
ਡਾ. ਦਰਸ਼ਨ ਸਿੰਘ ‘ਆਸ਼ਟ* ਦਾ ਸਨਮਾਨ ਕਰਦੇ ਹੋਏ ਸ੍ਰੀ ਸੁੱਖੀ ਬਾਠ, ਉਂਕਾਰ ਸਿੰਘ ਤੇਜੇ ਅਤੇ ਹੋਰ।
ਪਟਿਆਲਾ – ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਅਤੇ ਸਾਹਿਤ ਅਕਾਦਮੀ ਬਾਲ ਸਾਹਿਤ ਐਵਾਰਡੀ ਡਾ. ਦਰਸ਼ਨ ਸਿੰਘ ‘ਆਸ਼ਟ’ ਦਾ ਬੀਤੇ ਦਿਨੀਂ ਪੰਜਾਬ ਭਵਨ ਸਰੀ (ਕੈਨੇਡਾ) ਦੇ ਸੰਸਥਾਪਕ ਸ੍ਰੀ ਸੁੱਖੀ ਬਾਠ ਵੱਲੋਂ ਅਕਾਲ ਕਾਲਜ ਆਫ਼ ਫ਼ਿਜੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ ਵਿਖੇ ਆਯੋਜਿਤ ਇਕ ਰੋਜ਼ਾ ਬਾਲ ਸਾਹਿਤ ਉਤਸਵ ਦੌਰਾਨ ਸਨਮਾਨ ਕੀਤਾ ਗਿਆ। ਇਸ ਮੌਕੇ ਸ੍ਰੀ ਸੁੱਖੀ ਬਾਠ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਵੱਲੋਂ ‘ਨਵੀਆਂ ਕਲਮਾਂ ਨਵੀਂ ਉਡਾਣ* ਪ੍ਰਾਜੈਕਟ ਤਹਿਤ ਨਾ ਕੇਵਲ ਭਾਰਤੀ ਪੰਜਾਬ ਵਿਚ ਸਗੋਂ ਹੋਰਨਾਂ ਦੇਸਾਂ ਵਿਚ ਸਕੂਲਾਂ ਦੇ ਵਿਦਿਆਰਥੀਆਂ ਵਿਚ ਪੰਜਾਬੀ ਬਾਲ ਸਾਹਿਤ ਪ੍ਰਤੀ ਚੇਤਨਾ ਪੈਦਾ ਕਰਨ ਲਈ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਸ ਪ੍ਰਾਜੈਕਟ ਨੂੰ ਕੌਮਾਂਤਰੀ ਪੱਧਰ ਤੇ ਬਹੁਤ ਵੱਡਾ ਹੁਲਾਰਾ,ਹੁੰਘਾਰਾ ਅਤੇ ਉਤਸਾਹ ਮਿਲ ਰਿਹਾ ਹੈ। ਉਨ੍ਹਾਂ ਕਿਹਾ ਪੰਜਾਬੀ ਭਵਨ ਸਰੀ ਵੱਲੋਂ ਬੱਚਿਆਂ ਵਿਚ ਬਾਲ ਸਾਹਿਤ ਪ੍ਰਤੀ ਸਨੇਹ ਪੈਦਾ ਕਰਨ ਵਾਲੇ ਪ੍ਰਤਿਬੱਧ ਲਿਖਾਰੀਆਂ ਦੇ ਮਹੱਤਵਪੂਰਨ ਯੋਗਦਾਨ ਲਈ ਸਨਮਾਨਿਤ ਕੀਤਾ ਜਾ ਰਿਹਾ ਹੈ।ਅੱਜ ਇਸ ਲੜੀ ਤਹਿਤ ਪੰਜਾਬੀ ਬਾਲ ਸਾਹਿਤ ਵਿਚ ਪਿਛਲੇ ਚਾਲੀ ਸਾਲਾਂ ਤੋਂ ਨਿਰੰਤਰ ਯੋਗਦਾਨ ਪਾਉਂਦੇ ਆ ਰਹੇ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਡਾ. ਦਰਸ਼ਨ ਸਿੰਘ ਆਸ਼ਟ* ਨੂੰ ਸਨਮਾਨਿਤ ਕਰਕੇ ਪੰਜਾਬੀ ਭਵਨ ਗੌਰਵ ਮਹਿਸੂਸ ਕਰ ਰਿਹਾ ਹੈ। ਉਹਨਾਂ ਇਹ ਵੀ ਕਿਹਾ ਕਿ ਇਹਨਾਂ ਸਮਾਗਮਾਂ ਵਿਚ ਭਾਗ ਲੈਣ ਵਾਲੇ ਵੱਡੀ ਤਾਦਾਦ ਦੇ ਬੱਚੇ ਭਵਿੱਖ ਵਿਚ ਵੱਡੇ ਤੇ ਸਥਾਪਿਤ ਲੇਖਕ ਬਣ ਕੇ ਸਾਹਮਣੇ ਆਉਣਗੇ ਜਿਸ ਦਾ ਪ੍ਰਮਾਣ ਵੱਖ ਵੱਖ ਜ਼ਿਲ੍ਹਾ ਪ੍ਰਧਾਨਾਂ ਅਤੇ ਮੁੱਖ ਸੰਪਾਦਕਾਂ ਵੱਲੋਂ ਸਾਂਝੇ ਤੌਰ ਤੇ ਸੰਪਾਦਿਤ ਕੀਤੀਆਂ ਜਾ ਰਹੀਆਂ ਬਾਲ ਸਾਹਿਤ ਪੁਸਤਕ ਹਨ। ਡਾ. ਦਰਸ਼ਨ ਸਿੰਘ ਆਸ਼ਟ ਨੇ ਸ੍ਰੀ ਸੁੱਖੀ ਬਾਠ ਹੋਰਾਂ ਦਾ ਇਸ ਸਨਮਾਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਨਵੀਂ ਪੀੜ੍ਹੀ ਨੂੰ ਆਪਣੀ ਮਾਤ—ਭਾਸ਼ਾ ਦਾ ਰੁਤਬਾ ਹੋਰ ਬੁਲੰਦ ਕਰਨ ਲਈ ਨਿਰੰਤਰ ਯਤਨਸ਼ੀਲ ਰਹਿਣਾ ਚਾਹੀਦਾ ਹੈ।ਉਹਨਾਂ ਆਸ ਪ੍ਰਗਟਾਈ ਕਿ ‘ਨਵੀਆਂ ਕਲਮਾਂ ਨਵੀਂ ਉਡਾਣ* ਪ੍ਰਾਜੈਕਟ ਬਾਲ—ਮਨਾਂ ਦਾ ਹਾਣੀ ਬਣਕੇ ਪੰਜਾਬੀ ਬਾਲ ਸਾਹਿਤ ਦੇ ਗੌਰਵ ਵਿਚ ਜ਼ਿਕਰਯੋਗ ਵਾਧਾ ਕਰੇਗਾ।ਪ੍ਰਾਜੈਕਟ ਇੰਚਾਰਜ ਉਂਕਾਰ ਸਿੰਘ ਤੇਜੇ ਨੇ ਵੀ ਪੰਜਾਬ ਭਵਨ ਸਰੀ ਦੀਆਂ ਬਹੁਪੱਖੀ ਗਤੀਵਿਧੀਆਂ ਤੇ ਵਿਸਥਾਰਪੂਰਵਕ ਚਾਨਣਾ ਪਾਇਆ।ਇਸ ਮੌਕੇ ਸ. ਸੁਖਵਿੰਦਰ ਸਿੰਘ ਫੁੱਲ, ਸ. ਜਸਵੰਤ ਸਿੰਘ ਖਹਿਰਾ,ਅਵਤਾਰ ਸਿੰਘ ਚੋਟੀਆਂ,ਗੁਰਵਿੰਦਰ ਸਿੰਘ ਸਿੱਧੂ, ਸ਼ਸ਼ੀਬਾਲਾ ਸੰਗਰੂਰ,ਰਸਵਿੰਦਰ ਕੌਰ ਤੇਜੇ,ਲਖਵਿੰਦਰ ਸਿੰਘ ਮਾਲੇਰਕੋਟਲਾ,ਦਮਦਮੀ ਸੰਗਰੂਰ,ਜੰਗ ਸਿੰਘ ਫੱਟੜ,ਮੂਲ ਚੰਦ ਸ਼ਰਮਾ, ਭੀਮ ਸਿੰਘ ਆਦਿ ਵਿਦਵਾਨ,ਅਧਿਆਪਕ ਤੇ ਲੇਖਕ ਆਦਿ ਵੀ ਸ਼ਾਮਿਲ ਸਨ।
