲੱਗਿਆਂ ਹਿਚਕਚਾਉਂਦੇ ਨਹੀਂ। ਸਕੂਲਾਂ ਵਿੱਚ ਬੱਚੇ ਮੋਬਾਈਲ ਦੀ ਵਰਤੋਂ ਕਰਦੇ ਹਨ, ਜਿਹੜਾ ਉਨ੍ਹਾਂ ਦੇ ਭਵਿਖ ਲਈ ਖ਼ਤਨਾਕ ਸਾਬਤ ਹੁੰਦਾ ਹੈ, ਜਿਵੇਂ ਮਹਿਕ ਨਾਲ ਵਾਪਰਦਾ ਹੈ। ਤਮੰਨਾ ਵਰਗੀਆਂ ਚਾਲਾਕ ਕੁੜੀਆਂ ਨਵੀਂਆਂ ਦਾਖਲ ਹੋਈਆਂ ਮਹਿਕ ਵਰਗੀਆਂ ਅਣਭੋਲ ਲੜਕੀਆਂ ਨੂੰ ਗੁਮਰਾਹ ਕਰਕੇ ਨਸ਼ਿਆਂ ‘ਤੇ ਲਾ ਦਿੰਦੀਆਂ ਹਨ। ਕੁਝ ਅਧਿਆਪਕ ਵੀ ਇਨ੍ਹਾਂ ਲੜਕੇ ਲੜਕੀਆਂ ਨੂੰ ਆਪਣੇ ਜਾਲ ਵਿੱਚ ਫਸਾ ਲੈਣ ਦੀ ਕੋਸ਼ਿਸ਼  ਕਰਦੇ ਹਨ। ਅਧਿਆਪਕਾਂ ਅਤੇ ਬੱਚਿਆਂ ਦੇ ਕਿਰਦਾਰ ਵਿੱਚ ਆਈ ਗਿਰਾਵਟ ਇਸ ਕਹਾਣੀ ਵਿੱਚੋਂ ਝਲਕਦੀ ਹੈ।  ਮਾਪੇ ਫਿਰ ਵੀ ਬੱਚਿਆਂ ਨੂੰ ਪਿਆਰ ਕਰਦੇ  ਹਨ। ਊਈ ਕਹਾਣੀ ਇਹ ਵੀ ਸਿਖਿਆ ਦਿੰਦੀ ਹੈ ਕਿ  ਬੱਚਿਆਂ ਨੂੰ ਅਜਿਹੀਆਂ ਹਰਕਤਾਂ ਤੋਂ ਬਾਜ ਆਉਣਾ ਚਾਹੀਦਾ ਹੈ। ਪਰਵਾਸ ਦੀ ਜ਼ਿੰਦਗੀ ਵੀ ਕੰਡਿਆਂ ਦੀ ਸੇਜ ਹੈ। ਛੇਵੀਂ ਕਹਾਣੀ ‘ਬੱਕਲ ਮਾਈ ਸ਼ੂਅ’ ਨਛੱਤਰ ਡਰਾਇਵਰ ਦੀ ਨਸ਼ੇ ਤੇ ਵੈਲੀ ਦੀ ਆਦਤ ਨਾਲ ਪਰਿਵਾਰ ਦੀ ਆਰਥਿਕ ਮੰਦਹਾਲੀ ਨੂੰ ਦਰਸਾਉਂਦੀ ਹੋਈ ਉਸਦੇ ਪੁੱਤਰ ਮਨਕੀਰਤ ਦੀ ਮਾਨਸਿਕਤਾ ਚਿਤਰਣ ਕਰਦੀ ਹੋਈ ਮਤਰੇਈਆਂ ਮਾਵਾਂ ਦੇ ਵਿਵਹਾਰ ਦਾ ਪਰਦਾ ਫਾਸ਼ ਕਰਦੀ ਹੈ। ਕਿਰਨ ਵਰਗੀਆਂ ਲੜਕੀਆਂ ਪਰਿਵਾਰਾਂ ਦੀਆਂ ਆਰਥਿਕ ਮਜ਼ਬੂਰੀਆਂ ਕਰਕੇ ਆਪਣੇ ਸਪਨੇ ਪੂਰੇ ਨਹੀਂ ਕਰ ਸਕਦੀਆਂ ਤੇ ਉਨ੍ਹਾਂ ਦੇ ਪਤੀ ਬੇਸ਼ਰਮੀ ਨਾਲ ਕੁੱਟਦੇ ਮਾਰਦੇ ਹੋਏ ਚਰਿਤਰ ਤੇ ਸ਼ੱਕ ਕਰਨ ਲੱਗ ਜਾਂਦੇ ਹਨ। ਮਤਰੇਏ ਬੱਚਿਆਂ ਦਾ ਹਾਲ ਵੀ ਮਨਕੀਰਤ ਵਰਗਾ ਹੀ ਹੁੰਦਾ ਹੈ। ‘ਯਾਤਰਾ ਅਜੇ ਮੁੱਕੀ ਨਹੀਂ’ ਸੱਤਵੀਂ ਕਹਾਣੀ  ਵਿੱਚ ਦੋ ਪ੍ਰੇਮੀਆਂ ਏਕਰੂਪ ਅਤੇ  ਸੰਕਲਪ ਦੀ ਪ੍ਰੇਮ ਕਥਾ ਅਮੀਰ-ਗ਼ਰੀਬ ਅਤੇ ਜ਼ਾਤ-ਪਾਤ ਦੇ ਪਾੜੇ ਕਰਕੇ ਲੜਕੀ ਦੇ ਪਰਿਵਾਰ ਵੱਲੋਂ ਜਦੋਂ ਪ੍ਰਵਾਨ ਨਹੀਂ ਚੜ੍ਹਦੀ ਤਾਂ ਉਹ ਕੋਰਟ ਮੈਰਿਜ ਕਰਵਾਕੇ ਜ਼ਿੰਦਗੀ ਬਸਰ ਕਰਨ ਲੱਗ ਜਾਂਦੇ ਹਨ। ਪਰਵਾਸ ਵਿੱਚ ਸੈਟਲ ਹੋਣ ਦੇ ਸਪਨੇ ਸਿਰਜਦੇ ਹਨ। ਆਪੋ ਆਪਣੇ ਪ੍ਰੋਫੈਸ਼ਨ ਵਿੱਚ ਕੰਮ  ਕਰਨ ਲੱਗਦੇ ਹਨ, ਪ੍ਰੰਤੂ ਅਚਾਨਕ ਸੰਕਲਪ ਨੂੰ ਨਾਮੁਰਾਦ ਬਿਮਾਰੀ ਘੇਰ ਲੈਂਦੀ ਹੈ।  ਅਜਿਹੇ ਮੌਕੇ ‘ਤੇ ਪਰਵਾਸ ਤੋਂ ਸੰਕਲਪ ਦਾ ਪ੍ਰਾਜੈਕਟ ਪ੍ਰਵਾਨ ਹੋ ਜਾਂਦਾ ਹੈ। ਇਥੇ ਆ ਕੇ ਕਹਾਣੀ ਖ਼ਤਮ ਹੋ ਜਾਂਦੀ ਹੈ। ‘ਯਾਤਰਾ ਅਜੇ ਮੁੱਕੀ ਨਹੀਂ’ ਕਹਾਣੀ ਦਾ ਸਿੱਟਾ ਇਹ ਨਿਕਲਦਾ ਹੈ ਕਿ ਜੇਕਰ ਜ਼ਿੰਦਗੀ ਵਿੱਚ ਜਦੋਜਹਿਦ ਕੀਤੀ ਜਾਵੇ ਤਾਂ ਜ਼ਰੂਰ ਇੱਕ ਨਾ ਇੱਕ ਦਿਨ ਨਿਸ਼ਾਨੇ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸ ਕਹਾਣੀ ਸੰਗ੍ਰਹਿ ਦੀ ਅੱਠਵੀਂ ਅਤੇ ਆਖ਼ਰੀ ਕਹਾਣੀ ‘ਆਖ਼ਰੀ ਛੁੱਟੀ’ ਵਿੱਚ  ਸਮਾਜਿਕ ਤਾਣੇ-ਬਾਣੇ ਦੀ ਗਿਰਾਵਟ ਜਿਸ ਵਿੱਚ ਗ਼ਰੀਬੀ, ਵਹਿਮ-ਭਰਮ, ਲੁੱਟ-ਖੋਹ, ਨਸ਼ਿਆਂ ਅਤੇ ਬੱਚਿਆਂ ਨੂੰ ਚੁੱਕ ਕੇ ਭਿਖਾਰੀ ਬਣਾਉਣ ਵਰਗੇ ਮਹੱਤਵਪੂਰਨ ਵਿਸ਼ਿਆਂ ਸੰਬੰਧੀ ਜਾਣਕਾਰੀ ਦੇ ਕੇ ਚਿੰਤਾ ਪ੍ਰਗਟਾਈ ਗਈ ਹੈ। ਭਵਿਖ ਵਿੱਚ  ਜਸਵਿੰਦਰ ਧਰਮਕੋਟ ਤੋਂ ਹੋਰ ਵਧੀਆ ਪ੍ਰੇਰਨਾਦਾਇਕ ਕਹਾਣੀਆਂ ਲਿਖਣ ਦੀ ਉਮੀਦ ਕੀਤੀ ਜਾ ਸਕਦੀ ਹੈ।

112 ਪੰਨਿਆਂ, 225 ਰੁਪਏ ਕੀਮਤ ਵਾਲਾ ਇਹ ਕਹਾਣੀ ਸੰਗ੍ਰਹਿ ਚੇਤਨਾ ਪ੍ਰਕਾਸ਼ਨ ਲੁਧਿਆਣਾ ਨੇ ਪ੍ਰਕਾਸ਼ਿਤ ਕੀਤਾ ਹੈ।

ਸੰਪਰਕ  :  ਜਸਵਿੰਦਰ ਧਰਮਕੋਟ 8146257200

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>