ਫ਼ਤਹਿਗੜ੍ਹ ਸਾਹਿਬ – “ਕੁਝ ਸਮੇਂ ਤੋਂ ਸੜਕਾਂ ਦੇ ਆਲੇ-ਦੁਆਲੇ ਅਤੇ ਹੋਰ ਜੋ ਵੱਡੀਆਂ-ਵੱਡੀਆਂ ਪੰਛੀਆਂ ਤੇ ਜਾਨਵਰਾਂ ਦੀਆਂ ਰੱਖਾਂ ਨਿਰੰਤਰ ਲੰਮੇ ਸਮੇ ਤੋ ਕਾਇਮ ਹਨ, ਉਨ੍ਹਾਂ ਨੂੰ ਦਿਸ਼ਾਹੀਣ ਨੀਤੀਆ ਰਾਹੀ ਕੀਤੀ ਜਾ ਰਹੀ ਕਟਾਈ ਕੇਵਲ ਵਾਤਾਵਰਣ ਨੂੰ ਹੀ ਵੱਡਾ ਨੁਕਸਾਨ ਨਹੀ ਕਰ ਰਹੀ, ਬਲਕਿ ਸਾਡੇ ਵੱਖ-ਵੱਖ ਕਿਸਮ ਦੇ ਜਾਨਵਰਾਂ ਤੇ ਪੰਛੀਆਂ ਦੀਆਂ ਰੱਖਾਂ ਨੂੰ ਵੀ ਤਬਾਹ ਕਰਨ ਦੇ ਵੱਡੇ ਦੁੱਖਦਾਇਕ ਅਮਲ ਹੋ ਰਹੇ ਹਨ । ਜਿਸ ਉਤੇ ਸਖਤੀ ਨਾਲ ਰੋਕ ਲੱਗਣੀ ਜਰੂਰੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੁਲਕ ਵਿਚ ਵੱਡੇ-ਵੱਡੇ ਜੰਗਲਾਂ, ਰੱਖਾਂ, ਸੜਕਾਂ ਤੇ ਰਸਤਿਆ ਦੇ ਕਿਨਾਰਿਆ ਤੇ ਲੱਗੇ ਦਰੱਖਤਾਂ ਤੇ ਰੁੱਖਾਂ ਨੂੰ ਬਹੁਤ ਤੇਜ਼ੀ ਨਾਲ ਬਿਨ੍ਹਾਂ ਕਿਸੇ ਨੀਤੀ ਅਧੀਨ ਕੱਟੇ ਜਾਣ ਉਤੇ ਇਥੋ ਦੇ ਵਾਤਾਵਰਣ ਨੂੰ ਖਰਾਬ ਕਰਨ ਦਾ ਦੋਸ਼ ਲਗਾਉਦੇ ਹੋਏ ਅਤੇ ਜਾਨਵਰਾਂ ਤੇ ਪੰਛੀਆਂ ਦੀਆਂ ਰੱਖਾਂ ਨੂੰ ਤਬਾਹ ਕਰਨ ਤੇ ਗਹਿਰਾ ਦੁੱਖ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਸ ਗੱਲ ਤੇ ਵੀ ਡੂੰਘਾਂ ਦੁੱਖ ਜਾਹਰ ਕੀਤਾ ਕਿ ਜੋ ਰੁੱਖਾਂ ਦੀ ਕਟਾਈ ਸੰਬੰਧੀ ਦੁੱਖਦਾਇਕ ਅਮਲ ਹੋ ਰਹੇ ਹਨ ਉਸ ਉਤੇ ਮੁਲਕ ਦੀ ਸੁਪਰੀਮ ਕੋਰਟ ਵੱਲੋ ਵੀ ਕੋਈ ਹਾਂਵਾਚਕ ਅਮਲ ਨਹੀ ਹੋ ਰਿਹਾ । ਫਿਰ ਜੋ ਮੁਲਕ ਦੇ ਜੰਗਲਾਤ ਵਿਭਾਗ ਦੇ ਵਜੀਰ ਹਨ, ਜਿਨ੍ਹਾਂ ਨੂੰ ਵਾਤਾਵਰਣ, ਪੰਛੀਆਂ, ਜਾਨਵਰਾਂ ਨਾਲ ਪਿਆਰ ਨਹੀ ਹੈ, ਉਹ ਇਸ ਗੰਭੀਰ ਵਿਸੇ ਉਤੇ ਚੁੱਪ ਰਹਿਕੇ ਗੈਰ ਜਿੰਮੇਵਰਾਨਾਂ ਅਮਲ ਕਰ ਰਹੇ ਹਨ । ਅਜਿਹੇ ਵਜੀਰ ਨੂੰ ਤੁਰੰਤ ਬਦਲ ਦੇਣਾ ਚਾਹੀਦਾ ਹੈ ਜਿਸ ਨੂੰ ਵਾਤਾਵਰਣ, ਜਾਨਵਰਾਂ, ਪੰਛੀਆਂ ਨਾਲ ਪਿਆਰ ਨਾ ਹੋਵੇ । ਸ. ਮਾਨ ਨੇ ਮੰਗ ਕੀਤੀ ਕਿ ਜੰਗਲਾਂ, ਰੱਖਾਂ ਦੀ ਪੂਰਨ ਹਿਫਾਜਤ ਲਈ ਪਹਿਲੋ ਬਣਾਏ ਹੋਏ ਕਾਨੂੰਨਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ ਅਤੇ ਇਨ੍ਹਾਂ ਨੂੰ ਸੁਰੱਖਿਅਤ ਰੱਖਣ ਲਈ ਹੋਰ ਵਧੇਰੇ ਕਾਰਗਰ ਢੰਗ ਨਾਲ ਅਮਲ ਹੋਣੇ ਚਾਹੀਦੇ ਹਨ । ਤਾਂ ਕਿ ਮੁਲਕ ਦਾ ਵਾਤਾਵਰਣ, ਜਾਨਵਰਾਂ ਤੇ ਪੰਛੀਆਂ ਦੇ ਵੱਧਣ-ਫੁੱਲਣ ਦੇ ਮੌਕਿਆ ਦੀ ਭਰਮਾਰ ਹੋ ਸਕੇ ਅਤੇ ਇਥੇ ਵੱਸਣ ਵਾਲਾ ਇਨਸਾਨ ਚੰਗੇ ਵਾਤਾਵਰਣ ਵਿਚ ਜਿੰਦਗੀ ਬਤੀਤ ਕਰ ਸਕੇ ।
