ਅੰਮ੍ਰਿਤਸਰ – ਵਿਸ਼ਵ-ਪੱਧਰ ਤੇ ਸੱਭ ਤੋਂ ਵੱਡੀ ਉਮਰ ਦੇ ਮੈਰਾਥਨ ਦੌੜਾਕ ਬਾਬਾ ਫੌਜ਼ਾ ਸਿੰਘ ਦਾ 114 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਹ ਆਪਣੇ ਘਰ ਦੇ ਬਾਹਰ ਟਹਿਲ ਰਹੇ ਸਨ ਤਾਂ ਇੱਕ ਫਾਰਚੂਨਰ ਗੱਡੀ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਜਿਸ ਕਰਕੇ ਉਹ ਬੁਰੀ ਤਰ੍ਹਾਂ ਨਾਲ ਜਖਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ,ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮਿਰਤਕ ਐਲਾਨ ਕਰ ਦਿੱਤਾ ਗਿਆ।
ਫੌਜ਼ਾ ਸਿੰਘ ਦਾ ਜਨਮ 1 ਅਪਰੈਲ, 1911 ਨੂੰ ਪੰਜਾਬ ਦੇ ਬਿਆਸ ਪਿੰਡ ਵਿੱਚ ਇੱਕ ਕਿਸਾਨ ਪਰਿਵਾਰ ਵਿੱਚ ਹੋਇਆ। ਉਹ ਆਪਣੇ ਚਾਰ ਭੈਣ-ਭਰਾਵਾਂ ਵਿੱਚੋਂ ਸੱਭ ਤੋਂ ਛੋਟੇ ਸਨ। ਉਨ੍ਹਾਂ ਦੇ ਪੈਰਾਂ ਵਿੱਚ ਦਿਕਤ ਹੋਣ ਕਰਕੇ ਉਨ੍ਹਾਂ ਨੂੰ ਪੰਜ ਸਾਲ ਤੱਕ ਤੁਰਨ-ਫਿਰਨ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਪਰ ਉਮਰ ਦੇ ਆਖਰੀ ਪੜਾਅ ਵਿੱਚ ਉਹ ਏਨਾ ਤੇਜ਼ ਦੌੜੇ ਕਿ ਪੂਰਾ ਵਿਸ਼ਵ ਉਨ੍ਹਾਂ ਦੇ ਹੌਂਸਲੇ ਨੂੰ ਸਲਾਮ ਕਰਨ ਲਗਾ। ਉਨ੍ਹਾਂ ਨੂੰ ਰਨਿੰਗ ਬਾਬਾ ਅਤੇ ਸਿੱਖ ਸੁਪਰਮੈਨ ਕਿਹਾ ਜਾਣ ਲਗਾ। ਮੰਨੇ-ਪ੍ਰਮੰਨੇ ਲੇਖਕ ਖੁਸ਼ਵੰਤ ਸਿੰਘ ਨੇ ਉਨ੍ਹਾਂ ਤੇ ਟਰਬਨ ਟੋਰਨੇਡੋ ਨਾਮ ਦੀ ਕਿਤਾਬ ਲਿਖੀ ਹੈ।
ਉਨ੍ਹਾਂ ਦਾ ਵਿਆਹ ਗਿਆਨ ਕੌਰ ਨਾਲ ਹੋਇਆ ਅਤੇ ਉਨ੍ਹਾਂ ਦੇ ਤਿੰਨ ਪੁੱਤਰ ਅਤੇ ਤਿੰਨ ਧੀਆਂ ਹੋਈਆਂ। ਉਹ 1992 ਵਿੱਚ ਇੰਗਲੈਂਡ ਚਲੇ ਗਏ ਸਨ। ਉਨ੍ਹਾਂ ਨੇ 89 ਸਾਲ ਦੀ ਉਮਰ ਵਿੱਚ ਮੈਰਾਥਨ ਵਿੱਚ ਹਿੱਸਾ ਲੈਣ ਦਾ ਫੈਂਸਲਾ ਕੀਤਾ। ਉਨ੍ਹਾਂ ਨੇ ਲੰਡਨ, ਟੋਰਾਂਟੋ ਅਤੇ ਨਿਊਯਾਰਕ ਵਿੱਚ 26 ਮੀਲ ਦੀ ਫੁਲ-ਮੈਰਾਥਨ 9 ਵਾਰ ਪੂਰੀ ਕੀਤੀ।
16 ਅਕਤੂਬਰ, 2011 ਨੂੰ ਉਹ ਟੋਰਾਂਟੋ ਮੈਰਾਥਨ ਨੂੰ 8 ਘੰਟੇ, 11 ਮਿੰਟ ਅਤੇ 6 ਸਕਿੰਟ ਵਿੱਚ ਪੂਰਾ ਕਰਕੇ ਵਿਸ਼ਵ ਦੇ ਪਹਿਲੇ 100 ਸਾਲਾ ਦੌੜਾਕ ਬਣੇ। ਜਨਮ- ਪ੍ਰਮਾਣ ਪੱਤਰ ਨਾ ਹੋਣ ਕਰਕੇ ਉਨ੍ਹਾਂ ਦਾ ਗਿਨੀਜ਼ ਬੁੱਕ ਵਿੱਚ ਨਾਮ ਨਹੀਂ ਸੀ ਦਰਜ਼ ਹੋ ਸਕਿਆ। ਬਾਅਦ ਵਿੱਚ ਉਨ੍ਹਾਂ ਨੇ ਮਹਾਰਾਣੀ ਅਲਿਜ਼ਬਿਥ ਵੱਲੋਂ 100ਵੇਂ ਜਨਮ ਦਿਨ ਤੇ ਭੇਜੀ ਗਈ ਚਿੱਠੀ ਵਿਖਾਈ ਤਾਂ ਉਨ੍ਹਾਂ ਦਾ ਨਾਮ ਗਿਨੀਜ਼ ਬੁੱਕ ਵਿੱਚ ਦਰਜ਼ ਹੋ ਗਿਆ ਸੀ।
