ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਖਾਲਸਾ ਦੀਵਾਨ ਸੋਸਾਇਟੀ ਕੈਨੇਡਾ ਵਲੋਂ ਗੁਰੂ ਘਰ ਐਬਟਸਫੋਰਡ ਵਿਖ਼ੇ ਗੁਰੂ ਘਰ ਦੀ ਹਦੂਦ ਅੰਦਰਲੇ ਇਕ ਹਾਲ ਵਿਚ ਸਿੱਖਾਂ ਦੇ ਵਿਰੋਧ ਦੇ ਬਾਵਜੂਦ ਭਾਰਤੀ ਕੌਂਸਲੇਟ ਨੂੰ ਬੁਲਾਕੇ ਕੈਂਪ ਲਗਵਾਇਆ ਗਿਆ । ਕੈਂਪ ਦਾ ਪਤਾ ਲੱਗਣ ਤੇ ਟੀਮ ਭਾਈ ਹਰਦੀਪ ਸਿੰਘ ਨਿੱਝਰ ਅਤੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ ਡੇਲਟਾ ਦੇ ਮੈਂਬਰਾਂ ਨੇ ਖ਼ਾਲਿਸਤਾਨ ਸਮਰਥਕਾਂ ਸਮੇਤ ਉਥੇ ਪੁੱਜ ਕੇ ਭਾਰਤੀ ਕੌਂਸਲੇਟ ਦਾ ਭਾਰੀ ਵਿਰੋਧ ਕੀਤਾ । ਇਸ ਮੌਕੇ ਖਾਲਸਾਈ ਨਾਹਰਿਆ ਦੇ ਨਾਲ ਭਾਰਤੀ ਕੌਂਸਲੇਟ ਦੇ ਵਿਰੋਧ ਵਿਚ ਨਾਅਰੇ ਲਗਾਏ ਗਏ । ਭਾਈ ਨਰਿੰਦਰ ਸਿੰਘ ਖਾਲਸਾ ਅਤੇ ਗੁਰਦੁਆਰਾ ਸਾਹਿਬ ਦੇ ਸਕੱਤਰ ਭਾਈ ਗੁਰਮੀਤ ਸਿੰਘ ਤੂਰ ਨੇ ਦਸਿਆ ਕਿ ਖਾਲਿਸਤਾਨ ਸਰਮਥਕਾਂ ਨੂੰ ਰੋਕਣ ਲਈ ਖ਼ਾਲਸਾ ਦੀਵਾਨ ਸੋਸਾਇਟੀ ਦੀ ਬੇਈਮਾਨ ਅਤੇ ਵਿਕਾਊ ਕਮੇਟੀ ਵੱਲੋਂ ਹੋਣ ਵਾਲੇ ਵਿਰੋਧ ਤੋਂ ਡਰਦਿਆਂ ਸਰਕਾਰੀ ਤੌਰ ਤੇ ਕੋਰਟ ਆਰਡਰ ਤੇ ਗੁਰਦੁਆਰੇ ਤੋਂ ਚਾਰੇ ਪਾਸੇ 100 ਮੀਟਰ ਦੀ ਦੂਰੀ ਤੇ ਬੈਰੀਅਰ ਲਗਵਾ ਦਿੱਤੇ ਗਏ ਜਿਸ ਨਾਲ ਉਨ੍ਹਾਂ ਦਾ ਵਿਰੋਧ ਕਰਣ ਲਈ ਖਾਲਿਸਤਾਨ ਸਮਰਥਕ ਭਾਈ ਨਿੱਝਰ ਟੀਮ ਦੇ ਮੈਂਬਰ ਅੰਦਰ ਨਾ ਆ ਸਕਣ ਦੇ ਬਾਵਜੂਦ ਗੁਰਦੁਆਰਾ ਸਾਹਿਬ ਵਿਖੇ ਰੱਖੇ ਗਏ ਪ੍ਰੋਗਰਾਮ ਦਾ ਵਿਰੋਧ ਕਰਣ ਲਈ ਖਾਲਿਸਤਾਨੀ ਸਿੱਖਾਂ ਨੇ ਵੱਡੀ ਪੱਧਰ ਤੇ ਵਿਰੋਧ ਪ੍ਰਦਰਸ਼ਨ ਕੀਤਾ। ਇਸ ਮੌਕੇ ਉਨ੍ਹਾਂ ਦਸਿਆ ਕਿ ਕੈਨੇਡਾ ਦੀ ਧਰਤੀ ‘ਤੇ ਭਾਰਤ ਦੇ ਦਹਿਸ਼ਤੀ ਨੈੱਟਵਰਕ ਨੂੰ ਬੰਦ ਕਰਨ ਲਈ ਖਾਲਿਸਤਾਨੀ ਪੱਖੀ ਸਿੱਖ ਇਹਨਾਂ ਭਾਰਤੀ ਕਾਉਂਸਲੈਟਾਂ ਦਾ ਹਰੇਕ ਜਗ੍ਹਾ ਜਾ ਕੇ ਵਿਰੋਧ ਕਰਦੇ ਹਨ । ਉਨ੍ਹਾਂ ਦਸਿਆ ਕਿ ਇਹ ਗੁਰਦੁਆਰਿਆਂ ਵਿੱਚ ਘੁਸਪੈਠ ਕਰਕੇ ਲਾਈਵ ਸਰਟੀਫਿਕੇਟ ਜਾਂ ਹੋਰ ਡਾਕੂਮੈਂਟ ਵੰਡਣ ਦੇ ਬਹਾਨੇ ਆਉਂਦੇ ਹਨ। ਰੋਸ ਮੁਜਾਹਰੇ ਦੌਰਾਨ ਰੋਹ ਵਿਚ ਆਏ ਮੁਜਾਹਕਾਰੀਆਂ ਨੇ ਗੁਰਦੁਆਰੇ ਦੇ ਬਾਹਰ ਤਿਰੰਗੇ ਝੰਡੇ ਨੂੰ ਪਾੜਿਆ ਅਤੇ ਖਾਲਿਸਤਾਨ ਦੀ ਜੰਮ ਕੇ ਨਾਅਰੇਬਾਜ਼ੀ ਕੀਤੀ। ਭਾਈ ਤੂਰ ਨੇ ਕਿਹਾ ਕਿ ਭਾਰਤੀ ਹਕੂਮਤ ਅਤੇ ਉਸ ਦੇ ਕਰਿੰਦੇ ਭਾਈ ਹਰਦੀਪ ਸਿੰਘ ਨਿੱਝਰ ਦੀ ਸ਼ਹਾਦਤ ਵਿੱਚ ਸ਼ਾਮਲ ਹਨ ਅਤੇ ਨਾਲ-ਨਾਲ ਕੈਨੇਡਾ ਦੀ ਧਰਤੀ ਤੇ ਦਖਲ-ਅੰਦਾਜ਼ੀ ਕਰਕੇ ਕੈਨੇਡਾ ਲਈ ਵੀ ਖ਼ਤਰਾ ਹਨ । ਇਸ ਲਈ ਖ਼ਾਲਸਾ ਦੀਵਾਨ ਸੋਸਾਇਟੀ ਵੱਲੋਂ ਅਹਿਜਾ ਪ੍ਰੋਗਰਾਮ ਕਰਵਾਉਣਾ ਅਤੇ ਉਸ ਵਿਚ ਭਾਰਤੀ ਕੌਂਸਲੇਟ ਅਤੇ ਉਸ ਦੇ ਕਰਿੰਦਿਆਂ ਨੂੰ ਬੁਲਾਵਾ ਦੇਣਾ ਬੇਹੱਦ ਹੀ ਨਿੰਦਣਯੋਗ ਹੈ । ਇਸ ਪ੍ਰਦਰਸ਼ਨ ਵਿਚ ਭਾਈ ਗੁਰਮੀਤ ਸਿੰਘ ਤੂਰ, ਭਾਈ ਨਰਿੰਦਰ ਸਿੰਘ ਰੰਧਾਵਾ, ਭਾਈ ਮਨਜਿੰਦਰ ਸਿੰਘ, ਭਾਈ ਜੈਗ ਸਿੰਘ, ਰਜਿੰਦਰ ਸਿੰਘ ਨੱਤ, ਭਾਈ ਅਜੈਪਾਲ ਸਿੰਘ ਅਤੇ ਬਾਬਾ ਬੰਦਾ ਸਿੰਘ ਬਹਾਦਰ ਗੁਰਦੁਆਰਾ ਸਾਹਿਬ ਤੋਂ ਬਾਬਾ ਰਣਜੀਤ ਸਿੰਘ ਖ਼ਾਲਸਾ, ਕਰਨੈਲ ਸਿੰਘ ਟੁੱਟ, ਭਾਈ ਜਰਨੈਲ ਸਿੰਘ, ਮਨਦੀਪ ਸਿੰਘ, ਇੰਦਰਜੀਤ ਸਿੰਘ ਬੈਂਸ ਨੇ ਉਚੇਚੇ ਤੌਰ ਤੇ ਹਾਜ਼ਿਰੀ ਭਰ ਕੇ ਪ੍ਰਦਰਸ਼ਨ ਕਰ ਰਹੀਆਂ ਸੰਗਤਾਂ ਦਾ ਉਤਸ਼ਾਹ ਵਧਾਇਆ ਸੀ ।
ਭਾਰਤੀ ਕੌਂਸਲਰ ਦਾ ਐਬਟਸਫੋਰਡ ਕੈਨੇਡਾ ਵਿਖੇ ਭਾਰੀ ਵਿਰੋਧ
This entry was posted in ਅੰਤਰਰਾਸ਼ਟਰੀ.
