ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਅੱਜ ਸਾਰੀਆਂ ਸਿੱਖ ਸੰਸਥਾਵਾਂ ਅਤੇ ਸੰਪਰਦਾਵਾਂ ਨੂੰ ਅਪੀਲ ਕੀਤੀ ਕਿ ਉਹ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਇਕੱਠਿਆਂ ਮਨਾਉਣ।
ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਡੀ.ਐੱਸ.ਜੀ.ਐੱਮ.ਸੀ ਮੁੱਖ ਦਫ਼ਤਰ ‘ਚ ਆਯੋਜਿਤ ਪ੍ਰੈਸ ਕਾਨਫ਼ਰੰਸ ਦੌਰਾਨ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ 350ਵੇਂ ਸ਼ਹੀਦੀ ਦਿਵਸ ਨੂੰ ਰੂਹਾਨੀ ਜੋਸ਼ ਨਾਲ ਮਨਾਉਣ ਲਈ ਤਿਆਰੀਆਂ ਜ਼ੋਰਾਂ ਤੇ ਚੱਲ ਰਹੀਆਂ ਹਨ। ਇਸ ਵਿੱਚ ਸਿੱਖ ਸੰਸਥਾਵਾਂ, ਬੱਚਿਆਂ, ਸਿੰਘ ਸਭਾਵਾਂ, ਇਸਤਰੀ ਸਭਾਵਾਂ ਅਤੇ ਐਨ.ਜੀ.ਓਜ਼ ਦੀ ਭਾਗੀਦਾਰੀ ਹੋਵੇਗੀ।
ਉਨ੍ਹਾਂ ਕਿਹਾ, “ਮੈਂ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ , ਅਮ੍ਰਿਤਸਰ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਨਾਲ ਨਿੱਜੀ ਤੌਰ ‘ਤੇ ਗੱਲ ਕੀਤੀ ਸੀ ਅਤੇ ਉਨ੍ਹਾਂ ਨੂੰ ਮੀਟਿੰਗ ਲਈ ਸੱਦਾ ਦਿੱਤਾ। ਉਨ੍ਹਾਂ ਵੱਲੋਂ ਆਪਣੇ ਸੀਨੀਅਰ ਨੇਤਾ ਅਤੇ ਐਸ.ਜੀ.ਪੀ.ਸੀ ਦੇ ਸਾਬਕਾ ਜਰਨਲ ਸਕੱਤਰ ਸਰਦਾਰ ਗੁਰਚਰਨ ਸਿੰਘ ਗਰੇਵਾਲ ਨੂੰ ਨੁਮਾਇੰਦਗੀ ਲਈ ਭੇਜਿਆ ਗਿਆ। ਇਹ ਮੀਟਿੰਗ ਬਹੁਤ ਹੀ ਸੁਖਾਵੇਂ ਵਾਲੇ ਮਾਹੌਲ ਵਿੱਚ ਹੋਈ।
ਉਨ੍ਹਾਂ ਅਗੇ ਦੱਸਿਆ ਕਿ ਮੀਟਿੰਗ ਦੌਰਾਨ ਇਹ ਫੈਸਲਾ ਹੋਇਆ ਕਿ ਨਗਰ ਕੀਰਤਨ ਆਨੰਦਪੁਰ ਸਾਹਿਬ, ਪੰਜਾਬ ਤੋਂ ਸ਼ੁਰੂ ਕੀਤਾ ਜਾਵੇਗਾ, ਜਿਥੇ ਕਸ਼ਮੀਰੀ ਪੰਡਤ ਮਗਲ ਸ਼ਾਸਕਾਂ ਵੱਲੋਂ ਮਜਬੂਰੀ ਤੌਰ ‘ਤੇ ਇਸਲਾਮ ਧਰਮ ਵਿੱਚ ਧਰਮ ਪਰਿਵਰਤਨ ਤੋਂ ਬਚਣ ਲਈ ਗੁਰੂ ਤੇਗ਼ ਬਹਾਦਰ ਸਾਹਿਬ ਕੋਲ ਆਏ ਸਨ।
“ਮੈਂ ਸਾਫ਼ ਕਰਨਾ ਚਾਹੁੰਦਾ ਹਾਂ ਕਿ ਨੌਵੇਂ ਪਾਤਸ਼ਾਹ ਦੀ ਸ਼ਹੀਦੀ ਦਾ ਕੇਂਦਰ ਚਾਂਦਨੀ ਚੌਂਕ, ਦਿੱਲੀ ਵਿਖੇ ਸਥਿਤ ਗੁਰਦੁਆਰਾ ਸੀਸ ਗੰਜ ਸਾਹਿਬ ਹੈ ਅਤੇ ਉਨ੍ਹਾਂ ਦੀ ਅੰਤਿਮ ਸੰਸਕਾਰ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਕੀਤਾ ਗਿਆ ਸੀ। ਉਨਾਂ ਕਿਹਾ ਕਿ ਇਸ ਕਰਕੇ ਇਹ ਡੀ.ਐੱਸ.ਜੀ.ਐੱਮ.ਸੀ ਦੀ ਜ਼ਿੰਮੇਵਾਰੀ ਹੈ ਕਿ ਇਹ ਸ਼ਤਾਬਦੀ ਮਨਾਈ ਜਾਵੇ।
ਉਨ੍ਹਾਂ ਇਹ ਵੀ ਕਿਹਾ ਕਿ ਪਿਛਲੇ ਰਵਾਇਤ ਅਨੁਸਾਰ ਕਿਸੇ ਵੀ ਸ਼ਤਾਬਦੀ ਸਮਾਗਮ ਦਾ ਕੇਂਦਰ ਉਸ ਖੇਤਰ ਦੀ ਗੁਰਦੁਆਰਾ ਕਮੇਟੀ ਮਨਾਉਂਦੀ ਹੈ ਜਿਥੇ ਉਹ ਇਤਿਹਾਸਕ ਘਟਨਾ ਹੋਈ ਹੋਵੇ ਅਤੇ ਬਾਕੀ ਸਿੱਖ ਸੰਸਥਾਵਾਂ ਉਸ ਦੀ ਪੂਰੀ ਸਹਿਯੋਗੀ ਹੁੰਦੀਆਂ ਹਨ।
ਉਨਾਂ ਕਿਹਾ ਕਿ ਮੀਟਿੰਗ ਵਿੱਚ ਇਹ ਵੀ ਤੈਅ ਹੋਇਆ ਕਿ ਐਸ.ਜੀ.ਪੀ.ਸੀ ਪੰਜਾਬ ਵਿੱਚ ਨਗਰ ਕੀਰਤਨ ਕੱਢੇਗੀ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ‘ਚ ਉਸੇ ਨਗਰ ਕੀਰਤਨ ਨੂੰ ਲੈ ਜਾਵੇਗੀ ਅਤੇ ਦਿੱਲੀ ਦਾਖਲ ਹੋਣ ‘ਤੇ ਡੀ.ਐੱਸ.ਜੀ.ਐੱਮ.ਸੀ ਉਸ ਦੀ ਪੂਰੀ ਵਿਵਸਥਾ ਕਰੇਗੀ।
