ਕੈਲਗਰੀ:(ਜਸਵਿੰਦਰ ਰੁਪਾਲ) ਅਗਸਤ ਮਹੀਨੇ ਵਿੱਚ ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਵਲੋਂ ਦੋ ਮੀਟਿੰਗਾਂ ਕੀਤੀਆਂ ਗਈਆਂ। ਇਕ 17 ਅਗਸਤ ਨੂੰ ਜੈਨੇਸਸ ਸੈਂਟਰ ਵਿਖੇ ਭਰਵੀਂ ਹਾਜ਼ਰੀ ਵਿੱਚ ਹੋਈ- ਜੋ 15 ਅਗਸਤ ਦੇ ਅਜ਼ਾਦੀ ਦਿਹਾੜੇ ਅਤੇ ਰੱਖੜੀ ਦੇ ਤਿਉਹਾਰ ਨੂੰ ਸਮਰਪਿਤ ਰਹੀ। ਸਭਾ ਦੇ ਸਕੱਤਰ ਗੁਰਨਾਮ ਕੌਰ ਨੇ ਭੈਣਾਂ ਨੂੰ ਜੀ ਆਇਆਂ ਆਖਿਆ ਅਤੇ ਸਭਾ ਦੀ ਕਾਰਵਾਈ ਸ਼ੁਰੂ ਕੀਤੀ। ਬਲਵਿੰਦਰ ਕੌਰ ਬਰਾੜ ਜੀ ਨੇ ਸਭਾ ਦੀ ਮੈਂਬਰ ਬੀਬੀ ਤਰਨਜੀਤ ਕੌਰ ਜੀ ਦੀ ਦੋਹਤੀ ਦੀ ਭਰ ਜਵਾਨੀ ਵਿੱਚ ਹੋਈ ਬੇਵਕਤੀ ਮੌਤ ਤੇ ਸ਼ੋਕ ਮਤਾ ਪੇਸ਼ ਕੀਤਾ। ਇਸ ਤੋਂ ਬਾਅਦ ਲਲਿਤਾ ਜੀ ਨੇ ਮੈਂਟਲ ਹੈਲਥ ਦੇ ਵਿਸ਼ੇ ਤੇ ਲੈਕਚਰ ਦਿੱਤਾ।
ਸਭਾ ਦੀ ਦੂਜੀ ਇਕੱਤਰਤਾ 31 ਅਗਸਤ ਦਿਨ ਐਤਵਾਰ ਨੂੰ ਪ੍ਰੇਰੀਵਿੰਡ ਪਾਰਕ ਵਿਖੇ ਹੋਈ, ਜਿਸ ਵਿੱਚ ਤੀਆਂ ਦਾ ਤਿਉਹਾਰ ਬਹੁਤ ਹੀ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ।
ਇਸ ਦਿਨ ਸਾਰੀਆਂ ਭੈਣਾਂ ਬੜੇ ਚਾਅ ਨਾਲ ਪਾਰਕ ਵਿੱਚ ਪਹੁੰਚੀਆਂ। ਸਕੱਤਰ ਗੁਰਨਾਮ ਕੌਰ ਨੇ ਸਭਾ ਦੀ ਕਾਰਵਾਈ ਸ਼ੁਰੂ ਕਰਦਿਆਂ ਸਾਰੀਆਂ ਭੈਣਾਂ ਨੂੰ ਜੀ ਆਇਆਂ ਕਹਿਣ ਉਪਰੰਤ, ਤੀਆਂ ਦੇ ਤਿਉਹਾਰ ਬਾਰੇ ਸੰਖੇਪ ਜਿਹੀ ਜਾਣਕਾਰੀ ਦਿੱਤੀ। ਸਭਾ ਦੇ ਪ੍ਰਧਾਨ ਸ੍ਰੀਮਤੀ ਬਲਵਿੰਦਰ ਕੌਰ ਬਰਾੜ ਨੇ ਤੀਆਂ ਨੂੰ ਧੀਆਂ ਦਾ ਤਿਉਹਾਰ ਦੱਸਦਿਆਂ ਹੋਇਆਂ ਕਿਹਾ, ਕਿ ਦੂਰ ਦੁਰਾਡੇ ਵਿਆਹੀਆਂ ਕੁੜੀਆਂ ਇਸ ਮਹੀਨੇ ਇਕੱਠੀਆਂ ਹੋ ਪੀਂਘਾਂ ਝੂਟਦੀਆਂ ਅਤੇ ਦੁੱਖ ਸੁੱਖ ਸਾਂਝੇ ਕਰਦੀਆਂ ਸਨ।
ਇਸ ਤੋਂ ਬਾਅਦ ਸਾਰੀਆਂ ਭੈਣਾਂ ਨੇ ਗਿੱਧੇ ਦੀਆਂ ਖ਼ੂਬ ਧਮਾਲਾਂ ਪਾਈਆਂ। ਇੱਕ ਦੂਜੀ ਤੋਂ ਵਧ ਚੜ੍ਹ ਕੇ ਬੋਲੀਆਂ ਪਾਈਆਂ ਅਤੇ ਲੰਮੀ ਹੇਕ ਦੇ ਗੀਤ ਵੀ ਗਾਏ।
ਸਭਾ ਲਈ ਇਹ ਦਿਨ ਹੋਰ ਵੀ ਸੁਭਾਗਾ ਰਿਹਾ, ਜਦੋਂ ਗਲੋਬਲ ਕੈਂਸਰ ਕੇਅਰ ਦੇ ਅੰਬੈਸਡਰ ਸਤਿਕਾਰ ਯੋਗ ਕੁਲਵੰਤ ਸਿੰਘ ਧਾਲੀਵਾਲ ਜੀ ਨੇ ਆਪਣੀ ਹਾਜ਼ਰੀ ਲਗਵਾਈ ਅਤੇ ਆਪਣੇ ਵਿਚਾਰ ਭੈਣਾਂ ਨਾਲ ਸਾਂਝੇ ਕਰਦਿਆਂ ਕਿਹਾ ਕਿ ‘ਧੀਆਂ ਨੂੰ ਪੱਥਰ ਕਹਿ ਕੇ ਤਿਰਸਕਾਰ ਨਾ ਕਰੋ ਅਤੇ ਨੂੰਹਾਂ ਦਾ ਵੀ ਸਤਿਕਾਰ ਕਰੋ ਕਿਉਂਕਿ ਉਹ ਤੁਹਾਡੇ ਕੁੱਲ ਦੀਆਂ ਵਾਰਸ ਹਨ!’
ਉਹ ਕੈਂਸਰ ਪੀੜਤ ਔਰਤਾਂ ਨਾਲ ਬਿਤਾਏ ਪਲਾਂ ਨੂੰ ਸਾਂਝਾ ਕਰਦਿਆਂ ਭਾਵਕ ਵੀ ਹੋਏ। ਉਨ੍ਹਾਂ ਨੇ ਆਪਣੇ ਖੁਸ਼ ਅਤੇ ਸਫ਼ਲ ਪ੍ਰੀਵਾਰਕ ਜੀਵਨ ਦੇ ਤਜਰਬੇ ਵੀ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਆਪਣੇ ਦਾਨ ਦੀ ਦਸ਼ਾ ਅਤੇ ਦਿਸ਼ਾ ਬਦਲੋ। ਜਲੇਬੀਆਂ,ਪੀਜਿਆਂ ਦੇ ਲੰਗਰ ਦੀ ਥਾਂ ਤੇ ਸਾਦਾ ਖੁਰਾਕ ਰੱਖੋ ਅਤੇ ਵਿਆਹਾਂ ਤੇ ਖਰਚਾ ਨਾ ਕਰੋ। ਅਨੰਦਪੁਰ ਸਾਹਿਬ ਵਿਖੇ ਖੁਲ੍ਹ ਰਹੇ ਕੈਂਸਰ ਸੈਂਟਰ ਬਾਰੇ ਮੱਦਦ ਕਰਨ ਲਈ ਅਪੀਲ ਵੀ ਕੀਤੀ।
ਸਭਾ ਦੀ ਪ੍ਰਧਾਨ ਭੈਣ ਜੀ ਬਲਵਿੰਦਰ ਕੌਰ ਬਰਾੜ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ‘ਮੈਂ ਵੀ ਉਨ੍ਹਾਂ ਨੂੰ ਸੁਣਦਾ ਹਾਂ। ਉਹ ਭੈਣਾਂ ਨੂੰ ਜਾਗਰੂਕ ਕਰਨ ਲਈ ਬਹੁਤ ਵਧੀਆ ਕੰਮ ਕਰ ਰਹੇ ਹਨ!’
ਪੰਜਾਬੀ ਪੋਸਟ ਚੈਨਲ ਵੱਲੋਂ ਅੰਮ੍ਰਿਤ ਕੌਰ ਨੇ ਸਾਰੇ ਪ੍ਰੋਗਰਾਮ ਦੀ ਬਹੁਤ ਵਧੀਆ ਕਵਰੇਜ ਕੀਤੀ। ਉਸ ਦੇ ਕੈਮਰੇ ਦੀ ਅੱਖ ਨੇ ਹਰ ਪਲ਼ ਨੂੰ ਕੈਦ ਕਰ ਲਿਆ।
ਅਖੀਰ ਵਿਚ ਖੀਰ ਪੂੜੇ ਅਤੇ ਸਮੋਸਿਆਂ ਦੇ ਲੰਗਰ ਨੇ ਪੁਰਾਣੇ ਪੰਜਾਬ ਦੀਆਂ ਯਾਦਾਂ ਤਾਜ਼ਾ ਕਰਵਾ ਦਿੱਤੀਆਂ।
ਵਧੇਰੇ ਜਾਣਕਾਰੀ ਲਈ ਪ੍ਰਧਾਨ ਬਲਵਿੰਦਰ ਕੌਰ ਬਰਾੜ 403 590 9629 ਜਾਂ ਗੁਰਨਾਮ ਕੌਰ ਸਕੱਤਰ ਨਾਲ 825 735 4550 ਤੇ ਸੰਪਰਕ ਕੀਤਾ ਜਾ ਸਕਦਾ ਹੈ।
