ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਕਸਰ ਇਹ ਦਾਅਵਾ ਕਰਦੇ ਆਏ ਹਨ ਕਿ ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਸੀਜ਼ਫਾਇਰ ਕਰਵਾਇਆ ਸੀ। ਹੁਣ ਉਨ੍ਹਾਂ ਨੇ ਇਕ ਹੋਰ ਨਵਾਂ ਦਾਅਵਾ ਕਰ ਦਿੱਤਾ ਹੈ ਕਿ ਅਪਰੇਸ਼ਨ ਸਿੰਧੂਰ ਦੌਰਾਨ ਸੰਘਰਸ਼ ਵਿੱਚ ਪਾਕਿਸਤਾਨ ਨੇ ਭਾਰਤ ਦੇ ਪੰਜ ਲੜਾਕੂ ਜਹਾਜ਼ ਡੇਗ ਲਏ ਸਨ। ਭਾਰਤ ਇਸ ਗੱਲ ਤੋਂ ਇਨਕਾਰ ਹੀ ਕਰਦਾ ਆਇਆ ਹੈ।
ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਅਸਾਂ ਕਈ ਯੁੱਧ ਰੁਕਵਾਏ ਹਨ, ਪਰ ਇਹ ਕੋਈ ਨਾਰਮਲ ਯੁੱਧ ਨਹੀਂ ਸੀ। ਭਾਰਤ ਅਤੇ ਪਾਕਿਸਤਾਨ ਵਿਚਕਾਰ ਹਾਲਾਤ ਬਹੁਤ ਵਿਗੜ ਚੁੱਕੇ ਸਨ ਅਤੇ ਉਸ ਸਮੇਂ ਸਥਿਤੀ ਬਹੁਤ ਹੀ ਗੰਭੀਰ ਬਣੀ ਹੋਈ ਸੀ। ਉਨ੍ਹਾਂ ਨੇ ਕਿਹਾ ਕਿ ਮੇਰਾ ਅਨੁਮਾਨ ਹੈ ਉਸ ਸਮੇਂ ਪੰਜ ਦੇ ਕਰੀਬ ਲੜਾਕੂ ਜਹਾਜ਼ ਡੇਗੇ ਗਏ ਸਨ। ਦੋਵੇਂ ਹੀ ਪਰਮਾਣੂੰ ਸੰਪੰਨ ਦੇਸ਼ ਹਨ ਅਤੇ ਦੋਵਾਂ ਪਾਸਿਆਂ ਤੋਂ ਲਗਾਤਾਰ ਹਮਲੇ ਹੋ ਰਹੇ ਸਨ। ਭਾਰਤ ਵੱਲੋਂ ਲਗਾਤਾਰ ਕੀਤੇ ਜਾ ਰਹੇ ਇਨਕਾਰ ਦੀਆਂ ਧੱਜੀਆਂ ਉਡਾਉਂਦੇ ਹੋਏ ਟਰੰਪ ਆਪਣੇ ਦਿੱਤੇ ਹੋਏ ਬਿਆਨਾਂ ਤੇ ਅਟੱਲ ਹਨ। ਉਨ੍ਹਾਂ ਨੇ ਤਾਂ ਇਹ ਵੀ ਕਿਹਾ ਹੈ ਕਿ ਅਮਰੀਕਾ ਨੇ ਟਰੇਡ ਨੂੰ ਹੱਥਿਆਰ ਬਣਾ ਕੇ ਜੰਗ ਰੁਕਵਾਈ।
ਵਾਈਟ ਹਾਊਸ ਵਿੱਚ ਰਿਪਬਲੀਕਨ ਸਾਂਸਦਾਂ ਦੇ ਨਾਲ ਇੱਕ ਡਿਨਰ ਦੌਰਾਨ ਰਾਸ਼ਟਰਪਤੀ ਟਰੰਪ ਵੱਲੋਂ ਇਹ ਬਿਆਨ ਦਿੱਤਾ ਗਿਆ। ਇਸ ਤੋਂ ਪਹਿਲਾਂ ਪਾਕਿਸਤਾਨ ਵੀ ਭਾਰਤ ਦੇ ਪੰਜ ਲੜਾਕੂ ਜਹਾਜ਼ ਮਾਰ ਗਿਰਾਉਣ ਦਾ ਦਾਅਵਾ ਕਰ ਚੁੱਕਾ ਹੈ।
