ਮਹਾਰਾਣੀ ਜਿੰਦ ਕੌਰ ਦੀ ਅੰਤਿਮ ਸੰਸਕਾਰ ਅਸਥਾਨ ਨਾਸਿਕ ਵਿਖੇ ਮੁੜ ਨਿਰਮਾਣ ਯਾਦਗਾਰੀ ਸਮਾਧ ਦਾ ਉਦਘਾਟਨ

IMG-20250802-WA0007(2).resizedਨਾਸਿਕ (ਮਹਾਰਾਸ਼ਟਰ)/ਅੰਮ੍ਰਿਤਸਰ – ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਧਰਮ-ਪਤਨੀ ਅਤੇ ਮਹਾਰਾਜਾ ਦਲੀਪ ਸਿੰਘ ਦੀ ਮਾਤਾ ਮਹਾਰਾਣੀ ਜਿੰਦ ਕੌਰ ਦੀ ਯਾਦ ਵਿੱਚ ਗੋਦਾਵਰੀ ਨਦੀ ਦੇ ਕੰਢੇ ਗੰਗਾ ਘਾਟ, ਪੰਚਵਟੀ, ਨਾਸਿਕ (ਮਹਾਰਾਸ਼ਟਰ) ਵਿਖੇ ਸ਼ਰਧਾਂਜਲੀ ਸਮਾਗਮ ਆਯੋਜਿਤ ਕੀਤਾ ਗਿਆ। ਇਸ ਸਮਾਗਮ ਦੌਰਾਨ ਸਿੱਖ ਆਗੂਆਂ ਅਤੇ ਬੁਲਾਰਿਆਂ ਵੱਲੋਂ ਮਹਾਰਾਣੀ ਜਿੰਦਾਂ ਨੂੰ ਭਾਵ-ਭਿੰਨੀ ਸ਼ਰਧਾਂਜਲੀ ਅਰਪਿਤ ਕੀਤੀ ਗਈ। ਸਮਾਗਮ ਦਾ ਵਿਸ਼ੇਸ਼ ਆਕਰਸ਼ਣ ਮਹਾਰਾਣੀ ਜਿੰਦਾਂ ਦੀ ਨਵੀਂ ਉਸਾਰੀ ਕੀਤੀ ਸਮਾਧ ਦਾ ਉਦਘਾਟਨ ਸੀ, ਜੋ 14 ਸਾਲਾਂ ਬਾਅਦ ਸਥਾਨਕ ਪ੍ਰਸ਼ਾਸਨ ਅਤੇ ਮਹਾਰਾਸ਼ਟਰ ਸਿੱਖ ਸਮਾਜ ਦੇ ਯਤਨਾਂ ਨਾਲ ਸੰਭਵ ਹੋਇਆ।

ਇਸ ਪਵਿੱਤਰ ਮੌਕੇ ‘ਤੇ ਮਹਾਰਾਸ਼ਟਰ ਸਿੱਖ ਸਮਾਜ ਤਾਲਮੇਲ ਕਮੇਟੀ, ਪੰਜਾਬੀ ਸਾਹਿਤ ਅਕੈਡਮੀ ਮਹਾਰਾਸ਼ਟਰ, ਨਾਸਿਕ ਜ਼ਿਲ੍ਹਾ ਯੂਨਾਈਟਿਡ ਗੁਰਦੁਆਰਾ ਕਮੇਟੀ ਅਤੇ ਹੋਰ ਸਿੱਖ ਸੰਸਥਾਵਾਂ ਵੱਲੋਂ ਸਾਂਝੇ ਤੌਰ ‘ਤੇ ਸਮਾਗਮ ਕਰਵਾਇਆ ਗਿਆ।

ਸਮਾਗਮ ਦੌਰਾਨ  ਮਹਾਰਾਸ਼ਟਰ ਸਿੱਖ ਸਮਾਜ ਤਾਲਮੇਲ ਕਮੇਟੀ ਦੇ ਚੇਅਰਮੈਨ ਸ. ਜਸਪਾਲ ਸਿੰਘ ਸਿੱਧੂ ਨੇ ਕਿਹਾ ਕਿ ਮਹਾਰਾਣੀ ਜਿੰਦ ਕੌਰ ਸਿਰਫ਼ ਸਿੱਖ ਰਾਜ ਦੀ ਰਾਣੀ ਅਤੇ ਸਿੱਖੀ ਤੋਂ ਦੂਰ ਕੀਤੇ ਜਾ ਚੁੱਕੇ ਆਪਣੇ ਪੁੱਤਰ ਮਹਾਰਾਜਾ ਦਲੀਪ ਸਿੰਘ ਨੂੰ ਸਿੱਖੀ ਦੇ ਗੌਰਵ ਨੂੰ ਮੁੜ ਅਪਣਾਉਣ ਲਈ ਪ੍ਰੇਰਿਤ ਕਰਨ ਵਾਲੀ ਮਾਂ ਹੀ ਨਹੀਂ, ਸਗੋਂ ਉਹ ਅੰਗਰੇਜ਼ ਹਕੂਮਤ ਦੇ ਸਾਹਮਣੇ ਰਾਸ਼ਟਰੀ ਭਾਵਨਾ ਨਾਲ ਡਟ ਕੇ ਖੜ੍ਹੀ ਹੋਣ ਵਾਲੀ ਇਕ ਦਲੇਰ ਔਰਤ ਸੀ, ਜਿਸ ਤੋਂ ਅੰਗਰੇਜ਼ ਵੀ ਘਬਰਾਉਂਦੇ ਸਨ। ਉਹ 1 ਅਗਸਤ 1863 ਨੂੰ ਕੇਵਲ 48 ਸਾਲ ਦੀ ਉਮਰ ਵਿੱਚ ਲੰਡਨ ਵਿਖੇ ਸਵਰਗਵਾਸ ਹੋ ਗਈ। ਉਸ ਦੀ ਆਖ਼ਰੀ ਇੱਛਾ ਅਨੁਸਾਰ ਉਸ ਦਾ ਮ੍ਰਿਤਕ ਸਰੀਰ ਭਾਰਤ ਲਿਆਂਦਾ ਗਿਆ, ਪਰ ਬ੍ਰਿਟਿਸ਼ ਹਕੂਮਤ ਨੇ ਪੰਜਾਬ ਲਿਜਾਣ ਦੀ ਆਗਿਆ ਨਹੀਂ ਦਿੱਤੀ ਅਤੇ ਉਸ ਦਾ ਅੰਤਿਮ ਸੰਸਕਾਰ ਨਾਸਿਕ ਵਿਖੇ ਗੋਦਾਵਰੀ ਨਦੀ ਦੇ ਕੰਢੇ ਕੀਤਾ ਗਿਆ। ਬਾਅਦ ਵਿੱਚ ਉਸ ਦੀਆਂ ਅਸਥੀਆਂ ਮਹਾਰਾਜਾ ਦਲੀਪ ਸਿੰਘ ਦੀ ਧੀ ਸ਼ਹਿਜ਼ਾਦੀ ਬੰਬਾਂ ਵੱਲੋਂ ਨਾਸਿਕ ਤੋਂ ਲਾਹੌਰ ਲਿਆਂਦੀਆਂ ਗਈਆਂ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਕੋਲ ਸਥਾਪਿਤ ਕੀਤੀਆਂ ਗਈਆਂ।

ਸ. ਸਿੱਧੂ ਨੇ ਦੱਸਿਆ ਕਿ ਪਹਿਲਾਂ ਇਸ ਸਥਾਨ ‘ਤੇ ਇਕ ਛੋਟੀ ਸਮਾਧ ਸੀ, ਜਿਸ ਨੂੰ ਗੋਦਾਵਰੀ ਦੇ ਸੁੰਦਰੀਕਰਨ ਪ੍ਰੋਜੈਕਟ ਦੌਰਾਨ ਹਟਾ ਦਿੱਤਾ ਗਿਆ ਸੀ। ਹੁਣ, ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫੜਨਵੀਸ ਦੀ ਅਗਵਾਈ ਵਿੱਚ ਸਰਕਾਰ ਦੇ ਸਹਿਯੋਗ ਨਾਲ ਇਸ ਪਵਿੱਤਰ ਅਸਥਾਨ ‘ਤੇ ਸ਼ਾਨਦਾਰ ਯਾਦਗਾਰੀ ਸਮਾਧ ਦੀ ਉਸਾਰੀ ਕੀਤੀ ਗਈ ਹੈ। ਸਿੱਖ ਨੇਤਾਵਾਂ ਨੇ ਇਸ ਕਾਰਜ ਲਈ ਮਹਾਰਾਸ਼ਟਰ ਸਰਕਾਰ ਦਾ ਧੰਨਵਾਦ ਕੀਤਾ ਅਤੇ ਇਸ ਸਮਾਧ ਨੂੰ ਸਿੱਖੀ ਅਤੇ ਰਾਸ਼ਟਰੀ ਭਾਵਨਾ ਲਈ ਪ੍ਰੇਰਨਾ ਸਰੋਤ ਕਿਹਾ।

ਸਿੱਧੂ ਨੇ ਐਲਾਨ ਕੀਤਾ ਕਿ ਮਹਾਰਾਣੀ ਜਿੰਦਾਂ ਦੀ ਯਾਦ ਵਿੱਚ ਹਰ ਸਾਲ ਮਾਰਚ ਮਹੀਨੇ ਵਿੱਚ ਗੁਰਮਤਿ ਸਮਾਗਮ ਆਯੋਜਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਗੋਦਾਵਰੀ ਕੰਢੇ ਮਹਾਰਾਣੀ ਜਿੰਦਾਂ ਦੇ ਨਾਮ ‘ਤੇ ਨਿਰਧਾਰਤ ਪੰਜ ਏਕੜ ਜ਼ਮੀਨ ‘ਤੇ ਸ਼ਾਨਦਾਰ ਯਾਦਗਾਰ ਅਤੇ ਸੰਗਤਾਂ ਦੀ ਲੋੜ ਅਨੁਸਾਰ ਸੁਵਿਧਾਵਾਂ ਨਾਲ ਲੈਸ ਕੰਪਲੈਕਸ ਤਿਆਰ ਕੀਤਾ ਜਾਵੇਗਾ।

ਸਿੱਧੂ ਨੇ ਕਿਹਾ ਕਿ ਮਹਾਰਾਣੀ ਜਿੰਦ ਕੌਰ ਨੇ ਆਪਣੇ ਪੁੱਤਰ ਮਹਾਰਾਜਾ ਦਲੀਪ ਸਿੰਘ ਨੂੰ ਨਾ ਸਿਰਫ਼ ਸਿੱਖੀ ਨਾਲ ਦੁਬਾਰਾ ਜੋੜਿਆ, ਸਗੋਂ ਉਸ ਵਿੱਚ ਆਪਣੀ ਵਿਰਾਸਤ ਲਈ ਗੌਰਵ ਦੀ ਭਾਵਨਾ ਵੀ ਜਗਾਈ। ਉਹ ਆਪਣੇ ਅਟੱਲ ਇਰਾਦੇ, ਤਿੱਖੀ ਸੋਚ ਅਤੇ ਅਡੋਲ ਹੌਸਲੇ ਨਾਲ ਸਿੱਖੀ ਦੀ ਮਾਤਰ ਸ਼ਾਨ ਨਹੀਂ, ਸਗੋਂ ਭਾਰਤ ਦੀ ਧੀਰਜ ਮਈ ਰੂਹ ਦਾ ਜੀਵਿਤ ਪ੍ਰਤੀਕ ਰਹੀ।

ਸਿੱਖ ਆਗੂਆਂ ਵੱਲੋਂ ਅਪੀਲ ਕੀਤੀ ਗਈ ਕਿ ਮਹਾਰਾਣੀ ਜਿੰਦਾਂ ਦੀ ਸਮਾਧ ਨੂੰ ਕੇਵਲ ਇੱਕ ਇਤਿਹਾਸਕ ਸਥਾਨ ਨਾ ਸਮਝਿਆ ਜਾਵੇ, ਸਗੋਂ ਸਿੱਖ ਕੌਮ ਅਤੇ ਦੇਸ਼ ਦੇ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਵਜੋਂ ਵਿਕਸਿਤ ਕੀਤਾ ਜਾਵੇ।

ਇਸ ਮੌਕੇ ਸ਼ਰਧਾਂਜਲੀ ਸਮਾਗਮ ’ਚ ਮੌਜੂਦਾ ਵਿਧਾਇਕ ਰਾਹੁਲ ਢਿੱਕਲੇ , ਬਲ ਮਲਕੀਤ ਸਿੰਘ, ਚਰਨਦੀਪ ਸਿੰਘ ਹੈਪੀ , ਜਥੇਦਾਰ ਬਾਬਾ ਰਣਜੀਤ ਸਿੰਘ ਜੀ ਗੁਰਦੁਆਰਾ ਸ੍ਰੀ ਗੁਪਤਸਰ ਸਾਹਿਬ, ਮਨਮਾਡ, ਨਾਸਿਕ ਜ਼ਿਲ੍ਹਾ ਯੁਨਾਈਟਡ ਗੁਰਦੁਆਰਾ ਤੋਂ ਰਣਜੀਤ ਸਿੰਘ ਆਨੰਦ, ਗੁਰਮੁਖ ਸਿੰਘ, ਮਨਜੀਤ ਸਿੰਘ, ਮਿਲਖਾ ਸਿੰਘ, ਵਚਿਤਰ ਸਿੰਘ ਰਣਜੀਤ ਸਿੰਘ ਆਨੰਦ, ਬਲਜੀਤ ਸਿੰਘ ਸੇਬਲ,ਇੰਦਰਜੀਤ ਸਿੰਘ ਗਠੌੜੇ, ਕੁਲਵੰਤ ਸਿੰਘ ਬੱਗਾ, ਗੁਰਮੁਖ ਸਿੰਘ ਸੰਧੂ,ਮਨਜੀਤ ਸਿੰਘ ਢਿੱਲੋਂ, ਕਰਮਜੀਤ ਸਿੰਘ ਔਲਖ,ਮਿਲਖਾ ਸਿੰਘ ਹੁੰਦਲ, ਅਮਰੀਕ ਸਿੰਘ ਸੰਧੂ,ਬਿਚਿਤਰ ਸਿੰਘ ਸਮਰਾ,ਸਾਬਕਾ ਵਿਧਾਇਕ ਬਾਲਾ ਸਾਹਿਬ ਸਨਪ, ਐਸ ਐਨ ਮਹੇਸ਼ਵਰੀ ਜੀ,ਸਿੰਧੀ ਸਮਾਜ ਪਵਨ ਖਟਵਾਨੀ, ਸਿਕਲੀਕਰ ਸਮਾਜ ਤੋਂ ਬਾਦਲ ਸਿੰਘ ਤੇ ਰਾਜੇਸ਼ ਸਿੰਘ, ਹਰਨਾਮ ਸਿੰਘ – ਹਿੰਗੋਲੀ, ਸਮਾਜ ਸੇਵਕ ਰਾਮ ਸਿੰਘ ਬਾਵਰੀ, ਉਦਾਸੀ ਜੀ ਡਾ ਪੰਡਿਤ ਕ੍ਰਿਸ਼ਨ ਤੀਰਥ, ਨਿਖਿਲ ਪਵਾਰ ਭਾਜਪਾ ਸੂਝਵਾਨ ਪ੍ਰਧਾਨ ਨਾਸਿਕ ਅਤੇ ਸੰਦੀਪ ਪੁਜਾਰੀ ਜੀ ਵੀ ਮੌਜੂਦ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>