ਸਿਡਨੀ, (ਆਸਟਰੇਲੀਆ) – ਪੰਜਾਬੀ ਸਾਹਿਤ ਅਕਾਦਮੀ ਸਿਡਨੀ” ਆਸਟਰੇਲੀਆ,ਅਤੇ ਸਿਡਨੀ ਸਿੱਖ ਚਿੰਤਕ ਦੇ ਸਹਿਯੋਗ ਨਾਲ ਬਲੈਕਟਾਊਨ ਲਾਇਬ੍ਰੇਰੀ ਸਿਡਨੀ ਵਿਖੇ ਕੱਲ ਬਾਅਦ ਦੁਪਹਿਰ ਤੱਕ ਸ਼ਿਵ ਕੁਮਾਰ ਬਟਾਲਵੀ ਦੀ ਜਨਮ ਸ਼ਤਾਬਦੀ ਮਨਾਉਂਦਿਆਂ ਉਸਦੀ ਕਾਵਿ ਕਲਾ ਬਾਰੇ ਗੋਸ਼ਟੀ ਤੇ ਗੀਤ ਗ਼ਜ਼ਲ ਗਾਇਣ ਦਾ ਸਾਹਿਤਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ।
ਇਹ ਗੋਸ਼ਟੀ ਸ਼ਿਵ ਕੁਮਾਰ ਦੀ ਕਾਵਿ ਕਲਾ ਨੂੰ ਸਮਰਪਿਤ ਕਰਕੇ ਆਨਲਾਈਨ ਵਰਚੁਅਲ “ਬ੍ਰਹਮੰਡੀ ਗੋਸ਼ਟੀਆਂ” ਦੁਆਰਾ ਸਾਹਿਤ ਪ੍ਰਤੀ ਵਿਸ਼ਵ-ਪੱਧਰੀ ਜੁੜਾਅ ਦਾ ਵਡਾ ਪਗ ਸੀ, ਜਿਸ ਵਿੱਚ ਭਾਰਤ, ਅਮਰੀਕਾ, ਕਨੇਡਾ, ਅਤੇ ਆਸਟਰੇਲੀਆ ਸਮੇਤ ਵੱਖ-ਵੱਖ ਦੇਸ਼ਾਂ ਦੇ ਕਵੀਆਂ, ਲੇਖਕਾਂ ਅਤੇ ਸਾਹਿਤਕਾਰਾਂ ਨੇ ਹਿੱਸਾ ਲਿਆ।
ਵਰਜੀਨੀਆ ਤੋਂ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਅਤੇ ਲੋਕ ਧਾਰਾ ਦੇ ਪ੍ਰਸਿੱਧ ਗਲਪਕਾਰ ਡਾ ਜੋਗਿੰਦਰ ਕੈਰੋਂ ਨੇ ਡਾ ਅਮਰਜੀਤ ਟਾਂਡਾ ਨਾਲ ਗੱਲ ਕਰਦਿਆਂ ਕਿਹਾ ਕਿ ਸ਼ਿਵ ਕੁਮਾਰ ਪੰਜਾਬੀ ਭਾਸ਼ਾ ਅਤੇ ਸਾਹਿਤ ਦਾ ਅਲੰਬਰਦਾਰ ਹੀ ਨਹੀਂ ਸੀ ਉਹ ਪੰਜਾਬ ਦੀ ਧਰਤੀ ਦੀ ਰੂਹ ਦੀ ਆਵਾਜ਼ ਸੀ।
ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਉਹਨਾਂ ਦੇ ਦਰਸ਼ਨ ਕਰਨ ਅਤੇ ਮਿਲਣ ਦਾ ਫ਼ਖਰ ਹਾਸਿਲ ਹੈ, ਉਹ ਮੇਰੇ ਦੋਸਤ ਭੂਸ਼ਨ ਧਿਆਨਪੁਰੀ ਦੇ ਵੀ ਨੇੜੇ ਦੇ ਮਿੱਤਰ ਸਨ ਜਿਨਾਂ ਤੋਂ ਮੈਨੂੰ ਉਹਨਾਂ ਬਾਰੇ ਬਹੁਤ ਸਾਰੀ ਜਾਣਕਾਰੀ ਹਾਸਿਲ ਹੋਈ। ਵੇਖਿਆ ਜਾਵੇ ਤਾਂ ਮੇਰਾ ਸਾਹਿਤਕ ਸਫ਼ਰ ਵੀ ਸ਼ਿਵ ਕੁਮਾਰ ਦੀ ਪ੍ਰੇਰਨਾ ਤੋਂ ਹੀ ਸ਼ੁਰੂ ਹੋਇਆ ਸੀ। ਮੈਂ ਬਚਪਨ ਵਿੱਚ ਪਹਿਲੀ ਵਾਰ ਉਹਨਾਂ ਦੀ ਕਵਿਤਾ “ਆਟੇ ਦੀਆਂ ਚਿੜੀਆਂ” ਪੜੀ ਸੀ ਅਤੇ ਮਹਿਸੂਸ ਕੀਤਾ ਕਿ ਕਾਸ਼ ਮੈਂ ਵੀ ਕਦੀ ਇਹੋ ਜਿਹੀ ਕਵਿਤਾ ਲਿਖ ਸਕਾਂ ਪਰੰਤੂ ਕਵਿਤਾ ਵਿੱਚ ਤਾਂ ਮੇਰਾ ਹਮੇਸ਼ਾ ਹੱਥ ਤੰਗ ਰਿਹਾ ਤੇ ਮੇਰਾ ਝੁਕਾ ਗਲਪ ਲਿਖਣ ਵੱਲ ਹੋ ਗਿਆ ਤੇ ਮੈਂ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ ਤੇ ਨਾਵਲ ਵੀ”
ਸ਼ਿਵ ਕੁਮਾਰ ਸਾਡੀ ਪੀੱੜ੍ਹੀ ਦਾ ਸੱਭ ਤੋਂ ਵੱਧ ਮਕਬੂਲ ਕਵੀ ਸੀ। ਪ੍ਰਗੀਤਕ ਰੋਮਾਂਸਵਾਦ ਵਿੱਚ ਉਸਦਾ ਕੋਈ ਸਾਨੀ ਨਹੀਂ ਸੀ। ਉਹ ਸਟੇਜ ਦਾ ਧਨੀ ਸੀ।
ਉਸਦੀ ਪੁਸਤਕ “ਲੂਣਾ” ਮਹਾਂਕਾਵਿਕ ਦਿਸ਼ਾਵਾਂ ਵਾਲੀ ਇੱਕ ਐਸੀ ਰਚਨਾ ਹੈ, ਜਿਸ ਨਾਲ ਉਹ ਸਦਾ ਜਾਣਿਆਂ ਜਾਂਦਾ ਰਹੇਗਾ, ਕਵੀ ਡਾ ਰਵਿੰਦਰ ਰਵੀ ਨੇ ਕਨੇਡਾ ਤੋਂ ਬ੍ਰਹਿਮੰਡੀ ਗੋਸ਼ਟੀ ਦੌਰਾਨ ਇਹ ਸ਼ਬਦ ਕਹੇ।
ਪ੍ਰੋਫੈਸਰ ਤੇ ਕਵੀ ਡਾ ਗੁਰਸ਼ਰਨ ਰੰਧਾਵਾ ਨੇ ਡਾ ਟਾਂਡਾ ਨਾਲ ਗੱਲ ਕਰਦਿਆਂ ਕਿਹਾ ਕਿ ਸ਼ਿਵ ਕੁਮਾਰ ਨੇ ਵਧੀਆ ਸਾਹਿਤ ਤੇ ਆਮ ਪਾਠਕਾਂ ਵਿੱਚ ਦੂਰੀ ਘਟਾਈ।
ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਰਹਿ ਚੁੱਕੇ ਮੁੱਖੀ ਪ੍ਰੋ.ਰਵੇਲ ਸਿੰਘ ਜੋ ਅੱਜ ਕੱਲ ਕਨੇਡਾ ਵਿੱਚ ਹਨ ਨੇ ਦੱਸਿਆ ਕਿ ਮੈਂ ਸ਼ਿਵ ਕੁਮਾਰ ਬਟਾਲਵੀ ਨੂੰ ਪੰਜਾਬੀ ਕਵਿਤਾ ਦੇ ਇਤਿਹਾਸ ਵਿੱਚ ਉਹਨਾਂ ਪੰਜ ਛੇ ਕਵੀਆਂ ਵਿਚ ਰੱਖਦਾ ਹਾਂ ਜਿਨ੍ਹਾਂ ਨੇ ਪੰਜਾਬੀ ਕਵਿਤਾ ਵਿੱਚ ਵੱਡੇ ਡੈਂਟ ਪਾਏ ਹਨ, ਉਹਨਾਂ ਨੇ ਡਾ ਟਾਂਡਾ ਨਾਲ ਕੱਲ ਗੱਲਬਾਤ ਕਰਦਿਆਂ ਬ੍ਰਹਿਮੰਡੀ ਗੋਸ਼ਟੀ ਵਿੱਚ ਕਿਹਾ।
ਬੁੱਲੇ ਸ਼ਾਹ ਵਾਰਿਸਸ਼ਾਹ ਤੋਂ ਬਾਅਦ ਅੰਮ੍ਰਿਤਾ ਪ੍ਰੀਤਮ ਤੇ ਸ਼ਿਵ ਦੀ ਖਾਸ ਗੱਲ ਇਹ ਹੈ ਕਿ ਉਹਦੀ ਕਵਿਤਾ ਇਕ ਲੋਕ ਮੁਹਾਵਰੇ ਦੀ ਤਰ੍ਹਾਂ ਹੀ ਹੈ। ਜਦੋਂ ਤੁਸੀਂ ਉਹਦੀ ਲੂਣਾ ਪੜ੍ਹਦੇ ਹੋ ਤਾਂ ਉਹ ਕਾਦਰਯਾਰ ਦੇ ਪੂਰਨ ਭਗਤ ਤੇ ਪੂਰੇ ਕਿੱਸੇ ਨੂੰ ਬਦਲ ਕੇ ਪੇਸ਼ ਕਰ ਦਿੰਦਾ ਹੈ। ਜਦਕਿ ਲੂਣਾ ਇਕ ਖਲਨਾਇਕਾ ਹੈ ਸੋ ਲੂਣਾ ਦੀ ਅੱਗ ਨੂੰ ਕਿਵੇਂ ਪੇਸ਼ ਕਰਦਾ ਇਹੋ ਜਿਹੇ ਬਿੰਬ ਇਹੋ ਜਿਹੇ ਪ੍ਰਤੀਕ ਕੋਈ ਕਵੀ ਨਾ ਅੱਜ ਤੱਕ ਵਰਤ ਸਕਿਆ, ਪ੍ਰੋ. ਰਵੇਲ ਸਿੰਘ ਨੇ ਕਿਹਾ।
ਸੋ ਸ਼ਿਵ ਬਟਾਲਵੀ ਵਰਗਾ ਕਵੀ ਨਾ ਜੰਮਿਆ ਤੇ ਨਾ ਹੀ ਮੈਨੂੰ ਲੱਗਦਾ ਹੋਰ ਜੰਮੇਗਾ, ਉਹਨਾਂ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ।
“ਆਪਣੇ ਸਮੇਂ ਦੇ ਵਿੱਚ ਕੇਰਾਂ ਤਾਂ ਉਹਨੇ ਸਾਰੇ ਥੱਲੇ ਲਾ ਤੇ ਸੀ। ਫਿਰ ਵੀ ਉਹਦੀ ਪਿਆਰ ਕਵਿਤਾ ਜਿਹੜੀ ਹੈ ਰੈਲਵੈਂਟ ਨਹੀਂ ਰਹੀ ਸੀ। ਇੱਕ ਦੌਰ ਸੀ ਉਹਦਾ ਕੁੜੀਆਂ ਉਹਦੇ ਪਿੱਛੇ ਪੈਂਦੀਆਂ ਉਹਨੂੰ ਉਡੀਕਦੀਆਂ ਹੁੰਦੀਆਂ ਸੀ।” ਬਲਦੇਵ ਸਿੰਘ ਸੜਕਨਾਮਾ ਨੇ ਸ਼ਿਵ ਦੀ ਕਵਿਤਾ ਤੇ ਗਜ਼ਲ ਗੀਤਾਂ ਬਾਰੇ ਗੱਲਬਾਤ ਕਰਦਿਆਂ ਡਾ ਟਾਂਡਾ, ਪ੍ਰਧਾਨ, “ਪੰਜਾਬੀ ਸਾਹਿਤ ਅਕਾਦਮੀ ਸਿਡਨੀ” ਤੇ “ਸਿਡਨੀ ਸਿੱਖ ਚਿੰਤਕ” ਨੂੰ ਸ਼ਿਵ ਕੁਮਾਰ ਬਾਰੇ ਦੂਸਰੀ ਬ੍ਰਹਿਮੰਡੀ ਗੋਸ਼ਟੀ ਚ ਇਹ ਗੱਲ ਕਹੀ।
“ਫਿਰ ਉਹ ਦੌਰ ਖ਼ਤਮ ਹੋ ਗਿਆ ਉਹ ਆਪ ਹੀ ਆਪਣਾ ਦੌਰ ਆਪ ਹੀ ਦੇਖ ਕੇ ਗਿਆ। ਆਪਦਾ ਪਤਨ ਵੀ ਤੇ ਆਪਦੀ ਚੜਾਈ ਵੀ। ਦਾਰੂ ਡਿਪਰੈਸ਼ਨ ਚ ਪੀਣ ਲੱਗਿਆ ਸੀ। ਇਸ਼ਕ ਤੋਂ ਨਹੀਂ ਫੇਲ ਹੋਇਆ ਸੀ ਸਗੋਂ ਆਪਣੀ ਪਾਪੂਲਰਟੀ ਤੋਂ। ਕਿੱਥੇ ਤਾਂ ਉਹਨੂੰ ਉਡੀਕਦੇ ਹੁੰਦੇ ਸੀ ਤੇ ਕਿੱਥੇ ਉਹ ਹੂਟ ਹੋਣ ਲੱਗ ਗਿਆ ਸੀ ਸਟੇਜਾਂ ਤੇ।
ਇਹ ਸਮੱਸਿਆ ਵੱਡੀ ਸੀਗੀ ਓਹਦੇ ਲਈ, ਉਦੋਂ ਫ਼ਿਰ ਡਿਪਰੈਸ਼ਨ ਚ ਜਾਣਾ ਦਾਰੂ ਰੱਜ ਕੇ ਪੀਣਾ ਤੇ ਫਿਰ ਗੁਰਦੇ ਵੀ ਖ਼ਰਾਬ ਕਰਾ ਲੈਣਾ, ਇਹ ਉਹਨੇ ਆਪ ਸਭ ਸਿਰਜਿਆ ਸੀ, ਬਲਦੇਵ ਸਿੰਘ ਨੇ ਕਿਹਾ। ਹਰੇਕ ਦਾ ਆਪਣਾ ਆਪਣਾ ਵਿਜ਼ਨ ਹੁੰਦਾ ਆਪਣੀ ਆਪਣੀ ਸੋਚ ਹੁੰਦੀ ਹੈ। ਉਹ ਇਸ ਤਰ੍ਹਾਂ ਹੀ ਆਇਆ ਸੀ ਆਪਣਾ ਪਤਨ ਆਪ ਹੀ ਦੇਖ ਕੇ ਗਿਆ,
“ਠੀਕ ਹੈ ਉਹ ਆਪਣਾ ਨਾਮ ਪੈਦਾ ਕਰ ਗਿਆ ਉਹਦੀ ਸ਼ਾਇਰੀ ਅੱਜ ਵੀ ਉਨੀ ਰੈਲੀਵੈਂਟ ਹੈ ਜਿੰਨੀ ਉਹਦੇ ਹੁੰਦੇ ਸੀ। ਅੱਜ ਵੀ ਫਿਰ ਕਾਲਜ ਦੇ ਕੰਪਟੀਸ਼ਨਾਂ ਵਿੱਚ ਯੂਨੀਵਰਸਿਟੀਆਂ ਕਾਲਜਾਂ ਵਿੱਚ ਉਹਦੀ ਸ਼ਹਿਰੀ ਗਾਈ ਜਾਂਦੀ ਹੈ ਪੜ੍ਹੀ ਜਾਂਦੀ ਹੈ, ਬਲਦੇਵ ਸਿੰਘ ਨੇ ਹੋਰ ਜਾਣਕਾਰੀ ਦਿੰਦੇ ਹੋਏ ਡਾ ਟਾਂਡਾ ਨੂੰ ਸਿਡਨੀ ਵਿਖੇ ਦੱਸਿਆ ।
ਮਾਸਟਰ ਅਤਰਜੀਤ ਸਿੰਘ ਕਹਾਣੀਕਾਰ ਜੀ ਨੇ ਡਾਕਟਰ ਟਾਂਡਾ ਨਾਲ ਔਨ ਲਾਈਨ ਗੱਲਬਾਤ ਕਰਦਿਆਂ ਪੰਜਾਬ ਤੋਂ ਕਿਹਾ ਕਿ ਜੇ ਕਾਵਿਕ ਪੱਖ ਤੋਂ ਦੇਖਣਾ ਹੋਵੇ ਉਸ ਦੀ ਸ਼ਾਇਰੀ ਬਹੁਤ ਗਜ਼ਬ ਹੈ ਬਿਲਕੁਲ, ਹਾਂ ਸ਼ਾਇਰੀ ਦੇ ਵਿੱਚੋਂ ਰੋਣ ਧੋਣ ਜ਼ਿਆਦੇ ਨਜ਼ਰ ਆਉਂਦਾ ਹੈ ਕੁਛ ਉਸ ਨੇ ਚੰਗੇ ਪ੍ਰੋਗਰੈਸਿਵ ਢੰਗ ਦੀਆਂ ਵੀ ਕਵਿਤਾਵਾਂ ਲਿਖੀਆਂ ਹਨ। ਜਿਹੜੀ ਪ੍ਰਸ਼ੰਸਾਤਮਕ ਗੱਲ ਹੈ ਮੈਂ ਕਹਿ ਸਕਦਾ ਹਾਂ ਕਿ ਉਹ ਉਸਦੀ ਲੂਣਾ ਹੈ ਜੋ ਮਹਾਂਕਾਵਿ ਹੈ। ਉਹ ਉਸਦੀ ਸਿਰਮੌਰ ਰਚਨਾ ਹੈ ਜਿਸਦੀ ਮੈਂ ਪ੍ਰਸ਼ੰਸਾ ਜਿਨੀ ਕੁ ਕਰਾਂ ਉਹਦੇ ਲਈ ਸ਼ਬਦ ਨਹੀਂ ਹੈਗੇ, ਮਾਸਟਰ ਜੀ ਨੇ ਡਾਕਟਰ ਟਾਂਡਾ ਨਾਲ ਗੱਲਬਾਤ ਜਾਰੀ ਰੱਖਦਿਆਂ ਕਿਹਾ।
ਪ੍ਰਿੰਸੀਪਲ ਜਸਵੰਤ ਸਿੰਘ ਗਿੱਲ ਹੋਰਾਂ ਨੇ ਸ਼ਿਵ ਕੁਮਾਰ ਦੀ ਕਵਿਤਾ ਬਾਰੇ ਵਿਸਥਾਰ ਪੂਰਵਕ ਦੱਸਿਆ।
ਸ੍ਰੀ ਸ਼ਾਮ ਲਾਲ ਬਟਾਲਵੀ ਤੇ ਬਹਾਦਰ ਸਿੰਘ ਹੋਰਾਂ ਦੀ ਟੋਲੀ ਨੇ ਸ਼ਿਵ ਕੁਮਾਰ ਦੀਆਂ ਰਚਨਾਵਾਂ ਤਰੰਨਮ ਵਿੱਚ ਪੇਸ਼ ਕੀਤੀਆਂ।
ਚਾਹ ਤੋਂ ਬਾਅਦ ਫਿਰ ਇੱਕ ਦੌਰ ਗੀਤਾਂ ਗ਼ਜ਼ਲਾਂ ਦਾ ਚੱਲਿਆ।
ਸੋ ਸ਼ਿਵ ਕੁਮਾਰ ਬਟਾਲਵੀ ਦੀ ਕਾਵਿ ਕਲਾ—ਬਿਰਹਾ, ਵਿਛੋੜਾ, ਰੋਮਾਂਸ ਤੇ ਆਧੁਨਿਕ ਪੰਜਾਬੀ ਸਾਹਿਤ ਚ,
ਪੰਜਾਬੀ ਸਾਹਿਤ ਅਕਾਦਮੀ ਸਿਡਨੀ ਆਸਟਰੇਲੀਆ ਦਾ ਇਹ ਉਪਰਾਲਾ, ਦਿੱਲੀ ਸਾਹਿਤ ਅਕਾਦਮੀ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ, ਸਾਹਿਤ ਅਕਾਦਮੀ ਚੰਡੀਗੜ੍ਹ ਅਤੇ ਵਿਦੇਸ਼ੀ ਪੰਜਾਬੀ ਸਮੂਹ ਲੇਖਕਾਂ ਦੀ ਸ਼ਮੂਲੀਅਤ ਨਾਲ ਓਹੀ ਰੰਗ ਰੂਪ ਲੈ ਗਿਆ।
ਡਾਕਟਰ ਟਾਂਡਾ ਨੇ ਕਿਹਾ ਕਿ ਸ਼ਿਵ ਕੁਮਾਰ ਦੀ ਯਾਦਗ਼ਾਰ ਕੁੱਲ ਮਿਲਾ ਕੇ ਇੱਕ ਹਫ਼ਤਾ ਵੱਖ ਵੱਖ ਥਾਵਾਂ ਉਤੇ ਗੀਤ ਗਜ਼ਲਾਂ ਵਿੱਚ ਚੱਲੀ।
ਉਹਨਾਂ ਨੇ ਇਹ ਵੀ ਕਿਹਾ ਕਿ ਉਹ ਭਵਿੱਖ ਵਿੱਚ ਇਹੋ ਜਿਹੀਆਂ ਸਾਹਿਤਕ ਬ੍ਰਹਿਮੰਡੀ ਗੋਸ਼ਟੀਆਂ ਕਰਦੇ ਰਹਿਣਗੇ ਤਾਂ ਕਿ ਸਾਹਿਤਕ ਪੈੜਾਂ ਵਿੱਚ ਨਵੀਨ ਰੰਗ ਆਸਟਰੇਲੀਆ ਤੋਂ ਵੀ ਵਿਛਦੇ ਰਹਿਣ।
ਪ੍ਰੋਗਰਾਮ ਦੇ ਅੰਤ ਵਿੱਚ ਸਰਦਾਰ ਹਰਿੰਦਰ ਸਿੰਘ ਜੀ ਨੇ ਸਾਰਿਆਂ ਦਾ ਧੰਨਵਾਦ ਕੀਤਾ।
