ਰੋਗ ਨਿਵਾਰਣ ਕੈਂਪ ਸਫਲ ਹੋ ਨਿਬੜਿਆ : ਦੂਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ।।। (੯੨੨)

IMG-20250720-WA0015.resizedਕੈਲਗਰੀ:  ਅਉਖਦ ਆਏ ਰਾਸਿ ਵਿਚਿ ਆਪਿ ਖਲੋਇਆ।।(੧੩੬੩) ਦੇ ਮਹਾਂਵਾਕ ਅਨੁਸਾਰ, ਜੇ ਦਵਾਈਆਂ ਅਤੇ ਇਲਾਜ ਦੇ ਨਾਲ ਨਾਲ, ਗੁਰਬਾਣੀ ਦਾ ਓਟ ਆਸਰਾ ਵੀ ਲਿਆ ਜਾਵੇ- ਤਾਂ ਦੁੱਖਾਂ ਤੋਂ ਛੇਤੀ ਛੁਟਕਾਰਾ ਮਿਲ ਜਾਂਦਾ ਹੈ- ਸ ਹਰਦਿਆਲ ਸਿੰਘ ਜੀ ਦੇ ਵਿਚਾਰ।

ਸਰਬ ਰੋਗ ਕਾ ਅਉਖਦੁ ਨਾਮੁ ਮਿਸ਼ਨ ਚੰਡੀਗੜ੍ਹ ਵੱਲੋਂ, ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਸਹਿਯੋਗ ਨਾਲ, 19 ਜੁਲਾਈ ਤੋਂ 22 ਜੁਲਾਈ ਤੱਕ, ਚਾਰ ਰੋਜ਼ਾ ਰੋਗ ਨਿਵਾਰਣ ਕੈਂਪ, ਗੁਰੂ ਰਾਮਦਾਸ ਦਰਬਾਰ ਕੈਲਗਰੀ ਵਿਖੇ ਲਾਇਆ ਗਿਆ। ਇਸ ਕੈਂਪ ਵਿੱਚ ਮਿਸ਼ਨ ਦੇ ਬਾਨੀ ਅਤੇ ਮੁਖੀ ਸਰਦਾਰ ਹਰਦਿਆਲ ਸਿੰਘ ਜੀ ਆਈ ਏ ਐਸ ਰਿਟਾ. ਆਪਣੇ ਸਾਥੀ ਜਗਮੋਹਨ ਸਿੰਘ ਜੀ ਨਾਲ, ਵਿਸ਼ੇਸ਼ ਤੌਰ ਤੇ ਚੰਡੀਗੜ੍ਹ ਤੋਂ ਪਹੁੰਚੇ। ਮਿਸ਼ਨ ਦੀ ਕੈਨੇਡਾ ਬਰਾਂਚ ਦੇ ਪੰਜ ਮੈਂਬਰਾਂ ਨੇ ਵੀ ਟੋਰੰਟੋ ਤੋਂ ਆ ਕੇ ਉਹਨਾਂ ਦਾ ਸਾਥ ਦਿੱਤਾ। ਖਰਾਬ ਮੌਸਮ ਦੇ ਬਾਵਜੂਦ , ਵੱਡੀ ਗਿਣਤੀ ਵਿੱਚ ਸੰਗਤਾਂ ਗੁਰਦੁਆਰਾ ਸਾਹਿਬ ਪਹੁੰਚੀਆਂ।

IMG-20250725-WA0015(1).resizedਸਮਾਗਮ ਦੀ ਸ਼ੁਰੂਆਤ ਰੋਜ਼ਾਨਾ ਸੁਖਮਨੀ ਸਾਹਿਬ ਦੀਆਂ ਛੇ ਅਸ਼ਟਪਦੀਆਂ ਸੰਗਤੀ ਰੂਪ ਵਿੱਚ ਪੜ੍ਹ ਕੇ, ਹੁੰਦੀ। ਉਸ ਤੋਂ ਬਾਅਦ ਟੋਰਾਂਟੋ ਤੋਂ ਆਏ ਸਿੰਘ ਸਾਹਿਬਾਨ- ਸ. ਜਗਮੋਹਨ ਸਿੰਘ, ਸੁਰਜੀਤ ਸਿੰਘ ਅਤੇ ਗੁਰਮੇਲ ਸਿੰਘ, ਨੇ ਵਾਰੀ ਵਾਰੀ ਸੰਗਤ ਨੂੰ ਸ਼ਬਦ ਜਾਪ ਕਰਵਾਇਆ ਅਤੇ ਕੈਂਪਾਂ ਦੇ ਅਨੁਭਵ ਸਾਂਝੇ ਕੀਤੇ। ਬਰੇਕ ਤੋਂ ਬਾਅਦ ਕੈਲਗਰੀ ਦੇ ਨਿਸ਼ਕਾਮ ਸੇਵਾਦਾਰਾਂ ਵਿੱਚੋਂ, ਬੀਬੀ ਗੁਰਦੀਸ਼ ਕੌਰ ਅਤੇ ਬੀਬੀ ਜਸਵੀਰ ਕੌਰ ਨੇ ਵੀ ਇਹ ਸੇਵਾ ਨਿਭਾਈ ਅਤੇ ਨਾਲ ਜਰੂਰੀ ਸੂਚਨਾਵਾਂ ਵੀ ਸਾਂਝੀਆਂ ਕੀਤੀਆਂ। ਪਹਿਲੇ ਦਿਨ ਹੀ, ਵਿਨੀਪੈੱਗ ਤੋਂ ਬੱਚਿਆਂ ਸਮੇਤ ਆਈ ਇੱਕ ਨਰਸ ਨੇ, ਇਸ ਮਿਸ਼ਨ ਨਾਲ ਜੁੜ ਕੇ, ਗੁਰਬਾਣੀ ਰਾਹੀਂ ਪਿਛਲੇ ਛੇ ਮਹੀਨੇ ਦੌਰਾਨ, ਆਪਣੀਆਂ ਪ੍ਰਾਪਤੀਆਂ ਬਾਰੇ ਦੱਸ ਕੇ, ਸੰਗਤ ਨੂੰ ਹੈਰਾਨ ਕਰ ਦਿੱਤਾ।

IMG-20250725-WA0021.resizedਸਰਦਾਰ ਹਰਦਿਆਲ ਸਿੰਘ ਜੀ ਨੇ ਹਰ ਰੋਜ਼, ਪਰਮਾਰਥ ਅਤੇ ਗੁਰਮਤਿ ਜੀਵਨ ਜਾਚ ਤੇ ਇਕ ਘੰਟੇ ਦਾ ਗੁਰਬਾਣੀ ਆਧਾਰਿਤ ਲੈਕਚਰ ਦਿੱਤਾ। ਮੰਚ ਤੇ ਉਹਨਾਂ ਦਾ ਸਾਥ ਭੁਪਿੰਦਰ ਸਿੰਘ ਬੱਲ ਨੇ ਦਿੱਤਾ। ਉਨ੍ਹਾਂ ਅਨੁਸਾਰ, ਦੁੱਖਾਂ ਰੋਗਾਂ ਦੀ ਹਾਲਤ ਵਿੱਚ, ਭਰੋਸੇ ਵਾਲੇ ਸ਼ਬਦ ਅਤੇ ਤੁਕਾਂ ਦਾ ਜਾਪ ਕਰਨ ਨਾਲ, ਰੋਗੀ ਦਾ ਭਰੋਸਾ ਗੁਰਬਾਣੀ ਤੇ ਬਣ ਜਾਂਦਾ ਹੈ। ਉਨ੍ਹਾਂ ਨੇ ਕਿਸੇ ਨੂੰ ਵੀ ਦਵਾਈ ਜਾਂ ਇਲਾਜ ਛੱਡਣ ਲਈ ਨਹੀਂ ਕਿਹਾ- ਸਗੋਂ ਇਲਾਜ ਦੇ ਨਾਲ, ਗੁਰਬਾਣੀ ਦੇ ਸ਼ਬਦ ਗਾਉਣ ਦੀ ਹਦਾਇਤ ਕੀਤੀ। ਇਸ ਤਰਾਂ ਜੋ ਦਵਾਈਆਂ ਅਸਰ ਨਹੀਂ ਕਰਦੀਆਂ, ਉਹ ਵੀ ਕਰਨ ਲੱਗ ਜਾਂਦੀਆਂ ਹਨ। ਉਨ੍ਹਾਂ ਨੇ ਆਪਣੀ ਲਾਇਲਾਜ ਬਿਮਾਰੀ ਦੇ ਗੁਰਬਾਣੀ ਅਤੇ ਸਿਮਰਨ ਨਾਲ, ਠੀਕ ਹੋਣ ਉਪਰੰਤ, 1983 ਵਿੱਚ ਹੋਂਦ ਵਿੱਚ ਆਏ ਸਰਬ ਰੋਗ ਕਾ ਅਉਖਦੁ ਨਾਮੁ ਮਿਸ਼ਨ ਦੀ ਗਾਥਾ ਵੀ, ਸੰਗਤ ਨਾਲ ਸਾਂਝੀ ਕੀਤੀ। ਹੁਣ ਇਸ ਮਿਸ਼ਨ ਦੀਆਂ ਸ਼ਾਖਾਵਾਂ ਪੂਰੀ ਦੁਨੀਆ ਵਿੱਚ ਫੈਲ ਚੁੱਕੀਆਂ ਹਨ ਅਤੇ ਅਨੇਕਾਂ ਪ੍ਰਾਣੀ ਇਹਨਾਂ ਕੈਂਪਾਂ ਰਾਹੀਂ ਅਸਾਧ ਰੋਗਾਂ ਤੋਂ ਰਾਹਤ ਪਾ ਚੁੱਕੇ ਹਨ। ਉਹਨਾਂ ਅਨੁਸਾਰ, ਗੁਰਬਾਣੀ ਕੁੱਲ ਮਨੁੱਖਤਾ ਲਈ ਕਲਿਆਣਕਾਰੀ ਹੈ ਨਾ ਕਿ ਕੇਵਲ ਸਿੱਖਾਂ ਲਈ। ਸੁਖਮਨੀ ਸਾਹਿਬ ਦੇ ਫੁਰਮਾਨਾਂ ਦੁਆਰਾ ਉਹਨਾਂ ਆਪਣੇ ਵਿਚਾਰਾਂ ਦੀ ਪੁਸ਼ਟੀ ਕੀਤੀ। ਆਪਣੇ ਅੰਦਰ ਗੁਣ ਪੈਦਾ ਕਰਨ ਲਈ, ਗੁਣਾਂ ਨਾਲ ਸਬੰਧਤ ਤੁਕਾਂ ਜਾਂ ਸ਼ਬਦਾਂ ਦਾ ਗਾਇਨ ਕਰਨਾ ਚਾਹੀਦਾ ਹੈ। ਉਹਨਾਂ ਨੇ ਬਾਣੀ ਨੂੰ ਦੋਹਾਂ ਕੰਨਾਂ ਨਾਲ ਸੁਣ ਕੇ, ਹਿਰਦੇ ਵਿੱਚ ਵਸਾਉਣ ਤੇ ਅਮਲ ਕਰਨ ਤੇ ਜ਼ੋਰ ਦਿੱਤਾ। ਉਹਨਾਂ ਕਿਹਾ ਕਿ- ਜੇ ਜਪੁਜੀ ਸਾਹਿਬ ਦਾ ਪਾਠ 25 ਮਿੰਟ ਵਿੱਚ, ਬਗੈਰ ਫੁਰਨਿਆਂ ਤੋਂ ਕਰ ਲਿਆ ਜਾਵੇ ਤਾਂ ਸਹਿਜ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਨੌਵੇਂ ਦਹਾਕੇ ਵਿੱਚ ਪਹੁੰਚੇ, ਸਰਦਾਰ ਸਾਹਿਬ ਨੇ ਆਪਣੀ ਚੜ੍ਹਦੀ ਕਲਾ ਦਾ ਰਾਜ਼ ਦੱਸਦਿਆਂ, ਸੰਗਤ ਨੂੰ, ਹਲਕੀ ਖੁਰਾਕ ਖਾਣ, ਸੈਰ ਕਸਰਤ ਕਰਨ, ਅਤੇ ਗੁਰਬਾਣੀ ਨਾਲ ਜੁੜਨ ਦੀ  ਹਦਾਇਤ ਵੀ ਕੀਤੀ।

IMG-20250725-WA0017.resizedਇਸ ਕੈਂਪ ਵਿੱਚ ਕੈਲਗਰੀ ਤੋਂ ਇਲਾਵਾ- ਚੈਸਟਰਮੇਅਰ, ਏਅਰ ਡਰੀ, ਐਡਮੰਟਨ, ਰਿਜਾਈਨਾ, ਅਤੇ ਵਿਨੀਪੈੱਗ ਤੋਂ ਵੀ ਸੰਗਤਾਂ ਪਹੁੰਚੀਆਂ। ਪਿਛਲੇ 17 ਸਾਲਾਂ ਤੋਂ ਮਿਸ਼ਨ ਨਾਲ ਜੁੜੀ, ਬੀਬੀ ਗੁਰਦੀਸ਼ ਕੌਰ ਗਰੇਵਾਲ ਨੇ ਵੀ, ਆਪਣੇ ਕੈਂਪਾਂ ਦੇ ਅਨੁਭਵ ਸਾਂਝੇ ਕਰਨ ਤੋਂ ਇਲਾਵਾ, ਮਿਸ਼ਨ ਦੇ ਟੋਰਾਂਟੋ ਅਤੇ ਲੁਧਿਆਣਾ ਵਿਖੇ, ਚੱਲ ਰਹੇ ਸਮਾਗਮਾਂ ਬਾਰੇ, ਅਤੇ ਇਸ ਦੀਆਂ ਵੈਬਸਾਈਟ ਬਾਰੇ ਜਾਣਕਾਰੀ ਦਿੱਤੀ। ਸੰਗਤ ਨੇ ਮਿਸ਼ਨ ਦਾ ਤਿੰਨਾਂ ਭਾਸ਼ਾਵਾਂ ਵਿੱਚ ਲਿਖਿਆ ਹੋਇਆ ਲਿਟਰੇਚਰ ਵੀ ਵੱਡੀ ਗਿਣਤੀ ਵਿੱਚ ਲਿਆ।
ਸਮਾਗਮ ਦੌਰਾਨ, ਸੰਗਤ ਵੱਲੋਂ ਲਿਖ ਕੇ ਜਾਂ ਬੋਲ ਕੇ ਦਿੱਤਾ ਗਿਆ ਫੀਡਬੈਕ ਇਸ ਗੱਲ ਦੀ ਗਵਾਹੀ ਭਰਦਾ ਸੀ, ਕਿ ਸੰਗਤ ਨੇ ਇਸ ਕੈਂਪ ਦਾ ਭਰਪੂਰ ਲਾਹਾ ਪ੍ਰਾਪਤ ਕੀਤਾ। ਇਸ ਕੈਂਪ ਦੀ ਦੇਖ ਰੇਖ ਦੀ ਜ਼ਿੰਮੇਵਾਰੀ, ਕੈਲਗਰੀ ਦੇ ਨਿਸ਼ਕਾਮ ਸੇਵਾਦਾਰਾਂ- ਦਲਬੀਰ ਸਿੰਘ ਰਤਨ, ਗੁਰਦੀਸ਼ ਕੌਰ ਗਰੇਵਾਲ ਅਤੇ ਜਸਵੀਰ ਕੌਰ ਨੇ, ਸੰਗਤ ਦੇ ਸਹਿਯੋਗ ਨਾਲ ਨਿਭਾਈ। ਸੰਗਤ ਵੱਲੋਂ, ਬਰੇਕ ਦੌਰਾਨ ਚਾਹ ਸਨੈਕਸ, ਅਤੇ ਗੁਰੂ ਕਾ ਲੰਗਰ ਅਤੁੱਟ ਵਰਤਦਾ ਰਿਹਾ। ਟੋਰੰਟੋ ਤੋਂ ਪੁੱਜੇ ਰਣਜੀਤ ਸਿੰਘ ਨੇ, ਰਿਕਾਰਡਿੰਗ ਦੀ ਸੇਵਾ ਨਿਭਾਈ। ਜਸਵੀਰ ਕੌਰ ਦੁਆਰਾ ਇਸ ਕੈਂਪ ਨੂੰ ਆਨਲਾਈਨ ਵੀ ਚਲਾਇਆ ਗਿਆ, ਜਿਸ ਕਾਰਨ ਦੂਰ ਦੁਰਾਡੇ ਬੈਠੀਆਂ ਸੰਗਤਾਂ ਨੇ ਵੀ ਇਸ ਦਾ ਆਨੰਦ ਮਾਣਿਆਂ। ਕੈਲਗਰੀ ਤੋਂ ਪਹੁੰਚੇ ‘ਬਾਤ ਪੰਜਾਬ ਦੀ’ ਚੈਨਲ ਦੇ ਮਾਲਕ ਐਸ ਸ਼ਰਮਾ, ਅਤੇ ਸ਼ਿਵਾਲਕ ਟੀ ਵੀ ਚੈਨਲ ਦੇ ਕੈਲਗਰੀ ਰਿਪੋਰਟਰ ਪਰਮਜੀਤ ਸਿੰਘ ਭੰਗੂ ਨੇ ਸਾਰੇ ਪ੍ਰੋਗਰਾਮ ਦੀ ਕਵਰੇਜ ਕੀਤੀ। ਮੀਡੀਆ ਵੱਲੋਂ ਸਰਬ ਅਕਾਲ ਚੈਨਲ ਦੇ ਮਾਲਕ ਸ. ਹਰਜੀਤ ਸਿੰਘ ਅਤੇ ਰੈਡ ਐਫ ਐਮ ਰੇਡੀਓ ਦੇ ਹੋਸਟ ਰਿਸ਼ੀ ਨਾਗਰ ਜੀ ਨੇ, ਸਰਦਾਰ ਸਾਹਿਬ ਨਾਲ ਵਿਸ਼ੇਸ਼ ਮੁਲਾਕਾਤਾਂ ਵੀ ਕੀਤੀਆਂ।

ਕੈਂਪ ਦੀ ਸਮਾਪਤੀ ਤੇ, ਗੁਰੂ ਘਰ ਵੱਲੋਂ, ਸਮੁੱਚੀ ਟੀਮ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।

ਸੋ ਇਸ ਤਰ੍ਹਾਂ ਇਹ ਸਮਾਗਮ ਸਫਲ ਹੋ ਨਿਬੜਿਆ। ਵਧੇਰੇ ਜਾਣਕਾਰੀ ਲਈ ਗੁਰਦੀਸ਼ ਕੌਰ ਗਰੇਵਾਲ 403 404 1450 ਜਾਂ ਜਸਵੀਰ ਕੌਰ ਨਾਲ 403 805 4787 ਤੇ ਸੰਪਰਕ ਕੀਤਾ ਜਾ ਸਕਦਾ ਹੈ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>