ਅੰਮ੍ਰਿਤਸਰ - ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ 9 ਅਗਸਤ ਨੂੰ ਬਾਬਾ ਬਕਾਲਾ ਸਾਹਿਬ ਵਿਖੇ “ਬੰਦੀ ਸਿੰਘ ਰਿਹਾਈ ਕਾਨਫਰੰਸ ਕੀਤੀ ਜਾ ਰਹੀ ਹੈ, ਜਿਸ ਵਿੱਚ ਪੰਜਾਬ ਭਰ ਤੋਂ ਲੱਖਾਂ ਸੰਗਤਾਂ ਦੇ ਰਿਕਾਰਡਤੋੜ ਇਕੱਠ ਦੀ ਉਮੀਦ ਕੀਤੀ ਜਾ ਰਹੀ ਹੈ, ਅਤੇ ਇਹ ਇਹ ਕਾਨਫਰੰਸ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਜੜਾਂ ਹਿਲਾ ਕੇ ਰੱਖ ਦੇਵੇਗੀ। ਇਹਨਾਂ ਸ਼ਬਦਾਂ ਦਾ ਪ੍ਗਟਾਵਾ ਅਕਾਲੀ ਦਲ ਵਾਰਿਸ ਪੰਜਾਬ ਦੇ ਜਿਲਾ ਅੰਮ੍ਰਿਤਸਰ ਤੋਂ ਕਾਰਜਕਾਰੀ ਕਮੇਟੀ ਮੈਂਬਰ ਭਾਈ ਸ਼ਮਸ਼ੇਰ ਸਿੰਘ ਪੱਧਰੀ ਅਤੇ ਭੁਪਿੰਦਰ ਸਿੰਘ ਗੱਦਲੀ ਦੀ ਅਗਵਾਈ ਵਿੱਚ ਕੀਤੀ ਗਈ ਇਕ ਮੀਟਿੰਗ ਉਪਰੰਤ ਪ੍ਰੈਸ ਨੋਟ ਰਾਹੀਂ ਕੀਤਾ। ਇਸ ਮੀਟਿੰਗ ਵਿੱਚ ਉਹਨਾਂ ਦੇ ਨਾਲ ਭਾਈ ਸੁਖਬੀਰ ਸਿੰਘ, ਭਾਈ ਹਰਪ੍ਰੀਤ ਸਿੰਘ, ਭਾਈ ਮਹਿੰਦਰਪਾਲ ਸਿੰਘ ਤੁੰਗ, ਭਾਈ ਪ੍ਰਭਜੋਤ ਸਿੰਘ, ਭਾਈ ਸਵਰਨ ਸਿੰਘ ਗੋਲਡਨ, ਭਾਈ ਕੁਲਵਿੰਦਰ ਸਿੰਘ ਵਡਾਲੀ, ਭਾਈ ਜੁਗਰਾਜ ਸਿੰਘ ਨਰਾਇਣਗੜੵ ਅਤੇ ਭਾਈ ਜੁਗਰਾਜ ਸਿੰਘ ਵੀ ਹਾਜਰ ਸਨ।ਉਹਨਾਂ ਕਿਹਾ ਕਿ ਪੰਜਾਬ ਦੇ ਸਮਾਜਿਕ, ਰਾਜਨੀਤਕ ਤੇ ਧਾਰਮਿਕ ਮੱਦੇ ‘ਤੇ ਦਿੱਲੀ ਸਰਕਾਰ ਅਤੇ ਪੰਜਾਬ ਸਰਕਾਰ ਦੀ ਪੰਜਾਬ ਵਿਰੋਧੀ ਨੀਤੀਆਂ ਦਾ ਖੁੱਲ੍ਹਾ ਪਰਦਾਫਾਸ਼ ਕੀਤਾ ਜਾਵੇਗਾ। ਪੱਧਰੀ ਨੇ ਦੱਸਿਆ ਕਿ ਇਸ ਕਾਨਫਰੰਸ ਵਿੱਚ ਸਮੂਹ ਸਿੱਖ ਬੰਦੀ ਸਿੰਘਾਂ ਦੀ ਰਿਹਾਈ, ਲੈੰਡ ਪੂਲਿੰਗ ਨੀਤੀ ਦੇ ਵਿਰੋਧ, ਨੌਜਵਾਨਾਂ ਦੇ ਝੂਠੇ ਮੁਕਾਬਲਿਆਂ ਰਾਹੀਂ ਕੀਤੇ ਜਾ ਰਹੇ ਸਰਕਾਰੀ ਕਤਲਾਂ, ਅਤੇ ਨਸ਼ਿਆਂ ਦੇ ਵਿਰੁੱਧ ਚਲ ਰਹੀ ਲਹਿਰ ਨੂੰ ਮੁੱਖ ਮੁੱਦੇ ਵਜੋਂ ਚੁੱਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰਾਂ ਵੱਲੋਂ ਸਿੱਖ ਕੌਮ ਦੇ ਜਜ਼ਬਾਤਾਂ ਨਾਲ ਖੇਡਣ, ਸਿੱਖ ਨੌਜਵਾਨਾਂ ਨੂੰ ਝੂਠੇ ਕੇਸਾਂ ‘ਚ ਫਸਾਉਣ, ਅਤੇ ਪੰਜਾਬ ਦੀਆਂ ਜਮੀਨਾਂ ਨੂੰ ਹੜੱਪਣ ਦੀ ਯੋਜਨਾ ਤਹਿਤ ਲੈੰਡ ਪੂਲਿੰਗ ਵਰਗੀਆਂ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ ਅਤੇ ਵਾਹੀਯੋਗ ਜਮੀਨਾਂ ਨੂੰ ਕਾਰਪੋਰੇਟ ਘਰਾਣਿਆਂ ਦੀ ਝੋਲੀ ਪਾਕੇ ਵੱਡੇ ਮੁਨਾਫੇ ਦਿੱਤੇ ਜਾ ਰਹੇ ਹਨ। ਕੇਂਦਰ ਅਤੇ ਪੰਜਾਬ ਸਰਕਾਰ ਇਕ ਸਲਾਹ ਹੋਕੇ ਪੰਜਾਬ ਨੂੰ ਬਰਬਾਦ ਕਰਨ ਵਿੱਚ ਲੱਗੀਆਂ ਹੋਈਆਂ ਹਨ। ਇਨ੍ਹਾਂ ਸਾਰੇ ਮੁੱਦਿਆਂ ‘ਤੇ ਹੁਣ ਕੌਮ ਚੁੱਪ ਨਹੀਂ ਰਹੇਗੀ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਮੰਚ ਤੋਂ ਇਸ ਕਾਨਫਰੰਸ ਰਾਹੀਂ ਪੰਜਾਬ ਦੀ ਜਨਤਾ ਨੂੰ ਇਹ ਸੁਨੇਹਾ ਦਿੱਤਾ ਜਾਵੇਗਾ ਕਿ ਅਸੀਂ ਆਪਣੇ ਹੱਕਾਂ ਦੀ ਰਾਖੀ ਲਈ ਇੱਕਜੁੱਟ ਹਾਂ। ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ, ਜੋ ਕਿ ਇਸ ਸਮੇਂ ਭਾਰਤੀ ਸਰਕਾਰ ਵੱਲੋਂ ਂਸ਼ਅ ਤੇ ਝੂਠੇ ਕੇਸ ਹੇਠ ਗੈਰਕਾਨੂੰਨੀ ਢੰਗ ਨਾਲ ਨਜਾਇਜ਼ ਹਿਰਾਸਤ ‘ਚ ਹਨ, ਉਹਨਾਂ ਦੀ ਅਤੇ ਉਹਨਾਂ ਦੇ ਸਾਥੀਆਂ ਦੀ ਰਿਹਾਈ ਦੀ ਮੰਗ ਵੀ ਇਸ ਕਾਨਫਰੰਸ ਰਾਹੀਂ ਜ਼ੋਰਦਾਰ ਢੰਗ ਨਾਲ ਉਠਾਈ ਜਾਵੇਗੀ ਅਤੇ ਇਹਨਾਂ ਧੱਕੇਸ਼ਾਹੀਆਂ ਦਾ ਚੋਰਾਹੇ ਵਿੱਚ ਭਾਂਡਾ ਭੰਨਿਆ ਜਾਵੇਗਾ। ਇਸ ਪੰਥਕ ਕਾਨਫਰੰਸ ਵਿੱਚ ਪਾਰਟੀ ਦੇ ਸਾਰੇ ਆਗੂ, ਵੱਖ-ਵੱਖ ਜਥੇਬੰਦੀਆਂ ਦੇ ਪ੍ਰਤੀਨਿਧੀ, ਕਿਸਾਨ ਮੋਰਚੇ ਅਤੇ ਨੌਜਵਾਨ ਵਲੰਟੀਅਰ ਵੱਡੀ ਗਿਣਤੀ ਵਿੱਚ ਹਿੱਸਾ ਲੈਣਗੇ। ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਵੱਡੇ ਕਾਫਲੇ ਦੇ ਰੂਪ ਵਿੱਚ ਸੰਗਤਾਂ ਦਾ ਬਾਬਾ ਬਕਾਲਾ ਸਾਹਿਬ ਪਹੁੰਚਣਾ, ਇਸ ਕਾਨਫਰੰਸ ਦੀ ਪੰਥਕ ਮਹੱਤਤਾ ਨੂੰ ਦਰਸਾਏਗਾ। ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਪੰਜਾਬ ਦੀ ਸਾਰਥਕ ਸਿਆਸਤ ਨੂੰ ਦੁਬਾਰਾ ਜਨਤਾ ਨਾਲ ਜੋੜਨ ਲਈ ਇਹ ਕਦਮ ਇਕ ਇਤਿਹਾਸਕ ਕਦਮ ਹੋਵੇਗਾ।
ਬਾਬਾ ਬਕਾਲਾ ਵਿਖੇ ਕੀਤੀ ਜਾ ਰਹੀ “ਬੰਦੀ ਸਿੰਘ ਰਿਹਾਈ ਕਾਨਫਰੰਸ” ਕੇਂਦਰ ਤੇ ਪੰਜਾਬ ਸਰਕਾਰ ਦੀਆਂ ਜੜਾਂ ਹਿਲਾਕੇ ਰੱਖ ਦੇਵੇਗੀ : ਸ਼ਮਸ਼ੇਰ ਸਿੰਘ ਪੱਧਰੀ
This entry was posted in ਪੰਜਾਬ.
